ਅਧਿਆਇ 25
“ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”
ਪੌਲੁਸ ਖ਼ੁਸ਼ ਖ਼ਬਰੀ ਦੇ ਪੱਖ ਵਿਚ ਲੜਾਈ ਲੜਨ ਵਿਚ ਮਿਸਾਲ ਕਾਇਮ ਕਰਦਾ ਹੈ
ਰਸੂਲਾਂ ਦੇ ਕੰਮ 25:1–26:32 ਵਿੱਚੋਂ
1, 2. (ੳ) ਪੌਲੁਸ ਦੇ ਹਾਲਾਤ ਕਿਹੋ ਜਿਹੇ ਸਨ? (ਅ) ਸਮਰਾਟ ਨੂੰ ਫ਼ਰਿਆਦ ਕਰਨ ਦੇ ਪੌਲੁਸ ਦੇ ਫ਼ੈਸਲੇ ਬਾਰੇ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?
ਪੌਲੁਸ ਕੈਸਰੀਆ ਵਿਚ ਸਖ਼ਤ ਨਿਗਰਾਨੀ ਹੇਠ ਹੈ। ਦੋ ਸਾਲ ਪਹਿਲਾਂ ਜਦ ਉਹ ਯਹੂਦਿਯਾ ਵਾਪਸ ਆਇਆ ਸੀ, ਤਾਂ ਕੁਝ ਹੀ ਦਿਨਾਂ ਦੇ ਅੰਦਰ-ਅੰਦਰ ਯਹੂਦੀਆਂ ਨੇ ਉਸ ਨੂੰ ਘੱਟੋ-ਘੱਟ ਤਿੰਨ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। (ਰਸੂ. 21:27-36; 23:10, 12-15, 27) ਉਸ ਦੇ ਦੁਸ਼ਮਣਾਂ ਨੂੰ ਮੂੰਹ ਦੀ ਖਾਣੀ ਪਈ, ਪਰ ਅਜੇ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ। ਜਦ ਪੌਲੁਸ ਨੂੰ ਲੱਗਦਾ ਹੈ ਕਿ ਉਹ ਕਦੇ ਵੀ ਉਨ੍ਹਾਂ ਦੇ ਹੱਥੇ ਚੜ੍ਹ ਸਕਦਾ ਹੈ, ਤਾਂ ਉਸ ਨੇ ਰੋਮੀ ਰਾਜਪਾਲ ਫ਼ੇਸਤੁਸ ਨੂੰ ਕਿਹਾ: “ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!”—ਰਸੂ. 25:11.
2 ਕੀ ਯਹੋਵਾਹ ਨੇ ਰੋਮੀ ਸਮਰਾਟ ਨੂੰ ਫ਼ਰਿਆਦ ਕਰਨ ਦੇ ਫ਼ੈਸਲੇ ਵਿਚ ਪੌਲੁਸ ਦਾ ਸਾਥ ਦਿੱਤਾ ਸੀ? ਸਾਡੇ ਲਈ ਇਸ ਦਾ ਜਵਾਬ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਵੀ ਇਨ੍ਹਾਂ ਆਖ਼ਰੀ ਦਿਨਾਂ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇ ਰਹੇ ਹਾਂ। ਸਾਨੂੰ ਜਾਣਨ ਦੀ ਲੋੜ ਹੈ ਕਿ ਅਸੀਂ “ਖ਼ੁਸ਼ ਖ਼ਬਰੀ ਦੇ ਪੱਖ ਵਿਚ ਬੋਲਣ ਅਤੇ ਇਸ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਦੀ ਕਾਨੂੰਨੀ ਲੜਾਈ” ਲੜਦਿਆਂ ਪੌਲੁਸ ਦੀ ਰੀਸ ਕਰ ਸਕਦੇ ਹਾਂ ਜਾਂ ਨਹੀਂ।—ਫ਼ਿਲਿ. 1:7.
‘ਮੈਂ ਨਿਆਂ ਦੇ ਸਿੰਘਾਸਣ ਸਾਮ੍ਹਣੇ ਖੜ੍ਹਾ ਹਾਂ’ (ਰਸੂ. 25:1-12)
3, 4. (ੳ) ਪੌਲੁਸ ਨੂੰ ਕੈਸਰੀਆ ਤੋਂ ਯਰੂਸ਼ਲਮ ਲਿਆਉਣ ਦੀ ਯਹੂਦੀਆਂ ਦੀ ਗੁਜ਼ਾਰਸ਼ ਪਿੱਛੇ ਅਸਲੀ ਕਾਰਨ ਕੀ ਸੀ ਅਤੇ ਪੌਲੁਸ ਮੌਤ ਦੇ ਮੂੰਹੋਂ ਕਿਵੇਂ ਬਚਿਆ? (ਅ) ਪੌਲੁਸ ਵਾਂਗ ਅੱਜ ਯਹੋਵਾਹ ਆਪਣੇ ਸੇਵਕਾਂ ਨੂੰ ਕਿਵੇਂ ਸੰਭਾਲਦਾ ਹੈ?
3 ਯਹੂਦਿਯਾ ਦੇ ਨਵੇਂ ਰਾਜਪਾਲ ਵਜੋਂ ਅਹੁਦਾ ਸੰਭਾਲਣ ਤੋਂ ਤਿੰਨ ਦਿਨਾਂ ਬਾਅਦ ਫ਼ੇਸਤੁਸ ਯਰੂਸ਼ਲਮ ਗਿਆ। a ਉੱਥੇ ਉਸ ਕੋਲ ਮੁੱਖ ਪੁਜਾਰੀ ਅਤੇ ਯਹੂਦੀਆਂ ਦੇ ਵੱਡੇ-ਵੱਡੇ ਬੰਦਿਆਂ ਨੇ ਆ ਕੇ ਪੌਲੁਸ ʼਤੇ ਗੰਭੀਰ ਅਪਰਾਧ ਕਰਨ ਦੇ ਦੋਸ਼ ਲਾਏ। ਉਹ ਜਾਣਦੇ ਸਨ ਕਿ ਉੱਚ ਅਧਿਕਾਰੀਆਂ ਵੱਲੋਂ ਨਵੇਂ ਰਾਜਪਾਲ ਉੱਤੇ ਉਨ੍ਹਾਂ ਨਾਲ ਅਤੇ ਸਾਰੇ ਯਹੂਦੀਆਂ ਨਾਲ ਸ਼ਾਂਤੀ ਬਣਾਈ ਰੱਖਣ ਦਾ ਦਬਾਅ ਸੀ। ਇਸ ਲਈ ਉਨ੍ਹਾਂ ਨੇ ਫ਼ੇਸਤੁਸ ਨੂੰ ਇਹ ਗੁਜ਼ਾਰਸ਼ ਕੀਤੀ: ਪੌਲੁਸ ਨੂੰ ਯਰੂਸ਼ਲਮ ਲਿਆ ਕੇ ਉਸ ʼਤੇ ਮੁਕੱਦਮਾ ਚਲਾਇਆ ਜਾਵੇ। ਅਸਲ ਵਿਚ, ਇਸ ਬੇਨਤੀ ਪਿੱਛੇ ਇਕ ਗਹਿਰੀ ਸਾਜ਼ਸ਼ ਸੀ। ਪੌਲੁਸ ਦੇ ਦੁਸ਼ਮਣਾਂ ਦੀ ਯੋਜਨਾ ਸੀ ਕਿ ਉਹ ਕੈਸਰੀਆ ਤੋਂ ਯਰੂਸ਼ਲਮ ਦੇ ਰਸਤੇ ਵਿਚ ਹੀ ਉਸ ਦਾ ਕੰਮ ਤਮਾਮ ਕਰ ਦੇਣਗੇ। ਫ਼ੇਸਤੁਸ ਨੇ ਉਨ੍ਹਾਂ ਦੀ ਬੇਨਤੀ ਠੁਕਰਾਉਂਦੇ ਹੋਏ ਕਿਹਾ: “ਜੇ ਇਸ ਬੰਦੇ ਨੇ ਵਾਕਈ ਕੋਈ ਗ਼ਲਤ ਕੰਮ ਕੀਤਾ ਹੈ, ਤਾਂ ਤੁਹਾਡੇ ਵਿੱਚੋਂ ਮੋਹਰੀ ਬੰਦੇ ਮੇਰੇ ਨਾਲ [ਕੈਸਰੀਆ] ਚੱਲ ਕੇ ਉਸ ਉੱਤੇ ਦੋਸ਼ ਲਾਉਣ।” (ਰਸੂ. 25:5) ਇਕ ਵਾਰ ਫਿਰ ਪੌਲੁਸ ਮੌਤ ਦੇ ਮੂੰਹੋਂ ਬਚ ਗਿਆ।
4 ਇਨ੍ਹਾਂ ਸਾਰੀਆਂ ਪਰੀਖਿਆਵਾਂ ਦੌਰਾਨ ਯਹੋਵਾਹ ਨੇ ਯਿਸੂ ਮਸੀਹ ਰਾਹੀਂ ਪੌਲੁਸ ਨੂੰ ਸੰਭਾਲਿਆ। ਯਾਦ ਕਰੋ ਇਕ ਦਰਸ਼ਣ ਵਿਚ ਯਿਸੂ ਨੇ ਇਸ ਰਸੂਲ ਨੂੰ ਕਿਹਾ ਸੀ: “ਹੌਸਲਾ ਰੱਖ!” (ਰਸੂ. 23:11) ਅੱਜ ਵੀ ਪਰਮੇਸ਼ੁਰ ਦੇ ਸੇਵਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਹਨ ਅਤੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ। ਭਾਵੇਂ ਯਹੋਵਾਹ ਸਾਨੂੰ ਹਰ ਪਰੀਖਿਆ ਤੋਂ ਬਚਾਉਂਦਾ ਨਹੀਂ, ਪਰ ਉਹ ਸਾਨੂੰ ਇਨ੍ਹਾਂ ਪਰੀਖਿਆਵਾਂ ਅੱਗੇ ਡਟੇ ਰਹਿਣ ਲਈ ਬੁੱਧ ਤੇ ਤਾਕਤ ਜ਼ਰੂਰ ਦਿੰਦਾ ਹੈ। ਅਸੀਂ ਹਮੇਸ਼ਾ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ ਕਿ ਸਾਡਾ ਪਿਆਰ ਕਰਨ ਵਾਲਾ ਪਰਮੇਸ਼ੁਰ ਸਾਨੂੰ “ਤਾਕਤ” ਦੇਵੇਗਾ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।”—2 ਕੁਰਿੰ. 4:7.
5. ਫ਼ੇਸਤੁਸ ਨੇ ਪੌਲੁਸ ਨਾਲ ਕਿਹੋ ਜਿਹਾ ਸਲੂਕ ਕੀਤਾ?
5 ਕੁਝ ਦਿਨਾਂ ਬਾਅਦ ਫ਼ੇਸਤੁਸ ਕੈਸਰੀਆ ਵਿਚ “ਨਿਆਂ ਦੇ ਸਿੰਘਾਸਣ ʼਤੇ ਬੈਠ ਗਿਆ।” b ਉਸ ਦੇ ਸਾਮ੍ਹਣੇ ਪੌਲੁਸ ਅਤੇ ਉਸ ʼਤੇ ਦੋਸ਼ ਲਾਉਣ ਵਾਲੇ ਖੜ੍ਹੇ ਸਨ। ਉਨ੍ਹਾਂ ਦੇ ਬੇਬੁਨਿਆਦ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਪੌਲੁਸ ਨੇ ਕਿਹਾ: “ਮੈਂ ਨਾ ਤਾਂ ਯਹੂਦੀਆਂ ਦੇ ਕਾਨੂੰਨ ਦੇ ਖ਼ਿਲਾਫ਼, ਨਾ ਮੰਦਰ ਦੇ ਖ਼ਿਲਾਫ਼ ਅਤੇ ਨਾ ਹੀ ਸਮਰਾਟ ਦੇ ਖ਼ਿਲਾਫ਼ ਕੋਈ ਪਾਪ ਕੀਤਾ ਹੈ।” ਪੌਲੁਸ ਰਸੂਲ ਬੇਕਸੂਰ ਸੀ ਤੇ ਉਸ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਸੀ। ਪਰ ਫ਼ੇਸਤੁਸ ਕੀ ਫ਼ੈਸਲਾ ਕਰੇਗਾ? ਯਹੂਦੀਆਂ ਨੂੰ ਖ਼ੁਸ਼ ਕਰਨ ਦੇ ਮਾਰੇ ਉਸ ਨੇ ਪੌਲੁਸ ਨੂੰ ਪੁੱਛਿਆ: “ਕੀ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਤਾਂਕਿ ਉੱਥੇ ਮੇਰੀ ਹਾਜ਼ਰੀ ਵਿਚ ਇਨ੍ਹਾਂ ਮਸਲਿਆਂ ਬਾਰੇ ਤੇਰਾ ਨਿਆਂ ਕੀਤਾ ਜਾਵੇ?” (ਰਸੂ. 25:6-9) ਕਿੰਨਾ ਹੀ ਬੇਤੁਕਾ ਸਵਾਲ! ਜੇ ਪੌਲੁਸ ਨੂੰ ਯਰੂਸ਼ਲਮ ਭੇਜਿਆ ਜਾਂਦਾ, ਤਾਂ ਉਸ ʼਤੇ ਦੋਸ਼ ਲਾਉਣ ਵਾਲਿਆਂ ਨੇ ਹੀ ਖ਼ੁਦ ਮੁਕੱਦਮੇ ਦਾ ਫ਼ੈਸਲਾ ਕਰ ਕੇ ਯਕੀਨਨ ਉਸ ਨੂੰ ਸਜ਼ਾ-ਏ-ਮੌਤ ਦੇ ਦੇਣੀ ਸੀ। ਇਸ ਮਾਮਲੇ ਵਿਚ ਫ਼ੇਸਤੁਸ ਸਹੀ ਨਿਆਂ ਕਰਨ ਦੀ ਬਜਾਇ ਆਪਣਾ ਸਿਆਸੀ ਫ਼ਾਇਦਾ ਦੇਖ ਰਿਹਾ ਸੀ। ਕੁਝ ਸਮਾਂ ਪਹਿਲਾਂ ਵੀ ਇਸ ਤਰ੍ਹਾਂ ਹੋ ਚੁੱਕਾ ਸੀ ਜਦੋਂ ਰਾਜਪਾਲ ਪੁੰਤੀਅਸ ਪਿਲਾਤੁਸ ਨੇ ਯਿਸੂ ਮਸੀਹ ਦੇ ਕੇਸ ਦੀ ਸੁਣਵਾਈ ਕੀਤੀ ਸੀ। (ਯੂਹੰ. 19:12-16) ਅੱਜ ਵੀ ਜੱਜ ਸ਼ਾਇਦ ਰਾਜਨੀਤਿਕ ਦਬਾਅ ਹੇਠ ਆ ਕੇ ਸਹੀ ਨਿਆਂ ਨਾ ਕਰਨ। ਇਸ ਲਈ ਜਦੋਂ ਅਦਾਲਤਾਂ ਪੱਖਪਾਤ ਕਰਦਿਆਂ ਪਰਮੇਸ਼ੁਰ ਦੇ ਲੋਕਾਂ ਦੇ ਹੱਕ ਵਿਚ ਫ਼ੈਸਲੇ ਨਹੀਂ ਕਰਦੀਆਂ, ਤਾਂ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ।
6, 7. ਪੌਲੁਸ ਨੇ ਸਮਰਾਟ ਨੂੰ ਫ਼ਰਿਆਦ ਕਿਉਂ ਕੀਤੀ ਸੀ ਅਤੇ ਉਸ ਨੇ ਅੱਜ ਦੇ ਮਸੀਹੀਆਂ ਲਈ ਕਿਹੜੀ ਉਦਾਹਰਣ ਰੱਖੀ?
6 ਯਹੂਦੀਆਂ ਨੂੰ ਖ਼ੁਸ਼ ਕਰਨ ਦੀ ਫ਼ੇਸਤੁਸ ਦੀ ਇੱਛਾ ਪੌਲੁਸ ਨੂੰ ਮੌਤ ਦੇ ਮੂੰਹ ਵਿਚ ਲੈ ਜਾ ਸਕਦੀ ਸੀ। ਇਸ ਲਈ ਪੌਲੁਸ ਨੇ ਰੋਮੀ ਨਾਗਰਿਕ ਹੋਣ ਦੇ ਅਧਿਕਾਰ ਦਾ ਫ਼ਾਇਦਾ ਲੈਂਦੇ ਹੋਏ ਫ਼ੇਸਤੁਸ ਨੂੰ ਕਿਹਾ: “ਮੈਂ ਸਮਰਾਟ ਦੇ ਨਿਆਂ ਦੇ ਸਿੰਘਾਸਣ ਸਾਮ੍ਹਣੇ ਖੜ੍ਹਾ ਹਾਂ, ਇਸ ਲਈ ਇੱਥੇ ਹੀ ਮੇਰਾ ਨਿਆਂ ਕੀਤਾ ਜਾਣਾ ਚਾਹੀਦਾ ਹੈ। ਮੈਂ ਯਹੂਦੀਆਂ ਦਾ ਕੁਝ ਨਹੀਂ ਵਿਗਾੜਿਆ ਜਿਵੇਂ ਕਿ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਲੱਗ ਰਿਹਾ ਹੈ। . . . ਮੈਂ ਸਮਰਾਟ ਨੂੰ ਫ਼ਰਿਆਦ ਕਰਦਾ ਹਾਂ!” ਜਦੋਂ ਕੋਈ ਇਕ ਵਾਰ ਸਮਰਾਟ ਨੂੰ ਫ਼ਰਿਆਦ ਕਰ ਦਿੰਦਾ ਸੀ, ਤਾਂ ਆਮ ਤੌਰ ਤੇ ਉਸ ਫ਼ਰਿਆਦ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਸੀ। ਇਸ ਗੱਲ ʼਤੇ ਜ਼ੋਰ ਦਿੰਦੇ ਹੋਏ ਫ਼ੇਸਤੁਸ ਨੇ ਕਿਹਾ: “ਤੂੰ ਸਮਰਾਟ ਨੂੰ ਫ਼ਰਿਆਦ ਕੀਤੀ ਹੈ; ਤੂੰ ਸਮਰਾਟ ਕੋਲ ਹੀ ਜਾਵੇਂਗਾ।” (ਰਸੂ. 25:10-12) ਪੌਲੁਸ ਨੇ ਰਾਜਪਾਲ ਤੋਂ ਵੀ ਜ਼ਿਆਦਾ ਅਧਿਕਾਰ ਰੱਖਣ ਵਾਲੇ ਨੂੰ ਫ਼ਰਿਆਦ ਕਰ ਕੇ ਅੱਜ ਸੱਚੇ ਮਸੀਹੀਆਂ ਲਈ ਬਹੁਤ ਵਧੀਆ ਉਦਾਹਰਣ ਰੱਖੀ। ਜਦੋਂ ਵਿਰੋਧੀ “ਕਾਨੂੰਨ ਦਾ ਸਹਾਰਾ ਲੈ ਕੇ” ਯਹੋਵਾਹ ਦੇ ਗਵਾਹਾਂ ਲਈ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ, ਤਾਂ ਉਹ ਵੀ ਕਾਨੂੰਨ ਦਾ ਸਹਾਰਾ ਲੈ ਕੇ ਖ਼ੁਸ਼ ਖ਼ਬਰੀ ਦੇ ਪੱਖ ਵਿਚ ਲੜਾਈ ਲੜਦੇ ਹਨ। c—ਜ਼ਬੂ. 94:20.
7 ਬਿਨਾਂ ਕਿਸੇ ਅਪਰਾਧ ਦੇ ਦੋ ਸਾਲ ਕੈਦ ਕੱਟਣ ਤੋਂ ਬਾਅਦ ਪੌਲੁਸ ਨੂੰ ਰੋਮ ਵਿਚ ਆਪਣੀ ਸਫ਼ਾਈ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਪਰ ਉਸ ਦੇ ਉੱਥੇ ਜਾਣ ਤੋਂ ਪਹਿਲਾਂ ਇਕ ਹੋਰ ਰਾਜਾ ਉਸ ਦੀ ਗੱਲ ਸੁਣਨੀ ਚਾਹੁੰਦਾ ਸੀ।
‘ਮੈਂ ਆਗਿਆ ਦੀ ਉਲੰਘਣਾ ਨਹੀਂ ਕੀਤੀ’ (ਰਸੂ. 25:13–26:23)
8, 9. ਰਾਜਾ ਅਗ੍ਰਿੱਪਾ ਕੈਸਰੀਆ ਕਿਉਂ ਆਇਆ ਸੀ?
8 ਪੌਲੁਸ ਦੁਆਰਾ ਕੈਸਰ ਨੂੰ ਫ਼ਰਿਆਦ ਕਰਨ ਤੋਂ ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ ਤੇ ਉਸ ਦੀ ਭੈਣ ਬਰਨੀਕੇ ਨਵੇਂ ਰਾਜਪਾਲ ਦੇ “ਦਰਸ਼ਣ ਕਰਨ” ਆਏ। d ਰੋਮ ਦੇ ਜ਼ਮਾਨੇ ਵਿਚ ਅਧਿਕਾਰੀ ਅਕਸਰ ਨਵੇਂ ਰਾਜਪਾਲਾਂ ਦੇ ਦਰਸ਼ਣ ਕਰਨ ਜਾਂਦੇ ਹੁੰਦੇ ਸਨ। ਫ਼ੇਸਤੁਸ ਨੂੰ ਰਾਜਪਾਲ ਬਣਨ ਦੀਆਂ ਮੁਬਾਰਕਾਂ ਦੇ ਕੇ ਅਗ੍ਰਿੱਪਾ ਉਸ ਨਾਲ ਰਾਜਨੀਤਿਕ ਸੰਬੰਧ ਕਾਇਮ ਕਰਨ ਅਤੇ ਦੋਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।—ਰਸੂ. 25:13.
9 ਫ਼ੇਸਤੁਸ ਨੇ ਰਾਜੇ ਨੂੰ ਪੌਲੁਸ ਬਾਰੇ ਦੱਸਿਆ ਤੇ ਅਗ੍ਰਿੱਪਾ ਨੇ ਪੌਲੁਸ ਦੀ ਗੱਲ ਸੁਣਨ ਦੀ ਇੱਛਾ ਜ਼ਾਹਰ ਕੀਤੀ। ਅਗਲੇ ਦਿਨ ਦੋਵੇਂ ਰਾਜੇ ਪੌਲੁਸ ਦੀ ਗੱਲ ਸੁਣਨ ਲਈ ਬੈਠੇ। ਪਰ ਪੌਲੁਸ ਦੀਆਂ ਦਲੀਲਾਂ ਸਾਮ੍ਹਣੇ ਇਨ੍ਹਾਂ ਦੀ ਤਾਕਤ ਤੇ ਠਾਠ-ਬਾਠ ਫਿੱਕੀ ਪੈ ਗਈ।—ਰਸੂ. 25:22-27.
10, 11. ਪੌਲੁਸ ਨੇ ਅਗ੍ਰਿੱਪਾ ਨੂੰ ਆਦਰ ਕਿਵੇਂ ਦਿਖਾਇਆ ਅਤੇ ਆਪਣੀ ਬੀਤੀ ਜ਼ਿੰਦਗੀ ਬਾਰੇ ਉਸ ਨੂੰ ਕੀ-ਕੀ ਦੱਸਿਆ?
10 ਪੌਲੁਸ ਨੇ ਬੜੇ ਆਦਰ ਨਾਲ ਰਾਜਾ ਅਗ੍ਰਿੱਪਾ ਦਾ ਧੰਨਵਾਦ ਕੀਤਾ ਕਿ ਰਾਜੇ ਨੇ ਉਸ ਨੂੰ ਸਫ਼ਾਈ ਪੇਸ਼ ਕਰਨ ਦਾ ਮੌਕਾ ਦਿੱਤਾ। ਨਾਲੇ ਉਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਰਾਜਾ ਯਹੂਦੀਆਂ ਦੇ ਰੀਤਾਂ-ਰਿਵਾਜਾਂ ਅਤੇ ਝਗੜਿਆਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਫਿਰ ਪੌਲੁਸ ਆਪਣੀ ਬੀਤੀ ਜ਼ਿੰਦਗੀ ਬਾਰੇ ਦੱਸਦਾ ਹੈ: “ਮੈਂ ਆਪਣੇ ਧਰਮ ਦੇ ਸਭ ਤੋਂ ਕੱਟੜ ਪੰਥ ਅਨੁਸਾਰ ਫ਼ਰੀਸੀ ਦੇ ਤੌਰ ਤੇ ਭਗਤੀ ਕਰਦਾ ਸੀ।” (ਰਸੂ. 26:5) ਪਹਿਲਾਂ ਫ਼ਰੀਸੀ ਦੇ ਤੌਰ ਤੇ ਪੌਲੁਸ ਵਿਸ਼ਵਾਸ ਕਰਦਾ ਸੀ ਕਿ ਮਸੀਹ ਆਵੇਗਾ। ਪਰ ਹੁਣ ਮਸੀਹੀ ਬਣਨ ਤੋਂ ਬਾਅਦ ਉਸ ਨੇ ਨਿਡਰਤਾ ਨਾਲ ਦੂਜਿਆਂ ਸਾਮ੍ਹਣੇ ਐਲਾਨ ਕੀਤਾ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਹੈ। ਉਸ ਦੇ ਵਿਰੋਧੀ ਵੀ ਇਹੀ ਮੰਨਦੇ ਸਨ ਕਿ ਉਨ੍ਹਾਂ ਦੇ ਪਿਉ-ਦਾਦਿਆਂ ਰਾਹੀਂ ਮਸੀਹ ਨੇ ਆਉਣਾ ਸੀ। ਇਸੇ ਗੱਲ ʼਤੇ ਵਿਸ਼ਵਾਸ ਕਰਨ ਕਰਕੇ ਹੁਣ ਪੌਲੁਸ ʼਤੇ ਮੁਕੱਦਮਾ ਚੱਲ ਰਿਹਾ ਸੀ। ਉਸ ਦੀਆਂ ਗੱਲਾਂ ਸੁਣ ਕੇ ਅਗ੍ਰਿੱਪਾ ਦੀ ਦਿਲਚਸਪੀ ਹੋਰ ਵੀ ਵਧ ਗਈ। e
11 ਮਸੀਹੀਆਂ ʼਤੇ ਕੀਤੇ ਜ਼ੁਲਮਾਂ ਦੀ ਕਹਾਣੀ ਸੁਣਾਉਂਦੇ ਹੋਏ ਉਸ ਨੇ ਦੱਸਿਆ: “ਮੈਂ ਇਹ ਦਿਲੋਂ ਮੰਨਦਾ ਹੁੰਦਾ ਸੀ ਕਿ ਮੈਨੂੰ ਯਿਸੂ ਨਾਸਰੀ ਦੇ ਨਾਂ ਦੇ ਵਿਰੁੱਧ ਬਹੁਤ ਕੁਝ ਕਰਨਾ ਚਾਹੀਦਾ ਸੀ। . . . ਮੈਂ ਉਨ੍ਹਾਂ ਉੱਤੇ [ਯਾਨੀ ਮਸੀਹ ਦੇ ਚੇਲਿਆਂ ਉੱਤੇ] ਇੰਨਾ ਕ੍ਰੋਧਵਾਨ ਸੀ ਕਿ ਮੈਂ ਦੂਸਰੇ ਸ਼ਹਿਰਾਂ ਵਿਚ ਵੀ ਜਾ ਕੇ ਉਨ੍ਹਾਂ ਉੱਤੇ ਅਤਿਆਚਾਰ ਕਰਦਾ ਸੀ।” (ਰਸੂ. 26:9-11) ਪੌਲੁਸ ਇਹ ਗੱਲ ਵਧਾ-ਚੜ੍ਹਾ ਕੇ ਨਹੀਂ ਕਹਿ ਰਿਹਾ ਸੀ। ਹੋਰ ਬਹੁਤ ਸਾਰੇ ਲੋਕ ਜਾਣਦੇ ਸਨ ਕਿ ਉਸ ਨੇ ਮਸੀਹੀਆਂ ਉੱਤੇ ਕਿੰਨਾ ਕਹਿਰ ਢਾਹਿਆ ਸੀ। (ਗਲਾ. 1:13, 23) ਅਗ੍ਰਿੱਪਾ ਨੂੰ ਜ਼ਰੂਰ ਹੈਰਾਨੀ ਹੋਈ ਹੋਣੀ, ‘ਆਖ਼ਰ ਕਿਸ ਗੱਲ ਨੇ ਇਸ ਬੰਦੇ ਨੂੰ ਬਦਲ ਦਿੱਤਾ?’
12, 13. (ੳ) ਪੌਲੁਸ ਨੇ ਆਪਣੇ ਮਸੀਹੀ ਬਣਨ ਦਾ ਕੀ ਕਾਰਨ ਦੱਸਿਆ? (ਅ) ਪੌਲੁਸ ਕਿਵੇਂ “ਪ੍ਰੈਣ ਦੀ ਆਰ ਨੂੰ ਲੱਤ ਮਾਰ” ਰਿਹਾ ਸੀ?
12 ਪੌਲੁਸ ਦੇ ਅੱਗੇ ਕਹੇ ਸ਼ਬਦਾਂ ਤੋਂ ਇਸ ਗੱਲ ਦਾ ਜਵਾਬ ਮਿਲਦਾ ਹੈ: “ਇਸੇ ਮਕਸਦ ਨਾਲ ਮੈਂ ਮੁੱਖ ਪੁਜਾਰੀਆਂ ਤੋਂ ਅਧਿਕਾਰ ਅਤੇ ਹੁਕਮ ਲੈ ਕੇ ਦਮਿਸਕ ਨੂੰ ਤੁਰ ਪਿਆ। ਹੇ ਮਹਾਰਾਜ, ਮੈਂ ਰਾਹ ਵਿਚ ਸਿਖਰ ਦੁਪਹਿਰੇ ਆਪਣੇ ਆਲੇ-ਦੁਆਲੇ ਅਤੇ ਮੇਰੇ ਨਾਲ ਸਫ਼ਰ ਕਰ ਰਹੇ ਬੰਦਿਆਂ ਦੇ ਆਲੇ-ਦੁਆਲੇ ਸੂਰਜ ਤੋਂ ਵੀ ਤੇਜ਼ ਰੌਸ਼ਨੀ ਆਕਾਸ਼ੋਂ ਚਮਕਦੀ ਦੇਖੀ। ਜਦੋਂ ਅਸੀਂ ਸਾਰੇ ਜ਼ਮੀਨ ਉੱਤੇ ਡਿਗ ਪਏ, ਤਾਂ ਇਕ ਆਵਾਜ਼ ਨੇ ਮੈਨੂੰ ਇਬਰਾਨੀ ਭਾਸ਼ਾ ਵਿਚ ਇਹ ਕਿਹਾ: ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ? ਪ੍ਰੈਣ ਦੀ ਆਰ ਨੂੰ ਲੱਤ ਮਾਰ ਕੇ ਤੂੰ ਆਪਣਾ ਹੀ ਨੁਕਸਾਨ ਕਰ ਰਿਹਾ ਹੈਂ।’ ਪਰ ਮੈਂ ਪੁੱਛਿਆ: ‘ਪ੍ਰਭੂ, ਤੂੰ ਕੌਣ ਹੈਂ?’ ਅਤੇ ਪ੍ਰਭੂ ਨੇ ਕਿਹਾ, ‘ਮੈਂ ਯਿਸੂ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।’” f—ਰਸੂ. 26:12-15, ਫੁਟਨੋਟ।
13 ਇਸ ਦਰਸ਼ਣ ਤੋਂ ਪਹਿਲਾਂ ਪੌਲੁਸ “ਪ੍ਰੈਣ ਦੀ ਆਰ ਨੂੰ ਲੱਤ ਮਾਰ” ਰਿਹਾ ਸੀ। ਬਾਈਬਲ ਦੇ ਜ਼ਮਾਨੇ ਵਿਚ ਇਕ ਡੰਡੇ ਉੱਤੇ ਲੋਹੇ ਦਾ ਇਕ ਕਿੱਲ ਲਾ ਕੇ ਬਲਦ ਜਾਂ ਝੋਟੇ ਨੂੰ ਹੱਕਣ ਲਈ ਵਰਤਿਆ ਜਾਂਦਾ ਸੀ। ਜੇ ਪਸ਼ੂ ਤੁਰਨ ਦੀ ਬਜਾਇ ਢੀਠ ਹੋ ਕੇ ਇਸ ʼਤੇ ਲੱਤ ਮਾਰਦਾ ਸੀ, ਤਾਂ ਉਹ ਜ਼ਖ਼ਮੀ ਹੋ ਜਾਂਦਾ ਸੀ। ਉਸੇ ਤਰ੍ਹਾਂ ਪੌਲੁਸ ਪਰਮੇਸ਼ੁਰ ਦੀ ਇੱਛਾ ਦੇ ਵਿਰੁੱਧ ਕੰਮ ਕਰ ਕੇ ਆਪਣਾ ਹੀ ਨੁਕਸਾਨ ਕਰ ਰਿਹਾ ਸੀ ਯਾਨੀ ਉਹ ਪਰਮੇਸ਼ੁਰ ਨਾਲ ਰਿਸ਼ਤਾ ਵਿਗਾੜ ਰਿਹਾ ਸੀ। ਉਹ ਪਰਮੇਸ਼ੁਰ ਦੀ ਭਗਤੀ ਸੱਚੇ ਦਿਲੋਂ ਤਾਂ ਕਰਦਾ ਸੀ, ਪਰ ਉਸ ਦਾ ਤਰੀਕਾ ਸਹੀ ਨਹੀਂ ਸੀ। ਇਸ ਲਈ ਜਦੋਂ ਉਹ ਦਮਿਸਕ ਜਾ ਰਿਹਾ ਸੀ, ਤਾਂ ਯਿਸੂ ਨੇ, ਜੋ ਦੁਬਾਰਾ ਜੀਉਂਦਾ ਹੋ ਚੁੱਕਾ ਸੀ, ਦਰਸ਼ਣ ਦੇ ਕੇ ਉਸ ਦੀ ਸੋਚ ਨੂੰ ਬਦਲਿਆ ਤੇ ਸਹੀ ਰਾਹ ਪਾਇਆ।—ਯੂਹੰ. 16:1, 2.
14, 15. ਪੌਲੁਸ ਨੇ ਆਪਣੀ ਜ਼ਿੰਦਗੀ ਵਿਚ ਜੋ ਬਦਲਾਅ ਕੀਤੇ, ਉਨ੍ਹਾਂ ਬਾਰੇ ਉਸ ਨੇ ਕੀ ਦੱਸਿਆ?
14 ਵਾਕਈ ਪੌਲੁਸ ਨੇ ਆਪਣੀ ਜ਼ਿੰਦਗੀ ਵਿਚ ਵੱਡੇ-ਵੱਡੇ ਬਦਲਾਅ ਕੀਤੇ ਸਨ। ਅਗ੍ਰਿੱਪਾ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ: “ਮੈਂ ਇਸ ਸਵਰਗੀ ਦਰਸ਼ਣ ਵਿਚ ਮਿਲੀ ਆਗਿਆ ਦੀ ਉਲੰਘਣਾ ਨਹੀਂ ਕੀਤੀ, ਪਰ ਮੈਂ ਜਾ ਕੇ ਪਹਿਲਾਂ ਦਮਿਸਕ ਦੇ ਲੋਕਾਂ ਨੂੰ ਤੇ ਫਿਰ ਯਰੂਸ਼ਲਮ ਅਤੇ ਯਹੂਦਿਯਾ ਦੇ ਪੂਰੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਅਤੇ ਗ਼ੈਰ-ਯਹੂਦੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਤੋਬਾ ਕਰਨ ਅਤੇ ਆਪਣੇ ਕੰਮਾਂ ਰਾਹੀਂ ਤੋਬਾ ਦਾ ਸਬੂਤ ਦੇ ਕੇ ਪਰਮੇਸ਼ੁਰ ਵੱਲ ਮੁੜਨ।” (ਰਸੂ. 26:19, 20) ਉਸ ਦਰਸ਼ਣ ਵਿਚ ਯਿਸੂ ਮਸੀਹ ਤੋਂ ਮਿਲੇ ਕੰਮ ਨੂੰ ਪੌਲੁਸ ਕਾਫ਼ੀ ਸਾਲਾਂ ਤੋਂ ਕਰ ਰਿਹਾ ਸੀ। ਇਸ ਦੇ ਕੀ ਨਤੀਜੇ ਨਿਕਲੇ? ਉਸ ਵੱਲੋਂ ਸੁਣਾਈ ਖ਼ੁਸ਼ ਖ਼ਬਰੀ ʼਤੇ ਯਕੀਨ ਕਰਨ ਵਾਲੇ ਲੋਕ ਬਦਚਲਣੀ ਤੇ ਬੇਈਮਾਨੀ ਦੇ ਕੰਮ ਛੱਡ ਕੇ ਪਰਮੇਸ਼ੁਰ ਵੱਲ ਹੋ ਗਏ। ਉਹ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਕਾਨੂੰਨ-ਵਿਵਸਥਾ ਮੁਤਾਬਕ ਚੱਲਣ ਲੱਗ ਪਏ।
15 ਪਰ ਪੌਲੁਸ ਦੇ ਯਹੂਦੀ ਵਿਰੋਧੀਆਂ ਲਈ ਇਹ ਫ਼ਾਇਦੇ ਕੋਈ ਮਾਅਨੇ ਨਹੀਂ ਰੱਖਦੇ ਸਨ। ਉਸ ਨੇ ਕਿਹਾ: “ਇਸੇ ਕਾਰਨ ਯਹੂਦੀਆਂ ਨੇ ਮੰਦਰ ਵਿਚ ਮੈਨੂੰ ਫੜ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਪਰਮੇਸ਼ੁਰ ਦੀ ਮਦਦ ਨਾਲ ਮੈਂ ਹੁਣ ਤਕ ਛੋਟੇ-ਵੱਡੇ ਸਾਰਿਆਂ ਨੂੰ ਗਵਾਹੀ ਦੇ ਰਿਹਾ ਹਾਂ। ਪਰ ਮੈਂ ਉਨ੍ਹਾਂ ਗੱਲਾਂ ਦੀ ਹੀ ਗਵਾਹੀ ਦੇ ਰਿਹਾ ਹਾਂ ਜਿਨ੍ਹਾਂ ਦੇ ਹੋਣ ਬਾਰੇ ਨਬੀਆਂ ਦੀਆਂ ਲਿਖਤਾਂ ਅਤੇ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ।”—ਰਸੂ. 26:21, 22.
16. ਅਸੀਂ ਆਪਣੇ ਵਿਸ਼ਵਾਸਾਂ ਬਾਰੇ ਜੱਜਾਂ ਅਤੇ ਹਾਕਮਾਂ ਸਾਮ੍ਹਣੇ ਗਵਾਹੀ ਦਿੰਦੇ ਵੇਲੇ ਕਿਵੇਂ ਪੌਲੁਸ ਦੀ ਰੀਸ ਕਰ ਸਕਦੇ ਹਾਂ?
16 ਸੱਚੇ ਮਸੀਹੀਆਂ ਵਜੋਂ ਸਾਨੂੰ ਵੀ ਆਪਣੀ ਨਿਹਚਾ ਦੇ ਪੱਖ ਵਿਚ ਬੋਲਣ ਲਈ ‘ਹਮੇਸ਼ਾ ਤਿਆਰ ਰਹਿਣਾ’ ਚਾਹੀਦਾ ਹੈ। (1 ਪਤ. 3:15) ਪੌਲੁਸ ਨੇ ਅਗ੍ਰਿੱਪਾ ਤੇ ਫ਼ੇਸਤੁਸ ਨਾਲ ਜਿਸ ਤਰੀਕੇ ਨਾਲ ਗੱਲ ਕੀਤੀ ਸੀ, ਅਸੀਂ ਵੀ ਉਸ ਤਰੀਕੇ ਨਾਲ ਆਪਣੇ ਵਿਸ਼ਵਾਸਾਂ ਬਾਰੇ ਜੱਜਾਂ ਅਤੇ ਹਾਕਮਾਂ ਸਾਮ੍ਹਣੇ ਗਵਾਹੀ ਦਿੰਦੇ ਵੇਲੇ ਗੱਲ ਕਰ ਸਕਦੇ ਹਾਂ। ਅਸੀਂ ਪੂਰੇ ਆਦਰ ਨਾਲ ਦੱਸ ਸਕਦੇ ਹਾਂ ਕਿ ਬਾਈਬਲ ਦੀਆਂ ਸੱਚਾਈਆਂ ਨੇ ਕਿੱਦਾਂ ਸਾਡੀ ਖ਼ੁਦ ਦੀ ਜ਼ਿੰਦਗੀ ਤੇ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਈ ਹੈ ਜਿਨ੍ਹਾਂ ਨੇ ਸਾਡਾ ਸੰਦੇਸ਼ ਸੁਣਿਆ ਹੈ। ਇਸ ਤਰ੍ਹਾਂ ਕਰ ਕੇ ਅਸੀਂ ਉੱਚ ਅਧਿਕਾਰੀਆਂ ਦੇ ਦਿਲਾਂ ਤਕ ਪਹੁੰਚ ਸਕਦੇ ਹਾਂ।
ਰਸੂ. 26:24-32)
“ਤੂੰ ਆਪਣੀਆਂ ਦਲੀਲਾਂ ਨਾਲ ਮੈਨੂੰ ਵੀ ਕਾਇਲ ਕਰ ਕੇ ਮਸੀਹੀ ਬਣਾ ਦੇਵੇਂਗਾ” (17. ਪੌਲੁਸ ਦੀਆਂ ਗੱਲਾਂ ਸੁਣ ਕੇ ਫ਼ੇਸਤੁਸ ਨੇ ਕੀ ਕਿਹਾ ਅਤੇ ਇਸੇ ਤਰ੍ਹਾਂ ਅੱਜ ਲੋਕਾਂ ਦੀ ਸਾਡੇ ਬਾਰੇ ਕੀ ਰਾਇ ਹੈ?
17 ਪੌਲੁਸ ਦੀ ਦਮਦਾਰ ਗਵਾਹੀ ਦਾ ਦੋਹਾਂ ਹਾਕਮਾਂ ਉੱਤੇ ਬਹੁਤ ਪ੍ਰਭਾਵ ਪਿਆ। ਧਿਆਨ ਦਿਓ ਕਿ ਕੀ ਹੋਇਆ: “ਜਦੋਂ ਪੌਲੁਸ ਆਪਣੀ ਸਫ਼ਾਈ ਵਿਚ ਇਹ ਗੱਲਾਂ ਕਹਿ ਰਿਹਾ ਸੀ, ਤਾਂ ਫ਼ੇਸਤੁਸ ਨੇ ਉੱਚੀ ਆਵਾਜ਼ ਵਿਚ ਕਿਹਾ: ‘ਪੌਲੁਸ, ਤੂੰ ਪਾਗਲ ਹੋ ਗਿਆ ਹੈਂ! ਬਹੁਤੇ ਗਿਆਨ ਨੇ ਤੈਨੂੰ ਪਾਗਲ ਕਰ ਦਿੱਤਾ ਹੈ!’” (ਰਸੂ. 26:24) ਅੱਜ ਵੀ ਫ਼ੇਸਤੁਸ ਵਾਂਗ ਕਈ ਲੋਕ ਸਾਡੇ ਬਾਰੇ ਇਸੇ ਤਰ੍ਹਾਂ ਸੋਚਦੇ ਹਨ। ਬਹੁਤ ਸਾਰੇ ਮੰਨਦੇ ਹਨ ਕਿ ਬਾਈਬਲ ਦੀ ਸਿੱਖਿਆ ਦੇਣ ਵਾਲੇ ਲੋਕ ਕੱਟੜਪੰਥੀ ਹੁੰਦੇ ਹਨ। ਦੁਨੀਆਂ ਦੇ ਬਹੁਤ ਸਾਰੇ ਪੜ੍ਹੇ-ਲਿਖੇ ਲੋਕਾਂ ਲਈ ਬਾਈਬਲ ਦੀ ਇਸ ਸਿੱਖਿਆ ʼਤੇ ਵਿਸ਼ਵਾਸ ਕਰਨਾ ਔਖਾ ਹੁੰਦਾ ਹੈ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ।
18. ਪੌਲੁਸ ਨੇ ਫ਼ੇਸਤੁਸ ਨੂੰ ਕੀ ਜਵਾਬ ਦਿੱਤਾ ਅਤੇ ਉਸ ਦੀ ਗੱਲ ਸੁਣ ਕੇ ਅਗ੍ਰਿੱਪਾ ਨੇ ਕੀ ਕਿਹਾ?
18 ਪੌਲੁਸ ਨੇ ਰਾਜਪਾਲ ਨੂੰ ਜਵਾਬ ਦਿੱਤਾ: “ਹਜ਼ੂਰ ਫ਼ੇਸਤੁਸ, ਮੈਂ ਪਾਗਲ ਨਹੀਂ ਹਾਂ, ਸਗੋਂ ਮੈਂ ਸੱਚਾਈ ਦੀਆਂ ਅਤੇ ਸਮਝਦਾਰੀ ਦੀਆਂ ਗੱਲਾਂ ਦੱਸ ਰਿਹਾ ਹਾਂ। ਅਸਲ ਵਿਚ, ਰਾਜਾ ਅਗ੍ਰਿੱਪਾ ਜਿਸ ਨਾਲ ਮੈਂ ਬੇਝਿਜਕ ਹੋ ਕੇ ਗੱਲ ਕਰ ਰਿਹਾ ਹਾਂ, ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ . . . ਰਾਜਾ ਅਗ੍ਰਿੱਪਾ, ਕੀ ਤੂੰ ਨਬੀਆਂ ਉੱਤੇ ਵਿਸ਼ਵਾਸ ਕਰਦਾ ਹੈਂ? ਮੈਂ ਜਾਣਦਾ ਹਾਂ ਕਿ ਤੂੰ ਵਿਸ਼ਵਾਸ ਕਰਦਾ ਹੈਂ।” ਅਗ੍ਰਿੱਪਾ ਨੇ ਉਸ ਨੂੰ ਕਿਹਾ: “ਮੈਨੂੰ ਤਾਂ ਲੱਗਦਾ ਕਿ ਥੋੜ੍ਹੇ ਹੀ ਸਮੇਂ ਵਿਚ ਤੂੰ ਆਪਣੀਆਂ ਦਲੀਲਾਂ ਨਾਲ ਮੈਨੂੰ ਵੀ ਕਾਇਲ ਕਰ ਕੇ ਮਸੀਹੀ ਬਣਾ ਦੇਵੇਂਗਾ।” (ਰਸੂ. 26:25-28) ਉਸ ਨੇ ਪਤਾ ਨਹੀਂ ਇਹ ਗੱਲ ਦਿਲੋਂ ਕਹੀ ਸੀ ਜਾਂ ਨਹੀਂ, ਪਰ ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਦੀ ਗਵਾਹੀ ਨੇ ਰਾਜੇ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ।
19. ਫ਼ੇਸਤੁਸ ਅਤੇ ਅਗ੍ਰਿੱਪਾ ਨੇ ਪੌਲੁਸ ਬਾਰੇ ਕੀ ਸਿੱਟਾ ਕੱਢਿਆ?
19 ਫਿਰ ਅਗ੍ਰਿੱਪਾ ਤੇ ਫ਼ੇਸਤੁਸ ਜਾਣ ਲਈ ਖੜ੍ਹੇ ਹੋ ਗਏ ਜਿਸ ਤੋਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਗੱਲਬਾਤ ਖ਼ਤਮ ਹੋ ਗਈ ਸੀ। “ਜਾਂਦੇ ਹੋਏ ਉਹ ਆਪਸ ਵਿਚ ਗੱਲਾਂ ਕਰ ਰਹੇ ਸਨ ਅਤੇ ਕਹਿ ਰਹੇ ਸਨ: ‘ਇਸ ਆਦਮੀ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਜੇਲ੍ਹ ਵਿਚ ਸੁੱਟਿਆ ਜਾਵੇ।’ ਫਿਰ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ: ‘ਜੇ ਇਸ ਨੇ ਸਮਰਾਟ ਨੂੰ ਫ਼ਰਿਆਦ ਨਾ ਕੀਤੀ ਹੁੰਦੀ, ਤਾਂ ਇਹ ਛੁੱਟ ਜਾਂਦਾ।’” (ਰਸੂ. 26:31, 32) ਉਹ ਜਾਣਦੇ ਸਨ ਕਿ ਪੌਲੁਸ ਬੇਕਸੂਰ ਸੀ। ਇਸ ਗੱਲਬਾਤ ਤੋਂ ਬਾਅਦ ਸ਼ਾਇਦ ਹੁਣ ਮਸੀਹੀਆਂ ਬਾਰੇ ਉਨ੍ਹਾਂ ਦੀ ਰਾਇ ਬਦਲ ਜਾਵੇ ਤੇ ਉਹ ਉਨ੍ਹਾਂ ਨਾਲ ਬਿਹਤਰ ਢੰਗ ਨਾਲ ਪੇਸ਼ ਆਉਣ।
20. ਪੌਲੁਸ ਦੁਆਰਾ ਉੱਚ ਅਧਿਕਾਰੀਆਂ ਸਾਮ੍ਹਣੇ ਗਵਾਹੀ ਦੇਣ ਦੇ ਕੀ ਨਤੀਜੇ ਨਿਕਲੇ ਸਨ?
20 ਇਨ੍ਹਾਂ ਦੋਹਾਂ ਤਾਕਤਵਰ ਹਾਕਮਾਂ ਵਿੱਚੋਂ ਕਿਸੇ ਨੇ ਵੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਕਬੂਲ ਨਹੀਂ ਕੀਤੀ। ਕੀ ਉਨ੍ਹਾਂ ਦੋਹਾਂ ਸਾਮ੍ਹਣੇ ਪੇਸ਼ ਹੋ ਕੇ ਪੌਲੁਸ ਰਸੂਲ ਨੇ ਸਹੀ ਕੀਤਾ? ਜੀ ਹਾਂ। ਜਦੋਂ ਯਹੂਦਿਯਾ ਵਿਚ ਪੌਲੁਸ ਨੂੰ “ਰਾਜਿਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਸਾਮ੍ਹਣੇ ਪੇਸ਼” ਕੀਤਾ ਗਿਆ ਸੀ, ਉਦੋਂ ਉਸ ਨੂੰ ਰੋਮੀ ਅਧਿਕਾਰੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਿਆ ਜਿਨ੍ਹਾਂ ਤਕ ਉੱਦਾਂ ਪਹੁੰਚ ਕਰਨੀ ਮੁਸ਼ਕਲ ਹੁੰਦੀ। (ਲੂਕਾ 21:12, 13) ਨਾਲੇ ਉਸ ਦੇ ਤਜਰਬਿਆਂ ਅਤੇ ਪਰੀਖਿਆਵਾਂ ਦੌਰਾਨ ਉਸ ਦੀ ਵਫ਼ਾਦਾਰੀ ਦੇਖ ਕੇ ਉਸ ਦੇ ਮਸੀਹੀ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲਿਆ ਸੀ।—ਫ਼ਿਲਿ. 1:12-14.
21. ਰਾਜ ਦਾ ਪ੍ਰਚਾਰ ਕਰਨ ਵਿਚ ਲੱਗੇ ਰਹਿਣ ਦੇ ਕਿਹੜੇ ਵਧੀਆ ਨਤੀਜੇ ਨਿਕਲ ਸਕਦੇ ਹਨ?
21 ਅੱਜ ਵੀ ਜਦੋਂ ਅਸੀਂ ਪਰੀਖਿਆਵਾਂ ਅਤੇ ਵਿਰੋਧ ਦੇ ਬਾਵਜੂਦ ਰਾਜ ਦਾ ਪ੍ਰਚਾਰ ਕਰਨ ਵਿਚ ਲੱਗੇ ਰਹਿੰਦੇ ਹਾਂ, ਤਾਂ ਇਸ ਦੇ ਵਧੀਆ ਨਤੀਜੇ ਨਿਕਲ ਸਕਦੇ ਹਨ। ਸਾਨੂੰ ਸ਼ਾਇਦ ਉਨ੍ਹਾਂ ਅਧਿਕਾਰੀਆਂ ਨੂੰ ਗਵਾਹੀ ਦੇਣ ਦਾ ਮੌਕਾ ਮਿਲੇ ਜਿਨ੍ਹਾਂ ਨੂੰ ਮਿਲਣਾ ਔਖਾ ਹੋਵੇ। ਸਾਡੀ ਵਫ਼ਾਦਾਰੀ ਅਤੇ ਧੀਰਜ ਤੋਂ ਸਾਡੇ ਮਸੀਹੀ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲ ਸਕਦਾ ਹੈ ਜਿਸ ਕਾਰਨ ਉਹ ਹੋਰ ਵੀ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦੀ ਚੰਗੀ ਤਰ੍ਹਾਂ ਗਵਾਹੀ ਦੇ ਸਕਣਗੇ।
a “ ਰਾਜਪਾਲ ਪੁਰਕੀਅਸ ਫ਼ੇਸਤੁਸ” ਨਾਂ ਦੀ ਡੱਬੀ ਦੇਖੋ।
b ‘ਨਿਆਂ ਦਾ ਸਿੰਘਾਸਣ’ ਇਕ ਕੁਰਸੀ ਹੁੰਦੀ ਸੀ ਜੋ ਇਕ ਥੜ੍ਹੇ ਉੱਤੇ ਰੱਖੀ ਹੁੰਦੀ ਸੀ। ਉੱਚੀ ਜਗ੍ਹਾ ʼਤੇ ਸਿੰਘਾਸਣ ਹੋਣ ਦਾ ਮਤਲਬ ਸੀ ਕਿ ਜੱਜ ਦੇ ਫ਼ੈਸਲੇ ਪੱਕੇ ਸਨ ਤੇ ਸਾਰਿਆਂ ਨੂੰ ਮੰਨਣੇ ਹੀ ਪੈਂਦੇ ਸਨ। ਪਿਲਾਤੁਸ ਨੇ ਨਿਆਂ ਦੇ ਸਿੰਘਾਸਣ ʼਤੇ ਬੈਠ ਕੇ ਯਿਸੂ ʼਤੇ ਲਾਏ ਦੋਸ਼ਾਂ ਦੀ ਸੁਣਵਾਈ ਕੀਤੀ ਸੀ।
c “ ਅੱਜ ਸੱਚੀ ਭਗਤੀ ਦੇ ਹੱਕ ਲਈ ਅਦਾਲਤਾਂ ਵਿਚ ਅਪੀਲ” ਨਾਂ ਦੀ ਡੱਬੀ ਦੇਖੋ।
d “ ਰਾਜਾ ਹੇਰੋਦੇਸ ਅਗ੍ਰਿੱਪਾ ਦੂਜਾ” ਨਾਂ ਦੀ ਡੱਬੀ ਦੇਖੋ।
e ਇਕ ਮਸੀਹੀ ਹੋਣ ਦੇ ਨਾਤੇ ਪੌਲੁਸ ਨੇ ਯਿਸੂ ਨੂੰ ਮਸੀਹ ਵਜੋਂ ਕਬੂਲ ਕੀਤਾ। ਜਿਹੜੇ ਯਹੂਦੀਆਂ ਨੇ ਯਿਸੂ ਨੂੰ ਮਸੀਹ ਵਜੋਂ ਕਬੂਲ ਨਹੀਂ ਕੀਤਾ ਸੀ, ਉਹ ਪੌਲੁਸ ਨੂੰ ਧਰਮ-ਤਿਆਗੀ ਮੰਨਦੇ ਸਨ।—ਰਸੂ. 21:21, 27, 28.
f “ਸਿਖਰ ਦੁਪਹਿਰੇ” ਸਫ਼ਰ ਕਰਨ ਬਾਰੇ ਪੌਲੁਸ ਦੇ ਸ਼ਬਦਾਂ ਬਾਰੇ ਇਕ ਬਾਈਬਲ ਵਿਦਵਾਨ ਨੇ ਕਿਹਾ: “ਦੁਪਹਿਰ ਨੂੰ ਗਰਮੀ ਕਾਰਨ ਲੋਕ ਅਕਸਰ ਆਰਾਮ ਕਰਦੇ ਸਨ। ਉਹ ਤਾਂ ਹੀ ਦੁਪਹਿਰੇ ਸਫ਼ਰ ਕਰਦੇ ਸਨ ਜੇ ਉਨ੍ਹਾਂ ਨੇ ਕਿਤੇ ਬਹੁਤ ਜ਼ਰੂਰੀ ਕੰਮ ਜਾਣਾ ਹੁੰਦਾ ਸੀ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਉੱਤੇ ਮਸੀਹੀਆਂ ਨੂੰ ਸਤਾਉਣ ਦਾ ਕਿੰਨਾ ਜਨੂਨ ਸਵਾਰ ਸੀ।”