Skip to content

Skip to table of contents

ਹੋਰ ਪ੍ਰਗਟਾਵੇ

ਹੋਰ ਪ੍ਰਗਟਾਵੇ

ਅਧਿਆਇ 129

ਹੋਰ ਪ੍ਰਗਟਾਵੇ

ਚੇਲੇ ਅਜੇ ਵੀ ਉਦਾਸ ਹਨ। ਉਹ ਖਾਲੀ ਕਬਰ ਦਾ ਅਰਥ ਨਹੀਂ ਸਮਝਦੇ ਹਨ, ਅਤੇ ਨਾ ਹੀ ਔਰਤਾਂ ਦੀਆਂ ਸੂਚਨਾਵਾਂ ਦਾ ਵਿਸ਼ਵਾਸ ਕਰਦੇ ਹਨ। ਇਸ ਲਈ ਬਾਅਦ ਵਿਚ ਐਤਵਾਰ ਨੂੰ, ਕਲਿਉਪਸ ਅਤੇ ਇਕ ਹੋਰ ਚੇਲਾ ਯਰੂਸ਼ਲਮ ਤੋਂ ਲਗਭਗ 11 ਕਿਲੋਮੀਟਰ ਦੂਰ ਇੰਮਊਸ ਨੂੰ ਜਾਂਦੇ ਹਨ।

ਰਾਹ ਵਿਚ, ਜਦੋਂ ਕਿ ਉਹ ਦਿਨ ਦੀਆਂ ਘਟਨਾਵਾਂ ਬਾਰੇ ਗੱਲਾਂ ਕਰ ਰਹੇ ਹੁੰਦੇ ਹਨ, ਇਕ ਅਜਨਬੀ ਉਨ੍ਹਾਂ ਨਾਲ ਆ ਮਿਲਦਾ ਹੈ। “ਤੁਸੀਂ ਤੁਰੇ ਜਾਂਦੇ ਏਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ?” ਉਹ ਪੁੱਛਦਾ ਹੈ।

ਚੇਲੇ ਰੁਕ ਜਾਂਦੇ ਹਨ, ਉਨ੍ਹਾਂ ਦੇ ਮੂੰਹ ਉੱਤਰੇ ਹੋਏ ਹਨ, ਅਤੇ ਕਲਿਉਪਸ ਜਵਾਬ ਦਿੰਦਾ ਹੈ: “ਭਲਾ, ਤੂੰਏਂ ਕੱਲਾ ਯਰੂਸ਼ਲਮ ਵਿੱਚ ਓਪਰਾ ਹੈਂ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈਂ?” ਉਹ ਪੁੱਛਦਾ ਹੈ: “ਕਿਹੜੀਆਂ ਵਾਰਤਾਂ?”

“ਯਿਸੂ ਨਾਸਰੀ ਦੇ ਵਿਖੇ,” ਉਹ ਜਵਾਬ ਦਿੰਦੇ ਹਨ। “ਪਰਧਾਨ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ [“ਸੂਲੀ,” ਨਿ ਵ] ਉੱਤੇ ਚੜ੍ਹਾਇਆ। ਪਰ ਸਾਨੂੰ ਇਹ ਆਸ ਸੀ ਭਈ ਇਹ ਉਹੋ ਹੈ ਜੋ ਇਸ­ਰਾਏਲ ਦਾ ਨਿਸਤਾਰਾ ਕਰੇ।”

ਕਲਿਉਪਸ ਅਤੇ ਉਸ ਦਾ ਸਾਥੀ ਦਿਨ ਦੀਆਂ ਹੈਰਾਨੀਜਨਕ ਘਟਨਾਵਾਂ​—ਦੂਤਾਂ ਦੇ ਅਲੌਕਿਕ ਦ੍ਰਿਸ਼ ਅਤੇ ਖਾਲੀ ਕਬਰ ਬਾਰੇ ਸੂਚਨਾ​—ਦੀ ਵਿਆਖਿਆ ਕਰਦੇ ਹਨ, ਪਰੰਤੂ ਫਿਰ ਇਨ੍ਹਾਂ ਗੱਲਾਂ ਦੇ ਮਤਲਬ ਦੇ ਸੰਬੰਧ ਵਿਚ ਆਪਣੀ ਹੈਰਾਨੀ ਕਬੂਲ ਕਰਦੇ ਹਨ। ਅਜਨਬੀ ਉਨ੍ਹਾਂ ਨੂੰ ਝਿੜਕਦਾ ਹੈ: “ਹੇ ਬੇਸਮਝੋ ਅਰ ਨਬੀਆਂ ਦਿਆਂ ਸਾਰਿਆਂ ਬਚਨਾਂ ਉੱਤੇ ਪਰਤੀਤ ਕਰਨ ਵਿੱਚ ਢਿੱਲਿਓ! ਕੀ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਏਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ ਕਰੇ?” ਫਿਰ ਉਹ ਪਵਿੱਤਰ ਲਿਖਤਾਂ ਵਿੱਚੋਂ ਮਸੀਹ ਨਾਲ ਸੰਬੰਧਿਤ ਹਿੱਸਿਆਂ ਨੂੰ ਉਨ੍ਹਾਂ ਲਈ ਵਿਆਖਿਆ ਕਰਦਾ ਹੈ।

ਆਖ਼ਰਕਾਰ ਉਹ ਇੰਮਊਸ ਦੇ ਨੇੜੇ ਪਹੁੰਚ ਜਾਂਦੇ ਹਨ, ਅਤੇ ਇਹ ਅਜਨਬੀ ਅੱਗੇ ਚੱਲਦੇ ਜਾਣ ਨੂੰ ਪ੍ਰਤੀਤ ਹੁੰਦਾ ਹੈ। ਹੋਰ ਸੁਣਨ ਦੀ ਇੱਛਾ ਕਰਦੇ ਹੋਏ, ਚੇਲੇ ਜ਼ੋਰ ਦਿੰਦੇ ਹਨ: ‘ਸਾਡੇ ਨਾਲ ਰਹੋ ਕਿਉਂ ਜੋ ਸੰਝ ਪੈ ਗਈ ਹੈ।’ ਇਸ ਲਈ ਉਹ ਭੋਜਨ ਲਈ ਰੁਕ ਜਾਂਦਾ ਹੈ। ਜਿਉਂ ਹੀ ਉਹ ਪ੍ਰਾਰਥਨਾ ਕਰਦਾ ਅਤੇ ਰੋਟੀ ਤੋੜ ਕੇ ਉਨ੍ਹਾਂ ਨੂੰ ਦਿੰਦਾ ਹੈ, ਉਹ ਪਛਾਣ ਲੈਂਦੇ ਹਨ ਕਿ ਇਹ ਤਾਂ ਅਸਲ ਵਿਚ ਭੌਤਿਕ ਮਨੁੱਖੀ ਸਰੀਰ ਵਿਚ ਯਿਸੂ ਹੈ। ਪਰੰਤੂ ਫਿਰ ਉਹ ਅਲੋਪ ਹੋ ਜਾਂਦਾ ਹੈ।

ਹੁਣ ਉਹ ਸਮਝ ਜਾਂਦੇ ਹਨ ਕਿ ਉਹ ਅਜਨਬੀ ਕਿਸ ਤਰ੍ਹਾਂ ਇੰਨਾ ਕੁਝ ਜਾਣਦਾ ਸੀ! “ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?” ਉਹ ਪੁੱਛਦੇ ਹਨ। ਬਿਨਾਂ ਦੇਰੀ ਕੀਤੇ ਉਹ ਉਠ ਕੇ ਜਲਦੀ ਨਾਲ ਯਰੂਸ਼ਲਮ ਨੂੰ ਮੁੜ ਜਾਂਦੇ ਹਨ, ਜਿੱਥੇ ਉਹ ਰਸੂਲਾਂ ਅਤੇ ਜਿਹੜੇ ਉਨ੍ਹਾਂ ਨਾਲ ਇਕੱਠੇ ਸਨ, ਨੂੰ ਪਾਉਂਦੇ ਹਨ। ਕਲਿਉਪਸ ਅਤੇ ਉਸ ਦੇ ਸਾਥੀ ਦੇ ਕੁਝ ਕਹਿ ਸਕਣ ਤੋਂ ਪਹਿਲਾਂ ਹੀ, ਦੂਜੇ ਲੋਕ ਉਤੇਜਿਤ ਹੋ ਕੇ ਖ਼ਬਰ ਦਿੰਦੇ ਹਨ: “ਪ੍ਰਭੁ ਸੱਚੀ ਮੁੱਚੀ ਜੀ ਉੱਠਿਆ ਅਰ ਸ਼ਮਊਨ ਨੂੰ ਵਿਖਾਈ ਦਿੱਤਾ!” ਫਿਰ ਇਹ ਦੋਨੋਂ ਦੱਸਦੇ ਹਨ ਕਿ ਕਿਸ ਤਰ੍ਹਾਂ ਯਿਸੂ ਉਨ੍ਹਾਂ ਨੂੰ ਵੀ ਪ੍ਰਗਟ ਹੋਇਆ ਹੈ। ਇਸ ਨੂੰ ਮਿਲਾ ਕੇ ਦਿਨ ਵਿਚ ਚਾਰ ਵਾਰੀ ਹੁੰਦਾ ਹੈ ਕਿ ਉਹ ਆਪਣੇ ਚੇਲਿਆਂ ਵਿੱਚੋਂ ਵੱਖੋ-ਵੱਖਰੇ ਨੂੰ ਪ੍ਰਗਟ ਹੋਇਆ ਹੈ।

ਯਿਸੂ ਅਚਾਨਕ ਹੀ ਪੰਜਵਾਂ ਪ੍ਰਗਟਾਵਾ ਕਰਦਾ ਹੈ। ਭਾਵੇਂ ਕਿ ਦਰਵਾਜ਼ੇ ਬੰਦ ਹਨ ਕਿਉਂਕਿ ਚੇਲੇ ਯਹੂਦੀਆਂ ਤੋਂ ਭਰਦੇ ਹਨ, ਉਹ ਅੰਦਰ ਦਾਖ਼ਲ ਹੁੰਦਾ ਹੈ, ਅਤੇ ਠੀਕ ਉਨ੍ਹਾਂ ਦੇ ਦਰਮਿਆਨ ਖੜ੍ਹਾ ਹੋ ਕੇ ਕਹਿੰਦਾ ਹੈ: “ਤੁਹਾਡੀ ਸ਼ਾਂਤੀ ਹੋਵੇ।” ਉਹ ਭੈਭੀਤ ਹੁੰਦੇ ਹਨ, ਇਹ ਸਮਝਦੇ ਹੋਏ ਕਿ ਉਹ ਇਕ ਭੂਤ ਦੇਖ ਰਹੇ ਹਨ। ਇਸ ਲਈ, ਵਿਆਖਿਆ ਕਰਦੇ ਹੋਏ ਕਿ ਉਹ ਭੂਤ ਨਹੀਂ ਹੈ, ਯਿਸੂ ਕਹਿੰਦਾ ਹੈ: “ਤੁਸੀਂ ਕਾਹਨੂੰ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਚਿੰਤਾਂ ਕਿਉਂ ਉਪਜੀਆਂ ਹਨ? ਮੇਰੇ ਹੱਥ ਅਰ ਮੇਰੇ ਪੈਰ ਵੇਖੋ ਜੋ ਮੈਂ ਹੀ ਹਾਂ। ਮੈਨੂੰ ਟੋਹੋ ਅਤੇ ਵੇਖੋ ਕਿਉਂਕਿ ਭੂਤ ਦੇ ਮਾਸ ਅਰ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਵਿੱਚ ਵੇਖਦੇ ਹੋ।” ਫਿਰ ਵੀ, ਉਹ ਵਿਸ਼ਵਾਸ ਕਰਨ ਤੋਂ ਹਿਚਕਿਚਾਉਂਦੇ ਹਨ।

ਉਨ੍ਹਾਂ ਨੂੰ ਸਮਝਣ ਵਿਚ ਮਦਦ ਕਰਨ ਲਈ ਕਿ ਉਹ ਅਸਲ ਵਿਚ ਯਿਸੂ ਹੀ ਹੈ, ਉਹ ਪੁੱਛਦਾ ਹੈ: “ਐੱਥੇ ਤੁਹਾਡੇ ਕੋਲ ਕੁਝ ਭੋਜਨ ਹੈ?” ਭੁੰਨੀ ਹੋਈ ਮੱਛੀ ਲੈ ਕੇ ਇਸ ਨੂੰ ਖਾਣ ਤੋਂ ਬਾਅਦ, ਉਹ ਕਹਿੰਦਾ ਹੈ: “ਏਹ ਮੇਰੀਆਂ ਓਹੋ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਹੁੰਦਿਆਂ ਹੋਇਆਂ [ਮੇਰੀ ਮੌਤ ਤੋਂ ਪਹਿਲਾਂ] ਤੁਹਾਨੂੰ ਆਖੀਆਂ ਭਈ ਉਨ੍ਹਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰ ਹੈ ਜੋ ਮੂਸਾ ਦੀ ਤੁਰੇਤ ਅਤੇ ਨਬੀਆਂ ਦੇ ਪੁਸਤ­ਕਾਂ ਅਤੇ ਜ਼ਬੂਰਾਂ ਵਿੱਚ ਮੇਰੇ ਹੱਕ ਵਿੱਚ ਲਿਖੀਆਂ ਹੋਈਆਂ ਹਨ।”

ਉਨ੍ਹਾਂ ਨਾਲ ਗੱਲਾਂ ਜਾਰੀ ਰੱਖਦੇ ਹੋਏ, ਜੋ ਕਿ ਅਸਲ ਵਿਚ ਇਕ ਬਾਈਬਲ ਅਧਿਐਨ ਦੇ ਬਰਾਬਰ ਹੈ, ਯਿਸੂ ਸਿਖਾਉਂਦਾ ਹੈ: “ਇਉਂ ਲਿਖਿਆ ਹੈ ਜੋ ਮਸੀਹ ਦੁਖ ਝੱਲੇਗਾ ਅਰ ਤੀਏ ਦਿਨ ਮੁਰਦਿਆਂ ਵਿੱਚੋਂ ਫੇਰ ਜੀ ਉੱਠੇਗਾ। ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਹ ਦੇ ਨਾਮ ਉੱਤੇ ਤੋਬਾ ਅਰ ਪਾਪਾਂ ਦੀ ਮਾਫ਼ੀ ਦਾ ਪਰਚਾਰ ਕੀਤਾ ਜਾਵੇਗਾ। ਤੁਸੀਂ ਇਨ੍ਹਾਂ ਗੱਲਾਂ ਦੇ ਗਵਾਹ ਹੋ।”

ਕਿਸੇ ਕਾਰਨ ਥੋਮਾ ਇਸ ਅਤਿ-ਮਹੱਤਵਪੂਰਣ ਐਤਵਾਰ ਸ਼ਾਮ ਦੀ ਸਭਾ ਵਿਚ ਹਾਜ਼ਰ ਨਹੀਂ ਹੈ। ਇਸ ਲਈ ਅਗਲੇ ਦਿਨਾਂ ਦੇ ਦੌਰਾਨ, ਦੂਜੇ ਉਸ ਨੂੰ ਆਨੰਦ ਨਾਲ ਦੱਸਦੇ ਹਨ: “ਅਸਾਂ ਪ੍ਰਭੁ ਨੂੰ ਵੇਖਿਆ ਹੈ!”

“ਜਿੰਨਾ ਚਿਰ ਮੈਂ ਉਹ ਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ,” ਥੋਮਾ ਵਿਰੋਧ ਕਰਦਾ ਹੈ, “ਅਤੇ ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲ ਨਾ ਵਾੜਾਂ ਅਰ ਉਹ ਦੀ ਵੱਖੀ ਵਿੱਚ ਆਪਣਾ ਹੱਥ ਨਾ ਵਾੜਾਂ ਓੱਨਾ ਚਿਰ ਮੈਂ ਕਦੇ ਸਤ ਨਾ ਮੰਨਾਂਗਾ।”

ਖ਼ੈਰ, ਅੱਠ ਦਿਨਾਂ ਬਾਅਦ ਚੇਲੇ ਫਿਰ ਇਕ ਕਮਰੇ ਵਿਚ ਇਕੱਠੇ ਮਿਲ ਰਹੇ ਹੁੰਦੇ ਹਨ। ਇਸ ਵਾਰੀ ਥੋਮਾ ਉਨ੍ਹਾਂ ਦੇ ਨਾਲ ਹੈ। ਭਾਵੇਂ ਕਿ ਦਰਵਾਜ਼ੇ ਬੰਦ ਹਨ, ਯਿਸੂ ਇਕ ਵਾਰੀ ਫਿਰ ਉਨ੍ਹਾਂ ਦੇ ਦਰਮਿਆਨ ਖੜ੍ਹਾ ਹੋ ਕੇ ਕਹਿੰਦਾ ਹੈ: “ਤੁਹਾਡੀ ਸ਼ਾਂਤੀ ਹੋਵੇ।” ਫਿਰ, ਥੋਮਾ ਵੱਲ ਮੁੜਦੇ ਹੋਏ, ਉਹ ਸੱਦਾ ਦਿੰਦਾ ਹੈ: “ਆਪਣੀ ਉਂਗਲ ਉਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਅਰ ਆਪਣਾ ਹੱਥ ਉਰੇ ਕਰ ਕੇ ਮੇਰੀ ਵੱਖੀ ਵਿੱਚ ਵਾੜ ਅਤੇ ਬੇਪਰਤੀਤਾ ਨਾ ਹੋ।”

“ਹੇ ਮੇਰੇ ਪ੍ਰਭੁ ਅਤੇ ਮੇਰੇ ਪਰਮੇਸ਼ੁਰ!” ਥੋਮਾ ਚਿਲਾਉਂਦਾ ਹੈ।

“ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈ?” ਯਿਸੂ ਪੁੱਛਦਾ ਹੈ। “ਧੰਨ ਓਹ ਜਿਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ।” ਲੂਕਾ 24:​11, 13-48; ਯੂਹੰਨਾ 20:​19-29.

▪ ਇੰਮਊਸ ਜਾਣ ਦੇ ਰਾਹ ਤੇ ਇਕ ਅਜਨਬੀ ਦੋ ਚੇਲਿਆਂ ਤੋਂ ਕਿਹੜੇ ਸਵਾਲ ਪੁੱਛਦਾ ਹੈ?

▪ ਅਜਨਬੀ ਕੀ ਕਹਿੰਦਾ ਹੈ ਜਿਸ ਨਾਲ ਚੇਲਿਆਂ ਦੇ ਅੰਦਰ ਉਨ੍ਹਾਂ ਦੇ ਦਿਲ ਗਰਮ ਹੁੰਦੇ ਹਨ?

▪ ਚੇਲੇ ਕਿਸ ਤਰ੍ਹਾਂ ਸਮਝ ਜਾਂਦੇ ਹਨ ਕਿ ਅਜਨਬੀ ਕੌਣ ਹੈ?

▪ ਜਦੋਂ ਕਲਿਉਪਸ ਅਤੇ ਉਸ ਦਾ ਸਾਥੀ ਯਰੂਸ਼ਲਮ ਨੂੰ ਮੁੜਦੇ ਹਨ, ਤਾਂ ਉਹ ਕਿਹੜੀ ਉਤੇਜਕ ਸੂਚਨਾ ਸੁਣਦੇ ਹਨ?

▪ ਯਿਸੂ ਆਪਣੇ ਚੇਲਿਆਂ ਨੂੰ ਕਿਹੜਾ ਪੰਜਵਾਂ ਪ੍ਰਗਟਾਵਾ ਕਰਦਾ ਹੈ, ਅਤੇ ਇਸ ਦੌਰਾਨ ਕੀ ਵਾਪਰਦਾ ਹੈ?

▪ ਯਿਸੂ ਦੇ ਪੰਜਵੇਂ ਪ੍ਰਗਟਾਵੇ ਤੋਂ ਅੱਠ ਦਿਨਾਂ ਦੇ ਬਾਅਦ ਕੀ ਹੁੰਦਾ ਹੈ, ਅਤੇ ਅਖ਼ੀਰ ਵਿਚ ਥੋਮਾ ਕਿਸ ਤਰ੍ਹਾਂ ਕਾਇਲ ਹੁੰਦਾ ਹੈ ਕਿ ਯਿਸੂ ਜੀਉਂਦਾ ਹੈ?