Skip to content

Skip to table of contents

ਅਧਿਆਇ 28

“ਧਰਤੀ ਦੇ ਕੋਨੇ-ਕੋਨੇ ਵਿਚ”

“ਧਰਤੀ ਦੇ ਕੋਨੇ-ਕੋਨੇ ਵਿਚ”

ਯਹੋਵਾਹ ਦੇ ਗਵਾਹ ਅੱਜ ਉਹੀ ਕੰਮ ਕਰ ਰਹੇ ਹਨ ਜੋ ਪਹਿਲੀ ਸਦੀ ਵਿਚ ਯਿਸੂ ਮਸੀਹ ਦੇ ਚੇਲਿਆਂ ਨੇ ਸ਼ੁਰੂ ਕੀਤਾ ਸੀ

1. ਪਹਿਲੀ ਸਦੀ ਦੇ ਮਸੀਹੀਆਂ ਅਤੇ ਅੱਜ ਯਹੋਵਾਹ ਦੇ ਗਵਾਹਾਂ ਵਿਚ ਕਿਹੜੀਆਂ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਹਨ?

 ਪਹਿਲੀ ਸਦੀ ਦੇ ਮਸੀਹੀਆਂ ਨੇ ਜੋਸ਼ ਨਾਲ ਗਵਾਹੀ ਦਿੱਤੀ ਸੀ। ਉਨ੍ਹਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦੀ ਮਦਦ ਲੈਣ ਅਤੇ ਇਸ ਦੀ ਅਗਵਾਈ ਵਿਚ ਚੱਲਣ ਲਈ ਪ੍ਰੇਰਿਆ। ਜ਼ੁਲਮ ਵੀ ਉਨ੍ਹਾਂ ਨੂੰ ਚੁੱਪ ਨਹੀਂ ਕਰਾ ਸਕੇ। ਪਰਮੇਸ਼ੁਰ ਨੇ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ। ਅੱਜ ਯਹੋਵਾਹ ਦੇ ਗਵਾਹਾਂ ਨਾਲ ਵੀ ਇਸੇ ਤਰ੍ਹਾਂ ਹੁੰਦਾ ਹੈ।

2, 3. ਰਸੂਲਾਂ ਦੇ ਕੰਮ ਦੀ ਕਿਤਾਬ ਦੀ ਕੀ ਖ਼ਾਸੀਅਤ ਹੈ?

2 ਬਾਈਬਲ ਵਿਚ ਰਸੂਲਾਂ ਦੇ ਕੰਮ ਦੀ ਕਿਤਾਬ ਪੜ੍ਹ ਕੇ ਯਕੀਨਨ ਤੁਹਾਡੀ ਨਿਹਚਾ ਮਜ਼ਬੂਤ ਹੋਈ ਹੋਣੀ। ਇਹ ਕਿਤਾਬ ਇਕ ਤੋਂ ਬਾਅਦ ਇਕ ਕਈ ਦਿਲਚਸਪ ਘਟਨਾਵਾਂ ਨੂੰ ਬਹੁਤ ਸੋਹਣੇ ਢੰਗ ਨਾਲ ਬਿਆਨ ਕਰਦੀ ਹੈ। ਇਹ ਅਨੋਖੀ ਕਿਤਾਬ ਹੈ ਕਿਉਂਕਿ ਸਿਰਫ਼ ਇਸੇ ਵਿਚ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਪਹਿਲੀ ਸਦੀ ਦੇ ਮਸੀਹੀ ਧਰਮ ਦਾ ਇਤਿਹਾਸ ਦਰਜ ਹੈ।

3 ਰਸੂਲਾਂ ਦੇ ਕੰਮ ਦੀ ਕਿਤਾਬ ਵਿਚ 95 ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੇ 32 ਦੇਸ਼ਾਂ ਤੇ ਇਲਾਕਿਆਂ, 54 ਸ਼ਹਿਰਾਂ ਅਤੇ 9 ਟਾਪੂਆਂ ਤੋਂ ਸਨ। ਇਸ ਵਿਚ ਤੁਸੀਂ ਹਰ ਤਰ੍ਹਾਂ ਦੇ ਲੋਕਾਂ ਬਾਰੇ ਪੜ੍ਹਿਆ​—ਆਮ ਲੋਕ, ਘਮੰਡੀ ਧਾਰਮਿਕ ਕੱਟੜਪੰਥੀ, ਹੰਕਾਰੀ ਸਿਆਸਤਦਾਨ ਅਤੇ ਅਤਿਆਚਾਰ ਕਰਨ ਵਾਲੇ। ਪਰ ਖ਼ਾਸਕਰ ਤੁਸੀਂ ਆਪਣੇ ਪਹਿਲੀ ਸਦੀ ਦੇ ਮਸੀਹੀ ਭੈਣਾਂ-ਭਰਾਵਾਂ ਨੂੰ ਜਾਣਿਆ ਜਿਨ੍ਹਾਂ ਨੇ ਨਾ ਸਿਰਫ਼ ਆਮ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਸਹਿਆ, ਸਗੋਂ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਵੀ ਕੀਤਾ।

4. ਪੌਲੁਸ ਰਸੂਲ, ਤਬਿਥਾ ਅਤੇ ਪੁਰਾਣੇ ਜ਼ਮਾਨੇ ਦੇ ਹੋਰ ਵਫ਼ਾਦਾਰ ਗਵਾਹਾਂ ਨਾਲ ਸਾਡਾ ਖ਼ਾਸ ਰਿਸ਼ਤਾ ਕਿਉਂ ਹੈ?

4 ਇਸ ਵਿਚ ਜੋਸ਼ੀਲੇ ਰਸੂਲ ਪਤਰਸ ਅਤੇ ਪੌਲੁਸ, ਪਿਆਰੇ ਭਰਾ ਤੇ ਹਕੀਮ ਲੂਕਾ, ਦਰਿਆ-ਦਿਲ ਬਰਨਾਬਾਸ, ਦਲੇਰ ਇਸਤੀਫ਼ਾਨ, ਨਰਮ-ਦਿਲ ਤਬਿਥਾ, ਮਹਿਮਾਨਨਿਵਾਜ਼ ਲੀਡੀਆ ਅਤੇ ਹੋਰ ਬਹੁਤ ਸਾਰੇ ਵਫ਼ਾਦਾਰ ਗਵਾਹਾਂ ਦੇ ਕੰਮਾਂ ਬਾਰੇ ਦੱਸਿਆ ਗਿਆ ਹੈ। ਇਹ ਸਾਰੇ ਅੱਜ ਤੋਂ ਲਗਭਗ 2,000 ਸਾਲ ਪਹਿਲਾਂ ਹੋਏ ਸਨ, ਫਿਰ ਵੀ ਸਾਡਾ ਉਨ੍ਹਾਂ ਨਾਲ ਇਕ ਖ਼ਾਸ ਰਿਸ਼ਤਾ ਹੈ। ਕਿਉਂ? ਕਿਉਂਕਿ ਅਸੀਂ ਵੀ ਉਨ੍ਹਾਂ ਵਾਂਗ ਚੇਲੇ ਬਣਾਉਣ ਦਾ ਕੰਮ ਕਰ ਰਹੇ ਹਾਂ। (ਮੱਤੀ 28:19, 20) ਸਾਡੇ ਲਈ ਇਹ ਕੰਮ ਕਰਨਾ ਕਿੰਨੇ ਮਾਣ ਦੀ ਗੱਲ ਹੈ!

“ਧਰਤੀ ਦੇ ਕੋਨੇ-ਕੋਨੇ ਵਿਚ”​—ਰਸੂਲਾਂ ਦੇ ਕੰਮ 1:8

5. ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਨੇ ਕਿੱਥੇ ਪ੍ਰਚਾਰ ਦਾ ਕੰਮ ਕਰਨਾ ਸ਼ੁਰੂ ਕੀਤਾ ਸੀ?

5 ਹੁਣ ਜ਼ਰਾ ਗੌਰ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਜ਼ਿੰਮੇਵਾਰੀ ਸੌਂਪੀ ਸੀ। ਉਸ ਨੇ ਕਿਹਾ ਸੀ: “ਜਦੋਂ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਪਹਿਲਾਂ ਪਵਿੱਤਰ ਸ਼ਕਤੀ ਨੇ ਚੇਲਿਆਂ ਨੂੰ “ਯਰੂਸ਼ਲਮ” ਵਿਚ ਗਵਾਹੀ ਦੇਣ ਦੀ ਤਾਕਤ ਦਿੱਤੀ ਸੀ। (ਰਸੂ. 1:1–8:3) ਫਿਰ ਪਵਿੱਤਰ ਸ਼ਕਤੀ ਦੀ ਸੇਧ ਵਿਚ ਉਨ੍ਹਾਂ ਨੇ ‘ਪੂਰੇ ਯਹੂਦਿਯਾ ਤੇ ਸਾਮਰਿਯਾ’ ਵਿਚ ਗਵਾਹੀ ਦਿੱਤੀ ਸੀ। (ਰਸੂ. 8:4–13:3) ਫਿਰ ਉਨ੍ਹਾਂ ਨੇ “ਧਰਤੀ ਦੇ ਕੋਨੇ-ਕੋਨੇ ਵਿਚ” ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ।​—ਰਸੂ. 13:4–28:31.

6, 7. ਪ੍ਰਚਾਰ ਲਈ ਅੱਜ ਸਾਡੇ ਕੋਲ ਕੀ-ਕੀ ਹੈ ਜੋ ਪਹਿਲੀ ਸਦੀ ਦੇ ਮਸੀਹੀਆਂ ਕੋਲ ਨਹੀਂ ਸੀ?

6 ਤੁਹਾਡੇ ਪਹਿਲੀ ਸਦੀ ਦੇ ਭੈਣਾਂ-ਭਰਾਵਾਂ ਕੋਲ ਗਵਾਹੀ ਦੇਣ ਦਾ ਕੰਮ ਕਰਨ ਲਈ ਪੂਰੀ ਬਾਈਬਲ ਨਹੀਂ ਸੀ। ਮੱਤੀ ਨੇ ਆਪਣੀ ਇੰਜੀਲ ਸ਼ਾਇਦ 41 ਈਸਵੀ ਵਿਚ ਲਿਖੀ ਸੀ। ਰਸੂਲਾਂ ਦੇ ਕੰਮ ਦੀ ਕਿਤਾਬ ਪੂਰੀ ਹੋਣ ਤੋਂ ਪਹਿਲਾਂ ਪੌਲੁਸ ਨੇ ਕੁਝ ਚਿੱਠੀਆਂ 61 ਈਸਵੀ ਵਿਚ ਲਿਖੀਆਂ ਸਨ। ਸੋ ਪਹਿਲੀ ਸਦੀ ਦੇ ਮਸੀਹੀਆਂ ਕੋਲ ਨਾ ਤਾਂ ਪੂਰੇ ਧਰਮ-ਗ੍ਰੰਥ ਦੀਆਂ ਆਪਣੀਆਂ ਕਾਪੀਆਂ ਸਨ ਅਤੇ ਨਾ ਹੀ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਦੇਣ ਲਈ ਵੱਖੋ-ਵੱਖਰੇ ਪ੍ਰਕਾਸ਼ਨ ਸਨ। ਬਹੁਤ ਸਾਰੇ ਯਹੂਦੀ ਯਿਸੂ ਦੇ ਚੇਲੇ ਬਣਨ ਤੋਂ ਪਹਿਲਾਂ ਸਭਾ ਘਰਾਂ ਵਿਚ ਜਾਂਦੇ ਹੁੰਦੇ ਸਨ ਜਿੱਥੇ ਇਬਰਾਨੀ ਲਿਖਤਾਂ ਉੱਚੀ ਆਵਾਜ਼ ਵਿਚ ਪੜ੍ਹੀਆਂ ਜਾਂਦੀਆਂ ਸਨ। (2 ਕੁਰਿੰ. 3:14-16) ਪਰ ਉਨ੍ਹਾਂ ਨੂੰ ਵੀ ਮਿਹਨਤ ਕਰਨ ਦੀ ਲੋੜ ਸੀ ਕਿਉਂਕਿ ਉਨ੍ਹਾਂ ਨੂੰ ਪ੍ਰਚਾਰ ਕਰਦਿਆਂ ਸ਼ਾਇਦ ਮੂੰਹ-ਜ਼ਬਾਨੀ ਆਇਤਾਂ ਦੱਸਣੀਆਂ ਪੈਂਦੀਆਂ ਹੋਣ।

7 ਅੱਜ ਸਾਡੇ ਸਾਰਿਆਂ ਕੋਲ ਆਪਣੀ-ਆਪਣੀ ਬਾਈਬਲ ਹੈ ਅਤੇ ਬਹੁਤ ਸਾਰੀਆਂ ਕਿਤਾਬਾਂ ਤੇ ਰਸਾਲੇ ਹਨ। ਅਸੀਂ 240 ਦੇਸ਼ਾਂ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਚੇਲੇ ਬਣਾ ਰਹੇ ਹਾਂ।

ਪਵਿੱਤਰ ਸ਼ਕਤੀ ਦੀ ਮਦਦ

8, 9. (ੳ) ਪਵਿੱਤਰ ਸ਼ਕਤੀ ਨੇ ਯਿਸੂ ਦੇ ਚੇਲਿਆਂ ਨੂੰ ਕਿਹੜੀ ਯੋਗਤਾ ਦਿੱਤੀ ਸੀ? (ਅ) ਪਵਿੱਤਰ ਸ਼ਕਤੀ ਦੀ ਮਦਦ ਨਾਲ ਵਫ਼ਾਦਾਰ ਨੌਕਰ ਕੀ ਉਪਲਬਧ ਕਰਾ ਰਿਹਾ ਹੈ?

8 ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਗਵਾਹੀ ਦੇਣ ਦਾ ਕੰਮ ਦਿੱਤਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ: “ਜਦੋਂ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ।” ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਯਿਸੂ ਦੇ ਚੇਲਿਆਂ ਨੇ ਇਕ ਜਗ੍ਹਾ ਤੋਂ ਗਵਾਹੀ ਦੇਣ ਦਾ ਕੰਮ ਸ਼ੁਰੂ ਕਰ ਕੇ ਪੂਰੀ ਧਰਤੀ ਉੱਤੇ ਇਹ ਕੰਮ ਕਰਨਾ ਸੀ। ਪਵਿੱਤਰ ਸ਼ਕਤੀ ਦੀ ਮਦਦ ਨਾਲ ਪਤਰਸ ਅਤੇ ਪੌਲੁਸ ਨੇ ਬੀਮਾਰਾਂ ਨੂੰ ਠੀਕ ਕੀਤਾ, ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ ਅਤੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ। ਪਰ ਪਵਿੱਤਰ ਸ਼ਕਤੀ ਰਾਹੀਂ ਇਨ੍ਹਾਂ ਤੋਂ ਵੀ ਜ਼ਿਆਦਾ ਜ਼ਰੂਰੀ ਕੰਮ ਕੀਤਾ ਗਿਆ। ਇਸ ਦੀ ਮਦਦ ਨਾਲ ਰਸੂਲਾਂ ਅਤੇ ਹੋਰ ਚੇਲਿਆਂ ਨੇ ਦੂਜਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲਾ ਸਹੀ ਗਿਆਨ ਦਿੱਤਾ।​—ਯੂਹੰ. 17:3.

9 ਪੰਤੇਕੁਸਤ 33 ਈਸਵੀ ਵਿਚ ਯਿਸੂ ਦੇ ਚੇਲਿਆਂ ਨੂੰ ‘ਪਵਿੱਤਰ ਸ਼ਕਤੀ ਨੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਯੋਗਤਾ ਦਿੱਤੀ ਅਤੇ ਉਹ ਉਨ੍ਹਾਂ ਬੋਲੀਆਂ ਵਿਚ ਬੋਲਣ ਲੱਗ ਪਏ।’ ਇਸ ਕਾਰਨ ਉਨ੍ਹਾਂ ਨੇ ਹੋਰ ਭਾਸ਼ਾਵਾਂ ਦੇ ਲੋਕਾਂ ਨੂੰ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਦੀ ਗਵਾਹੀ ਦਿੱਤੀ। (ਰਸੂ. 2:1-4, 11) ਅੱਜ ਸਾਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਬੋਲਣ ਦੀ ਚਮਤਕਾਰੀ ਸ਼ਕਤੀ ਤਾਂ ਨਹੀਂ ਮਿਲੀ ਹੈ, ਪਰ ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਨਾਲ ਵਫ਼ਾਦਾਰ ਨੌਕਰ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਬਾਈਬਲ ਸੰਬੰਧੀ ਪ੍ਰਕਾਸ਼ਨ ਉਪਲਬਧ ਕਰਾ ਰਿਹਾ ਹੈ। ਉਦਾਹਰਣ ਲਈ, ਹਰ ਮਹੀਨੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ ਕਰੋੜਾਂ ਕਾਪੀਆਂ ਛਾਪੀਆਂ ਜਾਂਦੀਆਂ ਹਨ ਅਤੇ ਸਾਡੀ ਵੈੱਬਸਾਈਟ jw.org ʼਤੇ 1,000 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਪ੍ਰਕਾਸ਼ਨ ਅਤੇ ਵੀਡੀਓ ਉਪਲਬਧ ਹਨ। ਇਨ੍ਹਾਂ ਦੀ ਮਦਦ ਨਾਲ ਅਸੀਂ ਵੀ ਸਾਰੀਆਂ ਕੌਮਾਂ, ਕਬੀਲਿਆਂ ਤੇ ਵੱਖੋ-ਵੱਖਰੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਨੂੰ “ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ” ਬਾਰੇ ਦੱਸ ਸਕਦੇ ਹਾਂ।​—ਪ੍ਰਕਾ. 7:9.

10. ਸਾਲ 1989 ਤੋਂ ਬਾਈਬਲ ਦਾ ਅਨੁਵਾਦ ਕਰਨ ਦੇ ਸੰਬੰਧ ਵਿਚ ਕੀ ਕੀਤਾ ਗਿਆ ਹੈ?

10 ਸਾਲ 1989 ਤੋਂ ਵਫ਼ਾਦਾਰ ਨੌਕਰ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਪਵਿੱਤਰ ਲਿਖਤਾਂ​—ਨਵੀਂ ਦੁਨੀਆਂ ਅਨੁਵਾਦ ਉਪਲਬਧ ਕਰਾਉਣ ਵੱਲ ਖ਼ਾਸ ਧਿਆਨ ਦੇ ਰਿਹਾ ਹੈ। ਇਸ ਬਾਈਬਲ ਦਾ ਹੁਣ ਤਕ 200 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਚੁੱਕਾ ਹੈ ਅਤੇ ਇਸ ਦੀਆਂ ਕਰੋੜਾਂ ਕਾਪੀਆਂ ਛਾਪੀਆਂ ਜਾ ਚੁੱਕੀਆਂ ਹਨ ਅਤੇ ਹੋਰ ਵੀ ਛਾਪੀਆਂ ਜਾਣਗੀਆਂ। ਪਰਮੇਸ਼ੁਰ ਅਤੇ ਉਸ ਦੀ ਪਵਿੱਤਰ ਸ਼ਕਤੀ ਦੀ ਮਦਦ ਸਦਕਾ ਹੀ ਇਹ ਸਭ ਕੁਝ ਮੁਮਕਿਨ ਹੋਇਆ ਹੈ।

11. ਯਹੋਵਾਹ ਦੇ ਗਵਾਹ ਕਿਸ ਹੱਦ ਤਕ ਅਨੁਵਾਦ ਦਾ ਕੰਮ ਕਰ ਰਹੇ ਹਨ?

11 150 ਤੋਂ ਜ਼ਿਆਦਾ ਦੇਸ਼ਾਂ ਵਿਚ ਹਜ਼ਾਰਾਂ ਹੀ ਯਹੋਵਾਹ ਦੇ ਗਵਾਹ ਬਿਨਾਂ ਕੋਈ ਪੈਸਾ ਲਏ ਅਨੁਵਾਦ ਦਾ ਕੰਮ ਕਰ ਰਹੇ ਹਨ। ਇਹ ਜਾਣ ਕੇ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਦੁਨੀਆਂ ਵਿਚ ਹੋਰ ਕੋਈ ਸੰਗਠਨ ਨਹੀਂ ਹੈ ਜੋ ਪਵਿੱਤਰ ਸ਼ਕਤੀ ਦੀ ਸੇਧ ਮੁਤਾਬਕ ਚੱਲ ਕੇ ਦੁਨੀਆਂ ਭਰ ਵਿਚ ਯਹੋਵਾਹ ਪਰਮੇਸ਼ੁਰ, ਉਸ ਦੇ ਰਾਜ ਦੇ ਰਾਜੇ ਅਤੇ ਸਵਰਗ ਵਿਚ ਸਥਾਪਿਤ ਹੋ ਚੁੱਕੇ ਉਸ ਦੇ ਰਾਜ ਬਾਰੇ “ਚੰਗੀ ਤਰ੍ਹਾਂ ਗਵਾਹੀ” ਦੇ ਰਿਹਾ ਹੈ।​—ਰਸੂ. 28:23.

12. ਪੌਲੁਸ ਅਤੇ ਹੋਰ ਮਸੀਹੀਆਂ ਨੇ ਕਿਸ ਦੀ ਮਦਦ ਨਾਲ ਗਵਾਹੀ ਦੇਣ ਦਾ ਕੰਮ ਕੀਤਾ ਸੀ?

12 ਜਦੋਂ ਪੌਲੁਸ ਨੇ ਪਸੀਦੀਆ ਦੇ ਅੰਤਾਕੀਆ ਸ਼ਹਿਰ ਵਿਚ ਯਹੂਦੀ ਅਤੇ ਗ਼ੈਰ-ਯਹੂਦੀ ਲੋਕਾਂ ਨੂੰ ਗਵਾਹੀ ਦਿੱਤੀ ਸੀ, ਤਾਂ “ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ ਸਨ, ਉਹ ਸਾਰੇ ਨਿਹਚਾ ਕਰਨ ਲੱਗ ਪਏ।” (ਰਸੂ. 13:48) ਰਸੂਲਾਂ ਦੇ ਕੰਮ ਦੀ ਕਿਤਾਬ ਦੇ ਅਖ਼ੀਰ ਵਿਚ ਲੂਕਾ ਦੱਸਦਾ ਹੈ ਕਿ ਪੌਲੁਸ “ਬੇਝਿਜਕ ਹੋ ਕੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ।” (ਰਸੂ. 28:31) ਪੌਲੁਸ ਉਦੋਂ ਕਿੱਥੇ ਪ੍ਰਚਾਰ ਕਰ ਰਿਹਾ ਸੀ? ਉਸ ਵੇਲੇ ਦੀ ਵਿਸ਼ਵ-ਸ਼ਕਤੀ ਦੀ ਰਾਜਧਾਨੀ ਰੋਮ ਵਿਚ! ਚਾਹੇ ਪਹਿਲੀ ਸਦੀ ਦੇ ਮਸੀਹੀਆਂ ਨੇ ਭਾਸ਼ਣ ਦੇ ਕੇ ਜਾਂ ਹੋਰ ਤਰੀਕਿਆਂ ਨਾਲ ਪ੍ਰਚਾਰ ਕੀਤਾ ਸੀ, ਪਰ ਉਨ੍ਹਾਂ ਨੇ ਇਹ ਸਾਰਾ ਕੰਮ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਤੇ ਇਸ ਦੀ ਸੇਧ ਵਿਚ ਚੱਲ ਕੇ ਕੀਤਾ।

ਅਤਿਆਚਾਰਾਂ ਦੇ ਬਾਵਜੂਦ ਲੱਗੇ ਰਹੇ

13. ਅਤਿਆਚਾਰ ਸਹਿੰਦਿਆਂ ਸਾਨੂੰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ?

13 ਜਦੋਂ ਯਿਸੂ ਦੇ ਚੇਲਿਆਂ ਉੱਤੇ ਅਤਿਆਚਾਰ ਹੋਣੇ ਸ਼ੁਰੂ ਹੋਏ, ਤਾਂ ਉਨ੍ਹਾਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਦਲੇਰ ਬਣਨ ਵਿਚ ਉਨ੍ਹਾਂ ਦੀ ਮਦਦ ਕਰੇ। ਇਸ ਦਾ ਕੀ ਨਤੀਜਾ ਨਿਕਲਿਆ? ਉਹ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਉਨ੍ਹਾਂ ਨੂੰ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦੀ ਹਿੰਮਤ ਮਿਲੀ। (ਰਸੂ. 4:18-31) ਅਸੀਂ ਵੀ ਬੁੱਧ ਅਤੇ ਤਾਕਤ ਲਈ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਾਂ ਤਾਂਕਿ ਅਸੀਂ ਅਤਿਆਚਾਰ ਸਹਿੰਦੇ ਹੋਏ ਪ੍ਰਚਾਰ ਕਰਦੇ ਰਹੀਏ। (ਯਾਕੂ. 1:2-8) ਪਰਮੇਸ਼ੁਰ ਦੀ ਬਰਕਤ ਅਤੇ ਉਸ ਦੀ ਸ਼ਕਤੀ ਦੀ ਮਦਦ ਨਾਲ ਹੀ ਅਸੀਂ ਰਾਜ ਦੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿੰਦੇ ਹਾਂ। ਕੋਈ ਵੀ ਚੀਜ਼ ਗਵਾਹੀ ਦੇਣ ਦੇ ਕੰਮ ਨੂੰ ਰੋਕ ਨਹੀਂ ਸਕਦੀ, ਨਾ ਸਖ਼ਤ ਵਿਰੋਧ ਤੇ ਨਾ ਹੀ ਜ਼ੁਲਮ। ਜਦੋਂ ਸਾਡੇ ʼਤੇ ਜ਼ੁਲਮ ਕੀਤੇ ਜਾਂਦੇ ਹਨ, ਉਦੋਂ ਸਾਨੂੰ ਵੀ ਪ੍ਰਾਰਥਨਾ ਕਰਨ ਦੀ ਲੋੜ ਹੁੰਦੀ ਹੈ ਕਿ ਯਹੋਵਾਹ ਸਾਨੂੰ ਪਵਿੱਤਰ ਸ਼ਕਤੀ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਬੁੱਧ ਅਤੇ ਹਿੰਮਤ ਦੇਵੇ।​—ਲੂਕਾ 11:13.

14, 15. (ੳ) “ਇਸਤੀਫ਼ਾਨ ਦੀ ਮੌਤ ਤੋਂ ਬਾਅਦ ਅਤਿਆਚਾਰ ਹੋਣ ਕਰਕੇ” ਕੀ ਹੋਇਆ? (ਅ) ਸਾਡੇ ਜ਼ਮਾਨੇ ਵਿਚ ਸਾਇਬੇਰੀਆ ਦੇ ਲੋਕਾਂ ਨੂੰ ਸੱਚਾਈ ਜਾਣਨ ਦਾ ਮੌਕਾ ਕਿਵੇਂ ਮਿਲਿਆ?

14 ਆਪਣੇ ਦੁਸ਼ਮਣਾਂ ਦੇ ਹੱਥੋਂ ਮਰਨ ਤੋਂ ਪਹਿਲਾਂ ਇਸਤੀਫ਼ਾਨ ਨੇ ਦਲੇਰੀ ਨਾਲ ਗਵਾਹੀ ਦਿੱਤੀ ਸੀ। (ਰਸੂ. 6:5; 7:54-60) ਉਸ ਸਮੇਂ “ਬਹੁਤ ਅਤਿਆਚਾਰ” ਹੋਣ ਕਰਕੇ ਰਸੂਲਾਂ ਨੂੰ ਛੱਡ ਬਾਕੀ ਸਾਰੇ ਚੇਲੇ ਯਹੂਦਿਯਾ ਅਤੇ ਸਾਮਰਿਯਾ ਵਿਚ ਖਿੰਡ-ਪੁੰਡ ਗਏ। ਪਰ ਇਸ ਨਾਲ ਵੀ ਗਵਾਹੀ ਦੇਣ ਦਾ ਕੰਮ ਰੁਕਿਆ ਨਹੀਂ। ਫ਼ਿਲਿੱਪੁਸ ਨੇ ਸਾਮਰਿਯਾ ਸ਼ਹਿਰ ਜਾ ਕੇ “ਮਸੀਹ ਬਾਰੇ ਦੱਸਣਾ ਸ਼ੁਰੂ ਕੀਤਾ” ਜਿਸ ਦੇ ਬਹੁਤ ਵਧੀਆ ਨਤੀਜੇ ਨਿਕਲੇ। (ਰਸੂ. 8:1-8, 14, 15, 25) ਇਸ ਤੋਂ ਇਲਾਵਾ, ਅਸੀਂ ਪੜ੍ਹਦੇ ਹਾਂ: “ਇਸਤੀਫ਼ਾਨ ਦੀ ਮੌਤ ਤੋਂ ਬਾਅਦ ਅਤਿਆਚਾਰ ਹੋਣ ਕਰਕੇ ਚੇਲੇ ਖਿੰਡ-ਪੁੰਡ ਗਏ ਸਨ ਅਤੇ ਉਹ ਫੈਨੀਕੇ, ਸਾਈਪ੍ਰਸ ਅਤੇ ਅੰਤਾਕੀਆ ਤਕ ਚਲੇ ਗਏ ਸਨ, ਪਰ ਉਹ ਯਹੂਦੀਆਂ ਤੋਂ ਸਿਵਾਇ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ ਸਨ। ਦੂਜੇ ਪਾਸੇ, ਉਨ੍ਹਾਂ ਵਿੱਚੋਂ ਕੁਝ ਆਦਮੀ, ਜੋ ਸਾਈਪ੍ਰਸ ਅਤੇ ਕੁਰੇਨੇ ਦੇ ਸਨ, ਅੰਤਾਕੀਆ ਆਏ ਅਤੇ ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਭੂ ਯਿਸੂ ਦੀ ਖ਼ੁਸ਼ ਖ਼ਬਰੀ ਸੁਣਾਉਣ ਲੱਗੇ।” (ਰਸੂ. 11:19, 20) ਉਸ ਸਮੇਂ ਅਤਿਆਚਾਰਾਂ ਕਰਕੇ ਰਾਜ ਦਾ ਸੰਦੇਸ਼ ਦੂਰ-ਦੂਰ ਤਕ ਫੈਲਿਆ।

15 ਕੁਝ ਸਾਲ ਪਹਿਲਾਂ ਪੁਰਾਣੇ ਸੋਵੀਅਤ ਸੰਘ (ਰੂਸ ਅਧੀਨ ਕੁਝ ਦੇਸ਼ਾਂ ਦਾ ਗੁੱਟ) ਵਿਚ ਇਸੇ ਤਰ੍ਹਾਂ ਹੋਇਆ ਸੀ। ਖ਼ਾਸ ਤੌਰ ਤੇ 1950 ਦੇ ਦਹਾਕੇ ਵਿਚ ਹਜ਼ਾਰਾਂ ਹੀ ਯਹੋਵਾਹ ਦੇ ਗਵਾਹਾਂ ਨੂੰ ਆਪਣੇ ਘਰਾਂ ਵਿੱਚੋਂ ਜ਼ਬਰਦਸਤੀ ਕੱਢ ਕੇ ਸਾਇਬੇਰੀਆ ਦੀਆਂ ਵੱਖੋ-ਵੱਖਰੀਆਂ ਬਸਤੀਆਂ ਵਿਚ ਲਿਜਾਇਆ ਗਿਆ। ਇਸ ਕਰਕੇ ਉਸ ਵਿਸ਼ਾਲ ਇਲਾਕੇ ਵਿਚ ਖ਼ੁਸ਼ ਖ਼ਬਰੀ ਲਗਾਤਾਰ ਫੈਲਦੀ ਰਹੀ। ਬਹੁਤ ਸਾਰੇ ਗਵਾਹਾਂ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਉੱਥੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ 10,000 ਕਿਲੋਮੀਟਰ (6,000 ਮੀਲ) ਤਕ ਦਾ ਸਫ਼ਰ ਕਰ ਸਕਣ। ਇਕ ਭਰਾ ਨੇ ਕਿਹਾ: “ਸਰਕਾਰੀ ਅਧਿਕਾਰੀਆਂ ਨੇ ਗਵਾਹਾਂ ਨੂੰ ਜ਼ਬਰਦਸਤੀ ਸਾਇਬੇਰੀਆ ਲਿਜਾ ਕੇ ਉੱਥੇ ਦੇ ਹਜ਼ਾਰਾਂ ਨੇਕਦਿਲ ਲੋਕਾਂ ਲਈ ਸੱਚਾਈ ਜਾਣਨ ਦਾ ਰਾਹ ਖੋਲ੍ਹਿਆ।”

ਯਹੋਵਾਹ ਦੀਆਂ ਬੇਸ਼ੁਮਾਰ ਬਰਕਤਾਂ

16, 17. ਰਸੂਲਾਂ ਦੇ ਕੰਮ ਦੀ ਕਿਤਾਬ ਤੋਂ ਗਵਾਹੀ ਦੇਣ ਦੇ ਕੰਮ ਉੱਤੇ ਯਹੋਵਾਹ ਦੀ ਬਰਕਤ ਦਾ ਕੀ ਸਬੂਤ ਮਿਲਦਾ ਹੈ?

16 ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯਹੋਵਾਹ ਨੇ ਪਹਿਲੀ ਸਦੀ ਦੇ ਚੇਲਿਆਂ ਨੂੰ ਬਰਕਤਾਂ ਦਿੱਤੀਆਂ ਸਨ। ਪੌਲੁਸ ਅਤੇ ਹੋਰਨਾਂ ਨੇ ਬੀ ਬੀਜਿਆ ਤੇ ਪਾਣੀ ਦਿੱਤਾ, “ਪਰ ਪਰਮੇਸ਼ੁਰ ਉਸ ਨੂੰ ਵਧਾਉਂਦਾ ਰਿਹਾ।” (1 ਕੁਰਿੰ. 3:5, 6) ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਇਸ ਵਾਧੇ ਦੀਆਂ ਰਿਪੋਰਟਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਨੇ ਪ੍ਰਚਾਰ ਦੇ ਕੰਮ ʼਤੇ ਬਰਕਤਾਂ ਪਾਈਆਂ ਸਨ। ਮਿਸਾਲ ਲਈ, “ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਫੈਲਦਾ ਗਿਆ ਅਤੇ ਯਰੂਸ਼ਲਮ ਵਿਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ।” (ਰਸੂ. 6:7) ਜਿੱਦਾਂ-ਜਿੱਦਾਂ ਪ੍ਰਚਾਰ ਦਾ ਕੰਮ ਵਧਦਾ ਗਿਆ, “ਯਹੂਦਿਯਾ, ਗਲੀਲ ਅਤੇ ਸਾਮਰਿਯਾ ਦੀ ਪੂਰੀ ਮੰਡਲੀ ਲਈ ਸ਼ਾਂਤੀ ਦਾ ਸਮਾਂ ਆ ਗਿਆ ਅਤੇ ਮੰਡਲੀ ਨਿਹਚਾ ਵਿਚ ਮਜ਼ਬੂਤ ਹੁੰਦੀ ਗਈ; ਅਤੇ ਇਸ ਵਿਚ ਵਾਧਾ ਹੁੰਦਾ ਗਿਆ ਕਿਉਂਕਿ ਇਹ ਯਹੋਵਾਹ ਦਾ [ਸ਼ਰਧਾਮਈ] ਡਰ ਰੱਖਦੀ ਅਤੇ ਪਵਿੱਤਰ ਸ਼ਕਤੀ ਤੋਂ ਦਿਲਾਸਾ ਪਾਉਂਦੀ ਰਹੀ।”​—ਰਸੂ. 9:31.

17 ਸੀਰੀਆ ਦੇ ਸ਼ਹਿਰ ਅੰਤਾਕੀਆ ਵਿਚ ਯਹੂਦੀਆਂ ਅਤੇ ਯੂਨਾਨੀ ਬੋਲਣ ਵਾਲਿਆਂ ਨੇ ਦਲੇਰ ਗਵਾਹਾਂ ਦੇ ਮੂੰਹੋਂ ਸੱਚਾਈ ਸੁਣੀ ਸੀ। ਬਾਈਬਲ ਵਿਚ ਦੱਸਿਆ ਹੈ: “ਇਸ ਤੋਂ ਇਲਾਵਾ, ਯਹੋਵਾਹ ਦਾ ਹੱਥ ਉਨ੍ਹਾਂ ʼਤੇ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਉੱਤੇ ਨਿਹਚਾ ਕੀਤੀ ਅਤੇ ਉਹ ਉਸ ਵੱਲ ਹੋ ਗਏ।” (ਰਸੂ. 11:21) ਅਸੀਂ ਹੋਰ ਤਰੱਕੀ ਬਾਰੇ ਪੜ੍ਹਦੇ ਹਾਂ: “ਯਹੋਵਾਹ ਦਾ ਬਚਨ ਫੈਲਦਾ ਗਿਆ ਅਤੇ ਨਵੇਂ ਚੇਲਿਆਂ ਦੀ ਗਿਣਤੀ ਵਧਦੀ ਗਈ।” (ਰਸੂ. 12:24) ਪੌਲੁਸ ਅਤੇ ਹੋਰਨਾਂ ਨੇ ਗ਼ੈਰ-ਯਹੂਦੀ ਲੋਕਾਂ ਨੂੰ ਗਵਾਹੀ ਦੇਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਿਸ ਕਰਕੇ “ਯਹੋਵਾਹ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ।”​—ਰਸੂ. 19:20.

18, 19. (ੳ) ਅਸੀਂ ਕਿੱਦਾਂ ਜਾਣਦੇ ਹਾਂ ਕਿ “ਯਹੋਵਾਹ ਦਾ ਹੱਥ” ਸਾਡੇ ʼਤੇ ਹੈ? (ਅ) ਇਕ ਮਿਸਾਲ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦਾ ਸਾਥ ਦਿੰਦਾ ਹੈ।

18 ਯਕੀਨਨ ਅੱਜ “ਯਹੋਵਾਹ ਦਾ ਹੱਥ” ਸਾਡੇ ʼਤੇ ਵੀ ਹੈ। ਇਸੇ ਕਰਕੇ ਅੱਜ ਇੰਨੇ ਸਾਰੇ ਲੋਕ ਨਿਹਚਾ ਕਰ ਰਹੇ ਹਨ ਅਤੇ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕਰ ਕੇ ਬਪਤਿਸਮਾ ਲੈ ਰਹੇ ਹਨ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਮਦਦ ਅਤੇ ਬਰਕਤ ਨਾਲ ਹੀ ਅਸੀਂ ਪੌਲੁਸ ਤੇ ਪਹਿਲੀ ਸਦੀ ਦੇ ਹੋਰ ਮਸੀਹੀਆਂ ਵਾਂਗ ਸਖ਼ਤ ਵਿਰੋਧ ਅਤੇ ਕਈ ਵਾਰ ਅਤਿਆਚਾਰ ਸਹਿੰਦੇ ਹੋਏ ਕਾਮਯਾਬੀ ਨਾਲ ਪ੍ਰਚਾਰ ਦਾ ਕੰਮ ਕਰ ਪਾਉਂਦੇ ਹਾਂ। (ਰਸੂ. 14:19-21) ਯਹੋਵਾਹ ਹਮੇਸ਼ਾ ਸਾਡੇ ਨਾਲ ਹੈ। ਹਰ ਅਜ਼ਮਾਇਸ਼ ਵਿਚ ‘ਉਸ ਦੀਆਂ ਬਾਹਾਂ ਹਮੇਸ਼ਾ ਸਾਨੂੰ ਸਹਾਰਾ ਦੇਣਗੀਆਂ।’ (ਬਿਵ. 33:27) ਆਓ ਆਪਾਂ ਇਹ ਗੱਲ ਵੀ ਯਾਦ ਰੱਖੀਏ ਕਿ ਯਹੋਵਾਹ ਆਪਣੇ ਮਹਾਨ ਨਾਂ ਦੀ ਖ਼ਾਤਰ ਕਦੀ ਆਪਣੇ ਲੋਕਾਂ ਦਾ ਸਾਥ ਨਹੀਂ ਛੱਡੇਗਾ।​—1 ਸਮੂ. 12:22; ਜ਼ਬੂ. 94:14.

19 ਭਰਾ ਹਾਰਾਲਟ ਔਪਟ ਦੀ ਮਿਸਾਲ ʼਤੇ ਗੌਰ ਕਰੋ ਜਿਸ ਨੂੰ ਗਵਾਹੀ ਦੇਣ ਦੇ ਕੰਮ ਵਿਚ ਲੱਗੇ ਰਹਿਣ ਕਾਰਨ ਨਾਜ਼ੀਆਂ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ ਜ਼ਾਕਸਨਹਾਊਸਨ ਤਸ਼ੱਦਦ ਕੈਂਪ ਵਿਚ ਨਜ਼ਰਬੰਦ ਕਰ ਦਿੱਤਾ। ਮਈ 1942 ਵਿਚ ਜਰਮਨੀ ਦੀ ਖੁਫੀਆ ਪੁਲਸ ਗਸਤਾਪੋ ਉਸ ਦੀ ਬੱਚੀ ਨੂੰ ਘਰੋਂ ਖੋਹ ਕੇ ਲੈ ਗਈ ਅਤੇ ਉਸ ਦੀ ਪਤਨੀ ਐਲਜ਼ਾ ਨੂੰ ਗਿਰਫ਼ਤਾਰ ਕਰ ਲਿਆ। ਉਸ ਨੂੰ ਕਈ ਤਸ਼ੱਦਦ ਕੈਂਪਾਂ ਵਿਚ ਘੱਲਿਆ ਗਿਆ। ਭੈਣ ਔਪਟ ਨੇ ਦੱਸਿਆ: “ਜਰਮਨੀ ਦੇ ਤਸ਼ੱਦਦ ਕੈਂਪਾਂ ਵਿਚ ਗੁਜ਼ਾਰੇ ਸਾਲਾਂ ਦੌਰਾਨ ਮੈਂ ਇਕ ਅਹਿਮ ਸਬਕ ਸਿੱਖਿਆ। ਉਹ ਇਹ ਕਿ ਮੁਸ਼ਕਲ ਤੋਂ ਮੁਸ਼ਕਲ ਪਰੀਖਿਆ ਵਿਚ ਵੀ ਯਹੋਵਾਹ ਦੀ ਸ਼ਕਤੀ ਸਾਨੂੰ ਸਹਿਣ ਦੀ ਤਾਕਤ ਦੇ ਸਕਦੀ ਹੈ! ਆਪਣੀ ਗਿਰਫ਼ਤਾਰੀ ਤੋਂ ਪਹਿਲਾਂ ਮੈਂ ਇਕ ਭੈਣ ਦੀ ਚਿੱਠੀ ਪੜ੍ਹੀ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਯਹੋਵਾਹ ਦੀ ਸ਼ਕਤੀ ਨਾਲ ਤੁਸੀਂ ਬਿਨਾਂ ਡਰੇ ਸ਼ਾਂਤ ਮਨ ਨਾਲ ਮੁਸ਼ਕਲ ਪਰੀਖਿਆ ਨੂੰ ਸਹਿ ਸਕਦੇ ਹੋ। ਉਦੋਂ ਮੈਂ ਸੋਚਦੀ ਸੀ ਕਿ ਭੈਣ ਗੱਲ ਨੂੰ ਵਧਾ-ਚੜ੍ਹਾ ਕੇ ਦੱਸ ਰਹੀ ਸੀ। ਪਰ ਜਦੋਂ ਮੈਂ ਆਪ ਤਸੀਹੇ ਝੱਲੇ, ਤਾਂ ਮੈਂ ਉਸ ਦੇ ਸ਼ਬਦਾਂ ਦੀ ਸੱਚਾਈ ਨੂੰ ਸਮਝ ਪਾਈ। ਵਾਕਈ, ਇਸ ਤਰ੍ਹਾਂ ਹੁੰਦਾ ਹੈ! ਇਹ ਗੱਲ ਸ਼ਾਇਦ ਉਨ੍ਹਾਂ ਲਈ ਸਮਝਣੀ ਔਖੀ ਹੋਵੇ ਜਿਨ੍ਹਾਂ ਨੇ ਕਦੇ ਇਸ ਸ਼ਾਂਤੀ ਨੂੰ ਮਹਿਸੂਸ ਨਹੀਂ ਕੀਤਾ। ਪਰ ਮੈਂ ਆਪਣੇ ਅੰਦਰ ਇਹ ਸ਼ਾਂਤੀ ਮਹਿਸੂਸ ਕੀਤੀ।”

ਚੰਗੀ ਤਰ੍ਹਾਂ ਗਵਾਹੀ ਦਿੰਦੇ ਰਹੋ!

20. ਘਰ ਵਿਚ ਨਜ਼ਰਬੰਦ ਹੁੰਦੇ ਹੋਏ ਵੀ ਪੌਲੁਸ ਨੇ ਕੀ ਕੀਤਾ ਅਤੇ ਇਸ ਤੋਂ ਸਾਡੇ ਕੁਝ ਭੈਣਾਂ-ਭਰਾਵਾਂ ਨੂੰ ਕੀ ਹੌਸਲਾ ਮਿਲਦਾ ਹੈ?

20 ਰਸੂਲਾਂ ਦੇ ਕੰਮ ਦੀ ਕਿਤਾਬ ਦੇ ਅਖ਼ੀਰ ਵਿਚ ਦੱਸਿਆ ਹੈ ਕਿ ਪੌਲੁਸ ਜੋਸ਼ ਨਾਲ “ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ” ਕਰ ਰਿਹਾ ਸੀ। (ਰਸੂ. 28:31) ਘਰ ਵਿਚ ਨਜ਼ਰਬੰਦ ਹੋਣ ਕਰਕੇ ਉਹ ਰੋਮ ਵਿਚ ਘਰ-ਘਰ ਪ੍ਰਚਾਰ ਨਹੀਂ ਕਰ ਸਕਦਾ ਸੀ। ਫਿਰ ਵੀ ਉਹ ਉਨ੍ਹਾਂ ਲੋਕਾਂ ਨੂੰ ਪ੍ਰਚਾਰ ਕਰਦਾ ਰਿਹਾ ਜਿਹੜੇ ਉਸ ਨੂੰ ਮਿਲਣ ਆਉਂਦੇ ਸਨ। ਅੱਜ ਸਾਡੇ ਕੁਝ ਪਿਆਰੇ ਭੈਣ-ਭਰਾ ਬੁਢਾਪੇ ਕਾਰਨ ਜਾਂ ਬੀਮਾਰ ਹੋਣ ਕਰਕੇ ਕਿਤੇ ਆ-ਜਾ ਨਹੀਂ ਸਕਦੇ। ਫਿਰ ਵੀ ਪਰਮੇਸ਼ੁਰ ਲਈ ਉਨ੍ਹਾਂ ਦਾ ਪਿਆਰ ਅਤੇ ਗਵਾਹੀ ਦੇਣ ਦਾ ਜੋਸ਼ ਕਦੇ ਘੱਟਦਾ ਨਹੀਂ। ਅਸੀਂ ਆਪਣੇ ਸਵਰਗੀ ਪਿਤਾ ਨੂੰ ਉਨ੍ਹਾਂ ਲਈ ਇਹ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਕਿਸੇ-ਨਾ-ਕਿਸੇ ਤਰੀਕੇ ਨਾਲ ਅਜਿਹੇ ਭੈਣਾਂ-ਭਰਾਵਾਂ ਨੂੰ ਉਨ੍ਹਾਂ ਲੋਕਾਂ ਨਾਲ ਮਿਲਾਏ ਜਿਹੜੇ ਉਸ ਬਾਰੇ ਅਤੇ ਉਸ ਦੇ ਸ਼ਾਨਦਾਰ ਮਕਸਦ ਬਾਰੇ ਸਿੱਖਣਾ ਚਾਹੁੰਦੇ ਹਨ।

21. ਸਾਨੂੰ ਗਵਾਹੀ ਦੇਣ ਦੇ ਕੰਮ ਨੂੰ ਪਹਿਲ ਕਿਉਂ ਦੇਣੀ ਚਾਹੀਦੀ ਹੈ?

21 ਸਾਡੇ ਵਿੱਚੋਂ ਜ਼ਿਆਦਾਤਰ ਭੈਣ-ਭਰਾ ਘਰ-ਘਰ ਅਤੇ ਹੋਰ ਤਰੀਕਿਆਂ ਨਾਲ ਪ੍ਰਚਾਰ ਕਰ ਕੇ ਚੇਲੇ ਬਣਾਉਣ ਦਾ ਕੰਮ ਕਰਦੇ ਹਨ। ਇਸ ਲਈ ਆਓ ਆਪਾਂ ਰਾਜ ਦੇ ਪ੍ਰਚਾਰਕਾਂ ਵਜੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਪੂਰੀ ਵਾਹ ਲਾਈਏ ਅਤੇ ‘ਧਰਤੀ ਦੇ ਕੋਨੇ-ਕੋਨੇ ਵਿਚ ਗਵਾਹੀ’ ਦੇਈਏ। ਇਸ ਕੰਮ ਨੂੰ ਕਰਨ ਦਾ ਸਮਾਂ ਹੁਣ ਹੀ ਹੈ ਕਿਉਂਕਿ ਮਸੀਹ ਦੀ ਮੌਜੂਦਗੀ ਦੀ “ਨਿਸ਼ਾਨੀ” ਸਾਫ਼-ਸਾਫ਼ ਦਿਖਾਈ ਦੇ ਰਹੀ ਹੈ। (ਮੱਤੀ 24:3-14) ਇਸ ਲਈ ਸਾਨੂੰ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਇਸ ਵੇਲੇ ਸਾਡੇ ਕੋਲ ਪ੍ਰਭੂ ਦਾ ਬਹੁਤ ਸਾਰਾ ਕੰਮ ਹੈ।​—1 ਕੁਰਿੰ. 15:58.

22. ਯਹੋਵਾਹ ਦੇ ਦਿਨ ਦੀ ਉਡੀਕ ਕਰਦਿਆਂ ਸਾਡਾ ਕੀ ਇਰਾਦਾ ਹੋਣਾ ਚਾਹੀਦਾ ਹੈ?

22 ਆਓ ਆਪਾਂ “ਯਹੋਵਾਹ ਦੇ ਮਹਾਨ ਅਤੇ ਭਿਆਨਕ ਦਿਨ ਦੇ ਆਉਣ” ਦੀ ਉਡੀਕ ਕਰਦਿਆਂ ਪੱਕਾ ਇਰਾਦਾ ਕਰੀਏ ਕਿ ਅਸੀਂ ਦਲੇਰੀ ਅਤੇ ਵਫ਼ਾਦਾਰੀ ਨਾਲ ਗਵਾਹੀ ਦਿੰਦੇ ਰਹਾਂਗੇ। (ਯੋਏ. 2:31) ਅੱਜ ਸਾਨੂੰ ਵੀ ਬਰੀਆ ਸ਼ਹਿਰ ਦੇ ਲੋਕਾਂ ਵਰਗੇ ਬਹੁਤ ਸਾਰੇ ਲੋਕ ਮਿਲਣਗੇ ਜੋ ਪਰਮੇਸ਼ੁਰ ਦੇ “ਬਚਨ ਨੂੰ ਬੜੇ ਉਤਸ਼ਾਹ ਨਾਲ ਕਬੂਲ ਕਰ” ਲੈਣਗੇ। (ਰਸੂ. 17:10, 11) ਇਸ ਲਈ ਆਓ ਆਪਾਂ ਉਦੋਂ ਤਕ ਗਵਾਹੀ ਦਿੰਦੇ ਰਹੀਏ ਜਦੋਂ ਤਕ ਅਸੀਂ ਇਹ ਸ਼ਬਦ ਨਹੀਂ ਸੁਣਦੇ: “ਸ਼ਾਬਾਸ਼, ਚੰਗੇ ਤੇ ਭਰੋਸੇਮੰਦ ਨੌਕਰ!” (ਮੱਤੀ 25:23) ਜੇ ਅਸੀਂ ਜੋਸ਼ ਨਾਲ ਚੇਲੇ ਬਣਾਉਣ ਦਾ ਕੰਮ ਕਰਦੇ ਹਾਂ ਅਤੇ ਯਹੋਵਾਹ ਦੇ ਵਫ਼ਾਦਾਰ ਰਹਿੰਦੇ ਹਾਂ, ਤਾਂ ਸਾਨੂੰ ਹਮੇਸ਼ਾ-ਹਮੇਸ਼ਾ ਲਈ ਇਸ ਗੱਲ ਦੀ ਖ਼ੁਸ਼ੀ ਰਹੇਗੀ ਕਿ ਸਾਨੂੰ ਪਰਮੇਸ਼ੁਰ ਦੇ ਰਾਜ ਬਾਰੇ “ਚੰਗੀ ਤਰ੍ਹਾਂ ਗਵਾਹੀ” ਦੇਣ ਦਾ ਸਨਮਾਨ ਮਿਲਿਆ!