Skip to content

Skip to table of contents

ਹੋਰ ਸੁਧਾਰਕ ਸਲਾਹ

ਹੋਰ ਸੁਧਾਰਕ ਸਲਾਹ

ਅਧਿਆਇ 63

ਹੋਰ ਸੁਧਾਰਕ ਸਲਾਹ

ਜਦੋਂ ਯਿਸੂ ਅਤੇ ਉਸ ਦੇ ਰਸੂਲ ਅਜੇ ਕਫ਼ਰਨਾਹੂਮ ਵਿਖੇ ਉਸੇ ਘਰ ਵਿਚ ਹੁੰਦੇ ਹਨ, ਤਾਂ ਰਸੂਲਾਂ ਦੀ ਬਹਿਸ ਕਿ ਉਨ੍ਹਾਂ ਵਿੱਚੋਂ ਕੌਣ ਸਭ ਤੋਂ ਵੱਡਾ ਹੈ, ਤੋਂ ਇਲਾਵਾ ਕੁਝ ਹੋਰ ਗੱਲਾਂ ਉੱਤੇ ਵੀ ਚਰਚਾ ਹੁੰਦੀ ਹੈ। ਇਹ ਘਟਨਾ ਵੀ ਸ਼ਾਇਦ ਉਨ੍ਹਾਂ ਦੇ ਕਫ਼ਰਨਾਹੂਮ ਤੋਂ ਮੁੜਦੇ ਸਮੇਂ ਵਾਪਰੀ ਹੈ, ਜਦੋਂ ਯਿਸੂ ਖ਼ੁਦ ਹਾਜ਼ਰ ਨਹੀਂ ਸੀ। ਰਸੂਲ ਯੂਹੰਨਾ ਰਿਪੋਰਟ ਕਰਦਾ ਹੈ: “ਅਸੀਂ ਇੱਕ ਨੂੰ ਤੇਰੇ ਨਾਮ ਨਾਲ ਭੂਤ [“ਪਿਸ਼ਾਚ,” ਨਿ ਵ] ਕੱਢਦੇ ਵੇਖਿਆ ਅਤੇ ਉਹ ਨੂੰ ਵਰਜਿਆ ਇਸ ਲਈ ਜੋ ਉਹ ਸਾਡੇ ਪਿੱਛੇ ਨਹੀਂ ਸੀ ਚੱਲਦਾ।”

ਸਪੱਸ਼ਟ ਹੈ ਕਿ ਯੂਹੰਨਾ ਰਸੂਲਾਂ ਨੂੰ ਰੋਗ-ਨਿਵਾਰਕਾਂ ਦਾ ਇਕ ਵਿਸ਼ਿਸ਼ਟ, ਖਿਤਾਬ-ਯਾਫ਼ਤਾ ਜੁੱਟ ਸਮਝਦਾ ਹੈ। ਇਸ ਲਈ ਉਹ ਮਹਿਸੂਸ ਕਰਦਾ ਹੈ ਕਿ ਉਹ ਆਦਮੀ ਅਨੁਚਿਤ ਢੰਗ ਨਾਲ ਸ਼ਕਤੀਸ਼ਾਲੀ ਕੰਮਾਂ ਨੂੰ ਕਰ ਰਿਹਾ ਹੈ ਕਿਉਂਕਿ ਉਹ ਉਨ੍ਹਾਂ ਦੇ ਸਮੂਹ ਦਾ ਹਿੱਸਾ ਨਹੀਂ ਸੀ।

ਪਰੰਤੂ, ਯਿਸੂ ਸਲਾਹ ਦਿੰਦਾ ਹੈ: “ਉਹ ਨੂੰ ਨਾ ਵਰਜੋ ਕਿਉਂਕਿ ਅਜਿਹਾ ਕੋਈ ਨਹੀਂ ਜੋ ਮੇਰਾ ਨਾਮ ਲੈਕੇ ਕਰਾਮਾਤ ਕਰੇ ਅਰ ਓਵੇਂ ਮੈਨੂੰ ਬੁਰਾ ਕਹਿ ਸੱਕੇ। ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੀ ਵੱਲ ਹੈ। ਇਸ ਲਈ ਕਿ ਜਿਹੜਾ ਤੁਹਾਨੂੰ ਇੱਕ ਕਟੋਰਾ ਪਾਣੀ ਦਾ ਪੀਣ ਨੂੰ ਦੇਵੇ ਇਸ ਕਰਕੇ ਜੋ ਤੁਸੀਂ ਮਸੀਹ ਦੇ ਹੋ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਉਹ ਆਪਣਾ ਫਲ ਪਾਏ ਬਿਨਾ ਕਦੇ ਨਾ ਰਹੇਗਾ।”

ਯਿਸੂ ਦੇ ਪੱਖ ਵਿਚ ਹੋਣ ਵਾਸਤੇ ਇਸ ਆਦਮੀ ਲਈ ਇਹ ਜ਼ਰੂਰੀ ਨਹੀਂ ਸੀ ਕਿ ਉਹ ਸਰੀਰਕ ਤੌਰ ਤੇ ਉਸ ਦੇ ਪਿੱਛੇ ਚੱਲੇ। ਅਜੇ ਤਕ ਮਸੀਹੀ ਕਲੀਸਿਯਾ ਸਥਾਪਤ ਨਹੀਂ ਹੋਈ ਸੀ, ਇਸ ਲਈ ਉਸ ਦਾ ਉਨ੍ਹਾਂ ਦੇ ਸਮੂਹ ਦਾ ਹਿੱਸਾ ਨਾ ਹੋਣ ਦਾ ਇਹ ਮਤਲਬ ਨਹੀਂ ਸੀ ਕਿ ਉਹ ਇਕ ਅਲੱਗ ਕਲੀਸਿਯਾ ਦਾ ਸੀ। ਉਹ ਆਦਮੀ ਸੱਚ-ਮੁੱਚ ਹੀ ਯਿਸੂ ਦੇ ਨਾਂ ਵਿਚ ਨਿਹਚਾ ਰੱਖਦਾ ਸੀ ਅਤੇ ਇਸ ਤਰ੍ਹਾਂ ਪਿਸ਼ਾਚਾਂ ਨੂੰ ਕੱਢਣ ਵਿਚ ਸਫਲ ਹੋਇਆ ਸੀ। ਉਹ ਅਜਿਹਾ ਕੰਮ ਕਰ ਰਿਹਾ ਸੀ ਜੋ ਅਨੁਕੂਲ ਰੀਤੀ ਤੋਂ ਉਸ ਨਾਲ ਮੇਲ ਕਰਦਾ ਹੈ ਜਿਹੜਾ ਯਿਸੂ ਨੇ ਕਿਹਾ ਸੀ ਕਿ ਇਨਾਮ ਦੇ ਯੋਗ ਸੀ। ਯਿਸੂ ਦਿਖਾਉਂਦਾ ਹੈ ਕਿ ਇਸ ਤਰ੍ਹਾਂ ਕਰਨ ਲਈ ਉਹ ਆਪਣਾ ਇਨਾਮ ਨਹੀਂ ਗੁਆਵੇਗਾ।

ਪਰੰਤੂ ਜੇਕਰ ਉਹ ਆਦਮੀ ਰਸੂਲਾਂ ਦਿਆਂ ਸ਼ਬਦਾਂ ਅਤੇ ਕੰਮਾਂ ਦੁਆਰਾ ਠੋਕਰ ਖਾ ਜਾਂਦਾ, ਤਾਂ ਫਿਰ ਕੀ ਹੁੰਦਾ? ਇਹ ਬਹੁਤ ਹੀ ਗੰਭੀਰ ਹੁੰਦਾ! ਯਿਸੂ ਕਹਿੰਦਾ ਹੈ: “ਜੋ ਕੋਈ ਏਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਹਚਾ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਭਲਾ ਹੁੰਦਾ ਜੇ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ!”

ਯਿਸੂ ਕਹਿੰਦਾ ਹੈ ਕਿ ਉਸ ਦੇ ਅਨੁਯਾਈਆਂ ਨੂੰ ਆਪਣੇ ਜੀਵਨ ਵਿੱਚੋਂ ਕੋਈ ਵੀ ਅਜਿਹੀ ਚੀਜ਼ ਹਟਾ ਦੇਣੀ ਚਾਹੀਦੀ ਹੈ ਜਿਹੜੀ ਉਨ੍ਹਾਂ ਨੂੰ ਇਕ ਹੱਥ, ਇਕ ਪੈਰ, ਜਾਂ ਇਕ ਅੱਖ ਦੇ ਵਾਂਗ ਪਿਆਰੀ ਹੈ, ਮਗਰ ਜੋ ਸ਼ਾਇਦ ਉਨ੍ਹਾਂ ਲਈ ਠੋਕਰ ਦਾ ਕਾਰਨ ਹੋਵੇ। ਇਸ ਪਿਆਰੀ ਚੀਜ਼ ਤੋਂ ਬਿਨਾਂ ਪਰਮੇਸ਼ੁਰ ਦੇ ਰਾਜ ਵਿਚ ਦਾਖ਼ਲ ਹੋਣਾ ਬਿਹਤਰ ਹੈ, ਇਸ ਦੀ ਬਜਾਇ ਕਿ ਇਸ ਨੂੰ ਫੜੀ ਰੱਖੀਏ ਅਤੇ ਗ਼ਹੈਨਾ [ਯਰੂਸ਼ਲਮ ਦੇ ਨੇੜੇ ਇਕ ਬਲਦਾ ਹੋਇਆ ਕੂੜੇ ਦਾ ਢੇਰ], ਜਿਹੜਾ ਸਦੀਪਕ ਨਾਸ਼ ਦਾ ਪ੍ਰਤੀਕ ਹੈ, ਵਿਚ ਸੁੱਟੇ ਜਾਈਏ।

ਯਿਸੂ ਚੇਤਾਵਨੀ ਵੀ ਦਿੰਦਾ ਹੈ: “ਖ਼ਬਰਦਾਰ! ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਤੁੱਛ ਨਾ ਜਾਣੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਰਗ ਵਿੱਚ ਉਨ੍ਹਾਂ ਦੇ ਦੂਤ ਮੇਰੇ ਪਿਤਾ ਦਾ ਜਿਹੜਾ ਸੁਰਗ ਵਿੱਚ ਹੈ ਮੂੰਹ ਸਦਾ ਵੇਖਦੇ ਹਨ।” ਫਿਰ ਉਹ ਇਨ੍ਹਾਂ “ਛੋਟਿਆਂ” ਦੇ ਬਹੁਮੁੱਲੇਪਣ ਨੂੰ ਇਕ ਦ੍ਰਿਸ਼ਟਾਂਤ ਦੇ ਕੇ ਵਿਆਖਿਆ ਕਰਦਾ ਹੈ ਜਦੋਂ ਉਹ ਇਕ ਆਦਮੀ ਦੇ ਬਾਰੇ ਦੱਸਦਾ ਹੈ ਜਿਸ ਕੋਲ ਸੌ ਭੇਡਾਂ ਹਨ ਪਰੰਤੂ ਇਕ ਗੁਆਚ ਜਾਂਦੀ ਹੈ। ਉਹ ਆਦਮੀ 99 ਨੂੰ ਛੱਡ ਕੇ ਇਕ ਗੁਆਚੀ ਦੀ ਭਾਲ ਕਰੇਗਾ, ਯਿਸੂ ਸਮਝਾਉਂਦਾ ਹੈ, ਅਤੇ ਉਸ ਨੂੰ ਲੱਭ ਲੈਣ ਤੇ ਉਹ 99 ਨਾਲੋਂ ਜ਼ਿਆਦਾ ਉਸ ਤੇ ਆਨੰਦ ਕਰੇਗਾ। ਫਿਰ ਯਿਸੂ ਸਮਾਪਤੀ ਕਰਦਾ ਹੈ, “ਇਸੇ ਤਰਾਂ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਮਰਜੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਭੀ ਨਾਸ ਹੋ ਜਾਵੇ।”

ਸੰਭਵ ਹੈ ਕਿ ਆਪਣੇ ਰਸੂਲਾਂ ਦੀ ਆਪੋ ਵਿਚ ਬਹਿਸ ਨੂੰ ਮਨ ਵਿਚ ਰੱਖਦੇ ਹੋਏ, ਯਿਸੂ ਜ਼ੋਰ ਦਿੰਦਾ ਹੈ: “ਆਪਣੇ ਵਿੱਚ ਲੂਣ ਰੱਖੋ ਅਤੇ ਇੱਕ ਦੂਏ ਨਾਲ ਮਿਲੇ ਰਹੋ।” ਲੂਣ ਦੇ ਮਿਲਾਉਣ ਨਾਲ ਬੇਸੁਆਦਾ ਭੋਜਨ ਜ਼ਿਆਦਾ ਸੁਆਦੀ ਬਣ ਜਾਂਦਾ ਹੈ। ਇਸ ਲਈ, ਅਲੰਕਾਰਕ ਲੂਣ ਇਕ ਵਿਅਕਤੀ ਦੀ ਕਹੀ ਗਈ ਗੱਲ ਨੂੰ ਕਬੂਲ ਕਰਨਾ ਹੋਰ ਆਸਾਨ ਬਣਾਉਂਦਾ ਹੈ। ਅਜਿਹਾ ਲੂਣ ਰੱਖਣਾ ਸ਼ਾਂਤੀ ਬਣਾਈ ਰੱਖਣ ਵਿਚ ਮਦਦ ਕਰੇਗਾ।

ਪਰੰਤੂ ਮਨੁੱਖੀ ਅਪੂਰਣਤਾ ਦੇ ਕਾਰਨ, ਕਈ ਵਾਰੀ ਗੰਭੀਰ ਝਗੜੇ ਹੋਣਗੇ। ਇਨ੍ਹਾਂ ਨੂੰ ਹੱਲ ਕਰਨ ਲਈ ਵੀ ਯਿਸੂ ਮਾਰਗ-ਦਰਸ਼ਨ ਪ੍ਰਦਾਨ ਕਰਦਾ ਹੈ। “ਜੇ ਤੇਰਾ ਭਾਈ ਤੇਰਾ ਗੁਨਾਹ ਕਰੇ,” ਯਿਸੂ ਕਹਿੰਦਾ ਹੈ, “ਤਾਂ ਜਾਹ ਅਰ ਉਹ ਦੇ ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾ ਦਿਹ। ਜੇ ਉਹ ਤੇਰੀ ਸੁਣੇ ਤਾਂ ਤੈਂ ਆਪਣੇ ਭਾਈ ਨੂੰ ਖੱਟ ਲਿਆ।” ਜੇਕਰ ਉਹ ਨਾ ਸੁਣੇ, ਯਿਸੂ ਸਲਾਹ ਦਿੰਦਾ ਹੈ, “ਇੱਕ ਯਾ ਦੋ ਜਣੇ ਆਪਣੇ ਨਾਲ ਹੋਰ ਲੈ ਤਾਂ ਹਰੇਕ ਗੱਲ ਦੋ ਯਾ ਤਿੰਨ ਗਵਾਹਾਂ ਦੇ ਮੂੰਹੋਂ ਸਾਬਤ ਹੋ ਜਾਵੇ।”

ਸਿਰਫ਼ ਅੰਤਿਮ ਚਾਰੇ ਦੇ ਤੌਰ ਤੇ, ਯਿਸੂ ਕਹਿੰਦਾ ਹੈ ਕਿ ਮਾਮਲੇ ਨੂੰ “ਕਲੀਸਿਯਾ,” ਯਾਨੀ ਕਿ ਕਲੀਸਿਯਾ ਦੇ ਜ਼ਿੰਮੇਵਾਰ ਨਿਗਾਹਬਾਨਾਂ ਕੋਲ ਲੈ ਜਾਓ, ਜੋ ਇਕ ਨਿਆਇਕ ਫ਼ੈਸਲਾ ਦੇ ਸਕਦੇ ਹਨ। ਜੇਕਰ ਪਾਪੀ ਉਨ੍ਹਾਂ ਦੇ ਫ਼ੈਸਲੇ ਦਾ ਪਾਲਣ ਨਾ ਕਰੇ, ਯਿਸੂ ਸਮਾਪਤੀ ਵਿਚ ਕਹਿੰਦਾ ਹੈ, ਤਾਂ “ਉਹ ਤੇਰੇ ਅੱਗੇ ਪਰਾਈ ਕੌਮ ਵਾਲੇ ਅਤੇ ਮਸੂਲੀਏ ਵਰਗਾ ਹੋਵੇ।”

ਅਜਿਹਾ ਫ਼ੈਸਲਾ ਕਰਨ ਵਿਚ, ਨਿਗਾਹਬਾਨਾਂ ਨੂੰ ਪਰਮੇਸ਼ੁਰ ਦੇ ਬਚਨ ਵਿਚਲੀਆਂ ਹਿਦਾਇਤਾਂ ਦੀ ਨਜ਼ਦੀਕੀ ਨਾਲ ਪਾਲਣ ਕਰਨ ਦੀ ਲੋੜ ਹੈ। ਇਸ ਲਈ, ਜਦੋਂ ਉਹ ਕਿਸੇ ਵਿਅਕਤੀ ਨੂੰ ਗੁਨਾਹਗਾਰ ਅਤੇ ਸਜ਼ਾ ਦੇ ਯੋਗ ਪਾਉਂਦੇ ਹਨ, ਤਾਂ ਨਿਆਉ ‘ਸੁਰਗ ਵਿੱਚ ਪਹਿਲਾਂ ਤੋਂ ਹੀ ਬੰਨ੍ਹਿਆ ਜਾ ਚੁੱਕਿਆ ਹੋਵੇਗਾ।’ ਅਤੇ ਜਦੋਂ ਉਹ ‘ਧਰਤੀ ਉੱਤੇ ਖੋਲ੍ਹਣ,’ ਯਾਨੀ ਕਿ ਕਿਸੇ ਨੂੰ ਬੇਗੁਨਾਹ ਪਾਉਣ, ਤਾਂ ਇਹ ਪਹਿਲਾਂ ਤੋਂ ਹੀ “ਸੁਰਗ ਵਿੱਚ ਖੋਲ੍ਹਿਆ” ਗਿਆ ਹੋਵੇਗਾ। ਯਿਸੂ ਕਹਿੰਦਾ ਹੈ ਕਿ ਅਜਿਹੇ ਨਿਆਇਕ ਵਿਚਾਰ-ਵਟਾਂਦਰੇ ਵਿਚ “ਜਿੱਥੇ ਦੋ ਯਾ ਤਿੰਨ ਮੇਰੇ ਨਾਮ ਉੱਤੇ ਇਕੱਠੇ ਹੋਣ ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।” ਮੱਤੀ 18:​6-20; ਮਰਕੁਸ 9:​38-50; ਲੂਕਾ 9:​49, 50.

▪ ਯਿਸੂ ਦੇ ਦਿਨਾਂ ਵਿਚ ਉਸ ਦੇ ਨਾਲ ਹੋਣਾ ਜ਼ਰੂਰੀ ਕਿਉਂ ਨਹੀਂ ਸੀ?

▪ ਇਕ ਛੋਟੇ ਨੂੰ ਠੋਕਰ ਖੁਆਉਣ ਦਾ ਮਾਮਲਾ ਕਿੰਨਾ ਗੰਭੀਰ ਹੈ, ਅਤੇ ਕਿਸ ਤਰ੍ਹਾਂ ਯਿਸੂ ਇਨ੍ਹਾਂ ਛੋਟਿਆਂ ਦੀ ਮਹੱਤਤਾ ਦਿਖਾਉਂਦਾ ਹੈ?

▪ ਰਸੂਲਾਂ ਨੂੰ ਆਪਣੇ ਵਿਚ ਲੂਣ ਰੱਖਣ ਦੇ ਲਈ ਯਿਸੂ ਦਾ ਉਤਸ਼ਾਹ ਸ਼ਾਇਦ ਕਿਸ ਗੱਲ ਤੋਂ ਪ੍ਰੇਰਿਤ ਹੁੰਦਾ ਹੈ?

▪ ‘ਬੰਨ੍ਹਣ’ ਅਤੇ ‘ਖੋਲ੍ਹਣ’ ਦੀ ਕੀ ਮਹੱਤਤਾ ਹੈ?