Skip to content

Skip to table of contents

ਤੁਹਾਨੂੰ ਕਿਸ ਦੇ ਅਧਿਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ?

ਤੁਹਾਨੂੰ ਕਿਸ ਦੇ ਅਧਿਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ?

ਅਧਿਆਇ 14

ਤੁਹਾਨੂੰ ਕਿਸ ਦੇ ਅਧਿਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ?

1, 2. ਕੀ ਹਰ ਤਰ੍ਹਾਂ ਦਾ ਅਧਿਕਾਰ ਹਾਨੀਕਾਰਕ ਹੈ? ਵਿਆਖਿਆ ਕਰੋ।

“ਅਧਿਕਾਰ” ਬਹੁਤੇਰੇ ਲੋਕਾਂ ਲਈ ਇਕ ਘਿਰਣਾਪੂਰਣ ਸ਼ਬਦ ਹੈ। ਇਹ ਗੱਲ ਸਮਝਣਯੋਗ ਹੈ ਕਿਉਂਕਿ—ਰੁਜ਼ਗਾਰ ਦੇ ਸਥਾਨ ਵਿਖੇ, ਪਰਿਵਾਰ ਵਿਚ, ਅਤੇ ਸਰਕਾਰਾਂ ਦੁਆਰਾ—ਅਧਿਕਾਰ ਦੀ ਅਕਸਰ ਕੁਵਰਤੋਂ ਕੀਤੀ ਜਾਂਦੀ ਹੈ। ਬਾਈਬਲ ਵਾਸਤਵਿਕ ਤੌਰ ਤੇ ਕਹਿੰਦੀ ਹੈ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 8:9) ਜੀ ਹਾਂ, ਬਹੁਤਿਆਂ ਨੇ ਅਤਿਆਚਾਰੀ ਅਤੇ ਸੁਆਰਥੀ ਵਤੀਰੇ ਦੁਆਰਾ ਦੂਜਿਆਂ ਉੱਤੇ ਆਗਿਆ ਤੋਰੀ ਹੈ।

2 ਪਰੰਤੂ ਸਾਰੇ ਅਧਿਕਾਰ ਹਾਨੀਕਾਰਕ ਨਹੀਂ ਹਨ। ਮਿਸਾਲ ਲਈ, ਇਹ ਕਿਹਾ ਜਾ ਸਕਦਾ ਹੈ ਕਿ ਸਾਡਾ ਸਰੀਰ ਸਾਡੇ ਉੱਤੇ ਅਧਿਕਾਰ ਰੱਖਦਾ ਹੈ। ਇਹ ਸਾਨੂੰ ਸਾਹ ਲੈਣ, ਖਾਣ, ਪੀਣ, ਅਤੇ ਸੌਣ ਲਈ “ਹੁਕਮ ਦਿੰਦਾ” ਹੈ। ਕੀ ਇਹ ਹੁਕਮ ਅਤਿਆਚਾਰਪੂਰਣ ਹੈ? ਨਹੀਂ। ਇਨ੍ਹਾਂ ਮੰਗਾਂ ਦੀ ਪਾਲਣਾ ਕਰਨ ਵਿਚ ਸਾਡਾ ਹੀ ਭਲਾ ਹੋਵੇ, ਹੋਰ ਤਰ੍ਹਾਂ ਦੇ ਅਧਿਕਾਰ ਵੀ ਹਨ ਜੋ ਸਾਡੀ ਰਜ਼ਾਮੰਦ ਅਧੀਨਗੀ ਲੋੜਦੇ ਹਨ। ਕੁਝ ਉਦਾਹਰਣਾਂ ਉੱਤੇ ਧਿਆਨ ਦਿਓ।

ਉੱਚਤਮ ਅਧਿਕਾਰ

3. ਯਹੋਵਾਹ ਨੂੰ ਠੀਕ ਤੌਰ ਤੇ “ਸਰਬਸੱਤਾਵਾਨ ਪ੍ਰਭੂ” ਕਿਉਂ ਸੱਦਿਆ ਜਾਂਦਾ ਹੈ?

3 ਬਾਈਬਲ ਵਿਚ 300 ਤੋਂ ਜ਼ਿਆਦਾ ਵਾਰ, ਯਹੋਵਾਹ ਨੂੰ “ਸਰਬਸੱਤਾਵਾਨ ਪ੍ਰਭੂ” ਸੱਦਿਆ ਗਿਆ ਹੈ। ਇਕ ਸਰਬਸੱਤਾਵਾਨ ਉਹ ਹੁੰਦਾ ਹੈ ਜਿਸ ਦਾ ਉੱਚਤਮ ਅਧਿਕਾਰ ਹੁੰਦਾ ਹੈ। ਕਿਹੜੀ ਚੀਜ਼ ਯਹੋਵਾਹ ਨੂੰ ਇਸ ਪਦਵੀ ਦਾ ਹੱਕਦਾਰ ਬਣਾਉਂਦੀ ਹੈ? ਪਰਕਾਸ਼ ਦੀ ਪੋਥੀ 4:11 ਜਵਾਬ ਦਿੰਦੀ ਹੈ: “ਹੇ ਸਾਡੇ ਪ੍ਰਭੁ ਅਤੇ ਸਾਡੇ ਪਰਮੇਸ਼ੁਰ, ਤੂੰ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਜੋਗ ਹੈਂ, ਤੈਂ ਜੋ ਸਾਰੀਆਂ ਵਸਤਾਂ ਰਚੀਆਂ, ਅਤੇ ਓਹ ਤੇਰੀ ਹੀ ਇੱਛਿਆ ਨਾਲ ਹੋਈਆਂ ਅਤੇ ਰਚੀਆਂ ਗਈਆਂ।”

4. ਯਹੋਵਾਹ ਆਪਣਾ ਅਧਿਕਾਰ ਕਿਵੇਂ ਇਸਤੇਮਾਲ ਕਰਨਾ ਚੁਣਦਾ ਹੈ?

4 ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ, ਯਹੋਵਾਹ ਜਿਸ ਤਰ੍ਹਾਂ ਵੀ ਚਾਹੇ ਆਪਣਾ ਅਧਿਕਾਰ ਇਸਤੇਮਾਲ ਕਰਨ ਦਾ ਹੱਕ ਰੱਖਦਾ ਹੈ। ਇਹ ਸ਼ਾਇਦ ਡਰਾਉਣਾ ਜਾਪੇ, ਖ਼ਾਸ ਕਰ ਕੇ ਜਦੋਂ ਅਸੀਂ ਵਿਚਾਰ ਕਰਦੇ ਹਾਂ ਕਿ ਪਰਮੇਸ਼ੁਰ ਕੋਲ “ਵੱਡੀ ਸ਼ਕਤੀ” ਹੈ। ਉਸ ਨੂੰ “ਸਰਬਸ਼ਕਤੀਮਾਨ ਪਰਮੇਸ਼ੁਰ” ਸੱਦਿਆ ਜਾਂਦਾ ਹੈ—ਉਹ ਅਭਿਵਿਅਕਤੀ ਜੋ ਇਬਰਾਨੀ ਬੋਲੀ ਵਿਚ ਅਤਿਅਧਿਕ ਸ਼ਕਤੀ ਨੂੰ ਸੰਕੇਤ ਕਰਦਾ ਹੈ। (ਯਸਾਯਾਹ 40:26; ਉਤਪਤ 17:1) ਫਿਰ ਵੀ, ਯਹੋਵਾਹ ਆਪਣੀ ਸ਼ਕਤੀ ਇਕ ਪਰਉਪਕਾਰੀ ਤਰੀਕੇ ਵਿਚ ਪ੍ਰਦਰਸ਼ਿਤ ਕਰਦਾ ਹੈ, ਕਿਉਂਕਿ ਉਸ ਦਾ ਪ੍ਰਮੁੱਖ ਗੁਣ ਪ੍ਰੇਮ ਹੈ।—1 ਯੂਹੰਨਾ 4:16.

5. ਯਹੋਵਾਹ ਦੇ ਅਧਿਕਾਰ ਦੇ ਅਧੀਨ ਹੋਣਾ ਕਠਿਨ ਕਿਉਂ ਨਹੀਂ ਹੈ?

5 ਭਾਵੇਂ ਕਿ ਯਹੋਵਾਹ ਨੇ ਚੇਤਾਵਨੀ ਦਿੱਤੀ ਕਿ ਉਹ ਅਪਸ਼ਚਾਤਾਪੀ ਪਾਪੀਆਂ ਨੂੰ ਸਜ਼ਾ ਦੇਵੇਗਾ, ਮੂਸਾ ਨੇ ਉਸ ਨੂੰ ਮੁੱਖ ਤੌਰ ਤੇ “ਓਹੀ ਪਰਮੇਸ਼ੁਰ” ਵਜੋਂ ਜਾਣਿਆ, “ਜਿਹੜਾ ਆਪਣੀ ਗੱਲ ਦਾ ਪੱਕਾ ਪਰਮੇਸ਼ੁਰ ਹੈ ਅਤੇ ਨੇਮ ਦੀ ਪਾਲਨਾ ਕਰਨ ਵਾਲਾ ਹੈ ਅਤੇ . . . ਉਨ੍ਹਾਂ ਉੱਤੇ ਦਯਾਵਾਨ ਹੈ ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ।” (ਬਿਵਸਥਾ ਸਾਰ 7:9) ਜ਼ਰਾ ਸੋਚੋ! ਵਿਸ਼ਵ ਦਾ ਉੱਚਤਮ ਅਧਿਕਾਰੀ ਸਾਨੂੰ ਉਸ ਦੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ ਹੈ। ਇਸ ਦੀ ਬਜਾਇ, ਅਸੀਂ ਉਸ ਦੇ ਪ੍ਰੇਮ ਕਰਕੇ ਉਸ ਵੱਲ ਆਕਰਸ਼ਿਤ ਹੁੰਦੇ ਹਾਂ। (ਰੋਮੀਆਂ 2:4; 5:8) ਯਹੋਵਾਹ ਦੇ ਅਧਿਕਾਰ ਦੇ ਅਧੀਨ ਹੋਣਾ ਇਕ ਆਨੰਦ ਦੀ ਵੀ ਗੱਲ ਹੈ, ਕਿਉਂਕਿ ਉਸ ਦੇ ਨਿਯਮ ਹਮੇਸ਼ਾ ਸਾਡੇ ਅਧਿਕਤਮ ਫ਼ਾਇਦੇ ਲਈ ਕੰਮ ਕਰਦੇ ਹਨ।—ਜ਼ਬੂਰ 19:7, 8.

6. ਅਦਨ ਦੇ ਬਾਗ਼ ਵਿਚ ਅਧਿਕਾਰ ਦਾ ਵਾਦ-ਵਿਸ਼ਾ ਕਿਵੇਂ ਪੈਦਾ ਹੋਇਆ ਸੀ, ਅਤੇ ਉਸ ਦਾ ਕੀ ਨਤੀਜਾ ਹੋਇਆ?

6 ਸਾਡੇ ਪਹਿਲੇ ਮਾਪਿਆਂ ਨੇ ਪਰਮੇਸ਼ੁਰ ਦੀ ਸਰਬਸੱਤਾ ਨੂੰ ਰੱਦ ਕੀਤਾ। ਉਹ ਖ਼ੁਦ ਲਈ ਫ਼ੈਸਲਾ ਕਰਨਾ ਚਾਹੁੰਦੇ ਸਨ ਕਿ ਕੀ ਭਲਾ ਅਤੇ ਕੀ ਬੁਰਾ ਹੈ। (ਉਤਪਤ 3:4-6) ਨਤੀਜੇ ਵਜੋਂ, ਉਹ ਆਪਣੇ ਪਰਾਦੀਸ ਘਰ ਵਿੱਚੋਂ ਬਾਹਰ ਕੱਢੇ ਗਏ। ਉਪਰੰਤ ਯਹੋਵਾਹ ਨੇ ਮਨੁੱਖਾਂ ਨੂੰ ਅਧਿਕਾਰ ਢਾਂਚੇ ਬਣਾਉਣ ਦੀ ਇਜਾਜ਼ਤ ਦਿੱਤੀ ਜੋ ਉਨ੍ਹਾਂ ਨੂੰ ਇਕ ਵਿਵਸਥਿਤ, ਭਾਵੇਂ ਕਿ ਅਪੂਰਣ, ਸਮਾਜ ਵਿਚ ਰਹਿਣ ਦੇ ਯੋਗ ਬਣਾਉਂਦੇ। ਇਨ੍ਹਾਂ ਵਿਚ ਕੁਝ ਅਧਿਕਾਰ ਕਿਹੜੇ ਹਨ, ਅਤੇ ਪਰਮੇਸ਼ੁਰ ਸਾਡੇ ਤੋਂ ਕਿਸ ਹੱਦ ਤਕ ਉਨ੍ਹਾਂ ਦੇ ਅਧੀਨ ਹੋਣ ਦੀ ਆਸ ਰੱਖਦਾ ਹੈ?

“ਉੱਚ ਹਕੂਮਤਾਂ”

7. “ਉੱਚ ਹਕੂਮਤਾਂ” ਕੌਣ ਹਨ, ਅਤੇ ਉਨ੍ਹਾਂ ਦੀ ਪਦਵੀ ਪਰਮੇਸ਼ੁਰ ਦੇ ਅਧਿਕਾਰ ਨਾਲ ਕਿਵੇਂ ਸੰਬੰਧਿਤ ਹੈ?

7 ਰਸੂਲ ਪੌਲੁਸ ਨੇ ਲਿਖਿਆ: “ਹਰੇਕ ਪ੍ਰਾਣੀ ਹਕੂਮਤਾਂ [“ਉੱਚ ਹਕੂਮਤਾਂ,” ਨਿ ਵ] ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ।” “ਉੱਚ ਹਕੂਮਤਾਂ” ਕੌਣ ਹਨ? ਬਾਅਦ ਦੀਆਂ ਆਇਤਾਂ ਵਿਚ ਪੌਲੁਸ ਦੇ ਸ਼ਬਦ ਦਿਖਾਉਂਦੇ ਹਨ ਕਿ ਉਹ ਮਾਨਵ ਸਰਕਾਰੀ ਹਕੂਮਤਾਂ ਹਨ। (ਰੋਮੀਆਂ 13:1-7; ਤੀਤੁਸ 3:1) ਯਹੋਵਾਹ ਨੇ ਮਨੁੱਖ ਦੀਆਂ ਸਰਕਾਰੀ ਹਕੂਮਤਾਂ ਦਾ ਆਰੰਭ ਨਹੀਂ ਕੀਤਾ, ਪਰੰਤੂ ਇਹ ਉਸ ਦੀ ਇਜਾਜ਼ਤ ਦੇ ਨਾਲ ਹੋਂਦ ਵਿਚ ਰਹਿੰਦੀਆਂ ਹਨ। ਇਸ ਲਈ ਪੌਲੁਸ ਲਿਖ ਸਕਦਾ ਸੀ: “ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।” ਇਹ ਅਜਿਹੀ ਪਾਰਥਿਵ ਹਕੂਮਤ ਬਾਰੇ ਕੀ ਸੰਕੇਤ ਕਰਦਾ ਹੈ? ਇਹੋ ਕਿ ਇਹ ਪਰਮੇਸ਼ੁਰ ਦੇ ਅਧਿਕਾਰ ਦੇ ਅਧੀਨ ਹੈ, ਜਾਂ ਨੀਵੀਂ ਪਦਵੀ ਰੱਖਦੀ ਹੈ। (ਯੂਹੰਨਾ 19:10, 11) ਇਸ ਕਰਕੇ, ਜਦੋਂ ਮਨੁੱਖ ਦੇ ਨਿਯਮ ਅਤੇ ਪਰਮੇਸ਼ੁਰ ਦੇ ਨਿਯਮ ਵਿਚਕਾਰ ਟੱਕਰ ਹੁੰਦੀ ਹੈ, ਤਾਂ ਮਸੀਹੀਆਂ ਨੂੰ ਬਾਈਬਲ-ਸਿੱਖਿਅਤ ਅੰਤਹਕਰਣ ਦੁਆਰਾ ਨਿਰਦੇਸ਼ਿਤ ਹੋਣਾ ਚਾਹੀਦਾ ਹੈ। ਉਨ੍ਹਾਂ ਲਈ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:29.

8. ਤੁਸੀਂ “ਉੱਚ ਹਕੂਮਤਾਂ” ਤੋਂ ਕਿਵੇਂ ਲਾਭ ਹਾਸਲ ਕਰਦੇ ਹੋ, ਅਤੇ ਤੁਸੀਂ ਉਨ੍ਹਾਂ ਦੇ ਪ੍ਰਤੀ ਆਪਣੀ ਅਧੀਨਗੀ ਕਿਵੇਂ ਪ੍ਰਦਰਸ਼ਿਤ ਕਰ ਸਕਦੇ ਹੋ?

8 ਫਿਰ ਵੀ, ਜ਼ਿਆਦਾਤਰ ਸਮਿਆਂ ਤੇ ਸਰਕਾਰੀ ਉੱਚ ਹਕੂਮਤਾਂ, ‘ਸਾਡੀ ਭਲਿਆਈ ਲਈ ਪਰਮੇਸ਼ੁਰ ਦੇ ਸੇਵਕ’ ਦੇ ਤੌਰ ਤੇ ਕੰਮ ਕਰਦੀਆਂ ਹਨ। (ਰੋਮੀਆਂ 13:4) ਕਿਹੜਿਆਂ ਤਰੀਕਿਆਂ ਵਿਚ? ਖ਼ੈਰ, ਉਨ੍ਹਾਂ ਅਨੇਕ ਸੇਵਾਵਾਂ ਬਾਰੇ ਵਿਚਾਰ ਕਰੋ ਜੋ ਉੱਚ ਹਕੂਮਤਾਂ ਮੁਹੱਈਆ ਕਰਦੀਆਂ ਹਨ, ਜਿਵੇਂ ਕਿ ਡਾਕ-ਵੰਡਾਈ, ਪੁਲਸ ਅਤੇ ਅੱਗ ਸੁਰੱਖਿਆ, ਸਫ਼ਾਈ ਪ੍ਰਬੰਧ, ਅਤੇ ਵਿਦਿਆ। “ਤੁਸੀਂ ਇਸੇ ਕਾਰਨ ਹਾਲਾ ਭੀ ਦਿੰਦੇ ਹੋ,” ਪੌਲੁਸ ਨੇ ਲਿਖਿਆ, “ਕਿ ਓਹ ਇਸੇ ਕੰਮ ਵਿੱਚ ਰੁੱਝੇ ਰਹਿੰਦੇ ਹਨ ਅਤੇ ਪਰਮੇਸ਼ੁਰ ਦੇ ਖਾਦਮ ਹਨ।” (ਰੋਮੀਆਂ 13:6) ਹਾਲਾ ਜਾਂ ਕੋਈ ਹੋਰ ਕਾਨੂੰਨੀ ਬੰਦਸ਼ ਦੇ ਸੰਬੰਧ ਵਿਚ, ਸਾਨੂੰ “ਨੇਕੀ ਨਾਲ ਉਮਰ ਬਤੀਤ ਕਰਨੀ” ਚਾਹੀਦੀ ਹੈ।—ਇਬਰਾਨੀਆਂ 13:18.

9, 10. (ੳ) ਉੱਚ ਹਕੂਮਤਾਂ ਪਰਮੇਸ਼ੁਰ ਦੇ ਪ੍ਰਬੰਧ ਵਿਚ ਕਿਵੇਂ ਢੁਕਦੀਆਂ ਹਨ? (ਅ) ਉੱਚ ਹਕੂਮਤਾਂ ਦਾ ਵਿਰੋਧ ਕਰਨਾ ਕਿਉਂ ਗ਼ਲਤ ਹੋਵੇਗਾ?

9 ਸਮੇਂ-ਸਮੇਂ ਤੇ, ਉੱਚ ਹਕੂਮਤਾਂ ਆਪਣੀ ਸ਼ਕਤੀ ਦੀ ਕੁਵਰਤੋਂ ਕਰਦੀਆਂ ਹਨ। ਕੀ ਇਹ ਸਾਨੂੰ ਉਨ੍ਹਾਂ ਦੇ ਅਧੀਨ ਰਹਿਣ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੰਦਾ ਹੈ? ਨਹੀਂ, ਬਿਲਕੁਲ ਨਹੀਂ। ਯਹੋਵਾਹ ਇਨ੍ਹਾਂ ਹਕੂਮਤਾਂ ਦੇ ਕੁਕਰਮਾਂ ਨੂੰ ਦੇਖਦਾ ਹੈ। (ਕਹਾਉਤਾਂ 15:3) ਮਨੁੱਖ ਦੇ ਸ਼ਾਸਨ ਦੇ ਪ੍ਰਤੀ ਉਸ ਦੀ ਸਹਿਣਸ਼ੀਲਤਾ ਦਾ ਇਹ ਅਰਥ ਨਹੀਂ ਹੈ ਕਿ ਉਹ ਇਸ ਦੇ ਭ੍ਰਿਸ਼ਟਾਚਾਰ ਨੂੰ ਅਣਡਿੱਠ ਕਰਦਾ ਹੈ; ਨਾ ਹੀ ਉਹ ਸਾਡੇ ਤੋਂ ਇਹ ਕਰਨ ਦੀ ਆਸ ਰੱਖਦਾ ਹੈ। ਸੱਚ-ਮੁੱਚ, ਪਰਮੇਸ਼ੁਰ ਜਲਦੀ ਹੀ “ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ,” ਅਤੇ ਇਨ੍ਹਾਂ ਦੀ ਥਾਂ ਤੇ ਆਪਣੀ ਧਰਮੀ ਸਰਕਾਰ ਠਹਿਰਾਏਗਾ। (ਦਾਨੀਏਲ 2:44) ਪਰੰਤੂ ਜਦ ਤਕ ਇਹ ਨਹੀਂ ਵਾਪਰਦਾ ਹੈ, ਉੱਦੋਂ ਤਕ ਉੱਚ ਹਕੂਮਤਾਂ ਇਕ ਫ਼ਾਇਦੇਮੰਦ ਮਕਸਦ ਪੂਰਾ ਕਰਦੀਆਂ ਹਨ।

10 ਪੌਲੁਸ ਨੇ ਵਿਆਖਿਆ ਕੀਤੀ: “ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ੁਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ।” (ਰੋਮੀਆਂ 13:2) ਉੱਚ ਹਕੂਮਤਾਂ ਇਸ ਅਰਥ ਵਿਚ ਪਰਮੇਸ਼ੁਰ ਦਾ “ਇੰਤਜ਼ਾਮ” ਹਨ ਕਿ ਉਹ ਕਿਸੇ ਹੱਦ ਤਕ ਅਮਨ-ਅਮਾਨ ਕਾਇਮ ਰੱਖਦੀਆਂ ਹਨ ਜਿਸ ਦੇ ਬਿਨਾਂ ਗੜਬੜੀ ਅਤੇ ਅਰਾਜਕਤਾ ਦਾ ਦੌਰ-ਦੌਰਾ ਹੁੰਦਾ। ਉਨ੍ਹਾਂ ਦਾ ਵਿਰੋਧ ਕਰਨਾ ਸ਼ਾਸਤਰ ਦੇ ਵਿਰੁੱਧ ਚਲਣਾ ਅਤੇ ਮੂਰਖਤਾ ਹੋਵੇਗੀ। ਮਿਸਾਲ ਲਈ, ਫ਼ਰਜ਼ ਕਰੋ ਕਿ ਤੁਹਾਡਾ ਇਕ ਓਪਰੇਸ਼ਨ ਹੋਇਆ ਹੈ ਅਤੇ ਟਾਂਕੇ ਜ਼ਖਮ ਨੂੰ ਬੰਨ੍ਹ ਰਹੇ ਹਨ। ਭਾਵੇਂ ਕਿ ਟਾਂਕੇ ਸਰੀਰ ਵਾਸਤੇ ਓਪਰੇ ਹਨ, ਉਹ ਇਕ ਸੀਮਿਤ ਸਮੇਂ ਲਈ ਕੰਮ ਦਿੰਦੇ ਹਨ। ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਹੀ ਖੋਲ੍ਹਣਾ ਹਾਨੀਕਾਰਕ ਹੋ ਸਕਦਾ ਹੈ। ਇਸੇ ਤਰ੍ਹਾਂ, ਮਾਨਵ ਸਰਕਾਰੀ ਹਕੂਮਤਾਂ ਪਰਮੇਸ਼ੁਰ ਦੇ ਮੂਲ ਮਕਸਦ ਦਾ ਹਿੱਸਾ ਨਹੀਂ ਸਨ। ਫਿਰ ਵੀ, ਜਦ ਤਕ ਉਸ ਦਾ ਰਾਜ ਸਾਰੀ ਧਰਤੀ ਉੱਤੇ ਪੂਰੀ ਤਰ੍ਹਾਂ ਨਾਲ ਸ਼ਾਸਨ ਨਹੀਂ ਕਰਦਾ ਹੈ, ਮਾਨਵ ਸਰਕਾਰਾਂ ਸਮਾਜ ਨੂੰ ਇਕੱਠਿਆਂ ਬੰਨ੍ਹ ਕੇ ਰੱਖਦੀਆਂ ਹਨ, ਅਤੇ ਉਹ ਕੰਮ ਕਰਦੀਆਂ ਹਨ ਜੋ ਵਰਤਮਾਨ ਸਮੇਂ ਲਈ ਪਰਮੇਸ਼ੁਰ ਦੀ ਇੱਛਾ ਨਾਲ ਢੁਕਦਾ ਹੈ। ਇਸ ਕਰਕੇ ਸਾਨੂੰ ਉੱਚ ਹਕੂਮਤਾਂ ਦੇ ਅਧੀਨ ਰਹਿਣਾ ਚਾਹੀਦਾ ਹੈ, ਜਦ ਕਿ ਅਸੀਂ ਪਰਮੇਸ਼ੁਰ ਦੇ ਨਿਯਮ ਅਤੇ ਅਧਿਕਾਰ ਨੂੰ ਪਹਿਲ ਦਿੰਦੇ ਹਾਂ।

ਪਰਿਵਾਰ ਵਿਚ ਅਧਿਕਾਰ

11. ਤੁਸੀਂ ਸਰਦਾਰੀ ਦੇ ਸਿਧਾਂਤ ਦੀ ਕਿਵੇਂ ਵਿਆਖਿਆ ਕਰੋਗੇ?

11 ਪਰਿਵਾਰ ਮਾਨਵ ਸਮਾਜ ਦੀ ਬੁਨਿਆਦੀ ਇਕਾਈ ਹੈ। ਉਸ ਦੇ ਅੰਦਰ ਇਕ ਪਤੀ ਅਤੇ ਪਤਨੀ ਲਾਭਦਾਇਕ ਸਾਥ ਪ੍ਰਾਪਤ ਕਰ ਸਕਦੇ ਹਨ, ਅਤੇ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਅਤੇ ਬਾਲਗੀ ਲਈ ਸਿਖਲਾਈ ਦਿੱਤੀ ਜਾ ਸਕਦੀ ਹੈ। (ਕਹਾਉਤਾਂ 5:15-21; ਅਫ਼ਸੀਆਂ 6:1-4) ਅਜਿਹੇ ਉੱਤਮ ਪ੍ਰਬੰਧ ਨੂੰ ਇਸ ਤਰੀਕੇ ਦੇ ਨਾਲ ਵਿਵਸਥਿਤ ਕਰਨ ਦੀ ਜ਼ਰੂਰਤ ਹੈ ਜੋ ਪਰਿਵਾਰਕ ਸਦੱਸਾਂ ਨੂੰ ਸ਼ਾਂਤੀ ਅਤੇ ਇਕਸਾਰਤਾ ਵਿਚ ਜੀਵਨ ਬਤੀਤ ਕਰਨ ਦੇ ਯੋਗ ਬਣਾਏ। ਯਹੋਵਾਹ ਸਰਦਾਰੀ ਦੇ ਸਿਧਾਂਤ ਦੁਆਰਾ ਇਸ ਨੂੰ ਸੰਪੰਨ ਕਰਦਾ ਹੈ, ਜਿਸ ਦਾ ਸਾਰ 1 ਕੁਰਿੰਥੀਆਂ 11:3 ਵਿਚ ਇਨ੍ਹਾਂ ਸ਼ਬਦਾਂ ਵਿਚ ਦਿੱਤਾ ਗਿਆ ਹੈ: “ਹਰੇਕ ਪੁਰਖ ਦਾ ਸਿਰ ਮਸੀਹ ਹੈ ਅਤੇ ਇਸਤ੍ਰੀ ਦਾ ਸਿਰ ਪੁਰਖ ਹੈ ਅਤੇ ਮਸੀਹ ਦਾ ਸਿਰ ਪਰਮੇਸ਼ੁਰ ਹੈ।”

12, 13. ਪਰਿਵਾਰਕ ਸਿਰ ਕੌਣ ਹੈ, ਅਤੇ ਯਿਸੂ ਦੇ ਸਰਦਾਰੀ ਕਰਨ ਦੇ ਤਰੀਕੇ ਤੋਂ ਕੀ ਸਿੱਖਿਆ ਜਾ ਸਕਦਾ ਹੈ?

12 ਪਤੀ ਪਰਿਵਾਰਕ ਸਿਰ ਹੈ। ਮਗਰ, ਉਸ ਤੋਂ ਉੱਪਰ ਇਕ ਸਿਰ ਹੈ—ਯਿਸੂ ਮਸੀਹ। ਪੌਲੁਸ ਨੇ ਲਿਖਿਆ: “ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼ਸੀਆਂ 5:25) ਇਕ ਪਤੀ ਮਸੀਹ ਦੇ ਪ੍ਰਤੀ ਆਪਣੀ ਅਧੀਨਗੀ ਪ੍ਰਤਿਬਿੰਬਤ ਕਰਦਾ ਹੈ ਜਦੋਂ ਉਹ ਆਪਣੀ ਪਤਨੀ ਦੇ ਨਾਲ ਉਸ ਤਰ੍ਹਾਂ ਵਿਵਹਾਰ ਕਰਦਾ ਹੈ ਜਿਸ ਤਰ੍ਹਾਂ ਯਿਸੂ ਨੇ ਹਮੇਸ਼ਾ ਕਲੀਸਿਯਾ ਦੇ ਨਾਲ ਕੀਤਾ ਹੈ। (1 ਯੂਹੰਨਾ 2:6) ਯਿਸੂ ਨੂੰ ਵੱਡਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ, ਪਰੰਤੂ ਉਹ ਇਸ ਨੂੰ ਅਤਿਅੰਤ ਕੋਮਲਤਾ, ਪ੍ਰੇਮ, ਅਤੇ ਸੂਝ ਦੇ ਨਾਲ ਇਸਤੇਮਾਲ ਕਰਦਾ ਹੈ। (ਮੱਤੀ 20:25-28) ਇਕ ਮਨੁੱਖ ਦੇ ਰੂਪ ਵਿਚ, ਯਿਸੂ ਨੇ ਆਪਣੀ ਅਧਿਕਾਰ ਦੀ ਪਦਵੀ ਦੀ ਕਦੇ ਵੀ ਕੁਵਰਤੋਂ ਨਹੀਂ ਕੀਤੀ। ਉਹ “ਕੋਮਲ ਅਤੇ ਮਨ ਦਾ ਗ਼ਰੀਬ” ਸੀ, ਅਤੇ ਉਸ ਨੇ ਆਪਣੇ ਅਨੁਯਾਈਆਂ ਨੂੰ “ਦਾਸ” ਦੀ ਬਜਾਇ, “ਮਿੱਤ੍ਰ” ਸੱਦਿਆ। “ਮੈਂ ਤੁਹਾਨੂੰ ਅਰਾਮ ਦਿਆਂਗਾ,” ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ, ਅਤੇ ਉਸ ਨੇ ਇਹੋ ਹੀ ਕੀਤਾ।—ਮੱਤੀ 11:28, 29; ਯੂਹੰਨਾ 15:15.

13 ਯਿਸੂ ਦੀ ਮਿਸਾਲ ਪਤੀਆਂ ਨੂੰ ਸਿਖਾਉਂਦੀ ਹੈ ਕਿ ਮਸੀਹੀ ਸਰਦਾਰੀ ਇਕ ਸਖ਼ਤ ਦਾਬੇ ਦੀ ਪਦਵੀ ਨਹੀਂ ਹੈ। ਇਸ ਦੀ ਬਜਾਇ, ਇਹ ਆਦਰ ਅਤੇ ਆਤਮ-ਬਲੀਦਾਨੀ ਪ੍ਰੇਮ ਦੀ ਪਦਵੀ ਹੈ। ਇਸ ਦੇ ਅਨੁਸਾਰ, ਇਕ ਸਾਥੀ ਨਾਲ ਸਰੀਰਕ ਜਾਂ ਜ਼ਬਾਨੀ ਤੌਰ ਤੇ ਦੁਰਵਿਵਹਾਰ ਕਰਨਾ, ਸਪੱਸ਼ਟ ਤੌਰ ਤੇ ਅਨੁਚਿਤ ਹੋਵੇਗਾ। (ਅਫ਼ਸੀਆਂ 4:29, 31, 32; 5:28, 29; ਕੁਲੁੱਸੀਆਂ 3:19) ਜੇਕਰ ਇਕ ਮਸੀਹੀ ਪੁਰਸ਼ ਆਪਣੀ ਪਤਨੀ ਦੇ ਨਾਲ ਦੁਰਵਿਵਹਾਰ ਕਰਦਾ ਹੈ, ਤਾਂ ਉਸ ਦੇ ਦੂਜੇ ਭਲੇ ਕੰਮ ਨਿਰਰਥਕ ਹੋਣਗੇ, ਅਤੇ ਉਸ ਦੀਆਂ ਪ੍ਰਾਰਥਨਾਵਾਂ ਵਿਚ ਰੁਕਾਵਟ ਪਵੇਗੀ।—1 ਕੁਰਿੰਥੀਆਂ 13:1-3; 1 ਪਤਰਸ 3:7.

14, 15. ਪਰਮੇਸ਼ੁਰ ਦਾ ਗਿਆਨ ਇਕ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਰਹਿਣ ਵਿਚ ਕਿਵੇਂ ਮਦਦ ਕਰਦਾ ਹੈ?

14 ਜਦੋਂ ਇਕ ਪਤੀ ਮਸੀਹ ਦੀ ਮਿਸਾਲ ਦਾ ਅਨੁਕਰਣ ਕਰਦਾ ਹੈ, ਤਾਂ ਉਸ ਦੀ ਪਤਨੀ ਲਈ ਅਫ਼ਸੀਆਂ 5:22, 23 ਦੇ ਸ਼ਬਦਾਂ ਦੀ ਪਾਲਣਾ ਕਰਨਾ ਸੌਖਾ ਹੁੰਦਾ ਹੈ: “ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਭੀ ਕਲੀਸਿਯਾ ਦਾ ਸਿਰ ਹੈ।” ਜਿਵੇਂ ਇਕ ਪਤੀ ਨੂੰ ਮਸੀਹ ਦੇ ਅਧੀਨ ਹੋਣਾ ਚਾਹੀਦਾ ਹੈ, ਤਿਵੇਂ ਹੀ ਇਕ ਪਤਨੀ ਨੂੰ ਆਪਣੇ ਪਤੀ ਦੇ ਅਧੀਨ ਹੋਣਾ ਚਾਹੀਦਾ ਹੈ। ਬਾਈਬਲ ਇਸ ਗੱਲ ਨੂੰ ਵੀ ਸਪੱਸ਼ਟ ਕਰਦੀ ਹੈ ਕਿ ਗੁਣਵੰਤੀ ਪਤਨੀਆਂ ਆਪਣੀ ਈਸ਼ਵਰੀ ਬੁੱਧ ਅਤੇ ਮਿਹਨਤ ਦੇ ਕਾਰਨ, ਮਾਣ ਅਤੇ ਵਡਿਆਈ ਦੇ ਯੋਗ ਬਣਦੀਆਂ ਹਨ।—ਕਹਾਉਤਾਂ 31:10-31.

15 ਇਕ ਮਸੀਹੀ ਪਤਨੀ ਦੀ ਆਪਣੇ ਪਤੀ ਤੇ ਪ੍ਰਤੀ ਅਧੀਨਗੀ ਸਾਪੇਖ ਹੈ। ਇਸ ਦਾ ਅਰਥ ਹੈ ਕਿ ਜੇਕਰ ਇਕ ਖ਼ਾਸ ਮਾਮਲੇ ਵਿਚ ਅਧੀਨ ਹੋਣ ਦੇ ਸਿੱਟੇ ਵਜੋਂ ਈਸ਼ਵਰੀ ਨਿਯਮ ਦੀ ਉਲੰਘਣਾ ਹੁੰਦੀ ਹੈ, ਤਾਂ ਮਨੁੱਖ ਦੀ ਬਜਾਇ ਪਰਮੇਸ਼ੁਰ ਦੇ ਆਗਿਆਕਾਰ ਹੋਣਾ ਜ਼ਰੂਰੀ ਹੈ। ਉਦੋਂ ਵੀ, ਇਕ ਪਤਨੀ ਨੂੰ ਆਪਣੀ ਦ੍ਰਿੜ੍ਹ ਸਥਿਤੀ ਨੂੰ “ਕੋਮਲ ਅਤੇ ਗੰਭੀਰ ਆਤਮਾ” ਦੇ ਨਾਲ ਸੰਤੁਲਿਤ ਰੱਖਣਾ ਚਾਹੀਦਾ ਹੈ। ਇਹ ਜ਼ਾਹਰ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਗਿਆਨ ਨੇ ਉਸ ਨੂੰ ਇਕ ਬਿਹਤਰ ਪਤਨੀ ਬਣਾਇਆ ਹੈ। (1 ਪਤਰਸ 3:1-4) ਉਸੇ ਤਰ੍ਹਾਂ ਇਹ ਗੱਲ ਇਕ ਮਸੀਹੀ ਪੁਰਸ਼ ਤੇ ਵੀ ਲਾਗੂ ਹੋਵੇਗੀ ਜਿਸ ਦੀ ਪਤਨੀ ਅਵਿਸ਼ਵਾਸੀ ਹੈ। ਬਾਈਬਲ ਸਿਧਾਂਤਾਂ ਦੀ ਪਾਲਣਾ ਕਰਨ ਨਾਲ ਉਸ ਨੂੰ ਇਕ ਬਿਹਤਰ ਪਤੀ ਬਣਨਾ ਚਾਹੀਦਾ ਹੈ।

16. ਬੱਚੇ ਯਿਸੂ ਦੀ ਉਸ ਮਿਸਾਲ ਦਾ ਕਿਵੇਂ ਅਨੁਕਰਣ ਕਰ ਸਕਦੇ ਹਨ ਜੋ ਉਸ ਨੇ ਇਕ ਯੁਵਕ ਦੇ ਤੌਰ ਤੇ ਕਾਇਮ ਕੀਤੀ ਸੀ?

16 ਅਫ਼ਸੀਆਂ 6:1 ਬੱਚਿਆਂ ਦੀ ਭੂਮਿਕਾ ਦੀ ਰੂਪ-ਰੇਖਾ ਦਿੰਦੇ ਹੋਏ, ਬਿਆਨ ਕਰਦਾ ਹੈ: “ਤੁਸੀਂ ਪ੍ਰਭੁ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ।” ਮਸੀਹੀ ਬੱਚੇ ਯਿਸੂ ਦੀ ਮਿਸਾਲ ਦਾ ਅਨੁਕਰਣ ਕਰਦੇ ਹਨ, ਜੋ ਵੱਡੇ ਹੁੰਦੇ ਸਮੇਂ ਆਪਣੇ ਮਾਪਿਆਂ ਦੇ ਅਧੀਨ ਰਿਹਾ। ਇਕ ਆਗਿਆਕਾਰ ਲੜਕੇ ਵਜੋਂ, ਉਹ “ਗਿਆਨ ਅਰ ਕੱਦ ਅਰ ਪਰਮੇਸ਼ੁਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ।”—ਲੂਕਾ 2:51, 52.

17. ਮਾਪੇ ਜਿਸ ਤਰੀਕੇ ਨਾਲ ਅਧਿਕਾਰ ਇਸਤੇਮਾਲ ਕਰਦੇ ਹਨ, ਇਹ ਬੱਚਿਆਂ ਉੱਤੇ ਕੀ ਪ੍ਰਭਾਵ ਪਾ ਸਕਦਾ ਹੈ?

17 ਜਿਸ ਤਰੀਕੇ ਨਾਲ ਮਾਪੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹਨ ਉਹ ਇਸ ਗੱਲ ਉੱਤੇ ਪ੍ਰਭਾਵ ਪਾਏਗਾ ਕਿ ਉਨ੍ਹਾਂ ਦੇ ਬੱਚੇ ਅਧਿਕਾਰ ਦਾ ਆਦਰ ਕਰਨਗੇ ਜਾਂ ਉਸ ਦਾ ਵਿਰੋਧ ਕਰਨਗੇ। (ਕਹਾਉਤਾਂ 22:6) ਸੋ ਮਾਪੇ ਉਚਿਤ ਤੌਰ ਤੇ ਖ਼ੁਦ ਨੂੰ ਪੁੱਛ ਸਕਦੇ ਹਨ, ‘ਕੀ ਮੈਂ ਆਪਣਾ ਅਧਿਕਾਰ ਪ੍ਰੇਮਮਈ ਤਰੀਕੇ ਨਾਲ ਜਾਂ ਕਠੋਰ ਤਰੀਕੇ ਨਾਲ ਇਸਤੇਮਾਲ ਕਰਦਾ ਹਾਂ? ਕੀ ਮੈਂ ਇਜਾਜ਼ਤੀ ਹਾਂ?’ ਇਕ ਧਰਮੀ ਮਾਤਾ ਜਾਂ ਪਿਤਾ ਤੋਂ ਪ੍ਰੇਮਮਈ ਅਤੇ ਲਿਹਾਜ਼ਦਾਰ ਹੋਣ ਦੀ, ਪਰ ਇਸ ਦੇ ਨਾਲ ਹੀ ਨਾਲ ਈਸ਼ਵਰੀ ਸਿਧਾਂਤਾਂ ਦੀ ਪਾਲਣਾ ਕਰਨ ਵਿਚ ਦ੍ਰਿੜ੍ਹ ਰਹਿਣ ਦੀ ਵੀ ਆਸ ਰੱਖੀ ਜਾਂਦੀ ਹੈ। ਉਚਿਤ ਤੌਰ ਤੇ, ਪੌਲੁਸ ਨੇ ਲਿਖਿਆ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ [“ਨੂੰ ਨਾ ਖਿਝਾਓ,” ਨਿ ਵ] ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।”—ਅਫ਼ਸੀਆਂ 6:4; ਕੁਲੁੱਸੀਆਂ 3:21.

18. ਮਾਪਿਆਂ ਵੱਲੋਂ ਅਨੁਸ਼ਾਸਨ ਕਿਵੇਂ ਦਿੱਤਾ ਜਾਣਾ ਚਾਹੀਦਾ ਹੈ?

18 ਮਾਪਿਆਂ ਨੂੰ ਆਪਣੇ ਸਿਖਲਾਈ ਤਰੀਕਿਆਂ ਦੀ ਜਾਂਚ ਕਰਨੀ ਚਾਹੀਦੀ ਹੈ, ਖ਼ਾਸ ਤੌਰ ਤੇ ਜੇਕਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਆਗਿਆਕਾਰ ਬਣਨ ਅਤੇ ਸਿੱਟੇ ਵਜੋਂ ਉਨ੍ਹਾਂ ਨੂੰ ਆਨੰਦ ਲਿਆਉਣ। (ਕਹਾਉਤਾਂ 23:24, 25) ਬਾਈਬਲ ਵਿਚ, ਅਨੁਸ਼ਾਸਨ ਪ੍ਰਮੁੱਖ ਤੌਰ ਤੇ ਹਿਦਾਇਤ ਦੇਣ ਦਾ ਇਕ ਤਰੀਕਾ ਹੈ। (ਕਹਾਉਤਾਂ 4:1; 8:33) ਇਹ ਪ੍ਰੇਮ ਅਤੇ ਨਰਮਾਈ ਨਾਲ, ਨਾ ਕਿ ਗੁੱਸੇ ਅਤੇ ਕਠੋਰਤਾ ਨਾਲ ਸੰਬੰਧ ਰੱਖਦਾ ਹੈ। ਇਸ ਲਈ, ਮਸੀਹੀ ਮਾਪਿਆਂ ਨੂੰ ਬੁੱਧ ਨਾਲ ਵਰਤਾਉ ਕਰਨਾ ਚਾਹੀਦਾ ਹੈ ਅਤੇ ਖ਼ੁਦ ਉੱਤੇ ਕਾਬੂ ਰੱਖਣਾ ਚਾਹੀਦਾ ਹੈ ਜਦੋਂ ਉਹ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦਿੰਦੇ ਹਨ।—ਕਹਾਉਤਾਂ 1:7.

ਕਲੀਸਿਯਾ ਵਿਚ ਅਧਿਕਾਰ

19. ਮਸੀਹੀ ਕਲੀਸਿਯਾ ਵਿਚ ਪਰਮੇਸ਼ੁਰ ਨੇ ਕਿਵੇਂ ਅੱਛੀ ਵਿਵਸਥਾ ਦਾ ਪ੍ਰਬੰਧ ਕੀਤਾ ਹੈ?

19 ਕਿਉਂਕਿ ਯਹੋਵਾਹ ਇਕ ਵਿਵਸਥਿਤ ਪਰਮੇਸ਼ੁਰ ਹੈ, ਇਹ ਤਰਕਸੰਗਤ ਹੈ ਕਿ ਉਹ ਆਪਣੇ ਲੋਕਾਂ ਲਈ ਅਧਿਕਾਰਪੂਰਣ ਅਤੇ ਸੁਵਿਵਸਥਿਤ ਅਗਵਾਈ ਮੁਹੱਈਆ ਕਰੇਗਾ। ਇਸ ਦੇ ਮੁਤਾਬਕ, ਉਸ ਨੇ ਯਿਸੂ ਨੂੰ ਮਸੀਹੀ ਕਲੀਸਿਯਾ ਦਾ ਸਿਰ ਨਿਯੁਕਤ ਕੀਤਾ ਹੈ। (1 ਕੁਰਿੰਥੀਆਂ 14:33, 40; ਅਫ਼ਸੀਆਂ 1:20-23) ਮਸੀਹ ਦੀ ਅਦ੍ਰਿਸ਼ਟ ਅਗਵਾਈ ਦੇ ਅਧੀਨ, ਪਰਮੇਸ਼ੁਰ ਨੇ ਇਕ ਪ੍ਰਬੰਧ ਨੂੰ ਪ੍ਰਵਾਨ ਕੀਤਾ ਹੈ ਜਿਸ ਦੁਆਰਾ ਹਰੇਕ ਕਲੀਸਿਯਾ ਵਿਚ ਨਿਯੁਕਤ ਬਜ਼ੁਰਗ ਉਤਸੁਕਤਾ, ਰਜ਼ਾਮੰਦੀ, ਅਤੇ ਪ੍ਰੇਮ ਦੇ ਨਾਲ ਇੱਜੜ ਦੀ ਚਰਵਾਹੀ ਕਰਦੇ ਹਨ। (1 ਪਤਰਸ 5:2, 3) ਸਹਾਇਕ ਸੇਵਕ ਉਨ੍ਹਾਂ ਦੀ ਵਿਭਿੰਨ ਤਰੀਕਿਆਂ ਵਿਚ ਮਦਦ ਕਰਦੇ ਹਨ ਅਤੇ ਕਲੀਸਿਯਾ ਵਿਚ ਕੀਮਤੀ ਸੇਵਾ ਅਦਾ ਕਰਦੇ ਹਨ।—ਫ਼ਿਲਿੱਪੀਆਂ 1:1.

20. ਸਾਨੂੰ ਨਿਯੁਕਤ ਮਸੀਹੀ ਬਜ਼ੁਰਗਾਂ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ, ਅਤੇ ਇਹ ਕਿਉਂ ਲਾਭਦਾਇਕ ਹੈ?

20 ਮਸੀਹੀ ਬਜ਼ੁਰਗਾਂ ਦੇ ਸੰਬੰਧ ਵਿਚ, ਪੌਲੁਸ ਨੇ ਲਿਖਿਆ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ ਉਨ੍ਹਾਂ ਵਾਂਙੁ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਓਹ ਇਹ ਕੰਮ ਅਨੰਦ ਨਾਲ ਕਰਨ, ਨਾ ਹਾਉਕੇ ਭਰ ਭਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ।” (ਇਬਰਾਨੀਆਂ 13:17) ਬੁੱਧੀਮਤਾ ਨਾਲ, ਪਰਮੇਸ਼ੁਰ ਨੇ ਮਸੀਹੀ ਨਿਗਾਹਬਾਨਾਂ ਨੂੰ ਕਲੀਸਿਯਾ ਵਿਚ ਸਾਰੇ ਲੋਕਾਂ ਦੀਆਂ ਅਧਿਆਤਮਿਕ ਜ਼ਰੂਰਤਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਇਹ ਬਜ਼ੁਰਗ ਇਕ ਪਾਦਰੀ ਵਰਗ ਨਹੀਂ ਹਨ। ਉਹ ਪਰਮੇਸ਼ੁਰ ਦੇ ਸੇਵਕ ਅਤੇ ਦਾਸ ਹਨ, ਜੋ ਆਪਣੇ ਸੰਗੀ ਉਪਾਸਕਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਜਿਵੇਂ ਸਾਡੇ ਸੁਆਮੀ, ਯਿਸੂ ਮਸੀਹ ਨੇ ਕੀਤਾ ਸੀ। (ਯੂਹੰਨਾ 10:14, 15) ਇਹ ਜਾਣਦੇ ਹੋਏ ਕਿ ਸ਼ਾਸਤਰ ਦੇ ਅਨੁਸਾਰ ਯੋਗ ਮਨੁੱਖ ਸਾਡੀ ਪ੍ਰਗਤੀ ਅਤੇ ਅਧਿਆਤਮਿਕ ਉੱਨਤੀ ਵਿਚ ਦਿਲਚਸਪੀ ਰੱਖਦੇ ਹਨ, ਅਸੀਂ ਸਹਿਯੋਗ ਦੇਣ ਅਤੇ ਅਧੀਨ ਹੋਣ ਲਈ ਉਤਸ਼ਾਹਿਤ ਹੁੰਦੇ ਹਾਂ।—1 ਕੁਰਿੰਥੀਆਂ 16:16.

21. ਨਿਯੁਕਤ ਬਜ਼ੁਰਗ ਸੰਗੀ ਮਸੀਹੀਆਂ ਨੂੰ ਅਧਿਆਤਮਿਕ ਤੌਰ ਤੇ ਮਦਦ ਦੇਣ ਦੀ ਕੋਸ਼ਿਸ਼ ਕਿਵੇਂ ਕਰਦੇ ਹਨ?

21 ਸਮੇਂ-ਸਮੇਂ ਤੇ, ਭੇਡਾਂ ਸ਼ਾਇਦ ਭਟਕ ਜਾਣ ਜਾਂ ਹਾਨੀਕਾਰਕ ਦੁਨਿਆਵੀ ਤੱਤਾਂ ਦੁਆਰਾ ਖ਼ਤਰੇ ਵਿਚ ਪੈ ਜਾਣ। ਮੁੱਖ ਅਯਾਲੀ ਦੀ ਅਗਵਾਈ ਦੇ ਅਧੀਨ, ਉਪ-ਅਯਾਲੀਆਂ ਦੀ ਹੈਸੀਅਤ ਵਿਚ, ਬਜ਼ੁਰਗ ਆਪਣੀ ਦੇਖ-ਭਾਲ ਵਿਚ ਪਏ ਵਿਅਕਤੀਆਂ ਦੀਆਂ ਜ਼ਰੂਰਤਾਂ ਦੇ ਪ੍ਰਤੀ ਸਚੇਤ ਹਨ ਅਤੇ ਤਨਦੇਹੀ ਨਾਲ ਉਨ੍ਹਾਂ ਨੂੰ ਨਿੱਜੀ ਧਿਆਨ ਦਿੰਦੇ ਹਨ। (1 ਪਤਰਸ 5:4) ਉਹ ਕਲੀਸਿਯਾ ਦੇ ਸਦੱਸਾਂ ਨਾਲ ਮੁਲਾਕਾਤ ਕਰਦੇ ਹਨ ਅਤੇ ਉਤਸ਼ਾਹਜਨਕ ਗੱਲਾਂ ਕਰਦੇ ਹਨ। ਇਹ ਜਾਣਦੇ ਹੋਏ ਕਿ ਇਬਲੀਸ ਪਰਮੇਸ਼ੁਰ ਦੇ ਲੋਕਾਂ ਦੀ ਸ਼ਾਂਤੀ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਬਜ਼ੁਰਗ ਕੋਈ ਵੀ ਸਮੱਸਿਆਵਾਂ ਨੂੰ ਨਿਪਟਾਉਣ ਵਿਚ ਉੱਪਰੋਂ ਆਈ ਬੁੱਧ ਨੂੰ ਇਸਤੇਮਾਲ ਕਰਦੇ ਹਨ। (ਯਾਕੂਬ 3:17, 18) ਉਹ ਨਿਹਚਾ ਦੀ ਏਕਤਾ ਅਤੇ ਇਕੱਤਵ ਨੂੰ ਕਾਇਮ ਰੱਖਣ ਲਈ ਸਖ਼ਤ ਮਿਹਨਤ ਕਰਦੇ ਹਨ, ਜਿਸ ਲਈ ਯਿਸੂ ਨੇ ਖ਼ੁਦ ਵੀ ਪ੍ਰਾਰਥਨਾ ਕੀਤੀ ਸੀ।—ਯੂਹੰਨਾ 17:20-22; 1 ਕੁਰਿੰਥੀਆਂ 1:10.

22. ਪਾਪ ਕਰਨ ਦੇ ਮਾਮਲਿਆਂ ਵਿਚ ਬਜ਼ੁਰਗ ਕੀ ਮਦਦ ਮੁਹੱਈਆ ਕਰਦੇ ਹਨ?

22 ਕੀ ਹੋਵੇਗਾ ਜੇਕਰ ਇਕ ਮਸੀਹੀ ਕੋਈ ਕਸ਼ਟ ਭੋਗਦਾ ਹੈ ਜਾਂ ਇਕ ਪਾਪ ਕਰਨ ਦੇ ਕਾਰਨ ਨਿਰਉਤਸ਼ਾਹਿਤ ਹੋ ਜਾਂਦਾ ਹੈ? ਸ਼ਾਂਤੀਵਰਧਕ ਬਾਈਬਲ ਸਲਾਹ ਅਤੇ ਬਜ਼ੁਰਗਾਂ ਦੀਆਂ ਉਸ ਦੇ ਨਿਮਿੱਤ ਦਿਲੀ ਪ੍ਰਾਰਥਨਾਵਾਂ ਉਸ ਦੇ ਅਧਿਆਤਮਿਕ ਸੁਆਸਥ ਨੂੰ ਮੁੜ ਬਹਾਲ ਕਰਨ ਵਿਚ ਮਦਦ ਕਰ ਸਕਦੀਆਂ ਹਨ। (ਯਾਕੂਬ 5:13-15) ਪਵਿੱਤਰ ਆਤਮਾ ਦੁਆਰਾ ਨਿਯੁਕਤ ਕੀਤੇ ਗਏ ਇਹ ਮਨੁੱਖ ਕਿਸੇ ਨੂੰ ਵੀ ਅਨੁਸ਼ਾਸਨ ਅਤੇ ਤਾੜਨਾ ਦੇਣ ਦਾ ਅਧਿਕਾਰ ਰੱਖਦੇ ਹਨ, ਜੋ ਗ਼ਲਤ ਕੰਮ ਕਰਨਾ ਜਾਰੀ ਰੱਖਦੇ ਹਨ, ਜਾਂ ਜੋ ਕਲੀਸਿਯਾ ਦੀ ਅਧਿਆਤਮਿਕ ਅਤੇ ਨੈਤਿਕ ਸਵੱਛਤਾ ਨੂੰ ਖ਼ਤਰੇ ਵਿਚ ਪਾਉਂਦੇ ਹਨ। (ਰਸੂਲਾਂ ਦੇ ਕਰਤੱਬ 20:28; ਤੀਤੁਸ 1:9; 2:15) ਕਲੀਸਿਯਾ ਨੂੰ ਸਵੱਛ ਰੱਖਣ ਲਈ, ਵਿਅਕਤੀਆਂ ਲਈ ਗੰਭੀਰ ਪਾਪ ਨੂੰ ਰਿਪੋਰਟ ਕਰਨਾ ਆਵੱਸ਼ਕ ਹੋ ਸਕਦਾ ਹੈ। (ਲੇਵੀਆਂ 5:1) ਜੇਕਰ ਇਕ ਮਸੀਹੀ ਜਿਸ ਨੇ ਇਕ ਵੱਡਾ ਪਾਪ ਕੀਤਾ ਹੈ, ਸ਼ਾਸਤਰ ਸੰਬੰਧੀ ਅਨੁਸ਼ਾਸਨ ਅਤੇ ਤਾੜਨਾ ਸਵੀਕਾਰ ਕਰਦਾ ਹੈ ਅਤੇ ਤੋਬਾ ਦਾ ਸੱਚਾ ਸਬੂਤ ਦਿੰਦਾ ਹੈ, ਤਾਂ ਉਸ ਦੀ ਮਦਦ ਕੀਤੀ ਜਾਵੇਗੀ। ਨਿਸ਼ਚੇ ਹੀ, ਪਰਮੇਸ਼ੁਰ ਦੇ ਨਿਯਮ ਦੀ ਉਲੰਘਣਾ ਕਰਨ ਵਾਲੇ ਹਠੀ ਅਤੇ ਅਪਸ਼ਚਾਤਾਪੀ ਵਿਅਕਤੀਆਂ ਨੂੰ ਛੇਕਿਆ ਜਾਂਦਾ ਹੈ।—1 ਕੁਰਿੰਥੀਆਂ 5:9-13.

23. ਮਸੀਹੀ ਨਿਗਾਹਬਾਨ ਕਲੀਸਿਯਾ ਦੇ ਭਲੇ ਲਈ ਕੀ ਮੁਹੱਈਆ ਕਰਦੇ ਹਨ?

23 ਬਾਈਬਲ ਨੇ ਪੂਰਵ-ਸੂਚਿਤ ਕੀਤਾ ਕਿ ਰਾਜਾ ਦੀ ਹੈਸੀਅਤ ਵਿਚ ਕੰਮ ਕਰ ਰਹੇ ਯਿਸੂ ਮਸੀਹ ਦੇ ਅਧੀਨ, ਅਧਿਆਤਮਿਕ ਤੌਰ ਤੇ ਪ੍ਰੌੜ੍ਹ ਮਨੁੱਖਾਂ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਦਿਲਾਸਾ, ਸੁਰੱਖਿਆ, ਅਤੇ ਤਾਜ਼ਗੀ ਦੇਣ ਲਈ ਨਿਯੁਕਤ ਕੀਤਾ ਜਾਵੇਗਾ। (ਯਸਾਯਾਹ 32:1, 2) ਉਹ ਅਧਿਆਤਮਿਕ ਵਾਧੇ ਨੂੰ ਤਰੱਕੀ ਦੇਣ ਲਈ ਇੰਜੀਲ ਪਰਚਾਰਕਾਂ, ਚਰਵਾਹਿਆਂ, ਅਤੇ ਸਿੱਖਿਅਕਾਂ ਦੇ ਤੌਰ ਤੇ ਅਗਵਾਈ ਕਰਨਗੇ। (ਅਫ਼ਸੀਆਂ 4:11, 12, 16) ਭਾਵੇਂ ਕਿ ਮਸੀਹੀ ਨਿਗਾਹਬਾਨ ਸਮੇਂ-ਸਮੇਂ ਤੇ ਸੰਗੀ ਵਿਸ਼ਵਾਸੀਆਂ ਨੂੰ ਤਾੜਨਾ ਦਿੰਦੇ, ਡਾਂਟਦੇ, ਅਤੇ ਤਾਕੀਦ ਕਰਦੇ ਹਨ, ਬਜ਼ੁਰਗਾਂ ਦੀ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਸੁਆਸਥਕਾਰੀ ਸਿੱਖਿਆ ਨੂੰ ਲਾਗੂ ਕਰਨਾ, ਸਾਰਿਆਂ ਨੂੰ ਜੀਵਨ ਦੇ ਰਾਹ ਉੱਤੇ ਕਾਇਮ ਰਹਿਣ ਵਿਚ ਮਦਦ ਕਰਦਾ ਹੈ।—ਕਹਾਉਤਾਂ 3:11, 12; 6:23; ਤੀਤੁਸ 2:1.

ਅਧਿਕਾਰ ਦੇ ਪ੍ਰਤੀ ਯਹੋਵਾਹ ਦੇ ਦ੍ਰਿਸ਼ਟੀਕੋਣ ਨੂੰ ਸਵੀਕਾਰ ਕਰੋ

24. ਅਸੀਂ ਰੋਜ਼ਾਨਾ ਕਿਸ ਵਾਦ-ਵਿਸ਼ੇ ਉੱਤੇ ਅਜ਼ਮਾਏ ਜਾਂਦੇ ਹਾਂ?

24 ਪਹਿਲੇ ਆਦਮੀ ਅਤੇ ਔਰਤ ਨੂੰ ਅਧਿਕਾਰ ਦੇ ਪ੍ਰਤੀ ਅਧੀਨਗੀ ਦੇ ਵਾਦ-ਵਿਸ਼ੇ ਵਿਚ ਅਜ਼ਮਾਇਆ ਗਿਆ ਸੀ। ਤਾਂ ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਇਕ ਸਮਰੂਪ ਅਜ਼ਮਾਇਸ਼ ਰੋਜ਼ਾਨਾ ਸਾਡਾ ਸਾਮ੍ਹਣਾ ਕਰਦੀ ਹੈ। ਸ਼ਤਾਨ ਅਰਥਾਤ ਇਬਲੀਸ ਨੇ ਮਨੁੱਖਜਾਤੀ ਦੇ ਵਿਚਕਾਰ ਬਗਾਵਤ ਦੀ ਆਤਮਾ ਨੂੰ ਵਧਾਇਆ ਹੈ। (ਅਫ਼ਸੀਆਂ 2:2) ਸੁਤੰਤਰਤਾ ਦੇ ਮਾਰਗ ਨੂੰ ਅਧੀਨਗੀ ਦੇ ਮਾਰਗ ਨਾਲੋਂ ਜ਼ਿਆਦਾ ਆਕਰਸ਼ਿਤ ਤੌਰ ਤੇ ਉੱਤਮ ਦਿਖਾਇਆ ਜਾਂਦਾ ਹੈ।

25. ਸੰਸਾਰ ਦੀ ਵਿਦਰੋਹੀ ਆਤਮਾ ਨੂੰ ਰੱਦ ਕਰਨ ਅਤੇ ਪਰਮੇਸ਼ੁਰ ਵੱਲੋਂ ਇਸਤੇਮਾਲ ਕੀਤੇ ਗਏ ਜਾਂ ਇਜਾਜ਼ਤ ਦਿੱਤੇ ਗਏ ਅਧਿਕਾਰ ਦੇ ਅਧੀਨ ਹੋਣ ਦੇ ਕੀ ਲਾਭ ਹਨ?

25 ਪਰੰਤੂ, ਸਾਨੂੰ ਸੰਸਾਰ ਦੀ ਵਿਦਰੋਹੀ ਆਤਮਾ ਨੂੰ ਰੱਦ ਕਰਨਾ ਚਾਹੀਦਾ ਹੈ। ਇੰਜ ਕਰਨ ਨਾਲ, ਅਸੀਂ ਦੇਖਾਂਗੇ ਕਿ ਈਸ਼ਵਰੀ ਅਧੀਨਗੀ ਭਰਪੂਰ ਪ੍ਰਤਿਫਲ ਲਿਆਉਂਦੀ ਹੈ। ਮਿਸਾਲ ਲਈ, ਅਸੀਂ ਉਨ੍ਹਾਂ ਚਿੰਤਾਵਾਂ ਅਤੇ ਪਰੇਸ਼ਾਨੀਆਂ ਤੋਂ ਬਚੇ ਰਹਾਂਗੇ, ਜੋ ਸਰਕਾਰੀ ਅਧਿਕਾਰੀਆਂ ਨਾਲ ਗੜਬੜ ਕਰਨ ਵਾਲਿਆਂ ਲਈ ਆਮ ਹਨ। ਅਸੀਂ ਉਨ੍ਹਾਂ ਝਗੜਿਆਂ ਨੂੰ ਘਟਾਵਾਂਗੇ ਜੋ ਬਹੁਤੇਰਿਆਂ ਪਰਿਵਾਰਾਂ ਵਿਚ ਵਿਆਪਕ ਹਨ। ਅਤੇ ਅਸੀਂ ਆਪਣੇ ਮਸੀਹੀ ਸੰਗੀ ਵਿਸ਼ਵਾਸੀਆਂ ਦੇ ਨਾਲ ਨਿੱਘੀ, ਪ੍ਰੇਮਮਈ ਸੰਗਤ ਦੇ ਲਾਭ ਦਾ ਆਨੰਦ ਮਾਣਾਂਗੇ। ਸਭ ਤੋਂ ਵੱਡੀ ਗੱਲ, ਸਾਡੀ ਈਸ਼ਵਰੀ ਅਧੀਨਗੀ ਦੇ ਸਿੱਟੇ ਵਜੋਂ, ਉਸ ਉੱਚਤਮ ਅਧਿਕਾਰੀ, ਅਰਥਾਤ ਯਹੋਵਾਹ ਦੇ ਨਾਲ ਇਕ ਚੰਗਾ ਰਿਸ਼ਤਾ ਕਾਇਮ ਹੋਵੇਗਾ।

ਆਪਣੇ ਗਿਆਨ ਨੂੰ ਪਰਖੋ

ਯਹੋਵਾਹ ਆਪਣਾ ਅਧਿਕਾਰ ਕਿਵੇਂ ਇਸਤੇਮਾਲ ਕਰਦਾ ਹੈ?

“ਉੱਚ ਹਕੂਮਤਾਂ” ਕੌਣ ਹਨ, ਅਤੇ ਅਸੀਂ ਉਨ੍ਹਾਂ ਦੇ ਅਧੀਨ ਕਿਵੇਂ ਰਹਿੰਦੇ ਹਾਂ?

ਸਰਦਾਰੀ ਦਾ ਸਿਧਾਂਤ ਪਰਿਵਾਰ ਦੇ ਹਰ ਸਦੱਸ ਉੱਤੇ ਕੀ ਜ਼ਿੰਮੇਵਾਰੀ ਲਿਆਉਂਦਾ ਹੈ?

ਅਸੀਂ ਮਸੀਹੀ ਕਲੀਸਿਯਾ ਵਿਚ ਕਿਵੇਂ ਅਧੀਨਗੀ ਪ੍ਰਦਰਸ਼ਿਤ ਕਰ ਸਕਦੇ ਹਾਂ?

[ਸਵਾਲ]

[ਸਫ਼ੇ 134 ਉੱਤੇ ਡੱਬੀ]

ਅਧੀਨ, ਨਾਕਿ ਢਾਹੂ

ਆਪਣੇ ਜਨਤਕ ਪ੍ਰਚਾਰ ਕਾਰਜ ਦੁਆਰਾ, ਯਹੋਵਾਹ ਦੇ ਗਵਾਹ ਸੱਚੀ ਸ਼ਾਂਤੀ ਅਤੇ ਸੁਰੱਖਿਆ ਲਈ ਮਨੁੱਖਜਾਤੀ ਦੀ ਇੱਕੋ-ਇਕ ਉਮੀਦ ਦੇ ਤੌਰ ਤੇ ਪਰਮੇਸ਼ੁਰ ਦੇ ਰਾਜ ਵੱਲ ਸੰਕੇਤ ਕਰਦੇ ਹਨ। ਪਰੰਤੂ ਪਰਮੇਸ਼ੁਰ ਦੇ ਰਾਜ ਦੇ ਇਹ ਸਰਗਰਮ ਘੋਸ਼ਕ ਉਨ੍ਹਾਂ ਸਰਕਾਰਾਂ ਦੇ ਪ੍ਰਤੀ ਹਰਗਿਜ਼ ਢਾਹੂ ਨਹੀਂ ਹਨ ਜਿਨ੍ਹਾਂ ਦੇ ਅਧੀਨ ਉਹ ਰਹਿੰਦੇ ਹਨ। ਇਸ ਦੇ ਉਲਟ, ਗਵਾਹ ਸਭ ਤੋਂ ਜ਼ਿਆਦਾ ਆਦਰ ਰੱਖਣ ਵਾਲੇ ਅਤੇ ਕਾਨੂੰਨ-ਪਾਲਕ ਨਾਗਰਿਕ ਹਨ। “ਜੇਕਰ ਸਾਰੀਆਂ ਧਾਰਮਿਕ ਸੰਪ੍ਰਦਾਵਾਂ ਯਹੋਵਾਹ ਦੇ ਗਵਾਹਾਂ ਵਰਗੀਆਂ ਹੁੰਦੀਆਂ,” ਇਕ ਅਫ਼ਰੀਕੀ ਦੇਸ਼ ਵਿਚ ਇਕ ਅਫ਼ਸਰ ਨੇ ਕਿਹਾ, “ਤਾਂ ਸਾਡੇ ਵਿਚਕਾਰ ਕੋਈ ਵੀ ਕਤਲ, ਸੰਨ੍ਹ, ਅਪਚਾਰ, ਕੈਦੀ ਅਤੇ ਪਰਮਾਣੂ-ਬੰਬ ਨਾ ਹੁੰਦੇ। ਦਰਵਾਜ਼ਿਆਂ ਨੂੰ ਦਿਨ-ਰਾਤ ਤਾਲੇ ਨਾ ਲਗਾਏ ਜਾਂਦੇ।”

ਇਸ ਗੱਲ ਨੂੰ ਪ੍ਰਵਾਨ ਕਰਦੇ ਹੋਏ, ਕਈਆਂ ਦੇਸ਼ਾਂ ਵਿਚ ਅਫ਼ਸਰਾਂ ਨੇ ਗਵਾਹਾਂ ਦੇ ਪ੍ਰਚਾਰ ਕਾਰਜ ਨੂੰ ਬਿਨਾਂ ਰੁਕਾਵਟ ਦੇ ਜਾਰੀ ਰਹਿਣ ਦਿੱਤਾ ਹੈ। ਦੂਜਿਆਂ ਦੇਸ਼ਾਂ ਵਿਚ, ਪਾਬੰਦੀਆਂ ਜਾਂ ਮਨਾਹੀਆਂ ਨੂੰ ਹਟਾ ਦਿੱਤਾ ਗਿਆ ਹੈ ਜਦੋਂ ਅਧਿਕਾਰੀਆਂ ਨੇ ਇਹ ਅਹਿਸਾਸ ਕੀਤਾ ਕਿ ਯਹੋਵਾਹ ਦੇ ਗਵਾਹ ਇਕ ਅੱਛਾ ਪ੍ਰਭਾਵ ਹਨ। ਇਹ ਉਸੇ ਤਰ੍ਹਾਂ ਹੈ ਜਿਵੇਂ ਰਸੂਲ ਪੌਲੁਸ ਨੇ ਉੱਚ ਹਕੂਮਤਾਂ ਦੀ ਆਗਿਆਪਾਲਣਾ ਕਰਨ ਬਾਰੇ ਲਿਖਿਆ: ‘ਭਲਾ ਕਰੀ ਜਾਓ ਫੇਰ ਉਹ ਦੀ ਵੱਲੋਂ ਤੇਰੀ ਸੋਭਾ ਹੋਵੇਗੀ।’—ਰੋਮੀਆਂ 13:1, 3.