Skip to content

Skip to table of contents

ਅਸੀਂ ਕਿਉਂਬੁੱਢੇ ਹੋ ਕੇ ਮਰ ਜਾਂਦੇ ਹਾਂ?

ਅਸੀਂ ਕਿਉਂਬੁੱਢੇ ਹੋ ਕੇ ਮਰ ਜਾਂਦੇ ਹਾਂ?

ਅਧਿਆਇ 6

ਅਸੀਂ ਕਿਉਂਬੁੱਢੇ ਹੋ ਕੇ ਮਰ ਜਾਂਦੇ ਹਾਂ?

1. ਵਿਗਿਆਨੀ ਲੋਕ ਮਾਨਵੀ ਜੀਵਨ ਬਾਰੇ ਕੀ ਨਹੀਂ ਸਮਝਾ ਸਕੇ ਹਨ?

ਵਿਗਿਆਨੀ ਇਹ ਨਹੀਂ ਜਾਣਦੇ ਹਨ ਕਿ ਮਨੁੱਖ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਸਾਡੇ ਕੋਸ਼ਾਣੂਆਂ ਦਾ ਨਵੀਨੀਕਰਣ ਜਾਰੀ ਰਹਿਣਾ ਚਾਹੀਦਾ ਹੈ ਅਤੇ ਕਿ ਸਾਨੂੰ ਸਦਾ ਦੇ ਲਈ ਜੀਉਣਾ ਚਾਹੀਦਾ ਹੈ। ਹਿਓਜੂਨ ਸੋਸ਼ੀਕੀਗਾਕੂ (ਪ੍ਰਮਾਣਕ ਤੰਤੂ-ਵਿਗਿਆਨ) ਨਾਮਕ ਪੁਸਤਕ ਆਖਦੀ ਹੈ: “ਇਹ ਇਕ ਬਹੁਤ ਵੱਡਾ ਰਹੱਸ ਹੈ ਕਿ ਕਿਵੇਂ ਕੋਸ਼ਾਣੂਆਂ ਦਾ ਬੁੱਢੇ ਹੋਣਾ, ਇਕ ਵਿਅਕਤੀ ਦੇ ਬੁੱਢੇ ਹੋਣ ਅਤੇ ਮੌਤ ਦੇ ਨਾਲ ਸੰਬੰਧਿਤ ਹੈ।” ਕਈ ਵਿਗਿਆਨੀ ਇਹ ਵਿਸ਼ਵਾਸ ਕਰਦੇ ਹਨ ਕਿ ਜੀਵਨ ਦੀ ਇਕ “ਕੁਦਰਤੀ, ਜਮਾਂਦਰੂ” ਸੀਮਾ ਹੈ। ਤੁਹਾਡੇ ਵਿਚਾਰ ਵਿਚ ਕੀ ਉਹ ਸਹੀ ਹਨ?

2. ਜੀਵਨ ਇੰਨਾ ਥੋੜ੍ਹ-ਚਿਰਾ ਹੋਣ ਦੇ ਕਾਰਨ ਕੁਝ ਵਿਅਕਤੀਆਂ ਨੇ ਕੀ ਕੀਤਾ ਹੈ?

2 ਮਨੁੱਖਾਂ ਨੇ ਹਮੇਸ਼ਾ ਚਿਰੰਜੀਵਤਾ ਨੂੰ ਲੋਚਿਆ ਹੈ ਅਤੇ ਅਮਰਤਾ ਨੂੰ ਹਾਸਲ ਕਰਨ ਲਈ ਵੀ ਕੋਸ਼ਿਸ਼ ਕੀਤੀ ਹੈ। ਚੌਥੀ ਸਦੀ ਸਾ.ਯੁ.ਪੂ. ਤੋਂ ਹੀ, ਦਵਾਈਆਂ ਜਿਨ੍ਹਾਂ ਬਾਰੇ ਮੰਨਿਆ ਜਾਂਦਾ ਸੀ ਕਿ ਉਹ ਅਮਰਤਾ ਨੂੰ ਮੁਮਕਿਨ ਕਰਨ ਲਈ ਬਣਾਈਆਂ ਗਈਆਂ ਸਨ, ਨੇ ਚੀਨੀ ਨਵਾਬਾਂ ਦਾ ਧਿਆਨ ਖਿੱਚਿਆ। ਬਾਅਦ ਦੇ ਕੁਝ ਚੀਨੀ ਸਮਰਾਟਾਂ ਨੇ ਉਸ ਅਖਾਉਤੀ ਜੀਵਨ ਅੰਮ੍ਰਿਤ—ਪਾਰੇ ਤੋਂ ਬਣਾਈਆਂ ਦਵਾਈਆਂ—ਨੂੰ ਖਾਧਾ ਅਤੇ ਮਰ ਗਏ! ਧਰਤੀ ਦੇ ਸਾਰੇ ਹਿੱਸਿਆਂ ਵਿਚ, ਲੋਕ ਵਿਸ਼ਵਾਸ ਕਰਦੇ ਹਨ ਕਿ ਮੌਤ ਉਨ੍ਹਾਂ ਦੀ ਹੋਂਦ ਦਾ ਅੰਤ ਨਹੀਂ ਹੈ। ਬੋਧੀ, ਹਿੰਦੂ, ਮੁਸਲਮਾਨ ਅਤੇ ਦੂਜੇ, ਸਾਰੇ ਮੌਤ ਤੋਂ ਬਾਅਦ ਦੇ ਜੀਵਨ ਬਾਰੇ ਉੱਜਲ ਉਮੀਦ ਰੱਖਦੇ ਹਨ। ਮਸੀਹੀ-ਜਗਤ ਵਿਚ, ਅਨੇਕ ਲੋਕ ਸਵਰਗੀ ਪਰਮਾਨੰਦ ਵਿਚ ਪਰਲੋਕ ਦੇ ਜੀਵਨ ਦਾ ਵਿਚਾਰ ਰੱਖਦੇ ਹਨ।

3. (ੳ) ਮਨੁੱਖ ਸਦੀਪਕ ਜੀਵਨ ਨੂੰ ਕਿਉਂ ਲੋਚਦੇ ਹਨ? (ਅ) ਮੌਤ ਦੇ ਬਾਰੇ ਕਿਹੜੇ ਸਵਾਲਾਂ ਦੇ ਜਵਾਬ ਦੇਣੇ ਜ਼ਰੂਰੀ ਹਨ?

3 ਮੌਤ ਤੋਂ ਬਾਅਦ ਖ਼ੁਸ਼ੀਆਂ ਦੀਆਂ ਧਾਰਣਾਵਾਂ ਸਦੀਪਕ ਜੀਵਨ ਦੀ ਚਾਹ ਨੂੰ ਪ੍ਰਤਿਬਿੰਬਤ ਕਰਦੀਆਂ ਹਨ। “ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ,” ਬਾਈਬਲ ਉਸ ਅਨੰਤ ਕਾਲ ਦੇ ਖ਼ਿਆਲ ਬਾਰੇ ਕਹਿੰਦੀ ਹੈ ਜੋ ਪਰਮੇਸ਼ੁਰ ਨੇ ਸਾਡੇ ਵਿਚ ਬਿਠਾਇਆ ਹੈ। (ਉਪਦੇਸ਼ਕ ਦੀ ਪੋਥੀ 3:11) ਉਸ ਨੇ ਪਹਿਲੀ ਮਾਨਵੀ ਜੋੜੀ ਨੂੰ ਇਸ ਸੰਭਾਵਨਾ ਦੇ ਨਾਲ ਸ੍ਰਿਸ਼ਟ ਕੀਤਾ ਸੀ ਕਿ ਉਹ ਸਦਾ ਦੇ ਲਈ ਧਰਤੀ ਉੱਤੇ ਜੀਉਂਦੇ ਰਹਿ ਸਕਣ। (ਉਤਪਤ 2:16, 17) ਪਰ ਫਿਰ, ਮਨੁੱਖ ਕਿਉਂ ਮਰ ਜਾਂਦੇ ਹਨ? ਇਸ ਸੰਸਾਰ ਵਿਚ ਮੌਤ ਕਿਵੇਂ ਆਰੰਭ ਕੀਤੀ ਗਈ? ਪਰਮੇਸ਼ੁਰ ਦਾ ਗਿਆਨ ਇਨ੍ਹਾਂ ਸਵਾਲਾਂ ਉੱਤੇ ਰੌਸ਼ਨੀ ਪਾਉਂਦਾ ਹੈ।—ਜ਼ਬੂਰ 119:105.

ਇਕ ਦੁਸ਼ਟ ਮਤਾ

4. ਯਿਸੂ ਨੇ ਉਸ ਅਪਰਾਧੀ ਦੀ ਜੋ ਮਾਨਵੀ ਮੌਤ ਲਈ ਜ਼ਿੰਮੇਵਾਰ ਹੈ ਕਿਸ ਤਰ੍ਹਾਂ ਸ਼ਨਾਖ਼ਤ ਕੀਤੀ?

4 ਇਕ ਅਪਰਾਧੀ ਆਪਣੇ ਖੁਰਾ-ਖੋਜ ਮਿਟਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਗੱਲ ਉਸ ਬਾਰੇ ਵੀ ਸੱਚ ਹੈ ਜੋ ਉਸ ਅਪਰਾਧ ਦਾ ਜ਼ਿੰਮੇਵਾਰ ਹੈ ਜਿਸ ਵਜੋਂ ਅਰਬਾਂ ਦੀਆਂ ਮੌਤਾਂ ਹੋਈਆਂ ਹਨ। ਉਸ ਨੇ ਮਾਨਵੀ ਮੌਤ ਨੂੰ ਰਹੱਸਮਈ ਬਣਾਈ ਰੱਖਣ ਲਈ ਜੁਗਤ ਕੱਢੀ ਹੈ। ਯਿਸੂ ਮਸੀਹ ਨੇ ਇਸ ਅਪਰਾਧੀ ਦੀ ਸ਼ਨਾਖ਼ਤ ਕੀਤੀ ਜਦੋਂ ਉਸ ਨੇ ਉਨ੍ਹਾਂ ਨੂੰ ਜੋ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ, ਦੱਸਿਆ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸਚਿਆਈ ਉੱਤੇ ਟਿਕਿਆ ਨਾ ਰਿਹਾ ਕਿਉਂਕਿ ਉਸ ਵਿੱਚ ਸਚਿਆਈ ਹੈ ਨਹੀਂ।”—ਯੂਹੰਨਾ 8:31, 40, 44.

5. (ੳ) ਉਸ ਦਾ ਮੂਲ ਕੀ ਸੀ ਜੋ ਸ਼ਤਾਨ ਅਰਥਾਤ ਇਬਲੀਸ ਬਣਿਆ? (ਅ) “ਸ਼ਤਾਨ” ਅਤੇ “ਇਬਲੀਸ” ਸ਼ਬਦਾਂ ਦੇ ਕੀ ਅਰਥ ਹਨ?

5 ਜੀ ਹਾਂ, ਇਬਲੀਸ ਇਕ ਖੁਣਸੀ “ਮਨੁੱਖ ਘਾਤਕ” ਹੈ। ਬਾਈਬਲ ਪ੍ਰਗਟ ਕਰਦੀ ਹੈ ਕਿ ਉਹ ਇਕ ਵਾਸਤਵਿਕ ਵਿਅਕਤੀ ਹੈ, ਨਾ ਕਿ ਸਿਰਫ਼ ਕਿਸੇ ਦੇ ਦਿਲ ਵਿਚ ਦੁਸ਼ਟਤਾ। (ਮੱਤੀ 4:1-11) ਭਾਵੇਂ ਕਿ ਇਕ ਧਰਮੀ ਦੂਤ ਦੇ ਤੌਰ ਤੇ ਸ੍ਰਿਸ਼ਟ ਕੀਤਾ ਗਿਆ ਸੀ, “ਉਹ . . . ਸਚਿਆਈ ਉੱਤੇ ਟਿਕਿਆ ਨਾ ਰਿਹਾ।” ਇਹ ਕਿੰਨਾ ਉਚਿਤ ਹੈ ਕਿ ਉਸ ਨੂੰ ਸ਼ਤਾਨ ਅਰਥਾਤ ਇਬਲੀਸ ਸੱਦਿਆ ਜਾਂਦਾ ਹੈ! (ਪਰਕਾਸ਼ ਦੀ ਪੋਥੀ 12:9) ਉਸ ਨੂੰ “ਸ਼ਤਾਨ,” ਜਾਂ “ਵਿਰੋਧੀ” ਆਖਿਆ ਜਾਂਦਾ ਹੈ ਕਿਉਂਕਿ ਉਸ ਨੇ ਯਹੋਵਾਹ ਦੇ ਉਲਟ ਜਾ ਕੇ ਉਸ ਦਾ ਵਿਰੋਧ ਕੀਤਾ। ਇਸ ਅਪਰਾਧੀ ਨੂੰ “ਇਬਲੀਸ” ਵੀ ਆਖਿਆ ਜਾਂਦਾ ਹੈ, ਜਿਸ ਦਾ ਮਤਲਬ “ਤੁਹਮਤੀ” ਹੈ, ਕਿਉਂਕਿ ਉਸ ਨੇ ਕਾਫ਼ਰਾਂ ਵਾਂਗ ਪਰਮੇਸ਼ੁਰ ਦੀ ਗ਼ਲਤਬਿਆਨੀ ਕੀਤੀ ਹੈ।

6. ਸ਼ਤਾਨ ਨੇ ਪਰਮੇਸ਼ੁਰ ਦੇ ਵਿਰੁੱਧ ਕਿਉਂ ਬਗਾਵਤ ਕੀਤੀ?

6 ਸ਼ਤਾਨ ਨੂੰ ਕਿਸ ਚੀਜ਼ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕਰਨ ਲਈ ਉਕਸਾਇਆ? ਲੋਭ। ਉਸ ਨੇ ਲੋਭ ਨਾਲ ਉਸ ਉਪਾਸਨਾ ਦਾ ਲਾਲਚ ਕੀਤਾ ਜੋ ਯਹੋਵਾਹ ਨੂੰ ਮਨੁੱਖਾਂ ਵੱਲੋਂ ਮਿਲੀ। ਇਬਲੀਸ ਨੇ ਅਜਿਹੀ ਉਪਾਸਨਾ ਹਾਸਲ ਕਰਨ ਦੀ ਇੱਛਾ ਨੂੰ ਰੱਦ ਨਹੀਂ ਕੀਤਾ, ਜਿਸ ਉਪਾਸਨਾ ਦਾ ਹੱਕ ਕੇਵਲ ਸ੍ਰਿਸ਼ਟੀਕਰਤਾ ਦਾ ਹੀ ਸੀ। (ਤੁਲਨਾ ਕਰੋ ਹਿਜ਼ਕੀਏਲ 28:12-19.) ਇਸ ਦੀ ਬਜਾਇ, ਉਹ ਦੂਤ ਜੋ ਸ਼ਤਾਨ ਬਣਿਆ, ਇਸ ਲੋਭੀ ਕਾਮਨਾ ਨੂੰ ਵਿਕਸਿਤ ਕਰਦਾ ਰਿਹਾ ਅਤੇ ਅੰਤ ਵਿਚ ਇਸ ਨੇ ਗਰਭਵਤੀ ਹੋ ਕੇ ਪਾਪ ਨੂੰ ਜਨਮ ਦਿੱਤਾ।—ਯਾਕੂਬ 1:14, 15.

7. (ੳ) ਮਾਨਵੀ ਮੌਤ ਦਾ ਕੀ ਕਾਰਨ ਹੈ? (ਅ) ਪਾਪ ਕੀ ਹੈ?

7 ਅਸੀਂ ਉਸ ਮੁਜਰਮ ਦੀ ਸ਼ਨਾਖ਼ਤ ਕੀਤੀ ਹੈ ਜਿਸ ਦੇ ਅਪਰਾਧ ਨੇ ਮਨੁੱਖਾਂ ਉੱਤੇ ਮੌਤ ਲਿਆਂਦੀ। ਪਰੰਤੂ ਮਾਨਵੀ ਮੌਤ ਦਾ ਵਿਸ਼ੇਸ਼ ਕਾਰਨ ਕੀ ਹੈ? ਬਾਈਬਲ ਆਖਦੀ ਹੈ: “ਮੌਤ ਦਾ ਡੰਗ ਪਾਪ ਹੈ।” (1 ਕੁਰਿੰਥੀਆਂ 15:56) ਅਤੇ ਪਾਪ ਕੀ ਹੈ? ਇਸ ਸ਼ਬਦ ਨੂੰ ਸਮਝਣ ਲਈ, ਆਓ ਅਸੀਂ ਗੌਰ ਕਰੀਏ ਕਿ ਇਹ ਸ਼ਬਦ ਬਾਈਬਲ ਦੀਆਂ ਮੂਲ ਭਾਸ਼ਾਵਾਂ ਵਿਚ ਕੀ ਅਰਥ ਰੱਖਦਾ ਹੈ। ਆਮ ਤੌਰ ਤੇ “ਪਾਪ ਕਰਨਾ” ਅਨੁਵਾਦ ਕੀਤੀਆਂ ਇਬਰਾਨੀ ਅਤੇ ਯੂਨਾਨੀ ਕ੍ਰਿਆਵਾਂ ਇਸ ਅਰਥ ਵਿਚ “ਚੂਕ ਜਾਣ” ਦਾ ਅਰਥ ਰੱਖਦੀਆਂ ਹਨ ਜਿਵੇਂ ਕਿ ਨਿਸ਼ਾਨੇ ਤੋਂ ਚੂਕ ਜਾਣਾ ਜਾਂ ਟੀਚੇ ਤੇ ਨਾ ਪਹੁੰਚਣਾ। ਅਸੀਂ ਸਾਰੇ ਕਿਹੜੇ ਨਿਸ਼ਾਨੇ ਤੋਂ ਚੂਕ ਜਾਂਦੇ ਹਾਂ? ਪਰਮੇਸ਼ੁਰ ਦੇ ਪ੍ਰਤੀ ਸੰਪੂਰਣ ਆਗਿਆਕਾਰਤਾ ਦਾ ਨਿਸ਼ਾਨਾ। ਪਰ ਫਿਰ, ਇਸ ਸੰਸਾਰ ਵਿਚ ਪਾਪ ਕਿਵੇਂ ਆਰੰਭ ਕੀਤਾ ਗਿਆ?

ਮਤਾ ਕਿਵੇਂ ਨੇਪਰੇ ਚਾੜ੍ਹਿਆ ਗਿਆ

8. ਸ਼ਤਾਨ ਨੇ ਮਨੁੱਖਾਂ ਦੀ ਉਪਾਸਨਾ ਕਿਵੇਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ?

8 ਸ਼ਤਾਨ ਨੇ ਧਿਆਨ ਦੇ ਨਾਲ ਇਕ ਮਤਾ ਪਕਾਇਆ ਜੋ ਉਸ ਨੇ ਸੋਚਿਆ ਕਿ ਉਸ ਲਈ ਸਾਰਿਆਂ ਮਨੁੱਖਾਂ ਉੱਤੇ ਸ਼ਾਸਨ ਕਰਨਾ ਅਤੇ ਉਨ੍ਹਾਂ ਵੱਲੋਂ ਉਪਾਸਨਾ ਹਾਸਲ ਕਰਨਾ ਮੁਮਕਿਨ ਕਰ ਦੇਵੇਗਾ। ਉਸ ਨੇ ਪਹਿਲੀ ਜੋੜੀ, ਆਦਮ ਅਤੇ ਹੱਵਾਹ ਕੋਲੋਂ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਾਉਣ ਦਾ ਇਰਾਦਾ ਬਣਾਇਆ। ਯਹੋਵਾਹ ਨੇ ਸਾਡੇ ਪਹਿਲੇ ਮਾਪਿਆਂ ਨੂੰ ਅਜਿਹਾ ਗਿਆਨ ਦਿੱਤਾ ਸੀ ਜਿਸ ਨੇ ਸਦੀਪਕ ਜੀਵਨ ਵੱਲ ਲੈ ਜਾਣਾ ਸੀ। ਉਹ ਜਾਣਦੇ ਸਨ ਕਿ ਉਨ੍ਹਾਂ ਦਾ ਸ੍ਰਿਸ਼ਟੀਕਰਤਾ ਅੱਛਾ ਸੀ ਕਿਉਂਕਿ ਉਸ ਨੇ ਉਨ੍ਹਾਂ ਨੂੰ ਅਦਨ ਦੇ ਸੁੰਦਰ ਬਾਗ਼ ਵਿਚ ਰੱਖਿਆ ਸੀ। ਆਦਮ ਨੇ ਖ਼ਾਸ ਕਰਕੇ ਆਪਣੇ ਸਵਰਗੀ ਪਿਤਾ ਦੀ ਭਲਿਆਈ ਮਹਿਸੂਸ ਕੀਤੀ ਜਦੋਂ ਪਰਮੇਸ਼ੁਰ ਨੇ ਉਸ ਨੂੰ ਇਕ ਸੁੰਦਰ ਅਤੇ ਸਹਾਇਕ ਪਤਨੀ ਦਿੱਤੀ। (ਉਤਪਤ 1:26, 29; 2:7-9, 18-23) ਪਹਿਲੀ ਮਾਨਵੀ ਜੋੜੀ ਦਾ ਜਾਰੀ ਜੀਵਨ ਉਨ੍ਹਾਂ ਦੀ ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰਤਾ ਉੱਤੇ ਨਿਰਭਰ ਕਰਦਾ ਸੀ।

9. ਪਰਮੇਸ਼ੁਰ ਨੇ ਪਹਿਲੇ ਮਨੁੱਖ ਨੂੰ ਕੀ ਹੁਕਮ ਦਿੱਤਾ, ਅਤੇ ਇਹ ਕਿਉਂ ਤਰਕਸੰਗਤ ਸੀ?

9 ਪਰਮੇਸ਼ੁਰ ਨੇ ਆਦਮ ਨੂੰ ਹੁਕਮ ਦਿੱਤਾ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ। ਪਰ ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਤੂੰ ਨਾ ਖਾਈਂ ਕਿਉਂਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਂਗਾ।” (ਉਤਪਤ 2:16, 17) ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਇਹ ਯਹੋਵਾਹ ਪਰਮੇਸ਼ੁਰ ਦਾ ਹੱਕ ਸੀ ਕਿ ਉਹ ਨੈਤਿਕ ਮਿਆਰਾਂ ਨੂੰ ਸਥਾਪਿਤ ਕਰੇ ਅਤੇ ਵਿਆਖਿਆ ਕਰੇ ਕਿ ਉਸ ਦੇ ਜੀਵਾਂ ਲਈ ਕੀ ਭਲਾ ਅਤੇ ਕੀ ਬੁਰਾ ਸੀ। ਉਸ ਦਾ ਹੁਕਮ ਤਰਕਸੰਗਤ ਸੀ ਕਿਉਂਕਿ ਆਦਮ ਅਤੇ ਹੱਵਾਹ ਬਾਗ਼ ਦੇ ਸਾਰੇ ਦੂਜੇ ਬਿਰਛਾਂ ਤੋਂ ਫਲ ਖਾਣ ਲਈ ਆਜ਼ਾਦ ਸਨ। ਉਹ ਘਮੰਡ ਦੇ ਨਾਲ ਆਪਣੇ ਹੀ ਨੈਤਿਕ ਮਿਆਰਾਂ ਨੂੰ ਸਥਾਪਿਤ ਕਰਨ ਦੀ ਬਜਾਇ, ਇਸ ਨਿਯਮ ਦੀ ਪਾਲਣਾ ਕਰ ਕੇ ਯਹੋਵਾਹ ਦੀ ਜਾਇਜ਼ ਹਕੂਮਤ ਲਈ ਕਦਰ ਦਿਖਾ ਸਕਦੇ ਸਨ।

10. (ੳ) ਸ਼ਤਾਨ ਨੇ ਮਨੁੱਖਾਂ ਨੂੰ ਆਪਣੇ ਪੱਖ ਵਿਚ ਕਰਨ ਲਈ ਕਿਹੜੀ ਪਹੁੰਚ ਇਸਤੇਮਾਲ ਕੀਤੀ? (ਅ) ਸ਼ਤਾਨ ਨੇ ਯਹੋਵਾਹ ਉੱਤੇ ਕਿਹੜੇ ਮਨੋਰਥਾਂ ਦਾ ਦੋਸ਼ ਲਾਇਆ? (ੲ) ਪਰਮੇਸ਼ੁਰ ਉੱਤੇ ਸ਼ਤਾਨ ਦੇ ਹਮਲੇ ਬਾਰੇ ਤੁਹਾਡਾ ਕੀ ਵਿਚਾਰ ਹੈ?

10 ਇਬਲੀਸ ਨੇ ਪਹਿਲੇ ਮਨੁੱਖਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਦੀ ਯੋਜਨਾ ਬਣਾਈ। ਉਨ੍ਹਾਂ ਨੂੰ ਉਸ ਦਾ ਪੱਖ ਲੈਣ ਲਈ ਲੁਭਾਉਣ ਵਾਸਤੇ, ਸ਼ਤਾਨ ਨੇ ਝੂਠ ਬੋਲਿਆ। ਇਕ ਸੱਪ ਨੂੰ ਇਸਤੇਮਾਲ ਕਰਦੇ ਹੋਏ, ਉਸੇ ਤਰ੍ਹਾਂ ਜਿਵੇਂ ਇਕ ਗਰੂੜਵਾਦੀ ਇਕ ਪੁਤਲੇ ਨੂੰ ਇਸਤੇਮਾਲ ਕਰਦਾ ਹੈ, ਇਬਲੀਸ ਨੇ ਹੱਵਾਹ ਨੂੰ ਪੁੱਛਿਆ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” ਜਦੋਂ ਹੱਵਾਹ ਨੇ ਪਰਮੇਸ਼ੁਰ ਦਾ ਹੁਕਮ ਉਤਕਥਿਤ ਕੀਤਾ, ਤਾਂ ਸ਼ਤਾਨ ਨੇ ਘੋਸ਼ਿਤ ਕੀਤਾ: “ਤੁਸੀਂ ਕਦੀ ਨਾ ਮਰੋਗੇ।” ਉਸ ਨੇ ਫਿਰ ਇਹ ਕਹਿੰਦੇ ਹੋਏ ਯਹੋਵਾਹ ਉੱਤੇ ਬੁਰੇ ਮਨੋਰਥ ਦਾ ਦੋਸ਼ ਲਾਇਆ: “ਪਰਮੇਸ਼ੁਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁਲ੍ਹ ਜਾਣਗੀਆਂ ਅਤੇ ਤੁਸੀਂ ਪਰਮੇਸ਼ੁਰ ਵਾਂਙੁ ਭਲੇ ਬੁਰੇ ਦੀ ਸਿਆਣਵਾਲੇ ਹੋ ਜਾਓਗੇ।” (ਉਤਪਤ 3:1-5) ਇਸ ਤਰ੍ਹਾਂ, ਇਬਲੀਸ ਨੇ ਇਹ ਸੰਕੇਤ ਕੀਤਾ ਕਿ ਪਰਮੇਸ਼ੁਰ ਨੇ ਉਨ੍ਹਾਂ ਤੋਂ ਕੁਝ ਭਲੀ ਚੀਜ਼ ਰੋਕ ਰੱਖੀ ਸੀ। ਸੱਤਵਾਦੀ ਅਤੇ ਪ੍ਰੇਮਪੂਰਣ ਸਵਰਗੀ ਪਿਤਾ ਯਹੋਵਾਹ ਉੱਤੇ ਕਿੰਨਾ ਹੀ ਤੁਹਮਤੀ ਹਮਲਾ!

11. ਆਦਮ ਅਤੇ ਹੱਵਾਹ ਸ਼ਤਾਨ ਦੇ ਸਹਿ-ਅਪਰਾਧੀ ਕਿਵੇਂ ਬਣੇ?

11 ਹੱਵਾਹ ਨੇ ਬਿਰਛ ਵੱਲ ਫਿਰ ਤੋਂ ਦੇਖਿਆ, ਅਤੇ ਹੁਣ ਉਸ ਦਾ ਫਲ ਖ਼ਾਸ ਤੌਰ ਤੇ ਮਨਭਾਉਂਦਾ ਲੱਗਿਆ। ਇਸ ਲਈ ਉਸ ਨੇ ਫਲ ਲੈ ਕੇ ਖਾਧਾ। ਬਾਅਦ ਵਿਚ, ਉਸ ਦੇ ਪਤੀ ਨੇ ਉਸ ਦੀ ਪਰਮੇਸ਼ੁਰ ਦੇ ਵਿਰੁੱਧ ਇਸ ਪਾਪੀ ਅਵੱਗਿਆ ਵਿਚ ਜਾਣ-ਬੁੱਝ ਕੇ ਸਾਥ ਦਿੱਤਾ। (ਉਤਪਤ 3:6) ਭਾਵੇਂ ਕਿ ਹੱਵਾਹ ਬਹਿਕਾਈ ਗਈ ਸੀ, ਉਹ ਅਤੇ ਆਦਮ ਦੋਹਾਂ ਨੇ ਮਨੁੱਖਜਾਤੀ ਉੱਤੇ ਸ਼ਾਸਨ ਕਰਨ ਦੀ ਸ਼ਤਾਨ ਦੀ ਯੋਜਨਾ ਨੂੰ ਸਮਰਥਨ ਦਿੱਤਾ। ਅਸਲ ਵਿਚ, ਉਹ ਉਸ ਦੇ ਸਹਿ-ਅਪਰਾਧੀ ਬਣ ਗਏ।—ਰੋਮੀਆਂ 6:16; 1 ਤਿਮੋਥਿਉਸ 2:14.

12. ਪਰਮੇਸ਼ੁਰ ਦੇ ਵਿਰੁੱਧ ਮਾਨਵੀ ਬਗਾਵਤ ਦਾ ਕੀ ਨਤੀਜਾ ਹੋਇਆ?

12 ਆਦਮ ਅਤੇ ਹੱਵਾਹ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪਿਆ। ਉਹ ਖ਼ਾਸ ਗਿਆਨ ਦੇ ਨਾਲ ਸੁਸੱਜਿਤ, ਪਰਮੇਸ਼ੁਰ ਵਰਗੇ ਨਹੀਂ ਬਣੇ। ਇਸ ਦੀ ਬਜਾਇ, ਉਨ੍ਹਾਂ ਨੇ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਆਪਣੇ ਆਪ ਨੂੰ ਲੁਕਾ ਲਿਆ। ਯਹੋਵਾਹ ਨੇ ਆਦਮ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਸ ਨੂੰ ਇਹ ਸਜ਼ਾ ਸੁਣਾਈ: “ਤੂੰ ਆਪਣੇ ਮੂੰਹ ਦੇ ਮੁੜ੍ਹਕੇ ਨਾਲ ਰੋਟੀ ਖਾਵੇਂਗਾ ਜਦ ਤੀਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇਂ ਕਿਉਂਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈਂ ਅਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ।” (ਉਤਪਤ 3:19) ਸਾਡੇ ਪਹਿਲੇ ਮਾਪਿਆਂ ਨੇ “ਜਿਸ ਦਿਨ” ਭਲੇ ਅਤੇ ਬੁਰੇ ਦੇ ਗਿਆਨ ਦੇ ਬਿਰਛ ਤੋਂ ਖਾਧਾ, ਪਰਮੇਸ਼ੁਰ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਅਤੇ ਉਹ ਉਸ ਦੀ ਦ੍ਰਿਸ਼ਟੀ ਤੋਂ ਮਰ ਗਏ। ਫਿਰ ਉਹ ਪਰਾਦੀਸ ਵਿੱਚੋਂ ਕੱਢ ਦਿੱਤੇ ਗਏ ਅਤੇ ਸਰੀਰਕ ਮੌਤ ਦੇ ਰਾਹ ਵਿਚ ਆਰੰਭ ਹੋਏ।

ਪਾਪ ਅਤੇ ਮੌਤ ਕਿਵੇਂ ਫੈਲੇ

13. ਸਾਰੀ ਮਾਨਵੀ ਨਸਲ ਵਿਚ ਪਾਪ ਕਿਵੇਂ ਫੈਲਿਆ?

13 ਸ਼ਤਾਨ ਜ਼ਾਹਰੀ ਤੌਰ ਤੇ ਮਾਨਵੀ ਸ਼ਰਧਾ ਨੂੰ ਹਾਸਲ ਕਰਨ ਵਿਚ ਸਫਲ ਹੋਇਆ। ਪਰੰਤੂ, ਉਹ ਆਪਣੇ ਉਪਾਸਕਾਂ ਨੂੰ ਜੀਉਂਦੇ ਨਹੀਂ ਰੱਖ ਸਕਦਾ ਸੀ। ਜਦੋਂ ਪਾਪ ਪਹਿਲੀ ਮਨੁੱਖੀ ਜੋੜੀ ਵਿਚ ਚਾਲੂ ਹੋ ਗਿਆ, ਤਾਂ ਉਹ ਹੁਣ ਆਪਣੀ ਸੰਤਾਨ ਨੂੰ ਸੰਪੂਰਣਤਾ ਨਹੀਂ ਦੇ ਸਕਦੇ ਸਨ। ਇਕ ਪੱਥਰ ਉੱਤੇ ਉੱਕਰੇ ਸ਼ਬਦਾਂ ਦੇ ਵਾਂਗ, ਪਾਪ ਸਾਡੇ ਪਹਿਲੇ ਮਾਪਿਆਂ ਦੇ ਜੀਵਾਣੂਆਂ ਵਿਚ ਗਹਿਰੀ ਤਰ੍ਹਾਂ ਉੱਕਰਿਆ ਹੋਇਆ ਸੀ। ਇਸ ਤਰ੍ਹਾਂ, ਉਹ ਕੇਵਲ ਅਪੂਰਣ ਸੰਤਾਨ ਹੀ ਪੈਦਾ ਕਰ ਸਕਦੇ ਸਨ। ਕਿਉਂਕਿ ਉਨ੍ਹਾਂ ਦੇ ਸਾਰੇ ਬੱਚੇ ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਪੈਦਾ ਹੋਏ, ਉਨ੍ਹਾਂ ਦੀ ਸੰਤਾਨ ਨੇ ਵਿਰਸੇ ਵਿਚ ਪਾਪ ਅਤੇ ਮੌਤ ਹਾਸਲ ਕੀਤੀ।—ਜ਼ਬੂਰ 51:5; ਰੋਮੀਆਂ 5:12.

14. (ੳ) ਅਸੀਂ ਉਨ੍ਹਾਂ ਨੂੰ ਕਿਸ ਵਰਗੇ ਦਰਸਾ ਸਕਦੇ ਹਾਂ ਜੋ ਆਪਣੇ ਪਾਪ ਦਾ ਇਨਕਾਰ ਕਰਦੇ ਹਨ? (ਅ) ਇਸਰਾਏਲੀ ਆਪਣੀ ਪਾਪੀ ਅਵਸਥਾ ਬਾਰੇ ਕਿਵੇਂ ਜਾਣੂ ਕਰਵਾਏ ਗਏ ਸਨ?

14 ਫਿਰ ਵੀ, ਅੱਜਕਲ੍ਹ ਬਹੁਤੇਰੇ ਇਹ ਨਹੀਂ ਮੰਨਦੇ ਹਨ ਕਿ ਉਹ ਪਾਪੀ ਹਨ। ਸੰਸਾਰ ਦੇ ਕੁਝ ਹਿੱਸਿਆਂ ਵਿਚ ਵਿਰਸੇ ਵਿਚ ਪ੍ਰਾਪਤ ਕੀਤੇ ਪਾਪ ਦੀ ਧਾਰਣਾ ਤੋਂ ਆਮ ਤੌਰ ਤੇ ਲੋਕੀ ਅਗਿਆਤ ਹਨ। ਪਰੰਤੂ ਇਹ ਕੋਈ ਸਬੂਤ ਨਹੀਂ ਕਿ ਪਾਪ ਹੈ ਹੀ ਨਹੀਂ। ਇਕ ਮੁੰਡਾ ਜਿਸ ਦਾ ਮੂੰਹ ਗੰਦਾ ਹੈ ਸ਼ਾਇਦ ਇਹ ਦਾਅਵਾ ਕਰੇ ਕਿ ਉਹ ਸਾਫ਼ ਹੈ, ਅਤੇ ਕੇਵਲ ਉਦੋਂ ਹੀ ਕਾਇਲ ਕੀਤਾ ਜਾਵੇ ਜਦੋਂ ਉਹ ਸ਼ੀਸ਼ੇ ਵਿਚ ਦੇਖਦਾ ਹੈ। ਪ੍ਰਾਚੀਨ ਇਸਰਾਏਲੀ ਅਜਿਹੇ ਮੁੰਡੇ ਵਰਗੇ ਸਨ ਜਦੋਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਨਬੀ ਮੂਸਾ ਦੁਆਰਾ ਪਰਮੇਸ਼ੁਰ ਦੀ ਬਿਵਸਥਾ ਮਿਲੀ ਸੀ। ਉਸ ਬਿਵਸਥਾ ਨੇ ਸਪੱਸ਼ਟ ਕੀਤਾ ਕਿ ਪਾਪ ਹੋਂਦ ਵਿਚ ਸੀ। “ਸਗੋਂ ਸ਼ਰਾ ਤੋਂ ਬਿਨਾ ਮੈਂ ਪਾਪ ਨੂੰ ਨਾ ਪਛਾਣਦਾ,” ਰਸੂਲ ਪੌਲੁਸ ਵਿਆਖਿਆ ਕਰਦਾ ਹੈ। (ਰੋਮੀਆਂ 7:7-12) ਉਸ ਮੁੰਡੇ ਦੇ ਵਾਂਗ ਜਿਸ ਨੇ ਸ਼ੀਸ਼ੇ ਵਿਚ ਦੇਖਿਆ, ਇਸਰਾਏਲੀ ਆਪਣੇ ਆਪ ਵੱਲ ਦੇਖਣ ਲਈ ਉਸ ਬਿਵਸਥਾ ਦਾ ਇਸਤੇਮਾਲ ਕਰਦੇ ਹੋਏ, ਇਹ ਦੇਖ ਸਕਦੇ ਸਨ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਸਨ।

15. ਪਰਮੇਸ਼ੁਰ ਦੇ ਬਚਨ ਦੇ ਸ਼ੀਸ਼ੇ ਵਿਚ ਦੇਖਣ ਨਾਲ ਕੀ ਪ੍ਰਗਟ ਹੁੰਦਾ ਹੈ?

15 ਪਰਮੇਸ਼ੁਰ ਦੇ ਬਚਨ ਦੇ ਸ਼ੀਸ਼ੇ ਵਿਚ ਦੇਖਣ ਨਾਲ ਅਤੇ ਉਸ ਦੇ ਮਿਆਰਾਂ ਵੱਲ ਧਿਆਨ ਦੇਣ ਦੇ ਦੁਆਰਾ, ਅਸੀਂ ਦੇਖ ਸਕਦੇ ਹਾਂ ਕਿ ਅਸੀਂ ਅਪੂਰਣ ਹਾਂ। (ਯਾਕੂਬ 1:23-25) ਮਿਸਾਲ ਲਈ, ਵਿਚਾਰ ਕਰੋ ਕਿ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨਾਲ ਪ੍ਰੇਮ ਰੱਖਣ ਬਾਰੇ ਕੀ ਕਿਹਾ ਸੀ, ਜਿਵੇਂ ਕਿ ਮੱਤੀ 22:37-40 ਵਿਚ ਦਰਜ ਹੈ। ਇਨ੍ਹਾਂ ਮਾਮਲਿਆਂ ਵਿਚ ਮਨੁੱਖ ਕਿੰਨਾ ਅਕਸਰ ਚੂਕ ਜਾਂਦੇ ਹਨ! ਬਹੁਤੇਰਿਆਂ ਦੇ ਅੰਤਹਕਰਣ ਉਨ੍ਹਾਂ ਨੂੰ ਜ਼ਰਾ ਵੀ ਦੋਸ਼ੀ ਨਹੀਂ ਠਹਿਰਾਉਂਦੇ ਹਨ ਜਦੋਂ ਉਹ ਪਰਮੇਸ਼ੁਰ ਲਈ ਜਾਂ ਆਪਣੇ ਗੁਆਂਢੀਆਂ ਲਈ ਪ੍ਰੇਮ ਦਿਖਾਉਣ ਵਿਚ ਅਸਫਲ ਹੁੰਦੇ ਹਨ।—ਲੂਕਾ 10:29-37.

ਸ਼ਤਾਨ ਦੀਆਂ ਜੁਗਤਾਂ ਤੋਂ ਸਾਵਧਾਨ ਰਹੋ!

16. ਅਸੀਂ ਸ਼ਤਾਨ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਬਣਨ ਤੋਂ ਬਚੇ ਰਹਿਣ ਲਈ ਕੀ ਕਰ ਸਕਦੇ ਹਾਂ, ਅਤੇ ਇਹ ਮੁਸ਼ਕਲ ਕਿਉਂ ਹੈ?

16 ਸ਼ਤਾਨ ਸਾਡੇ ਤੋਂ ਪਾਪ ਦਾ ਜਾਣ-ਬੁੱਝ ਕੇ ਅਭਿਆਸ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। (1 ਯੂਹੰਨਾ 3:8) ਕੀ ਉਸ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਬਣਨ ਤੋਂ ਬਚੇ ਰਹਿਣ ਦਾ ਕੋਈ ਤਰੀਕਾ ਹੈ? ਜੀ ਹਾਂ, ਪਰੰਤੂ ਇਹ ਲੋੜਦਾ ਹੈ ਕਿ ਅਸੀਂ ਜਾਣ-ਬੁੱਝ ਕੇ ਪਾਪ ਕਰਨ ਦੇ ਝੁਕਾਉ ਦੇ ਵਿਰੁੱਧ ਸੰਘਰਸ਼ ਕਰੀਏ। ਇਹ ਆਸਾਨ ਨਹੀਂ ਹੈ ਕਿਉਂਕਿ ਸਾਡਾ ਪਾਪ ਕਰਨ ਦਾ ਕੁਦਰਤੀ ਝੁਕਾਉ ਬਹੁਤ ਜ਼ੋਰਦਾਰ ਹੈ। (ਅਫ਼ਸੀਆਂ 2:3) ਪੌਲੁਸ ਨੂੰ ਕਾਫ਼ੀ ਸੰਘਰਸ਼ ਕਰਨਾ ਪੈਂਦਾ ਸੀ। ਕਿਉਂ? ਕਿਉਂਕਿ ਉਸ ਵਿਚ ਪਾਪ ਵਸਦਾ ਸੀ। ਜੇਕਰ ਅਸੀਂ ਪਰਮੇਸ਼ੁਰ ਦੀ ਮਨਜ਼ੂਰੀ ਚਾਹੁੰਦੇ ਹਾਂ, ਤਾਂ ਸਾਨੂੰ ਵੀ ਆਪਣੇ ਵਿਚ ਉਸ ਪਾਪੀ ਝੁਕਾਉ ਦੇ ਵਿਰੁੱਧ ਸੰਘਰਸ਼ ਕਰਨਾ ਚਾਹੀਦਾ ਹੈ।—ਰੋਮੀਆਂ 7:14-24; 2 ਕੁਰਿੰਥੀਆਂ 5:10.

17. ਸਾਡੇ ਪਾਪੀ ਝੁਕਾਵਾਂ ਦੇ ਵਿਰੁੱਧ ਸੰਘਰਸ਼ ਨੂੰ ਕਿਹੜੀ ਚੀਜ਼ ਹੋਰ ਮੁਸ਼ਕਲ ਬਣਾਉਂਦੀ ਹੈ?

17 ਕਿਉਂਕਿ ਸ਼ਤਾਨ ਸਾਨੂੰ ਪਰਮੇਸ਼ੁਰ ਦੇ ਨਿਯਮਾਂ ਨੂੰ ਤੋੜਨ ਲਈ ਲੁਭਾਉਣ ਦੇ ਮੌਕਿਆਂ ਦੀ ਲਗਾਤਾਰ ਭਾਲ ਕਰਦਾ ਹੈ, ਇਸ ਲਈ ਪਾਪ ਦੇ ਵਿਰੁੱਧ ਸਾਡਾ ਸੰਘਰਸ਼ ਆਸਾਨ ਕੰਮ ਨਹੀਂ ਹੈ। (1 ਪਤਰਸ 5:8) ਸੰਗੀ ਮਸੀਹੀਆਂ ਲਈ ਚਿੰਤਾ ਪ੍ਰਦਰਸ਼ਿਤ ਕਰਦੇ ਹੋਏ, ਪੌਲੁਸ ਨੇ ਕਿਹਾ: “ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ।” (2 ਕੁਰਿੰਥੀਆਂ 11:3) ਸ਼ਤਾਨ ਅੱਜ ਸਮਰੂਪ ਜੁਗਤਾਂ ਦਾ ਇਸਤੇਮਾਲ ਕਰਦਾ ਹੈ। ਉਹ ਯਹੋਵਾਹ ਦੀ ਭਲਿਆਈ ਬਾਰੇ ਅਤੇ ਪਰਮੇਸ਼ੁਰ ਦੇ ਹੁਕਮਾਂ ਦੀ ਆਗਿਆਪਾਲਣਾ ਕਰਨ ਦੇ ਲਾਭ ਬਾਰੇ ਸ਼ੱਕ ਦੇ ਬੀ ਬੀਜਣ ਦੀ ਕੋਸ਼ਿਸ਼ ਕਰਦਾ ਹੈ। ਇਬਲੀਸ ਵਿਰਾਸਤ ਵਿਚ ਪ੍ਰਾਪਤ ਕੀਤੇ ਸਾਡੇ ਪਾਪੀ ਝੁਕਾਵਾਂ ਦਾ ਫ਼ਾਇਦਾ ਉਠਾ ਕੇ ਸਾਨੂੰ ਘਮੰਡ, ਲੋਭ, ਨਫ਼ਰਤ, ਅਤੇ ਪੱਖਪਾਤ ਦੇ ਮਾਰਗ ਤੇ ਚਲਾਉਣ ਦੀ ਕੋਸ਼ਿਸ਼ ਕਰਦਾ ਹੈ।

18. ਸ਼ਤਾਨ ਪਾਪ ਨੂੰ ਅੱਗੇ ਵਧਾਉਣ ਲਈ ਇਸ ਸੰਸਾਰ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦਾ ਹੈ?

18 ਇਕ ਜੁਗਤ ਜੋ ਇਬਲੀਸ ਸਾਡੇ ਵਿਰੁੱਧ ਇਸਤੇਮਾਲ ਕਰਦਾ ਹੈ ਉਹ ਸੰਸਾਰ ਹੈ, ਜੋ ਉਸ ਦੇ ਵੱਸ ਵਿਚ ਪਿਆ ਹੋਇਆ ਹੈ। (1 ਯੂਹੰਨਾ 5:19) ਜੇਕਰ ਅਸੀਂ ਸਾਵਧਾਨ ਨਾ ਰਹੀਏ, ਤਾਂ ਸਾਡੇ ਆਲੇ-ਦੁਆਲੇ ਦੇ ਸੰਸਾਰ ਵਿਚ ਭ੍ਰਿਸ਼ਟ ਅਤੇ ਬੇਈਮਾਨ ਲੋਕ ਸਾਨੂੰ ਇਕ ਪਾਪ ਵਾਲੇ ਮਾਰਗ ਉੱਤੇ ਚੱਲਣ ਲਈ ਦਬਾਉ ਪਾਉਣਗੇ ਜੋ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਦੀ ਉਲੰਘਣਾ ਕਰਦਾ ਹੈ। (1 ਪਤਰਸ 4:3-5) ਬਹੁਤੇਰੇ ਲੋਕ ਪਰਮੇਸ਼ੁਰ ਦੇ ਨਿਯਮਾਂ ਨੂੰ ਅਣਡਿੱਠ ਕਰਦੇ ਹਨ ਅਤੇ ਆਪਣੇ ਅੰਤਹਕਰਣ ਦੀ ਚੋਭ ਨੂੰ ਵੀ ਨਜ਼ਰਅੰਦਾਜ਼ ਕਰਦੇ ਹਨ, ਜੋ ਆਖ਼ਰਕਾਰ ਭਾਵਹੀਣ ਬਣ ਜਾਂਦਾ ਹੈ। (ਰੋਮੀਆਂ 2:14, 15; 1 ਤਿਮੋਥਿਉਸ 4:1, 2) ਕੁਝ ਵਿਅਕਤੀ ਸਹਿਜੇ-ਸਹਿਜੇ ਅਜਿਹਾ ਮਾਰਗ ਅਪਣਾ ਲੈਂਦੇ ਹਨ ਜਿਸ ਉੱਤੇ ਚੱਲਣ ਲਈ ਪਹਿਲਾਂ ਉਨ੍ਹਾਂ ਦਾ ਅਪੂਰਣ ਅੰਤਹਕਰਣ ਵੀ ਨਹੀਂ ਮੰਨਦਾ ਸੀ।—ਰੋਮੀਆਂ 1:24-32; ਅਫ਼ਸੀਆਂ 4:17-19.

19. ਇਕ ਸ਼ੁੱਧ ਜੀਵਨ ਬਤੀਤ ਕਰਨਾ ਹੀ ਕਾਫ਼ੀ ਕਿਉਂ ਨਹੀਂ ਹੈ?

19 ਇਸ ਸੰਸਾਰ ਵਿਚ ਇਕ ਨੈਤਿਕ ਜੀਵਨ ਬਤੀਤ ਕਰਨਾ ਇਕ ਵੱਡੀ ਪ੍ਰਾਪਤੀ ਹੈ। ਫਿਰ ਵੀ, ਆਪਣੇ ਸ੍ਰਿਸ਼ਟੀਕਰਤਾ ਨੂੰ ਪ੍ਰਸੰਨ ਕਰਨ ਲਈ, ਕੁਝ ਹੋਰ ਦੀ ਜ਼ਰੂਰਤ ਹੈ। ਸਾਨੂੰ ਪਰਮੇਸ਼ੁਰ ਵਿਚ ਵਿਸ਼ਵਾਸ ਵੀ ਰੱਖਣਾ ਚਾਹੀਦਾ ਹੈ ਅਤੇ ਉਸ ਦੇ ਪ੍ਰਤੀ ਜ਼ਿੰਮੇਵਾਰੀ ਮਹਿਸੂਸ ਕਰਨੀ ਚਾਹੀਦੀ ਹੈ। (ਇਬਰਾਨੀਆਂ 11:6) “ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਏਹ ਉਹ ਦੇ ਲਈ ਪਾਪ ਹੈ,” ਚੇਲੇ ਯਾਕੂਬ ਨੇ ਲਿਖਿਆ। (ਯਾਕੂਬ 4:17) ਜੀ ਹਾਂ, ਪਰਮੇਸ਼ੁਰ ਅਤੇ ਉਸ ਦੇ ਹੁਕਮਾਂ ਨੂੰ ਜਾਣ-ਬੁੱਝ ਕੇ ਅਣਡਿੱਠ ਕਰਨਾ ਆਪ ਹੀ ਇਕ ਤਰ੍ਹਾਂ ਦਾ ਪਾਪ ਹੈ।

20. ਸ਼ਤਾਨ ਤੁਹਾਨੂੰ ਸ਼ਾਇਦ ਕਿਵੇਂ ਉਹ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰੇ ਜੋ ਸਹੀ ਹੈ, ਪਰੰਤੂ ਅਜਿਹੇ ਦਬਾਉ ਦਾ ਵਿਰੋਧ ਕਰਨ ਲਈ ਤੁਹਾਨੂੰ ਕਿਹੜੀ ਚੀਜ਼ ਸਹਾਇਤਾ ਦੇਵੇਗੀ?

20 ਇਹ ਕਾਫ਼ੀ ਸੰਭਵ ਹੈ ਕਿ ਬਾਈਬਲ ਦਾ ਅਧਿਐਨ ਕਰਨ ਦੁਆਰਾ ਪਰਮੇਸ਼ੁਰ ਦੇ ਗਿਆਨ ਦੀ ਤੁਹਾਡੀ ਤਲਾਸ਼ ਦੇ ਪ੍ਰਤੀ ਸ਼ਤਾਨ ਵਿਰੋਧਤਾ ਭੜਕਾਏਗਾ। ਇਹ ਦਿਲੋਂ-ਮਨੋਂ ਉਮੀਦ ਰੱਖੀ ਜਾਂਦੀ ਹੈ ਕਿ ਤੁਸੀਂ ਅਜਿਹੇ ਦਬਾਉ ਦੇ ਕਾਰਨ ਉਨ੍ਹਾਂ ਗੱਲਾਂ ਦਾ ਅਭਿਆਸ ਕਰਨ ਤੋਂ ਪਿੱਛੇ ਨਹੀਂ ਹਟੋਗੇ ਜੋ ਸਹੀ ਹਨ। (ਯੂਹੰਨਾ 16:2) ਭਾਵੇਂ ਕਿ ਅਨੇਕ ਸ਼ਾਸਕਾਂ ਨੇ ਯਿਸੂ ਦੀ ਸੇਵਕਾਈ ਦੇ ਦੌਰਾਨ, ਉਸ ਉੱਤੇ ਨਿਹਚਾ ਕੀਤੀ, ਉਨ੍ਹਾਂ ਨੇ ਉਸ ਨੂੰ ਕਬੂਲ ਨਹੀਂ ਕੀਤਾ ਕਿਉਂਕਿ ਉਹ ਆਪਣੀ ਬਰਾਦਰੀ ਵਿੱਚੋਂ ਛੇਕੇ ਜਾਣ ਤੋਂ ਡਰਦੇ ਸਨ। (ਯੂਹੰਨਾ 12:42, 43) ਸ਼ਤਾਨ ਪਰਮੇਸ਼ੁਰ ਦੇ ਗਿਆਨ ਨੂੰ ਭਾਲ ਰਹੇ ਹਰ ਕੋਈ ਵਿਅਕਤੀ ਨੂੰ ਨਿਰਦਇਤਾ ਪੂਰਵਕ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਵੀ, ਤੁਹਾਨੂੰ ਹਮੇਸ਼ਾ ਉਨ੍ਹਾਂ ਅਦਭੁਤ ਚੀਜ਼ਾਂ ਨੂੰ ਜੋ ਯਹੋਵਾਹ ਨੇ ਕੀਤੀਆਂ ਹਨ, ਯਾਦ ਰੱਖਣਾ ਅਤੇ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ। ਤੁਸੀਂ ਸ਼ਾਇਦ ਵਿਰੋਧੀਆਂ ਵਿਚ ਵੀ ਉਹੀ ਕਦਰ ਪੈਦਾ ਕਰਨ ਵਿਚ ਸਹਾਇਤਾ ਕਰ ਸਕੋਗੇ।

21. ਅਸੀਂ ਸੰਸਾਰ ਉੱਤੇ ਅਤੇ ਆਪਣੇ ਪਾਪੀ ਝੁਕਾਉ ਉੱਤੇ ਕਿਵੇਂ ਜਿੱਤ ਪ੍ਰਾਪਤ ਕਰ ਸਕਦੇ ਹਾਂ?

21 ਜਿੰਨਾ ਚਿਰ ਅਸੀਂ ਅਪੂਰਣ ਹਾਂ, ਅਸੀਂ ਪਾਪ ਕਰਾਂਗੇ। (1 ਯੂਹੰਨਾ 1:8) ਪਰ ਫਿਰ ਵੀ, ਇਹ ਸੰਘਰਸ਼ ਕਰਨ ਲਈ ਸਾਡੇ ਕੋਲ ਸਹਾਇਤਾ ਉਪਲਬਧ ਹੈ। ਜੀ ਹਾਂ, ਉਸ ਦੁਸ਼ਟ ਵਿਅਕਤੀ, ਸ਼ਤਾਨ ਅਰਥਾਤ ਇਬਲੀਸ ਦੇ ਵਿਰੁੱਧ ਸਾਡੇ ਇਸ ਸੰਘਰਸ਼ ਵਿਚ ਅਸੀਂ ਵਿਜਈ ਹੋ ਸਕਦੇ ਹਾਂ। (ਰੋਮੀਆਂ 5:21) ਧਰਤੀ ਉੱਤੇ ਯਿਸੂ ਦੀ ਸੇਵਕਾਈ ਦੀ ਸਮਾਪਤੀ ਦੇ ਸਮੇਂ, ਉਸ ਨੇ ਆਪਣੇ ਅਨੁਯਾਈਆਂ ਨੂੰ ਇਨ੍ਹਾਂ ਸ਼ਬਦਾਂ ਦੇ ਨਾਲ ਉਤਸ਼ਾਹਿਤ ਕੀਤਾ: “ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ।” (ਯੂਹੰਨਾ 16:33) ਪਰਮੇਸ਼ੁਰ ਦੀ ਸਹਾਇਤਾ ਦੇ ਨਾਲ, ਅਪੂਰਣ ਮਨੁੱਖਾਂ ਦੇ ਲਈ ਵੀ ਜਗਤ ਉੱਤੇ ਜਿੱਤ ਪ੍ਰਾਪਤ ਕਰਨੀ ਮੁਮਕਿਨ ਹੈ। ਸ਼ਤਾਨ ਦਾ ਉਨ੍ਹਾਂ ਉੱਤੇ ਕੋਈ ਵੱਸ ਨਹੀਂ ਹੈ ਜੋ ਉਸ ਦਾ ਵਿਰੋਧ ਕਰਦੇ ਹਨ ਅਤੇ ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰਦੇ ਹਨ।’ (ਯਾਕੂਬ 4:7; 1 ਯੂਹੰਨਾ 5:18) ਜਿਵੇਂ ਅਸੀਂ ਦੇਖਾਂਗੇ, ਪਰਮੇਸ਼ੁਰ ਨੇ ਪਾਪ ਅਤੇ ਮੌਤ ਦੀ ਬੰਦਸ਼ ਤੋਂ ਛੁਟਕਾਰੇ ਦਾ ਇਕ ਪ੍ਰਬੰਧ ਕੀਤਾ ਹੈ।

ਆਪਣੇ ਗਿਆਨ ਨੂੰ ਪਰਖੋ

ਸ਼ਤਾਨ ਅਰਥਾਤ ਇਬਲੀਸ ਕੌਣ ਹੈ?

ਮਨੁੱਖ ਕਿਉਂ ਬੁੱਢੇ ਹੋ ਕੇ ਮਰ ਜਾਂਦੇ ਹਨ?

ਪਾਪ ਕੀ ਹੈ?

ਸ਼ਤਾਨ ਲੋਕਾਂ ਤੋਂ ਕਿਵੇਂ ਪਰਮੇਸ਼ੁਰ ਦੇ ਵਿਰੁੱਧ ਜਾਣ-ਬੁੱਝ ਕੇ ਪਾਪ ਕਰਾਉਂਦਾ ਹੈ?

[ਸਵਾਲ]

[ਪੂਰੇ ਸਫ਼ੇ 54 ਉੱਤੇ ਤਸਵੀਰ]