Skip to content

Skip to table of contents

“ਸੁਰਗੋਂ ਸੱਚੀ ਰੋਟੀ”

“ਸੁਰਗੋਂ ਸੱਚੀ ਰੋਟੀ”

ਅਧਿਆਇ 54

“ਸੁਰਗੋਂ ਸੱਚੀ ਰੋਟੀ”

ਕੱਲ੍ਹ ਦਾ ਦਿਨ ਸੱਚ-ਮੁੱਚ ਘਟਨਾ ਭਰਿਆ ਸੀ। ਯਿਸੂ ਨੇ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਇਆ ਅਤੇ ਫਿਰ ਲੋਕਾਂ ਦੀ ਉਸ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਤੋਂ ਬਚਿਆ। ਉਸ ਰਾਤ ਉਹ ਤੁਫ਼ਾਨ-ਗ੍ਰਸਤ ਗਲੀਲ ਦੀ ਝੀਲ ਉੱਤੇ ਤੁਰਿਆ; ਉਸ ਨੇ ਪਤਰਸ ਨੂੰ ਬਚਾਇਆ, ਜਦੋਂ ਉਹ ਤੁਫ਼ਾਨ-ਮਾਰੇ ਪਾਣੀ ਉੱਤੇ ਤੁਰਿਆ ਅਤੇ ਡੁੱਬਣ ਲੱਗਾ ਸੀ; ਅਤੇ ਬੇੜੀ ਦੇ ਡੁੱਬਣ ਤੋਂ ਆਪਣੇ ਚੇਲਿਆਂ ਨੂੰ ਬਚਾਉਣ ਲਈ ਲਹਿਰਾਂ ਨੂੰ ਸ਼ਾਂਤ ਕੀਤਾ।

ਹੁਣ ਉਹ ਲੋਕੀ, ਜਿਨ੍ਹਾਂ ਨੂੰ ਯਿਸੂ ਨੇ ਗਲੀਲ ਦੀ ਝੀਲ ਦੇ ਉੱਤਰ-ਪੂਰਬ ਵਿਚ ਚਮਤਕਾਰੀ ਢੰਗ ਨਾਲ ਖੁਆਇਆ ਸੀ, ਉਸ ਨੂੰ ਕਫ਼ਰਨਾਹੂਮ ਵਿਚ ਲੱਭ ਲੈਂਦੇ ਹਨ ਅਤੇ ਪੁੱਛਦੇ ਹਨ: “ਤੁਸੀਂ ਐਥੇ ਕਦੋਂ ਆਏ?” ਉਨ੍ਹਾਂ ਨੂੰ ਝਿੜਕਦੇ ਹੋਏ, ਯਿਸੂ ਕਹਿੰਦਾ ਹੈ ਕਿ ਉਹ ਉਸ ਨੂੰ ਸਿਰਫ਼ ਇਸ ਲਈ ਲੱਭ ਰਹੇ ਹਨ ਕਿਉਂਕਿ ਉਹ ਇਕ ਹੋਰ ਮੁਫ਼ਤ ਭੋਜਨ ਪਾਉਣ ਦੀ ਆਸ਼ਾ ਰੱਖਦੇ ਹਨ। ਉਹ ਉਨ੍ਹਾਂ ਨੂੰ ਨਾਸ਼ ਹੋਣ ਵਾਲੇ ਭੋਜਨ ਲਈ ਨਹੀਂ, ਪਰੰਤੂ ਉਸ ਭੋਜਨ ਲਈ ਕੰਮ ਕਰਨ ਨੂੰ ਕਹਿੰਦਾ ਹੈ ਜਿਹੜਾ ਸਦੀਪਕ ਜੀਵਨ ਤਕ ਬਣਿਆ ਰਹਿੰਦਾ ਹੈ। ਇਸ ਲਈ ਲੋਕੀ ਪੁੱਛਦੇ ਹਨ: “ਪਰਮੇਸ਼ੁਰ ਦੇ ਕੰਮ ਕਰਨ ਨੂੰ ਅਸੀਂ ਕੀ ਕਰੀਏ?”

ਯਿਸੂ ਇੱਕੋ ਹੀ ਸਭ ਤੋਂ ਬਹੁ-ਮੁੱਲੇ ਕੰਮ ਦਾ ਜ਼ਿਕਰ ਕਰਦਾ ਹੈ। “ਪਰਮੇਸ਼ੁਰ ਦਾ ਕੰਮ ਏਹ ਹੈ,” ਉਹ ਸਮਝਾਉਂਦਾ ਹੈ, “ਕਿ ਜਿਸ ਨੂੰ ਉਨ ਭੇਜਿਆ ਹੈ ਉਸ ਉੱਤੇ ਤੁਸੀਂ ਨਿਹਚਾ ਕਰੋ।”

ਪਰੰਤੂ, ਯਿਸੂ ਦੇ ਕੀਤੇ ਸਾਰੇ ਚਮਤਕਾਰਾਂ ਦੇ ਬਾਵਜੂਦ ਵੀ, ਲੋਕੀ ਉਸ ਉੱਤੇ ਨਿਹਚਾ ਨਹੀਂ ਕਰਦੇ ਹਨ। ਨਾਕਾਬਲੇ ਯਕੀਨ, ਉਸ ਦੇ ਕੀਤੇ ਸਾਰੇ ਅਦਭੁਤ ਕੰਮਾਂ ਦੇ ਬਾਅਦ ਵੀ ਉਹ ਪੁੱਛਦੇ ਹਨ: “ਫੇਰ ਤੂੰ ਕਿਹੜੀ ਨਿਸ਼ਾਨ ਵਿਖਾਲਦਾ ਹੈਂ ਜੋ ਅਸੀਂ ਵੇਖ ਕੇ ਤੇਰੀ ਪਰਤੀਤ ਕਰੀਏ? ਤੂੰ ਕੀ ਕਰਮ ਕਰਦਾ ਹੈਂ? ਸਾਡੇ ਵਡਿਆਂ ਨੇ ਉਜਾੜ ਵਿੱਚ ਮੰਨ ਖਾਧਾ ਜਿਵੇਂ ਲਿਖਿਆ ਹੋਇਆ ਹੈ ਕਿ ਉਸ ਨੇ ਉਨ੍ਹਾਂ ਨੂੰ ਅਕਾਸ਼ੋਂ ਰੋਟੀ ਖਾਣ ਨੂੰ ਦਿੱਤੀ।”

ਇਕ ਨਿਸ਼ਾਨ ਲਈ ਉਨ੍ਹਾਂ ਦੀ ਬੇਨਤੀ ਦੇ ਜਵਾਬ ਵਿਚ, ਯਿਸੂ ਚਮਤਕਾਰੀ ਖਾਣੇ ਦੇ ਸ੍ਰੋਤ ਨੂੰ ਸਪੱਸ਼ਟ ਕਰਦੇ ਹੋਏ ਕਹਿੰਦਾ ਹੈ: “ਮੂਸਾ ਨੇ ਤੁਹਾਨੂੰ ਅਕਾਸ਼ੋਂ ਰੋਟੀ ਨਹੀਂ ਦਿੱਤੀ ਪਰ ਮੇਰਾ ਪਿਤਾ ਤੁਹਾਨੂੰ ਸੁਰਗੋਂ ਸੱਚੀ ਰੋਟੀ ਦਿੰਦਾ ਹੈ। ਕਿਉਂਕਿ ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸੁਰਗੋਂ ਉੱਤਰਦੀ ਅਤੇ ਸੰਸਾਰ ਨੂੰ ਜੀਉਣ ਦਿੰਦੀ ਹੈ।”

“ਪ੍ਰਭੁ ਜੀ,” ਲੋਕੀ ਕਹਿੰਦੇ ਹਨ, “ਸਾਨੂੰ ਸਦਾ ਇਹ ਰੋਟੀ ਦਿਆ ਕਰੋ।”

“ਜੀਉਣ ਦੀ ਰੋਟੀ ਮੈਂ ਹਾਂ,” ਯਿਸੂ ਵਿਆਖਿਆ ਕਰਦਾ ਹੈ। “ਜੋ ਮੇਰੇ ਕੋਲ ਆਉਂਦਾ ਹੈ ਉਹ ਮੂਲੋਂ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਵੀ ਤਿਹਾਇਆ ਨਾ ਹੋਵੇਗਾ। ਪਰ ਮੈਂ ਤੁਹਾਨੂੰ ਆਖਿਆ ਸੀ ਜੋ ਤੁਸਾਂ ਮੈਨੂੰ ਡਿੱਠਾ ਹੈ ਅਰ ਤਾਂ ਵੀ ਨਿਹਚਾ ਨਹੀਂ ਕਰਦੇ। ਜੋ ਕੁਝ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜੋ ਮੇਰੇ ਕੋਲ ਆਉਂਦਾ ਹੈ ਮੈਂ ਕਦੇ ਵੀ ਉਹ ਨੂੰ ਕੱਢ ਨਾ ਦਿਆਂਗਾ। ਕਿਉਂਕਿ ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ। ਅਤੇ ਜਿਹ ਨੇ ਮੈਨੂੰ ਘੱਲਿਆ ਉਹ ਦੀ ਇਹ ਮਰਜ਼ੀ ਹੈ ਭਈ ਸਭ ਕੁਝ ਜੋ ਉਹ ਨੇ ਮੈਨੂੰ ਦਿੱਤਾ ਹੈ ਉਸ ਵਿੱਚੋਂ ਮੈਂ ਕੁਝ ਨਾ ਗੁਆਵਾਂ ਸਗੋਂ ਉਸ ਨੂੰ ਅੰਤ ਦੇ ਦਿਨ ਜੀਉਂਦਾ ਉਠਾਵਾਂ। ਮੇਰੇ ਪਿਤਾ ਦੀ ਇਹ ਮਰਜ਼ੀ ਹੈ ਕਿ ਹਰ ਕੋਈ ਜੋ ਪੁੱਤ੍ਰ ਨੂੰ ਵੇਖੇ ਅਤੇ ਉਸ ਉੱਤੇ ਨਿਹਚਾ ਕਰੇ ਸੋ ਸਦੀਪਕ ਜੀਉਣ ਪਾਵੇ।”

ਇਸ ਤੇ ਯਹੂਦੀ ਲੋਕ ਯਿਸੂ ਬਾਰੇ ਬੁੜਬੁੜਾਉਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਸ ਨੇ ਕਿਹਾ, “ਜਿਹੜੀ ਰੋਟੀ ਸੁਰਗੋਂ ਉੱਤਰੀ ਉਹ ਮੈਂ ਹਾਂ।” ਉਹ ਉਸ ਵਿਚ ਮਨੁੱਖੀ ਮਾਪਿਆਂ ਦਾ ਪੁੱਤਰ ਹੋਣ ਤੋਂ ਵੱਧ ਹੋਰ ਕੁਝ ਵੀ ਨਹੀਂ ਦੇਖਦੇ ਹਨ ਅਤੇ ਸੋ ਜਿਵੇਂ ਨਾਸਰਤ ਦੇ ਲੋਕਾਂ ਨੇ ਕੀਤਾ ਸੀ, ਉਸੇ ਤਰ੍ਹਾਂ ਉਹ ਇਹ ਕਹਿੰਦੇ ਹੋਏ ਇਤਰਾਜ਼ ਕਰਦੇ ਹਨ: “ਭਲਾ, ਇਹ ਯੂਸੁਫ਼ ਦਾ ਪੁੱਤ੍ਰ ਯਿਸੂ ਨਹੀਂ ਜਿਹ ਦੇ ਮਾਂ ਪਿਉ ਨੂੰ ਅਸੀਂ ਜਾਣਦੇ ਹਾਂ? ਹੁਣ ਉਹ ਕਿਸ ਤਰਾਂ ਆਖਦਾ ਹੈ ਜੋ ਮੈਂ ਸੁਰਗੋਂ ਉੱਤਰਿਆ ਹਾਂ?”

“ਆਪਸ ਵਿੱਚ ਨਾ ਬੁੜਬੁੜਾਓ,” ਯਿਸੂ ਜਵਾਬ ਦਿੰਦਾ ਹੈ। “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ। ਨਬੀਆਂ ਦੀਆਂ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ ਭਈ ਓਹ ਸੱਭੇ ਪਰਮੇਸ਼ੁਰ ਦੇ ਸਿਖਾਏ ਹੋਏ ਹੋਣਗੇ। ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ ਸੋ ਮੇਰੇ ਕੋਲ ਆਉਂਦਾ ਹੈ। ਇਹ ਨਹੀਂ ਭਈ ਕਿਸੇ ਨੇ ਪਿਤਾ ਨੂੰ ਡਿੱਠਾ ਹੋਵੇ, ਬਿਨਾ ਉਹ ਦੇ ਜਿਹੜਾ ਪਰਮੇਸ਼ੁਰ ਦੀ ਵੱਲੋਂ ਹੈ ਓਨ ਤਾਂ ਪਿਤਾ ਨੂੰ ਡਿੱਠਾ ਹੈ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੋ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸੇ ਦਾ ਹੈ।”

ਜਾਰੀ ਰੱਖਦੇ ਹੋਏ, ਯਿਸੂ ਦੁਹਰਾਉਂਦਾ ਹੈ: “ਜੀਉਣ ਦੀ ਰੋਟੀ ਮੈਂ ਹਾਂ। ਤੁਹਾਡਿਆਂ ਪਿਉ ਦਾਦਿਆਂ ਨੇ ਉਜਾੜ ਵਿੱਚ ਮੰਨ ਖਾਧਾ ਅਤੇ ਮਰ ਗਏ। ਜਿਹੜੀ ਰੋਟੀ ਸੁਰਗੋਂ ਉੱਤਰਦੀ ਹੈ ਭਈ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ ਸੋ ਇਹੋ ਹੈ। ਉਹ ਜੀਉਂਦੀ ਰੋਟੀ ਜੋ ਸੁਰਗੋਂ ਉਤਰੀ ਸੋ ਮੈਂ ਹਾਂ। ਜੇ ਕੋਈ ਇਸ ਰੋਟੀਓਂ ਕੁਝ ਖਾਵੇ ਤਾਂ ਉਹ ਸਦਾ ਤੀਕੁ ਜੀਉਂਦਾ ਰਹੇਗਾ।” ਜੀ ਹਾਂ, ਯਿਸੂ ਜਿਹੜਾ ਪਰਮੇਸ਼ੁਰ ਵੱਲੋਂ ਭੇਜਿਆ ਗਿਆ ਹੈ, ਉੱਤੇ ਨਿਹਚਾ ਕਰ ਕੇ ਲੋਕੀ ਸਦੀਪਕ ਜੀਵਨ ਪਾ ਸਕਦੇ ਹਨ। ਕੋਈ ਮੰਨ, ਜਾਂ ਕੋਈ ਹੋਰ ਰੋਟੀ ਇਹ ਨਹੀਂ ਦੇ ਸਕਦੀ ਹੈ!

ਮਾਲੂਮ ਹੁੰਦਾ ਹੈ ਕਿ ਸਵਰਗ ਤੋਂ ਰੋਟੀ ਬਾਰੇ ਇਹ ਚਰਚਾ, ਲੋਕਾਂ ਦਾ ਯਿਸੂ ਨੂੰ ਕਫ਼ਰ­ਨਾ­ਹੂਮ ਦੇ ਲਾਗੇ ਲੱਭ ਲੈਣ ਦੇ ਥੋੜ੍ਹੀ ਦੇਰ ਬਾਅਦ ਹੀ ਸ਼ੁਰੂ ਹੁੰਦੀ ਹੈ। ਪਰੰਤੂ ਇਹ ਬਾਅਦ ਵਿਚ ਜਾਰੀ ਰਹਿੰਦੀ ਹੈ, ਅਤੇ ਸਿਖਰ ਤਕ ਪਹੁੰਚਦੀ ਹੈ ਜਦੋਂ ਯਿਸੂ ਕਫ਼ਰਨਾਹੂਮ ਵਿਖੇ ਇਕ ਯਹੂਦੀ ਸਭਾ-ਘਰ ਵਿਚ ਸਿੱਖਿਆ ਦਿੰਦਾ ਹੈ। ਯੂਹੰਨਾ 6:​25-51, 59; ਜ਼ਬੂਰ 78:24; ਯਸਾਯਾਹ 54:13; ਮੱਤੀ 13:​55-57.

▪ ਸਵਰਗ ਤੋਂ ਰੋਟੀ ਸੰਬੰਧੀ ਯਿਸੂ ਦੀ ਚਰਚਾ ਤੋਂ ਪਹਿਲਾਂ ਕਿਹੜੀਆਂ ਘਟਨਾਵਾਂ ਹੁੰਦੀਆਂ ਹਨ?

▪ ਯਿਸੂ ਨੇ ਹੁਣੇ ਜੋ ਕੀਤਾ ਹੈ ਉਸ ਨੂੰ ਧਿਆਨ ਵਿਚ ਰੱਖਦੇ ਹੋਏ, ਇਕ ਨਿਸ਼ਾਨ ਲਈ ਬੇਨਤੀ ਕਰਨਾ ਇੰਨਾ ਅਨੁਚਿਤ ਕਿਉਂ ਹੈ?

▪ ਯਹੂਦੀ ਲੋਕ ਯਿਸੂ ਦੇ ਦਾਅਵੇ ਬਾਰੇ ਕਿਉਂ ਬੁੜਬੁੜਾਉਂਦੇ ਹਨ ਕਿ ਉਹ ਸਵਰਗ ਤੋਂ ਸੱਚੀ ਰੋਟੀ ਹੈ?

▪ ਸਵਰਗ ਤੋਂ ਰੋਟੀ ਦੇ ਬਾਰੇ ਚਰਚਾ ਕਿੱਥੇ ਹੋਈ ਸੀ?