ਪਰਮੇਸ਼ੁਰ ਦੀ ਸੋਹਣੀ ਨਵੀਂ ਦੁਨੀਆਂ
ਦਸਵਾਂ ਭਾਗ
ਪਰਮੇਸ਼ੁਰ ਦੀ ਸੋਹਣੀ ਨਵੀਂ ਦੁਨੀਆਂ
1, 2. ਆਰਮਾਗੇਡਨ ਵਿਚ ਬੁਰਾਈ ਦਾ ਸਫ਼ਾਇਆ ਹੋਣ ਤੋਂ ਬਾਅਦ ਕੀ ਹੋਵੇਗਾ?
ਆਰਮਾਗੇਡਨ ਦੇ ਯੁੱਧ ਵਿਚ ਦੁਸ਼ਟਤਾ ਦਾ ਸਫ਼ਾਇਆ ਕਰਨ ਤੋਂ ਬਾਅਦ ਕੀ ਹੋਵੇਗਾ? ਇਕ ਨਵਾਂ ਸ਼ਾਨਦਾਰ ਯੁੱਗ ਸ਼ੁਰੂ ਹੋਵੇਗਾ। ਆਰਮਾਗੇਡਨ ਦੇ ਯੁੱਧ ਵਿੱਚੋਂ ਬਚੇ ਵਫ਼ਾਦਾਰ ਲੋਕਾਂ ਨੂੰ ਨਵੀਂ ਦੁਨੀਆਂ ਵਿਚ ਲਿਆਂਦਾ ਜਾਵੇਗਾ। ਕਿੰਨਾ ਸੋਹਣਾ ਹੋਵੇਗਾ ਉਹ ਸਮਾਂ ਜਦ ਇਨਸਾਨ ਪਰਮੇਸ਼ੁਰ ਦੀਆਂ ਬਰਕਤਾਂ ਨਾਲ ਨਿਹਾਲ ਹੋਣਗੇ!
2 ਪਰਮੇਸ਼ੁਰ ਦੇ ਰਾਜ ਅਧੀਨ ਵਫ਼ਾਦਾਰ ਲੋਕ ਸਾਰੀ ਧਰਤੀ ਨੂੰ ਸੋਹਣੇ ਬਾਗ਼ ਵਰਗੀ ਬਣਾਉਣੀ ਸ਼ੁਰੂ ਕਰਨਗੇ। ਉਹ ਆਪਣੀ ਤਾਕਤ ਚੰਗੇ ਕੰਮਾਂ ਵਿਚ ਲਗਾਉਣਗੇ ਜਿਨ੍ਹਾਂ ਤੋਂ ਸਾਰਿਆਂ ਨੂੰ ਫ਼ਾਇਦਾ ਹੋਵੇਗਾ। ਇਨਸਾਨ ਪਿਆਰ ਨਾਲ ਵੱਸਣਗੇ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਸੁਖ-ਸ਼ਾਂਤੀ ਹੋਵੇਗੀ।
ਧਾਰਮਿਕਤਾ ਦਾ ਬੋਲਬਾਲਾ ਹੋਵੇਗਾ
3. ਆਰਮਾਗੇਡਨ ਤੋਂ ਬਾਅਦ ਸਾਨੂੰ ਰਾਹਤ ਕਿਵੇਂ ਮਿਲੇਗੀ?
3 ਇਹ ਸਭ ਕੁਝ ਹੋਣ ਲਈ ਸ਼ਤਾਨ ਦੀ ਦੁਨੀਆਂ ਦਾ ਨਾਸ਼ ਹੋਣਾ ਜ਼ਰੂਰੀ ਹੈ। ਦੁਨੀਆਂ ਵਿਚ ਫੁੱਟਾਂ ਪਾਉਣ ਵਾਲੇ ਧਰਮ ਤੇ ਸਰਕਾਰਾਂ ਨਹੀਂ ਹੋਣਗੀਆਂ। ਸਮਾਜ ਵਿਚ ਕੋਈ ਊਚ-ਨੀਚ ਨਹੀਂ ਹੋਵੇਗੀ। ਸ਼ਤਾਨ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਭਰਮਾ ਨਹੀਂ ਸਕੇਗਾ। ਜੋ ਲੋਕ ਸ਼ਤਾਨ ਦੀਆਂ ਗ਼ਲਤ ਗੱਲਾਂ ਫੈਲਾਉਂਦੇ ਹਨ, ਉਹ ਵੀ ਸ਼ਤਾਨ ਦੀ ਦੁਨੀਆਂ ਦੇ ਨਾਲ ਹੀ ਖ਼ਤਮ ਹੋ ਜਾਣਗੇ। ਜ਼ਰਾ ਉਸ ਸਮੇਂ ਦੀ ਕਲਪਨਾ ਕਰੋ ਜਦੋਂ ਸ਼ਤਾਨ ਦੀ ਦੁਨੀਆਂ ਦਾ ਸਾਰੇ ਦਾ ਸਾਰਾ ਜ਼ਹਿਰੀਲਾ ਮਾਹੌਲ ਸਾਫ਼ ਕਰ ਦਿੱਤਾ ਜਾਵੇਗਾ! ਕਿੰਨੀ ਰਾਹਤ ਮਿਲੇਗੀ ਸਾਨੂੰ ਉਸ ਵੇਲੇ!
4. ਨਵੀਂ ਦੁਨੀਆਂ ਵਿਚ ਲੋਕਾਂ ਨੂੰ ਕਿਹੋ ਜਿਹੀ ਸਿੱਖਿਆ ਦਿੱਤੀ ਜਾਵੇਗੀ?
4 ਫਿਰ ਇਨਸਾਨ ਦੀ ਗ਼ਲਤ ਸਿੱਖਿਆ ਖ਼ਤਮ ਹੋ ਜਾਵੇਗੀ ਅਤੇ ਪਰਮੇਸ਼ੁਰ ਸਾਰਿਆਂ ਨੂੰ ਲਾਭਦਾਇਕ ਸਿੱਖਿਆ ਦੇਵੇਗਾ। ਬਾਈਬਲ ਕਹਿੰਦੀ ਹੈ: “ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ।” (ਯਸਾਯਾਹ 54:13) ਇਹ ਸਿੱਖਿਆ ਲਗਾਤਾਰ ਮਿਲਦੀ ਰਹੇਗੀ ਜਿਸ ਕਰਕੇ ਪੂਰੀ “ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਹੋਇਆ ਹੈ।” (ਯਸਾਯਾਹ 11:9) ਫਿਰ ਬੁਰੇ ਕੰਮ ਸਿੱਖਣ ਦੀ ਬਜਾਇ ‘ਜਗਤ ਦੇ ਵਾਸੀ ਧਰਮ ਸਿੱਖਣਗੇ।’ (ਯਸਾਯਾਹ 26:9) ਨਤੀਜੇ ਵਜੋਂ ਲੋਕਾਂ ਦੇ ਵਿਚਾਰ ਅਤੇ ਕੰਮ ਸਾਫ਼-ਸੁਥਰੇ ਤੇ ਸ਼ੁੱਧ ਹੋਣਗੇ।—ਰਸੂਲਾਂ ਦੇ ਕਰਤੱਬ 17:31; ਫ਼ਿਲਿੱਪੀਆਂ 4:8.
5. ਬੁਰਾਈ ਅਤੇ ਦੁਸ਼ਟ ਲੋਕਾਂ ਦਾ ਕੀ ਬਣੇਗਾ?
5 ਇਸ ਤਰ੍ਹਾਂ ਕਤਲਾਂ, ਹਿੰਸਾ, ਬਲਾਤਕਾਰਾਂ, ਲੁੱਟਾਂ-ਮਾਰਾਂ ਤੇ ਹੋਰ ਸਾਰੇ ਜੁਰਮਾਂ ਦਾ ਸਿਲਸਿਲਾ ਖ਼ਤਮ ਹੋ ਜਾਵੇਗਾ। ਲੋਕਾਂ ਨੂੰ ਦੂਸਰਿਆਂ ਦੇ ਮਾੜੇ ਕੰਮਾਂ ਦੇ ਮਾੜੇ ਨਤੀਜੇ ਨਹੀਂ ਭੁਗਤਣੇ ਪੈਣਗੇ। ਕਹਾਉਤਾਂ 10:30 ਵਿਚ ਆਖਿਆ ਗਿਆ ਹੈ: “ਧਰਮੀ ਤਾਂ ਸਦਾ ਅਟੱਲ ਰਹਿਣਗੇ, ਪਰ ਦੁਸ਼ਟ ਧਰਤੀ ਉੱਤੇ ਨਾ ਵੱਸਣਗੇ।”
ਸਾਰੇ ਇਨਸਾਨ ਸਿਹਤਮੰਦ ਹੋਣਗੇ
6, 7. (ੳ) ਪਰਮੇਸ਼ੁਰ ਦੇ ਰਾਜ ਅਧੀਨ ਬੀਮਾਰੀ ਤੇ ਮੌਤ ਨਾਲ ਕੀ ਹੋਵੇਗਾ? (ਅ) ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਬੀਮਾਰਾਂ ਲਈ ਕੀ ਕੀਤਾ ਸੀ?
6 ਆਦਮ ਤੇ ਹੱਵਾਹ ਦੀ ਬਗਾਵਤ ਦੇ ਮਾੜੇ ਨਤੀਜਿਆਂ ਨੂੰ ਨਵੀਂ ਦੁਨੀਆਂ ਵਿਚ ਖ਼ਤਮ ਕੀਤਾ ਜਾਵੇਗਾ। ਉਦਾਹਰਣ ਲਈ, ਪਰਮੇਸ਼ੁਰ ਬੀਮਾਰੀਆਂ ਅਤੇ ਬੁਢਾਪੇ ਨੂੰ ਖ਼ਤਮ ਕਰ ਦੇਵੇਗਾ। ਅੱਜ-ਕੱਲ੍ਹ ਭਾਵੇਂ ਅਸੀਂ ਕਾਫ਼ੀ ਹੱਦ ਤਕ ਸਿਹਤਮੰਦ ਹੋਈਏ, ਫਿਰ ਵੀ ਇਸ ਹਕੀਕਤ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਅਸੀਂ ਬੁੱਢੇ ਹੋ ਜਾਵਾਂਗੇ, ਸਾਡੀਆਂ ਅੱਖਾਂ ਦੀ ਰੌਸ਼ਨੀ ਘੱਟ ਜਾਵੇਗੀ, ਸਾਡੇ ਦੰਦਾਂ ਨੂੰ ਕੀੜਾ ਲੱਗ ਜਾਵੇਗਾ, ਸਾਨੂੰ ਉੱਚਾ ਸੁਣਨ ਲੱਗ ਪਵੇਗਾ, ਸਾਡੇ ਝੁਰੜੀਆਂ ਪੈ ਜਾਣਗੀਆਂ, ਹੌਲੀ-ਹੌਲੀ ਸਾਡੇ ਅੰਦਰੂਨੀ ਅੰਗ ਕੰਮ ਕਰਨਾ ਬੰਦ ਕਰ ਦੇਣਗੇ ਤੇ ਇਕ ਦਿਨ ਅਸੀਂ ਮਰ ਜਾਵਾਂਗੇ।
7 ਪਰ ਸਾਡੇ ਪਹਿਲੇ ਮਾਂ-ਬਾਪ ਤੋਂ ਮਿਲੇ ਇਨ੍ਹਾਂ ਸਾਰੇ ਦੁੱਖਾਂ ਤੋਂ ਸਾਨੂੰ ਯਿਸੂ ਛੁਟਕਾਰਾ ਦੇਵੇਗਾ। ਕੀ ਤੁਹਾਨੂੰ ਯਾਦ ਹੈ ਕਿ ਜਦੋਂ ਯਿਸੂ ਧਰਤੀ ਉੱਤੇ ਸੀ, ਉਸ ਨੇ ਬੀਮਾਰਾਂ ਲਈ ਕੀ ਕੀਤਾ ਸੀ? ਬਾਈਬਲ ਦੱਸਦੀ ਹੈ: ‘ਬਹੁਤ ਟੋਲੀਆਂ ਲੰਙਿਆਂ, ਅੰਨ੍ਹਿਆਂ, ਗੁੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈਕੇ ਉਹ ਦੇ ਕੋਲ ਆਈਆਂ ਅਤੇ ਉਨ੍ਹਾਂ ਨੂੰ ਉਹ ਦੇ ਚਰਨਾਂ ਉੱਤੇ ਪਾਇਆ ਅਰ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ। ਐਥੋਂ ਤੋੜੀ ਕਿ ਜਾਂ ਲੋਕਾਂ ਨੇ ਵੇਖਿਆ ਜੋ ਗੁੰਗੇ ਬੋਲਦੇ, ਟੁੰਡੇ ਚੰਗੇ ਹੁੰਦੇ ਅਤੇ ਲੰਙੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ।’—ਮੱਤੀ 15:30, 31.
8, 9. ਉਸ ਖ਼ੁਸ਼ੀ ਬਾਰੇ ਦੱਸੋ ਜਦ ਨਵੀਂ ਦੁਨੀਆਂ ਵਿਚ ਲੋਕ ਪੂਰੀ ਤਰ੍ਹਾਂ ਸਿਹਤਮੰਦ ਹੋਣਗੇ।
8 ਨਵੀਂ ਦੁਨੀਆਂ ਵਿਚ ਬੀਮਾਰੀਆਂ ਖ਼ਤਮ ਹੋਣ ਨਾਲ ਸਾਰੇ ਕਿੰਨੇ ਖ਼ੁਸ਼ ਹੋਣਗੇ! ਫਿਰ ਕਦੇ ਵੀ ਸਾਨੂੰ ਮਾੜੀ ਸਿਹਤ ਦਾ ਸੰਤਾਪ ਨਹੀਂ ਝੱਲਣਾ ਪਵੇਗਾ। “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।”—ਯਸਾਯਾਹ 33:24; 35:5, 6.
9 ਰੋਜ਼ ਸਵੇਰੇ ਉੱਠਣ ਤੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਹਾਡੀ ਸਿਹਤ ਨਰੋਈ ਹੁੰਦੀ ਜਾ ਰਹੀ ਹੈ। ਕਿੰਨੀ ਖ਼ੁਸ਼ੀ ਹੋਵੇਗੀ ਉਸ ਵੇਲੇ! ਬੁੱਢੇ ਲੋਕ ਮੁੜ ਜਵਾਨ ਹੋਣਗੇ ਤੇ ਪੂਰੀ ਤਰ੍ਹਾਂ ਸਿਹਤਮੰਦ ਹੋ ਜਾਣਗੇ ਜਿਵੇਂ ਸ਼ੁਰੂ ਵਿਚ ਆਦਮ ਅਤੇ ਹੱਵਾਹ ਸਨ। ਬਾਈਬਲ ਵਾਅਦਾ ਕਰਦੀ ਹੈ: “ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ, ਉਹ ਆਪਣੀ ਜੁਆਨੀ ਵੱਲ ਮੁੜ ਆਊਗਾ।” (ਅੱਯੂਬ 33:25) ਐਨਕਾਂ, ਕੰਨ ਦੀਆਂ ਮਸ਼ੀਨਾਂ, ਫੌੜੀਆਂ, ਵੀਲ੍ਹ-ਚੇਅਰਾਂ ਤੇ ਦਵਾਈਆਂ ਸੁੱਟ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ! ਹਸਪਤਾਲਾਂ ਅਤੇ ਡਾਕਟਰਾਂ ਦੀ ਫਿਰ ਕਦੇ ਵੀ ਲੋੜ ਨਹੀਂ ਪਵੇਗੀ।
10. ਮੌਤ ਨੂੰ ਕੀ ਹੋਵੇਗਾ?
10 ਸਿਹਤਮੰਦ ਲੋਕ ਕਦੇ ਵੀ ਮਰਨਾ ਨਹੀਂ ਚਾਹੁਣਗੇ ਅਤੇ ਉਨ੍ਹਾਂ ਨੂੰ ਮਰਨਾ ਪਵੇਗਾ ਹੀ ਨਹੀਂ ਕਿਉਂਕਿ ਇਨਸਾਨ ਨੂੰ ਪਾਪ ਅਤੇ ਮੌਤ ਦੇ ਪੰਜੇ ਤੋਂ ਛੁਡਾ ਲਿਆ ਜਾਵੇਗਾ। “ਜਿੰਨਾ ਚਿਰ [ਮਸੀਹ] ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ। ਛੇਕੜਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ।” “ਪਰਮੇਸ਼ੁਰ ਦੀ ਬਖ਼ਸ਼ੀਸ਼ . . . ਸਦੀਪਕ ਜੀਵਨ ਹੈ।”—1 ਕੁਰਿੰਥੀਆਂ 15:25, 26; ਰੋਮੀਆਂ 6:23; ਯਸਾਯਾਹ 25:8.
11. ਪਰਕਾਸ਼ ਦੀ ਪੋਥੀ ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਕੀ ਕਹਿੰਦੀ ਹੈ?
11 ਪਰਮੇਸ਼ੁਰ ਮਨੁੱਖਜਾਤੀ ਨੂੰ ਨਵੀਂ ਦੁਨੀਆਂ ਵਿਚ ਜੋ ਬਰਕਤਾਂ ਦੇਵੇਗਾ, ਉਨ੍ਹਾਂ ਬਰਕਤਾਂ ਬਾਰੇ ਬਾਈਬਲ ਦੀ ਆਖ਼ਰੀ ਕਿਤਾਬ ਇਉਂ ਆਖਦੀ ਹੈ: “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.
ਮਰੇ ਹੋਏ ਲੋਕ ਮੁੜ ਜੀਉਂਦੇ ਹੋਣਗੇ
12. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਕਿ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਨੂੰ ਜੀਉਂਦਾ ਕਰਨ ਦੀ ਸ਼ਕਤੀ ਦਿੱਤੀ ਸੀ?
12 ਯਿਸੂ ਨੇ ਸਿਰਫ਼ ਬੀਮਾਰਾਂ ਅਤੇ ਲੰਗੜਿਆਂ ਨੂੰ ਹੀ ਚੰਗਾ ਨਹੀਂ ਕੀਤਾ ਸੀ। ਉਸ ਨੇ ਕੁਝ ਮਰੇ ਲੋਕਾਂ ਨੂੰ ਵੀ ਮੁੜ ਜੀਉਂਦਾ ਕੀਤਾ ਸੀ। ਇਹ ਕਰ ਕੇ ਉਸ ਨੇ ਦਿਖਾਇਆ ਕਿ ਪਰਮੇਸ਼ੁਰ ਨੇ ਉਸ ਨੂੰ ਮਰਿਆਂ ਹੋਇਆਂ ਨੂੰ ਮੁੜ ਜੀਉਂਦਾ ਕਰਨ ਦੀ ਸ਼ਕਤੀ ਦਿੱਤੀ ਸੀ। ਇਕ ਵਾਰ ਯਿਸੂ ਇਕ ਆਦਮੀ ਦੇ ਘਰ ਆਇਆ ਜਿਸ ਦੀ ਕੁੜੀ ਮਰ ਗਈ ਸੀ। ਯਿਸੂ ਨੇ ਮਰੀ ਹੋਈ ਕੁੜੀ ਨੂੰ ਆਖਿਆ: “ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ!” ਫਿਰ ਕੀ ਹੋਇਆ? “ਉਹ ਕੁੜੀ ਝੱਟ ਉੱਠ ਖੜੀ ਹੋਈ ਅਰ ਤੁਰਨ ਫਿਰਨ ਲੱਗੀ।” ਇਹ ਦੇਖ ਕੇ ਲੋਕ “ਵੱਡੇ ਅਚੰਭੇ ਵਿੱਚ ਆਣ ਕੇ ਹੈਰਾਨ ਹੋ ਗਏ।” ਉਹ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਏ!—ਮਰਕੁਸ 5:41, 42; ਲੂਕਾ 7:11-16; ਯੂਹੰਨਾ 11:1-45.
13. ਕਿਸ ਤਰ੍ਹਾਂ ਦੇ ਲੋਕਾਂ ਨੂੰ ਮੁੜ ਜੀ ਉਠਾਇਆ ਜਾਵੇਗਾ?
13 ਨਵੀਂ ਦੁਨੀਆਂ ਵਿਚ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਉਸ ਸਮੇਂ ਯਿਸੂ ਇਸ ਰੱਬੀ ਸ਼ਕਤੀ ਨੂੰ ਇਸਤੇਮਾਲ ਕਰ ਕੇ ਮਰੇ ਹੋਇਆਂ ਨੂੰ ਜੀਉਂਦਾ ਕਰੇਗਾ ਕਿਉਂਕਿ ਉਸ ਨੇ ਆਖਿਆ ਸੀ: “ਕਿਆਮਤ ਅਤੇ ਜੀਉਣ ਮੈਂ ਹਾਂ। ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ।” (ਯੂਹੰਨਾ 11:25) ਉਸ ਨੇ ਇਹ ਵੀ ਕਿਹਾ ਸੀ: “ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਆਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” ਜਿਹੜੇ ਵੀ ਲੋਕ ਮਰ ਚੁੱਕੇ ਹਨ, ਉਹ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਮੁੜ ਜੀਉਂਦਾ ਕੀਤਾ ਜਾਵੇਗਾ।—ਯੂਹੰਨਾ 5:28, 29.
14. ਮੌਤ ਖ਼ਤਮ ਹੋਣ ਦੇ ਨਾਲ ਹੀ ਕਿਹੜੀਆਂ ਚੀਜ਼ਾਂ ਖ਼ਤਮ ਹੋ ਜਾਣਗੀਆਂ?
14 ਦੁਨੀਆਂ ਵਿਚ ਹਰ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ ਜਦੋਂ ਮਰੇ ਹੋਏ ਲੋਕ ਮੁੜ ਜੀਉਂਦੇ ਹੋ ਕੇ ਆਪਣੇ ਪਿਆਰਿਆਂ ਦੇ ਗਲੇ ਲੱਗਣਗੇ! ਮਰਨ ਵਾਲੇ ਲੋਕਾਂ ਦੀਆਂ ਖ਼ਬਰਾਂ ਸੁਣਨ ਦੀ ਬਜਾਇ ਮੁੜ ਜੀ ਉੱਠੇ ਲੋਕਾਂ ਦੀਆਂ ਖ਼ਬਰਾਂ ਦਿੱਤੀਆਂ ਜਾਣਗੀਆਂ! ਜ਼ਰਾ ਸੋਚੋ ਕਿ ਇਹ ਖ਼ਬਰ ਸੁਣ ਕੇ ਉਨ੍ਹਾਂ ਦੇ ਮਿੱਤਰ-ਪਿਆਰੇ ਕਿੰਨੇ ਖ਼ੁਸ਼ ਹੋਣਗੇ!। ਫਿਰ ਕੋਈ ਦਾਹ-ਸੰਸਕਾਰ ਨਹੀਂ ਹੋਵੇਗਾ, ਕਦੇ ਕਿਸੇ ਦੀ ਚਿਤਾ ਨਹੀਂ ਜਲੇਗੀ, ਨਾ ਸਿਵੇ ਹੋਣਗੇ ਤੇ ਨਾ ਹੀ ਕਬਰਸਤਾਨ!
ਸੁਖ-ਸ਼ਾਂਤੀ ਨਾਲ ਭਰੀ ਦੁਨੀਆਂ
15. ਮੀਕਾਹ ਦੀ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ?
15 ਦੁਨੀਆਂ ਵਿਚ ਹਰ ਪਾਸੇ ਸ਼ਾਂਤੀ ਹੀ ਸ਼ਾਂਤੀ ਹੋਵੇਗੀ। ਯੁੱਧ ਅਤੇ ਯੁੱਧਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਲੋਕ ਨਹੀਂ ਰਹਿਣਗੇ ਅਤੇ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ। ਕਿਉਂ? ਕਿਉਂਕਿ ਕੌਮੀ ਅਤੇ ਨਸਲੀ ਝਗੜੇ ਖ਼ਤਮ ਹੋ ਚੁੱਕੇ ਮੀਕਾਹ 4:3.
ਹੋਣਗੇ। ਫਿਰ “ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਲੜਾਈ ਫੇਰ ਕਦੀ ਨਾ ਸਿੱਖਣਗੇ।”—16. ਪਰਮੇਸ਼ੁਰ ਦੁਨੀਆਂ ਵਿੱਚੋਂ ਯੁੱਧਾਂ ਨੂੰ ਕਿਵੇਂ ਖ਼ਤਮ ਕਰੇਗਾ?
16 ਇਨਸਾਨ ਦੇ ਖ਼ੂਨ ਨਾਲ ਰੰਗੇ ਇਤਿਹਾਸ ਨੂੰ ਦੇਖਦਿਆਂ ਕਈਆਂ ਨੂੰ ਇਨ੍ਹਾਂ ਸਭ ਗੱਲਾਂ ’ਤੇ ਵਿਸ਼ਵਾਸ ਕਰਨਾ ਸ਼ਾਇਦ ਔਖਾ ਲੱਗੇ। ਦੁਨੀਆਂ ਵਿਚ ਇਹ ਸਭ ਕੁਝ ਇਸ ਕਰਕੇ ਹੋਇਆ ਕਿਉਂਕਿ ਮਨੁੱਖਜਾਤੀ ਉੱਤੇ ਇਨਸਾਨਾਂ ਅਤੇ ਸ਼ਤਾਨ ਦਾ ਰਾਜ ਹੈ। ਨਵੀਂ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਅਧੀਨ ਇਸ ਤਰ੍ਹਾਂ ਹੋਵੇਗਾ: “ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ . . . ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ [ਯੁੱਧ ਦੇ] ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!”—ਜ਼ਬੂਰਾਂ ਦੀ ਪੋਥੀ 46:8, 9.
17, 18. ਨਵੀਂ ਦੁਨੀਆਂ ਵਿਚ ਇਨਸਾਨ ਅਤੇ ਜਾਨਵਰ ਕਿਸ ਤਰ੍ਹਾਂ ਰਹਿਣਗੇ?
17 ਇਨਸਾਨ ਤੇ ਜਾਨਵਰ ਆਪਸ ਵਿਚ ਮਿਲ-ਜੁਲ ਕੇ ਰਹਿਣਗੇ ਜਿਵੇਂ ਅਦਨ ਦੇ ਬਾਗ਼ ਵਿਚ ਰਹਿੰਦੇ ਸਨ। (ਉਤਪਤ 1:28; 2:19) ਪਰਮੇਸ਼ੁਰ ਆਖਦਾ ਹੈ: “ਮੈਂ ਉਸ ਦਿਨ ਵਿੱਚ ਜੰਗਲੀ ਦਰਿੰਦਿਆਂ ਨਾਲ, ਅਕਾਸ਼ ਦੇ ਪੰਛੀਆਂ ਨਾਲ, ਜ਼ਮੀਨ ਦੇ ਘਿਸਰਨ ਵਾਲਿਆਂ ਨਾਲ ਓਹਨਾਂ ਲਈ ਇੱਕ ਨੇਮ ਬੰਨ੍ਹਾਂਗਾ, . . . ਅਤੇ ਮੈਂ ਓਹਨਾਂ ਨੂੰ ਚੈਨ ਵਿੱਚ ਲਿਟਾਵਾਂਗਾ।”—ਹੋਸ਼ੇਆ 2:18.
18 ਧਿਆਨ ਦਿਓ ਕਿ ਬਾਈਬਲ ਇਸ ਸ਼ਾਂਤੀ ਬਾਰੇ ਹੋਰ ਕੀ ਕਹਿੰਦੀ ਹੈ: “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ।” ਫਿਰ ਕਦੇ ਵੀ ਜਾਨਵਰ ਇਨਸਾਨ ਲਈ ਜਾਂ ਆਪਣੇ ਆਪ ਲਈ ਖ਼ਤਰਾ ਨਹੀਂ ਬਣਨਗੇ। ਇੱਥੋਂ ਤਕ ਕਿ “ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ।”—ਯਸਾਯਾਹ 11:6-9; 65:25.
ਪੂਰੀ ਧਰਤੀ ਸੋਹਣੀ ਬਣ ਜਾਵੇਗੀ
19. ਧਰਤੀ ਕਿਸ ਤਰ੍ਹਾਂ ਦੀ ਬਣ ਜਾਵੇਗੀ?
19 ਪੂਰੀ ਧਰਤੀ ਸੋਹਣੀ ਬਣ ਜਾਵੇਗੀ। ਬਾਈਬਲ ਆਖਦੀ ਹੈ: “ਉਜਾੜ ਅਤੇ ਥਲ ਖ਼ੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ। . . . ਕਿਉਂ ਜੋ ਉਜਾੜ ਵਿੱਚ ਪਾਣੀ, ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣਗੀਆਂ।”—ਯਸਾਯਾਹ 35:1, 6.
20. ਲੋਕ ਫਿਰ ਭੁੱਖੇ ਕਿਉਂ ਨਹੀਂ ਸੌਣਗੇ?
ਜ਼ਬੂਰਾਂ ਦੀ ਪੋਥੀ 72:16; ਹਿਜ਼ਕੀਏਲ 34:27.
20 ਪਰਮੇਸ਼ੁਰ ਦੇ ਰਾਜ ਵਿਚ ਲੋਕ ਫਿਰ ਕਦੇ ਵੀ ਭੁੱਖੇ ਢਿੱਡ ਨਹੀਂ ਸੌਣਗੇ। ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ “ਖੇਤ ਦੇ ਰੁੱਖ ਆਪਣਾ ਮੇਵਾ ਦੇਣਗੇ ਅਤੇ ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਓਹ ਸੁਖ ਨਾਲ ਆਪਣੀ ਭੂਮੀ ਵਿੱਚ ਵੱਸਣਗੇ।”—21. ਗੰਦੀਆਂ ਬਸਤੀਆਂ, ਜੁਰਮ ਨਾਲ ਭਰੇ ਇਲਾਕਿਆਂ ਅਤੇ ਹੋਰ ਸਮੱਸਿਆਵਾਂ ਦਾ ਕੀ ਬਣੇਗਾ?
21 ਫਿਰ ਕਦੇ ਵੀ ਗ਼ਰੀਬੀ, ਬੇਘਰ ਲੋਕ, ਗੰਦੀਆਂ ਬਸਤੀਆਂ ਜਾਂ ਜੁਰਮ ਨਾਲ ਭਰੇ ਇਲਾਕੇ ਨਹੀਂ ਹੋਣਗੇ। “ਓਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ, ਓਹ ਅੰਗੂਰੀ ਬਾਗ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ। ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ।” “ਪਰ ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।”—ਯਸਾਯਾਹ 65:21, 22; ਮੀਕਾਹ 4:4.
22. ਬਾਈਬਲ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਕੀ ਦੱਸਦੀ ਹੈ?
22 ਨਵੀਂ ਦੁਨੀਆਂ ਵਿਚ ਇਨਸਾਨਾਂ ਨੂੰ ਇਹ ਸਾਰੀਆਂ ਬਰਕਤਾਂ ਤੇ ਹੋਰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ। ਜ਼ਬੂਰਾਂ ਦੀ ਪੋਥੀ 145:16 ਪਰਮੇਸ਼ੁਰ ਬਾਰੇ ਆਖਦੀ ਹੈ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਬਾਈਬਲ ਵਿਚ ਇਹ ਭਵਿੱਖਬਾਣੀ ਕੀਤੀ ਗਈ ਹੈ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। . . . ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰਾਂ ਦੀ ਪੋਥੀ 37:11, 29.
ਪੁਰਾਣੀਆਂ ਯਾਦਾਂ ਨੂੰ ਮਿਟਾਉਣਾ
23. ਪਰਮੇਸ਼ੁਰ ਦੇ ਰਾਜ ਵਿਚ ਇਨਸਾਨਾਂ ਉੱਤੇ ਆਏ ਸਾਰੇ ਦੁੱਖ ਕਿਸ ਤਰ੍ਹਾਂ ਮਿਟਾਏ ਜਾਣਗੇ?
23 ਪਰਮੇਸ਼ੁਰ ਦੇ ਰਾਜ ਵਿਚ ਪਿੱਛਲੇ ਛੇ ਹਜ਼ਾਰ ਸਾਲਾਂ ਦੌਰਾਨ ਆਏ ਸਾਰੇ ਦੁੱਖਾਂ ਨੂੰ ਪੂਰੀ ਤਰ੍ਹਾਂ ਮਿਟਾ ਦਿੱਤਾ ਜਾਵੇਗਾ। ਉਸ ਸਮੇਂ ਜਿੰਨੀਆਂ ਖ਼ੁਸ਼ੀਆਂ ਮਿਲਣਗੀਆਂ ਉਹ ਅੱਜ ਦੇ ਦੁੱਖਾਂ ਨਾਲੋਂ ਕਿਤੇ ਵਧ ਕੇ ਹੋਣਗੀਆਂ। ਦੁੱਖਾਂ ਦੀ ਹਰ ਯਾਦ ਮਨ ਵਿੱਚੋਂ ਮਿਟਾ ਦਿੱਤੀ ਜਾਵੇਗੀ। ਲੋਕ ਚੰਗੇ ਕੰਮਾਂ ਵਿਚ ਰੁੱਝੇ ਰਹਿਣਗੇ ਜਿਸ ਕਰਕੇ ਉਨ੍ਹਾਂ ਦੇ ਮਨਾਂ ਵਿਚ ਪੁਰਾਣੀਆਂ ਗੱਲਾਂ ਨਹੀਂ ਆਉਣਗੀਆਂ।
24, 25. (ੳ) ਯਸਾਯਾਹ ਨੇ ਕਿਸ ਚੀਜ਼ ਦੀ ਭਵਿੱਖਬਾਣੀ ਕੀਤੀ ਸੀ? (ਅ) ਅਸੀਂ ਕਿਉਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਪੁਰਾਣੀਆਂ ਦੁਖਦਾਈ ਯਾਦਾਂ ਮਿਟ ਜਾਣਗੀਆਂ?
24 ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ, ਇਸ ਲਈ ਉਹ ਕਹਿੰਦਾ ਹੈ: “ਮੈਂ ਨਵਾਂ ਅਕਾਸ਼ [ਮਨੁੱਖਜਾਤੀ ਉੱਤੇ ਇਕ ਨਵੀਂ ਸਵਰਗੀ ਸਰਕਾਰ] ਅਤੇ ਨਵੀਂ ਧਰਤੀ [ਧਰਮੀ ਇਨਸਾਨਾਂ ਦਾ ਸਮਾਜ] ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ। ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ ਅਤੇ ਬਾਗ ਬਾਗ ਹੋਵੋ।” “ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਓਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।”—25 ਇਸ ਤਰ੍ਹਾਂ ਪਰਮੇਸ਼ੁਰ ਦੇ ਰਾਜ ਅਧੀਨ ਸਾਡੀ ਜ਼ਿੰਦਗੀ ਹੀ ਬਦਲ ਜਾਵੇਗੀ। ਪਰਮੇਸ਼ੁਰ ਹਮੇਸ਼ਾ-ਹਮੇਸ਼ਾ ਲਈ ਸਾਡੇ ਉੱਤੇ ਬਰਕਤਾਂ ਪਾ ਕੇ ਦਿਖਾਵੇਗਾ ਕਿ ਉਹ ਸਾਡੀ ਕਿੰਨੀ ਪਰਵਾਹ ਕਰਦਾ ਹੈ। ਇਹ ਬਰਕਤਾਂ ਸਾਡੇ ਅੱਜ ਦੇ ਦੁੱਖਾਂ ਨਾਲੋਂ ਕਿਤੇ ਜ਼ਿਆਦਾ ਹੋਣਗੀਆਂ। ਸਾਡੇ ਹੁਣ ਦੇ ਦੁੱਖਾਂ ਦੀਆਂ ਯਾਦਾਂ ਹੌਲੀ-ਹੌਲੀ ਧੁੰਦਲੀਆਂ ਪੈ ਜਾਣਗੀਆਂ ਅਤੇ ਜੇ ਅਸੀਂ ਇਨ੍ਹਾਂ ਨੂੰ ਯਾਦ ਕਰਨਾ ਵੀ ਚਾਹਾਂਗੇ, ਤਾਂ ਵੀ ਇਹ ਯਾਦ ਨਹੀਂ ਆਉਣਗੀਆਂ।
26. ਪਰਮੇਸ਼ੁਰ ਬਰਕਤਾਂ ਦੇਣ ਵਿਚ ਕੋਈ ਕਸਰ ਕਿਉਂ ਨਹੀਂ ਛੱਡੇਗਾ?
26 ਇਸ ਤਰ੍ਹਾਂ ਪਰਮੇਸ਼ੁਰ ਬਰਕਤਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੇਗਾ। ਉਹ ਜਾਣਦਾ ਹੈ ਕਿ ਅਸੀਂ ਆਪਣੀ ਗ਼ਲਤੀ ਕਰਕੇ ਪਾਪੀ ਪੈਦਾ ਨਹੀਂ ਹੋਏ, ਪਰ ਸਾਨੂੰ ਪਾਪ ਅਤੇ ਮੌਤ ਸਾਡੇ ਪਹਿਲੇ ਮਾਂ-ਬਾਪ ਤੋਂ ਮਿਲੀ ਹੈ। ਇਹ ਸਾਡੀ ਗ਼ਲਤੀ ਨਹੀਂ ਕਿ ਅਸੀਂ ਸ਼ਤਾਨ ਦੀ ਦੁਨੀਆਂ ਵਿਚ ਪੈਦਾ ਹੋਏ ਕਿਉਂਕਿ ਜੇ ਆਦਮ ਅਤੇ ਹੱਵਾਹ ਵਫ਼ਾਦਾਰ ਰਹਿੰਦੇ, ਤਾਂ ਅੱਜ ਸ਼ਤਾਨ ਦੀ ਦੁਨੀਆਂ ਹੋਣ ਦੀ ਬਜਾਇ ਅਸੀਂ ਸੋਹਣੀ ਧਰਤੀ ਉੱਤੇ ਪੈਦਾ ਹੋਣਾ ਸੀ। ਇਸ ਲਈ ਪਰਮੇਸ਼ੁਰ ਸਾਡੇ ਸਾਰੇ ਦੁੱਖਾਂ ਨੂੰ ਦੂਰ ਕਰੇਗਾ।
27. ਨਵੀਂ ਦੁਨੀਆਂ ਵਿਚ ਕਿਹੜੀਆਂ ਭਵਿੱਖਬਾਣੀਆਂ ਦੀ ਸ਼ਾਨਦਾਰ ਪੂਰਤੀ ਹੋਵੇਗੀ?
27 ਨਵੀਂ ਦੁਨੀਆਂ ਵਿਚ ਮਨੁੱਖਜਾਤੀ ਨੂੰ ਆਜ਼ਾਦੀ ਮਿਲੇਗੀ ਜਿਸ ਦਾ ਜ਼ਿਕਰ ਰੋਮੀਆਂ 8:21, 22 ਵਿਚ ਕੀਤਾ ਗਿਆ ਹੈ: ‘ਸਰਿਸ਼ਟੀ ਆਪ ਵੀ ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇਗੀ। ਅਸੀਂ ਜਾਣਦੇ ਹਾਂ ਭਈ ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।’ ਫਿਰ ਇਸ ਪ੍ਰਾਰਥਨਾ ਦੇ ਇਹ ਸ਼ਬਦ ਪੂਰੇ ਹੋਣਗੇ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਹਾਂ, ਜਿਵੇਂ ਸਵਰਗ ਵਿਚ ਸ਼ਾਂਤੀ ਹੈ, ਉਵੇਂ ਧਰਤੀ ਉੱਤੇ ਸ਼ਾਂਤੀ ਤੇ ਖ਼ੁਸ਼ੀਆਂ ਹੋਣਗੀਆਂ।
[ਸਵਾਲ]
[ਸਫ਼ਾ 23 ਉੱਤੇ ਤਸਵੀਰਾਂ]
ਨਵੀਂ ਦੁਨੀਆਂ ਵਿਚ ਬੁੱਢੇ ਮੁੜ ਜਵਾਨ ਹੋਣਗੇ
[ਸਫ਼ਾ 24 ਉੱਤੇ ਤਸਵੀਰ]
ਨਵੀਂ ਦੁਨੀਆਂ ਵਿਚ ਲੋਕ ਪੂਰੀ ਤਰ੍ਹਾਂ ਤੰਦਰੁਸਤ ਹੋਣਗੇ
[ਸਫ਼ਾ 25 ਉੱਤੇ ਤਸਵੀਰ]
ਮਰੇ ਹੋਏ ਲੋਕਾਂ ਨੂੰ ਨਵੀਂ ਦੁਨੀਆਂ ਵਿਚ ਮੁੜ ਜੀਉਂਦਾ ਕੀਤਾ ਜਾਵੇਗਾ
[ਸਫ਼ਾ 26 ਉੱਤੇ ਤਸਵੀਰ]
‘ਓਹ ਫਿਰ ਕਦੇ ਵੀ ਲੜਾਈ ਨਾ ਸਿੱਖਣਗੇ’
[ਸਫ਼ਾ 27 ਉੱਤੇ ਤਸਵੀਰਾਂ]
ਧਰਤੀ ਉੱਤੇ ਇਨਸਾਨ ਅਤੇ ਜਾਨਵਰ ਆਪਸ ਵਿਚ ਮਿਲ-ਜੁਲ ਕੇ ਰਹਿਣਗੇ
[ਸਫ਼ਾ 27 ਉੱਤੇ ਤਸਵੀਰ]
‘ਪਰਮੇਸ਼ੁਰ ਆਪਣਾ ਹੱਥ ਖੋਲ੍ਹੇਗਾ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰੇਗਾ’
[ਸਫ਼ਾ 28 ਉੱਤੇ ਤਸਵੀਰ]
ਜਿੰਨੇ ਦੁੱਖ ਇਨਸਾਨ ਅੱਜ ਸਹਿੰਦਾ ਹੈ, ਪਰਮੇਸ਼ੁਰ ਦੇ ਰਾਜ ਵਿਚ ਉਸ ਨਾਲੋਂ ਕਿਤੇ ਹੀ ਜ਼ਿਆਦਾ ਬਰਕਤਾਂ ਮਿਲਣਗੀਆਂ