Skip to content

Skip to table of contents

ਅਧਿਆਇ 6

ਇਸਤੀਫ਼ਾਨ​—‘ਪਰਮੇਸ਼ੁਰ ਦੀ ਮਿਹਰ ਅਤੇ ਤਾਕਤ ਨਾਲ ਭਰਪੂਰ’

ਇਸਤੀਫ਼ਾਨ​—‘ਪਰਮੇਸ਼ੁਰ ਦੀ ਮਿਹਰ ਅਤੇ ਤਾਕਤ ਨਾਲ ਭਰਪੂਰ’

ਇਸਤੀਫ਼ਾਨ ਦੇ ਮਹਾਸਭਾ ਅੱਗੇ ਦਲੇਰੀ ਨਾਲ ਗਵਾਹੀ ਦੇਣ ਦੇ ਤਰੀਕੇ ਤੋਂ ਅਸੀਂ ਕੀ ਸਿੱਖਦੇ ਹਾਂ?

ਰਸੂਲਾਂ ਦੇ ਕੰਮ 6:8–8:3 ਵਿੱਚੋਂ

1-3. (ੳ) ਇਸਤੀਫ਼ਾਨ ਕਿਹੜੀ ਖ਼ਤਰਨਾਕ ਸਥਿਤੀ ਵਿਚ ਸੀ, ਪਰ ਉਸ ਨੇ ਇਸ ਦਾ ਸਾਮ੍ਹਣਾ ਕਿਵੇਂ ਕੀਤਾ? (ਅ) ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?

 ਯਰੂਸ਼ਲਮ ਵਿਚ ਮੰਦਰ ਦੇ ਨੇੜੇ ਇਕ ਸ਼ਾਨਦਾਰ ਹਾਲ ਵਿਚ 71 ਆਦਮੀ ਬੈਠੇ ਹੋਏ ਹਨ। ਇਸਤੀਫ਼ਾਨ ਅਦਾਲਤ ਵਿਚ ਉਨ੍ਹਾਂ ਸਾਮ੍ਹਣੇ ਖੜ੍ਹਾ ਹੈ ਜੋ ਅੱਜ ਉਸ ਦਾ ਨਿਆਂ ਕਰਨਗੇ। ਇਨ੍ਹਾਂ ਨਿਆਂਕਾਰਾਂ ਕੋਲ ਬਹੁਤ ਤਾਕਤ ਅਤੇ ਅਧਿਕਾਰ ਹੈ। ਇਨ੍ਹਾਂ ਦੇ ਦਿਲਾਂ ਵਿਚ ਯਿਸੂ ਦੇ ਇਸ ਚੇਲੇ ਲਈ ਨਫ਼ਰਤ ਭਰੀ ਹੋਈ ਹੈ। ਮਹਾਂ ਪੁਜਾਰੀ ਕਾਇਫ਼ਾ ਨੇ ਇਨ੍ਹਾਂ ਸਾਰਿਆਂ ਨੂੰ ਇਕੱਠਾ ਕੀਤਾ ਹੈ ਜਿਸ ਦੀ ਪ੍ਰਧਾਨਗੀ ਹੇਠ ਕੁਝ ਮਹੀਨੇ ਪਹਿਲਾਂ ਮਹਾਸਭਾ ਨੇ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਸੀ। ਕੀ ਇਸਤੀਫ਼ਾਨ ਡਰਿਆ ਹੋਇਆ ਹੈ?

2 ਉਸ ਦਾ ਚਿਹਰਾ ਦੇਖ ਕੇ ਨਹੀਂ ਲੱਗਦਾ ਕਿ ਉਹ ਡਰਿਆ ਹੋਇਆ ਹੈ ਕਿਉਂਕਿ ਉਸ ਦੇ ਚਿਹਰੇ ʼਤੇ ਅਨੋਖਾ ਨੂਰ ਹੈ। ਨਿਆਂਕਾਰ ਗੌਰ ਨਾਲ ਉਸ ਵੱਲ ਦੇਖਦੇ ਹਨ ਅਤੇ ਉਨ੍ਹਾਂ ਨੂੰ ਉਸ ਦਾ ਚਿਹਰਾ “ਦੂਤ ਦੇ ਚਿਹਰੇ ਵਰਗਾ” ਨਜ਼ਰ ਆਉਂਦਾ ਹੈ। (ਰਸੂ. 6:15) ਦੂਤ ਯਹੋਵਾਹ ਪਰਮੇਸ਼ੁਰ ਦੇ ਸੁਨੇਹੇ ਦਿੰਦੇ ਹਨ, ਇਸ ਕਰਕੇ ਉਨ੍ਹਾਂ ਨੂੰ ਕੋਈ ਡਰ ਜਾਂ ਘਬਰਾਹਟ ਨਹੀਂ ਹੁੰਦੀ, ਸਗੋਂ ਉਨ੍ਹਾਂ ਦੇ ਚਿਹਰੇ ਸ਼ਾਂਤ ਤੇ ਅਡੋਲ ਹੁੰਦੇ ਹਨ। ਉਨ੍ਹਾਂ ਵਾਂਗ ਇਸਤੀਫ਼ਾਨ ਦੇ ਚਿਹਰੇ ʼਤੇ ਵੀ ਨਿਡਰਤਾ ਅਤੇ ਸ਼ਾਂਤੀ ਝਲਕਦੀ ਹੈ। ਨਫ਼ਰਤ ਨਾਲ ਭਰੇ ਨਿਆਂਕਾਰ ਵੀ ਇਹ ਸਾਫ਼ ਦੇਖ ਸਕਦੇ ਹਨ। ਉਹ ਇੰਨਾ ਸ਼ਾਂਤ ਕਿਉਂ ਹੈ?

3 ਇਸ ਸਵਾਲ ਦੇ ਜਵਾਬ ਤੋਂ ਅੱਜ ਮਸੀਹੀ ਕਾਫ਼ੀ ਕੁਝ ਸਿੱਖ ਸਕਦੇ ਹਨ। ਸਾਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਇਸਤੀਫ਼ਾਨ ਇਸ ਨਾਜ਼ੁਕ ਸਥਿਤੀ ਵਿਚ ਕਿਵੇਂ ਪਹੁੰਚ ਗਿਆ। ਉਹ ਇਸ ਤੋਂ ਪਹਿਲਾਂ ਵੀ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਕਿਵੇਂ ਬੋਲਿਆ ਸੀ? ਅਸੀਂ ਕਿਨ੍ਹਾਂ ਗੱਲਾਂ ਵਿਚ ਉਸ ਦੀ ਰੀਸ ਕਰ ਸਕਦੇ ਹਾਂ?

‘ਉਨ੍ਹਾਂ ਨੇ ਲੋਕਾਂ ਨੂੰ ਭੜਕਾਇਆ’ (ਰਸੂ. 6:8-15)

4, 5. (ੳ) ਇਸਤੀਫ਼ਾਨ ਮੰਡਲੀ ਲਈ ਕਿਵੇਂ ਮਦਦਗਾਰ ਸਾਬਤ ਹੋਇਆ? (ਅ) ਇਸਤੀਫ਼ਾਨ ਦਾ ਸੁਭਾਅ ਕਿਹੋ ਜਿਹਾ ਸੀ ਅਤੇ ਉਹ ਕਿਸ ਅਰਥ ਵਿਚ “ਤਾਕਤ ਨਾਲ ਭਰਪੂਰ” ਸੀ?

4 ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਇਸਤੀਫ਼ਾਨ ਨਵੀਂ ਬਣੀ ਮਸੀਹੀ ਮੰਡਲੀ ਵਿਚ ਬਹੁਤ ਕੰਮ ਕਰਦਾ ਹੁੰਦਾ ਸੀ। ਪਿਛਲੇ ਅਧਿਆਇ ਵਿਚ ਅਸੀਂ ਦੇਖਿਆ ਕਿ ਉਹ ਉਨ੍ਹਾਂ ਸੱਤ ਨਿਮਰ ਬੰਦਿਆਂ ਵਿੱਚੋਂ ਸੀ ਜਿਨ੍ਹਾਂ ਨੇ ਲੋੜ ਪੈਣ ਤੇ ਰਸੂਲਾਂ ਦੀ ਖ਼ੁਸ਼ੀ-ਖ਼ੁਸ਼ੀ ਮਦਦ ਕੀਤੀ ਸੀ। ਰਸੂਲਾਂ ਦੇ ਕੰਮ 6:8 ਵਿਚ ਅਸੀਂ ਪੜ੍ਹਦੇ ਹਾਂ ਕਿ ਉਹ ਵੀ ਕੁਝ ਰਸੂਲਾਂ ਵਾਂਗ “ਵੱਡੇ-ਵੱਡੇ ਚਮਤਕਾਰ ਕਰਦਾ ਸੀ ਅਤੇ ਨਿਸ਼ਾਨੀਆਂ ਦਿਖਾਉਂਦਾ ਸੀ।” ਬਹੁਤ ਸਾਰੀਆਂ ਦਾਤਾਂ ਹੋਣ ਦੇ ਬਾਵਜੂਦ ਉਹ ਨਿਮਰ ਸੀ। ਅਸੀਂ ਇਹ ਵੀ ਪੜ੍ਹਦੇ ਹਾਂ ਕਿ “ਉਸ ਉੱਤੇ ਪਰਮੇਸ਼ੁਰ ਦੀ ਮਿਹਰ ਸੀ ਅਤੇ ਉਹ ਉਸ ਦੀ ਤਾਕਤ ਨਾਲ ਭਰਪੂਰ ਸੀ।” ਉਸ ਦਾ ਸੁਭਾਅ ਕਿਹੋ ਜਿਹਾ ਸੀ ਤੇ ਉਹ ਕਿਸ ਅਰਥ ਵਿਚ “ਤਾਕਤ ਨਾਲ ਭਰਪੂਰ” ਸੀ?

5 ਇਸਤੀਫ਼ਾਨ ਮਿੱਠਬੋਲੜਾ ਸੀ ਅਤੇ ਪਿਆਰ ਨਾਲ ਗੱਲ ਕਰ ਕੇ ਲੋਕਾਂ ਦੇ ਦਿਲ ਜਿੱਤ ਲੈਂਦਾ ਸੀ। ਉਹ ਆਪਣੀਆਂ ਗੱਲਾਂ ਨਾਲ ਕਾਇਲ ਕਰ ਕੇ ਲੋਕਾਂ ਨੂੰ ਯਕੀਨ ਦਿਵਾਉਂਦਾ ਸੀ ਕਿ ਉਸ ਦੀ ਸਿੱਖਿਆ ਸੱਚ ਸੀ ਅਤੇ ਉਨ੍ਹਾਂ ਦੇ ਫ਼ਾਇਦੇ ਲਈ ਸੀ। ਯਹੋਵਾਹ ਦੀ ਸ਼ਕਤੀ ਉਸ ਉੱਤੇ ਕੰਮ ਕਰਦੀ ਸੀ ਅਤੇ ਉਹ ਨਿਮਰਤਾ ਨਾਲ ਇਸ ਦੀ ਸੇਧ ਵਿਚ ਚੱਲਿਆ। ਰੱਬੀ ਦਾਤਾਂ ਅਤੇ ਆਪਣੀਆਂ ਖੂਬੀਆਂ ਕਰਕੇ ਉਹ ਘਮੰਡ ਨਾਲ ਫੁੱਲਿਆ ਨਹੀਂ, ਸਗੋਂ ਉਸ ਨੇ ਯਹੋਵਾਹ ਦੀ ਵਡਿਆਈ ਕੀਤੀ ਅਤੇ ਦਿਖਾਇਆ ਕਿ ਉਸ ਨੂੰ ਲੋਕਾਂ ਦੀ ਪਰਵਾਹ ਸੀ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਦੇ ਵਿਰੋਧੀਆਂ ਲਈ ਉਸ ਦਾ ਮੁਕਾਬਲਾ ਕਰਨਾ ਬਹੁਤ ਔਖਾ ਸੀ।

6-8. (ੳ) ਇਸਤੀਫ਼ਾਨ ʼਤੇ ਉਸ ਦੇ ਵਿਰੋਧੀਆਂ ਨੇ ਕਿਹੜੇ ਦੋ ਇਲਜ਼ਾਮ ਲਾਏ ਅਤੇ ਕਿਉਂ? (ਅ) ਇਸਤੀਫ਼ਾਨ ਦੀ ਮਿਸਾਲ ਅੱਜ ਮਸੀਹੀਆਂ ਲਈ ਕਿਉਂ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ?

6 ਕਈ ਆਦਮੀ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ, ਪਰ “ਉਹ ਇਸਤੀਫ਼ਾਨ ਦਾ ਮੁਕਾਬਲਾ ਨਾ ਕਰ ਸਕੇ ਕਿਉਂਕਿ ਉਸ ਨੇ ਬੁੱਧ ਅਤੇ ਪਵਿੱਤਰ ਸ਼ਕਤੀ ਦੀ ਮਦਦ ਨਾਲ ਗੱਲ ਕੀਤੀ।” a ਹਾਰ ਕੇ ਉਨ੍ਹਾਂ ਨੇ “ਚੋਰੀ-ਛਿਪੇ” ਕੁਝ ਆਦਮੀਆਂ ਨੂੰ ਉਕਸਾਇਆ ਕਿ ਉਹ ਮਸੀਹ ਦੇ ਇਸ ਬੇਕਸੂਰ ਚੇਲੇ ਉੱਤੇ ਇਲਜ਼ਾਮ ਲਾਉਣ। ਉਨ੍ਹਾਂ ਨੇ “ਲੋਕਾਂ ਨੂੰ, ਬਜ਼ੁਰਗਾਂ ਅਤੇ ਗ੍ਰੰਥੀਆਂ ਨੂੰ ਭੜਕਾਇਆ” ਅਤੇ ਉਹ ਸਾਰੇ ਇਸਤੀਫ਼ਾਨ ਨੂੰ ਜ਼ਬਰਦਸਤੀ ਮਹਾਸਭਾ ਸਾਮ੍ਹਣੇ ਲੈ ਆਏ। (ਰਸੂ. 6:9-12) ਵਿਰੋਧੀਆਂ ਨੇ ਉਸ ਉੱਤੇ ਇਹ ਦੋ ਇਲਜ਼ਾਮ ਲਾਏ: ਪਹਿਲਾ, ਉਸ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਸੀ ਅਤੇ ਦੂਜਾ, ਉਸ ਨੇ ਮੂਸਾ ਦੀ ਨਿੰਦਿਆ ਕੀਤੀ ਸੀ। ਉਹ ਕਿਵੇਂ?

7 ਵਿਰੋਧੀਆਂ ਨੇ ਇਸਤੀਫ਼ਾਨ ʼਤੇ ਝੂਠਾ ਇਲਜ਼ਾਮ ਲਾਇਆ ਕਿ ਉਸ ਨੇ “ਇਸ ਪਵਿੱਤਰ ਜਗ੍ਹਾ” ਯਾਨੀ ਯਰੂਸ਼ਲਮ ਵਿਚ ਮੰਦਰ ਦੇ ਖ਼ਿਲਾਫ਼ ਬੋਲ ਕੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਸੀ। (ਰਸੂ. 6:13) ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਸਤੀਫ਼ਾਨ ਨੇ ਮੂਸਾ ਦੇ ਕਾਨੂੰਨ ਦੇ ਖ਼ਿਲਾਫ਼ ਬੋਲਦੇ ਹੋਏ ਕਿਹਾ ਕਿ ਉਸ ਵੱਲੋਂ ਦਿੱਤੀਆਂ ਰੀਤਾਂ ਬਦਲ ਦਿੱਤੀਆਂ ਜਾਣ। ਇਹ ਬੜਾ ਗੰਭੀਰ ਇਲਜ਼ਾਮ ਸੀ ਕਿਉਂਕਿ ਯਹੂਦੀ ਉਸ ਸਮੇਂ ਮੰਦਰ ਨੂੰ, ਮੂਸਾ ਦੇ ਕਾਨੂੰਨ ਦੀ ਹਰ ਨਿੱਕੀ-ਨਿੱਕੀ ਗੱਲ ਨੂੰ ਅਤੇ ਆਪਣੇ ਵੱਲੋਂ ਬਣਾਏ ਜ਼ਬਾਨੀ ਕਾਨੂੰਨਾਂ ਨੂੰ ਬਹੁਤ ਅਹਿਮੀਅਤ ਦਿੰਦੇ ਸਨ। ਇਹ ਇਲਜ਼ਾਮ ਲਾ ਕੇ ਉਨ੍ਹਾਂ ਨੇ ਦਿਖਾਇਆ ਕਿ ਇਸਤੀਫ਼ਾਨ ਖ਼ਤਰਨਾਕ ਬੰਦਾ ਸੀ ਜਿਸ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਸੀ!

8 ਅਫ਼ਸੋਸ ਦੀ ਗੱਲ ਹੈ ਕਿ ਅੱਜ ਵੀ ਧਾਰਮਿਕ ਕੱਟੜਪੰਥੀ ਪਰਮੇਸ਼ੁਰ ਦੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਨ ਵਾਸਤੇ ਇਸ ਤਰ੍ਹਾਂ ਦੇ ਦਾਅ-ਪੇਚ ਇਸਤੇਮਾਲ ਕਰਦੇ ਹਨ। ਉਹ ਯਹੋਵਾਹ ਦੇ ਗਵਾਹਾਂ ਨੂੰ ਸਤਾਉਣ ਲਈ ਕਦੇ-ਕਦੇ ਸਰਕਾਰੀ ਅਧਿਕਾਰੀਆਂ ਨੂੰ ਭੜਕਾਉਂਦੇ ਹਨ। ਜਦੋਂ ਸਾਡੇ ʼਤੇ ਝੂਠੇ ਇਲਜ਼ਾਮ ਲਾਏ ਜਾਂਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਇਸ ਮਾਮਲੇ ਵਿਚ ਅਸੀਂ ਇਸਤੀਫ਼ਾਨ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ।

“ਮਹਿਮਾਵਾਨ ਪਰਮੇਸ਼ੁਰ” ਬਾਰੇ ਦਲੇਰੀ ਨਾਲ ਗਵਾਹੀ (ਰਸੂ. 7:1-53)

9, 10. ਮਹਾਸਭਾ ਅੱਗੇ ਇਸਤੀਫ਼ਾਨ ਦੁਆਰਾ ਕੀਤੀ ਗੱਲਬਾਤ ਬਾਰੇ ਆਲੋਚਕ ਕੀ ਦਾਅਵਾ ਕਰਦੇ ਹਨ ਅਤੇ ਸਾਨੂੰ ਕਿਹੜੀ ਗੱਲ ਯਾਦ ਰੱਖਣ ਦੀ ਲੋੜ ਹੈ?

9 ਜਿਵੇਂ ਇਸ ਅਧਿਆਇ ਦੇ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਹੈ, ਜਦੋਂ ਇਸਤੀਫ਼ਾਨ ਆਪਣੇ ਉੱਤੇ ਲੱਗੇ ਇਲਜ਼ਾਮ ਸੁਣ ਰਿਹਾ ਸੀ, ਤਾਂ ਉਸ ਦੇ ਚਿਹਰੇ ʼਤੇ ਸ਼ਾਂਤੀ ਝਲਕ ਰਹੀ ਸੀ ਅਤੇ ਉਸ ਦਾ ਚਿਹਰਾ ਦੂਤ ਵਰਗਾ ਸੀ। ਕਾਇਫ਼ਾ ਨੇ ਉਸ ਨੂੰ ਪੁੱਛਿਆ: “ਕੀ ਇਹ ਸੱਚ ਹੈ?” (ਰਸੂ. 7:1) ਹੁਣ ਇਸਤੀਫ਼ਾਨ ਦੇ ਬੋਲਣ ਦੀ ਵਾਰੀ ਸੀ ਅਤੇ ਉਸ ਨੇ ਜ਼ਬਰਦਸਤ ਢੰਗ ਨਾਲ ਗੱਲ ਕੀਤੀ।

10 ਕੁਝ ਆਲੋਚਕ ਕਹਿੰਦੇ ਹਨ ਕਿ ਇਸਤੀਫ਼ਾਨ ਨੇ ਲੰਬਾ-ਚੌੜਾ ਭਾਸ਼ਣ ਤਾਂ ਦਿੱਤਾ, ਪਰ ਉਸ ਨੇ ਆਪਣੇ ਉੱਤੇ ਲੱਗੇ ਇਲਜ਼ਾਮ ਦਾ ਜਵਾਬ ਨਹੀਂ ਦਿੱਤਾ। ਪਰ ਸੱਚੀ ਗੱਲ ਤਾਂ ਇਹ ਹੈ ਕਿ ਇਸਤੀਫ਼ਾਨ ਨੇ ਸਾਨੂੰ ਦਿਖਾਇਆ ਕਿ ਖ਼ੁਸ਼ ਖ਼ਬਰੀ ਬਾਰੇ ਸਵਾਲ ਪੁੱਛੇ ਜਾਣ ʼਤੇ ਕਿਵੇਂ ‘ਜਵਾਬ ਦੇਣਾ’ ਹੈ। (1 ਪਤ. 3:15) ਯਾਦ ਰੱਖੋ ਕਿ ਇਸਤੀਫ਼ਾਨ ਉੱਤੇ ਪਰਮੇਸ਼ੁਰ ਅਤੇ ਮੂਸਾ ਦੀ ਨਿੰਦਿਆ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਇਸਤੀਫ਼ਾਨ ਨੇ ਇਜ਼ਰਾਈਲ ਦੇ ਇਤਿਹਾਸ ਦੇ ਤਿੰਨ ਜ਼ਮਾਨਿਆਂ ਦੀ ਗੱਲ ਕਰਦੇ ਹੋਏ ਬੜੇ ਧਿਆਨ ਨਾਲ ਕੁਝ ਨੁਕਤਿਆਂ ʼਤੇ ਜ਼ੋਰ ਦਿੱਤਾ। ਆਓ ਆਪਾਂ ਇਕ-ਇਕ ਕਰ ਕੇ ਇਨ੍ਹਾਂ ਜ਼ਮਾਨਿਆਂ ਉੱਤੇ ਗੌਰ ਕਰੀਏ।

11, 12. (ੳ) ਇਸਤੀਫ਼ਾਨ ਨੇ ਅਬਰਾਹਾਮ ਦੀ ਮਿਸਾਲ ਨੂੰ ਕਿਵੇਂ ਵਧੀਆ ਤਰੀਕੇ ਨਾਲ ਵਰਤਿਆ? (ਅ) ਇਸਤੀਫ਼ਾਨ ਨੇ ਆਪਣੀ ਗੱਲਬਾਤ ਵਿਚ ਯੂਸੁਫ਼ ਦਾ ਜ਼ਿਕਰ ਕਰਨਾ ਮੁਨਾਸਬ ਕਿਉਂ ਸਮਝਿਆ ਸੀ?

11 ਪੂਰਵਜਾਂ ਦਾ ਜ਼ਮਾਨਾ। (ਰਸੂ. 7:1-16) ਇਸਤੀਫ਼ਾਨ ਨੇ ਆਪਣੀ ਗੱਲ ਅਬਰਾਹਾਮ ਤੋਂ ਸ਼ੁਰੂ ਕੀਤੀ ਜਿਸ ਦੀ ਨਿਹਚਾ ਕਰਕੇ ਯਹੂਦੀ ਉਸ ਦਾ ਬਹੁਤ ਆਦਰ ਕਰਦੇ ਸਨ। ਨਿਆਂਕਾਰਾਂ ਨੂੰ ਅਬਰਾਹਾਮ ਬਾਰੇ ਜਾਣਕਾਰੀ ਹੋਣ ਕਰਕੇ ਇਸਤੀਫ਼ਾਨ ਨੇ ਇਸ ਅਹਿਮ ਗੱਲ ʼਤੇ ਜ਼ੋਰ ਦਿੱਤਾ ਕਿ “ਮਹਿਮਾਵਾਨ ਪਰਮੇਸ਼ੁਰ” ਯਹੋਵਾਹ ਨੇ ਅਬਰਾਹਾਮ ਨੂੰ ਸਭ ਤੋਂ ਪਹਿਲਾਂ ਮੈਸੋਪੋਟਾਮੀਆ ਵਿਚ ਦਰਸ਼ਣ ਦਿੱਤਾ ਸੀ। (ਰਸੂ. 7:2) ਦੇਖਿਆ ਜਾਵੇ ਤਾਂ ਅਬਰਾਹਾਮ ਵਾਅਦਾ ਕੀਤੇ ਹੋਏ ਦੇਸ਼ ਵਿਚ ਪਰਦੇਸੀ ਸੀ। ਅਬਰਾਹਾਮ ਕੋਲ ਭਗਤੀ ਕਰਨ ਲਈ ਮੰਦਰ ਨਹੀਂ ਸੀ ਅਤੇ ਨਾ ਹੀ ਮੂਸਾ ਦਾ ਕਾਨੂੰਨ ਸੀ। ਤਾਂ ਫਿਰ ਕੋਈ ਇਹ ਕਿਵੇਂ ਜ਼ੋਰ ਦੇ ਕੇ ਕਹਿ ਸਕਦਾ ਹੈ ਕਿ ਪਰਮੇਸ਼ੁਰ ਦੇ ਵਫ਼ਾਦਾਰ ਰਹਿਣ ਲਈ ਮੰਦਰ ਅਤੇ ਕਾਨੂੰਨ ਦਾ ਹੋਣਾ ਜ਼ਰੂਰੀ ਸੀ?

12 ਇਸਤੀਫ਼ਾਨ ਦੀ ਗੱਲ ਸੁਣ ਰਹੇ ਲੋਕ ਅਬਰਾਹਾਮ ਦੇ ਪੜਪੋਤੇ ਯੂਸੁਫ਼ ਦੀ ਵੀ ਬਹੁਤ ਇੱਜ਼ਤ ਕਰਦੇ ਸਨ। ਪਰ ਇਸਤੀਫ਼ਾਨ ਨੇ ਉਨ੍ਹਾਂ ਨੂੰ ਯਾਦ ਕਰਾਇਆ ਕਿ ਯੂਸੁਫ਼ ਦੇ ਭਰਾਵਾਂ ਨੇ, ਜੋ ਇਜ਼ਰਾਈਲ ਦੇ ਗੋਤਾਂ ਦੇ ਮੁਖੀ ਸਨ, ਉਸ ਧਰਮੀ ਇਨਸਾਨ ਯੂਸੁਫ਼ ਨੂੰ ਸਤਾਇਆ ਅਤੇ ਗ਼ੁਲਾਮੀ ਵਿਚ ਵੇਚ ਦਿੱਤਾ। ਫਿਰ ਵੀ ਪਰਮੇਸ਼ੁਰ ਨੇ ਉਸ ਦੇ ਜ਼ਰੀਏ ਇਜ਼ਰਾਈਲ ਨੂੰ ਕਾਲ਼ ਵਿਚ ਭੁੱਖੇ ਮਰਨ ਤੋਂ ਬਚਾਇਆ। ਇਸਤੀਫ਼ਾਨ ਨੂੰ ਪਤਾ ਸੀ ਕਿ ਯੂਸੁਫ਼ ਅਤੇ ਯਿਸੂ ਮਸੀਹ ਵਿਚ ਕਈ ਗੱਲਾਂ ਮਿਲਦੀਆਂ-ਜੁਲਦੀਆਂ ਸਨ, ਪਰ ਉਸ ਨੇ ਇਨ੍ਹਾਂ ਦਾ ਜ਼ਿਕਰ ਨਹੀਂ ਕੀਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਉੱਥੇ ਬੈਠੇ ਲੋਕ ਉਸ ਦੀ ਗੱਲ ਸੁਣਦੇ ਰਹਿਣ।

13. ਇਸਤੀਫ਼ਾਨ ਨੇ ਮੂਸਾ ਬਾਰੇ ਗੱਲਬਾਤ ਕਰ ਕੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਦਾ ਕਿਵੇਂ ਜਵਾਬ ਦਿੱਤਾ ਅਤੇ ਇਸ ਦੀ ਮਦਦ ਨਾਲ ਉਸ ਨੇ ਕਿਹੜੇ ਮੁੱਦੇ ਨੂੰ ਸਾਮ੍ਹਣੇ ਲਿਆਂਦਾ?

13 ਮੂਸਾ ਦਾ ਜ਼ਮਾਨਾ। (ਰਸੂ. 7:17-43) ਇਸਤੀਫ਼ਾਨ ਨੇ ਅਕਲਮੰਦੀ ਤੋਂ ਕੰਮ ਲੈਂਦੇ ਹੋਏ ਮੂਸਾ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਕਿਉਂ? ਕਿਉਂਕਿ ਮਹਾਸਭਾ ਦੇ ਕਈ ਮੈਂਬਰ ਸਦੂਕੀ ਸਨ ਜੋ ਸਿਰਫ਼ ਮੂਸਾ ਦੁਆਰਾ ਲਿਖੀਆਂ ਕਿਤਾਬਾਂ ਨੂੰ ਹੀ ਮੰਨਦੇ ਸਨ, ਬਾਈਬਲ ਦੀਆਂ ਬਾਕੀ ਕਿਤਾਬਾਂ ਨੂੰ ਨਹੀਂ। ਇਹ ਵੀ ਯਾਦ ਕਰੋ ਕਿ ਇਸਤੀਫ਼ਾਨ ਉੱਤੇ ਮੂਸਾ ਦੀ ਨਿੰਦਿਆ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਇਸਤੀਫ਼ਾਨ ਦੇ ਭਾਸ਼ਣ ਤੋਂ ਇਸ ਇਲਜ਼ਾਮ ਦਾ ਸਾਫ਼-ਸਾਫ਼ ਜਵਾਬ ਮਿਲਿਆ ਕਿਉਂਕਿ ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਮੂਸਾ ਅਤੇ ਉਸ ਦੁਆਰਾ ਦਿੱਤੇ ਕਾਨੂੰਨ ਦਾ ਕਿੰਨਾ ਆਦਰ ਕਰਦਾ ਸੀ। (ਰਸੂ. 7:38) ਉਸ ਨੇ ਦੱਸਿਆ ਕਿ ਜਦੋਂ ਮੂਸਾ 40 ਸਾਲਾਂ ਦਾ ਸੀ, ਤਾਂ ਉਨ੍ਹਾਂ ਲੋਕਾਂ ਨੇ ਉਸ ਨੂੰ ਠੁਕਰਾ ਦਿੱਤਾ ਜਿਨ੍ਹਾਂ ਨੂੰ ਉਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਫਿਰ 40 ਸਾਲਾਂ ਬਾਅਦ ਕਈ ਮੌਕਿਆਂ ʼਤੇ ਉਨ੍ਹਾਂ ਨੇ ਉਸ ਦੇ ਅਧਿਕਾਰ ਨੂੰ ਚੁਣੌਤੀ ਦਿੱਤੀ ਸੀ। b ਇਸ ਤਰ੍ਹਾਂ ਇਸਤੀਫ਼ਾਨ ਨੇ ਆਪਣੀ ਗੱਲਬਾਤ ਦੌਰਾਨ ਇਸ ਅਹਿਮ ਮੁੱਦੇ ਨੂੰ ਸਾਮ੍ਹਣੇ ਲਿਆਂਦਾ: ਪਰਮੇਸ਼ੁਰ ਦੇ ਲੋਕਾਂ ਨੇ ਵਾਰ-ਵਾਰ ਉਨ੍ਹਾਂ ਆਗੂਆਂ ਨੂੰ ਠੁਕਰਾਇਆ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਕਰਨ ਲਈ ਚੁਣਿਆ ਸੀ।

14. ਮੂਸਾ ਦੀ ਮਿਸਾਲ ਵਰਤ ਕੇ ਇਸਤੀਫ਼ਾਨ ਨੇ ਕਿਹੜੀਆਂ ਖ਼ਾਸ ਗੱਲਾਂ ਦੱਸੀਆਂ?

14 ਇਸਤੀਫ਼ਾਨ ਨੇ ਲੋਕਾਂ ਨੂੰ ਇਹ ਵੀ ਯਾਦ ਕਰਾਇਆ ਕਿ ਮੂਸਾ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਵਰਗਾ ਇਕ ਨਬੀ ਇਜ਼ਰਾਈਲ ਵਿਚ ਉੱਠੇਗਾ। ਉਹ ਕੌਣ ਹੋਵੇਗਾ ਅਤੇ ਲੋਕ ਉਸ ਨੂੰ ਸਵੀਕਾਰ ਕਰਨਗੇ ਜਾਂ ਨਹੀਂ? ਇਸ ਸਵਾਲ ਦਾ ਜਵਾਬ ਇਸਤੀਫ਼ਾਨ ਨੇ ਅਖ਼ੀਰ ਵਿਚ ਦਿੱਤਾ। ਉਸ ਤੋਂ ਪਹਿਲਾਂ ਉਸ ਨੇ ਇਕ ਹੋਰ ਜ਼ਰੂਰੀ ਗੱਲ ਦੱਸੀ: ਮੂਸਾ ਜਾਣ ਗਿਆ ਸੀ ਕਿ ਕੋਈ ਵੀ ਜਗ੍ਹਾ ਪਵਿੱਤਰ ਹੋ ਸਕਦੀ ਸੀ, ਜਿਵੇਂ ਬਲ਼ਦੀ ਝਾੜੀ ਵਾਲੀ ਜਗ੍ਹਾ ਜਿੱਥੇ ਯਹੋਵਾਹ ਨੇ ਉਸ ਨਾਲ ਗੱਲ ਕੀਤੀ ਸੀ। ਤਾਂ ਫਿਰ, ਕੀ ਯਹੋਵਾਹ ਦੀ ਭਗਤੀ ਇਕ ਇਮਾਰਤ ਯਾਨੀ ਯਰੂਸ਼ਲਮ ਦੇ ਮੰਦਰ ਵਿਚ ਹੀ ਕੀਤੀ ਜਾਣੀ ਚਾਹੀਦੀ ਸੀ? ਆਓ ਆਪਾਂ ਅੱਗੇ ਦੇਖੀਏ।

15, 16. (ੳ) ਇਸਤੀਫ਼ਾਨ ਨੇ ਤੰਬੂ ਬਾਰੇ ਗੱਲ ਕਰ ਕੇ ਕਿਹੜੀ ਜ਼ਬਰਦਸਤ ਦਲੀਲ ਦਿੱਤੀ? (ਅ) ਇਸਤੀਫ਼ਾਨ ਨੇ ਆਪਣੀ ਗੱਲਬਾਤ ਵਿਚ ਸੁਲੇਮਾਨ ਦੇ ਮੰਦਰ ਦੀ ਮਿਸਾਲ ਕਿਵੇਂ ਵਰਤੀ ਸੀ?

15 ਤੰਬੂ ਅਤੇ ਮੰਦਰ। (ਰਸੂ. 7:44-50) ਇਸਤੀਫ਼ਾਨ ਨੇ ਅਦਾਲਤ ਨੂੰ ਯਾਦ ਕਰਾਇਆ ਕਿ ਯਰੂਸ਼ਲਮ ਵਿਚ ਮੰਦਰ ਬਣਾਏ ਜਾਣ ਤੋਂ ਬਹੁਤ ਪਹਿਲਾਂ ਪਰਮੇਸ਼ੁਰ ਨੇ ਮੂਸਾ ਨੂੰ ਭਗਤੀ ਲਈ ਇਕ ਤੰਬੂ ਬਣਾਉਣ ਦਾ ਹੁਕਮ ਦਿੱਤਾ ਸੀ ਜੋ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਇਆ ਜਾ ਸਕਦਾ ਸੀ। ਮੂਸਾ ਨੇ ਆਪ ਉਸ ਤੰਬੂ ਵਿਚ ਭਗਤੀ ਕੀਤੀ ਸੀ, ਇਸ ਲਈ ਕੌਣ ਇਹ ਕਹਿਣ ਦੀ ਜੁਰਅਤ ਕਰ ਸਕਦਾ ਸੀ ਕਿ ਇਹ ਤੰਬੂ ਮੰਦਰ ਜਿੰਨਾ ਸ਼ਾਨਦਾਰ ਨਹੀਂ ਸੀ?

16 ਬਾਅਦ ਵਿਚ ਜਦੋਂ ਸੁਲੇਮਾਨ ਨੇ ਯਰੂਸ਼ਲਮ ਵਿਚ ਮੰਦਰ ਬਣਾਇਆ ਸੀ, ਤਾਂ ਉਸ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਆਪਣੀ ਪ੍ਰਾਰਥਨਾ ਵਿਚ ਇਕ ਜ਼ਰੂਰੀ ਗੱਲ ਕਹੀ ਸੀ। ਇਸਤੀਫ਼ਾਨ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ “ਅੱਤ ਮਹਾਨ ਪਰਮੇਸ਼ੁਰ ਹੱਥਾਂ ਦੇ ਬਣਾਏ ਘਰਾਂ ਵਿਚ ਨਹੀਂ ਵੱਸਦਾ।” (ਰਸੂ. 7:48; 2 ਇਤਿ. 6:18) ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਮੰਦਰ ਨੂੰ ਵਰਤ ਸਕਦਾ ਹੈ, ਪਰ ਆਪਣੇ ਮਕਸਦ ਲਈ ਉਸ ਨੂੰ ਕਿਸੇ ਮੰਦਰ ਦੀ ਲੋੜ ਨਹੀਂ ਹੈ। ਤਾਂ ਫਿਰ, ਕੀ ਉਸ ਦੇ ਭਗਤਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਸ ਦੀ ਭਗਤੀ ਇਨਸਾਨੀ ਹੱਥਾਂ ਨਾਲ ਬਣਾਈ ਇਮਾਰਤ ਵਿਚ ਹੀ ਕੀਤੀ ਜਾਣੀ ਚਾਹੀਦੀ ਹੈ? ਇਹ ਜ਼ਬਰਦਸਤ ਦਲੀਲ ਦੇਣ ਲਈ ਇਸਤੀਫ਼ਾਨ ਨੇ ਯਸਾਯਾਹ ਦੀ ਕਿਤਾਬ ਵਿੱਚੋਂ ਇਹ ਹਵਾਲਾ ਦਿੱਤਾ: “ਯਹੋਵਾਹ ਕਹਿੰਦਾ ਹੈ, ਸਵਰਗ ਮੇਰਾ ਸਿੰਘਾਸਣ ਹੈ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ। ਤੁਸੀਂ ਮੇਰੇ ਲਈ ਕਿਹੋ ਜਿਹਾ ਘਰ ਬਣਾਓਗੇ? ਜਾਂ ਮੇਰੇ ਆਰਾਮ ਕਰਨ ਦੀ ਥਾਂ ਕਿੱਥੇ ਹੋਵੇਗੀ? ਕੀ ਮੇਰੇ ਹੀ ਹੱਥ ਨੇ ਇਹ ਸਾਰੀਆਂ ਚੀਜ਼ਾਂ ਨਹੀਂ ਬਣਾਈਆਂ?”​—ਰਸੂ. 7:49, 50; ਯਸਾ. 66:1, 2.

17. ਇਸਤੀਫ਼ਾਨ ਨੇ ਆਪਣੀ ਗੱਲਬਾਤ ਦੇ ਜ਼ਰੀਏ ਕਿਵੇਂ (ੳ) ਲੋਕਾਂ ਦੇ ਗ਼ਲਤ ਰਵੱਈਏ ਦਾ ਪਰਦਾਫ਼ਾਸ਼ ਕੀਤਾ ਸੀ ਅਤੇ (ਅ) ਆਪਣੇ ਉੱਤੇ ਲੱਗੇ ਇਲਜ਼ਾਮਾਂ ਦਾ ਜਵਾਬ ਦਿੱਤਾ ਸੀ?

17 ਹੁਣ ਤਕ ਇਸਤੀਫ਼ਾਨ ਦੁਆਰਾ ਕੀਤੀ ਗੱਲਬਾਤ ਤੋਂ ਕੀ ਤੁਸੀਂ ਇਹ ਸਿੱਟਾ ਨਹੀਂ ਕੱਢੋਗੇ ਕਿ ਉਸ ਨੇ ਬੜੀ ਕੁਸ਼ਲਤਾ ਨਾਲ ਆਪਣੇ ʼਤੇ ਇਲਜ਼ਾਮ ਲਾਉਣ ਵਾਲਿਆਂ ਦੇ ਗ਼ਲਤ ਰਵੱਈਏ ਦਾ ਪਰਦਾਫ਼ਾਸ਼ ਕੀਤਾ? ਉਸ ਨੇ ਦਿਖਾਇਆ ਕਿ ਯਹੋਵਾਹ ਲਕੀਰ ਦਾ ਫਕੀਰ ਨਹੀਂ ਹੈ ਅਤੇ ਨਾ ਹੀ ਰੀਤਾਂ-ਰਿਵਾਜਾਂ ਦਾ ਗ਼ੁਲਾਮ ਹੈ। ਉਹ ਆਪਣਾ ਮਕਸਦ ਪੂਰਾ ਕਰਨ ਲਈ ਲੋੜ ਪੈਣ ਤੇ ਫੇਰ-ਬਦਲ ਕਰਦਾ ਹੈ। ਜਿਹੜੇ ਲੋਕ ਯਰੂਸ਼ਲਮ ਦੇ ਖ਼ੂਬਸੂਰਤ ਮੰਦਰ ਲਈ ਸ਼ਰਧਾ ਰੱਖਣ ਅਤੇ ਮੂਸਾ ਦੇ ਕਾਨੂੰਨ ਦੇ ਆਧਾਰ ʼਤੇ ਬਣਾਏ ਇਨਸਾਨੀ ਰੀਤਾਂ-ਰਿਵਾਜਾਂ ਦੀ ਪਾਲਣਾ ਕਰਨ ʼਤੇ ਜ਼ੋਰ ਦਿੰਦੇ ਸਨ, ਉਹ ਭੁੱਲ ਗਏ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਾਨੂੰਨ ਕਿਉਂ ਦਿੱਤਾ ਸੀ ਅਤੇ ਮੰਦਰ ਕਿਉਂ ਬਣਾਇਆ ਗਿਆ ਸੀ। ਇਸਤੀਫ਼ਾਨ ਦੀ ਗੱਲਬਾਤ ਕਾਰਨ ਇਹ ਜ਼ਰੂਰੀ ਸਵਾਲ ਖੜ੍ਹਾ ਹੋਇਆ: ਕੀ ਮੰਦਰ ਤੇ ਕਾਨੂੰਨ ਦਾ ਆਦਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਪਰਮੇਸੁਰ ਦਾ ਕਹਿਣਾ ਮੰਨਣਾ ਨਹੀਂ? ਇਸਤੀਫ਼ਾਨ ਦੁਆਰਾ ਆਪਣੀ ਸਫ਼ਾਈ ਵਿਚ ਕਹੀਆਂ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਉਹ ਬੇਕਸੂਰ ਸੀ ਕਿਉਂਕਿ ਉਸ ਨੇ ਯਹੋਵਾਹ ਦਾ ਕਹਿਣਾ ਮੰਨਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।

18. ਕਿਨ੍ਹਾਂ ਗੱਲਾਂ ਵਿਚ ਸਾਨੂੰ ਇਸਤੀਫ਼ਾਨ ਦੀ ਰੀਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?

18 ਅਸੀਂ ਇਸਤੀਫ਼ਾਨ ਦੇ ਭਾਸ਼ਣ ਤੋਂ ਕੀ ਸਿੱਖ ਸਕਦੇ ਹਾਂ? ਉਹ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਜੇ ਅਸੀਂ ‘ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਣਾ ਅਤੇ ਸਮਝਾਉਣਾ’ ਚਾਹੁੰਦੇ ਹਾਂ, ਤਾਂ ਸਾਨੂੰ ਵੀ ਪਰਮੇਸ਼ੁਰ ਦੇ ਬਚਨ ਦਾ ਡੂੰਘਾਈ ਨਾਲ ਅਧਿਐਨ ਕਰਨ ਦੀ ਲੋੜ ਹੈ। (2 ਤਿਮੋ. 2:15) ਅਸੀਂ ਇਸਤੀਫ਼ਾਨ ਤੋਂ ਪਿਆਰ ਤੇ ਸਮਝਦਾਰੀ ਨਾਲ ਗੱਲ ਕਰਨੀ ਵੀ ਸਿੱਖ ਸਕਦੇ ਹਾਂ। ਉਸ ਦੇ ਵਿਰੋਧੀ ਗੁੱਸੇ ਨਾਲ ਭਰੇ ਹੋਏ ਸਨ। ਪਰ ਉਹ ਚਾਹੁੰਦਾ ਸੀ ਕਿ ਸਾਰੇ ਉਸ ਦੀਆਂ ਗੱਲਾਂ ਸੁਣਦੇ ਰਹਿਣ, ਇਸ ਲਈ ਉਸ ਨੇ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਉਹ ਬਹੁਤ ਜ਼ਰੂਰੀ ਸਮਝਦੇ ਸਨ। ਉਸ ਨੇ ਉਨ੍ਹਾਂ ਬਜ਼ੁਰਗਾਂ ਨੂੰ “ਪਿਤਾ ਸਮਾਨ” ਕਹਿ ਕੇ ਆਦਰ ਨਾਲ ਗੱਲ ਕੀਤੀ। (ਰਸੂ. 7:2) ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਸਿਖਾਉਂਦੇ ਵੇਲੇ ਸਾਨੂੰ ਵੀ “ਨਰਮਾਈ ਅਤੇ ਪੂਰੇ ਆਦਰ ਨਾਲ” ਗੱਲ ਕਰਨੀ ਚਾਹੀਦੀ ਹੈ।​—1 ਪਤ. 3:15.

19. ਇਸਤੀਫ਼ਾਨ ਨੇ ਮਹਾਸਭਾ ਵਿਚ ਯਹੋਵਾਹ ਦੇ ਨਿਆਂ ਦੇ ਸੰਦੇਸ਼ ਨੂੰ ਨਿਡਰਤਾ ਨਾਲ ਕਿਵੇਂ ਸੁਣਾਇਆ ਸੀ?

19 ਪਰ ਅਸੀਂ ਲੋਕਾਂ ਨੂੰ ਗੁੱਸਾ ਚੜ੍ਹਾਉਣ ਦੇ ਡਰੋਂ ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਦੱਸਣ ਤੋਂ ਪਿੱਛੇ ਨਹੀਂ ਹਟਦੇ ਅਤੇ ਨਾ ਹੀ ਅਸੀਂ ਯਹੋਵਾਹ ਦੇ ਨਿਆਂ ਦੇ ਸੰਦੇਸ਼ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਾਂ ਕਿ ਇਹ ਲੋਕਾਂ ਨੂੰ ਮਾਮੂਲੀ ਜਿਹਾ ਲੱਗੇ। ਅਸੀਂ ਲੋਕਾਂ ਨੂੰ ਸਾਫ਼-ਸਾਫ਼ ਯਹੋਵਾਹ ਦੇ ਨਿਆਂ ਦਾ ਸੰਦੇਸ਼ ਸੁਣਾਉਂਦੇ ਹਾਂ। ਇਸਤੀਫ਼ਾਨ ਨੇ ਇਸ ਮਾਮਲੇ ਵਿਚ ਵਧੀਆ ਮਿਸਾਲ ਕਾਇਮ ਕੀਤੀ। ਉਹ ਦੇਖ ਸਕਦਾ ਸੀ ਕਿ ਮਹਾਸਭਾ ਸਾਮ੍ਹਣੇ ਪੇਸ਼ ਕੀਤੀਆਂ ਉਸ ਦੀਆਂ ਠੋਸ ਦਲੀਲਾਂ ਦਾ ਉਨ੍ਹਾਂ ਪੱਥਰ-ਦਿਲ ਬੰਦਿਆਂ ਉੱਤੇ ਕੋਈ ਅਸਰ ਨਹੀਂ ਪਿਆ। ਇਸ ਲਈ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਉਸ ਨੇ ਆਪਣੇ ਭਾਸ਼ਣ ਦੇ ਅਖ਼ੀਰ ਵਿਚ ਉਨ੍ਹਾਂ ਨੂੰ ਨਿਡਰਤਾ ਨਾਲ ਦੱਸਿਆ ਕਿ ਉਹ ਆਪਣੇ ਪਿਉ-ਦਾਦਿਆਂ ਵਰਗੇ ਸਨ ਜਿਨ੍ਹਾਂ ਨੇ ਯੂਸੁਫ਼, ਮੂਸਾ ਅਤੇ ਸਾਰੇ ਨਬੀਆਂ ਨੂੰ ਠੁਕਰਾਇਆ ਸੀ। (ਰਸੂ. 7:51-53) ਅਸਲ ਵਿਚ, ਮਹਾਸਭਾ ਦੇ ਇਨ੍ਹਾਂ ਨਿਆਂਕਾਰਾਂ ਨੇ ਮਸੀਹ ਦਾ ਕਤਲ ਕੀਤਾ ਸੀ ਜਿਸ ਦੇ ਆਉਣ ਦੀ ਮੂਸਾ ਅਤੇ ਸਾਰੇ ਨਬੀਆਂ ਨੇ ਭਵਿੱਖਬਾਣੀ ਕੀਤੀ ਸੀ। ਵਾਕਈ, ਉਨ੍ਹਾਂ ਦੀ ਗ਼ਲਤੀ ਮੂਸਾ ਦੇ ਕਾਨੂੰਨ ਦੀ ਸਭ ਤੋਂ ਵੱਡੀ ਉਲੰਘਣਾ ਸੀ।

“ਪ੍ਰਭੂ ਯਿਸੂ, ਮੈਂ ਆਪਣੀ ਜਾਨ ਤੇਰੇ ਹਵਾਲੇ ਕਰਦਾ ਹਾਂ” (ਰਸੂ. 7:54–8:3)

‘ਇਸਤੀਫ਼ਾਨ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਵਿਚ ਖ਼ੂਨ ਉੱਤਰ ਆਇਆ ਅਤੇ ਉਹ ਗੁੱਸੇ ਵਿਚ ਉਸ ʼਤੇ ਦੰਦ ਪੀਹਣ ਲੱਗ ਪਏ।’—ਰਸੂਲਾਂ ਦੇ ਕੰਮ 7:54

20, 21. ਇਸਤੀਫ਼ਾਨ ਦੀਆਂ ਗੱਲਾਂ ਸੁਣ ਕੇ ਮਹਾਸਭਾ ਨੇ ਕੀ ਕੀਤਾ ਅਤੇ ਯਹੋਵਾਹ ਨੇ ਉਸ ਨੂੰ ਹਿੰਮਤ ਕਿਵੇਂ ਦਿੱਤੀ?

20 ਇਸਤੀਫ਼ਾਨ ਦੁਆਰਾ ਦੱਸੀ ਕੌੜੀ ਸੱਚਾਈ ਸੁਣ ਕੇ ਉਨ੍ਹਾਂ ਨਿਆਂਕਾਰਾਂ ਦਾ ਖ਼ੂਨ ਖੌਲ ਉੱਠਿਆ। ਉਹ ਮਾਣ-ਮਰਯਾਦਾ ਦੀਆਂ ਸਾਰੀਆਂ ਹੱਦਾਂ ਭੁੱਲ ਗਏ ਅਤੇ ਇਸਤੀਫ਼ਾਨ ਉੱਤੇ ਗੁੱਸੇ ਨਾਲ ਦੰਦ ਪੀਹਣ ਲੱਗੇ। ਉਹ ਵਫ਼ਾਦਾਰ ਸੇਵਕ ਜਾਣ ਗਿਆ ਹੋਣਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਉਸ ਦੇ ਮਾਲਕ ਯਿਸੂ ਉੱਤੇ ਕੋਈ ਰਹਿਮ ਨਹੀਂ ਕੀਤਾ ਸੀ, ਉਸੇ ਤਰ੍ਹਾਂ ਉਹ ਉਸ ਉੱਤੇ ਵੀ ਕੋਈ ਰਹਿਮ ਨਹੀਂ ਕਰਨਗੇ।

21 ਇਸਤੀਫ਼ਾਨ ਦਾ ਜੋ ਹਸ਼ਰ ਹੋਣ ਵਾਲਾ ਸੀ, ਉਸ ਦਾ ਸਾਮ੍ਹਣਾ ਕਰਨ ਲਈ ਉਸ ਨੂੰ ਹਿੰਮਤ ਦੀ ਲੋੜ ਸੀ। ਯਹੋਵਾਹ ਨੇ ਉਸ ਨੂੰ ਇਕ ਦਰਸ਼ਣ ਦਿਖਾ ਕੇ ਹਿੰਮਤ ਦਿੱਤੀ। ਇਸਤੀਫ਼ਾਨ ਨੇ ਪਰਮੇਸ਼ੁਰ ਦੀ ਮਹਿਮਾ ਦੇਖੀ ਅਤੇ ਯਿਸੂ ਨੂੰ ਯਹੋਵਾਹ ਦੇ ਸੱਜੇ ਹੱਥ ਖੜ੍ਹਾ ਦੇਖਿਆ। ਇਸਤੀਫ਼ਾਨ ਜਦੋਂ ਇਹ ਦਰਸ਼ਣ ਬਿਆਨ ਕਰ ਰਿਹਾ ਸੀ, ਤਾਂ ਨਿਆਂਕਾਰਾਂ ਨੇ ਆਪਣੇ ਕੰਨਾਂ ʼਤੇ ਹੱਥ ਰੱਖ ਲਏ। ਕਿਉਂ? ਇਸ ਤੋਂ ਪਹਿਲਾਂ ਯਿਸੂ ਨੇ ਵੀ ਇਸੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਮਸੀਹ ਸੀ ਅਤੇ ਜਲਦੀ ਹੀ ਆਪਣੇ ਪਿਤਾ ਦੇ ਸੱਜੇ ਪਾਸੇ ਹੋਵੇਗਾ। (ਮਰ. 14:62) ਇਸਤੀਫ਼ਾਨ ਦੇ ਦਰਸ਼ਣ ਤੋਂ ਇਹ ਸਾਬਤ ਹੋਇਆ ਕਿ ਯਿਸੂ ਦੀ ਇਹ ਗੱਲ ਸੱਚੀ ਸੀ। ਅਸਲ ਵਿਚ ਮਹਾਸਭਾ ਨੇ ਮਸੀਹ ਨਾਲ ਦਗ਼ਾ ਕੀਤਾ ਸੀ ਅਤੇ ਉਸ ਦਾ ਕਤਲ ਕਰ ਦਿੱਤਾ ਸੀ। ਉਹ ਇਕੱਠੇ ਹੋ ਕੇ ਇਸਤੀਫ਼ਾਨ ਉੱਤੇ ਟੁੱਟ ਪਏ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ। c

22, 23. ਮਰਨ ਵੇਲੇ ਇਸਤੀਫ਼ਾਨ ਦਾ ਰਵੱਈਆ ਉਸ ਦੇ ਮਾਲਕ ਵਰਗਾ ਕਿਵੇਂ ਸੀ ਅਤੇ ਅੱਜ ਮਸੀਹੀ ਇਸਤੀਫ਼ਾਨ ਵਾਂਗ ਪੂਰਾ ਭਰੋਸਾ ਕਿਵੇਂ ਰੱਖ ਸਕਦੇ ਹਨ?

22 ਮਰਨ ਵੇਲੇ ਇਸਤੀਫ਼ਾਨ ਦਾ ਰਵੱਈਆ ਆਪਣੇ ਮਾਲਕ ਯਿਸੂ ਵਰਗਾ ਸੀ। ਇਸਤੀਫ਼ਾਨ ਦਾ ਮਨ ਸ਼ਾਂਤ ਸੀ, ਉਸ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਸੀ ਅਤੇ ਉਸ ਨੇ ਆਪਣੇ ਕਾਤਲਾਂ ਨੂੰ ਮਾਫ਼ ਕਰ ਦਿੱਤਾ। ਉਸ ਨੇ ਕਿਹਾ: “ਪ੍ਰਭੂ ਯਿਸੂ, ਮੈਂ ਆਪਣੀ ਜਾਨ ਤੇਰੇ ਹਵਾਲੇ ਕਰਦਾ ਹਾਂ।” ਇਹ ਕਹਿੰਦੇ ਸਮੇਂ ਉਹ ਸ਼ਾਇਦ ਦਰਸ਼ਣ ਵਿਚ ਹਾਲੇ ਵੀ ਮਨੁੱਖ ਦੇ ਪੁੱਤਰ ਨੂੰ ਯਹੋਵਾਹ ਨਾਲ ਦੇਖ ਸਕਦਾ ਸੀ। ਬਿਨਾਂ ਸ਼ੱਕ ਇਸਤੀਫ਼ਾਨ ਯਿਸੂ ਦੇ ਇਹ ਹੌਸਲੇ ਭਰੇ ਸ਼ਬਦ ਜਾਣਦਾ ਸੀ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ।” (ਯੂਹੰ. 11:25) ਅਖ਼ੀਰ ਵਿਚ ਇਸਤੀਫ਼ਾਨ ਨੇ ਉੱਚੀ ਆਵਾਜ਼ ਵਿਚ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: “ਯਹੋਵਾਹ, ਇਨ੍ਹਾਂ ਲੋਕਾਂ ਨੂੰ ਇਸ ਪਾਪ ਦੀ ਸਜ਼ਾ ਨਾ ਦੇਈਂ।” ਇਹ ਕਹਿਣ ਤੋਂ ਬਾਅਦ ਉਹ ਮੌਤ ਦੀ ਨੀਂਦ ਸੌਂ ਗਿਆ।​—ਰਸੂ. 7:59, 60.

23 ਮਸੀਹ ਦੇ ਚੇਲਿਆਂ ਵਿੱਚੋਂ ਇਸਤੀਫ਼ਾਨ ਪਹਿਲਾ ਇਨਸਾਨ ਸੀ ਜੋ ਇਕ ਸ਼ਹੀਦ ਵਜੋਂ ਮਰਿਆ। (“ ਕਿਸ ਅਰਥ ਵਿਚ ‘ਸ਼ਹੀਦ’?” ਨਾਂ ਦੀ ਡੱਬੀ ਦੇਖੋ।) ਪਰ ਅਫ਼ਸੋਸ ਦੀ ਗੱਲ ਹੈ ਕਿ ਉਹ ਆਖ਼ਰੀ ਸ਼ਹੀਦ ਨਹੀਂ ਸੀ। ਉਦੋਂ ਤੋਂ ਲੈ ਕੇ ਹੁਣ ਤਕ ਯਹੋਵਾਹ ਦੇ ਕਈ ਵਫ਼ਾਦਾਰ ਸੇਵਕਾਂ ਨੂੰ ਧਾਰਮਿਕ ਤੇ ਰਾਜਨੀਤਿਕ ਕੱਟੜਪੰਥੀਆਂ ਅਤੇ ਹੋਰ ਸਖ਼ਤ ਵਿਰੋਧੀਆਂ ਦੇ ਹੱਥੋਂ ਮੌਤ ਦਾ ਪਿਆਲਾ ਪੀਣਾ ਪਿਆ ਹੈ। ਫਿਰ ਵੀ ਅਸੀਂ ਇਸਤੀਫ਼ਾਨ ਵਾਂਗ ਦੁਬਾਰਾ ਜੀਉਂਦੇ ਹੋਣ ਦਾ ਪੱਕਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਯਿਸੂ ਹੁਣ ਰਾਜੇ ਵਜੋਂ ਰਾਜ ਕਰ ਰਿਹਾ ਹੈ ਅਤੇ ਆਪਣੇ ਪਿਤਾ ਤੋਂ ਮਿਲੇ ਵੱਡੇ ਅਧਿਕਾਰ ਨੂੰ ਵਰਤ ਰਿਹਾ ਹੈ। ਕੋਈ ਵੀ ਗੱਲ ਉਸ ਨੂੰ ਆਪਣੇ ਵਫ਼ਾਦਾਰ ਚੇਲਿਆਂ ਨੂੰ ਦੁਬਾਰਾ ਜੀਉਂਦਾ ਕਰਨ ਤੋਂ ਰੋਕ ਨਹੀਂ ਸਕਦੀ।​—ਯੂਹੰ. 5:28, 29.

24. ਇਸਤੀਫ਼ਾਨ ਨੂੰ ਮਾਰਨ ਵਿਚ ਸੌਲੁਸ ਦਾ ਕਿਵੇਂ ਹੱਥ ਸੀ ਅਤੇ ਉਸ ਦੀ ਮੌਤ ਕਿਉਂ ਅਜਾਈਂ ਨਹੀਂ ਗਈ?

24 ਸੌਲੁਸ ਨਾਂ ਦਾ ਨੌਜਵਾਨ ਇਹ ਸਾਰਾ ਕੁਝ ਹੁੰਦਾ ਦੇਖ ਰਿਹਾ ਸੀ। ਉਹ ਇਸਤੀਫ਼ਾਨ ਦੇ ਕਤਲ ਨਾਲ ਸਹਿਮਤ ਸੀ ਅਤੇ ਉਹ ਇਸਤੀਫ਼ਾਨ ਨੂੰ ਪੱਥਰ ਮਾਰ ਰਹੇ ਲੋਕਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ। ਇਸ ਤੋਂ ਜਲਦੀ ਬਾਅਦ ਮਸੀਹੀ ਲੋਕ ਸੌਲੁਸ ਦੇ ਜ਼ੁਲਮ ਦੀ ਅੱਗ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਗਏ। ਪਰ ਇਸਤੀਫ਼ਾਨ ਦੀ ਮੌਤ ਅਜਾਈਂ ਨਹੀਂ ਗਈ। ਉਸ ਦੀ ਮਿਸਾਲ ਤੋਂ ਹੋਰਨਾਂ ਮਸੀਹੀਆਂ ਨੂੰ ਮੌਤ ਤਕ ਵਫ਼ਾਦਾਰ ਰਹਿਣ ਦੀ ਹਿੰਮਤ ਮਿਲੀ। ਇਸ ਤੋਂ ਇਲਾਵਾ, ਸੌਲੁਸ (ਜੋ ਕਈ ਸਾਲ ਬਾਅਦ ਪੌਲੁਸ ਦੇ ਨਾਂ ਨਾਲ ਜਾਣਿਆ ਜਾਣ ਲੱਗਾ) ਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੋਇਆ ਕਿ ਇਸਤੀਫ਼ਾਨ ਦੇ ਕਤਲ ਵਿਚ ਉਸ ਦਾ ਵੀ ਹੱਥ ਸੀ। (ਰਸੂ. 22:20) ਬਾਅਦ ਵਿਚ ਉਸ ਨੂੰ ਇਹ ਅਹਿਸਾਸ ਹੋਇਆ: “ਮੈਂ ਪਰਮੇਸ਼ੁਰ ਦੀ ਨਿੰਦਿਆ ਕਰਨ ਵਾਲਾ, ਅਤਿਆਚਾਰ ਕਰਨ ਵਾਲਾ ਅਤੇ ਹੰਕਾਰੀ ਸੀ।” (1 ਤਿਮੋ. 1:13) ਸਪੱਸ਼ਟ ਹੈ ਕਿ ਪੌਲੁਸ ਕਦੀ ਵੀ ਇਸਤੀਫ਼ਾਨ ਨੂੰ ਅਤੇ ਉਸ ਦੇ ਜ਼ਬਰਦਸਤ ਭਾਸ਼ਣ ਨੂੰ ਨਹੀਂ ਭੁੱਲਿਆ। ਦਰਅਸਲ ਪੌਲੁਸ ਨੇ ਆਪਣੇ ਕੁਝ ਭਾਸ਼ਣਾਂ ਅਤੇ ਲਿਖਤਾਂ ਵਿਚ ਉਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ ਜੋ ਇਸਤੀਫ਼ਾਨ ਨੇ ਆਪਣੇ ਭਾਸ਼ਣ ਵਿਚ ਕਹੀਆਂ ਸਨ। (ਰਸੂ. 7:48; 17:24; ਇਬ. 9:24) ਸਮੇਂ ਦੇ ਬੀਤਣ ਨਾਲ ਪੌਲੁਸ ਵੀ ਇਸਤੀਫ਼ਾਨ ਦੀ ਨਿਹਚਾ ਤੇ ਹਿੰਮਤ ਦੀ ਮਿਸਾਲ ਉੱਤੇ ਚੱਲਿਆ ਜਿਸ ਉੱਤੇ “ਪਰਮੇਸ਼ੁਰ ਦੀ ਮਿਹਰ ਸੀ” ਅਤੇ ਜੋ “ਉਸ ਦੀ ਤਾਕਤ ਨਾਲ ਭਰਪੂਰ ਸੀ।” ਪਰ ਸਵਾਲ ਇਹ ਪੈਦਾ ਹੁੰਦਾ ਹੈ: ਕੀ ਅਸੀਂ ਵੀ ਇਸਤੀਫ਼ਾਨ ਵਾਂਗ ਨਿਹਚਾ ਅਤੇ ਹਿੰਮਤ ਰੱਖਾਂਗੇ?

a ਕੁਝ ਵਿਰੋਧੀ “ਆਜ਼ਾਦ ਲੋਕਾਂ ਦੇ ਸਭਾ ਘਰ” ਨਾਲ ਸੰਬੰਧ ਰੱਖਦੇ ਸਨ। ਇਨ੍ਹਾਂ ਵਿੱਚੋਂ ਕਈ ਲੋਕਾਂ ਨੂੰ ਪਹਿਲਾਂ ਸ਼ਾਇਦ ਰੋਮੀ ਫ਼ੌਜੀਆਂ ਨੇ ਲੜਾਈ ਵਿਚ ਫੜਿਆ ਸੀ ਤੇ ਬਾਅਦ ਵਿਚ ਆਜ਼ਾਦ ਕਰ ਦਿੱਤਾ ਸੀ ਜਾਂ ਕਈ ਲੋਕ ਆਜ਼ਾਦ ਹੋ ਚੁੱਕੇ ਗ਼ੁਲਾਮ ਸਨ। ਇਨ੍ਹਾਂ ਲੋਕਾਂ ਨੇ ਯਹੂਦੀ ਧਰਮ ਅਪਣਾ ਲਿਆ ਸੀ। ਤਰਸੁਸ ਦੇ ਸੌਲੁਸ ਵਾਂਗ ਕੁਝ ਲੋਕ ਕਿਲਿਕੀਆ ਤੋਂ ਸਨ। ਪਰ ਬਿਰਤਾਂਤ ਇਹ ਨਹੀਂ ਦੱਸਦਾ ਕਿ ਸੌਲੁਸ ਕਿਲਿਕੀਆ ਦੇ ਉਨ੍ਹਾਂ ਲੋਕਾਂ ਵਿੱਚੋਂ ਸੀ ਜਾਂ ਨਹੀਂ ਜਿਹੜੇ ਇਸਤੀਫ਼ਾਨ ਦਾ ਮੁਕਾਬਲਾ ਨਹੀਂ ਕਰ ਸਕੇ ਸਨ।

b ਇਸਤੀਫ਼ਾਨ ਦੇ ਭਾਸ਼ਣ ਵਿਚ ਪਾਈ ਜਾਂਦੀ ਕੁਝ ਜਾਣਕਾਰੀ ਬਾਈਬਲ ਵਿਚ ਹੋਰ ਕਿਤੇ ਨਹੀਂ ਮਿਲਦੀ, ਜਿਵੇਂ ਮਿਸਰ ਵਿਚ ਮੂਸਾ ਦੀ ਪੜ੍ਹਾਈ-ਲਿਖਾਈ ਬਾਰੇ, ਉਸ ਦੀ ਉਮਰ ਬਾਰੇ ਜਦੋਂ ਉਹ ਮਿਸਰ ਤੋਂ ਪਹਿਲੀ ਵਾਰ ਭੱਜਿਆ ਸੀ ਅਤੇ ਉਹ ਮਿਦਿਆਨ ਵਿਚ ਕਿੰਨੇ ਸਾਲ ਰਿਹਾ ਸੀ।

c ਲੱਗਦਾ ਹੈ ਕਿ ਮਹਾਸਭਾ ਕੋਲ ਰੋਮੀ ਕਾਨੂੰਨ ਅਧੀਨ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਸੀ। (ਯੂਹੰ. 18:31) ਇਸ ਲਈ ਸ਼ਾਇਦ ਇਸਤੀਫ਼ਾਨ ਨੂੰ ਕਾਨੂੰਨ ਮੁਤਾਬਕ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਸੀ, ਸਗੋਂ ਗੁੱਸੇ ਨਾਲ ਭਰੇ-ਪੀਤੇ ਲੋਕਾਂ ਨੇ ਉਸ ਦਾ ਕਤਲ ਕੀਤਾ ਸੀ।