ਅਧਿਆਇ 13
“ਬਹੁਤ ਝਗੜਾ ਅਤੇ ਬਹਿਸ ਹੋਈ”
ਪ੍ਰਬੰਧਕ ਸਭਾ ਨੂੰ ਸੁੰਨਤ ਦਾ ਮਸਲਾ ਸੌਂਪਿਆ ਜਾਂਦਾ ਹੈ
ਰਸੂਲਾਂ ਦੇ ਕੰਮ 15:1-12 ਵਿੱਚੋਂ
1-3. (ੳ) ਕਿਹੜੀਆਂ ਗੱਲਾਂ ਕਰਕੇ ਪਹਿਲੀ ਸਦੀ ਦੀ ਮਸੀਹੀ ਮੰਡਲੀ ਵਿਚ ਫੁੱਟ ਪੈਣ ਦਾ ਖ਼ਤਰਾ ਹੈ? (ਅ) ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦਿੱਤੇ ਇਸ ਬਿਰਤਾਂਤ ਨੂੰ ਪੜ੍ਹ ਕੇ ਸਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
ਪੌਲੁਸ ਅਤੇ ਬਰਨਾਬਾਸ ਚੜ੍ਹਦੀਆਂ ਕਲਾਂ ਵਿਚ ਹਨ। ਉਹ ਦੋਵੇਂ ਹੁਣੇ-ਹੁਣੇ ਆਪਣੇ ਪਹਿਲੇ ਮਿਸ਼ਨਰੀ ਦੌਰੇ ਤੋਂ ਸੀਰੀਆ ਦੇ ਸ਼ਹਿਰ ਅੰਤਾਕੀਆ ਵਾਪਸ ਆਏ ਹਨ। ਉਹ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਕਿ ਯਹੋਵਾਹ ਨੇ ‘ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਲਈ ਵੀ ਨਿਹਚਾ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ।’ (ਰਸੂ. 14:26, 27) ਅਸਲ ਵਿਚ ਅੰਤਾਕੀਆ ਵਿਚ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਹੋ ਰਿਹਾ ਹੈ ਅਤੇ “ਬਹੁਤ ਸਾਰੇ” ਗ਼ੈਰ-ਯਹੂਦੀ ਲੋਕ ਮੰਡਲੀ ਦੇ ਮੈਂਬਰ ਬਣ ਰਹੇ ਹਨ।—ਰਸੂ. 11:20-26.
2 ਇਸ ਵਾਧੇ ਦੀ ਖ਼ਬਰ ਜਲਦੀ ਹੀ ਯਹੂਦਿਯਾ ਪਹੁੰਚ ਜਾਂਦੀ ਹੈ। ਪਰ ਸਾਰੇ ਜਣੇ ਇਸ ਖ਼ਬਰ ਤੋਂ ਖ਼ੁਸ਼ ਨਹੀਂ ਹੁੰਦੇ। ਗ਼ੈਰ-ਯਹੂਦੀਆਂ ਦੇ ਮਸੀਹੀ ਬਣਨ ਕਾਰਨ ਸੁੰਨਤ ਦਾ ਮਸਲਾ ਹੋਰ ਜ਼ੋਰ ਫੜ ਲੈਂਦਾ ਹੈ। ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਦਾ ਆਪਸ ਵਿਚ ਰਿਸ਼ਤਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਅਤੇ ਮੂਸਾ ਦੇ ਕਾਨੂੰਨ ਬਾਰੇ ਗ਼ੈਰ-ਯਹੂਦੀ ਮਸੀਹੀਆਂ ਨੂੰ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ? ਸੁੰਨਤ ਦੇ ਮਸਲੇ ਕਰਕੇ ਮੰਡਲੀ ਵਿਚ ਝਗੜਾ ਹੋ ਜਾਂਦਾ ਹੈ ਜਿਸ ਕਰਕੇ ਮੰਡਲੀ ਵਿਚ ਧੜੇ ਬਣਨ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਇਸ ਮਸਲੇ ਨੂੰ ਕਿਵੇਂ ਸੁਲਝਾਇਆ ਜਾਵੇਗਾ?
3 ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਦਿੱਤੇ ਇਸ ਬਿਰਤਾਂਤ ਉੱਤੇ ਗੌਰ ਕਰ ਕੇ ਅਸੀਂ ਕਈ ਵਧੀਆ ਸਬਕ ਸਿੱਖ ਸਕਾਂਗੇ। ਇਨ੍ਹਾਂ ਦੀ ਮਦਦ ਨਾਲ ਅੱਜ ਅਸੀਂ ਕਿਸੇ ਵੀ ਫੁੱਟ ਪਾਉਣ ਵਾਲੇ ਮਸਲੇ ਨੂੰ ਸਮਝਦਾਰੀ ਨਾਲ ਹੱਲ ਕਰ ਸਕਾਂਗੇ।
“ਜੇ ਤੁਸੀਂ . . . ਸੁੰਨਤ ਨਹੀਂ ਕਰਾਓਗੇ” (ਰਸੂ. 15:1)
4. ਕੁਝ ਮਸੀਹੀ ਕਿਹੜੀ ਗੱਲ ਉੱਤੇ ਜ਼ੋਰ ਦੇ ਰਹੇ ਸਨ ਅਤੇ ਇਸ ਕਾਰਨ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?
4 ਚੇਲੇ ਲੂਕਾ ਨੇ ਲਿਖਿਆ: “ਯਹੂਦਿਯਾ ਤੋਂ ਕੁਝ ਆਦਮੀ [ਅੰਤਾਕੀਆ] ਆਏ ਅਤੇ ਭਰਾਵਾਂ ਨੂੰ ਇਹ ਸਿਖਾਉਣ ਲੱਗ ਪਏ: ‘ਜੇ ਤੁਸੀਂ ਮੂਸਾ ਦੇ ਕਾਨੂੰਨ ਅਨੁਸਾਰ ਸੁੰਨਤ ਨਹੀਂ ਕਰਾਓਗੇ, ਤਾਂ ਤੁਸੀਂ ਬਚਾਏ ਨਹੀਂ ਜਾਓਗੇ।’” (ਰਸੂ. 15:1) ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ‘ਯਹੂਦਿਯਾ ਤੋਂ ਆਏ ਆਦਮੀ’ ਮਸੀਹੀ ਬਣਨ ਤੋਂ ਪਹਿਲਾਂ ਫ਼ਰੀਸੀ ਸਨ ਜਾਂ ਨਹੀਂ। ਜੋ ਵੀ ਸੀ, ਪਰ ਲੱਗਦਾ ਹੈ ਕਿ ਉਨ੍ਹਾਂ ਉੱਤੇ ਫ਼ਰੀਸੀਆਂ ਦੀ ਕੱਟੜ ਸੋਚ ਦਾ ਬਹੁਤ ਅਸਰ ਸੀ। ਨਾਲੇ ਉਨ੍ਹਾਂ ਨੇ ਇਹ ਵੀ ਝੂਠਾ ਦਾਅਵਾ ਕੀਤਾ ਹੋਣਾ ਕਿ ਉਹ ਯਰੂਸ਼ਲਮ ਦੇ ਰਸੂਲਾਂ ਅਤੇ ਬਜ਼ੁਰਗਾਂ ਵੱਲੋਂ ਇਹ ਗੱਲ ਕਹਿ ਰਹੇ ਸਨ। (ਰਸੂ. 15:23, 24) ਸਾਨੂੰ ਪਤਾ ਹੈ ਕਿ ਲਗਭਗ 13 ਸਾਲ ਪਹਿਲਾਂ ਪਰਮੇਸ਼ੁਰ ਦੀ ਹਿਦਾਇਤ ਅਨੁਸਾਰ ਪਤਰਸ ਨੇ ਬੇਸੁੰਨਤੇ ਗ਼ੈਰ-ਯਹੂਦੀਆਂ ਦਾ ਮਸੀਹੀ ਮੰਡਲੀ ਵਿਚ ਸੁਆਗਤ ਕੀਤਾ ਸੀ। ਤਾਂ ਫਿਰ ਇੰਨੇ ਸਾਲਾਂ ਬਾਅਦ ਯਹੂਦੀ ਮਸੀਹੀ ਅਜੇ ਵੀ ਸੁੰਨਤ ਕਰਾਉਣ ʼਤੇ ਕਿਉਂ ਜ਼ੋਰ ਦੇ ਰਹੇ ਸਨ? a—ਰਸੂ. 10:24-29, 44-48.
5, 6. (ੳ) ਕੁਝ ਯਹੂਦੀ ਮਸੀਹੀ ਸ਼ਾਇਦ ਸੁੰਨਤ ਦੀ ਰੀਤ ਨੂੰ ਕਿਉਂ ਬਰਕਰਾਰ ਰੱਖਣਾ ਚਾਹੁੰਦੇ ਸਨ? (ਅ) ਕੀ ਸੁੰਨਤ ਦਾ ਇਕਰਾਰ ਅਬਰਾਹਾਮ ਨਾਲ ਕੀਤੇ ਇਕਰਾਰ ਦਾ ਹਿੱਸਾ ਸੀ? ਸਮਝਾਓ। (ਫੁਟਨੋਟ ਦੇਖੋ।)
5 ਸ਼ਾਇਦ ਇਸ ਦੇ ਕਈ ਕਾਰਨ ਹੋਣ। ਇਕ ਕਾਰਨ ਤਾਂ ਇਹ ਹੈ ਕਿ ਆਦਮੀਆਂ ਦੀ ਸੁੰਨਤ ਕਰਨ ਦੀ ਰੀਤ ਯਹੋਵਾਹ ਨੇ ਆਪ ਸ਼ੁਰੂ ਕੀਤੀ ਸੀ ਜੋ ਉਸ ਨਾਲ ਖ਼ਾਸ ਰਿਸ਼ਤੇ ਦੀ ਨਿਸ਼ਾਨੀ ਸੀ। ਮੂਸਾ ਦਾ ਕਾਨੂੰਨ ਦਿੱਤੇ ਜਾਣ ਤੋਂ ਪਹਿਲਾਂ ਸੁੰਨਤ ਦੀ ਰੀਤ ਸ਼ੁਰੂ ਹੋਈ ਸੀ ਜਦੋਂ ਅਬਰਾਹਾਮ ਅਤੇ ਉਸ ਦੇ ਪਰਿਵਾਰ ਨੇ ਆਪਣੀ ਸੁੰਨਤ ਕਰਾਈ ਸੀ। b ਇਸ ਤੋਂ ਕੁਝ ਸੈਂਕੜੇ ਸਾਲਾਂ ਬਾਅਦ ਸੁੰਨਤ ਦੀ ਰੀਤ ਮੂਸਾ ਦੇ ਕਾਨੂੰਨ ਦਾ ਹਿੱਸਾ ਬਣੀ ਸੀ। (ਲੇਵੀ. 12:2, 3) ਇਸ ਕਾਨੂੰਨ ਅਧੀਨ ਪਰਦੇਸੀਆਂ ਨੂੰ ਵੀ ਸੁੰਨਤ ਕਰਾਉਣੀ ਪੈਂਦੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਨਮਾਨ ਮਿਲ ਸਕਦੇ ਸਨ, ਜਿਵੇਂ ਪਸਾਹ ਦੀ ਰੋਟੀ ਖਾਣੀ। (ਕੂਚ 12:43, 44, 48, 49) ਦਰਅਸਲ, ਯਹੂਦੀਆਂ ਦੀ ਨਜ਼ਰ ਵਿਚ ਬੇਸੁੰਨਤਾ ਬੰਦਾ ਅਪਵਿੱਤਰ ਅਤੇ ਘਿਣਾਉਣਾ ਹੁੰਦਾ ਸੀ।—ਯਸਾ. 52:1.
6 ਇਸ ਕਰਕੇ ਯਹੂਦੀ ਮਸੀਹੀਆਂ ਨੂੰ ਇਸ ਸੱਚਾਈ ਨੂੰ ਸਵੀਕਾਰ ਕਰਨ ਲਈ ਨਿਹਚਾ ਕਰਨ ਅਤੇ ਨਿਮਰਤਾ ਦਿਖਾਉਣ ਦੀ ਲੋੜ ਸੀ। ਮੂਸਾ ਦੇ ਕਾਨੂੰਨ ਦੀ ਜਗ੍ਹਾ ਹੁਣ ਨਵੇਂ ਇਕਰਾਰ ਨੇ ਲੈ ਲਈ ਸੀ। ਪਹਿਲਾਂ ਕੋਈ ਵੀ ਯਹੂਦੀ ਜਨਮ ਤੋਂ ਹੀ ਪਰਮੇਸ਼ੁਰ ਦੇ ਲੋਕਾਂ ਦਾ ਹਿੱਸਾ ਬਣ ਜਾਂਦਾ ਸੀ, ਪਰ ਹੁਣ ਨਵੇਂ ਇਕਰਾਰ ਕਰਕੇ ਇਹ ਸਿਲਸਿਲਾ ਬੰਦ ਹੋ ਗਿਆ ਸੀ। ਯਹੂਦੀ ਇਲਾਕਿਆਂ ਵਿਚ ਰਹਿੰਦੇ ਯਹੂਦੀ ਮਸੀਹੀਆਂ ਨੂੰ ਮਸੀਹ ਉੱਤੇ ਆਪਣੀ ਨਿਹਚਾ ਦਾ ਐਲਾਨ ਕਰਨ ਅਤੇ ਬੇਸੁੰਨਤੇ ਗ਼ੈਰ-ਯਹੂਦੀ ਮਸੀਹੀਆਂ ਨੂੰ ਕਬੂਲ ਕਰਨ ਲਈ ਹਿੰਮਤ ਤੋਂ ਕੰਮ ਲੈਣਾ ਪਿਆ, ਜਿਵੇਂ ਯਹੂਦਿਯਾ ਦੇ ਮਸੀਹੀਆਂ ਨੇ ਕੀਤਾ ਸੀ।—ਯਿਰ. 31:31-33; ਲੂਕਾ 22:20.
7. ‘ਯਹੂਦਿਯਾ ਤੋਂ ਆਏ ਆਦਮੀ’ ਕਿਹੜੀਆਂ ਸੱਚਾਈਆਂ ਨਹੀਂ ਸਮਝ ਪਾਏ?
7 ਪਰ ਪਰਮੇਸ਼ੁਰ ਦੇ ਮਿਆਰ ਬਦਲੇ ਨਹੀਂ ਸਨ। ਇਸ ਗੱਲ ਦਾ ਸਬੂਤ ਇਹ ਹੈ ਕਿ ਪਰਮੇਸ਼ੁਰ ਨੇ ਨਵੇਂ ਇਕਰਾਰ ਵਿਚ ਮੂਸਾ ਦੇ ਕਾਨੂੰਨ ਦਾ ਨਿਚੋੜ ਦਿੱਤਾ ਸੀ। (ਮੱਤੀ 22:36-40) ਮਿਸਾਲ ਲਈ, ਸੁੰਨਤ ਬਾਰੇ ਪੌਲੁਸ ਨੇ ਬਾਅਦ ਵਿਚ ਲਿਖਿਆ: “ਅਸਲੀ ਯਹੂਦੀ ਉਹ ਹੈ ਜਿਹੜਾ ਅੰਦਰੋਂ ਯਹੂਦੀ ਹੈ ਅਤੇ ਅਸਲੀ ਸੁੰਨਤ ਦਿਲ ਦੀ ਸੁੰਨਤ ਹੈ ਜਿਹੜੀ ਪਵਿੱਤਰ ਸ਼ਕਤੀ ਅਨੁਸਾਰ ਹੈ, ਨਾ ਕਿ ਲਿਖਤੀ ਕਾਨੂੰਨ ਅਨੁਸਾਰ।” (ਰੋਮੀ. 2:29; ਬਿਵ. 10:16) ‘ਯਹੂਦਿਯਾ ਤੋਂ ਆਏ ਆਦਮੀ’ ਇਨ੍ਹਾਂ ਸੱਚਾਈਆਂ ਨੂੰ ਸਮਝ ਨਹੀਂ ਪਾਏ, ਪਰ ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਪਰਮੇਸ਼ੁਰ ਨੇ ਕਦੇ ਵੀ ਸੁੰਨਤ ਦੀ ਰੀਤ ਨੂੰ ਖ਼ਤਮ ਨਹੀਂ ਕੀਤਾ। ਕੀ ਉਹ ਰਸੂਲਾਂ ਤੇ ਹੋਰ ਭਰਾਵਾਂ ਦੀਆਂ ਦਲੀਲਾਂ ਨੂੰ ਸੁਣਨਗੇ?
“ਬਹੁਤ ਝਗੜਾ ਅਤੇ ਬਹਿਸ ਹੋਈ” (ਰਸੂ. 15:2)
8. ਸੁੰਨਤ ਦਾ ਮਸਲਾ ਯਰੂਸ਼ਲਮ ਦੀ ਪ੍ਰਬੰਧਕ ਸਭਾ ਨੂੰ ਕਿਉਂ ਸੌਂਪਿਆ ਗਿਆ ਸੀ?
8 ਲੂਕਾ ਅੱਗੇ ਦੱਸਦਾ ਹੈ: “ਪੌਲੁਸ ਤੇ ਬਰਨਾਬਾਸ ਦਾ ਉਨ੍ਹਾਂ [‘ਯਹੂਦਿਯਾ ਤੋਂ ਆਏ ਆਦਮੀਆਂ’] ਨਾਲ ਬਹੁਤ ਝਗੜਾ ਅਤੇ ਬਹਿਸ ਹੋਈ। ਇਸ ਲਈ ਪੌਲੁਸ, ਬਰਨਾਬਾਸ ਤੇ ਹੋਰ ਚੇਲਿਆਂ ਨੂੰ ਇਸ ਮਸਲੇ ਬਾਰੇ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਨਾਲ ਗੱਲ ਕਰਨ ਲਈ ਘੱਲਿਆ ਗਿਆ।” c (ਰਸੂ. 15:2) ‘ਝਗੜੇ ਅਤੇ ਬਹਿਸ’ ਤੋਂ ਜ਼ਾਹਰ ਹੁੰਦਾ ਹੈ ਕਿ ਦੋਵੇਂ ਧਿਰਾਂ ਆਪੋ-ਆਪਣੇ ਵਿਚਾਰਾਂ ʼਤੇ ਅੜੀਆਂ ਹੋਈਆਂ ਸਨ ਜਿਸ ਕਰਕੇ ਅੰਤਾਕੀਆ ਦੀ ਮੰਡਲੀ ਇਸ ਮਸਲੇ ਨੂੰ ਸੁਲਝਾ ਨਹੀਂ ਸਕੀ। ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਵਾਸਤੇ ਮੰਡਲੀ ਨੇ ਅਕਲਮੰਦੀ ਤੋਂ ਕੰਮ ਲੈਂਦਿਆਂ ਮਸਲਾ “ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ” ਨੂੰ ਸੌਂਪ ਦਿੱਤਾ ਜੋ ਪ੍ਰਬੰਧਕ ਸਭਾ ਵਜੋਂ ਸੇਵਾ ਕਰ ਰਹੇ ਸਨ। ਅਸੀਂ ਅੰਤਾਕੀਆ ਦੇ ਬਜ਼ੁਰਗਾਂ ਤੋਂ ਕੀ ਸਿੱਖ ਸਕਦੇ ਹਾਂ?
9, 10. ਅੰਤਾਕੀਆ ਦੇ ਭਰਾਵਾਂ ਅਤੇ ਪੌਲੁਸ ਤੇ ਬਰਨਾਬਾਸ ਨੇ ਕਿਵੇਂ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ?
9 ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੇ ਸੰਗਠਨ ʼਤੇ ਭਰੋਸਾ ਰੱਖਣ ਦੀ ਲੋੜ ਹੈ। ਇਸ ਗੱਲ ਉੱਤੇ ਗੌਰ ਕਰੋ: ਅੰਤਾਕੀਆ ਦੇ ਭਰਾ ਜਾਣਦੇ ਸਨ ਕਿ ਪ੍ਰਬੰਧਕ ਸਭਾ ਦੇ ਸਾਰੇ ਮੈਂਬਰ ਯਹੂਦੀ ਪਿਛੋਕੜ ਦੇ ਸਨ। ਫਿਰ ਵੀ ਉਨ੍ਹਾਂ ਨੇ ਪ੍ਰਬੰਧਕ ਸਭਾ ਉੱਤੇ ਭਰੋਸਾ ਰੱਖਿਆ ਕਿ ਉਹ ਧਰਮ-ਗ੍ਰੰਥ ਦੇ ਮੁਤਾਬਕ ਸੁੰਨਤ ਦਾ ਮਸਲਾ ਹੱਲ ਕਰੇਗੀ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ? ਮੰਡਲੀ ਨੂੰ ਪੂਰਾ ਯਕੀਨ ਸੀ ਕਿ ਯਹੋਵਾਹ ਆਪਣੀ ਪਵਿੱਤਰ ਸ਼ਕਤੀ ਅਤੇ ਮਸੀਹੀ ਮੰਡਲੀ ਦੇ ਮੁਖੀ ਯਿਸੂ ਮਸੀਹ ਦੇ ਜ਼ਰੀਏ ਉਨ੍ਹਾਂ ਨੂੰ ਸੇਧ ਦੇਵੇਗਾ। (ਮੱਤੀ 28:18, 20; ਅਫ਼. 1:22, 23) ਅੱਜ ਜਦੋਂ ਗੰਭੀਰ ਮਸਲੇ ਖੜ੍ਹੇ ਹੁੰਦੇ ਹਨ, ਤਾਂ ਆਓ ਆਪਾਂ ਅੰਤਾਕੀਆ ਦੇ ਮਸੀਹੀਆਂ ਵਾਂਗ ਪਰਮੇਸ਼ੁਰ ਦੇ ਸੰਗਠਨ ਅਤੇ ਚੁਣੇ ਹੋਏ ਮਸੀਹੀਆਂ ਦੀ ਪ੍ਰਬੰਧਕ ਸਭਾ ਉੱਤੇ ਭਰੋਸਾ ਰੱਖੀਏ।
10 ਸਾਨੂੰ ਇਹ ਵੀ ਯਾਦ ਕਰਾਇਆ ਗਿਆ ਹੈ ਕਿ ਨਿਮਰ ਰਹਿਣਾ ਅਤੇ ਧੀਰਜ ਰੱਖਣਾ ਕਿੰਨਾ ਜ਼ਰੂਰੀ ਹੈ। ਪੌਲੁਸ ਅਤੇ ਬਰਨਾਬਾਸ ਨੂੰ ਪਵਿੱਤਰ ਸ਼ਕਤੀ ਨੇ ਖ਼ੁਦ ਹੋਰ ਕੌਮਾਂ ਦੇ ਲੋਕਾਂ ਕੋਲ ਜਾਣ ਲਈ ਚੁਣਿਆ ਸੀ, ਫਿਰ ਵੀ ਉਨ੍ਹਾਂ ਨੇ ਦਾਅਵਾ ਨਹੀਂ ਕੀਤਾ ਕਿ ਉਨ੍ਹਾਂ ਕੋਲ ਉੱਥੇ ਅੰਤਾਕੀਆ ਵਿਚ ਹੀ ਸੁੰਨਤ ਦੇ ਮਸਲੇ ਨੂੰ ਸੁਲਝਾਉਣ ਦਾ ਅਧਿਕਾਰ ਸੀ। (ਰਸੂ. 13:2, 3) ਨਾਲੇ ਪੌਲੁਸ ਨੇ ਬਾਅਦ ਵਿਚ ਲਿਖਿਆ: “ਮੈਂ ਪ੍ਰਭੂ ਦੇ ਕਹਿਣ ਤੇ [ਯਰੂਸ਼ਲਮ] ਗਿਆ ਸੀ।” (ਗਲਾ. 2:2) ਬਜ਼ੁਰਗ ਵੀ ਉਨ੍ਹਾਂ ਵਾਂਗ ਨਿਮਰਤਾ ਦਿਖਾਉਂਦੇ ਹੋਏ ਧੀਰਜ ਰੱਖਦੇ ਹਨ ਜਦੋਂ ਫੁੱਟ ਪਾਉਣ ਵਾਲੇ ਮਸਲੇ ਖੜ੍ਹੇ ਹੋ ਜਾਂਦੇ ਹਨ। ਆਪਣੇ ਵਿਚਾਰਾਂ ਉੱਤੇ ਅੜੇ ਰਹਿਣ ਦੀ ਬਜਾਇ, ਉਹ ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ ਬਾਈਬਲ ਦੀ ਸਲਾਹ ਲੈਂਦੇ ਹਨ ਅਤੇ ਵਫ਼ਾਦਾਰ ਨੌਕਰ ਦੀਆਂ ਹਿਦਾਇਤਾਂ ਮੁਤਾਬਕ ਚੱਲਦੇ ਹਨ।—ਫ਼ਿਲਿ. 2:2, 3.
11, 12. ਯਹੋਵਾਹ ਦੇ ਸਮੇਂ ਦੀ ਉਡੀਕ ਕਰਨੀ ਕਿਉਂ ਜ਼ਰੂਰੀ ਹੈ?
11 ਕਦੇ-ਕਦੇ ਸਾਨੂੰ ਸ਼ਾਇਦ ਉਡੀਕ ਕਰਨੀ ਪਵੇ ਕਿ ਯਹੋਵਾਹ ਆਪਣੇ ਸਮੇਂ ਤੇ ਕਿਸੇ ਮਾਮਲੇ ʼਤੇ ਹੋਰ ਚਾਨਣਾ ਪਾਵੇਗਾ। ਯਾਦ ਕਰੋ ਕਿ ਪੌਲੁਸ ਦੇ ਜ਼ਮਾਨੇ ਦੇ ਭਰਾਵਾਂ ਨੂੰ ਤਕਰੀਬਨ 13 ਸਾਲ ਉਡੀਕ ਕਰਨੀ ਪਈ ਜਦੋਂ ਯਹੋਵਾਹ ਨੇ ਗ਼ੈਰ-ਯਹੂਦੀ ਮਸੀਹੀਆਂ ਦੀ ਸੁੰਨਤ ਦੇ ਮਸਲੇ ਨੂੰ ਸੁਲਝਾਇਆ ਸੀ। ਉਹ 36 ਈਸਵੀ ਵਿਚ ਕੁਰਨੇਲੀਅਸ ਦੇ ਪਵਿੱਤਰ ਸ਼ਕਤੀ ਨਾਲ ਚੁਣੇ ਜਾਣ ਤੋਂ ਲੈ ਕੇ 49 ਈਸਵੀ ਤਕ ਉਡੀਕ ਕਰਦੇ ਰਹੇ। ਯਹੋਵਾਹ ਨੇ ਇੰਨੇ ਸਾਲ ਕਿਉਂ ਲੰਘਣ ਦਿੱਤੇ? ਸ਼ਾਇਦ ਉਸ ਨੇ ਇਸ ਲਈ ਇੰਨਾ ਸਮਾਂ ਲੱਗਣ ਦਿੱਤਾ ਤਾਂਕਿ ਨੇਕਦਿਲ ਯਹੂਦੀ ਇਸ ਵੱਡੀ ਤਬਦੀਲੀ ਮੁਤਾਬਕ ਆਪਣੀ ਸੋਚ ਢਾਲ਼ ਸਕਣ। ਅਸੀਂ ਸਮਝ ਸਕਦੇ ਹਾਂ ਕਿ 1,900 ਸਾਲ ਪੁਰਾਣੇ ਸੁੰਨਤ ਦੇ ਇਕਰਾਰ ਨੂੰ ਖ਼ਤਮ ਕਰਨਾ ਕੋਈ ਮਾਮੂਲੀ ਗੱਲ ਨਹੀਂ ਸੀ ਕਿਉਂਕਿ ਇਹ ਇਕਰਾਰ ਉਨ੍ਹਾਂ ਦੇ ਪੂਰਵਜ ਅਬਰਾਹਾਮ ਨਾਲ ਕੀਤਾ ਗਿਆ ਸੀ!—ਯੂਹੰ. 16:12.
12 ਇਹ ਕਿੰਨਾ ਵੱਡਾ ਸਨਮਾਨ ਹੈ ਕਿ ਸਾਡਾ ਧੀਰਜਵਾਨ ਅਤੇ ਦਿਆਲੂ ਪਿਤਾ ਸਾਨੂੰ ਸਿੱਖਿਆ ਦਿੰਦਾ ਹੈ ਅਤੇ ਉਸ ਮੁਤਾਬਕ ਸਾਨੂੰ ਢਾਲ਼ਦਾ ਹੈ! ਇਸ ਦਾ ਹਮੇਸ਼ਾ ਸਾਨੂੰ ਫ਼ਾਇਦਾ ਹੁੰਦਾ ਹੈ। (ਯਸਾ. 48:17, 18; 64:8) ਸੋ ਜਦੋਂ ਸੰਗਠਨ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਵਿਚ ਤਬਦੀਲੀ ਕੀਤੀ ਜਾਂਦੀ ਹੈ ਜਾਂ ਬਾਈਬਲ ਦੇ ਕੁਝ ਹਵਾਲਿਆਂ ਦੀ ਸਮਝ ਸੁਧਾਰੀ ਜਾਂਦੀ ਹੈ, ਤਾਂ ਆਓ ਆਪਾਂ ਕਦੇ ਵੀ ਹੰਕਾਰੀ ਬਣ ਕੇ ਆਪਣੇ ਵਿਚਾਰਾਂ ਉੱਤੇ ਹੀ ਅੜੇ ਨਾ ਰਹੀਏ ਜਾਂ ਨਿਰਾਸ਼ ਨਾ ਹੋਈਏ। (ਉਪ. 7:8) ਜੇ ਸਾਨੂੰ ਆਪਣੇ ਵਿਚ ਇਸ ਤਰ੍ਹਾਂ ਦਾ ਮਾੜਾ ਜਿਹਾ ਵੀ ਝੁਕਾਅ ਨਜ਼ਰ ਆਉਂਦਾ ਹੈ, ਤਾਂ ਸਾਨੂੰ ਰਸੂਲਾਂ ਦੇ ਕੰਮ ਦੇ 15ਵੇਂ ਅਧਿਆਇ ਵਿਚਲੇ ਫ਼ਾਇਦੇਮੰਦ ਸਿਧਾਂਤਾਂ ਉੱਤੇ ਪ੍ਰਾਰਥਨਾ ਸਹਿਤ ਸੋਚ-ਵਿਚਾਰ ਕਰਨਾ ਚਾਹੀਦਾ ਹੈ। d
13. ਅਸੀਂ ਪ੍ਰਚਾਰ ਵਿਚ ਯਹੋਵਾਹ ਵਾਂਗ ਧੀਰਜ ਕਿਵੇਂ ਦਿਖਾ ਸਕਦੇ ਹਾਂ?
13 ਬਾਈਬਲ ਸਟੱਡੀ ਕਰਾਉਂਦੇ ਵੇਲੇ ਸਾਨੂੰ ਉਨ੍ਹਾਂ ਲੋਕਾਂ ਨਾਲ ਧੀਰਜ ਰੱਖਣ ਦੀ ਲੋੜ ਹੈ ਜਿਨ੍ਹਾਂ ਨੂੰ ਆਪਣੇ ਧਾਰਮਿਕ ਵਿਸ਼ਵਾਸ ਜਾਂ ਰੀਤਾਂ-ਰਿਵਾਜ ਛੱਡਣੇ ਔਖੇ ਲੱਗਦੇ ਹਨ। ਉਨ੍ਹਾਂ ਨੂੰ ਪਰਮੇਸ਼ੁਰ ਦੀ ਸ਼ਕਤੀ ਮੁਤਾਬਕ ਚੱਲਣ ਵਿਚ ਥੋੜ੍ਹਾ ਸਮਾਂ ਲੱਗ ਸਕਦਾ ਹੈ, ਇਸ ਲਈ ਸਾਨੂੰ ਸਬਰ ਰੱਖਣਾ ਚਾਹੀਦਾ ਹੈ। (1 ਕੁਰਿੰ. 3:6, 7) ਨਾਲੇ ਸਾਨੂੰ ਇਸ ਬਾਰੇ ਪ੍ਰਾਰਥਨਾ ਕਰਨ ਦੀ ਵੀ ਲੋੜ ਹੈ। ਪਰਮੇਸ਼ੁਰ ਸਮਾਂ ਆਉਣ ਤੇ ਕਿਸੇ-ਨਾ-ਕਿਸੇ ਤਰੀਕੇ ਨਾਲ ਸਾਡੀ ਜਾਣਨ ਵਿਚ ਮਦਦ ਕਰੇਗਾ ਕਿ ਅਸੀਂ ਅੱਗੇ ਕੀ ਕਰਨਾ ਹੈ।—1 ਯੂਹੰ. 5:14.
ਉਨ੍ਹਾਂ ਨੇ ਹੌਸਲਾ ਦੇਣ ਵਾਲੇ ਤਜਰਬੇ ਦੱਸੇ (ਰਸੂ. 15:3-5)
14, 15. ਅੰਤਾਕੀਆ ਦੀ ਮੰਡਲੀ ਨੇ ਪੌਲੁਸ, ਬਰਨਾਬਾਸ ਅਤੇ ਹੋਰ ਭਰਾਵਾਂ ਦਾ ਕਿਵੇਂ ਆਦਰ ਕੀਤਾ ਅਤੇ ਉਨ੍ਹਾਂ ਭਰਾਵਾਂ ਨੇ ਫੈਨੀਕੇ ਅਤੇ ਸਾਮਰਿਯਾ ਦੇ ਭੈਣਾਂ-ਭਰਾਵਾਂ ਨੂੰ ਕਿਵੇਂ ਹੌਸਲਾ ਦਿੱਤਾ?
14 ਲੂਕਾ ਅੱਗੇ ਦੱਸਦਾ ਹੈ: “ਮੰਡਲੀ ਕੁਝ ਦੂਰ ਤਕ ਉਨ੍ਹਾਂ ਨਾਲ ਗਈ ਅਤੇ ਫਿਰ ਪੌਲੁਸ, ਬਰਨਾਬਾਸ ਅਤੇ ਹੋਰ ਚੇਲੇ ਫੈਨੀਕੇ ਤੇ ਸਾਮਰਿਯਾ ਵਿੱਚੋਂ ਦੀ ਲੰਘੇ ਅਤੇ ਉੱਥੋਂ ਦੇ ਭਰਾਵਾਂ ਨੂੰ ਖੋਲ੍ਹ ਕੇ ਦੱਸਿਆ ਕਿ ਗ਼ੈਰ-ਯਹੂਦੀ ਕੌਮਾਂ ਦੇ ਲੋਕ ਖ਼ੁਦ ਨੂੰ ਬਦਲ ਕੇ ਪਰਮੇਸ਼ੁਰ ਦੀ ਭਗਤੀ ਕਰਨ ਲੱਗ ਪਏ ਸਨ ਅਤੇ ਇਹ ਸੁਣ ਕੇ ਸਾਰੇ ਭਰਾ ਬੜੇ ਖ਼ੁਸ਼ ਹੋਏ।” (ਰਸੂ. 15:3) ਮੰਡਲੀ ਦੇ ਮੈਂਬਰਾਂ ਨੇ ਪੌਲੁਸ, ਬਰਨਾਬਾਸ ਅਤੇ ਹੋਰ ਭਰਾਵਾਂ ਨਾਲ ਕੁਝ ਦੂਰ ਤਕ ਜਾ ਕੇ ਦਿਖਾਇਆ ਕਿ ਉਹ ਉਨ੍ਹਾਂ ਨਾਲ ਪਿਆਰ ਕਰਦੇ ਸਨ ਤੇ ਉਨ੍ਹਾਂ ਦਾ ਆਦਰ ਕਰਦੇ ਸਨ। ਉਨ੍ਹਾਂ ਨੇ ਭਰਾਵਾਂ ਲਈ ਸ਼ੁਭਕਾਮਨਾ ਕੀਤੀ ਕਿ ਪਰਮੇਸ਼ੁਰ ਉਨ੍ਹਾਂ ʼਤੇ ਬਰਕਤ ਪਾਵੇ। ਇਸ ਮਾਮਲੇ ਵਿਚ ਵੀ ਅੰਤਾਕੀਆ ਦੇ ਭਰਾਵਾਂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਕੀ ਤੁਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਦਾ ਆਦਰ ਕਰਦੇ ਹੋ, “ਖ਼ਾਸ ਕਰਕੇ [ਬਜ਼ੁਰਗਾਂ] ਦਾ ਜਿਹੜੇ ਪਰਮੇਸ਼ੁਰ ਦੇ ਬਚਨ ਬਾਰੇ ਦੱਸਣ ਅਤੇ ਸਿੱਖਿਆ ਦੇਣ ਦੇ ਕੰਮ ਵਿਚ ਸਖ਼ਤ ਮਿਹਨਤ ਕਰਦੇ ਹਨ”?—1 ਤਿਮੋ. 5:17.
15 ਸਫ਼ਰ ਕਰਦਿਆਂ ਰਾਹ ਵਿਚ ਇਨ੍ਹਾਂ ਭਰਾਵਾਂ ਨੇ ਫੈਨੀਕੇ ਅਤੇ ਸਾਮਰਿਯਾ ਦੇ ਭੈਣਾਂ-ਭਰਾਵਾਂ ਨਾਲ ਤਜਰਬੇ ਸਾਂਝੇ ਕੀਤੇ ਜੋ ਉਨ੍ਹਾਂ ਨੂੰ ਗ਼ੈਰ-ਯਹੂਦੀਆਂ ਨੂੰ ਪ੍ਰਚਾਰ ਕਰ ਕੇ ਹੋਏ ਸਨ। ਇਹ ਤਜਰਬੇ ਸੁਣ ਕੇ ਉਨ੍ਹਾਂ ਨੂੰ ਬਹੁਤ ਹੌਸਲਾ ਮਿਲਿਆ। ਉਨ੍ਹਾਂ ਮੰਡਲੀਆਂ ਵਿਚ ਉਹ ਯਹੂਦੀ ਮਸੀਹੀ ਵੀ ਸਨ ਜਿਹੜੇ ਇਸਤੀਫ਼ਾਨ ਦੇ ਕਤਲ ਤੋਂ ਬਾਅਦ ਭੱਜ ਕੇ ਉਨ੍ਹਾਂ ਇਲਾਕਿਆਂ ਵਿਚ ਆ ਗਏ ਸਨ। ਅੱਜ ਵੀ ਚੇਲੇ ਬਣਾਉਣ ਦੇ ਕੰਮ ਉੱਤੇ ਯਹੋਵਾਹ ਦੀ ਬਰਕਤ ਬਾਰੇ ਰਿਪੋਰਟਾਂ ਸੁਣ ਕੇ ਸਾਡੇ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲਦਾ ਹੈ, ਖ਼ਾਸ ਕਰਕੇ ਜਿਹੜੇ ਅਜ਼ਮਾਇਸ਼ਾਂ ਵਿੱਚੋਂ ਗੁਜ਼ਰ ਰਹੇ ਹਨ। ਕੀ ਤੁਸੀਂ ਮਸੀਹੀ ਮੀਟਿੰਗਾਂ, ਅਸੈਂਬਲੀਆਂ ਤੇ ਸੰਮੇਲਨਾਂ ਵਿਚ ਅਜਿਹੀਆਂ ਰਿਪੋਰਟਾਂ ਸੁਣ ਕੇ ਅਤੇ ਸਾਡੇ ਪ੍ਰਕਾਸ਼ਨਾਂ ਜਾਂ ਵੈੱਬਸਾਈਟ ਵਿੱਚੋਂ ਭੈਣਾਂ-ਭਰਾਵਾਂ ਦੇ ਤਜਰਬੇ ਅਤੇ ਜੀਵਨੀਆਂ ਪੜ੍ਹ ਕੇ ਇਨ੍ਹਾਂ ਤੋਂ ਫ਼ਾਇਦਾ ਲੈਂਦੇ ਹੋ?
16. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਸੁੰਨਤ ਦਾ ਮਸਲਾ ਗੰਭੀਰ ਬਣ ਗਿਆ ਸੀ?
16 ਉੱਤਰ ਵਿਚ ਅੰਤਾਕੀਆ ਤੋਂ ਦੱਖਣ ਵੱਲ ਲਗਭਗ 550 ਕਿਲੋਮੀਟਰ (ਲਗਭਗ 350 ਮੀਲ) ਸਫ਼ਰ ਕਰ ਕੇ ਸਾਰੇ ਭਰਾ ਆਪਣੀ ਮੰਜ਼ਲ ਯਰੂਸ਼ਲਮ ਪਹੁੰਚ ਗਏ। ਲੂਕਾ ਨੇ ਲਿਖਿਆ: “ਜਦੋਂ ਉਹ ਯਰੂਸ਼ਲਮ ਪਹੁੰਚੇ, ਤਾਂ ਮੰਡਲੀ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਦਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕੀਤਾ ਅਤੇ ਪੌਲੁਸ ਤੇ ਬਰਨਾਬਾਸ ਨੇ ਉਨ੍ਹਾਂ ਸਾਰੇ ਕੰਮਾਂ ਬਾਰੇ ਦੱਸਿਆ ਜੋ ਪਰਮੇਸ਼ੁਰ ਨੇ ਉਨ੍ਹਾਂ ਰਾਹੀਂ ਕੀਤੇ ਸਨ।” (ਰਸੂ. 15:4) ਪਰ ਰਿਪੋਰਟ ਸੁਣ ਕੇ “ਕੁਝ ਚੇਲੇ, ਜਿਹੜੇ ਪਹਿਲਾਂ ਫ਼ਰੀਸੀਆਂ ਦੇ ਪੰਥ ਵਿਚ ਹੁੰਦੇ ਸਨ, ਉੱਠ ਕੇ ਕਹਿਣ ਲੱਗੇ: ‘ਗ਼ੈਰ-ਯਹੂਦੀ ਲੋਕਾਂ ਲਈ ਸੁੰਨਤ ਕਰਾਉਣੀ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਮੂਸਾ ਦੇ ਕਾਨੂੰਨ ਦੀ ਪਾਲਣਾ ਕਰਨ।’” (ਰਸੂ. 15:5) ਇਸ ਤੋਂ ਸਾਫ਼ ਹੁੰਦਾ ਹੈ ਕਿ ਗ਼ੈਰ-ਯਹੂਦੀ ਮਸੀਹੀਆਂ ਦੀ ਸੁੰਨਤ ਦਾ ਮਸਲਾ ਗੰਭੀਰ ਬਣ ਗਿਆ ਸੀ ਜਿਸ ਨੂੰ ਸੁਲਝਾਉਣਾ ਜ਼ਰੂਰੀ ਸੀ।
“ਰਸੂਲ ਅਤੇ ਬਜ਼ੁਰਗ . . . ਇਕੱਠੇ ਹੋਏ” (ਰਸੂ. 15:6-12)
17. ਯਰੂਸ਼ਲਮ ਦੀ ਪ੍ਰਬੰਧਕ ਸਭਾ ਕਿਨ੍ਹਾਂ ਭਰਾਵਾਂ ਦੀ ਬਣੀ ਹੋਈ ਸੀ ਅਤੇ “ਬਜ਼ੁਰਗ” ਸ਼ਾਇਦ ਉਨ੍ਹਾਂ ਵਿਚ ਕਿਉਂ ਸ਼ਾਮਲ ਸਨ?
17 ਕਹਾਉਤਾਂ 13:10 ਵਿਚ ਕਿਹਾ ਗਿਆ ਹੈ: “ਸਲਾਹ ਭਾਲਣ ਵਾਲਿਆਂ ਕੋਲ ਬੁੱਧ ਹੁੰਦੀ ਹੈ।” ਇਸ ਠੋਸ ਸਿਧਾਂਤ ਉੱਤੇ ਚੱਲਦਿਆਂ “ਰਸੂਲ ਅਤੇ ਬਜ਼ੁਰਗ [ਸੁੰਨਤ ਦੇ] ਮਸਲੇ ਉੱਤੇ ਗੱਲ ਕਰਨ ਲਈ ਇਕੱਠੇ ਹੋਏ।” (ਰਸੂ. 15:6) “ਰਸੂਲ ਅਤੇ ਬਜ਼ੁਰਗ” ਸਾਰੀਆਂ ਮੰਡਲੀਆਂ ਦੇ ਪ੍ਰਤੀਨਿਧੀਆਂ ਵਜੋਂ ਸੇਵਾ ਕਰ ਰਹੇ ਸਨ, ਜਿਵੇਂ ਅੱਜ ਪ੍ਰਬੰਧਕ ਸਭਾ ਕਰਦੀ ਹੈ। ਰਸੂਲਾਂ ਦੇ ਨਾਲ “ਬਜ਼ੁਰਗ” ਕਿਉਂ ਸੇਵਾ ਕਰ ਰਹੇ ਸਨ? ਯਾਦ ਕਰੋ ਕਿ ਯਾਕੂਬ ਰਸੂਲ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਪਤਰਸ ਰਸੂਲ ਕੁਝ ਸਮੇਂ ਲਈ ਜੇਲ੍ਹ ਵਿਚ ਬੰਦ ਰਿਹਾ ਸੀ। ਦੂਸਰੇ ਰਸੂਲਾਂ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਸੀ। ਅਜਿਹੀ ਹਾਲਤ ਵਿਚ ਪਵਿੱਤਰ ਸ਼ਕਤੀ ਨਾਲ ਚੁਣੇ ਹੋਏ ਹੋਰ ਕਾਬਲ ਭਰਾ ਲਗਾਤਾਰ ਮੰਡਲੀ ਦੀ ਅਗਵਾਈ ਕਰ ਸਕਦੇ ਸਨ।
18, 19. ਪਤਰਸ ਨੇ ਕਿਹੜੇ ਜ਼ਬਰਦਸਤ ਸ਼ਬਦ ਕਹੇ ਅਤੇ ਉਸ ਦੀ ਗੱਲ ਸੁਣਨ ਵਾਲਿਆਂ ਨੂੰ ਕੀ ਸਿੱਟਾ ਕੱਢਣਾ ਚਾਹੀਦਾ ਸੀ?
18 ਲੂਕਾ ਨੇ ਅੱਗੇ ਦੱਸਿਆ ਕਿ ਇਸ ਮਸਲੇ ਉੱਤੇ ਕਾਫ਼ੀ ਬਹਿਸ ਹੋਣ ਤੋਂ ਬਾਅਦ “ਪਤਰਸ ਖੜ੍ਹਾ ਹੋਇਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: ‘ਭਰਾਵੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਸਾਡੇ ਵਿੱਚੋਂ ਪਹਿਲਾਂ ਮੈਨੂੰ ਚੁਣਿਆ ਸੀ ਕਿ ਮੇਰੇ ਰਾਹੀਂ ਗ਼ੈਰ-ਯਹੂਦੀ ਕੌਮਾਂ ਖ਼ੁਸ਼ ਖ਼ਬਰੀ ਸੁਣਨ ਅਤੇ ਨਿਹਚਾ ਕਰਨ। ਅਤੇ ਪਰਮੇਸ਼ੁਰ ਨੇ, ਜਿਹੜਾ ਦਿਲਾਂ ਨੂੰ ਜਾਣਦਾ ਹੈ, ਸਾਡੇ ਵਾਂਗ ਉਨ੍ਹਾਂ ਨੂੰ ਵੀ ਪਵਿੱਤਰ ਸ਼ਕਤੀ ਦੇ ਕੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਉਸ ਨੇ ਉਨ੍ਹਾਂ ਨੂੰ ਕਬੂਲ ਕਰ ਲਿਆ ਹੈ। ਉਸ ਨੇ ਸਾਡੇ ਵਿਚ ਅਤੇ ਉਨ੍ਹਾਂ ਵਿਚ ਕੋਈ ਫ਼ਰਕ ਨਹੀਂ ਕੀਤਾ, ਪਰ ਉਨ੍ਹਾਂ ਦੀ ਨਿਹਚਾ ਕਰਕੇ ਉਨ੍ਹਾਂ ਦੇ ਦਿਲਾਂ ਨੂੰ ਸ਼ੁੱਧ ਕੀਤਾ।’” (ਰਸੂ. 15:7-9) ਇਕ ਡਿਕਸ਼ਨਰੀ ਮੁਤਾਬਕ 7ਵੀਂ ਆਇਤ ਵਿਚ “ਕਾਫ਼ੀ ਚਰਚਾ” ਲਈ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ ‘ਪਤਾ ਕਰਨ ਦੀ ਕੋਸ਼ਿਸ਼ ਕਰਨੀ; ਸਵਾਲ-ਜਵਾਬ ਕਰਨੇ’ ਵੀ ਹੈ। ਸਾਰੇ ਭਰਾਵਾਂ ਦੀ ਵੱਖੋ-ਵੱਖਰੀ ਰਾਇ ਸੀ ਜਿਸ ਨੂੰ ਉਨ੍ਹਾਂ ਨੇ ਖੁੱਲ੍ਹ ਕੇ ਜ਼ਾਹਰ ਕੀਤਾ।
19 ਪਤਰਸ ਦੇ ਕਹੇ ਜ਼ਬਰਦਸਤ ਸ਼ਬਦਾਂ ਤੋਂ ਉਨ੍ਹਾਂ ਸਾਰਿਆਂ ਨੂੰ ਯਾਦ ਆਇਆ ਕਿ ਪਤਰਸ ਉਸ ਵੇਲੇ ਉੱਥੇ ਮੌਜੂਦ ਸੀ ਜਦੋਂ 36 ਈਸਵੀ ਵਿਚ ਪਹਿਲਾ ਬੇਸੁੰਨਤਾ ਗ਼ੈਰ-ਯਹੂਦੀ ਕੁਰਨੇਲੀਅਸ ਅਤੇ ਉਸ ਦਾ ਪਰਿਵਾਰ ਪਵਿੱਤਰ ਸ਼ਕਤੀ ਨਾਲ ਚੁਣਿਆ ਗਿਆ ਸੀ। ਜੇ ਯਹੋਵਾਹ ਨੇ ਯਹੂਦੀਆਂ ਤੇ ਗ਼ੈਰ-ਯਹੂਦੀਆਂ ਵਿਚ ਫ਼ਰਕ ਕਰਨਾ ਛੱਡ ਦਿੱਤਾ ਸੀ, ਤਾਂ ਫਿਰ ਇਨਸਾਨਾਂ ਨੂੰ ਫ਼ਰਕ ਕਰਨ ਦਾ ਕੀ ਹੱਕ ਸੀ? ਨਾਲੇ ਮਸੀਹ ਉੱਤੇ ਨਿਹਚਾ ਕਰਨ ਕਰਕੇ ਇਕ ਮਸੀਹੀ ਦਾ ਦਿਲ ਸ਼ੁੱਧ ਹੁੰਦਾ ਹੈ, ਨਾ ਕਿ ਮੂਸਾ ਦੇ ਕਾਨੂੰਨ ਉੱਤੇ ਚੱਲ ਕੇ।—ਗਲਾ. 2:16.
20. ਸੁੰਨਤ ਕਰਾਉਣ ʼਤੇ ਜ਼ੋਰ ਦੇਣ ਵਾਲੇ ਕਿਵੇਂ ‘ਪਰਮੇਸ਼ੁਰ ਨੂੰ ਪਰਖ ਰਹੇ’ ਸਨ?
20 ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਸ਼ਕਤੀ ਦੀ ਪੱਕੀ ਗਵਾਹੀ ਦੇ ਆਧਾਰ ʼਤੇ ਪਤਰਸ ਨੇ ਅਖ਼ੀਰ ਵਿਚ ਕਿਹਾ: “ਇਸ ਲਈ ਜਿਹੜਾ ਬੋਝ ਨਾ ਤਾਂ ਸਾਡੇ ਪਿਉ-ਦਾਦੇ ਤੇ ਨਾ ਹੀ ਅਸੀਂ ਚੁੱਕ ਸਕੇ, ਉਹੀ ਬੋਝ ਹੁਣ ਚੇਲਿਆਂ ਦੀਆਂ ਧੌਣਾਂ ਉੱਤੇ ਰੱਖ ਕੇ ਤੁਸੀਂ ਪਰਮੇਸ਼ੁਰ ਨੂੰ ਕਿਉਂ ਪਰਖ ਰਹੇ ਹੋ? ਇਸ ਦੀ ਬਜਾਇ, ਸਾਨੂੰ ਭਰੋਸਾ ਹੈ ਕਿ ਅਸੀਂ ਪ੍ਰਭੂ ਯਿਸੂ ਦੀ ਅਪਾਰ ਕਿਰਪਾ ਕਰਕੇ ਬਚਾਏ ਜਾਂਦੇ ਹਾਂ ਅਤੇ ਗ਼ੈਰ-ਯਹੂਦੀ ਲੋਕ ਵੀ ਇਹੀ ਭਰੋਸਾ ਰੱਖਦੇ ਹਨ।” (ਰਸੂ. 15:10, 11) ਸੁੰਨਤ ਕਰਾਉਣ ʼਤੇ ਜ਼ੋਰ ਦੇਣ ਵਾਲੇ ਮਸੀਹੀ ਅਸਲ ਵਿਚ ‘ਪਰਮੇਸ਼ੁਰ ਨੂੰ ਪਰਖ ਰਹੇ’ ਸਨ ਜਾਂ ਜਿਵੇਂ ਇਕ ਹੋਰ ਅਨੁਵਾਦ ਵਿਚ ਕਿਹਾ ਗਿਆ ਹੈ, ਉਹ ਉਸ ਦੇ ‘ਸਬਰ ਦਾ ਇਮਤਿਹਾਨ’ ਲੈ ਰਹੇ ਸਨ। ਉਹ ਗ਼ੈਰ-ਯਹੂਦੀ ਮਸੀਹੀਆਂ ਉੱਤੇ ਜੋ ਕਾਨੂੰਨ ਥੋਪਣ ਦੀ ਕੋਸ਼ਿਸ਼ ਕਰ ਰਹੇ ਸਨ, ਉਸ ਉੱਤੇ ਯਹੂਦੀ ਆਪ ਵੀ ਪੂਰੀ ਤਰ੍ਹਾਂ ਨਹੀਂ ਚੱਲ ਸਕੇ ਸਨ ਅਤੇ ਇਸ ਕਰਕੇ ਉਹ ਮੌਤ ਦੀ ਸਜ਼ਾ ਦੇ ਲਾਇਕ ਸਨ। (ਗਲਾ. 3:10) ਸੁੰਨਤ ਕਰਾਉਣ ʼਤੇ ਜ਼ੋਰ ਦੇਣ ਦੀ ਬਜਾਇ ਉਨ੍ਹਾਂ ਯਹੂਦੀ ਮਸੀਹੀਆਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਪਰਮੇਸ਼ੁਰ ਨੇ ਯਿਸੂ ਦੇ ਰਾਹੀਂ ਸਾਰਿਆਂ ʼਤੇ ਅਪਾਰ ਕਿਰਪਾ ਕੀਤੀ ਸੀ।
21. ਸੁੰਨਤ ਦੇ ਮਸਲੇ ਨੂੰ ਸੁਲਝਾਉਣ ਵਿਚ ਬਰਨਾਬਾਸ ਅਤੇ ਪੌਲੁਸ ਨੇ ਕੀ ਯੋਗਦਾਨ ਪਾਇਆ?
21 ਪਤਰਸ ਦੇ ਸ਼ਬਦਾਂ ਨੇ ਉਨ੍ਹਾਂ ਦੇ ਧੁਰ ਅੰਦਰ ਤਕ ਇੰਨਾ ਅਸਰ ਕੀਤਾ ਕਿ “ਸਾਰੇ ਜਣੇ ਚੁੱਪ ਕਰ ਗਏ।” ਇਸ ਤੋਂ ਬਾਅਦ ਬਰਨਾਬਾਸ ਅਤੇ ਪੌਲੁਸ ਨੇ ਦੱਸਿਆ ਕਿ “ਪਰਮੇਸ਼ੁਰ ਨੇ ਉਨ੍ਹਾਂ ਦੇ ਰਾਹੀਂ ਗ਼ੈਰ-ਯਹੂਦੀ ਕੌਮਾਂ ਵਿਚ ਕਿੰਨੀਆਂ ਨਿਸ਼ਾਨੀਆਂ ਦਿਖਾਈਆਂ ਅਤੇ ਚਮਤਕਾਰ ਕੀਤੇ।” (ਰਸੂ. 15:12) ਹੁਣ ਸਮਾਂ ਆ ਗਿਆ ਸੀ ਕਿ ਰਸੂਲ ਅਤੇ ਬਜ਼ੁਰਗ ਸਾਰੇ ਸਬੂਤਾਂ ਦੀ ਜਾਂਚ ਕਰ ਕੇ ਸੁੰਨਤ ਦੇ ਮਾਮਲੇ ਬਾਰੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਫ਼ੈਸਲਾ ਕਰਨ।
22-24. (ੳ) ਅੱਜ ਦੀ ਪ੍ਰਬੰਧਕ ਸਭਾ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੀ ਮਿਸਾਲ ਉੱਤੇ ਕਿਵੇਂ ਚੱਲਦੀ ਹੈ? (ਅ) ਸਾਰੇ ਬਜ਼ੁਰਗ ਸੰਗਠਨ ਦੇ ਕੰਮ ਕਰਨ ਦੇ ਤਰੀਕਿਆਂ ਮੁਤਾਬਕ ਕਿਵੇਂ ਚੱਲ ਸਕਦੇ ਹਨ?
22 ਅੱਜ ਵੀ ਜਦੋਂ ਪ੍ਰਬੰਧਕ ਸਭਾ ਦੇ ਮੈਂਬਰ ਮੀਟਿੰਗ ਲਈ ਇਕੱਠੇ ਹੁੰਦੇ ਹਨ, ਤਾਂ ਉਹ ਪਰਮੇਸ਼ੁਰ ਦੇ ਬਚਨ ਵਿੱਚੋਂ ਸੇਧ ਲੈਂਦੇ ਹਨ ਅਤੇ ਪਵਿੱਤਰ ਸ਼ਕਤੀ ਲਈ ਦਿਲੋਂ ਪ੍ਰਾਰਥਨਾ ਕਰਦੇ ਹਨ। (ਜ਼ਬੂ. 119:105; ਮੱਤੀ 7:7-11) ਪ੍ਰਬੰਧਕ ਸਭਾ ਦੇ ਹਰ ਮੈਂਬਰ ਨੂੰ ਕਾਫ਼ੀ ਸਮਾਂ ਪਹਿਲਾਂ ਹੀ ਚਰਚਾ ਕੀਤੇ ਜਾਣ ਵਾਲੇ ਮਾਮਲਿਆਂ ਦੀ ਲਿਸਟ ਮਿਲ ਜਾਂਦੀ ਹੈ ਤਾਂਕਿ ਉਹ ਇਸ ਬਾਰੇ ਪ੍ਰਾਰਥਨਾ ਸਹਿਤ ਸੋਚ-ਵਿਚਾਰ ਕਰ ਸਕਣ। (ਕਹਾ. 15:28) ਮੀਟਿੰਗ ਵਿਚ ਇਹ ਭਰਾ ਖੁੱਲ੍ਹ ਕੇ ਆਦਰ ਨਾਲ ਆਪਣੀ ਰਾਇ ਪ੍ਰਗਟਾਉਂਦੇ ਹਨ। ਗੱਲਬਾਤ ਕਰਦਿਆਂ ਉਹ ਵਾਰ-ਵਾਰ ਬਾਈਬਲ ਇਸਤੇਮਾਲ ਕਰਦੇ ਹਨ।
23 ਮੰਡਲੀ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ। ਜੇ ਬਜ਼ੁਰਗਾਂ ਦੀ ਮੀਟਿੰਗ ਵਿਚ ਗੱਲਬਾਤ ਕਰਨ ਤੋਂ ਬਾਅਦ ਵੀ ਕੋਈ ਗੰਭੀਰ ਮਸਲਾ ਨਹੀਂ ਸੁਲਝਦਾ, ਤਾਂ ਬਜ਼ੁਰਗਾਂ ਦਾ ਸਮੂਹ ਆਪਣੇ ਦੇਸ਼ ਦੇ ਬ੍ਰਾਂਚ ਆਫ਼ਿਸ ਜਾਂ ਇਸ ਦੇ ਪ੍ਰਤੀਨਿਧੀਆਂ ਤੋਂ, ਜਿਵੇਂ ਸਰਕਟ ਓਵਰਸੀਅਰਾਂ ਤੋਂ ਸਲਾਹ ਲੈ ਸਕਦਾ ਹੈ। ਲੋੜ ਪੈਣ ਤੇ ਬ੍ਰਾਂਚ ਆਫ਼ਿਸ ਇਸ ਬਾਰੇ ਪ੍ਰਬੰਧਕ ਸਭਾ ਨੂੰ ਲਿਖ ਸਕਦਾ ਹੈ।
24 ਜੀ ਹਾਂ, ਯਹੋਵਾਹ ਉਨ੍ਹਾਂ ʼਤੇ ਬਰਕਤ ਪਾਉਂਦਾ ਹੈ ਜਿਹੜੇ ਸੰਗਠਨ ਦੇ ਕੰਮ ਕਰਨ ਦੇ ਤਰੀਕਿਆਂ ਮੁਤਾਬਕ ਚੱਲਦੇ ਹਨ ਅਤੇ ਨਿਮਰਤਾ, ਵਫ਼ਾਦਾਰੀ ਤੇ ਧੀਰਜ ਦਿਖਾਉਂਦੇ ਹਨ। ਜਿਵੇਂ ਅਸੀਂ ਅਗਲੇ ਅਧਿਆਇ ਵਿਚ ਦੇਖਾਂਗੇ, ਇਸ ਤਰ੍ਹਾਂ ਕਰਨ ਨਾਲ ਮੰਡਲੀ ਵਿਚ ਸੱਚੀ ਸ਼ਾਂਤੀ ਹੋਵੇਗੀ, ਇਹ ਵਧੇ-ਫੁੱਲੇਗੀ ਤੇ ਇਸ ਦੀ ਏਕਤਾ ਵਧੇਗੀ।
a “ ‘ਝੂਠੇ ਭਰਾਵਾਂ’ ਦੀਆਂ ਸਿੱਖਿਆਵਾਂ” ਨਾਂ ਦੀ ਡੱਬੀ ਦੇਖੋ।
b ਸੁੰਨਤ ਦਾ ਇਕਰਾਰ ਅਬਰਾਹਾਮ ਨਾਲ ਕੀਤੇ ਇਕਰਾਰ ਦਾ ਹਿੱਸਾ ਨਹੀਂ ਸੀ ਜੋ ਅੱਜ ਤਕ ਬਰਕਰਾਰ ਹੈ। ਅਬਰਾਹਾਮ (ਪਹਿਲਾਂ ਨਾਂ ਅਬਰਾਮ) ਨਾਲ ਕੀਤਾ ਇਕਰਾਰ 1943 ਈਸਵੀ ਪੂਰਵ ਵਿਚ ਅਮਲ ਵਿਚ ਆਇਆ ਸੀ ਜਦੋਂ ਉਸ ਨੇ ਕਨਾਨ ਨੂੰ ਜਾਣ ਲਈ ਫ਼ਰਾਤ ਦਰਿਆ ਪਾਰ ਕੀਤਾ ਸੀ। ਉਸ ਵੇਲੇ ਉਹ 75 ਸਾਲਾਂ ਦਾ ਸੀ। ਸੁੰਨਤ ਦਾ ਇਕਰਾਰ ਬਾਅਦ ਵਿਚ 1919 ਈਸਵੀ ਪੂਰਵ ਵਿਚ ਕੀਤਾ ਗਿਆ ਸੀ ਜਦੋਂ ਅਬਰਾਹਾਮ 99 ਸਾਲਾਂ ਦਾ ਸੀ।—ਉਤ. 12:1-8; 17:1, 9-14; ਗਲਾ. 3:17.
c ਲੱਗਦਾ ਹੈ ਕਿ ਪੌਲੁਸ ਅਤੇ ਬਾਕੀ ਭਰਾਵਾਂ ਨਾਲ ਯੂਨਾਨੀ ਮਸੀਹੀ ਤੀਤੁਸ ਵੀ ਗਿਆ ਸੀ। ਸਮੇਂ ਦੇ ਬੀਤਣ ਨਾਲ ਉਹ ਪੌਲੁਸ ਦਾ ਭਰੋਸੇਯੋਗ ਸਾਥੀ ਬਣਿਆ ਅਤੇ ਪੌਲੁਸ ਉਸ ਨੂੰ ਮੰਡਲੀਆਂ ਵਿਚ ਮਾਮਲਿਆਂ ਨੂੰ ਨਜਿੱਠਣ ਲਈ ਘੱਲਦਾ ਸੀ। (ਗਲਾ. 2:1; ਤੀਤੁ. 1:4) ਉਸ ਦੀ ਵਧੀਆ ਮਿਸਾਲ ਇਸ ਗੱਲ ਦਾ ਸਬੂਤ ਸੀ ਕਿ ਇਕ ਬੇਸੁੰਨਤੇ ਗ਼ੈਰ-ਯਹੂਦੀ ਮਸੀਹੀ ਨੂੰ ਵੀ ਪਵਿੱਤਰ ਸ਼ਕਤੀ ਮਿਲ ਸਕਦੀ ਸੀ।—ਗਲਾ. 2:3.
d “ ਯਹੋਵਾਹ ਦੇ ਗਵਾਹ ਬਾਈਬਲ ਨੂੰ ਆਪਣੀਆਂ ਸਿੱਖਿਆਵਾਂ ਦਾ ਆਧਾਰ ਬਣਾਉਂਦੇ ਹਨ” ਨਾਂ ਦੀ ਡੱਬੀ ਦੇਖੋ।