Skip to content

Skip to table of contents

ਅਧਿਆਇ 24

“ਹੌਸਲਾ ਰੱਖ!”

“ਹੌਸਲਾ ਰੱਖ!”

ਯਹੂਦੀ ਪੌਲੁਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜਦੇ ਹਨ ਅਤੇ ਉਹ ਫ਼ੇਲਿਕਸ ਸਾਮ੍ਹਣੇ ਆਪਣੀ ਸਫ਼ਾਈ ਪੇਸ਼ ਕਰਦਾ ਹੈ

ਰਸੂਲਾਂ ਦੇ ਕੰਮ 23:11–24:27 ਵਿੱਚੋਂ

1, 2. ਯਰੂਸ਼ਲਮ ਵਿਚ ਆਪਣੇ ʼਤੇ ਹੋ ਰਹੇ ਅਤਿਆਚਾਰਾਂ ਤੋਂ ਪੌਲੁਸ ਨੂੰ ਹੈਰਾਨੀ ਕਿਉਂ ਨਹੀਂ ਹੋਈ?

 ਯਰੂਸ਼ਲਮ ਵਿਚ ਭੀੜ ਪੌਲੁਸ ਦੇ ਖ਼ੂਨ ਦੀ ਪਿਆਸੀ ਹੈ, ਪਰ ਐਨ ਮੌਕੇ ʼਤੇ ਉਸ ਨੂੰ ਬਚਾ ਕੇ ਦੁਬਾਰਾ ਹਿਰਾਸਤ ਵਿਚ ਲੈ ਲਿਆ ਜਾਂਦਾ ਹੈ। ਇਸ ਜੋਸ਼ੀਲੇ ਰਸੂਲ ਨੂੰ ਇਸ ਗੱਲ ਤੋਂ ਹੈਰਾਨੀ ਨਹੀਂ ਹੁੰਦੀ ਕਿ ਯਰੂਸ਼ਲਮ ਵਿਚ ਉਸ ʼਤੇ ਕਿੰਨੇ ਅਤਿਆਚਾਰ ਹੋ ਰਹੇ ਹਨ। ਉਸ ਨੂੰ ਦੱਸਿਆ ਗਿਆ ਸੀ ਕਿ ਇਸ ਸ਼ਹਿਰ ਵਿਚ ਉਸ ਨੂੰ “ਕੈਦ ਅਤੇ ਮੁਸੀਬਤਾਂ” ਸਹਿਣੀਆਂ ਪੈਣਗੀਆਂ। (ਰਸੂ. 20:22, 23) ਹਾਲਾਂਕਿ ਉਸ ਨੂੰ ਪਤਾ ਨਹੀਂ ਕਿ ਉਸ ਨਾਲ ਕੀ-ਕੀ ਹੋਵੇਗਾ, ਪਰ ਉਹ ਇੰਨਾ ਜ਼ਰੂਰ ਜਾਣਦਾ ਹੈ ਕਿ ਉਸ ਨੂੰ ਯਿਸੂ ਦੇ ਨਾਂ ਦੀ ਖ਼ਾਤਰ ਲਗਾਤਾਰ ਦੁੱਖ ਝੱਲਣੇ ਪੈਣਗੇ।​—ਰਸੂ. 9:16.

2 ਮਸੀਹੀ ਨਬੀਆਂ ਨੇ ਵੀ ਪੌਲੁਸ ਨੂੰ ਖ਼ਬਰਦਾਰ ਕੀਤਾ ਸੀ ਕਿ ਉਸ ਨੂੰ ਬੰਨ੍ਹਿਆ ਜਾਵੇਗਾ ਅਤੇ “ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਦੇ ਹਵਾਲੇ” ਕੀਤਾ ਜਾਵੇਗਾ। (ਰਸੂ. 21:4, 10, 11) ਕੁਝ ਸਮਾਂ ਪਹਿਲਾਂ ਹੀ ਯਹੂਦੀ ਲੋਕਾਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਸ ਤੋਂ ਥੋੜ੍ਹੇ ਚਿਰ ਬਾਅਦ ਇੱਦਾਂ ਲੱਗਦਾ ਸੀ ਕਿ ਪੌਲੁਸ ਦੀਆਂ ਗੱਲਾਂ ਸੁਣ ਕੇ ਮਹਾਸਭਾ ਦੇ ਮੈਂਬਰ ਉਸ ਦੇ ‘ਟੋਟੇ-ਟੋਟੇ ਕਰ ਦੇਣਗੇ।’ ਹੁਣ ਪੌਲੁਸ ਰੋਮੀ ਫ਼ੌਜੀਆਂ ਦੀ ਹਿਰਾਸਤ ਵਿਚ ਹੈ ਅਤੇ ਉਸ ʼਤੇ ਹੋਰ ਵੀ ਦੋਸ਼ ਲਾ ਕੇ ਮੁਕੱਦਮੇ ਚਲਾਏ ਜਾਣਗੇ। (ਰਸੂ. 21:31; 23:10) ਇਸ ਲਈ ਉਸ ਨੂੰ ਹੱਲਾਸ਼ੇਰੀ ਦੀ ਬਹੁਤ ਲੋੜ ਹੈ।

3. ਸਾਨੂੰ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਦੀ ਹੱਲਾਸ਼ੇਰੀ ਕਿੱਦਾਂ ਮਿਲਦੀ ਹੈ?

3 ਅਸੀਂ ਜਾਣਦੇ ਹਾਂ ਕਿ ਇਸ ਅੰਤ ਦੇ ਸਮੇਂ ਵਿਚ “ਜਿਹੜੇ ਵੀ ਯਿਸੂ ਮਸੀਹ ਦੇ ਚੇਲੇ ਬਣ ਕੇ ਪਰਮੇਸ਼ੁਰ ਦੀ ਭਗਤੀ ਕਰਦਿਆਂ ਜ਼ਿੰਦਗੀ ਜੀਉਣੀ ਚਾਹੁੰਦੇ ਹਨ, ਉਹ ਸਾਰੇ ਸਤਾਏ ਜਾਣਗੇ।” (2 ਤਿਮੋ. 3:12) ਸਮੇਂ-ਸਮੇਂ ਤੇ ਸਾਨੂੰ ਵੀ ਪ੍ਰਚਾਰ ਦੇ ਕੰਮ ਵਿਚ ਲੱਗੇ ਰਹਿਣ ਲਈ ਹੱਲਾਸ਼ੇਰੀ ਦੀ ਲੋੜ ਪੈਂਦੀ ਹੈ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਤੋਂ ਪ੍ਰਕਾਸ਼ਨਾਂ ਅਤੇ ਸਭਾਵਾਂ ਰਾਹੀਂ ਸਹੀ ਸਮੇਂ ਤੇ ਹੱਲਾਸ਼ੇਰੀ ਮਿਲਦੀ ਹੈ। (ਮੱਤੀ 24:45) ਯਹੋਵਾਹ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਖ਼ੁਸ਼ ਖ਼ਬਰੀ ਦੇ ਵਿਰੋਧੀ ਕਦੇ ਵੀ ਕਾਮਯਾਬ ਨਹੀਂ ਹੋਣਗੇ। ਉਹ ਨਾ ਤਾਂ ਉਸ ਦੇ ਸੰਗਠਨ ਨੂੰ ਖ਼ਤਮ ਕਰ ਸਕਣਗੇ ਤੇ ਨਾ ਹੀ ਪ੍ਰਚਾਰ ਦੇ ਕੰਮ ਨੂੰ ਰੋਕ ਸਕਣਗੇ। (ਯਸਾ. 54:17; ਯਿਰ. 1:19) ਪਰ ਪੌਲੁਸ ਰਸੂਲ ਬਾਰੇ ਕੀ? ਕੀ ਉਸ ਨੂੰ ਵਿਰੋਧ ਦੇ ਬਾਵਜੂਦ ਗਵਾਹੀ ਦਿੰਦੇ ਰਹਿਣ ਲਈ ਹੌਸਲਾ ਮਿਲਿਆ? ਜੇ ਹਾਂ, ਤਾਂ ਉਸ ਨੂੰ ਕਿਸ ਨੇ ਅਤੇ ਕਿਵੇਂ ਹੌਸਲਾ ਦਿੱਤਾ? ਹੌਸਲਾ ਮਿਲਣ ਤੋਂ ਬਾਅਦ ਉਸ ਨੇ ਕੀ ਕੀਤਾ?

‘ਸਹੁੰ ਖਾ ਕੇ ਘੜੀ ਸਾਜ਼ਸ਼’ ਨਾਕਾਮ ਹੋਈ (ਰਸੂ. 23:11-34)

4, 5. ਪੌਲੁਸ ਨੂੰ ਕਿਹੜੀ ਗੱਲ ਦਾ ਹੌਸਲਾ ਦਿੱਤਾ ਗਿਆ ਅਤੇ ਇਹ ਸਮੇਂ ਸਿਰ ਕਿਉਂ ਦਿੱਤਾ ਗਿਆ ਸੀ?

4 ਮਹਾਸਭਾ ਦੇ ਹੱਥੋਂ ਬਚਾਏ ਜਾਣ ਤੋਂ ਦੂਜੇ ਦਿਨ ਰਾਤ ਨੂੰ ਪੌਲੁਸ ਰਸੂਲ ਨੂੰ ਹੱਲਾਸ਼ੇਰੀ ਮਿਲੀ। ਬਾਈਬਲ ਵਿਚ ਦੱਸਿਆ ਹੈ: “ਪ੍ਰਭੂ ਨੇ ਉਸ ਕੋਲ ਆ ਕੇ ਕਿਹਾ: ‘ਹੌਸਲਾ ਰੱਖ! ਜਿਵੇਂ ਤੂੰ ਯਰੂਸ਼ਲਮ ਵਿਚ ਮੇਰੇ ਬਾਰੇ ਚੰਗੀ ਤਰ੍ਹਾਂ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੂੰ ਰੋਮ ਵਿਚ ਵੀ ਗਵਾਹੀ ਦੇਣੀ ਹੈ।’” (ਰਸੂ. 23:11) ਯਿਸੂ ਦੇ ਇਨ੍ਹਾਂ ਹੌਸਲੇ ਭਰੇ ਸ਼ਬਦਾਂ ਤੋਂ ਪੌਲੁਸ ਨੂੰ ਭਰੋਸਾ ਮਿਲਿਆ ਕਿ ਉਸ ਦੀ ਜਾਨ ਨਹੀਂ ਜਾਵੇਗੀ। ਉਹ ਜਾਣਦਾ ਸੀ ਕਿ ਉਸ ਨੂੰ ਰੋਮ ਜਾ ਕੇ ਯਿਸੂ ਬਾਰੇ ਗਵਾਹੀ ਦੇਣ ਦਾ ਮੌਕਾ ਮਿਲੇਗਾ।

“ਉਨ੍ਹਾਂ ਦੇ 40 ਤੋਂ ਜ਼ਿਆਦਾ ਆਦਮੀ ਘਾਤ ਲਾ ਕੇ ਉਸ ਉੱਤੇ ਹਮਲਾ ਕਰਨਗੇ।”​—ਰਸੂਲਾਂ ਦੇ ਕੰਮ 23:21

5 ਪੌਲੁਸ ਨੂੰ ਸਹੀ ਸਮੇਂ ਤੇ ਹੌਸਲਾ ਮਿਲਿਆ। ਅਗਲੇ ਹੀ ਦਿਨ 40 ਤੋਂ ਜ਼ਿਆਦਾ ਯਹੂਦੀ ਬੰਦਿਆਂ ਨੇ “ਸਾਜ਼ਸ਼ ਘੜੀ ਅਤੇ ਇਹ ਸਹੁੰ ਖਾਧੀ ਕਿ ਜਦ ਤਕ ਉਹ ਪੌਲੁਸ ਨੂੰ ਮਾਰ ਨਹੀਂ ਦਿੰਦੇ, ਉਦੋਂ ਤਕ ਜੇ ਉਨ੍ਹਾਂ ਨੇ ਕੁਝ ਖਾਧਾ-ਪੀਤਾ, ਤਾਂ ਉਨ੍ਹਾਂ ਨੂੰ ਸਰਾਪ ਲੱਗੇ।” ਉਨ੍ਹਾਂ ਦੇ ‘ਸਹੁੰ ਖਾਣ’ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰ ਕੇ ਹੀ ਦਮ ਲੈਣਾ ਸੀ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਜੇ ਉਹ ਕਿਸੇ ਕਾਰਨ ਕਾਮਯਾਬ ਨਾ ਹੋਏ, ਤਾਂ ਉਨ੍ਹਾਂ ਨੂੰ ਸਰਾਪ ਲੱਗਣਾ ਸੀ। (ਰਸੂ. 23:12-15) ਮੁੱਖ ਪੁਜਾਰੀਆਂ ਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਇਸ ਕੰਮ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਦੀ ਯੋਜਨਾ ਸੀ ਕਿ ਹੋਰ ਪੁੱਛ-ਗਿੱਛ ਕਰਨ ਦੇ ਬਹਾਨੇ ਪੌਲੁਸ ਨੂੰ ਮਹਾਸਭਾ ਸਾਮ੍ਹਣੇ ਲਿਆਂਦਾ ਜਾਵੇ ਅਤੇ ਉਹ ਰਾਹ ਵਿਚ ਹੀ ਉਸ ਦਾ ਕੰਮ ਤਮਾਮ ਕਰ ਦੇਣਗੇ।

6. ਪੌਲੁਸ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਦਾ ਕਿਵੇਂ ਪਰਦਾਫ਼ਾਸ਼ ਹੋਇਆ ਅਤੇ ਅੱਜ ਨੌਜਵਾਨ ਪੌਲੁਸ ਦੇ ਭਾਣਜੇ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?

6 ਪਰ ਪੌਲੁਸ ਦੇ ਭਾਣਜੇ ਨੇ ਸਾਰੀ ਗੱਲ ਸੁਣ ਲਈ ਤੇ ਉਸ ਨੇ ਜਾ ਕੇ ਪੌਲੁਸ ਨੂੰ ਦੱਸ ਦਿੱਤਾ। ਫਿਰ ਪੌਲੁਸ ਨੇ ਉਸ ਨੂੰ ਕਿਹਾ ਕਿ ਉਹ ਸਾਰੀ ਗੱਲ ਫ਼ੌਜ ਦੇ ਕਮਾਂਡਰ ਕਲੋਡੀਉਸ ਲੁਸੀਅਸ ਨੂੰ ਜਾ ਕੇ ਦੱਸੇ। (ਰਸੂ. 23:16-22) ਯਹੋਵਾਹ ਯਕੀਨਨ ਪੌਲੁਸ ਦੇ ਇਸ ਭਾਣਜੇ, ਜਿਸ ਦਾ ਬਾਈਬਲ ਵਿਚ ਨਾਂ ਨਹੀਂ ਦੱਸਿਆ ਗਿਆ, ਵਰਗੇ ਨੌਜਵਾਨਾਂ ਨੂੰ ਪਿਆਰ ਕਰਦਾ ਹੈ ਜੋ ਦਲੇਰੀ ਨਾਲ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਪਰਮੇਸ਼ੁਰ ਦੇ ਲੋਕਾਂ ਦਾ ਭਲਾ ਕਰਦੇ ਹਨ ਅਤੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਰਾਜ ਦੇ ਕੰਮ ਕਰਦੇ ਹਨ।

7, 8. ਕਲੋਡੀਉਸ ਲੁਸੀਅਸ ਨੇ ਪੌਲੁਸ ਦੀ ਸੁਰੱਖਿਆ ਦੇ ਕਿਹੜੇ ਇੰਤਜ਼ਾਮ ਕੀਤੇ ਸਨ?

7 ਪੌਲੁਸ ਖ਼ਿਲਾਫ਼ ਸਾਜ਼ਸ਼ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ ਕਲੋਡੀਉਸ ਲੁਸੀਅਸ, ਜਿਸ ਦੇ ਅਧੀਨ 1,000 ਫ਼ੌਜੀ ਸਨ, ਨੇ ਹੁਕਮ ਦਿੱਤਾ ਕਿ ਕੁੱਲ 470 ਫ਼ੌਜੀਆਂ, ਬਰਛਾਧਾਰੀਆਂ ਤੇ ਘੋੜਸਵਾਰਾਂ ਦੀ ਸੁਰੱਖਿਆ ਅਧੀਨ ਪੌਲੁਸ ਨੂੰ ਰਾਤੋ-ਰਾਤ ਯਰੂਸ਼ਲਮ ਤੋਂ ਕੈਸਰੀਆ ਲਿਜਾਇਆ ਜਾਵੇ। ਉੱਥੇ ਪਹੁੰਚ ਕੇ ਉਸ ਨੂੰ ਰਾਜਪਾਲ ਫ਼ੇਲਿਕਸ ਦੇ ਹਵਾਲੇ ਕਰ ਦਿੱਤਾ ਜਾਵੇ। a ਰੋਮੀ ਰਾਜਪਾਲ ਕੈਸਰੀਆ ਤੋਂ ਹੀ ਯਹੂਦਿਯਾ ਉੱਤੇ ਹਕੂਮਤ ਕਰਦਾ ਸੀ। ਉੱਥੇ ਜ਼ਿਆਦਾ ਕਰਕੇ ਗ਼ੈਰ-ਯਹੂਦੀ ਰਹਿੰਦੇ ਸਨ, ਪਰ ਕਾਫ਼ੀ ਗਿਣਤੀ ਵਿਚ ਯਹੂਦੀ ਵੀ ਸਨ। ਉੱਥੇ ਆਮ ਤੌਰ ਤੇ ਸ਼ਾਂਤੀ ਰਹਿੰਦੀ ਸੀ, ਜਦ ਕਿ ਯਰੂਸ਼ਲਮ ਵਿਚ ਹਾਲਾਤ ਖ਼ਰਾਬ ਰਹਿੰਦੇ ਸਨ ਕਿਉਂਕਿ ਯਹੂਦੀ ਹੋਰ ਧਰਮਾਂ ਦੇ ਲੋਕਾਂ ਨਾਲ ਪੱਖਪਾਤ ਕਰਦੇ ਸਨ ਤੇ ਉਨ੍ਹਾਂ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦੇ ਸਨ ਅਤੇ ਦੰਗੇ-ਫ਼ਸਾਦ ਕਰਦੇ ਸਨ। ਯਹੂਦਿਯਾ ਵਿਚ ਤੈਨਾਤ ਰੋਮੀ ਫ਼ੌਜ ਦਾ ਹੈੱਡ-ਕੁਆਰਟਰ ਵੀ ਕੈਸਰੀਆ ਵਿਚ ਸੀ।

8 ਰੋਮੀ ਕਾਨੂੰਨ ਅਨੁਸਾਰ ਲੁਸੀਅਸ ਨੇ ਚਿੱਠੀ ਲਿਖ ਕੇ ਫ਼ੇਲਿਕਸ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ। ਲੁਸੀਅਸ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਪੌਲੁਸ ਰੋਮੀ ਨਾਗਰਿਕ ਸੀ, ਤਾਂ ਉਸ ਨੇ ਯਹੂਦੀਆਂ ਦੁਆਰਾ “ਜਾਨੋਂ ਮਾਰਨ” ਤੋਂ ਪਹਿਲਾਂ ਹੀ ਪੌਲੁਸ ਨੂੰ ਬਚਾ ਲਿਆ। ਲੁਸੀਅਸ ਨੇ ਲਿਖਿਆ ਕਿ ਉਸ ਨੇ ਪੌਲੁਸ ਨੂੰ ਕਿਸੇ ਗੱਲ ਦਾ ਦੋਸ਼ੀ ਨਹੀਂ ਪਾਇਆ ਜਿਸ ਲਈ ਉਸ ਨੂੰ “ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਕੈਦ ਵਿਚ ਸੁੱਟਿਆ ਜਾਵੇ।” ਪਰ ਪੌਲੁਸ ਦੇ ਖ਼ਿਲਾਫ਼ ਸਾਜ਼ਸ਼ ਹੋਣ ਕਰਕੇ ਉਹ ਉਸ ਨੂੰ ਫ਼ੇਲਿਕਸ ਦੇ ਹਵਾਲੇ ਕਰ ਰਿਹਾ ਸੀ ਤਾਂਕਿ ਉਹ ਦੋਸ਼ ਲਾਉਣ ਵਾਲਿਆਂ ਦੇ ਮੂੰਹੋਂ ਪੌਲੁਸ ਦੇ ਖ਼ਿਲਾਫ਼ ਦੋਸ਼ ਸੁਣ ਸਕੇ ਅਤੇ ਇਸ ਮਾਮਲੇ ਬਾਰੇ ਫ਼ੈਸਲਾ ਸੁਣਾ ਸਕੇ।​—ਰਸੂ. 23:25-30.

9. (ੳ) ਪੌਲੁਸ ਨੂੰ ਮਿਲੇ ਰੋਮੀ ਅਧਿਕਾਰਾਂ ਦੀ ਕਿਵੇਂ ਉਲੰਘਣਾ ਕੀਤੀ ਗਈ ਸੀ? (ਅ) ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਆਪਣੇ ਅਧਿਕਾਰਾਂ ਦਾ ਫ਼ਾਇਦਾ ਕਿਵੇਂ ਲੈ ਸਕਦੇ ਹਾਂ?

9 ਕੀ ਲੁਸੀਅਸ ਨੇ ਚਿੱਠੀ ਵਿਚ ਸੱਚ ਦੱਸਿਆ ਸੀ? ਪੂਰੀ ਤਰ੍ਹਾਂ ਨਹੀਂ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਰਾਜਪਾਲ ਉੱਤੇ ਆਪਣੇ ਬਾਰੇ ਚੰਗਾ ਪ੍ਰਭਾਵ ਛੱਡਣਾ ਚਾਹੁੰਦਾ ਸੀ। ਹਕੀਕਤ ਤਾਂ ਇਹ ਸੀ ਕਿ ਉਸ ਨੇ ਪੌਲੁਸ ਨੂੰ ਇਸ ਕਰਕੇ ਨਹੀਂ ਬਚਾਇਆ ਕਿਉਂਕਿ ਉਸ ਨੂੰ ਪੌਲੁਸ ਦੇ ਰੋਮੀ ਨਾਗਰਿਕ ਹੋਣ ਬਾਰੇ ਪਤਾ ਲੱਗਾ ਸੀ। ਨਾਲੇ ਉਸ ਨੇ ਇਹ ਵੀ ਨਹੀਂ ਦੱਸਿਆ ਕਿ ਉਸ ਨੇ ਪੌਲੁਸ ਨੂੰ “ਦੋ ਬੇੜੀਆਂ ਨਾਲ ਬੰਨ੍ਹਿਆ” ਸੀ ਅਤੇ ਬਾਅਦ ਵਿਚ “ਕੋਰੜੇ ਮਾਰ ਕੇ ਉਸ ਤੋਂ ਪੁੱਛ-ਗਿੱਛ” ਕਰਨ ਦਾ ਹੁਕਮ ਦਿੱਤਾ ਸੀ। (ਰਸੂ. 21:30-34; 22:24-29) ਇਸ ਤਰ੍ਹਾਂ ਲੁਸੀਅਸ ਨੇ ਪੌਲੁਸ ਦੇ ਰੋਮੀ ਅਧਿਕਾਰਾਂ ਦੀ ਉਲੰਘਣਾ ਕੀਤੀ ਸੀ। ਅੱਜ ਸ਼ੈਤਾਨ ਵਿਰੋਧੀਆਂ ਦੇ ਧਾਰਮਿਕ ਜਨੂਨ ਨੂੰ ਵਰਤ ਕੇ ਪਰਮੇਸ਼ੁਰ ਦੇ ਲੋਕਾਂ ਉੱਤੇ ਜ਼ੁਲਮ ਢਾਹੁੰਦਾ ਹੈ। ਇਸ ਕਰਕੇ ਸ਼ਾਇਦ ਸਾਡੇ ਵੀ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਵੇ। ਪਰ ਪੌਲੁਸ ਵਾਂਗ ਪਰਮੇਸ਼ੁਰ ਦੇ ਲੋਕ ਦੇਸ਼ ਦੇ ਨਾਗਰਿਕ ਹੋਣ ਕਰਕੇ ਆਪਣੇ ਹੱਕਾਂ ਦਾ ਫ਼ਾਇਦਾ ਲੈਂਦੇ ਹੋਏ ਕਾਨੂੰਨ ਅਧੀਨ ਸੁਰੱਖਿਆ ਦੀ ਮੰਗ ਕਰ ਸਕਦੇ ਹਨ।

“ਮੈਂ ਬਿਨਾਂ ਝਿਜਕੇ ਆਪਣੀ ਸਫ਼ਾਈ ਪੇਸ਼ ਕਰ ਰਿਹਾ ਹਾਂ” (ਰਸੂ. 23:35–24:21)

10. ਪੌਲੁਸ ਉੱਤੇ ਕਿਹੜੇ ਗੰਭੀਰ ਦੋਸ਼ ਲਾਏ ਗਏ ਸਨ?

10 ਕੈਸਰੀਆ ਵਿਚ ਪੌਲੁਸ ਨੂੰ “ਹੇਰੋਦੇਸ ਦੇ ਮਹਿਲ ਵਿਚ ਪਹਿਰੇ ਅਧੀਨ ਰੱਖਿਆ” ਗਿਆ ਜਦ ਤਕ ਉਸ ਉੱਤੇ ਦੋਸ਼ ਲਾਉਣ ਵਾਲੇ ਯਰੂਸ਼ਲਮ ਤੋਂ ਨਹੀਂ ਆ ਗਏ। (ਰਸੂ. 23:35) ਪੰਜ ਦਿਨਾਂ ਬਾਅਦ ਮਹਾਂ ਪੁਜਾਰੀ ਅੰਨਾਸ, ਤਰਤੁੱਲੁਸ ਨਾਂ ਦਾ ਵਕੀਲ ਅਤੇ ਕੁਝ ਬਜ਼ੁਰਗ ਯਰੂਸ਼ਲਮ ਤੋਂ ਆਏ। ਤਰਤੁੱਲੁਸ ਨੇ ਪਹਿਲਾਂ ਫ਼ੇਲਿਕਸ ਦੀ ਤਾਰੀਫ਼ ਕੀਤੀ ਕਿ ਉਹ ਯਹੂਦੀਆਂ ਲਈ ਕਿੰਨਾ ਕੁਝ ਕਰ ਰਿਹਾ ਸੀ। ਅਸਲ ਵਿਚ ਉਹ ਉਸ ਦੀ ਚਾਪਲੂਸੀ ਕਰ ਕੇ ਉਸ ਨੂੰ ਆਪਣੇ ਵੱਲ ਕਰਨਾ ਚਾਹੁੰਦਾ ਸੀ। b ਫਿਰ ਸਿੱਧਾ ਮਾਮਲੇ ਵੱਲ ਆਉਂਦੇ ਹੋਏ ਉਸ ਨੇ ਕਿਹਾ ਕਿ ਪੌਲੁਸ “ਸਾਰੇ ਫ਼ਸਾਦ ਦੀ ਜੜ੍ਹ ਹੈ ਅਤੇ ਇਹ ਸਾਰੀ ਦੁਨੀਆਂ ਵਿਚ ਰਹਿੰਦੇ ਯਹੂਦੀਆਂ ਨੂੰ ਸਰਕਾਰ ਦੇ ਖ਼ਿਲਾਫ਼ ਭੜਕਾਉਂਦਾ ਹੈ ਅਤੇ ਇਹ ਨਾਸਰੀਆਂ ਦੇ ਪੰਥ ਦਾ ਇਕ ਆਗੂ ਹੈ। ਇਸ ਨੇ ਮੰਦਰ ਨੂੰ ਵੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਸੇ ਕਰਕੇ ਅਸੀਂ ਇਸ ਨੂੰ ਫੜ ਲਿਆ।” ਦੂਸਰੇ ਯਹੂਦੀ ਵੀ “ਉਸ ਉੱਤੇ ਦੋਸ਼ ਲਾਉਣ ਲੱਗ ਪਏ ਅਤੇ ਜ਼ੋਰ ਦੇ ਕੇ ਕਹਿਣ ਲੱਗੇ ਕਿ ਇਹ ਦੋਸ਼ ਸਹੀ ਹਨ।” (ਰਸੂ. 24:5, 6, 9) ਸਰਕਾਰ ਖ਼ਿਲਾਫ਼ ਬਗਾਵਤ ਭੜਕਾਉਣੀ, ਖ਼ਤਰਨਾਕ ਪੰਥ ਦਾ ਆਗੂ ਹੋਣਾ ਤੇ ਮੰਦਰ ਨੂੰ ਭ੍ਰਿਸ਼ਟ ਕਰਨਾ​—ਇਹ ਸਾਰੇ ਬਹੁਤ ਗੰਭੀਰ ਦੋਸ਼ ਸਨ ਜਿਨ੍ਹਾਂ ਕਰਕੇ ਮੌਤ ਦੀ ਸਜ਼ਾ ਮਿਲ ਸਕਦੀ ਸੀ।

11, 12. ਪੌਲੁਸ ਨੇ ਕਿਵੇਂ ਸਾਬਤ ਕੀਤਾ ਕਿ ਉਸ ਉੱਤੇ ਲਾਏ ਸਾਰੇ ਦੋਸ਼ ਝੂਠੇ ਸਨ?

11 ਫਿਰ ਪੌਲੁਸ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਗਈ। ਉਸ ਨੇ ਆਪਣੀ ਗੱਲ ਇਸ ਤਰ੍ਹਾਂ ਸ਼ੁਰੂ ਕੀਤੀ: “ਮੈਂ ਬਿਨਾਂ ਝਿਜਕੇ ਆਪਣੀ ਸਫ਼ਾਈ ਪੇਸ਼ ਕਰ ਰਿਹਾ ਹਾਂ।” ਉਸ ਨੇ ਸਾਫ਼-ਸਾਫ਼ ਕਿਹਾ ਕਿ ਉਸ ਉੱਤੇ ਲਾਏ ਗਏ ਸਾਰੇ ਦੋਸ਼ ਝੂਠੇ ਸਨ। ਉਸ ਨੇ ਨਾ ਤਾਂ ਮੰਦਰ ਨੂੰ ਭ੍ਰਿਸ਼ਟ ਕੀਤਾ ਸੀ ਤੇ ਨਾ ਹੀ ਸਰਕਾਰ ਦੇ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਦੱਸਿਆ ਕਿ ਉਹ ‘ਕਈ ਸਾਲ’ ਯਰੂਸ਼ਲਮ ਤੋਂ ਬਾਹਰ ਰਿਹਾ ਅਤੇ ਹੁਣ ਉਹ “ਦਾਨ” ਲੈ ਕੇ ਆਇਆ ਸੀ। ਇਹ ਦਾਨ ਉਨ੍ਹਾਂ ਮਸੀਹੀਆਂ ਲਈ ਸੀ ਜਿਹੜੇ ਸ਼ਾਇਦ ਕਾਲ਼ ਅਤੇ ਅਤਿਆਚਾਰ ਕਰਕੇ ਗ਼ਰੀਬ ਹੋਏ ਸਨ। ਪੌਲੁਸ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੰਦਰ ਵਿਚ ਪੈਰ ਰੱਖਣ ਤੋਂ ਪਹਿਲਾਂ ਉਹ “ਰੀਤ ਅਨੁਸਾਰ ਸ਼ੁੱਧ” ਸੀ ਅਤੇ ਉਸ ਨੇ “ਪਰਮੇਸ਼ੁਰ ਅਤੇ ਇਨਸਾਨਾਂ ਦੇ ਸਾਮ੍ਹਣੇ ਆਪਣੀ ਜ਼ਮੀਰ ਨੂੰ ਹਮੇਸ਼ਾ ਸਾਫ਼ ਰੱਖਣ ਦੀ ਕੋਸ਼ਿਸ਼” ਕੀਤੀ।​—ਰਸੂ. 24:10-13, 16-18.

12 ਪਰ ਪੌਲੁਸ ਨੇ ਕਬੂਲ ਕੀਤਾ ਕਿ “ਭਗਤੀ ਕਰਨ ਦੇ ਜਿਸ ਤਰੀਕੇ ਨੂੰ ਇਹ ਲੋਕ ਪੰਥ ਕਹਿ ਰਹੇ ਹਨ,” ਉਸੇ ਅਨੁਸਾਰ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੀ ਭਗਤੀ ਕਰਦਾ ਸੀ। ਪਰ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ “ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਲਿਖੀਆਂ ਗੱਲਾਂ ਨੂੰ ਮੰਨਦਾ” ਸੀ। ਉਸ ਉੱਤੇ ਦੋਸ਼ ਲਾਉਣ ਵਾਲੇ ਬੰਦਿਆਂ ਵਾਂਗ ਉਹ ਵੀ ਉਮੀਦ ਰੱਖਦਾ ਸੀ ਕਿ “ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।” ਫਿਰ ਪੌਲੁਸ ਨੇ ਦੋਸ਼ ਲਾਉਣ ਵਾਲਿਆਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ: “ਇੱਥੇ ਹਾਜ਼ਰ ਇਹ ਆਦਮੀ ਦੱਸਣ ਕਿ ਜਦੋਂ ਮੈਨੂੰ ਮਹਾਸਭਾ ਸਾਮ੍ਹਣੇ ਪੇਸ਼ ਕੀਤਾ ਗਿਆ ਸੀ, ਤਾਂ ਉਸ ਵੇਲੇ ਇਨ੍ਹਾਂ ਨੇ ਮੇਰੇ ਵਿਚ ਕੀ ਦੋਸ਼ ਪਾਇਆ ਸੀ, ਸਿਵਾਇ ਇਕ ਗੱਲ ਦੇ ਜੋ ਮੈਂ ਇਨ੍ਹਾਂ ਸਾਮ੍ਹਣੇ ਉੱਚੀ ਆਵਾਜ਼ ਵਿਚ ਕਹੀ ਸੀ: ‘ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਦੀ ਗੱਲ ਨੂੰ ਲੈ ਕੇ ਅੱਜ ਮੇਰੇ ਉੱਤੇ ਤੁਹਾਡੇ ਸਾਮ੍ਹਣੇ ਮੁਕੱਦਮਾ ਚਲਾਇਆ ਜਾ ਰਿਹਾ ਹੈ।’”​—ਰਸੂ. 24:14, 15, 20, 21.

13-15. ਸਰਕਾਰੀ ਅਧਿਕਾਰੀਆਂ ਸਾਮ੍ਹਣੇ ਦਲੇਰੀ ਨਾਲ ਗਵਾਹੀ ਦੇਣ ਵੇਲੇ ਅਸੀਂ ਪੌਲੁਸ ਦੀ ਚੰਗੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?

13 ਪੌਲੁਸ ਨੇ ਸਾਡੇ ਸਾਮ੍ਹਣੇ ਚੰਗੀ ਮਿਸਾਲ ਕਾਇਮ ਕੀਤੀ। ਜੇ ਸਾਨੂੰ ਯਹੋਵਾਹ ਦੀ ਭਗਤੀ ਕਰਨ ਕਰਕੇ ਕਦੀ ਸਰਕਾਰੀ ਅਧਿਕਾਰੀਆਂ ਸਾਮ੍ਹਣੇ ਪੇਸ਼ ਕੀਤਾ ਜਾਂਦਾ ਹੈ ਤੇ ਸਾਡੇ ਉੱਤੇ ਇਲਾਕੇ ਵਿਚ ਗੜਬੜੀ ਫੈਲਾਉਣ, ਦੇਸ਼ ਨਾਲ ਗੱਦਾਰੀ ਕਰਨ ਜਾਂ ਕਿਸੇ “ਖ਼ਤਰਨਾਕ ਪੰਥ” ਦੇ ਮੈਂਬਰ ਹੋਣ ਦਾ ਝੂਠਾ ਦੋਸ਼ ਲਾਇਆ ਜਾਂਦਾ ਹੈ, ਤਾਂ ਅਸੀਂ ਵੀ ਪੌਲੁਸ ਦੀ ਰੀਸ ਕਰ ਸਕਦੇ ਹਾਂ। ਉਸ ਨੇ ਤਰਤੁੱਲੁਸ ਵਾਂਗ ਰਾਜਪਾਲ ਦੀ ਚਾਪਲੂਸੀ ਨਹੀਂ ਕੀਤੀ ਅਤੇ ਸ਼ਾਂਤ ਰਹਿ ਕੇ ਆਦਰ ਨਾਲ ਗੱਲ ਕੀਤੀ। ਉਸ ਨੇ ਸਮਝਦਾਰੀ ਵਰਤਦਿਆਂ ਸਾਰੀਆਂ ਗੱਲਾਂ ਸਾਫ਼-ਸਾਫ਼ ਤੇ ਸੱਚ-ਸੱਚ ਦੱਸੀਆਂ। ਪੌਲੁਸ ਨੇ ਜ਼ਿਕਰ ਕੀਤਾ ਕਿ ਉਸ ਉੱਤੇ ਮੰਦਰ ਨੂੰ ਭ੍ਰਿਸ਼ਟ ਕਰਨ ਦਾ ਦੋਸ਼ ਲਾਉਣ ਵਾਲੇ ‘ਏਸ਼ੀਆ ਜ਼ਿਲ੍ਹੇ ਦੇ ਯਹੂਦੀ’ ਹਾਜ਼ਰ ਨਹੀਂ ਸਨ, ਜਦ ਕਿ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਉਸ ਦੇ ਸਾਮ੍ਹਣੇ ਦੋਸ਼ ਲਾਉਣੇ ਚਾਹੀਦੇ ਸਨ।​—ਰਸੂ. 24:18, 19.

14 ਸਭ ਤੋਂ ਵੱਡੀ ਗੱਲ ਇਹ ਸੀ ਕਿ ਪੌਲੁਸ ਆਪਣੇ ਵਿਸ਼ਵਾਸਾਂ ਬਾਰੇ ਗਵਾਹੀ ਦੇਣ ਤੋਂ ਪਿੱਛੇ ਨਹੀਂ ਹਟਿਆ। ਉਸ ਨੇ ਨਿਡਰਤਾ ਨਾਲ ਦੱਸਿਆ ਕਿ ਉਹ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦੇ ਹੋਣ ਦੀ ਉਮੀਦ ਉੱਤੇ ਵਿਸ਼ਵਾਸ ਕਰਦਾ ਸੀ। ਇਸੇ ਗੱਲ ਕਰਕੇ ਪਹਿਲਾਂ ਮਹਾਸਭਾ ਸਾਮ੍ਹਣੇ ਪੇਸ਼ੀ ਦੌਰਾਨ ਰੌਲ਼ਾ-ਰੱਪਾ ਪਿਆ ਸੀ। (ਰਸੂ. 23:6-10) ਆਪਣੀ ਸਫ਼ਾਈ ਦਿੰਦੇ ਹੋਏ ਪੌਲੁਸ ਨੇ ਇਸ ਉਮੀਦ ਉੱਤੇ ਜ਼ੋਰ ਦਿੱਤਾ। ਕਿਉਂ? ਕਿਉਂਕਿ ਉਹ ਯਿਸੂ ਬਾਰੇ ਅਤੇ ਉਸ ਦੇ ਦੁਬਾਰਾ ਜੀਉਂਦੇ ਹੋਣ ਬਾਰੇ ਗਵਾਹੀ ਦੇ ਰਿਹਾ ਸੀ। ਉਸ ਦੇ ਵਿਰੋਧੀ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ। (ਰਸੂ. 26:6-8, 22, 23) ਜੀ ਹਾਂ, ਇਹ ਉਮੀਦ ਹੀ ਸਾਰੇ ਝਗੜੇ ਦੀ ਜੜ੍ਹ ਸੀ, ਖ਼ਾਸ ਤੌਰ ਤੇ ਇਹ ਗੱਲ ਕਿ ਉਹ ਯਿਸੂ ਅਤੇ ਉਸ ਦੇ ਦੁਬਾਰਾ ਜੀਉਂਦੇ ਹੋਣ ਉੱਤੇ ਵਿਸ਼ਵਾਸ ਕਰਦਾ ਸੀ।

15 ਪੌਲੁਸ ਵਾਂਗ ਅਸੀਂ ਵੀ ਦਲੇਰੀ ਨਾਲ ਗਵਾਹੀ ਦੇਣ ਲਈ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਹੌਸਲਾ ਪਾ ਸਕਦੇ ਹਾਂ ਜੋ ਉਸ ਨੇ ਆਪਣੇ ਚੇਲਿਆਂ ਨੂੰ ਕਹੇ ਸਨ: “ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ। ਪਰ ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ, ਉਹੀ ਬਚਾਇਆ ਜਾਵੇਗਾ।” ਕੀ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ ਕਿ ਅਸੀਂ ਕੀ ਕਹਾਂਗੇ? ਯਿਸੂ ਨੇ ਸਾਨੂੰ ਭਰੋਸਾ ਦਿੱਤਾ ਹੈ: “ਜਦ ਉਹ ਤੁਹਾਨੂੰ ਅਦਾਲਤਾਂ ਵਿਚ ਲਿਆਉਣ, ਤਾਂ ਤੁਸੀਂ ਪਹਿਲਾਂ ਤੋਂ ਹੀ ਚਿੰਤਾ ਨਾ ਕਰਨੀ ਕਿ ਤੁਸੀਂ ਕੀ ਕਹੋਗੇ; ਤੁਸੀਂ ਉਹੀ ਕਹਿਣਾ ਜੋ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ, ਸਗੋਂ ਪਵਿੱਤਰ ਸ਼ਕਤੀ ਹੋਵੇਗੀ।”​—ਮਰ. 13:9-13.

“ਫ਼ੇਲਿਕਸ ਡਰ ਗਿਆ” (ਰਸੂ. 24:22-27)

16, 17. (ੳ) ਫ਼ੇਲਿਕਸ ਨੇ ਪੌਲੁਸ ਦੇ ਮੁਕੱਦਮੇ ਬਾਰੇ ਕੀ ਕੀਤਾ ਸੀ? (ਅ) ਫ਼ੇਲਿਕਸ ਸ਼ਾਇਦ ਕਿਉਂ ਡਰ ਗਿਆ ਸੀ, ਫਿਰ ਵੀ ਉਹ ਪੌਲੁਸ ਨੂੰ ਵਾਰ-ਵਾਰ ਕਿਉਂ ਮਿਲਦਾ ਰਿਹਾ?

16 ਰਾਜਪਾਲ ਫ਼ੇਲਿਕਸ ਪਹਿਲਾਂ ਵੀ ਮਸੀਹੀ ਸਿੱਖਿਆਵਾਂ ਬਾਰੇ ਸੁਣ ਚੁੱਕਾ ਸੀ। ਬਾਈਬਲ ਵਿਚ ਦੱਸਿਆ ਹੈ: “ਫ਼ੇਲਿਕਸ ਨੂੰ ‘ਪ੍ਰਭੂ ਦੇ ਰਾਹ’ ਬਾਰੇ ਸਹੀ ਜਾਣਕਾਰੀ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਟਾਲਣ ਲਈ ਕਿਹਾ: ‘ਜਦੋਂ ਵੀ ਫ਼ੌਜ ਦਾ ਸੈਨਾਪਤੀ ਲੁਸੀਅਸ ਇੱਥੇ ਆਏਗਾ, ਉਦੋਂ ਮੈਂ ਤੁਹਾਡੇ ਇਨ੍ਹਾਂ ਮਸਲਿਆਂ ਨੂੰ ਨਜਿੱਠਾਂਗਾ।’ ਫਿਰ ਉਸ ਨੇ ਫ਼ੌਜੀ ਅਫ਼ਸਰ ਨੂੰ ਹੁਕਮ ਦਿੱਤਾ ਕਿ ਪੌਲੁਸ ਨੂੰ ਹਿਰਾਸਤ ਵਿਚ ਰੱਖਿਆ ਜਾਵੇ, ਪਰ ਉਸ ਨੂੰ ਕੁਝ ਖੁੱਲ੍ਹ ਦਿੱਤੀ ਜਾਵੇ ਅਤੇ ਉਸ ਦੇ ਦੋਸਤਾਂ-ਮਿੱਤਰਾਂ ਨੂੰ ਉਸ ਦੀ ਸੇਵਾ-ਟਹਿਲ ਕਰਨ ਤੋਂ ਨਾ ਰੋਕਿਆ ਜਾਵੇ।”​—ਰਸੂ. 24:22, 23.

17 ਕੁਝ ਦਿਨਾਂ ਬਾਅਦ ਫ਼ੇਲਿਕਸ ਤੇ ਉਸ ਦੀ ਯਹੂਦੀ ਪਤਨੀ ਦਰੂਸਿੱਲਾ ਨੇ ਪੌਲੁਸ ਨੂੰ ਸੱਦ ਕੇ “ਉਸ ਤੋਂ ਮਸੀਹ ਯਿਸੂ ਉੱਤੇ ਨਿਹਚਾ ਕਰਨ ਬਾਰੇ ਸੁਣਿਆ।” (ਰਸੂ. 24:24) ਪਰ ਜਦੋਂ ਪੌਲੁਸ ਨੇ ਉਸ ਨਾਲ “ਧਾਰਮਿਕਤਾ, ਸੰਜਮ ਅਤੇ ਅਗਾਹਾਂ ਹੋਣ ਵਾਲੇ ਨਿਆਂ ਬਾਰੇ ਗੱਲ ਕੀਤੀ, ਤਾਂ ਫ਼ੇਲਿਕਸ ਡਰ ਗਿਆ।” ਉਸ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਗ਼ਲਤ ਕੰਮ ਕੀਤੇ ਸਨ ਜਿਸ ਕਰਕੇ ਸ਼ਾਇਦ ਇਹ ਗੱਲਾਂ ਸੁਣ ਕੇ ਉਸ ਦੀ ਜ਼ਮੀਰ ਉਸ ਨੂੰ ਪਰੇਸ਼ਾਨ ਕਰਨ ਲੱਗ ਪਈ। ਇਸ ਲਈ ਉਸ ਨੇ ਪੌਲੁਸ ਨੂੰ ਇਹ ਕਹਿ ਕੇ ਘੱਲ ਦਿੱਤਾ: “ਹੁਣ ਤੂੰ ਚਲਾ ਜਾਹ, ਫਿਰ ਜਦੋਂ ਮੈਨੂੰ ਸਮਾਂ ਮਿਲਿਆ, ਤਾਂ ਮੈਂ ਤੈਨੂੰ ਦੁਬਾਰਾ ਸੱਦਾਂਗਾ।” ਇਸ ਤੋਂ ਬਾਅਦ ਫ਼ੇਲਿਕਸ ਨੇ ਪੌਲੁਸ ਨੂੰ ਕਈ ਵਾਰ ਬੁਲਾਇਆ, ਪਰ ਉਸ ਦਾ ਸੱਚਾਈ ਜਾਣਨ ਦਾ ਇਰਾਦਾ ਨਹੀਂ ਸੀ, ਸਗੋਂ ਉਹ ਪੌਲੁਸ ਤੋਂ ਰਿਸ਼ਵਤ ਚਾਹੁੰਦਾ ਸੀ।​—ਰਸੂ. 24:25, 26.

18. ਪੌਲੁਸ ਨੇ ਫ਼ੇਲਿਕਸ ਤੇ ਉਸ ਦੀ ਪਤਨੀ ਨਾਲ “ਧਾਰਮਿਕਤਾ, ਸੰਜਮ ਅਤੇ ਅਗਾਹਾਂ ਹੋਣ ਵਾਲੇ ਨਿਆਂ ਬਾਰੇ” ਕਿਉਂ ਗੱਲ ਕੀਤੀ ਸੀ?

18 ਪੌਲੁਸ ਨੇ ਫ਼ੇਲਿਕਸ ਤੇ ਉਸ ਦੀ ਪਤਨੀ ਨਾਲ “ਧਾਰਮਿਕਤਾ, ਸੰਜਮ ਅਤੇ ਅਗਾਹਾਂ ਹੋਣ ਵਾਲੇ ਨਿਆਂ ਬਾਰੇ” ਕਿਉਂ ਗੱਲ ਕੀਤੀ ਸੀ? ਯਾਦ ਕਰੋ ਕਿ ਉਹ ਜਾਣਨਾ ਚਾਹੁੰਦੇ ਸਨ ਕਿ “ਮਸੀਹ ਯਿਸੂ ਉੱਤੇ ਨਿਹਚਾ ਕਰਨ” ਲਈ ਕੀ ਕਰਨ ਦੀ ਲੋੜ ਸੀ। ਪੌਲੁਸ ਜਾਣਦਾ ਸੀ ਕਿ ਉਹ ਤੇ ਉਸ ਦੀ ਪਤਨੀ ਕਿੰਨੇ ਬਦਚਲਣ, ਜ਼ਾਲਮ ਤੇ ਪੱਖਪਾਤੀ ਸਨ। ਉਸ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਯਿਸੂ ਦੇ ਚੇਲੇ ਬਣਨ ਲਈ ਕੀ ਕਰਨ ਦੀ ਲੋੜ ਸੀ। ਪੌਲੁਸ ਦੀਆਂ ਗੱਲਾਂ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਦੋਵੇਂ ਪਰਮੇਸ਼ੁਰ ਦੇ ਧਰਮੀ ਅਸੂਲਾਂ ਤੋਂ ਬਿਲਕੁਲ ਉਲਟ ਜ਼ਿੰਦਗੀ ਜੀ ਰਹੇ ਸਨ। ਇਸ ਤੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਹੋਣਾ ਕਿ ਹਰ ਇਨਸਾਨ ਆਪਣੀ ਸੋਚ, ਗੱਲਾਂ ਤੇ ਕੰਮਾਂ ਲਈ ਪਰਮੇਸ਼ੁਰ ਨੂੰ ਜਵਾਬਦੇਹ ਹੈ। ਨਾਲੇ ਇਹ ਗੱਲ ਮਾਅਨੇ ਨਹੀਂ ਰੱਖਦੀ ਸੀ ਕਿ ਉਹ ਪੌਲੁਸ ਦਾ ਕੀ ਨਿਆਂ ਕਰੇਗਾ, ਸਗੋਂ ਇਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਸੀ ਕਿ ਪਰਮੇਸ਼ੁਰ ਉਨ੍ਹਾਂ ਦਾ ਕੀ ਨਿਆਂ ਕਰੇਗਾ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਫ਼ੇਲਿਕਸ “ਡਰ ਗਿਆ” ਸੀ।

19, 20. (ੳ) ਸਾਨੂੰ ਉਨ੍ਹਾਂ ਲੋਕਾਂ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ ਜਿਹੜੇ ਦਿਲਚਸਪੀ ਦਿਖਾਉਂਦੇ ਹਨ, ਪਰ ਗ਼ਲਤ ਰਾਹ ਛੱਡਣਾ ਨਹੀਂ ਚਾਹੁੰਦੇ? (ਅ) ਅਸੀਂ ਕਿੱਦਾਂ ਜਾਣਦੇ ਹਾਂ ਕਿ ਫ਼ੇਲਿਕਸ ਪੌਲੁਸ ਦਾ ਦੋਸਤ ਨਹੀਂ ਸੀ?

19 ਪ੍ਰਚਾਰ ਕਰਦਿਆਂ ਸਾਨੂੰ ਵੀ ਸ਼ਾਇਦ ਫ਼ੇਲਿਕਸ ਵਰਗੇ ਲੋਕ ਮਿਲਣ। ਪਹਿਲਾਂ-ਪਹਿਲਾਂ ਸ਼ਾਇਦ ਸਾਨੂੰ ਲੱਗੇ ਕਿ ਉਨ੍ਹਾਂ ਨੂੰ ਸੱਚਾਈ ਵਿਚ ਦਿਲਚਸਪੀ ਹੈ, ਪਰ ਅਸਲ ਵਿਚ ਉਹ ਆਪਣੀ ਜ਼ਿੰਦਗੀ ਨਹੀਂ ਬਦਲਣੀ ਚਾਹੁੰਦੇ। ਸਾਨੂੰ ਅਜਿਹੇ ਲੋਕਾਂ ਦੀ ਮਦਦ ਕਰਦੇ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ। ਅਸੀਂ ਪੌਲੁਸ ਵਾਂਗ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਉਨ੍ਹਾਂ ਨੂੰ ਪਰਮੇਸ਼ੁਰ ਦੇ ਧਰਮੀ ਅਸੂਲਾਂ ਬਾਰੇ ਦੱਸ ਸਕਦੇ ਹਾਂ। ਸ਼ਾਇਦ ਸੱਚਾਈ ਦੀ ਕਿਸੇ ਗੱਲ ਦਾ ਉਨ੍ਹਾਂ ਦੇ ਦਿਲਾਂ ʼਤੇ ਅਸਰ ਪੈ ਜਾਵੇ। ਪਰ ਜੇ ਇਹ ਸਾਫ਼ ਹੋ ਜਾਂਦਾ ਹੈ ਕਿ ਉਨ੍ਹਾਂ ਦਾ ਆਪਣੇ ਗ਼ਲਤ ਰਾਹ ਨੂੰ ਛੱਡਣ ਦਾ ਕੋਈ ਇਰਾਦਾ ਨਹੀਂ ਹੈ, ਤਾਂ ਅਸੀਂ ਉਨ੍ਹਾਂ ਨੂੰ ਛੱਡ ਕੇ ਹੋਰ ਲੋਕਾਂ ਦੀ ਭਾਲ ਕਰ ਸਕਦੇ ਹਾਂ ਜੋ ਸੱਚਾਈ ਲਈ ਤਰਸ ਰਹੇ ਹਨ।

20 ਇਨ੍ਹਾਂ ਸ਼ਬਦਾਂ ਤੋਂ ਫ਼ੇਲਿਕਸ ਦੇ ਮਨ ਦੇ ਇਰਾਦੇ ਸਾਫ਼ ਜ਼ਾਹਰ ਹੁੰਦੇ ਹਨ: “ਦੋ ਸਾਲਾਂ ਬਾਅਦ ਫ਼ੇਲਿਕਸ ਦੀ ਜਗ੍ਹਾ ਪੁਰਕੀਅਸ ਫ਼ੇਸਤੁਸ ਰਾਜਪਾਲ ਬਣ ਗਿਆ; ਫ਼ੇਲਿਕਸ ਯਹੂਦੀਆਂ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ, ਇਸ ਲਈ ਉਹ ਪੌਲੁਸ ਨੂੰ ਕੈਦ ਵਿਚ ਹੀ ਛੱਡ ਗਿਆ ਸੀ।” (ਰਸੂ. 24:27) ਫ਼ੇਲਿਕਸ ਪੌਲੁਸ ਦਾ ਦੋਸਤ ਨਹੀਂ ਸੀ। ਫ਼ੇਲਿਕਸ ਜਾਣਦਾ ਸੀ ਕਿ “ਪ੍ਰਭੂ ਦੇ ਰਾਹ” ʼਤੇ ਚੱਲਣ ਵਾਲੇ ਲੋਕ ਬਾਗ਼ੀ ਜਾਂ ਕ੍ਰਾਂਤੀਕਾਰੀ ਨਹੀਂ ਸਨ। (ਰਸੂ. 19:23) ਉਹ ਇਹ ਵੀ ਜਾਣਦਾ ਸੀ ਕਿ ਪੌਲੁਸ ਨੇ ਕੋਈ ਰੋਮੀ ਕਾਨੂੰਨ ਨਹੀਂ ਤੋੜਿਆ ਸੀ। ਫਿਰ ਵੀ ਉਹ ‘ਯਹੂਦੀਆਂ ਨੂੰ ਖ਼ੁਸ਼ ਕਰਨ’ ਦਾ ਮਾਰਾ ਉਸ ਨੂੰ ਕੈਦ ਵਿਚ ਹੀ ਛੱਡ ਗਿਆ।

21. ਪੁਰਕੀਅਸ ਫ਼ੇਸਤੁਸ ਦੇ ਰਾਜਪਾਲ ਬਣਨ ਤੋਂ ਬਾਅਦ ਪੌਲੁਸ ਨਾਲ ਕੀ ਹੋਇਆ ਅਤੇ ਉਸ ਨੂੰ ਕਿਸ ਗੱਲ ਤੋਂ ਹਿੰਮਤ ਮਿਲਦੀ ਰਹੀ?

21 ਜਿਵੇਂ ਰਸੂਲਾਂ ਦੇ ਕੰਮ ਦੇ 24ਵੇਂ ਅਧਿਆਇ ਦੀ ਆਖ਼ਰੀ ਆਇਤ ਵਿਚ ਦੱਸਿਆ ਹੈ, ਪੌਲੁਸ ਅਜੇ ਵੀ ਕੈਦ ਵਿਚ ਸੀ ਜਦੋਂ ਫ਼ੇਲਿਕਸ ਦੀ ਜਗ੍ਹਾ ਪੁਰਕੀਅਸ ਫ਼ੇਸਤੁਸ ਰਾਜਪਾਲ ਬਣ ਕੇ ਆਇਆ ਸੀ। ਇਸ ਤੋਂ ਬਾਅਦ ਪੌਲੁਸ ਦੀਆਂ ਪੇਸ਼ੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਉਸ ਨੂੰ ਇਕ ਤੋਂ ਬਾਅਦ ਇਕ ਅਧਿਕਾਰੀਆਂ ਸਾਮ੍ਹਣੇ ਪੇਸ਼ ਕੀਤਾ ਗਿਆ। ਜੀ ਹਾਂ, ਦਲੇਰ ਪੌਲੁਸ ਰਸੂਲ ਨੂੰ “ਰਾਜਿਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਸਾਮ੍ਹਣੇ ਪੇਸ਼” ਕੀਤਾ ਗਿਆ। (ਲੂਕਾ 21:12) ਅਸੀਂ ਅੱਗੇ ਦੇਖਾਂਗੇ ਕਿ ਪੌਲੁਸ ਨੂੰ ਆਪਣੇ ਜ਼ਮਾਨੇ ਦੇ ਸਭ ਤੋਂ ਤਾਕਤਵਰ ਰਾਜੇ ਨੂੰ ਵੀ ਗਵਾਹੀ ਦੇਣ ਦਾ ਕਿਵੇਂ ਮੌਕਾ ਮਿਲਿਆ। ਇਸ ਸਾਰੇ ਸਮੇਂ ਦੌਰਾਨ ਪੌਲੁਸ ਦੀ ਨਿਹਚਾ ਕਮਜ਼ੋਰ ਨਹੀਂ ਹੋਈ। ਯਕੀਨਨ ਉਸ ਨੂੰ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਹਿੰਮਤ ਮਿਲੀ: “ਹੌਸਲਾ ਰੱਖ!”

a ਫ਼ੇਲਿਕਸ​—ਯਹੂਦਿਯਾ ਦਾ ਰਾਜਪਾਲ” ਨਾਂ ਦੀ ਡੱਬੀ ਦੇਖੋ।

b ਤਰਤੁੱਲੁਸ ਨੇ ਫ਼ੇਲਿਕਸ ਦਾ ਧੰਨਵਾਦ ਕੀਤਾ ਸੀ ਕਿ ਉਸ ਕਰਕੇ ਯਹੂਦੀ ਕੌਮ ਵਿਚ “ਬਹੁਤ ਹੀ ਅਮਨ-ਚੈਨ” ਸੀ। ਪਰ ਸੱਚ ਤਾਂ ਇਹ ਸੀ ਕਿ ਯਹੂਦਿਯਾ ਵਿਚ ਜਿੰਨੀ ਗੜਬੜੀ ਫ਼ੇਲਿਕਸ ਦੇ ਰਾਜ ਦੌਰਾਨ ਰਹੀ, ਉੱਨੀ ਰੋਮ ਦੇ ਖ਼ਿਲਾਫ਼ ਬਗਾਵਤ ਹੋਣ ਤੋਂ ਪਹਿਲਾਂ ਹੋਰ ਕਿਸੇ ਰਾਜਪਾਲ ਅਧੀਨ ਨਹੀਂ ਹੋਈ। ਨਾਲੇ ਇਹ ਵੀ ਸੱਚ ਨਹੀਂ ਸੀ ਕਿ ਫ਼ੇਲਿਕਸ ਦੁਆਰਾ ਕੀਤੇ ਸੁਧਾਰਾਂ ਲਈ ਯਹੂਦੀ ਉਸ ਦੇ “ਬਹੁਤ ਹੀ ਸ਼ੁਕਰਗੁਜ਼ਾਰ” ਸਨ। ਅਸਲ ਵਿਚ, ਜ਼ਿਆਦਾਤਰ ਯਹੂਦੀ ਫ਼ੇਲਿਕਸ ਨਾਲ ਨਫ਼ਰਤ ਕਰਦੇ ਸਨ ਕਿਉਂਕਿ ਉਸ ਨੇ ਉਨ੍ਹਾਂ ਦਾ ਜੀਉਣਾ ਹਰਾਮ ਕੀਤਾ ਸੀ ਅਤੇ ਉਹ ਬਾਗ਼ੀਆਂ ਨਾਲ ਬੇਰਹਿਮੀ ਨਾਲ ਪੇਸ਼ ਆਉਂਦਾ ਸੀ।​—ਰਸੂ. 24:2, 3.