Skip to content

Skip to table of contents

ਬਗਾਵਤ ਦਾ ਨਤੀਜਾ ਕੀ ਨਿਕਲਿਆ ਹੈ?

ਬਗਾਵਤ ਦਾ ਨਤੀਜਾ ਕੀ ਨਿਕਲਿਆ ਹੈ?

ਸੱਤਵਾਂ ਭਾਗ

ਬਗਾਵਤ ਦਾ ਨਤੀਜਾ ਕੀ ਨਿਕਲਿਆ ਹੈ?

1-3. ਇਤਿਹਾਸ ਨੇ ਯਹੋਵਾਹ ਦੀ ਕਿਸ ਗੱਲ ਨੂੰ ਸੱਚ ਸਾਬਤ ਕੀਤਾ ਹੈ?

ਪਰਮੇਸ਼ੁਰ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਇਨਸਾਨੀ ਸ਼ਾਸਨ ਦਾ ਨਤੀਜਾ ਕੀ ਨਿਕਲਿਆ ਹੈ? ਕੀ ਇਨਸਾਨ ਦਾ ਸ਼ਾਸਨ ਪਰਮੇਸ਼ੁਰ ਦੇ ਰਾਜ ਨਾਲੋਂ ਬਿਹਤਰ ਸਾਬਤ ਹੋਇਆ ਹੈ? ਇਨਸਾਨ ਦੇ ਅਤਿਆਚਾਰੀ ਰਾਜ ਉੱਤੇ ਗੌਰ ਕਰਨ ’ਤੇ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਨਹੀਂ।

2 ਜਦੋਂ ਸਾਡੇ ਪਹਿਲੇ ਮਾਂ-ਬਾਪ ਨੇ ਪਰਮੇਸ਼ੁਰ ਨੂੰ ਤਿਆਗ ਦਿੱਤਾ, ਤਾਂ ਉਦੋਂ ਦੁੱਖਾਂ-ਤਕਲੀਫ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਹ ਆਪ ਵੀ ਜ਼ਿੰਦਗੀ ਭਰ ਦੁੱਖ ਭੋਗਦੇ ਰਹੇ ਤੇ ਆਪਣੀ ਸੰਤਾਨ ਨੂੰ ਵੀ ਦੁੱਖਾਂ ਤੋਂ ਸਿਵਾਇ ਹੋਰ ਕੁਝ ਨਹੀਂ ਦਿੱਤਾ। ਜੋ ਵੀ ਉਨ੍ਹਾਂ ਨਾਲ ਹੋਇਆ, ਉਸ ਵਿਚ ਸਾਰਾ ਕਸੂਰ ਉਨ੍ਹਾਂ ਦਾ ਆਪਣਾ ਹੀ ਸੀ। ਪਰਮੇਸ਼ੁਰ ਦਾ ਬਚਨ ਆਖਦਾ ਹੈ: “ਓਹ ਵਿਗੜ ਗਏ ਹਨ, ਓਹ ਉਸ ਦੇ ਪੁੱਤ੍ਰ ਨਹੀਂ ਸਗੋਂ ਕਲੰਕੀ ਹਨ।”—ਬਿਵਸਥਾ ਸਾਰ 32:5.

3 ਇਤਿਹਾਸ ਨੇ ਸਾਬਤ ਕਰ ਦਿੱਤਾ ਹੈ ਕਿ ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਜੋ ਚੇਤਾਵਨੀ ਦਿੱਤੀ ਸੀ, ਉਹ ਬਿਲਕੁਲ ਸਹੀ ਸੀ। ਪਰਮੇਸ਼ੁਰ ਨੇ ਦੱਸਿਆ ਸੀ ਕਿ ਜੇ ਉਹ ਉਸ ਦੇ ਅਧੀਨ ਨਾ ਰਹੇ, ਤਾਂ ਉਨ੍ਹਾਂ ਦੀ ਹਾਲਤ ਬਹੁਤ ਮੰਦੀ ਹੋਵੇਗੀ ਅਤੇ ਅੰਤ ਵਿਚ ਉਹ ਮਰ ਜਾਣਗੇ। (ਉਤਪਤ 2:17; 3:19) ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਨੂੰ ਤਿਆਗ ਕੇ ਗ਼ਲਤੀ ਕੀਤੀ ਜਿਸ ਵਜ੍ਹਾ ਕਰਕੇ ਉਹ ਦੁੱਖ ਭੋਗਦੇ-ਭੋਗਦੇ ਮਰ ਗਏ।

4. ਅਸੀਂ ਸਾਰੇ ਪਾਪੀ ਕਿਉਂ ਪੈਦਾ ਹੁੰਦੇ ਹਾਂ ਅਤੇ ਬੀਮਾਰੀਆਂ ਤੇ ਮੌਤ ਦੇ ਸ਼ਿਕਾਰ ਕਿਉਂ ਹੁੰਦੇ ਹਾਂ?

4ਰੋਮੀਆਂ 5:12 ਵਿਚ ਦੱਸਿਆ ਹੈ ਕਿ ਬਾਅਦ ਵਿਚ ਆਦਮ ਤੇ ਹੱਵਾਹ ਦੀ ਸੰਤਾਨ ਨਾਲ ਕੀ ਹੋਇਆ: “[ਪਹਿਲੇ] ਮਨੁੱਖ ਆਦਮ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ।” ਸੋ ਜਦੋਂ ਸਾਡੇ ਪਹਿਲੇ ਮਾਂ-ਬਾਪ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ, ਉਸ ਵੇਲੇ ਉਹ ਪਾਪੀ ਬਣ ਗਏ ਅਤੇ ਉਨ੍ਹਾਂ ਵਿਚ ਕਈ ਕਮੀਆਂ-ਕਮਜ਼ੋਰੀਆਂ ਆ ਗਈਆਂ। ਉਨ੍ਹਾਂ ਦੇ ਬੱਚਿਆਂ ਨੂੰ ਵੀ ਵਿਰਸੇ ਵਿਚ ਇਹ ਕਮੀਆਂ-ਕਮਜ਼ੋਰੀਆਂ ਮਿਲੀਆਂ। ਇਸੇ ਕਰਕੇ ਅੱਜ ਸਾਡੇ ਸਾਰਿਆਂ ਵਿਚ ਕਮੀਆਂ ਹਨ ਤੇ ਅਸੀਂ ਬੀਮਾਰੀਆਂ ਅਤੇ ਮੌਤ ਦੇ ਸ਼ਿਕਾਰ ਹੁੰਦੇ ਹਾਂ।

5, 6. ਇਤਿਹਾਸ ਨੇ ਇਨਸਾਨ ਦੇ ਅਮਨ ਅਤੇ ਖ਼ੁਸ਼ਹਾਲੀ ਲਿਆਉਣ ਦੇ ਜਤਨਾਂ ਬਾਰੇ ਕੀ ਸਾਬਤ ਕੀਤਾ ਹੈ?

5 ਕਈ ਸਦੀਆਂ ਤੋਂ ਇਨਸਾਨ ਸ਼ਾਸਨ ਕਰ ਰਿਹਾ ਹੈ। ਇਸ ਦੌਰਾਨ ਕਈ ਸਾਮਰਾਜ ਆਏ ਅਤੇ ਚਲੇ ਗਏ। ਹਰ ਤਰ੍ਹਾਂ ਦੀ ਸਰਕਾਰ ਨੂੰ ਅਜ਼ਮਾਇਆ ਗਿਆ। ਪਰ ਵਾਰ-ਵਾਰ ਇਨਸਾਨ ਉੱਤੇ ਬਿਪਤਾਵਾਂ ਦੇ ਪਹਾੜ ਟੁੱਟਦੇ ਰਹੇ। ਸੋਚਿਆ ਜਾਏ ਤਾਂ ਛੇ ਹਜ਼ਾਰ ਸਾਲ ਇਨਸਾਨ ਲਈ ਪੂਰੀ ਧਰਤੀ ਉੱਤੇ ਅਮਨ, ਇਨਸਾਫ਼ ਅਤੇ ਖ਼ੁਸ਼ਹਾਲੀ ਕਾਇਮ ਕਰਨ ਲਈ ਕਾਫ਼ੀ ਲੰਬਾ ਸਮਾਂ ਹੈ। ਇਸ ਸਮੇਂ ਦੌਰਾਨ ਇਨਸਾਨ ਆਪਣੇ ਅੰਦਰ ਦਿਆਲਤਾ ਤੇ ਹਮਦਰਦੀ ਵਰਗੇ ਗੁਣ ਪੈਦਾ ਕਰ ਸਕਦੇ ਸਨ ਅਤੇ ਉਹ ਇਕ-ਦੂਜੇ ਨਾਲ ਇਕੱਠੇ ਰਹਿਣਾ ਸਿੱਖ ਸਕਦੇ ਸਨ।

6 ਪਰ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ। ਕੋਈ ਵੀ ਸਰਕਾਰ ਅਮਨ ਤੇ ਖ਼ੁਸ਼ਹਾਲੀ ਕਾਇਮ ਕਰਨ ਵਿਚ ਸਫ਼ਲ ਨਹੀਂ ਹੋਈ। 20ਵੀਂ ਸਦੀ ਵਿਚ ਹੀ ਹਿਟਲਰ ਦੇ ਬੰਦਿਆਂ ਨੇ ਲੱਖਾਂ ਲੋਕਾਂ ਦਾ ਕਤਲ ਕੀਤਾ ਅਤੇ ਇਸੇ ਸਦੀ ਵਿਚ ਯੁੱਧਾਂ ਵਿਚ 10 ਕਰੋੜ ਤੋਂ ਜ਼ਿਆਦਾ ਲੋਕ ਮਾਰੇ ਗਏ। ਸਾਡੇ ਸਮਿਆਂ ਵਿਚ ਨਫ਼ਰਤ ਅਤੇ ਰਾਜਨੀਤਿਕ ਗੜਬੜ ਹੋਣ ਕਰਕੇ ਅਣਗਿਣਤ ਲੋਕਾਂ ਨੂੰ ਤਸੀਹੇ ਦਿੱਤੇ ਗਏ, ਜਾਨੋਂ ਮਾਰਿਆ ਗਿਆ ਅਤੇ ਜੇਲ੍ਹਾਂ ਵਿਚ ਸੁੱਟਿਆ ਗਿਆ।

ਅੱਜ ਦੇ ਹਾਲਾਤ

7. ਅੱਜ ਇਨਸਾਨ ਦੀ ਕੀ ਹਾਲਤ ਹੋ ਚੁੱਕੀ ਹੈ?

7 ਇਸ ਦੇ ਇਲਾਵਾ, ਧਿਆਨ ਦਿਓ ਕਿ ਅੱਜ ਇਨਸਾਨ ਦੀ ਕੀ ਹਾਲਤ ਹੋ ਚੁੱਕੀ ਹੈ। ਹਰ ਪਾਸੇ ਜੁਰਮ ਅਤੇ ਹਿੰਸਾ ਹੈ। ਲੋਕ ਨਸ਼ਿਆਂ ਦੇ ਆਦੀ ਬਣ ਚੁੱਕੇ ਹਨ। ਜਿਨਸੀ ਬੀਮਾਰੀਆਂ ਨੇ ਦੁਨੀਆਂ ਭਰ ਵਿਚ ਕਹਿਰ ਮਚਾਇਆ ਹੋਇਆ ਹੈ। ਲਾਇਲਾਜ ਬੀਮਾਰੀ ਏਡਜ਼ ਲੱਖਾਂ ਹੀ ਲੋਕਾਂ ਦੀ ਸੰਘੀ ਨੱਪ ਰਹੀ ਹੈ। ਹਰ ਸਾਲ ਲੱਖਾਂ ਗ਼ਰੀਬ ਲੋਕ ਭੁੱਖੇ ਜਾਂ ਬੀਮਾਰੀਆਂ ਕਰਕੇ ਮਰ ਰਹੇ ਹਨ, ਜਦ ਕਿ ਕੁਝ ਗਿਣੇ-ਚੁਣੇ ਲੋਕਾਂ ਕੋਲ ਧਨ ਦੇ ਅੰਬਾਰ ਲੱਗੇ ਹੋਏ ਹਨ। ਇਨਸਾਨ ਧਰਤੀ ਨੂੰ ਗੰਦਾ ਅਤੇ ਬਰਬਾਦ ਕਰ ਰਹੇ ਹਨ। ਹਰ ਜਗ੍ਹਾ ਪਰਿਵਾਰ ਟੁੱਟ ਰਹੇ ਹਨ ਅਤੇ ਲੋਕਾਂ ਦਾ ਚਾਲ-ਚਲਣ ਵਿਗੜ ਰਿਹਾ ਹੈ। ਇਹ ਸਾਰੀਆਂ ਗੱਲਾਂ ਦਿਖਾਉਂਦੀਆਂ ਹਨ ਕਿ “ਇਸ ਜੁੱਗ ਦੇ ਈਸ਼ੁਰ,” ਸ਼ਤਾਨ ਦੀ ਘਟੀਆ ਹਕੂਮਤ ਚੱਲ ਰਹੀ ਹੈ। ਉਸ ਦੇ ਅਧੀਨ ਇਹ ਸੰਸਾਰ ਵੀ ਬਹੁਤ ਜ਼ਾਲਮ, ਬੇਰਹਿਮ ਅਤੇ ਭ੍ਰਿਸ਼ਟ ਬਣ ਚੁੱਕਾ ਹੈ।—2 ਕੁਰਿੰਥੀਆਂ 4:4.

8. ਇਨਸਾਨ ਦੀਆਂ ਕਾਮਯਾਬੀਆਂ ਨੂੰ ਤਰੱਕੀ ਕਿਉਂ ਨਹੀਂ ਕਿਹਾ ਜਾ ਸਕਦਾ?

8 ਪਰਮੇਸ਼ੁਰ ਨੇ ਇਨਸਾਨ ਨੂੰ ਵਿਗਿਆਨ ਅਤੇ ਹੋਰ ਖੇਤਰਾਂ ਵਿਚ ਕਾਮਯਾਬੀ ਦੀਆਂ ਉਚਾਈਆਂ ਛੂਹਣ ਲਈ ਬਹੁਤ ਸਮਾਂ ਦਿੱਤਾ ਹੈ। ਇਨਸਾਨ ਨੇ ਲੜਾਈ ਕਰਨ ਲਈ ਤੀਰ-ਕਮਾਨ ਦੀ ਜਗ੍ਹਾ ਮਸ਼ੀਨ ਗੰਨਾਂ, ਟੈਂਕ, ਬੰਬਾਰੂ ਜਹਾਜ਼ ਅਤੇ ਨਿਊਕਲੀ ਮਿਸਾਈਲਾਂ ਬਣਾ ਲਈਆਂ ਹਨ। ਅੱਜ ਲੋਕ ਚੰਨ ਤੇ ਜਾ ਸਕਦੇ ਹਨ, ਪਰ ਇਸ ਧਰਤੀ ਉੱਤੇ ਅਮਨ ਨਾਲ ਮਿਲ ਕੇ ਨਹੀਂ ਰਹਿ ਸਕਦੇ। ਲੋਕ ਰਾਤ ਨੂੰ ਸੜਕਾਂ ਉੱਤੇ ਤੁਰਨ-ਫਿਰਨ ਤੋਂ ਡਰਦੇ ਹਨ, ਕਈ ਥਾਵਾਂ ਤੇ ਦਿਨੇ ਨੂੰ ਵੀ ਜਾਣ ਲੱਗਿਆਂ ਡਰ ਲੱਗਦਾ ਹੈ। ਕੀ ਇਸ ਸਭ ਕਾਸੇ ਨੂੰ ਤਰੱਕੀ ਕਿਹਾ ਜਾ ਸਕਦਾ ਹੈ?

ਇਤਿਹਾਸ ਨੇ ਕੀ ਦਿਖਾਇਆ ਹੈ

9, 10. (ੳ) ਸਦੀਆਂ ਲੰਬੇ ਇਤਿਹਾਸ ਨੇ ਕੀ ਸਾਬਤ ਕੀਤਾ ਹੈ? (ਅ) ਪਰਮੇਸ਼ੁਰ ਇਨਸਾਨ ਤੋਂ ਫ਼ੈਸਲੇ ਕਰਨ ਦੀ ਆਜ਼ਾਦੀ ਵਾਪਸ ਕਿਉਂ ਨਹੀਂ ਲਵੇਗਾ?

9 ਸਦੀਆਂ ਲੰਬੇ ਇਤਿਹਾਸ ਨੇ ਦਿਖਾਇਆ ਹੈ ਕਿ ਪਰਮੇਸ਼ੁਰ ਤੋਂ ਅਲੱਗ ਹੋ ਕੇ ਇਨਸਾਨ ਲਈ ਆਪਣੇ ਕਦਮਾਂ ਨੂੰ ਸਹੀ ਸੇਧ ਦੇਣੀ ਨਾਮੁਮਕਿਨ ਹੈ। ਜਿਵੇਂ ਇਨਸਾਨ ਲਈ ਰੋਟੀ-ਪਾਣੀ ਤੇ ਹਵਾ ਤੋਂ ਬਗੈਰ ਜੀਉਣਾ ਨਾਮੁਮਕਿਨ ਹੈ, ਇਸੇ ਤਰ੍ਹਾਂ ਉਸ ਲਈ ਪਰਮੇਸ਼ੁਰ ਤੋਂ ਬਿਨਾਂ ਜੀਉਣਾ ਨਾਮੁਮਕਿਨ ਹੈ। ਇਸ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ: ਸਾਨੂੰ ਆਪਣੇ ਸਿਰਜਣਹਾਰ ਉੱਤੇ ਨਿਰਭਰ ਰਹਿਣ ਲਈ ਬਣਾਇਆ ਗਿਆ ਹੈ।

10 ਦੁਸ਼ਟਤਾ ਨੂੰ ਅਜੇ ਤਕ ਖ਼ਤਮ ਨਾ ਕਰ ਕੇ ਪਰਮੇਸ਼ੁਰ ਨੇ ਹਮੇਸ਼ਾ-ਹਮੇਸ਼ਾ ਲਈ ਇਹ ਦਿਖਾ ਦਿੱਤਾ ਕਿ ਆਪਣੀ ਆਜ਼ਾਦੀ ਦਾ ਗ਼ਲਤ ਇਸਤੇਮਾਲ ਕਰਨ ਦੇ ਮਾੜੇ ਨਤੀਜੇ ਹੀ ਨਿਕਲਣਗੇ। ਇਨਸਾਨ ਤੋਂ ਇਹ ਆਜ਼ਾਦੀ ਵਾਪਸ ਲੈਣ ਦੀ ਬਜਾਇ ਪਰਮੇਸ਼ੁਰ ਨੇ ਉਸ ਨੂੰ ਇਹ ਦੇਖਣ ਦਾ ਮੌਕਾ ਦਿੱਤਾ ਕਿ ਗ਼ਲਤ ਫ਼ੈਸਲੇ ਕਰਨ ਦੇ ਕੀ ਨਤੀਜੇ ਨਿਕਲਦੇ ਹਨ। ਪਰਮੇਸ਼ੁਰ ਦਾ ਬਚਨ ਸਹੀ ਕਹਿੰਦਾ ਹੈ ਕਿ “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” ਬਾਈਬਲ ਦੀ ਇਹ ਗੱਲ ਵੀ ਸੱਚ ਹੈ ਕਿ “ਕੁਝ ਮਨੁੱਖਾਂ ਕੋਲ ਤਾਂ ਸ਼ਕਤੀ ਹੈ, ਪਰ ਕੁਝ ਦੂਜੇ ਉਨ੍ਹਾਂ ਸ਼ਕਤੀਸ਼ਾਲੀਆਂ ਦਾ ਅਤਿਆਚਾਰ ਸਹਿ ਰਹੇ ਹਨ।”—ਯਿਰਮਿਯਾਹ 10:23; ਉਪਦੇਸ਼ਕ 8:9, CL.

11. ਕੀ ਕਿਸੇ ਇਨਸਾਨੀ ਸਰਕਾਰ ਨੇ ਕਦੇ ਦੁੱਖਾਂ ਨੂੰ ਖ਼ਤਮ ਕੀਤਾ ਹੈ?

11 ਇਨਸਾਨ ਦੇ ਛੇ ਹਜ਼ਾਰ ਸਾਲ ਤੋਂ ਚੱਲ ਰਹੇ ਸ਼ਾਸਨ ਤੋਂ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕੀ ਹੈ ਕਿ ਇਨਸਾਨ ਦੁੱਖਾਂ ਨੂੰ ਖ਼ਤਮ ਕਰਨ ਦੇ ਨਾਕਾਬਲ ਹੈ। ਉਹ ਕਦੀ ਵੀ ਦੁੱਖਾਂ ਦਾ ਖ਼ਾਤਮਾ ਨਹੀਂ ਕਰ ਪਾਏਗਾ। ਉਦਾਹਰਣ ਲਈ, ਇਸਰਾਏਲ ਦਾ ਰਾਜਾ ਸੁਲੇਮਾਨ ਬਹੁਤ ਬੁੱਧੀਮਾਨ, ਦੌਲਤਮੰਦ ਅਤੇ ਸ਼ਕਤੀਸ਼ਾਲੀ ਸੀ। ਇਹ ਸਭ ਕੁਝ ਹੁੰਦਿਆਂ ਹੋਇਆਂ ਵੀ ਉਹ ਇਨਸਾਨੀ ਸ਼ਾਸਨ ਕਰਕੇ ਪੈਦਾ ਹੋਏ ਦੁੱਖਾਂ ਨੂੰ ਖ਼ਤਮ ਨਹੀਂ ਕਰ ਸਕਿਆ। (ਉਪਦੇਸ਼ਕ ਦੀ ਪੋਥੀ 4:1-3) ਇਸੇ ਤਰ੍ਹਾਂ ਅੱਜ ਦੁਨੀਆਂ ਦੇ ਆਗੂਆਂ ਕੋਲ ਨਵੀਆਂ ਤੋਂ ਨਵੀਆਂ ਅਤੇ ਬਿਹਤਰੀਨ ਤਕਨੀਕੀ ਚੀਜ਼ਾਂ ਹਨ, ਪਰ ਫਿਰ ਵੀ ਉਹ ਦੁੱਖਾਂ ਨੂੰ ਖ਼ਤਮ ਨਹੀਂ ਕਰ ਸਕੇ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਪਰਮੇਸ਼ੁਰ ਤੋਂ ਆਜ਼ਾਦ ਹੋ ਕੇ ਇਨਸਾਨ ਨੇ ਦੁੱਖਾਂ ਨੂੰ ਖ਼ਤਮ ਕਰਨ ਦੀ ਬਜਾਇ ਵਧਾਇਆ ਹੀ ਹੈ।

ਪਰਮੇਸ਼ੁਰ ਨੇ ਦੂਰ ਦੀ ਸੋਚੀ

12-14. ਪਰਮੇਸ਼ੁਰ ਵੱਲੋਂ ਦੁੱਖਾਂ ਨੂੰ ਅਜੇ ਤਕ ਖ਼ਤਮ ਨਾ ਕਰਨ ਕਰਕੇ ਭਵਿੱਖ ਵਿਚ ਕੀ ਲਾਭ ਹੋਣਗੇ?

12 ਇਹ ਸੱਚ ਹੈ ਕਿ ਪਰਮੇਸ਼ੁਰ ਨੇ ਦੁੱਖਾਂ ਨੂੰ ਅਜੇ ਤਕ ਖ਼ਤਮ ਨਹੀਂ ਕੀਤਾ ਜਿਸ ਕਰਕੇ ਸਾਨੂੰ ਕਸ਼ਟ ਸਹਿਣੇ ਪੈ ਰਹੇ ਹਨ। ਪਰ ਉਸ ਨੇ ਦੂਰ ਦੀ ਸੋਚੀ ਹੈ। ਉਹ ਜਾਣਦਾ ਸੀ ਕਿ ਬਾਅਦ ਵਿਚ ਇਸ ਦੇ ਚੰਗੇ ਨਤੀਜੇ ਨਿਕਲਣਗੇ। ਪਰਮੇਸ਼ੁਰ ਦੇ ਇਸ ਫ਼ੈਸਲੇ ਤੋਂ ਇਨਸਾਨ ਨੂੰ ਕੁਝ ਸਾਲਾਂ ਲਈ ਜਾਂ ਹਜ਼ਾਰਾਂ ਸਾਲਾਂ ਲਈ ਹੀ ਨਹੀਂ, ਸਗੋਂ ਹਮੇਸ਼ਾ-ਹਮੇਸ਼ਾ ਲਈ ਫ਼ਾਇਦਾ ਹੋਵੇਗਾ।

13 ਹੁਣ ਜੇ ਭਵਿੱਖ ਵਿਚ ਕਦੀ ਕਿਸੇ ਨੇ ਆਪਣੀ ਆਜ਼ਾਦੀ ਦਾ ਗ਼ਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪਰਮੇਸ਼ੁਰ ਦੇ ਕੰਮ ਕਰਨ ਦੇ ਤਰੀਕੇ ਉੱਤੇ ਸਵਾਲ ਖੜ੍ਹਾ ਕੀਤਾ, ਤਾਂ ਫਿਰ ਪਰਮੇਸ਼ੁਰ ਨੂੰ ਉਸ ਨੂੰ ਸਮਾਂ ਦੇਣ ਦੀ ਲੋੜ ਨਹੀਂ ਪਵੇਗੀ। ਬਾਗ਼ੀਆਂ ਨੂੰ ਹੁਣ ਤਕ ਹਜ਼ਾਰਾਂ ਸਾਲ ਆਪਣੀ ਮਰਜ਼ੀ ਕਰਨ ਦੀ ਇਜਾਜ਼ਤ ਦੇ ਕੇ ਪਰਮੇਸ਼ੁਰ ਨੇ ਹਮੇਸ਼ਾ-ਹਮੇਸ਼ਾ ਲਈ ਦਿਖਾ ਦਿੱਤਾ ਹੈ ਕਿ ਉਸ ਤੋਂ ਦੂਰ ਹੋ ਕੇ ਇਨਸਾਨ ਸਫ਼ਲ ਨਹੀਂ ਹੋ ਸਕਦਾ।

14 ਅਜੇ ਤਕ ਕੋਈ ਕਦਮ ਨਾ ਚੁੱਕਣ ਨਾਲ ਪਰਮੇਸ਼ੁਰ ਨੇ ਇਹ ਗੱਲ ਪੂਰੀ ਤਰ੍ਹਾਂ ਸਾਬਤ ਕਰ ਦਿੱਤੀ ਹੈ ਕਿ ਇਨਸਾਨ ਉਸ ਤੋਂ ਦੂਰ ਹੋ ਕੇ ਕੋਈ ਵੀ ਕੰਮ ਸਿਰੇ ਨਹੀਂ ਚਾੜ੍ਹ ਸਕਦਾ। ਭਵਿੱਖ ਵਿਚ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਰਹੇਗਾ ਕਿ ਪਰਮੇਸ਼ੁਰ ਤੋਂ ਬਿਨਾਂ ਇਨਸਾਨ ਜਾਂ ਸਵਰਗੀ ਦੂਤਾਂ ਦੇ ਕੰਮ ਕਦੇ ਕਾਮਯਾਬ ਨਹੀਂ ਹੋ ਸਕਦੇ। ਅਗਾਹਾਂ ਨੂੰ ਪਰਮੇਸ਼ੁਰ ਕੋਲ ਕਿਸੇ ਵੀ ਬਾਗ਼ੀ ਨੂੰ ਜਲਦੀ ਹੀ ਕੁਚਲਣ ਦਾ ਪੂਰਾ-ਪੂਰਾ ਹੱਕ ਹੋਵੇਗਾ। ਉਹ “ਸਾਰੇ ਦੁਸ਼ਟਾਂ ਦਾ ਨਾਸ ਕਰੇਗਾ।”—ਜ਼ਬੂਰਾਂ ਦੀ ਪੋਥੀ 145:20; ਰੋਮੀਆਂ 3:4.

[ਸਵਾਲ]

[ਸਫ਼ਾ 15 ਉੱਤੇ ਤਸਵੀਰ]

ਪਰਮੇਸ਼ੁਰ ਤੋਂ ਦੂਰ ਹੋਣ ਤੋਂ ਬਾਅਦ, ਸਾਡੇ ਪਹਿਲੇ ਮਾਂ-ਬਾਪ ਬੁੱਢੇ ਹੋ ਗਏ ਅਤੇ ਮਰ ਗਏ

[ਸਫ਼ਾ 16 ਉੱਤੇ ਤਸਵੀਰ]

ਪਰਮੇਸ਼ੁਰ ਤੋਂ ਅਲੱਗ ਹੋਣ ਕਰਕੇ ਇਨਸਾਨ ਦਾ ਸ਼ਾਸਨ ਦੁੱਖਾਂ ਨਾਲ ਭਰਿਆ ਹੋਇਆ ਹੈ

[ਕ੍ਰੈਡਿਟ ਲਾਈਨ]

U.S. Coast Guard photo