Skip to content

Skip to table of contents

ਜਦੋਂ ਦੁਨੀਆਂ ਵਿਚ ਦੁੱਖ ਨਹੀਂ ਰਹਿਣਗੇ

ਜਦੋਂ ਦੁਨੀਆਂ ਵਿਚ ਦੁੱਖ ਨਹੀਂ ਰਹਿਣਗੇ

ਦੂਜਾ ਭਾਗ

ਜਦੋਂ ਦੁਨੀਆਂ ਵਿਚ ਦੁੱਖ ਨਹੀਂ ਰਹਿਣਗੇ

1, 2. ਬਹੁਤ ਸਾਰੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਭਵਿੱਖ ਦੀ ਆਸ ਹੈ?

ਸੰਸਾਰ ਭਰ ਵਿਚ ਲੱਖਾਂ ਲੋਕਾਂ ਨੂੰ ਪੂਰਾ ਯਕੀਨ ਹੈ ਕਿ ਮਨੁੱਖਜਾਤੀ ਦਾ ਭਵਿੱਖ ਸੋਹਣਾ ਹੈ। ਉਹ ਕਹਿੰਦੇ ਹਨ ਕਿ ਜਲਦੀ ਹੀ ਦੁਨੀਆਂ ਵਿੱਚੋਂ ਦੁਸ਼ਟਤਾ ਅਤੇ ਦੁੱਖ ਦੂਰ ਹੋ ਜਾਣਗੇ। ਬੁਰਾਈ ਦਾ ਨਾਮੋ-ਨਿਸ਼ਾਨ ਨਹੀਂ ਰਹੇਗਾ ਅਤੇ ਦੁਨੀਆਂ ਦਾ ਮਾਹੌਲ ਬਿਲਕੁਲ ਬਦਲ ਜਾਵੇਗਾ।

2 ਇਹ ਲੋਕ ਮੰਨਦੇ ਹਨ ਕਿ ਉਸ ਸਮੇਂ ਦੁਨੀਆਂ ਵਿਚ ਯੁੱਧ, ਬੇਰਹਿਮੀ, ਜੁਰਮ, ਬੇਇਨਸਾਫ਼ੀ ਅਤੇ ਗ਼ਰੀਬੀ ਵਰਗੀਆਂ ਚੀਜ਼ਾਂ ਨਹੀਂ ਹੋਣਗੀਆਂ। ਬੀਮਾਰੀਆਂ, ਸੋਗ, ਹੰਝੂਆਂ ਅਤੇ ਮੌਤ ਦਾ ਸਾਇਆ ਵੀ ਦੂਰ ਕੀਤਾ ਜਾਵੇਗਾ। ਉਸ ਵੇਲੇ ਇਨਸਾਨ ਦੀਆਂ ਖ਼ੁਸ਼ੀਆਂ ਦਾ ਕੋਈ ਅੰਤ ਨਹੀਂ ਹੋਵੇਗਾ। ਹੋਰ ਤਾਂ ਹੋਰ, ਜਿਹੜੇ ਮਰ ਚੁੱਕੇ ਹਨ, ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰ ਕੇ ਸਦਾ ਲਈ ਜੀਣ ਦਾ ਮੌਕਾ ਦਿੱਤਾ ਜਾਵੇਗਾ!

3, 4. ਭਵਿੱਖ ਬਾਰੇ ਇਨ੍ਹਾਂ ਲੋਕਾਂ ਦਾ ਯਕੀਨ ਇੰਨਾ ਪੱਕਾ ਕਿਉਂ ਹੈ?

3 ਕੀ ਅਜਿਹੀ ਸੋਹਣੀ ਦੁਨੀਆਂ ਸੁਪਨਿਆਂ ਦੀ ਦੁਨੀਆਂ ਹੈ ਜਾਂ ਫਿਰ ਇਨਸਾਨ ਦੇ ਮਨ ਦੀ ਕੋਰੀ ਕਲਪਨਾ ਹੀ ਹੈ? ਨਹੀਂ। ਇਨ੍ਹਾਂ ਲੋਕਾਂ ਦੀ ਆਸ ਪੱਕੇ ਵਿਸ਼ਵਾਸ ਉੱਤੇ ਆਧਾਰਿਤ ਹੈ। (ਇਬਰਾਨੀਆਂ 11:1) ਪਰ ਉਹ ਇਹ ਗੱਲ ਇੰਨੇ ਯਕੀਨ ਨਾਲ ਕਿਉਂ ਕਹਿੰਦੇ ਹਨ? ਕਿਉਂਕਿ ਦੁਨੀਆਂ ਨੂੰ ਰਚਣ ਵਾਲੇ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਇਹ ਸਭ ਕੁਝ ਕਰਨ ਦਾ ਵਾਅਦਾ ਕੀਤਾ ਹੈ।

4 ਪਰਮੇਸ਼ੁਰ ਦੇ ਵਾਅਦਿਆਂ ਦੇ ਸੰਬੰਧ ਵਿਚ ਬਾਈਬਲ ਆਖਦੀ ਹੈ: “ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।” “ਪਰਮੇਸ਼ੁਰ ਇਨਸਾਨ ਨਹੀਂ ਕਿ ਉਹ ਝੂਠ ਬੋਲੇ . . . ਕੀ ਉਸ ਆਖਿਆ ਹੋਵੇ ਅਤੇ ਨਾ ਕਰੇ? ਅਥਵਾ ਉਹ ਬੋਲਿਆ ਅਤੇ ਉਹ ਪੂਰਾ ਨਾ ਹੋਇਆ?” “ਸੈਨਾਂ ਦੇ ਯਹੋਵਾਹ ਨੇ ਸੌਂਹ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਮਤਾ ਮਤਾਇਆ, ਤਿਵੇਂ ਉਹ ਕਾਇਮ ਰਹੇਗਾ।”—ਯਹੋਸ਼ੁਆ 23:14; ਗਿਣਤੀ 23:19; ਯਸਾਯਾਹ 14:24.

5. ਕਿਹੜੇ ਸਵਾਲਾਂ ਦੇ ਜਵਾਬ ਜਾਣਨੇ ਜ਼ਰੂਰੀ ਹਨ?

5 ਪਰ ਜੇ ਪਰਮੇਸ਼ੁਰ ਚਾਹੁੰਦਾ ਹੈ ਕਿ ਦੁਨੀਆਂ ਵਿਚ ਕੋਈ ਦੁੱਖ-ਤਕਲੀਫ਼ ਨਾ ਹੋਵੇ, ਤਾਂ ਉਸ ਨੇ ਪਹਿਲਾਂ ਹੀ ਇਨ੍ਹਾਂ ਨੂੰ ਖ਼ਤਮ ਕਿਉਂ ਨਹੀਂ ਕਰ ਦਿੱਤਾ? ਉਸ ਨੇ ਦੁੱਖਾਂ ਦਾ ਖ਼ਾਤਮਾ ਕਰਨ ਲਈ ਇੰਨਾ ਲੰਬਾ ਸਮਾਂ ਉਡੀਕ ਕਿਉਂ ਕੀਤੀ? ਕੀ ਸਦੀਆਂ ਤੋਂ ਦੁੱਖਾਂ-ਤਕਲੀਫ਼ਾਂ ਦੇ ਸਾਏ ਹੇਠ ਜੀ ਰਹੇ ਲੋਕਾਂ ਦੀ ਹਾਲਤ ਇਹ ਸਾਬਤ ਕਰਦੀ ਹੈ ਕਿ ਰੱਬ ਨੂੰ ਸਾਡੀ ਕੋਈ ਪਰਵਾਹ ਨਹੀਂ ਹੈ ਜਾਂ ਉਹ ਹੈ ਹੀ ਨਹੀਂ?

[ਸਵਾਲ]