Skip to content

Skip to table of contents

ਅਧਿਆਇ 26

“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”

“ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ”

ਪੌਲੁਸ ਦਾ ਜਹਾਜ਼ ਤਬਾਹ ਹੋ ਜਾਂਦਾ ਹੈ, ਉਹ ਪੱਕੀ ਨਿਹਚਾ ਅਤੇ ਲੋਕਾਂ ਲਈ ਪਿਆਰ ਦਾ ਸਬੂਤ ਦਿੰਦਾ ਹੈ

ਰਸੂਲਾਂ ਦੇ ਕੰਮ 27:1–28:10 ਵਿੱਚੋਂ

1, 2. ਪੌਲੁਸ ਦਾ ਰੋਮ ਤਕ ਦਾ ਸਫ਼ਰ ਕਿਸ ਤਰ੍ਹਾਂ ਦਾ ਹੋਵੇਗਾ ਅਤੇ ਉਸ ਨੂੰ ਕਿਨ੍ਹਾਂ ਗੱਲਾਂ ਦੀ ਚਿੰਤਾ ਹੈ?

 “ਤੂੰ ਸਮਰਾਟ ਕੋਲ ਹੀ ਜਾਵੇਂਗਾ!” ਰਾਜਪਾਲ ਫ਼ੇਸਤੁਸ ਦੇ ਇਹ ਸ਼ਬਦ ਪੌਲੁਸ ਦੇ ਕੰਨਾਂ ਵਿਚ ਗੂੰਜ ਰਹੇ ਹਨ। ਉਸ ਦੀ ਜ਼ਿੰਦਗੀ ਹੁਣ ਇਨ੍ਹਾਂ ਸ਼ਬਦਾਂ ਉੱਤੇ ਟਿਕੀ ਹੋਈ ਹੈ। ਜੇਲ੍ਹ ਦੀ ਚਾਰ-ਦੀਵਾਰੀ ਵਿਚ ਦੋ ਸਾਲ ਕੱਟਣ ਤੋਂ ਬਾਅਦ ਹੁਣ ਰੋਮ ਦਾ ਲੰਬਾ ਸਫ਼ਰ ਕਰਦਿਆਂ ਉਸ ਨੂੰ ਖੁੱਲ੍ਹੀ ਹਵਾ ਵਿਚ ਆ ਕੇ ਥੋੜ੍ਹੀ-ਬਹੁਤ ਰਾਹਤ ਮਿਲੇਗੀ! (ਰਸੂ. 25:12) ਉਸ ਨੇ ਪਹਿਲਾਂ ਵੀ ਸਮੁੰਦਰੀ ਸਫ਼ਰ ਕੀਤੇ ਸਨ, ਪਰ ਉਨ੍ਹਾਂ ਵਿੱਚੋਂ ਕਈ ਮਜ਼ੇਦਾਰ ਨਹੀਂ ਸਨ। ਸਮਰਾਟ ਸਾਮ੍ਹਣੇ ਪੇਸ਼ ਹੋਣ ਲਈ ਸਫ਼ਰ ਕਰਦਿਆਂ ਉਸ ਦੇ ਮਨ ਵਿਚ ਆਪਣੇ ਭਵਿੱਖ ਬਾਰੇ ਕਈ ਗੰਭੀਰ ਸਵਾਲ ਆ ਰਹੇ ਹੋਣੇ।

2 ਪੌਲੁਸ ਨੇ ਕਈ ਵਾਰ “ਸਮੁੰਦਰ ਵਿਚ ਖ਼ਤਰਿਆਂ ਦਾ ਸਾਮ੍ਹਣਾ ਕੀਤਾ,” ਜਿਵੇਂ ਕਿ ਤਿੰਨ ਵਾਰ ਉਸ ਦਾ ਜਹਾਜ਼ ਤਬਾਹ ਹੋਇਆ ਅਤੇ ਇਕ ਵਾਰ ਉਸ ਨੇ ਇਕ ਦਿਨ ਤੇ ਇਕ ਰਾਤ ਸਮੁੰਦਰ ਦੇ ਡੂੰਘੇ ਪਾਣੀਆਂ ਵਿਚ ਕੱਟੀ। (2 ਕੁਰਿੰ. 11:25, 26) ਪਹਿਲਾਂ ਉਹ ਮਿਸ਼ਨਰੀ ਦੌਰੇ ਕਰਨ ਵੇਲੇ ਆਜ਼ਾਦ ਸੀ, ਪਰ ਹੁਣ ਉਹ ਇਕ ਕੈਦੀ ਦੇ ਤੌਰ ਤੇ ਸਫ਼ਰ ਕਰ ਰਿਹਾ ਹੈ। ਉਸ ਨੇ ਕੈਸਰੀਆ ਤੋਂ ਰੋਮ ਤਕ 3,000 ਕਿਲੋਮੀਟਰ (ਲਗਭਗ 2,000 ਮੀਲ) ਦਾ ਲੰਬਾ ਸਫ਼ਰ ਤੈਅ ਕਰਨਾ ਹੈ। ਕੀ ਉਹ ਸਹੀ-ਸਲਾਮਤ ਆਪਣੀ ਮੰਜ਼ਲ ʼਤੇ ਪਹੁੰਚ ਜਾਵੇਗਾ? ਜੇ ਪਹੁੰਚ ਵੀ ਜਾਂਦਾ ਹੈ, ਤਾਂ ਕੀ ਮੌਤ ਉੱਥੇ ਉਸ ਦੀ ਉਡੀਕ ਕਰ ਰਹੀ ਹੈ? ਯਾਦ ਰੱਖੋ, ਉਸ ਦੀ ਜ਼ਿੰਦਗੀ ਦਾ ਫ਼ੈਸਲਾ ਸ਼ੈਤਾਨ ਦੀ ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਸਮਰਾਟ ਨੇ ਕਰਨਾ ਹੈ।

3. ਪੌਲੁਸ ਨੇ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਸੀ ਅਤੇ ਅਸੀਂ ਇਸ ਅਧਿਆਇ ਵਿਚ ਕੀ ਦੇਖਾਂਗੇ?

3 ਤੁਸੀਂ ਹੁਣ ਤਕ ਪੌਲੁਸ ਬਾਰੇ ਕਾਫ਼ੀ ਪੜ੍ਹ ਚੁੱਕੇ ਹੋ। ਤਾਂ ਫਿਰ, ਕੀ ਤੁਹਾਨੂੰ ਲੱਗਦਾ ਹੈ ਕਿ ਪੌਲੁਸ ਆਪਣੇ ਭਵਿੱਖ ਬਾਰੇ ਸੋਚ ਕੇ ਨਿਰਾਸ਼ ਹੋ ਗਿਆ ਹੋਣਾ ਜਾਂ ਹਿੰਮਤ ਹਾਰ ਗਿਆ ਹੋਣਾ? ਬਿਲਕੁਲ ਨਹੀਂ! ਪੌਲੁਸ ਜਾਣਦਾ ਸੀ ਕਿ ਉਸ ਨੂੰ ਮੁਸ਼ਕਲਾਂ ਸਹਿਣੀਆਂ ਪੈਣਗੀਆਂ, ਪਰ ਉਹ ਇਹ ਨਹੀਂ ਜਾਣਦਾ ਸੀ ਕਿ ਮੁਸ਼ਕਲਾਂ ਕਿਸ ਤਰ੍ਹਾਂ ਦੀਆਂ ਹੋਣਗੀਆਂ। ਉਨ੍ਹਾਂ ʼਤੇ ਉਸ ਦਾ ਕੋਈ ਵੱਸ ਨਹੀਂ ਸੀ। ਪਰ ਉਹ ਆਪਣੇ ਆਉਣ ਵਾਲੇ ਕੱਲ੍ਹ ਦੀ ਚਿੰਤਾ ਕਰਕੇ ਅੱਜ ਸੇਵਕਾਈ ਤੋਂ ਮਿਲਣ ਵਾਲੀ ਖ਼ੁਸ਼ੀ ਨੂੰ ਕਿਉਂ ਗੁਆਉਂਦਾ? (ਮੱਤੀ 6:27, 34) ਪੌਲੁਸ ਜਾਣਦਾ ਸੀ ਕਿ ਪਰਮੇਸ਼ੁਰ ਉਸ ਤੋਂ ਚਾਹੁੰਦਾ ਸੀ ਕਿ ਉਹ ਹਰ ਮੌਕੇ ਦਾ ਫ਼ਾਇਦਾ ਲੈ ਕੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੇ, ਇੱਥੋਂ ਤਕ ਕਿ ਦੁਨੀਆਂ ਦੇ ਹਾਕਮਾਂ ਨੂੰ ਵੀ। (ਰਸੂ. 9:15) ਉਸ ਨੇ ਪਰਮੇਸ਼ੁਰ ਤੋਂ ਮਿਲੇ ਇਸ ਕੰਮ ਨੂੰ ਮੁਸ਼ਕਲਾਂ ਦੇ ਬਾਵਜੂਦ ਪੂਰਾ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ। ਕੀ ਸਾਡਾ ਵੀ ਇਹੀ ਇਰਾਦਾ ਹੈ? ਆਓ ਆਪਾਂ ਪੌਲੁਸ ਦੇ ਇਸ ਇਤਿਹਾਸਕ ਸਫ਼ਰ ਉੱਤੇ ਉਸ ਦੇ ਨਾਲ-ਨਾਲ ਚੱਲੀਏ ਅਤੇ ਦੇਖੀਏ ਕਿ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ।

“ਤੇਜ਼ ਹਵਾ ਸਾਮ੍ਹਣਿਓਂ ਚੱਲ ਰਹੀ ਸੀ” (ਰਸੂ. 27:1-7ੳ)

4. ਪੌਲੁਸ ਕਿਸ ਤਰ੍ਹਾਂ ਦੇ ਜਹਾਜ਼ ਉੱਤੇ ਸਫ਼ਰ ਕਰ ਰਿਹਾ ਸੀ ਅਤੇ ਉਸ ਦੇ ਨਾਲ ਹੋਰ ਕੌਣ ਸਨ?

4 ਪੌਲੁਸ ਅਤੇ ਕੁਝ ਹੋਰ ਕੈਦੀਆਂ ਨੂੰ ਰੋਮੀ ਫ਼ੌਜੀ ਅਫ਼ਸਰ ਯੂਲਿਉਸ ਦੇ ਹਵਾਲੇ ਕਰ ਦਿੱਤਾ ਗਿਆ। ਉਸ ਨੇ ਕੈਸਰੀਆ ਆਏ ਇਕ ਵਪਾਰੀ ਜਹਾਜ਼ ਰਾਹੀਂ ਜਾਣ ਦਾ ਫ਼ੈਸਲਾ ਕੀਤਾ। ਇਹ ਜਹਾਜ਼ ਏਸ਼ੀਆ ਮਾਈਨਰ ਦੇ ਪੂਰਬੀ ਤਟ ʼਤੇ ਸਥਿਤ ਅਦ੍ਰਮੁੱਤਿਉਮ ਸ਼ਹਿਰ ਤੋਂ ਆਇਆ ਸੀ ਜੋ ਲੈਸਵੋਸ ਟਾਪੂ ਉੱਤੇ ਮਿਤੁਲੇਨੇ ਸ਼ਹਿਰ ਦੇ ਸਾਮ੍ਹਣੇ ਸੀ। ਇਸ ਜਹਾਜ਼ ਨੇ ਪਹਿਲਾਂ ਉੱਤਰ ਵੱਲ ਜਾਣਾ ਸੀ ਤੇ ਫਿਰ ਪੱਛਮ ਵੱਲ ਨੂੰ ਜਾਂਦੇ ਹੋਏ ਰਾਹ ਵਿਚ ਕਈ ਜਗ੍ਹਾ ਰੁਕ ਕੇ ਸਾਮਾਨ ਲਾਹੁਣਾ ਤੇ ਚੜ੍ਹਾਉਣਾ ਸੀ। ਇਸ ਤਰ੍ਹਾਂ ਦੇ ਜਹਾਜ਼ ਮੁਸਾਫ਼ਰਾਂ ਦੇ ਸਫ਼ਰ ਕਰਨ ਲਈ ਨਹੀਂ ਹੁੰਦੇ ਸਨ, ਖ਼ਾਸ ਕਰਕੇ ਕੈਦੀਆਂ ਲਈ। (“ ਸਮੁੰਦਰੀ ਸਫ਼ਰ ਅਤੇ ਵਪਾਰਕ ਰਸਤੇ” ਨਾਂ ਦੀ ਡੱਬੀ ਦੇਖੋ।) ਪੌਲੁਸ ਕੈਦੀਆਂ ਵਿਚ ਇਕੱਲਾ ਹੀ ਮਸੀਹੀ ਨਹੀਂ ਸੀ, ਸਗੋਂ ਉਸ ਦੇ ਨਾਲ ਦੋ ਹੋਰ ਮਸੀਹੀ ਅਰਿਸਤਰਖੁਸ ਅਤੇ ਲੂਕਾ ਸਨ। ਇਹ ਗੱਲਾਂ ਲੂਕਾ ਨੇ ਹੀ ਲਿਖੀਆਂ ਹਨ। ਅਸੀਂ ਨਹੀਂ ਜਾਣਦੇ ਕਿ ਇਨ੍ਹਾਂ ਨੇ ਸਫ਼ਰ ਦਾ ਕਿਰਾਇਆ ਆਪਣੇ ਪੱਲਿਓਂ ਦਿੱਤਾ ਸੀ ਜਾਂ ਫਿਰ ਉਹ ਪੌਲੁਸ ਦੇ ਸੇਵਕਾਂ ਵਜੋਂ ਨਾਲ ਜਾ ਰਹੇ ਸਨ।​—ਰਸੂ. 27:1, 2.

5. ਪੌਲੁਸ ਨੇ ਸੀਦੋਨ ਵਿਚ ਕਿਨ੍ਹਾਂ ਦੀ ਸੰਗਤ ਦਾ ਆਨੰਦ ਮਾਣਿਆ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?

5 ਪੂਰਾ ਦਿਨ ਉੱਤਰ ਵੱਲ ਨੂੰ 110 ਕਿਲੋਮੀਟਰ (ਲਗਭਗ 70 ਮੀਲ) ਦਾ ਸਫ਼ਰ ਤੈਅ ਕਰ ਕੇ ਜਹਾਜ਼ ਸੀਰੀਆ ਦੇ ਤਟ ਉੱਤੇ ਸੀਦੋਨ ਨਾਂ ਦੀ ਬੰਦਰਗਾਹ ʼਤੇ ਪਹੁੰਚਿਆ। ਯੂਲਿਉਸ ਨੇ ਪੌਲੁਸ ਨਾਲ ਬਾਕੀ ਕੈਦੀਆਂ ਵਾਂਗ ਸਲੂਕ ਨਹੀਂ ਕੀਤਾ, ਸ਼ਾਇਦ ਇਸ ਕਰਕੇ ਕਿ ਪੌਲੁਸ ਇਕ ਰੋਮੀ ਨਾਗਰਿਕ ਸੀ ਅਤੇ ਉਹ ਅਜੇ ਦੋਸ਼ੀ ਸਾਬਤ ਨਹੀਂ ਹੋਇਆ ਸੀ। (ਰਸੂ. 22:27, 28; 26:31, 32) ਉਸ ਨੇ ਪੌਲੁਸ ਨੂੰ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ। ਭੈਣਾਂ-ਭਰਾਵਾਂ ਨੂੰ ਪੌਲੁਸ ਦੀ ਸੇਵਾ-ਟਹਿਲ ਕਰ ਕੇ ਕਿੰਨੀ ਖ਼ੁਸ਼ੀ ਹੋਈ ਹੋਣੀ ਜੋ ਲੰਬਾ ਸਮਾਂ ਕੈਦ ਵਿਚ ਰਿਹਾ ਸੀ! ਕੀ ਤੁਸੀਂ ਵੀ ਪਰਾਹੁਣਚਾਰੀ ਦਿਖਾਉਣ ਦੇ ਮੌਕਿਆਂ ਬਾਰੇ ਸੋਚ ਸਕਦੇ ਹੋ ਜਿਸ ਨਾਲ ਤੁਹਾਨੂੰ ਵੀ ਉਤਸ਼ਾਹ ਮਿਲੇਗਾ?​—ਰਸੂ. 27:3.

6-8. ਪੌਲੁਸ ਦਾ ਸੀਦੋਨ ਤੋਂ ਕਨੀਦੁਸ ਤਕ ਦਾ ਸਫ਼ਰ ਕਿਸ ਤਰ੍ਹਾਂ ਦਾ ਸੀ ਅਤੇ ਉਸ ਨੇ ਪ੍ਰਚਾਰ ਕਰਨ ਦੇ ਕਿਨ੍ਹਾਂ ਮੌਕਿਆਂ ਦਾ ਫ਼ਾਇਦਾ ਲਿਆ ਹੋਣਾ?

6 ਸੀਦੋਨ ਤੋਂ ਚੱਲ ਕੇ ਜਹਾਜ਼ ਉੱਤਰ ਵੱਲ ਨੂੰ ਤਟ ਦੇ ਨਾਲ-ਨਾਲ ਜਾਂਦਾ ਹੋਇਆ ਪੌਲੁਸ ਦੇ ਸ਼ਹਿਰ ਤਰਸੁਸ ਦੇ ਨੇੜਿਓਂ ਕਿਲਿਕੀਆ ਲੰਘਿਆ। ਲੂਕਾ ਨੇ ਇਹ ਨਹੀਂ ਦੱਸਿਆ ਕਿ ਉਹ ਹੋਰ ਕਿੱਥੇ-ਕਿੱਥੇ ਰੁਕੇ ਸਨ, ਪਰ ਉਸ ਨੇ ਇਹ ਗੱਲ ਜ਼ਰੂਰ ਦੱਸੀ ਕਿ “ਤੇਜ਼ ਹਵਾ ਸਾਮ੍ਹਣਿਓਂ ਚੱਲ ਰਹੀ ਸੀ” ਜੋ ਇਕ ਆਉਣ ਵਾਲੇ ਖ਼ਤਰੇ ਦੀ ਨਿਸ਼ਾਨੀ ਸੀ। (ਰਸੂ. 27:4, 5) ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਦੇ ਬਾਵਜੂਦ ਪੌਲੁਸ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਹਰ ਮੌਕੇ ਦਾ ਫ਼ਾਇਦਾ ਉਠਾਇਆ ਹੋਣਾ। ਉਸ ਨੇ ਜਹਾਜ਼ ਦੇ ਚਾਲਕਾਂ, ਹੋਰ ਕੈਦੀਆਂ, ਫ਼ੌਜੀਆਂ ਅਤੇ ਉਨ੍ਹਾਂ ਲੋਕਾਂ ਨੂੰ ਗਵਾਹੀ ਦਿੱਤੀ ਹੋਣੀ ਜੋ ਬੰਦਰਗਾਹਾਂ ʼਤੇ ਮਿਲਦੇ ਸਨ। ਕੀ ਅੱਜ ਅਸੀਂ ਵੀ ਇਸੇ ਤਰ੍ਹਾਂ ਪ੍ਰਚਾਰ ਕਰਨ ਦੇ ਹਰੇਕ ਮੌਕੇ ਦਾ ਫ਼ਾਇਦਾ ਉਠਾਉਂਦੇ ਹਾਂ?

7 ਉਹ ਜਹਾਜ਼ ਵਿਚ ਸਫ਼ਰ ਕਰਦੇ ਹੋਏ ਏਸ਼ੀਆ ਮਾਈਨਰ ਦੇ ਦੱਖਣੀ ਤਟ ʼਤੇ ਮੂਰਾ ਨਾਂ ਦੀ ਬੰਦਰਗਾਹ ʼਤੇ ਪਹੁੰਚੇ। ਇੱਥੋਂ ਉਨ੍ਹਾਂ ਨੇ ਰੋਮ ਨੂੰ ਜਾਣ ਵਾਲੇ ਜਹਾਜ਼ ਵਿਚ ਬੈਠਣਾ ਸੀ। (ਰਸੂ. 27:6) ਉਨ੍ਹਾਂ ਦਿਨਾਂ ਵਿਚ ਰੋਮ ਵਿਚ ਜ਼ਿਆਦਾਤਰ ਅਨਾਜ ਮਿਸਰ ਤੋਂ ਆਉਂਦਾ ਸੀ ਅਤੇ ਅਨਾਜ ਲਿਆਉਣ ਵਾਲੇ ਜਹਾਜ਼ ਮੂਰਾ ਰੁਕਦੇ ਸਨ। ਯੂਲਿਉਸ ਨੇ ਅਜਿਹੇ ਇਕ ਜਹਾਜ਼ ʼਤੇ ਫ਼ੌਜੀਆਂ ਅਤੇ ਕੈਦੀਆਂ ਨੂੰ ਚੜ੍ਹਾ ਲਿਆ। ਸ਼ਾਇਦ ਇਹ ਜਹਾਜ਼ ਪਹਿਲੇ ਜਹਾਜ਼ ਨਾਲੋਂ ਕਾਫ਼ੀ ਵੱਡਾ ਹੋਣਾ। ਇਸ ʼਤੇ ਕਣਕ ਲੱਦੀ ਹੋਈ ਸੀ ਅਤੇ 276 ਲੋਕ ਸਵਾਰ ਸਨ ਜਿਨ੍ਹਾਂ ਵਿਚ ਜਹਾਜ਼ ਦੇ ਚਾਲਕ, ਫ਼ੌਜੀ, ਕੈਦੀ ਅਤੇ ਰੋਮ ਜਾ ਰਹੇ ਹੋਰ ਲੋਕ ਸ਼ਾਮਲ ਸਨ। ਜਹਾਜ਼ ਬਦਲਣ ਕਰਕੇ ਪੌਲੁਸ ਕੋਲ ਹੋਰ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨ ਦਾ ਮੌਕਾ ਸੀ ਅਤੇ ਉਸ ਨੇ ਉਸ ਮੌਕੇ ਦਾ ਜ਼ਰੂਰ ਫ਼ਾਇਦਾ ਲਿਆ ਹੋਣਾ।

8 ਇਸ ਤੋਂ ਬਾਅਦ ਜਹਾਜ਼ ਕਨੀਦੁਸ ਰੁਕਿਆ ਜੋ ਏਸ਼ੀਆ ਮਾਈਨਰ ਦੇ ਦੱਖਣ-ਪੱਛਮੀ ਕੰਢੇ ʼਤੇ ਸੀ। ਹਵਾ ਦਾ ਰੁਖ ਸਹੀ ਹੋਣ ਨਾਲ ਇਹ ਸਫ਼ਰ ਇਕ ਦਿਨ ਵਿਚ ਤੈਅ ਹੋ ਜਾਂਦਾ ਸੀ। ਪਰ ਲੂਕਾ ਲਿਖਦਾ ਹੈ ਕਿ ਉਹ ‘ਹੌਲੀ-ਹੌਲੀ ਚੱਲਦੇ ਹੋਏ ਕਈ ਦਿਨਾਂ ਬਾਅਦ ਬੜੀ ਮੁਸ਼ਕਲ ਨਾਲ ਕਨੀਦੁਸ ਪਹੁੰਚੇ।’ (ਰਸੂ. 27:7ੳ) ਮੌਸਮ ਖ਼ਰਾਬ ਹੋ ਜਾਣ ਕਰਕੇ ਸਫ਼ਰ ਕਰਨਾ ਮੁਸ਼ਕਲ ਹੋ ਗਿਆ ਸੀ। (“ ਭੂਮੱਧ ਸਾਗਰ ਉੱਤੇ ਸਾਮ੍ਹਣਿਓਂ ਆਉਂਦੀਆਂ ਹਵਾਵਾਂ” ਨਾਂ ਦੀ ਡੱਬੀ ਦੇਖੋ।) ਜ਼ਰਾ ਸੋਚੋ, ਤੇਜ਼ ਹਵਾਵਾਂ ਅਤੇ ਪਾਣੀ ਵਿਚ ਉੱਠਦੀਆਂ ਲਹਿਰਾਂ ਵਿਚ ਜਹਾਜ਼ ਕਿੰਨਾ ਡਿੱਕੋ-ਡੋਲੇ ਖਾਂਦਾ ਹੋਣਾ! ਇਸ ਕਰਕੇ ਅੰਦਾਜ਼ਾ ਲਾਓ ਕਿ ਜਹਾਜ਼ ਵਿਚ ਸਵਾਰ ਲੋਕਾਂ ਦਾ ਕੀ ਹਾਲ ਹੋਇਆ ਹੋਣਾ।

“ਤੂਫ਼ਾਨ ਕਰਕੇ ਸਾਨੂੰ ਬਹੁਤ ਹੁਝਕੇ ਲੱਗ ਰਹੇ ਸਨ” (ਰਸੂ. 27:7ਅ-26)

9, 10. ਕ੍ਰੀਟ ਦੇ ਲਾਗੇ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਆਈਆਂ?

9 ਜਹਾਜ਼ ਦੇ ਕਪਤਾਨ ਦੀ ਕਨੀਦੁਸ ਤੋਂ ਪੱਛਮ ਵੱਲ ਜਾਣ ਦੀ ਯੋਜਨਾ ਸੀ, ਪਰ ਲੂਕਾ ਦੱਸਦਾ ਹੈ ਕਿ “ਹਨੇਰੀ ਸਾਨੂੰ ਅੱਗੇ ਨਹੀਂ ਵਧਣ ਦੇ ਰਹੀ ਸੀ।” (ਰਸੂ. 27:7ਅ) ਜਹਾਜ਼ ਕੰਢੇ ਦੇ ਨਾਲ-ਨਾਲ ਪਾਣੀ ਦੇ ਵਹਾਅ ਨਾਲ ਪੱਛਮ ਵੱਲ ਨੂੰ ਵਧਣ ਲੱਗਾ, ਪਰ ਜ਼ਿਆਦਾ ਦੂਰ ਤਕ ਨਹੀਂ। ਜਦੋਂ ਜਹਾਜ਼ ਕੰਢੇ ਤੋਂ ਦੂਰ ਹੋ ਗਿਆ, ਤਾਂ ਉੱਤਰ-ਪੱਛਮ ਵੱਲੋਂ ਤੇਜ਼ ਹਨੇਰੀ ਨੇ ਉਸ ਨੂੰ ਤੇਜ਼ ਰਫ਼ਤਾਰ ਨਾਲ ਦੱਖਣ ਵੱਲ ਨੂੰ ਧੱਕ ਦਿੱਤਾ। ਕ੍ਰੀਟ ਟਾਪੂ ਦੇ ਨਾਲ-ਨਾਲ ਚੱਲਣ ਕਰਕੇ ਉਨ੍ਹਾਂ ਨੂੰ ਤੇਜ਼ ਹਵਾ ਤੋਂ ਓਹਲਾ ਮਿਲਿਆ, ਜਿੱਦਾਂ ਪਹਿਲਾਂ ਸਾਈਪ੍ਰਸ ਟਾਪੂ ਦੇ ਨਾਲ-ਨਾਲ ਚੱਲਣ ਕਰਕੇ ਸਾਮ੍ਹਣਿਓਂ ਆਉਂਦੀ ਤੇਜ਼ ਹਵਾ ਤੋਂ ਬਚਾਅ ਹੋਇਆ ਸੀ। ਫਿਰ ਕ੍ਰੀਟ ਦੇ ਪੂਰਬੀ ਸਿਰੇ ʼਤੇ ਸਲਮੋਨੇ ਲੰਘਣ ਤੋਂ ਬਾਅਦ ਉਨ੍ਹਾਂ ਲਈ ਅੱਗੇ ਵਧਣਾ ਸੌਖਾ ਹੋ ਗਿਆ। ਕਿਉਂ? ਕਿਉਂਕਿ ਜਹਾਜ਼ ਹੁਣ ਟਾਪੂ ਦੇ ਦੱਖਣੀ ਹਿੱਸੇ ਵੱਲ ਆ ਗਿਆ ਸੀ ਜਿੱਥੇ ਉਸ ਨੂੰ ਹਵਾ ਦੀ ਮਾਰ ਤੋਂ ਕੁਝ ਹੱਦ ਤਕ ਸੁਰੱਖਿਆ ਮਿਲੀ। ਜਹਾਜ਼ ʼਤੇ ਸਵਾਰ ਲੋਕਾਂ ਨੂੰ ਕਿੰਨੀ ਰਾਹਤ ਮਿਲੀ ਹੋਣੀ! ਪਰ ਸਮੁੰਦਰ ਵਿਚ ਸਫ਼ਰ ਕਰਦਿਆਂ ਉਨ੍ਹਾਂ ਨੂੰ ਸਰਦੀਆਂ ਦਾ ਵੀ ਫ਼ਿਕਰ ਸੀ ਜੋ ਛੇਤੀ ਸ਼ੁਰੂ ਹੋਣ ਵਾਲੀਆਂ ਸਨ ਕਿਉਂਕਿ ਉਸ ਮੌਸਮ ਵਿਚ ਸਫ਼ਰ ਕਰਨਾ ਮੁਸ਼ਕਲ ਸੀ।

10 ਲੂਕਾ ਸਹੀ-ਸਹੀ ਜਾਣਕਾਰੀ ਦਿੰਦਾ ਹੈ: “[ਕ੍ਰੀਟ] ਦੇ ਨਾਲ-ਨਾਲ ਚੱਲਦੇ ਹੋਏ ਅਸੀਂ ਬੜੀ ਮੁਸ਼ਕਲ ਨਾਲ ‘ਸੁਰੱਖਿਅਤ ਬੰਦਰਗਾਹ’ ਨਾਂ ਦੀ ਜਗ੍ਹਾ ਪਹੁੰਚੇ।” ਭਾਵੇਂ ਜ਼ਮੀਨ ਦਾ ਓਹਲਾ ਹੋਣ ਕਰਕੇ ਹਵਾ ਦੀ ਮਾਰ ਤੋਂ ਥੋੜ੍ਹਾ ਬਚਾਅ ਸੀ, ਫਿਰ ਵੀ ਜਹਾਜ਼ ਨੂੰ ਕਾਬੂ ਕਰਨਾ ਮੁਸ਼ਕਲ ਸੀ। ਅਖ਼ੀਰ ਉਨ੍ਹਾਂ ਨੇ ਇਕ ਛੋਟੀ ਖਾੜੀ ਵਿਚ ਲੰਗਰ ਪਾਇਆ। ਮੰਨਿਆ ਜਾਂਦਾ ਹੈ ਕਿ ਇਹ ਖਾੜੀ ਉਸ ਜਗ੍ਹਾ ਹੈ ਜਿੱਥੋਂ ਕੰਢਾ ਉੱਤਰ ਵੱਲ ਨੂੰ ਮੁੜ ਜਾਂਦਾ ਹੈ। ਉੱਥੇ ਉਹ ਕਿੰਨਾ ਚਿਰ ਰਹੇ? ਲੂਕਾ ਦੱਸਦਾ ਹੈ ਕਿ ਉਹ “ਕਈ ਦਿਨ” ਰਹੇ, ਪਰ ਮੌਸਮ ਖ਼ਰਾਬ ਹੋਣ ਕਰਕੇ ਉਹ ਉੱਥੇ ਲੰਬਾ ਸਮਾਂ ਨਹੀਂ ਰਹਿ ਸਕਦੇ ਸਨ। ਸਤੰਬਰ-ਅਕਤੂਬਰ ਵਿਚ ਸਮੁੰਦਰੀ ਸਫ਼ਰ ਕਰਨਾ ਖ਼ਤਰਨਾਕ ਹੋ ਜਾਂਦਾ ਸੀ।​—ਰਸੂ. 27:8, 9.

11. ਪੌਲੁਸ ਨੇ ਜਹਾਜ਼ ʼਤੇ ਮੌਜੂਦ ਲੋਕਾਂ ਨੂੰ ਕੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਨੇ ਕੀ ਫ਼ੈਸਲਾ ਕੀਤਾ?

11 ਮੌਸਮ ਨੂੰ ਦੇਖਦਿਆਂ ਸ਼ਾਇਦ ਕਈ ਮੁਸਾਫ਼ਰਾਂ ਨੇ ਪੌਲੁਸ ਤੋਂ ਸਲਾਹ ਲਈ ਹੋਣੀ ਕਿਉਂਕਿ ਉਸ ਨੇ ਪਹਿਲਾਂ ਵੀ ਕਈ ਵਾਰ ਭੂਮੱਧ ਸਾਗਰ ਰਾਹੀਂ ਸਫ਼ਰ ਕੀਤਾ ਸੀ। ਪੌਲੁਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਫ਼ਰ ਨਾ ਕਰਨ, ਵਰਨਾ ‘ਸਾਮਾਨ ਦਾ ਅਤੇ ਜਹਾਜ਼ ਦਾ ਨੁਕਸਾਨ ਹੋਵੇਗਾ,’ ਇੱਥੋਂ ਤਕ ਕਿ ਉਹ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਣਗੇ। ਪਰ ਜਹਾਜ਼ ਦਾ ਕਪਤਾਨ ਅਤੇ ਮਾਲਕ ਸ਼ਾਇਦ ਛੇਤੀ ਤੋਂ ਛੇਤੀ ਕਿਸੇ ਸੁਰੱਖਿਅਤ ਜਗ੍ਹਾ ਪਹੁੰਚਣ ਲਈ ਸਫ਼ਰ ਜਾਰੀ ਰੱਖਣਾ ਚਾਹੁੰਦੇ ਸਨ। ਉਨ੍ਹਾਂ ਨੇ ਯੂਲਿਉਸ ਨੂੰ ਮਨਾ ਲਿਆ ਅਤੇ ਜ਼ਿਆਦਾਤਰ ਲੋਕਾਂ ਨੇ ਸੋਚਿਆ ਕਿ ਉਨ੍ਹਾਂ ਨੂੰ ਫ਼ੈਨੀਕੁਸ ਨਾਂ ਦੀ ਬੰਦਰਗਾਹ ʼਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਇਹ ਸ਼ਾਇਦ ਇਕ ਵੱਡੀ ਬੰਦਰਗਾਹ ਸੀ ਜਿੱਥੇ ਸਿਆਲ਼ ਕੱਟਣਾ ਸੌਖਾ ਸੀ। ਫਿਰ ਦੱਖਣ ਵੱਲੋਂ ਮੱਧਮ-ਮੱਧਮ ਹਵਾ ਵਗਣ ਕਰਕੇ ਉਨ੍ਹਾਂ ਨੂੰ ਲੱਗਾ ਕਿ ਸਫ਼ਰ ਕਰਨਾ ਸੌਖਾ ਹੋਵੇਗਾ ਤੇ ਉਨ੍ਹਾਂ ਨੇ ਜਹਾਜ਼ ਤੋਰ ਲਿਆ। ਪਰ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਸੀ।​—ਰਸੂ. 27:10-13.

12. ਕ੍ਰੀਟ ਤੋਂ ਚੱਲਣ ਤੋਂ ਬਾਅਦ ਜਹਾਜ਼ ਅੱਗੇ ਕਿਹੜਾ ਖ਼ਤਰਾ ਸੀ ਅਤੇ ਜਹਾਜ਼ ਦੇ ਚਾਲਕਾਂ ਨੇ ਇਸ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਕੀ ਕੀਤਾ?

12 ਜਲਦੀ ਹੀ ਉਨ੍ਹਾਂ ਦੀ ਗ਼ਲਤਫ਼ਹਿਮੀ ਦੂਰ ਹੋ ਗਈ। ਉੱਤਰ-ਪੂਰਬ ਵੱਲੋਂ “ਤੂਫ਼ਾਨ ਆ ਗਿਆ।” ਜਹਾਜ਼ ਨੂੰ ਕੁਝ ਸਮੇਂ ਲਈ “ਕੌਦਾ ਨਾਂ ਦੇ ਛੋਟੇ ਜਿਹੇ ਟਾਪੂ” ਪਿੱਛੇ ਤੂਫ਼ਾਨ ਤੋਂ ਪਨਾਹ ਮਿਲੀ ਜੋ “ਸੁਰੱਖਿਅਤ ਬੰਦਰਗਾਹ” ਤੋਂ 65 ਕਿਲੋਮੀਟਰ (ਤਕਰੀਬਨ 40 ਮੀਲ) ਦੂਰ ਸੀ। ਪਰ ਅਜੇ ਵੀ ਇਹ ਖ਼ਤਰਾ ਮੰਡਲਾ ਰਿਹਾ ਸੀ ਕਿ ਤੂਫ਼ਾਨ ਜਹਾਜ਼ ਨੂੰ ਧੱਕ ਕੇ ਦੱਖਣ ਵੱਲ ਨੂੰ ਲੈ ਜਾਵੇਗਾ ਅਤੇ ਅਫ਼ਰੀਕਾ ਦੇ ਤਟ ʼਤੇ ਦਲਦਲੀ ਰੇਤ ਨਾਲ ਟਕਰਾ ਕੇ ਤਬਾਹ ਹੋ ਜਾਵੇਗਾ। ਇਸ ਖ਼ਤਰੇ ਨੂੰ ਟਾਲਣ ਲਈ ਜਹਾਜ਼ ਦੇ ਚਾਲਕਾਂ ਨੇ ਛੋਟੀ ਕਿਸ਼ਤੀ ਚੁੱਕ ਕੇ ਜਹਾਜ਼ ਵਿਚ ਚੜ੍ਹਾ ਲਈ। ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਕਿਸ਼ਤੀ ਉੱਪਰ ਖਿੱਚੀ ਹੋਣੀ ਕਿਉਂਕਿ ਕਿਸ਼ਤੀ ਸ਼ਾਇਦ ਪਾਣੀ ਨਾਲ ਭਰ ਚੁੱਕੀ ਸੀ। ਫਿਰ ਉਨ੍ਹਾਂ ਨੇ ਬੜੀ ਜੱਦੋ-ਜਹਿਦ ਕਰ ਕੇ ਜਹਾਜ਼ ਨੂੰ ਉੱਪਰੋਂ-ਥੱਲਿਓਂ ਰੱਸਿਆਂ ਨਾਲ ਕੱਸਿਆ ਤਾਂਕਿ ਜਹਾਜ਼ ਦੇ ਫੱਟੇ ਟੁੱਟ ਨਾ ਜਾਣ। ਉਨ੍ਹਾਂ ਨੇ ਵੱਡੇ ਬਾਦਬਾਨ ਦੀਆਂ ਰੱਸੀਆਂ ਖੋਲ੍ਹ ਦਿੱਤੀਆਂ ਤਾਂਕਿ ਜਹਾਜ਼ ਤੂਫ਼ਾਨ ਨੂੰ ਚੀਰਦਾ ਹੋਇਆ ਅੱਗੇ ਵਧੇ। ਜ਼ਰਾ ਸੋਚੋ, ਉਹ ਕਿੰਨਾ ਖ਼ੌਫ਼ਨਾਕ ਸਮਾਂ ਹੋਣਾ! ਤੂਫ਼ਾਨ ਕਰਕੇ ਜਹਾਜ਼ ਨੂੰ “ਬਹੁਤ ਹੁਝਕੇ ਲੱਗ ਰਹੇ ਸਨ,” ਇਸ ਲਈ ਇਹ ਸਭ ਕੁਝ ਕਰਨਾ ਵੀ ਕਾਫ਼ੀ ਨਹੀਂ ਸੀ। ਤੀਸਰੇ ਦਿਨ ਉਨ੍ਹਾਂ ਨੇ ਜਹਾਜ਼ ਦੇ ਰੱਸੇ ਤੇ ਹੋਰ ਸਾਜੋ-ਸਾਮਾਨ ਪਾਣੀ ਵਿਚ ਸੁੱਟ ਦਿੱਤਾ ਤਾਂਕਿ ਜਹਾਜ਼ ਹਲਕਾ ਹੋਣ ਕਰਕੇ ਤਰਦਾ ਰਹੇ।​—ਰਸੂ. 27:14-19.

13. ਤੂਫ਼ਾਨ ਦੌਰਾਨ ਜਹਾਜ਼ ਵਿਚ ਸਵਾਰ ਲੋਕਾਂ ਦਾ ਕੀ ਹਾਲ ਹੋਇਆ ਹੋਣਾ?

13 ਡਰ ਨਾਲ ਸਾਰਿਆਂ ਦੇ ਸਾਹ ਸੁੱਕੇ ਹੋਣੇ, ਪਰ ਪੌਲੁਸ ਤੇ ਉਸ ਦੇ ਸਾਥੀਆਂ ਨੂੰ ਪੂਰਾ ਭਰੋਸਾ ਸੀ ਕਿ ਉਨ੍ਹਾਂ ਦਾ ਵਾਲ਼ ਵੀ ਵਿੰਗਾ ਨਹੀਂ ਹੋਵੇਗਾ। ਕਿਉਂ? ਕਿਉਂਕਿ ਪ੍ਰਭੂ ਯਿਸੂ ਨੇ ਪਹਿਲਾਂ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਰੋਮ ਪਹੁੰਚ ਕੇ ਉੱਥੇ ਜ਼ਰੂਰ ਗਵਾਹੀ ਦੇਵੇਗਾ ਅਤੇ ਬਾਅਦ ਵਿਚ ਇਕ ਦੂਤ ਨੇ ਆ ਕੇ ਇਸ ਵਾਅਦੇ ਨੂੰ ਦੁਹਰਾਇਆ। (ਰਸੂ. 19:21; 23:11) ਫਿਰ ਵੀ ਦੋ ਹਫ਼ਤਿਆਂ ਤਕ ਦਿਨ-ਰਾਤ ਤੂਫ਼ਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ। ਲਗਾਤਾਰ ਮੀਂਹ ਪਈ ਜਾਣ ਕਰਕੇ ਅਤੇ ਕਾਲੇ ਬੱਦਲ ਛਾਏ ਹੋਣ ਕਰਕੇ ਨਾ ਦਿਨੇ ਸੂਰਜ ਨਜ਼ਰ ਆਉਂਦਾ ਸੀ ਤੇ ਨਾ ਰਾਤ ਨੂੰ ਤਾਰੇ ਜਿਸ ਕਰਕੇ ਜਹਾਜ਼ ਦੇ ਕਪਤਾਨ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਉਸ ਵੇਲੇ ਕਿੱਥੇ ਸਨ ਜਾਂ ਕਿੱਧਰ ਨੂੰ ਜਾ ਰਹੇ ਸਨ। ਠੰਢ, ਮੀਂਹ, ਡਰ ਅਤੇ ਹੁਝਕਿਆਂ ਨਾਲ ਉਲਟੀਆਂ ਲੱਗੀਆਂ ਹੋਣ ਕਰਕੇ ਸਾਰਿਆਂ ਦਾ ਕਿੰਨਾ ਬੁਰਾ ਹਾਲ ਹੋਇਆ ਹੋਣਾ! ਇਸ ਤਰ੍ਹਾਂ ਦੀ ਹਾਲਤ ਵਿਚ ਕੋਈ ਵੀ ਰੋਟੀ ਖਾਣ ਬਾਰੇ ਸੋਚ ਹੀ ਨਹੀਂ ਸੀ ਸਕਦਾ।

14, 15. (ੳ) ਪੌਲੁਸ ਨੇ ਲੋਕਾਂ ਨੂੰ ਆਪਣੀ ਚੇਤਾਵਨੀ ਬਾਰੇ ਯਾਦ ਕਿਉਂ ਕਰਾਇਆ ਸੀ? (ਅ) ਪੌਲੁਸ ਵੱਲੋਂ ਦਿੱਤੇ ਉਮੀਦ ਦੇ ਸੰਦੇਸ਼ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

14 ਫਿਰ ਪੌਲੁਸ ਗੱਲ ਕਰਨ ਲਈ ਖੜ੍ਹਾ ਹੋਇਆ। ਉਸ ਨੇ ਉਨ੍ਹਾਂ ਨੂੰ ਆਪਣੀ ਚੇਤਾਵਨੀ ਯਾਦ ਕਰਾਈ, ਪਰ ਉਨ੍ਹਾਂ ਨੂੰ ਨੀਵਾਂ ਦਿਖਾਉਣ ਲਈ ਉਸ ਨੇ ਇੱਦਾਂ ਨਹੀਂ ਕਿਹਾ, ‘ਮੈਂ ਤੁਹਾਨੂੰ ਕਿਹਾ ਸੀ ਨਾ!’ ਹੁਣ ਉਨ੍ਹਾਂ ਦੀ ਹਾਲਤ ਤੋਂ ਸਾਬਤ ਹੋ ਚੁੱਕਾ ਸੀ ਕਿ ਉਨ੍ਹਾਂ ਨੂੰ ਉਸ ਦੀ ਗੱਲ ਸੁਣ ਲੈਣੀ ਚਾਹੀਦੀ ਸੀ। ਉਸ ਨੇ ਅੱਗੇ ਕਿਹਾ: “ਹੁਣ ਮੈਂ ਤੁਹਾਨੂੰ ਹੌਸਲਾ ਰੱਖਣ ਨੂੰ ਕਹਿੰਦਾ ਹਾਂ ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਵੀ ਜਾਨ ਨਹੀਂ ਜਾਵੇਗੀ, ਸਿਰਫ਼ ਜਹਾਜ਼ ਤਬਾਹ ਹੋਵੇਗਾ।” (ਰਸੂ. 27:21, 22) ਇਹ ਸ਼ਬਦ ਸੁਣ ਕੇ ਉਨ੍ਹਾਂ ਸਾਰਿਆਂ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ! ਪੌਲੁਸ ਨੂੰ ਵੀ ਇਸ ਗੱਲ ਦੀ ਖ਼ੁਸ਼ੀ ਹੋਈ ਹੋਣੀ ਕਿ ਯਹੋਵਾਹ ਨੇ ਉਸ ਰਾਹੀਂ ਉਨ੍ਹਾਂ ਨੂੰ ਉਮੀਦ ਦੀ ਕਿਰਨ ਦਿਖਾਈ। ਸਾਡੇ ਲਈ ਯਾਦ ਰੱਖਣਾ ਜ਼ਰੂਰੀ ਹੈ ਕਿ ਯਹੋਵਾਹ ਸਾਰਿਆਂ ਦੀ ਪਰਵਾਹ ਕਰਦਾ ਹੈ ਅਤੇ ਹਰ ਇਨਸਾਨ ਦੀ ਜਾਨ ਉਸ ਦੀਆਂ ਨਜ਼ਰਾਂ ਵਿਚ ਕੀਮਤੀ ਹੈ। ਪਤਰਸ ਰਸੂਲ ਨੇ ਲਿਖਿਆ: “ਯਹੋਵਾਹ . . . ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤ. 3:9) ਤਾਂ ਫਿਰ, ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਯਹੋਵਾਹ ਵੱਲੋਂ ਉਮੀਦ ਦਾ ਸੰਦੇਸ਼ ਦੇਣ ਦਾ ਜਤਨ ਕਰਦੇ ਰਹੀਏ। ਬਹੁਤ ਸਾਰੀਆਂ ਜ਼ਿੰਦਗੀਆਂ ਦਾਅ ʼਤੇ ਲੱਗੀਆਂ ਹੋਈਆਂ ਹਨ!

15 ਪੌਲੁਸ ਨੇ ਜਹਾਜ਼ ʼਤੇ ਸਵਾਰ ਕਈ ਲੋਕਾਂ ਨੂੰ “ਉਸ ਉਮੀਦ” ਬਾਰੇ ਗਵਾਹੀ ਦਿੱਤੀ ਹੋਣੀ ‘ਜਿਸ ਦਾ ਵਾਅਦਾ ਪਰਮੇਸ਼ੁਰ ਨੇ ਕੀਤਾ ਸੀ।’ (ਰਸੂ. 26:6; ਕੁਲੁ. 1:5) ਉਨ੍ਹਾਂ ਨੂੰ ਜਹਾਜ਼ ਦੇ ਬਚਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਸਨ, ਸੋ ਪੌਲੁਸ ਨੇ ਇਹ ਕਹਿ ਕੇ ਉਨ੍ਹਾਂ ਦੀ ਹਿੰਮਤ ਵਧਾਈ: “[ਪਰਮੇਸ਼ੁਰ ਦੇ] ਦੂਤ ਨੇ ਰਾਤੀਂ ਆ ਕੇ ਮੈਨੂੰ ਕਿਹਾ ਸੀ: ‘ਪੌਲੁਸ ਨਾ ਡਰ, ਤੂੰ ਜ਼ਰੂਰ ਸਮਰਾਟ ਦੇ ਸਾਮ੍ਹਣੇ ਪੇਸ਼ ਹੋਵੇਂਗਾ ਅਤੇ ਦੇਖ! ਪਰਮੇਸ਼ੁਰ ਤੇਰੇ ਕਰਕੇ ਤੇਰੇ ਨਾਲ ਸਫ਼ਰ ਕਰਨ ਵਾਲੇ ਸਾਰੇ ਲੋਕਾਂ ਦੀਆਂ ਜਾਨਾਂ ਵੀ ਬਚਾਵੇਗਾ।’ ਇਸ ਲਈ ਭਰਾਵੋ, ਹੌਸਲਾ ਰੱਖੋ ਕਿਉਂਕਿ ਮੈਨੂੰ ਪਰਮੇਸ਼ੁਰ ʼਤੇ ਪੂਰਾ ਯਕੀਨ ਹੈ ਕਿ ਜਿਵੇਂ ਮੈਨੂੰ ਕਿਹਾ ਗਿਆ ਹੈ, ਉਵੇਂ ਹੀ ਹੋਵੇਗਾ। ਪਰ ਸਾਡਾ ਜਹਾਜ਼ ਕਿਸੇ ਟਾਪੂ ਨਾਲ ਜਾ ਟਕਰਾਏਗਾ।”​—ਰਸੂ. 27:23-26.

“ਸਾਰੇ ਬਚ ਕੇ ਸਹੀ-ਸਲਾਮਤ ਕੰਢੇ ʼਤੇ ਪਹੁੰਚ ਗਏ” (ਰਸੂ. 27:27-44)

16, 17. (ੳ) ਪੌਲੁਸ ਨੇ ਕਦੋਂ ਪ੍ਰਾਰਥਨਾ ਕੀਤੀ ਸੀ ਅਤੇ ਇਸ ਦਾ ਕੀ ਅਸਰ ਪਿਆ? (ਅ) ਪੌਲੁਸ ਦੀ ਚੇਤਾਵਨੀ ਕਿੱਦਾਂ ਪੂਰੀ ਹੋਈ?

16 ਦੋ ਖ਼ੌਫ਼ਨਾਕ ਹਫ਼ਤਿਆਂ ਦੌਰਾਨ ਤੂਫ਼ਾਨ ਜਹਾਜ਼ ਨੂੰ 870 ਕਿਲੋਮੀਟਰ (ਲਗਭਗ 540 ਮੀਲ) ਦੂਰ ਵਹਾ ਕੇ ਲੈ ਗਿਆ। ਫਿਰ ਮਲਾਹਾਂ ਨੂੰ ਲਹਿਰਾਂ ਦੇ ਜ਼ਮੀਨ ਨਾਲ ਟਕਰਾਉਣ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਨੇ ਜਹਾਜ਼ ਨੂੰ ਵਹਿਣ ਤੋਂ ਰੋਕਣ ਲਈ ਪਿਛਲੇ ਪਾਸਿਓਂ ਲੰਗਰ ਪਾ ਦਿੱਤੇ ਅਤੇ ਜਹਾਜ਼ ਦਾ ਅਗਲਾ ਪਾਸਾ ਜ਼ਮੀਨ ਵੱਲ ਮੋੜ ਦਿੱਤਾ ਤਾਂਕਿ ਉਹ ਉਸ ਨੂੰ ਕੰਢੇ ʼਤੇ ਲਿਜਾ ਸਕਣ। ਉਸ ਸਮੇਂ ਮਲਾਹਾਂ ਨੇ ਜਹਾਜ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਫ਼ੌਜੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਪੌਲੁਸ ਨੇ ਫ਼ੌਜੀ ਅਫ਼ਸਰ ਤੇ ਫ਼ੌਜੀਆਂ ਨੂੰ ਕਿਹਾ: “ਜੇ ਇਹ ਬੰਦੇ ਜਹਾਜ਼ ʼਤੇ ਨਾ ਰਹੇ, ਤਾਂ ਤੁਸੀਂ ਬਚ ਨਹੀਂ ਸਕੋਗੇ।” ਹੁਣ ਜਹਾਜ਼ ਥੋੜ੍ਹਾ ਜਿਹਾ ਸਥਿਰ ਹੋ ਚੁੱਕਾ ਸੀ, ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਬਚ ਜਾਣ ਦਾ ਦੁਬਾਰਾ ਭਰੋਸਾ ਦਿਵਾਉਂਦੇ ਹੋਏ ਰੋਟੀ ਖਾਣ ਲਈ ਕਿਹਾ। ਫਿਰ ਉਸ ਨੇ “ਸਾਰਿਆਂ ਸਾਮ੍ਹਣੇ ਪਰਮੇਸ਼ੁਰ ਦਾ ਧੰਨਵਾਦ” ਕੀਤਾ। (ਰਸੂ. 27:31, 35) ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਦਾ ਧੰਨਵਾਦ ਕੀਤਾ। ਉਸ ਦੀ ਪ੍ਰਾਰਥਨਾ ਤੋਂ ਲੂਕਾ, ਅਰਿਸਤਰਖੁਸ ਅਤੇ ਅੱਜ ਸਾਰੇ ਮਸੀਹੀ ਬਹੁਤ ਕੁਝ ਸਿੱਖ ਸਕਦੇ ਹਨ। ਕੀ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਕੇ ਦੂਜਿਆਂ ਨੂੰ ਹੌਸਲਾ ਅਤੇ ਦਿਲਾਸਾ ਮਿਲਦਾ ਹੈ?

17 ਪੌਲੁਸ ਦੇ ਪ੍ਰਾਰਥਨਾ ਕਰਨ ਤੋਂ ਬਾਅਦ “ਉਨ੍ਹਾਂ ਸਾਰਿਆਂ ਨੂੰ ਹੌਸਲਾ ਮਿਲਿਆ ਅਤੇ [ਉਹ] ਰੋਟੀ ਖਾਣ ਲੱਗ ਪਏ।” (ਰਸੂ. 27:36) ਉਨ੍ਹਾਂ ਨੇ ਜਹਾਜ਼ ਨੂੰ ਹੋਰ ਹਲਕਾ ਕਰਨ ਲਈ ਕਣਕ ਪਾਣੀ ਵਿਚ ਸੁੱਟ ਦਿੱਤੀ ਤਾਂਕਿ ਜਹਾਜ਼ ਪਾਣੀ ਉੱਤੇ ਤਰ ਕੇ ਕੰਢੇ ʼਤੇ ਪਹੁੰਚ ਜਾਵੇ। ਦਿਨ ਚੜ੍ਹਨ ਤੇ ਮਲਾਹਾਂ ਨੇ ਲੰਗਰਾਂ ਦੇ ਰੱਸੇ ਵੱਢ ਦਿੱਤੇ ਅਤੇ ਪਤਵਾਰਾਂ ਦੇ ਰੱਸੇ ਢਿੱਲੇ ਕਰ ਦਿੱਤੇ ਅਤੇ ਜਹਾਜ਼ ਦਾ ਮੋਹਰਲਾ ਛੋਟਾ ਬਾਦਬਾਨ ਖੋਲ੍ਹ ਦਿੱਤਾ ਤਾਂਕਿ ਜਹਾਜ਼ ਨੂੰ ਕਾਬੂ ਕਰ ਕੇ ਜ਼ਮੀਨ ʼਤੇ ਲਿਜਾਇਆ ਜਾ ਸਕੇ। ਫਿਰ ਜਹਾਜ਼ ਦਾ ਅਗਲਾ ਹਿੱਸਾ ਦਲਦਲੀ ਰੇਤ ਵਿਚ ਖੁੱਭ ਗਿਆ ਅਤੇ ਦੋਵੇਂ ਪਾਸਿਓਂ ਤੇਜ਼ ਲਹਿਰਾਂ ਦੀ ਮਾਰ ਨਾਲ ਜਹਾਜ਼ ਦਾ ਪਿਛਲਾ ਪਾਸਾ ਟੁੱਟਣਾ ਸ਼ੁਰੂ ਹੋ ਗਿਆ। ਕੁਝ ਫ਼ੌਜੀਆਂ ਨੇ ਕੈਦੀਆਂ ਨੂੰ ਮਾਰਨ ਦੀ ਸੋਚੀ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਕੈਦੀ ਭੱਜ ਜਾਣਗੇ, ਪਰ ਯੂਲਿਉਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਸ ਨੇ ਸਾਰਿਆਂ ਨੂੰ ਤੈਰ ਕੇ ਜਾਂ ਕਿਸੇ ਹੋਰ ਚੀਜ਼ ਦੇ ਸਹਾਰੇ ਕੰਢੇ ʼਤੇ ਜਾਣ ਲਈ ਕਿਹਾ। ਵਾਕਈ, ਪੌਲੁਸ ਦੀ ਗੱਲ ਸੱਚ ਸਾਬਤ ਹੋਈ। ਸਾਰੇ ਦੇ ਸਾਰੇ 276 ਜਣੇ ਬਚ ਗਏ। ਜੀ ਹਾਂ, “ਸਾਰੇ ਬਚ ਕੇ ਸਹੀ-ਸਲਾਮਤ ਕੰਢੇ ʼਤੇ ਪਹੁੰਚ ਗਏ।” ਪਰ ਕਿੱਥੇ?​—ਰਸੂ. 27:44.

‘ਇਨਸਾਨੀਅਤ ਦੇ ਨਾਤੇ ਸਾਡੇ ਉੱਤੇ ਬੜੀ ਦਇਆ ਕੀਤੀ’ (ਰਸੂ. 28:1-10)

18-20. ਮਾਲਟਾ ਦੇ ਲੋਕਾਂ ਨੇ ‘ਇਨਸਾਨੀਅਤ ਦੇ ਨਾਤੇ ਬੜੀ ਦਇਆ’ ਕਿਵੇਂ ਕੀਤੀ ਅਤੇ ਪਰਮੇਸ਼ੁਰ ਨੇ ਪੌਲੁਸ ਦੇ ਜ਼ਰੀਏ ਕਿਹੜਾ ਚਮਤਕਾਰ ਕੀਤਾ ਸੀ?

18 ਉਹ ਸਿਸਲੀ ਦੇ ਦੱਖਣ ਵੱਲ ਮਾਲਟਾ ਟਾਪੂ ʼਤੇ ਪਹੁੰਚ ਗਏ ਸਨ। (“ ਮਾਲਟਾ​—ਕਿੱਥੇ?” ਨਾਂ ਦੀ ਡੱਬੀ ਦੇਖੋ।) ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਠੰਢ ਸੀ ਜਿਸ ਕਰਕੇ ਉਹ ਪੂਰੀ ਤਰ੍ਹਾਂ ਭਿੱਜੇ ਹੋਏ ਸਨ ਅਤੇ ਠੰਢ ਨਾਲ ਕੰਬ ਰਹੇ ਸਨ। ਇਸ ਲਈ ਟਾਪੂ ਦੇ ਲੋਕਾਂ ਨੇ ‘ਇਨਸਾਨੀਅਤ ਦੇ ਨਾਤੇ ਉਨ੍ਹਾਂ ਉੱਤੇ ਬੜੀ ਦਇਆ’ ਕਰਦੇ ਹੋਏ ਉਨ੍ਹਾਂ ਅਜਨਬੀਆਂ ਲਈ ਅੱਗ ਬਾਲ਼ੀ। (ਰਸੂ. 28:2) ਅੱਗ ਸੇਕਣ ਨਾਲ ਉਨ੍ਹਾਂ ਨੂੰ ਨਿੱਘ ਮਿਲਿਆ। ਨਾਲੇ ਉਦੋਂ ਇਕ ਚਮਤਕਾਰ ਵੀ ਹੋਇਆ!

19 ਜਦੋਂ ਪੌਲੁਸ ਵੀ ਮਦਦ ਕਰਨ ਦੇ ਇਰਾਦੇ ਨਾਲ ਲੱਕੜਾਂ ਇਕੱਠੀਆਂ ਕਰ ਕੇ ਅੱਗ ਵਿਚ ਪਾ ਰਿਹਾ ਸੀ, ਤਾਂ ਉਸੇ ਵੇਲੇ ਇਕ ਜ਼ਹਿਰੀਲਾ ਸੱਪ ਨਿਕਲ ਆਇਆ। ਸੱਪ ਨੇ ਪੌਲੁਸ ਨੂੰ ਡੰਗ ਮਾਰ ਕੇ ਉਸ ਦੇ ਹੱਥ ਦੁਆਲੇ ਲਪੇਟਾ ਮਾਰ ਲਿਆ। ਟਾਪੂ ਦੇ ਲੋਕਾਂ ਨੇ ਸੋਚਿਆ ਕਿ ਦੇਵਤਿਆਂ ਨੇ ਉਸ ਨੂੰ ਕਿਸੇ ਗੁਨਾਹ ਦੀ ਸਜ਼ਾ ਦਿੱਤੀ ਸੀ। a

20 ਜਿਨ੍ਹਾਂ ਲੋਕਾਂ ਨੇ ਸੱਪ ਨੂੰ ਪੌਲੁਸ ਦੇ ਡੰਗ ਮਾਰਦੇ ਦੇਖਿਆ ਸੀ, ਉਨ੍ਹਾਂ ਨੇ ਸੋਚਿਆ ਕਿ ਉਸ ਦਾ “ਸਾਰਾ ਸਰੀਰ ਸੁੱਜ ਜਾਵੇਗਾ।” ਇਕ ਕਿਤਾਬ ਅਨੁਸਾਰ ਇੱਥੇ ਯੂਨਾਨੀ ਭਾਸ਼ਾ ਵਿਚ ਇਕ “ਡਾਕਟਰੀ ਸ਼ਬਦ” ਵਰਤਿਆ ਗਿਆ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ “ਪਿਆਰੇ ਭਰਾ ਅਤੇ ਹਕੀਮ ਲੂਕਾ” ਦੇ ਦਿਮਾਗ਼ ਵਿਚ ਇਹੀ ਸ਼ਬਦ ਆਇਆ ਹੋਣਾ। (ਰਸੂ. 28:6; ਕੁਲੁ. 4:14) ਜੋ ਵੀ ਸੀ, ਪੌਲੁਸ ਨੂੰ ਕੁਝ ਨਹੀਂ ਹੋਇਆ ਤੇ ਉਸ ਨੇ ਆਪਣਾ ਹੱਥ ਝਟਕ ਕੇ ਸੱਪ ਨੂੰ ਸੁੱਟ ਦਿੱਤਾ।

21. (ੳ) ਕੁਝ ਉਦਾਹਰਣਾਂ ਦਿਓ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਲੂਕਾ ਨੇ ਹਰ ਘਟਨਾ ਦਾ ਸਹੀ-ਸਹੀ ਵੇਰਵਾ ਦਿੱਤਾ। (ਅ) ਪੌਲੁਸ ਨੇ ਕਿਹੜੇ ਚਮਤਕਾਰ ਕੀਤੇ ਅਤੇ ਇਸ ਦਾ ਮਾਲਟਾ ਦੇ ਲੋਕਾਂ ʼਤੇ ਕੀ ਅਸਰ ਪਿਆ?

21 ਉਸ ਇਲਾਕੇ ਵਿਚ ਪੁਬਲੀਉਸ ਨਾਂ ਦਾ ਇਕ ਅਮੀਰ ਜ਼ਮੀਂਦਾਰ ਰਹਿੰਦਾ ਸੀ। ਉਹ ਸ਼ਾਇਦ ਮਾਲਟਾ ਦਾ ਮੁੱਖ ਰੋਮੀ ਅਫ਼ਸਰ ਸੀ। ਲੂਕਾ ਨੇ ਉਸ ਨੂੰ ‘ਟਾਪੂ ਦਾ ਸਰਦਾਰ’ ਕਿਹਾ। ਇਹ ਖ਼ਿਤਾਬ ਮਾਲਟਾ ਵਿਚ ਮਿਲੀਆਂ ਦੋ ਚੀਜ਼ਾਂ ਉੱਤੇ ਵੀ ਉੱਕਰਿਆ ਹੋਇਆ ਸੀ। ਉਸ ਨੇ ਤਿੰਨ ਦਿਨ ਪੌਲੁਸ ਅਤੇ ਉਸ ਦੇ ਸਾਥੀਆਂ ਦੀ ਪਰਾਹੁਣਚਾਰੀ ਕੀਤੀ। ਪਰ ਪੁਬਲੀਉਸ ਦਾ ਪਿਤਾ ਬੀਮਾਰ ਸੀ। ਇਕ ਵਾਰ ਫਿਰ ਲੂਕਾ ਨੇ ਡਾਕਟਰੀ ਭਾਸ਼ਾ ਦੇ ਸ਼ਬਦ ਵਰਤਦਿਆਂ ਉਸ ਦੀ ਹਾਲਤ ਸਹੀ-ਸਹੀ ਬਿਆਨ ਕੀਤੀ। ਉਸ ਨੇ ਲਿਖਿਆ ਕਿ ਉਸ ਦੇ ਪਿਤਾ ਨੂੰ “ਬੁਖ਼ਾਰ ਚੜ੍ਹਿਆ ਹੋਇਆ ਸੀ ਅਤੇ ਉਸ ਨੂੰ ਮਰੋੜ ਲੱਗੇ ਹੋਏ ਸਨ।” ਪੌਲੁਸ ਨੇ ਪ੍ਰਾਰਥਨਾ ਕੀਤੀ ਅਤੇ ਆਪਣੇ ਹੱਥ ਉਸ ਉੱਤੇ ਰੱਖੇ ਜਿਸ ਨਾਲ ਉਹ ਠੀਕ ਹੋ ਗਿਆ। ਇਸ ਚਮਤਕਾਰ ਤੋਂ ਪ੍ਰਭਾਵਿਤ ਹੋ ਕੇ ਉੱਥੋਂ ਦੇ ਲੋਕ ਹੋਰ ਬੀਮਾਰਾਂ ਨੂੰ ਠੀਕ ਕਰਨ ਲਈ ਪੌਲੁਸ ਕੋਲ ਲਿਆਉਣ ਲੱਗੇ ਅਤੇ ਉਨ੍ਹਾਂ ਨੇ ਪੌਲੁਸ ਤੇ ਉਸ ਦੇ ਸਾਥੀਆਂ ਨੂੰ ਤੋਹਫ਼ੇ ਵਿਚ ਲੋੜੀਂਦੀਆਂ ਚੀਜ਼ਾਂ ਦਿੱਤੀਆਂ।​—ਰਸੂ. 28:7-10.

22. (ੳ) ਲੂਕਾ ਨੇ ਪੌਲੁਸ ਦੇ ਸਫ਼ਰ ਬਾਰੇ ਜੋ ਜਾਣਕਾਰੀ ਦਿੱਤੀ, ਉਸ ਦੀ ਇਕ ਪ੍ਰੋਫ਼ੈਸਰ ਨੇ ਕਿਉਂ ਤਾਰੀਫ਼ ਕੀਤੀ ਹੈ? (ਅ) ਅਸੀਂ ਅਗਲੇ ਅਧਿਆਇ ਵਿਚ ਕੀ ਦੇਖਾਂਗੇ?

22 ਪੌਲੁਸ ਦੇ ਹੁਣ ਤਕ ਦੇ ਸਫ਼ਰ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ, ਉਹ ਬਿਲਕੁਲ ਸੱਚ ਹੈ। ਇਕ ਪ੍ਰੋਫ਼ੈਸਰ ਨੇ ਕਿਹਾ: ‘ਲੂਕਾ ਨੇ ਇਹ ਜਾਣਕਾਰੀ ਜਿੰਨੀ ਬਾਰੀਕੀ ਨਾਲ ਦਿੱਤੀ ਹੈ, ਉੱਨੀ ਬਾਈਬਲ ਵਿਚ ਹੋਰ ਕਿਤੇ ਵੀ ਨਹੀਂ ਦਿੱਤੀ ਗਈ। ਇਸ ਵਿਚ ਪਹਿਲੀ ਸਦੀ ਵਿਚ ਸਮੁੰਦਰੀ ਜਹਾਜ਼ ਨੂੰ ਚਲਾਉਣ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ ਹੈ ਅਤੇ ਪੂਰਬੀ ਭੂਮੱਧ ਸਾਗਰ ਦੇ ਮੌਸਮ ਬਾਰੇ ਸਹੀ-ਸਹੀ ਦੱਸਿਆ ਗਿਆ ਹੈ। ਇਸ ਤੋਂ ਲੱਗਦਾ ਹੈ ਕਿ ਇਹ ਸਾਰੀ ਜਾਣਕਾਰੀ ਕਿਸੇ ਡਾਇਰੀ ਵਿੱਚੋਂ ਲਈ ਗਈ ਸੀ।’ ਪੌਲੁਸ ਨਾਲ ਸਫ਼ਰ ਕਰਦਿਆਂ ਸ਼ਾਇਦ ਲੂਕਾ ਇਹ ਗੱਲਾਂ ਨਾਲ-ਨਾਲ ਲਿਖਦਾ ਰਿਹਾ ਹੋਣਾ। ਜੇ ਇਸ ਤਰ੍ਹਾਂ ਹੈ, ਤਾਂ ਉਸ ਕੋਲ ਪੌਲੁਸ ਦੇ ਸਫ਼ਰ ਦੇ ਅਗਲੇ ਹਿੱਸੇ ਦੌਰਾਨ ਲਿਖਣ ਲਈ ਬਹੁਤ ਕੁਝ ਹੋਵੇਗਾ। ਰੋਮ ਪਹੁੰਚ ਕੇ ਪੌਲੁਸ ਨਾਲ ਕੀ ਹੋਵੇਗਾ? ਆਓ ਦੇਖੀਏ।

a ਲੋਕਾਂ ਦੀ ਜ਼ਹਿਰੀਲੇ ਸੱਪਾਂ ਬਾਰੇ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਉੱਥੇ ਅਜਿਹੇ ਸੱਪ ਆਮ ਹੀ ਹੁੰਦੇ ਸਨ। ਅੱਜ ਦੇ ਸਮੇਂ ਮਾਲਟਾ ਵਿਚ ਇਹ ਸੱਪ ਨਹੀਂ ਪਾਏ ਜਾਂਦੇ। ਸਦੀਆਂ ਦੌਰਾਨ ਉੱਥੇ ਕੁਦਰਤੀ ਵਾਤਾਵਰਣ ਵਿਚ ਤਬਦੀਲੀ ਆਉਣ ਕਰਕੇ ਜਾਂ ਟਾਪੂ ʼਤੇ ਇਨਸਾਨਾਂ ਦੀ ਜਨਸੰਖਿਆ ਵਧਣ ਕਰਕੇ ਇਹ ਸੱਪ ਪੂਰੀ ਤਰ੍ਹਾਂ ਲੁਪਤ ਹੋ ਗਏ।