Skip to content

Skip to table of contents

ਯਿਸੂ ਮਸੀਹ ਪਰਮੇਸ਼ੁਰ ਦੇ ਗਿਆਨ ਦੀ ਕੁੰਜੀ

ਯਿਸੂ ਮਸੀਹ ਪਰਮੇਸ਼ੁਰ ਦੇ ਗਿਆਨ ਦੀ ਕੁੰਜੀ

ਅਧਿਆਇ 4

ਯਿਸੂ ਮਸੀਹ ਪਰਮੇਸ਼ੁਰ ਦੇ ਗਿਆਨ ਦੀ ਕੁੰਜੀ

1, 2. ਸੰਸਾਰ ਦੇ ਧਰਮਾਂ ਨੇ ਪਰਮੇਸ਼ੁਰ ਦੇ ਗਿਆਨ ਦੀ ਕੁੰਜੀ ਨਾਲ ਕਿਸ ਤਰ੍ਹਾਂ ਹੇਰਾ-ਫੇਰੀ ਕੀਤੀ ਹੈ?

ਤੁਸੀਂ ਦਰਵਾਜ਼ੇ ਤੇ ਖੜ੍ਹੇ ਹੋਏ, ਆਪਣੀਆਂ ਕੁੰਜੀਆਂ ਨੂੰ ਭਾਲ ਰਹੇ ਹੋ। ਬਾਹਰ ਠੰਡ ਅਤੇ ਹਨੇਰਾ ਛਾਇਆ ਹੋਇਆ ਹੈ, ਅਤੇ ਤੁਸੀਂ ਅੰਦਰ ਜਾਣ ਲਈ ਉਤਸੁਕ ਹੋ—ਪਰੰਤੂ ਕੁੰਜੀ ਦਰਵਾਜ਼ਾ ਨਹੀਂ ਖੋਲ੍ਹਦੀ ਹੈ। ਕੁੰਜੀ ਤਾਂ ਸਹੀ ਜਾਪਦੀ ਹੈ, ਪਰੰਤੂ ਤਾਲਾ ਨਹੀਂ ਖੁਲ੍ਹਦਾ ਹੈ। ਕਿੰਨੀ ਪਰੇਸ਼ਾਨੀ ਦੀ ਗੱਲ! ਤੁਸੀਂ ਆਪਣੀਆਂ ਕੁੰਜੀਆਂ ਨੂੰ ਫਿਰ ਤੋਂ ਦੇਖਦੇ ਹੋ। ਕੀ ਤੁਸੀਂ ਸਹੀ ਕੁੰਜੀ ਇਸਤੇਮਾਲ ਕਰ ਰਹੇ ਹੋ? ਕੀ ਕਿਸੇ ਨੇ ਕੁੰਜੀ ਨੂੰ ਖ਼ਰਾਬ ਕਰ ਦਿੱਤਾ ਹੈ?

2 ਇਹ ਉਸ ਸਥਿਤੀ ਦੀ ਇਕ ਉਚਿਤ ਮਿਸਾਲ ਹੈ ਜੋ ਇਸ ਸੰਸਾਰ ਦੇ ਧਾਰਮਿਕ ਭੰਬਲਭੂਸੇ ਨੇ ਪਰਮੇਸ਼ੁਰ ਦੇ ਗਿਆਨ ਨਾਲ ਕੀਤਾ ਹੈ। ਅਸਲ ਵਿਚ, ਅਨੇਕਾਂ ਨੇ ਉਸ ਕੁੰਜੀ ਨਾਲ ਹੇਰਾ-ਫੇਰੀ ਕੀਤੀ ਹੈ ਜੋ ਇਸ ਨੂੰ ਸਾਡੀ ਸਮਝ ਲਈ ਖੋਲ੍ਹਦੀ ਹੈ—ਯਿਸੂ ਮਸੀਹ। ਕਈ ਧਰਮਾਂ ਨੇ ਯਿਸੂ ਨੂੰ ਬਿਲਕੁਲ ਹੀ ਅਣਡਿੱਠ ਕਰਦੇ ਹੋਏ, ਉਸ ਕੁੰਜੀ ਨੂੰ ਪਰੇ ਹਟਾ ਦਿੱਤਾ ਹੈ। ਦੂਜਿਆਂ ਨੇ ਉਸ ਦੀ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਤੌਰ ਤੇ ਉਪਾਸਨਾ ਕਰਦੇ ਹੋਏ, ਯਿਸੂ ਦੀ ਭੂਮਿਕਾ ਦੀ ਗ਼ਲਤ-ਬਿਆਨੀ ਕੀਤੀ ਹੈ। ਕਿਸੇ ਵੀ ਹਾਲਤ ਵਿਚ, ਉਸ ਮੁੱਖ ਹਸਤੀ, ਯਿਸੂ ਮਸੀਹ ਬਾਰੇ ਯਥਾਰਥ ਸਮਝ ਤੋਂ ਬਿਨਾਂ ਪਰਮੇਸ਼ੁਰ ਦਾ ਗਿਆਨ ਸਾਡੇ ਲਈ ਬੰਦ ਹੈ।

3. ਯਿਸੂ ਨੂੰ ਪਰਮੇਸ਼ੁਰ ਦੇ ਗਿਆਨ ਦੀ ਕੁੰਜੀ ਕਿਉਂ ਕਿਹਾ ਜਾ ਸਕਦਾ ਹੈ?

3 ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਇਹ ਕਹਿਣ ਵਿਚ ਯਿਸੂ ਸ਼ੇਖ਼ੀ ਨਹੀਂ ਮਾਰ ਰਿਹਾ ਸੀ। ਸ਼ਾਸਤਰ ਵਾਰ-ਵਾਰ ਮਸੀਹ ਬਾਰੇ ਯਥਾਰਥ ਗਿਆਨ ਦੀ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ। (ਅਫ਼ਸੀਆਂ 4:13; ਕੁਲੁੱਸੀਆਂ 2:2; 2 ਪਤਰਸ 1:8; 2:20) “[ਯਿਸੂ ਮਸੀਹ] ਦੇ ਉੱਤੇ ਸਭ ਨਬੀ ਸਾਖੀ ਦਿੰਦੇ ਹਨ,” ਰਸੂਲ ਪਤਰਸ ਨੇ ਕਿਹਾ। (ਰਸੂਲਾਂ ਦੇ ਕਰਤੱਬ 10:43) ਅਤੇ ਰਸੂਲ ਪੌਲੁਸ ਨੇ ਲਿਖਿਆ: “[ਯਿਸੂ] ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਗੁਪਤ ਹਨ।” (ਕੁਲੁੱਸੀਆਂ 2:3) ਪੌਲੁਸ ਨੇ ਇਹ ਵੀ ਕਿਹਾ ਕਿ ਯਹੋਵਾਹ ਦੇ ਸਾਰੇ ਵਾਅਦੇ ਯਿਸੂ ਦੇ ਕਾਰਨ ਪੂਰੇ ਹੁੰਦੇ ਹਨ। (2 ਕੁਰਿੰਥੀਆਂ 1:20) ਸੋ ਯਿਸੂ ਮਸੀਹ ਹੀ ਪਰਮੇਸ਼ੁਰ ਦੇ ਗਿਆਨ ਦੀ ਕੁੰਜੀ ਹੈ। ਉਸ ਦੀ ਪ੍ਰਕਿਰਤੀ ਅਤੇ ­ਪਰਮੇਸ਼ੁਰ ਦੇ ਪ੍ਰਬੰਧ ਵਿਚ ਉਸ ਦੀ ਭੂਮਿਕਾ ਦੇ ਸੰਬੰਧ ਵਿਚ ਯਿਸੂ ਬਾਰੇ ਸਾਡਾ ਗਿਆਨ ­ਗ਼ਲਤ-ਬਿਆਨੀ ਤੋਂ ਮੁਕਤ ਹੋਣਾ ਚਾਹੀਦਾ ਹੈ। ਪਰੰਤੂ ਯਿਸੂ ਦੇ ਅਨੁਯਾਈ ਉਸ ਨੂੰ ਪਰਮੇਸ਼ੁਰ ਦੇ ਮਕਸਦਾਂ ਦੇ ਸੰਬੰਧ ਵਿਚ ਪ੍ਰਮੁੱਖ ਵਿਅਕਤੀ ਕਿਉਂ ਸਮਝਦੇ ਹਨ?

ਵਾਅਦਾ ਕੀਤਾ ਹੋਇਆ ਮਸੀਹਾ

4, 5. ਮਸੀਹਾ ਉੱਤੇ ਕਿਹੜੀਆਂ ਉਮੀਦਾਂ ਰੱਖੀਆਂ ਗਈਆਂ ਸਨ, ਅਤੇ ਯਿਸੂ ਦੇ ਚੇਲਿਆਂ ਦਾ ਉਸ ਬਾਰੇ ਕੀ ਵਿਚਾਰ ਸੀ?

4 ਵਫ਼ਾਦਾਰ ਮਨੁੱਖ ਹਾਬਲ ਦੇ ਸਮੇਂ ਤੋਂ ਲੈ ਕੇ, ਪਰਮੇਸ਼ੁਰ ਦੇ ਸੇਵਕਾਂ ਨੇ ਉਤ­ਸੁਕਤਾ ਨਾਲ ਉਸ ਅੰਸ ਦੀ ਉਡੀਕ ਕੀਤੀ ਜੋ ਖ਼ੁਦ ਯਹੋਵਾਹ ਪਰਮੇਸ਼ੁਰ ਦੁਆਰਾ ਪੂਰਵ-ਸੂਚਿਤ ਕੀਤੀ ਗਈ ਸੀ। (ਉਤਪਤ 3:15; 4:1-8; ਇਬਰਾਨੀਆਂ 11:4) ਇਹ ਪ੍ਰਗਟ ਕੀਤਾ ਗਿਆ ਸੀ ਕਿ ਉਹ ਅੰਸ—ਮਸੀਹਾ, ਜਿਸ ਦਾ ਅਰਥ ਹੈ “ਮਸਹ ਕੀਤਾ ਹੋਇਆ ਵਿਅਕਤੀ,” ਦੇ ਰੂਪ ਵਿਚ ਪਰਮੇਸ਼ੁਰ ਦੇ ਮਕਸਦ ਨੂੰ ਪੂਰਾ ਕਰੇਗਾ। ਉਹ “ਪਾਪਾਂ ਦਾ ਅੰਤ” ਕਰੇਗਾ ਅਤੇ ਉਸ ਦੇ ਰਾਜ ਦੀ ਮਹਿਮਾ ਜ਼ਬੂਰਾਂ ਦੀ ਪੋਥੀ ਵਿਚ ਪੂਰਵ-ਸੂਚਿਤ ਕੀਤੀ ਗਈ ਸੀ। (ਦਾਨੀਏਲ 9:24-26; ਜ਼ਬੂਰ 72:1-20) ਮਸੀਹਾ ਕੌਣ ਸਾਬਤ ਹੋਵੇਗਾ?

5 ਅੰਦ੍ਰਿਯਾਸ ਨਾਮਕ ਇਕ ਜਵਾਨ ਯਹੂਦੀ ਦੀ ਉਤੇਜਨਾ ਦੀ ਕਲਪਨਾ ਕਰੋ ਜਦੋਂ ਉਸ ਨੇ ਨਾਸਰਤ ਦੇ ਯਿਸੂ ਦੇ ਬਚਨਾਂ ਨੂੰ ਸੁਣਿਆ। ਅੰਦ੍ਰਿਯਾਸ ਨੇ ਤੇਜ਼ੀ ਨਾਲ ਆਪਣੇ ਭਰਾ ਸ਼ਮਊਨ ਪਤਰਸ ਕੋਲ ਜਾ ਕੇ ਉਸ ਨੂੰ ਦੱਸਿਆ: “ਅਸਾਂ ਮਸੀਹ ਨੂੰ . . . ਲੱਭ ਲਿਆ ਹੈ!” (ਯੂਹੰਨਾ 1:41) ਯਿਸੂ ਦੇ ਚੇਲੇ ਕਾਇਲ ਸਨ ਕਿ ਉਹ ਵਾਅਦਾ ਕੀਤਾ ਹੋਇਆ ਮਸੀਹਾ ਸੀ। (ਮੱਤੀ 16:16) ਅਤੇ ਸੱਚੇ ਮਸੀਹੀ ਇਸ ਵਿਸ਼ਵਾਸ ਉੱਤੇ ­ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਰਜ਼ਾਮੰਦ ਰਹੇ ਹਨ ਕਿ ਸੱਚ-ਮੁੱਚ ਯਿਸੂ ਹੀ ਉਹ ਪੂਰਵ-ਸੂਚਿਤ ਕੀਤਾ ਹੋਇਆ ਮਸੀਹਾ, ਜਾਂ ਮਸੀਹ ਸੀ। ਉਨ੍ਹਾਂ ਨੂੰ ਕੀ ਸਬੂਤ ਮਿਲਿਆ ਸੀ? ਆਓ ਅਸੀਂ ਸਬੂਤ ਦੀਆਂ ਤਿੰਨ ਲੜੀਆਂ ਉੱਤੇ ਗੌਰ ਕਰੀਏ।

ਸਬੂਤ ਕਿ ਯਿਸੂ ਹੀ ਮਸੀਹਾ ਸੀ

6. (ੳ) ਕਿਹੜੀ ਵੰਸ਼ਾਵਲੀ ਵਿੱਚੋਂ ਵਾਅਦਾ ਕੀਤਾ ਹੋਇਆ ਅੰਸ ਪੈਦਾ ਹੋਣਾ ਸੀ, ਅਤੇ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਿਸੂ ਉਸੇ ਪਰਿਵਾਰਕ ਵੰਸ਼ ਤੋਂ ਆਇਆ ਸੀ? (ਅ) ਸੰਨ 70 ਸਾ.ਯੁ. ਤੋਂ ਬਾਅਦ ਵਿਚ ਕਿਸੇ ਜੀਉਂਦੇ ਵਿਅਕਤੀ ਲਈ ਮਸੀਹਾ ਹੋਣ ਦਾ ਦਾਅਵਾ ਸਾਬਤ ਕਰਨਾ ਕਿਉਂ ਨਾਮੁਮਕਿਨ ਹੁੰਦਾ?

6 ਯਿਸੂ ਦੀ ਵੰਸ਼ਾਵਲੀ ਉਸ ਨੂੰ ਵਾਅਦਾ ਕੀਤੇ ਹੋਏ ਮਸੀਹਾ ਦੇ ਤੌਰ ਤੇ ਸ਼ਨਾਖਤ ਕਰਨ ਲਈ ਪਹਿਲਾ ਆਧਾਰ ਸਥਾਪਿਤ ਕਰਦੀ ਹੈ। ਯਹੋਵਾਹ ਨੇ ਆਪਣੇ ਸੇਵਕ ਅਬਰਾਹਾਮ ਨੂੰ ਦੱਸਿਆ ਸੀ ਕਿ ਵਾਅਦਾ ਕੀਤਾ ਹੋਇਆ ਅੰਸ ਉਸ ਦੇ ਪਰਿਵਾਰ ਤੋਂ ਆਵੇਗਾ। ਅਬਰਾਹਾਮ ਦੇ ਪੁੱਤਰ ਇਸਹਾਕ, ਇਸਹਾਕ ਦੇ ਪੁੱਤਰ ਯਾਕੂਬ, ਅਤੇ ਯਾਕੂਬ ਦੇ ਪੁੱਤਰ ਯਹੂਦਾਹ, ਹਰ ਇਕ ਨੇ ਅਜਿਹਾ ਹੀ ਵਾਅਦਾ ਪ੍ਰਾਪਤ ਕੀਤਾ। (ਉਤਪਤ 22:18; 26:2-5; 28:12-15; 49:10) ਸਦੀਆਂ ਬਾਅਦ, ਮਸੀਹਾ ਦੀ ਵੰਸ਼ਾਵਲੀ ਸੀਮਿਤ ਕੀਤੀ ਗਈ ਸੀ ਜਦੋਂ ਰਾਜਾ ਦਾਊਦ ਨੂੰ ਦੱਸਿਆ ਗਿਆ ਕਿ ਉਸ ਦੇ ਪਰਿਵਾਰਕ ਵੰਸ਼ ਵਿੱਚੋਂ ਇਹ ਵਿਅਕਤੀ ਪੈਦਾ ਹੋਵੇਗਾ। (ਜ਼ਬੂਰ 132:11; ਯਸਾਯਾਹ 11:1, 10) ਮੱਤੀ ਅਤੇ ਲੂਕਾ ਦੇ ਇੰਜੀਲ ਬਿਰਤਾਂਤ ਇਹ ਪੁਸ਼ਟੀ ਕਰਦੇ ਹਨ ਕਿ ਯਿਸੂ ਉਸੇ ਪਰਿਵਾਰਕ ਵੰਸ਼ ਤੋਂ ਆਇਆ ਸੀ। (ਮੱਤੀ 1:1-16; ਲੂਕਾ 3:23-38) ਭਾਵੇਂ ਕਿ ਯਿਸੂ ਦੇ ਕਈ ਸਖ਼ਤ ਦੁਸ਼ਮਣ ਸਨ, ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਸ ਦੀ ਖੁਲ੍ਹੇ-ਆਮ ਪ੍ਰਚਾਰੀ ਗਈ ਵੰਸ਼ਾਵਲੀ ਨੂੰ ਚਣੌਤੀ ਨਹੀਂ ਦਿੱਤੀ। (ਮੱਤੀ 21:9, 15) ਫਿਰ, ਸਪੱਸ਼ਟ ਤੌਰ ਤੇ, ਉਸ ਦੀ ਵੰਸ਼ਾਵਲੀ ਨਿਰਵਿਵਾਦ ਹੈ। ਪਰੰਤੂ, ਉਦੋਂ ਯਹੂਦੀ ਪਰਿਵਾਰਕ ਰਿਕਾਰਡ ਨਾਸ਼ ਹੋ ਗਏ ਸਨ ਜਦੋਂ ਰੋਮੀਆਂ ਨੇ 70 ਸਾ.ਯੁ. ਵਿਚ ਯਰੂਸ਼ਲਮ ਨੂੰ ਲੁੱਟਮਾਰਿਆ ਸੀ। ਬਾਅਦ ਦੇ ਸਮਿਆਂ ਵਿਚ, ਕੋਈ ਵੀ ਵਿਅਕਤੀ ਵਾਅਦਾ ਕੀਤੇ ਹੋਏ ਮਸੀਹਾ ਹੋਣ ਦਾ ਦਾਅਵਾ ਸਾਬਤ ਨਹੀਂ ਕਰ ਸਕਦਾ ਸੀ।

7. (ੳ) ਸਬੂਤ ਦੀ ਦੂਜੀ ਲੜੀ ਕੀ ਹੈ ਕਿ ਯਿਸੂ ਹੀ ਮਸੀਹਾ ਸੀ? (ਅ) ਯਿਸੂ ਦੇ ਸੰਬੰਧ ਵਿਚ ਮੀਕਾਹ 5:2 ਕਿਸ ਤਰ੍ਹਾਂ ਪੂਰਾ ਹੋਇਆ?

7 ਪੂਰੀ ਹੋਈ ਭਵਿੱਖਬਾਣੀ ਸਬੂਤ ਦੀ ਦੂਜੀ ਲੜੀ ਹੈ। ਇਬਰਾਨੀ ਸ਼ਾਸਤਰਾਂ ਦੀਆਂ ਅਨੇਕ ਭਵਿੱਖਬਾਣੀਆਂ ਮਸੀਹਾ ਦੇ ਜੀਵਨ-ਕ੍ਰਮ ਦੇ ਵਿਭਿੰਨ ਪਹਿਲੂਆਂ ਨੂੰ ਵਰਣਿਤ ਕਰਦੀਆਂ ਹਨ। ਅੱਠਵੀਂ ਸਦੀ ਸਾ.ਯੁ.ਪੂ. ਵਿਚ ਨਬੀ ਮੀਕਾਹ ਨੇ ਪੂਰਵ-ਸੂਚਿਤ ਕੀਤਾ ਕਿ ਇਹ ਮਹਾਨ ਸ਼ਾਸਕ ਇਕ ਮਾਮੂਲੀ ਸ਼ਹਿਰ ਬੈਤਲਹਮ ਵਿਚ ਪੈਦਾ ਹੋਵੇਗਾ। ਇਸਰਾਏਲ ਵਿਚ ਦੋ ਬੈਤਲਹਮ ਨਾਮਕ ਸ਼ਹਿਰ ਸਨ, ਪਰੰਤੂ ਇਸ ਭਵਿੱਖਬਾਣੀ ਨੇ ਉਸ ਸ਼ਹਿਰ ਨੂੰ ਵਿਸ਼ਿਸ਼ਟ ਕੀਤਾ: ਬੈਤਲਹਮ ਅਫ਼ਰਾਥਾਹ, ਜਿੱਥੇ ਰਾਜਾ ਦਾਊਦ ਪੈਦਾ ਹੋਇਆ ਸੀ। (ਮੀਕਾਹ 5:2) ਯਿਸੂ ਦੇ ਮਾਂ-ਬਾਪ, ਮਰਿਯਮ ਅਤੇ ਯੂਸੁਫ਼, ਬੈਤਲਹਮ ਦੇ ਉੱਤਰ ਵਿਚ ਕੁਝ 150 ਕਿਲੋਮੀਟਰ ਦੂਰ ਨਾਸਰਤ ਵਿਚ ਰਹਿੰਦੇ ਸਨ। ਪਰ ਜਦੋਂ ਮਰਿਯਮ ਗਰਭਵਤੀ ਸੀ, ਤਾਂ ਰੋਮੀ ਸ਼ਾਸਕ ਕੈਸਰ ਔਗੂਸਤੁਸ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਜੱਦੀ ਸ਼ਹਿਰਾਂ ਵਿਚ ਆਪਣੇ ਨਾਂ ਦਰਜ ਕਰਵਾਉਣ। * ਸੋ ਯੂਸੁਫ਼ ਨੂੰ ਆਪਣੀ ਗਰਭਵਤੀ ਪਤਨੀ ਨੂੰ ਬੈਤਲਹਮ ਲੈ ਜਾਣਾ ਪਿਆ, ਜਿੱਥੇ ਯਿਸੂ ਪੈਦਾ ਹੋਇਆ।—ਲੂਕਾ 2:1-7.

8. (ੳ) ਕਦੋਂ ਅਤੇ ਕਿਸ ਘਟਨਾ ਦੇ ਨਾਲ 69 “ਸਾਤੇ” ਆਰੰਭ ਹੋਏ? (ਅ) ਉਹ 69 “ਸਾਤੇ” ਕਿੰਨੇ ਲੰਬੇ ਸਨ, ਅਤੇ ਉਦੋਂ ਕੀ ਹੋਇਆ ਜਦੋਂ ਉਹ ਸਮਾਪਤ ਹੋਏ?

8 ਛੇਵੀਂ ਸਦੀ ਸਾ.ਯੁ.ਪੂ. ਵਿਚ, ਨਬੀ ਦਾਨੀਏਲ ਨੇ ਪੂਰਵ-ਸੂਚਿਤ ਕੀਤਾ ਸੀ ਕਿ ਯਰੂਸ਼ਲਮ ਨੂੰ ਦੂਜੀ ਵਾਰ ਉਸਾਰਨ ਦੇ ਹੁਕਮ ਦਿੱਤੇ ਜਾਣ ਤੋਂ 69 “ਸਾਤੇ” ਬਾਅਦ “ਮਸੀਹ ਰਾਜ ਪੁੱਤ੍ਰ,” ਪ੍ਰਗਟ ਹੋਵੇਗਾ। (ਦਾਨੀਏਲ 9:24, 25) ਹਰ ਇਕ ‘ਸਾਤਾ’ ਸੱਤ ਸਾਲ ਲੰਬਾ ਸੀ। * ਬਾਈਬਲ ਅਤੇ ਧਰਮ-ਨਿਰਪੇਖ ਇਤਿਹਾਸ ਦੇ ਅਨੁਸਾਰ, ਯਰੂਸ਼ਲਮ ਨੂੰ ਦੂਜੀ ਵਾਰ ਉਸਾਰਨ ਦਾ ਹੁਕਮ 455 ਸਾ.ਯੁ.ਪੂ ਵਿਚ ਦਿੱਤਾ ਗਿਆ ਸੀ। (ਨਹਮਯਾਹ 2:1-8) ਸੋ ਮਸੀਹਾ ਨੇ 455 ਸਾ.ਯੁ.ਪੂ. ਤੋਂ 483 (69 ਗੁਣਾ 7) ਸਾਲਾਂ ਬਾਅਦ ਪ੍ਰਗਟ ਹੋਣਾ ਸੀ। ਇਹ ਸਾਨੂੰ 29 ਸਾ.ਯੁ. ਤਕ ਲੈ ਆਉਂਦਾ ਹੈ, ਉਹੀ ਸਾਲ ਜਿਸ ਵਿਚ ਯਹੋਵਾਹ ਨੇ ਯਿਸੂ ਨੂੰ ਪਵਿੱਤਰ ਆਤਮਾ ਨਾਲ ਮਸਹ ਕੀਤਾ ਸੀ। ਇਸ ਤਰ੍ਹਾਂ, ਯਿਸੂ “ਮਸੀਹ” (ਜਿਸ ਦਾ ਅਰਥ “ਮਸਹ ਕੀਤਾ ਹੋਇਆ ਵਿਅਕਤੀ” ਹੈ), ਜਾਂ ਮਸੀਹਾ ਬਣਿਆ।—ਲੂਕਾ 3:15, 16, 21, 22.

9. (ੳ) ਜ਼ਬੂਰ 2:2 ਕਿਸ ਤਰ੍ਹਾਂ ਪੂਰਾ ਹੋਇਆ? (ਅ) ਕੁਝ ਹੋਰ ਕਿਹੜੀਆਂ ਭਵਿੱਖਬਾਣੀਆਂ ਹਨ ਜੋ ਯਿਸੂ ਵਿਚ ਪੂਰੀਆਂ ਹੋਈਆਂ ਸਨ? (ਚਾਰਟ ਦੇਖੋ।)

9 ਯਕੀਨਨ, ਹਰ ਇਕ ਨੇ ਯਿਸੂ ਨੂੰ ਵਾਅਦਾ ਕੀਤੇ ਹੋਏ ਮਸੀਹਾ ਦੇ ਰੂਪ ਵਿਚ ਸਵੀਕਾਰ ਨਹੀਂ ਕੀਤਾ, ਅਤੇ ਸ਼ਾਸਤਰਾਂ ਨੇ ਇਹ ਸਥਿਤੀ ਪੂਰਵ-ਸੂਚਿਤ ਕੀਤੀ ਸੀ। ਜਿਵੇਂ ਜ਼ਬੂਰ 2:2 ਵਿਚ ਰਿਕਾਰਡ ਕੀਤਾ ਗਿਆ ਹੈ, ਰਾਜਾ ਦਾਊਦ ਨੂੰ ਇਹ ਪੂਰਵ-ਸੂਚਨਾ ਦੇਣ ਲਈ ਈਸ਼ਵਰੀ ਤੌਰ ਤੇ ਪ੍ਰੇਰਿਤ ਕੀਤਾ ਗਿਆ: “ਯਹੋਵਾਹ ਅਰ ਉਹ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜੇ ਹੋਏ, ਅਤੇ ਹਾਕਮ ਆਪੋ ਵਿੱਚ ਮਤਾ ਪਕਾਉਂਦੇ ਹਨ।” ਇਸ ਭਵਿੱਖਬਾਣੀ ਨੇ ਸੰਕੇਤ ਕੀਤਾ ਕਿ ਇਕ ਤੋਂ ਜ਼ਿਆਦਾ ਦੇਸ਼ਾਂ ਵਿੱਚੋਂ ਹਾਕਮ ਯਹੋਵਾਹ ਦੇ ਮਸਹ ਕੀਤੇ ਹੋਏ ਵਿਅਕਤੀ, ਜਾਂ ਮਸੀਹਾ ਦੇ ਵਿਰੁੱਧ ਹਮਲਾ ਕਰਨ ਦੇ ਲਈ ਇਕੱਠੇ ਮਿਲ ਜਾਣਗੇ। ਅਤੇ ਇਹੋ ਹੀ ਹੋਇਆ। ਯਹੂਦੀ ਧਾਰਮਿਕ ਆਗੂ, ਰਾਜਾ ਹੇਰੋਦੇਸ, ਅਤੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ, ਸਾਰਿਆਂ ਨੇ ਯਿਸੂ ਨੂੰ ਮਰਵਾਉਣ ਵਿਚ ਭੂਮਿਕਾ ਅਦਾ ਕੀਤੀ। ਉਸ ਸਮੇਂ ਤੋਂ ਹੇਰੋਦੇਸ ਅਤੇ ਪਿਲਾਤੁਸ, ਜੋ ਪਹਿਲਾਂ ਦੁਸ਼ਮਣ ਸਨ, ਪੱਕੇ ਦੋਸਤ ਬਣ ਗਏ। (ਮੱਤੀ 27:1, 2; ਲੂਕਾ 23:10-12; ਰਸੂਲਾਂ ਦੇ ਕਰਤੱਬ 4:25-28) ਹੋਰ ਸਬੂਤ ਲਈ ਕਿ ਯਿਸੂ ਹੀ ਮਸੀਹਾ ਸੀ, ਕਿਰਪਾ ਕਰ ਕੇ ਨਾਲ ਦਾ “ਕੁਝ ਪ੍ਰਮੁੱਖ ਮਸੀਹਾਈ ਭਵਿੱਖਬਾਣੀਆਂ” ਚਾਰਟ ਦੇਖੋ।

10. ਕਿਹੜਿਆਂ ਤਰੀਕਿਆਂ ਵਿਚ ਯਹੋਵਾਹ ਨੇ ਪ੍ਰਮਾਣਿਤ ਕੀਤਾ ਕਿ ਯਿਸੂ ਹੀ ਉਸ ਦੇ ਵਾਅਦੇ ਦਾ ਮਸੀਹ ਕੀਤਾ ਹੋਇਆ ਵਿਅਕਤੀ ਸੀ?

10 ਯਹੋਵਾਹ ਪਰਮੇਸ਼ੁਰ ਦਾ ਪ੍ਰਮਾਣ, ਯਿਸੂ ਦੇ ਮਸੀਹੀਪੁਣੇ ਨੂੰ ਸਮਰਥਨ ਕਰਨ ਵਾਲੀ, ਸਬੂਤ ਦੀ ਤੀਜੀ ਲੜੀ ਹੈ। ਯਹੋਵਾਹ ਨੇ ਲੋਕਾਂ ਨੂੰ ਇਹ ਦੱਸਣ ਲਈ ਦੂਤਾਂ ਨੂੰ ਘੱਲਿਆ ਕਿ ਯਿਸੂ ਉਹ ਵਾਅਦਾ ਕੀਤਾ ਹੋਇਆ ਮਸੀਹਾ ਹੈ। (ਲੂਕਾ 2:10-14) ਅਸਲ ਵਿਚ, ਯਿਸੂ ਦੇ ਪਾਰਥਿਵ ਜੀਵਨ ਦੇ ਦੌਰਾਨ, ਯਹੋਵਾਹ ਆਪ ਸਵਰਗ ਤੋਂ ਬੋਲਿਆ ਅਤੇ ਯਿਸੂ ਦੇ ਪ੍ਰਤੀ ਆਪਣੀ ਸਵੀਕ੍ਰਿਤੀ ਪ੍ਰਗਟ ਕੀਤੀ। (ਮੱਤੀ 3:16, 17; 17:1-5) ਯਹੋਵਾਹ ਪਰਮੇਸ਼ੁਰ ਨੇ ਯਿਸੂ ਨੂੰ ਚਮਤਕਾਰ ਕਰਨ ਲਈ ਸ਼ਕਤੀ ਦਿੱਤੀ। ਇਨ੍ਹਾਂ ਵਿੱਚੋਂ ਹਰ ਇਕ ਚਮਤਕਾਰ ਹੋਰ ਈਸ਼ਵਰੀ ਸਬੂਤ ਦਿੰਦਾ ਸੀ ਕਿ ਯਿਸੂ ਹੀ ਮਸੀਹਾ ਸੀ, ਕਿਉਂਕਿ ਪਰਮੇਸ਼ੁਰ ਕਦੀ ਵੀ ਇਕ ਫਰੇਬੀ ਨੂੰ ਚਮਤਕਾਰ ਕਰਨ ਦੀ ਸ਼ਕਤੀ ਨਾ ਦਿੰਦਾ। ਯਹੋਵਾਹ ਨੇ ਇੰਜੀਲ ਬਿਰਤਾਂਤਾਂ ਨੂੰ ਵੀ ਪ੍ਰੇਰਿਤ ਕਰਨ ਲਈ ਆਪਣੀ ਪਵਿੱਤਰ ਆਤਮਾ ਨੂੰ ਇਸਤੇਮਾਲ ਕੀਤਾ, ਇਸ ਲਈ ਯਿਸੂ ਦੇ ਮਸੀਹੀਪੁਣੇ ਦਾ ਸਬੂਤ ਬਾਈਬਲ ਦਾ ਇਕ ਹਿੱਸਾ ਬਣਿਆ, ਜੋ ਕਿ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਅਨੁਵਾਦ ਅਤੇ ਵਿਸਤ੍ਰਿਤ ਕੀਤੀ ਹੋਈ ਪੁਸਤਕ ਹੈ।—ਯੂਹੰਨਾ 4:25, 26.

11. ਕਿੰਨਾ ਸਬੂਤ ਹਾਜ਼ਰ ਹੈ ਕਿ ਯਿਸੂ ਹੀ ਮਸੀਹਾ ਸੀ?

11 ਇਕੱਠੀਆਂ ਮਿਲਾ ਕੇ, ਇਨ੍ਹਾਂ ਸਬੂਤ ਦੀਆਂ ਸ਼੍ਰੇਣੀਆਂ ਵਿਚ ਸੈਂਕੜੇ ਹੀ ਹਕੀਕਤਾਂ ਸ਼ਾਮਲ ਹਨ ਜੋ ਯਿਸੂ ਨੂੰ ਵਾਅਦਾ ਕੀਤਾ ਹੋਇਆ ਮਸੀਹਾ ਸ਼ਨਾਖਤ ਕਰਦੀਆਂ ਹਨ। ਸਪੱਸ਼ਟ ਤੌਰ ਤੇ, ਫਿਰ, ਸੱਚੇ ਮਸੀਹੀਆਂ ਨੇ ਉਸ ਨੂੰ ਠੀਕ ਹੀ ਉਹ ਮੰਨਿਆ ਜਿਸ ‘ਉੱਤੇ ਸਭ ਨਬੀ ਸਾਖੀ ਦਿੰਦੇ ਹਨ,’ ਨਾਲੇ ਪਰਮੇਸ਼ੁਰ ਦੇ ਗਿਆਨ ਦੀ ਕੁੰਜੀ। (ਰਸੂਲਾਂ ਦੇ ਕਰਤੱਬ 10:43) ਪਰੰਤੂ ਇਸ ਹਕੀਕਤ ਤੋਂ ਇਲਾਵਾ ਕਿ ਉਹ ਮਸੀਹਾ ਸੀ, ਯਿਸੂ ਮਸੀਹ ਬਾਰੇ ਸਿੱਖਣ ਲਈ ਹੋਰ ਵੀ ਬਹੁਤ ਗੱਲਾਂ ਹਨ। ਉਸ ਦਾ ਮੁੱਢ ਕਿੱਥੋਂ ਸੀ? ਉਹ ਕਿਸ ਤਰ੍ਹਾਂ ਦਾ ਵਿਅਕਤੀ ਸੀ?

ਯਿਸੂ ਦੀ ਪੂਰਵ-ਮਾਨਵੀ ਹੋਂਦ

12, 13. (ੳ) ਅਸੀਂ ਇਹ ਕਿਸ ਤਰ੍ਹਾਂ ਜਾਣਦੇ ਹਾਂ ਕਿ ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਹੋਂਦ ਵਿਚ ਸੀ? (ਅ) “ਸ਼ਬਦ” ਕੌਣ ਹੈ, ਅਤੇ ਇਕ ਮਨੁੱਖ ਬਣਨ ਤੋਂ ਪਹਿਲਾਂ ਉਸ ਨੇ ਕੀ ਕੀਤਾ?

12 ਯਿਸੂ ਦਾ ਜੀਵਨ-ਕ੍ਰਮ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲਾ ਭਾਗ ਉਸ ਦਾ ਧਰਤੀ ਉੱਤੇ ਪੈਦਾ ਹੋਣ ਤੋਂ ਬਹੁਤ ਸਮਾਂ ਪਹਿਲਾਂ ਆਰੰਭ ਹੋਇਆ। ਮੀਕਾਹ 5:2 ਨੇ ਕਿਹਾ ਕਿ ਮਸੀਹਾ ਦਾ ਮੁੱਢ “ਪਰਾਚੀਨ ਸਮੇਂ ਤੋਂ, ਸਗੋਂ ਅਨਾਦ ਤੋਂ ਹੈ।” ਅਤੇ ਯਿਸੂ ਨੇ ਸਾਫ਼-ਸਾਫ਼ ਕਿਹਾ ਕਿ ਉਹ “ਉੱਤੋਂ,” ਅਰਥਾਤ, ਸਵਰਗ ਤੋਂ ਆਇਆ ਸੀ। (ਯੂਹੰਨਾ 8:23; 16:28) ਇਸ ਧਰਤੀ ਉੱਤੇ ਆਉਣ ਤੋਂ ਪਹਿਲਾਂ ਉਹ ਸਵਰਗ ਵਿਚ ਕਿੰਨੇ ਸਮੇਂ ਲਈ ਹੋਂਦ ਵਿਚ ਸੀ?

13 ਯਿਸੂ ਨੂੰ ਪਰਮੇਸ਼ੁਰ ਦਾ “ਇਕਲੌਤਾ ਪੁੱਤ੍ਰ” ਆਖਿਆ ਗਿਆ ਕਿਉਂਕਿ ਯਹੋਵਾਹ ਨੇ ਉਸ ਨੂੰ ਸਿੱਧੇ ਤੌਰ ਤੇ ਸ੍ਰਿਸ਼ਟ ਕੀਤਾ ਸੀ। (ਯੂਹੰਨਾ 3:16) ਫਿਰ ਪਰਮੇਸ਼ੁਰ ਨੇ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਹੋਣ ਦੇ ਨਾਤੇ, ਯਿਸੂ ਨੂੰ ਸਾਰੀਆਂ ਹੋਰ ਚੀਜ਼ਾਂ ਸ੍ਰਿਸ਼ਟ ਕਰਨ ਲਈ ਇਸਤੇਮਾਲ ਕੀਤਾ। (ਕੁਲੁੱਸੀਆਂ 1:15; ਪਰਕਾਸ਼ ਦੀ ਪੋਥੀ 3:14) ਯੂਹੰਨਾ 1:1 ਕਹਿੰਦਾ ਹੈ ਕਿ “ਸ਼ਬਦ” (ਯਿਸੂ ਆਪਣੀ ਪੂਰਵ-ਮਾਨਵੀ ਹੋਂਦ ਵਿਚ) “ਆਦ ਵਿੱਚ” ਪਰਮੇਸ਼ੁਰ ਦੇ ਸੰਗ ਸੀ। ਸੋ ਸ਼ਬਦ ਯਹੋਵਾਹ ਦੇ ਸੰਗ ਸੀ ਜਦੋਂ “ਅਕਾਸ਼ ਤੇ ਧਰਤੀ” ਸ੍ਰਿਸ਼ਟ ਕੀਤੇ ਗਏ ਸਨ। ਪਰਮੇਸ਼ੁਰ ਸ਼ਬਦ ਨੂੰ ਸੰਬੋਧਿਤ ਕਰ ਰਿਹਾ ਸੀ ਜਦੋਂ ਉਸ ਨੇ ਕਿਹਾ: “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ . . . ਬਣਾਈਏ।” (ਉਤਪਤ 1:1, 26) ਇਸੇ ਤਰ੍ਹਾਂ, ਸ਼ਬਦ ਹੀ ਪਰਮੇਸ਼ੁਰ ਦਾ ਉਹ ਪਿਆਰਾ “ਰਾਜ ਮਿਸਤਰੀ” ਰਿਹਾ ਹੋਣਾ, ਜੋ ਕਹਾਉਤਾਂ 8:22-31 ਵਿਚ ਬੁੱਧ ਦਾ ਮਾਨਵੀਕਰਣ ਵਰਣਿਤ ਕੀਤਾ ਗਿਆ ਹੈ, ਜਿਸ ਨੇ ਸਾਰੀਆਂ ਚੀਜ਼ਾਂ ਬਣਾਉਣ ਵਿਚ ਯਹੋਵਾਹ ਦੇ ਨਾਲ ਮਿਹਨਤ ਕੀਤੀ। ਯਹੋਵਾਹ ਦਾ ਉਸ ਨੂੰ ਹੋਂਦ ਵਿਚ ਲਿਆਉਣ ਦੇ ਮਗਰੋਂ, ਸ਼ਬਦ ਨੇ ਧਰਤੀ ਉੱਤੇ ਇਕ ਮਨੁੱਖ ਬਣਨ ਤੋਂ ਪਹਿਲਾਂ ਪਰਮੇਸ਼ੁਰ ਦੇ ਨਾਲ ਸਵਰਗ ਵਿਚ ਅਣਗਿਣਤ ਕਾਲ ਬਤੀਤ ਕੀਤੇ।

14. ਯਿਸੂ ਨੂੰ “ਅਲੱਖ ਪਰਮੇਸ਼ੁਰ ਦਾ ਰੂਪ” ਕਿਉਂ ਆਖਿਆ ਜਾਂਦਾ ਹੈ?

14 ਕੋਈ ਹੈਰਾਨਗੀ ਦੀ ਗੱਲ ਨਹੀਂ ਹੈ ਕਿ ਕੁਲੁੱਸੀਆਂ 1:15 ਯਿਸੂ ਨੂੰ “ਅਲੱਖ ਪਰਮੇਸ਼ੁਰ ਦਾ ਰੂਪ” ਆਖਦੀ ਹੈ! ਅਣਗਿਣਤ ਸਾਲਾਂ ਦੀ ਨਜ਼ਦੀਕੀ ਸੰਗਤ ਦੁਆਰਾ, ਉਹ ਆਗਿਆਕਾਰ ਪੁੱਤਰ ਬਿਲਕੁਲ ਆਪਣੇ ਪਿਤਾ, ਯਹੋਵਾਹ ਵਰਗਾ ਬਣ ਗਿਆ। ਇਹ ਇਕ ਹੋਰ ਕਾਰਨ ਹੈ ਕਿ ਯਿਸੂ ਕਿਉਂ ਪਰਮੇਸ਼ੁਰ ਦੇ ਜੀਵਨਦਾਇਕ ਗਿਆਨ ਦੀ ਕੁੰਜੀ ਹੈ। ਹਰ ਇਕ ਕੰਮ ਜੋ ਯਿਸੂ ਨੇ ਧਰਤੀ ਉੱਤੇ ਰਹਿੰਦਿਆਂ ਕੀਤਾ, ਇਹ ਉਹੋ ਸੀ ਜੋ ਯਹੋਵਾਹ ਆਪ ਕਰਦਾ। ਇਸ ਲਈ, ਯਿਸੂ ਨੂੰ ਜਾਣਨ ਦਾ ਅਰਥ ਇਹ ਵੀ ਹੈ ਕਿ ਯਹੋਵਾਹ ਬਾਰੇ ਆਪਣਾ ਗਿਆਨ ਹੋਰ ਵਧਾਉਣਾ। (ਯੂਹੰਨਾ 8:28; 14:8-10) ਸਪੱਸ਼ਟ ਤੌਰ ਤੇ, ਫਿਰ, ਯਿਸੂ ਮਸੀਹ ਬਾਰੇ ਹੋਰ ਸਿੱਖਿਆ ਲੈਣੀ ਅਤਿ-ਮਹੱਤਵਪੂਰਣ ਹੈ।

ਯਿਸੂ ਦਾ ਧਰਤੀ ਉੱਤੇ ਜੀਵਨ-ਕ੍ਰਮ

15. ਯਿਸੂ ਕਿਵੇਂ ਇਕ ਸੰਪੂਰਣ ਬੱਚੇ ਦੇ ਤੌਰ ਤੇ ਪੈਦਾ ਹੋਇਆ?

15 ਯਿਸੂ ਦੇ ਜੀਵਨ-ਕ੍ਰਮ ਦਾ ਦੂਜਾ ਭਾਗ ਇੱਥੇ ਧਰਤੀ ਉੱਤੇ ਸੀ। ਉਹ ਰਜ਼ਾਮੰਦੀ ਨਾਲ ਆਗਿਆਕਾਰ ਹੋਇਆ ਜਦੋਂ ਪਰਮੇਸ਼ੁਰ ਨੇ ਉਸ ਦਾ ਜੀਵਨ ਸਵਰਗ ਤੋਂ ਲੈ ਕੇ, ਮਰਿਯਮ ਨਾਮਕ ਇਕ ਵਫ਼ਾਦਾਰ ਯਹੂਦੀ ਕੁਆਰੀ ਦੀ ਕੁੱਖ ਵਿਚ ਤਬਦੀਲ ਕਰ ਦਿੱਤਾ। ਯਹੋਵਾਹ ਦੀ ਸ਼ਕਤੀਸ਼ਾਲੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ, ਮਰਿਯਮ ਉੱਪਰ ‘ਛਾਈ,’ ਜਿਸ ਕਰਕੇ ਉਹ ਗਰਭਵਤੀ ਹੋਈ ਅਤੇ ਆਖ਼ਰਕਾਰ ਉਸ ਨੇ ਇਕ ਸੰਪੂਰਣ ਬੱਚੇ ਨੂੰ ਜਨਮ ਦਿੱਤਾ। (ਲੂਕਾ 1:34, 35) ਯਿਸੂ ਨੇ ਵਿਰਸੇ ਵਿਚ ਕੋਈ ਅਪੂਰਣਤਾ ਨਹੀਂ ਹਾਸਲ ਕੀਤੀ, ਕਿਉਂਕਿ ਉਸ ਦਾ ਜੀਵਨ ਇਕ ਸੰਪੂਰਣ ਸ੍ਰੋਤ ਤੋਂ ਮਿਲਿਆ ਸੀ। ਉਹ ਤਰਖਾਣ ਯੂਸੁਫ਼ ਦੇ ਲੈ-ਪਾਲਕ ਪੁੱਤਰ ਦੇ ਤੌਰ ਤੇ ਇਕ ਸਾਧਾਰਣ ਘਰ ਵਿਚ ਵੱਡਾ ਹੋਇਆ, ਅਤੇ ਪਰਿਵਾਰ ਦੇ ਕਈ ਬੱਚਿਆਂ ਵਿੱਚੋਂ ਜੇਠਾ ਸੀ।—ਯਸਾਯਾਹ 7:14; ਮੱਤੀ 1:22, 23; ਮਰਕੁਸ 6:3.

16, 17. (ੳ) ਯਿਸੂ ਨੂੰ ਚਮਤਕਾਰ ਕਰਨ ਦੀ ਸ਼ਕਤੀ ਕਿੱਥੋਂ ਮਿਲੀ ਸੀ, ਅਤੇ ਕੁਝ ਉਨ੍ਹਾਂ ਵਿੱਚੋਂ ਕੀ ਸਨ? (ਅ) ਕੁਝ ਗੁਣ ਕਿਹੜੇ ਹਨ ਜੋ ਯਿਸੂ ਨੇ ਦਿਖਾਏ?

16 ਜਦੋਂ ਯਿਸੂ 12 ਸਾਲ ਦੀ ਉਮਰ ਦਾ ਸੀ, ਤਾਂ ਉਦੋਂ ਹੀ ਉਸ ਦੀ ਯਹੋਵਾਹ ਪਰਮੇਸ਼ੁਰ ਦੇ ਪ੍ਰਤੀ ਗਹਿਰੀ ਸ਼ਰਧਾ ਜ਼ਾਹਰ ਸੀ। (ਲੂਕਾ 2:41-49) ਬਾਲਗ ਬਣਨ ਅਤੇ 30 ਸਾਲ ਦੀ ਉਮਰ ਤੇ ਆਪਣੀ ਸੇਵਕਾਈ ਵਿਚ ਆਰੰਭ ਹੋਣ ਤੋਂ ਬਾਅਦ, ਯਿਸੂ ਨੇ ਆਪਣੇ ਸਾਥੀ ਮਨੁੱਖਾਂ ਲਈ ਵੀ ਆਪਣਾ ਡੂੰਘਾ ਪ੍ਰੇਮ ਪ੍ਰਦਰਸ਼ਿਤ ਕੀਤਾ। ਜਦੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੇ ਉਸ ਨੂੰ ਚਮਤਕਾਰ ਕਰਨ ਲਈ ਸ਼ਕਤੀਸ਼ਾਲੀ ਬਣਾਇਆ, ਤਾਂ ਉਸ ਨੇ ਦਇਆਪੂਰਵਕ ਢੰਗ ਨਾਲ ਬੀਮਾਰਾਂ, ਲੰਗੜਿਆਂ, ਪਿੰਗਲਿਆਂ, ਅੰਨ੍ਹਿਆਂ, ਬੋਲਿਆਂ ਅਤੇ ਕੋੜ੍ਹੀਆਂ ਨੂੰ ਚੰਗਾ ਕੀਤਾ। (ਮੱਤੀ 8:2-4; 15:30) ਯਿਸੂ ਨੇ ਹਜ਼ਾਰਾਂ ਭੁੱਖਿਆਂ ਨੂੰ ਖੁਆਇਆ। (ਮੱਤੀ 15:35-38) ਉਸ ਨੇ ਇਕ ਤੂਫ਼ਾਨ ਨੂੰ ਸ਼ਾਂਤ ਕੀਤਾ, ਜਿਸ ਕਰਕੇ ਉਸ ਦੇ ਮਿੱਤਰਾਂ ਦੀ ਸੁਰੱਖਿਆ ਖ਼ਤਰੇ ਵਿਚ ਸੀ। (ਮਰਕੁਸ 4:37-39) ਅਸਲ ਵਿਚ, ਉਸ ਨੇ ਮਰੇ ਹੋਇਆਂ ਨੂੰ ਵੀ ਪੁਨਰ-ਉਥਿਤ ਕੀਤਾ। (ਯੂਹੰਨਾ 11:43, 44) ਇਹ ਚਮਤਕਾਰ ਇਤਿਹਾਸ ਵਿਚ ਪ੍ਰਮਾਣਿਤ ਹਕੀਕਤਾਂ ਹਨ। ਯਿਸੂ ਦੇ ਦੁਸ਼ਮਣਾਂ ਨੇ ਵੀ ਇਹ ਕਬੂਲ ਕੀਤਾ ਕਿ ਉਸ ਨੇ ‘ਬਹੁਤ ਨਿਸ਼ਾਨ ਵਿਖਾਏ।’—ਯੂਹੰਨਾ 11:47, 48.

17 ਯਿਸੂ ਨੇ ਆਪਣੇ ਸਾਰੇ ਜੱਦੀ ਦੇਸ਼ ਵਿਚ ਯਾਤਰਾ ਕਰ ਕੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਿਆ ਦਿੱਤੀ। (ਮੱਤੀ 4:17) ਉਸ ਨੇ ਧੀਰਜ ਅਤੇ ਤਰਕਸੰਗਤੀ ਵਿਚ ਵੀ ਇਕ ਉੱਤਮ ਮਿਸਾਲ ਕਾਇਮ ਕੀਤੀ। ਇੱਥੋਂ ਤਕ ਕਿ ਜਦੋਂ ਉਸ ਦੇ ਚੇਲਿਆਂ ਨੇ ਉਸ ਨੂੰ ਨਿਰਾਸ਼ ਕੀਤਾ, ਤਾਂ ਉਸ ਨੇ ਹਮਦਰਦੀ ਨਾਲ ਕਿਹਾ: “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।” (ਮਰਕੁਸ 14:37, 38) ਫਿਰ ਵੀ, ਯਿਸੂ ਉਨ੍ਹਾਂ ਦੇ ਨਾਲ ਦਲੇਰ ਅਤੇ ਸਪੱਸ਼ਟਵਾਦੀ ਸੀ ਜੋ ਸੱਚਾਈ ਨਾਲ ਨਫ਼ਰਤ ਕਰਦੇ ਅਤੇ ਬਿਨ-ਸਹਾਰੇ ਲੋਕਾਂ ਨੂੰ ਸਤਾਉਂਦੇ ਸਨ। (ਮੱਤੀ 23:27-33) ਸਭ ਤੋਂ ਵਧ, ਉਸ ਨੇ ਆਪਣੇ ਪਿਤਾ ਦੇ ਪ੍ਰੇਮ ਦੀ ਮਿਸਾਲ ਦਾ ਸੰਪੂਰਣ ਤੌਰ ਤੇ ਅਨੁਕਰਣ ਕੀਤਾ। ਯਿਸੂ ਮਰਨ ਲਈ ਵੀ ਰਜ਼ਾਮੰਦ ਸੀ ਤਾਂਕਿ ਅਪੂਰਣ ਮਨੁੱਖਜਾਤੀ ਨੂੰ ਭਵਿੱਖ ਲਈ ਇਕ ਉਮੀਦ ਮਿਲ ਸਕੇ। ਕੋਈ ਹੈਰਾਨਗੀ ਦੀ ਗੱਲ ਨਹੀਂ ਹੈ, ਫਿਰ, ਕਿ ਅਸੀਂ ਉਚਿਤ ਤੌਰ ਤੇ ਯਿਸੂ ਨੂੰ ਪਰਮੇਸ਼ੁਰ ਦੇ ਗਿਆਨ ਦੀ ਕੁੰਜੀ ਦੇ ਤੌਰ ਤੇ ਜ਼ਿਕਰ ਕਰਦੇ ਹਾਂ! ਜੀ ਹਾਂ, ਉਹ ਜੀਉਂਦੀ ਕੁੰਜੀ ਹੈ! ਪਰੰਤੂ ਅਸੀਂ ਜੀਉਂਦੀ ਕੁੰਜੀ ਕਿਉਂ ਕਹਿੰਦੇ ਹਾਂ? ਇਹ ਨੁਕਤਾ ਸਾਨੂੰ ਉਸ ਦੇ ਜੀਵਨ-ਕ੍ਰਮ ਦੇ ਤੀਜੇ ਭਾਗ ਤੇ ਲੈ ਆਉਂਦਾ ਹੈ।

ਅੱਜ ਯਿਸੂ

18. ਸਾਨੂੰ ਅੱਜ ਯਿਸੂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?

18 ਭਾਵੇਂ ਕਿ ਬਾਈਬਲ ਯਿਸੂ ਦੀ ਮੌਤ ਦੀ ਰਿਪੋਰਟ ਦਿੰਦੀ ਹੈ, ਉਹ ਹੁਣ ਜੀਉਂਦਾ ਹੈ! ਅਸਲ ਵਿਚ, ਪਹਿਲੀ ਸਦੀ ਸਾ.ਯੁ. ਵਿਚ ਜੀਉਂਦੇ ਸੈਂਕੜੇ ਹੀ ਲੋਕ ਉਸ ਹਕੀਕਤ ਦੇ ਚਸ਼ਮਦੀਦ ਗਵਾਹ ਸਨ ਕਿ ਉਹ ਪੁਨਰ-ਉਥਿਤ ਕੀਤਾ ਗਿਆ ਸੀ। (1 ਕੁਰਿੰਥੀਆਂ 15:3-8) ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਉਹ ਉਸ ਸਮੇਂ ਤੋਂ ਬਾਅਦ ਆਪਣੇ ਪਿਤਾ ਦੇ ਸੱਜੇ ਹੱਥ ਜਾ ਬੈਠਾ ਅਤੇ ਉਸ ਨੇ ਸਵਰਗ ਵਿਚ ਬਾਦਸ਼ਾਹੀ ਸ਼ਕਤੀ ਹਾਸਲ ਕਰਨ ਲਈ ਉਡੀਕ ਕੀਤੀ। (ਜ਼ਬੂਰ 110:1; ਇਬਰਾਨੀਆਂ 10:12, 13) ਸੋ ਸਾਨੂੰ ਅੱਜ ਯਿਸੂ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਕੀ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਇਕ ਤਬੇਲੇ ਵਿਚ ਪਿਆ ਹੋਇਆ ਇਕ ਬੇਬੱਸ ਬੱਚਾ ਹੈ? ਜਾਂ ਕਸ਼ਟ ਭੋਗ ਰਿਹਾ ਇਕ ਵਿਅਕਤੀ, ਜਿਸ ਨੂੰ ਮਾਰਿਆ ਜਾ ਰਿਹਾ ਹੈ? ਨਹੀਂ। ਉਹ ਇਕ ਸ਼ਕਤੀਸ਼ਾਲੀ, ਸ਼ਾਸਨ ਕਰ ਰਿਹਾ ਰਾਜਾ ਹੈ! ਅਤੇ ਹੁਣ ਜਲਦੀ ਹੀ, ਉਹ ਸਾਡੀ ਦੁਖੀ ਧਰਤੀ ਉੱਪਰ ਆਪਣੀ ਹਕੂਮਤ ਜ਼ਾਹਰ ਕਰੇਗਾ।

19. ਯਿਸੂ ਨਜ਼ਦੀਕ ਭਵਿੱਖ ਵਿਚ ਕਿਹੜਾ ਕਦਮ ਚੁੱਕੇਗਾ?

19 ਪਰਕਾਸ਼ ਦੀ ਪੋਥੀ 19:11-15 ਵਿਚ, ਰਾਜਾ ਯਿਸੂ ਮਸੀਹ ਨੂੰ ਪ੍ਰਤੱਖ ਰੂਪ ਵਿਚ ਵੱਡੀ ਸ਼ਕਤੀ ਨਾਲ ਦੁਸ਼ਟਾਂ ਨੂੰ ਨਾਸ਼ ਕਰਨ ਲਈ ਆਉਂਦਿਆਂ ਵਰਣਿਤ ਕੀਤਾ ਗਿਆ ਹੈ। ਇਹ ਪ੍ਰੇਮਪੂਰਣ ਸਵਰਗੀ ਸ਼ਾਸਕ ਉਨ੍ਹਾਂ ਦੁੱਖਾਂ ਨੂੰ ਖ਼ਤਮ ਕਰਨ ਲਈ ਕਿੰਨਾ ਉਤਸੁਕ ਹੋਵੇਗਾ ਜੋ ਅੱਜ ਕਰੋੜਾਂ ਨੂੰ ਕਸ਼ਟ ਦਿੰਦੇ ਹਨ! ਅਤੇ ਉਹ ਉਨ੍ਹਾਂ ਦੀ ਸਹਾਇਤਾ ਕਰਨ ਲਈ ਉੱਨਾ ਹੀ ਉਤਸੁਕ ਹੈ, ਜੋ ਉਸ ਦੇ ਇਸ ਧਰਤੀ ਉੱਤੇ ਰਹਿੰਦਿਆਂ ਕਾਇਮ ਕੀਤੀ ਸੰਪੂਰਣ ਮਿਸਾਲ ਨੂੰ ਅਨੁਕਰਣ ਕਰਨਾ ਚਾਹੁੰਦੇ ਹਨ। (1 ਪਤਰਸ 2:21) ਉਹ ਉਨ੍ਹਾਂ ਨੂੰ ਤੇਜ਼ੀ ਨਾਲ ਆ ਰਹੇ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ,” ਜਿਸ ਨੂੰ ਅਕਸਰ ਆਰਮਾਗੇਡਨ ਆਖਿਆ ਜਾਂਦਾ ਹੈ, ਤੋਂ ਬਚਾਉਣਾ ਚਾਹੁੰਦਾ ਹੈ, ਤਾਂਕਿ ਉਹ ਪਰਮੇਸ਼ੁਰ ਦੇ ਸਵਰਗੀ ਰਾਜ ਦੀ ਪਾਰਥਿਵ ਪਰਜਾ ਦੇ ਤੌਰ ਤੇ ਸਦਾ ਦੇ ਲਈ ਜੀਉਂਦੇ ਰਹਿ ਸਕਣ।—ਪਰਕਾਸ਼ ਦੀ ਪੋਥੀ 7:9, 14; 16:14, 16.

20. ਯਿਸੂ ਆਪਣੇ ਹਜ਼ਾਰ ਵਰ੍ਹੇ ਦੇ ਰਾਜ ਵਿਚ ਮਨੁੱਖਜਾਤੀ ਲਈ ਕੀ ਕਰੇਗਾ?

20 ਯਿਸੂ ਦੇ ਪੂਰਵ-ਸੂਚਿਤ ਸ਼ਾਂਤੀ ਵਾਲੇ ਹਜ਼ਾਰ ਵਰ੍ਹੇ ਦੇ ਰਾਜ ਦੌਰਾਨ, ਉਹ ਸਾਰੀ ਮਨੁੱਖਜਾਤੀ ਦੇ ਨਿਮਿੱਤ ਚਮਤਕਾਰ ਕਰੇਗਾ। (ਯਸਾਯਾਹ 9:6, 7; 11:1-10; ਪਰਕਾਸ਼ ਦੀ ਪੋਥੀ 20:6) ਯਿਸੂ ਸਾਰੀਆਂ ਬੀਮਾਰੀਆਂ ਨੂੰ ਚੰਗਾ ਕਰੇਗਾ ਅਤੇ ਮੌਤ ਨੂੰ ਖ਼ਤਮ ਕਰੇਗਾ। ਉਹ ਅਰਬਾਂ ਨੂੰ ਪੁਨਰ-ਉਥਿਤ ਕਰੇਗਾ ਤਾਂਕਿ ਉਨ੍ਹਾਂ ਨੂੰ ਵੀ ਧਰਤੀ ਉੱਤੇ ਸਦਾ ਦੇ ਲਈ ਜੀਉਣ ਦਾ ਮੌਕਾ ਮਿਲ ਸਕੇ। (ਯੂਹੰਨਾ 5:28, 29) ਤੁਸੀਂ ਬਾਅਦ ਦੇ ਇਕ ਅਧਿਆਇ ਵਿਚ ਉਸ ਦੇ ਮਸੀਹਾਈ ਰਾਜ ਬਾਰੇ ਹੋਰ ਜਾਣ ਕੇ ਰੋਮਾਂਚਕ ਹੋਵੋਗੇ। ਇਸ ਚੀਜ਼ ਬਾਰੇ ਨਿਸ਼ਚਿਤ ਹੋਵੋ: ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਹਾਂ ਕਿ ਰਾਜ ਸ਼ਾਸਨ ਦੇ ਅਧੀਨ ਸਾਡਾ ਜੀਵਨ ਕਿੰਨਾ ਅਦਭੁਤ ਹੋਵੇਗਾ। ਯਿਸੂ ਮਸੀਹ ਦੇ ਨਾਲ ਬਿਹਤਰ ਪਰਿਚਿਤ ਹੋਣਾ ਕਿੰਨਾ ਮਹੱਤਵਪੂਰਣ ਹੈ! ਜੀ ਹਾਂ, ਇਹ ਆਵੱਸ਼ਕ ਹੈ ਕਿ ਅਸੀਂ ਯਿਸੂ, ਅਰਥਾਤ ਸਦੀਪਕ ਜੀਵਨ ਵੱਲ ਲੈ ਜਾਣ ਵਾਲੇ, ਪਰਮੇਸ਼ੁਰ ਦੇ ਗਿਆਨ ਦੀ ਜੀਉਂਦੀ ਕੁੰਜੀ ਨੂੰ ਕਦੀ ਵੀ ਨਾ ਭੁੱਲੀਏ।

[ਫੁਟਨੋਟ]

^ ਪੈਰਾ 7 ਇਸ ਇੰਦਰਾਜ ਨੇ ਰੋਮੀ ਸਾਮਰਾਜ ਨੂੰ ਕਰ ਵਸੂਲ ਕਰਨ ਲਈ ਬਿਹਤਰ ਯੋਗ ਬਣਾਇਆ। ਇਸ ਤਰ੍ਹਾਂ, ਔਗੂਸਤੁਸ ਨੇ ਅਣਜਾਣਪੁਣੇ ਵਿਚ ਇਕ ਸ਼ਾਸਕ ਜੋ “ਰਾਜ ਦੇ ਵਿਚਕਾਰ ਚੁੰਗੀ ਨੂੰ ਭੇਜੇਗਾ,” ਬਾਰੇ ਇਕ ਭਵਿੱਖਬਾਣੀ ਪੂਰੀ ਕੀਤੀ। ਉਸੇ ਭਵਿੱਖਬਾਣੀ ਨੇ ਪੂਰਵ-ਸੂਚਿਤ ਕੀਤਾ ਕਿ “ਨੇਮ ਦਾ ਸ਼ਜ਼ਾਦਾ,” ਜਾਂ ਮਸੀਹਾ, ਇਸ ਸ਼ਾਸਕ ਦੇ ਉਤਰਾਧਿਕਾਰੀ ਦੇ ਦਿਨਾਂ ਵਿਚ “ਨਸ਼ਟ ਹੋ ਜਾਏਗਾ।” ਯਿਸੂ, ਔਗੂਸ­ਤੁਸ ਦੇ ਉਤਰਾਧਿਕਾਰੀ, ਤਿਬਿਰਿਯੁਸ ਦੇ ਸ਼ਾਸਨ ਦੌਰਾਨ ਮਾਰਿਆ ਗਿਆ ਸੀ।—ਦਾਨੀਏਲ 11:20-22.

^ ਪੈਰਾ 8 ਪ੍ਰਾਚੀਨ ਯਹੂਦੀ ਆਮ ਤੌਰ ਤੇ ਸਾਲਾਂ ਦੇ ਹਫ਼ਤਿਆਂ ਦਾ ਵਿਚਾਰ ਰੱਖਦੇ ਸਨ। ਮਿਸਾਲ ਲਈ, ਜਿਵੇਂ ਹਰ ਸੱਤਵਾਂ ਦਿਨ ਇਕ ਸਬਤ ਦਾ ਦਿਨ ਹੁੰਦਾ ਸੀ, ਉਸੇ ਤਰ੍ਹਾਂ ਹਰ ਸੱਤਵਾਂ ਸਾਲ ਸਬਤ ਦਾ ਸਾਲ ਹੁੰਦਾ ਸੀ।—ਕੂਚ 20:8-11; 23:10, 11.

ਆਪਣੇ ਗਿਆਨ ਨੂੰ ਪਰਖੋ

ਯਿਸੂ ਦੀ ਵੰਸ਼ਾਵਲੀ ਨੇ ਉਸ ਦੇ ਮਸੀਹਾ ਹੋਣ ਦੇ ਦਾਅਵੇ ਨੂੰ ਕਿਸ ਤਰ੍ਹਾਂ ਸਮਰਥਨ ਦਿੱਤਾ?

ਯਿਸੂ ਵਿਚ ਪੂਰੀਆਂ ਹੋਈਆਂ ਕਿਹੜੀਆਂ ਕੁਝ ਮਸੀਹਾਈ ਭਵਿੱਖਬਾਣੀਆਂ ਹਨ?

ਪਰਮੇਸ਼ੁਰ ਨੇ ਸਿੱਧੇ ਤੌਰ ਤੇ ਕਿਸ ਤਰ੍ਹਾਂ ਦਿਖਾਇਆ ਕਿ ਯਿਸੂ ਉਸ ਦਾ ਮਸਹ ਕੀਤਾ ਹੋਇਆ ਵਿਅਕਤੀ ਸੀ?

ਯਿਸੂ ਪਰਮੇਸ਼ੁਰ ਦੇ ਗਿਆਨ ਦੀ ਜੀਉਂਦੀ ਕੁੰਜੀ ਕਿਉਂ ਹੈ?

[ਸਵਾਲ]

[ਸਫ਼ੇ 37 ਉੱਤੇ ਚਾਰਟ]

ਕੁਝ ਪ੍ਰਮੁੱਖ ਮਸੀਹਾਈ ਭਵਿੱਖਬਾਣੀਆਂ

ਭਵਿੱਖਬਾਣੀ ਘਟਨਾ ਪੂਰਤੀ

ਉਸ ਦਾ ਮੁੱਢਲਾ ਜੀਵਨ

ਯਸਾਯਾਹ 7:14 ਕੁਆਰੀ ਤੋਂ ਪੈਦਾ ਹੋਇਆ ਮੱਤੀ 1:18-23

ਯਿਰਮਿਯਾਹ 31:15 ਉਸ ਦੇ ਜਨਮ ਤੋਂ ਬਾਅਦ ਬੱਚੇ ਮਾਰੇ ਗਏ ਮੱਤੀ 2:16-18

ਉਸ ਦੀ ਸੇਵਕਾਈ

ਯਸਾਯਾਹ 61:1, 2 ਪਰਮੇਸ਼ੁਰ ਤੋਂ ਮਿਲਿਆ ਉਸ ਦਾ ਨਿਯੁਕਤ-ਕਾਰਜ ਲੂਕਾ 4:18-21

ਯਸਾਯਾਹ 9:1, 2 ਸੇਵਕਾਈ ਨੇ ਲੋਕਾਂ ਨੂੰ ਮੱਤੀ 4:13-16

ਇਕ ਵੱਡਾ ਚਾਨਣ ਦਿਖਾਇਆ

ਜ਼ਬੂਰ 69:9 ਯਹੋਵਾਹ ਦੇ ਘਰ ਲਈ ਸਰਗਰਮ ਯੂਹੰਨਾ 2:13-17

ਯਸਾਯਾਹ 53:1 ਉਸ ਉੱਤੇ ਨਿਹਚਾ ਨਹੀਂ ਕੀਤੀ ਯੂਹੰਨਾ 12:37, 38

ਜ਼ਕਰਯਾਹ 9:9;  ਗਧੇ ਦੇ ਜੁਆਨ ਬੱਚੇ ਉੱਤੇ ਯਰੂਸ਼ਲਮ ਮੱਤੀ 21:1-9

ਜ਼ਬੂਰ 118:26 ਵਿਚ ਪ੍ਰਵੇਸ਼; ਰਾਜਾ ਦੇ ਤੌਰ ਤੇ

ਅਤੇ ਯਹੋਵਾਹ ਦੇ ਨਾਂ ਵਿਚ

ਆਉਣ ਵਾਲੇ ਦੇ ਤੌਰ ਤੇ ਸੁਆਗਤ

ਉਸ ਦਾ ਫੜਵਾਇਆ ਜਾਣਾ ਅਤੇ ਮੌਤ

ਜ਼ਬੂਰ 41:9; 109:8 ਇਕ ਬੇਵਫ਼ਾ ਰਸੂਲ; ਰਸੂਲਾਂ ਦੇ ਕਰਤੱਬ 1:15-20

ਯਿਸੂ ਨੂੰ ਫੜਵਾਉਂਦਾ ਹੈ ਅਤੇ ਬਾਅਦ ਵਿਚ

ਪ੍ਰਤਿਸਥਾਪਿਤ ਕੀਤਾ ਗਿਆ

ਜ਼ਕਰਯਾਹ 11:12 ਚਾਂਦੀ ਦੇ 30 ਸਿੱਕਿਆਂ ਲਈ ਫੜਵਾਇਆ ਗਿਆ ਮੱਤੀ 26:14, 15

 

ਜ਼ਬੂਰ 27:12 ਉਸ ਦੇ ਵਿਰੁੱਧ ਮੱਤੀ 26:59-61

ਝੂਠੇ ਗਵਾਹ ਇਸਤੇਮਾਲ ਕੀਤੇ ਗਏ

ਜ਼ਬੂਰ 22:18 ਉਸ ਦੇ ਕੱਪੜਿਆਂ ਉੱਤੇ ਗੁਣੇ ਪਾਏ ਗਏ ਯੂਹੰਨਾ 19:23, 24

ਯਸਾਯਾਹ 53:12 ਪਾਪੀਆਂ ਦੇ ਨਾਲ ਗਿਣਿਆ ਗਿਆ ਮੱਤੀ 27:38

ਜ਼ਬੂਰ 22:7, 8 ਮਰਨ ਸਮੇਂ ਫਿਟਕਾਰਿਆ ਗਿਆ ਮਰਕੁਸ 15:29-32

ਜ਼ਬੂਰ 69:21 ਸਿਰਕਾ ਦਿੱਤਾ ਗਿਆ ਮਰਕੁਸ 15:23, 36

ਯਸਾਯਾਹ 53:5; ਵਿੰਨ੍ਹਿਆ ਗਿਆ ਯੂਹੰਨਾ 19:34, 37

ਜ਼ਕਰਯਾਹ 12:10

ਯਸਾਯਾਹ 53:9 ਅਮੀਰਾਂ ਦੇ ਨਾਲ ਦਫ਼ਨਾਇਆ ਗਿਆ ਮੱਤੀ 27:57-60

ਜ਼ਬੂਰ 16:8-11 ਗਲਣ ਤੋਂ ਪਹਿਲਾਂ ਜੀ ਉਠਾਇਆ ਗਿਆ ਰਸੂਲਾਂ ਦੇ ਕਰਤੱਬ 2:25-32;

13:34-37

[ਸਫ਼ੇ 35 ਉੱਤੇ ਤਸਵੀਰ]

ਪਰਮੇਸ਼ੁਰ ਨੇ ਯਿਸੂ ਨੂੰ ਬੀਮਾਰਾਂ ਨੂੰ ਚੰਗੇ ਕਰਨ ਲਈ ਸ਼ਕਤੀ ਦਿੱਤੀ