Skip to content

Skip to table of contents

ਤੁਹਾਡਾ ਇਕ ਸੁਖੀ ਭਵਿੱਖ ਹੋ ਸਕਦਾ ਹੈ!

ਤੁਹਾਡਾ ਇਕ ਸੁਖੀ ਭਵਿੱਖ ਹੋ ਸਕਦਾ ਹੈ!

ਅਧਿਆਇ 1

ਤੁਹਾਡਾ ਇਕ ਸੁਖੀ ਭਵਿੱਖ ਹੋ ਸਕਦਾ ਹੈ!

1, 2. ਤੁਹਾਡਾ ਸ੍ਰਿਸ਼ਟੀਕਰਤਾ ਤੁਹਾਡੇ ਲਈ ਕੀ ਚਾਹੁੰਦਾ ਹੈ?

ਅਜਿਹੇ ਵਿਅਕਤੀ ਤੋਂ ਇਕ ਨਿੱਘੀ ਗਲਵੱਕੜੀ ਜਿਸ ਦੇ ਨਾਲ ਤੁਸੀਂ ਪ੍ਰੇਮ ਕਰਦੇ ਹੋ। ਪਿਆਰੇ ਮਿੱਤਰਾਂ ਦੇ ਨਾਲ ਇਕ ਅੱਛੇ ਭੋਜਨ ਦੇ ਦੌਰਾਨ ਦਿਲੀ ਹਾਸਾ। ਆਪਣੇ ਬੱਚਿਆਂ ਨੂੰ ਖ਼ੁਸ਼ੀ ਦੇ ਨਾਲ ਖੇਡਦੇ ਹੋਏ ਦੇਖਣ ਦਾ ਆਨੰਦ। ਜੀਵਨ ਵਿਚ ਅਜਿਹੇ ਪਲ ਆਨੰਦ-ਭਰੇ ਅਵਸਰ ਹੁੰਦੇ ਹਨ। ਮਗਰ, ਅਨੇਕਾਂ ਲਈ ਜੀਵਨ ਇਕ ਗੰਭੀਰ ਸਮੱਸਿਆ ਦੇ ਬਾਅਦ ਦੂਜੀ ਸਮੱਸਿਆ ਪੇਸ਼ ਕਰਦਾ ਹੈ। ਅਗਰ ਤੁਹਾਡਾ ਇਹ ਅਨੁਭਵ ਰਿਹਾ ਹੈ, ਤਾਂ ਹੌਸਲਾ ਰੱਖੋ।

2 ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਅਦਭੁਤ ਵਾਤਾਵਰਣ ਵਿਚ ਸਭ ਤੋਂ ਵਧੀਆ ਹਾਲਤਾਂ ਦੇ ਅਧੀਨ ਚਿਰਸਥਾਈ ਖ਼ੁਸ਼ੀ ਦਾ ਆਨੰਦ ਮਾਣੋ। ਇਹ ਕੇਵਲ ਸੁਪਨਾ ਹੀ ਨਹੀਂ ਹੈ, ਕਿਉਂਕਿ ਪਰਮੇਸ਼ੁਰ ਅਸਲ ਵਿਚ ਤੁਹਾਨੂੰ ਅਜਿਹੇ ਸੁਖੀ ਭਵਿੱਖ ਦੀ ਕੁੰਜੀ ਪੇਸ਼ ਕਰਦਾ ਹੈ। ਉਹ ਕੁੰਜੀ ਗਿਆਨ ਹੈ।

3. ਕਿਹੜਾ ਗਿਆਨ ਖ਼ੁਸ਼ੀ ਦੀ ਕੁੰਜੀ ਹੈ, ਅਤੇ ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਪਰਮੇਸ਼ੁਰ ਉਹ ਗਿਆਨ ਮੁਹੱਈਆ ਕਰ ਸਕਦਾ ਹੈ?

3 ਅਸੀਂ ਇਕ ਵਿਸ਼ੇਸ਼ ਪ੍ਰਕਾਰ ਦੇ ਗਿਆਨ ਦੇ ਬਾਰੇ ਗੱਲ ਕਰ ਰਹੇ ਹਾਂ ਜੋ ਕਿ ਮਾਨਵ ਬੁੱਧ ਨਾਲੋਂ ਕਿਤੇ ਹੀ ਮਹਾਨਤਰ ਹੈ। ਇਹ ‘ਪਰਮੇਸ਼ੁਰ ਦਾ ਗਿਆਨ ਹੈ।’ (ਕਹਾਉਤਾਂ 2:5) ਤਕਰੀਬਨ 2,000 ਸਾਲ ਪਹਿਲਾਂ, ਇਕ ਬਾਈਬਲ ਲਿਖਾਰੀ ਨੇ ਕਿਹਾ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਉਸ ਗਿਆਨ ਬਾਰੇ ਸੋਚੋ ਜੋ ਸਭ ਕੁਝ ­ਬਣਾਉਣ ਵਾਲੇ ਦੇ ਕੋਲ ਹੋਵੇਗਾ! ਬਾਈਬਲ ਆਖਦੀ ਹੈ ਕਿ ਪਰਮੇਸ਼ੁਰ ਸਾਰੇ ਤਾਰਿਆਂ ਨੂੰ ਗਿਣਦਾ ਅਤੇ ਨਾਂ ਦਿੰਦਾ ਹੈ। ਇਹ ਕਿੰਨਾ ਹੈਰਾਨਕੁਨ ਵਿਚਾਰ ਹੈ, ਕਿਉਂਕਿ ਸਾਡੇ ਆਪਣੇ ਰਤਨ-ਮੰਡਲ ਵਿਚ ਕਈ ਖਰਬ ਤਾਰੇ ਹਨ, ਅਤੇ ਖਗੋਲ-ਵਿਗਿਆਨੀ ਕਹਿੰਦੇ ਹਨ ਕਿ ਤਕਰੀਬਨ ਸੌ ਖਰਬ ਹੋਰ ਰਤਨ-ਮੰਡਲ ਹਨ! (ਜ਼ਬੂਰ 147:4) ਪਰਮੇਸ਼ੁਰ ਸਾਡੇ ਬਾਰੇ ਵੀ ਸਭ ਕੁਝ ਜਾਣਦਾ ਹੈ, ਇਸ ਲਈ ਜੀਵਨ ਦੇ ਮਹੱਤਵਪੂਰਣ ਸਵਾਲਾਂ ਦੇ ਸੰਬੰਧ ਵਿਚ ਹੋਰ ਕੌਣ ਬਿਹਤਰ ਜਵਾਬ ਮੁਹੱਈਆ ਕਰ ਸਕਦਾ ਹੈ?—ਮੱਤੀ 10:30.

4. ਸਾਨੂੰ ਪਰਮੇਸ਼ੁਰ ਵੱਲੋਂ ਇਹ ਉਮੀਦ ਕਿਉਂ ਰੱਖਣੀ ਚਾਹੀਦਾ ਹੈ ਕਿ ਉਹ ਸਾਨੂੰ ਨਿਰਦੇਸ਼ਿਤ ਕਰਨ ਲਈ ਹਿਦਾਇਤਾਂ ਮੁਹੱਈਆ ਕਰੇਗਾ, ਅਤੇ ਕਿਹੜੀ ਪੁਸਤਕ ਇਸ ਜ਼ਰੂਰਤ ਨੂੰ ਪੂਰਾ ਕਰਦੀ ਹੈ?

4 ਕਲਪਨਾ ਕਰੋ ਕਿ ਦੋ ਆਦਮੀ ਆਪਣੀਆਂ ਗੱਡੀਆਂ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਕ ਕੇ, ਇਕ ਆਦਮੀ ਆਪਣਿਆਂ ਸੰਦਾਂ ਨੂੰ ਥੱਲੇ ਸੁੱਟ ਦਿੰਦਾ ਹੈ। ਦੂਜਾ ਆਦਮੀ ਸ਼ਾਂਤੀ ਨਾਲ ਨੁਕਸ ਨੂੰ ਸੁਧਾਰਦਾ ਹੈ, ਚਾਬੀ ਲਾ ਕੇ ਗੱਡੀ ਨੂੰ ਸ਼ੁਰੂ ਕਰਦਾ ਹੈ, ਅਤੇ ਮੁਸਕਰਾਉਂਦਾ ਹੈ ਜਦੋਂ ਇੰਜਣ ਚਾਲੂ ਹੋ ਕੇ ਠੀਕ-ਠਾਕ ਚਲਦਾ ਹੈ। ਤੁਹਾਨੂੰ ਇਸ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੋਵੇਗਾ ਕਿ ਇਨ੍ਹਾਂ ਦੋਹਾਂ ਆਦਮੀਆਂ ਵਿੱਚੋਂ ਕਿਸ ਦੇ ਕੋਲ ਉਤਪਾਦਕ ਵੱਲੋਂ ਮਿਲੀ ਹਿਦਾਇਤ-ਪੁਸਤਕ ਸੀ। ਤਾਂ ਕੀ ਇਹ ਤਾਰਕਿਕ ਗੱਲ ਨਹੀਂ ਹੈ ਕਿ ਸਾਨੂੰ ਜੀਵਨ ਵਿਚ ਨਿਰਦੇਸ਼ਿਤ ਕਰਨ ਲਈ, ਪਰਮੇਸ਼ੁਰ ਹਿਦਾਇਤਾਂ ਮੁਹੱਈਆ ਕਰੇਗਾ? ਜਿਵੇਂ ਤੁਸੀਂ ਸ਼ਾਇਦ ਜਾਣਦੇ ਹੋ, ਬਾਈਬਲ ਇਹੋ ਹੀ ਹੋਣ ਦਾ ਦਾਅਵਾ ਕਰਦੀ ਹੈ—ਸਾਡੇ ਸ੍ਰਿਸ਼ਟੀਕਰਤਾ ਤੋਂ ਹਿਦਾਇਤਾਂ ਅਤੇ ਨਿਰਦੇਸ਼ਨ ਦੀ ਇਕ ਪੁਸਤਕ, ਜੋ ਪਰਮੇਸ਼ੁਰ ਦਾ ਗਿਆਨ ਪ੍ਰਦਾਨ ਕਰਨ ਲਈ ਰੂਪਾਂਕਿਤ ਕੀਤੀ ਗਈ ਹੈ।—2 ਤਿਮੋਥਿਉਸ 3:16.

5. ਉਹ ਗਿਆਨ ਕਿੰਨਾ ਕੀਮਤੀ ਹੈ ਜੋ ਬਾਈਬਲ ਵਿਚ ਪਾਇਆ ਜਾਂਦਾ ਹੈ?

5 ਅਗਰ ਬਾਈਬਲ ਦਾ ਦਾਅਵਾ ਸੱਚ ਹੈ, ਤਾਂ ਜ਼ਰਾ ਸੋਚੋ ਕਿ ਉਸ ਪੁਸਤਕ ਵਿਚ ਗਿਆਨ ਦੇ ਕਿੰਨੇ ਖਜ਼ਾਨੇ ਹੋਣਗੇ! ਕਹਾਉਤਾਂ 2:1-5 ਵਿਚ, ਇਹ ਸਾਨੂੰ ਬੁੱਧ ਨੂੰ ਭਾਲਣ ਲਈ ਉਤੇਜਿਤ ਕਰਦੀ ਹੈ, ਉਹ ਦੀ ਇਸ ਤਰ੍ਹਾਂ ਖੋਜ ਕਰਨ ਲਈ ਜਿਵੇਂ ਕਿ ਅਸੀਂ ਗੁਪਤ ਧਨ ਲਈ ਖੁਦਾਈ ਕਰਦੇ—ਮਾਨਵ ਸੋਚ-ਵਿਚਾਰ ਦੀ ਮਿੱਟੀ ਵਿਚ ਨਹੀਂ, ਪਰੰਤੂ ਪਰਮੇਸ਼ੁਰ ਦੇ ਆਪਣੇ ਬਚਨ ਵਿਚ। ਅਗਰ ਅਸੀਂ ਉੱਥੇ ਖੋਜ ਕਰੀਏ, ਤਾਂ ਅਸੀਂ “ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ” ਕਰਾਂਗੇ। ਕਿਉਂਕਿ ਪਰਮੇਸ਼ੁਰ ਸਾਡੀਆਂ ਸੀਮਾਵਾਂ ਅਤੇ ਜ਼ਰੂਰਤਾਂ ਨੂੰ ਜਾਣਦਾ ਹੈ, ਉਹ ਸਾਨੂੰ ਅਜਿਹੀ ਹਿਦਾਇਤ ਦਿੰਦਾ ਹੈ ਜੋ ਸਾਨੂੰ ਸ਼ਾਂਤੀਪੂਰਣ, ਸੁਖੀ ਜੀਵਨ ਬਤੀਤ ਕਰਨ ਲਈ ਮਦਦ ਦੇਵੇਗੀ। (ਜ਼ਬੂਰ 103:14; ਯਸਾਯਾਹ 48:17) ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਗਿਆਨ ਸਾਨੂੰ ਉਤੇਜਕ ਖ਼ੁਸ਼ ਖ਼ਬਰੀ ਪੇਸ਼ ਕਰਦਾ ਹੈ।

ਸਦੀਪਕ ਜੀਵਨ!

6. ਪਰਮੇਸ਼ੁਰ ਦੇ ਗਿਆਨ ਦੇ ਸੰਬੰਧ ਵਿਚ ਯਿਸੂ ਮਸੀਹ ਨੇ ਕੀ ਭਰੋਸਾ ਦਿਵਾਇਆ ਸੀ?

6 ਪ੍ਰਸਿੱਧ ਇਤਿਹਾਸਕ ਵਿਅਕਤੀ, ਯਿਸੂ ਮਸੀਹ ਨੇ ਪਰਮੇਸ਼ੁਰ ਦੇ ਗਿਆਨ ਦੇ ਇਸ ਪਹਿਲੂ ਨੂੰ ਸਪੱਸ਼ਟਤਾ ਨਾਲ ਵਰਣਿਤ ਕੀਤਾ। ਉਸ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3, ਟੇਢੇ ਟਾਈਪ ਸਾਡੇ।) ਕਲਪਨਾ ਕਰੋ—ਉਹ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ!

7. ਕੀ ਸਬੂਤ ਹੈ ਕਿ ਪਰਮੇਸ਼ੁਰ ਇਹ ਇਰਾਦਾ ਨਹੀਂ ਰੱਖਦਾ ਸੀ ਕਿ ਅਸੀਂ ਮਰੀਏ?

7 ਸਦੀਪਕ ਜੀਵਨ ਨੂੰ ਕੇਵਲ ਇਕ ਸੁਪਨੇ ਦੇ ਤੌਰ ਤੇ ਹੀ ਰੱਦ ਕਰਨ ਵਿਚ ਕਾਹਲੀ ਨਾ ਕਰੋ। ਇਸ ਦੀ ਬਜਾਇ, ਮਾਨਵ ਸਰੀਰ ਦੀ ਬਣਤਰ ਉੱਤੇ ਧਿਆਨ ਦਿਓ। ਇਹ ਚੱਖਣ, ਸੁਣਨ, ਸੁੰਘਣ, ਦੇਖਣ ਅਤੇ ਮਹਿਸੂਸ ਕਰਨ ਲਈ ਸ਼ਾਨਦਾਰ ਤਰੀਕੇ ਨਾਲ ਰੂਪਾਂਕਿਤ ਕੀਤਾ ਗਿਆ ਹੈ। ਧਰਤੀ ਉੱਤੇ ਇੰਨੀਆਂ ਚੀਜ਼ਾਂ ਹਨ ਜੋ ਸਾਡੀਆਂ ਗਿਆਨ-ਇੰਦਰੀਆਂ ਨੂੰ ਆਨੰਦ ਦਿੰਦੀਆਂ ਹਨ—ਸੁਆਦਲਾ ਭੋਜਨ, ਪੰਛੀਆਂ ਦੇ ਸੁਹਾਵਣੇ ਸੰਗੀਤ, ਖੁਸ਼ਬੂਦਾਰ ਫੁਲ, ਸੁੰਦਰ ਦ੍ਰਿਸ਼, ਆਨੰਦਮਈ ਸਾਥ! ਅਤੇ ਸਾਡਾ ਹੈਰਾਨਕੁਨ ਦਿਮਾਗ਼ ਇਕ ਸੁਪਰਕੰਪਿਉਟਰ ਨਾਲੋਂ ਕਿਤੇ ਹੀ ਜ਼ਿਆਦਾ ਉੱਤਮ ਹੈ, ਕਿਉਂਕਿ ਇਹ ਸਾਨੂੰ ਸਾਰੀਆਂ ਚੀਜ਼ਾਂ ਦੀ ਕਦਰ ਕਰਨ ਅਤੇ ਆਨੰਦ ਮਾਣਨ ਦੇ ਯੋਗ ਬਣਾਉਂਦਾ ਹੈ। ਕੀ ਤੁਹਾਨੂੰ ਇਹ ਲੱਗਦਾ ਹੈ ਕਿ ਸਾਡਾ ਸ੍ਰਿਸ਼ਟੀਕਰਤਾ ਚਾਹੁੰਦਾ ਹੈ ਕਿ ਅਸੀਂ ਮਰ ਕੇ ਇਹ ਸਭ ਕੁਝ ਖੋਹ ਦੇਈਏ? ਕੀ ਇਸ ਸਿੱਟੇ ਤੇ ਪਹੁੰਚਣਾ ਜ਼ਿਆਦਾ ਤਰਕਸੰਗਤ ਨਹੀਂ ਹੋਵੇਗਾ ਕਿ ਉਹ ਚਾਹੁੰਦਾ ਹੈ ਕਿ ਅਸੀਂ ਸੁਖੀ ਵਸੀਏ ਅਤੇ ਸਦਾ ਦੇ ਲਈ ਜੀਵਨ ਦਾ ਆਨੰਦ ਮਾਣੀਏ? ਖ਼ੈਰ, ਪਰਮੇਸ਼ੁਰ ਦਾ ਗਿਆਨ ਤੁਹਾਡੇ ਲਈ ਇਹੋ ਹੀ ਅਰਥ ਰੱਖ ਸਕਦਾ ਹੈ।

ਪਰਾਦੀਸ ਵਿਚ ਜੀਵਨ

8. ਬਾਈਬਲ ਮਨੁੱਖਜਾਤੀ ਦੇ ਭਵਿੱਖ ਬਾਰੇ ਕੀ ਕਹਿੰਦੀ ਹੈ?

8 ਬਾਈਬਲ ਜੋ ਧਰਤੀ ਅਤੇ ਮਨੁੱਖਜਾਤੀ ਦੇ ਭਵਿੱਖ ਬਾਰੇ ਕਹਿੰਦੀ ਹੈ, ਉਸ ਦਾ ਨਿਚੋੜ ਸ਼ਾਇਦ ਇਕ ਸ਼ਬਦ ਵਿਚ ਕੀਤਾ ਜਾ ਸਕਦਾ ਹੈ—ਪਰਾਦੀਸ! ਯਿਸੂ ਮਸੀਹ ਨੇ ਇਸ ਦਾ ਜ਼ਿਕਰ ਕੀਤਾ ਸੀ ਜਦੋਂ ਉਸ ਨੇ ਇਕ ਮਰ ਰਹੇ ਮਨੁੱਖ ਨੂੰ ਦੱਸਿਆ: “ਤੂੰ ਮੇਰੇ ਸੰਗ ਪਰਾਦੀਸ ਵਿਚ ਹੋਵੇਂਗਾ।” (ਲੂਕਾ 23:43, ਨਿ ਵ) ਕੋਈ ਸ਼ੱਕ ਨਹੀਂ ਹੈ ਕਿ ਪਰਾਦੀਸ ਦੇ ਜ਼ਿਕਰ ਨੇ ਉਸ ਮਨੁੱਖ ਨੂੰ ਸਾਡੇ ਪਹਿਲੇ ਮਾਪੇ, ਆਦਮ ਅਤੇ ਹੱਵਾਹ ਦੀ ਸੁਖੀ ਸਥਿਤੀ ਦੀ ਯਾਦ ਦਿਲਾਈ ਹੋਵੇਗੀ। ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਸ੍ਰਿਸ਼ਟ ਕੀਤਾ, ਤਾਂ ਉਹ ਸੰਪੂਰਣ ਸਨ ਅਤੇ ਇਕ ਬਾਗ਼ ਵਰਗੇ ਪਾਰਕ ਵਿਚ ਰਹਿੰਦੇ ਸਨ ਜੋ ਸ੍ਰਿਸ਼ਟੀਕਰਤਾ ਨੇ ਰੂਪਾਂਕਿਤ ਕੀਤਾ ਅਤੇ ਬੀਜਿਆ ਸੀ। ਉਹ ਠੀਕ ਹੀ ਅਦਨ ਦਾ ਬਾਗ਼ ਕਹਿਲਾਇਆ ਗਿਆ, ਜਿਹੜਾ ਨਾਂ ਆਨੰਦ ਸੰਕੇਤ ਕਰਦਾ ਹੈ।

9. ਮੂਲ ਪਰਾਦੀਸ ਵਿਚ ਰਹਿਣਾ ਕਿਸ ਤਰ੍ਹਾਂ ਦਾ ਅਨੁਭਵ ਸੀ?

9 ਉਹ ਬਾਗ਼ ਕਿੰਨਾ ਆਨੰਦਮਈ ਸੀ! ਉਹ ਸੱਚ-ਮੁੱਚ ਹੀ ਇਕ ਪਰਾਦੀਸ ਸੀ। ਉਹ ਦੇ ਸੁੰਦਰ ਦਰਖਤਾਂ ਵਿਚ ਸੁਆਦਲੇ ਫਲ ਉਪਜਾਉਣ ਵਾਲੇ ਦਰਖਤ ਵੀ ਸ਼ਾਮਲ ਸਨ। ਜਿਉਂ-ਜਿਉਂ ਆਦਮ ਅਤੇ ਹੱਵਾਹ ਨੇ ਆਪਣੇ ਖੇਤਰ ਦੀ ਪੜਤਾਲ ਕੀਤੀ, ਇਸ ਦੇ ਮਿੱਠੇ ਪਾਣੀਆਂ ਤੋਂ ਪੀਤਾ, ਅਤੇ ਇਸ ਦਿਆਂ ਦਰਖਤਾਂ ਤੋਂ ਫਲ ਇਕੱਠੇ ਕੀਤੇ, ਉਨ੍ਹਾਂ ਕੋਲ ਚਿੰਤਾਤੁਰ ਹੋਣ ਜਾਂ ਡਰਨ ਦਾ ਕੋਈ ਕਾਰਨ ਨਹੀਂ ਸੀ। ਪਸ਼ੂਆਂ ਵੱਲੋਂ ਵੀ ਕੋਈ ਖ਼ਤਰਾ ਨਹੀਂ ਸੀ, ਕਿਉਂਕਿ ਪਰਮੇਸ਼ੁਰ ਨੇ ਮਨੁੱਖ ਅਤੇ ਉਸ ਦੀ ਪਤਨੀ ਨੂੰ ਉਨ੍ਹਾਂ ਸਾਰਿਆਂ ਦੇ ਉੱਪਰ ਪ੍ਰੇਮਪੂਰਣ ਅਧਿਕਾਰ ਰੱਖਣ ਲਈ ਠਹਿਰਾਇਆ ਸੀ। ਇਸ ਤੋਂ ਵਧ, ਪਹਿਲੀ ਮਾਨਵ ਜੋੜੀ ਕੋਲ ਤੰਦਰੁਸਤੀ ਸੀ। ਜਿੰਨਾ ਚਿਰ ਉਹ ਪਰਮੇਸ਼ੁਰ ਦੇ ਪ੍ਰਤੀ ਆਗਿਆਕਾਰ ਰਹਿੰਦੇ, ਇਕ ਸਦੀਪਕ, ਸੁਖੀ ਭਵਿੱਖ ਉਨ੍ਹਾਂ ਦੇ ਸਾਮ੍ਹਣੇ ਪੇਸ਼ ਸੀ। ਉਨ੍ਹਾਂ ਨੂੰ ਆਪਣੇ ਵਧੀਆ ਪਰਾਦੀਸ ਘਰ ਦੀ ਦੇਖ-ਭਾਲ ਕਰਨ ਦਾ ਤਸੱਲੀਬਖ਼ਸ਼ ਕੰਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਆਦਮ ਅਤੇ ਹੱਵਾਹ ਨੂੰ ਹੁਕਮ ਵੀ ਦਿੱਤਾ ਕਿ “ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ।” ਉਨ੍ਹਾਂ ਨੇ ਅਤੇ ਉਨ੍ਹਾਂ ਦੀ ਸੰਤਾਨ ਨੇ ਉਦੋਂ ਤਕ ਪਰਾਦੀਸ ਦੀਆਂ ਸਰਹੱਦਾਂ ਨੂੰ ਵਧਾਉਣਾ ਸੀ ਜਦ ਤਕ ਕਿ ਸਾਡਾ ਸਾਰਾ ਗ੍ਰਹਿ ਸੁੰਦਰਤਾ ਅਤੇ ਆਨੰਦ ਦਾ ਇਕ ਸਥਾਨ ਨਾ ਬਣ ਜਾਂਦਾ।—ਉਤਪਤ 1:28.

10. ਜਦੋਂ ਯਿਸੂ ਨੇ ਪਰਾਦੀਸ ਦਾ ਜ਼ਿਕਰ ਕੀਤਾ, ਤਾਂ ਉਸ ਦਾ ਕੀ ਅਰਥ ਸੀ?

10 ਪਰ ਫਿਰ, ਜਦੋਂ ਯਿਸੂ ਨੇ ਪਰਾਦੀਸ ਦਾ ਜ਼ਿਕਰ ਕੀਤਾ, ਉਹ ਇਕ ਮਰ ਰਹੇ ਮਨੁੱਖ ਨੂੰ ਇਕ ਦੂਰ ਅਤੀਤ ਦੇ ਬਾਰੇ ਸੋਚਣ ਲਈ ਨਹੀਂ ਆਖ ਰਿਹਾ ਸੀ। ਨਹੀਂ, ਯਿਸੂ ਭਵਿੱਖ ਦੇ ਬਾਰੇ ਜ਼ਿਕਰ ਕਰ ਰਿਹਾ ਸੀ! ਉਹ ਜਾਣਦਾ ਸੀ ਕਿ ਸਾਡਾ ਸਾਰਾ ਪਾਰਥਿਵ ਘਰ ਇਕ ਪਰਾਦੀਸ ਬਣ ਜਾਵੇਗਾ। ਇਸ ਤਰ੍ਹਾਂ ਪਰਮੇਸ਼ੁਰ ਮਨੁੱਖਜਾਤੀ ਅਤੇ ਸਾਡੀ ਧਰਤੀ ਲਈ ਆਪਣਾ ਮੂਲ ਮਕਸਦ ਪੂਰਾ ਕਰੇਗਾ। (ਯਸਾਯਾਹ 55:10, 11) ਜੀ ਹਾਂ, ਪਰਾਦੀਸ ਮੁੜ ਬਹਾਲ ਕੀਤਾ ਜਾਵੇਗਾ! ਅਤੇ ਇਹ ਕਿਸ ਤਰ੍ਹਾਂ ਦਾ ਹੋਵੇਗਾ? ਪਰਮੇਸ਼ੁਰ ਦੇ ਬਚਨ, ਪਵਿੱਤਰ ਬਾਈਬਲ ਨੂੰ ਜਵਾਬ ਦੇਣ ਦਿਓ।

ਮੁੜ ਬਹਾਲ ਪਰਾਦੀਸ ਵਿਚ ਜੀਵਨ

11. ਮੁੜ ਬਹਾਲ ਪਰਾਦੀਸ ਵਿਚ, ਬੀਮਾਰੀ, ਬੁਢਾਪੇ, ਅਤੇ ਮੌਤ ਨੂੰ ਕੀ ਹੋਵੇਗਾ?

11 ਬੀਮਾਰੀ, ਬੁਢਾਪਾ, ਅਤੇ ਮੌਤ ਫਿਰ ਨਹੀਂ ਹੋਣਗੇ। “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।” (ਯਸਾਯਾਹ 35:5, 6) “ਪਰਮੇਸ਼ੁਰ ਆਪ [ਮਨੁੱਖਜਾਤੀ] ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.

12. ਅਸੀਂ ਕਿਉਂ ਨਿਸ਼ਚਿਤ ਹੋ ਸਕਦੇ ਹਾਂ ਕਿ ਭਵਿੱਖ ਦੇ ਪਰਾਦੀਸ ਵਿਚ ਅਪਰਾਧ, ਹਿੰਸਾ, ਅਤੇ ਦੁਸ਼ਟਤਾ ਨਹੀਂ ਹੋਣਗੇ?

12 ਅਪਰਾਧ, ਹਿੰਸਾ, ਅਤੇ ਦੁਸ਼ਟਤਾ ਸਦਾ ਦੇ ਲਈ ਖ਼ਤਮ ਹੋ ਜਾਣਗੇ। “ਕੁਕਰਮੀ ਤਾਂ ਛੇਕੇ ਜਾਣਗੇ . . . ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ . . . ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ।” (ਜ਼ਬੂਰ 37:9-11) “ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।”—ਕਹਾਉਤਾਂ 2:22.

13. ਪਰਮੇਸ਼ੁਰ ਕਿਸ ਤਰ੍ਹਾਂ ਸ਼ਾਂਤੀ ਲਿਆਵੇਗਾ?

13 ਧਰਤੀ ਭਰ ਵਿਚ ਸ਼ਾਂਤੀ ਛਾਈ ਹੋਵੇਗੀ। “ਉਹ [ਪਰਮੇਸ਼ੁਰ] ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ।” (ਜ਼ਬੂਰ 46:9) “ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ।”—ਜ਼ਬੂਰ 72:7.

14, 15. ਬਾਈਬਲ ਮੁੜ ਬਹਾਲ ਪਰਾਦੀਸ ਵਿਚ ਰਿਹਾਇਸ਼, ਕੰਮ-ਕਾਰ, ਅਤੇ ਭੋਜਨ ਬਾਰੇ ਕੀ ਕਹਿੰਦੀ ਹੈ?

14 ਰਿਹਾਇਸ਼ ਸੁਰੱਖਿਅਤ ਅਤੇ ਕੰਮ-ਕਾਰ ਤਸੱਲੀਬਖ਼ਸ਼ ਹੋਵੇਗਾ। “ਓਹ ਘਰ ਬਣਾ­ਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ . . . ਓਹ ਨਾ ਬਣਾਉਣਗੇ ਭਈ ਦੂਜਾ ਵੱਸੇ, ਓਹ ਨਾ ਲਾਉਣਗੇ ਭਈ ਦੂਜਾ ਖਾਵੇ, ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ, ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਓਹ ਵਿ­ਅਰਥ ਮਿਹਨਤ ਨਾ ਕਰਨਗੇ, ਨਾ ਕਲੇਸ਼ ਲਈ ਜਮਾਉਣਗੇ।”—ਯਸਾਯਾਹ 65:21-23.

15 ਸਿਹਤਮੰਦ ਭੋਜਨ ਬਹੁਤਾਤ ਵਿਚ ਉਪਲਬਧ ਹੋਵੇਗਾ। “ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ [ਹੋਵੇਗਾ]।” (ਜ਼ਬੂਰ 72:16) “ਭੋਂ ਨੇ ਆਪਣਾ ਹਾਸਿਲ ਦਿੱਤਾ ਹੈ, ਪਰਮੇਸ਼ੁਰ, ਹਾਂ, ਸਾਡਾ ਪਰਮੇਸ਼ੁਰ ਸਾਨੂੰ ਬਰਕਤ ਦੇਵੇਗਾ।”—ਜ਼ਬੂਰ 67:6.

16. ਪਰਾਦੀਸ ਵਿਚ ਜੀਵਨ ਆਨੰਦਮਈ ਕਿਉਂ ਹੋਵੇਗਾ?

16 ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਆਨੰਦਮਈ ਹੋਵੇਗਾ। “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29) “ਉਜਾੜ ਅਤੇ ਥਲ ਖੁਸ਼ੀ ਮਨਾਉਣਗੇ, ਰੜਾ ਮਦਾਨ ਬਾਗ ਬਾਗ ਹੋਵੇਗਾ, ਅਤੇ ਨਰਗਸ ਵਾਂਙੁ ਖਿੜੇਗਾ।”—ਯਸਾਯਾਹ 35:1.

ਗਿਆਨ ਅਤੇ ਤੁਹਾਡਾ ਭਵਿੱਖ

17. (ੳ) ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਗਰ ਤੁਹਾਨੂੰ ਪਰਾਦੀਸ ਵਿਚ ਜੀਵਨ ਆਕਰਸ਼ਿਤ ਕਰਦਾ ਹੈ? (ਅ) ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਪਰਮੇਸ਼ੁਰ ਧਰਤੀ ਉੱਤੇ ਵੱਡੀਆਂ ਤਬਦੀਲੀਆਂ ਲਿਆਵੇਗਾ?

17 ਅਗਰ ਪਰਾਦੀਸ ਵਿਚ ਜੀਵਨ ਤੁਹਾਨੂੰ ਆਕਰਸ਼ਿਤ ਕਰਦਾ ਹੈ, ਤਾਂ ਤੁਸੀਂ ਕਿਸੇ ਚੀਜ਼ ਨੂੰ ਵੀ ਤੁਹਾਨੂੰ ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਤੋਂ ਨਾ ਰੋਕਣ ਦਿਓ। ਉਹ ਮਨੁੱਖਜਾਤੀ ਦੇ ਨਾਲ ਪ੍ਰੇਮ ਰੱਖਦਾ ਹੈ ਅਤੇ ਧਰਤੀ ਨੂੰ ਇਕ ਪਰਾਦੀਸ ਬਣਾਉਣ ਲਈ ਲੋੜੀਂਦੀਆਂ ਤਬਦੀਲੀਆਂ ਲਿਆਵੇਗਾ। ਆਖ਼ਰਕਾਰ, ਅਗਰ ਤੁਹਾਡੇ ਕੋਲ ਉਨ੍ਹਾਂ ਕਸ਼ਟਾਂ ਅਤੇ ਬੇਇਨਸਾਫ਼ੀਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਹੁੰਦੀ ਜੋ ਧਰਤੀ ਵਿਚ ਇੰਨੇ ਵਿਆਪਕ ਹਨ, ਤਾਂ ਕੀ ਤੁਸੀਂ ਉਨ੍ਹਾਂ ਨੂੰ ਨਹੀਂ ਖ਼ਤਮ ਕਰਦੇ? ਕੀ ਅਸੀਂ ਪਰਮੇਸ਼ੁਰ ਤੋਂ ਕੋਈ ਘੱਟ ਕਰਨ ਦੀ ਉਮੀਦ ਰੱਖਾਂਗੇ? ਅਸਲ ਵਿਚ, ਬਾਈਬਲ ਸਪੱਸ਼ਟ ਸ਼ਬਦਾਂ ਵਿਚ ਉਸ ਸਮੇਂ ਬਾਰੇ ਜ਼ਿਕਰ ਕਰਦੀ ਹੈ ਜਦੋਂ ਪਰਮੇਸ਼ੁਰ ਇਸ ਸੰਘਰਸ਼-ਭਰੀ ਵਿਵਸਥਾ ਨੂੰ ਹਟਾ ਕੇ ਇਸ ਦੀ ਥਾਂ ਤੇ ਇਕ ਸੰਪੂਰਣ, ਧਰਮੀ ਸ਼ਾਸਨ ਸਥਾਪਿਤ ਕਰੇਗਾ। (ਦਾਨੀਏਲ 2:44) ਪਰੰਤੂ ਬਾਈਬਲ ਸਾਨੂੰ ਇਹ ਸਭ ਕੁਝ ਦੱਸਣ ਤੋਂ ਕਿਤੇ ਹੀ ਜ਼ਿਆਦਾ ਕੁਝ ਕਰਦੀ ਹੈ। ਇਹ ਦਿਖਾਉਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਵਿਚ ਜੀਵਿਤ ਹੀ ਪ੍ਰਵੇਸ਼ ਕਰ ਸਕਦੇ ਹਾਂ।—2 ਪਤਰਸ 3:13; 1 ਯੂਹੰਨਾ 2:17.

18. ਪਰਮੇਸ਼ੁਰ ਦਾ ਗਿਆਨ ਤੁਹਾਡੇ ਲਈ ਹੁਣ ਕੀ ਕਰ ਸਕਦਾ ਹੈ?

18 ਪਰਮੇਸ਼ੁਰ ਦਾ ਗਿਆਨ ਹੁਣ ਵੀ ਤੁਹਾਨੂੰ ਕਾਫ਼ੀ ਲਾਭ ਪਹੁੰਚਾ ਸਕਦਾ ਹੈ। ਜੀਵਨ ਦੇ ਸਭ ਤੋਂ ਗਹਿਰੇ ਅਤੇ ਪਰੇਸ਼ਾਨ ਕਰਨ ਵਾਲੇ ਸਵਾਲਾਂ ਦੇ ਜਵਾਬ ਬਾਈਬਲ ਵਿਚ ਦਿੱਤੇ ਗਏ ਹਨ। ਇਸ ਦੇ ਨਿਰਦੇਸ਼ਨ ਨੂੰ ਸਵੀਕਾਰ ਕਰਨਾ, ਤੁਹਾਨੂੰ ਪਰਮੇਸ਼ੁਰ ਦੇ ਨਾਲ ਮਿੱਤਰਤਾ ਵਿਕਸਿਤ ਕਰਨ ਵਿਚ ਮਦਦ ਕਰੇਗਾ। ਇਹ ਕਿੰਨਾ ਵਿਸ਼ੇਸ਼-ਸਨਮਾਨ ਹੈ! ਅਤੇ ਇਹ ਤੁਹਾਨੂੰ ਉਸ ਸ਼ਾਂਤੀ ਦਾ ਆਨੰਦ ਮਾਣਨ ਦੇ ਯੋਗ ਕਰੇਗਾ ਜੋ ਇਕੱਲਾ ਪਰਮੇਸ਼ੁਰ ਹੀ ਦੇ ਸਕਦਾ ਹੈ। (ਰੋਮੀਆਂ 15:13, 33) ਜਿਉਂ ਹੀ ਤੁਸੀਂ ਇਹ ਅਤਿ-ਆਵੱਸ਼ਕ ਗਿਆਨ ਲੈਣਾ ਆਰੰਭ ਕਰਦੇ ਹੋ, ਤੁਸੀਂ ਆਪਣੇ ਜੀਵਨ ਦੇ ਸਭ ਤੋਂ ਮਹੱਤਵਪੂਰਣ ਅਤੇ ਲਾਭ­ਦਾਇਕ ਜਤਨ ਵਿਚ ਜੁਟ ਰਹੇ ਹੋ। ਤੁਸੀਂ ਪਰਮੇਸ਼ੁਰ ਦੇ ਉਸ ਗਿਆਨ ਨੂੰ ਹਾਸਲ ਕਰ ਕੇ ਕਦੇ ਵੀ ਨਹੀਂ ਪਛਤਾਉਗੇ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।

19. ਅਸੀਂ ਅਗਲੇ ਅਧਿਆਇ ਵਿਚ ਕਿਹੜੇ ਸਵਾਲ ਉੱਤੇ ਗੌਰ ਕਰਾਂਗੇ?

19 ਅਸੀਂ ਬਾਈਬਲ ਨੂੰ ਉਸ ਪੁਸਤਕ ਦੇ ਤੌਰ ਤੇ ਜ਼ਿਕਰ ਕੀਤਾ ਹੈ ਜਿਸ ਵਿਚ ਪਰਮੇਸ਼ੁਰ ਦਾ ਗਿਆਨ ਪਾਇਆ ਜਾਂਦਾ ਹੈ। ਪਰ ਫਿਰ, ਸਾਨੂੰ ਇਹ ਕਿਸ ਤਰ੍ਹਾਂ ਪਤਾ ਹੈ ਕਿ ਇਹ ਇਕ ਮਾਨਵ ਬੁੱਧ ਦੀ ਹੀ ਪੁਸਤਕ ਨਹੀਂ ਹੈ, ਪਰੰਤੂ ਕਿਤੇ ਹੀ ਮਹਾਨਤਰ ਹੈ? ਅਸੀਂ ਇਸ ਸਵਾਲ ਉੱਤੇ ਅਗਲੇ ਅਧਿਆਇ ਵਿਚ ਗੌਰ ਕਰਾਂਗੇ।

ਆਪਣੇ ਗਿਆਨ ਨੂੰ ਪਰਖੋ

ਪਰਮੇਸ਼ੁਰ ਦਾ ਗਿਆਨ ਤੁਹਾਨੂੰ ਸਦੀਪਕ ਖ਼ੁਸ਼ੀ ਵੱਲ ਕਿਉਂ ਲੈ ਜਾ ਸਕਦਾ ਹੈ?

ਆ ਰਹੇ ਪਾਰਥਿਵ ਪਰਾਦੀਸ ਵਿਚ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ?

ਹੁਣ ਪਰਮੇਸ਼ੁਰ ਦਾ ਗਿਆਨ ਲੈ ਕੇ ਤੁਸੀਂ ਕਿਉਂ ਲਾਭ ਉਠਾਉਗੇ?

[ਸਵਾਲ]