Skip to content

Skip to table of contents

ਅਧਿਆਇ 4

“ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”

“ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ”

ਰਸੂਲ ਦਲੇਰੀ ਦਿਖਾਉਂਦੇ ਹਨ ਅਤੇ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ

ਰਸੂਲਾਂ ਦੇ ਕੰਮ 3:1–5:11 ਵਿੱਚੋਂ

1, 2. ਮੰਦਰ ਦੇ ਦਰਵਾਜ਼ੇ ਦੇ ਨੇੜੇ ਪਤਰਸ ਅਤੇ ਯੂਹੰਨਾ ਨੇ ਕਿਹੜਾ ਚਮਤਕਾਰ ਕੀਤਾ?

 ਦੁਪਹਿਰ ਦਾ ਸਮਾਂ ਹੈ ਅਤੇ ਸੂਰਜ ਚਮਕ ਰਿਹਾ ਹੈ। ਯਹੂਦੀ ਸ਼ਰਧਾਲੂ ਅਤੇ ਮਸੀਹ ਦੇ ਚੇਲੇ ਹੁੰਮ-ਹੁੰਮਾ ਕੇ ਆ ਰਹੇ ਹਨ ਅਤੇ ਮੰਦਰ ਦੇ ਵਿਹੜੇ ਵਿਚ ਇਕੱਠੇ ਹੋ ਰਹੇ ਹਨ। ‘ਪ੍ਰਾਰਥਨਾ ਦਾ ਸਮਾਂ’ ਹੋਣ ਵਾਲਾ ਹੈ। a (ਰਸੂ. 2:46; 3:1) ਭੀੜ ਵਿਚ ਪਤਰਸ ਅਤੇ ਯੂਹੰਨਾ ਮੰਦਰ ਦੇ “ਸੁੰਦਰ” ਨਾਂ ਦੇ ਦਰਵਾਜ਼ੇ ਵੱਲ ਨੂੰ ਜਾਂਦੇ ਹਨ। ਲੋਕ ਗੱਲਾਂ-ਬਾਤਾਂ ਵਿਚ ਲੱਗੇ ਮੰਦਰ ਵਿਚ ਆ-ਜਾ ਰਹੇ ਹਨ। ਦਰਵਾਜ਼ੇ ਲਾਗੇ ਇਕ ਅੱਧਖੜ ਉਮਰ ਦਾ ਭਿਖਾਰੀ ਬੈਠਾ ਹੈ ਜੋ ਜਨਮ ਤੋਂ ਲੰਗੜਾ ਹੈ। ਇਸ ਸਾਰੇ ਰੌਲ਼ੇ-ਰੱਪੇ ਵਿਚ ਉਹ ਲੋਕਾਂ ਤੋਂ ਉੱਚੀ ਆਵਾਜ਼ ਵਿਚ ਭੀਖ ਮੰਗ ਰਿਹਾ ਹੈ।​—ਰਸੂ. 3:2; 4:22.

2 ਪਤਰਸ ਅਤੇ ਯੂਹੰਨਾ ਦੇ ਨੇੜੇ ਆਉਂਦਿਆਂ ਹੀ ਭਿਖਾਰੀ ਉਨ੍ਹਾਂ ਤੋਂ ਪੈਸੇ ਮੰਗਦਾ ਹੈ। ਰਸੂਲ ਰੁਕ ਜਾਂਦੇ ਹਨ ਅਤੇ ਉਹ ਆਦਮੀ ਕੁਝ ਮਿਲਣ ਦੀ ਆਸ ਨਾਲ ਉਨ੍ਹਾਂ ਵੱਲ ਦੇਖਦਾ ਹੈ। ਪਤਰਸ ਕਹਿੰਦਾ ਹੈ: “ਨਾ ਤਾਂ ਮੇਰੇ ਕੋਲ ਚਾਂਦੀ ਹੈ ਤੇ ਨਾ ਹੀ ਸੋਨਾ, ਪਰ ਜੋ ਮੇਰੇ ਕੋਲ ਹੈ, ਉਹ ਮੈਂ ਤੈਨੂੰ ਦਿੰਦਾ ਹਾਂ। ਮੈਂ ਤੈਨੂੰ ਯਿਸੂ ਮਸੀਹ ਨਾਸਰੀ ਦੇ ਨਾਂ ʼਤੇ ਕਹਿੰਦਾ ਹਾਂ, ਉੱਠ ਅਤੇ ਤੁਰ!” ਫਿਰ ਪਤਰਸ ਲੰਗੜੇ ਆਦਮੀ ਦਾ ਹੱਥ ਫੜ ਕੇ ਉਸ ਨੂੰ ਖੜ੍ਹਾ ਕਰਦਾ ਹੈ। ਉਹ ਆਦਮੀ ਜ਼ਿੰਦਗੀ ਵਿਚ ਪਹਿਲੀ ਵਾਰ ਆਪਣੇ ਪੈਰਾਂ ʼਤੇ ਖੜ੍ਹਾ ਹੁੰਦਾ ਹੈ! ਇਹ ਦੇਖ ਕੇ ਭੀੜ ਦੰਗ ਰਹਿ ਜਾਂਦੀ ਹੈ। (ਰਸੂ. 3:6, 7) ਆਪਣੇ ਮਨ ਦੀਆਂ ਅੱਖਾਂ ਨਾਲ ਉਸ ਆਦਮੀ ਨੂੰ ਦੇਖੋ: ਉਹ ਆਦਮੀ ਅੱਖਾਂ ਅੱਡੀ ਆਪਣੇ ਠੀਕ ਹੋਏ ਲੱਤਾਂ-ਪੈਰਾਂ ਵੱਲ ਦੇਖਦਾ ਹੈ ਅਤੇ ਫਿਰ ਝਿਜਕਦੇ ਹੋਏ ਪਹਿਲੇ ਕਦਮ ਪੁੱਟਦਾ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹ ਨੱਚਦਾ-ਟੱਪਦਾ ਤੇ ਲੁੱਡੀਆਂ ਪਾਉਂਦਾ ਹੋਇਆ ਉੱਚੀ-ਉੱਚੀ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ!

3. ਭੀੜ ਅਤੇ ਠੀਕ ਹੋਏ ਬੰਦੇ ਨੂੰ ਕਿਹੜੀ ਬੇਸ਼ਕੀਮਤੀ ਚੀਜ਼ ਪੇਸ਼ ਕੀਤੀ ਗਈ ਸੀ?

3 ਖ਼ੁਸ਼ੀ ਦੇ ਮਾਰੇ ਭੀੜ ਭੱਜ ਕੇ ਸੁਲੇਮਾਨ ਦੇ ਬਰਾਂਡੇ ਵਿਚ ਪਤਰਸ ਅਤੇ ਯੂਹੰਨਾ ਕੋਲ ਜਾਂਦੀ ਹੈ। ਇਸੇ ਬਰਾਂਡੇ ਵਿਚ ਯਿਸੂ ਨੇ ਸਿੱਖਿਆ ਦਿੱਤੀ ਸੀ। ਇਸੇ ਜਗ੍ਹਾ ਪਤਰਸ ਭੀੜ ਨੂੰ ਸਮਝਾਉਂਦਾ ਹੈ ਕਿ ਇਸ ਚਮਤਕਾਰ ਦੇ ਪਿੱਛੇ ਕਿਸ ਦਾ ਹੱਥ ਹੈ। (ਯੂਹੰ. 10:23) ਉਹ ਭੀੜ ਅਤੇ ਠੀਕ ਹੋਏ ਬੰਦੇ ਨੂੰ ਸੋਨੇ-ਚਾਂਦੀ ਨਾਲੋਂ ਵੀ ਕੀਮਤੀ ਚੀਜ਼ ਦਿੰਦਾ ਹੈ। ਉਹ ਉਨ੍ਹਾਂ ਨੂੰ ਸਿਰਫ਼ ਤੰਦਰੁਸਤੀ ਹਾਸਲ ਕਰਨ ਦਾ ਮੌਕਾ ਹੀ ਨਹੀਂ, ਸਗੋਂ ਤੋਬਾ ਕਰਨ ਦਾ ਵੀ ਮੌਕਾ ਦਿੰਦਾ ਹੈ ਤਾਂਕਿ ਉਨ੍ਹਾਂ ਦੇ ਪਾਪ ਮਿਟਾਏ ਜਾ ਸਕਣ ਅਤੇ ਉਹ ਯਿਸੂ ਮਸੀਹ ਦੇ ਚੇਲੇ ਬਣਨ ਜਿਸ ਨੂੰ ਯਹੋਵਾਹ ਨੇ “ਜੀਵਨ ਦੇਣ ਵਾਲੇ ਮੁੱਖ ਆਗੂ” ਵਜੋਂ ਨਿਯੁਕਤ ਕੀਤਾ ਹੈ।​—ਰਸੂ. 3:15.

4. (ੳ) ਚਮਤਕਾਰ ਕਰਕੇ ਕਿਨ੍ਹਾਂ ਵਿਚ ਟੱਕਰ ਹੋਣ ਦਾ ਮਾਹੌਲ ਪੈਦਾ ਹੋਇਆ? (ਅ) ਅਸੀਂ ਕਿਨ੍ਹਾਂ ਦੋ ਸਵਾਲਾਂ ਦੇ ਜਵਾਬ ਦੇਖਾਂਗੇ?

4 ਇਹ ਵਾਕਈ ਖ਼ੁਸ਼ੀ ਦਾ ਦਿਨ ਸੀ! ਉਸ ਦਿਨ ਇਕ ਬੰਦੇ ਨੂੰ ਠੀਕ ਕੀਤਾ ਗਿਆ ਸੀ ਜਿਸ ਕਰਕੇ ਉਹ ਤੁਰਨ-ਫਿਰਨ ਲੱਗ ਪਿਆ। ਨਾਲੇ ਹਜ਼ਾਰਾਂ ਲੋਕਾਂ ਨੂੰ ਪਰਮੇਸ਼ੁਰ ਦਾ ਗਿਆਨ ਲੈਣ ਦਾ ਮੌਕਾ ਦਿੱਤਾ ਗਿਆ ਤਾਂਕਿ ਉਹ ਵੀ ਪਰਮੇਸ਼ੁਰ ਦੇ ਰਾਹ ਉੱਤੇ ਚੱਲ ਸਕਣ। (ਕੁਲੁ. 1:9, 10) ਇਸ ਤੋਂ ਇਲਾਵਾ, ਉਸ ਦਿਨ ਜੋ ਹੋਇਆ, ਉਸ ਕਰਕੇ ਦੋ ਧਿਰਾਂ ਵਿਚ ਟੱਕਰ ਹੋਣ ਦਾ ਮਾਹੌਲ ਬਣ ਗਿਆ। ਇਕ ਪਾਸੇ ਮਸੀਹ ਦੇ ਵਫ਼ਾਦਾਰ ਚੇਲੇ ਸਨ ਅਤੇ ਦੂਜੇ ਪਾਸੇ ਦਬਦਬਾ ਰੱਖਣ ਵਾਲੇ ਲੋਕ ਸਨ ਜੋ ਉਨ੍ਹਾਂ ਨੂੰ ਰਾਜ ਦਾ ਪ੍ਰਚਾਰ ਕਰਨ ਤੋਂ ਰੋਕਣ ʼਤੇ ਤੁਲੇ ਹੋਏ ਸਨ। (ਰਸੂ. 1:8) ਪਤਰਸ ਅਤੇ ਯੂਹੰਨਾ “ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ” ਮੰਨੇ ਜਾਂਦੇ ਸਨ। ਅਸੀਂ ਉਨ੍ਹਾਂ ਦੇ ਰਵੱਈਏ ਅਤੇ ਭੀੜ ਨਾਲ ਗੱਲ ਕਰਨ ਦੇ ਤਰੀਕੇ ਤੋਂ ਕੀ ਸਿੱਖ ਸਕਦੇ ਹਾਂ? b (ਰਸੂ. 4:13) ਉਨ੍ਹਾਂ ਨੇ ਅਤੇ ਹੋਰ ਚੇਲਿਆਂ ਨੇ ਜਿਸ ਤਰ੍ਹਾਂ ਵਿਰੋਧ ਦਾ ਸਾਮ੍ਹਣਾ ਕੀਤਾ ਸੀ, ਉਸ ਤਰ੍ਹਾਂ ਅਸੀਂ ਕਿਵੇਂ ਵਿਰੋਧ ਦਾ ਸਾਮ੍ਹਣਾ ਕਰ ਸਕਦੇ ਹਾਂ?

‘ਆਪਣੀ ਤਾਕਤ ਸਦਕਾ’ ਨਹੀਂ (ਰਸੂ. 3:11-26)

5. ਭੀੜ ਨਾਲ ਪਤਰਸ ਦੇ ਗੱਲ ਕਰਨ ਦੇ ਤਰੀਕੇ ਤੋਂ ਅਸੀਂ ਕੀ ਸਿੱਖਦੇ ਹਾਂ?

5 ਪਤਰਸ ਅਤੇ ਯੂਹੰਨਾ ਜਾਣਦੇ ਸਨ ਕਿ ਉੱਥੇ ਭੀੜ ਵਿਚ ਖੜ੍ਹੇ ਕਈ ਲੋਕਾਂ ਨੇ ਕੁਝ ਸਮਾਂ ਪਹਿਲਾਂ ਯਿਸੂ ਨੂੰ ਸੂਲ਼ੀ ʼਤੇ ਟੰਗਣ ਲਈ ਰੌਲ਼ਾ ਪਾਇਆ ਸੀ। (ਮਰ. 15:8-15; ਰਸੂ. 3:13-15) ਜ਼ਰਾ ਸੋਚੋ ਪਤਰਸ ਨੇ ਇਹ ਦੱਸ ਕੇ ਕਿੰਨੀ ਦਲੇਰੀ ਦਿਖਾਈ ਕਿ ਯਿਸੂ ਦੇ ਨਾਂ ʼਤੇ ਲੰਗੜੇ ਆਦਮੀ ਨੂੰ ਠੀਕ ਕੀਤਾ ਗਿਆ ਸੀ। ਪਤਰਸ ਸੱਚ ਦੱਸਣ ਤੋਂ ਡਰਿਆ ਨਹੀਂ। ਉਸ ਨੇ ਸਿੱਧੇ-ਸਿੱਧੇ ਕਿਹਾ ਕਿ ਭੀੜ ਕੁਝ ਹੱਦ ਤਕ ਮਸੀਹ ਦੀ ਮੌਤ ਦੀ ਦੋਸ਼ੀ ਸੀ। ਪਰ ਪਤਰਸ ਨੇ ਉਨ੍ਹਾਂ ਲੋਕਾਂ ਲਈ ਆਪਣੇ ਦਿਲ ਵਿਚ ਨਫ਼ਰਤ ਨਹੀਂ ਪਾਲ਼ੀ ਕਿਉਂਕਿ ਉਨ੍ਹਾਂ ਨੇ “ਇਹ ਸਭ ਅਣਜਾਣੇ ਵਿਚ ਕੀਤਾ” ਸੀ। (ਰਸੂ. 3:17) ਉਸ ਨੇ ਗੱਲ ਕਰਦੇ ਵੇਲੇ ਉਨ੍ਹਾਂ ਨੂੰ ਭਰਾ ਕਿਹਾ ਅਤੇ ਦੱਸਿਆ ਕਿ ਪਰਮੇਸ਼ੁਰ ਦੇ ਰਾਜ ਵਿਚ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ। ਜੇ ਉਹ ਤੋਬਾ ਕਰ ਕੇ ਮਸੀਹ ਉੱਤੇ ਨਿਹਚਾ ਕਰਨਗੇ, ਤਾਂ ਉਨ੍ਹਾਂ ਲਈ ‘ਯਹੋਵਾਹ ਵੱਲੋਂ ਰਾਹਤ ਦੇ ਦਿਨ ਆਉਣਗੇ।’ (ਰਸੂ. 3:19) ਸਾਨੂੰ ਵੀ ਲੋਕਾਂ ਨੂੰ ਦਲੇਰੀ ਨਾਲ ਪਰਮੇਸ਼ੁਰ ਦੇ ਆਉਣ ਵਾਲੇ ਨਿਆਂ ਦੇ ਦਿਨ ਬਾਰੇ ਸਾਫ਼-ਸਾਫ਼ ਦੱਸਣਾ ਚਾਹੀਦਾ ਹੈ। ਪਰ ਅਸੀਂ ਕਦੇ ਵੀ ਉਨ੍ਹਾਂ ਨਾਲ ਰੁੱਖੇ ਸ਼ਬਦਾਂ ਵਿਚ ਨਹੀਂ ਬੋਲਾਂਗੇ ਜਾਂ ਉਨ੍ਹਾਂ ਬਾਰੇ ਗ਼ਲਤ ਰਾਇ ਕਾਇਮ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਉਮੀਦ ਰੱਖਾਂਗੇ ਕਿ ਉਹ ਭਵਿੱਖ ਵਿਚ ਸਾਡੇ ਭੈਣ-ਭਰਾ ਬਣ ਜਾਣਗੇ। ਪਤਰਸ ਵਾਂਗ ਅਸੀਂ ਰਾਜ ਦਾ ਸੰਦੇਸ਼ ਸੁਣਾਉਂਦੇ ਵੇਲੇ ਲੋਕਾਂ ਨਾਲ ਦੁਨੀਆਂ ਦੇ ਹਾਲਾਤਾਂ ਬਾਰੇ ਜ਼ਿਆਦਾ ਗੱਲ ਕਰਨ ਦੀ ਬਜਾਇ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਗੱਲ ਕਰਦੇ ਹਾਂ।

6. ਪਤਰਸ ਅਤੇ ਯੂਹੰਨਾ ਨੇ ਨਿਮਰਤਾ ਕਿਵੇਂ ਦਿਖਾਈ ਸੀ?

6 ਦੋਵੇਂ ਰਸੂਲ ਨਿਮਰ ਇਨਸਾਨ ਸਨ। ਉਨ੍ਹਾਂ ਨੇ ਚਮਤਕਾਰ ਦਾ ਸਿਹਰਾ ਆਪਣੇ ਸਿਰ ਨਹੀਂ ਬੰਨ੍ਹਿਆ। ਪਤਰਸ ਨੇ ਭੀੜ ਨੂੰ ਕਿਹਾ: “ਤੁਸੀਂ ਸਾਡੇ ਵੱਲ ਇਸ ਤਰ੍ਹਾਂ ਕਿਉਂ ਦੇਖ ਰਹੇ ਹੋ, ਜਿਵੇਂ ਕਿ ਅਸੀਂ ਆਪਣੀ ਤਾਕਤ ਜਾਂ ਸ਼ਰਧਾ ਸਦਕਾ ਇਸ ਆਦਮੀ ਨੂੰ ਤੁਰਨ-ਫਿਰਨ ਦੇ ਕਾਬਲ ਬਣਾਇਆ ਹੋਵੇ?” (ਰਸੂ. 3:12) ਪਤਰਸ ਅਤੇ ਦੂਸਰੇ ਰਸੂਲ ਜਾਣਦੇ ਸਨ ਕਿ ਉਨ੍ਹਾਂ ਨੂੰ ਪ੍ਰਚਾਰ ਦੇ ਕੰਮ ਵਿਚ ਜੋ ਵੀ ਕਾਮਯਾਬੀ ਮਿਲਦੀ ਸੀ, ਉਹ ਉਨ੍ਹਾਂ ਨੂੰ ਆਪਣੇ ਬਲਬੂਤੇ ʼਤੇ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਨਾਲ ਮਿਲਦੀ ਸੀ। ਇਸ ਲਈ ਉਨ੍ਹਾਂ ਨੇ ਆਪਣੀ ਵਾਹ-ਵਾਹ ਨਹੀਂ ਕਰਾਈ, ਸਗੋਂ ਨਿਮਰਤਾ ਨਾਲ ਯਹੋਵਾਹ ਅਤੇ ਯਿਸੂ ਦੀ ਵਡਿਆਈ ਕੀਤੀ।

7, 8. (ੳ) ਅਸੀਂ ਲੋਕਾਂ ਨੂੰ ਕਿਹੜਾ ਮੌਕਾ ਦੇ ਸਕਦੇ ਹਾਂ? (ਅ) ਅੱਜ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕਰਨ ਦਾ ਵਾਅਦਾ ਕਿਵੇਂ ਪੂਰਾ ਹੋ ਰਿਹਾ ਹੈ?

7 ਪ੍ਰਚਾਰ ਕਰਦਿਆਂ ਸਾਨੂੰ ਵੀ ਇਸੇ ਤਰ੍ਹਾਂ ਨਿਮਰਤਾ ਦਿਖਾਉਣ ਦੀ ਲੋੜ ਹੈ। ਇਹ ਸੱਚ ਹੈ ਕਿ ਅੱਜ ਪਰਮੇਸ਼ੁਰ ਨੇ ਮਸੀਹੀਆਂ ਨੂੰ ਕੋਈ ਚਮਤਕਾਰੀ ਸ਼ਕਤੀ ਨਹੀਂ ਦਿੱਤੀ ਜਿਸ ਨਾਲ ਉਹ ਲੋਕਾਂ ਨੂੰ ਠੀਕ ਕਰ ਸਕਣ। ਫਿਰ ਵੀ ਅਸੀਂ ਪਰਮੇਸ਼ੁਰ ਅਤੇ ਮਸੀਹ ʼਤੇ ਨਿਹਚਾ ਕਰਨ ਵਿਚ ਲੋਕਾਂ ਦੀ ਮਦਦ ਕਰ ਸਕਦੇ ਹਾਂ। ਨਾਲੇ ਪਤਰਸ ਵਾਂਗ ਅਸੀਂ ਉਨ੍ਹਾਂ ਨੂੰ ਪਾਪਾਂ ਦੀ ਮਾਫ਼ੀ ਅਤੇ ਯਹੋਵਾਹ ਤੋਂ ਰਾਹਤ ਪਾਉਣ ਦਾ ਮੌਕਾ ਦੇ ਸਕਦੇ ਹਾਂ। ਹਰ ਸਾਲ ਲੱਖਾਂ ਲੋਕ ਇਸ ਮੌਕੇ ਦਾ ਲਾਹਾ ਲੈ ਕੇ ਬਪਤਿਸਮਾ ਲੈਂਦੇ ਹਨ ਅਤੇ ਮਸੀਹ ਦੇ ਚੇਲੇ ਬਣਦੇ ਹਨ।

8 ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਿਸ ਨੂੰ ਪਤਰਸ ਨੇ “ਸਾਰੀਆਂ ਚੀਜ਼ਾਂ ਨੂੰ ਮੁੜ ਬਹਾਲ” ਕਰਨ ਦਾ ਸਮਾਂ ਕਿਹਾ ਸੀ। ਇਸ ਬਾਰੇ “ਪਰਮੇਸ਼ੁਰ ਨੇ ਬੀਤੇ ਸਮੇਂ ਵਿਚ ਆਪਣੇ ਪਵਿੱਤਰ ਨਬੀਆਂ ਰਾਹੀਂ ਦੱਸਿਆ ਸੀ।” ਭਵਿੱਖਬਾਣੀਆਂ ਮੁਤਾਬਕ 1914 ਤੋਂ ਸਵਰਗ ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਹੋਇਆ। (ਰਸੂ. 3:21; ਜ਼ਬੂ. 110:1-3; ਦਾਨੀ. 4:16, 17) ਇਸ ਤੋਂ ਥੋੜ੍ਹੇ ਸਮੇਂ ਬਾਅਦ ਮਸੀਹ ਦੀ ਨਿਗਰਾਨੀ ਅਧੀਨ ਧਰਤੀ ਉੱਤੇ ਸੱਚੀ ਭਗਤੀ ਕਰਨ ਦੇ ਤਰੀਕੇ ਵਿਚ ਸੁਧਾਰ ਹੋਣ ਲੱਗੇ। ਨਤੀਜੇ ਵਜੋਂ, ਲੱਖਾਂ ਲੋਕ ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣ ਕੇ ਉਸ ਨਾਲ ਅਤੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨਾਲ ਸ਼ਾਂਤੀ ਭਰੇ ਰਿਸ਼ਤੇ ਦਾ ਆਨੰਦ ਮਾਣਦੇ ਹਨ। ਉਨ੍ਹਾਂ ਨੇ ਆਪਣੇ ਪੁਰਾਣੇ ਸੁਭਾਅ ਨੂੰ ਬਦਲਿਆ ਹੈ ਅਤੇ ‘ਨਵੇਂ ਸੁਭਾਅ ਨੂੰ ਪਹਿਨਿਆ ਹੈ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਸੀ।’ (ਅਫ਼. 4:22-24) ਜਿਵੇਂ ਲੰਗੜੇ ਆਦਮੀ ਨੂੰ ਪਰਮੇਸ਼ੁਰ ਦੀ ਸ਼ਕਤੀ ਨਾਲ ਠੀਕ ਕੀਤਾ ਗਿਆ ਸੀ, ਉਸੇ ਤਰ੍ਹਾਂ ਅੱਜ ਇਹ ਸਭ ਕੁਝ ਵੀ ਪਰਮੇਸ਼ੁਰ ਦੀ ਸ਼ਕਤੀ ਨਾਲ ਹੁੰਦਾ ਹੈ, ਨਾ ਕਿ ਇਨਸਾਨਾਂ ਦੀ ਤਾਕਤ ਨਾਲ। ਪਤਰਸ ਵਾਂਗ ਸਾਨੂੰ ਵੀ ਦੂਜਿਆਂ ਨੂੰ ਦਲੇਰੀ ਅਤੇ ਅਸਰਕਾਰੀ ਢੰਗ ਨਾਲ ਪਰਮੇਸ਼ੁਰ ਦੇ ਬਚਨ ਤੋਂ ਸਿੱਖਿਆ ਦੇਣੀ ਚਾਹੀਦੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੀ ਤਾਕਤ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਤਾਕਤ ਨਾਲ ਮਸੀਹ ਦੇ ਚੇਲੇ ਬਣਨ ਵਿਚ ਦੂਜਿਆਂ ਦੀ ਮਦਦ ਕਰ ਸਕਦੇ ਹਾਂ।

‘ਅਸੀਂ ਗੱਲ ਕਰਨੋਂ ਹਟ ਨਹੀਂ ਸਕਦੇ’ (ਰਸੂ. 4:1-22)

9-11. (ੳ) ਪਤਰਸ ਅਤੇ ਯੂਹੰਨਾ ਦੇ ਸੰਦੇਸ਼ ਪ੍ਰਤੀ ਯਹੂਦੀ ਆਗੂਆਂ ਨੇ ਕੀ ਰਵੱਈਆ ਦਿਖਾਇਆ? (ਅ) ਰਸੂਲਾਂ ਨੇ ਕੀ ਕਰਨ ਦੀ ਠਾਣੀ ਹੋਈ ਸੀ?

9 ਠੀਕ ਹੋਏ ਆਦਮੀ ਨੂੰ ਨੱਚਦੇ-ਟੱਪਦੇ ਤੇ ਰੌਲ਼ਾ ਪਾਉਂਦੇ ਦੇਖ ਕੇ ਅਤੇ ਪਤਰਸ ਦੀ ਗੱਲ ਸੁਣ ਕੇ ਲੋਕਾਂ ਦੀ ਭੀੜ ਲੱਗ ਗਈ ਸੀ। ਇਸ ਕਰਕੇ ਮੰਦਰ ਦੀ ਸੁਰੱਖਿਆ ਲਈ ਰੱਖੇ ਪਹਿਰੇਦਾਰਾਂ ਦਾ ਮੁਖੀ ਅਤੇ ਮੁੱਖ ਪੁਜਾਰੀ ਦੇਖਣ ਲਈ ਭੱਜੇ ਆਏ ਕਿ ਕੀ ਹੋ ਰਿਹਾ ਸੀ। ਇਹ ਆਦਮੀ ਸ਼ਾਇਦ ਸਦੂਕੀ ਪੰਥ ਦੇ ਸਨ ਜੋ ਅਮੀਰ ਅਤੇ ਰਾਜਨੀਤਿਕ ਤੌਰ ਤੇ ਤਾਕਤਵਰ ਸਨ ਅਤੇ ਰੋਮੀਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਸਨ। ਉਹ ਜ਼ਬਾਨੀ ਕਾਨੂੰਨ ਨੂੰ ਨਹੀਂ ਮੰਨਦੇ ਸਨ ਜੋ ਫ਼ਰੀਸੀਆਂ ਨੂੰ ਬਹੁਤ ਪਿਆਰਾ ਸੀ ਅਤੇ ਸਦੂਕੀਆਂ ਨੂੰ ਇਹ ਗੱਲ ਮਜ਼ਾਕ ਲੱਗਦੀ ਸੀ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। c ਉਹ ਇਹ ਦੇਖ ਕੇ ਚਿੜ ਗਏ ਕਿ ਪਤਰਸ ਅਤੇ ਯੂਹੰਨਾ ਮੰਦਰ ਵਿਚ ਦਲੇਰੀ ਨਾਲ ਸਿਖਾ ਰਹੇ ਸਨ ਕਿ ਯਿਸੂ ਦੁਬਾਰਾ ਜੀਉਂਦਾ ਹੋ ਗਿਆ ਸੀ।

10 ਗੁੱਸੇ ਵਿਚ ਭੜਕੇ ਵਿਰੋਧੀਆਂ ਨੇ ਪਤਰਸ ਅਤੇ ਯੂਹੰਨਾ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਅਤੇ ਅਗਲੇ ਦਿਨ ਉਨ੍ਹਾਂ ਨੂੰ ਯਹੂਦੀ ਅਦਾਲਤ ਅੱਗੇ ਪੇਸ਼ ਕੀਤਾ। ਉੱਚੀਆਂ ਪਦਵੀਆਂ ʼਤੇ ਬਿਰਾਜਮਾਨ ਆਗੂਆਂ ਦੀਆਂ ਨਜ਼ਰਾਂ ਵਿਚ ਪਤਰਸ ਅਤੇ ਯੂਹੰਨਾ “ਘੱਟ ਪੜ੍ਹੇ-ਲਿਖੇ ਅਤੇ ਆਮ ਆਦਮੀ” ਸਨ ਜਿਨ੍ਹਾਂ ਨੂੰ ਮੰਦਰ ਵਿਚ ਸਿੱਖਿਆ ਦੇਣ ਦਾ ਕੋਈ ਹੱਕ ਨਹੀਂ ਸੀ। ਉਹ ਦੋਵੇਂ ਰਸੂਲ ਕਿਸੇ ਮੰਨੇ-ਪ੍ਰਮੰਨੇ ਧਾਰਮਿਕ ਸਕੂਲ ਵਿਚ ਨਹੀਂ ਪੜ੍ਹੇ ਸਨ। ਪਰ ਫਿਰ ਵੀ ਉਨ੍ਹਾਂ ਦੇ ਬੋਲਣ ਦੇ ਦਮਦਾਰ ਅਤੇ ਧੜੱਲੇਦਾਰ ਅੰਦਾਜ਼ ਨੂੰ ਦੇਖ ਕੇ ਸਾਰੇ ਆਗੂ ਹੈਰਾਨ ਰਹਿ ਗਏ। ਪਤਰਸ ਅਤੇ ਯੂਹੰਨਾ ਦੀਆਂ ਗੱਲਾਂ ਵਿਚ ਇੰਨਾ ਦਮ ਕਿਉਂ ਸੀ? ਇਕ ਕਾਰਨ ਤਾਂ ਇਹ ਸੀ ਕਿ “ਉਹ ਦੋਵੇਂ ਯਿਸੂ ਨਾਲ ਹੁੰਦੇ ਸਨ।” (ਰਸੂ. 4:13) ਉਨ੍ਹਾਂ ਦੇ ਮਾਲਕ ਯਿਸੂ ਨੇ ਵੀ ਲੋਕਾਂ ਨੂੰ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੱਤੀ ਸੀ।​—ਮੱਤੀ 7:28, 29.

11 ਅਦਾਲਤ ਨੇ ਰਸੂਲਾਂ ਨੂੰ ਪ੍ਰਚਾਰ ਬੰਦ ਕਰਨ ਦਾ ਹੁਕਮ ਦਿੱਤਾ। ਉਸ ਸਮੇਂ ਯਹੂਦੀ ਸਮਾਜ ਵਿਚ ਇਸ ਅਦਾਲਤ ਦੀ ਜ਼ਿਆਦਾ ਚੱਲਦੀ ਸੀ। ਕੁਝ ਹਫ਼ਤੇ ਪਹਿਲਾਂ ਜਦੋਂ ਯਿਸੂ ਇਸੇ ਅਦਾਲਤ ਅੱਗੇ ਪੇਸ਼ ਹੋਇਆ ਸੀ, ਤਾਂ ਇਸ ਦੇ ਮੈਂਬਰਾਂ ਨੇ ਕਿਹਾ ਸੀ: “ਇਹ ਮੌਤ ਦੀ ਸਜ਼ਾ ਦੇ ਲਾਇਕ ਹੈ।” (ਮੱਤੀ 26:59-66) ਫਿਰ ਵੀ ਪਤਰਸ ਅਤੇ ਯੂਹੰਨਾ ਡਰੇ ਨਹੀਂ। ਉਨ੍ਹਾਂ ਅਮੀਰ, ਪੜ੍ਹੇ-ਲਿਖੇ ਅਤੇ ਤਾਕਤਵਰ ਲੋਕਾਂ ਨੂੰ ਪਤਰਸ ਤੇ ਯੂਹੰਨਾ ਨੇ ਨਿਡਰ ਹੋ ਕੇ, ਪਰ ਆਦਰ ਨਾਲ ਕਿਹਾ: “ਤੁਸੀਂ ਆਪ ਸੋਚੋ, ਕੀ ਪਰਮੇਸ਼ੁਰ ਦੀ ਨਜ਼ਰ ਵਿਚ ਇਹ ਸਹੀ ਹੋਵੇਗਾ ਕਿ ਅਸੀਂ ਉਸ ਦੀ ਗੱਲ ਸੁਣਨ ਦੀ ਬਜਾਇ ਤੁਹਾਡੀ ਗੱਲ ਸੁਣੀਏ? ਪਰ ਅਸੀਂ ਜੋ ਦੇਖਿਆ ਅਤੇ ਸੁਣਿਆ ਹੈ, ਉਸ ਬਾਰੇ ਗੱਲ ਕਰਨੋਂ ਹਟ ਨਹੀਂ ਸਕਦੇ।”​—ਰਸੂ. 4:19, 20.

12. ਹਿੰਮਤ ਤੇ ਪੂਰੇ ਭਰੋਸੇ ਨਾਲ ਗੱਲ ਕਰਨ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?

12 ਕੀ ਤੁਸੀਂ ਵੀ ਉਨ੍ਹਾਂ ਵਾਂਗ ਦਲੇਰੀ ਦਿਖਾਉਂਦੇ ਹੋ? ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਤੁਹਾਨੂੰ ਸਮਾਜ ਦੇ ਅਮੀਰ, ਪੜ੍ਹੇ-ਲਿਖੇ ਜਾਂ ਵੱਡੇ-ਵੱਡੇ ਲੋਕਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲਦਾ ਹੈ? ਤੁਸੀਂ ਉਦੋਂ ਕੀ ਕਰਦੇ ਹੋ ਜਦੋਂ ਤੁਹਾਡੇ ਪਰਿਵਾਰ ਦੇ ਮੈਂਬਰ, ਸਕੂਲ ਵਿਚ ਮੁੰਡੇ-ਕੁੜੀਆਂ ਜਾਂ ਕੰਮ ʼਤੇ ਲੋਕ ਤੁਹਾਡੇ ਵਿਸ਼ਵਾਸਾਂ ਦਾ ਮਜ਼ਾਕ ਉਡਾਉਂਦੇ ਹਨ? ਕੀ ਤੁਸੀਂ ਡਰ ਜਾਂਦੇ ਹੋ? ਜੇ ਹਾਂ, ਤਾਂ ਤੁਸੀਂ ਇਸ ਡਰ ʼਤੇ ਕਾਬੂ ਪਾ ਸਕਦੇ ਹੋ। ਧਰਤੀ ਉੱਤੇ ਹੁੰਦਿਆਂ ਯਿਸੂ ਨੇ ਰਸੂਲਾਂ ਨੂੰ ਸਿਖਾਇਆ ਸੀ ਕਿ ਉਹ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਪੂਰੇ ਭਰੋਸੇ ਅਤੇ ਆਦਰ ਨਾਲ ਕਿਵੇਂ ਗੱਲ ਕਰ ਸਕਦੇ ਸਨ। (ਮੱਤੀ 10:11-18) ਜੀਉਂਦਾ ਹੋਣ ਤੋਂ ਬਾਅਦ ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ‘ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਉਨ੍ਹਾਂ ਦੇ ਨਾਲ ਰਹੇਗਾ।’ (ਮੱਤੀ 28:20) ਯਿਸੂ ਦੀ ਨਿਗਰਾਨੀ ਹੇਠ ਅੱਜ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੇ ਵਿਸ਼ਵਾਸਾਂ ਦੇ ਪੱਖ ਵਿਚ ਕਿਵੇਂ ਗੱਲ ਕਰ ਸਕਦੇ ਹਾਂ। (ਮੱਤੀ 24:45-47; 1 ਪਤ. 3:15) ਇਹ ਸਿੱਖਿਆ ਸਾਨੂੰ ਸਭਾਵਾਂ, ਜਿਵੇਂ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਵਿਚ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਜਿਵੇਂ jw.org ਵੈੱਬਸਾਈਟ ʼਤੇ “ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ” ਲੇਖਾਂ ਰਾਹੀਂ ਮਿਲਦੀ ਹੈ। ਕੀ ਤੁਸੀਂ ਇਨ੍ਹਾਂ ਪ੍ਰਬੰਧਾਂ ਦਾ ਫ਼ਾਇਦਾ ਲੈ ਰਹੇ ਹੋ? ਜੇ ਹਾਂ, ਤਾਂ ਤੁਹਾਡੀ ਹਿੰਮਤ ਵਧੇਗੀ ਅਤੇ ਤੁਸੀਂ ਪੂਰੇ ਭਰੋਸੇ ਨਾਲ ਗੱਲ ਕਰ ਸਕੋਗੇ। ਰਸੂਲਾਂ ਵਾਂਗ ਤੁਸੀਂ ਵੀ ਬਾਈਬਲ ਵਿੱਚੋਂ ਸਿੱਖੀਆਂ ਸ਼ਾਨਦਾਰ ਸੱਚਾਈਆਂ ਦੂਜਿਆਂ ਨਾਲ ਸਾਂਝੀਆਂ ਕਰਨ ਤੋਂ ਪਿੱਛੇ ਨਹੀਂ ਹਟੋਗੇ।

ਠਾਣ ਲਓ ਕਿ ਤੁਸੀਂ ਕਿਸੇ ਵੀ ਚੀਜ਼ ਕਰਕੇ ਬਾਈਬਲ ਦੀਆਂ ਸ਼ਾਨਦਾਰ ਸੱਚਾਈਆਂ ਦੂਜਿਆਂ ਨਾਲ ਸਾਂਝੀਆਂ ਕਰਨ ਤੋਂ ਪਿੱਛੇ ਨਹੀਂ ਹਟੋਗੇ

‘ਉਹ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗੇ’ (ਰਸੂ. 4:23-31)

13, 14. ਵਿਰੋਧ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

13 ਜੇਲ੍ਹ ਤੋਂ ਰਿਹਾ ਹੁੰਦਿਆਂ ਹੀ ਪਤਰਸ ਤੇ ਯੂਹੰਨਾ ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ਨੂੰ ਮਿਲੇ। “ਉਹ ਰਲ਼ ਕੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਲੱਗੇ” ਕਿ ਉਹ ਉਨ੍ਹਾਂ ਨੂੰ ਪ੍ਰਚਾਰ ਕਰਦੇ ਰਹਿਣ ਦੀ ਹਿੰਮਤ ਦੇਵੇ। (ਰਸੂ. 4:24) ਪਤਰਸ ਚੰਗੀ ਤਰ੍ਹਾਂ ਜਾਣਦਾ ਸੀ ਕਿ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਆਪਣੀ ਤਾਕਤ ʼਤੇ ਭਰੋਸਾ ਰੱਖਣਾ ਮੂਰਖਤਾ ਸੀ। ਕੁਝ ਹਫ਼ਤੇ ਪਹਿਲਾਂ ਉਸ ਨੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਰੱਖਦੇ ਹੋਏ ਯਿਸੂ ਨੂੰ ਕਿਹਾ ਸੀ: “ਤੇਰੇ ਨਾਲ ਜੋ ਵੀ ਹੋਵੇਗਾ, ਉਸ ਕਰਕੇ ਬਾਕੀ ਸਾਰੇ ਭਾਵੇਂ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਕਦੀ ਵੀ ਨਹੀਂ ਛੱਡਾਂਗਾ।” ਪਰ ਜਿਵੇਂ ਯਿਸੂ ਨੇ ਕਿਹਾ ਸੀ, ਫਿਰ ਪਤਰਸ ਜਲਦੀ ਹੀ ਇਨਸਾਨਾਂ ਦੇ ਡਰ ਅੱਗੇ ਝੁਕ ਗਿਆ ਅਤੇ ਉਸ ਨੇ ਆਪਣੇ ਦੋਸਤ ਅਤੇ ਗੁਰੂ ਯਿਸੂ ਨੂੰ ਪਛਾਣਨ ਤੋਂ ਵੀ ਇਨਕਾਰ ਕੀਤਾ। ਪਰ ਪਤਰਸ ਨੇ ਆਪਣੀ ਗ਼ਲਤੀ ਤੋਂ ਸਬਕ ਸਿੱਖਿਆ।​—ਮੱਤੀ 26:33, 34, 69-75.

14 ਮਸੀਹ ਬਾਰੇ ਗਵਾਹੀ ਦੇਣ ਦਾ ਪੱਕਾ ਇਰਾਦਾ ਹੋਣਾ ਹੀ ਕਾਫ਼ੀ ਨਹੀਂ ਹੈ। ਜਦੋਂ ਵਿਰੋਧੀ ਤੁਹਾਡੀ ਨਿਹਚਾ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਜਾਂ ਤੁਹਾਨੂੰ ਪ੍ਰਚਾਰ ਕਰਨ ਤੋਂ ਰੋਕਦੇ ਹਨ, ਤਾਂ ਤੁਸੀਂ ਵੀ ਉਹੀ ਕਰੋ ਜੋ ਪਤਰਸ ਅਤੇ ਯੂਹੰਨਾ ਨੇ ਕੀਤਾ ਸੀ। ਤਾਕਤ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। ਮੰਡਲੀ ਦੀ ਮਦਦ ਲਓ। ਬਜ਼ੁਰਗਾਂ ਅਤੇ ਨਿਹਚਾ ਵਿਚ ਪੱਕੇ ਹੋਰ ਭੈਣਾਂ-ਭਰਾਵਾਂ ਨੂੰ ਦੱਸੋ ਕਿ ਤੁਸੀਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹੋ। ਜਦੋਂ ਦੂਜੇ ਸਾਡੇ ਲਈ ਪ੍ਰਾਰਥਨਾ ਕਰਦੇ ਹਨ, ਤਾਂ ਸਾਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਦੀ ਤਾਕਤ ਮਿਲਦੀ ਹੈ।​—ਅਫ਼. 6:18; ਯਾਕੂ. 5:16.

15. ਜਿਨ੍ਹਾਂ ਮਸੀਹੀਆਂ ਨੇ ਕੁਝ ਸਮੇਂ ਲਈ ਪ੍ਰਚਾਰ ਕਰਨਾ ਛੱਡ ਦਿੱਤਾ ਸੀ, ਉਨ੍ਹਾਂ ਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ?

15 ਜੇ ਤੁਸੀਂ ਦੂਜਿਆਂ ਦੇ ਦਬਾਅ ਅੱਗੇ ਝੁਕ ਕੇ ਥੋੜ੍ਹੇ ਸਮੇਂ ਲਈ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਸੀ, ਤਾਂ ਉਸ ਬਾਰੇ ਸੋਚ ਕੇ ਨਿਰਾਸ਼ ਨਾ ਹੋਵੋ। ਯਾਦ ਰੱਖੋ ਕਿ ਯਿਸੂ ਦੀ ਮੌਤ ਤੋਂ ਬਾਅਦ ਸਾਰੇ ਰਸੂਲਾਂ ਨੇ ਵੀ ਥੋੜ੍ਹੇ ਸਮੇਂ ਲਈ ਪ੍ਰਚਾਰ ਕਰਨਾ ਬੰਦ ਕਰ ਦਿੱਤਾ ਸੀ, ਪਰ ਉਹ ਜਲਦੀ ਹੀ ਦੁਬਾਰਾ ਪ੍ਰਚਾਰ ਕਰਨ ਲੱਗ ਪਏ। (ਮੱਤੀ 26:56; 28:10, 16-20) ਪੁਰਾਣੀਆਂ ਗ਼ਲਤੀਆਂ ਦੇ ਬੋਝ ਥੱਲੇ ਦੱਬਣ ਦੀ ਬਜਾਇ ਤੁਸੀਂ ਇਨ੍ਹਾਂ ਤੋਂ ਸਬਕ ਸਿੱਖੋ ਅਤੇ ਆਪਣੇ ਤਜਰਬੇ ਦੀ ਮਦਦ ਨਾਲ ਦੂਸਰਿਆਂ ਦਾ ਹੌਸਲਾ ਵਧਾਓ।

16, 17. ਯਰੂਸ਼ਲਮ ਵਿਚ ਮਸੀਹ ਦੇ ਚੇਲਿਆਂ ਦੁਆਰਾ ਕੀਤੀ ਪ੍ਰਾਰਥਨਾ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

16 ਜਦੋਂ ਅਧਿਕਾਰ ਰੱਖਣ ਵਾਲੇ ਲੋਕ ਸਾਡੇ ਉੱਤੇ ਅਤਿਆਚਾਰ ਕਰਦੇ ਹਨ, ਤਾਂ ਸਾਨੂੰ ਕਿਸ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ? ਧਿਆਨ ਦਿਓ ਕਿ ਚੇਲਿਆਂ ਨੇ ਇਹ ਪ੍ਰਾਰਥਨਾ ਨਹੀਂ ਕੀਤੀ ਕਿ ਯਹੋਵਾਹ ਉਨ੍ਹਾਂ ਦੀਆਂ ਅਜ਼ਮਾਇਸ਼ਾਂ ਨੂੰ ਹਟਾ ਦੇਵੇ, ਸਗੋਂ ਉਨ੍ਹਾਂ ਨੂੰ ਯਿਸੂ ਦੀ ਇਹ ਗੱਲ ਚੰਗੀ ਤਰ੍ਹਾਂ ਯਾਦ ਸੀ: “ਜੇ ਲੋਕਾਂ ਨੇ ਮੇਰੇ ਉੱਤੇ ਅਤਿਆਚਾਰ ਕੀਤੇ ਹਨ, ਤਾਂ ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ।” (ਯੂਹੰ. 15:20) ਇਸ ਦੀ ਬਜਾਇ, ਉਨ੍ਹਾਂ ਵਫ਼ਾਦਾਰ ਚੇਲਿਆਂ ਨੇ ਯਹੋਵਾਹ ਨੂੰ ਇਹ ਪ੍ਰਾਰਥਨਾ ਕੀਤੀ ਕਿ ਉਹ ਵਿਰੋਧੀਆਂ ਦੀਆਂ ਧਮਕੀਆਂ ਵੱਲ ‘ਧਿਆਨ ਦੇਵੇ।’ (ਰਸੂ. 4:29) ਚੇਲੇ ਪੂਰੀ ਤਰ੍ਹਾਂ ਸਮਝਦੇ ਸਨ ਕਿ ਉਨ੍ਹਾਂ ਉੱਤੇ ਜੋ ਵੀ ਅਤਿਆਚਾਰ ਹੋ ਰਹੇ ਸਨ, ਉਹ ਅਸਲ ਵਿਚ ਯਿਸੂ ਦੀ ਭਵਿੱਖਬਾਣੀ ਦੀ ਪੂਰਤੀ ਸੀ। ਜਿਵੇਂ ਯਿਸੂ ਨੇ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ, ਉਹ ਜਾਣਦੇ ਸਨ ਕਿ ਪਰਮੇਸ਼ੁਰ ਦੀ ਇੱਛਾ ਹਰ ਹਾਲ ਵਿਚ ‘ਧਰਤੀ ਉੱਤੇ ਪੂਰੀ ਹੋ ਕੇ ਰਹੇਗੀ,’ ਭਾਵੇਂ ਇਨਸਾਨੀ ਹਾਕਮ ਇਸ ਨੂੰ ਰੋਕਣ ਲਈ ਜਿੰਨਾ ਮਰਜ਼ੀ ਜ਼ੋਰ ਲਾ ਲੈਣ।​—ਮੱਤੀ 6:9, 10.

17 ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਚੇਲਿਆਂ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: “ਆਪਣੇ ਦਾਸਾਂ ਨੂੰ ਇਸ ਕਾਬਲ ਬਣਾ ਕਿ ਅਸੀਂ ਦਲੇਰੀ ਨਾਲ ਤੇਰੇ ਬਚਨ ਦਾ ਐਲਾਨ ਕਰਦੇ ਰਹੀਏ।” ਉਸ ਵੇਲੇ ਯਹੋਵਾਹ ਨੇ ਉਨ੍ਹਾਂ ਦੀ ਪ੍ਰਾਰਥਨਾ ਦਾ ਕੀ ਜਵਾਬ ਦਿੱਤਾ? “ਜਿਸ ਘਰ ਵਿਚ ਉਹ ਸਾਰੇ ਇਕੱਠੇ ਹੋਏ ਸਨ, ਉਹ ਘਰ ਹਿੱਲਣ ਲੱਗ ਪਿਆ ਅਤੇ ਉਹ ਸਾਰੇ ਪਵਿੱਤਰ ਸ਼ਕਤੀ ਨਾਲ ਭਰ ਗਏ ਅਤੇ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਲੱਗੇ।” (ਰਸੂ. 4:29-31) ਕੋਈ ਵੀ ਚੀਜ਼ ਯਹੋਵਾਹ ਨੂੰ ਆਪਣੀ ਇੱਛਾ ਪੂਰੀ ਕਰਨ ਤੋਂ ਰੋਕ ਨਹੀਂ ਸਕਦੀ। (ਯਸਾ. 55:11) ਰੁਕਾਵਟਾਂ ਭਾਵੇਂ ਜਿੰਨੀਆਂ ਮਰਜ਼ੀ ਵੱਡੀਆਂ ਹੋਣ ਜਾਂ ਵਿਰੋਧੀ ਚਾਹੇ ਜਿੰਨੇ ਮਰਜ਼ੀ ਤਾਕਤਵਰ ਹੋਣ, ਪਰ ਜੇ ਅਸੀਂ ਯਹੋਵਾਹ ਨੂੰ ਮਦਦ ਲਈ ਫ਼ਰਿਆਦ ਕਰਦੇ ਹਾਂ, ਤਾਂ ਉਹ ਸਾਨੂੰ ਦਲੇਰੀ ਨਾਲ ਆਪਣੇ ਬਚਨ ਦਾ ਐਲਾਨ ਕਰਦੇ ਰਹਿਣ ਦੀ ਤਾਕਤ ਜ਼ਰੂਰ ਦੇਵੇਗਾ।

‘ਇਨਸਾਨਾਂ ਨੂੰ ਨਹੀਂ, ਸਗੋਂ ਪਰਮੇਸ਼ੁਰ ਨੂੰ’ ਲੇਖਾ ਦੇਣਾ ਹੈ (ਰਸੂ. 4:32–5:11)

18. ਯਰੂਸ਼ਲਮ ਦੀ ਮੰਡਲੀ ਦੇ ਭੈਣਾਂ-ਭਰਾਵਾਂ ਨੇ ਇਕ-ਦੂਜੇ ਲਈ ਕੀ ਕੀਤਾ?

18 ਯਰੂਸ਼ਲਮ ਵਿਚ ਨਵੀਂ-ਨਵੀਂ ਬਣੀ ਮੰਡਲੀ ਵਿਚ ਚੇਲਿਆਂ ਦੀ ਗਿਣਤੀ ਵਧ ਕੇ 5,000 ਤੋਂ ਜ਼ਿਆਦਾ ਹੋ ਗਈ। d ਭਾਵੇਂ ਚੇਲੇ ਵੱਖੋ-ਵੱਖਰੇ ਪਿਛੋਕੜਾਂ ਦੇ ਸਨ, ਫਿਰ ਵੀ ਉਹ “ਇਕ ਦਿਲ ਅਤੇ ਇਕ ਜਾਨ ਸਨ” ਯਾਨੀ ਉਨ੍ਹਾਂ ਦੀ ਸੋਚ ਇੱਕੋ ਸੀ। (ਰਸੂ. 4:32; 1 ਕੁਰਿੰ. 1:10) ਚੇਲਿਆਂ ਨੇ ਯਹੋਵਾਹ ਨੂੰ ਸਿਰਫ਼ ਪ੍ਰਾਰਥਨਾ ਹੀ ਨਹੀਂ ਕੀਤੀ ਕਿ ਯਹੋਵਾਹ ਉਨ੍ਹਾਂ ਦੇ ਜਤਨਾਂ ʼਤੇ ਬਰਕਤ ਪਾਵੇ, ਸਗੋਂ ਉਨ੍ਹਾਂ ਨੇ ਇਕ-ਦੂਜੇ ਦੀ ਨਿਹਚਾ ਤਕੜੀ ਕੀਤੀ ਅਤੇ ਹੋਰ ਲੋੜਾਂ ਵੀ ਪੂਰੀਆਂ ਕੀਤੀਆਂ। (1 ਯੂਹੰ. 3:16-18) ਮਿਸਾਲ ਲਈ, ਯੂਸੁਫ਼, ਜਿਸ ਦਾ ਨਾਂ ਰਸੂਲਾਂ ਨੇ ਬਰਨਾਬਾਸ ਰੱਖਿਆ ਸੀ, ਨੇ ਆਪਣੀ ਜ਼ਮੀਨ ਵੇਚ ਕੇ ਸਾਰਾ ਪੈਸਾ ਦਾਨ ਕਰ ਦਿੱਤਾ। ਇਹ ਪੈਸਾ ਉਨ੍ਹਾਂ ਪਰਦੇਸੀਆਂ ਦੀ ਮਦਦ ਲਈ ਵਰਤਿਆ ਗਿਆ ਜਿਹੜੇ ਆਪਣੇ ਨਵੇਂ ਮਸੀਹੀ ਧਰਮ ਬਾਰੇ ਹੋਰ ਸਿੱਖਣ ਲਈ ਕੁਝ ਦਿਨ ਹੋਰ ਯਰੂਸ਼ਲਮ ਵਿਚ ਰੁਕ ਗਏ ਸਨ।

19. ਯਹੋਵਾਹ ਨੇ ਹਨਾਨਿਆ ਅਤੇ ਸਫ਼ੀਰਾ ਨੂੰ ਮੌਤ ਦੀ ਸਜ਼ਾ ਕਿਉਂ ਦਿੱਤੀ?

19 ਹਨਾਨਿਆ ਅਤੇ ਸਫ਼ੀਰਾ ਨਾਂ ਦੇ ਪਤੀ-ਪਤਨੀ ਨੇ ਵੀ ਆਪਣੀ ਕੁਝ ਜਾਇਦਾਦ ਵੇਚ ਕੇ ਪੈਸਾ ਦਾਨ ਕੀਤਾ। ਉਨ੍ਹਾਂ ਨੇ ਪੂਰੇ ਪੈਸੇ ਦੇਣ ਦਾ ਦਿਖਾਵਾ ਕੀਤਾ; ਪਰ “ਚੁੱਪ-ਚੁਪੀਤੇ ਕੁਝ ਪੈਸਾ ਆਪਣੇ ਕੋਲ ਰੱਖ ਲਿਆ।” (ਰਸੂ. 5:2) ਯਹੋਵਾਹ ਨੇ ਉਨ੍ਹਾਂ ਦੋਵਾਂ ਨੂੰ ਮੌਤ ਦੀ ਸਜ਼ਾ ਦਿੱਤੀ, ਇਸ ਕਰਕੇ ਨਹੀਂ ਕਿ ਉਨ੍ਹਾਂ ਨੇ ਘੱਟ ਦਾਨ ਦਿੱਤਾ ਸੀ, ਸਗੋਂ ਇਸ ਕਰਕੇ ਕਿ ਉਨ੍ਹਾਂ ਦੇ ਇਰਾਦੇ ਬੁਰੇ ਸਨ ਅਤੇ ਉਨ੍ਹਾਂ ਨੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ “ਇਨਸਾਨਾਂ ਨਾਲ ਨਹੀਂ, ਸਗੋਂ ਪਰਮੇਸ਼ੁਰ ਨਾਲ ਝੂਠ ਬੋਲਿਆ” ਸੀ। (ਰਸੂ. 5:4) ਜਿਨ੍ਹਾਂ ਪਖੰਡੀਆਂ ਦੀ ਯਿਸੂ ਨੇ ਨਿੰਦਿਆ ਕੀਤੀ ਸੀ, ਉਨ੍ਹਾਂ ਵਾਂਗ ਹਨਾਨਿਆ ਅਤੇ ਸਫ਼ੀਰਾ ਪਰਮੇਸ਼ੁਰ ਦੀ ਮਿਹਰ ਪਾਉਣ ਦੀ ਬਜਾਇ ਇਨਸਾਨਾਂ ਤੋਂ ਆਪਣੀ ਵਾਹ-ਵਾਹ ਕਰਾਉਣੀ ਚਾਹੁੰਦੇ ਸਨ।​—ਮੱਤੀ 6:1-3.

20. ਯਹੋਵਾਹ ਨੂੰ ਕੁਝ ਦੇਣ ਬਾਰੇ ਅਸੀਂ ਕੀ ਸਿੱਖਦੇ ਹਾਂ?

20 ਯਰੂਸ਼ਲਮ ਵਿਚ ਪਹਿਲੀ ਸਦੀ ਦੇ ਵਫ਼ਾਦਾਰ ਚੇਲਿਆਂ ਵਾਂਗ ਅੱਜ ਲੱਖਾਂ ਗਵਾਹ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਲਈ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ। ਕਿਸੇ ਵੀ ਗਵਾਹ ਨੂੰ ਇਸ ਕੰਮ ਲਈ ਆਪਣਾ ਸਮਾਂ ਜਾਂ ਪੈਸੇ ਦੇਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਉਸ ਦੀ ਸੇਵਾ “ਬੇਦਿਲੀ ਨਾਲ ਜਾਂ ਮਜਬੂਰੀ ਨਾਲ” ਕਰੀਏ। (2 ਕੁਰਿੰ. 9:7) ਜਦੋਂ ਅਸੀਂ ਕੁਝ ਵੀ ਦਿੰਦੇ ਹਾਂ, ਤਾਂ ਯਹੋਵਾਹ ਇਹ ਨਹੀਂ ਦੇਖਦਾ ਕਿ ਅਸੀਂ ਕਿੰਨਾ ਦਿੰਦੇ ਹਾਂ, ਸਗੋਂ ਇਹ ਦੇਖਦਾ ਹੈ ਕਿ ਅਸੀਂ ਕਿਸ ਇਰਾਦੇ ਨਾਲ ਦਿੰਦੇ ਹਾਂ। (ਮਰ. 12:41-44) ਹਨਾਨਿਆ ਅਤੇ ਸਫ਼ੀਰਾ ਵਾਂਗ ਅਸੀਂ ਆਪਣੇ ਸੁਆਰਥ ਲਈ ਜਾਂ ਆਪਣੀ ਵਡਿਆਈ ਕਰਾਉਣ ਲਈ ਯਹੋਵਾਹ ਦੀ ਸੇਵਾ ਨਹੀਂ ਕਰਨੀ ਚਾਹੁੰਦੇ। ਇਸ ਦੇ ਉਲਟ ਪਤਰਸ, ਯੂਹੰਨਾ ਅਤੇ ਬਰਨਾਬਾਸ ਵਾਂਗ ਅਸੀਂ ਯਹੋਵਾਹ ਦੀ ਸੇਵਾ ਇਸ ਲਈ ਕਰਨੀ ਚਾਹੁੰਦੇ ਹਾਂ ਕਿਉਂਕਿ ਅਸੀਂ ਉਸ ਨੂੰ ਅਤੇ ਲੋਕਾਂ ਨੂੰ ਸੱਚੇ ਦਿਲੋਂ ਪਿਆਰ ਕਰਦੇ ਹਾਂ।​—ਮੱਤੀ 22:37-40.

a ਮੰਦਰ ਵਿਚ ਸਵੇਰੇ ਅਤੇ ਦੁਪਹਿਰ ਨੂੰ ਬਲ਼ੀਆਂ ਚੜ੍ਹਾਉਣ ਵੇਲੇ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਸਨ। ਬਲ਼ੀ ‘ਨੌਵੇਂ ਘੰਟੇ’ ਜਾਂ ਦੁਪਹਿਰ ਦੇ ਤਿੰਨ ਕੁ ਵਜੇ ਚੜ੍ਹਾਈ ਜਾਂਦੀ ਸੀ।

c ਮਹਾਂ ਪੁਜਾਰੀ ਅਤੇ ਮੁੱਖ ਪੁਜਾਰੀ” ਨਾਂ ਦੀ ਡੱਬੀ ਦੇਖੋ।

d 33 ਈਸਵੀ ਵਿਚ ਯਰੂਸ਼ਲਮ ਵਿਚ ਲਗਭਗ 6,000 ਫ਼ਰੀਸੀ ਅਤੇ ਇਸ ਤੋਂ ਵੀ ਘੱਟ ਸਦੂਕੀ ਹੋਣੇ। ਪਰ ਯਿਸੂ ਦੀਆਂ ਸਿੱਖਿਆਵਾਂ ʼਤੇ ਚੱਲਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਸੀ ਜਿਸ ਕਰਕੇ ਸ਼ਾਇਦ ਫ਼ਰੀਸੀ ਤੇ ਸਦੂਕੀ ਖ਼ਤਰਾ ਮਹਿਸੂਸ ਕਰ ਰਹੇ ਸਨ।