ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਰੱਬ ਹੈ?
ਤੀਜਾ ਭਾਗ
ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਰੱਬ ਹੈ?
1, 2. ਕਿਹੜਾ ਸਿਧਾਂਤ ਇਹ ਫ਼ੈਸਲਾ ਕਰਨ ਵਿਚ ਸਾਡੀ ਮਦਦ ਕਰਦਾ ਹੈ ਕਿ ਰੱਬ ਹੈ ਜਾਂ ਨਹੀਂ?
ਰੱਬ ਹੈ ਜਾਂ ਨਹੀਂ, ਇਸ ਸਵਾਲ ਦਾ ਜਵਾਬ ਪਾਉਣ ਵਿਚ ਇਹ ਸਿਧਾਂਤ ਸਾਡੀ ਮਦਦ ਕਰ ਸਕਦਾ ਹੈ: ਦੁਨੀਆਂ ਵਿਚ ਹਰ ਚੀਜ਼ ਨੂੰ ਕਿਸੇ ਨੇ ਬਣਾਇਆ ਹੈ। ਚੀਜ਼ ਜਿੰਨੇ ਵਧੀਆ ਢੰਗ ਨਾਲ ਬਣਾਈ ਗਈ ਹੋਵੇ, ਉਸ ਦਾ ਬਣਾਉਣ ਵਾਲਾ ਉੱਨਾ ਹੀ ਬੁੱਧੀਮਾਨ ਹੋਵੇਗਾ।
2 ਉਦਾਹਰਣ ਲਈ, ਆਪਣੇ ਘਰ ਵਿਚ ਪਈਆਂ ਚੀਜ਼ਾਂ ਦੇਖੋ। ਮੇਜ਼, ਕੁਰਸੀਆਂ, ਡੈੱਸਕ, ਮੰਜੇ, ਕੜਾਹੀਆਂ, ਪਤੀਲੇ, ਪਲੇਟਾਂ, ਕੰਧਾਂ, ਫ਼ਰਸ਼ ਅਤੇ ਛੱਤਾਂ, ਇਨ੍ਹਾਂ ਸਾਰਿਆਂ ਨੂੰ ਕਿਸੇ ਨੇ ਬਣਾਇਆ ਹੈ। ਪਰ ਇਹ ਚੀਜ਼ਾਂ ਬਣਾਉਣੀਆਂ ਹੋਰਨਾਂ ਚੀਜ਼ਾਂ ਦੇ ਮੁਕਾਬਲੇ ਵਿਚ ਬਹੁਤੀਆਂ ਔਖੀਆਂ ਨਹੀਂ ਹਨ। ਸੋ ਜਿਵੇਂ ਇਨ੍ਹਾਂ ਆਮ ਚੀਜ਼ਾਂ ਨੂੰ ਕਿਸੇ ਨੇ ਬਣਾਇਆ ਹੈ, ਉਸੇ ਤਰ੍ਹਾਂ ਗੁੰਝਲਦਾਰ ਚੀਜ਼ਾਂ ਨੂੰ ਵੀ ਤਾਂ ਕਿਸੇ ਬੁੱਧੀਮਾਨ ਸ਼ਖ਼ਸ ਨੇ ਬਣਾਇਆ ਹੋਵੇਗਾ।
ਸਾਡਾ ਆਲੀਸ਼ਾਨ ਬ੍ਰਹਿਮੰਡ
3, 4. ਬ੍ਰਹਿਮੰਡ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਹੈ?
3 ਆਪਣੀ ਘੜੀ ਨੂੰ ਦੇਖੋ। ਕਿਸੇ ਨੇ ਇਸ ਦੇ ਪੁਰਜਿਆਂ ਨੂੰ ਬਣਾ ਕੇ ਇਨ੍ਹਾਂ ਨੂੰ ਸਹੀ ਢੰਗ ਨਾਲ ਜੋੜਿਆ ਹੈ। ਹੁਣ ਸੂਰਜੀ ਪਰਿਵਾਰ ਦੀ ਮਿਸਾਲ ਲਓ। ਸਾਰੇ ਗ੍ਰਹਿ ਸੂਰਜ ਦੇ ਆਲੇ-ਦੁਆਲੇ ਘੁੰਮ ਰਹੇ ਹਨ। ਸਦੀਆਂ ਤੋਂ ਇਹ ਆਪਣੀ ਮਿੱਥੀ ਰਫ਼ਤਾਰ ਨਾਲ ਲਗਾਤਾਰ ਘੁੰਮ ਰਹੇ ਹਨ ਤੇ ਇਹ ਰਫ਼ਤਾਰ ਜ਼ਰਾ ਜਿੰਨੀ ਵੀ ਘੱਟਦੀ-ਵਧਦੀ ਨਹੀਂ। ਹੁਣ ਜ਼ਰਾ ਆਪਣੀ ਆਕਾਸ਼ ਗੰਗਾ ਬਾਰੇ ਸੋਚੋ ਜਿਸ ਵਿਚ ਸਾਡੀ ਧਰਤੀ ਮੌਜੂਦ ਹੈ। ਇਸ ਆਕਾਸ਼ ਗੰਗਾ ਵਿਚ 100 ਅਰਬ ਤੋਂ ਜ਼ਿਆਦਾ ਤਾਰੇ ਹਨ। ਕੀ ਤੁਸੀਂ ਰਾਤ ਨੂੰ ਤਾਰਿਆਂ ਨਾਲ ਸਜੇ ਆਕਾਸ਼ ਨੂੰ ਦੇਖਿਆ ਹੈ? ਕਿੰਨਾ ਸੋਹਣਾ ਲੱਗਦਾ ਹੈ ਜਗਮਗਾਉਂਦਾ ਆਕਾਸ਼! ਹੁਣ ਪੂਰੇ ਬ੍ਰਹਿਮੰਡ ਨੂੰ ਲਓ ਜਿਸ ਵਿਚ ਸਾਡੀ ਆਕਾਸ਼ ਗੰਗਾ ਵਰਗੀਆਂ ਅਰਬਾਂ ਗਲੈਕਸੀਆਂ ਹਨ। ਇਹ ਸਾਰੀਆਂ ਵੀ ਸਦੀਆਂ ਤੋਂ ਆਪਣੀ ਰਫ਼ਤਾਰ ਨਾਲ ਚੱਲ ਰਹੀਆਂ ਹਨ। ਇਨ੍ਹਾਂ ਗਲੈਕਸੀਆਂ ਤੇ ਗ੍ਰਹਿਆਂ ਦੀ ਰਫ਼ਤਾਰ ਇੰਨੀ ਸਹੀ ਹੈ ਕਿ ਵਿਗਿਆਨੀਆਂ ਨੂੰ ਪਤਾ ਹੁੰਦਾ ਹੈ ਕਿ ਇਹ ਕਿਸੇ ਵੀ ਪਲ ਕਿੱਥੇ ਹੋਣਗੇ।
4 ਜਿਵੇਂ ਇਕ ਸੌਖੀ ਜਿਹੀ ਘੜੀ ਘੜੀਸਾਜ਼ ਦੇ ਹੱਥਾਂ ਦਾ ਕਮਾਲ ਹੈ, ਉਵੇਂ ਹੀ ਸਾਡਾ ਇੰਨਾ ਵੱਡਾ ਬ੍ਰਹਿਮੰਡ ਸਿਰਜਣਹਾਰ ਦੇ ਹੱਥਾਂ ਦਾ ਕਮਾਲ ਹੈ। ਇਸੇ ਕਰਕੇ ਬਾਈਬਲ ਸਾਨੂੰ ਉਸ ਬਾਰੇ ਕਹਿੰਦੀ ਹੈ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ? ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।” (ਯਸਾਯਾਹ 40:26) ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਸ ਵਿਸ਼ਾਲ ਬ੍ਰਹਿਮੰਡ ਦਾ ਸ਼ਕਤੀਸ਼ਾਲੀ ਤੇ ਬੁੱਧੀਮਾਨ ਸਿਰਜਣਹਾਰ ਕੋਈ ਹੋਰ ਨਹੀਂ, ਸਗੋਂ ਪਰਮੇਸ਼ੁਰ ਹੈ।
ਧਰਤੀ ਦਾ ਅਨੋਖਾ ਡੀਜ਼ਾਈਨ
5-7. ਕਿਹੜੀਆਂ ਗੱਲਾਂ ਦਿਖਾਉਂਦੀਆਂ ਹਨ ਕਿ ਧਰਤੀ ਨੂੰ ਕਿਸੇ ਨੇ ਬਣਾਇਆ ਹੈ?
5 ਵਿਗਿਆਨੀ ਧਰਤੀ ਦਾ ਜਿੰਨਾ ਜ਼ਿਆਦਾ ਅਧਿਐਨ ਕਰਦੇ ਹਨ, ਉੱਨਾ ਹੀ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਧਰਤੀ ਨੂੰ ਇਨਸਾਨ ਦੇ ਰਹਿਣ ਵਾਸਤੇ ਵਧੀਆ ਢੰਗ ਨਾਲ ਬਣਾਇਆ ਗਿਆ ਹੈ। ਇਹ ਸੂਰਜ ਤੋਂ ਬਿਲਕੁਲ ਸਹੀ ਦੂਰੀ ਤੇ ਹੈ ਜਿਸ ਕਰਕੇ ਧਰਤੀ ਉੱਤੇ ਸੂਰਜ ਦੀ ਰੌਸ਼ਨੀ ਅਤੇ ਗਰਮੀ ਸਹੀ ਮਾਤਰਾ ਵਿਚ ਪਹੁੰਚਦੀ ਹੈ। ਧਰਤੀ ਸੂਰਜ ਦੁਆਲੇ ਘੁੰਮਦੀ ਹੋਈ ਸਾਲ ਵਿਚ ਇਕ ਚੱਕਰ ਕੱਢਦੀ ਹੈ ਅਤੇ ਇਹ ਸਹੀ ਕੋਣ ਤੇ ਝੁਕੀ ਹੋਈ ਹੈ ਜਿਸ ਕਰਕੇ ਮੌਸਮ ਬਦਲਦੇ ਰਹਿੰਦੇ ਹਨ। ਧਰਤੀ ਆਪਣੇ ਧੁਰੇ ਦੁਆਲੇ ਘੁੰਮਦੀ ਹੋਈ 24 ਘੰਟਿਆਂ ਵਿਚ ਇਕ ਗੇੜਾ ਪੂਰਾ ਕਰਦੀ ਹੈ ਜਿਸ ਨਾਲ ਦਿਨ ਤੇ ਰਾਤ ਬਣਦੇ ਹਨ। ਇਸ ਦੇ ਵਾਯੂਮੰਡਲ ਵਿਚ ਗੈਸਾਂ ਦਾ ਬਿਲਕੁਲ ਸਹੀ ਮਿਸ਼ਰਣ ਹੈ ਤਾਂਕਿ ਅਸੀਂ ਸਾਹ ਲੈ ਸਕੀਏ ਅਤੇ ਸੂਰਜ ਤੋਂ ਆਉਂਦੀਆਂ ਨੁਕਸਾਨਦੇਹ ਕਿਰਨਾਂ ਤੋਂ ਬਚ ਸਕੀਏ। ਫ਼ਸਲਾਂ ਵਗੈਰਾ ਦੀ ਪੈਦਾਵਾਰ ਲਈ ਜ਼ਰੂਰੀ ਪਾਣੀ ਅਤੇ ਮਿੱਟੀ ਵੀ ਹੈ।
6 ਸ੍ਰਿਸ਼ਟੀ ਦੀ ਹਰ ਚੀਜ਼ ਮਿਲ ਕੇ ਕੰਮ ਕਰਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਗੈਰ ਜੀਵਨ ਨਾਮੁਮਕਿਨ ਹੁੰਦਾ। ਕੀ ਇਹ ਸਭ ਕੁਝ ਆਪਣੇ ਆਪ ਹੀ ਹੋ ਗਿਆ? ਸਾਇੰਸ ਨਿਊਜ਼ ਨਾਂ ਦਾ ਰਸਾਲਾ ਕਹਿੰਦਾ ਹੈ: “ਇਸ ਤਰ੍ਹਾਂ ਲੱਗਦਾ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਆਪਸ ਵਿਚ ਮਿਲ ਕੇ ਆਪਣੇ ਆਪ ਹੀ ਕੰਮ ਕਰਨ ਲੱਗ ਪੈਣਾ ਨਾਮੁਮਕਿਨ ਹੈ।” ਜੀ ਹਾਂ, ਕਿਸੇ ਬੁੱਧੀਮਾਨ ਡੀਜ਼ਾਈਨਰ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬੜਾ ਸੋਚ-ਸਮਝ ਕੇ ਬਣਾਇਆ ਹੈ।
7 ਮੰਨ ਲਓ ਕਿ ਤੁਸੀਂ ਇਕ ਅਜਿਹੇ ਘਰ ਵਿਚ ਜਾਂਦੇ ਹੋ ਜਿੱਥੇ ਖਾਣ-ਪੀਣ ਦੀਆਂ ਬਹੁਤ ਸਾਰੀਆਂ ਚੀਜ਼ਾਂ ਹਨ। ਘਰ ਦੇ ਅੰਦਰ ਠੰਢ ਤੋਂ ਬਚਣ ਲਈ ਹੀਟਰ ਹੈ, ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਲੱਗਾ ਹੋਇਆ ਹੈ ਤੇ ਪਾਣੀ ਦਾ ਵੀ ਵਧੀਆ ਇੰਤਜ਼ਾਮ ਹੈ। ਇਹ ਸਭ ਦੇਖ ਕੇ ਤੁਸੀਂ ਕਿਸ ਸਿੱਟੇ ਤੇ ਪਹੁੰਚੋਗੇ? ਕੀ ਇਹ ਸਭ ਕੁਝ ਆਪਣੇ ਆਪ ਆ ਗਿਆ? ਨਹੀਂ, ਤੁਸੀਂ ਇਸ ਸਿੱਟੇ ਤੇ ਪਹੁੰਚੋਗੇ ਕਿ ਇਹ ਸਭ ਕੁਝ ਕਿਸੇ ਬੁੱਧੀਮਾਨ ਸ਼ਖ਼ਸ ਨੇ ਸੋਚ-ਸਮਝ ਕੇ ਬਣਾਇਆ ਹੈ। ਇਸੇ ਤਰ੍ਹਾਂ ਧਰਤੀ ਦੇ ਵਾਸੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਧਰਤੀ ਨੂੰ ਵੀ ਬੜਾ ਸੋਚ-ਸਮਝ ਕੇ ਬਣਾਇਆ ਗਿਆ ਸੀ। ਇਸ ਦਾ ਡੀਜ਼ਾਈਨ ਕਿਸੇ ਵੀ ਘਰ ਦੇ ਮੁਕਾਬਲੇ ਬਹੁਤ ਵਧੀਆ ਹੈ ਤੇ ਇਸ ਉੱਤੇ ਜ਼ਿੰਦਗੀ ਲਈ ਜ਼ਰੂਰੀ ਹਰ ਚੀਜ਼ ਦਾ ਬੰਦੋਬਸਤ ਕੀਤਾ ਹੋਇਆ ਹੈ।
8. ਧਰਤੀ ਉੱਤੇ ਹੋਰ ਕਿਹੜੀਆਂ ਚੀਜ਼ਾਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ?
8 ਹੋਰਨਾਂ ਚੀਜ਼ਾਂ ਤੇ ਵੀ ਗੌਰ ਕਰੋ ਜੋ ਸਾਡੀ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਂਦੀਆਂ ਹਨ। ਜ਼ਰਾ ਰੰਗ-ਬਰੰਗੇ ਤੇ ਵੰਨ-ਸੁਵੰਨੇ ਫੁੱਲਾਂ ਨੂੰ ਦੇਖੋ ਜਿਨ੍ਹਾਂ ਨੂੰ ਦੇਖ ਕੇ ਸਾਡਾ ਮਨ ਖਿੜ ਜਾਂਦਾ ਹੈ। ਅਸੀਂ ਭਾਂਤ-ਭਾਂਤ ਦੇ ਸੁਆਦੀ ਖਾਣਿਆਂ ਦਾ ਆਨੰਦ ਮਾਣਦੇ ਹਾਂ। ਜੰਗਲ, ਝੀਲਾਂ, ਪਹਾੜ ਤੇ ਹੋਰ ਖੂਬਸੂਰਤ ਨਜ਼ਾਰੇ ਦੇਖ ਕੇ ਅਸੀਂ ਝੂਮ ਉੱਠਦੇ ਹਾਂ। ਡੁੱਬਦੇ ਸੂਰਜ ਦੀ ਲਾਲੀ ’ਤੇ ਅਸੀਂ ਮੋਹਿਤ ਹੋਏ ਬਿਨਾਂ ਨਹੀਂ ਰਹਿੰਦੇ। ਕਤੂਰਿਆਂ, ਬਲੂੰਗੜਿਆਂ ਅਤੇ ਹੋਰ ਛੋਟੇ-ਛੋਟੇ ਜਾਨਵਰਾਂ ਦੀਆਂ ਹਾਸੋਹੀਣੀਆਂ ਹਰਕਤਾਂ ਦੇਖ ਕੇ ਅਸੀਂ ਆਪ-ਮੁਹਾਰੇ ਹੱਸਣ ਲੱਗ ਪੈਂਦੇ ਹਾਂ। ਇਹ ਖੂਬਸੂਰਤ ਨਜ਼ਾਰੇ ਸਾਡੇ ਜੀਉਣ ਲਈ ਇੰਨੇ ਜ਼ਰੂਰੀ ਨਹੀਂ ਸਨ। ਫਿਰ ਵੀ ਸਿਰਜਣਹਾਰ ਨੇ ਸਾਡੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਇਹ ਸਭ ਕੁਝ ਧਰਤੀ ਉੱਤੇ ਰਚਿਆ ਤਾਂਕਿ ਅਸੀਂ ਜੀਵਨ ਦਾ ਮਜ਼ਾ ਲੈ ਸਕੀਏ।
9. ਧਰਤੀ ਨੂੰ ਕਿਸ ਨੇ ਅਤੇ ਕਿਉਂ ਬਣਾਇਆ ਸੀ?
9 ਕੀ ਸਾਨੂੰ ਇਹ ਸਾਰੀਆਂ ਚੀਜ਼ਾਂ ਦੇਣ ਵਾਲੇ ਦੇ ਅਹਿਸਾਨਮੰਦ ਨਹੀਂ ਹੋਣਾ ਚਾਹੀਦਾ? ਕੀ ਸਾਨੂੰ ਉਸ ਬਾਰੇ ਜਾਣਨਾ ਨਹੀਂ ਚਾਹੀਦਾ? ਬਾਈਬਲ ਦੇ ਇਕ ਲਿਖਾਰੀ ਨੇ ਯਹੋਵਾਹ ਪਰਮੇਸ਼ੁਰ ਬਾਰੇ ਕਿਹਾ: “ਤੈਂ ਅਕਾਸ਼ ਅਤੇ ਧਰਤੀ ਨੂੰ ਬਣਾਇਆ।” ਕਿਸ ਮਕਸਦ ਲਈ? ਉਹੀ ਇਸ ਸਵਾਲ ਦਾ ਜਵਾਬ ਦਿੰਦਾ ਹੈ: “ਯਹੋਵਾਹ ਜੋ ਅਕਾਸ਼ ਦਾ ਕਰਤਾ ਹੈ,—ਉਹ ਉਹੀ ਪਰਮੇਸ਼ੁਰ ਹੈ ਜਿਸ ਧਰਤੀ ਨੂੰ ਸਾਜਿਆ, ਜਿਸ ਉਹ ਨੂੰ ਬਣਾਇਆ ਅਤੇ ਕਾਇਮ ਕੀਤਾ,—ਉਹ ਨੇ ਉਸ ਨੂੰ ਬੇਡੌਲ ਨਹੀਂ ਉਤਪਤ ਕੀਤਾ, ਉਹ ਨੇ ਵੱਸਣ ਲਈ ਉਸ ਨੂੰ ਸਾਜਿਆ।”—ਯਸਾਯਾਹ 37:16; 45:18.
ਕਮਾਲ ਦਾ ਸੈੱਲ
10, 11. ਸੈੱਲ ਦੀਆਂ ਖੂਬੀਆਂ ਬਾਰੇ ਦੱਸੋ।
10 ਜੀਉਂਦੀਆਂ ਚੀਜ਼ਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਕੀ
ਇਨ੍ਹਾਂ ਨੂੰ ਬਣਾਉਣ ਵਾਲੇ ਦੀ ਜ਼ਰੂਰਤ ਨਹੀਂ ਹੈ? ਉਦਾਹਰਣ ਲਈ, ਸੈੱਲ ਦੀਆਂ ਕੁਝ ਖੂਬੀਆਂ ਉੱਤੇ ਵਿਚਾਰ ਕਰੋ। ਆਪਣੀ ਕਿਤਾਬ ਵਿਚ ਜੀਵ-ਵਿਗਿਆਨੀ ਮਾਈਕਲ ਡੈਂਟਨ ਕਹਿੰਦਾ ਹੈ: “ਧਰਤੀ ਉੱਤੇ ਜਿੰਨੀਆਂ ਵੀ ਜੀਉਂਦੀਆਂ ਚੀਜ਼ਾਂ ਹਨ, ਉਨ੍ਹਾਂ ਵਿੱਚੋਂ ਬੈਕਟੀਰੀਆ ਦੇ ਸੈੱਲ ਦਾ ਡੀਜ਼ਾਈਨ ਬਹੁਤ ਹੀ ਸਰਲ ਹੈ। ਪਰ ਇਹ ਆਪਣੇ ਆਪ ਵਿਚ ਬਹੁਤ ਹੀ ਗੁੰਝਲਦਾਰ ਚੀਜ਼ ਹੈ। ਭਾਵੇਂ ਕਿ ਛੋਟੇ ਤੋਂ ਛੋਟੇ ਬੈਕਟੀਰੀਆ ਦੇ ਸੈੱਲ ਬਹੁਤ ਹੀ ਿਨੱਕੇ ਹਨ, . . . ਪਰ ਹਰ ਸੈੱਲ ਇਕ ਕਾਰਖ਼ਾਨੇ ਵਾਂਗ ਹੈ ਜਿਸ ਵਿਚ ਮਸ਼ੀਨਰੀ ਦੇ ਹਜ਼ਾਰਾਂ ਪੁਰਜੇ ਲੱਗੇ ਹੋਏ ਹਨ . . . ਇਨਸਾਨ ਦੇ ਹੱਥਾਂ ਦੀ ਬਣੀ ਕੋਈ ਵੀ ਮਸ਼ੀਨਰੀ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ। ਅਜੇ ਤਕ ਇੰਨੀ ਗੁੰਝਲਦਾਰ ਮਸ਼ੀਨ ਬਣੀ ਹੀ ਨਹੀਂ ਹੈ।”—ਈਵਲੂਸ਼ਨ: ਏ ਥੀਉਰੀ ਇਨ ਕ੍ਰਾਈਸਸ।11 ਅੱਗੇ ਹਰ ਸੈੱਲ ਦੇ ਜਨੈਟਿਕ ਕੋਡ ਯਾਨੀ ਡੀ. ਐੱਨ. ਏ. (DNA) ਦੇ ਬਾਰੇ ਡੈਂਟਨ ਕਹਿੰਦਾ ਹੈ ਕਿ ਇਸ ਵਿਚ ਇੰਨੀ ਜਾਣਕਾਰੀ ਸਮਾਈ ਹੋਈ ਹੈ ਕਿ ਇਹ ਸਾਡੀ ਸਮਝ ਤੋਂ ਬਾਹਰ ਹੈ। ਡੀ. ਐੱਨ. ਏ. ਦੀ ਸਮਰਥਾ ਕਮਾਲ ਦੀ ਹੈ ਕਿਉਂਕਿ ਇਕ ਇਨਸਾਨ ਦੀ ਪੂਰੀ ਜਾਣਕਾਰੀ ਡੀ. ਐੱਨ. ਏ. ਵਿਚ ਪਾਈ ਜਾਂਦੀ ਹੈ, ਫਿਰ ਵੀ ਇਸ ਦਾ ਭਾਰ ਕਹਿ ਲਓ ਨਾ ਦੇ ਬਰਾਬਰ ਹੈ। ਜੀਉਂਦੀਆਂ ਚੀਜ਼ਾਂ ਵਿਚ ਸੈੱਲ ਦੀ ਕੰਮ ਕਰਨ ਦੀ ਯੋਗਤਾ ਤੇ ਗੁੰਝਲਤਾ ਉੱਤਮ ਹੈ। ਇਸ ਦੇ ਸਾਮ੍ਹਣੇ ਸਾਡੀਆਂ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਵੀ ਬੇਕਾਰ ਲੱਗਦੀਆਂ ਹਨ। ਇਨ੍ਹਾਂ ਗੱਲਾਂ ਬਾਰੇ ਸੋਚ ਕੇ ਅਸੀਂ ਦੰਗ ਰਹਿ ਜਾਂਦੇ ਹਾਂ।
12. ਇਕ ਵਿਗਿਆਨੀ ਨੇ ਸੈੱਲ ਦੇ ਆਰੰਭ ਬਾਰੇ ਕੀ ਕਿਹਾ ਸੀ?
12 ਡੈਂਟਨ ਇਹ ਵੀ ਆਖਦਾ ਹੈ: “ਸਭ ਤੋਂ ਸਰਲ ਕਿਸਮ ਦਾ ਸੈੱਲ ਵੀ ਇੰਨਾ ਜ਼ਿਆਦਾ ਗੁੰਝਲਦਾਰ ਹੈ ਕਿ ਅਸੀਂ ਸਵੀਕਾਰ ਕਰ ਹੀ ਨਹੀਂ ਸਕਦੇ ਕਿ ਇਹ ਆਪਣੇ ਆਪ ਬਣ ਗਿਆ। ਇਹ ਨਾਮੁਮਕਿਨ ਹੈ ਕਿ ਇੰਨੀ ਸ਼ਾਨਦਾਰ ਚੀਜ਼ ਇਤਫ਼ਾਕ ਨਾਲ ਅਚਾਨਕ ਹੀ ਹੋਂਦ ਵਿਚ ਆ ਗਈ ਹੋਵੇ।” ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਸ ਨੂੰ ਕਿਸੇ ਨੇ ਬਹੁਤ ਸੋਚ-ਸਮਝ ਕੇ ਡੀਜ਼ਾਈਨ ਕੀਤਾ ਹੈ।
ਇਨਸਾਨ ਦਾ ਲਾਜਵਾਬ ਦਿਮਾਗ਼
13, 14. ਦਿਮਾਗ਼ ਇਕ ਸੈੱਲ ਨਾਲੋਂ ਹੋਰ ਵੀ ਜ਼ਿਆਦਾ ਲਾਜਵਾਬ ਕਿਵੇਂ ਹੈ?
13 ਡੈਂਟਨ ਅੱਗੇ ਕਹਿੰਦਾ ਹੈ: ‘ਹਾਲਾਂਕਿ ਸੈੱਲ ਦੀ ਗੁੰਝਲਤਾ ਹੈਰਾਨ ਕਰ ਦੇਣ ਵਾਲੀ ਹੈ, ਪਰ ਇਨਸਾਨਾਂ ਦੇ ਦਿਮਾਗ਼ ਦੇ ਸਾਮ੍ਹਣੇ ਇਹ ਕੁਝ ਵੀ ਨਹੀਂ ਹੈ। ਸਾਡੇ ਦਿਮਾਗ਼ ਵਿਚ ਤਕਰੀਬਨ ਦਸ ਅਰਬ ਨਰਵ ਸੈੱਲ ਹਨ। ਹਰ ਨਰਵ ਸੈੱਲ ਦਸ ਹਜ਼ਾਰ ਤੋਂ ਇਕ ਲੱਖ ਨਿਊਰਾਨਸ ਦਾ ਜਾਲ ਫੈਲਾਉਂਦਾ ਹੈ ਜਿਨ੍ਹਾਂ ਰਾਹੀਂ ਇਹ ਹੋਰਨਾਂ ਸੈੱਲਾਂ ਨਾਲ ਸੰਪਰਕ ਕਾਇਮ ਕਰਦਾ ਹੈ। ਦਿਮਾਗ਼ ਦੇ ਸਾਰੇ ਸੈੱਲਾਂ ਦੇ ਨਿਊਰਾਨਸ ਦੀ ਕੁੱਲ ਗਿਣਤੀ ਸ਼ਾਇਦ ਦਸ ਲੱਖ ਅਰਬ ਹੈ।’
14 ਦਿਮਾਗ਼ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡੈਂਟਨ ਕਹਿੰਦਾ ਹੈ: “ਜੇ ਨਿਊਰਾਨਸ ਦੀ ਇਸ ਗਿਣਤੀ ਦਾ ਸਿਰਫ਼ ਸੌਵਾਂ ਹਿੱਸਾ ਲਿਆ ਜਾਵੇ, ਤਾਂ ਵੀ ਇਹ ਧਰਤੀ ਉੱਤੇ ਪਾਏ ਜਾਂਦੇ ਸਮੁੱਚੇ ਟੈਲੀਫ਼ੋਨ ਕਨੈਕਸ਼ਨਾਂ ਨਾਲੋਂ ਕਿਤੇ ਵੱਧ ਹੋਵੇਗਾ।” ਇਹ ਸਭ ਕਹਿਣ ਤੋਂ ਬਾਅਦ ਡੈਂਟਨ ਪੁੱਛਦਾ ਹੈ: “ਇਹ ਕਿੱਦਾਂ ਹੋ ਸਕਦਾ ਹੈ ਕਿ ਨਿਊਰਾਨਸ ਦਾ ਇੰਨਾ ਗੁੰਝਲਦਾਰ ਜਾਲ ਅਚਾਨਕ ਆਪਣੇ
ਆਪ ਹੀ ਬਣ ਗਿਆ?” ਜਵਾਬ ਬਿਲਕੁਲ ਸਾਫ਼ ਹੈ। ਮਨੁੱਖੀ ਦਿਮਾਗ਼ ਆਪਣੇ ਆਪ ਨਹੀਂ ਬਣਿਆ, ਸਗੋਂ ਕਿਸੇ ਬੁੱਧੀਮਾਨ ਡੀਜ਼ਾਈਨਰ ਨੇ ਇਸ ਨੂੰ ਬਹੁਤ ਸੋਚ-ਸਮਝ ਕੇ ਬਣਾਇਆ ਹੈ।15. ਹੋਰਾਂ ਨੇ ਦਿਮਾਗ਼ ਬਾਰੇ ਕੀ ਕਿਹਾ ਹੈ?
15 ਅੱਜ ਦਾ ਸਭ ਤੋਂ ਵਧੀਆ ਕੰਪਿਊਟਰ ਵੀ ਮਨੁੱਖੀ ਦਿਮਾਗ਼ ਦਾ ਮੁਕਾਬਲਾ ਨਹੀਂ ਕਰ ਸਕਦਾ। ਵਿਗਿਆਨਕ ਵਿਸ਼ਿਆਂ ਦੇ ਇਕ ਲੇਖਕ ਮੌਰਟਨ ਹੰਟ ਨੇ ਕਿਹਾ: “ਸਾਡੀ ਯਾਦਾਸ਼ਤ ਵਿਚ ਜਾਣਕਾਰੀ ਸਾਂਭਣ ਦੀ ਜਿੰਨੀ ਯੋਗਤਾ ਹੈ, ਉਹ ਕਿਸੇ ਵੀ ਰਿਸਰਚ ਕੰਪਿਊਟਰ ਦੀ ਯੋਗਤਾ ਨਾਲੋਂ ਅਰਬਾਂ ਗੁਣਾ ਜ਼ਿਆਦਾ ਹੈ।” ਇਸੇ ਲਈ ਇਕ ਬ੍ਰੇਨ ਸਰਜਨ ਨੇ ਸਿੱਟਾ ਕੱਢਿਆ ਕਿ ‘ਮੈਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਇਕ ਬੁੱਧੀਮਾਨ ਸਿਰਜਣਹਾਰ ਹੈ ਜਿਸ ਨੇ ਸਾਡਾ ਦਿਮਾਗ਼ ਬਣਾਇਆ ਅਤੇ ਸਾਨੂੰ ਸੋਚਣ-ਸਮਝਣ ਅਤੇ ਤਰਕ ਕਰਨ ਦੀ ਸ਼ਕਤੀ ਦਿੱਤੀ। ਅਜੇ ਤਕ ਕੋਈ ਵੀ ਸਮਝ ਨਹੀਂ ਸਕਿਆ ਕਿ ਦਿਮਾਗ਼ ਕਿਸ ਤਰ੍ਹਾਂ ਕੰਮ ਕਰਦਾ ਹੈ। ਮੈਨੂੰ ਮਜਬੂਰਨ ਮੰਨਣਾ ਪੈ ਰਿਹਾ ਹੈ ਕਿ ਦਿਮਾਗ਼ ਇਕ ਬੁੱਧੀਮਾਨ ਸਿਰਜਣਹਾਰ ਦੇ ਹੱਥਾਂ ਦਾ ਕਮਾਲ ਹੈ।’ ਜੀ ਹਾਂ, ਜੇ ਅਸੀਂ ਦਿਮਾਗ਼ ਦੀ ਲਾਜਵਾਬ ਬਣਤਰ ਉੱਤੇ ਗੌਰ ਕਰੀਏ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਦੇ ਬਣਾਉਣ ਵਾਲੇ ਨੂੰ ਸਾਡਾ ਫ਼ਿਕਰ ਹੈ।
ਲਹੂ ਦਾ ਅਨੋਖਾ ਕੰਮ
16-18. (ੳ) ਸਾਡਾ ਲਹੂ ਕਿਹੜੇ ਅਨੋਖੇ ਕੰਮ ਕਰਦਾ ਹੈ? (ਅ) ਲਹੂ ਤੋਂ ਸਾਨੂੰ ਕੀ ਪਤਾ ਲੱਗਦਾ ਹੈ?
16 ਜ਼ਰਾ ਖ਼ੂਨ ਦੇ ਅਨੋਖੇ ਕੰਮ ਉੱਤੇ ਵੀ ਗੌਰ ਕਰੋ। ਇਹ ਸਾਰੇ ਸਰੀਰ ਵਿਚ ਜ਼ਰੂਰੀ ਪਦਾਰਥ ਅਤੇ ਆਕਸੀਜਨ ਪਹੁੰਚਾਉਂਦਾ ਹੈ, ਨਾਲੇ ਸਰੀਰ ਨੂੰ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਲਹੂ ਦਾ ਇਕ ਮੁੱਖ ਤੱਤ ਲਾਲ ਸੈੱਲ ਹੈ ਅਤੇ ਇਸ ਬਾਰੇ ਇਕ ਕਿਤਾਬ ਬਿਆਨ ਕਰਦੀ ਹੈ: “ਖ਼ੂਨ ਦੇ ਇਕ ਤੁਪਕੇ ਵਿਚ 25 ਕਰੋੜ ਲਾਲ ਸੈੱਲ ਹੁੰਦੇ ਹਨ . . . ਸਮੁੱਚੇ ਸਰੀਰ ਦੇ ਲਹੂ ਵਿਚ ਇਨ੍ਹਾਂ ਸੈੱਲਾਂ ਦੀ ਗਿਣਤੀ ਲਗਭਗ 25 ਹਜ਼ਾਰ ਅਰਬ ਹੈ। ਜੇ ਇਨ੍ਹਾਂ ਸੈੱਲਾਂ ਨੂੰ ਜ਼ਮੀਨ ਤੇ ਫੈਲਾਇਆ ਜਾਵੇ, ਤਾਂ ਇਨ੍ਹਾਂ ਨਾਲ ਚਾਰ ਟੈਨਿਸ ਕੋਰਟ ਭਰ ਜਾਣਗੇ। . . . ਹਰ ਸਕਿੰਟ ਵਿਚ ਲਹੂ ਦੇ 30 ਲੱਖ ਨਵੇਂ ਸੈੱਲ ਬਣਦੇ ਹਨ ਜੋ ਪੁਰਾਣੇ ਸੈੱਲਾਂ ਦੀ ਥਾਂ ਲੈ ਲੈਂਦੇ ਹਨ।”—ਏ ਬੀ ਸੀਜ਼ ਆਫ਼ ਦ ਹਿਊਮਨ ਬਾਡੀ।
17 ਇਹੋ ਕਿਤਾਬ ਖ਼ੂਨ ਦੇ ਚਿੱਟੇ ਸੈੱਲਾਂ ਬਾਰੇ ਕਹਿੰਦੀ ਹੈ: “ਲਾਲ ਸੈੱਲ ਸਿਰਫ਼ ਇਕ ਕਿਸਮ ਦੇ ਹੁੰਦੇ ਹਨ, ਪਰ ਚਿੱਟੇ ਸੈੱਲਾਂ ਦੀਆਂ ਕਈ ਕਿਸਮਾਂ ਹਨ। ਸਰੀਰ ਨੂੰ ਵੱਖੋ-ਵੱਖਰੇ ਖ਼ਤਰਿਆਂ ਤੋਂ ਸੁਰੱਖਿਅਤ ਰੱਖਣ ਵਿਚ ਹਰ ਕਿਸਮ ਦੇ ਚਿੱਟੇ ਸੈੱਲਾਂ ਦਾ ਆਪੋ-ਆਪਣਾ ਕੰਮ ਹੁੰਦਾ ਹੈ। ਮਿਸਾਲ ਲਈ, ਇਕ ਕਿਸਮ ਦੇ ਚਿੱਟੇ ਸੈੱਲ ਸਰੀਰ ਦੇ ਮਰ ਚੁੱਕੇ ਸੈੱਲਾਂ ਨੂੰ ਨਾਸ਼ ਕਰਦੇ ਹਨ। ਕੁਝ ਵਾਇਰਸਾਂ ਨਾਲ ਲੜਨ ਲਈ ਐਂਟੀਬਾਡੀਜ਼ ਉਤਪੰਨ ਕਰਦੇ ਹਨ। ਕਈ ਸਰੀਰ ਵਿਚ ਦਾਖ਼ਲ ਹੋਏ ਬੈਕਟੀਰੀਆ ਨੂੰ ਨਿਗਲ ਲੈਂਦੇ ਹਨ ਅਤੇ ਉਨ੍ਹਾਂ ਦੇ ਜ਼ਹਿਰ ਨੂੰ ਬੇਅਸਰ ਕਰ ਦਿੰਦੇ ਹਨ।”
18 ਜੀ ਹਾਂ, ਸਾਡਾ ਲਹੂ ਬੜਾ ਲਾਜਵਾਬ ਹੈ! ਇਹ ਇੰਨੇ ਵਧੀਆ ਢੰਗ ਨਾਲ ਬਣਾਇਆ ਗਿਆ ਹੈ ਕਿ ਇਹ ਹਰ ਖ਼ਤਰੇ ਤੋਂ ਸਰੀਰ ਦੀ ਰਾਖੀ ਕਰ ਸਕਦਾ ਹੈ। ਇਸ ਦਾ ਬਣਾਉਣ ਵਾਲਾ ਨਾ ਕੇਵਲ ਬਹੁਤ ਬੁੱਧੀਮਾਨ ਹੈ, ਸਗੋਂ ਇਨਸਾਨਾਂ ਨੂੰ ਬੇਹੱਦ ਪਿਆਰ ਵੀ ਕਰਦਾ ਹੈ। ਇਹ ਸਿਰਫ਼ ਪਰਮੇਸ਼ੁਰ ਹੀ ਹੋ ਸਕਦਾ ਹੈ।
ਹੋਰ ਬੇਮਿਸਾਲ ਅੰਗ
19. ਇਨਸਾਨਾਂ ਦੇ ਬਣਾਏ ਕੈਮਰਿਆਂ ਤੇ ਦੂਰਬੀਨਾਂ ਨਾਲ ਅੱਖ ਦੀ ਤੁਲਨਾ ਕਿਉਂ ਨਹੀਂ ਕੀਤੀ ਜਾ ਸਕਦੀ ਹੈ?
19 ਮਨੁੱਖੀ ਸਰੀਰ ਦੇ ਹੋਰ ਅੰਗ ਵੀ ਬੇਮਿਸਾਲ ਹਨ। ਇਨ੍ਹਾਂ ਵਿੱਚੋਂ ਇਕ ਹੈ ਅੱਖ। ਸਾਡੀਆਂ ਅੱਖਾਂ ਨੂੰ ਇੰਨੇ ਵਧੀਆ ਢੰਗ ਨਾਲ ਬਣਾਇਆ ਗਿਆ ਹੈ ਕਿ ਕੋਈ ਵੀ ਕੈਮਰਾ ਇਸ ਦੀ ਬਰਾਬਰੀ ਨਹੀਂ ਕਰ ਸਕਦਾ। ਖਗੋਲ-ਵਿਗਿਆਨੀ ਰੌਬਰਟ ਜੈਸਟਰੋ ਨੇ ਕਿਹਾ: “ਅੱਖ ਨੂੰ ਡੀਜ਼ਾਈਨ ਕੀਤਾ ਗਿਆ ਹੈ। ਦੂਰਬੀਨ ਬਣਾਉਣ ਵਾਲਾ ਕੋਈ ਵੀ ਵਿਗਿਆਨੀ ਅੱਖ ਵਰਗੀ ਬਿਹਤਰੀਨ ਦੂਰਬੀਨ ਨਹੀਂ ਬਣਾ ਸਕਦਾ।” ਪੌਪੁਲਰ ਫੋਟੋਗ੍ਰਾਫ਼ੀ ਨਾਂ ਦਾ ਰਸਾਲਾ ਦੱਸਦਾ ਹੈ: ‘ਕੈਮਰੇ ਦੇ ਵਿੱਚੋਂ ਦੀ ਅਸੀਂ ਜਿੰਨਾ ਕੁਝ ਦੇਖ ਸਕਦੇ ਹਾਂ, ਸਾਡੀਆਂ ਅੱਖਾਂ ਉਸ ਨਾਲੋਂ ਕਿਤੇ ਜ਼ਿਆਦਾ ਦੇਖ ਸਕਦੀਆਂ ਹਨ। ਸਾਡੀਆਂ ਅੱਖਾਂ ਬਿਨਾਂ ਕਿਸੇ ਰੁਕਾਵਟ ਦੇ ਸਾਮ੍ਹਣੇ ਵਾਲੀਆਂ ਤੇ ਖੱਬੇ-ਸੱਜੇ ਪਾਸੇ ਦੀਆਂ ਚੀਜ਼ਾਂ ਦੇਖ ਸਕਦੀਆਂ ਹਨ। ਕੈਮਰੇ ਦੀ
ਤੁਲਨਾ ਅੱਖ ਨਾਲ ਕਰਨੀ ਬੇਵਕੂਫ਼ੀ ਹੋਵੇਗੀ। ਸਾਡੀਆਂ ਅੱਖਾਂ ਕਿਸੇ ਸੁਪਰ ਕੰਪਿਊਟਰ ਨਾਲੋਂ ਕਿਤੇ ਵਧੀਆ ਤਰੀਕੇ ਨਾਲ ਕੰਮ ਕਰਦੀਆਂ ਹਨ। ਅੱਖਾਂ ਦੇ ਜ਼ਰੀਏ ਅਸੀਂ ਜਾਣਕਾਰੀ ਲੈਂਦੇ ਹਾਂ ਅਤੇ ਇਹ ਬਹੁਤ ਤੇਜ਼ੀ ਨਾਲ ਕੰਮ ਕਰਦੀਆਂ ਹਨ। ਜਿਸ ਤਰ੍ਹਾਂ ਸਾਡੀ ਅੱਖ ਕੰਮ ਕਰਦੀ ਹੈ, ਉਸ ਤਰ੍ਹਾਂ ਇਨਸਾਨ ਦੇ ਹੱਥਾਂ ਦੀ ਬਣੀ ਕੋਈ ਚੀਜ਼, ਕੰਪਿਊਟਰ ਜਾਂ ਕੈਮਰਾ ਕੰਮ ਨਹੀਂ ਕਰ ਸਕਦਾ।’20. ਸਰੀਰ ਬਾਰੇ ਹੋਰ ਕਿਹੜੀਆਂ ਵਧੀਆ ਗੱਲਾਂ ਹਨ?
20 ਸਰੀਰ ਦੇ ਹੋਰਨਾਂ ਬੇਮਿਸਾਲ ਅੰਗਾਂ ਤੇ ਵੀ ਗੌਰ ਕਰੋ ਜੋ ਸਾਡੀਆਂ ਕੋਸ਼ਿਸ਼ਾਂ ਤੋਂ ਬਿਨਾਂ ਹੀ ਇਕ-ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਮਿਸਾਲ ਲਈ, ਅਸੀਂ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਹਾਂ ਤੇ ਸਾਡਾ ਸਰੀਰ ਇਨ੍ਹਾਂ ਨੂੰ ਹਜ਼ਮ ਕਰ ਕੇ ਸਾਨੂੰ ਤਾਕਤ ਦਿੰਦਾ ਹੈ। ਜੇ ਅਸੀਂ ਇਸੇ ਤਰ੍ਹਾਂ ਭਾਂਤ-ਭਾਂਤ ਕਿਸਮ ਦੀਆਂ ਚੀਜ਼ਾਂ ਆਪਣੀ ਕਾਰ ਦੀ ਟੈਂਕੀ ਵਿਚ ਪਾਈਏ, ਤਾਂ ਸੋਚੋ ਕਿ ਗੱਡੀ ਕਿੰਨੀ ਕੁ ਦੂਰ ਜਾਵੇਗੀ। ਬੱਚੇ ਦਾ ਜਨਮ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਬੱਚਾ ਨੌਂ ਮਹੀਨਿਆਂ ਵਿਚ ਹੀ ਪੈਦਾ ਹੁੰਦਾ ਹੈ ਤੇ ਇਸ ਦੇ ਨੈਣ-ਨਕਸ਼ ਆਪਣੇ ਮਾਪਿਆਂ ਨਾਲ ਮਿਲਦੇ-ਜੁਲਦੇ ਹੁੰਦੇ ਹਨ। ਬੱਚੇ ਦੀ ਸਿੱਖਣ ਦੀ ਯੋਗਤਾ ਵੀ ਕਮਾਲ ਦੀ ਹੁੰਦੀ ਹੈ। ਉਹ ਛੋਟੀ ਉਮਰੇ ਹੀ ਔਖੀ ਭਾਸ਼ਾ ਵਿਚ ਗੱਲ ਕਰਨੀ ਸਿੱਖ ਲੈਂਦਾ ਹੈ।
21. ਸਰੀਰ ਦੀ ਬਣਤਰ ਉੱਤੇ ਵਿਚਾਰ ਕਰਦੇ ਹੋਏ ਸਮਝਦਾਰ ਵਿਅਕਤੀ ਕੀ ਕਹਿਣਗੇ?
21 ਜੀ ਹਾਂ, ਮਨੁੱਖੀ ਸਰੀਰ ਦੇ ਬੇਮਿਸਾਲ ਅੰਗ ਸਾਨੂੰ ਹੈਰਤ ਵਿਚ ਪਾ ਦਿੰਦੇ ਹਨ। ਕੋਈ ਇੰਜੀਨੀਅਰ ਇਨ੍ਹਾਂ ਅੰਗਾਂ ਦੀ ਨਕਲ ਨਹੀਂ ਕਰ ਸਕਦਾ। ਤਾਂ ਫਿਰ ਕੀ ਇਹ ਸਭ ਕੁਝ ਆਪਣੇ ਆਪ ਹੀ ਬਣ ਗਿਆ? ਬਿਲਕੁਲ ਨਹੀਂ! ਮਨੁੱਖੀ ਸਰੀਰ ਦੀ ਸ਼ਾਨਦਾਰ ਬਣਤਰ ’ਤੇ ਗੌਰ ਕਰਨ ਵਾਲੇ ਸਮਝਦਾਰ ਇਨਸਾਨ ਇਹੀ ਕਹਿਣਗੇ ਜੋ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਯਹੋਵਾਹ, ਮੈਂ ਤੁਹਾਡੀ ਉਸਤਤਿ ਕਰਦਾ ਹਾਂ! ਤੁਸੀਂ ਮੈਨੂੰ ਅਜੀਬ ਢੰਗ ਨਾਲ ਬਣਾਇਆ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜੋ ਕੁਝ ਵੀ ਤੁਸੀਂ ਕੀਤਾ। ਇਹ ਬਹੁਤ ਅਦਭੁਤ ਹੈ।”—ਜ਼ਬੂਰ 139:14, ERV.
ਸਾਡਾ ਸਿਰਜਣਹਾਰ ਮਹਾਨ ਹੈ
22, 23. (ੳ) ਸਾਨੂੰ ਕਿਉਂ ਮੰਨਣਾ ਚਾਹੀਦਾ ਹੈ ਕਿ ਸਿਰਜਣਹਾਰ ਹੈ? (ਅ) ਪਰਮੇਸ਼ੁਰ ਬਾਰੇ ਬਾਈਬਲ ਕੀ ਕਹਿੰਦੀ ਹੈ?
22 ਬਾਈਬਲ ਦੱਸਦੀ ਹੈ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਸਾਦੇ ਤੋਂ ਸਾਦੇ ਘਰ ਨੂੰ ਵੀ ਕਿਸੇ ਨੇ ਜ਼ਰੂਰ ਬਣਾਇਆ ਹੈ। ਤਾਂ ਫਿਰ ਇੰਨੇ ਵਿਸ਼ਾਲ ਤੇ ਗੁੰਝਲਦਾਰ ਬ੍ਰਹਿਮੰਡ ਅਤੇ ਧਰਤੀ ਉੱਤੇ ਜੀਉਂਦੀਆਂ ਚੀਜ਼ਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਵੀ ਤਾਂ ਕਿਸੇ ਨੇ ਸਿਰਜਿਆ ਹੋਣਾ। ਅਸੀਂ ਸਾਰੇ ਮੰਨਦੇ ਹਾਂ ਕਿ ਹਵਾਈ ਜਹਾਜ਼ਾਂ, ਟੈਲੀਵਿਯਨਾਂ ਅਤੇ ਕੰਪਿਊਟਰਾਂ ਨੂੰ ਕਿਸੇ ਨੇ ਬਣਾਇਆ ਹੈ। ਤਾਂ ਫਿਰ ਕੀ ਸਾਨੂੰ ਇਹ ਸਵੀਕਾਰ ਨਹੀਂ ਕਰਨਾ ਚਾਹੀਦਾ ਕਿ ਸਿਰਜਣਹਾਰ ਹੈ ਜਿਸ ਨੇ ਇਨਸਾਨ ਨੂੰ ਅਜਿਹੀਆਂ ਚੀਜ਼ਾਂ ਬਣਾਉਣ ਲਈ ਦਿਮਾਗ਼ ਦਿੱਤਾ ਹੈ?
23 ਬਾਈਬਲ ਉਸ ਬਾਰੇ ਕਹਿੰਦੀ ਹੈ: ‘ਯਹੋਵਾਹ ਪਰਮੇਸ਼ੁਰ ਜੋ ਅਕਾਸ਼ ਦਾ ਕਰਤਾ ਅਤੇ ਉਹ ਦੇ ਤਾਣਨ ਵਾਲਾ ਹੈ, ਧਰਤੀ ਅਰ ਉਸ ਦੀ ਉਪਜ ਦਾ ਫੈਲਾਉਣ ਵਾਲਾ ਹੈ, ਜੋ ਉਸ ਦੇ ਉੱਪਰ ਦੇ ਲੋਕਾਂ ਨੂੰ ਸਾਹ ਦੇਣ ਵਾਲਾ ਹੈ।’ (ਯਸਾਯਾਹ 42:5) ਇਸੇ ਲਈ ਬਾਈਬਲ ਕਹਿੰਦੀ ਹੈ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ!”—ਪਰਕਾਸ਼ ਦੀ ਪੋਥੀ 4:11.
24. ਅਸੀਂ ਸ੍ਰਿਸ਼ਟੀ ਵੱਲ ਦੇਖ ਕੇ ਕੀ ਜਾਣ ਸਕਦੇ ਹਾਂ?
24 ਹਾਂ, ਅਸੀਂ ਸ੍ਰਿਸ਼ਟੀ ਦੀਆਂ ਚੀਜ਼ਾਂ ਤੋਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਹੈ। “ਜਗਤ ਦੇ ਉਤਪਤ ਹੋਣ ਤੋਂ [ਪਰਮੇਸ਼ੁਰ] ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।”—ਰੋਮੀਆਂ 1:20.
25, 26. ਕੀ ਕਿਸੇ ਚੀਜ਼ ਦਾ ਗ਼ਲਤ ਇਸਤੇਮਾਲ ਕੀਤੇ ਜਾਣ ਦਾ ਇਹ ਮਤਲਬ ਹੁੰਦਾ ਕਿ ਉਸ ਦਾ ਕੋਈ ਬਣਾਉਣ ਵਾਲਾ ਨਹੀਂ ਹੈ?
25 ਜੇ ਕਿਸੇ ਚੀਜ਼ ਦਾ ਗ਼ਲਤ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਕਿਸੇ ਨੇ ਨਹੀਂ ਬਣਾਇਆ। ਹਵਾਈ ਜਹਾਜ਼ ਦੀ ਮਿਸਾਲ ਲੈ ਲਓ। ਇਸ ਨੂੰ ਜਾਂ ਤਾਂ ਸਵਾਰੀਆਂ ਢੋਹਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਜਾਂ ਫਿਰ ਇਹ ਬੰਬ ਸੁੱਟਣ ਲਈ ਵਰਤਿਆ ਜਾ ਸਕਦਾ ਹੈ। ਇਸ ਨੂੰ ਜਾਨਾਂ ਲੈਣ ਲਈ ਇਸਤੇਮਾਲ ਕੀਤੇ ਜਾਣ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਕੋਈ ਬਣਾਉਣ ਵਾਲਾ ਨਹੀਂ।
26 ਇਸੇ ਤਰ੍ਹਾਂ, ਇਹ ਸੱਚ ਹੈ ਕਿ ਇਨਸਾਨ ਬਹੁਤ ਬੁਰਾ ਬਣ ਯਸਾਯਾਹ 29:16.
ਗਿਆ ਹੈ। ਲੇਕਿਨ ਇਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਕਿਸੇ ਨੇ ਬਣਾਇਆ ਨਹੀਂ ਜਾਂ ਪਰਮੇਸ਼ੁਰ ਹੈ ਹੀ ਨਹੀਂ। ਬਾਈਬਲ ਬਿਲਕੁਲ ਠੀਕ ਕਹਿੰਦੀ ਹੈ: “ਕੀ ਘੁਮਿਆਰ ਮਿੱਟੀ ਵਰਗਾ ਗਿਣਿਆ ਜਾਵੇਗਾ, ਭਈ ਬਣੀ ਹੋਈ ਚੀਜ਼ ਆਪਣੇ ਬਣਾਉਣ ਵਾਲੇ ਵਿਖੇ ਆਖੇ, ਓਸ ਮੈਨੂੰ ਨਹੀਂ ਬਣਾਇਆ, ਯਾ ਘੜਤ ਘੜਨ ਵਾਲੇ ਵਿਖੇ ਆਖੇ, ਉਸ ਨੂੰ ਕੋਈ ਮੱਤ ਨਹੀਂ?”—27. ਅਸੀਂ ਕਿਉਂ ਉਮੀਦ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੁੱਖਾਂ ਬਾਰੇ ਸਾਡੇ ਸਵਾਲਾਂ ਦੇ ਜਵਾਬ ਦੇਵੇਗਾ?
27 ਅਸੀਂ ਕੁਦਰਤ ਦੀ ਹਰ ਚੀਜ਼ ਦੇ ਡੀਜ਼ਾਈਨ ਤੋਂ ਦੇਖ ਸਕਦੇ ਹਾਂ ਕਿ ਸਾਡੇ ਸ੍ਰਿਸ਼ਟੀਕਰਤਾ ਦੀ ਬੁੱਧ ਬੇਮਿਸਾਲ ਹੈ। ਉਸ ਨੇ ਸਾਡੇ ਲਈ ਇਸ ਧਰਤੀ ਨੂੰ ਰਹਿਣ ਲਈ ਬਿਲਕੁਲ ਸਹੀ ਬਣਾ ਕੇ, ਸਾਡੇ ਸਰੀਰ ਅਤੇ ਮਨ ਸੋਹਣੇ ਤਰੀਕੇ ਨਾਲ ਬਣਾ ਕੇ ਅਤੇ ਸਾਡੇ ਲਈ ਇੰਨੀਆਂ ਵਧੀਆ-ਵਧੀਆ ਚੀਜ਼ਾਂ ਬਣਾ ਕੇ ਦਿਖਾਇਆ ਹੈ ਕਿ ਉਹ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ। ਪਰ ਦੁੱਖਾਂ ਬਾਰੇ ਕੀ? ਕੀ ਪਰਮੇਸ਼ੁਰ ਸਾਨੂੰ ਦੱਸੇਗਾ ਕਿ ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ ਅਤੇ ਉਹ ਇਨ੍ਹਾਂ ਨੂੰ ਕਿਵੇਂ ਖ਼ਤਮ ਕਰੇਗਾ? ਅਸੀਂ ਯਕੀਨ ਰੱਖ ਸਕਦੇ ਹਾਂ ਕਿ ਸਾਡਾ ਬੁੱਧੀਮਾਨ ਪਰਮੇਸ਼ੁਰ ਸਾਡੇ ਸਵਾਲਾਂ ਦੇ ਜਵਾਬ ਜ਼ਰੂਰ ਦੇਵੇਗਾ ਕਿਉਂਕਿ ਉਹ ਸਾਨੂੰ ਸੱਚ-ਮੁੱਚ ਪਿਆਰ ਕਰਦਾ ਹੈ।
[ਸਵਾਲ]
[ਸਫ਼ਾ 5 ਉੱਤੇ ਤਸਵੀਰ]
ਧਰਤੀ ਦਾ ਵਾਯੂਮੰਡਲ ਸਾਡੀ ਰੱਖਿਆ ਕਰਦਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਨੇ ਪਿਆਰ ਨਾਲ ਧਰਤੀ ਸਾਡੇ ਰਹਿਣ ਲਈ ਬਣਾਈ ਹੈ
[ਸਫ਼ਾ 6 ਉੱਤੇ ਤਸਵੀਰ]
ਇਹ ਧਰਤੀ ਬੜੇ ਪਿਆਰ ਨਾਲ ਬਣਾਈ ਗਈ ਸੀ ਤਾਂਕਿ ਅਸੀਂ ਜੀਵਨ ਦਾ ਪੂਰਾ-ਪੂਰਾ ਮਜ਼ਾ ਲੈ ਸਕੀਏ
[ਸਫ਼ਾ 7 ਉੱਤੇ ਤਸਵੀਰ]
‘ਦਿਮਾਗ਼ ਵਿਚ ਇਸ ਧਰਤੀ ਉੱਤੇ ਪਾਏ ਜਾਂਦੇ ਸਮੁੱਚੇ ਟੈਲੀਫ਼ੋਨ ਕਨੈਕਸ਼ਨਾਂ ਨਾਲੋਂ ਕਿਤੇ ਵੱਧ ਕਨੈਕਸ਼ਨ ਹਨ।’—ਜੀਵ-ਵਿਗਿਆਨੀ
[ਸਫ਼ਾ 8 ਉੱਤੇ ਤਸਵੀਰ]
“ਅੱਖ ਨੂੰ ਡੀਜ਼ਾਈਨ ਕੀਤਾ ਗਿਆ ਹੈ। ਦੂਰਬੀਨ ਬਣਾਉਣ ਵਾਲਾ ਕੋਈ ਵੀ ਵਿਗਿਆਨੀ ਅੱਖ ਵਰਗੀ ਬਿਹਤਰੀਨ ਦੂਰਬੀਨ ਨਹੀਂ ਬਣਾ ਸਕਦਾ।”—ਖਗੋਲ-ਵਿਗਿਆਨੀ