ਪਰਮੇਸ਼ੁਰ ਨੇ ਅਜੇ ਤਕ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ ਹੈ?
ਛੇਵਾਂ ਭਾਗ
ਪਰਮੇਸ਼ੁਰ ਨੇ ਅਜੇ ਤਕ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ ਹੈ?
1, 2. ਆਦਮ ਤੇ ਹੱਵਾਹ ਨੇ ਕਿਵੇਂ ਸਭ ਕੁਝ ਗੁਆ ਲਿਆ?
ਜੇ ਪਰਮੇਸ਼ੁਰ ਨੇ ਸਾਡੇ ਪਹਿਲੇ ਮਾਂ-ਬਾਪ ਆਦਮ ਤੇ ਹੱਵਾਹ ਨੂੰ ਜ਼ਿੰਦਗੀ ਵਿਚ ਹਰ ਖ਼ੁਸ਼ੀ ਦਿੱਤੀ ਸੀ, ਤਾਂ ਫਿਰ ਇਹ ਦੁੱਖ ਕਿੱਥੋਂ ਆ ਗਏ? ਅੱਜ ਦੁਨੀਆਂ ਸ਼ਾਂਤੀ ਤੇ ਖ਼ੁਸ਼ੀਆਂ ਦੀ ਬਜਾਇ ਬੁਰਾਈ ਤੇ ਦੁੱਖਾਂ ਨਾਲ ਕਿਉਂ ਭਰੀ ਹੋਈ ਹੈ?
2 ਇਸ ਦਾ ਕਾਰਨ ਇਹ ਹੈ ਕਿ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਆਪਣੀ ਮਰਜ਼ੀ ਨਾਲ ਜੀਣ ਦਾ ਫ਼ੈਸਲਾ ਕੀਤਾ। ਉਹ ਇਹ ਗੱਲ ਭੁੱਲ ਗਏ ਕਿ ਉਨ੍ਹਾਂ ਨੂੰ ਆਪਣੇ ਸਿਰਜਣਹਾਰ ਦੀ ਲੋੜ ਸੀ ਅਤੇ ਉਹ ਉਸ ਦੇ ਨਿਯਮਾਂ ਤੇ ਚੱਲ ਕੇ ਹੀ ਖ਼ੁਸ਼ ਰਹਿ ਸਕਦੇ ਸਨ। ਉਨ੍ਹਾਂ ਨੇ ਸੋਚਿਆ ਕਿ ਪਰਮੇਸ਼ੁਰ ਦੁਆਰਾ ਠਹਿਰਾਈਆਂ ਹੱਦਾਂ ਟੱਪ ਕੇ ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣ ਜਾਵੇਗੀ।—ਉਤਪਤ, ਅਧਿਆਇ 3.
ਰਾਜ ਕਰਨ ਦਾ ਹੱਕ ਕਿਸ ਦਾ ਹੈ?
3-5. ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਨਾਸ਼ ਕਰ ਕੇ ਇਕ ਹੋਰ ਨਵਾਂ ਜੋੜਾ ਕਿਉਂ ਨਹੀਂ ਬਣਾਇਆ?
3 ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਨਾਸ਼ ਕਰ ਕੇ ਇਕ ਹੋਰ ਨਵਾਂ ਜੋੜਾ ਕਿਉਂ ਨਹੀਂ ਬਣਾਇਆ? ਕਿਉਂਕਿ ਆਦਮ ਅਤੇ ਹੱਵਾਹ ਦੇ ਫ਼ੈਸਲੇ ਨੇ ਇਕ ਸਵਾਲ ਖੜ੍ਹਾ ਕੀਤਾ। ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਖੜ੍ਹਾ ਕੀਤਾ ਸੀ।
4 ਸਵਾਲ ਇਹ ਸੀ: ਰਾਜ ਕਰਨ ਦਾ ਹੱਕ ਕਿਸ ਦਾ ਹੈ ਅਤੇ ਕੌਣ ਸਹੀ ਤਰੀਕੇ ਨਾਲ ਰਾਜ ਕਰ ਸਕਦਾ ਹੈ? ਸਰਬਸ਼ਕਤੀਮਾਨ ਅਤੇ ਹਰ ਜੀਵ ਦਾ ਸਿਰਜਣਹਾਰ ਹੋਣ ਦੇ ਨਾਤੇ ਪਰਮੇਸ਼ੁਰ ਨੂੰ ਸਾਰਿਆਂ ਉੱਪਰ ਰਾਜ ਕਰਨ ਦਾ ਹੱਕ ਹੈ। ਉਹ ਸਾਰਿਆਂ ਤੋਂ ਬੁੱਧੀਮਾਨ ਹੈ, ਇਸ ਲਈ ਉਸ ਦੇ ਰਾਜ ਵਿਚ ਹੀ ਸਾਰੇ ਜੀਵ ਖ਼ੁਸ਼ ਰਹਿ ਸਕਦੇ ਹਨ। ਪਰ ਆਦਮ ਅਤੇ ਹੱਵਾਹ ਨੇ ਪਰਮੇਸ਼ੁਰ ਦੀ ਹਕੂਮਤ ਨੂੰ ਲਲਕਾਰਿਆ। ਇਕ ਹੋਰ ਗੱਲ ਵੀ ਸੀ: ਕੀ ਪਰਮੇਸ਼ੁਰ ਦੇ ਹੱਥਾਂ ਦੀ ਸਿਰਜਣਾ ਯਾਨੀ ਇਨਸਾਨ ਵਿਚ ਕੋਈ ਕਮੀ ਰਹਿ ਗਈ ਸੀ? ਅਸੀਂ ਬਾਅਦ ਵਿਚ ਇਹ ਵੀ ਦੇਖਾਂਗੇ ਕਿ ਇਨਸਾਨਾਂ ਦੀ ਵਫ਼ਾਦਾਰੀ ’ਤੇ ਵੀ ਸਵਾਲ ਖੜ੍ਹਾ ਕੀਤਾ ਗਿਆ।
5 ਜਦ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਤੋਂ ਆਜ਼ਾਦ ਹੋਣ ਦਾ ਫ਼ੈਸਲਾ ਕੀਤਾ, ਤਾਂ ਇਕ ਹੋਰ ਸਵਾਲ ਖੜ੍ਹਾ ਹੋਇਆ ਸੀ: ਕੀ ਪਰਮੇਸ਼ੁਰ ਤੋਂ ਦੂਰ ਹੋ ਕੇ ਇਨਸਾਨ ਦੀ ਜ਼ਿੰਦਗੀ ਬਿਹਤਰ ਹੋਵੇਗੀ? ਪਰਮੇਸ਼ੁਰ ਨੂੰ ਤਾਂ ਇਸ ਸਵਾਲ ਦਾ ਜਵਾਬ ਪਤਾ ਸੀ, ਪਰ ਉਹ ਚਾਹੁੰਦਾ ਸੀ ਕਿ ਇਨਸਾਨ ਖ਼ੁਦ ਇਸ ਦਾ ਜਵਾਬ ਜਾਣਨ। ਇਸ ਨੂੰ ਜਾਣਨ ਦਾ ਇੱਕੋ-ਇਕ ਤਰੀਕਾ ਸੀ ਕਿ ਇਨਸਾਨ ਨੂੰ ਪੂਰੀ-ਪੂਰੀ ਆਜ਼ਾਦੀ ਦਿੱਤੀ ਜਾਵੇ। ਇਨਸਾਨ ਨੇ ਆਜ਼ਾਦੀ ਚੁਣੀ, ਪਰਮੇਸ਼ੁਰ ਨੇ ਆਜ਼ਾਦੀ ਦੇ ਦਿੱਤੀ।
6, 7. ਪਰਮੇਸ਼ੁਰ ਨੇ ਹੁਣ ਤਕ ਇਨਸਾਨ ਨੂੰ ਪੂਰੀ ਆਜ਼ਾਦੀ ਕਿਉਂ ਦਿੱਤੀ ਹੋਈ ਹੈ?
6 ਇਨਸਾਨ ਨੂੰ ਪੂਰੀ ਆਜ਼ਾਦੀ ਦੇਣ ਨਾਲ ਇਹ ਹਮੇਸ਼ਾ-ਹਮੇਸ਼ਾ ਲਈ ਸਾਬਤ ਹੋ ਜਾਣਾ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਪਰਮੇਸ਼ੁਰ ਦੇ ਰਾਜ ਅਧੀਨ ਬਿਹਤਰ ਹੋਵੇਗੀ ਜਾਂ ਫਿਰ ਆਪਣੇ ਰਾਜ ਅਧੀਨ। ਇਸ ਮਾਮਲੇ ਨੂੰ ਨਜਿੱਠਣ ਲਈ ਇਨਸਾਨ ਨੂੰ ਇੰਨਾ ਸਮਾਂ ਦੇਣ ਦੀ ਲੋੜ ਸੀ ਤਾਂਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਕੇ ਰਾਜਨੀਤਿਕ, ਉਦਯੋਗਿਕ, ਵਿਗਿਆਨਕ ਅਤੇ ਡਾਕਟਰੀ ਖੇਤਰ ਵਿਚ ਕਾਮਯਾਬੀ ਦੀਆਂ ਉਚਾਈਆਂ ਛੂਹ ਸਕੇ।
7 ਇਸ ਲਈ, ਪਰਮੇਸ਼ੁਰ ਨੇ ਇਨਸਾਨ ਨੂੰ ਅੱਜ ਤਕ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਤਾਂਕਿ ਇਸ ਗੱਲ ਵਿਚ ਕੋਈ ਸ਼ੱਕ ਨਾ ਰਹੇ ਕਿ ਉਸ ਤੋਂ ਆਜ਼ਾਦ ਹੋ ਕੇ ਇਨਸਾਨ ਸਫ਼ਲ ਹੋ ਹੀ ਨਹੀਂ ਸਕਦਾ। ਇਨਸਾਨ ਨੂੰ ਦਇਆ ਜਾਂ ਬੇਰਹਿਮੀ, ਪ੍ਰੇਮ ਜਾਂ ਨਫ਼ਰਤ, ਸੱਚਾਈ ਜਾਂ ਬੁਰਾਈ ਚੁਣਨ ਦਾ ਮੌਕਾ ਮਿਲਿਆ ਹੈ। ਪਰ ਉਸ ਨੂੰ ਆਪਣੀ ਚੋਣ ਦੇ ਨਤੀਜੇ ਵੀ ਭੁਗਤਣੇ ਪਏ ਹਨ: ਭਲਿਆਈ ਅਤੇ ਸ਼ਾਂਤੀ ਜਾਂ ਬੁਰਾਈ ਅਤੇ ਦੁੱਖ।
ਸਵਰਗੀ ਦੂਤਾਂ ਦੀ ਬਗਾਵਤ
8, 9. (ੳ) ਸਵਰਗ ਵਿਚ ਬਗਾਵਤ ਕਿਸ ਤਰ੍ਹਾਂ ਸ਼ੁਰੂ ਹੋਈ ਸੀ? (ਅ) ਆਦਮ ਅਤੇ ਹੱਵਾਹ ਤੋਂ ਇਲਾਵਾ ਸ਼ਤਾਨ ਦੇ ਨਾਲ ਹੋਰ ਕੌਣ ਰਲ ਗਏ?
8 ਇਕ ਹੋਰ ਗੱਲ ’ਤੇ ਵੀ ਵਿਚਾਰ ਕਰਨਾ ਲਾਜ਼ਮੀ ਹੈ। ਸਿਰਫ਼ ਆਦਮ ਤੇ ਹੱਵਾਹ ਨੇ ਹੀ ਪਰਮੇਸ਼ੁਰ ਦੇ ਰਾਜ ਦੇ ਵਿਰੁੱਧ ਬਗਾਵਤ ਨਹੀਂ ਕੀਤੀ ਸੀ। ਪਰਮੇਸ਼ੁਰ ਨੇ ਇਨਸਾਨ ਨੂੰ ਬਣਾਉਣ ਤੋਂ ਪਹਿਲਾਂ ਸਵਰਗ ਵਿਚ ਲੱਖਾਂ-ਕਰੋੜਾਂ ਦੂਤਾਂ ਨੂੰ ਬਣਾਇਆ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਵੀ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਸੀ ਅਤੇ ਉਨ੍ਹਾਂ ਲਈ ਵੀ ਉਸ ਦੇ ਰਾਜ ਦੇ ਅਧੀਨ ਹੋਣਾ ਜ਼ਰੂਰੀ ਸੀ।—ਅੱਯੂਬ 38:7; ਪਰਕਾਸ਼ ਦੀ ਪੋਥੀ 5:11.
9 ਬਾਈਬਲ ਦੱਸਦੀ ਹੈ ਕਿ ਬਗਾਵਤ ਪਹਿਲਾਂ ਸਵਰਗ ਵਿਚ ਸ਼ੁਰੂ ਹੋਈ ਸੀ। ਇਕ ਸਵਰਗੀ ਦੂਤ ਪੂਰੀ ਆਜ਼ਾਦੀ ਚਾਹੁੰਦਾ ਸੀ। ਨਾਲੇ ਉਹ ਇਹ ਵੀ ਚਾਹੁੰਦਾ ਸੀ ਕਿ ਇਨਸਾਨ ਉਸ ਦੀ ਉਪਾਸਨਾ ਕਰਨ। (ਮੱਤੀ 4:8, 9) ਇਸ ਬਾਗ਼ੀ ਦੂਤ ਨੇ ਝੂਠ ਬੋਲ ਕੇ ਆਦਮ ਤੇ ਹੱਵਾਹ ਨੂੰ ਵੀ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰਨ ਲਈ ਆਪਣੇ ਨਾਲ ਰਲਾ ਲਿਆ। ਉਸ ਨੇ ਝੂਠ ਬੋਲਿਆ ਕਿ ਪਰਮੇਸ਼ੁਰ ਉਨ੍ਹਾਂ ਦੀ ਭਲਾਈ ਨਹੀਂ ਚਾਹੁੰਦਾ ਸੀ। (ਉਤਪਤ 3:1-5) ਇਸ ਲਈ ਬਾਈਬਲ ਵਿਚ ਉਸ ਨੂੰ ਸ਼ਤਾਨ ਯਾਨੀ ਵਿਰੋਧੀ ਅਤੇ ਇਬਲੀਸ ਯਾਨੀ ਤੁਹਮਤ ਲਾਉਣ ਵਾਲਾ ਕਿਹਾ ਗਿਆ ਹੈ। ਬਾਅਦ ਵਿਚ ਹੋਰ ਸਵਰਗੀ ਦੂਤ ਵੀ ਉਸ ਨਾਲ ਰਲ ਗਏ।—ਬਿਵਸਥਾ ਸਾਰ 32:17; ਪਰਕਾਸ਼ ਦੀ ਪੋਥੀ 12:9.
10. ਇਨਸਾਨਾਂ ਅਤੇ ਸਵਰਗੀ ਦੂਤਾਂ ਦੀ ਬਗਾਵਤ ਦਾ ਕੀ ਨਤੀਜਾ ਨਿਕਲਿਆ?
10 ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰ ਕੇ ਇਨਸਾਨਾਂ ਨੇ ਆਪਣੇ ਆਪ ਨੂੰ ਸ਼ਤਾਨ ਅਤੇ ਉਸ ਦੇ ਦੂਤਾਂ ਦੇ ਅਧੀਨ ਕਰ ਦਿੱਤਾ। ਇਸੇ ਕਰਕੇ ਬਾਈਬਲ ਸ਼ਤਾਨ ਨੂੰ ‘ਇਸ ਜੁੱਗ ਦਾ ਈਸ਼ੁਰ’ ਕਹਿੰਦੀ ਹੈ ਜਿਸ ਨੇ “ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ” ਕੀਤੀਆਂ ਹੋਈਆਂ ਹਨ। ਅੱਗੋਂ ਬਾਈਬਲ ਕਹਿੰਦੀ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” ਯਿਸੂ ਨੇ ਵੀ ਸ਼ਤਾਨ ਨੂੰ “ਇਸ ਜਗਤ ਦਾ ਸਰਦਾਰ” ਆਖਿਆ ਸੀ।—2 ਕੁਰਿੰਥੀਆਂ 4:4; 1 ਯੂਹੰਨਾ 5:19; ਯੂਹੰਨਾ 12:31.
ਦੋ ਮਸਲੇ
11. ਸ਼ਤਾਨ ਨੇ ਹੋਰ ਕਿਸ ਗੱਲ ’ਤੇ ਪਰਮੇਸ਼ੁਰ ਨੂੰ ਲਲਕਾਰਿਆ ਸੀ?
11 ਸ਼ਤਾਨ ਨੇ ਇਕ ਹੋਰ ਮਸਲਾ ਖੜ੍ਹਾ ਕਰ ਕੇ ਵੀ ਪਰਮੇਸ਼ੁਰ ਨੂੰ ਲਲਕਾਰਿਆ ਸੀ। ਉਸ ਨੇ ਦੋਸ਼ ਲਾਇਆ ਕਿ ਪਰਮੇਸ਼ੁਰ ਨੇ ਇਨਸਾਨ ਨੂੰ ਸਹੀ ਤਰੀਕੇ ਨਾਲ ਨਹੀਂ ਬਣਾਇਆ ਜਿਸ ਕਰਕੇ ਉਹ ਮੁਸ਼ਕਲਾਂ ਆਉਣ ਤੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਰਹਿ ਸਕਦੇ। ਇੰਨਾ ਹੀ ਨਹੀਂ, ਉਸ ਨੇ ਇਹ ਵੀ ਦਾਅਵਾ ਕੀਤਾ ਕਿ ਮੁਸੀਬਤ ਵਿਚ ਉਹ ਪਰਮੇਸ਼ੁਰ ਨੂੰ ਫਿਟਕਾਰਨਗੇ। (ਅੱਯੂਬ 2:1-5) ਇਸ ਤਰ੍ਹਾਂ ਸ਼ਤਾਨ ਨੇ ਪਰਮੇਸ਼ੁਰ ਪ੍ਰਤੀ ਇਨਸਾਨ ਦੀ ਵਫ਼ਾਦਾਰੀ ’ਤੇ ਵੀ ਸਵਾਲ ਖੜ੍ਹਾ ਕੀਤਾ।
12-14. ਸਮੇਂ ਦੇ ਬੀਤਣ ਨਾਲ ਸ਼ਤਾਨ ਦੁਆਰਾ ਖੜ੍ਹੇ ਕੀਤੇ ਦੋ ਮਸਲਿਆਂ ਬਾਰੇ ਕੀ ਪਤਾ ਚੱਲਿਆ ਹੈ?
12 ਯਹੋਵਾਹ ਨੇ ਇਨਸਾਨ ਦੀ ਵਫ਼ਾਦਾਰੀ ਦੇ ਮਸਲੇ ਨੂੰ ਅਤੇ ਆਪਣੇ ਰਾਜ ਕਰਨ ਦੇ ਹੱਕ ਦੇ ਮਸਲੇ ਨੂੰ ਇੱਕੋ ਵਾਰ ਹਮੇਸ਼ਾ ਲਈ ਹੱਲ ਕਰਨ ਵਾਸਤੇ ਸਵਰਗੀ ਦੂਤਾਂ ਅਤੇ ਇਨਸਾਨਾਂ ਨੂੰ ਸਮਾਂ ਦੇਣ ਦਾ ਫ਼ੈਸਲਾ ਕੀਤਾ। (ਕੂਚ 9:16) ਇਸ ਸਮੇਂ ਦੌਰਾਨ ਕੌਣ ਸਹੀ ਤੇ ਕੌਣ ਗ਼ਲਤ ਸਾਬਤ ਹੋਇਆ ਹੈ?
13 ਪਹਿਲੇ ਮਸਲੇ ਬਾਰੇ ਕੁਝ ਸਵਾਲ: ਕੀ ਇਸ ਸਮੇਂ ਵਿਚ ਪਰਮੇਸ਼ੁਰ ਦਾ ਰਾਜ ਕਰਨ ਦਾ ਹੱਕ ਸਹੀ ਸਾਬਤ ਹੋਇਆ ਹੈ ਜਾਂ ਨਹੀਂ? ਕੀ ਇਨਸਾਨ ਦੀ ਹਕੂਮਤ ਪਰਮੇਸ਼ੁਰ ਨਾਲੋਂ ਬਿਹਤਰ ਸਾਬਤ ਹੋਈ ਹੈ? ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਕੀ ਇਨਸਾਨੀ ਸ਼ਾਸਨ ਅਧੀਨ ਦੁਨੀਆਂ ਵਿੱਚੋਂ ਲੜਾਈਆਂ, ਬੁਰਾਈ ਤੇ ਅਨਿਆਂ ਖ਼ਤਮ ਹੋਇਆ ਹੈ ਅਤੇ ਖ਼ੁਸ਼ੀਆਂ ਭਰਿਆ ਮਾਹੌਲ ਪੈਦਾ ਹੋਇਆ ਹੈ? ਕੀ ਕੋਈ ਵੀ ਸਰਕਾਰ ਗ਼ਰੀਬੀ ਖ਼ਤਮ ਕਰ ਕੇ ਸਾਰਿਆਂ ਲਈ ਖ਼ੁਸ਼ਹਾਲੀ ਲਿਆ ਸਕੀ ਹੈ? ਕੀ ਕੋਈ ਬੀਮਾਰੀ, ਬੁਢਾਪੇ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾ ਸਕਿਆ ਹੈ? ਪਰਮੇਸ਼ੁਰ ਦੇ ਰਾਜ ਵਿਚ ਕੋਈ ਬੁਰਾਈ, ਕੋਈ ਦੁੱਖ ਨਹੀਂ ਹੋਣਾ ਸੀ, ਸਿਰਫ਼ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣੀਆਂ ਸਨ।—ਉਤਪਤ 1:26-31.
14 ਦੂਸਰੇ ਮਸਲੇ ਬਾਰੇ ਕੁਝ ਸਵਾਲ: ਸਮੇਂ ਦੇ ਬੀਤਣ ਨਾਲ ਇਨਸਾਨ ਬਾਰੇ ਕੀ ਪਤਾ ਚੱਲਿਆ ਹੈ? ਕੀ ਪਰਮੇਸ਼ੁਰ ਨੇ ਇਨਸਾਨ ਨੂੰ ਗ਼ਲਤ ਤਰੀਕੇ ਨਾਲ ਬਣਾਇਆ ਸੀ? ਕੀ ਕੋਈ ਵੀ
ਇਨਸਾਨ ਅਜ਼ਮਾਇਸ਼ ਅਧੀਨ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਿਹਾ ਹੈ? ਕੀ ਕੋਈ ਇਹ ਦਿਖਾ ਸਕਿਆ ਹੈ ਕਿ ਉਹ ਇਨਸਾਨੀ ਸ਼ਾਸਨ ਅਧੀਨ ਰਹਿਣ ਦੀ ਬਜਾਇ ਪਰਮੇਸ਼ੁਰ ਦੇ ਰਾਜ ਅਧੀਨ ਰਹਿਣਾ ਚਾਹੁੰਦਾ ਹੈ?[ਸਵਾਲ]
[ਸਫ਼ਾ 13 ਉੱਤੇ ਤਸਵੀਰ]
ਪਰਮੇਸ਼ੁਰ ਨੇ ਇਨਸਾਨ ਨੂੰ ਕਾਮਯਾਬੀ ਦੀਆਂ ਉਚਾਈਆਂ ਛੂਹਣ ਲਈ ਕਾਫ਼ੀ ਸਮਾਂ ਦਿੱਤਾ
[ਕ੍ਰੈਡਿਟ ਲਾਈਨ]
Shuttle: Based on NASA photo