Skip to content

Skip to table of contents

ਕੀ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ?

ਕੀ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ?

ਨੌਵਾਂ ਭਾਗ

ਕੀ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ?

1, 2. ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਅਸੀਂ ਅੰਤ ਦੇ ਦਿਨਾਂ ਵਿਚ ਰਹਿ ਰਹੇ ਹਾਂ?

ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਇਨਸਾਨੀ ਹਕੂਮਤਾਂ ਦੇ ਖ਼ਿਲਾਫ਼ ਕਾਰਵਾਈ ਕਰਨ ਵਾਲਾ ਹੈ? ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹਾਂ ਕਿ ਉਹ ਸਮਾਂ ਬਹੁਤ ਨੇੜੇ ਹੈ ਜਦੋਂ ਪਰਮੇਸ਼ੁਰ ਦੁਸ਼ਟਤਾ ਅਤੇ ਦੁੱਖਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ?

2 ਸਦੀਆਂ ਪਹਿਲਾ ਯਿਸੂ ਮਸੀਹ ਦੇ ਚੇਲੇ ਵੀ ਇਹ ਗੱਲਾਂ ਜਾਣਨੀਆਂ ਚਾਹੁੰਦੇ ਸਨ। ਉਨ੍ਹਾਂ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਰਾਜ ਦੇ ਸ਼ੁਰੂ ਹੋਣ ਅਤੇ “ਜੁਗ ਦੇ ਅੰਤ” ਦਾ “ਲੱਛਣ” ਕੀ ਹੋਵੇਗਾ। (ਮੱਤੀ 24:3) ਯਿਸੂ ਨੇ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਭਿਆਨਕ ਘਟਨਾਵਾਂ ਅਤੇ ਹਾਲਾਤਾਂ ਬਾਰੇ ਦੱਸਿਆ ਜਿਨ੍ਹਾਂ ਤੋਂ ਪਤਾ ਲੱਗਣਾ ਸੀ ਕਿ ਇਸ ਦੁਨੀਆਂ ਦਾ ‘ਓੜਕ ਦਾ ਸਮਾਂ’ ਯਾਨੀ ‘ਅੰਤ ਦੇ ਦਿਨ’ ਸ਼ੁਰੂ ਹੋ ਗਏ। (ਦਾਨੀਏਲ 11:40; 2 ਤਿਮੋਥਿਉਸ 3:1) ਕੀ ਅਸੀਂ ਆਪਣੇ ਸਮਿਆਂ ਵਿਚ ਇਹ ਲੱਛਣ ਜਾਂ ਨਿਸ਼ਾਨੀਆਂ ਦੇਖੀਆਂ ਹਨ? ਹਾਂ, ਦੇਖੀਆਂ ਹਨ! ਆਓ ਆਪਾਂ ਕੁਝ ਨਿਸ਼ਾਨੀਆਂ ਵੱਲ ਧਿਆਨ ਦੇਈਏ।

ਦੁਨੀਆਂ ਭਰ ਵਿਚ ਯੁੱਧ

3, 4. ਵੀਹਵੀਂ ਸਦੀ ਵਿਚ ਹੋਏ ਯੁੱਧਾਂ ਨੇ ਯਿਸੂ ਦੀ ਭਵਿੱਖਬਾਣੀ ਕਿਵੇਂ ਪੂਰੀ ਕੀਤੀ?

3 ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ‘ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।’ (ਮੱਤੀ 24:7) 1914 ਵਿਚ ਪੂਰੀ ਦੁਨੀਆਂ ਯੁੱਧ ਦੀ ਲਪੇਟ ਵਿਚ ਆ ਗਈ ਸੀ। ਇਤਿਹਾਸ ਵਿਚ ਪਹਿਲਾਂ ਕਦੇ ਅਜਿਹਾ ਯੁੱਧ ਨਹੀਂ ਹੋਇਆ ਸੀ। ਇਸ ਹਕੀਕਤ ਨੂੰ ਸਵੀਕਾਰ ਕਰਦੇ ਹੋਏ ਉਸ ਸਮੇਂ ਦੇ ਇਤਿਹਾਸਕਾਰਾਂ ਨੇ ਇਸ ਨੂੰ ਮਹਾਂ ਯੁੱਧ ਕਿਹਾ ਸੀ। ਤਕਰੀਬਨ 2,00,00,000 ਫ਼ੌਜੀਆਂ ਅਤੇ ਆਮ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਪਹਿਲਾਂ ਕਦੇ ਵੀ ਯੁੱਧ ਵਿਚ ਇੰਨੇ ਸਾਰੇ ਲੋਕ ਨਹੀਂ ਮਾਰੇ ਗਏ ਸਨ।

4 ਇਹ ਪਹਿਲਾ ਵਿਸ਼ਵ ਯੁੱਧ ਅੰਤ ਦੇ ਦਿਨਾਂ ਦੀ ਸ਼ੁਰੂਆਤ ਦੀ ਨਿਸ਼ਾਨੀ ਸੀ। ਯਿਸੂ ਨੇ ਆਖਿਆ ਸੀ ਕਿ ਯੁੱਧ ਅਤੇ ਹੋਰ ਘਟਨਾਵਾਂ “ਪੀੜਾਂ ਦਾ ਅਰੰਭ” ਹੋਣਗੀਆਂ। (ਮੱਤੀ 24:8) ਇਹ ਬਿਲਕੁਲ ਸੱਚ ਸਾਬਤ ਹੋਇਆ ਕਿਉਂਕਿ ਦੂਸਰੇ ਵਿਸ਼ਵ ਯੁੱਧ ਨੇ ਪਹਿਲੇ ਨਾਲੋਂ ਵੀ ਜ਼ਿਆਦਾ ਤਬਾਹੀ ਲਿਆਂਦੀ। ਇਸ ਵਿਚ ਲਗਭਗ 5,00,00,000 ਫ਼ੌਜੀਆਂ ਅਤੇ ਆਮ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਇਹ ਸੱਚ ਹੈ ਕਿ 16ਵੀਂ ਤੋਂ 19ਵੀਂ ਸਦੀਆਂ ਦੇ ਯੁੱਧਾਂ ਵਿਚ ਬਹੁਤ ਸਾਰੇ ਲੋਕ ਮਾਰੇ ਗਏ ਸਨ, ਪਰ 20ਵੀਂ ਸਦੀ ਵਿਚ 10,00,00,000 ਤੋਂ ਜ਼ਿਆਦਾ ਲੋਕ ਯੁੱਧਾਂ ਵਿਚ ਮਾਰੇ ਗਏ। ਇਹ ਗਿਣਤੀ ਉਨ੍ਹਾਂ ਸਦੀਆਂ ਦੌਰਾਨ ਮਾਰੇ ਗਏ ਲੋਕਾਂ ਦੀ ਕੁੱਲ ਗਿਣਤੀ ਨਾਲੋਂ ਚਾਰ ਗੁਣਾ ਜ਼ਿਆਦਾ ਹੈ! ਇਨਸਾਨੀ ਹਕੂਮਤ ਦੇ ਕਿੰਨੇ ਬੁਰੇ ਨਤੀਜੇ!

ਹੋਰ ਨਿਸ਼ਾਨੀਆਂ

5-7. ਅੰਤ ਦੇ ਦਿਨਾਂ ਦੀਆਂ ਹੋਰ ਕਿਹੜੀਆਂ ਕੁਝ ਨਿਸ਼ਾਨੀਆਂ ਹਨ?

5 ਯਿਸੂ ਨੇ ਅੰਤ ਦੇ ਦਿਨਾਂ ਦੀਆਂ ਹੋਰ ਵੀ ਕਈ ਨਿਸ਼ਾਨੀਆਂ ਦਿੱਤੀਆਂ: “ਵੱਡੇ ਭੁਚਾਲ ਅਰ ਥਾਂ ਥਾਂ ਕਾਲ ਅਤੇ ਮਰੀਆਂ ਪੈਣਗੀਆਂ।” (ਲੂਕਾ 21:11) 1914 ਤੋਂ ਬਾਅਦ ਇਨ੍ਹਾਂ ਸਾਰੀਆਂ ਗੱਲਾਂ ਨੇ ਇਨਸਾਨ ਦੇ ਕਸ਼ਟ ਵਿਚ ਬੇਅੰਤ ਵਾਧਾ ਕੀਤਾ ਹੈ।

6 ਦੁਨੀਆਂ ਵਿਚ ਕਿਤੇ-ਨ-ਕਿਤੇ ਵੱਡੇ-ਵੱਡੇ ਭੁਚਾਲ ਆਉਂਦੇ ਰਹਿੰਦੇ ਹਨ ਤੇ ਬਹੁਤ ਲੋਕਾਂ ਦੀਆਂ ਜਾਨਾਂ ਲੈਂਦੇ ਹਨ। ਮਰੀਆਂ ਯਾਨੀ ਬੀਮਾਰੀਆਂ ਨੇ ਵੀ ਘੱਟ ਜਾਨਾਂ ਨਹੀਂ ਲਈਆਂ ਹਨ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 2,00,00,000 ਲੋਕ ਸਪੈਨਿਸ਼ ਫਲੂ ਦੇ ਸ਼ਿਕਾਰ ਹੋਏ। ਹੋਰ ਅੰਦਾਜ਼ਿਆਂ ਮੁਤਾਬਕ ਇਸ ਨਾਲ 3,00,00,000 ਜਾਂ ਇਸ ਤੋਂ ਵੀ ਜ਼ਿਆਦਾ ਲੋਕ ਮਰੇ। ਏਡਜ਼ ਨੇ ਲੱਖਾਂ ਹੀ ਲੋਕਾਂ ਨੂੰ ਨਿਗਲ ਲਿਆ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਹੋਰ ਕਰੋੜਾਂ ਲੋਕ ਇਸ ਦੀ ਬਲੀ ਚੜ੍ਹ ਜਾਣਗੇ। ਹਰ ਸਾਲ ਲੱਖਾਂ ਹੀ ਲੋਕ ਦਿਲ ਦੇ ਰੋਗਾਂ, ਕੈਂਸਰ ਅਤੇ ਹੋਰ ਬੀਮਾਰੀਆਂ ਦੇ ਕਾਰਨ ਮਰਦੇ ਹਨ। ਲੱਖਾਂ ਹੀ ਹੋਰ ਭੁੱਖ ਨਾਲ ਤੜਫ-ਤੜਫ ਕੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਬਿਨਾਂ ਸ਼ੱਕ ਪਰਕਾਸ਼ ਦੀ ਪੋਥੀ ਵਿਚ ਜ਼ਿਕਰ ਕੀਤੇ ਗਏ ਤਿੰਨ ਘੋੜਸਵਾਰ 1914 ਤੋਂ ਯੁੱਧਾਂ, ਕਾਲ ਅਤੇ ਮਹਾਂਮਾਰੀਆਂ ਦੁਆਰਾ ਵੱਡੀ ਗਿਣਤੀ ਵਿਚ ਮਨੁੱਖੀ ਜਾਨਾਂ ਲੈ ਰਹੇ ਹਨ।—ਪਰਕਾਸ਼ ਦੀ ਪੋਥੀ 6:3-8.

7 ਯਿਸੂ ਨੇ ਜੁਰਮ ਦੇ ਵਾਧੇ ਦੀ ਭਵਿੱਖਬਾਣੀ ਵੀ ਕੀਤੀ ਸੀ ਅਤੇ ਇਸ ਦਾ ਅਸਰ ਚਾਰੇ ਪਾਸੇ ਦੇਖਿਆ ਜਾ ਸਕਦਾ ਹੈ। ਉਸ ਨੇ ਆਖਿਆ ਸੀ: “ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਢੀ ਹੋ ਜਾਵੇਗੀ।”—ਮੱਤੀ 24:12.

8. ਦੂਜਾ ਤਿਮੋਥਿਉਸ ਦੇ ਤੀਜੇ ਅਧਿਆਇ ਦੀ ਭਵਿੱਖਬਾਣੀ ਸਾਡੇ ਸਮੇਂ ’ਤੇ ਕਿਵੇਂ ਲਾਗੂ ਹੁੰਦੀ ਹੈ?

8 ਇਸ ਤੋਂ ਇਲਾਵਾ ਬਾਈਬਲ ਵਿਚ ਭਵਿੱਖਬਾਣੀ ਕੀਤੀ ਗਈ ਸੀ ਕਿ ਸਾਰੀ ਦੁਨੀਆਂ ਵਿਚ ਲੋਕਾਂ ਦਾ ਚਾਲ-ਚਲਣ ਵਿਗੜ ਜਾਵੇਗਾ। ਬਾਈਬਲ ਦੱਸਦੀ ਹੈ: “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ। ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ . . . ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋਥਿਉਸ 3:1-13) ਇਹ ਸਭ ਕੁਝ ਅਸੀਂ ਅੱਜ ਆਪਣੀ ਅੱਖੀਂ ਹੁੰਦਾ ਦੇਖ ਰਹੇ ਹਾਂ।

ਇਕ ਹੋਰ ਨਿਸ਼ਾਨੀ

9. ਅੰਤ ਦੇ ਦਿਨਾਂ ਦੇ ਸ਼ੁਰੂ ਹੁੰਦਿਆਂ ਹੀ ਸਵਰਗ ਵਿਚ ਕਿਹੜੀ ਘਟਨਾ ਵਾਪਰੀ ਸੀ?

9 ਪਿਛਲੀ ਸਦੀ ਵਿਚ ਦੁੱਖਾਂ ਦੇ ਬੇਸ਼ੁਮਾਰ ਵਾਧੇ ਪਿੱਛੇ ਇਕ ਹੋਰ ਕਾਰਨ ਵੀ ਹੈ। 1914 ਵਿਚ ਅੰਤ ਦੇ ਦਿਨਾਂ ਦੇ ਸ਼ੁਰੂ ਹੁੰਦਿਆਂ ਹੀ ਇਕ ਹੋਰ ਘਟਨਾ ਵਾਪਰੀ ਜਿਸ ਨੇ ਮਨੁੱਖਜਾਤੀ ਨੂੰ ਹੋਰ ਵੀ ਜ਼ਿਆਦਾ ਖ਼ਤਰੇ ਵਿਚ ਪਾ ਦਿੱਤਾ। ਪਰਕਾਸ਼ ਦੀ ਪੋਥੀ ਵਿਚ ਦਰਜ ਭਵਿੱਖਬਾਣੀ ਇਸ ਘਟਨਾ ਬਾਰੇ ਦੱਸਦੀ ਹੈ: “ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ [ਯਾਨੀ ਰਾਜਾ ਯਿਸੂ ਮਸੀਹ] ਅਤੇ ਉਹ ਦੇ ਦੂਤ ਅਜਗਰ [ਯਾਨੀ ਸ਼ਤਾਨ] ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ। ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ। ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ।”—ਪਰਕਾਸ਼ ਦੀ ਪੋਥੀ 12:7-9.

10, 11. ਸ਼ਤਾਨ ਅਤੇ ਉਸ ਦੇ ਦੂਤਾਂ ਨੂੰ ਧਰਤੀ ਉੱਤੇ ਸੁੱਟੇ ਜਾਣ ਦਾ ਮਨੁੱਖਜਾਤੀ ਉੱਤੇ ਕੀ ਅਸਰ ਪਿਆ?

10 ਇਨਸਾਨਾਂ ਉੱਤੇ ਇਸ ਦਾ ਕੀ ਅਸਰ ਪਿਆ? ਭਵਿੱਖਬਾਣੀ ਅੱਗੇ ਦੱਸਦੀ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” ਹਾਂ, ਸ਼ਤਾਨ ਜਾਣਦਾ ਹੈ ਕਿ ਉਸ ਦਾ ਅੰਤ ਬਹੁਤ ਨੇੜੇ ਹੈ। ਇਸ ਲਈ ਆਪਣੇ ਤੇ ਆਪਣੀ ਦੁਨੀਆਂ ਦੇ ਅੰਤ ਤੋਂ ਪਹਿਲਾਂ-ਪਹਿਲਾਂ ਉਹ ਇਨਸਾਨਾਂ ਨੂੰ ਪਰਮੇਸ਼ੁਰ ਦੇ ਵਿਰੁੱਧ ਕਰਨ ਲਈ ਜੋ ਵੀ ਕਰ ਸਕਦਾ ਹੈ, ਉਹ ਆਪਣਾ ਪੂਰਾ ਜ਼ੋਰ ਲਾ ਕੇ ਕਰ ਰਿਹਾ ਹੈ। (ਪਰਕਾਸ਼ ਦੀ ਪੋਥੀ 12:12; 20:1-3) ਸ਼ਤਾਨ ਤੇ ਉਸ ਦੇ ਬਾਗ਼ੀ ਦੂਤ ਪਰਮੇਸ਼ੁਰ ਦੇ ਖ਼ਿਲਾਫ਼ ਜਾ ਕੇ ਕਿੰਨੇ ਗਿਰ ਚੁੱਕੇ ਹਨ! ਖ਼ਾਸ ਕਰਕੇ 1914 ਤੋਂ ਉਨ੍ਹਾਂ ਦੇ ਪ੍ਰਭਾਵ ਦੇ ਅਧੀਨ ਦੁਨੀਆਂ ਦੇ ਹਾਲਾਤ ਦਿਨ-ਬ-ਦਿਨ ਖ਼ਰਾਬ ਹੋਈ ਜਾ ਰਹੇ ਹਨ।

11 ਇਸੇ ਕਰਕੇ ਯਿਸੂ ਨੇ ਅੱਜ ਦੇ ਸਮੇਂ ਬਾਰੇ ਕਿਹਾ ਸੀ: “ਭਿਆਨਕ ਚੀਜ਼ਾਂ ਅਰ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ।”—ਲੂਕਾ 21:11.

ਇਨਸਾਨਾਂ ਅਤੇ ਬਾਗ਼ੀ ਦੂਤਾਂ ਦੇ ਰਾਜ ਦਾ ਅੰਤ ਨੇੜੇ

12. ਇਸ ਬੁਰੀ ਦੁਨੀਆਂ ਦੇ ਅੰਤ ਤੋਂ ਪਹਿਲਾਂ-ਪਹਿਲਾਂ ਪੂਰੀਆਂ ਹੋਣ ਵਾਲੀਆਂ ਭਵਿੱਖਬਾਣੀਆਂ ਵਿੱਚੋਂ ਇਕ ਭਵਿੱਖਬਾਣੀ ਕਿਹੜੀ ਹੈ?

12 ਇਸ ਬੁਰੀ ਦੁਨੀਆਂ ਦੇ ਨਾਸ਼ ਤੋਂ ਪਹਿਲਾਂ-ਪਹਿਲਾਂ ਬਾਈਬਲ ਦੀਆਂ ਕਿੰਨੀਆਂ ਭਵਿੱਖਬਾਣੀਆਂ ਪੂਰੀਆਂ ਹੋਣ ਵਾਲੀਆਂ ਰਹਿੰਦੀਆਂ ਹਨ? ਬਹੁਤ ਹੀ ਥੋੜ੍ਹੀਆਂ! ਇਨ੍ਹਾਂ ਵਿੱਚੋਂ ਇਕ ਭਵਿੱਖਬਾਣੀ 1 ਥੱਸਲੁਨੀਕੀਆਂ 5:3 ਵਿਚ ਦਰਜ ਹੈ: “ਜਦ ਲੋਕ ਆਖਦੇ ਹੋਣਗੇ ਭਈ ਅਮਨ ਚੈਨ ਅਤੇ ਸੁਖ ਸਾਂਦ ਹੈ ਤਦ ਜਿਵੇਂ ਗਰਭਵੰਤੀ ਇਸਤ੍ਰੀ ਨੂੰ ਪੀੜਾਂ ਲੱਗਦੀਆਂ ਹਨ ਤਿਵੇਂ ਉਨ੍ਹਾਂ ਦਾ ਅਚਾਣਕ ਨਾਸ ਹੋ ਜਾਵੇਗਾ।” ਇਸ ਤੋਂ ਪਤਾ ਚੱਲਦਾ ਹੈ ਕਿ ਇਸ ਬੁਰੀ ਦੁਨੀਆਂ ਦਾ ਅੰਤ ਉਦੋਂ ਹੋਵੇਗਾ ‘ਜਦ ਉਹ ਗੱਲਾਂ ਕਰ ਰਹੇ ਹੋਣਗੇ।’ ਸੰਸਾਰ ਵਿਚ ਪਹਿਲਾਂ ਕਦੇ ਅਜਿਹਾ ਵਿਨਾਸ਼ ਨਹੀਂ ਆਇਆ। ਇਹ ਵਿਨਾਸ਼ ਉਦੋਂ ਹੋਵੇਗਾ ਜਦੋਂ ਲੋਕਾਂ ਨੂੰ ਲੱਗੇਗਾ ਕਿ ਦੁਨੀਆਂ ਵਿਚ ਸ਼ਾਂਤੀ ਕਾਇਮ ਹੋਣ ਵਾਲੀ ਹੈ। ਉਦੋਂ ਲੋਕਾਂ ਨੂੰ ਵਿਨਾਸ਼ ਆਉਣ ਦੀ ਬਿਲਕੁਲ ਆਸ ਨਹੀਂ ਹੋਵੇਗੀ।

13, 14. ਯਿਸੂ ਨੇ ਕਿਹੜੇ ਸਮੇਂ ਦੀ ਭਵਿੱਖਬਾਣੀ ਕੀਤੀ ਸੀ ਅਤੇ ਇਹ ਸਮਾਂ ਆਪਣੇ ਸਿਖਰ ਤੇ ਕਦੋਂ ਪਹੁੰਚੇਗਾ?

13 ਸ਼ਤਾਨ ਦੀ ਦੁਨੀਆਂ ਦੇ ਅੰਤ ਦੀ ਘੜੀ ਬਹੁਤ ਨੇੜੇ ਹੈ। ਜਦ ਅੰਤ ਆਵੇਗਾ, ਤਾਂ ਦੁਨੀਆਂ ਦੀ ਹਾਲਤ ਬਹੁਤ ਬੁਰੀ ਹੋਵੇਗੀ। ਇਸ ਸਮੇਂ ਬਾਰੇ ਯਿਸੂ ਨੇ ਆਖਿਆ ਸੀ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।”—ਮੱਤੀ 24:21.

14 ਇਹ “ਵੱਡਾ ਕਸ਼ਟ” ਉਦੋਂ ਸਿਖਰ ਤੇ ਪਹੁੰਚੇਗਾ ਜਦੋਂ ਪਰਮੇਸ਼ੁਰ ਦੀ ਲੜਾਈ ਸ਼ੁਰੂ ਹੋਵੇਗੀ ਜਿਸ ਨੂੰ ਆਰਮਾਗੇਡਨ ਕਿਹਾ ਜਾਂਦਾ ਹੈ। ਇਸ ਸਮੇਂ ਦਾ ਜ਼ਿਕਰ ਕਰਦਿਆਂ ਦਾਨੀਏਲ ਨਬੀ ਨੇ ਕਿਹਾ ਸੀ ਕਿ ਪਰਮੇਸ਼ੁਰ “ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ।” ਉਸ ਵੇਲੇ ਸਾਰੀਆਂ ਇਨਸਾਨੀ ਹਕੂਮਤਾਂ ਦਾ ਅੰਤ ਹੋਵੇਗਾ। ਫਿਰ ਪਰਮੇਸ਼ੁਰ ਦੀ ਸਰਕਾਰ ਸਵਰਗ ਤੋਂ ਦੁਨੀਆਂ ਉੱਤੇ ਪੂਰਾ ਕੰਟ੍ਰੋਲ ਰੱਖੇਗੀ। ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ ਕਿ ਫਿਰ ਕਦੇ ਵੀ ਇਨਸਾਨ ਨੂੰ ਹਕੂਮਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।—ਦਾਨੀਏਲ 2:44; ਪਰਕਾਸ਼ ਦੀ ਪੋਥੀ 16:14-16.

15. ਸ਼ਤਾਨ ਅਤੇ ਉਸ ਦੇ ਦੂਤਾਂ ਦਾ ਕੀ ਬਣੇਗਾ?

15 ਉਸ ਸਮੇਂ ਸ਼ਤਾਨ ਅਤੇ ਉਸ ਦੇ ਦੂਤਾਂ ਦਾ ਪ੍ਰਭਾਵ ਵੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਉਹ ਬਾਗ਼ੀ ਦੂਤ ਰਾਹ ਵਿੱਚੋਂ ਹਟਾ ਦਿੱਤੇ ਜਾਣਗੇ ਤਾਂਕਿ ਉਹ ‘ਕੌਮਾਂ ਨੂੰ ਫੇਰ ਨਾ ਭਰਮਾਉਣ।’ (ਪਰਕਾਸ਼ ਦੀ ਪੋਥੀ 12:9; 20:1-3) ਉਨ੍ਹਾਂ ਦੀ ਸਜ਼ਾ ਮੌਤ ਹੈ ਜੋ ਜਲਦੀ ਹੀ ਮਿਲਣ ਵਾਲੀ ਹੈ। ਉਨ੍ਹਾਂ ਦਾ ਸਾਇਆ ਦੂਰ ਹੋਣ ਤੇ ਸਾਰੇ ਇਨਸਾਨਾਂ ਨੂੰ ਕਿੰਨੀ ਰਾਹਤ ਮਿਲੇਗੀ!

ਕੌਣ ਬਚੇਗਾ ਤੇ ਕੌਣ ਨਹੀਂ?

16-18. ਇਸ ਦੁਨੀਆਂ ਦੇ ਅੰਤ ਵਿੱਚੋਂ ਕੌਣ ਬਚਣਗੇ ਅਤੇ ਕੌਣ ਨਹੀਂ?

16 ਜਦੋਂ ਪਰਮੇਸ਼ੁਰ ਇਸ ਦੁਨੀਆਂ ਦਾ ਨਿਆਂ ਕਰੇਗਾ, ਤਾਂ ਕੌਣ ਬਚੇਗਾ ਤੇ ਕੌਣ ਨਹੀਂ? ਬਾਈਬਲ ਦਿਖਾਉਂਦੀ ਹੈ ਕਿ ਜਿਹੜੇ ਪਰਮੇਸ਼ੁਰ ਦਾ ਰਾਜ ਚਾਹੁੰਦੇ ਹਨ, ਉਨ੍ਹਾਂ ਨੂੰ ਬਚਾਇਆ ਜਾਵੇਗਾ। ਜਿਹੜੇ ਪਰਮੇਸ਼ੁਰ ਦਾ ਰਾਜ ਨਹੀਂ ਚਾਹੁੰਦੇ, ਉਹ ਸ਼ਤਾਨ ਦੀ ਦੁਨੀਆਂ ਦੇ ਨਾਲ ਹੀ ਨਾਸ਼ ਕਰ ਦਿੱਤੇ ਜਾਣਗੇ।

17ਕਹਾਉਤਾਂ 2:21, 22 ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦਾ ਪੱਖ ਲੈਣ ਵਾਲਿਆਂ ਅਤੇ ਨਾ ਲੈਣ ਵਾਲਿਆਂ ਨਾਲ ਕੀ ਹੋਵੇਗਾ। ਇਹ ਆਇਤਾਂ ਕਹਿੰਦੀਆਂ ਹਨ: “ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ, ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”

18ਜ਼ਬੂਰਾਂ ਦੀ ਪੋਥੀ 37:10, 11 ਵਿਚ ਕਿਹਾ ਗਿਆ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” 29ਵੀਂ ਆਇਤ ਵੀ ਕਹਿੰਦੀ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”

19. ਸਾਨੂੰ ਕਿਹੜੀ ਸਲਾਹ ਯਾਦ ਰੱਖਣੀ ਚਾਹੀਦੀ ਹੈ?

19 ਸਾਨੂੰ ਜ਼ਬੂਰਾਂ ਦੀ ਪੋਥੀ 37:34 ਦੀ ਇਹ ਸਲਾਹ ਯਾਦ ਰੱਖਣੀ ਚਾਹੀਦੀ ਹੈ: “ਯਹੋਵਾਹ ਨੂੰ ਉਡੀਕ ਅਤੇ ਉਹ ਦੇ ਰਾਹ ਦੀ ਪਾਲਨਾ ਕਰ, ਤਾਂ ਉਹ ਤੈਨੂੰ ਉੱਚਾ ਕਰੇਗਾ ਭਈ ਤੂੰ ਧਰਤੀ ਦਾ ਵਾਰਸ ਬਣੇਂ। ਤੂੰ ਦੁਸ਼ਟ ਦਾ ਛੇਕਿਆ ਜਾਣਾ ਵੇਖੇਂਗਾ।” 37ਵੀਂ ਅਤੇ 38ਵੀਂ ਆਇਤ ਵਿਚ ਲਿਖਿਆ ਹੈ: “ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ, ਕਿ ਸਲਾਮਤੀ ਦੇ ਮਨੁੱਖ ਦੀ ਅੰਸ ਰਹਿੰਦੀ ਹੈ। ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ, ਦੁਸ਼ਟਾਂ ਦੀ ਅੰਸ ਛੇਕੀ ਜਾਵੇਗੀ!”

20. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅੱਜ ਦਾ ਸਮਾਂ ਬਹੁਤ ਹੀ ਮਹੱਤਵਪੂਰਣ ਹੈ?

20 ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਪਰਮੇਸ਼ੁਰ ਨੂੰ ਸਾਡਾ ਫ਼ਿਕਰ ਹੈ। ਇਸੇ ਕਰਕੇ ਉਹ ਜਲਦੀ ਹੀ ਸਾਰੀ ਦੁਸ਼ਟਤਾ ਅਤੇ ਦੁੱਖਾਂ ਦਾ ਅੰਤ ਕਰੇਗਾ! ਇਹ ਜਾਣ ਕੇ ਵੀ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਇਹ ਭਵਿੱਖਬਾਣੀਆਂ ਜਲਦੀ ਹੀ ਪੂਰੀਆਂ ਹੋਣ ਵਾਲੀਆਂ ਹਨ!

[ਸਵਾਲ]

[ਸਫ਼ਾ 20 ਉੱਤੇ ਤਸਵੀਰ]

ਬਾਈਬਲ ਵਿਚ ਅੰਤ ਦੇ ਦਿਨਾਂ ਦੇ “ਲੱਛਣ” ਦੱਸੇ ਗਏ ਹਨ

[ਸਫ਼ਾ 22 ਉੱਤੇ ਤਸਵੀਰ]

ਪਰਮੇਸ਼ੁਰ ਦੇ ਰਾਜ ਨੂੰ ਠੁਕਰਾਉਣ ਵਾਲੇ ਲੋਕ ਜਲਦੀ ਹੀ ਆਰਮਾਗੇਡਨ ਦੇ ਯੁੱਧ ਵਿਚ ਖ਼ਤਮ ਕੀਤੇ ਜਾਣਗੇ। ਉਸ ਦੇ ਰਾਜ ਅਧੀਨ ਰਹਿਣ ਵਾਲੇ ਲੋਕ ਬਚ ਕੇ ਨਵੀਂ ਦੁਨੀਆਂ ਵਿਚ ਜਾਣਗੇ