ਭਾਗ 7
ਆਪਣੇ ਬੱਚੇ ਨੂੰ ਕਿਵੇਂ ਤਾਲੀਮ ਦੇਈਏ
‘ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਦਿਲ ਵਿਚ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ।’—ਬਿਵਸਥਾ ਸਾਰ 6:6, 7
ਜਦੋਂ ਯਹੋਵਾਹ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ, ਤਾਂ ਉਸ ਨੇ ਬੱਚਿਆਂ ਦੀ ਜ਼ਿੰਮੇਵਾਰੀ ਮਾਪਿਆਂ ਨੂੰ ਸੌਂਪੀ ਸੀ। (ਕੁਲੁੱਸੀਆਂ 3:20) ਤਾਂ ਫਿਰ ਮਾਪਿਓ ਇਹ ਤੁਹਾਡਾ ਫ਼ਰਜ਼ ਬਣਦਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਬਣਨਾ ਸਿਖਾਓ। (2 ਤਿਮੋਥਿਉਸ 1:5; 3:15) ਇਹ ਵੀ ਜਾਣੋ ਕਿ ਤੁਹਾਡੇ ਧੀ-ਪੁੱਤ ਦੇ ਦਿਲ ਵਿਚ ਕੀ ਹੈ। ਜੇ ਤੁਸੀਂ ਆਪਣੇ ਬੱਚੇ ਦੇ ਦਿਲ ਵਿਚ ਯਹੋਵਾਹ ਦੀਆਂ ਗੱਲਾਂ ਬਿਠਾਉਣੀਆਂ ਚਾਹੁੰਦੇ ਹੋ, ਤਾਂ ਜ਼ਰੂਰੀ ਹੈ ਕਿ ਪਹਿਲਾਂ ਇਹ ਤੁਹਾਡੇ ਦਿਲ ਵਿਚ ਹੋਣ। (ਜ਼ਬੂਰਾਂ ਦੀ ਪੋਥੀ 40:8) ਹਾਂ, ਇਹ ਕਦੇ ਨਾ ਭੁੱਲੋ ਕਿ ਤੁਹਾਡੀ ਮਿਸਾਲ ਦਾ ਬੱਚਿਆਂ ʼਤੇ ਜ਼ਬਰਦਸਤ ਅਸਰ ਪੈਂਦਾ ਹੈ।
1 ਬੱਚੇ ਲਈ ਖੁੱਲ੍ਹ ਕੇ ਗੱਲ ਕਰਨੀ ਸੌਖੀ ਬਣਾਓ
ਬਾਈਬਲ ਕੀ ਕਹਿੰਦੀ ਹੈ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ।” (ਯਾਕੂਬ 1:19) ਘਰ ਵਿਚ ਅਜਿਹਾ ਮਾਹੌਲ ਪੈਦਾ ਕਰੋ ਕਿ ਬੱਚੇ ਬੇਝਿਜਕ ਹੋ ਕੇ ਤੁਹਾਡੇ ਨਾਲ ਗੱਲ ਕਰ ਸਕਣ। ਉਨ੍ਹਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਤੁਸੀਂ ਹਰ ਵੇਲੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਹੋ। ਸ਼ਾਂਤ ਮਾਹੌਲ ਵਿਚ ਉਨ੍ਹਾਂ ਲਈ ਦਿਲ ਦੀ ਗੱਲ ਕਰਨੀ ਸੌਖੀ ਹੋਵੇਗੀ। (ਯਾਕੂਬ 3:18) ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਰੁੱਖੇ ਢੰਗ ਨਾਲ ਗੱਲ ਕਰੋਗੇ ਜਾਂ ਉਨ੍ਹਾਂ ਵਿਚ ਨੁਕਸ ਕੱਢੋਗੇ, ਤਾਂ ਉਹ ਸ਼ਾਇਦ ਕਦੀ ਖੁੱਲ੍ਹ ਕੇ ਗੱਲ ਨਾ ਕਰਨ। ਬੱਚਿਆਂ ਨਾਲ ਧੀਰਜ ਨਾਲ ਪੇਸ਼ ਆਓ ਅਤੇ ਉਨ੍ਹਾਂ ਨੂੰ ਦੱਸਦੇ ਰਹੋ ਕਿ ਤੁਸੀਂ ਉਨ੍ਹਾਂ ਨਾਲ ਪਿਆਰ ਕਰਦੇ ਹੋ।—ਮੱਤੀ 3:17; 1 ਕੁਰਿੰਥੀਆਂ 8:1.
ਤੁਸੀਂ ਕੀ ਕਰ ਸਕਦੇ ਹੋ:
-
ਜਦੋਂ ਵੀ ਤੁਹਾਡੇ ਬੱਚੇ ਗੱਲ ਕਰਨੀ ਚਾਹੁੰਦੇ ਹਨ, ਤਾਂ ਸੁਣਨ ਲਈ ਤਿਆਰ ਰਹੋ
-
ਬੱਚਿਆਂ ਨਾਲ ਸਿਰਫ਼ ਉਦੋਂ ਨਾ ਗੱਲ ਕਰੋ ਜਦੋਂ ਉਨ੍ਹਾਂ ਨੇ ਕੋਈ ਗ਼ਲਤੀ ਕੀਤੀ ਹੈ, ਸਗੋਂ ਹਰ ਮੌਕੇ ਤੇ ਗੱਲ ਕਰੋ
2 ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਕੀ ਕਹਿਣਾ ਚਾਹੁੰਦਾ ਹੈ
ਬਾਈਬਲ ਕੀ ਕਹਿੰਦੀ ਹੈ: “ਜਿਹੜਾ ਬਚਨ [ਜਾਂ ਗੱਲ] ਉੱਤੇ ਚਿੱਤ ਲਾਉਂਦਾ ਹੈ ਉਹ ਦਾ ਭਲਾ ਹੋਵੇਗਾ।” (ਕਹਾਉਤਾਂ 16:20) ਆਪਣੇ ਬੱਚਿਆਂ ਦੇ ਮੂੰਹੋਂ ਨਿਕਲੇ ਸ਼ਬਦ ਹੀ ਨਹੀਂ, ਸਗੋਂ ਉਨ੍ਹਾਂ ਦੀਆਂ ਅਣਕਹੀਆਂ ਗੱਲਾਂ ਅਤੇ ਜਜ਼ਬਾਤਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਨੌਜਵਾਨ ਅਕਸਰ ਗੱਲਾਂ ਨੂੰ ਵਧਾ-ਚੜ੍ਹਾ ਕੇ ਦੱਸਦੇ ਹਨ ਜਾਂ ਉਹ ਜਜ਼ਬਾਤਾਂ ਵਿਚ ਆ ਕੇ ਬੋਲਦੇ ਹਨ। “ਗੱਲ ਸੁਣਨ ਤੋਂ ਪਹਿਲਾਂ ਜਿਹੜਾ ਉੱਤਰ ਦਿੰਦਾ ਹੈ, ਇਹ ਉਹ ਦੇ ਲਈ ਮੂਰਖਤਾਈ” ਹੈ। (ਕਹਾਉਤਾਂ 18:13) ਇਸ ਲਈ ਛੇਤੀ ਗੁੱਸਾ ਨਾ ਕਰੋ।—ਕਹਾਉਤਾਂ 19:11.
ਤੁਸੀਂ ਕੀ ਕਰ ਸਕਦੇ ਹੋ:
-
ਬੱਚੇ ਜੋ ਮਰਜ਼ੀ ਕਹਿਣ, ਤੁਸੀਂ ਉਨ੍ਹਾਂ ਦੀਆਂ ਗੱਲਾਂ ਨੂੰ ਵਿੱਚੇ ਨਾ ਟੋਕੋ ਅਤੇ ਕਾਹਲੀ ਵਿਚ ਕੁਝ ਨਾ ਕਹੋ
-
ਖ਼ੁਦ ਤੋਂ ਪੁੱਛੋ, ‘ਜਦੋਂ ਮੈਂ ਉਸ ਦੀ ਉਮਰ ਦਾ ਸੀ, ਤਾਂ ਮੈਂ ਕਿੱਦਾਂ ਮਹਿਸੂਸ ਕਰਦਾ ਸੀ ਤੇ ਮੈਂ ਕਿਹੜੀਆਂ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਸੀ?’
3 ਬੱਚਿਆਂ ਸਾਮ੍ਹਣੇ ਇਕ-ਦੂਜੇ ਨਾਲ ਸਹਿਮਤ ਹੋਵੋ
ਬਾਈਬਲ ਕੀ ਕਹਿੰਦੀ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ।” (ਕਹਾਉਤਾਂ 1:8) ਯਹੋਵਾਹ ਨੇ ਮਾਂ-ਪਿਉ ਨੂੰ ਆਪਣੇ ਬੱਚਿਆਂ ਉੱਤੇ ਅਧਿਕਾਰ ਦਿੱਤਾ ਹੈ। ਤੁਹਾਨੂੰ ਆਪਣੇ ਬੱਚਿਆਂ ਨੂੰ ਇਹ ਸਿਖਾਉਣ ਦੀ ਲੋੜ ਹੈ ਕਿ ਉਹ ਤੁਹਾਡੀ ਇੱਜ਼ਤ ਕਰਨ ਅਤੇ ਤੁਹਾਡਾ ਕਹਿਣਾ ਮੰਨਣ। (ਅਫ਼ਸੀਆਂ 6:1-3) ਬੱਚਿਆਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਜਦੋਂ ਉਨ੍ਹਾਂ ਦੇ ਮਾਪੇ ‘ਆਪਸ ਵਿਚ ਸਹਿਮਤ ਨਹੀਂ ਹੁੰਦੇ।’ (1 ਕੁਰਿੰਥੀਆਂ 1:10) ਜੇ ਤੁਸੀਂ ਇਕ-ਦੂਜੇ ਨਾਲ ਸਹਿਮਤ ਨਹੀਂ ਹੋ, ਤਾਂ ਆਪਣੇ ਬੱਚਿਆਂ ਦੇ ਸਾਮ੍ਹਣੇ ਬਹਿਸ ਨਾ ਕਰੋ, ਨਹੀਂ ਤਾਂ ਉਹ ਤੁਹਾਡੀ ਇੱਜ਼ਤ ਨਹੀਂ ਕਰਨਗੇ।
ਤੁਸੀਂ ਕੀ ਕਰ ਸਕਦੇ ਹੋ:
-
ਦੋਵੇਂ ਫ਼ੈਸਲਾ ਕਰੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਤਾੜਨਾ ਦਿਓਗੇ
-
ਜੇ ਤਾਲੀਮ ਦੇਣ ਬਾਰੇ ਤੁਹਾਡਾ ਦੋਹਾਂ ਦਾ ਵੱਖੋ-ਵੱਖਰਾ ਵਿਚਾਰ ਹੈ, ਤਾਂ ਆਪਣੇ ਸਾਥੀ ਦੇ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰੋ
4 ਸੋਚੋ ਕਿ ਸਿਖਲਾਈ ਕਿਵੇਂ ਦਿਓਗੇ
ਬਾਈਬਲ ਕੀ ਕਹਿੰਦੀ ਹੈ: “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ।” (ਕਹਾਉਤਾਂ 22:6) ਬੱਚਿਆਂ ਨੂੰ ਵਧੀਆ ਸਿਖਲਾਈ ਖ਼ੁਦ-ਬ-ਖ਼ੁਦ ਨਹੀਂ ਮਿਲੇਗੀ। ਸੋਚੋ ਕਿ ਤੁਸੀਂ ਆਪਣੇ ਬੱਚੇ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਤਾੜਨਾ ਕਿਵੇਂ ਦਿਓਗੇ। (ਜ਼ਬੂਰਾਂ ਦੀ ਪੋਥੀ 127:4; ਕਹਾਉਤਾਂ 29:17) ਅਨੁਸ਼ਾਸਨ ਦੇਣ ਦਾ ਹਮੇਸ਼ਾ ਇਹ ਮਤਲਬ ਨਹੀਂ ਕਿ ਤੁਸੀਂ ਉਨ੍ਹਾਂ ਨੂੰ ਸਜ਼ਾ ਦਿਓ, ਸਗੋਂ ਉਨ੍ਹਾਂ ਨੂੰ ਸਮਝਾਓ ਕਿ ਤੁਸੀਂ ਅਸੂਲ ਕਿਉਂ ਬਣਾਏ ਹਨ। (ਕਹਾਉਤਾਂ 28:7) ਨਾਲੇ ਉਨ੍ਹਾਂ ਨੂੰ ਬਾਈਬਲ ਦੀ ਕਦਰ ਕਰਨੀ ਸਿਖਾਓ ਅਤੇ ਇਸ ਵਿਚ ਦਿੱਤੇ ਅਸੂਲ ਸਮਝਣ ਵਿਚ ਉਨ੍ਹਾਂ ਦੀ ਮਦਦ ਕਰੋ। (ਜ਼ਬੂਰਾਂ ਦੀ ਪੋਥੀ 1:2) ਇਸ ਤਰ੍ਹਾਂ ਉਹ ਸਹੀ-ਗ਼ਲਤ ਵਿਚ ਫ਼ਰਕ ਦੇਖ ਸਕਣਗੇ।—ਇਬਰਾਨੀਆਂ 5:14.
ਤੁਸੀਂ ਕੀ ਕਰ ਸਕਦੇ ਹੋ:
-
ਆਪਣੇ ਬੱਚਿਆਂ ਨੂੰ ਸਮਝਾਓ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਸ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਨ
-
ਬੱਚਿਆਂ ਨੂੰ ਸਿਖਾਓ ਕਿ ਉਹ ਇੰਟਰਨੈੱਟ ਅਤੇ ਸੋਸ਼ਲ ਨੈੱਟਵਰਕਿੰਗ ਦੇ ਖ਼ਤਰਿਆਂ ਤੋਂ ਖ਼ਬਰਦਾਰ ਰਹਿਣ। ਨਾਲੇ ਉਨ੍ਹਾਂ ਨੂੰ ਸਿਖਾਓ ਕਿ ਉਹ ਗੰਦੇ ਲੋਕਾਂ ਦੀ ਹਵਸ ਦਾ ਸ਼ਿਕਾਰ ਬਣਨ ਤੋਂ ਕਿਵੇਂ ਬਚ ਸਕਦੇ ਹਨ