Skip to content

Skip to table of contents

ਪਰਮੇਸ਼ੁਰ ਦੀ ਮਰਜ਼ੀ ਜ਼ਰੂਰ ਪੂਰੀ ਹੋਵੇਗੀ

ਪਰਮੇਸ਼ੁਰ ਦੀ ਮਰਜ਼ੀ ਜ਼ਰੂਰ ਪੂਰੀ ਹੋਵੇਗੀ

ਅੱਠਵਾਂ ਭਾਗ

ਪਰਮੇਸ਼ੁਰ ਦੀ ਮਰਜ਼ੀ ਜ਼ਰੂਰ ਪੂਰੀ ਹੋਵੇਗੀ

1, 2. ਦੁੱਖਾਂ ਨੂੰ ਖ਼ਤਮ ਕਰਨ ਵਾਸਤੇ ਪਰਮੇਸ਼ੁਰ ਨੇ ਕੀ ਪ੍ਰਬੰਧ ਕੀਤਾ ਹੈ?

ਸਦੀਆਂ ਤੋਂ ਚੱਲ ਰਹੀ ਬਾਗ਼ੀ ਇਨਸਾਨਾਂ ਅਤੇ ਦੂਤਾਂ ਦੀ ਹਕੂਮਤ ਇਨਸਾਨ ਨੂੰ ਦੁੱਖਾਂ-ਤਕਲੀਫ਼ਾਂ ਦੀ ਖਾਈ ਵਿਚ ਖਿੱਚੀ ਜਾ ਰਹੀ ਹੈ। ਫਿਰ ਵੀ, ਪਰਮੇਸ਼ੁਰ ਨੇ ਸਾਡੇ ਦੁੱਖਾਂ ਨੂੰ ਅਣਗੌਲਿਆਂ ਨਹੀਂ ਕੀਤਾ ਹੈ। ਇਸ ਦੀ ਬਜਾਇ, ਬੀਤੇ ਹਜ਼ਾਰਾਂ ਸਾਲਾਂ ਦੌਰਾਨ ਉਹ ਇਨਸਾਨ ਨੂੰ ਦੁਸ਼ਟਤਾ ਅਤੇ ਦੁੱਖਾਂ ਦੇ ਪੰਜੇ ਵਿੱਚੋਂ ਛੁਡਾਉਣ ਦੇ ਪ੍ਰਬੰਧ ਕਰਦਾ ਆਇਆ ਹੈ।

2 ਅਦਨ ਦੇ ਬਾਗ਼ ਵਿਚ ਬਗਾਵਤ ਹੋਣ ਤੋਂ ਬਾਅਦ ਪਰਮੇਸ਼ੁਰ ਨੇ ਤੁਰੰਤ ਆਪਣੀ ਸਰਕਾਰ ਖੜ੍ਹੀ ਕਰਨ ਬਾਰੇ ਦੱਸਣਾ ਸ਼ੁਰੂ ਕੀਤਾ ਜੋ ਉਸ ਦੀ ਮਰਜ਼ੀ ਪੂਰੀ ਕਰੇਗੀ। (ਉਤਪਤ 3:15) ਜਦ ਯਿਸੂ ਧਰਤੀ ਉੱਤੇ ਆਇਆ, ਤਾਂ ਉਸ ਨੇ ਪਰਮੇਸ਼ੁਰ ਦੀ ਇਸ ਸਰਕਾਰ ਨੂੰ ਆਪਣੀ ਸਿੱਖਿਆ ਦਾ ਖ਼ਾਸ ਵਿਸ਼ਾ ਬਣਾਇਆ। ਉਸ ਨੇ ਕਿਹਾ ਕਿ ਇਹ ਸਰਕਾਰ ਮਨੁੱਖਜਾਤੀ ਦੀ ਇੱਕੋ-ਇਕ ਉਮੀਦ ਹੋਵੇਗੀ।—ਦਾਨੀਏਲ 2:44; ਮੱਤੀ 6:9, 10; 12:21.

3. ਯਿਸੂ ਨੇ ਧਰਤੀ ਉੱਤੇ ਆਉਣ ਵਾਲੀ ਸਰਕਾਰ ਨੂੰ ਕੀ ਕਿਹਾ ਸੀ ਅਤੇ ਕਿਉਂ?

3 ਯਿਸੂ ਨੇ ਇਸ ਸਰਕਾਰ ਨੂੰ “ਸੁਰਗ ਦਾ ਰਾਜ” ਆਖਿਆ ਕਿਉਂਕਿ ਇਸ ਸਰਕਾਰ ਨੇ ਸਵਰਗ ਤੋਂ ਰਾਜ ਕਰਨਾ ਸੀ। (ਮੱਤੀ 4:17) ਉਸ ਨੇ ਇਸ ਨੂੰ “ਪਰਮੇਸ਼ੁਰ ਦਾ ਰਾਜ” ਵੀ ਆਖਿਆ ਕਿਉਂਕਿ ਪਰਮੇਸ਼ੁਰ ਇਹ ਸਰਕਾਰ ਖੜ੍ਹੀ ਕਰੇਗਾ। (ਲੂਕਾ 17:20) ਸਦੀਆਂ ਦੌਰਾਨ ਪਰਮੇਸ਼ੁਰ ਨੇ ਬਾਈਬਲ ਦੇ ਲੇਖਕਾਂ ਦੁਆਰਾ ਇਸ ਸਰਕਾਰ ਦੇ ਸਾਰੇ ਕੰਮਾਂ ਬਾਰੇ ਅਤੇ ਉਨ੍ਹਾਂ ਲੋਕਾਂ ਬਾਰੇ ਭਵਿੱਖਬਾਣੀਆਂ ਲਿਖਵਾਈਆਂ ਜਿਹੜੇ ਇਸ ਸਰਕਾਰ ਵਿਚ ਸ਼ਾਮਲ ਹੋਣਗੇ।

ਧਰਤੀ ਦਾ ਨਵਾਂ ਰਾਜਾ

4, 5. ਪਰਮੇਸ਼ੁਰ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਸ ਨੇ ਯਿਸੂ ਨੂੰ ਸਵਰਗੀ ਰਾਜ ਦਾ ਰਾਜਾ ਬਣਾਇਆ ਸੀ?

4 ਪਰਮੇਸ਼ੁਰ ਨੇ ਇਸ ਬਾਰੇ ਕਈ ਭਵਿੱਖਬਾਣੀਆਂ ਕੀਤੀਆਂ ਸਨ ਕਿ ਉਸ ਦੇ ਰਾਜ ਦਾ ਰਾਜਾ ਕੌਣ ਬਣੇਗਾ। ਅੱਜ ਤੋਂ ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਯਿਸੂ ਨੇ ਇਹ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਕੀਤੀਆਂ। ਇਸ ਤਰ੍ਹਾਂ ਉਸ ਨੇ ਸਾਬਤ ਕੀਤਾ ਕਿ ਪਰਮੇਸ਼ੁਰ ਨੇ ਉਸ ਨੂੰ ਸਾਰੀ ਮਨੁੱਖਜਾਤੀ ਦਾ ਰਾਜਾ ਬਣਨ ਲਈ ਚੁਣਿਆ ਸੀ। ਉਸ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਉਸ ਨੂੰ ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਦੇ ਰੂਪ ਵਿਚ ਮੁੜ ਜੀਉਂਦਾ ਕੀਤਾ ਸੀ। ਬਹੁਤ ਲੋਕਾਂ ਨੇ ਉਸ ਨੂੰ ਮੁੜ ਜੀਉਂਦਾ ਹੋਣ ਤੋਂ ਬਾਅਦ ਦੇਖਿਆ ਸੀ।—ਰਸੂਲਾਂ ਦੇ ਕਰਤੱਬ 4:10; 9:1-9; ਰੋਮੀਆਂ 1:1-4; 1 ਕੁਰਿੰਥੀਆਂ 15:3-8.

5 ਫਿਰ ਯਿਸੂ “ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” (ਇਬਰਾਨੀਆਂ 10:12) ਇਸ ਤੋਂ ਬਾਅਦ ਉਸ ਨੇ ਉਸ ਸਮੇਂ ਦੀ ਉਡੀਕ ਕੀਤੀ ਜਦੋਂ ਪਰਮੇਸ਼ੁਰ ਉਸ ਨੂੰ ਆਪਣੇ ਸਵਰਗੀ ਰਾਜ ਦਾ ਰਾਜਾ ਬਣਾਵੇਗਾ। ਇਸ ਨਾਲ ਜ਼ਬੂਰ 110:1 ਵਿਚ ਦਰਜ ਭਵਿੱਖਬਾਣੀ ਪੂਰੀ ਹੋਈ। ਇੱਥੇ ਪਰਮੇਸ਼ੁਰ ਉਸ ਨੂੰ ਆਖਦਾ ਹੈ: “ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।”

6. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨ ਦੇ ਯੋਗ ਸੀ?

6 ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਦਾ ਰਾਜਾ ਬਣਨ ਦੇ ਯੋਗ ਸੀ। ਉਸ ਨੇ ਅਤਿਆਚਾਰ ਸਹੇ, ਪਰ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਨਹੀਂ ਤੋੜੀ। ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਸ਼ਤਾਨ ਦਾ ਇਹ ਦਾਅਵਾ ਝੂਠਾ ਸੀ ਕਿ ਪਰੀਖਿਆ ਵਿਚ ਕੋਈ ਵੀ ਇਨਸਾਨ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹੇਗਾ। ਯਿਸੂ ਆਦਮ ਵਾਂਗ ਮੁਕੰਮਲ ਸੀ। ਉਸ ਨੇ ਆਪਣੀ ਵਫ਼ਾਦਾਰੀ ਰਾਹੀਂ ਸਾਬਤ ਕੀਤਾ ਕਿ ਪਰਮੇਸ਼ੁਰ ਨੇ ਮੁਕੰਮਲ ਇਨਸਾਨਾਂ ਦੀ ਸਿਰਜਣਾ ਕਰਨ ਵਿਚ ਕੋਈ ਗ਼ਲਤੀ ਨਹੀਂ ਕੀਤੀ ਸੀ।—1 ਕੁਰਿੰਥੀਆਂ 15:22, 45; ਮੱਤੀ 4:1-11.

7, 8. ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਕਿਹੜੇ ਚੰਗੇ ਕੰਮ ਕੀਤੇ ਸਨ ਅਤੇ ਇਨ੍ਹਾਂ ਰਾਹੀਂ ਉਸ ਨੇ ਕੀ ਦਿਖਾਇਆ?

7 ਕਿਹੜੇ ਰਾਜੇ ਨੇ ਕਦੇ ਇੰਨੇ ਚੰਗੇ ਕੰਮ ਕੀਤੇ ਜਿੰਨੇ ਯਿਸੂ ਨੇ ਧਰਤੀ ਉੱਤੇ ਆਪਣੀ ਕੁਝ ਹੀ ਸਾਲਾਂ ਦੀ ਸੇਵਕਾਈ ਵਿਚ ਕੀਤੇ ਸਨ? ਪਰਮੇਸ਼ੁਰ ਦੀ ਸ਼ਕਤੀ ਨਾਲ ਯਿਸੂ ਨੇ ਬੀਮਾਰਾਂ, ਲੰਗੜਿਆਂ, ਅੰਨ੍ਹਿਆਂ, ਬੋਲਿਆਂ ਅਤੇ ਗੁੰਗਿਆਂ ਨੂੰ ਚੰਗਾ ਕੀਤਾ ਸੀ। ਉਸ ਨੇ ਮਰੇ ਹੋਇਆਂ ਨੂੰ ਵੀ ਜੀਉਂਦਾ ਕੀਤਾ ਸੀ! ਉਸ ਨੇ ਛੋਟੇ ਪੈਮਾਨੇ ਤੇ ਇਹ ਸਭ ਕੰਮ ਕਰ ਕੇ ਦਿਖਾਇਆ ਕਿ ਜਦੋਂ ਉਹ ਆਪਣਾ ਰਾਜ ਸ਼ੁਰੂ ਕਰੇਗਾ, ਤਾਂ ਉਹ ਪੂਰੀ ਦੁਨੀਆਂ ਵਿਚ ਇਹ ਸਭ ਕੰਮ ਕਰੇਗਾ।—ਮੱਤੀ 15:30, 31; ਲੂਕਾ 7:11-16.

8 ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਵੇਲੇ ਉਸ ਨੇ ਇੰਨੇ ਸਾਰੇ ਚੰਗੇ ਕੰਮ ਕੀਤੇ ਸਨ ਕਿ ਉਸ ਦੇ ਚੇਲੇ ਯੂਹੰਨਾ ਨੇ ਆਖਿਆ: “ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਓਹ ਸੱਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਓਹ ਜਗਤ ਵਿੱਚ ਭੀ ਨਾ ਸਮਾਉਂਦੀਆਂ।”—ਯੂਹੰਨਾ 21:25. *

9. ਨੇਕਦਿਲ ਲੋਕ ਯਿਸੂ ਕੋਲ ਕਿਉਂ ਆਉਂਦੇ ਸਨ?

9 ਯਿਸੂ ਨਰਮ-ਦਿਲ ਇਨਸਾਨ ਸੀ ਅਤੇ ਉਹ ਲੋਕਾਂ ਨਾਲ ਬਹੁਤ ਪਿਆਰ ਕਰਦਾ ਸੀ। ਉਹ ਗ਼ਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਮਦਦ ਕਰਦਾ ਸੀ, ਪਰ ਉਹ ਦੌਲਤਮੰਦਾਂ ਅਤੇ ਉੱਚੀ ਪਦਵੀ ਵਾਲਿਆਂ ਨਾਲ ਵੀ ਕਿਸੇ ਕਿਸਮ ਦਾ ਭੇਦ-ਭਾਵ ਨਹੀਂ ਕਰਦਾ ਸੀ। ਯਿਸੂ ਨੇ ਨੇਕਦਿਲ ਲੋਕਾਂ ਨੂੰ ਪਿਆਰ ਨਾਲ ਇਹ ਸੱਦਾ ਦਿੱਤਾ: “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ। ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:28-30) ਪਰਮੇਸ਼ੁਰ ਦਾ ਡਰ ਰੱਖਣ ਵਾਲੇ ਲੋਕ ਉਸ ਕੋਲ ਆਉਂਦੇ ਸਨ ਅਤੇ ਉਸ ਦੇ ਰਾਜ ਦੀ ਉਡੀਕ ਕਰਦੇ ਸਨ।—ਯੂਹੰਨਾ 12:19.

ਯਿਸੂ ਦੇ ਨਾਲ ਰਾਜ ਕਰਨ ਵਾਲੇ

10, 11. ਯਿਸੂ ਨਾਲ ਹੋਰ ਕੌਣ ਲੋਕ ਧਰਤੀ ਉੱਤੇ ਰਾਜ ਕਰਨਗੇ?

10 ਜਿਵੇਂ ਇਨਸਾਨੀ ਸਰਕਾਰਾਂ ਵਿਚ ਵੱਖੋ-ਵੱਖ ਕੰਮ ਕਰਨ ਲਈ ਮੰਤਰੀ ਹੁੰਦੇ ਹਨ, ਇਸੇ ਤਰ੍ਹਾਂ ਯਿਸੂ ਤੋਂ ਇਲਾਵਾ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਹੋਰ ਲੋਕ ਵੀ ਮਨੁੱਖਜਾਤੀ ਉੱਤੇ ਰਾਜ ਕਰਨਗੇ। ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਦੇ ਨਾਲ ਰਾਜੇ ਬਣਨਗੇ।—ਯੂਹੰਨਾ 14:2, 3; ਪਰਕਾਸ਼ ਦੀ ਪੋਥੀ 5:10; 20:6.

11 ਇਸ ਲਈ, ਕੁਝ ਹੀ ਲੋਕ ਮਰਨ ਤੋਂ ਬਾਅਦ ਸਵਰਗ ਲਿਜਾਏ ਜਾਣਗੇ। ਉਹ ਪਰਮੇਸ਼ੁਰ ਦੀ ਸਰਕਾਰ ਦਾ ਹਿੱਸਾ ਬਣ ਕੇ ਮਨੁੱਖਜਾਤੀ ਉੱਤੇ ਬਰਕਤਾਂ ਵਰਸਾਉਣਗੇ। (2 ਕੁਰਿੰਥੀਆਂ 4:14; ਪਰਕਾਸ਼ ਦੀ ਪੋਥੀ 14:1-3) ਪਰਮੇਸ਼ੁਰ ਕਈ ਸਦੀਆਂ ਤੋਂ ਇਸ ਸਰਕਾਰ ਦੀ ਤਿਆਰੀ ਕਰਦਾ ਆਇਆ ਹੈ।

ਇਨਸਾਨ ਦਾ ਸ਼ਾਸਨ ਖ਼ਤਮ ਹੋਵੇਗਾ

12, 13. ਪਰਮੇਸ਼ੁਰ ਦੇ ਰਾਜ ਦਾ ਰਾਜਾ ਹੁਣ ਕੀ ਕਰਨ ਲਈ ਤਿਆਰ ਖੜ੍ਹਾ ਹੈ?

12 ਪਿਛਲੀ ਸਦੀ ਵਿਚ ਪਰਮੇਸ਼ੁਰ ਨੇ ਧਰਤੀ ਦੇ ਮਾਮਲਿਆਂ ਨੂੰ ਆਪਣੇ ਹੱਥ ਵਿਚ ਲੈ ਲਿਆ ਸੀ। ਜਿਵੇਂ ਇਸ ਬਰੋਸ਼ਰ ਦੇ 9ਵੇਂ ਭਾਗ ਵਿਚ ਦੱਸਿਆ ਹੈ, ਬਾਈਬਲ ਦੀਆਂ ਭਵਿੱਖਬਾਣੀਆਂ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਸਥਾਪਿਤ ਹੋਇਆ ਸੀ। ਹੁਣ ਯਿਸੂ ਮਸੀਹ “ਆਪਣੇ ਵੈਰੀਆਂ ਦੇ ਵਿਚਕਾਰ ਰਾਜ” ਕਰ ਰਿਹਾ ਹੈ ਅਤੇ ਉਹ ਸ਼ਤਾਨ ਦੀ ਸਾਰੀ ਦੁਨੀਆਂ ਨੂੰ ਕੁਚਲਣ ਲਈ ਤਿਆਰ ਖੜ੍ਹਾ ਹੈ।—ਜ਼ਬੂਰਾਂ ਦੀ ਪੋਥੀ 110:2.

13 ਇਸ ਸੰਬੰਧ ਵਿਚ ਦਾਨੀਏਲ 2:44 ਦੀ ਭਵਿੱਖਬਾਣੀ ਆਖਦੀ ਹੈ: “ਉਨ੍ਹਾਂ ਰਾਜਿਆਂ ਦੇ ਦਿਨਾਂ ਵਿੱਚ [ਯਾਨੀ ਸਾਡੇ ਜ਼ਮਾਨੇ ਵਿਚ] ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”

14. ਇਨਸਾਨੀ ਸ਼ਾਸਨ ਦੇ ਖ਼ਤਮ ਹੋਣ ਤੇ ਮਨੁੱਖਜਾਤੀ ਨੂੰ ਕਿਹੜੇ ਕੁਝ ਲਾਭ ਹੋਣਗੇ?

14 ਇਨਸਾਨ ਦਾ ਸ਼ਾਸਨ ਖ਼ਤਮ ਕਰਨ ਤੋਂ ਬਾਅਦ ਸਾਰੀ ਧਰਤੀ ਉੱਤੇ ਪਰਮੇਸ਼ੁਰ ਦਾ ਰਾਜ ਹੋਵੇਗਾ। ਹਕੂਮਤ ਦੀ ਵਾਗਡੋਰ ਸਵਰਗ ਵਿਚ ਪਰਮੇਸ਼ੁਰ ਦੇ ਹੱਥਾਂ ਵਿਚ ਹੋਵੇਗੀ। ਇਸ ਲਈ ਕੋਈ ਵੀ ਇਨਸਾਨ ਇਸ ਰਾਜ ਦੇ ਰਾਜਿਆਂ ਨੂੰ ਭ੍ਰਿਸ਼ਟ ਨਹੀਂ ਕਰ ਪਾਵੇਗਾ। ਪਰਮੇਸ਼ੁਰ ਦੇ ਰਾਜ ਅਧੀਨ ਕੋਈ ਵੀ ਇਨਸਾਨ ਗ਼ਲਤ ਧਾਰਮਿਕ ਸਿੱਖਿਆਵਾਂ ਜਾਂ ਇਨਸਾਨੀ ਫ਼ਲਸਫ਼ਿਆਂ ਅਤੇ ਰਾਜਨੀਤਿਕ ਸਕੀਮਾਂ ਦੁਆਰਾ ਭਰਮਾਇਆ ਨਹੀਂ ਜਾਵੇਗਾ। ਅਜਿਹੀ ਕੋਈ ਵੀ ਚੀਜ਼ ਰਹਿਣ ਨਹੀਂ ਦਿੱਤੀ ਜਾਵੇਗੀ।—ਮੱਤੀ 7:15-23; ਪਰਕਾਸ਼ ਦੀ ਪੋਥੀ, 17 ਤੋਂ 19 ਅਧਿਆਇ

[ਫੁਟਨੋਟ]

^ ਪੈਰਾ 8 ਯਿਸੂ ਦੇ ਜੀਵਨ ਬਾਰੇ ਪੂਰੀ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਦੇਖੋ।

[ਸਵਾਲ]

[ਸਫ਼ਾ 18 ਉੱਤੇ ਤਸਵੀਰ]

ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਬੀਮਾਰਾਂ ਨੂੰ ਚੰਗਾ ਕਰ ਕੇ ਅਤੇ ਮਰੇ ਹੋਇਆਂ ਨੂੰ ਜੀਉਂਦਾ ਕਰ ਕੇ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਵਿਚ ਕੀ ਕਰੇਗਾ

[ਸਫ਼ਾ 19 ਉੱਤੇ ਤਸਵੀਰ]

ਪਰਮੇਸ਼ੁਰ ਦਾ ਰਾਜ ਇਨਸਾਨਾਂ ਦੇ ਸ਼ਾਸਨ ਦਾ ਖ਼ਾਤਮਾ ਕਰ ਦੇਵੇਗਾ