Skip to content

Skip to table of contents

ਪਰਮੇਸ਼ੁਰ ਦੇ ਲੋਕਾਂ ਦੇ ਦਰਮਿਆਨ ਸੁਰੱਖਿਆ ਪ੍ਰਾਪਤ ਕਰੋ

ਪਰਮੇਸ਼ੁਰ ਦੇ ਲੋਕਾਂ ਦੇ ਦਰਮਿਆਨ ਸੁਰੱਖਿਆ ਪ੍ਰਾਪਤ ਕਰੋ

ਅਧਿਆਇ 17

ਪਰਮੇਸ਼ੁਰ ਦੇ ਲੋਕਾਂ ਦੇ ਦਰਮਿਆਨ ਸੁਰੱਖਿਆ ਪ੍ਰਾਪਤ ਕਰੋ

1, 2. ਮਨੁੱਖਜਾਤੀ ਦੀ ਸਥਿਤੀ ਇਕ ਤੂਫਾਨ-ਉਜਾੜੇ ਇਲਾਕੇ ਵਰਗੀ ਕਿਵੇਂ ਹੈ?

ਕਲਪਨਾ ਕਰੋ ਕਿ ਉਸ ਇਲਾਕੇ ਨੂੰ ਜਿੱਥੇ ਤੁਸੀਂ ਰਹਿੰਦੇ ਹੋ, ਇਕ ਜ਼ਬਰਦਸਤ ਤੂਫਾਨ ਨੇ ਉਜਾੜ ਦਿੱਤਾ ਹੈ। ਤੁਹਾਡਾ ਘਰ ਨਾਸ਼ ਹੋ ਗਿਆ, ਅਤੇ ਤੁਸੀਂ ਆਪਣੀ ਸਾਰੀ ਸੰਪਤੀ ਗੁਆ ਬੈਠੇ ਹੋ। ਭੋਜਨ ਦੀ ਕਮੀ ਹੈ। ਸਥਿਤੀ ਨਾਉਮੀਦ ਜਾਪਦੀ ਹੈ। ਫਿਰ, ਅਚਾਨਕ ਰਾਹਤ ਸਪਲਾਈ ਪਹੁੰਚ ਜਾਂਦੀ ਹੈ। ਰੋਟੀ ਅਤੇ ਕੱਪੜਿਆਂ ਦੀ ਭਰਮਾਰ ਮੁਹੱਈਆ ਕੀਤੀ ਜਾਂਦੀ ਹੈ। ਤੁਹਾਡੇ ਲਈ ਇਕ ਨਵਾਂ ਘਰ ਉਸਾਰਿਆ ਜਾਂਦਾ ਹੈ। ਨਿਸ਼ਚੇ ਹੀ ਤੁਸੀਂ ਉਸ ਵਿਅਕਤੀ ਦੇ ਪ੍ਰਤੀ ਸ਼ੁਕਰਗੁਜ਼ਾਰ ਹੋਵੋਗੇ ਜਿਸ ਨੇ ਇਸ ਰਸਦ ਨੂੰ ਉਪਲਬਧ ਕੀਤਾ।

2 ਅੱਜ ਇਸ ਦੇ ਸਮਰੂਪ ਕੁਝ ਵਾਪਰ ਰਿਹਾ ਹੈ। ਉਸ ਤੂਫਾਨ ਦੇ ਵਾਂਗ, ਆਦਮ ਅਤੇ ਹੱਵਾਹ ਦੀ ਬਗਾਵਤ ਨੇ ਮਾਨਵ ਜਾਤੀ ਉੱਤੇ ਬਹੁਤ ਨੁਕਸਾਨ ਲਿਆਂਦਾ। ਮਨੁੱਖਜਾਤੀ ਦਾ ਪਰਾਦੀਸ ਘਰ ਖੋਹ ਗਿਆ। ਉਸ ਸਮੇਂ ਤੋਂ, ਮਾਨਵੀ ਸਰਕਾਰਾਂ ਲੋਕਾਂ ਨੂੰ ਯੁੱਧ, ਅਪਰਾਧ, ਅਤੇ ਅਨਿਆਉਂ ਤੋਂ ਬਚਾਉਣ ਵਿਚ ਅਸਫ਼ਲ ਰਹੀਆਂ ਹਨ। ਧਰਮ ਨੇ ਲੋਕਾਂ ਦੀ ਬਹੁਸੰਖਿਆ ਨੂੰ ਸੁਅਸਥਕਾਰੀ ਅਧਿਆਤਮਿਕ ਭੋਜਨ ਤੋਂ ਭੁੱਖੇ ਰੱਖਿਆ ਹੈ। ਫਿਰ ਵੀ, ਅਧਿਆਤਮਿਕ ਦ੍ਰਿਸ਼ਟੀ ਤੋਂ ਯਹੋਵਾਹ ਪਰਮੇਸ਼ੁਰ ਹੁਣ ਰੋਟੀ, ਕੱਪੜਾ ਅਤੇ ਪਨਾਹ ਮੁਹੱਈਆ ਕਰ ਰਿਹਾ ਹੈ। ਉਹ ਇਹ ਕਿਸ ਤਰ੍ਹਾਂ ਕਰ ਰਿਹਾ ਹੈ?

“ਮਾਤਬਰ ਅਤੇ ਬੁੱਧਵਾਨ ਨੌਕਰ”

3. ਯਹੋਵਾਹ ਮਨੁੱਖਜਾਤੀ ਦੇ ਲਈ ਕਿਵੇਂ ਰਸਦ ਮੁਹੱਈਆ ਕਰਦਾ ਹੈ, ਜਿਵੇਂ ਕਿ ਕਿਹੜੀਆਂ ਮਿਸਾਲਾਂ ਦੁਆਰਾ ਦਿਖਾਇਆ ਗਿਆ?

3 ਆਮ ਤੌਰ ਤੇ ਰਾਹਤ ਸਪਲਾਈ ਇਕ ਵਿਵਸਥਿਤ ਮਾਧਿਅਮ ਦੁਆਰਾ ਵੰਡੀ ਜਾਂਦੀ ਹੈ ਅਤੇ ਯਹੋਵਾਹ ਨੇ ਇਸੇ ਤਰ੍ਹਾਂ ਆਪਣੇ ਲੋਕਾਂ ਦੇ ਲਈ ਅਧਿਆਤਮਿਕ ਰਸਦ ਦਾ ਪ੍ਰਬੰਧ ਕੀਤਾ ਹੈ। ਮਿਸਾਲ ਲਈ, ਕੁਝ 1,500 ਸਾਲਾਂ ਲਈ ਇਸਰਾਏਲੀ ਲੋਕ “ਯਹੋਵਾਹ ਦੀ ਸਭਾ” ਸਨ। ਉਨ੍ਹਾਂ ਵਿਚ ਉਹ ਸ਼ਾਮਲ ਸਨ ਜੋ ਪਰਮੇਸ਼ੁਰ ਦੀ ਬਿਵਸਥਾ ਸਿਖਾਉਣ ਲਈ ਉਸ ਦੇ ਮਾਧਿਅਮ ਦੇ ਤੌਰ ਤੇ ਸੇਵਾ ਕਰਦੇ ਸਨ। (1 ਇਤਹਾਸ 28:8; 2 ਇਤਹਾਸ 17:7-9) ਪਹਿਲੀ ਸਦੀ ਸਾ.ਯੁ. ਵਿਚ ਯਹੋਵਾਹ ਨੇ ਮਸੀਹੀ ਸੰਗਠਨ ਸਥਾਪਿਤ ਕੀਤਾ। ਕਲੀਸਿਯਾਵਾਂ ਬਣਾਈਆਂ ਗਈਆਂ, ਅਤੇ ਇਹ ਰਸੂਲਾਂ ਅਤੇ ਬਜ਼ੁਰਗਾਂ ਨਾਲ ਬਣੀ ਹੋਈ ਪ੍ਰਬੰਧਕ ਸਭਾ ਦੇ ਨਿਰਦੇਸ਼ਨ ਅਧੀਨ ਕਾਰਜ ਕਰਦੀਆਂ ਸਨ। (ਰਸੂਲਾਂ ਦੇ ਕਰਤੱਬ 15:22-31) ਇਸੇ ਤਰ੍ਹਾਂ ਅੱਜ, ਯਹੋਵਾਹ ਇਕ ਵਿਵਸਥਿਤ ਸਮੂਹ ਦੁਆਰਾ ਆਪਣੇ ਲੋਕਾਂ ਦੇ ਨਾਲ ਸੰਬੰਧ ਰੱਖਦਾ ਹੈ। ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ?

4. ਆਧੁਨਿਕ ਸਮਿਆਂ ਵਿਚ “ਮਾਤਬਰ ਅਤੇ ਬੁੱਧਵਾਨ ਨੌਕਰ” ਕੌਣ ਸਾਬਤ ਹੋਇਆ ਹੈ, ਅਤੇ ਪਰਮੇਸ਼ੁਰ ਵੱਲੋਂ ਅਧਿਆਤਮਿਕ ਰਸਦ ਕਿਵੇਂ ਉਪਲਬਧ ਕੀਤੇ ਜਾਂਦੇ ਹਨ?

4 ਯਿਸੂ ਨੇ ਕਿਹਾ ਕਿ ਰਾਜ ਸੱਤਾ ਵਿਚ ਉਸ ਦੀ ਮੌਜੂਦਗੀ ਦੇ ਸਮੇਂ, “ਮਾਤਬਰ ਅਤੇ ਬੁੱਧਵਾਨ ਨੌਕਰ” ਉਸ ਦੇ ਅਨੁਯਾਈਆਂ ਨੂੰ ‘ਵੇਲੇ ਸਿਰ ਰਸਤ’ ਦਿੰਦਾ ਹੋਇਆ ਪਾਇਆ ਜਾਵੇਗਾ। (ਮੱਤੀ 24:45-47) ਜਦੋਂ ਯਿਸੂ ਨੂੰ ਸਵਰਗੀ ਰਾਜਾ ਦੇ ਤੌਰ ਤੇ 1914 ਵਿਚ ਤਖ਼ਤ ਤੇ ਬਿਠਾਇਆ ਗਿਆ, ਉਦੋਂ ਇਹ “ਨੌਕਰ” ਕੌਣ ਸਾਬਤ ਹੋਇਆ? ਹਰਗਿਜ਼ ਹੀ ਮਸੀਹੀ-ਜਗਤ ਦੇ ਪਾਦਰੀ ਨਹੀਂ। ਜ਼ਿਆਦਾਤਰ, ਉਹ ਆਪਣਿਆਂ ਝੁੰਡਾਂ ਵਿਚ ਉਹ ਪ੍ਰਾਪੇਗੰਡਾ ਫੈਲਾ ਰਹੇ ਸਨ ਜੋ ਵਿਸ਼ਵ ਯੁੱਧ I ਵਿਚ ਉਨ੍ਹਾਂ ਦੀਆਂ ਆਪਣੀਆਂ ਰਾਸ਼ਟਰੀ ਸਰਕਾਰਾਂ ਦੇ ਸਮਰਥਨ ਵਿਚ ਸੀ। ਪਰੰਤੂ ਉਚਿਤ ਅਤੇ ਵੇਲੇ ਸਿਰ ਅਧਿਆਤਮਿਕ ਭੋਜਨ ਸੱਚੇ ਮਸੀਹੀਆਂ ਦੇ ਸਮੂਹ ਦੁਆਰਾ ਵੰਡਿਆ ਜਾ ਰਿਹਾ ਸੀ ਜੋ ਪਰਮੇਸ਼ੁਰ ਦੀ ਪਵਿੱਤਰ ਆਤਮਾ ਰਾਹੀਂ ਮਸਹ ਕੀਤੇ ਗਏ ਸਨ ਅਤੇ ਉਸ ਵਰਗ ਦਾ ਹਿੱਸਾ ਸਨ ਜਿਸ ਨੂੰ ਯਿਸੂ ਨੇ ‘ਛੋਟਾ ਝੁੰਡ’ ਸੱਦਿਆ। (ਲੂਕਾ 12:32) ਇਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੇ ਮਨੁੱਖ ਦੀਆਂ ਸਰਕਾਰਾਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕੀਤਾ। ਨਤੀਜੇ ਵਜੋਂ, ਸਾਲਾਂ ਦੇ ਦੌਰਾਨ ਧਾਰਮਿਕ ਰੁਝਾਨ ਰੱਖਣ ਵਾਲੀਆਂ ਲੱਖਾਂ ਹੀ ‘ਹੋਰ ਭੇਡਾਂ’ ਸੱਚੇ ਧਰਮ ਦਾ ਅਭਿਆਸ ਕਰਨ ਵਿਚ ਮਸਹ ਕੀਤੇ ਹੋਏ “ਨੌਕਰ” ਦੇ ਨਾਲ ਮਿਲ ਗਈਆਂ ਹਨ। (ਯੂਹੰਨਾ 10:16) ‘ਮਾਤਬਰ ਨੌਕਰ’ ਅਤੇ ਉਸ ਦੀ ਵਰਤਮਾਨ-ਦਿਨ ਦੀ ਪ੍ਰਬੰਧਕ ਸਭਾ ਨੂੰ ਇਸਤੇਮਾਲ ਕਰਦੇ ਹੋਏ, ਪਰਮੇਸ਼ੁਰ ਉਨ੍ਹਾਂ ਸਾਰਿਆਂ ਲਈ ਜੋ ਇਨ੍ਹਾਂ ਪ੍ਰਬੰਧਾਂ ਦੇ ਇੱਛੁਕ ਹਨ, ਅਧਿਆਤਮਿਕ ਭੋਜਨ, ਕੱਪੜਾ ਅਤੇ ਪਨਾਹ ਉਪਲਬਧ ਕਰਨ ਲਈ ਆਪਣੇ ਵਿਵਸਥਿਤ ਲੋਕਾਂ ਨੂੰ ਨਿਰਦੇਸ਼ਿਤ ਕਰਦਾ ਹੈ।

‘ਵੇਲੇ ਸਿਰ ਰਸਤ’

5. ਅੱਜ ਸੰਸਾਰ ਵਿਚ ਕਿਸ ਤਰ੍ਹਾਂ ਦੀ ਅਧਿਆਤਮਿਕ ਹਾਲਤ ਪਾਈ ਜਾਂਦੀ ਹੈ, ਪਰੰਤੂ ਯਹੋਵਾਹ ਇਸ ਬਾਰੇ ਕੀ ਕਰ ਰਿਹਾ ਹੈ?

5 ਯਿਸੂ ਨੇ ਕਿਹਾ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਪਰੰਤੂ, ਅਫ਼ਸੋਸ ਦੀ ਗੱਲ ਹੈ ਕਿ ਅਧਿਕਤਰ ਲੋਕ ਪਰਮੇਸ਼ੁਰ ਦੇ ਵਾਕਾਂ ਨੂੰ ਧਿਆਨ ਨਹੀਂ ਦੇ ਰਹੇ ਹਨ। ਜਿਵੇਂ ਯਹੋਵਾਹ ਦੇ ਨਬੀ ਆਮੋਸ ਦੁਆਰਾ ਪੂਰਵ-ਸੂਚਿਤ ਕੀਤਾ ਗਿਆ ਸੀ, ਉੱਥੇ “ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ” ਕਾਲ ਹੈ। (ਆਮੋਸ 8:11) ਅਤਿ ਧਾਰਮਿਕ ਲੋਕ ਵੀ ਅਧਿਆਤਮਿਕ ਤੌਰ ਤੇ ਭੁੱਖੇ ਹਨ। ਫਿਰ ਵੀ, ਯਹੋਵਾਹ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:3, 4) ਇਸ ਦੇ ਅਨੁਸਾਰ ਉਹ ਅਧਿਆਤਮਿਕ ਭੋਜਨ ਦੀ ਭਰਮਾਰ ਮੁਹੱਈਆ ਕਰ ਰਿਹਾ ਹੈ। ਪਰੰਤੂ ਇਹ ਕਿੱਥੋਂ ਹਾਸਲ ਹੋ ਸਕਦਾ ਹੈ?

6. ਯਹੋਵਾਹ ਨੇ ਆਪਣੇ ਲੋਕਾਂ ਨੂੰ ਬੀਤੇ ਸਮਿਆਂ ਵਿਚ ਅਧਿਆਤਮਿਕ ਤੌਰ ਤੇ ਕਿਵੇਂ ਖੁਆਇਆ ਹੈ?

6 ਸਾਰੇ ਇਤਿਹਾਸ ਦੇ ਦੌਰਾਨ, ਯਹੋਵਾਹ ਨੇ ਆਪਣੇ ਲੋਕਾਂ ਨੂੰ ਇਕ ਸਮੂਹ ਦੇ ਤੌਰ ਤੇ ਅਧਿਆਤਮਿਕ ਭੋਜਨ ਦਿੱਤਾ ਹੈ। (ਯਸਾਯਾਹ 65:13) ਮਿਸਾਲ ਲਈ, ਇਸਰਾਏਲੀ ਜਾਜਕਾਂ ਨੇ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਪਰਮੇਸ਼ੁਰ ਦੀ ਬਿਵਸਥਾ ਤੋਂ ਸਮੂਹਕ ਹਿਦਾਇਤ ਦੇਣ ਲਈ ਇਕੱਠੇ ਕੀਤਾ। (ਬਿਵਸਥਾ ਸਾਰ 31:9, 12) ਪ੍ਰਬੰਧਕ ਸਭਾ ਦੇ ਨਿਰਦੇਸ਼ਨ ਦੇ ਅਧੀਨ, ਪਹਿਲੀ ਸਦੀ ਦੇ ਮਸੀਹੀਆਂ ਨੇ ਕਲੀਸਿਯਾਵਾਂ ਵਿਵਸਥਿਤ ਕੀਤੀਆਂ ਅਤੇ ਸਾਰਿਆਂ ਨੂੰ ਹਿਦਾਇਤ ਅਤੇ ਉਤਸ਼ਾਹ ਦੇਣ ਲਈ ਸਭਾਵਾਂ ਸੰਚਾਲਿਤ ਕੀਤੀਆਂ। (ਰੋਮੀਆਂ 16:5; ਫਿਲੇਮੋਨ 1, 2) ਯਹੋਵਾਹ ਦੇ ਗਵਾਹ ਇਸ ਨਮੂਨੇ ਦੀ ਪੈਰਵੀ ਕਰਦੇ ਹਨ। ਤੁਹਾਨੂੰ ਉਨ੍ਹਾਂ ਦੀਆਂ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋਣ ਲਈ ਦਿਲੋਂ ਨਿਮੰਤ੍ਰਣ ਦਿੱਤਾ ਜਾਂਦਾ ਹੈ।

7. ਮਸੀਹੀ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣਾ, ਗਿਆਨ ਅਤੇ ਨਿਹਚਾ ਦੇ ਨਾਲ ਕਿਸ ਤਰ੍ਹਾਂ ਸੰਬੰਧਿਤ ਹੈ?

7 ਨਿਰਸੰਦੇਹ, ਤੁਸੀਂ ਪਹਿਲਾਂ ਹੀ ਬਾਈਬਲ ਦੇ ਆਪਣੇ ਵਿਅਕਤੀਗਤ ਅਧਿਐਨ ਵਿਚ ਸ਼ਾਇਦ ਕਾਫ਼ੀ ਕੁਝ ਸਿੱਖ ਚੁੱਕੇ ਹੋ। ਸ਼ਾਇਦ ਕਿਸੇ ਨੇ ਤੁਹਾਡੀ ਮਦਦ ਕੀਤੀ ਹੈ। (ਰਸੂਲਾਂ ਦੇ ਕਰਤੱਬ 8:30-35) ਪਰੰਤੂ ਤੁਹਾਡੀ ਨਿਹਚਾ ਦੀ ਤੁਲਨਾ ਇਕ ਪੌਦੇ ਨਾਲ ਕੀਤੀ ਜਾ ਸਕਦੀ ਹੈ ਜੋ ਕੁਮਲਾ ਕੇ ਮਰ ਜਾਵੇਗਾ ਜੇਕਰ ਉਸ ਦੀ ਸਹੀ ਦੇਖ-ਭਾਲ ਨਾ ਕੀਤੀ ਜਾਵੇ। ਇਸ ਕਰਕੇ, ਤੁਹਾਨੂੰ ਉਚਿਤ ਅਧਿਆਤਮਿਕ ਪੌਸ਼ਟਿਕ ਆਹਾਰ ਜ਼ਰੂਰ ਹਾਸਲ ਹੋਣਾ ਚਾਹੀਦਾ ਹੈ। (1 ਤਿਮੋਥਿਉਸ 4:6) ਜਿਉਂ ਹੀ ਤੁਸੀਂ ਪਰਮੇਸ਼ੁਰ ਦੇ ਗਿਆਨ ਵਿਚ ਵਧਦੇ ਹੋ, ਤੁਹਾਡੀ ਅਧਿਆਤਮਿਕ ਤੌਰ ਤੇ ਪਰਵਰਿਸ਼ ਕਰਨ ਲਈ ਅਤੇ ਨਿਹਚਾ ਵਿਚ ਤਰੱਕੀ ਕਰਦੇ ਰਹਿਣ ਵਿਚ ਮਦਦ ਕਰਨ ਲਈ ਡੀਜ਼ਾਈਨ ਕੀਤੀਆਂ ਗਈਆਂ ਮਸੀਹੀ ਸਭਾਵਾਂ, ਹਿਦਾਇਤਾਂ ਦਾ ਲਗਾਤਾਰ ਕਾਰਜਕ੍ਰਮ ਮੁਹੱਈਆ ਕਰਦੀਆਂ ਹਨ।—ਕੁਲੁੱਸੀਆਂ 1:9, 10.

8. ਸਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣ ਲਈ ਕਿਉਂ ਉਤਸ਼ਾਹਿਤ ਕੀਤਾ ਜਾਂਦਾ ਹੈ?

8 ਸਭਾਵਾਂ ਇਕ ਹੋਰ ਅਤਿ-ਮਹੱਤਵਪੂਰਣ ਮਕਸਦ ਪੂਰਾ ਕਰਦੀਆਂ ਹਨ। ਪੌਲੁਸ ਨੇ ਲਿਖਿਆ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ।” (ਇਬਰਾਨੀਆਂ 10:24, 25) “ਉਭਾਰਨ ਨੂੰ” ਤਰਜਮਾ ਕੀਤੇ ਹੋਏ ਯੂਨਾਨੀ ਸ਼ਬਦ ਦਾ ਅਰਥ “ਤਿੱਖਾ ਕਰਨਾ” ਵੀ ਹੋ ਸਕਦਾ ਹੈ। ਇਕ ਬਾਈਬਲ ਕਹਾਵਤ ਬਿਆਨ ਕਰਦੀ ਹੈ: “ਲੋਹਾ ਲੋਹੇ ਨੂੰ ਤਿੱਖਾ ਕਰਦਾ ਹੈ, ਇਉਂ ਮਨੁੱਖ ਆਪਣੇ ਮਿੱਤ੍ਰ ਦੇ ਮੁਖ ਨੂੰ ਤਿੱਖਾ ਕਰਦਾ ਹੈ।” (ਕਹਾਉਤਾਂ 27:17) ਸਾਨੂੰ ਸਾਰਿਆਂ ਨੂੰ ਲਗਾਤਾਰ ‘ਤਿੱਖੇ ਕੀਤੇ’ ਜਾਣ ਦੀ ਜ਼ਰੂਰਤ ਹੈ। ਸੰਸਾਰ ਤੋਂ ਰੋਜ਼ਾਨਾ ਦਬਾਉ ਸਾਡੀ ਨਿਹਚਾ ਨੂੰ ਖੁੰਢਾ ਬਣਾ ਸਕਦੇ ਹਨ। ਜਦੋਂ ਅਸੀਂ ਮਸੀਹੀ ਸਭਾਵਾਂ ਵਿਚ ਹਾਜ਼ਰ ਹੁੰਦੇ ਹਾਂ, ਤਾਂ ਉੱਥੇ ਉਤਸ਼ਾਹ ਦਾ ਵਟਾਂਦਰਾ ਹੁੰਦਾ ਹੈ। (ਰੋਮੀਆਂ 1:11, 12) ਕਲੀਸਿਯਾ ਦੇ ਸਦੱਸ ਰਸੂਲ ਪੌਲੁਸ ਦੇ ‘ਇੱਕ ਦੂਏ ਨੂੰ ਤਸੱਲੀ ਦੇਣ ਅਤੇ ਇੱਕ ਦੂਏ ਦੀ ਉੱਨਤੀ ਕਰਨ’ ਦੇ ਉਪਦੇਸ਼ ਦੀ ਪੈਰਵੀ ਕਰਦੇ ਹਨ, ਅਤੇ ਅਜਿਹੀਆਂ ਚੀਜ਼ਾਂ ਸਾਡੀ ਨਿਹਚਾ ਨੂੰ ਤਿੱਖਾ ਬਣਾਉਂਦੀਆਂ ਹਨ। (1 ਥੱਸਲੁਨੀਕੀਆਂ 5:11) ਮਸੀਹੀ ਸਭਾਵਾਂ ਵਿਚ ਨਿਯਮਿਤ ਹਾਜ਼ਰੀ ਇਹ ਵੀ ਸੰਕੇਤ ਕਰਦੀ ਹੈ ਕਿ ਅਸੀਂ ਪਰਮੇਸ਼ੁਰ ਨਾਲ ਪ੍ਰੇਮ ਕਰਦੇ ਹਾਂ ਅਤੇ ਇਹ ਉਸ ਦੀ ਉਸਤਤ ਕਰਨ ਦੇ ਲਈ ਸਾਨੂੰ ਮੌਕੇ ਵੀ ਪੇਸ਼ ਕਰਦੀ ਹੈ।—ਜ਼ਬੂਰ 35:18.

“ਪ੍ਰੇਮ ਨੂੰ ਪਾ ਲਓ”

9. ਯਹੋਵਾਹ ਨੇ ਪ੍ਰੇਮ ਪ੍ਰਦਰਸ਼ਿਤ ਕਰਨ ਵਿਚ ਕਿਸ ਤਰ੍ਹਾਂ ਮਿਸਾਲ ਕਾਇਮ ਕੀਤੀ ਹੈ?

9 ਪੌਲੁਸ ਨੇ ਲਿਖਿਆ: “ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।” (ਕੁਲੁੱਸੀਆਂ 3:14) ਯਹੋਵਾਹ ਨੇ ਕਿਰਪਾਪੂਰਵਕ ਸਾਡੇ ਲਈ ਇਹ ਪਹਿਰਾਵਾ ਮੁਹੱਈਆ ਕੀਤਾ ਹੈ। ਕਿਸ ਤਰੀਕੇ ਨਾਲ? ਮਸੀਹੀ ਲੋਕ ਪ੍ਰੇਮ ਪ੍ਰਦਰਸ਼ਿਤ ਕਰ ਸਕਦੇ ਹਨ ਕਿਉਂਕਿ ਇਹ ਯਹੋਵਾਹ ਦੀ ਪਵਿੱਤਰ ਆਤਮਾ ਦੇ ਪਰਮੇਸ਼ੁਰ-ਦਿੱਤ ਫਲਾਂ ਵਿੱਚੋਂ ਇਕ ਹੈ। (ਗਲਾਤੀਆਂ 5:22, 23) ਤਾਂ ਜੋ ਅਸੀਂ ਸਦੀਪਕ ਜੀਵਨ ਹਾਸਲ ਕਰ ਸਕੀਏ, ਯਹੋਵਾਹ ਨੇ ਆਪਣਾ ਇਕਲੌਤਾ ਪੁੱਤਰ ਭੇਜ ਕੇ ਖ਼ੁਦ ਸਭ ਤੋਂ ਵੱਡਾ ਪ੍ਰੇਮ ਪ੍ਰਦਰਸ਼ਿਤ ਕੀਤਾ ਹੈ। (ਯੂਹੰਨਾ 3:16) ਪ੍ਰੇਮ ਦੇ ਇਸ ਉੱਚਤਮ ਪ੍ਰਦਰਸ਼ਨ ਨੇ ਸਾਨੂੰ ਇਹ ਗੁਣ ਪ੍ਰਗਟ ਕਰਨ ਲਈ ਇਕ ਨਮੂਨਾ ਪ੍ਰਦਾਨ ਕੀਤਾ। “ਜਦੋਂ ਪਰਮੇਸ਼ੁਰ ਨੇ ਸਾਡੇ ਨਾਲ ਇਸ ਪਰਕਾਰ ਪ੍ਰੇਮ ਕੀਤਾ,” ਰਸੂਲ ਯੂਹੰਨਾ ਨੇ ਲਿਖਿਆ, “ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਏ ਨਾਲ ਪ੍ਰੇਮ ਕਰੀਏ।”—1 ਯੂਹੰਨਾ 4:11.

10. ਅਸੀਂ “ਭਾਈਆਂ ਦੀ ਪੂਰੀ ਸਭਾ” ਤੋਂ ਕਿਵੇਂ ਲਾਭ ਹਾਸਲ ਕਰ ਸਕਦੇ ਹਾਂ?

10 ਰਾਜ ਗ੍ਰਹਿ ਵਿਖੇ ਸਭਾਵਾਂ ਵਿਚ ਤੁਹਾਡਾ ਹਾਜ਼ਰ ਹੋਣਾ ਤੁਹਾਨੂੰ ਪ੍ਰੇਮ ਪ੍ਰਦਰਸ਼ਿਤ ਕਰਨ ਲਈ ਉੱਤਮ ਮੌਕਾ ਪੇਸ਼ ਕਰੇਗਾ। ਉੱਥੇ ਤੁਹਾਡੀ ਮੁਲਾਕਾਤ ਵਿਸ਼ਾਲ ਪ੍ਰਕਾਰ ਦੇ ਲੋਕਾਂ ਨਾਲ ਹੋਵੇਗੀ। ਬਿਨਾਂ ਸ਼ੱਕ ਤੁਸੀਂ ਅਨੇਕਾਂ ਵੱਲ ਇਕਦਮ ਹੀ ਆਕਰਸ਼ਿਤ ਹੁੰਦੇ ਮਹਿਸੂਸ ਕਰੋਗੇ। ਨਿਸ਼ਚੇ ਹੀ, ਯਹੋਵਾਹ ਦੀ ਸੇਵਾ ਕਰਨ ਵਾਲਿਆਂ ਵਿਚ ਵੀ ਵਿਅਕਤਿੱਤਵ ਭਿੰਨ ਹੁੰਦੇ ਹਨ। ਅਤੀਤ ਵਿਚ ਤੁਸੀਂ ਉਨ੍ਹਾਂ ਲੋਕਾਂ ਤੋਂ ਸ਼ਾਇਦ ਦੂਰ ਹੀ ਰਹੇ, ਜਿਨ੍ਹਾਂ ਦੀਆਂ ਰੁਚੀਆਂ ਜਾਂ ਵਿਸ਼ੇਸ਼ ਗੁਣ ਤੁਹਾਡੇ ਨਾਲੋਂ ਭਿੰਨ ਸਨ। ਪਰੰਤੂ, ਮਸੀਹੀਆਂ ਨੂੰ ‘ਭਾਈਆਂ ਦੀ ਪੂਰੀ ਸਭਾ ਨਾਲ ਪ੍ਰੇਮ ਰੱਖਣਾ’ ਚਾਹੀਦਾ ਹੈ। (1 ਪਤਰਸ 2:17, ਨਿ ਵ) ਇਸ ਕਰਕੇ, ਰਾਜ ਗ੍ਰਹਿ ਵਿਖੇ ਹਾਜ਼ਰ ਵਿਅਕਤੀਆਂ ਨਾਲ ਪਰਿਚਿਤ ਹੋਣ ਨੂੰ ਆਪਣਾ ਟੀਚਾ ਬਣਾਓ—ਉਨ੍ਹਾਂ ਨਾਲ ਵੀ ਜਿਨ੍ਹਾਂ ਦੀ ਉਮਰ, ਵਿਅਕਤਿੱਤਵ, ਨਸਲ, ਜਾਂ ਸਿੱਖਿਆ ਦਾ ਪੱਧਰ ਸ਼ਾਇਦ ਤੁਹਾਡੇ ਨਾਲੋਂ ਵੱਖਰੇ ਹੋਣ। ਸੰਭਵ ਹੈ ਕਿ ਤੁਸੀਂ ਹਰੇਕ ਨੂੰ ਕਿਸੇ-ਨ-ਕਿਸੇ ਮਨਮੋਹਕ ਗੁਣ ਵਿਚ ਉਚੇਰਾ ਪਾਓਗੇ।

11. ਯਹੋਵਾਹ ਦੇ ਲੋਕਾਂ ਵਿਚ ਪਾਈ ਜਾਂਦੀ ਵਿਅਕਤਿੱਤਵ ਦੀ ਵਿਵਿਧਤਾ ਤੋਂ ਤੁਹਾਨੂੰ ਕਿਉਂ ਚਿੰਤਿਤ ਨਹੀਂ ਹੋਣਾ ਚਾਹੀਦਾ ਹੈ?

11 ਕਲੀਸਿਯਾ ਵਿਚ ਪਾਈ ਜਾਂਦੀ ਵਿਅਕਤਿੱਤਵ ਦੀ ਵਿਵਿਧਤਾ ਤੋਂ ਤੁਹਾਨੂੰ ਚਿੰਤਿਤ ਹੋਣ ਦੀ ਲੋੜ ਨਹੀਂ ਹੈ। ਮਿਸਾਲ ਲਈ, ਕਲਪਨਾ ਕਰੋ ਕਿ ਇਕ ਸੜਕ ਤੇ ਤੁਹਾਡੇ ਨਾਲ-ਨਾਲ ਅਨੇਕ ਗੱਡੀਆਂ ਚੱਲ ਰਹੀਆਂ ਹਨ। ਸਾਰੀਆਂ ਇੱਕੋ ਰਫ਼ਤਾਰ ਤੇ ਨਹੀਂ ਚੱਲ ਰਹੀਆਂ, ਨਾ ਹੀ ਉਹ ਸਾਰੀਆਂ ਇੱਕੋ ਹਾਲਤ ਵਿਚ ਹਨ। ਕਈ ਕਾਫ਼ੀ ਕਿਲੋਮੀਟਰ ਸਫਰ ਕਰ ਚੁੱਕੀਆਂ ਹਨ, ਪਰੰਤੂ ਦੂਜੀਆਂ ਤੁਹਾਡੇ ਵਾਂਗ, ਹਾਲੇ ਸ਼ੁਰੂ ਹੀ ਹੋਈਆਂ ਹਨ। ਫਿਰ ਵੀ, ਇਨ੍ਹਾਂ ਭਿੰਨਤਾਵਾਂ ਦੇ ਬੇਲਿਹਾਜ਼, ਸਾਰੀਆਂ ਸੜਕ ਉੱਤੇ ਚੱਲ ਰਹੀਆਂ ਹਨ। ਇਹ ਇਕ ਕਲੀਸਿਯਾ ਨੂੰ ਬਣਾਉਣ ਵਾਲੇ ਵਿਅਕਤੀਆਂ ਦੇ ਸਮਰੂਪ ਹੈ। ਮਸੀਹੀ ਗੁਣਾਂ ਨੂੰ ਸਾਰੇ ਹੀ ਇੱਕੋ ਰਫ਼ਤਾਰ ਦੇ ਨਾਲ ਵਿਕਸਿਤ ਨਹੀਂ ਕਰਦੇ ਹਨ। ਇਸ ਤੋਂ ਅੱਗੇ, ਸਾਰੇ ਹੀ ਇੱਕੋ ਸਰੀਰਕ ਜਾਂ ਭਾਵਾਤਮਕ ਦਸ਼ਾ ਵਿਚ ਨਹੀਂ ਹਨ। ਕਈ ਤਾਂ ਯਹੋਵਾਹ ਦੀ ਅਨੇਕ ਸਾਲਾਂ ਤੋਂ ਉਪਾਸਨਾ ਕਰਦੇ ਆਏ ਹਨ; ਦੂਜੇ ਹਾਲੇ ਸ਼ੁਰੂ ਹੀ ਹੋਏ ਹਨ। ਪਰੰਤੂ, ਸਾਰੇ ਸਦੀਪਕ ਜੀਵਨ ਨੂੰ ਜਾਂਦੀ ਸੜਕ ਉੱਤੇ ‘ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਕੇ’ ਸਫਰ ਕਰ ਰਹੇ ਹਨ। (1 ਕੁਰਿੰਥੀਆਂ 1:10) ਇਸ ਕਰਕੇ, ਕਲੀਸਿਯਾ ਦਿਆਂ ਵਿਅਕਤੀਆਂ ਵਿਚ ਕਮਜ਼ੋਰੀਆਂ ਨੂੰ ਭਾਲਣ ਦੀ ਬਜਾਇ ਉਨ੍ਹਾਂ ਦੀਆਂ ਸ਼ਕਤੀਆਂ ਨੂੰ ਭਾਲੋ। ਇਹ ਕਰਨ ਨਾਲ ਤੁਹਾਡੇ ਦਿਲ ਵਿਚ ਨਿੱਘ ਭਾਵਨਾ ਉਤਪੰਨ ਹੋਵੇਗੀ, ਕਿਉਂਕਿ ਤੁਹਾਨੂੰ ਅਹਿਸਾਸ ਹੋ ਜਾਵੇਗਾ ਕਿ ਪਰਮੇਸ਼ੁਰ ਸੱਚ-ਮੁੱਚ ਹੀ ਇਨ੍ਹਾਂ ਲੋਕਾਂ ਦੇ ਦਰਮਿਆਨ ਹੈ। ਅਤੇ ਨਿਸ਼ਚੇ ਹੀ ਇਹ ਉਹੀ ਥਾਂ ਹੈ ਜਿੱਥੇ ਤੁਸੀਂ ਹੋਣਾ ਚਾਹੁੰਦੇ ਹੋ।—1 ਕੁਰਿੰਥੀਆਂ 14:25.

12, 13. (ੳ) ਜੇਕਰ ਕਲੀਸਿਯਾ ਵਿਚ ਤੁਹਾਨੂੰ ਕੋਈ ਰੋਸ ਦਿਲਾਉਂਦਾ ਹੈ, ਤਾਂ ਤੁਸੀਂ ਕੀ ਕਰ ਸਕਦੇ ਹੋ? (ਅ) ਰੋਸਾ ਨਾ ਰੱਖਣਾ ਕਿਉਂ ਮਹੱਤਵਪੂਰਣ ਹੈ?

12 ਕਿਉਂਕਿ ਸਾਰੇ ਮਨੁੱਖ ਅਪੂਰਣ ਹਨ, ਕਦੀ-ਕਦੀ ਕਲੀਸਿਯਾ ਵਿਚ ਕੋਈ ਸ਼ਾਇਦ ਅਜਿਹਾ ਕੁਝ ਕਹਿ ਜਾਂ ਕਰ ਸਕਦਾ ਹੈ ਜੋ ਤੁਹਾਨੂੰ ਪਰੇਸ਼ਾਨ ਕਰੇ। (ਰੋਮੀਆਂ 3:23) ਚੇਲੇ ਯਾਕੂਬ ਨੇ ਵਾਸਤਵਿਕ ਤੌਰ ਤੇ ਲਿਖਿਆ: “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ। ਜੇ ਕੋਈ ਬਚਨ ਵਿੱਚ ਨਾ ਭੁੱਲੇ ਤਾਂ ਉਹ ਸਿੱਧ ਪੁਰਸ਼ ਹੈ।” (ਯਾਕੂਬ 3:2) ਤੁਸੀਂ ਕਿਵੇਂ ਪ੍ਰਤਿਕ੍ਰਿਆ ਦਿਖਾਓਗੇ ਜੇਕਰ ਤੁਹਾਨੂੰ ਕੋਈ ਰੋਸ ਦਿਲਾਵੇ? ਇਕ ਬਾਈਬਲ ਕਹਾਵਤ ਕਹਿੰਦੀ ਹੈ: “ਆਦਮੀ ਦੀ ਅੰਤਰਦ੍ਰਿਸ਼ਟੀ ਨਿਸ਼ਚੇ ਹੀ ਉਸ ਨੂੰ ਕ੍ਰੋਧ ਵਿਚ ਧੀਮਾ ਬਣਾਉਂਦੀ ਹੈ, ਅਤੇ ਗ਼ਲਤੀ ਨੂੰ ਨਜ਼ਰਅੰਦਾਜ਼ ਕਰਨਾ ਉਸ ਦੀ ਖ਼ੂਬਸੂਰਤੀ ਹੈ।” (ਕਹਾਉਤਾਂ 19:11, ਨਿ ਵ) ਅੰਤਰਦ੍ਰਿਸ਼ਟੀ ਹੋਣ ਦਾ ਅਰਥ ਹੈ ਕਿ ਇਕ ਸਥਿਤੀ ਦੀ ਤਹਿ ਹੇਠਾਂ ਦੇਖਣਾ, ਅੰਤਰੀਵ ਪਹਿਲੂਆਂ ਨੂੰ ਸਮਝਣਾ ਜਿਸ ਦੇ ਕਾਰਨ ਇਕ ਵਿਅਕਤੀ ਇਕ ਵਿਸ਼ੇਸ਼ ਤਰੀਕੇ ਤੋਂ ਗੱਲਾਂ ਜਾਂ ਕੰਮ ਕਰਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਜਣੇ ਆਪਣੀਆਂ ਗ਼ਲਤੀਆਂ ਲਈ ਬਹਾਨੇ ਬਣਾਉਣ ਵਿਚ ਕਾਫ਼ੀ ਅੰਤਰਦ੍ਰਿਸ਼ਟੀ ਇਸਤੇਮਾਲ ਕਰਦੇ ਹਨ। ਕਿਉਂ ਨਾ ਦੂਜਿਆਂ ਨੂੰ ਸਮਝਣ ਅਤੇ ਉਨ੍ਹਾਂ ਦੀਆਂ ਅਪੂਰਣਤਾਵਾਂ ਨੂੰ ਢੱਕਣ ਲਈ ਵੀ ਇਸ ਦਾ ਇਸਤੇਮਾਲ ਕਰੀਏ?—ਮੱਤੀ 7:1-5; ਕੁਲੁੱਸੀਆਂ 3:13.

13 ਕਦੀ ਨਾ ਭੁੱਲੋ ਕਿ ਸਾਨੂੰ ਦੂਜਿਆਂ ਨੂੰ ਮਾਫ਼ ਕਰਨਾ ਚਾਹੀਦਾ ਹੈ ਜੇਕਰ ਅਸੀਂ ਖ਼ੁਦ ਯਹੋਵਾਹ ਦੀ ਮਾਫ਼ੀ ਹਾਸਲ ਕਰਨੀ ਹੈ। (ਮੱਤੀ 6:9, 12, 14, 15) ਜੇਕਰ ਅਸੀਂ ਸੱਚਾਈ ਦਾ ਅਭਿਆਸ ਕਰ ਰਹੇ ਹਾਂ, ਤਾਂ ਅਸੀਂ ਦੂਜਿਆਂ ਨਾਲ ਇਕ ਪ੍ਰੇਮਪੂਰਣ ਤਰੀਕੇ ਨਾਲ ਵਰਤਾਉ ਕਰਾਂਗੇ। (1 ਯੂਹੰਨਾ 1:6, 7; 3:14-16; 4:20, 21) ਇਸ ਕਰਕੇ, ਜੇਕਰ ਤੁਹਾਨੂੰ ਕਲੀਸਿਯਾ ਵਿਚ ਇਕ ਵਿਅਕਤੀ ਦੇ ਨਾਲ ਸਮੱਸਿਆ ਪੇਸ਼ ਆਉਂਦੀ ਹੈ, ਤਾਂ ਰੋਸਾ ਰੱਖਣ ਦੇ ਵਿਰੁੱਧ ਸੰਘਰਸ਼ ਕਰੋ। ਜੇਕਰ ਤੁਸੀਂ ਪ੍ਰੇਮ ਨਾਲ ਪਹਿਨੇ ਹੋਏ ਹੋ, ਤਾਂ ਤੁਸੀਂ ਉਸ ਸਮੱਸਿਆ ਨੂੰ ਸੁਲਝਾਉਣ ਵਿਚ ਜਤਨ ਕਰੋਗੇ, ਅਤੇ ਜੇਕਰ ਤੁਸੀਂ ਰੋਸ ਦਿਲਾਇਆ ਹੈ, ਤਾਂ ਤੁਸੀਂ ਮਾਫ਼ੀ ਮੰਗਣ ਵਿਚ ਝਿਜਕੋਗੇ ਨਹੀਂ।—ਮੱਤੀ 5:23, 24; 18:15-17.

14. ਸਾਨੂੰ ਕਿਹੜੇ ਗੁਣ ਪਹਿਨਣੇ ਚਾਹੀਦੇ ਹਨ?

14 ਸਾਡੇ ਅਧਿਆਤਮਿਕ ਪਹਿਰਾਵੇ ਵਿਚ ਪ੍ਰੇਮ ਨਾਲ ਨਜ਼ਦੀਕੀ ਤੌਰ ਤੇ ਸੰਬੰਧਿਤ ਦੂਜੇ ਗੁਣ ਸ਼ਾਮਲ ਹੋਣੇ ਚਾਹੀਦੇ ਹਨ। ਪੌਲੁਸ ਨੇ ਲਿਖਿਆ: “ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ।” ਇਹ ਵਿਸ਼ੇਸ਼ ਗੁਣ ਜੋ ਪ੍ਰੇਮ ਵਿਚ ਸੰਮਿਲਿਤ ਹਨ, ਈਸ਼ਵਰੀ ‘ਨਵੇਂ ਵਿਅਕਤਿੱਤਵ’ ਦਾ ਹਿੱਸਾ ਹਨ। (ਕੁਲੁੱਸੀਆਂ 3:10, 12, ਨਿ ਵ) ਕੀ ਤੁਸੀਂ ਖ਼ੁਦ ਨੂੰ ਇਸ ਤਰ੍ਹਾਂ ਦਾ ਪਹਿਰਾਵਾ ਪਹਿਨਾਉਣ ਦਾ ਜਤਨ ਕਰੋਗੇ? ਖ਼ਾਸ ਤੌਰ ਤੇ ਜੇਕਰ ਤੁਸੀਂ ਆਪਣੇ ਆਪ ਨੂੰ ਭਰਾਵਾਂ ਵਰਗਾ ਪ੍ਰੇਮ ਪਹਿਨਾਓਗੇ, ਤਾਂ ਤੁਸੀਂ ਯਿਸੂ ਦੇ ਚੇਲਿਆਂ ਦਾ ਇਕ ਪਛਾਣ ਚਿੰਨ੍ਹ ਪ੍ਰਗਟ ਕਰੋਗੇ, ਕਿਉਂਕਿ ਉਸ ਨੇ ਕਿਹਾ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:35.

ਸੁਰੱਖਿਆ ਦਾ ਇਕ ਸਥਾਨ

15. ਕਲੀਸਿਯਾ ਕਿਵੇਂ ਇਕ ਰੱਖਿਆ-ਸਥਾਨ ਵਾਂਗ ਹੈ?

15 ਕਲੀਸਿਯਾ ਇਕ ਰੱਖਿਆ-ਸਥਾਨ, ਅਰਥਾਤ ਇਕ ਰੱਖਿਆਕਾਰੀ ਪਨਾਹ ਦਾ ਵੀ ਕੰਮ ਦਿੰਦੀ ਹੈ, ਜਿੱਥੇ ਤੁਸੀਂ ਸੁਰੱਖਿਅਤ ਮਹਿਸੂਸ ਕਰ ਸਕਦੇ ਹੋ। ਉਸ ਵਿਚ ਤੁਸੀਂ ਨੇਕ-ਦਿਲ ਲੋਕਾਂ ਨੂੰ ਪਾਓਗੇ ਜਿਹੜੇ ਕਿ ਉਹ ਕਰਨ ਦਾ ਜਤਨ ਕਰਦੇ ਹਨ ਜੋ ਪਰਮੇਸ਼ੁਰ ਦੀਆਂ ਅੱਖਾਂ ਵਿਚ ਸਹੀ ਹੈ। ਉਨ੍ਹਾਂ ਵਿੱਚੋਂ ਕਈਆਂ ਨੇ ਉਹੋ ਹੀ ਬੁਰੇ ਅਭਿਆਸ ਅਤੇ ਰਵੱਈਏ ਛੱਡੇ ਹਨ ਜਿਨ੍ਹਾਂ ਨੂੰ ਕਾਬੂ ਕਰਨ ਲਈ ਤੁਸੀਂ ਸ਼ਾਇਦ ਸੰਘਰਸ਼ ਕਰ ਰਹੇ ਹੋ। (ਤੀਤੁਸ 3:3) ਉਹ ਤੁਹਾਡੀ ਮਦਦ ਕਰ ਸਕਦੇ ਹਨ, ਕਿਉਂਕਿ ਸਾਨੂੰ ‘ਇਕ ਦੂਏ ਦਾ ਭਾਰ ਚੁੱਕਣ’ ਲਈ ਕਿਹਾ ਜਾਂਦਾ ਹੈ। (ਗਲਾਤੀਆਂ 6:2) ਨਿਰਸੰਦੇਹ, ਉਸ ਮਾਰਗ ਉੱਤੇ ਚੱਲਣਾ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਅੰਤਿਮ ਤੌਰ ਤੇ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ। (ਗਲਾਤੀਆਂ 6:5; ਫ਼ਿਲਿੱਪੀਆਂ 2:12) ਫਿਰ ਵੀ, ਯਹੋਵਾਹ ਨੇ ਮਦਦ ਅਤੇ ਸਮਰਥਨ ਦੇ ਇਕ ਅਦਭੁਤ ਜ਼ਰੀਏ ਦੇ ਤੌਰ ਤੇ ਮਸੀਹੀ ਕਲੀਸਿਯਾ ਦਾ ਪ੍ਰਬੰਧ ਕੀਤਾ ਹੈ। ਬੇਸ਼ੱਕ ਤੁਹਾਡੀਆਂ ਸਮੱਸਿਆਵਾਂ ਕਿੰਨੀਆਂ ਹੀ ਦੁਖਦਾਈ ਕਿਉਂ ਨਾ ਹੋਣ, ਤੁਹਾਡੇ ਲਈ ਇਕ ਲਾਹੇਵੰਦ ਭੰਡਾਰ ਉਪਲਬਧ ਹੈ—ਇਕ ਪ੍ਰੇਮਮਈ ਕਲੀਸਿਯਾ ਜੋ ਦੁੱਖ ਜਾਂ ਵੰਚਨਾ ਦੇ ਸਮੇਂ ਵਿਚ ਤੁਹਾਨੂੰ ਸਹਾਰਾ ਦੇਵੇਗੀ।—ਤੁਲਨਾ ਕਰੋ ਲੂਕਾ 10:29-37; ਰਸੂਲਾਂ ਦੇ ਕਰਤੱਬ 20:35.

16. ਕਲੀਸਿਯਾ ਬਜ਼ੁਰਗ ਕਿਹੜੀ ਮਦਦ ਮੁਹੱਈਆ ਕਰਦੇ ਹਨ?

16 ਉਨ੍ਹਾਂ ਵਿਚ ਜੋ ਤੁਹਾਨੂੰ ਸਮਰਥਨ ਦੇਣ ਲਈ ਉਪਲਬਧ ਹੋਣਗੇ, “ਮਨੁੱਖਾਂ [ਵਿਚ] ਦਾਨ”—ਅਰਥਾਤ ਨਿਯੁਕਤ ਕਲੀਸਿਯਾ ਬਜ਼ੁਰਗ, ਜਾਂ ਨਿਗਾਹਬਾਨ ਸ਼ਾਮਲ ਹਨ, ਜੋ ਇੱਜੜ ਦੀ ਚਰਵਾਹੀ ਰਜ਼ਾਮੰਦੀ ਅਤੇ ਉਤਸੁਕਤਾ ਦੇ ਨਾਲ ਕਰਦੇ ਹਨ। (ਅਫ਼ਸੀਆਂ 4:8, 11, 12; ਰਸੂਲਾਂ ਦੇ ਕਰਤੱਬ 20:28; 1 ਪਤਰਸ 5:2, 3) ਉਨ੍ਹਾਂ ਦੇ ਸੰਬੰਧ ਵਿਚ ਯਸਾਯਾਹ ਨੇ ਭਵਿੱਖਬਾਣੀ ਕੀਤੀ: “ਹਰੇਕ ਪੌਣ ਤੋਂ ਲੁੱਕਣ ਦੇ ਥਾਂ ਜਿਹਾ ਹੋਵੇਗਾ, ਵਾਛੜ ਤੋਂ ਓਟ, ਸੁੱਕੇ ਵਿੱਚ ਪਾਣੀ ਦੀਆਂ ਨਾਲੀਆਂ ਜਿਹਾ, ਹੁੱਸੀ ਧਰਤੀ ਵਿੱਚ ਵੱਡੀ ਚਟਾਨ ਦੇ ਸਾਯੇ ਜਿਹਾ।”—ਯਸਾਯਾਹ 32:2.

17. (ੳ) ਯਿਸੂ ਖ਼ਾਸ ਕਰਕੇ ਕਿਸ ਤਰ੍ਹਾਂ ਦੀ ਮਦਦ ਦੇਣਾ ਚਾਹੁੰਦਾ ਸੀ? (ਅ) ਪਰਮੇਸ਼ੁਰ ਨੇ ਆਪਣੇ ਲੋਕਾਂ ਲਈ ਕਿਹੜਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ?

17 ਜਦੋਂ ਯਿਸੂ ਧਰਤੀ ਉੱਤੇ ਸੀ, ਧਾਰਮਿਕ ਆਗੂਆਂ ਵੱਲੋਂ ਪ੍ਰੇਮਪੂਰਣ ਨਿਗਰਾਨੀ ਦੀ ਵੱਡੀ ਕਮੀ ਸੀ। ਲੋਕਾਂ ਦੀ ਦਸ਼ਾ ਨੇ ਉਸ ਨੂੰ ਅਤਿਅੰਤ ਪ੍ਰਭਾਵਿਤ ਕੀਤਾ, ਅਤੇ ਉਹ ਖ਼ਾਸ ਕਰਕੇ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਮਦਦ ਕਰਨਾ ਚਾਹੁੰਦਾ ਸੀ। ਯਿਸੂ ਉਨ੍ਹਾਂ ਤੇ ਤਰਸ ਖਾਂਦਾ ਸੀ ਕਿਉਂਕਿ ਉਹ ਉਨ੍ਹਾਂ ‘ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।’ (ਮੱਤੀ 9:36) ਇਹ ਵਰਣਨ ਵਰਤਮਾਨ-ਦਿਨ ਦੇ ਉਨ੍ਹਾਂ ਅਨੇਕ ਵਿਅਕਤੀਆਂ ਦੀ ਦਸ਼ਾ ਉੱਤੇ ਕਿੰਨਾ ਸਹੀ ਬੈਠਦਾ ਹੈ, ਜੋ ਦਿਲ-ਚੀਰਵੀਂਆਂ ਸਮੱਸਿਆਵਾਂ ਨੂੰ ਸਹਿਣ ਕਰਦੇ ਹਨ ਅਤੇ ਉਨ੍ਹਾਂ ਨੂੰ ਅਧਿਆਤਮਿਕ ਮਦਦ ਅਤੇ ਦਿਲਾਸਾ ਦੇਣ ਲਈ ਕੋਈ ਨਹੀਂ ਹੈ! ਪਰੰਤੂ ਯਹੋਵਾਹ ਦੇ ਲੋਕਾਂ ਕੋਲ ਅਧਿਆਤਮਿਕ ਸਹਾਇਤਾ ਹੈ, ਕਿਉਂਕਿ ਉਸ ਨੇ ਵਾਅਦਾ ਕੀਤਾ ਸੀ: “ਮੈਂ ਓਹਨਾਂ ਉੱਤੇ ਅਯਾਲੀ ਖੜੇ ਕਰਾਂਗਾ ਜਿਹੜੇ ਓਹਨਾਂ ਨੂੰ ਚਾਰਨਗੇ। ਓਹ ਫੇਰ ਨਾ ਡਰਨਗੇ ਅਤੇ ਨਾ ਘਬਰਾਉਣਗੇ, ਨਾ ਓਹਨਾਂ ਵਿੱਚੋਂ ਕੋਈ ਗਵਾਚੇਗੀ।”—ਯਿਰਮਿਯਾਹ 23:4.

18. ਸਾਨੂੰ ਇਕ ਬਜ਼ੁਰਗ ਕੋਲ ਕਿਉਂ ਜਾਣਾ ਚਾਹੀਦਾ ਹੈ ਜੇਕਰ ਸਾਨੂੰ ਅਧਿਆਤਮਿਕ ਮਦਦ ਦੀ ਜ਼ਰੂਰਤ ਹੈ?

18 ਕਲੀਸਿਯਾ ਦੇ ਨਿਯੁਕਤ ਬਜ਼ੁਰਗਾਂ ਨਾਲ ਪਰਿਚਿਤ ਹੋਵੋ। ਪਰਮੇਸ਼ੁਰ ਦੇ ਗਿਆਨ ਦੀ ਵਰਤੋਂ ਵਿਚ ਉਨ੍ਹਾਂ ਕੋਲ ਕਾਫ਼ੀ ਤਜਰਬਾ ਹੈ, ਕਿਉਂਕਿ ਉਹ ਬਾਈਬਲ ਵਿਚ ਨਿਗਾਹਬਾਨਾਂ ਲਈ ਠਹਿਰਾਈਆਂ ਗਈਆਂ ਯੋਗਤਾਵਾਂ ਉੱਤੇ ਸਹੀ ਉਤਰੇ ਹਨ। (1 ਤਿਮੋਥਿਉਸ 3:1-7; ਤੀਤੁਸ 1:5-9) ਉਨ੍ਹਾਂ ਕੋਲ ਜਾਣ ਤੋਂ ਨਾ ਝਿਜਕੋ ਜੇਕਰ ਤੁਹਾਨੂੰ ਪਰਮੇਸ਼ੁਰ ਦੀਆਂ ਮੰਗਾਂ ਨਾਲ ਟਕਰਾਉਣ ਵਾਲੀ ਇਕ ਅਜਿਹੀ ਆਦਤ ਜਾਂ ਵਿਸ਼ੇਸ਼ ਗੁਣ ਨੂੰ ਕਾਬੂ ਕਰਨ ਵਿਚ ਅਧਿਆਤਮਿਕ ਮਦਦ ਦੀ ਜ਼ਰੂਰਤ ਹੈ। ਤੁਸੀਂ ਪਾਓਗੇ ਕਿ ਇਹ ਬਜ਼ੁਰਗ, ਪੌਲੁਸ ਦੇ ਉਪਦੇਸ਼ ਦੀ ਪੈਰਵੀ ਕਰਦੇ ਹਨ: “ਕਮਦਿਲਿਆਂ ਨੂੰ ਦਿਲਾਸਾ ਦਿਓ, ਨਿਤਾਣਿਆਂ ਨੂੰ ਸਮ੍ਹਾਲੋ, ਸਭਨਾਂ ਨਾਲ ਧੀਰਜ ਕਰੋ।”—1 ਥੱਸਲੁਨੀਕੀਆਂ 2:7, 8; 5:14.

ਯਹੋਵਾਹ ਦੇ ਲੋਕਾਂ ਨਾਲ ਸੁਰੱਖਿਆ ਦਾ ਆਨੰਦ ਮਾਣੋ

19. ਯਹੋਵਾਹ ਨੇ ਉਨ੍ਹਾਂ ਨੂੰ ਜੋ ਉਸ ਦੇ ਸੰਗਠਨ ਵਿਚ ਸੁਰੱਖਿਆ ਭਾਲਦੇ ਹਨ, ਕਿਹੜੀਆਂ ਬਰਕਤਾਂ ਦਿੱਤੀਆਂ ਹਨ?

19 ਭਾਵੇਂ ਕਿ ਅਸੀਂ ਹੁਣ ਅਪੂਰਣ ਹਾਲਤਾਂ ਦੇ ਅਧੀਨ ਰਹਿੰਦੇ ਹਾਂ, ਯਹੋਵਾਹ ਸਾਨੂੰ ਅਧਿਆਤਮਿਕ ਰੋਟੀ, ਕੱਪੜਾ, ਅਤੇ ਪਨਾਹ ਮੁਹੱਈਆ ਕਰਦਾ ਹੈ। ਬੇਸ਼ੱਕ, ਭੌਤਿਕ ਪਰਾਦੀਸ ਦਿਆਂ ਫ਼ਾਇਦਿਆਂ ਨੂੰ ਅਨੁਭਵ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਸੰਸਾਰ ਦੀ ਉਡੀਕ ਕਰਨੀ ਪਵੇਗੀ। ਪਰੰਤੂ ਜੋ ਯਹੋਵਾਹ ਦੇ ਸੰਗਠਨ ਦਾ ਹਿੱਸਾ ਹਨ, ਉਹ ਹੁਣੇ ਵੀ ਅਧਿਆਤਮਿਕ ਪਰਾਦੀਸ ਦੀ ਸੁਰੱਖਿਆ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਦੇ ਸੰਬੰਧ ਵਿਚ ਹਿਜ਼ਕੀਏਲ ਨੇ ਭਵਿੱਖਬਾਣੀ ਕੀਤੀ: “ਓਹ ਸੁਖ ਨਾਲ ਵੱਸਣਗੇ ਅਤੇ ਉਨ੍ਹਾਂ ਨੂੰ ਕੋਈ ਨਾ ਡਰਾਵੇਗਾ।”—ਹਿਜ਼ਕੀਏਲ 34:28; ਜ਼ਬੂਰ 4:8.

20. ਯਹੋਵਾਹ ਦੀ ਉਪਾਸਨਾ ਦੇ ਕਾਰਨ ਅਸੀਂ ਜੋ ਵੀ ਬਲੀਦਾਨ ਕਰੀਏ, ਉਸ ਦੀ ਉਹ ਕਿਵੇਂ ਹਾਨ-ਪੂਰਤੀ ਕਰੇਗਾ?

20 ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਯਹੋਵਾਹ ਆਪਣੇ ਬਚਨ ਅਤੇ ਸੰਗਠਨ ਦੁਆਰਾ ਪ੍ਰੇਮਪੂਰਣ ਅਧਿਆਤਮਿਕ ਪ੍ਰਬੰਧ ਕਰਦਾ ਹੈ! ਪਰਮੇਸ਼ੁਰ ਦੇ ਲੋਕਾਂ ਦੇ ਨਜ਼ਦੀਕ ਹੋਵੋ। ਮਿੱਤਰਾਂ ਜਾਂ ਰਿਸ਼ਤੇਦਾਰਾਂ ਦੇ ਡਰ ਕਾਰਨ ਪਿੱਛੇ ਨਾ ਹੱਟੋ ਕਿ ਉਹ ਤੁਹਾਡੇ ਬਾਰੇ ਕੀ ਸੋਚਣਗੇ, ਜੇਕਰ ਤੁਸੀਂ ਪਰਮੇਸ਼ੁਰ ਦਾ ਗਿਆਨ ਲਿਆ। ਕੁਝ ਸ਼ਾਇਦ ਇਸ ਗੱਲ ਨੂੰ ਨਾਪਸੰਦ ਕਰਨ ਕਿਉਂਕਿ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਰੱਖ ਰਹੇ ਹੋ ਅਤੇ ਰਾਜ ਗ੍ਰਹਿ ਵਿਖੇ ਸਭਾਵਾਂ ਤੇ ਹਾਜ਼ਰ ਹੋ ਰਹੇ ਹੋ। ਪਰੰਤੂ ਜੋ ਬਲੀਦਾਨ ਤੁਸੀਂ ਪਰਮੇਸ਼ੁਰ ਦੀ ਉਪਾਸਨਾ ਦੇ ਕਾਰਨ ਕਰਦੇ ਹੋ, ਉਹ ਇਸ ਦੀ ਕਿਤੇ ਹੀ ਅਧਿਕ ਹਾਨ-ਪੂਰਤੀ ਕਰੇਗਾ। (ਮਲਾਕੀ 3:10) ਇਸ ਤੋਂ ਇਲਾਵਾ, ਯਿਸੂ ਨੇ ਕਿਹਾ: “ਅਜੇਹਾ ਕੋਈ ਨਹੀਂ ਜਿਹ ਨੇ ਘਰ ਯਾ ਭਾਈਆਂ ਯਾ ਭੈਣਾਂ ਯਾ ਮਾਂ ਯਾ ਪਿਉ ਯਾ ਬਾਲ ਬੱਚਿਆਂ ਯਾ ਜਮੀਨਾਂ ਨੂੰ ਮੇਰੇ ਅਤੇ ਇੰਜੀਲ ਦੇ ਲਈ ਛੱਡਿਆ ਹੋਵੇ, ਜਿਹੜਾ ਹੁਣ ਇਸ ਸਮੇ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜਮੀਨਾਂ ਪਰ ਦੁਖਾਂ ਨਾਲ ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ।” (ਮਰਕੁਸ 10:29, 30) ਜੀ ਹਾਂ, ਭਾਵੇਂ ਕਿ ਤੁਸੀਂ ਪਿੱਛੇ ਕੀ ਕੁਝ ਛੱਡਿਆ ਹੈ ਜਾਂ ਤੁਹਾਨੂੰ ਕੀ ਕੁਝ ਸਹਿਣ ਕਰਨਾ ਪੈਂਦਾ ਹੈ, ਤੁਸੀਂ ਪਰਮੇਸ਼ੁਰ ਦੇ ਲੋਕਾਂ ਵਿਚ ਆਨੰਦਮਈ ਸਾਥ ਅਤੇ ਅਧਿਆਤਮਿਕ ਸੁਰੱਖਿਆ ਹਾਸਲ ਕਰ ਸਕਦੇ ਹੋ।

ਆਪਣੇ ਗਿਆਨ ਨੂੰ ਪਰਖੋ

“ਮਾਤਬਰ ਅਤੇ ਬੁੱਧਵਾਨ ਨੌਕਰ” ਕੌਣ ਹੈ?

ਯਹੋਵਾਹ ਨੇ ਸਾਨੂੰ ਅਧਿਆਤਮਿਕ ਤੌਰ ਤੇ ਖੁਆਉਣ ਲਈ ਕੀ ਪ੍ਰਬੰਧ ਕੀਤਾ ਹੈ?

ਉਹ ਜੋ ਮਸੀਹੀ ਕਲੀਸਿਯਾ ਵਿਚ ਹਨ, ਸਾਡੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਨ?

[ਸਵਾਲ]

[ਪੂਰੇ ਸਫ਼ੇ 165 ਉੱਤੇ ਤਸਵੀਰ]