Skip to content

Skip to table of contents

ਸੌਂਪਿਆ ਗਿਆ ਅਤੇ ਲਿਜਾਇਆ ਗਿਆ

ਸੌਂਪਿਆ ਗਿਆ ਅਤੇ ਲਿਜਾਇਆ ਗਿਆ

ਅਧਿਆਇ 124

ਸੌਂਪਿਆ ਗਿਆ ਅਤੇ ਲਿਜਾਇਆ ਗਿਆ

ਜਦੋਂ ਪਿਲਾਤੁਸ, ਪੀੜਿਤ ਯਿਸੂ ਦੇ ਸ਼ਾਂਤ ਗੌਰਵ ਦੁਆਰਾ ਪ੍ਰੇਰਿਤ ਹੋ ਕੇ, ਉਸ ਨੂੰ ਛੱਡਣ ਦੀ ਇਕ ਹੋਰ ਕੋਸ਼ਿਸ਼ ਕਰਦਾ ਹੈ, ਤਾਂ ਮੁੱਖ ਜਾਜਕ ਹੋਰ ਵੀ ਜ਼ਿਆਦਾ ਕ੍ਰੋਧਿਤ ਹੁੰਦੇ ਹਨ। ਉਹ ਨਿਸ਼ਚਿਤ ਹਨ ਕਿ ਉਨ੍ਹਾਂ ਦੇ ਦੁਸ਼ਟ ਇਰਾਦੇ ਵਿਚ ਕੋਈ ਵਿਘਨ ਨਾ ਪਵੇ। ਇਸ ਲਈ ਉਹ ਫਿਰ ਤੋਂ ਚਿਲਾਉਣ ਲੱਗਦੇ ਹਨ: “ਉਸ ਨੂੰ ਸੂਲੀ ਚਾੜ੍ਹ ਦਿਓ! ਉਸ ਨੂੰ ਸੂਲੀ ਚਾੜ੍ਹ ਦਿਓ!”​—⁠ਨਿ ਵ.

“ਤੁਸੀਂ ਆਪੇ ਇਹ ਨੂੰ ਲੈ ਕੇ ਸਲੀਬ [“ਸੂਲੀ ਚਾੜ੍ਹ,” ਨਿ ਵ] ਦਿਓ,” ਪਿਲਾਤੁਸ ਜਵਾਬ ਦਿੰਦਾ ਹੈ। (ਉਨ੍ਹਾਂ ਦੇ ਪਹਿਲਾਂ ਕੀਤੇ ਗਏ ਦਾਅਵੇ ਦੇ ਉਲਟ, ਯਹੂਦੀਆਂ ਨੂੰ ਕਾਫ਼ੀ ਗੰਭੀਰ ਧਾਰਮਿਕ ਅਪਰਾਧਾਂ ਲਈ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਮਿਲ ਸਕਦਾ ਹੈ।) ਫਿਰ, ਘੱਟੋ-ਘੱਟ ਪੰਜਵੀਂ ਵਾਰੀ, ਪਿਲਾਤੁਸ ਯਿਸੂ ਨੂੰ ਨਿਰਦੋਸ਼ ਘੋਸ਼ਿਤ ਕਰਦੇ ਹੋਏ ਕਹਿੰਦਾ ਹੈ: “ਮੈਂ ਇਹ ਦਾ ਕੋਈ ਦੋਸ਼ ਨਹੀਂ ਵੇਖਦਾ ਹਾਂ।”

ਇਹ ਦੇਖਦੇ ਹੋਏ ਕਿ ਉਨ੍ਹਾਂ ਦੇ ਰਾਜਨੀਤਿਕ ਇਲਜ਼ਾਮ ਨਤੀਜੇ ਪੈਦਾ ਕਰਨ ਵਿਚ ਅਸਫਲ ਹੋਏ ਹਨ, ਯਹੂਦੀ ਕੁਝ ਘੰਟੇ ਪਹਿਲਾਂ ਮਹਾਸਭਾ ਦੇ ਸਾਮ੍ਹਣੇ ਯਿਸੂ ਦੇ ਮੁਕੱਦਮੇ ਦੇ ਦੌਰਾਨ ਇਸਤੇਮਾਲ ਕੀਤੇ ਗਏ ਕੁਫ਼ਰ ਦੇ ਧਾਰਮਿਕ ਇਲਜ਼ਾਮ ਦੀ ਮਦਦ ਲੈਂਦੇ ਹਨ। “ਸਾਡੇ ਕੋਲ ਸ਼ਰਾ ਹੈ,” ਉਹ ਕਹਿੰਦੇ ਹਨ, “ਅਤੇ ਉਸ ਸ਼ਰਾ ਅਨੁਸਾਰ ਇਹ ਮਰਨ ਜੋਗ ਹੈ ਇਸ ਲਈ ਜੋ ਇਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤ੍ਰ ਬਣਾਇਆ।”

ਇਹ ਇਲਜ਼ਾਮ ਪਿਲਾਤੁਸ ਲਈ ਨਵਾਂ ਹੈ, ਅਤੇ ਇਹ ਉਸ ਨੂੰ ਹੋਰ ਵੀ ਡਰਾ ਦਿੰਦਾ ਹੈ। ਹੁਣ ਤਕ ਉਹ ਸਮਝ ਜਾਂਦਾ ਹੈ ਕਿ ਯਿਸੂ ਕੋਈ ਸਾਧਾਰਣ ਮਨੁੱਖ ਨਹੀਂ ਹੈ, ਜਿਵੇਂ ਕਿ ਉਸ ਦੀ ਪਤਨੀ ਦੇ ਸੁਫ਼ਨੇ ਤੋਂ ਅਤੇ ਯਿਸੂ ਦੇ ਵਿਅਕਤਿੱਤਵ ਵਿਚ ਮਾਅਰਕੇ ਵਾਲੇ ਬਲ ਤੋਂ ਵੀ ਸੰਕੇਤ ਹੁੰਦਾ ਹੈ। ਪਰੰਤੂ “ਪਰਮੇਸ਼ੁਰ ਦਾ ਪੁੱਤ੍ਰ”? ਪਿਲਾਤੁਸ ਜਾਣਦਾ ਹੈ ਕਿ ਯਿਸੂ ਗਲੀਲ ਤੋਂ ਹੈ। ਫਿਰ ਵੀ, ਕੀ ਇਹ ਸੰਭਵ ਹੈ ਕਿ ਉਹ ਪਹਿਲਾਂ ਵੀ ਜੀਉਂਦਾ ਰਿਹਾ ਹੈ? ਉਸ ਨੂੰ ਫਿਰ ਤੋਂ ਮਹਿਲ ਵਿਚ ਵਾਪਸ ਲਿਜਾਂਦੇ ਹੋਏ, ਪਿਲਾਤੁਸ ਪੁੱਛਦਾ ਹੈ: “ਤੂੰ ਕਿੱਥੋਂ ਦਾ ਹੈਂ?”

ਯਿਸੂ ਚੁੱਪ ਰਹਿੰਦਾ ਹੈ। ਉਹ ਪਹਿਲਾਂ ਹੀ ਪਿਲਾਤੁਸ ਨੂੰ ਦੱਸ ਚੁੱਕਿਆ ਹੈ ਕਿ ਉਹ ਇਕ ਰਾਜਾ ਹੈ ਪਰੰਤੂ ਉਸ ਦਾ ਰਾਜ ਇਸ ਜਗਤ ਤੋਂ ਨਹੀਂ ਹੈ। ਹੁਣ ਹੋਰ ਸਪਸ਼ਟੀਕਰਣ ਬੇਕਾਰ ਹੋਵੇਗਾ। ਪਰੰਤੂ, ਜਵਾਬ ਦੇਣ ਤੋਂ ਇਨਕਾਰ ਕਰਨ ਦੁਆਰਾ ਪਿਲਾਤੁਸ ਦੇ ਹੰਕਾਰ ਨੂੰ ਠੇਸ ਲੱਗਦੀ ਹੈ, ਅਤੇ ਉਹ ਇਨ੍ਹਾਂ ਸ਼ਬਦਾਂ ਨਾਲ ਯਿਸੂ ਤੇ ਭੜਕ ਪੈਂਦਾ ਹੈ: “ਤੂੰ ਮੇਰੇ ਨਾਲ ਨਹੀਂ ਬੋਲਦਾ? ਕੀ ਤੂੰ ਨਹੀਂ ਜਾਣਦਾ ਜੋ ਇਹ ਮੇਰੇ ਵੱਸ ਵਿਚ ਹੈ ਕਿ ਭਾਵੇਂ ਤੈਨੂੰ ਛੱਡ ਦਿਆਂ ਭਾਵੇਂ ਤੈਨੂੰ ਸਲੀਬ [“ਸੂਲੀ,” ਨਿ ਵ] ਉੱਤੇ ਚੜ੍ਹਾਵਾਂ?”

“ਜੇ ਤੈਨੂੰ ਇਹ ਉੱਪਰੋਂ ਨਾ ਦਿੱਤਾ ਜਾਂਦਾ ਤਾਂ ਮੇਰੇ ਉੱਤੇ ਤੇਰਾ ਕੁਝ ਵੱਸ ਨਾ ਚੱਲਦਾ,” ਯਿਸੂ ਆਦਰ ਨਾਲ ਜਵਾਬ ਦਿੰਦਾ ਹੈ। ਉਹ ਮਾਨਵ ਸ਼ਾਸਕਾਂ ਨੂੰ ਪਾਰਥਿਵ ਮਾਮਲਿਆਂ ਉੱਤੇ ਪ੍ਰਸ਼ਾਸਨ ਕਰਨ ਲਈ ਪਰਮੇਸ਼ੁਰ ਦੁਆਰਾ ਦਿੱਤੇ ਗਏ ਅਧਿਕਾਰ ਨੂੰ ਸੰਕੇਤ ਕਰ ਰਿਹਾ ਹੈ। ਯਿਸੂ ਅੱਗੇ ਕਹਿੰਦਾ ਹੈ: “ਇਸ ਕਾਰਨ ਜਿਨ ਮੈਨੂੰ ਤੇਰੇ ਹਵਾਲੇ ਕੀਤਾ ਉਹ ਦਾ ਪਾਪ ਵੱਧ ਹੈ।” ਦਰਅਸਲ, ਪਰਧਾਨ ਜਾਜਕ ਕਯਾਫ਼ਾ ਅਤੇ ਉਸ ਦੇ ਸਾਥੀ ਅਤੇ ਯਹੂਦਾ ਇਸਕਰਿਯੋਤੀ ਸਾਰੇ ਦੇ ਸਾਰੇ ਯਿਸੂ ਦੇ ਨਾਲ ਕੀਤੇ ਅਨੁਚਿਤ ਵਰਤਾਉ ਲਈ ਪਿਲਾਤੁਸ ਨਾਲੋਂ ਜ਼ਿਆਦਾ ਭਾਰੀ ਜ਼ਿੰਮੇਵਾਰੀ ਢੋਂਦੇ ਹਨ।

ਯਿਸੂ ਦੁਆਰਾ ਹੋਰ ਵੀ ਪ੍ਰਭਾਵਿਤ ਹੋ ਕੇ ਅਤੇ ਡਰਦੇ ਹੋਏ ਕਿ ਸ਼ਾਇਦ ਯਿਸੂ ਦਾ ਈਸ਼ਵਰੀ ਮੂਲ ਹੈ, ਪਿਲਾਤੁਸ ਉਸ ਨੂੰ ਛੱਡਣ ਦੀਆਂ ਆਪਣੀਆਂ ਕੋਸ਼ਿਸ਼ਾਂ ਫਿਰ ਤੋਂ ਦੁਹ­ਰਾਉਂਦਾ ਹੈ। ਪਰੰਤੂ, ਯਹੂਦੀ ਲੋਕ ਪਿਲਾਤੁਸ ਨੂੰ ਮੂੰਹ ਤੋੜ ਜਵਾਬ ਦਿੰਦੇ ਹਨ। ਉਹ ਆਪਣੇ ਰਾਜਨੀਤਿਕ ਇਲਜ਼ਾਮਾਂ ਨੂੰ ਦੁਹਰਾਉਂਦੇ ਹੋਏ, ਚਲਾਕੀ ਨਾਲ ਧਮਕਾਉਂਦੇ ਹਨ: “ਜੇ ਤੂੰ ਇਹ ਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤ੍ਰ ਨਹੀਂ! ਹਰੇਕ ਜੋ ਆਪਣੇ ਆਪ ਨੂੰ ਪਾਤਸ਼ਾਹ ਬਣਾਉਂਦਾ ਹੈ ਸੋ ਕੈਸਰ ਦੇ ਵਿਰੁੱਧ ਬੋਲਦਾ ਹੈ!”

ਇਨ੍ਹਾਂ ਘੋਰ ਭਾਵ-ਅਰਥਾਂ ਦੇ ਬਾਵਜੂਦ, ਪਿਲਾਤੁਸ ਯਿਸੂ ਨੂੰ ਇਕ ਵਾਰੀ ਹੋਰ ਬਾਹਰ ਲਿਆਉਂਦਾ ਹੈ। “ਵੇਖੋ ਔਹ ਤੁਹਾਡਾ ਪਾਤਸ਼ਾਹ!” ਉਹ ਫਿਰ ਬੇਨਤੀ ਕਰਦਾ ਹੈ।

“ਉਸ ਨੂੰ ਲੈ ਜਾਓ, ਉਸ ਨੂੰ ਲੈ ਜਾਓ! ਉਸ ਨੂੰ ਸੂਲੀ ਚਾੜ੍ਹ ਦਿਓ!”​—⁠ਨਿ ਵ.

“ਮੈਂ ਤੁਹਾਡੇ ਪਾਤਸ਼ਾਹ ਨੂੰ ਸਲੀਬ [“ਸੂਲੀ ਚਾੜ੍ਹ,” ਨਿ ਵ] ਦਿਆਂ?” ਪਿਲਾਤੁਸ ਨਿਰਾਸ­ਤਾ ਵਿਚ ਪੁੱਛਦਾ ਹੈ।

ਰੋਮੀਆਂ ਦੇ ਸ਼ਾਸਨ ਅਧੀਨ ਯਹੂਦੀ ਖਿੱਝੇ ਹੋਏ ਹਨ। ਦਰਅਸਲ, ਉਹ ਰੋਮੀ ਪ੍ਰਧਾਨਤਾ ਨੂੰ ਨਫ਼ਰਤ ਕਰਦੇ ਹਨ! ਫਿਰ ਵੀ, ਪਖੰਡ ਨਾਲ, ਮੁੱਖ ਜਾਜਕ ਕਹਿੰਦੇ ਹਨ: “ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ।”

ਆਪਣੀ ਰਾਜਨੀਤਿਕ ਪਦਵੀ ਅਤੇ ਨੇਕਨਾਮੀ ਦੇ ਲਈ ਡਰਦੇ ਹੋਏ, ਪਿਲਾਤੁਸ ਆਖ਼ਰਕਾਰ ਯਹੂਦੀਆਂ ਦੀਆਂ ਕਠੋਰ ਮੰਗਾਂ ਦੇ ਅੱਗੇ ਹਾਰ ਮੰਨ ਲੈਂਦਾ ਹੈ। ਉਹ ਯਿਸੂ ਨੂੰ ਉਨ੍ਹਾਂ ਦੇ ਹੱਥ ਸੌਂਪ ਦਿੰਦਾ ਹੈ। ਸਿਪਾਹੀ ਯਿਸੂ ਦੇ ਬੈਂਗਣੀ ਬਸਤਰ ਨੂੰ ਲਾਹ ਦਿੰਦੇ ਹਨ ਅਤੇ ਉਸ ਨੂੰ ਉਸ ਦੇ ਬਾਹਰੀ ਬਸਤਰ ਪਹਿਨਾਉਂਦੇ ਹਨ। ਜਿਉਂ ਹੀ ਯਿਸੂ ਨੂੰ ਸੂਲੀ ਚਾੜ੍ਹਨ ਲਈ ਲਿਜਾਇਆ ਜਾਂਦਾ ਹੈ, ਉਸ ਨੂੰ ਆਪਣੀ ਤਸੀਹੇ ਦੀ ਸੂਲੀ ਆਪ ਹੀ ਚੁੱਕਣੀ ਪੈਂਦੀ ਹੈ।

ਹੁਣ ਸ਼ੁੱਕਰਵਾਰ, ਨੀਸਾਨ 14 ਦੀ ਅੱਧੀ ਸਵੇਰ ਹੋ ਚੁੱਕੀ ਹੈ; ਸ਼ਾਇਦ ਦੁਪਹਿਰ ਹੋ ਰਹੀ ਹੈ। ਯਿਸੂ ਵੀਰਵਾਰ ਤੜਕੇ ਦਾ ਜਾਗ ਰਿਹਾ ਹੈ, ਅਤੇ ਉਹ ਇਕ ਦੇ ਬਾਅਦ ਇਕ ਕਸ਼ਟ ਝੱਲ ਰਿਹਾ ਹੈ। ਸਮਝਣਯੋਗ ਹੈ ਕਿ ਸੂਲੀ ਦੇ ਭਾਰ ਹੇਠਾਂ ਉਸ ਦਾ ਬਲ ਛੇਤੀ ਹੀ ਜਵਾਬ ਦੇ ਜਾਂਦਾ ਹੈ। ਇਸ ਲਈ ਸ਼ਮਊਨ ਨਾਮਕ ਇਕ ਰਾਹੀ, ਅਫਰੀਕਾ ਦੇ ਕਿਸੇ ਕੁਰੇਨੀ ਮਨੁੱਖ ਨੂੰ ਉਸ ਦੇ ਲਈ ਇਹ ਚੁੱਕਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ। ਜਿਉਂ-ਜਿਉਂ ਉਹ ਅੱਗੇ ਵਧਦੇ ਹਨ, ਤਾਂ ਔਰਤਾਂ ਸਮੇਤ ਬਹੁਤ ਸਾਰੇ ਲੋਕ ਉਸ ਦੇ ਮਗਰ-ਮਗਰ ਚੱਲਦੇ ਹਨ, ਅਤੇ ਸੋਗ ਵਿਚ ਆਪਣੀਆਂ ਛਾਤੀਆਂ ਪਿੱਟਦੇ ਹਨ ਅਤੇ ਯਿਸੂ ਲਈ ਵਿਰਲਾਪ ਕਰਦੇ ਹਨ।

ਔਰਤਾਂ ਵੱਲ ਮੁੜਦੇ ਹੋਏ ਯਿਸੂ ਕਹਿੰਦਾ ਹੈ: “ਹੇ ਯਰੂਸ਼ਲਮ ਦੀਓ ਧੀਓ, ਮੈਨੂੰ ਨਾ ਰੋਵੋ ਪਰ ਆਪ ਨੂੰ ਅਤੇ ਆਪਣਿਆਂ ਬੱਚਿਆਂ ਨੂੰ ਰੋਵੋ। ਕਿਉਂਕਿ ਵੇਖੋ ਓਹ ਦਿਨ ਆਉਂਦੇ ਹਨ ਜਿਨ੍ਹਾਂ ਵਿੱਚ ਆਖਣਗੇ ਭਈ ਧੰਨ ਹਨ ਬਾਂਝਾਂ ਅਤੇ ਓਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਓਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ। . . . ਕਿਉਂਕਿ ਜਾਂ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ?”

ਯਿਸੂ ਯਹੂਦੀ ਕੌਮ ਦੇ ਰੁੱਖ ਵੱਲ ਸੰਕੇਤ ਕਰ ਰਿਹਾ ਹੈ, ਜਿਸ ਵਿਚ ਯਿਸੂ ਦੀ ਮੌਜੂਦ­ਗੀ ਅਤੇ ਉਸ ਉੱਤੇ ਵਿਸ਼ਵਾਸ ਕਰਨ ਵਾਲੇ ਇਕ ਬਕੀਏ ਦੇ ਹੋਣ ਕਾਰਨ ਅਜੇ ਵੀ ਜੀਵਨ ਦੀ ਕੁਝ ਨਮੀ ਬਾਕੀ ਹੈ। ਪਰੰਤੂ ਜਦੋਂ ਇਹ ਕੌਮ ਵਿੱਚੋਂ ਅਲੱਗ ਕੀਤੇ ਜਾਣਗੇ, ਤਾਂ ਸਿਰਫ਼ ਇਕ ਅਧਿਆਤਮਿਕ ਤੌਰ ਤੇ ਸੁੱਕਿਆ ਹੋਇਆ ਰੁੱਖ, ਜੀ ਹਾਂ, ਇਕ ਸੁੱਕਿਆ ਹੋਇਆ ਰਾਸ਼ਟਰੀ ਸੰਗਠਨ ਹੀ ਬਾਕੀ ਰਹਿ ਜਾਵੇਗਾ। ਹਾਏ, ਉਦੋਂ ਕਿੰਨਾ ਰੋਣਾ ਹੋਵੇਗਾ ਜਦੋਂ ਰੋਮੀ ਸੈਨਾ, ਪਰਮੇਸ਼ੁਰ ਦੇ ਦੰਡਕਾਰ ਦੇ ਤੌਰ ਤੇ ਯਹੂਦੀ ਕੌਮ ਨੂੰ ਨਾਸ਼ ਕਰੇਗੀ! ਯੂਹੰਨਾ 19:​6-17; 18:31; ਲੂਕਾ 23:​24-31; ਮੱਤੀ 27:​31, 32; ਮਰਕੁਸ 15:​20, 21.

▪ ਧਾਰਮਿਕ ਆਗੂ ਕਿਹੜਾ ਇਲਜ਼ਾਮ ਲਗਾਉਂਦੇ ਹਨ ਜਦੋਂ ਉਨ੍ਹਾਂ ਦੇ ਰਾਜਨੀਤਿਕ ਇਲਜ਼ਾਮ ਨਤੀਜੇ ਪੈਦਾ ਕਰਨ ਵਿਚ ਅਸਫਲ ਹੋ ਜਾਂਦੇ ਹਨ?

▪ ਪਿਲਾਤੁਸ ਕਿਉਂ ਹੋਰ ਡਰ ਜਾਂਦਾ ਹੈ?

▪ ਯਿਸੂ ਨਾਲ ਜੋ ਹੁੰਦਾ ਹੈ ਉਸ ਲਈ ਜ਼ਿਆਦਾ ਵੱਡਾ ਪਾਪ ਕੌਣ ਢੋਂਦੇ ਹਨ?

▪ ਆਖ਼ਰਕਾਰ, ਜਾਜਕ ਕਿਸ ਤਰ੍ਹਾਂ ਪਿਲਾਤੁਸ ਨੂੰ ਕਾਇਲ ਕਰ ਲੈਂਦੇ ਹਨ ਕਿ ਉਹ ਯਿਸੂ ਨੂੰ ਮਾਰ ਦੇਣ ਲਈ ਉਨ੍ਹਾਂ ਦੇ ਹੱਥ ਸੌਂਪ ਦੇਵੇ?

▪ ਯਿਸੂ ਉਸ ਦੇ ਲਈ ਰੋਣ ਵਾਲੀਆਂ ਔਰਤਾਂ ਨੂੰ ਕੀ ਕਹਿੰਦਾ ਹੈ, ਅਤੇ ਰੁੱਖ ਦੇ “ਹਰੇ” ਅਤੇ ਫਿਰ “ਸੁੱਕੇ” ਹੋਣ ਦਾ ਜ਼ਿਕਰ ਕਰਨ ਤੋਂ ਉਸ ਦਾ ਕੀ ਮਤਲਬ ਹੈ?