ਅਧਿਆਇ 27
‘ਚੰਗੀ ਤਰ੍ਹਾਂ ਗਵਾਹੀ ਦਿਓ’
ਰੋਮ ਵਿਚ ਕੈਦ ਹੁੰਦੇ ਹੋਏ ਵੀ ਪੌਲੁਸ ਪ੍ਰਚਾਰ ਕਰਦਾ ਰਿਹਾ
ਰਸੂਲਾਂ ਦੇ ਕੰਮ 28:11-31 ਵਿੱਚੋਂ
1. ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਕਿਸ ʼਤੇ ਭਰੋਸਾ ਸੀ ਅਤੇ ਕਿਉਂ?
ਇਹ ਤਕਰੀਬਨ 59 ਈਸਵੀ ਦੀ ਗੱਲ ਹੈ। ਅਨਾਜ ਨਾਲ ਲੱਦਿਆ ਇਕ ਵੱਡਾ ਜਹਾਜ਼ ਮਾਲਟਾ ਤੋਂ ਇਟਲੀ ਵੱਲ ਨੂੰ ਜਾ ਰਿਹਾ ਹੈ। ਇਸ ਜਹਾਜ਼ ਦਾ ਨਿਸ਼ਾਨ ਹੈ “ਜ਼ੂਸ ਦੇ ਪੁੱਤਰ।” ਇਸ ਜਹਾਜ਼ ਵਿਚ ਕੈਦੀ ਪੌਲੁਸ ਨਿਗਰਾਨੀ ਅਧੀਨ ਸਫ਼ਰ ਕਰ ਰਿਹਾ ਹੈ ਅਤੇ ਉਸ ਨਾਲ ਲੂਕਾ ਅਤੇ ਅਰਿਸਤਰਖੁਸ ਹਨ। (ਰਸੂ. 27:2) ਜਹਾਜ਼ ʼਤੇ ਕੰਮ ਕਰਨ ਵਾਲੇ ਲੋਕ ਸਮੁੰਦਰੀ ਸਫ਼ਰ ਦੌਰਾਨ ਸੁਰੱਖਿਆ ਲਈ ਯੂਨਾਨੀ ਦੇਵਤੇ ਜ਼ੂਸ ਦੇ ਦੋਵਾਂ ਪੁੱਤਰਾਂ ਕੈਸਟਰ ਅਤੇ ਪੋਲੱਕਸ ʼਤੇ ਭਰੋਸਾ ਰੱਖਦੇ ਹਨ। (ਅੰਗ੍ਰੇਜ਼ੀ ਦੀ ਸਟੱਡੀ ਬਾਈਬਲ ਵਿੱਚੋਂ ਰਸੂਲਾਂ ਦੇ ਕੰਮ 28:11 ਦਾ ਸਟੱਡੀ ਨੋਟ ਦੇਖੋ।) ਇਸ ਤੋਂ ਉਲਟ, ਪੌਲੁਸ ਅਤੇ ਉਸ ਦੇ ਸਾਥੀ ਯਹੋਵਾਹ ʼਤੇ ਭਰੋਸਾ ਰੱਖਦੇ ਹਨ ਜਿਸ ਨੇ ਪੌਲੁਸ ਨੂੰ ਦੱਸਿਆ ਸੀ ਕਿ ਉਹ ਰੋਮ ਵਿਚ ਸੱਚਾਈ ਦੇ ਪੱਖ ਵਿਚ ਗਵਾਹੀ ਦੇਵੇਗਾ ਅਤੇ ਸਮਰਾਟ ਦੇ ਸਾਮ੍ਹਣੇ ਖੜ੍ਹਾ ਹੋਵੇਗਾ।—ਰਸੂ. 23:11; 27:24.
2, 3. ਪੌਲੁਸ ਦਾ ਜਹਾਜ਼ ਕਿੱਧਰੋਂ ਦੀ ਗਿਆ ਸੀ ਅਤੇ ਪੂਰੇ ਸਫ਼ਰ ਦੌਰਾਨ ਕਿਸ ਨੇ ਉਸ ਦਾ ਸਾਥ ਦਿੱਤਾ ਸੀ?
2 ਸੈਰਾਕੁਸ ਪਹੁੰਚ ਕੇ ਉਹ ਉੱਥੇ ਤਿੰਨ ਦਿਨ ਰੁਕਦੇ ਹਨ। ਇਹ ਸਿਸਲੀ ਟਾਪੂ ਦਾ ਇਕ ਖ਼ੂਬਸੂਰਤ ਸ਼ਹਿਰ ਹੈ ਜੋ ਐਥਿਨਜ਼ ਅਤੇ ਰੋਮ ਵਾਂਗ ਖ਼ਾਸ ਹੈ। ਉੱਥੋਂ ਜਹਾਜ਼ ਇਟਲੀ ਦੇ ਦੱਖਣ ਵੱਲ ਰੇਗਿਉਨ ਨੂੰ ਜਾਂਦਾ ਹੈ। ਫਿਰ ਦੱਖਣ ਤੋਂ ਆਉਂਦੀ ਹਵਾ ਨਾਲ ਜਹਾਜ਼ 320 ਕਿਲੋਮੀਟਰ (200 ਮੀਲ) ਦਾ ਲੰਬਾ ਸਫ਼ਰ ਤੈਅ ਕਰ ਕੇ ਦੂਜੇ ਹੀ ਦਿਨ ਇਟਲੀ ਦੀ ਪਤਿਉਲੇ (ਅੱਜ ਨੇਪਲਜ਼ ਦੇ ਨੇੜੇ) ਨਾਂ ਦੀ ਬੰਦਰਗਾਹ ʼਤੇ ਪਹੁੰਚਦਾ ਹੈ।—ਰਸੂ. 28:12, 13.
3 ਹੁਣ ਪੌਲੁਸ ਆਪਣੀ ਮੰਜ਼ਲ ਰੋਮ ਤੋਂ ਜ਼ਿਆਦਾ ਦੂਰ ਨਹੀਂ ਹੈ ਜਿੱਥੇ ਉਹ ਸਮਰਾਟ ਨੀਰੋ ਦੇ ਸਾਮ੍ਹਣੇ ਪੇਸ਼ ਹੋਵੇਗਾ। ਇਸ ਪੂਰੇ ਸਫ਼ਰ ਦੌਰਾਨ ‘ਦਿਲਾਸਾ ਦੇਣ ਵਾਲੇ ਪਰਮੇਸ਼ੁਰ’ ਨੇ ਉਸ ਦਾ ਸਾਥ ਦਿੱਤਾ। (2 ਕੁਰਿੰ. 1:3) ਯਹੋਵਾਹ ਅੱਗੇ ਵੀ ਉਸ ਦਾ ਸਾਥ ਨਹੀਂ ਛੱਡੇਗਾ ਅਤੇ ਇਕ ਮਿਸ਼ਨਰੀ ਦੇ ਤੌਰ ਤੇ ਪੌਲੁਸ ਜੋਸ਼ ਨਾਲ ਪ੍ਰਚਾਰ ਕਰਦਾ ਰਹੇਗਾ।
“ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ” (ਰਸੂ. 28:14, 15)
4, 5. (ੳ) ਪਤਿਉਲੇ ਦੇ ਮਸੀਹੀਆਂ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਕਿਵੇਂ ਪਿਆਰ ਦਿਖਾਇਆ ਅਤੇ ਪੌਲੁਸ ਨੂੰ ਇੰਨੀ ਆਜ਼ਾਦੀ ਕਿਉਂ ਦਿੱਤੀ ਗਈ ਸੀ? (ਅ) ਜੇਲ੍ਹ ਵਿਚ ਕੈਦ ਹੋਣ ਦੇ ਬਾਵਜੂਦ ਵੀ ਆਪਣੇ ਚੰਗੇ ਚਾਲ-ਚਲਣ ਤੋਂ ਮਸੀਹੀਆਂ ਨੂੰ ਕੀ ਫ਼ਾਇਦਾ ਹੋ ਸਕਦਾ ਹੈ?
4 ਪਤਿਉਲੇ ਵਿਚ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਮਸੀਹੀ ‘ਭਰਾ ਮਿਲੇ ਅਤੇ ਉਨ੍ਹਾਂ ਦੇ ਮਿੰਨਤਾਂ ਕਰਨ ਤੇ ਉਹ ਉਨ੍ਹਾਂ ਕੋਲ ਸੱਤ ਦਿਨ ਰਹੇ। ਫਿਰ ਉਹ ਰੋਮ ਵੱਲ ਨੂੰ ਤੁਰ ਪਏ।’ (ਰਸੂ. 28:14) ਇਨ੍ਹਾਂ ਭਰਾਵਾਂ ਨੇ ਪਰਾਹੁਣਚਾਰੀ ਦੀ ਕਿੰਨੀ ਹੀ ਵਧੀਆ ਮਿਸਾਲ ਕਾਇਮ ਕੀਤੀ! ਯਕੀਨਨ ਇਨ੍ਹਾਂ ਭਰਾਵਾਂ ਨੂੰ ਪੌਲੁਸ ਅਤੇ ਉਸ ਦੇ ਸਾਥੀਆਂ ਨਾਲ ਸੰਗਤ ਕਰ ਕੇ ਬਹੁਤ ਹੌਸਲਾ ਮਿਲਿਆ ਹੋਣਾ। ਕੈਦੀ ਹੋਣ ਦੇ ਬਾਵਜੂਦ ਵੀ ਪੌਲੁਸ ਨੂੰ ਇੰਨੀ ਜ਼ਿਆਦਾ ਆਜ਼ਾਦੀ ਕਿਉਂ ਦਿੱਤੀ ਗਈ? ਸ਼ਾਇਦ ਇਸ ਕਾਰਨ ਕਿ ਉਸ ਨੇ ਰੋਮੀ ਫ਼ੌਜੀਆਂ ਦਾ ਭਰੋਸਾ ਜਿੱਤ ਲਿਆ ਸੀ।
5 ਇਸੇ ਤਰ੍ਹਾਂ ਅੱਜ ਵੀ ਯਹੋਵਾਹ ਦੇ ਸੇਵਕਾਂ ਦੇ ਵਧੀਆ ਚਾਲ-ਚਲਣ ਨੂੰ ਦੇਖ ਕੇ ਉਨ੍ਹਾਂ ਨੂੰ ਜੇਲ੍ਹਾਂ ਅਤੇ ਤਸ਼ੱਦਦ ਕੈਂਪਾਂ ਵਿਚ ਆਜ਼ਾਦੀ ਤੇ ਖ਼ਾਸ ਰਿਆਇਤਾਂ ਦਿੱਤੀਆਂ ਗਈਆਂ ਹਨ। ਮਿਸਾਲ ਲਈ, ਰੋਮਾਨੀਆ ਵਿਚ ਇਕ ਆਦਮੀ ਡਕੈਤੀ ਕਰਨ ਦੇ ਇਲਜ਼ਾਮ ਵਿਚ 75 ਸਾਲ ਦੀ ਸਜ਼ਾ ਕੱਟ ਰਿਹਾ ਸੀ। ਫਿਰ ਉਸ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਆਪਣੇ ਚਾਲ-ਚਲਣ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ। ਇਹ ਦੇਖ ਕੇ ਜੇਲ੍ਹ ਦੇ ਅਧਿਕਾਰੀਆਂ ਨੇ ਉਸ ਨੂੰ ਇਕੱਲੇ ਬਾਜ਼ਾਰ ਜਾ ਕੇ ਜੇਲ੍ਹ ਵਾਸਤੇ ਚੀਜ਼ਾਂ ਲਿਆਉਣ ਦੀ ਖੁੱਲ੍ਹ ਦੇ ਦਿੱਤੀ। ਸਭ ਤੋਂ ਵਧੀਆ ਗੱਲ ਇਹ ਹੈ ਕਿ ਸਾਡੇ ਚੰਗੇ ਚਾਲ-ਚਲਣ ਕਰਕੇ ਯਹੋਵਾਹ ਦੀ ਮਹਿਮਾ ਹੁੰਦੀ ਹੈ।—1 ਪਤ. 2:12.
6, 7. ਰੋਮ ਦੇ ਭਰਾਵਾਂ ਨੇ ਆਪਣੇ ਸੱਚੇ ਪਿਆਰ ਦਾ ਸਬੂਤ ਕਿਵੇਂ ਦਿੱਤਾ ਸੀ?
6 ਪਤਿਉਲੇ ਤੋਂ ਪੌਲੁਸ ਅਤੇ ਉਸ ਦੇ ਸਾਥੀ ਸ਼ਾਇਦ ਰੋਮ ਨੂੰ ਜਾਂਦੀ ਐਪੀਅਸ ਸੜਕ ਉੱਤੇ 50 ਕਿਲੋਮੀਟਰ (ਲਗਭਗ 30 ਮੀਲ) ਤੁਰ ਕੇ ਕਾਪੂਆ ਗਏ ਹੋਣੇ। ਇਹ ਮਸ਼ਹੂਰ ਸੜਕ ਲਾਵਾ ਪੱਥਰਾਂ ਦੀ ਬਣੀ ਹੋਈ ਸੀ ਅਤੇ ਇਹ ਸੋਹਣੇ ਪੇਂਡੂ ਇਲਾਕਿਆਂ ਵਿੱਚੋਂ ਦੀ ਲੰਘਦੀ ਸੀ। ਕਿਤੇ-ਕਿਤੇ ਸੜਕ ਤੋਂ ਭੂਮੱਧ ਸਾਗਰ ਦਾ ਸੋਹਣਾ ਨਜ਼ਾਰਾ ਦਿਖਾਈ ਦਿੰਦਾ ਸੀ। ਇਹ ਸੜਕ ਪੋਨਟਾਇਨ ਮਾਰਸ਼ਸ ਨਾਂ ਦੇ ਦਲਦਲੀ ਇਲਾਕੇ ਵਿੱਚੋਂ ਦੀ ਵੀ ਲੰਘਦੀ ਸੀ ਜੋ ਰੋਮ ਤੋਂ 60 ਕਿਲੋਮੀਟਰ (ਲਗਭਗ 40 ਮੀਲ) ਪਹਿਲਾਂ ਸੀ ਅਤੇ ਇੱਥੇ ਐਪੀਅਸ ਬਾਜ਼ਾਰ ਸੀ। ਲੂਕਾ ਨੇ ਲਿਖਿਆ ਕਿ ਜਦੋਂ ਰੋਮ ਦੇ ਭਰਾਵਾਂ ਨੂੰ “ਸਾਡੇ ਆਉਣ ਦੀ ਖ਼ਬਰ ਮਿਲੀ,” ਤਾਂ ਕੁਝ ਐਪੀਅਸ ਬਾਜ਼ਾਰ ਤਕ ਉਨ੍ਹਾਂ ਨੂੰ ਮਿਲਣ ਆਏ। ਕੁਝ ਭਰਾ ਮੁਸਾਫ਼ਰਾਂ ਦੇ ਆਰਾਮ ਕਰਨ ਲਈ “ਤਿੰਨ ਸਰਾਵਾਂ” ਨਾਂ ਦੀ ਜਗ੍ਹਾ ਆਏ ਸਨ ਜਿਹੜੀ ਰੋਮ ਤੋਂ 50 ਕਿਲੋਮੀਟਰ (ਲਗਭਗ 30 ਮੀਲ) ਪਹਿਲਾਂ ਆਉਂਦੀ ਸੀ। ਵਾਕਈ ਉਨ੍ਹਾਂ ਭਰਾਵਾਂ ਨੇ ਸੱਚੇ ਦਿਲੋਂ ਪਿਆਰ ਦਿਖਾਇਆ!—ਰਸੂ. 28:15.
7 ਸਫ਼ਰ ਤੋਂ ਥੱਕੇ-ਹਾਰੇ ਮੁਸਾਫ਼ਰਾਂ ਨੂੰ ਐਪੀਅਸ ਬਾਜ਼ਾਰ ਆ ਕੇ ਜ਼ਿਆਦਾ ਆਰਾਮ ਨਹੀਂ ਮਿਲਦਾ ਸੀ। ਰੋਮੀ ਕਵੀ ਹੋਰਸ ਨੇ ਇਸ ਬਾਜ਼ਾਰ ਬਾਰੇ ਲਿਖਿਆ ਕਿ ਇੱਥੇ “ਸਮੁੰਦਰੀ ਜਹਾਜ਼ ਦੇ ਚਾਲਕਾਂ ਦੀ ਭੀੜ ਲੱਗੀ ਰਹਿੰਦੀ ਹੈ ਅਤੇ ਸਰਾਂ ਦੇ ਮਾਲਕ ਸਿੱਧੇ ਮੂੰਹ ਕਿਸੇ ਨਾਲ ਗੱਲ ਨਹੀਂ ਕਰਦੇ।” ਉਸ ਨੇ ਲਿਖਿਆ ਕਿ “ਇੱਥੇ ਪੀਣ ਵਾਲੇ ਪਾਣੀ ਵਿੱਚੋਂ ਬੋ ਆਉਂਦੀ ਸੀ।” ਉਸ ਨੇ ਤਾਂ ਉੱਥੇ ਰੋਟੀ ਖਾਣ ਤੋਂ ਵੀ ਮਨ੍ਹਾ ਕਰ ਦਿੱਤਾ। ਇਸ ਸਭ ਦੇ ਬਾਵਜੂਦ ਰੋਮ ਦੇ ਭਰਾਵਾਂ ਨੇ ਉੱਥੇ ਖ਼ੁਸ਼ੀ-ਖ਼ੁਸ਼ੀ ਪੌਲੁਸ ਤੇ ਉਸ ਦੇ ਸਾਥੀਆਂ ਦੇ ਆਉਣ ਦੀ ਉਡੀਕ ਕੀਤੀ ਤਾਂਕਿ ਉਹ ਉਨ੍ਹਾਂ ਨੂੰ ਰਾਜ਼ੀ-ਖ਼ੁਸ਼ੀ ਰੋਮ ਲੈ ਜਾਣ।
8. ਆਪਣੇ ਭਰਾਵਾਂ ਨੂੰ “ਦੇਖ ਕੇ” ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕਿਉਂ ਕੀਤਾ ਸੀ?
8 ਬਾਈਬਲ ਦੱਸਦੀ ਹੈ ਕਿ ਆਪਣੇ ਭਰਾਵਾਂ ਨੂੰ “ਦੇਖ ਕੇ ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।” (ਰਸੂ. 28:15) ਉਹ ਸ਼ਾਇਦ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਪਹਿਲਾਂ ਤੋਂ ਹੀ ਜਾਣਦਾ ਹੋਣਾ। ਆਪਣੇ ਭਰਾਵਾਂ ਨੂੰ ਦੇਖਦੇ ਸਾਰ ਹੀ ਪੌਲੁਸ ਦੇ ਹੌਸਲੇ ਬੁਲੰਦ ਹੋ ਗਏ ਤੇ ਉਸ ਨੂੰ ਦਿਲਾਸਾ ਮਿਲਿਆ। ਪੌਲੁਸ ਨੇ ਪਰਮੇਸ਼ੁਰ ਦਾ ਧੰਨਵਾਦ ਕਿਉਂ ਕੀਤਾ ਸੀ? ਉਹ ਜਾਣਦਾ ਸੀ ਕਿ ਪਵਿੱਤਰ ਸ਼ਕਤੀ ਦੀ ਸੇਧ ਵਿਚ ਚੱਲ ਕੇ ਹੀ ਆਪਣੇ ਵਿਚ ਪਿਆਰ ਦਾ ਗੁਣ ਪੈਦਾ ਕੀਤਾ ਜਾ ਸਕਦਾ ਹੈ। (ਗਲਾ. 5:22) ਅੱਜ ਵੀ ਪਵਿੱਤਰ ਸ਼ਕਤੀ ਮਸੀਹੀਆਂ ਨੂੰ ਪ੍ਰੇਰਣਾ ਦਿੰਦੀ ਹੈ ਕਿ ਉਹ ਆਪਣੇ ਭਲੇ ਦੀ ਬਜਾਇ ਦੂਸਰਿਆਂ ਬਾਰੇ ਸੋਚਣ ਅਤੇ ਨਿਰਾਸ਼ ਲੋਕਾਂ ਨੂੰ ਦਿਲਾਸਾ ਦੇਣ।—1 ਥੱਸ. 5:11, 14.
9. ਅਸੀਂ ਰੋਮ ਦੇ ਭਰਾਵਾਂ ਦੀ ਕਿਵੇਂ ਰੀਸ ਕਰ ਸਕਦੇ ਹਾਂ?
9 ਉਦਾਹਰਣ ਲਈ, ਪਵਿੱਤਰ ਸ਼ਕਤੀ ਦਰਿਆ-ਦਿਲ ਭੈਣਾਂ-ਭਰਾਵਾਂ ਨੂੰ ਪ੍ਰੇਰਦੀ ਹੈ ਕਿ ਉਹ ਸਰਕਟ ਓਵਰਸੀਅਰਾਂ, ਮਿਸ਼ਨਰੀਆਂ ਅਤੇ ਪੂਰਾ ਸਮਾਂ ਸੇਵਾ ਕਰਨ ਵਾਲੇ ਹੋਰ ਮਸੀਹੀਆਂ ਦੀ ਪਰਾਹੁਣਚਾਰੀ ਕਰਨ ਜਿਨ੍ਹਾਂ ਵਿੱਚੋਂ ਕਈਆਂ ਨੇ ਯਹੋਵਾਹ ਦੀ ਜ਼ਿਆਦਾ ਸੇਵਾ ਕਰਨ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਸਰਕਟ ਓਵਰਸੀਅਰ ਦੇ ਦੌਰੇ ਦੌਰਾਨ ਵਧ-ਚੜ੍ਹ ਕੇ ਹਿੱਸਾ ਲੈ ਸਕਦਾ ਹਾਂ, ਸ਼ਾਇਦ ਉਸ ਦੀ ਪਰਾਹੁਣਚਾਰੀ ਕਰ ਕੇ ਜਾਂ ਉਸ ਨੂੰ ਆਪਣੇ ਘਰ ਰੱਖ ਕੇ? ਕੀ ਮੈਂ ਉਸ ਨਾਲ ਪ੍ਰਚਾਰ ਕਰ ਸਕਦਾ ਹਾਂ?’ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ। ਮਿਸਾਲ ਲਈ, ਜ਼ਰਾ ਸੋਚੋ ਕਿ ਰੋਮ ਦੇ ਭਰਾਵਾਂ ਨੂੰ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਬਹੁਤ ਸਾਰੇ ਤਜਰਬੇ ਸੁਣ ਕੇ ਕਿੰਨੀ ਖ਼ੁਸ਼ੀ ਮਿਲੀ ਹੋਣੀ ਅਤੇ ਉਨ੍ਹਾਂ ਦੀ ਨਿਹਚਾ ਮਜ਼ਬੂਤ ਹੋਈ ਹੋਣੀ!—ਰਸੂ. 15:3, 4.
“ਇਸ ਪੰਥ ਦੀ ਹਰ ਜਗ੍ਹਾ ਨਿੰਦਿਆ ਕੀਤੀ ਜਾਂਦੀ ਹੈ” (ਰਸੂ. 28:16-22)
10. ਰੋਮ ਵਿਚ ਪੌਲੁਸ ਦੇ ਹਾਲਾਤ ਕਿਹੋ ਜਿਹੇ ਸਨ ਅਤੇ ਉੱਥੇ ਪਹੁੰਚਣ ਤੋਂ ਜਲਦੀ ਬਾਅਦ ਉਸ ਨੇ ਕੀ ਕੀਤਾ ਸੀ?
10 ਜਦੋਂ ਸਾਰੇ ਜਣੇ ਰੋਮ ਪਹੁੰਚ ਗਏ, ਤਾਂ “ਪੌਲੁਸ ਨੂੰ ਇਕ ਫ਼ੌਜੀ ਦੀ ਨਿਗਰਾਨੀ ਅਧੀਨ ਇਕੱਲੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ।” (ਰਸੂ. 28:16) ਆਮ ਤੌਰ ਤੇ ਕੈਦੀ ਨੂੰ ਪਹਿਰੇਦਾਰ ਨਾਲ ਬੇੜੀਆਂ ਨਾਲ ਬੰਨ੍ਹਿਆ ਜਾਂਦਾ ਸੀ ਤਾਂਕਿ ਉਹ ਭੱਜ ਨਾ ਸਕੇ। ਪਰ ਪੌਲੁਸ ਰਾਜ ਦਾ ਪ੍ਰਚਾਰਕ ਹੋਣ ਦੇ ਨਾਤੇ ਬੱਝਾ ਹੋਣ ਦੇ ਬਾਵਜੂਦ ਚੁੱਪ ਰਹਿਣ ਵਾਲਾ ਨਹੀਂ ਸੀ। ਇਸ ਲਈ ਸਫ਼ਰ ਦੀ ਥਕਾਨ ਲਾਹੁਣ ਲਈ ਸਿਰਫ਼ ਤਿੰਨ ਦਿਨ ਆਰਾਮ ਕਰਨ ਤੋਂ ਬਾਅਦ ਉਸ ਨੇ ਰੋਮ ਵਿਚ ਮੰਨੇ-ਪ੍ਰਮੰਨੇ ਯਹੂਦੀਆਂ ਨੂੰ ਆਪਣੇ ਘਰ ਸੱਦਿਆ ਤਾਂਕਿ ਉਹ ਉਨ੍ਹਾਂ ਨਾਲ ਜਾਣ-ਪਛਾਣ ਕਰ ਸਕੇ ਅਤੇ ਉਨ੍ਹਾਂ ਨੂੰ ਗਵਾਹੀ ਦੇ ਸਕੇ।
11, 12. ਰੋਮ ਦੇ ਯਹੂਦੀਆਂ ਨਾਲ ਗੱਲ ਕਰਦੇ ਹੋਏ ਪੌਲੁਸ ਨੇ ਕਿਵੇਂ ਆਪਣੇ ਬਾਰੇ ਗ਼ਲਤਫ਼ਹਿਮੀ ਦੂਰ ਕਰਨ ਦੀ ਕੋਸ਼ਿਸ਼ ਕੀਤੀ?
11 ਪੌਲੁਸ ਨੇ ਇਸ ਤਰ੍ਹਾਂ ਆਪਣੀ ਗੱਲ ਸ਼ੁਰੂ ਕੀਤੀ: “ਭਰਾਵੋ, ਭਾਵੇਂ ਮੈਂ ਆਪਣੇ ਲੋਕਾਂ ਦੇ ਖ਼ਿਲਾਫ਼ ਜਾਂ ਆਪਣੇ ਪਿਉ-ਦਾਦਿਆਂ ਦੇ ਰੀਤੀ-ਰਿਵਾਜਾਂ ਦੇ ਉਲਟ ਕੁਝ ਵੀ ਨਹੀਂ ਕੀਤਾ ਹੈ, ਫਿਰ ਵੀ ਮੈਨੂੰ ਯਰੂਸ਼ਲਮ ਵਿਚ ਕੈਦ ਕਰ ਕੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਗਿਆ। ਪੁੱਛ-ਪੜਤਾਲ ਕਰਨ ਤੋਂ ਬਾਅਦ ਰੋਮੀ ਮੈਨੂੰ ਰਿਹਾ ਕਰਨਾ ਚਾਹੁੰਦੇ ਸਨ ਕਿਉਂਕਿ ਮੈਂ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ ਸੀ। ਪਰ ਯਹੂਦੀਆਂ ਨੇ ਇਤਰਾਜ਼ ਕੀਤਾ, ਇਸ ਲਈ ਮੈਨੂੰ ਮਜਬੂਰ ਹੋ ਕੇ ਸਮਰਾਟ ਨੂੰ ਫ਼ਰਿਆਦ ਕਰਨੀ ਪਈ, ਪਰ ਇਸ ਕਰਕੇ ਨਹੀਂ ਕਿ ਮੈਂ ਆਪਣੀ ਕੌਮ ਉੱਤੇ ਕੋਈ ਦੋਸ਼ ਲਾਉਣਾ ਸੀ।”—ਰਸੂ. 28:17-19.
12 ਉਨ੍ਹਾਂ ਯਹੂਦੀਆਂ ਨਾਲ ਗੱਲ ਕਰਦੇ ਹੋਏ ਉਸ ਨੇ ਉਨ੍ਹਾਂ ਨੂੰ ‘ਭਰਾ’ ਕਿਹਾ ਤਾਂਕਿ ਉੱਥੇ ਦਾ ਮਾਹੌਲ ਸੁਖਾਵਾਂ ਬਣ ਜਾਵੇ ਅਤੇ ਉਨ੍ਹਾਂ ਦੇ ਮਨਾਂ ਵਿਚ ਉਸ ਬਾਰੇ ਕਿਸੇ ਵੀ ਤਰ੍ਹਾਂ ਦੀ ਗ਼ਲਤਫ਼ਹਿਮੀ ਨਾ ਰਹੇ। (1 ਕੁਰਿੰ. 9:20) ਉਸ ਨੇ ਇਹ ਗੱਲ ਵੀ ਸਾਫ਼ ਕਰ ਦਿੱਤੀ ਕਿ ਉਹ ਰੋਮ ਵਿਚ ਯਹੂਦੀ ਲੋਕਾਂ ਉੱਤੇ ਦੋਸ਼ ਲਾਉਣ ਨਹੀਂ, ਸਗੋਂ ਸਮਰਾਟ ਨੂੰ ਫ਼ਰਿਆਦ ਕਰਨ ਆਇਆ ਸੀ। ਪਰ ਪੌਲੁਸ ਦੀ ਫ਼ਰਿਆਦ ਬਾਰੇ ਉੱਥੇ ਦੇ ਯਹੂਦੀਆਂ ਨੇ ਪਹਿਲਾਂ ਨਹੀਂ ਸੁਣਿਆ ਸੀ। (ਰਸੂ. 28:21) ਉਨ੍ਹਾਂ ਨੂੰ ਯਹੂਦਿਯਾ ਵਿਚ ਰਹਿੰਦੇ ਯਹੂਦੀਆਂ ਤੋਂ ਇਸ ਦੀ ਖ਼ਬਰ ਕਿਉਂ ਨਹੀਂ ਮਿਲੀ ਹੋਣੀ? ਇਕ ਕਿਤਾਬ ਵਿਚ ਕਿਹਾ ਗਿਆ ਹੈ: “ਸਰਦੀਆਂ ਤੋਂ ਬਾਅਦ ਇਟਲੀ ਪਹੁੰਚਣ ਵਾਲਾ ਪਹਿਲਾ ਜਹਾਜ਼ ਸ਼ਾਇਦ ਪੌਲੁਸ ਦਾ ਸੀ ਅਤੇ ਯਰੂਸ਼ਲਮ ਤੋਂ ਯਹੂਦੀ ਆਗੂਆਂ ਦੇ ਬੰਦੇ ਅਜੇ ਪਹੁੰਚੇ ਨਹੀਂ ਹੋਣੇ ਜਾਂ ਪੌਲੁਸ ਬਾਰੇ ਕੋਈ ਚਿੱਠੀ ਉੱਥੇ ਪਹੁੰਚੀ ਨਹੀਂ ਹੋਣੀ।”
13, 14. ਪੌਲੁਸ ਨੇ ਰਾਜ ਦੇ ਸੰਦੇਸ਼ ਬਾਰੇ ਗੱਲ ਕਰਨੀ ਕਿਵੇਂ ਸ਼ੁਰੂ ਕੀਤੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
13 ਫਿਰ ਰਾਜ ਦੇ ਸੰਦੇਸ਼ ਬਾਰੇ ਪੌਲੁਸ ਦੇ ਸ਼ੁਰੂਆਤੀ ਸ਼ਬਦਾਂ ਕਰਕੇ ਉੱਥੇ ਹਾਜ਼ਰ ਯਹੂਦੀ ਬਜ਼ੁਰਗਾਂ ਵਿਚ ਦਿਲਚਸਪੀ ਪੈਦਾ ਹੋ ਜਾਂਦੀ ਹੈ। ਉਸ ਨੇ ਕਿਹਾ: “ਮੈਂ ਤੁਹਾਨੂੰ ਸੱਦ ਕੇ ਇਸ ਬਾਰੇ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਜਿਸ ਉੱਤੇ ਇਜ਼ਰਾਈਲ ਨੇ ਉਮੀਦ ਰੱਖੀ ਹੈ, ਮੈਂ ਉਸੇ ਦੀ ਖ਼ਾਤਰ ਬੇੜੀਆਂ ਨਾਲ ਬੱਝਾ ਹੋਇਆ ਹਾਂ।” (ਰਸੂ. 28:20) ਇਸ ਉਮੀਦ ਦਾ ਸੰਬੰਧ ਮਸੀਹ ਅਤੇ ਉਸ ਦੇ ਰਾਜ ਨਾਲ ਹੈ ਜਿਸ ਦਾ ਮਸੀਹੀ ਪ੍ਰਚਾਰ ਕਰ ਰਹੇ ਸਨ। ਯਹੂਦੀ ਬਜ਼ੁਰਗਾਂ ਨੇ ਜਵਾਬ ਦਿੱਤਾ: “ਅਸੀਂ ਇਹ ਠੀਕ ਸਮਝਦੇ ਹਾਂ ਕਿ ਤੇਰੇ ਮੂੰਹੋਂ ਤੇਰੇ ਵਿਚਾਰ ਸੁਣੇ ਜਾਣ ਕਿਉਂਕਿ ਅਸੀਂ ਸੁਣਿਆ ਹੈ ਕਿ ਇਸ ਪੰਥ ਦੀ ਹਰ ਜਗ੍ਹਾ ਨਿੰਦਿਆ ਕੀਤੀ ਜਾਂਦੀ ਹੈ।”—ਰਸੂ. 28:22.
14 ਜਦੋਂ ਸਾਡੇ ਕੋਲ ਖ਼ੁਸ਼ ਖ਼ਬਰੀ ਸਾਂਝੀ ਕਰਨ ਦਾ ਮੌਕਾ ਹੁੰਦਾ ਹੈ, ਤਾਂ ਅਸੀਂ ਪੌਲੁਸ ਦੀ ਰੀਸ ਕਰਦਿਆਂ ਅਜਿਹੀ ਗੱਲ ਕਹਿ ਸਕਦੇ ਹਾਂ ਜਾਂ ਸਵਾਲ ਪੁੱਛ ਸਕਦੇ ਹਾਂ ਜਿਨ੍ਹਾਂ ਕਰਕੇ ਸਾਡੇ ਸੁਣਨ ਵਾਲਿਆਂ ਵਿਚ ਦਿਲਚਸਪੀ ਪੈਦਾ ਹੋ ਜਾਵੇ। ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਅਤੇ ਲਗਨ ਨਾਲ ਪੜ੍ਹੋ ਅਤੇ ਸਿਖਾਓ ਵਿਚ ਇਸ ਬਾਰੇ ਵਧੀਆ-ਵਧੀਆ ਸੁਝਾਅ ਦਿੱਤੇ ਜਾਂਦੇ ਹਨ। ਕੀ ਤੁਸੀਂ ਇਨ੍ਹਾਂ ਦਾ ਫ਼ਾਇਦਾ ਲੈਂਦੇ ਹੋ?
ਰਸੂ. 28:23-29)
‘ਚੰਗੀ ਤਰ੍ਹਾਂ ਗਵਾਹੀ ਦੇਣੀ’—ਸਾਡੇ ਲਈ ਇਕ ਮਿਸਾਲ (15. ਪੌਲੁਸ ਦੀ ਗਵਾਹੀ ਤੋਂ ਕਿਹੜੀਆਂ ਮੁੱਖ ਚਾਰ ਗੱਲਾਂ ਪਤਾ ਲੱਗਦੀਆਂ ਹਨ?
15 ਮਿਥੇ ਦਿਨ ਤੇ “ਹੋਰ ਵੀ ਜ਼ਿਆਦਾ” ਯਹੂਦੀ ਪੌਲੁਸ ਦੇ ਘਰ ਆਏ। ਉਸ ਨੇ ‘ਸਵੇਰ ਤੋਂ ਲੈ ਕੇ ਸ਼ਾਮ ਤਕ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦੇ’ ਕੇ ਸਾਰੀ ਗੱਲ ਸਮਝਾਈ ਅਤੇ “ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿੱਚੋਂ ਦਲੀਲਾਂ ਦੇ ਕੇ ਉਸ ਨੇ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਤਾਂਕਿ ਉਹ ਯਿਸੂ ਉੱਤੇ ਨਿਹਚਾ ਕਰਨ।” (ਰਸੂ. 28:23) ਸਾਨੂੰ ਪੌਲੁਸ ਦੀ ਗਵਾਹੀ ਤੋਂ ਮੁੱਖ ਤੌਰ ਤੇ ਚਾਰ ਗੱਲਾਂ ਪਤਾ ਲੱਗਦੀਆਂ ਹਨ। ਪਹਿਲੀ, ਉਸ ਨੇ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕੀਤੀ। ਦੂਸਰੀ, ਉਸ ਨੇ ਉਨ੍ਹਾਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਕੀਤੀ। ਤੀਸਰੀ, ਉਸ ਨੇ ਧਰਮ-ਗ੍ਰੰਥ ਵਿੱਚੋਂ ਦਲੀਲਾਂ ਦਿੱਤੀਆਂ। ਚੌਥੀ, ਉਸ ਨੇ ਆਪਣੀ ਪਰਵਾਹ ਨਹੀਂ ਕੀਤੀ, ਸਗੋਂ “ਸਵੇਰ ਤੋਂ ਲੈ ਕੇ ਸ਼ਾਮ ਤਕ” ਗਵਾਹੀ ਦਿੱਤੀ। ਵਾਕਈ, ਕਿੰਨੀ ਵਧੀਆ ਮਿਸਾਲ! ਇਸ ਦਾ ਨਤੀਜਾ ਕੀ ਨਿਕਲਿਆ? “ਕੁਝ ਲੋਕ ਉਸ ਦੀਆਂ ਗੱਲਾਂ ਉੱਤੇ ਵਿਸ਼ਵਾਸ ਕਰਨ ਲੱਗ ਪਏ,” ਪਰ ਕਈਆਂ ਨੇ ਵਿਸ਼ਵਾਸ ਨਹੀਂ ਕੀਤਾ। ਉੱਥੇ ਬਹਿਸ ਛਿੜ ਗਈ ਅਤੇ ਲੋਕ ਉੱਥੋਂ ‘ਉੱਠ ਕੇ ਤੁਰਨ ਲੱਗ’ ਪਏ।—ਰਸੂ. 28:24, 25ੳ.
16-18. ਰੋਮ ਦੇ ਯਹੂਦੀਆਂ ਦੇ ਰਵੱਈਏ ਨੂੰ ਦੇਖ ਕੇ ਪੌਲੁਸ ਨੂੰ ਹੈਰਾਨੀ ਕਿਉਂ ਨਹੀਂ ਹੋਈ? ਜਦੋਂ ਲੋਕ ਸਾਡਾ ਸੰਦੇਸ਼ ਸੁਣਨ ਤੋਂ ਇਨਕਾਰ ਕਰਦੇ ਹਨ, ਤਾਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ?
16 ਯਹੂਦੀਆਂ ਦਾ ਰਵੱਈਆ ਦੇਖ ਕੇ ਪੌਲੁਸ ਨੂੰ ਹੈਰਾਨੀ ਨਹੀਂ ਹੋਈ ਕਿਉਂਕਿ ਬਾਈਬਲ ਵਿਚ ਇਸ ਗੱਲ ਦੀ ਭਵਿੱਖਬਾਣੀ ਕੀਤੀ ਗਈ ਸੀ। ਨਾਲੇ ਪਹਿਲਾਂ ਵੀ ਕਈ ਵਾਰ ਲੋਕਾਂ ਨੇ ਪੌਲੁਸ ਦਾ ਸੰਦੇਸ਼ ਸੁਣਨ ਤੋਂ ਇਨਕਾਰ ਕੀਤਾ ਸੀ। (ਰਸੂ. 13:42-47; 18:5, 6; 19:8, 9) ਇਸ ਲਈ ਜਿਹੜੇ ਉਸ ਦੀ ਗੱਲ ਨਾਲ ਸਹਿਮਤ ਨਹੀਂ ਸਨ, ਉਸ ਨੇ ਉਨ੍ਹਾਂ ਨੂੰ ਕਿਹਾ: “ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪਿਉ-ਦਾਦਿਆਂ ਨੂੰ ਕਹੀ ਪਵਿੱਤਰ ਸ਼ਕਤੀ ਦੀ ਇਹ ਗੱਲ ਬਿਲਕੁਲ ਸਹੀ ਹੈ, ‘ਜਾ ਕੇ ਇਸ ਪਰਜਾ ਨੂੰ ਕਹਿ: “ਤੁਸੀਂ ਸੁਣੋਗੇ, ਪਰ ਇਸ ਦਾ ਮਤਲਬ ਨਹੀਂ ਸਮਝੋਗੇ; ਤੁਸੀਂ ਦੇਖੋਗੇ, ਪਰ ਤੁਹਾਡੇ ਪੱਲੇ ਕੁਝ ਵੀ ਨਹੀਂ ਪਵੇਗਾ। ਕਿਉਂਕਿ ਇਨ੍ਹਾਂ ਲੋਕਾਂ ਦੇ ਮਨ ਸੁੰਨ ਹੋ ਗਏ ਹਨ।”’” (ਰਸੂ. 28:25ਅ-27) ਇੱਥੇ “ਮਨ ਸੁੰਨ ਹੋ ਗਏ” ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ, ਉਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਦਿਲ “ਸਖ਼ਤ” ਜਾਂ “ਮੋਟੇ” ਹੋ ਗਏ ਸਨ ਜਿਸ ਕਰਕੇ ਉਨ੍ਹਾਂ ਉੱਤੇ ਰਾਜ ਦੇ ਸੰਦੇਸ਼ ਦਾ ਕੋਈ ਅਸਰ ਨਹੀਂ ਪੈ ਰਿਹਾ ਸੀ। (ਰਸੂ. 28:27) ਕਿੰਨੀ ਮਾੜੀ ਗੱਲ!
17 ਅਖ਼ੀਰ ਵਿਚ ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਗ਼ੈਰ-ਯਹੂਦੀ ਕੌਮਾਂ . . . ਜ਼ਰੂਰ ਇਹ ਸੰਦੇਸ਼ ਸੁਣਨਗੀਆਂ।” (ਰਸੂ. 28:28; ਜ਼ਬੂ. 67:2; ਯਸਾ. 11:10) ਪੌਲੁਸ ਪੂਰੇ ਯਕੀਨ ਨਾਲ ਇਹ ਗੱਲ ਕਹਿ ਸਕਦਾ ਸੀ ਕਿਉਂਕਿ ਉਸ ਨੇ ਆਪਣੀ ਅੱਖੀਂ ਦੇਖਿਆ ਸੀ ਕਿ ਗ਼ੈਰ-ਯਹੂਦੀ ਕੌਮਾਂ ਦੇ ਬਹੁਤ ਸਾਰੇ ਲੋਕਾਂ ਨੇ ਰਾਜ ਦੇ ਸੰਦੇਸ਼ ਨੂੰ ਕਬੂਲ ਕੀਤਾ ਸੀ।—ਰਸੂ. 13:48; 14:27.
18 ਆਓ ਆਪਾਂ ਵੀ ਪੌਲੁਸ ਵਾਂਗ ਉਦੋਂ ਬੁਰਾ ਨਾ ਮਨਾਈਏ ਜਦੋਂ ਲੋਕ ਖ਼ੁਸ਼ ਖ਼ਬਰੀ ਨਹੀਂ ਸੁਣਨੀ ਚਾਹੁੰਦੇ। ਸਾਨੂੰ ਪਤਾ ਹੈ ਕਿ ਬਹੁਤ ਥੋੜ੍ਹੇ ਲੋਕ ਜ਼ਿੰਦਗੀ ਦੇ ਰਾਹ ਨੂੰ ਲੱਭਣਗੇ। (ਮੱਤੀ 7:13, 14) ਪਰ ਜਦੋਂ ਸਹੀ ਰਵੱਈਆ ਰੱਖਣ ਵਾਲੇ ਲੋਕ ਸੱਚੀ ਭਗਤੀ ਦਾ ਪੱਖ ਲੈਂਦੇ ਹਨ, ਤਾਂ ਆਓ ਆਪਾਂ ਦਿਲੋਂ ਖ਼ੁਸ਼ੀ ਮਨਾਈਏ ਅਤੇ ਖੁੱਲ੍ਹੀਆਂ ਬਾਹਾਂ ਨਾਲ ਉਨ੍ਹਾਂ ਦਾ ਸੁਆਗਤ ਕਰੀਏ।—ਲੂਕਾ 15:7.
‘ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ’ (ਰਸੂ. 28:30, 31)
19. ਪੌਲੁਸ ਨੇ ਆਪਣੇ ਹਾਲਾਤਾਂ ਦਾ ਵੱਧ ਤੋਂ ਵੱਧ ਫ਼ਾਇਦਾ ਕਿਵੇਂ ਲਿਆ ਸੀ?
19 ਲੂਕਾ ਆਪਣੀ ਕਿਤਾਬ ਇਕ ਬਹੁਤ ਹੀ ਵਧੀਆ ਗੱਲ ਨਾਲ ਖ਼ਤਮ ਕਰਦਾ ਹੈ। ਉਹ ਲਿਖਦਾ ਹੈ: “[ਪੌਲੁਸ] ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿਚ ਰਿਹਾ ਅਤੇ ਜਿਹੜੇ ਵੀ ਉਸ ਨੂੰ ਮਿਲਣ ਆਉਂਦੇ ਸਨ, ਉਹ ਉਨ੍ਹਾਂ ਸਾਰਿਆਂ ਦਾ ਪਿਆਰ ਨਾਲ ਸੁਆਗਤ ਕਰਦਾ ਸੀ। ਉਹ ਬੇਝਿਜਕ ਹੋ ਕੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਪ੍ਰਭੂ ਯਿਸੂ ਮਸੀਹ ਬਾਰੇ ਸਿਖਾਉਂਦਾ ਸੀ।” (ਰਸੂ. 28:30, 31) ਪੌਲੁਸ ਨੇ ਮਹਿਮਾਨਨਿਵਾਜ਼ੀ, ਨਿਹਚਾ ਅਤੇ ਜੋਸ਼ ਦੀ ਕਿੰਨੀ ਵਧੀਆ ਮਿਸਾਲ ਰੱਖੀ!
20, 21. ਕੁਝ ਵਿਅਕਤੀਆਂ ਬਾਰੇ ਦੱਸੋ ਜਿਨ੍ਹਾਂ ਨੂੰ ਰੋਮ ਵਿਚ ਪੌਲੁਸ ਦੀ ਸੇਵਕਾਈ ਤੋਂ ਫ਼ਾਇਦਾ ਹੋਇਆ ਸੀ।
20 ਪੌਲੁਸ ਨੇ ਜਿਨ੍ਹਾਂ ਲੋਕਾਂ ਦਾ ਆਪਣੇ ਘਰ ਵਿਚ ਸੁਆਗਤ ਕੀਤਾ ਸੀ, ਉਨ੍ਹਾਂ ਵਿਚ ਉਨੇਸਿਮੁਸ ਨਾਂ ਦਾ ਗ਼ੁਲਾਮ ਵੀ ਸੀ ਜੋ ਕੁਲੁੱਸੈ ਤੋਂ ਭੱਜਿਆ ਸੀ। ਪੌਲੁਸ ਨੇ ਉਸ ਦੀ ਮਸੀਹੀ ਬਣਨ ਵਿਚ ਮਦਦ ਕੀਤੀ ਅਤੇ ਉਹ ਪੌਲੁਸ ਦਾ ‘ਵਫ਼ਾਦਾਰ ਅਤੇ ਪਿਆਰਾ ਭਰਾ’ ਬਣ ਗਿਆ। ਪੌਲੁਸ ਨੇ ਉਸ ਨੂੰ ‘ਆਪਣਾ ਬੱਚਾ’ ਕਿਹਾ ‘ਜਿਸ ਲਈ ਉਹ ਪਿਤਾ ਸਮਾਨ ਬਣਿਆ।’ (ਕੁਲੁ. 4:9; ਫਿਲੇ. 10-12) ਉਨੇਸਿਮੁਸ ਕਰਕੇ ਪੌਲੁਸ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ! a
21 ਪੌਲੁਸ ਦੀ ਮਿਸਾਲ ਤੋਂ ਦੂਸਰਿਆਂ ਨੂੰ ਵੀ ਫ਼ਾਇਦਾ ਹੋਇਆ। ਉਸ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਲਿਖਿਆ: “ਮੇਰੇ ਨਾਲ ਜੋ ਵੀ ਹੋਇਆ ਹੈ, ਉਸ ਕਰਕੇ ਖ਼ੁਸ਼ ਖ਼ਬਰੀ ਦਾ ਹੋਰ ਵੀ ਜ਼ਿਆਦਾ ਪ੍ਰਚਾਰ ਹੋਇਆ ਹੈ ਅਤੇ ਰੋਮੀ ਸਮਰਾਟ ਦੇ ਸਾਰੇ ਅੰਗ-ਰੱਖਿਅਕਾਂ ਨੂੰ ਅਤੇ ਹੋਰ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਮੈਂ ਮਸੀਹ ਦੀ ਖ਼ਾਤਰ ਕੈਦ ਵਿਚ ਹਾਂ। ਮੇਰੇ ਕੈਦ ਵਿਚ ਹੋਣ ਕਰਕੇ ਪ੍ਰਭੂ ਦੀ ਸੇਵਾ ਕਰ ਰਹੇ ਜ਼ਿਆਦਾਤਰ ਭਰਾਵਾਂ ਨੂੰ ਹਿੰਮਤ ਮਿਲੀ ਹੈ ਤੇ ਉਹ ਨਿਡਰ ਹੋ ਕੇ ਹੋਰ ਵੀ ਜ਼ਿਆਦਾ ਹੌਸਲੇ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਰਹੇ ਹਨ।”—ਫ਼ਿਲਿ. 1:12-14.
22. ਪੌਲੁਸ ਨੇ ਘਰ ਵਿਚ ਕੈਦ ਹੁੰਦਿਆਂ ਆਪਣੇ ਸਮੇਂ ਦਾ ਕਿਵੇਂ ਫ਼ਾਇਦਾ ਉਠਾਇਆ?
22 ਪੌਲੁਸ ਰੋਮ ਵਿਚ ਹੁੰਦਿਆਂ ਘਰ ਦੀ ਚਾਰ-ਦੀਵਾਰੀ ਵਿਚ ਕੈਦ ਸੀ। ਪਰ ਹਾਲਾਤਾਂ ਦਾ ਫ਼ਾਇਦਾ ਲੈਂਦੇ ਹੋਏ ਉਸ ਨੇ ਕਈ ਅਹਿਮ ਚਿੱਠੀਆਂ ਲਿਖੀਆਂ ਜੋ ਅੱਜ ਬਾਈਬਲ ਦੀਆਂ ਯੂਨਾਨੀ ਲਿਖਤਾਂ ਦਾ ਹਿੱਸਾ ਹਨ। b ਇਨ੍ਹਾਂ ਚਿੱਠੀਆਂ ਤੋਂ ਪਹਿਲੀ ਸਦੀ ਦੇ ਉਨ੍ਹਾਂ ਮਸੀਹੀਆਂ ਨੂੰ ਫ਼ਾਇਦਾ ਹੋਇਆ ਜਿਨ੍ਹਾਂ ਨੂੰ ਇਹ ਲਿਖੀਆਂ ਗਈਆਂ ਸਨ। ਸਾਨੂੰ ਵੀ ਪੌਲੁਸ ਦੀਆਂ ਚਿੱਠੀਆਂ ਤੋਂ ਫ਼ਾਇਦਾ ਹੁੰਦਾ ਹੈ ਕਿਉਂਕਿ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਇਨ੍ਹਾਂ ਵਿਚ ਉਸ ਨੇ ਜੋ ਸਲਾਹ ਲਿਖੀ ਸੀ, ਉਹ ਅੱਜ ਵੀ ਉੱਨੀ ਹੀ ਫ਼ਾਇਦੇਮੰਦ ਹੈ ਜਿੰਨੀ ਉਸ ਵੇਲੇ ਸੀ।—2 ਤਿਮੋ. 3:16, 17.
23, 24. ਪੌਲੁਸ ਵਾਂਗ ਅੱਜ ਵੀ ਬਹੁਤ ਸਾਰੇ ਮਸੀਹੀਆਂ ਨੇ ਕੈਦ ਵਿਚ ਹੁੰਦਿਆਂ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖੀ ਹੈ?
23 ਰਸੂਲਾਂ ਦੇ ਕੰਮ ਦੀ ਕਿਤਾਬ ਅਨੁਸਾਰ ਪੌਲੁਸ ਨੇ ਚਾਰ ਸਾਲ ਕੈਦ ਕੱਟੀ, ਦੋ ਸਾਲ ਕੈਸਰੀਆ ਵਿਚ ਅਤੇ ਦੋ ਸਾਲ ਰੋਮ ਵਿਚ, ਪਰ ਇਸ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਉਹ ਕਦੋਂ ਰਿਹਾ ਹੋਇਆ ਸੀ। c (ਰਸੂ. 23:35; 24:27) ਪਰ ਉਸ ਨੇ ਪਰਮੇਸ਼ੁਰ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਬਰਕਰਾਰ ਰੱਖੀ ਅਤੇ ਪੂਰੀ ਵਾਹ ਲਾ ਕੇ ਪ੍ਰਚਾਰ ਕਰਦਾ ਰਿਹਾ। ਇਸੇ ਤਰ੍ਹਾਂ ਅੱਜ ਭਾਵੇਂ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਨੂੰ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਕਰਕੇ ਨਾਜਾਇਜ਼ ਹੀ ਜੇਲ੍ਹਾਂ ਵਿਚ ਸੁੱਟਿਆ ਗਿਆ ਹੈ, ਫਿਰ ਵੀ ਉਹ ਆਪਣੀ ਖ਼ੁਸ਼ੀ ਬਰਕਰਾਰ ਰੱਖਦੇ ਹਨ ਅਤੇ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿੰਦੇ ਹਨ। ਅਡੋਲਫੋ ਦੀ ਮਿਸਾਲ ʼਤੇ ਗੌਰ ਕਰੋ ਜਿਸ ਨੂੰ ਸਪੇਨ ਵਿਚ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿਣ ਕਰਕੇ ਜੇਲ੍ਹ ਹੋਈ ਸੀ। ਇਕ ਸਿਪਾਹੀ ਨੇ ਕਿਹਾ: “ਸਾਨੂੰ ਤੇਰੇ ਵੱਲ ਦੇਖ ਕੇ ਹੈਰਾਨੀ ਹੁੰਦੀ ਹੈ। ਅਸੀਂ ਤੇਰਾ ਜੀਉਣਾ ਹਰਾਮ ਕਰ ਰਹੇ ਹਾਂ। ਅਸੀਂ ਤੈਨੂੰ ਜਿੰਨਾ ਜ਼ਿਆਦਾ ਦੁਖੀ ਕਰਦੇ ਹਾਂ, ਤੂੰ ਉੱਨਾ ਜ਼ਿਆਦਾ ਮੁਸਕਰਾਉਂਦਾ ਹੈਂ ਅਤੇ ਪਿਆਰ ਨਾਲ ਗੱਲ ਕਰਦਾ ਹੈਂ।”
24 ਸਮੇਂ ਦੇ ਬੀਤਣ ਨਾਲ ਸਿਪਾਹੀਆਂ ਨੂੰ ਅਡੋਲਫੋ ਉੱਤੇ ਇੰਨਾ ਜ਼ਿਆਦਾ ਭਰੋਸਾ ਹੋ ਗਿਆ ਕਿ ਉਸ ਦੀ ਕੋਠੜੀ ਦਾ ਦਰਵਾਜ਼ਾ ਤਕ ਖੁੱਲ੍ਹਾ ਰੱਖਿਆ ਜਾਂਦਾ ਸੀ। ਸਿਪਾਹੀ ਉਸ ਕੋਲ ਬਾਈਬਲ ਸੰਬੰਧੀ ਸਵਾਲ ਪੁੱਛਣ ਆਉਂਦੇ ਸਨ। ਇਕ ਸਿਪਾਹੀ ਤਾਂ ਅਡੋਲਫੋ ਦੀ ਕੋਠੜੀ ਵਿਚ ਆ ਕੇ ਬਾਈਬਲ ਵੀ ਪੜ੍ਹਦਾ ਹੁੰਦਾ ਸੀ ਤੇ ਅਡੋਲਫੋ ਨਜ਼ਰ ਰੱਖਦਾ ਸੀ ਕਿ ਕੋਈ ਆ ਨਾ ਜਾਵੇ। ਇਸ ਤਰ੍ਹਾਂ ਕੈਦੀ ਸਿਪਾਹੀ ਦਾ “ਪਹਿਰੇਦਾਰ” ਬਣ ਗਿਆ! ਅਜਿਹੇ ਵਫ਼ਾਦਾਰ ਗਵਾਹਾਂ ਦੀਆਂ ਵਧੀਆ ਮਿਸਾਲਾਂ ਤੋਂ ਸਿੱਖ ਕੇ ਆਓ ਆਪਾਂ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ‘ਨਿਡਰ ਹੋ ਕੇ ਹੋਰ ਜ਼ਿਆਦਾ ਹੌਸਲੇ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰੀਏ।’
25, 26. ਪੌਲੁਸ ਨੇ 30 ਸਾਲਾਂ ਦੇ ਅੰਦਰ-ਅੰਦਰ ਕਿਹੜੀ ਦਿਲਚਸਪ ਭਵਿੱਖਬਾਣੀ ਪੂਰੀ ਹੁੰਦੀ ਦੇਖੀ ਸੀ ਅਤੇ ਸਾਡੇ ਦਿਨਾਂ ਵਿਚ ਇਹ ਕਿੱਦਾਂ ਪੂਰੀ ਹੋ ਰਹੀ ਹੈ?
25 ਵਾਹ! ਰਸੂਲਾਂ ਦੇ ਕੰਮ ਦੀ ਕਿਤਾਬ ਦੀ ਕਿੰਨੀ ਵਧੀਆ ਸਮਾਪਤੀ! ਮਸੀਹ ਦਾ ਰਸੂਲ ਹੋਣ ਦੇ ਨਾਤੇ ਪੌਲੁਸ ਘਰ ਵਿਚ ਕੈਦ ਹੁੰਦੇ ਹੋਏ ਵੀ ਉਨ੍ਹਾਂ ਲੋਕਾਂ ਨੂੰ “ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਾ” ਰਿਹਾ ਜੋ ਉਸ ਨੂੰ ਮਿਲਣ ਆਉਂਦੇ ਸਨ। ਇਸ ਕਿਤਾਬ ਵਿਚ ਪਹਿਲੀ ਸਦੀ ਦੇ ਮਸੀਹੀਆਂ ਦੀ ਨਿਹਚਾ, ਜੋਸ਼ ਤੇ ਦਲੇਰੀ ਦੀ ਜੀਉਂਦੀ-ਜਾਗਦੀ ਤਸਵੀਰ ਪੇਸ਼ ਕੀਤੀ ਗਈ ਹੈ। ਪਹਿਲੇ ਅਧਿਆਇ ਵਿਚ ਅਸੀਂ ਪੜ੍ਹਿਆ ਸੀ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਕੰਮ ਦਿੱਤਾ ਸੀ: “ਜਦੋਂ ਪਵਿੱਤਰ ਸ਼ਕਤੀ ਤੁਹਾਡੇ ਉੱਤੇ ਆਵੇਗੀ, ਤਾਂ ਤੁਹਾਨੂੰ ਤਾਕਤ ਮਿਲੇਗੀ ਅਤੇ ਤੁਸੀਂ ਯਰੂਸ਼ਲਮ, ਪੂਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।” (ਰਸੂ. 1:8) ਉਸ ਤੋਂ ਬਾਅਦ 30 ਸਾਲਾਂ ਦੇ ਅੰਦਰ-ਅੰਦਰ ਰਾਜ ਦੇ ਸੰਦੇਸ਼ ਦਾ ਪ੍ਰਚਾਰ “ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਕੀਤਾ” ਜਾ ਚੁੱਕਾ ਸੀ। d (ਕੁਲੁ. 1:23) ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਦਾ ਕਿੰਨਾ ਵੱਡਾ ਸਬੂਤ!—ਜ਼ਕ. 4:6.
26 ਅੱਜ ਇਹੀ ਸ਼ਕਤੀ ਧਰਤੀ ਉੱਤੇ ਬਾਕੀ ਰਹਿੰਦੇ ਮਸੀਹ ਦੇ ਭਰਾਵਾਂ ਅਤੇ ਉਨ੍ਹਾਂ ਦਾ ਸਾਥ ਦੇ ਰਹੀਆਂ “ਹੋਰ ਭੇਡਾਂ” ਨੂੰ ਤਾਕਤ ਬਖ਼ਸ਼ਦੀ ਹੈ ਕਿ ਉਹ 240 ਦੇਸ਼ਾਂ ਵਿਚ ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੰਦੇ’ ਰਹਿਣ। (ਯੂਹੰ. 10:16; ਰਸੂ. 28:23) ਕੀ ਤੁਸੀਂ ਇਸ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹੋ?
a ਉਨੇਸਿਮੁਸ ਫਿਲੇਮੋਨ ਦਾ ਗ਼ੁਲਾਮ ਸੀ। ਪੌਲੁਸ ਉਨੇਸਿਮੁਸ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ, ਪਰ ਇਸ ਤਰ੍ਹਾਂ ਕਰਨ ਨਾਲ ਰੋਮੀ ਕਾਨੂੰਨ ਦੀ ਅਤੇ ਫਿਲੇਮੋਨ ਦੇ ਹੱਕ ਦੀ ਉਲੰਘਣਾ ਹੋ ਜਾਣੀ ਸੀ। ਇਸ ਲਈ ਪੌਲੁਸ ਨੇ ਉਨੇਸਿਮੁਸ ਨੂੰ ਫਿਲੇਮੋਨ ਕੋਲ ਵਾਪਸ ਘੱਲ ਦਿੱਤਾ ਅਤੇ ਨਾਲ ਇਕ ਚਿੱਠੀ ਵੀ ਘੱਲੀ ਜਿਸ ਵਿਚ ਉਸ ਨੇ ਫਿਲੇਮੋਨ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਗ਼ੁਲਾਮ ਦਾ ਇਕ ਮਸੀਹੀ ਭਰਾ ਦੇ ਤੌਰ ਤੇ ਪਿਆਰ ਨਾਲ ਸੁਆਗਤ ਕਰੇ।—ਫਿਲੇ. 13-19.
b “ ਰੋਮ ਵਿਚ ਪਹਿਲੀ ਕੈਦ ਦੌਰਾਨ ਪੌਲੁਸ ਦੀਆਂ ਪੰਜ ਚਿੱਠੀਆਂ” ਨਾਂ ਦੀ ਡੱਬੀ ਦੇਖੋ।
c “ 61 ਈਸਵੀ ਤੋਂ ਬਾਅਦ ਪੌਲੁਸ ਦੀ ਜ਼ਿੰਦਗੀ” ਨਾਂ ਦੀ ਡੱਬੀ ਦੇਖੋ।
d “ ‘ਆਕਾਸ਼ ਹੇਠ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ’” ਨਾਂ ਦੀ ਡੱਬੀ ਦੇਖੋ।