Skip to content

Skip to table of contents

ਸ਼ੁੱਕਰਵਾਰ ਦਫ਼ਨਾਇਆ ਗਿਆ—ਐਤਵਾਰ ਨੂੰ ਕਬਰ ਖਾਲੀ

ਸ਼ੁੱਕਰਵਾਰ ਦਫ਼ਨਾਇਆ ਗਿਆ—ਐਤਵਾਰ ਨੂੰ ਕਬਰ ਖਾਲੀ

ਅਧਿਆਇ 127

ਸ਼ੁੱਕਰਵਾਰ ਦਫ਼ਨਾਇਆ ਗਿਆ​— ਐਤਵਾਰ ਨੂੰ ਕਬਰ ਖਾਲੀ

ਹੁਣ ਸ਼ੁੱਕਰਵਾਰ ਦੀ ਸ਼ਾਮ ਹੋਣ ਵਾਲੀ ਹੈ, ਅਤੇ ਸੰਝ ਹੋਣ ਤੇ ਨੀਸਾਨ 15 ਦਾ ਸਬਤ ਸ਼ੁਰੂ ਹੋ ਜਾਵੇਗਾ। ਯਿਸੂ ਦੀ ਲਾਸ਼ ਸੂਲੀ ਉੱਤੇ ਲਟਕੀ ਹੋਈ ਹੈ, ਪਰੰਤੂ ਉਸ ਦੇ ਦੋਨੋਂ ਪਾਸਿਆਂ ਦੇ ਦੋ ਡਾਕੂ ਅਜੇ ਜੀਉਂਦੇ ਹਨ। ਸ਼ੁੱਕਰਵਾਰ ਦੁਪਹਿਰ ਨੂੰ ਤਿਆਰੀ ਦਾ ਦਿਨ ਸੱਦਿਆ ਜਾਂਦਾ ਹੈ ਕਿਉਂਕਿ ਇਸ ਦਿਨ ਤੇ ਲੋਕੀ ਭੋਜਨ ਤਿਆਰ ਕਰਦੇ ਅਤੇ ਹੋਰ ਦੂਜੇ ਜ਼ਰੂਰੀ ਕੰਮ ਪੂਰੇ ਕਰਦੇ ਹਨ ਜੋ ਸਬਤ ਤੋਂ ਬਾਅਦ ਤਕ ਨਹੀਂ ਰੁਕ ਸਕਦੇ ਹਨ।

ਇਹ ਸਬਤ ਜੋ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ, ਸਿਰਫ਼ ਇਕ ਨਿਯਮਿਤ ਸਬਤ (ਹਫ਼ਤੇ ਦਾ ਸੱਤਵਾਂ ਦਿਨ) ਹੀ ਨਹੀਂ ਸਗੋਂ ਦੋਹਰਾ, ਜਾਂ “ਵੱਡਾ,” ਸਬਤ ਵੀ ਹੈ। ਇਹ ਇਸ ਲਈ ਵੱਡਾ ਸੱਦਿਆ ਜਾਂਦਾ ਹੈ ਕਿਉਂਕਿ ਨੀਸਾਨ 15, ਜਿਹੜਾ ਕਿ ਪਤੀਰੀ ਰੋਟੀ ਦੇ ਸੱਤ-ਦਿਨਾਂ ਪਰਬ ਦਾ ਪਹਿਲਾ ਦਿਨ ਹੈ (ਅਤੇ ਇਹ ਹਮੇਸ਼ਾ ਹੀ ਇਕ ਸਬਤ ਹੁੰਦਾ ਹੈ, ਭਾਵੇਂ ਕਿ ਇਹ ਹਫ਼ਤੇ ਦੇ ਕਿਸੇ ਵੀ ਦਿਨ ਕਿਉਂ ਨਾ ਪੈਂਦਾ ਹੋਵੇ), ਨਿਯਮਿਤ ਸਬਤ ਦੇ ਹੀ ਦਿਨ ਪੈਂਦਾ ਹੈ।

ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ, ਲਾਸ਼ਾਂ ਨੂੰ ਸਾਰੀ ਰਾਤ ਸੂਲੀ ਉੱਤੇ ਨਹੀਂ ਲਟਕਿਆ ਰਹਿਣਾ ਚਾਹੀਦਾ ਹੈ। ਇਸ ਲਈ ਯਹੂਦੀ ਲੋਕ ਪਿਲਾਤੁਸ ਨੂੰ ਬੇਨਤੀ ਕਰਦੇ ਹਨ ਕਿ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਉਨ੍ਹਾਂ ਦੀਆਂ ਲੱਤਾਂ ਤੋੜਨ ਦੁਆਰਾ ਉਨ੍ਹਾਂ ਨੂੰ ਛੇਤੀ ਮਾਰ ਦਿੱਤਾ ਜਾਵੇ। ਇਸ ਕਰਕੇ, ਸਿਪਾਹੀ ਉਨ੍ਹਾਂ ਦੋ ਡਾਕੂਆਂ ਦੀਆਂ ਲੱਤਾਂ ਤੋੜ ਦਿੰਦੇ ਹਨ। ਪਰੰਤੂ ਕਿਉਂ ਜੋ ਯਿਸੂ ਮਰਿਆ ਹੋਇਆ ਪ੍ਰਤੀਤ ਹੁੰਦਾ ਹੈ, ਉਸ ਦੀਆਂ ਲੱਤਾਂ ਨਹੀਂ ਤੋੜੀਆਂ ਜਾਂਦੀਆਂ ਹਨ। ਇਹ ਇਸ ਸ਼ਾਸਤਰ ਬਚਨ ਨੂੰ ਪੂਰਾ ਕਰਦਾ ਹੈ। “ਉਹ ਦੀ ਕੋਈ ਹੱਡੀ ਤੋੜੀ ਨਾ ਜਾਵੇਗੀ।”

ਫਿਰ ਵੀ, ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਕਿ ਯਿਸੂ ਅਸਲ ਵਿਚ ਮਰਿਆ ਹੋਇਆ ਹੈ, ਸਿਪਾਹੀਆਂ ਵਿੱਚੋਂ ਇਕ ਉਸ ਦੀ ਵੱਖੀ ਵਿਚ ਬਰਛੀ ਖੋਭਦਾ ਹੈ। ਬਰਛੀ ਉਸ ਦੇ ਦਿਲ ਦੇ ਖੇਤਰ ਨੂੰ ਵਿੰਨ੍ਹਦੀ ਹੈ, ਅਤੇ ਤੁਰੰਤ ਹੀ ਲਹੂ ਅਤੇ ਪਾਣੀ ਵੱਗਦਾ ਹੈ। ਰਸੂਲ ਯੂਹੰਨਾ, ਜਿਹੜਾ ਕਿ ਇਕ ਚਸ਼ਮਦੀਦ ਗਵਾਹ ਹੈ, ਰਿਪੋਰਟ ਕਰਦਾ ਹੈ ਕਿ ਇਹ ਇਕ ਹੋਰ ਸ਼ਾਸਤਰ ਬਚਨ ਨੂੰ ਪੂਰਾ ਕਰਦਾ ਹੈ: “ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ ਓਹ ਉਸ ਉੱਤੇ ਨਿਗਾਹ ਕਰਨਗੇ।”

ਅਰਿਮਥੈਆ ਸ਼ਹਿਰ ਦਾ ਯੂਸ਼ੁਫ਼, ਮਹਾਸਭਾ ਦਾ ਇਕ ਇੱਜ਼ਤਦਾਰ ਸਦੱਸ, ਵੀ ਮੌਤ ਦੀ ਸਜ਼ਾ ਦੀ ਪੂਰਤੀ ਵੇਲੇ ਹਾਜ਼ਰ ਹੈ। ਉਸ ਨੇ ਯਿਸੂ ਦੇ ਵਿਰੁੱਧ ਉੱਚ ਅਦਾਲਤ ਦੇ ਅਨਿਆਂਪੂਰਣ ਕਦਮ ਦੇ ਪੱਖ ਵਿਚ ਮਤ ਦੇਣ ਤੋਂ ਇਨਕਾਰ ਕਰ ਦਿੱਤਾ। ਯੂਸ਼ੁਫ਼ ਅਸਲ ਵਿਚ ਯਿਸੂ ਦਾ ਇਕ ਚੇਲਾ ਹੈ, ਭਾਵੇਂ ਕਿ ਉਹ ਇਕ ਚੇਲੇ ਵਜੋਂ ਆਪਣੀ ਪਛਾਣ ਕਰਾਉਣ ਤੋਂ ਡਰਦਾ ਸੀ। ਪਰੰਤੂ, ਹੁਣ ਉਹ ਹੌਸਲਾ ਦਿਖਾਉਂਦਾ ਹੈ ਅਤੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗਦਾ ਹੈ। ਪਿਲਾਤੁਸ ਨਿਯੁਕਤ ਸੂਬੇਦਾਰ ਨੂੰ ਸੱਦਦਾ ਹੈ, ਅਤੇ ਅਫ਼ਸਰ ਵੱਲੋਂ ਪੁਸ਼ਟੀ ਹੋਣ ਮਗਰੋਂ ਕਿ ਯਿਸੂ ਮਰ ਗਿਆ ਹੈ, ਪਿਲਾਤੁਸ ਲਾਸ਼ ਸੌਂਪ ਦਿੰਦਾ ਹੈ।

ਯੂਸ਼ੁਫ਼ ਲਾਸ਼ ਨੂੰ ਲੈ ਕੇ ਇਸ ਨੂੰ ਦਫ਼ਨਾਉਣ ਦੀ ਤਿਆਰੀ ਵਿਚ ਇਕ ਸਾਫ਼ ਮਹੀਨ ਬਰੀਕ ਕੱਪੜੇ ਵਿਚ ਵਲ੍ਹੇਟਦਾ ਹੈ। ਉਸ ਨੂੰ ਨਿਕੁਦੇਮੁਸ, ਮਹਾਸਭਾ ਦਾ ਇਕ ਹੋਰ ਸਦੱਸ, ਵੱਲੋਂ ਮਦਦ ਮਿਲਦੀ ਹੈ। ਨਿਕੁਦੇਮੁਸ ਵੀ ਆਪਣੀ ਪਦਵੀ ਖੋਹ ਦੇਣ ਦੇ ਡਰ ਕਰਕੇ ਯਿਸੂ ਵਿਚ ਆਪਣੀ ਨਿਹਚਾ ਕਬੂਲ ਕਰਨ ਤੋਂ ਰਹਿ ਗਿਆ ਸੀ। ਪਰੰਤੂ ਹੁਣ ਉਹ ਲਗਭਗ ਇਕ ਸੌ ਰੋਮੀ ਪੌਂਡ (33 ਕਿਲੋ) ਗੰਧਰਸ ਅਤੇ ਕੀਮਤੀ ਊਦ ਲਿਆਉਂਦਾ ਹੈ। ਯਿਸੂ ਦੀ ਲਾਸ਼ ਇਨ੍ਹਾਂ ਮਸਾਲਿਆਂ ਨਾਲ ਭਰੀਆਂ ਹੋਈਆਂ ਪੱਟੀਆਂ ਵਿਚ ਵਲ੍ਹੇਟੀ ਜਾਂਦੀ ਹੈ, ਜਿਸ ਤਰ੍ਹਾਂ ਕਿ ਯਹੂਦੀ ਰੀਤੀ ਅਨੁਸਾਰ ਲਾਸ਼ਾਂ ਨੂੰ ਦਫ਼ਨਾਉਣ ਲਈ ਤਿਆਰ ਕੀਤਾ ਜਾਂਦਾ ਹੈ।

ਫਿਰ ਲਾਸ਼ ਨੂੰ ਯੂਸ਼ੁਫ਼ ਦੀ ਨਵੀਂ ਸਮਾਰਕ ਕਬਰ ਵਿਚ ਰੱਖਿਆ ਜਾਂਦਾ ਹੈ ਜਿਹੜੀ ਕਿ ਨੇੜੇ ਦੇ ਬਾਗ਼ ਵਿਚ ਹੀ ਇਕ ਚਟਾਨ ਵਿਚ ਖੁਦਵਾਈ ਗਈ ਹੈ। ਅਖ਼ੀਰ ਵਿਚ, ਇਕ ਵੱਡਾ ਪੱਥਰ ਰੇੜ੍ਹ ਕੇ ਕਬਰ ਦੇ ਅੱਗੇ ਰੱਖਿਆ ਜਾਂਦਾ ਹੈ। ਸਬਤ ਤੋਂ ਪਹਿਲਾਂ ਹੀ ਦਫ਼ਨਾਉਣ ਲਈ, ਲਾਸ਼ ਦੀ ਤਿਆਰੀ ਕਾਹਲੀ ਨਾਲ ਕੀਤੀ ਜਾਂਦੀ ਹੈ। ਇਸ ਕਰਕੇ, ਮਰਿਯਮ ਮਗਦਲੀਨੀ ਅਤੇ ਛੋਟੇ ਯਾਕੂਬ ਦੀ ਮਾਤਾ ਮਰਿਯਮ, ਜਿਹੜੀਆਂ ਕਿ ਸ਼ਾਇਦ ਤਿਆਰੀ ਵਿਚ ਮਦਦ ਕਰ ਰਹੀਆਂ ਸਨ, ਹੋਰ ਮਸਾਲੇ ਅਤੇ ਸੁਗੰਧਿਤ ਤੇਲ ਤਿਆਰ ਕਰਨ ਵਾਸਤੇ ਜਲਦੀ ਨਾਲ ਘਰ ਨੂੰ ਜਾਂਦੀਆਂ ਹਨ। ਸਬਤ ਤੋਂ ਬਾਅਦ, ਉਹ ਯਿਸੂ ਦੀ ਲਾਸ਼ ਨੂੰ ਹੋਰ ਜ਼ਿਆਦਾ ਸਮੇਂ ਤਕ ਬਣਾਈ ਰੱਖਣ ਲਈ ਉਸ ਨੂੰ ਹੋਰ ਮਸਾਲੇ ਲਗਾਉਣ ਦੀ ਯੋਜਨਾ ਰੱਖਦੀਆਂ ਹਨ।

ਅਗਲੇ ਦਿਨ, ਜਿਹੜਾ ਕਿ ਸਿਨੱਚਰਵਾਰ (ਸਬਤ) ਹੈ, ਮੁੱਖ ਜਾਜਕ ਅਤੇ ਫ਼ਰੀਸੀ ਪਿਲਾਤੁਸ ਕੋਲ ਜਾ ਕੇ ਕਹਿੰਦੇ ਹਨ: “ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਛਲੀਆ ਆਪਣੇ ਜੀਉਂਦੇ ਜੀ ਕਹਿ ਗਿਆ ਸੀ ਜੋ ਮੈਂ ਤਿੰਨਾਂ ਦਿਨਾਂ ਪਿੱਛੋਂ ਜੀ ਉੱਠਾਂਗਾ। ਇਸ ਲਈ ਹੁਕਮ ਕਰੋ ਜੋ ਤੀਏ ਦਿਨ ਤੀਕਰ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆਣ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਨਾ ਆਖਣ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਸੋ ਪਿਛਲੀ ਭੁੱਲ ਪਹਿਲੀ ਨਾਲੋਂ ਬੁਰੀ ਹੋਊਗੀ।”

“ਪਹਿਰਾ ਤੁਹਾਡੇ ਕੋਲ ਹੈ,” ਪਿਲਾਤੁਸ ਜਵਾਬ ਦਿੰਦਾ ਹੈ। “ਜਾਓ, ਜਿਸ ਤਰਾਂ ਸਮਝੋ ਉਹ ਦੀ ਰਾਖੀ ਕਰੋ।” ਇਸ ਲਈ ਉਹ ਜਾ ਕੇ ਕਬਰ ਨੂੰ ਸੁਰੱਖਿਅਤ ਰੱਖਣ ਲਈ ਪੱਥਰ ਉੱਤੇ ਮੋਹਰ ਲਾ ਕੇ ਬੰਦ ਕਰ ਦਿੰਦੇ ਹਨ ਅਤੇ ਰੋਮੀ ਸਿਪਾਹੀਆਂ ਨੂੰ ਪਹਿਰੇਦਾਰਾਂ ਵਜੋਂ ਉੱਥੇ ਤੈਨਾਤ ਕਰ ਦਿੰਦੇ ਹਨ।

ਐਤਵਾਰ ਤੜਕੇ ਹੀ ਮਰਿਯਮ ਮਗਦਲੀਨੀ ਅਤੇ ਯਾਕੂਬ ਦੀ ਮਾਤਾ ਮਰਿਯਮ, ਅਤੇ ਨਾਲ ਹੀ ਸਲੋਮੀ, ਯੋਆਨਾ, ਅਤੇ ਹੋਰ ਔਰਤਾਂ ਮਸਾਲੇ ਲੈ ਕੇ ਯਿਸੂ ਦੀ ਲਾਸ਼ ਨੂੰ ਲਗਾਉਣ ਲਈ ਕਬਰ ਵਿਖੇ ਆਉਂਦੀਆਂ ਹਨ। ਰਾਹ ਵਿਚ ਉਹ ਇਕ ਦੂਜੀ ਨੂੰ ਕਹਿੰਦੀਆਂ ਹਨ: “ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹੋਂ ਕੌਣ ਰੇੜ੍ਹ ਕੇ ਲਾਂਭੇ ਕਰੂ?” ਪਰੰਤੂ ਉੱਥੇ ਪਹੁੰਚਣ ਤੇ ਉਹ ਪਾਉਂਦੀਆਂ ਹਨ ਕਿ ਇਕ ਭੁਚਾਲ ਆਇਆ ਹੈ ਅਤੇ ਯਹੋਵਾਹ ਦੇ ਦੂਤ ਨੇ ਪੱਥਰ ਨੂੰ ਰੇੜ੍ਹ ਕੇ ਲਾਂਭੇ ਕਰ ਦਿੱਤਾ ਹੈ। ਪਹਿਰੇਦਾਰ ਚੱਲੇ ਗਏ ਹਨ ਅਤੇ ਕਬਰ ਖਾਲੀ ਹੈ! ਮੱਤੀ 27:​57–28:2; ਮਰਕੁਸ 15:​42–16:4; ਲੂਕਾ 23:​50–24:​3, 10; ਯੂਹੰਨਾ 19:​14, 31–20:1; 12:42; ਲੇਵੀਆਂ 23:​5-7; ਬਿਵਸਥਾ ਸਾਰ 21:​22, 23; ਜ਼ਬੂਰ 34:20; ਜ਼ਕਰਯਾਹ 12:⁠10.

▪ ਸ਼ੁੱਕਰਵਾਰ ਤਿਆਰੀ ਦਾ ਦਿਨ ਕਿਉਂ ਅਖਵਾਉਂਦਾ ਹੈ, ਅਤੇ “ਵੱਡਾ” ਸਬਤ ਕੀ ਹੈ?

▪ ਯਿਸੂ ਦੀ ਲਾਸ਼ ਦੇ ਸੰਬੰਧ ਵਿਚ ਕਿਹੜੇ ਸ਼ਾਸਤਰ ਬਚਨ ਪੂਰੇ ਹੁੰਦੇ ਹਨ?

▪ ਯਿਸੂ ਨੂੰ ਦਫ਼ਨਾਉਣ ਵਿਚ ਯੂਸ਼ੁਫ਼ ਅਤੇ ਨਿਕੁਦੇਮੁਸ ਦਾ ਕੀ ਭਾਗ ਹੈ, ਅਤੇ ਉਨ੍ਹਾਂ ਦਾ ਯਿਸੂ ਨਾਲ ਕੀ ਰਿਸ਼ਤਾ ਹੈ?

▪ ਜਾਜਕ ਪਿਲਾਤੁਸ ਨੂੰ ਕੀ ਬੇਨਤੀ ਕਰਦੇ ਹਨ, ਅਤੇ ਉਹ ਕਿਸ ਤਰ੍ਹਾਂ ਜਵਾਬ ਦਿੰਦਾ ਹੈ?

▪ ਐਤਵਾਰ ਤੜਕੇ ਹੀ ਕੀ ਵਾਪਰਦਾ ਹੈ?