Skip to content

Skip to table of contents

ਸੱਚਾ ਪਰਮੇਸ਼ੁਰ ਕੌਣ ਹੈ?

ਸੱਚਾ ਪਰਮੇਸ਼ੁਰ ਕੌਣ ਹੈ?

ਅਧਿਆਇ 3

ਸੱਚਾ ਪਰਮੇਸ਼ੁਰ ਕੌਣ ਹੈ?

1. ਅਨੇਕ ਲੋਕ ਬਾਈਬਲ ਦੇ ਆਰੰਭਕ ਸ਼ਬਦਾਂ ਦੇ ਨਾਲ ਕਿਉਂ ਸਹਿਮਤ ਹੁੰਦੇ ਹਨ?

ਇਕ ਨਿੰਬਲ ਰਾਤ ਨੂੰ ਜਦੋਂ ਤੁਸੀਂ ਆਸਮਾਨ ਵੱਲ ਦੇਖਦੇ ਹੋ, ਕੀ ਤੁਸੀਂ ਇੰਨੀ ਤਾਦਾਦ ਵਿਚ ਤਾਰਿਆਂ ਨੂੰ ਦੇਖ ਕੇ ਹੈਰਾਨ ਨਹੀਂ ਹੁੰਦੇ ਹੋ? ਤੁਸੀਂ ਉਨ੍ਹਾਂ ਦੀ ਹੋਂਦ ਨੂੰ ਕਿਸ ਤਰ੍ਹਾਂ ਸਮਝਾ ਸਕਦੇ ਹੋ? ਅਤੇ ਧਰਤੀ ਉੱਤੇ ਜੀਉਂਦੀਆਂ ਚੀਜ਼ਾਂ ਬਾਰੇ ਕੀ—ਰੰਗਦਾਰ ਫੁੱਲ, ਸੁਹਾਵਣੇ ਗੀਤ ਗਾਉਂਦੇ ਪੰਛੀ, ਤਾਕਤਵਰ ਵ੍ਹੇਲ-ਮੱਛੀਆਂ ਜੋ ਮਹਾਂਸਾਗਰ ਵਿਚ ਛਾਲਾਂ ਮਾਰਦੀਆਂ ਹਨ? ਇਹ ਸੂਚੀ ਬੇਅੰਤ ਹੈ। ਇਹ ਸਭ ਕੁਝ ਸਬੱਬ ਨਾਲ ਹੀ ਹੋਂਦ ਵਿਚ ਨਹੀਂ ਆ ਸਕਦਾ ਸੀ। ਤਾਂ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਹੁਤੇਰੇ ਲੋਕ ਬਾਈਬਲ ਦੇ ਆਰੰਭਕ ਸ਼ਬਦਾਂ ਦੇ ਨਾਲ ਸਹਿਮਤ ਹਨ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ”!—ਉਤਪਤ 1:1.

2. ਬਾਈਬਲ ਪਰਮੇਸ਼ੁਰ ਦੇ ਬਾਰੇ ਕੀ ਕਹਿੰਦੀ ਹੈ, ਅਤੇ ਇਹ ਸਾਨੂੰ ਕੀ ਕਰਨ ਲਈ ਉਤਸ਼ਾਹਿਤ ਕਰਦੀ ਹੈ?

2 ਮਨੁੱਖਜਾਤੀ ਪਰਮੇਸ਼ੁਰ ਦੇ ਵਿਸ਼ੇ ਬਾਰੇ ਕਾਫ਼ੀ ਵਿਭਾਜਿਤ ਹੈ। ਕਈ ਵਿਚਾਰ ਕਰਦੇ ਹਨ ਕਿ ਪਰਮੇਸ਼ੁਰ ਇਕ ਗ਼ੈਰਸ਼ਖਸੀ ਸ਼ਕਤੀ ਹੈ। ਕਰੋੜਾਂ ਹੀ ਲੋਕ ਇਹ ਵਿਸ਼ਵਾਸ ਕਰਦੇ ਹੋਏ ਕਿ ਪਰਮੇਸ਼ੁਰ ਉਨ੍ਹਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ, ਮਰੇ ਪੂਰਵਜਾਂ ਦੀ ਉਪਾਸਨਾ ਕਰਦੇ ਹਨ। ਪਰੰਤੂ ਬਾਈਬਲ ਇਹ ਪ੍ਰਗਟ ਕਰਦੀ ਹੈ ਕਿ ਸੱਚਾ ਪਰਮੇਸ਼ੁਰ ਇਕ ਵਾਸਤ­ਵਿਕ ਵਿਅਕਤੀ ਹੈ ਜੋ ਸਾਡੇ ਵਿਚ ਵਿਅਕਤੀਆਂ ਦੇ ਤੌਰ ਤੇ ਨਿੱਘੀ ਦਿਲਚਸਪੀ ਰੱਖਦਾ ਹੈ। ਇਸ ਕਰਕੇ ਹੀ ਇਹ ਸਾਨੂੰ “ਪਰਮੇਸ਼ੁਰ ਨੂੰ ਭਾਲਣ” ਲਈ ਉਤਸ਼ਾਹਿਤ ਕਰਦੇ ਹੋਏ ਇਹ ਕਹਿੰਦੀ ਹੈ: “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।”—ਰਸੂਲਾਂ ਦੇ ਕਰਤੱਬ 17:27.

3. ਪਰਮੇਸ਼ੁਰ ਦੀ ਇਕ ਮੂਰਤ ਬਣਾਉਣੀ ਨਾਮੁਮਕਿਨ ਕਿਉਂ ਹੈ?

3 ਪਰਮੇਸ਼ੁਰ ਦਾ ਦਿੱਖ ਕਿਸ ਤਰ੍ਹਾਂ ਦਾ ਹੈ? ਉਸ ਦੇ ਕੁਝ ਸੇਵਕਾਂ ਨੇ ਉਸ ਦੀ ਮਹਿਮਾਯੁਕਤ ਹਜੂਰੀ ਦੇ ਦਰਸ਼ਣ ਦੇਖੇ ਹਨ। ਇਨ੍ਹਾਂ ਵਿਚ ਉਸ ਨੇ ਆਪਣੇ ਆਪ ਨੂੰ ਇਕ ਸਿੰਘਾਸਣ ਉੱਤੇ ਬੈਠਿਆਂ ਹੋਇਆਂ ਪ੍ਰਤੀਕ ਕੀਤਾ ਹੈ, ਜਿਸ ਤੋਂ ਬੇਹੱਦ ਉੱਜਲ ਰੌਸ਼ਨੀ ਲਿਸ਼-ਲਿਸ਼ ਕਰਦੀ ਹੈ। ਫਿਰ ਵੀ, ਜਿਨ੍ਹਾਂ ਨੇ ਅਜਿਹੇ ਦਰਸ਼ਣ ਦੇਖੇ ਉਨ੍ਹਾਂ ਨੇ ਕਦੀ ਵੀ ਇਕ ਵਿਸ਼ੇਸ਼ ਚਿਹਰਾ ਨਹੀਂ ਵਰਣਿਤ ਕੀਤਾ। (ਦਾਨੀਏਲ 7:9, 10; ਪਰਕਾਸ਼ ਦੀ ਪੋਥੀ 4:2, 3) ਇਸ ਦਾ ਕਾਰਨ ਇਹ ਹੈ ਕਿ “ਪਰਮੇਸ਼ੁਰ ਆਤਮਾ ਹੈ”; ਉਸ ਦਾ ਭੌਤਿਕ ਸਰੀਰ ਨਹੀਂ ਹੈ। (ਯੂਹੰਨਾ 4:24) ਅਸਲ ਵਿਚ, ਸਾਡੇ ਸ੍ਰਿਸ਼ਟੀਕਰਤਾ ਦੀ ਇਕ ਯਥਾਰਥ ਭੌਤਿਕ ਮੂਰਤ ਬਣਾਉਣੀ ਨਾਮੁਮਕਿਨ ਹੈ, ਕਿਉਂਕਿ “ਕਿਸੇ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਵੇਖਿਆ।” (ਯੂਹੰਨਾ 1:18; ਕੂਚ 33:20) ਫਿਰ ਵੀ, ਬਾਈਬਲ ਸਾਨੂੰ ਪਰਮੇਸ਼ੁਰ ਦੇ ਬਾਰੇ ਕਾਫ਼ੀ ਕੁਝ ਸਿੱਖਿਆ ਦਿੰਦੀ ਹੈ।

ਸੱਚੇ ਪਰਮੇਸ਼ੁਰ ਦਾ ਇਕ ਨਾਂ ਹੈ

4. ਬਾਈਬਲ ਵਿਚ ਪਰਮੇਸ਼ੁਰ ਨੂੰ ਲਾਗੂ ਕੀਤੇ ਗਏ ਕੁਝ ਅਰਥਪੂਰਣ ਖਿਤਾਬ ਕੀ ਹਨ?

4 ਬਾਈਬਲ ਵਿਚ ਸੱਚਾ ਪਰਮੇਸ਼ੁਰ ਅਜਿਹੀਆਂ ਅਭਿਵਿਅਕਤੀਆਂ ਦੇ ਨਾਲ ਵਰਣਿਤ ਕੀਤਾ ਗਿਆ ਹੈ ਜਿਵੇਂ ਕਿ “ਸਰਬਸ਼ਕਤੀਮਾਨ ਪਰਮੇਸ਼ੁਰ,” “ਅੱਤ ਮਹਾਨ,” “ਕਰਤਾਰ,” “ਗੁਰੂ,” “ਮਾਲਕ,” ਅਤੇ ‘ਜੁੱਗਾਂ ਦਾ ਮਹਾਰਾਜ।’ (ਉਤਪਤ 17:1; ਜ਼ਬੂਰ 50:14; ਉਪਦੇਸ਼ਕ ਦੀ ਪੋਥੀ 12:1; ਯਸਾਯਾਹ 30:20; ਰਸੂਲਾਂ ਦੇ ਕਰਤੱਬ 4:24; 1 ਤਿਮੋਥਿਉਸ 1:17) ਅਜਿਹੇ ਖਿਤਾਬਾਂ ਉੱਤੇ ਮਨਨ ਕਰਨਾ, ਸਾਨੂੰ ਪਰਮੇਸ਼ੁਰ ਦੇ ਗਿਆਨ ਵਿਚ ਵਧਣ ਲਈ ਮਦਦ ਕਰ ਸਕਦਾ ਹੈ।

5. ਪਰਮੇਸ਼ੁਰ ਦਾ ਨਾਂ ਕੀ ਹੈ, ਅਤੇ ਇਬਰਾਨੀ ਸ਼ਾਸਤਰਾਂ ਵਿਚ ਇਹ ਕਿੰਨਾ ਅਕਸਰ ਪਾਇਆ ਜਾਂਦਾ ਹੈ?

5 ਫਿਰ ਵੀ, ਪਰਮੇਸ਼ੁਰ ਦਾ ਇਕ ਵਿਲੱਖਣ ਨਾਂ ਹੈ ਜੋ ਕੇਵਲ ਇਬਰਾਨੀ ਸ਼ਾਸਤਰਾਂ ਵਿਚ ਹੀ ਤਕਰੀਬਨ 7,000 ਵਾਰੀ ਪ੍ਰਗਟ ਹੁੰਦਾ ਹੈ—ਉਸ ਦੇ ਦੂਸਰੇ ਕਿਸੇ ਵੀ ਖਿਤਾਬਾਂ ਨਾਲੋਂ ਜ਼ਿਆਦਾ ਵਾਰੀ। ਕੁਝ 1,900 ਸਾਲ ਪਹਿਲਾਂ, ਯਹੂਦੀਆਂ ਨੇ ਅੰਧਵਿਸ਼ਵਾਸ ਦੇ ਕਾਰਨ ਉਸ ਈਸ਼ਵਰੀ ਨਾਂ ਨੂੰ ਉਚਾਰਣਾ ਛੱਡ ਦਿੱਤਾ ਸੀ। ਬਾਈਬਲ ਸੰਬੰਧੀ ਇਬਰਾਨੀ ਭਾਸ਼ਾ ਬਿਨਾਂ ਸ੍ਵਰਾਂ ਤੋਂ ਲਿਖੀ ਜਾਂਦੀ ਸੀ। ਇਸ ਕਰਕੇ, ਸੁਨਿਸ਼ਚਿਤ ਹੋਣ ਦਾ ਕੋਈ ਤਰੀਕਾ ਨਹੀਂ ਹੈ ਕਿ ਮੂਸਾ, ਦਾਊਦ, ਅਤੇ ਪ੍ਰਾਚੀਨ ਸਮਿਆਂ ਦੇ ਦੂਜੇ ਲੋਕ ਉਨ੍ਹਾਂ ਚਾਰ ਵਿਅੰਜਨਾਂ (יהוה) ਨੂੰ ਕਿਸ ਤਰ੍ਹਾਂ ਉਚਾਰਦੇ ਸਨ ਜਿਨ੍ਹਾਂ ਤੋਂ ਈਸ਼ਵਰੀ ਨਾਂ ਬਣਦਾ ਹੈ। ਕੁਝ ਵਿਦਵਾਨ ਇਹ ਸੁਝਾਉ ਦਿੰਦੇ ਹਨ ਕਿ ਪਰਮੇਸ਼ੁਰ ਦਾ ਨਾਂ ਸ਼ਾਇਦ “ਯਾਹਵੇਹ” ਉਚਾਰਿਆ ਜਾਂਦਾ ਸੀ, ਪਰੰਤੂ ਉਹ ਨਿਸ਼ਚਿਤ ਨਹੀਂ ਹੋ ਸਕਦੇ ਹਨ। ਪੰਜਾਬੀ ਉਚਾਰਣ “ਯਹੋਵਾਹ” ਸਦੀਆਂ ਲਈ ਇਸਤੇਮਾਲ ਕੀਤਾ ਗਿਆ ਹੈ, ਅਤੇ ਅਨੇਕ ਭਾਸ਼ਾਵਾਂ ਵਿਚ ਇਸ ਦਾ ਸਮਾਨਾਰਥੀ ਸ਼ਬਦ ਅੱਜ ਵਿਆਪਕ ਤੌਰ ਤੇ ਸਵੀਕਾਰ ਕੀਤਾ ਜਾਂਦਾ ਹੈ।—ਦੇਖੋ ਕੂਚ 6:3 ਅਤੇ ਯਸਾਯਾਹ 26:4.

ਤੁਹਾਨੂੰ ਪਰਮੇਸ਼ੁਰ ਦਾ ਨਾਂ ਕਿਉਂ ਇਸਤੇਮਾਲ ਕਰਨਾ ਚਾਹੀਦਾ ਹੈ

6. ਜ਼ਬੂਰ 83:18 ਯਹੋਵਾਹ ਦੇ ਬਾਰੇ ਕੀ ਕਹਿੰਦਾ ਹੈ, ਅਤੇ ਸਾਨੂੰ ਉਸ ਦਾ ਨਾਂ ਕਿਉਂ ਇਸਤੇਮਾਲ ਕਰਨਾ ਚਾਹੀਦਾ ਹੈ?

6 ਪਰਮੇਸ਼ੁਰ ਦਾ ਵਿਲੱਖਣ ਨਾਂ ਯਹੋਵਾਹ, ਉਸ ਨੂੰ ਦੂਸਰੇ ਸਾਰੇ ਈਸ਼ਵਰਾਂ ਤੋਂ ਵੱਖਰੇ ਕਰਨ ਦਾ ਕੰਮ ਦਿੰਦਾ ਹੈ। ਇਸ ਕਰਕੇ ਉਹ ਨਾਂ ਬਾਈਬਲ ਵਿਚ, ਖ਼ਾਸ ਕਰਕੇ ਇਬਰਾਨੀ ਮੂਲ-ਪਾਠ ਵਿਚ ਇੰਨੀ ਵਾਰੀ ਪਾਇਆ ਜਾਂਦਾ ਹੈ। ਅਨੇਕ ਅਨੁਵਾਦਕ ਇਸ ਈਸ਼ਵਰੀ ਨਾਂ ਨੂੰ ਇਸਤੇਮਾਲ ਕਰਨ ਵਿਚ ਅਸਫਲ ਹੁੰਦੇ ਹਨ, ਪਰੰਤੂ ਜ਼ਬੂਰ 83:18 ਸਪੱਸ਼ਟ ਤੌਰ ਤੇ ਕਹਿੰਦਾ ਹੈ: “ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” ਇਸ ਕਰਕੇ ਜਦੋਂ ਅਸੀਂ ਉਸ ਦੇ ਬਾਰੇ ਜ਼ਿਕਰ ਕਰਦੇ ਹਾਂ, ਤਾਂ ਸਾਡੇ ਲਈ ਪਰਮੇਸ਼ੁਰ ਦਾ ਨਿੱਜੀ ਨਾਂ ਇਸਤੇਮਾਲ ਕਰਨਾ ਉਪਯੁਕਤ ਹੈ।

7. ਇਹ ਨਾਂ ਯਹੋਵਾਹ ਦਾ ਅਰਥ ਸਾਨੂੰ ਪਰਮੇਸ਼ੁਰ ਬਾਰੇ ਕੀ ਸਿਖਾਉਂਦਾ ਹੈ?

7 ਇਹ ਨਾਂ ਯਹੋਵਾਹ ਇਕ ਇਬਰਾਨੀ ਕ੍ਰਿਆ ਦਾ ਇਕ ਰੂਪ ਹੈ ਜਿਸ ਦਾ ਅਰਥ ਹੈ “ਬਣ ਜਾਣਾ।” ਇਸ ਤਰ੍ਹਾਂ, ਪਰਮੇਸ਼ੁਰ ਦੇ ਨਾਂ ਦਾ ਅਰਥ ਹੈ, “ਉਹ ਬਣ ਜਾਂਦਾ ਹੈ।” ਫਲਸਰੂਪ ਯਹੋਵਾਹ ਪਰਮੇਸ਼ੁਰ ਆਪਣੇ ਆਪ ਨੂੰ ਇਕ ਮਹਾਨ ਮਕਸਦਕਾਰ ਦੇ ਤੌਰ ਤੇ ਪਛਾਣ ਕਰਾਉਂਦਾ ਹੈ। ਉਹ ਹਮੇਸ਼ਾ ਆਪਣਿਆਂ ਮਕਸਦਾਂ ਨੂੰ ਵਾਸਤਵਿਕ ਬਣਵਾਉਂਦਾ ਹੈ। ਕੇਵਲ ਸੱਚਾ ਪਰਮੇਸ਼ੁਰ ਹੀ ਠੀਕ ਤੌਰ ਦੇ ਇਸ ਨਾਂ ਨੂੰ ਅਪਣਾ ਸਕਦਾ ਹੈ, ਕਿਉਂਕਿ ਮਨੁੱਖ ਕਦੀ ਵੀ ਨਿਸ਼ਚਿਤ ਨਹੀਂ ਹੋ ਸਕਦੇ ਹਨ ਕਿ ਉਨ੍ਹਾਂ ਦੀਆਂ ਯੋਜਨਾਵਾਂ ਸਫਲ ਹੋਣਗੀਆਂ। (ਯਾਕੂਬ 4:13, 14) ਇਕੱਲਾ ਯਹੋਵਾਹ ਹੀ ਇਹ ਕਹਿ ਸਕਦਾ ਹੈ: “ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿੱਕਲਦਾ ਹੈ, . . . ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।”—ਯਸਾਯਾਹ 55:11.

8. ਯਹੋਵਾਹ ਨੇ ਮੂਸਾ ਦੁਆਰਾ ਕਿਹੜਾ ਮਕਸਦ ਘੋਸ਼ਿਤ ਕੀਤਾ ਸੀ?

8 ਇਬਰਾਨੀ ਕੁਲ-ਪਿਤਾ ਅਬਰਾਹਾਮ, ਇਸਹਾਕ, ਅਤੇ ਯਾਕੂਬ ਹਰੇਕ ਨੇ “ਯਹੋਵਾਹ . . . ਦਾ ਨਾਮ ਲਿਆ,” ਪਰੰਤੂ ਉਹ ਈਸ਼ਵਰੀ ਨਾਂ ਦੀ ਪੂਰੀ ਮਹੱਤਤਾ ਨਹੀਂ ਜਾਣਦੇ ਸਨ। (ਉਤਪਤ 21:33; 26:25; 32:9; ਕੂਚ 6:3) ਜਦੋਂ ਯਹੋਵਾਹ ਨੇ ਬਾਅਦ ਵਿਚ ਉਨ੍ਹਾਂ ਦੀ ਅੰਸ, ਇਸਰਾਏਲੀਆਂ ਨੂੰ ਮਿਸਰ ਵਿਚ ਗੁਲਾਮੀ ਤੋਂ ਛੁਡਾਉਣ ਦਾ ਅਤੇ ਉਨ੍ਹਾਂ ਨੂੰ ‘ਅਜੇਹਾ ਦੇਸ ਜਿੱਥੇ ਦੁੱਧ ਅਤੇ ਸ਼ਹਿਤ ਵਗਦਾ ਹੈ,’ ਦੇਣ ਦਾ ਆਪਣਾ ਮਕਸਦ ਪ੍ਰਗਟ ਕੀਤਾ, ਤਾਂ ਇਹ ਸ਼ਾਇਦ ਨਾਮੁਮਕਿਨ ਹੀ ਲੱਗਿਆ ਹੋਵੇ। (ਕੂਚ 3:17) ਫਿਰ ਵੀ, ਪਰਮੇਸ਼ੁਰ ਨੇ ਆਪਣੇ ਨਬੀ ਮੂਸਾ ਨੂੰ ਇਹ ਦੱਸ ਕੇ ਆਪਣੇ ਨਾਂ ਦੀ ਸਦੀਪਕ ਮਹੱਤਤਾ ਉੱਤੇ ਜ਼ੋਰ ਦਿੱਤਾ: “ਤੂੰ ਇਸਰਾਏਲੀਆਂ ਨੂੰ ਐਉਂ ਆਖੀਂ ਕਿ ਯਹੋਵਾਹ ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ, ਅਰ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਸਦੀਪ ਕਾਲ ਤੋਂ ਮੇਰਾ ਏਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਏਹੋ ਹੀ ਯਾਦਗਾਰੀ ਹੈ।”—ਕੂਚ 3:15.

9. ਫ਼ਿਰਊਨ ਯਹੋਵਾਹ ਨੂੰ ਕਿਹੜੀ ਦ੍ਰਿਸ਼ਟੀ ਤੋਂ ਦੇਖਦਾ ਸੀ?

9 ਮੂਸਾ ਨੇ ਮਿਸਰ ਦੇ ਰਾਜਾ, ਫ਼ਿਰਊਨ ਨੂੰ ਆਖਿਆ ਕਿ ਇਸਰਾਏਲੀਆਂ ਨੂੰ ਉਜਾੜ ਵਿਚ ਯਹੋਵਾਹ ਦੀ ਉਪਾਸਨਾ ਕਰਨ ਲਈ ਜਾਣ ਦੇਵੇ। ਪਰੰਤੂ ਫ਼ਿਰਊਨ, ਜੋ ਆਪ ਹੀ ਇਕ ਈਸ਼ਵਰ ਮੰਨਿਆ ਜਾਂਦਾ ਸੀ ਅਤੇ ਦੂਜਿਆਂ ਮਿਸਰੀ ਈਸ਼ਵਰਾਂ ਦੀ ਉਪਾਸਨਾ ਕਰਦਾ ਸੀ, ਨੇ ਜਵਾਬ ਦਿੱਤਾ: “ਯਹੋਵਾਹ ਕੌਣ ਹੈ ਜੋ ਮੈਂ ਉਸ ਦੀ ਅਵਾਜ਼ ਸੁਣਾਂ ਕਿ ਇਸਰਾਏਲ ਨੂੰ ਜਾਣ ਦਿਆਂ? ਮੈਂ ਯਹੋਵਾਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਉੱਕਾ ਹੀ ਨਹੀਂ ਜਾਣ ਦੇਵਾਂਗਾ।”—ਕੂਚ 5:1, 2.

10. ਪ੍ਰਾਚੀਨ ਮਿਸਰ ਵਿਚ, ਯਹੋਵਾਹ ਨੇ ਇਸਰਾਏਲੀਆਂ ਦੇ ਨਾਲ ਸੰਬੰਧਿਤ ਆਪਣਾ ਮਕਸਦ ਪੂਰਾ ਕਰਨ ਲਈ ਕਿਹੜਾ ਕਦਮ ਉਠਾਇਆ ਸੀ?

10 ਆਪਣੇ ਨਾਂ ਦੇ ਅਰਥ ਦੇ ਅਨੁਸਾਰ ਕੰਮ ਕਰਦੇ ਹੋਏ, ਯਹੋਵਾਹ ਨੇ ਫਿਰ ਆਪਣਾ ਮਕਸਦ ਪੂਰਾ ਕਰਨ ਲਈ ਪ੍ਰਗਤੀਸ਼ੀਲ ਕਦਮ ਉਠਾਏ। ਉਸ ਨੇ ਉਨ੍ਹਾਂ ਪ੍ਰਾਚੀਨ ਮਿਸਰੀਆਂ ਉੱਤੇ ਦਸ ਬਵਾਂ ਲਿਆਂਦੀਆਂ। ਅਖ਼ੀਰਲੀ ਬਵਾ ਨੇ ਮਿਸਰ ਦੇ ਸਾਰੇ ਜੇਠਿਆਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿਚ ਹੰਕਾਰੀ ਫ਼ਿਰਊਨ ਦਾ ਪੁੱਤਰ ਵੀ ਸ਼ਾਮਲ ਸੀ। ਤਦ ਮਿਸਰੀ ਲੋਕ ਇਸਰਾਏਲੀਆਂ ਦੇ ਚਲੇ ਜਾਣ ਲਈ ਉਤਸੁਕ ਸਨ। ਪਰੰਤੂ, ਕਈ ਮਿਸਰੀ ਯਹੋਵਾਹ ਦੀ ਸ਼ਕਤੀ ਨਾਲ ਇੰਨੇ ਪ੍ਰਭਾਵਿਤ ਹੋਏ ਕਿ ਉਹ ਮਿਸਰ ਨੂੰ ਛੱਡਣ ਵਿਚ ਇਸਰਾਏਲੀਆਂ ਦੇ ਨਾਲ ਮਿਲ ਗਏ।—ਕੂਚ 12:35-38.

11. ਯਹੋਵਾਹ ਨੇ ਲਾਲ ਸਾਗਰ ਵਿਖੇ ਕਿਹੜਾ ਚਮਤਕਾਰ ਕੀਤਾ, ਅਤੇ ਉਸ ਦੇ ਦੁਸ਼ਮਣ ਕੀ ਸਵੀਕਾਰ ਕਰਨ ਲਈ ਮਜਬੂਰ ਹੋਏ?

11 ਹਠਧਰਮੀ ਫ਼ਿਰਊਨ ਅਤੇ ਉਸ ਦੀ ਸੈਨਾ, ਆਪਣਿਆਂ ਸੈਂਕੜਿਆਂ ਯੁੱਧ ਰਥਾਂ ਦੇ ਸਮੇਤ, ਉਸ ਦੇ ਗੁਲਾਮਾਂ ਨੂੰ ਮੁੜ ਫੜਨ ਲਈ ਨਿਕਲ ਪਏ। ਜਿਉਂ ਹੀ ਮਿਸਰੀ ਨੇੜੇ ਪਹੁੰਚੇ, ਪਰਮੇਸ਼ੁਰ ਨੇ ਲਾਲ ਸਾਗਰ ਨੂੰ ਚਮਤਕਾਰੀ ਢੰਗ ਨਾਲ ਦੋ ਭਾਗਾਂ ਵਿਚ ਵੰਡ ਦਿੱਤਾ ਤਾਂਕਿ ਇਸਰਾਏਲੀ ਸੁੱਕੀ ਧਰਤੀ ਉੱਤੋਂ ਪਾਰ ਜਾ ਸਕਣ। ਜਦੋਂ ਪਿੱਛਾ ਕਰਨ ਵਾਲਿਆਂ ਨੇ ਸਮੁੰਦਰ ਦੇ ਤਲ ਵਿਚ ਪ੍ਰਵੇਸ਼ ਕੀਤਾ, ਤਾਂ ਯਹੋਵਾਹ ਨੇ “ਉਨ੍ਹਾਂ ਦੇ ਰਥਾਂ ਦੇ ਪਹੀਏ ਲਾਹ ਸੁੱਟੇ ਕਿਉਂ ਜੋ ਓਹ ਭਾਰੀ ਚੱਲਦੇ ਸਨ।” ਮਿਸਰੀ ਯੋਧੇ ਚਿਲਾ ਉੱਠੇ: “ਅਸੀਂ ਇਸਰਾਏਲ ਦੇ ਅੱਗੋਂ ਨੱਠ ਚੱਲੀਏ ਕਿਉਂ ਕਿ ਯਹੋਵਾਹ ਉਨ੍ਹਾਂ ਲਈ ਮਿਸਰੀਆਂ ਦੇ ਵਿਰੁੱਧ ਲੜਦਾ ਹੈ।” ਪਰੰਤੂ ਹੁਣ ਬਹੁਤ ਦੇਰ ਹੋ ਚੁੱਕੀ ਸੀ। ਪਾਣੀ ਦੀਆਂ ਵਿਸ਼ਾਲ ਕੰਧਾਂ ਢਹਿ ਗਈਆਂ ਅਤੇ ਉਨ੍ਹਾਂ ਨੇ “ਰਥ ਅਤੇ ਘੋੜ ਚੜ੍ਹੇ ਅਤੇ ਫ਼ਿਰਊਨ ਦੀ ਸਾਰੀ ਫੌਜ . . . ਢੱਕ ਲਈ।” (ਕੂਚ 14:22-25, 28) ਇਸ ਤਰ੍ਹਾਂ ਯਹੋਵਾਹ ਨੇ ਆਪਣੇ ਆਪ ਲਈ ਇਕ ਮਹਾਨ ਨਾਂ ਬਣਾਇਆ, ਅਤੇ ਉਹ ਘਟਨਾ ਅੱਜ ਤਕ ਭੁੱਲੀ ਨਹੀਂ ਗਈ ਹੈ।—ਯਹੋਸ਼ੁਆ 2:9-11.

12, 13. (ੳ) ਅੱਜ ਸਾਡੇ ਲਈ ਪਰਮੇਸ਼ੁਰ ਦਾ ਨਾਂ ਕੀ ਅਰਥ ਰੱਖਦਾ ਹੈ? (ਅ) ਲੋਕਾਂ ਨੂੰ ਕੀ ਸਿੱਖਣ ਦੀ ਤੀਬਰ ਜ਼ਰੂਰਤ ਹੈ, ਅਤੇ ਕਿਉਂ?

12 ਪਰਮੇਸ਼ੁਰ ਨੇ ਆਪਣੇ ਆਪ ਲਈ ਜੋ ਨਾਂ ਬਣਾਇਆ ਹੈ, ਉਹ ਸਾਡੇ ਲਈ ਅੱਜ ਵੱਡਾ ਅਰਥ ਰੱਖਦਾ ਹੈ। ਉਸ ਦਾ ਨਾਂ ਯਹੋਵਾਹ, ਇਕ ਜ਼ਾਮਨ ਦੇ ਤੌਰ ਤੇ ਸਥਿਤ ਹੈ ਕਿ ਸਭ ਕੁਝ ਜੋ ਉਸ ਨੇ ਇਰਾਦਾ ਕੀਤਾ ਉਹ ਪੂਰਾ ਕਰੇਗਾ। ਇਸ ਵਿਚ ਉਸ ਦਾ ਮੂਲ ਮਕਸਦ ਪੂਰਾ ਕਰਨਾ ਵੀ ਸ਼ਾਮਲ ਹੈ ਕਿ ਸਾਡੀ ਧਰਤੀ ਇਕ ਪਰਾਦੀਸ ਬਣੇ। (ਉਤਪਤ 1:28; 2:8) ਇਹ ਕਰਨ ਲਈ, ਪਰਮੇਸ਼ੁਰ ਆਪਣੀ ਸਰਬਸੱਤਾ ਦੇ ਸਾਰੇ ਵਿਰੋਧੀਆਂ ਨੂੰ ਖ਼ਤਮ ਕਰ ਦੇਵੇਗਾ, ਕਿਉਂਕਿ ਉਸ ਨੇ ਬਿਆਨ ਕੀਤਾ ਹੈ: “ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!” (ਹਿਜ਼ਕੀਏਲ 38:23) ਫਿਰ ਪਰਮੇਸ਼ੁਰ ਆਪਣੇ ਉਪਾਸਕਾਂ ਨੂੰ ਬਚਾ ਕੇ ਧਾਰਮਿਕਤਾ ਦੇ ਇਕ ਨਵੇਂ ਸੰਸਾਰ ਵਿਚ ਲਿਆਉਣ ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ।—2 ਪਤਰਸ 3:13.

13 ਉਨ੍ਹਾਂ ਸਾਰਿਆਂ ਲਈ ਜੋ ਪਰਮੇਸ਼ੁਰ ਦੀ ਕਿਰਪਾ ਚਾਹੁੰਦੇ ਹਨ, ਇਹ ਜ਼ਰੂਰੀ ਹੈ ਕਿ ਉਹ ਉਸ ਦਾ ਨਾਂ ਨਿਹਚਾ ਨਾਲ ਲੈਣ। ਬਾਈਬਲ ਵਾਅਦਾ ਕਰਦੀ ਹੈ: “ਹਰੇਕ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।” (ਰੋਮੀਆਂ 10:13) ਜੀ ਹਾਂ, ਯਹੋਵਾਹ ਦਾ ਨਾਂ ਅਦਭੁਤ ਅਰਥ ਰੱਖਦਾ ਹੈ। ਆਪਣੇ ਪਰਮੇਸ਼ੁਰ ਅਤੇ ਮੁਕਤੀਦਾਤਾ ਦੇ ਤੌਰ ਤੇ ਯਹੋਵਾਹ ਦਾ ਨਾਂ ਲੈਣਾ, ਤੁਹਾਨੂੰ ਬੇਅੰਤ ਖ਼ੁਸ਼ੀ ਵੱਲ ਲਿਆ ਸਕਦਾ ਹੈ।

ਸੱਚੇ ਪਰਮੇਸ਼ੁਰ ਦੇ ਗੁਣ

14. ਬਾਈਬਲ ਪਰਮੇਸ਼ੁਰ ਦੇ ਕਿਹੜੇ ਮੂਲ ਗੁਣਾਂ ਨੂੰ ਉਜਾਗਰ ਕਰਦੀ ਹੈ?

14 ਮਿਸਰ ਤੋਂ ਇਸਰਾਏਲ ਦੀ ਮੁਕਤੀ ਦਾ ਅਧਿਐਨ ਉਨ੍ਹਾਂ ਚਾਰ ਗੁਣਾਂ ਨੂੰ ਉਜਾਗਰ ਕਰਦਾ ਹੈ ਜੋ ਪਰਮੇਸ਼ੁਰ ਕੋਲ ਸੰਪੂਰਣ ਸੰਤੁਲਨ ਵਿਚ ਹਨ। ਫ਼ਿਰਊਨ ਨਾਲ ਉਸ ਦੇ ਵਰਤਾਉ ਨੇ ਉਸ ਦੇ ਹੈਰਾਨਕੁਨ ਬਲ ਨੂੰ ਪ੍ਰਗਟ ਕੀਤਾ। (ਕੂਚ 9:16) ਜਿਸ ਕਮਾਲ ਤਰੀਕੇ ਨਾਲ ਪਰਮੇਸ਼ੁਰ ਨੇ ਉਸ ਗੁੰਝਲਦਾਰ ਸਥਿਤੀ ਨੂੰ ਨਿਪਟਾਇਆ, ਇਸ ਨੇ ਉਸ ਦੀ ਬੇਮਿਸਾਲ ਬੁੱਧ ਨੂੰ ਪ੍ਰਦਰਸ਼ਿਤ ਕੀਤਾ। (ਰੋਮੀਆਂ 11:33) ਉਸ ਨੇ ਆਪਣੇ ਲੋਕਾਂ ਦੇ ਹਠਧਰਮੀ ਵਿਰੋਧੀਆਂ ਅਤੇ ਅਤਿਆਚਾਰੀਆਂ ਨੂੰ ਸਜ਼ਾ ਦੇਣ ਵਿਚ ਆਪਣਾ ਨਿਆਉਂ ਪ੍ਰਗਟ ਕੀਤਾ। (ਬਿਵਸਥਾ ਸਾਰ 32:4) ਪਰਮੇਸ਼ੁਰ ਦਾ ਇਕ ਸਰਬੋਤਮ ਗੁਣ ਪ੍ਰੇਮ ਹੈ। ਯਹੋਵਾਹ ਨੇ ਅਬਰਾਹਾਮ ਦੀ ਅੰਸ ਦੇ ਸੰਬੰਧ ਵਿਚ ਆਪਣਾ ਵਾਅਦਾ ਪੂਰਾ ਕਰ ਕੇ ਬੇਮਿਸਾਲ ਪ੍ਰੇਮ ਦਿਖਾਇਆ। (ਬਿਵਸਥਾ ਸਾਰ 7:8) ਉਸ ਨੇ ਕੁਝ ਮਿਸਰੀਆਂ ਨੂੰ ਝੂਠੇ ਈਸ਼ਵਰਾਂ ਨੂੰ ਤਿਆਗਣ ਅਤੇ ਕੇਵਲ ਇੱਕੋ ਸੱਚੇ ਪਰਮੇਸ਼ੁਰ ਦੇ ਪੱਖ ਵਿਚ ਸਥਿਤੀ ਅਪਣਾਉਣ ਦੇ ਦੁਆਰਾ ਵੱਡਾ ਲਾਭ ਹਾਸਲ ਕਰਨ ਲਈ ਇਜਾਜ਼ਤ ਦੇ ਕੇ ਵੀ ਪ੍ਰੇਮ ਦਿਖਾਇਆ।

15, 16. ਪਰਮੇਸ਼ੁਰ ਨੇ ਕਿਹੜਿਆਂ ਤਰੀਕਿਆਂ ਵਿਚ ਪ੍ਰੇਮ ਪ੍ਰਦਰਸ਼ਿਤ ਕੀਤਾ ਹੈ?

15 ਜਿਉਂ-ਜਿਉਂ ਤੁਸੀਂ ਬਾਈਬਲ ਪੜ੍ਹਦੇ ਹੋ, ਤੁਸੀਂ ਧਿਆਨ ਦਿਓਗੇ ਕਿ ਪ੍ਰੇਮ ਪਰਮੇਸ਼ੁਰ ਦਾ ਮੁੱਖ ਗੁਣ ਹੈ, ਅਤੇ ਉਹ ਇਸ ਨੂੰ ਕਈ ਤਰੀਕਿਆਂ ਵਿਚ ਪ੍ਰਦਰਸ਼ਿਤ ਕਰਦਾ ਹੈ। ਮਿਸਾਲ ਲਈ, ਇਹ ਪ੍ਰੇਮ ਵਜੋਂ ਸੀ ਕਿ ਉਹ ਇਕ ਸ੍ਰਿਸ਼ਟੀਕਰਤਾ ਬਣਿਆ ਅਤੇ ਪਹਿਲੀ ਵਾਰ ਆਤਮਿਕ ਪ੍ਰਾਣੀਆਂ ਦੇ ਨਾਲ ਜੀਵਨ ਦਾ ਆਨੰਦ ਸਾਂਝਾ ਕੀਤਾ। ਉਹ ਕਰੋੜਾਂ ਦੂਤ ਪਰਮੇਸ਼ੁਰ ਨੂੰ ਪ੍ਰੇਮ ਕਰਦੇ ਹਨ ਅਤੇ ਉਸ ਦੀ ਉਸਤਤ ਕਰਦੇ ਹਨ। (ਅੱਯੂਬ 38:4, 7; ਦਾਨੀਏਲ 7:10) ਪਰਮੇਸ਼ੁਰ ਨੇ ਧਰਤੀ ਨੂੰ ਸ੍ਰਿਸ਼ਟ ਕਰਨ ਅਤੇ ਉਹ ਨੂੰ ਸੁਖੀ ਮਾਨਵ ਹੋਂਦ ਲਈ ਤਿਆਰ ਕਰਨ ਵਿਚ ਵੀ ਪ੍ਰੇਮ ਪ੍ਰਦਰਸ਼ਿਤ ਕੀਤਾ।—ਉਤਪਤ 1:1, 26-28; ਜ਼ਬੂਰ 115:16.

16 ਅਸੀਂ ਇੰਨੇ ਤਰੀਕਿਆਂ ਵਿਚ ਪਰਮੇਸ਼ੁਰ ਦੇ ਪ੍ਰੇਮ ਤੋਂ ਲਾਭ ਉਠਾਉਂਦੇ ਹਾਂ ਕਿ ਉਨ੍ਹਾਂ ਦਾ ਜ਼ਿਕਰ ਵੀ ਨਹੀਂ ਕੀਤਾ ਜਾ ਸਕਦਾ ਹੈ। ਇਕ ਗੱਲ ਇਹ ਹੈ ਕਿ ਪਰਮੇਸ਼ੁਰ ਨੇ ਸਾਡੇ ਸਰੀਰ ਅਜਿਹੇ ਅਦਭੁਤ ਤਰੀਕੇ ਦੇ ਨਾਲ ਬਣਾਏ ਹਨ ਕਿ ਅਸੀਂ ਜੀਵਨ ਦਾ ਆਨੰਦ ਮਾਣ ਸਕਦੇ ਹਾਂ। (ਜ਼ਬੂਰ 139:14) ਉਸ ਦਾ ਪ੍ਰੇਮ ਇਸ ਗੱਲ ਵਿਚ ਦੇਖਿਆ ਜਾਂਦਾ ਹੈ ਕਿ ਉਸ ਨੇ ‘ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਦੇ ਕੇ [ਸਾਡੇ] ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।’ (ਰਸੂਲਾਂ ਦੇ ਕਰਤੱਬ 14:17) ਨਾਲੇ ਪਰਮੇਸ਼ੁਰ “ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:45) ਪ੍ਰੇਮ ਸਾਡੇ ­ਸ੍ਰਿਸ਼ਟੀਕਰਤਾ ਨੂੰ ਸਾਨੂੰ ਸਹਾਇਤਾ ਦੇਣ ਲਈ ਵੀ ਉਤੇਜਿਤ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦਾ ਗਿਆਨ ਹਾਸਲ ਕਰੀਏ ਅਤੇ ਖ਼ੁਸ਼ੀ ਨਾਲ ਉਹ ਦੇ ਉਪਾਸਕਾਂ ਦੇ ਤੌਰ ਤੇ ਉਸ ਦੀ ਸੇਵਾ ਕਰੀਏ। ਜੀ ਹਾਂ, “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਪਰੰਤੂ ਉਸ ਦੇ ਵਿਅਕਤਿੱਤਵ ਦੇ ਕਾਫ਼ੀ ਹੋਰ ਪਹਿਲੂ ਹਨ।

“ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ”

17. ਕੂਚ 34:6, 7 ਵਿਚ ਅਸੀਂ ਪਰਮੇਸ਼ੁਰ ਬਾਰੇ ਕੀ ਸਿੱਖਦੇ ਹਾਂ?

17 ਇਸਰਾਏਲੀਆਂ ਦੇ ਲਾਲ ਸਾਗਰ ਪਾਰ ਕਰਨ ਤੋਂ ਬਾਅਦ, ਉਨ੍ਹਾਂ ਨੂੰ ਹਾਲੇ ਵੀ ਪਰਮੇਸ਼ੁਰ ਨੂੰ ਬਿਹਤਰ ਜਾਣਨ ਦੀ ਜ਼ਰੂਰਤ ਸੀ। ਮੂਸਾ ਨੇ ਇਸ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਪ੍ਰਾਰਥਨਾ ਕੀਤੀ: “ਸੋ ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ ਤਾਂ ਮੈਨੂੰ ਆਪਣਾ ਰਾਹ ਦੱਸ ਕਿ ਮੈਂ ਤੈਨੂੰ ਜਾਣਾਂ ਤਾਂ ਜੋ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਰਹੇ।” (ਕੂਚ 33:13) ਪਰਮੇਸ਼ੁਰ ਦੀ ਆਪਣੀ ਘੋਸ਼ਣਾ ਸੁਣ ਕੇ ਮੂਸਾ ਪਰਮੇਸ਼ੁਰ ਨੂੰ ਬਿਹਤਰ ਜਾਣਨ ਲੱਗਾ: “ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ। ਅਤੇ ਹਜਾਰਾਂ ਲਈ ਭਲਿਆਈ ਰੱਖਣ ਵਾਲਾ ਹੈ ਅਤੇ ਕੁਧਰਮ, ਅਪਰਾਧ ਅਰ ਪਾਪ ਦਾ ਬਖ਼ਸ਼ਣ ਹਾਰ ਅਤੇ ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।” (ਕੂਚ 34:6, 7) ਪਰਮੇਸ਼ੁਰ ਆਪਣੇ ਪ੍ਰੇਮ ਨੂੰ ਨਿਆਉਂ ਦੇ ਨਾਲ ਸੰਤੁਲਿਤ ਕਰਦਾ ਹੈ, ਹਠੀਲੇ ਪਾਪੀਆਂ ਨੂੰ ਉਨ੍ਹਾਂ ਦੇ ਅਪਰਾਧਾਂ ਦੇ ਨਤੀਜਿਆਂ ਤੋਂ ਨਹੀਂ ਬਚਾਉਂਦਾ ਹੈ।

18. ਯਹੋਵਾਹ ਕਿਸ ਤਰ੍ਹਾਂ ਦਿਆਲੂ ਸਾਬਤ ਹੋਇਆ ਹੈ?

18 ਜਿਵੇਂ ਮੂਸਾ ਨੇ ਸਿੱਖਿਆ, ਯਹੋਵਾਹ ਦਇਆ ਦਿਖਾਉਂਦਾ ਹੈ। ਇਕ ਦਿਆਲੂ ਵਿਅਕਤੀ ਉਨ੍ਹਾਂ ਉੱਤੇ ਤਰਸ ਖਾਂਦਾ ਹੈ ਜੋ ਕਸ਼ਟ ਵਿਚ ਹਨ ਅਤੇ ਉਨ੍ਹਾਂ ਲਈ ਰਾਹਤ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਇੰਜ ਪਰਮੇਸ਼ੁਰ ਨੇ ਮਨੁੱਖਜਾਤੀ ਲਈ ਕਸ਼ਟ, ਬੀਮਾਰੀ, ਅਤੇ ਮੌਤ ਤੋਂ ਸਥਾਈ ਰਾਹਤ ਦਾ ਪ੍ਰਬੰਧ ਕਰ ਕੇ ਹਮਦਰਦੀ ਪ੍ਰਦਰਸ਼ਿਤ ਕੀਤੀ ਹੈ। (ਪਰਕਾਸ਼ ਦੀ ਪੋਥੀ 21:3-5) ਪਰਮੇਸ਼ੁਰ ਦੇ ਉਪਾਸਕ ਇਸ ਦੁਸ਼ਟ ਸੰਸਾਰ ਦੀਆਂ ਹਾਲਤਾਂ ਦੇ ਕਾਰਨ ਸ਼ਾਇਦ ਬਿਪਤਾਵਾਂ ਅਨੁਭਵ ਕਰਨ, ਜਾਂ ਉਹ ਸ਼ਾਇਦ ਨਾਸਮਝੀ ਵਿਚ ਕਦਮ ਉਠਾਉਣ ਦੇ ਕਾਰਨ ਮੁਸ਼ਕਲਾਂ ਵਿਚ ਪੈ ਜਾਣ। ਪਰੰਤੂ ਉਹ ਅਗਰ ਨਿਮਰਤਾ ਨਾਲ ਯਹੋਵਾਹ ਦੀ ਸਹਾਇਤਾ ਭਾਲਣ, ਤਾਂ ਉਹ ਉਨ੍ਹਾਂ ਨੂੰ ਦਿਲਾਸਾ ਅਤੇ ਸਹਾਇਤਾ ਦੇਵੇਗਾ। ਕਿਉਂ? ਕਿਉਂਕਿ ਉਹ ਦਇਆਪੂਰਵਕ ਤਰੀਕੇ ਤੋਂ ਆਪਣੇ ਉਪਾਸਕਾਂ ਨੂੰ ਕੋਮਲ ਲਿਹਾਜ਼ ਦਿਖਾਉਂਦਾ ਹੈ।—ਜ਼ਬੂਰ 86:15; 1 ਪਤਰਸ 5:6, 7.

19. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਕਿਰਪਾਲੂ ਹੈ?

19 ਕਈ ਅਧਿਕਾਰੀ ਲੋਕ ਦੂਜਿਆਂ ਨਾਲ ਕਠੋਰ ਵਰਤਾਉ ਕਰਦੇ ਹਨ। ਇਸ ਦੇ ਵਿਰੁੱਧ, ਯਹੋਵਾਹ ਆਪਣੇ ਨਿਮਰ ਸੇਵਕਾਂ ਦੇ ਪ੍ਰਤੀ ਕਿੰਨਾ ਕਿਰਪਾਲੂ ਹੈ! ਭਾਵੇਂ ਕਿ ਉਹ ਵਿਸ਼ਵ ਦਾ ਉੱਚਤਮ ਅਧਿਕਾਰੀ ਹੈ, ਉਹ ਇਕ ਸਾਧਾਰਣ ਤਰੀਕੇ ਵਿਚ ਸਾਰੀ ਮਨੁੱਖਜਾਤੀ ਦੇ ਪ੍ਰਤੀ ਬੇਮਿਸਾਲ ਦਿਆਲਗੀ ਪ੍ਰਦਰਸ਼ਿਤ ਕਰਦਾ ਹੈ। (ਜ਼ਬੂਰ 8:3, 4; ਲੂਕਾ 6:35) ­ਯਹੋਵਾਹ ਵਿਅਕਤੀਆਂ ਦੇ ਪ੍ਰਤੀ ਵੀ ਕਿਰਪਾਲੂ ਹੈ, ਅਤੇ ਕਿਰਪਾ ਲਈ ਉਨ੍ਹਾਂ ਦੀਆਂ ਵਿਸ਼ਿਸ਼ਟ ਬੇਨਤੀਆਂ ਦਾ ਜਵਾਬ ਦਿੰਦਾ ਹੈ। (ਕੂਚ 22:26, 27; ਲੂਕਾ 18:13, 14) ਯਕੀਨਨ, ਪਰਮੇਸ਼ੁਰ ਕਿਸੇ ਨੂੰ ਵੀ ਕਿਰਪਾ ਜਾਂ ਦਇਆ ਪ੍ਰਦਰਸ਼ਿਤ ਕਰਨ ਦੀ ਪਾਬੰਦੀ ਹੇਠ ਨਹੀਂ ਹੈ। (ਕੂਚ 33:19) ਇਸ ਕਰਕੇ, ਸਾਨੂੰ ਪਰਮੇਸ਼ੁਰ ਦੀ ਦਇਆ ਅਤੇ ਕਿਰਪਾ ਲਈ ਗਹਿਰੀ ਕਦਰ ਜ਼ਾਹਰ ਕਰਨੀ ਚਾਹੀਦੀ ਹੈ।—ਜ਼ਬੂਰ 145:1, 8.

ਕ੍ਰੋਧ ਵਿਚ ਧੀਰਜਵਾਨ, ਨਿਰਪੱਖ, ਅਤੇ ਧਰਮੀ

20. ਕੀ ਪ੍ਰਦਰਸ਼ਿਤ ਕਰਦਾ ਹੈ ਕਿ ਯਹੋਵਾਹ ਦੋਵੇਂ ਕ੍ਰੋਧ ਵਿਚ ਧੀਰਜਵਾਨ, ਅਤੇ ਨਿਰਪੱਖ ਹੈ?

20 ਯਹੋਵਾਹ ਕ੍ਰੋਧ ਵਿਚ ਧੀਰਜਵਾਨ ਹੈ। ਮਗਰ, ਇਸ ਦਾ ਇਹ ਅਰਥ ਨਹੀਂ ਹੈ ਕਿ ਉਹ ਕਦਮ ਨਹੀਂ ਚੁੱਕਦਾ ਹੈ, ਕਿਉਂਜੋ ਉਸ ਨੇ ਲਾਲ ਸਾਗਰ ਵਿਚ ਹਠਧਰਮੀ ਫ਼ਿਰਊਨ ਅਤੇ ਉਸ ਦੀ ਸੈਨਾ ਨੂੰ ਨਾਸ਼ ਕਰ ਕੇ ਇਹੋ ਹੀ ਕੀਤਾ ਸੀ। ਯਹੋਵਾਹ ਨਿਰਪੱਖ ਵੀ ਹੈ। ਇਸ ਤਰ੍ਹਾਂ, ਉਸ ਦੇ ਕਿਰਪਾ-ਪ੍ਰਾਪਤ ਲੋਕ, ਇਸਰਾਏਲੀਆਂ ਨੇ ਆਪਣੇ ਨਿਰੰਤਰ ਅਪਰਾਧ ਦੇ ਕਾਰਨ ਉਸ ਦੀ ਕਿਰਪਾ ਖੋਹ ਦਿੱਤੀ। ਪਰਮੇਸ਼ੁਰ ਸਾਰੀਆਂ ਕੌਮਾਂ ਤੋਂ ਲੋਕਾਂ ਨੂੰ ਆਪਣੇ ਉਪਾਸਕਾਂ ਦੇ ਤੌਰ ਤੇ ਸਵੀਕਾਰ ਕਰਦਾ ਹੈ, ਪਰੰਤੂ ਉਨ੍ਹਾਂ ਨੂੰ ਹੀ ਜੋ ਉਸ ਦੇ ਧਰਮੀ ਤਰੀਕਿਆਂ ਦੇ ਅਨੁਕੂਲ ਬਣਦੇ ਹਨ।—ਰਸੂਲਾਂ ਦੇ ਕਰਤੱਬ 10:34, 35.

21. (ੳ) ਪਰਕਾਸ਼ ਦੀ ਪੋਥੀ 15:2-4 ਸਾਨੂੰ ਪਰਮੇਸ਼ੁਰ ਬਾਰੇ ਕੀ ਸਿਖਾਉਂਦੀ ਹੈ? (ਅ) ਕਿਹੜੀ ਚੀਜ਼ ਸਾਡੇ ਲਈ ਉਹ ਕਰਨਾ ਜੋ ਪਰਮੇਸ਼ੁਰ ਕਹਿੰਦਾ ਹੈ ਕਿ ਸਹੀ ਹੈ, ਹੋਰ ਸੌਖਾ ਬਣਾ ਦੇਵੇਗੀ?

21 ਬਾਈਬਲ ਦੀ ਪਰਕਾਸ਼ ਦੀ ਪੋਥੀ ਪਰਮੇਸ਼ੁਰ ਦੀਆਂ “ਧਰਮੀ ਬਿਧੀਆਂ” ਦੇ ਬਾਰੇ ਸਿੱਖਣ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਇਹ ਸਾਨੂੰ ਦੱਸਦੀ ਹੈ ਕਿ ਸਵਰਗੀ ਪ੍ਰਾਣੀ ਗੀਤ ਗਾਉਂਦੇ ਹਨ: “ਹੇ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਹਨ ਤੇਰੇ ਕੰਮ! ਹੇ ਕੌਮਾਂ ਦੇ ਪਾਤਸ਼ਾਹ, ਜਥਾਰਥ ਅਤੇ ਸਤ ਹਨ ਤੇਰੇ ਮਾਰਗ! ਹੇ ਪ੍ਰਭੁ, ਕੌਣ ਤੈਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ ਸੋ ਸਾਰੀਆਂ ਕੌਮਾਂ ਆਉਣ ਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣ ਗੀਆਂ, ਇਸ ਲਈ ਜੋ ਤੇਰੇ ਨਿਆਉਂ ਦੇ ਕੰਮ [“ਧਰਮੀ ਬਿਧੀਆਂ,” ਨਿ ਵ] ਪਰਗਟ ਹੋ ਗਏ ਹਨ!” (ਪਰਕਾਸ਼ ਦੀ ਪੋਥੀ 15:2-4) ਉਨ੍ਹਾਂ ਗੱਲਾਂ ਦੇ ਅਨੁਕੂਲ ਹੋ ਕੇ ਜੋ ਉਹ ਕਹਿੰਦਾ ਹੈ ਕਿ ਸਹੀ ਹਨ, ਅਸੀਂ ਯਹੋਵਾਹ ਦੇ ਪ੍ਰਤੀ ਸੁਅਸਥਕਾਰੀ ਡਰ, ਜਾਂ ਸਤਿਕਾਰ ਪ੍ਰਦਰਸ਼ਿਤ ਕਰਦੇ ਹਾਂ। ਇਹ ਕਰਨਾ ਹੋਰ ਸੌਖਾ ਹੋ ਜਾਂਦਾ ਹੈ ਜੇ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਬੁੱਧ ਅਤੇ ਪ੍ਰੇਮ ਬਾਰੇ ਯਾਦ ਦਿਲਾਉਂਦੇ ਰਹੀਏ। ਉਸ ਦੇ ਸਾਰੇ ਹੁਕਮ ਸਾਡੇ ਭਲੇ ਲਈ ਹਨ।—ਯਸਾਯਾਹ 48:17, 18.

‘ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਹੈ’

22. ਉਹ ਜੋ ਬਾਈਬਲ ਨੂੰ ਸਵੀਕਾਰ ਕਰਦੇ ਹਨ, ਇਕ ਤ੍ਰਿਏਕ ਦੀ ਉਪਾਸਨਾ ਕਿਉਂ ਨਹੀਂ ਕਰਦੇ ਹਨ?

22 ਪ੍ਰਾਚੀਨ ਮਿਸਰੀ ਅਨੇਕ ਈਸ਼ਵਰਾਂ ਦੀ ਉਪਾਸਨਾ ਕਰਦੇ ਸਨ, ਪਰੰਤੂ ਯਹੋਵਾਹ “ਅਣਵੰਡੀ ਭਗਤੀ ਦੀ ਮੰਗ ਕਰਨ ਵਾਲਾ ਪਰਮੇਸ਼ੁਰ” ਹੈ। (ਕੂਚ 20:5, ਨਿ ਵ) ਮੂਸਾ ਨੇ ਇਸਰਾਏਲੀਆਂ ਨੂੰ ਯਾਦ ਦਿਲਾਇਆ ਸੀ ਕਿ “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।” (ਬਿਵਸਥਾ ਸਾਰ 6:4, ਟੇਢੇ ਟਾਈਪ ਸਾਡੇ।) ਯਿਸੂ ਮਸੀਹ ਨੇ ਉਨ੍ਹਾਂ ਸ਼ਬਦਾਂ ਨੂੰ ਦੁਹਰਾਇਆ। (ਮਰਕੁਸ 12:28, 29) ਇਸ ਲਈ, ਜੋ ਲੋਕ ਬਾਈਬਲ ਨੂੰ ਪਰਮੇਸ਼ੁਰ ਦਾ ਬਚਨ ਸਵੀਕਾਰ ਕਰਦੇ ਹਨ, ਉਹ ਤਿੰਨ ਵਿਅਕਤੀਆਂ ਜਾਂ ਈਸ਼ਵਰਾਂ ਦੀ ਬਣੀ ਹੋਈ ਤ੍ਰਿਏਕ ਦੀ ਉਪਾਸਨਾ ਨਹੀਂ ਕਰਦੇ ਹਨ। ਅਸਲ ਵਿਚ, ਬਾਈਬਲ ਵਿਚ “ਤ੍ਰਿਏਕ” ਸ਼ਬਦ ਪਾਇਆ ਹੀ ਨਹੀਂ ਜਾਂਦਾ ਹੈ। ਸੱਚਾ ਪਰਮੇਸ਼ੁਰ ਇਕ ਵਿਅਕਤੀ ਹੈ, ਜੋ ਯਿਸੂ ਮਸੀਹ ਤੋਂ ਵੱਖਰਾ ਹੈ। (ਯੂਹੰਨਾ 14:28; 1 ਕੁਰਿੰਥੀਆਂ 15:28) ਪਰਮੇਸ਼ੁਰ ਦੀ ਪਵਿੱਤਰ ਆਤਮਾ ਇਕ ਵਿਅਕਤੀ ਨਹੀਂ ਹੈ। ਇਹ ਯਹੋਵਾਹ ਦੀ ਕ੍ਰਿਆਸ਼ੀਲ ਸ਼ਕਤੀ ਹੈ, ਜੋ ਸਰਬਸ਼ਕਤੀਮਾਨ ਦੁਆਰਾ ਆਪਣੇ ਮਕਸਦ ਪੂਰੇ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ।—ਉਤਪਤ 1:2; ਰਸੂਲਾਂ ਦੇ ਕਰਤੱਬ 2:1-4, 32, 33; 2 ਪਤਰਸ 1:20, 21.

23. (ੳ) ਪਰਮੇਸ਼ੁਰ ਲਈ ਤੁਹਾਡਾ ਪ੍ਰੇਮ ਕਿਵੇਂ ਵਧੇਗਾ? (ਅ) ਯਿਸੂ ਨੇ ਪਰਮੇਸ਼ੁਰ ਨੂੰ ਪ੍ਰੇਮ ਕਰਨ ਬਾਰੇ ਕੀ ਕਿਹਾ ਸੀ, ਅਤੇ ਸਾਨੂੰ ਮਸੀਹ ਬਾਰੇ ਕੀ ਸਿੱਖਣ ਦੀ ਲੋੜ ਹੈ?

23 ਜਦੋਂ ਤੁਸੀਂ ਇਸ ਤੇ ਗੌਰ ਕਰਦੇ ਹੋ ਕਿ ਯਹੋਵਾਹ ਕਿੰਨਾ ਅਦਭੁਤ ਹੈ, ਤਾਂ ਕੀ ਤੁਸੀਂ ਸਹਿਮਤ ਨਹੀਂ ਹੁੰਦੇ ਕਿ ਉਹ ਤੁਹਾਡੀ ਉਪਾਸਨਾ ਦੇ ਯੋਗ ਹੈ? ਜਿਉਂ ਹੀ ਤੁਸੀਂ ਉਸ ਦੇ ਬਚਨ, ਬਾਈਬਲ ਦਾ ਅਧਿਐਨ ਕਰਦੇ ਹੋ, ਤੁਸੀਂ ਉਸ ਦੇ ਨਾਲ ਬਿਹਤਰ ਪਰਿਚਿਤ ਹੋਵੋਗੇ ਅਤੇ ਸਿਖੋਗੇ ਕਿ ਤੁਹਾਡੀ ਸਦੀਪਕ ਭਲਿਆਈ ਅਤੇ ਖ਼ੁਸ਼ੀ ਲਈ ਉਹ ਤੁਹਾਡੇ ਤੋਂ ਕੀ ਚਾਹੁੰਦਾ ਹੈ। (ਮੱਤੀ 5:3, 6) ਇਸ ਤੋਂ ਇਲਾਵਾ, ਪਰਮੇਸ਼ੁਰ ਲਈ ਤੁਹਾਡਾ ਪ੍ਰੇਮ ਵਧੇਗਾ। ਇਹ ਉਚਿਤ ਹੈ, ਕਿਉਂਕਿ ਯਿਸੂ ਨੇ ਕਿਹਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।” (ਮਰਕੁਸ 12:30) ਸਪੱਸ਼ਟ ਤੌਰ ਤੇ, ਯਿਸੂ ਪਰਮੇਸ਼ੁਰ ਦੇ ਨਾਲ ਅਜਿਹਾ ਪ੍ਰੇਮ ਰੱਖਦਾ ਸੀ। ਪਰੰਤੂ ਬਾਈਬਲ ਯਿਸੂ ਮਸੀਹ ਬਾਰੇ ਕੀ ਪ੍ਰਗਟ ਕਰਦੀ ਹੈ? ਯਹੋਵਾਹ ਦੇ ਮਕਸਦਾਂ ਵਿਚ ਉਸ ਦੀ ਕੀ ਭੂਮਿਕਾ ਹੈ?

ਆਪਣੇ ਗਿਆਨ ਨੂੰ ਪਰਖੋ

ਪਰਮੇਸ਼ੁਰ ਦਾ ਨਾਂ ਕੀ ਹੈ, ਅਤੇ ਇਹ ਇਬਰਾਨੀ ਸ਼ਾਸਤਰਾਂ ਵਿਚ ਕਿੰਨਾ ਅਕਸਰ ਇਸਤੇਮਾਲ ਕੀਤਾ ਗਿਆ ਹੈ?

ਤੁਹਾਨੂੰ ਪਰਮੇਸ਼ੁਰ ਦਾ ਨਾਂ ਕਿਉਂ ਇਸਤੇਮਾਲ ਕਰਨਾ ਚਾਹੀਦਾ ਹੈ?

ਯਹੋਵਾਹ ਪਰਮੇਸ਼ੁਰ ਦੇ ਕਿਹੜੇ ਗੁਣ ਤੁਹਾਨੂੰ ਖ਼ਾਸ ਤੌਰ ਤੇ ਆਕਰਸ਼ਿਤ ਕਰਦੇ ਹਨ?

[ਸਵਾਲ]

[ਸਫ਼ੇ 29 ਉੱਤੇ ਤਸਵੀਰ]

ਸਾਰੀਆਂ ਚੀਜ਼ਾਂ ਦੇ ਸ੍ਰਿਸ਼ਟੀਕਰਤਾ ਨੂੰ ਤੁਸੀਂ ਕਿੰਨੀ ਅੱਛੀ ਤਰ੍ਹਾਂ ਜਾਣਦੇ ਹੋ?