Skip to content

Skip to table of contents

ਹੰਝੂ ਵੱਡੀ ਖ਼ੁਸ਼ੀ ਵਿਚ ਬਦਲ ਗਏ

ਹੰਝੂ ਵੱਡੀ ਖ਼ੁਸ਼ੀ ਵਿਚ ਬਦਲ ਗਏ

ਅਧਿਆਇ 47

ਹੰਝੂ ਵੱਡੀ ਖ਼ੁਸ਼ੀ ਵਿਚ ਬਦਲ ਗਏ

ਜਦੋਂ ਜੈਰੁਸ ਲਹੂ ਦੇ ਪ੍ਰਵਾਹ ਤੋਂ ਪੀੜਿਤ ਔਰਤ ਨੂੰ ਚੰਗੀ ਹੋਈ ਦੇਖਦਾ ਹੈ, ਤਾਂ ਕੋਈ ਸ਼ੱਕ ਨਹੀਂ ਯਿਸੂ ਦੀਆਂ ਚਮਤਕਾਰੀ ਸ਼ਕਤੀਆਂ ਵਿਚ ਉਸ ਦਾ ਵਿਸ਼ਵਾਸ ਹੋਰ ਵਧ ਜਾਂਦਾ ਹੈ। ਥੋੜ੍ਹੀ ਦੇਰ ਪਹਿਲਾਂ, ਜੈਰੁਸ ਨੇ ਯਿਸੂ ਨੂੰ ਬੇਨਤੀ ਕੀਤੀ ਸੀ ਕਿ ਉਹ ਆ ਕੇ ਉਸ ਦੀ 12 ਵਰ੍ਹਿਆਂ ਦੀ ਪਿਆਰੀ ਧੀ ਦੀ ਮਦਦ ਕਰੇ, ਜਿਹੜੀ ਮਰਨ ਵਾਲੀ ਹੈ। ਪਰੰਤੂ, ਹੁਣ ਜੈਰੁਸ ਨੂੰ ਜਿਸ ਦਾ ਡਰ ਸੀ ਉਹੀ ਹੁੰਦਾ ਹੈ। ਜਦੋਂ ਕਿ ਯਿਸੂ ਅਜੇ ਔਰਤ ਨਾਲ ਗੱਲਾਂ ਕਰ ਹੀ ਰਿਹਾ ਹੁੰਦਾ ਹੈ, ਕੁਝ ਆਦਮੀ ਆ ਕੇ ਹੌਲੀ ਨਾਲ ਜੈਰੁਸ ਨੂੰ ਦੱਸਦੇ ਹਨ: “ਤੇਰੀ ਧੀ ਮਰ ਗਈ, ਗੁਰੂ ਨੂੰ ਕਿਉਂ ਹੋਰ ਖੇਚਲ ਪਾਉਂਦਾ ਹੈਂ?”

ਕਿੰਨੀ ਹੀ ਦਿਲ ਢਾਹੁਣ ਵਾਲੀ ਖ਼ਬਰ ਹੈ! ਜ਼ਰਾ ਸੋਚੋ: ਇਹ ਆਦਮੀ, ਜਿਸ ਦੀ ਸਮਾਜ ਵਿਚ ਇੰਨੀ ਇੱਜ਼ਤ ਹੈ, ਹੁਣ ਆਪਣੀ ਧੀ ਦੀ ਮੌਤ ਦੀ ਖ਼ਬਰ ਪਾ ਕੇ ਪੂਰੀ ਤਰ੍ਹਾਂ ਬੇਬੱਸ ਹੈ। ਪਰ, ਯਿਸੂ ਇਸ ਵਾਰਤਾਲਾਪ ਨੂੰ ਸੁਣ ਲੈਂਦਾ ਹੈ। ਇਸ ਲਈ, ਜੈਰੁਸ ਵੱਲ ਮੁੜ ਕੇ ਉਹ ਹੌਸਲਾ ਦਿੰਦੇ ਹੋਏ ਕਹਿੰਦਾ ਹੈ: “ਨਾ ਡਰ ਕੇਵਲ ਨਿਹਚਾ ਕਰ।”

ਯਿਸੂ ਸੋਗ-ਪੀੜਿਤ ਆਦਮੀ ਨਾਲ ਵਾਪਸ ਉਸ ਦੇ ਘਰ ਜਾਂਦਾ ਹੈ। ਜਦੋਂ ਉਹ ਪਹੁੰਚਦੇ ਹਨ, ਤਾਂ ਉਹ ਉੱਥੇ ਰੋਣ ਅਤੇ ਕੁਰਲਾਉਣ ਦਾ ਵੱਡਾ ਰੌਲਾ ਪੈਂਦੇ ਹੋਏ ਸੁਣਦੇ ਹਨ। ਲੋਕਾਂ ਦੀ ਇਕ ਭੀੜ ਜਮ੍ਹਾ ਹੋ ਗਈ ਹੈ ਅਤੇ ਉਹ ਸੋਗ ਵਿਚ ਆਪਣੇ ਆਪ ਨੂੰ ਪਿੱਟ ਰਹੇ ਹਨ। ਜਦੋਂ ਯਿਸੂ ਅੰਦਰ ਕਦਮ ਰੱਖਦਾ ਹੈ, ਤਾਂ ਉਹ ਪੁੱਛਦਾ ਹੈ: “ਤੁਸੀਂ ਕਾਹ ਨੂੰ ਰੌਲਾ ਪਾਉਂਦੇ ਅਤੇ ਰੋਂਦੇ ਹੋ? ਕੁੜੀ ਮਰੀ ਨਹੀਂ ਪਰ ਸੁੱਤੀ ਹੋਈ ਹੈ।”

ਇਹ ਸੁਣ ਕੇ ਲੋਕੀ ਯਿਸੂ ਉੱਤੇ ਘਿਰਣਾਪੂਰਵਕ ਹੱਸਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਕੁੜੀ ਸੱਚ-ਮੁੱਚ ਮਰ ਗਈ ਹੈ। ਪਰ, ਯਿਸੂ ਕਹਿੰਦਾ ਹੈ ਕਿ ਉਹ ਸਿਰਫ਼ ਸੁੱਤੀ ਹੋਈ ਹੈ। ਆਪਣੀ ਪਰਮੇਸ਼ੁਰ-ਦਿੱਤ ਸ਼ਕਤੀ ਨੂੰ ਇਸਤੇਮਾਲ ਕਰਦੇ ਹੋਏ, ਉਹ ਦਿਖਾਵੇਗਾ ਕਿ ਲੋਕੀ ਮੌਤ ਤੋਂ ਉੱਨੀ ਹੀ ਆਸਾਨੀ ਨਾਲ ਉਠਾਏ ਜਾ ਸਕਦੇ ਹਨ ਜਿੰਨੀ ਆਸਾਨੀ ਨਾਲ ਉਹ ਗੂੜ੍ਹੀ ਨੀਂਦ ਤੋਂ ਉਠਾਏ ਜਾ ਸਕਦੇ ਹਨ।

ਯਿਸੂ ਹੁਣ ਪਤਰਸ, ਯਾਕੂਬ, ਯੂਹੰਨਾ, ਅਤੇ ਮਰੀ ਹੋਈ ਕੁੜੀ ਦੇ ਮਾਂ-ਬਾਪ ਨੂੰ ਛੱਡ ਬਾਕੀ ਸਾਰਿਆਂ ਨੂੰ ਬਾਹਰ ਭੇਜ ਦਿੰਦਾ ਹੈ। ਉਹ ਫਿਰ ਇਨ੍ਹਾਂ ਪੰਜਾਂ ਨੂੰ ਆਪਣੇ ਨਾਲ ਉੱਥੇ ਲੈ ਜਾਂਦਾ ਹੈ ਜਿੱਥੇ ਛੋਟੀ ਕੁੜੀ ਲੇਟੀ ਹੋਈ ਹੈ। ਉਸ ਨੂੰ ਹੱਥ ਤੋਂ ਫੜਦੇ ਹੋਏ, ਯਿਸੂ ਕਹਿੰਦਾ ਹੈ: “ਤਲੀਥਾ ਕੂਮੀ,” ਜਿਸ ਦਾ ਅਨੁਵਾਦ ਕੀਤੇ ਜਾਣ ਤੇ ਮਤਲਬ ਹੈ: “ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ!” ਅਤੇ ਕੁੜੀ ਝੱਟ ਉਠ ਖੜੀ ਹੁੰਦੀ ਹੈ ਅਤੇ ਤੁਰਨ ਲੱਗਦੀ ਹੈ! ਇਸ ਨਜ਼ਾਰੇ ਤੋਂ ਉਸ ਦੇ ਮਾਪੇ ਵੱਡੀ ਖ਼ੁਸ਼ੀ ਦੇ ਮਾਰੇ ਲਗਭਗ ਪਾਗਲ ਹੀ ਹੋ ਜਾਂਦੇ ਹਨ।

ਇਹ ਹਿਦਾਇਤ ਦੇਣ ਤੋਂ ਬਾਅਦ ਕਿ ਬੱਚੀ ਨੂੰ ਕੁਝ ਖਾਣ ਨੂੰ ਦਿੱਤਾ ਜਾਵੇ, ਯਿਸੂ ਜੈਰੁਸ ਅਤੇ ਉਸ ਦੀ ਪਤਨੀ ਨੂੰ ਹੁਕਮ ਦਿੰਦਾ ਹੈ ਕਿ ਜੋ ਵਾਪਰਿਆ ਹੈ ਉਹ ਕਿਸੇ ਨੂੰ ਨਾ ਦੱਸਣ। ਪਰੰਤੂ ਯਿਸੂ ਦੇ ਇਹ ਕਹਿਣ ਦੇ ਬਾਵਜੂਦ ਵੀ, ਇਸ ਬਾਰੇ ਗੱਲ ਉਸ ਸਾਰੇ ਖੇਤਰ ਵਿਚ ਫੈਲ ਜਾਂਦੀ ਹੈ। ਇਹ ਦੂਜਾ ਪੁਨਰ-ਉਥਾਨ ਹੈ ਜਿਹੜਾ ਯਿਸੂ ਕਰਦਾ ਹੈ। ਮੱਤੀ 9:​18-26; ਮਰਕੁਸ 5:​35-43; ਲੂਕਾ 8:​41-56.

▪ ਜੈਰੁਸ ਕਿਹੜੀ ਖ਼ਬਰ ਪਾਉਂਦਾ ਹੈ, ਅਤੇ ਯਿਸੂ ਉਸ ਨੂੰ ਕਿਸ ਤਰ੍ਹਾਂ ਹੌਸਲਾ ਦਿੰਦਾ ਹੈ?

▪ ਜਦੋਂ ਉਹ ਜੈਰੁਸ ਦੇ ਘਰ ਵਿਖੇ ਪਹੁੰਚਦੇ ਹਨ ਤਦ ਉੱਥੇ ਕੀ ਸਥਿਤੀ ਪੇਸ਼ ਆਉਂਦੀ ਹੈ?

▪ ਯਿਸੂ ਕਿਉਂ ਕਹਿੰਦਾ ਹੈ ਕਿ ਮਰੀ ਹੋਈ ਬੱਚੀ ਸਿਰਫ਼ ਸੁੱਤੀ ਹੋਈ ਹੈ?

▪ ਯਿਸੂ ਦੇ ਨਾਲ ਪੰਜ ਲੋਕੀ ਕੌਣ ਹਨ ਜਿਹੜੇ ਪੁਨਰ-ਉਥਾਨ ਨੂੰ ਦੇਖਦੇ ਹਨ?