Skip to content

Skip to table of contents

ਅਧਿਆਇ 19

“ਪ੍ਰਚਾਰ ਕਰਦਾ ਰਹੀਂ, ਹਟੀਂ ਨਾ”

“ਪ੍ਰਚਾਰ ਕਰਦਾ ਰਹੀਂ, ਹਟੀਂ ਨਾ”

ਪੌਲੁਸ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਕਰਦਾ ਹੈ, ਪਰ ਉਹ ਪ੍ਰਚਾਰ ਨੂੰ ਪਹਿਲ ਦਿੰਦਾ ਹੈ

ਰਸੂਲਾਂ ਦੇ ਕੰਮ 18:1-22 ਵਿੱਚੋਂ

1-3. ਪੌਲੁਸ ਰਸੂਲ ਕੁਰਿੰਥੁਸ ਕਿਉਂ ਆਇਆ ਹੈ ਅਤੇ ਉਸ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ?

 ਸੰਨ 50 ਈਸਵੀ ਖ਼ਤਮ ਹੋਣ ਵਾਲਾ ਹੈ। ਪੌਲੁਸ ਰਸੂਲ ਕੁਰਿੰਥੁਸ ਸ਼ਹਿਰ ਵਿਚ ਹੈ ਜੋ ਅਮੀਰ ਵਪਾਰਕ ਕੇਂਦਰ ਹੈ ਅਤੇ ਇੱਥੇ ਵੱਡੀ ਗਿਣਤੀ ਵਿਚ ਯੂਨਾਨੀ, ਰੋਮੀ ਅਤੇ ਯਹੂਦੀ ਰਹਿੰਦੇ ਹਨ। a ਪੌਲੁਸ ਇੱਥੇ ਚੀਜ਼ਾਂ ਖ਼ਰੀਦਣ ਜਾਂ ਵੇਚਣ ਨਹੀਂ ਆਇਆ ਹੈ ਜਾਂ ਕੋਈ ਕੰਮ ਲੱਭਣ ਨਹੀਂ ਆਇਆ ਹੈ। ਉਹ ਕੁਰਿੰਥੁਸ ਵਿਚ ਸਭ ਤੋਂ ਜ਼ਰੂਰੀ ਕੰਮ ਕਰਨ ਆਇਆ ਹੈ ਤੇ ਉਹ ਹੈ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇਣੀ। ਪੌਲੁਸ ਨੂੰ ਰਹਿਣ ਲਈ ਜਗ੍ਹਾ ਦੀ ਲੋੜ ਹੈ ਅਤੇ ਉਸ ਨੇ ਠਾਣਿਆ ਹੋਇਆ ਹੈ ਕਿ ਉਹ ਦੂਜਿਆਂ ਉੱਤੇ ਆਪਣੇ ਖ਼ਰਚਿਆਂ ਦਾ ਬੋਝ ਨਹੀਂ ਪਾਵੇਗਾ। ਉਹ ਇਹ ਨਹੀਂ ਚਾਹੁੰਦਾ ਕਿ ਲੋਕ ਸੋਚਣ ਕਿ ਉਹ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰਕ ਹੋਣ ਕਰਕੇ ਦੂਸਰਿਆਂ ਦੇ ਸਿਰ ʼਤੇ ਆਪਣਾ ਖ਼ਰਚਾ ਚਲਾਉਂਦਾ ਹੈ। ਤਾਂ ਫਿਰ ਉਹ ਆਪਣਾ ਗੁਜ਼ਾਰਾ ਕਿਵੇਂ ਕਰੇਗਾ?

2 ਪੌਲੁਸ ਤੰਬੂ ਬਣਾਉਣ ਦਾ ਕੰਮ ਜਾਣਦਾ ਹੈ। ਤੰਬੂ ਬਣਾਉਣੇ ਇੰਨੇ ਸੌਖੇ ਨਹੀਂ ਹੁੰਦੇ, ਪਰ ਉਹ ਆਪਣਾ ਗੁਜ਼ਾਰਾ ਤੋਰਨ ਲਈ ਆਪਣੇ ਹੱਥੀਂ ਕੰਮ ਕਰਨ ਲਈ ਤਿਆਰ ਹੈ। ਕੀ ਉਸ ਨੂੰ ਇਸ ਖਚਾਖਚ ਭਰੇ ਸ਼ਹਿਰ ਵਿਚ ਇਹ ਕੰਮ ਮਿਲੇਗਾ? ਕੀ ਉਸ ਨੂੰ ਰਹਿਣ ਲਈ ਕੋਈ ਢੁਕਵੀਂ ਜਗ੍ਹਾ ਮਿਲੇਗੀ? ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਉਹ ਆਪਣੇ ਮੁੱਖ ਕੰਮ ਪ੍ਰਚਾਰ ਨੂੰ ਨਜ਼ਰਅੰਦਾਜ਼ ਨਹੀਂ ਕਰਦਾ।

3 ਬਾਈਬਲ ਦੱਸਦੀ ਹੈ ਕਿ ਪੌਲੁਸ ਕੁਰਿੰਥੁਸ ਵਿਚ ਕੁਝ ਸਮਾਂ ਰਿਹਾ ਅਤੇ ਉਸ ਦੇ ਪ੍ਰਚਾਰ ਦੇ ਚੰਗੇ ਨਤੀਜੇ ਨਿਕਲੇ। ਕੁਰਿੰਥੁਸ ਵਿਚ ਪੌਲੁਸ ਨੇ ਜੋ ਕੁਝ ਕੀਤਾ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਹ ਗੱਲਾਂ ਆਪਣੇ ਇਲਾਕੇ ਵਿਚ ਚੰਗੀ ਤਰ੍ਹਾਂ ਗਵਾਹੀ ਦੇਣ ਵਿਚ ਸਾਡੀ ਮਦਦ ਕਰਨਗੀਆਂ।

“ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ” (ਰਸੂ. 18:1-4)

4, 5. (ੳ) ਕੁਰਿੰਥੁਸ ਵਿਚ ਹੁੰਦਿਆਂ ਪੌਲੁਸ ਕਿੱਥੇ ਰਿਹਾ ਅਤੇ ਉੱਥੇ ਉਸ ਨੇ ਕਿਹੜਾ ਕੰਮ ਕੀਤਾ? (ਅ) ਇਹ ਕਿਵੇਂ ਹੋ ਸਕਦਾ ਹੈ ਕਿ ਪੌਲੁਸ ਤੰਬੂ ਬਣਾਉਣ ਦਾ ਕੰਮ ਜਾਣਦਾ ਸੀ?

4 ਕੁਰਿੰਥੁਸ ਪਹੁੰਚਣ ਤੋਂ ਕੁਝ ਸਮੇਂ ਬਾਅਦ ਪੌਲੁਸ ਇਕ ਪੈਦਾਇਸ਼ੀ ਯਹੂਦੀ ਆਦਮੀ ਅਕੂਲਾ ਤੇ ਉਸ ਦੀ ਪਤਨੀ ਪ੍ਰਿਸਕਿੱਲਾ (ਜਾਂ ਪਰਿਸਕਾ) ਨੂੰ ਮਿਲਿਆ। ਇਹ ਪਤੀ-ਪਤਨੀ ਕੁਰਿੰਥੁਸ ਵਿਚ ਆ ਕੇ ਰਹਿਣ ਲੱਗ ਪਏ ਸਨ ਕਿਉਂਕਿ ਸਮਰਾਟ ਕਲੋਡੀਉਸ ਨੇ “ਸਾਰੇ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ।” (ਰਸੂ. 18:1, 2) ਇਸ ਮਹਿਮਾਨਨਿਵਾਜ਼ ਪਤੀ-ਪਤਨੀ ਨੇ ਨਾ ਸਿਰਫ਼ ਪੌਲੁਸ ਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦਿੱਤੀ, ਸਗੋਂ ਉਸ ਨੂੰ ਆਪਣੇ ਨਾਲ ਕੰਮ ʼਤੇ ਵੀ ਲਾਇਆ। ਅਸੀਂ ਪੜ੍ਹਦੇ ਹਾਂ: “[ਪੌਲੁਸ] ਉਨ੍ਹਾਂ ਦੇ ਘਰ ਠਹਿਰ ਗਿਆ ਕਿਉਂਕਿ ਪੌਲੁਸ ਤੇ ਉਨ੍ਹਾਂ ਦਾ ਕਿੱਤਾ ਇੱਕੋ ਸੀ, ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਕੀਤਾ।” (ਰਸੂ. 18:3) ਪੌਲੁਸ ਨੇ ਜਿੰਨਾ ਚਿਰ ਕੁਰਿੰਥੁਸ ਵਿਚ ਪ੍ਰਚਾਰ ਕੀਤਾ, ਉੱਨਾ ਚਿਰ ਉਹ ਉਨ੍ਹਾਂ ਦੇ ਘਰ ਰਿਹਾ। ਉਨ੍ਹਾਂ ਦੇ ਘਰ ਰਹਿੰਦਿਆਂ ਉਸ ਨੇ ਕੁਝ ਚਿੱਠੀਆਂ ਲਿਖੀਆਂ ਹੋਣੀਆਂ ਜੋ ਬਾਅਦ ਵਿਚ ਬਾਈਬਲ ਦਾ ਹਿੱਸਾ ਬਣੀਆਂ। b

5 ਇਹ ਕਿਵੇਂ ਹੋ ਸਕਦਾ ਹੈ ਕਿ “ਗਮਲੀਏਲ ਦੇ ਚਰਨਾਂ ਵਿਚ ਬੈਠ ਕੇ” ਪੜ੍ਹਾਈ ਕਰਨ ਵਾਲਾ ਪੌਲੁਸ ਤੰਬੂ ਬਣਾਉਣੇ ਵੀ ਜਾਣਦਾ ਸੀ? (ਰਸੂ. 22:3) ਪਹਿਲੀ ਸਦੀ ਵਿਚ ਯਹੂਦੀ ਆਪਣੇ ਬੱਚਿਆਂ ਨੂੰ ਕੋਈ ਕਿੱਤਾ ਸਿਖਾਉਣਾ ਆਪਣੀ ਸ਼ਾਨ ਦੇ ਖ਼ਿਲਾਫ਼ ਨਹੀਂ ਸਮਝਦੇ ਸਨ, ਭਾਵੇਂ ਕਿ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਜਾਂਦਾ ਸੀ। ਪੌਲੁਸ ਕਿਲਿਕੀਆ ਦੇ ਸ਼ਹਿਰ ਤਰਸੁਸ ਤੋਂ ਸੀ ਜੋ ਬੱਕਰੀ ਦੇ ਵਾਲ਼ਾਂ ਦੇ ਬਣੇ ਕੱਪੜੇ ਲਈ ਮਸ਼ਹੂਰ ਸੀ ਜਿਸ ਤੋਂ ਤੰਬੂ ਬਣਾਏ ਜਾਂਦੇ ਸਨ। ਉਸ ਨੇ ਛੋਟੇ ਹੁੰਦਿਆਂ ਸ਼ਾਇਦ ਇਹ ਕੰਮ ਸਿੱਖਿਆ ਹੋਣਾ। ਤੰਬੂ ਬਣਾਉਣ ਵਿਚ ਕੀ-ਕੀ ਸ਼ਾਮਲ ਸੀ? ਕੁਝ ਲੋਕ ਇਸ ਵਾਸਤੇ ਕੱਪੜਾ ਬੁਣਦੇ ਸਨ ਅਤੇ ਹੋਰ ਲੋਕ ਮੋਟੇ ਤੇ ਖੁਰਦਰੇ ਕੱਪੜੇ ਨੂੰ ਕੱਟ ਕੇ ਹੱਥ ਨਾਲ ਇਸ ਦੀ ਸਿਲਾਈ ਕਰਦੇ ਸਨ। ਇਹ ਬੜੀ ਮਿਹਨਤ ਦਾ ਕੰਮ ਹੁੰਦਾ ਸੀ।

6, 7. (ੳ) ਤੰਬੂ ਬਣਾਉਣ ਦੇ ਕੰਮ ਬਾਰੇ ਪੌਲੁਸ ਦਾ ਨਜ਼ਰੀਆ ਕੀ ਸੀ ਅਤੇ ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਅਕੂਲਾ ਅਤੇ ਪ੍ਰਿਸਕਿੱਲਾ ਦਾ ਵੀ ਉਹੀ ਨਜ਼ਰੀਆ ਸੀ? (ਅ) ਅੱਜ ਮਸੀਹੀ ਪੌਲੁਸ, ਅਕੂਲਾ ਅਤੇ ਪ੍ਰਿਸਕਿੱਲਾ ਦੀ ਰੀਸ ਕਿਵੇਂ ਕਰਦੇ ਹਨ?

6 ਪੌਲੁਸ ਦੀ ਜ਼ਿੰਦਗੀ ਵਿਚ ਤੰਬੂ ਬਣਾਉਣ ਦਾ ਕੰਮ ਮੁੱਖ ਨਹੀਂ ਸੀ। ਉਹ ਗੁਜ਼ਾਰੇ ਜੋਗਾ ਹੀ ਕੰਮ ਕਰਦਾ ਸੀ ਤਾਂਕਿ ਉਹ ਪ੍ਰਚਾਰ ਕਰਦਾ ਰਹੇ ਅਤੇ “ਮੁਫ਼ਤ ਵਿਚ” ਖ਼ੁਸ਼ ਖ਼ਬਰੀ ਸੁਣਾਉਂਦਾ ਰਹੇ। (2 ਕੁਰਿੰ. 11:7) ਅਕੂਲਾ ਅਤੇ ਪ੍ਰਿਸਕਿੱਲਾ ਦਾ ਆਪਣੇ ਕੰਮ ਬਾਰੇ ਕੀ ਨਜ਼ਰੀਆ ਸੀ? ਮਸੀਹੀ ਹੋਣ ਦੇ ਨਾਤੇ ਉਨ੍ਹਾਂ ਨੇ ਵੀ ਕੰਮ ਬਾਰੇ ਪੌਲੁਸ ਵਰਗਾ ਨਜ਼ਰੀਆ ਰੱਖਿਆ। ਮਿਸਾਲ ਲਈ, 52 ਈਸਵੀ ਵਿਚ ਜਦੋਂ ਪੌਲੁਸ ਕੁਰਿੰਥੁਸ ਤੋਂ ਅਫ਼ਸੁਸ ਗਿਆ ਸੀ, ਤਾਂ ਅਕੂਲਾ ਤੇ ਪ੍ਰਿਸਕਿੱਲਾ ਵੀ ਆਪਣਾ ਬੋਰੀਆ-ਬਿਸਤਰਾ ਚੁੱਕ ਕੇ ਉਸ ਦੇ ਨਾਲ ਚਲੇ ਗਏ। ਅਫ਼ਸੁਸ ਵਿਚ ਉਨ੍ਹਾਂ ਦੇ ਘਰ ਮੰਡਲੀ ਇਕੱਠੀ ਹੁੰਦੀ ਸੀ। (1 ਕੁਰਿੰ. 16:19) ਬਾਅਦ ਵਿਚ ਉਹ ਰੋਮ ਵਾਪਸ ਆ ਗਏ ਤੇ ਫਿਰ ਦੁਬਾਰਾ ਅਫ਼ਸੁਸ ਚਲੇ ਗਏ। ਇਸ ਜੋਸ਼ੀਲੇ ਪਤੀ-ਪਤਨੀ ਨੇ ਰਾਜ ਦੇ ਕੰਮਾਂ ਨੂੰ ਪਹਿਲ ਦਿੱਤੀ ਅਤੇ ਖ਼ੁਸ਼ੀ-ਖ਼ੁਸ਼ੀ ਦੂਜਿਆਂ ਦੀ ਮਦਦ ਕੀਤੀ, ਇਸ ਲਈ “ਗ਼ੈਰ-ਯਹੂਦੀ ਮਸੀਹੀਆਂ ਦੀਆਂ ਸਾਰੀਆਂ ਮੰਡਲੀਆਂ” ਨੇ ਉਨ੍ਹਾਂ ਦਾ ਧੰਨਵਾਦ ਕੀਤਾ।​—ਰੋਮੀ. 16:3-5; 2 ਤਿਮੋ. 4:19.

7 ਅੱਜ ਮਸੀਹੀ ਵੀ ਪੌਲੁਸ, ਅਕੂਲਾ ਅਤੇ ਪ੍ਰਿਸਕਿੱਲਾ ਦੀ ਮਿਸਾਲ ਉੱਤੇ ਚੱਲਦੇ ਹਨ। ਜੋਸ਼ੀਲੇ ਪ੍ਰਚਾਰਕ ਆਪਣੇ ਹੱਥੀਂ ਕੰਮ ਕਰਦੇ ਹਨ ਤਾਂਕਿ ਉਹ ‘ਕਿਸੇ ਉੱਤੇ ਵੀ ਆਪਣੇ ਖ਼ਰਚਿਆਂ ਦਾ ਬੋਝ ਨਾ ਪਾਉਣ।’ (1 ਥੱਸ. 2:9) ਕਿੰਨੀ ਚੰਗੀ ਗੱਲ ਹੈ ਕਿ ਕਈ ਪਾਇਨੀਅਰ ਗੁਜ਼ਾਰਾ ਤੋਰਨ ਜੋਗਾ ਹੀ ਕੰਮ ਕਰਦੇ ਹਨ ਜਾਂ ਸਾਲ ਵਿਚ ਕੁਝ ਮਹੀਨੇ ਹੀ ਕੰਮ ਕਰਦੇ ਹਨ ਤਾਂਕਿ ਉਹ ਆਪਣੇ ਮੁੱਖ ਕੰਮ ਪ੍ਰਚਾਰ ਕਰਨ ਵਿਚ ਲੱਗੇ ਰਹਿਣ। ਅਕੂਲਾ ਅਤੇ ਪ੍ਰਿਸਕਿੱਲਾ ਵਾਂਗ ਯਹੋਵਾਹ ਦੇ ਕਈ ਮਹਿਮਾਨਨਿਵਾਜ਼ ਸੇਵਕ ਸਰਕਟ ਓਵਰਸੀਅਰਾਂ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹਦੇ ਹਨ। ‘ਪਰਾਹੁਣਚਾਰੀ ਕਰਦੇ ਰਹਿਣ’ ਵਾਲੇ ਭੈਣ-ਭਰਾ ਜਾਣਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਕਿੰਨਾ ਉਤਸ਼ਾਹ ਮਿਲਦਾ ਹੈ ਅਤੇ ਹੌਸਲਾ ਵਧਦਾ ਹੈ।​—ਰੋਮੀ. 12:13.

‘ਬਹੁਤ ਸਾਰੇ ਕੁਰਿੰਥੀ ਲੋਕ ਨਿਹਚਾ ਕਰਨ ਲੱਗ ਪਏ’ (ਰਸੂ. 18:5-8)

8, 9. ਪੌਲੁਸ ਨੇ ਕੀ ਕੀਤਾ ਜਦੋਂ ਪ੍ਰਚਾਰ ਕਰਨ ਕਰਕੇ ਯਹੂਦੀਆਂ ਨੇ ਉਸ ਦਾ ਵਿਰੋਧ ਕੀਤਾ ਅਤੇ ਫਿਰ ਉਹ ਕਿੱਥੇ ਪ੍ਰਚਾਰ ਕਰਨ ਗਿਆ?

8 ਪੌਲੁਸ ਆਪਣਾ ਗੁਜ਼ਾਰਾ ਤੋਰਨ ਲਈ ਹੀ ਕੰਮ ਕਰਦਾ ਸੀ, ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਉਸ ਨੇ ਉਦੋਂ ਕੀ ਕੀਤਾ ਸੀ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨੀਆ ਦੇ ਭਰਾਵਾਂ ਤੋਂ ਉਸ ਲਈ ਬਹੁਤ ਸਾਰੀਆਂ ਚੀਜ਼ਾਂ ਲਿਆਏ ਸਨ। (2 ਕੁਰਿੰ. 11:9) ਉਨ੍ਹਾਂ ਦੇ ਆਉਣ ਤੋਂ ਬਾਅਦ ਛੇਤੀ ਹੀ ਪੌਲੁਸ “ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ ਵਿਚ ਰੁੱਝ ਗਿਆ [‘ਖ਼ੁਸ਼ ਖ਼ਬਰੀ ਦੇਣ ਵਿਚ ਆਪਣਾ ਸਾਰਾ ਸਮਾਂ ਬਿਤਾਇਆ,’ ERV]।” (ਰਸੂ. 18:5) ਪਰ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਨ ਕਰਕੇ ਪੌਲੁਸ ਨੂੰ ਯਹੂਦੀਆਂ ਵੱਲੋਂ ਕੀਤਾ ਕਾਫ਼ੀ ਵਿਰੋਧ ਸਹਿਣਾ ਪਿਆ। ਉਨ੍ਹਾਂ ਨੇ ਮਸੀਹ ਬਾਰੇ ਜ਼ਿੰਦਗੀ ਬਚਾਉਣ ਵਾਲੇ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕੀਤਾ, ਇਸ ਲਈ ਪੌਲੁਸ ਨੇ ਉਨ੍ਹਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਖ਼ਤਮ ਕਰਦਿਆਂ ਆਪਣੇ ਕੱਪੜੇ ਝਾੜੇ ਅਤੇ ਉਨ੍ਹਾਂ ਯਹੂਦੀ ਵਿਰੋਧੀਆਂ ਨੂੰ ਕਿਹਾ: “ਤੁਹਾਡਾ ਖ਼ੂਨ ਤੁਹਾਡੇ ਸਿਰ। ਮੈਂ ਨਿਰਦੋਸ਼ ਹਾਂ। ਹੁਣ ਤੋਂ ਮੈਂ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਕੋਲ ਜਾਵਾਂਗਾ।”​—ਰਸੂ. 18:6; ਹਿਜ਼. 3:18, 19.

9 ਤਾਂ ਫਿਰ, ਪੌਲੁਸ ਕਿੱਥੇ ਜਾ ਕੇ ਪ੍ਰਚਾਰ ਕਰਨ ਲੱਗ ਪਿਆ? ਤੀਤੁਸ ਯੂਸਤੁਸ ਨਾਂ ਦੇ ਆਦਮੀ ਨੇ, ਜਿਸ ਨੇ ਸ਼ਾਇਦ ਯਹੂਦੀ ਧਰਮ ਅਪਣਾਇਆ ਹੋਇਆ ਸੀ, ਪੌਲੁਸ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਉਸ ਦਾ ਘਰ ਸਭਾ ਘਰ ਦੇ ਨਾਲ ਲੱਗਦਾ ਸੀ, ਇਸ ਲਈ ਪੌਲੁਸ ਸਭਾ ਘਰ ਤੋਂ ਯੂਸਤੁਸ ਦੇ ਘਰ ਆ ਗਿਆ। (ਰਸੂ. 18:7) ਪੌਲੁਸ ਕੁਰਿੰਥੁਸ ਵਿਚ ਹੁੰਦਿਆਂ ਅਕੂਲਾ ਅਤੇ ਪ੍ਰਿਸਕਿੱਲਾ ਦੇ ਨਾਲ ਰਿਹਾ, ਪਰ ਯੂਸਤੁਸ ਦੇ ਘਰੋਂ ਪ੍ਰਚਾਰ ਤੇ ਸਿੱਖਿਆ ਦੇਣ ਦਾ ਕੰਮ ਜਾਰੀ ਰੱਖਿਆ।

10. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਨੇ ਸਿਰਫ਼ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਨੂੰ ਹੀ ਪ੍ਰਚਾਰ ਨਹੀਂ ਕੀਤਾ ਸੀ?

10 ਜਦੋਂ ਪੌਲੁਸ ਨੇ ਕਿਹਾ ਕਿ ਉਹ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਕੋਲ ਜਾਵੇਗਾ, ਤਾਂ ਕੀ ਇਸ ਦਾ ਇਹ ਮਤਲਬ ਸੀ ਕਿ ਉਸ ਨੇ ਸਾਰੇ ਯਹੂਦੀਆਂ ਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਤੋਂ ਮੂੰਹ ਮੋੜ ਲਿਆ ਸੀ, ਇੱਥੋਂ ਤਕ ਉਨ੍ਹਾਂ ਤੋਂ ਵੀ ਜਿਹੜੇ ਉਸ ਦੀ ਗੱਲ ਸੁਣਨ ਲਈ ਤਿਆਰ ਸਨ? ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਮਿਸਾਲ ਲਈ, “ਸਭਾ ਘਰ ਦਾ ਨਿਗਾਹਬਾਨ ਕਰਿਸਪੁਸ ਅਤੇ ਉਸ ਦਾ ਪੂਰਾ ਪਰਿਵਾਰ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਿਆ।” ਸਭਾ ਘਰ ਵਿਚ ਆਉਣ ਵਾਲੇ ਬਹੁਤ ਸਾਰੇ ਲੋਕ ਵੀ ਕਰਿਸਪੁਸ ਵਾਂਗ ਮਸੀਹੀ ਬਣ ਗਏ ਕਿਉਂਕਿ ਬਾਈਬਲ ਦੱਸਦੀ ਹੈ: “ਬਹੁਤ ਸਾਰੇ ਕੁਰਿੰਥੀ ਲੋਕ ਵੀ ਖ਼ੁਸ਼ ਖ਼ਬਰੀ ਸੁਣ ਕੇ ਨਿਹਚਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਬਪਤਿਸਮਾ ਲਿਆ।” (ਰਸੂ. 18:8) ਇਸ ਤਰ੍ਹਾਂ ਤੀਤੁਸ ਯੂਸਤੁਸ ਦੇ ਘਰ ਕੁਰਿੰਥੁਸ ਦੀ ਨਵੀਂ ਬਣੀ ਮੰਡਲੀ ਇਕੱਠੀ ਹੋਣ ਲੱਗ ਪਈ। ਜੇ ਲੂਕਾ ਨੇ ਰਸੂਲਾਂ ਦੇ ਕੰਮ ਦੀ ਕਿਤਾਬ ਵਿਚ ਸਾਰੀਆਂ ਘਟਨਾਵਾਂ ਸਿਲਸਿਲੇਵਾਰ ਲਿਖੀਆਂ ਸਨ, ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਯਹੂਦੀ ਧਰਮ ਦੇ ਲੋਕਾਂ ਨੇ ਪੌਲੁਸ ਦੁਆਰਾ ਆਪਣੇ ਕੱਪੜੇ ਝਾੜਨ ਤੋਂ ਬਾਅਦ ਹੀ ਮਸੀਹੀ ਧਰਮ ਅਪਣਾਇਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਆਪਣੀ ਗੱਲ ʼਤੇ ਅੜਿਆ ਨਹੀਂ ਰਹਿੰਦਾ ਸੀ, ਸਗੋਂ ਜਿਹੜਾ ਵੀ ਸਿੱਖਣਾ ਚਾਹੁੰਦਾ ਸੀ, ਉਸ ਨੂੰ ਸਿਖਾਉਣ ਲਈ ਤਿਆਰ ਰਹਿੰਦਾ ਸੀ।

11. ਅੱਜ ਯਹੋਵਾਹ ਦੇ ਗਵਾਹ ਪੌਲੁਸ ਦੀ ਰੀਸ ਕਰਦਿਆਂ ਈਸਾਈ ਧਰਮ ਦੇ ਲੋਕਾਂ ਦੀ ਮਦਦ ਕਿਵੇਂ ਕਰਦੇ ਹਨ?

11 ਅੱਜ ਕਈ ਦੇਸ਼ਾਂ ਵਿਚ ਈਸਾਈ ਧਰਮ ਦੇ ਚਰਚਾਂ ਨੇ ਆਪਣੇ ਪੈਰ ਜਮਾਏ ਹੋਏ ਹਨ ਅਤੇ ਉਨ੍ਹਾਂ ਦਾ ਆਪਣੇ ਮੈਂਬਰਾਂ ਉੱਤੇ ਕਾਫ਼ੀ ਦਬਦਬਾ ਹੈ। ਦੁਨੀਆਂ ਦੇ ਕੁਝ ਦੇਸ਼ਾਂ ਵਿਚ ਅਤੇ ਟਾਪੂਆਂ ਉੱਤੇ ਈਸਾਈ ਧਰਮ ਦੇ ਮਿਸ਼ਨਰੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਈਸਾਈ ਬਣਾਇਆ ਹੈ। ਈਸਾਈ ਜਾਂ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਕਈ ਲੋਕ ਆਪਣੇ ਧਾਰਮਿਕ ਰੀਤੀ-ਰਿਵਾਜਾਂ ਨਾਲ ਜੁੜੇ ਰਹਿੰਦੇ ਹਨ, ਜਿਵੇਂ ਪਹਿਲੀ ਸਦੀ ਵਿਚ ਕੁਰਿੰਥੁਸ ਦੇ ਯਹੂਦੀ ਸਨ। ਉਨ੍ਹਾਂ ਨੂੰ ਬਾਈਬਲ ਦਾ ਥੋੜ੍ਹਾ-ਬਹੁਤ ਗਿਆਨ ਹੁੰਦਾ ਹੈ। ਫਿਰ ਵੀ ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਪੌਲੁਸ ਵਾਂਗ ਅਜਿਹੇ ਲੋਕਾਂ ਦੀ ਪਰਮੇਸ਼ੁਰ ਦੇ ਬਚਨ ਦੇ ਗਿਆਨ ਦੀ ਸਹੀ ਸਮਝ ਲੈਣ ਵਿਚ ਮਦਦ ਕਰਦੇ ਹਾਂ। ਭਾਵੇਂ ਉਹ ਸਾਡਾ ਵਿਰੋਧ ਵੀ ਕਰਨ ਜਾਂ ਉਨ੍ਹਾਂ ਦੇ ਧਾਰਮਿਕ ਆਗੂ ਸਾਨੂੰ ਸਤਾਉਣ, ਤਾਂ ਵੀ ਅਸੀਂ ਉਮੀਦ ਨਹੀਂ ਛੱਡਦੇ। ਸਾਨੂੰ ਅਜਿਹੇ ਲੋਕਾਂ ਵਿੱਚੋਂ ਉਨ੍ਹਾਂ ਨਿਮਰ ਲੋਕਾਂ ਨੂੰ ਲੱਭਣ ਦੀ ਲੋੜ ਹੈ ਜਿਨ੍ਹਾਂ ਵਿਚ ‘ਪਰਮੇਸ਼ੁਰ ਦੀ ਭਗਤੀ ਲਈ ਜੋਸ਼ ਤਾਂ ਹੈ, ਪਰ ਇਹ ਜੋਸ਼ ਸਹੀ ਗਿਆਨ ਦੇ ਮੁਤਾਬਕ ਨਹੀਂ ਹੈ।’​—ਰੋਮੀ. 10:2.

‘ਇਸ ਸ਼ਹਿਰ ਵਿਚ ਬਹੁਤ ਸਾਰੇ ਲੋਕ ਹਨ’ (ਰਸੂ. 18:9-17)

12. ਦਰਸ਼ਣ ਵਿਚ ਪੌਲੁਸ ਨੂੰ ਕਿਹੜਾ ਭਰੋਸਾ ਦਿੱਤਾ ਗਿਆ?

12 ਜੇ ਪੌਲੁਸ ਨੂੰ ਕੁਰਿੰਥੁਸ ਵਿਚ ਪ੍ਰਚਾਰ ਜਾਰੀ ਰੱਖਣ ਬਾਰੇ ਕੋਈ ਸ਼ੱਕ ਸੀ, ਤਾਂ ਉਹ ਸ਼ੱਕ ਉਸ ਰਾਤ ਦੂਰ ਹੋ ਗਿਆ ਹੋਣਾ ਜਦੋਂ ਪ੍ਰਭੂ ਯਿਸੂ ਨੇ ਦਰਸ਼ਣ ਵਿਚ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਡਰੀਂ ਨਾ, ਪ੍ਰਚਾਰ ਕਰਦਾ ਰਹੀਂ, ਹਟੀਂ ਨਾ ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਕੋਈ ਵੀ ਤੇਰੇ ਉੱਤੇ ਹਮਲਾ ਕਰ ਕੇ ਤੈਨੂੰ ਸੱਟ-ਚੋਟ ਨਹੀਂ ਲਾਵੇਗਾ; ਇਸ ਸ਼ਹਿਰ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਮੇਰੇ ਉੱਤੇ ਨਿਹਚਾ ਕਰਨਗੇ।” (ਰਸੂ. 18:9, 10) ਇਸ ਦਰਸ਼ਣ ਤੋਂ ਪੌਲੁਸ ਨੂੰ ਕਿੰਨਾ ਹੌਸਲਾ ਮਿਲਿਆ ਹੋਣਾ! ਪ੍ਰਭੂ ਨੇ ਆਪ ਪੌਲੁਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਸ ਦਾ ਵਾਲ਼ ਵੀ ਵਿੰਗਾ ਨਹੀਂ ਹੋਣ ਦੇਵੇਗਾ ਅਤੇ ਸ਼ਹਿਰ ਵਿਚ ਬਹੁਤ ਸਾਰੇ ਲੋਕ ਨਿਹਚਾ ਕਰਨਗੇ। ਇਹ ਦਰਸ਼ਣ ਦੇਖ ਕੇ ਪੌਲੁਸ ਨੇ ਕੀ ਕੀਤਾ? ਅਸੀਂ ਪੜ੍ਹਦੇ ਹਾਂ: “ਉਹ ਕੁਰਿੰਥੁਸ ਵਿਚ ਡੇਢ ਸਾਲ ਰਹਿ ਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦਾ ਰਿਹਾ।”​—ਰਸੂ. 18:11.

13. ਨਿਆਂ ਦੇ ਸਿੰਘਾਸਣ ਅੱਗੇ ਜਾਂਦਿਆਂ ਪੌਲੁਸ ਨੂੰ ਸ਼ਾਇਦ ਕਿਹੜੀ ਘਟਨਾ ਚੇਤੇ ਆਈ ਹੋਣੀ, ਪਰ ਉਸ ਨੂੰ ਕਿਉਂ ਭਰੋਸਾ ਸੀ ਕਿ ਉਸ ਨੂੰ ਕੁਝ ਨਹੀਂ ਹੋਵੇਗਾ?

13 ਕੁਰਿੰਥੁਸ ਵਿਚ ਤਕਰੀਬਨ ਇਕ ਸਾਲ ਬਿਤਾਉਣ ਤੋਂ ਬਾਅਦ ਪੌਲੁਸ ਨੂੰ ਪ੍ਰਭੂ ਦੀ ਮਦਦ ਦਾ ਇਕ ਹੋਰ ਸਬੂਤ ਮਿਲਿਆ। ਬਾਈਬਲ ਦੱਸਦੀ ਹੈ: “ਯਹੂਦੀਆਂ ਨੇ ਰਲ਼ ਕੇ ਪੌਲੁਸ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਫੜ ਕੇ ਉਸ ਜਗ੍ਹਾ ਲੈ ਗਏ ਜਿੱਥੇ ਨਿਆਂ ਕੀਤਾ ਜਾਂਦਾ ਸੀ।” (ਰਸੂ. 18:12) ਕੁਝ ਲੋਕਾਂ ਦਾ ਸੋਚਣਾ ਹੈ ਕਿ ਇਹ ਨਿਆਂ ਦੀ ਜਗ੍ਹਾ ਸ਼ਾਇਦ ਕੁਰਿੰਥੁਸ ਦੇ ਬਾਜ਼ਾਰ ਦੇ ਗੱਭੇ ਸੀ ਅਤੇ ਇਹ ਸ਼ਾਇਦ ਨੀਲੇ ਅਤੇ ਚਿੱਟੇ ਸੰਗਮਰਮਰ ਦਾ ਥੜ੍ਹਾ ਸੀ ਜਿਸ ਉੱਤੇ ਸਜਾਵਟੀ ਨਕਾਸ਼ੀ ਕੀਤੀ ਹੋਈ ਸੀ। ਥੜ੍ਹੇ ਦੇ ਸਾਮ੍ਹਣੇ ਕਾਫ਼ੀ ਖੁੱਲ੍ਹੀ ਜਗ੍ਹਾ ਸੀ ਜਿੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਸਕਦੇ ਸਨ। ਖੰਡਰਾਂ ਦੇ ਆਧਾਰ ʼਤੇ ਪੁਰਾਤੱਤਵ-ਵਿਗਿਆਨੀਆਂ ਨੇ ਕਿਹਾ ਹੈ ਕਿ ਨਿਆਂ ਦਾ ਸਿੰਘਾਸਣ ਸਭਾ ਘਰ ਤੋਂ ਕੁਝ ਹੀ ਕਦਮਾਂ ʼਤੇ ਸੀ, ਇਸ ਲਈ ਇਹ ਯੂਸਤੁਸ ਦੇ ਘਰ ਦੇ ਨੇੜੇ ਸੀ। ਜਦੋਂ ਪੌਲੁਸ ਨਿਆਂ ਦੇ ਸਿੰਘਾਸਣ ਵੱਲ ਜਾ ਰਿਹਾ ਹੋਣਾ, ਤਾਂ ਉਸ ਨੂੰ ਸ਼ਾਇਦ ਪਹਿਲੇ ਮਸੀਹੀ ਸ਼ਹੀਦ ਇਸਤੀਫ਼ਾਨ ਦੇ ਪੱਥਰ ਮਾਰੇ ਜਾਣ ਦੀ ਘਟਨਾ ਚੇਤੇ ਆਈ ਹੋਣੀ। ਉਸ ਵੇਲੇ ਸੌਲੁਸ ਨਾਂ ਨਾਲ ਜਾਣਿਆ ਜਾਂਦਾ ਪੌਲੁਸ “ਇਸਤੀਫ਼ਾਨ ਦੇ ਕਤਲ ਨਾਲ ਸਹਿਮਤ” ਹੋਇਆ ਸੀ। (ਰਸੂ. 8:1) ਕੀ ਹੁਣ ਉਸ ਦਾ ਵੀ ਉਹੀ ਹਸ਼ਰ ਹੋਵੇਗਾ? ਨਹੀਂ, ਕਿਉਂਕਿ ਉਸ ਨਾਲ ਵਾਅਦਾ ਕੀਤਾ ਗਿਆ ਸੀ: “ਕੋਈ ਵੀ . . . ਤੈਨੂੰ ਸੱਟ-ਚੋਟ ਨਹੀਂ ਲਾਵੇਗਾ।”​—ਰਸੂ. 18:10.

“ਇਹ ਕਹਿ ਕੇ ਉਸ ਨੇ ਯਹੂਦੀਆਂ ਨੂੰ ਨਿਆਂ ਦੇ ਸਿੰਘਾਸਣ ਦੇ ਸਾਮ੍ਹਣਿਓਂ ਭਜਾ ਦਿੱਤਾ।”​—ਰਸੂਲਾਂ ਦੇ ਕੰਮ 18:16

14, 15. (ੳ) ਯਹੂਦੀਆਂ ਨੇ ਪੌਲੁਸ ਉੱਤੇ ਕਿਹੜਾ ਇਲਜ਼ਾਮ ਲਾਇਆ ਅਤੇ ਗਾਲੀਓ ਨੇ ਮੁਕੱਦਮਾ ਖ਼ਾਰਜ ਕਿਉਂ ਕੀਤਾ? (ਅ) ਯਹੂਦੀਆਂ ਨੇ ਸੋਸਥਨੇਸ ਨਾਲ ਕੀ ਕੀਤਾ ਅਤੇ ਇਸ ਦਾ ਸ਼ਾਇਦ ਕੀ ਨਤੀਜਾ ਨਿਕਲਿਆ?

14 ਉਦੋਂ ਕੀ ਹੋਇਆ ਜਦੋਂ ਪੌਲੁਸ ਨਿਆਂ ਦੇ ਸਿੰਘਾਸਣ ਅੱਗੇ ਗਿਆ? ਉਸ ਵੇਲੇ ਅਖਾਯਾ ਦਾ ਰਾਜਪਾਲ ਗਾਲੀਓ ਮੈਜਿਸਟ੍ਰੇਟ ਸੀ ਜੋ ਰੋਮੀ ਫ਼ਿਲਾਸਫ਼ਰ ਸਨੀਕਾ ਦਾ ਵੱਡਾ ਭਰਾ ਸੀ। ਯਹੂਦੀਆਂ ਨੇ ਗਾਲੀਓ ਸਾਮ੍ਹਣੇ ਪੌਲੁਸ ਉੱਤੇ ਇਹ ਇਲਜ਼ਾਮ ਲਾਇਆ: “ਇਹ ਆਦਮੀ ਲੋਕਾਂ ਨੂੰ ਆਪਣੇ ਮਗਰ ਲਾ ਕੇ ਪਰਮੇਸ਼ੁਰ ਦੀ ਭਗਤੀ ਇਸ ਢੰਗ ਨਾਲ ਕਰਨ ਲਈ ਕਹਿੰਦਾ ਹੈ ਜੋ ਕਾਨੂੰਨ ਦੇ ਖ਼ਿਲਾਫ਼ ਹੈ।” (ਰਸੂ. 18:13) ਯਹੂਦੀਆਂ ਦੇ ਕਹਿਣ ਦਾ ਮਤਲਬ ਸੀ ਕਿ ਪੌਲੁਸ ਗ਼ੈਰ-ਕਾਨੂੰਨੀ ਢੰਗ ਨਾਲ ਲੋਕਾਂ ਦਾ ਧਰਮ ਬਦਲ ਰਿਹਾ ਸੀ। ਪਰ ਗਾਲੀਓ ਨੇ ਦੇਖ ਲਿਆ ਸੀ ਕਿ ਪੌਲੁਸ ਨੇ “ਕੋਈ ਗ਼ਲਤੀ” ਨਹੀਂ ਕੀਤੀ ਸੀ ਤੇ ਨਾ ਹੀ “ਕੋਈ ਗੰਭੀਰ ਜੁਰਮ” ਕੀਤਾ ਸੀ। (ਰਸੂ. 18:14) ਗਾਲੀਓ ਯਹੂਦੀਆਂ ਦੇ ਝਗੜੇ ਵਿਚ ਨਹੀਂ ਪੈਣਾ ਚਾਹੁੰਦਾ ਸੀ। ਇਸ ਲਈ ਪੌਲੁਸ ਦੇ ਆਪਣੀ ਸਫ਼ਾਈ ਵਿਚ ਕੁਝ ਕਹਿਣ ਤੋਂ ਪਹਿਲਾਂ ਹੀ ਗਾਲੀਓ ਨੇ ਇਸ ਮੁਕੱਦਮੇ ਨੂੰ ਖ਼ਾਰਜ ਕਰ ਦਿੱਤਾ। ਇਹ ਦੇਖ ਕੇ ਯਹੂਦੀਆਂ ਦਾ ਪਾਰਾ ਸੱਤਵੇਂ ਆਸਮਾਨ ʼਤੇ ਚੜ੍ਹ ਗਿਆ! ਉਨ੍ਹਾਂ ਨੇ ਸੋਸਥਨੇਸ ʼਤੇ ਆਪਣਾ ਗੁੱਸਾ ਕੱਢਿਆ ਜੋ ਕਰਿਸਪੁਸ ਦੀ ਜਗ੍ਹਾ ਸਭਾ ਘਰ ਦਾ ਨਿਗਾਹਬਾਨ ਬਣਿਆ ਸੀ। ਉਨ੍ਹਾਂ ਨੇ ਸੋਸਥਨੇਸ ਨੂੰ ਫੜ ਕੇ “ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਕੁੱਟਿਆ।”​—ਰਸੂ. 18:17.

15 ਗਾਲੀਓ ਨੇ ਭੀੜ ਨੂੰ ਸੋਸਥਨੇਸ ਨੂੰ ਕੁੱਟਣ ਤੋਂ ਰੋਕਿਆ ਕਿਉਂ ਨਹੀਂ? ਗਾਲੀਓ ਨੇ ਸ਼ਾਇਦ ਸੋਚਿਆ ਹੋਣਾ ਕਿ ਸੋਸਥਨੇਸ ਨੇ ਲੋਕਾਂ ਨੂੰ ਪੌਲੁਸ ਦੇ ਖ਼ਿਲਾਫ਼ ਭੜਕਾਇਆ ਸੀ, ਇਸ ਲਈ ਉਸ ਦੇ ਕੁੱਟ ਪੈਣੀ ਹੀ ਸੀ। ਜੋ ਵੀ ਸੀ, ਇਸ ਘਟਨਾ ਦਾ ਚੰਗਾ ਨਤੀਜਾ ਨਿਕਲਿਆ। ਇਸ ਤੋਂ ਕਈ ਸਾਲਾਂ ਬਾਅਦ ਕੁਰਿੰਥੁਸ ਦੀ ਮੰਡਲੀ ਨੂੰ ਆਪਣੀ ਪਹਿਲੀ ਚਿੱਠੀ ਵਿਚ ਪੌਲੁਸ ਨੇ ਕਿਸੇ ਸੋਸਥਨੇਸ ਨਾਂ ਦੇ ਭਰਾ ਦਾ ਜ਼ਿਕਰ ਕੀਤਾ ਸੀ। (1 ਕੁਰਿੰ. 1:1, 2) ਕੀ ਇਹ ਉਹੀ ਸੋਸਥਨੇਸ ਸੀ ਜਿਸ ਨੂੰ ਕੁਰਿੰਥੁਸ ਵਿਚ ਕੁੱਟਿਆ ਗਿਆ ਸੀ? ਜੇ ਹਾਂ, ਤਾਂ ਇਸ ਦਰਦਨਾਕ ਤਜਰਬੇ ਨੇ ਸੋਸਥਨੇਸ ਦੀ ਮਸੀਹੀ ਬਣਨ ਵਿਚ ਮਦਦ ਕੀਤੀ ਹੋਣੀ।

16. ਪ੍ਰਭੂ ਦੇ ਇਹ ਸ਼ਬਦ ਪ੍ਰਚਾਰ ਦੌਰਾਨ ਸਾਡੀ ਕਿਵੇਂ ਮਦਦ ਕਰਦੇ ਹਨ: “ਡਰੀਂ ਨਾ, ਪ੍ਰਚਾਰ ਕਰਦਾ ਰਹੀਂ, ਹਟੀਂ ਨਾ ਕਿਉਂਕਿ ਮੈਂ ਤੇਰੇ ਨਾਲ ਹਾਂ”?

16 ਯਾਦ ਕਰੋ ਕਿ ਜਦੋਂ ਯਹੂਦੀਆਂ ਨੇ ਪੌਲੁਸ ਦੇ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕੀਤਾ ਸੀ, ਤਾਂ ਪ੍ਰਭੂ ਯਿਸੂ ਨੇ ਉਸ ਨੂੰ ਭਰੋਸਾ ਦਿਵਾਇਆ ਸੀ: “ਡਰੀਂ ਨਾ, ਪ੍ਰਚਾਰ ਕਰਦਾ ਰਹੀਂ, ਹਟੀਂ ਨਾ ਕਿਉਂਕਿ ਮੈਂ ਤੇਰੇ ਨਾਲ ਹਾਂ।” (ਰਸੂ. 18:9, 10) ਸਾਨੂੰ ਵੀ ਇਹ ਸ਼ਬਦ ਯਾਦ ਰੱਖਣੇ ਚਾਹੀਦੇ ਹਨ, ਖ਼ਾਸਕਰ ਜਦੋਂ ਲੋਕ ਸਾਡੇ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕਰ ਦਿੰਦੇ ਹਨ। ਇਹ ਗੱਲ ਕਦੀ ਨਾ ਭੁੱਲੋ ਕਿ ਯਹੋਵਾਹ ਲੋਕਾਂ ਦੇ ਦਿਲਾਂ ਨੂੰ ਜਾਣਦਾ ਹੈ ਅਤੇ ਉਹ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। (1 ਸਮੂ. 16:7; ਯੂਹੰ. 6:44) ਇਸ ਤੋਂ ਸਾਨੂੰ ਪ੍ਰਚਾਰ ਵਿਚ ਲੱਗੇ ਰਹਿਣ ਲਈ ਕਿੰਨਾ ਉਤਸ਼ਾਹ ਮਿਲਦਾ ਹੈ! ਹਰ ਸਾਲ ਲੱਖਾਂ ਲੋਕ ਬਪਤਿਸਮਾ ਲੈਂਦੇ ਹਨ ਯਾਨੀ ਹਰ ਰੋਜ਼ ਸੈਂਕੜੇ ਲੋਕ। ਜਿਹੜੇ ਮਸੀਹੀ ‘ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ’ ਦੇ ਹੁਕਮ ਦੀ ਪਾਲਣਾ ਕਰਦੇ ਹਨ, ਉਨ੍ਹਾਂ ਨੂੰ ਯਿਸੂ ਇਹ ਭਰੋਸਾ ਦਿੰਦਾ ਹੈ: “ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।”​—ਮੱਤੀ 28:19, 20.

“ਜੇ ਯਹੋਵਾਹ ਨੇ ਚਾਹਿਆ” (ਰਸੂ. 18:18-22)

17, 18. ਅਫ਼ਸੁਸ ਨੂੰ ਜਾਂਦਿਆਂ ਪੌਲੁਸ ਨੇ ਕਿਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕੀਤਾ ਹੋਣਾ?

17 ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਗਾਲੀਓ ਨੇ ਪੌਲੁਸ ਉੱਤੇ ਦੋਸ਼ ਲਾਉਣ ਵਾਲਿਆਂ ਪ੍ਰਤੀ ਜੋ ਰਵੱਈਆ ਦਿਖਾਇਆ, ਉਸ ਕਾਰਨ ਕੁਰਿੰਥੁਸ ਦੀ ਨਵੀਂ ਮੰਡਲੀ ਲਈ ਸ਼ਾਂਤੀ ਦਾ ਸਮਾਂ ਆਇਆ ਸੀ ਜਾਂ ਨਹੀਂ। ਪਰ ਕੁਰਿੰਥੁਸ ਦੇ ਭਰਾਵਾਂ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਪੌਲੁਸ ਉੱਥੇ “ਹੋਰ ਕਈ ਦਿਨ ਰਿਹਾ।” 52 ਈਸਵੀ ਦੀ ਬਸੰਤ ਰੁੱਤ ਵਿਚ ਉਸ ਨੇ ਸੀਰੀਆ ਜਾਣ ਬਾਰੇ ਸੋਚਿਆ, ਇਸ ਲਈ ਉਹ ਕੁਰਿੰਥੁਸ ਦੇ ਪੂਰਬ ਵੱਲ ਲਗਭਗ 11 ਕਿਲੋਮੀਟਰ (ਲਗਭਗ 7 ਮੀਲ) ਦੂਰ ਕੰਖਰਿਆ ਦੀ ਬੰਦਰਗਾਹ ਨੂੰ ਚਲਾ ਗਿਆ। ਪਰ ਕੰਖਰਿਆ ਤੋਂ ਜਾਣ ਤੋਂ ਪਹਿਲਾਂ ਪੌਲੁਸ ਨੇ “ਆਪਣੇ ਵਾਲ਼ ਕਟਵਾ ਲਏ ਸਨ ਕਿਉਂਕਿ ਉਸ ਨੇ ਸੁੱਖਣਾ ਸੁੱਖੀ ਸੀ।” c (ਰਸੂ. 18:18) ਬਾਅਦ ਵਿਚ ਉਹ ਅਕੂਲਾ ਤੇ ਪ੍ਰਿਸਕਿੱਲਾ ਨੂੰ ਆਪਣੇ ਨਾਲ ਲੈ ਕੇ ਉੱਥੋਂ ਸਮੁੰਦਰੀ ਜਹਾਜ਼ ਰਾਹੀਂ ਏਜੀਅਨ ਸਾਗਰ ਪਾਰ ਏਸ਼ੀਆ ਮਾਈਨਰ ਵਿਚ ਅਫ਼ਸੁਸ ਨੂੰ ਚਲਾ ਗਿਆ।

18 ਕੰਖਰਿਆ ਤੋਂ ਸਫ਼ਰ ਕਰਦਿਆਂ ਉਸ ਨੇ ਕੁਰਿੰਥੁਸ ਵਿਚ ਬਿਤਾਏ ਸਮੇਂ ਉੱਤੇ ਸੋਚ-ਵਿਚਾਰ ਕੀਤਾ ਹੋਣਾ। ਉਹ ਆਪਣੇ ਨਾਲ ਕਈ ਮਿੱਠੀਆਂ ਯਾਦਾਂ ਲੈ ਕੇ ਜਾ ਰਿਹਾ ਸੀ ਅਤੇ ਉਸ ਨੂੰ ਕਈ ਗੱਲਾਂ ਦੀ ਖ਼ੁਸ਼ੀ ਵੀ ਸੀ। ਉਸ ਨੇ ਉੱਥੇ 18 ਮਹੀਨੇ ਪ੍ਰਚਾਰ ਕੀਤਾ ਸੀ ਜਿਸ ਦੇ ਬਹੁਤ ਵਧੀਆ ਨਤੀਜੇ ਨਿਕਲੇ। ਕੁਰਿੰਥੁਸ ਵਿਚ ਪਹਿਲੀ ਮੰਡਲੀ ਸਥਾਪਿਤ ਹੋ ਗਈ ਸੀ ਜੋ ਯੂਸਤੁਸ ਦੇ ਘਰ ਇਕੱਠੀ ਹੁੰਦੀ ਸੀ। ਮਸੀਹੀ ਬਣਨ ਵਾਲਿਆਂ ਵਿਚ ਯੂਸਤੁਸ, ਕਰਿਸਪੁਸ ਅਤੇ ਉਸ ਦਾ ਪਰਿਵਾਰ ਅਤੇ ਹੋਰ ਬਹੁਤ ਸਾਰੇ ਲੋਕ ਸਨ। ਪੌਲੁਸ ਨੂੰ ਇਹ ਸਾਰੇ ਨਵੇਂ ਮਸੀਹੀ ਬਹੁਤ ਪਿਆਰੇ ਸਨ ਕਿਉਂਕਿ ਉਸ ਨੇ ਮਸੀਹੀ ਬਣਨ ਵਿਚ ਉਨ੍ਹਾਂ ਦੀ ਮਦਦ ਕੀਤੀ ਸੀ। ਬਾਅਦ ਵਿਚ ਉਸ ਨੇ ਉਨ੍ਹਾਂ ਨੂੰ ਲਿਖਿਆ ਕਿ ਉਹ ਉਸ ਦੀਆਂ ਸਿਫ਼ਾਰਸ਼ੀ ਚਿੱਠੀਆਂ ਸਨ ਜੋ ਉਸ ਦੇ ਦਿਲ ਉੱਤੇ ਲਿਖੀਆਂ ਹੋਈਆਂ ਸਨ। ਸਾਨੂੰ ਵੀ ਉਨ੍ਹਾਂ ਭੈਣਾਂ-ਭਰਾਵਾਂ ਨਾਲ ਬਹੁਤ ਲਗਾਅ ਹੈ ਜਿਨ੍ਹਾਂ ਦੀ ਅਸੀਂ ਸੱਚਾਈ ਅਪਣਾਉਣ ਵਿਚ ਮਦਦ ਕੀਤੀ ਸੀ। ਇਨ੍ਹਾਂ ਜੀਉਂਦੀਆਂ-ਜਾਗਦੀਆਂ “ਸਿਫ਼ਾਰਸ਼ੀ ਚਿੱਠੀਆਂ” ਨੂੰ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ।​—2 ਕੁਰਿੰ. 3:1-3.

19, 20. ਅਫ਼ਸੁਸ ਪਹੁੰਚ ਕੇ ਪੌਲੁਸ ਨੇ ਕੀ ਕੀਤਾ ਅਤੇ ਅਸੀਂ ਉਸ ਤੋਂ ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚਿਆਂ ਬਾਰੇ ਕੀ ਸਿੱਖਦੇ ਹਾਂ?

19 ਅਫ਼ਸੁਸ ਪਹੁੰਚਦਿਆਂ ਹੀ ਪੌਲੁਸ ਪ੍ਰਚਾਰ ਦੇ ਕੰਮ ਵਿਚ ਰੁੱਝ ਗਿਆ। ਉਹ “ਸਭਾ ਘਰ ਵਿਚ ਚਲਾ ਗਿਆ ਅਤੇ ਯਹੂਦੀਆਂ ਨਾਲ ਚਰਚਾ ਕੀਤੀ।” (ਰਸੂ. 18:19) ਉਸ ਸਮੇਂ ਪੌਲੁਸ ਅਫ਼ਸੁਸ ਵਿਚ ਥੋੜ੍ਹਾ ਹੀ ਸਮਾਂ ਰਿਹਾ। ਭਾਵੇਂ ਕਿ ਭਰਾਵਾਂ ਨੇ ਉਸ ਨੂੰ ਹੋਰ ਸਮਾਂ ਰਹਿਣ ਲਈ ਕਿਹਾ, ਪਰ “ਉਹ ਨਾ ਮੰਨਿਆ।” ਅਫ਼ਸੁਸ ਦੇ ਭੈਣਾਂ-ਭਰਾਵਾਂ ਨੂੰ ਅਲਵਿਦਾ ਕਹਿੰਦੇ ਸਮੇਂ ਉਸ ਨੇ ਕਿਹਾ: “ਜੇ ਯਹੋਵਾਹ ਨੇ ਚਾਹਿਆ, ਤਾਂ ਮੈਂ ਦੁਬਾਰਾ ਤੁਹਾਡੇ ਕੋਲ ਆਵਾਂਗਾ।” (ਰਸੂ. 18:20, 21) ਉਹ ਜਾਣਦਾ ਸੀ ਕਿ ਅਫ਼ਸੁਸ ਵਿਚ ਅਜੇ ਪ੍ਰਚਾਰ ਦਾ ਕੰਮ ਪੂਰਾ ਨਹੀਂ ਹੋਇਆ ਸੀ। ਇਸ ਲਈ ਉਸ ਨੇ ਇੱਥੇ ਦੁਬਾਰਾ ਆਉਣ ਬਾਰੇ ਸੋਚਿਆ ਸੀ, ਪਰ ਉਸ ਨੇ ਇਹ ਗੱਲ ਯਹੋਵਾਹ ਉੱਤੇ ਛੱਡ ਦਿੱਤੀ। ਕੀ ਸਾਨੂੰ ਵੀ ਇਹ ਗੱਲ ਯਾਦ ਨਹੀਂ ਰੱਖਣੀ ਚਾਹੀਦੀ? ਜਦੋਂ ਅਸੀਂ ਪਰਮੇਸ਼ੁਰ ਦੀ ਸੇਵਾ ਵਧ-ਚੜ੍ਹ ਕੇ ਕਰਨ ਲਈ ਟੀਚੇ ਰੱਖਦੇ ਹਾਂ, ਤਾਂ ਇਨ੍ਹਾਂ ਨੂੰ ਪੂਰਾ ਕਰਨ ਲਈ ਸਾਨੂੰ ਖ਼ੁਦ ਪਹਿਲ ਕਰਨ ਦੀ ਲੋੜ ਹੈ। ਪਰ ਇਸ ਦੇ ਨਾਲ-ਨਾਲ ਸਾਨੂੰ ਸੇਧ ਲਈ ਹਮੇਸ਼ਾ ਯਹੋਵਾਹ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਇੱਛਾ ਮੁਤਾਬਕ ਚੱਲਣਾ ਚਾਹੀਦਾ ਹੈ।​—ਯਾਕੂ. 4:15.

20 ਅਕੂਲਾ ਅਤੇ ਪ੍ਰਿਸਕਿੱਲਾ ਨੂੰ ਅਫ਼ਸੁਸ ਵਿਚ ਛੱਡ ਕੇ ਪੌਲੁਸ ਸਮੁੰਦਰੀ ਜਹਾਜ਼ ਰਾਹੀਂ ਕੈਸਰੀਆ ਆ ਗਿਆ। ਫਿਰ ਉਹ “ਉਤਾਂਹ” ਯਰੂਸ਼ਲਮ ਨੂੰ ਗਿਆ ਅਤੇ ਉੱਥੇ ਭੈਣਾਂ-ਭਰਾਵਾਂ ਨੂੰ ਮਿਲਿਆ। (ਅੰਗ੍ਰੇਜ਼ੀ ਦੀ ਸਟੱਡੀ ਬਾਈਬਲ ਵਿੱਚੋਂ ਰਸੂਲਾਂ ਦੇ ਕੰਮ 18:22 ਦਾ ਸਟੱਡੀ ਨੋਟ ਦੇਖੋ।) ਅਖ਼ੀਰ ਉਹ ਸੀਰੀਆ ਦੇ ਸ਼ਹਿਰ ਅੰਤਾਕੀਆ ਚਲਾ ਗਿਆ ਜਿੱਥੋਂ ਉਸ ਨੇ ਮਿਸ਼ਨਰੀ ਦੌਰਾ ਸ਼ੁਰੂ ਕੀਤਾ ਸੀ। ਇਸ ਤਰ੍ਹਾਂ ਉਸ ਦਾ ਦੂਸਰਾ ਦੌਰਾ ਖ਼ਤਮ ਹੋ ਗਿਆ ਜੋ ਬਹੁਤ ਕਾਮਯਾਬ ਰਿਹਾ। ਉਸ ਦਾ ਆਖ਼ਰੀ ਦੌਰਾ ਕਿਹੋ ਜਿਹਾ ਹੋਵੇਗਾ?