ਭਾਗ 4
ਖ਼ਰਚਾ ਕਿਵੇਂ ਚਲਾਈਏ
“ਯੋਜਨਾ ਸਲਾਹ ਲੈਣ ਦੁਆਰਾ ਸਫਲ ਹੋ ਜਾਂਦੀ ਹੈ।”—ਕਹਾਉਤਾਂ 20:18, CL
ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਾ ਜ਼ਰੂਰੀ ਹੈ। (ਕਹਾਉਤਾਂ 30:8) ਵਾਕਈ ‘ਧਨ ਸੁਰੱਖਿਆ ਦਿੰਦਾ ਹੈ।’ (ਉਪਦੇਸ਼ਕ 7:12, CL) ਪੈਸਿਆਂ ਦੀ ਗੱਲ ਛਿੜਨ ਤੇ ਪਤੀ-ਪਤਨੀ ਵਿਚਕਾਰ ਬਹਿਸ ਸ਼ੁਰੂ ਹੋ ਸਕਦੀ ਹੈ, ਪਰ ਪੈਸਿਆਂ ਕਰਕੇ ਆਪਣੇ ਰਿਸ਼ਤੇ ਵਿਚ ਦਰਾੜ ਨਾ ਪੈਣ ਦਿਓ। (ਅਫ਼ਸੀਆਂ 4:32) ਇਕ-ਦੂਜੇ ʼਤੇ ਸ਼ੱਕ ਨਾ ਕਰੋ, ਸਗੋਂ ਭਰੋਸਾ ਰੱਖੋ ਅਤੇ ਖ਼ਰਚਿਆਂ ਬਾਰੇ ਮਿਲ ਕੇ ਸਲਾਹ ਕਰੋ।
1 ਸੋਚ-ਸਮਝ ਕੇ ਹਿਸਾਬ ਲਾਓ
ਬਾਈਬਲ ਕੀ ਕਹਿੰਦੀ ਹੈ: “ਜੇ ਤੁਸੀਂ ਬੁਰਜ ਬਣਾਉਣ ਲੱਗੇ ਹੋ, ਤਾਂ ਕੀ ਤੁਸੀਂ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਹੀਂ ਲਾਓਗੇ ਕਿ ਤੁਹਾਡੇ ਕੋਲ ਬੁਰਜ ਬਣਾਉਣ ਲਈ ਪੈਸਾ ਹੈ ਜਾਂ ਨਹੀਂ?” (ਲੂਕਾ 14:28) ਇਹ ਜ਼ਰੂਰੀ ਹੈ ਕਿ ਤੁਸੀਂ ਦੋਵੇਂ ਇਕੱਠੇ ਫ਼ੈਸਲਾ ਕਰੋ ਕਿ ਤੁਸੀਂ ਕਿਨ੍ਹਾਂ ਚੀਜ਼ਾਂ ʼਤੇ ਪੈਸਾ ਖ਼ਰਚੋਗੇ। (ਆਮੋਸ 3:3) ਦੇਖੋ ਕਿ ਤੁਸੀਂ ਕਿਹੜੀਆਂ ਚੀਜ਼ਾਂ ਖ਼ਰੀਦਣੀਆਂ ਹਨ ਅਤੇ ਆਪਣੀ ਹੈਸੀਅਤ ਮੁਤਾਬਕ ਖ਼ਰਚਾ ਕਰੋ। (ਕਹਾਉਤਾਂ 31:16) ਜੇ ਤੁਹਾਡੇ ਕੋਲ ਬਹੁਤ ਪੈਸਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਪਾਣੀ ਵਾਂਗ ਪੈਸੇ ਵਹਾਓ। ਆਪਣੇ ਸਿਰ ਕਰਜ਼ਾ ਨਾ ਚੜ੍ਹਾਓ, ਸਗੋਂ ਚਾਦਰ ਦੇਖ ਕੇ ਪੈਰ ਪਸਾਰੋ।—ਕਹਾਉਤਾਂ 21:5; 22:7.
ਤੁਸੀਂ ਕੀ ਕਰ ਸਕਦੇ ਹੋ:
-
ਜੇ ਮਹੀਨੇ ਦੇ ਅਖ਼ੀਰ ਵਿਚ ਤੁਹਾਡੇ ਕੋਲ ਪੈਸੇ ਬਚ ਗਏ ਹਨ, ਤਾਂ ਸਲਾਹ ਕਰੋ ਕਿ ਤੁਸੀਂ ਇਨ੍ਹਾਂ ਪੈਸਿਆਂ ਦਾ ਕੀ ਕਰੋਗੇ
-
ਜੇ ਪੈਸੇ ਥੁੜ੍ਹ ਗਏ ਹਨ, ਤਾਂ ਦੇਖੋ ਕਿ ਤੁਸੀਂ ਕਿਹੜੇ ਖ਼ਰਚੇ ਘਟਾ ਸਕਦੇ ਹੋ। ਮਿਸਾਲ ਲਈ, ਹੋਟਲ ਦਾ ਖਾਣਾ ਖਾਣ ਦੀ ਬਜਾਇ ਘਰੇ ਹੀ ਖਾਣਾ ਪਕਾਓ
2 ਈਮਾਨਦਾਰ ਹੋਵੋ ਤੇ ਹੈਸੀਅਤ ਦੇਖੋ
ਬਾਈਬਲ ਕੀ ਕਹਿੰਦੀ ਹੈ: ‘ਨਾ ਸਿਰਫ਼ ਯਹੋਵਾਹ ਦੀਆਂ ਨਜ਼ਰਾਂ ਵਿਚ, ਸਗੋਂ ਇਨਸਾਨਾਂ ਦੀਆਂ ਨਜ਼ਰਾਂ ਵਿਚ ਵੀ ਸਾਰੇ ਕੰਮ ਈਮਾਨਦਾਰੀ ਨਾਲ ਕਰਨ ਦਾ ਧਿਆਨ ਰੱਖੋ।’ (2 ਕੁਰਿੰਥੀਆਂ 8:21) ਆਪਣੇ ਸਾਥੀ ਨੂੰ ਈਮਾਨਦਾਰੀ ਨਾਲ ਦੱਸੋ ਕਿ ਤੁਸੀਂ ਕਿੰਨਾ ਪੈਸਾ ਕਮਾਉਂਦੇ ਹੋ ਅਤੇ ਕਿੰਨਾ ਖ਼ਰਚਦੇ ਹੋ।
ਪੈਸਿਆਂ ਬਾਰੇ ਕੋਈ ਵੀ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਹਮੇਸ਼ਾ ਆਪਣੇ ਸਾਥੀ ਨਾਲ ਸਲਾਹ ਕਰੋ। (ਕਹਾਉਤਾਂ 13:10) ਪੈਸਿਆਂ ਬਾਰੇ ਖੁੱਲ੍ਹ ਕੇ ਗੱਲ ਕਰਨ ਨਾਲ ਘਰ ਵਿਚ ਸ਼ਾਂਤੀ ਬਣੀ ਰਹੇਗੀ। ਇਹ ਨਾ ਸੋਚੋ ਕਿ ‘ਜੋ ਪੈਸਾ ਮੈਂ ਕਮਾਇਆ ਹੈ, ਉਹ ਮੇਰਾ ਹੈ।’ ਪਰ ਇਹ ਸੋਚੋ ਕਿ ਇਹ ਸਾਡੇ ਪਰਿਵਾਰ ਦਾ ਪੈਸਾ ਹੈ।—1 ਤਿਮੋਥਿਉਸ 5:8.
ਤੁਸੀਂ ਕੀ ਕਰ ਸਕਦੇ ਹੋ:
-
ਦੋਵੇਂ ਸਲਾਹ ਕਰੋ ਕਿ ਤੁਸੀਂ ਇਕ-ਦੂਜੇ ਨੂੰ ਪੁੱਛੇ ਬਗੈਰ ਕਿੰਨਾ ਕੁ ਪੈਸਾ ਖ਼ਰਚ ਸਕਦੇ ਹੋ
-
ਪਹਿਲਾਂ ਹੀ ਖ਼ਰਚਿਆਂ ਬਾਰੇ ਗੱਲ ਕਰੋ, ਨਹੀਂ ਤਾਂ ਮੁਸ਼ਕਲ ਖੜ੍ਹੀ ਹੋਣ ਤੇ ਇਸ ਨੂੰ ਸੁਲਝਾਉਣਾ ਤੁਹਾਡੇ ਲਈ ਔਖਾ ਹੋ ਸਕਦਾ ਹੈ