Skip to content

Skip to table of contents

ਅਧਿਆਇ 16

“ਇਸ ਪਾਰ ਮਕਦੂਨੀਆ ਵਿਚ ਆ”

“ਇਸ ਪਾਰ ਮਕਦੂਨੀਆ ਵਿਚ ਆ”

ਜ਼ਿੰਮੇਵਾਰੀ ਸਵੀਕਾਰਨ ਅਤੇ ਖ਼ੁਸ਼ੀ ਨਾਲ ਅਤਿਆਚਾਰ ਸਹਿਣ ਕਰਕੇ ਬਰਕਤਾਂ ਮਿਲਦੀਆਂ ਹਨ

ਰਸੂਲਾਂ ਦੇ ਕੰਮ 16:6-40 ਵਿੱਚੋਂ

1-3. (ੳ) ਪਵਿੱਤਰ ਸ਼ਕਤੀ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੀ ਕਿਵੇਂ ਅਗਵਾਈ ਕੀਤੀ? (ਅ) ਅਸੀਂ ਕਿਹੜੀਆਂ ਘਟਨਾਵਾਂ ਉੱਤੇ ਗੌਰ ਕਰਾਂਗੇ?

 ਮਕਦੂਨੀਆ ਦੇ ਫ਼ਿਲਿੱਪੈ ਸ਼ਹਿਰ ਤੋਂ ਕੁਝ ਤੀਵੀਆਂ ਤੁਰ ਕੇ ਛੇਤੀ ਹੀ ਗੈਂਜੀਟੀਸ ਦਰਿਆ ʼਤੇ ਪਹੁੰਚ ਜਾਂਦੀਆਂ ਹਨ। ਉਹ ਆਪਣੇ ਦਸਤੂਰ ਅਨੁਸਾਰ ਦਰਿਆ ਕੰਢੇ ਬੈਠ ਕੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੀਆਂ ਹਨ। ਯਹੋਵਾਹ ਸਵਰਗੋਂ ਉਨ੍ਹਾਂ ਨੂੰ ਦੇਖ ਰਿਹਾ ਹੈ।​—2 ਇਤਿ. 16:9; ਜ਼ਬੂ. 65:2.

2 ਇਸੇ ਸਮੇਂ ਦੌਰਾਨ, ਫ਼ਿਲਿੱਪੈ ਦੇ ਪੂਰਬ ਵੱਲ 800 ਕਿਲੋਮੀਟਰ (500 ਤੋਂ ਜ਼ਿਆਦਾ ਮੀਲ) ਦੂਰ ਦੱਖਣੀ ਗਲਾਤੀਆ ਵਿਚ ਸ਼ਹਿਰ ਲੁਸਤ੍ਰਾ ਤੋਂ ਕੁਝ ਆਦਮੀ ਤੁਰ ਪੈਂਦੇ ਹਨ। ਕਈ ਦਿਨਾਂ ਬਾਅਦ ਉਹ ਇਕ ਮੁੱਖ ਰੋਮੀ ਸੜਕ ʼਤੇ ਪਹੁੰਚਦੇ ਹਨ। ਇਹ ਸੜਕ ਪੱਛਮ ਵੱਲ ਏਸ਼ੀਆ ਜ਼ਿਲ੍ਹੇ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਨੂੰ ਜਾਂਦੀ ਹੈ। ਉਹ ਆਦਮੀ ਯਾਨੀ ਪੌਲੁਸ, ਸੀਲਾਸ ਅਤੇ ਤਿਮੋਥਿਉਸ ਉਸ ਸੜਕ ਰਾਹੀਂ ਅਫ਼ਸੁਸ ਅਤੇ ਹੋਰ ਸ਼ਹਿਰਾਂ ਵਿਚ ਜਾਣਾ ਚਾਹੁੰਦੇ ਹਨ ਜਿੱਥੇ ਹਜ਼ਾਰਾਂ ਲੋਕਾਂ ਨੇ ਮਸੀਹ ਬਾਰੇ ਨਹੀਂ ਸੁਣਿਆ ਹੈ। ਪਰ ਉੱਧਰ ਨੂੰ ਜਾਣ ਤੋਂ ਪਹਿਲਾਂ ਹੀ ਪਵਿੱਤਰ ਸ਼ਕਤੀ ਕਿਸੇ ਤਰੀਕੇ ਨਾਲ ਉਨ੍ਹਾਂ ਨੂੰ ਰੋਕ ਦਿੰਦੀ ਹੈ। ਉਨ੍ਹਾਂ ਨੂੰ ਏਸ਼ੀਆ ਵਿਚ ਪ੍ਰਚਾਰ ਕਰਨ ਤੋਂ ਰੋਕ ਦਿੱਤਾ ਗਿਆ ਹੈ। ਕਿਉਂ? ਕਿਉਂਕਿ ਯਿਸੂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਜ਼ਰੀਏ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਏਸ਼ੀਆ ਮਾਈਨਰ ਦੇ ਪੂਰੇ ਇਲਾਕੇ ਵਿੱਚੋਂ ਦੀ ਲੰਘਾ ਕੇ ਏਜੀਅਨ ਸਾਗਰ ਪਾਰ ਗੈਂਜੀਟੀਸ ਦਰਿਆ ਦੇ ਕੰਢੇ ਲਿਜਾਣਾ ਚਾਹੁੰਦਾ ਹੈ।

3 ਮਕਦੂਨੀਆ ਜਾਣ ਲਈ ਇਸ ਅਨੋਖੇ ਸਫ਼ਰ ਦੌਰਾਨ ਯਿਸੂ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੀ ਜਿਸ ਤਰ੍ਹਾਂ ਅਗਵਾਈ ਕੀਤੀ ਸੀ, ਉਸ ਤੋਂ ਅਸੀਂ ਵੀ ਵਧੀਆ ਸਬਕ ਸਿੱਖਦੇ ਹਾਂ। ਇਸ ਲਈ ਆਓ ਆਪਾਂ ਲਗਭਗ 49 ਈਸਵੀ ਵਿਚ ਸ਼ੁਰੂ ਹੋਏ ਪੌਲੁਸ ਦੇ ਦੂਸਰੇ ਮਿਸ਼ਨਰੀ ਦੌਰੇ ਦੌਰਾਨ ਵਾਪਰੀਆਂ ਕੁਝ ਘਟਨਾਵਾਂ ਉੱਤੇ ਗੌਰ ਕਰੀਏ।

‘ਪਰਮੇਸ਼ੁਰ ਸਾਨੂੰ ਕਹਿ ਰਿਹਾ ਸੀ’ (ਰਸੂ. 16:6-15)

4, 5. (ੳ) ਬਿਥੁਨੀਆ ਦੇ ਲਾਗੇ ਪੌਲੁਸ ਅਤੇ ਉਸ ਦੇ ਸਾਥੀਆਂ ਨਾਲ ਕੀ ਹੋਇਆ? (ਅ) ਚੇਲਿਆਂ ਨੇ ਕਿਹੜਾ ਫ਼ੈਸਲਾ ਕੀਤਾ ਅਤੇ ਨਤੀਜਾ ਕੀ ਨਿਕਲਿਆ?

4 ਏਸ਼ੀਆ ਵਿਚ ਪ੍ਰਚਾਰ ਕਰਨ ਤੋਂ ਰੋਕੇ ਜਾਣ ਕਰਕੇ ਪੌਲੁਸ ਅਤੇ ਉਸ ਦੇ ਸਾਥੀ ਬਿਥੁਨੀਆ ਦੇ ਸ਼ਹਿਰਾਂ ਵਿਚ ਪ੍ਰਚਾਰ ਕਰਨ ਲਈ ਉੱਤਰ ਵੱਲ ਮੁੜ ਗਏ। ਉੱਥੇ ਜਾਣ ਲਈ ਉਹ ਫ਼ਰੂਗੀਆ ਅਤੇ ਗਲਾਤੀਆ ਦੇ ਘੱਟ ਵਸੋਂ ਵਾਲੇ ਇਲਾਕਿਆਂ ਵਿੱਚੋਂ ਦੀ ਕੱਚੇ ਰਾਹਾਂ ਉੱਤੇ ਕਈ ਦਿਨ ਤੁਰੇ ਹੋਣੇ। ਪਰ ਜਿਉਂ ਹੀ ਉਹ ਬਿਥੁਨੀਆ ਦੇ ਲਾਗੇ ਪਹੁੰਚੇ, ਯਿਸੂ ਨੇ ਦੁਬਾਰਾ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਦੇ ਜ਼ਰੀਏ ਰੋਕ ਦਿੱਤਾ। (ਰਸੂ. 16:6, 7) ਇਸ ਕਰਕੇ ਉਹ ਉਲਝਣ ਵਿਚ ਪੈ ਗਏ ਹੋਣੇ ਕਿ ਉਹ ਕਿੱਧਰ ਜਾਣ। ਉਹ ਇਹ ਤਾਂ ਜਾਣਦੇ ਸਨ ਕਿ ਉਨ੍ਹਾਂ ਨੇ ਕਿਸ ਗੱਲ ਦਾ ਪ੍ਰਚਾਰ ਕਰਨਾ ਸੀ ਅਤੇ ਕਿਵੇਂ ਪ੍ਰਚਾਰ ਕਰਨਾ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਕਿੱਥੇ ਪ੍ਰਚਾਰ ਕਰਨ। ਉਨ੍ਹਾਂ ਨੇ ਮਾਨੋ ਏਸ਼ੀਆ ਦਾ ਦਰਵਾਜ਼ਾ ਖੜਕਾਇਆ, ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਫਿਰ ਉਨ੍ਹਾਂ ਨੇ ਬਿਥੁਨੀਆ ਦਾ ਦਰਵਾਜ਼ਾ ਖੜਕਾਇਆ, ਪਰ ਉਹ ਵੀ ਨਹੀਂ ਖੁੱਲ੍ਹਿਆ। ਫਿਰ ਵੀ ਪੌਲੁਸ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਹ ਉਦੋਂ ਤਕ ਦਰਵਾਜ਼ੇ ਲੱਭ-ਲੱਭ ਕੇ ਖੜਕਾਉਂਦਾ ਰਹੇਗਾ ਜਦੋਂ ਤਕ ਕੋਈ ਦਰਵਾਜ਼ਾ ਖੁੱਲ੍ਹ ਨਹੀਂ ਜਾਂਦਾ। ਫਿਰ ਉਨ੍ਹਾਂ ਨੇ ਜੋ ਫ਼ੈਸਲਾ ਕੀਤਾ, ਉਹ ਸ਼ਾਇਦ ਸਾਨੂੰ ਥੋੜ੍ਹਾ ਜਿਹਾ ਅਜੀਬ ਲੱਗੇ। ਉਹ ਬਿਥੁਨੀਆ ਦੇ ਲਾਗਿਓਂ ਪੱਛਮ ਵੱਲ ਨੂੰ ਮੁੜ ਗਏ ਅਤੇ ਕਈ ਸ਼ਹਿਰਾਂ ਦੇ ਵਿੱਚੋਂ ਦੀ ਹੁੰਦੇ ਹੋਏ 550 ਕਿਲੋਮੀਟਰ (350 ਮੀਲ) ਤੁਰ ਕੇ ਤ੍ਰੋਆਸ ਸ਼ਹਿਰ ਪਹੁੰਚੇ। ਇਸ ਸ਼ਹਿਰ ਦੀ ਸਮੁੰਦਰੀ ਬੰਦਰਗਾਹ ਤੋਂ ਲੋਕ ਮਕਦੂਨੀਆ ਜਾ ਸਕਦੇ ਸਨ। (ਰਸੂ. 16:8) ਤ੍ਰੋਆਸ ਵਿਚ ਤੀਸਰੀ ਵਾਰ ਪੌਲੁਸ ਨੇ ਦਰਵਾਜ਼ਾ ਖੜਕਾਇਆ ਤੇ ਇਸ ਵਾਰ ਦਰਵਾਜ਼ਾ ਝੱਟ ਖੁੱਲ੍ਹ ਗਿਆ।

5 ਇੰਜੀਲ ਦਾ ਲਿਖਾਰੀ ਲੂਕਾ ਤ੍ਰੋਆਸ ਵਿਚ ਪੌਲੁਸ ਤੇ ਉਸ ਦੇ ਸਾਥੀਆਂ ਨਾਲ ਆ ਰਲ਼ਿਆ ਸੀ। ਉਹ ਦੱਸਦਾ ਹੈ ਕਿ ਅੱਗੇ ਕੀ ਹੋਇਆ: “ਰਾਤ ਨੂੰ ਪੌਲੁਸ ਨੇ ਇਕ ਦਰਸ਼ਣ ਦੇਖਿਆ। ਮਕਦੂਨੀਆ ਦਾ ਇਕ ਆਦਮੀ ਉੱਥੇ ਖੜ੍ਹਾ ਪੌਲੁਸ ਨੂੰ ਬੇਨਤੀ ਕਰ ਰਿਹਾ ਸੀ: ‘ਇਸ ਪਾਰ ਮਕਦੂਨੀਆ ਵਿਚ ਆ ਕੇ ਸਾਡੀ ਮਦਦ ਕਰ।’ ਪੌਲੁਸ ਦੁਆਰਾ ਇਹ ਦਰਸ਼ਣ ਦੇਖਣ ਤੋਂ ਬਾਅਦ ਅਸੀਂ ਜਲਦੀ ਤੋਂ ਜਲਦੀ ਮਕਦੂਨੀਆ ਜਾਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਹੁਣ ਜਾਣ ਗਏ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਵਾਸਤੇ ਸਾਨੂੰ ਕਹਿ ਰਿਹਾ ਸੀ।” a (ਰਸੂ. 16:9, 10) ਅਖ਼ੀਰ ਪੌਲੁਸ ਨੂੰ ਪਤਾ ਲੱਗ ਗਿਆ ਕਿ ਕਿੱਥੇ ਪ੍ਰਚਾਰ ਕਰਨਾ ਸੀ। ਉਹ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਨੇ ਸਫ਼ਰ ਦੇ ਅੱਧ-ਵਿਚਾਲੇ ਹਾਰ ਨਹੀਂ ਮੰਨੀ! ਉਹ ਸਾਰੇ ਬਿਨਾਂ ਦੇਰ ਕੀਤਿਆਂ ਸਮੁੰਦਰੀ ਜਹਾਜ਼ ਰਾਹੀਂ ਮਕਦੂਨੀਆ ਨੂੰ ਚਲੇ ਗਏ।

‘ਅਸੀਂ ਤ੍ਰੋਆਸ ਤੋਂ ਸਮੁੰਦਰੀ ਜਹਾਜ਼ ਵਿਚ ਬੈਠ ਗਏ।’​—ਰਸੂਲਾਂ ਦੇ ਕੰਮ 16:11

6, 7. (ੳ) ਪੌਲੁਸ ਦੇ ਸਫ਼ਰ ਦੌਰਾਨ ਜੋ ਹੋਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਅ) ਪੌਲੁਸ ਦੇ ਤਜਰਬੇ ਤੋਂ ਸਾਨੂੰ ਕੀ ਭਰੋਸਾ ਮਿਲ ਸਕਦਾ ਹੈ?

6 ਅਸੀਂ ਇਸ ਤੋਂ ਕੀ ਸਿੱਖਦੇ ਹਾਂ? ਇਨ੍ਹਾਂ ਗੱਲਾਂ ʼਤੇ ਧਿਆਨ ਦਿਓ: ਪਰਮੇਸ਼ੁਰ ਦੀ ਸ਼ਕਤੀ ਨੇ ਉਦੋਂ ਹੀ ਪੌਲੁਸ ਦੀ ਅਗਵਾਈ ਕੀਤੀ ਸੀ ਜਦੋਂ ਉਹ ਏਸ਼ੀਆ ਨੂੰ ਤੁਰ ਪਿਆ ਸੀ। ਫਿਰ ਯਿਸੂ ਨੇ ਉਦੋਂ ਹੀ ਪੌਲੁਸ ਨੂੰ ਰੋਕਿਆ ਸੀ ਜਦੋਂ ਉਹ ਬਿਥੁਨੀਆ ਲਾਗੇ ਪਹੁੰਚਿਆ ਸੀ। ਅਤੇ ਅਖ਼ੀਰ ਵਿਚ ਯਿਸੂ ਨੇ ਉਦੋਂ ਹੀ ਪੌਲੁਸ ਨੂੰ ਮਕਦੂਨੀਆ ਜਾਣ ਲਈ ਕਿਹਾ ਸੀ ਜਦੋਂ ਉਹ ਤ੍ਰੋਆਸ ਪਹੁੰਚਿਆ ਸੀ। ਮੰਡਲੀ ਦਾ ਮੁਖੀ ਹੋਣ ਕਰਕੇ ਯਿਸੂ ਅੱਜ ਸਾਡੀ ਵੀ ਸ਼ਾਇਦ ਇਸੇ ਤਰ੍ਹਾਂ ਅਗਵਾਈ ਕਰੇ। (ਕੁਲੁ. 1:18) ਉਦਾਹਰਣ ਲਈ, ਅਸੀਂ ਸ਼ਾਇਦ ਪਾਇਨੀਅਰਿੰਗ ਕਰਨ ਬਾਰੇ ਜਾਂ ਉਸ ਜਗ੍ਹਾ ਜਾ ਕੇ ਪ੍ਰਚਾਰ ਕਰਨ ਬਾਰੇ ਸੋਚ ਰਹੇ ਹੋਈਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਪਰ ਯਿਸੂ ਪਵਿੱਤਰ ਸ਼ਕਤੀ ਦੇ ਜ਼ਰੀਏ ਉਦੋਂ ਹੀ ਸਾਡੀ ਅਗਵਾਈ ਕਰੇਗਾ ਜਦੋਂ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਠੋਸ ਕਦਮ ਚੁੱਕਾਂਗੇ। ਕਿਉਂ? ਇਸ ਮਿਸਾਲ ਵੱਲ ਧਿਆਨ ਦਿਓ: ਡ੍ਰਾਈਵਰ ਆਪਣੀ ਕਾਰ ਨੂੰ ਤਾਂ ਹੀ ਸੱਜੇ ਜਾਂ ਖੱਬੇ ਮੋੜ ਸਕਦਾ ਹੈ ਜੇ ਕਾਰ ਚੱਲ ਰਹੀ ਹੋਵੇ। ਇਸੇ ਤਰ੍ਹਾਂ ਯਿਸੂ ਵਧ-ਚੜ੍ਹ ਕੇ ਪ੍ਰਚਾਰ ਕਰਨ ਵਿਚ ਉਦੋਂ ਹੀ ਸਾਡੀ ਮਦਦ ਕਰਦਾ ਹੈ ਜਦੋਂ ਅਸੀਂ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦੇ ਹਾਂ।

7 ਪਰ ਜੇ ਸਾਨੂੰ ਆਪਣੀ ਮਿਹਨਤ ਦਾ ਫਲ ਇਕਦਮ ਨਹੀਂ ਮਿਲਦਾ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਇਹ ਸੋਚ ਕੇ ਨਿਰਾਸ਼ ਹੋ ਜਾਣਾ ਚਾਹੀਦਾ ਹੈ ਕਿ ਪਰਮੇਸ਼ੁਰ ਦੀ ਸ਼ਕਤੀ ਸਾਡੀ ਅਗਵਾਈ ਨਹੀਂ ਕਰ ਰਹੀ? ਨਹੀਂ। ਯਾਦ ਕਰੋ ਕਿ ਪੌਲੁਸ ਨੂੰ ਵੀ ਕਈ ਵਾਰ ਨਿਰਾਸ਼ ਹੋਣਾ ਪਿਆ ਸੀ। ਫਿਰ ਵੀ ਉਹ ਉਦੋਂ ਤਕ ਦਰਵਾਜ਼ੇ ਲੱਭ-ਲੱਭ ਕੇ ਖੜਕਾਉਂਦਾ ਰਿਹਾ ਜਦੋਂ ਤਕ ਇਕ ਦਰਵਾਜ਼ਾ ਖੁੱਲ੍ਹ ਨਹੀਂ ਗਿਆ। ਇਸੇ ਤਰ੍ਹਾਂ ਜੇ ਅਸੀਂ ਵੀ ‘ਸੇਵਾ ਕਰਨ ਦੇ ਵੱਡੇ ਦਰਵਾਜ਼ੇ’ ਦੀ ਭਾਲ ਕਰਦੇ ਰਹਾਂਗੇ, ਤਾਂ ਸਾਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲੇਗਾ।​—1 ਕੁਰਿੰ. 16:9; ਫੁਟਨੋਟ।

8. (ੳ) ਫ਼ਿਲਿੱਪੈ ਸ਼ਹਿਰ ਬਾਰੇ ਕੁਝ ਦੱਸੋ। (ਅ) “ਪ੍ਰਾਰਥਨਾ ਕਰਨ ਦੀ ਜਗ੍ਹਾ” ʼਤੇ ਪੌਲੁਸ ਦੇ ਪ੍ਰਚਾਰ ਦਾ ਕੀ ਚੰਗਾ ਨਤੀਜਾ ਨਿਕਲਿਆ?

8 ਮਕਦੂਨੀਆ ਜ਼ਿਲ੍ਹੇ ਵਿਚ ਪਹੁੰਚਣ ਤੋਂ ਬਾਅਦ ਪੌਲੁਸ ਅਤੇ ਉਸ ਦੇ ਸਾਥੀ ਫ਼ਿਲਿੱਪੈ ਸ਼ਹਿਰ ਨੂੰ ਤੁਰ ਪਏ ਜਿੱਥੇ ਦੇ ਲੋਕ ਰੋਮੀ ਨਾਗਰਿਕ ਹੋਣ ਤੇ ਮਾਣ ਮਹਿਸੂਸ ਕਰਦੇ ਸਨ। ਫ਼ਿਲਿੱਪੈ ਵਿਚ ਰਹਿੰਦੇ ਰੀਟਾਇਰ ਹੋ ਚੁੱਕੇ ਫ਼ੌਜੀਆਂ ਲਈ ਇਹ ਸ਼ਹਿਰ ਛੋਟੇ ਰੋਮ ਵਾਂਗ ਸੀ। ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਪਤਾ ਲੱਗਾ ਕਿ ਸ਼ਹਿਰੋਂ ਬਾਹਰ ਦਰਿਆ ਦੇ ਕੰਢੇ “ਪ੍ਰਾਰਥਨਾ ਕਰਨ ਦੀ ਜਗ੍ਹਾ” ਸੀ। b ਉਨ੍ਹਾਂ ਨੇ ਸਬਤ ਦੇ ਦਿਨ ਉਸ ਜਗ੍ਹਾ ਜਾ ਕੇ ਦੇਖਿਆ ਕਿ ਕਈ ਤੀਵੀਆਂ ਇਕੱਠੀਆਂ ਹੋ ਕੇ ਪਰਮੇਸ਼ੁਰ ਦੀ ਭਗਤੀ ਕਰ ਰਹੀਆਂ ਸਨ। ਚੇਲਿਆਂ ਨੇ ਉੱਥੇ ਬੈਠ ਕੇ ਉਨ੍ਹਾਂ ਤੀਵੀਆਂ ਨੂੰ ਪ੍ਰਚਾਰ ਕੀਤਾ। ਲੀਡੀਆ ਨਾਂ ਦੀ ਤੀਵੀਂ ਉਨ੍ਹਾਂ ਦੀਆਂ “ਗੱਲਾਂ ਸੁਣ ਰਹੀ ਸੀ ਅਤੇ ਯਹੋਵਾਹ ਨੇ ਉਸ ਦੇ ਮਨ ਨੂੰ ਖੋਲ੍ਹ ਦਿੱਤਾ।” ਲੀਡੀਆ ਉਨ੍ਹਾਂ ਦੀਆਂ ਗੱਲਾਂ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਬਪਤਿਸਮਾ ਲੈ ਲਿਆ। ਫਿਰ ਉਹ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਆਪਣੇ ਘਰ ਰਹਿਣ ਲਈ ਲੈ ਗਈ। c​—ਰਸੂ. 16:13-15.

9. ਅੱਜ ਕਈ ਭੈਣ-ਭਰਾ ਪੌਲੁਸ ਦੀ ਰੀਸ ਕਿਵੇਂ ਕਰਦੇ ਹਨ ਅਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

9 ਕਲਪਨਾ ਕਰੋ ਕਿ ਲੀਡੀਆ ਦੇ ਬਪਤਿਸਮੇ ਕਰਕੇ ਸਾਰਿਆਂ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ! ਪੌਲੁਸ ਕਿੰਨਾ ਖ਼ੁਸ਼ ਹੋਇਆ ਹੋਣਾ ਕਿ ਉਸ ਨੇ ‘ਮਕਦੂਨੀਆ ਆਉਣ’ ਦਾ ਸੱਦਾ ਸਵੀਕਾਰ ਕੀਤਾ ਸੀ ਅਤੇ ਯਹੋਵਾਹ ਨੇ ਉਸ ਦੇ ਅਤੇ ਉਸ ਦੇ ਸਾਥੀਆਂ ਦੇ ਰਾਹੀਂ ਉਨ੍ਹਾਂ ਤੀਵੀਆਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਸੀ। ਅੱਜ ਵੀ ਕਈ ਛੋਟੇ-ਵੱਡੇ, ਕੁਆਰੇ ਤੇ ਵਿਆਹੇ ਭੈਣ-ਭਰਾ ਆਪਣਾ ਘਰ ਛੱਡ ਕੇ ਉਨ੍ਹਾਂ ਥਾਵਾਂ ʼਤੇ ਪ੍ਰਚਾਰ ਕਰਨ ਜਾਂਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਇਹ ਸੱਚ ਹੈ ਕਿ ਉਨ੍ਹਾਂ ਨੂੰ ਕਈ ਮੁਸ਼ਕਲਾਂ ਆਉਂਦੀਆਂ ਹਨ, ਪਰ ਜਦੋਂ ਲੀਡੀਆ ਵਰਗੇ ਲੋਕ ਬਾਈਬਲ ਦੀਆਂ ਸੱਚਾਈਆਂ ਨੂੰ ਅਪਣਾਉਂਦੇ ਹਨ, ਤਾਂ ਉਹ ਆਪਣੀਆਂ ਮੁਸ਼ਕਲਾਂ ਭੁੱਲ ਜਾਂਦੇ ਹਨ। ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਕੁਝ ਫੇਰ-ਬਦਲ ਕਰ ਸਕਦੇ ਹੋ ਤਾਂਕਿ ਤੁਸੀਂ ਉਸ ਜਗ੍ਹਾ ਜਾ ਸਕੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਜ਼ਰੂਰ ਬਰਕਤਾਂ ਮਿਲਣਗੀਆਂ। ਮਿਸਾਲ ਲਈ, ਭਰਾ ਐਰਨ ਜੋ 20-25 ਸਾਲਾਂ ਦਾ ਹੈ, ਕੇਂਦਰੀ ਅਮਰੀਕਾ ਦੇ ਇਕ ਦੇਸ਼ ਵਿਚ ਪ੍ਰਚਾਰ ਕਰਨ ਗਿਆ। ਉਹ ਵੀ ਕਈ ਭੈਣਾਂ-ਭਰਾਵਾਂ ਵਾਂਗ ਕਹਿੰਦਾ ਹੈ: “ਵਿਦੇਸ਼ ਵਿਚ ਸੇਵਾ ਕਰਨ ਨਾਲ ਮੇਰੀ ਨਿਹਚਾ ਤਕੜੀ ਹੋਈ ਹੈ ਅਤੇ ਯਹੋਵਾਹ ਨਾਲ ਮੇਰਾ ਰਿਸ਼ਤਾ ਗੂੜ੍ਹਾ ਹੋਇਆ ਹੈ। ਪ੍ਰਚਾਰ ਕਰਨ ਵਿਚ ਬੜਾ ਮਜ਼ਾ ਆਉਂਦਾ ਹੈ ਤੇ ਮੈਂ ਹੁਣ ਅੱਠ ਬਾਈਬਲ ਸਟੱਡੀਆਂ ਕਰਾ ਰਿਹਾ ਹਾਂ!”

ਅਸੀਂ ਅੱਜ “ਮਕਦੂਨੀਆ” ਵਿਚ ਕਿਵੇਂ ਜਾ ਸਕਦੇ ਹਾਂ?

“ਭੀੜ ਉਨ੍ਹਾਂ ਦੇ ਖ਼ਿਲਾਫ਼ ਭੜਕ ਉੱਠੀ” (ਰਸੂ. 16:16-24)

10. ਦੁਸ਼ਟ ਦੂਤ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਰਾਹ ਵਿਚ ਰੋੜਾ ਬਣਨ ਦੀ ਕਿਵੇਂ ਕੋਸ਼ਿਸ਼ ਕੀਤੀ?

10 ਸ਼ੈਤਾਨ ਇਹ ਦੇਖ ਕੇ ਲੋਹਾ-ਲਾਖਾ ਹੋ ਗਿਆ ਹੋਣਾ ਕਿ ਜਿੱਥੇ ਉਸ ਦੀ ਅਤੇ ਉਸ ਦੇ ਦੁਸ਼ਟ ਦੂਤਾਂ ਦੀ ਚੱਲਦੀ ਸੀ, ਉੱਥੇ ਖ਼ੁਸ਼ ਖ਼ਬਰੀ ਜੜ੍ਹ ਫੜ ਰਹੀ ਸੀ। ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਉਨ੍ਹਾਂ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਦੇ ਰਾਹ ਵਿਚ ਰੋੜਾ ਬਣਨ ਦੀ ਕੋਸ਼ਿਸ਼ ਕੀਤੀ। ਫ਼ਿਲਿੱਪੈ ਵਿਚ ਇਕ ਕੁੜੀ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਜੋ ਭਵਿੱਖਬਾਣੀਆਂ ਕਰ ਕੇ ਆਪਣੇ ਮਾਲਕਾਂ ਲਈ ਕਾਫ਼ੀ ਕਮਾਈ ਕਰਦੀ ਸੀ। ਜਦੋਂ ਪੌਲੁਸ ਅਤੇ ਉਸ ਦੇ ਸਾਥੀ ਪ੍ਰਾਰਥਨਾ ਕਰਨ ਦੀ ਜਗ੍ਹਾ ਜਾਂਦੇ ਸਨ, ਤਾਂ ਉਹ ਕੁੜੀ ਉਨ੍ਹਾਂ ਦੇ ਪਿੱਛੇ ਉੱਚੀ-ਉੱਚੀ ਇਹ ਕਹਿੰਦੀ ਹੋਈ ਜਾਂਦੀ ਸੀ: “ਇਹ ਆਦਮੀ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦੇ ਰਾਹ ਦੀ ਸਿੱਖਿਆ ਦੇ ਰਹੇ ਹਨ।” ਦੁਸ਼ਟ ਦੂਤ ਨੇ ਉਸ ਕੁੜੀ ਨੂੰ ਉੱਚੀ ਆਵਾਜ਼ ਵਿਚ ਇਹ ਗੱਲ ਕਹਿਣ ਲਈ ਉਕਸਾਇਆ ਹੋਣਾ ਤਾਂਕਿ ਲੋਕਾਂ ਨੂੰ ਲੱਗੇ ਕਿ ਜਿਸ ਸ਼ਕਤੀ ਨਾਲ ਪੌਲੁਸ ਸਿੱਖਿਆ ਦਿੰਦਾ ਸੀ, ਉਸੇ ਸ਼ਕਤੀ ਨਾਲ ਕੁੜੀ ਭਵਿੱਖਬਾਣੀਆਂ ਕਰਦੀ ਸੀ। ਇਸ ਤਰ੍ਹਾਂ ਉਸ ਦੂਤ ਨੇ ਮਸੀਹ ਦੇ ਸੱਚੇ ਚੇਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ। ਪਰ ਪੌਲੁਸ ਨੇ ਕੁੜੀ ਵਿੱਚੋਂ ਦੁਸ਼ਟ ਦੂਤ ਕੱਢ ਕੇ ਕੁੜੀ ਨੂੰ ਚੁੱਪ ਕਰਾ ਦਿੱਤਾ।​—ਰਸੂ. 16:16-18.

11. ਕੁੜੀ ਵਿੱਚੋਂ ਦੁਸ਼ਟ ਦੂਤ ਕੱਢਣ ਕਰਕੇ ਪੌਲੁਸ ਅਤੇ ਸੀਲਾਸ ਨਾਲ ਕੀ ਹੋਇਆ?

11 ਜਦੋਂ ਕੁੜੀ ਦੇ ਮਾਲਕਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਖ਼ਤਮ ਹੋ ਗਿਆ ਸੀ, ਤਾਂ ਉਹ ਗੁੱਸੇ ਵਿਚ ਭੜਕ ਉੱਠੇ। ਉਹ ਪੌਲੁਸ ਤੇ ਸੀਲਾਸ ਨੂੰ ਘੜੀਸ ਕੇ ਬਾਜ਼ਾਰ ਵਿਚ ਲੈ ਗਏ ਜਿੱਥੇ ਮੈਜਿਸਟ੍ਰੇਟ ਯਾਨੀ ਰੋਮੀ ਅਧਿਕਾਰੀ ਕਚਹਿਰੀ ਲਾਉਂਦੇ ਸਨ। ਉਨ੍ਹਾਂ ਨੇ ਇਨ੍ਹਾਂ ਨਿਆਂਕਾਰਾਂ ਨੂੰ ਆਪਣੇ ਵੱਲ ਕਰਨ ਲਈ ਉਨ੍ਹਾਂ ਦੀਆਂ ਦੇਸ਼-ਭਗਤੀ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹੋਏ ਕਿਹਾ: “ਇਹ ਆਦਮੀ ਸਾਡੇ ਸ਼ਹਿਰ ਵਿਚ ਬਹੁਤ ਹਲਚਲ ਮਚਾ ਰਹੇ ਹਨ। ਇਹ ਆਦਮੀ ਯਹੂਦੀ ਹਨ ਅਤੇ ਅਜਿਹੇ ਰੀਤੀ-ਰਿਵਾਜਾਂ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਨੂੰ ਕਬੂਲ ਕਰਨਾ ਜਾਂ ਜਿਨ੍ਹਾਂ ʼਤੇ ਚੱਲਣਾ ਸਾਡੇ ਲਈ ਜਾਇਜ਼ ਨਹੀਂ ਹੈ ਕਿਉਂਕਿ ਅਸੀਂ ਰੋਮੀ ਹਾਂ।” ਉੱਥੇ ਮੌਜੂਦ ਲੋਕਾਂ ਉੱਤੇ ਉਨ੍ਹਾਂ ਦੀਆਂ ਗੱਲਾਂ ਦਾ ਝੱਟ ਅਸਰ ਹੋਇਆ। ਬਾਜ਼ਾਰ ਵਿਚ ਇਕੱਠੀ ਹੋਈ “ਭੀੜ ਉਨ੍ਹਾਂ [ਪੌਲੁਸ ਤੇ ਸੀਲਾਸ] ਦੇ ਖ਼ਿਲਾਫ਼ ਭੜਕ ਉੱਠੀ” ਅਤੇ ਰੋਮੀ ਅਧਿਕਾਰੀਆਂ ਨੇ ਹੁਕਮ ਦਿੱਤਾ ਕਿ ‘ਉਨ੍ਹਾਂ ਨੂੰ ਡੰਡੇ ਮਾਰੇ ਜਾਣ।’ ਇਸ ਤੋਂ ਬਾਅਦ ਪੌਲੁਸ ਅਤੇ ਸੀਲਾਸ ਨੂੰ ਘੜੀਸ ਕੇ ਜੇਲ੍ਹ ਵਿਚ ਲਿਜਾਇਆ ਗਿਆ। ਜੇਲ੍ਹਰ ਨੇ ਉਨ੍ਹਾਂ ਦੋਵਾਂ ਜ਼ਖ਼ਮੀ ਭਰਾਵਾਂ ਨੂੰ ਜੇਲ੍ਹ ਦੀ ਅੰਦਰਲੀ ਕੋਠੜੀ ਵਿਚ ਸੁੱਟ ਦਿੱਤਾ ਅਤੇ ਉਨ੍ਹਾਂ ਦੇ ਪੈਰ ਸ਼ਿਕੰਜਿਆਂ ਵਿਚ ਜਕੜ ਦਿੱਤੇ। (ਰਸੂ. 16:19-24) ਜਦੋਂ ਜੇਲ੍ਹਰ ਨੇ ਦਰਵਾਜ਼ਾ ਬੰਦ ਕੀਤਾ, ਤਾਂ ਕੋਠੜੀ ਵਿਚ ਇੰਨਾ ਹਨੇਰਾ ਹੋ ਗਿਆ ਕਿ ਪੌਲੁਸ ਤੇ ਸੀਲਾਸ ਇਕ-ਦੂਜੇ ਨੂੰ ਦੇਖ ਵੀ ਨਹੀਂ ਸਕਦੇ ਸਨ। ਪਰ ਯਹੋਵਾਹ ਉਨ੍ਹਾਂ ਨੂੰ ਦੇਖ ਰਿਹਾ ਸੀ।​—ਜ਼ਬੂ. 139:12.

12. (ੳ) ਮਸੀਹ ਦੇ ਚੇਲਿਆਂ ਦਾ ਅਤਿਆਚਾਰ ਬਾਰੇ ਕੀ ਵਿਚਾਰ ਸੀ ਤੇ ਕਿਉਂ? (ਅ) ਸ਼ੈਤਾਨ ਅਤੇ ਉਸ ਦੇ ਸਾਥੀ ਸਾਡਾ ਵਿਰੋਧ ਕਰਾਉਣ ਲਈ ਅੱਜ ਵੀ ਕਿਹੜੇ ਤਰੀਕੇ ਵਰਤਦੇ ਹਨ?

12 ਕੁਝ ਸਾਲ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਉਹ ਤੁਹਾਡੇ ਉੱਤੇ ਵੀ ਅਤਿਆਚਾਰ ਕਰਨਗੇ।” (ਯੂਹੰ. 15:20) ਇਸ ਲਈ ਜਦੋਂ ਪੌਲੁਸ ਅਤੇ ਉਸ ਦੇ ਸਾਥੀ ਮਕਦੂਨੀਆ ਗਏ ਸਨ, ਤਾਂ ਉਹ ਅਤਿਆਚਾਰ ਸਹਿਣ ਲਈ ਤਿਆਰ ਸਨ। ਅਤਿਆਚਾਰ ਹੋਣ ਤੇ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਨਹੀਂ ਸੀ, ਸਗੋਂ ਉਨ੍ਹਾਂ ਨੇ ਸੋਚਿਆ ਕਿ ਸ਼ੈਤਾਨ ਇਸ ਤਰ੍ਹਾਂ ਉਨ੍ਹਾਂ ʼਤੇ ਆਪਣਾ ਗੁੱਸਾ ਕੱਢ ਰਿਹਾ ਸੀ। ਅੱਜ ਵੀ ਸ਼ੈਤਾਨ ਦੇ ਸਾਥੀ ਉਹੀ ਤਰੀਕੇ ਵਰਤਦੇ ਹਨ ਜਿਹੜੇ ਉਨ੍ਹਾਂ ਨੇ ਫ਼ਿਲਿੱਪੈ ਵਿਚ ਵਰਤੇ ਸਨ। ਸਾਡਾ ਵਿਰੋਧ ਕਰਨ ਲਈ ਸਕੂਲ ਵਿਚ ਅਤੇ ਕੰਮ ਦੀ ਥਾਂ ʼਤੇ ਚਲਾਕੀ ਨਾਲ ਸਾਡੇ ਬਾਰੇ ਗ਼ਲਤ ਗੱਲਾਂ ਕਹੀਆਂ ਜਾਂਦੀਆਂ ਹਨ। ਕੁਝ ਦੇਸ਼ਾਂ ਵਿਚ ਕੱਟੜਪੰਥੀ ਲੋਕ ਅਦਾਲਤਾਂ ਵਿਚ ਸਾਡੇ ਉੱਤੇ ਇਹ ਕਹਿੰਦੇ ਹੋਏ ਦੋਸ਼ ਲਾਉਂਦੇ ਹਨ: ‘ਇਹ ਗਵਾਹ ਅਜਿਹੇ ਰੀਤੀ-ਰਿਵਾਜਾਂ ਦਾ ਪ੍ਰਚਾਰ ਕਰ ਕੇ ਹਲਚਲ ਮਚਾ ਰਹੇ ਹਨ ਜਿਨ੍ਹਾਂ ਨੂੰ ਕਬੂਲ ਕਰਨਾ ਸਾਡੇ ਲਈ ਜਾਇਜ਼ ਨਹੀਂ ਹੈ ਕਿਉਂਕਿ ਅਸੀਂ ਪੀੜ੍ਹੀਆਂ ਤੋਂ ਆਪਣੇ ਰੀਤੀ-ਰਿਵਾਜਾਂ ਨੂੰ ਮੰਨਦੇ ਆਏ ਹਾਂ।’ ਕੁਝ ਥਾਵਾਂ ʼਤੇ ਸਾਡੇ ਭੈਣਾਂ-ਭਰਾਵਾਂ ਨੂੰ ਮਾਰਿਆ-ਕੁੱਟਿਆ ਜਾਂਦਾ ਹੈ ਤੇ ਜੇਲ੍ਹਾਂ ਵਿਚ ਸੁੱਟਿਆ ਜਾਂਦਾ ਹੈ। ਪਰ ਯਹੋਵਾਹ ਸਭ ਕੁਝ ਦੇਖਦਾ ਹੈ।​—1 ਪਤ. 3:12.

“ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ” (ਰਸੂ. 16:25-34)

13. ਜੇਲ੍ਹਰ ਨੇ ਕਿਉਂ ਪੁੱਛਿਆ ਸੀ: “ਮੈਂ ਮੁਕਤੀ ਪਾਉਣ ਲਈ ਕੀ ਕਰਾਂ?”

13 ਉਸ ਦਿਨ ਹੋਈਆਂ ਘਟਨਾਵਾਂ ਕਰਕੇ ਪੌਲੁਸ ਅਤੇ ਸੀਲਾਸ ਨੂੰ ਸਦਮੇ ਵਿੱਚੋਂ ਬਾਹਰ ਆਉਣ ਲਈ ਕੁਝ ਸਮਾਂ ਲੱਗਾ ਹੋਣਾ। ਪਰ ਉਹ ਅੱਧੀ ਰਾਤ ਤਕ ਇੰਨੇ ਕੁ ਸੰਭਲ ਗਏ ਸਨ ਕਿ ਉਹ ‘ਪ੍ਰਾਰਥਨਾ ਕਰਨ ਅਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਗਾਉਣ’ ਲੱਗ ਪਏ। ਫਿਰ ਅਚਾਨਕ ਭੁਚਾਲ਼ ਨੇ ਜੇਲ੍ਹ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ! ਜੇਲ੍ਹਰ ਦੀ ਨੀਂਦ ਖੁੱਲ੍ਹ ਗਈ ਅਤੇ ਉਹ ਦਰਵਾਜ਼ੇ ਖੁੱਲ੍ਹੇ ਦੇਖ ਕੇ ਡਰ ਗਿਆ ਕਿ ਸਾਰੇ ਕੈਦੀ ਭੱਜ ਗਏ ਹੋਣੇ। ਉਸ ਨੂੰ ਪਤਾ ਸੀ ਕਿ ਉਨ੍ਹਾਂ ਦੇ ਭੱਜਣ ਕਰਕੇ ਉਸ ਨੂੰ ਸਜ਼ਾ ਮਿਲੇਗੀ, ਇਸ ਲਈ ਉਸ ਨੇ “ਆਪਣੇ ਆਪ ਨੂੰ ਜਾਨੋਂ ਮਾਰਨ ਲਈ ਆਪਣੀ ਤਲਵਾਰ ਕੱਢੀ।” ਪਰ ਪੌਲੁਸ ਨੇ ਉੱਚੀ ਆਵਾਜ਼ ਵਿਚ ਕਿਹਾ: “ਆਪਣੀ ਜਾਨ ਨਾ ਲੈ ਕਿਉਂਕਿ ਅਸੀਂ ਸਾਰੇ ਇੱਥੇ ਹੀ ਹਾਂ!” ਫਿਰ ਪਰੇਸ਼ਾਨ ਜੇਲ੍ਹਰ ਨੇ ਅੰਦਰ ਜਾ ਕੇ ਉਨ੍ਹਾਂ ਨੂੰ ਪੁੱਛਿਆ: “ਮੈਨੂੰ ਦੱਸੋ ਕਿ ਮੈਂ ਮੁਕਤੀ ਪਾਉਣ ਲਈ ਕੀ ਕਰਾਂ?” ਪੌਲੁਸ ਤੇ ਸੀਲਾਸ ਉਸ ਨੂੰ ਮੁਕਤੀ ਨਹੀਂ ਦੇ ਸਕਦੇ ਸਨ, ਸਿਰਫ਼ ਯਿਸੂ ਦੇ ਸਕਦਾ ਸੀ। ਇਸ ਲਈ ਉਨ੍ਹਾਂ ਨੇ ਕਿਹਾ: ‘ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ, ਫਿਰ ਤੂੰ ਬਚਾਇਆ ਜਾਵੇਂਗਾ।’​—ਰਸੂ. 16:25-31.

14. (ੳ) ਪੌਲੁਸ ਤੇ ਸੀਲਾਸ ਨੇ ਜੇਲ੍ਹਰ ਦੀ ਕਿਵੇਂ ਮਦਦ ਕੀਤੀ? (ਅ) ਖ਼ੁਸ਼ੀ ਨਾਲ ਅਤਿਆਚਾਰ ਸਹਿਣ ਕਰਕੇ ਪੌਲੁਸ ਤੇ ਸੀਲਾਸ ਨੂੰ ਕਿਹੜੀ ਬਰਕਤ ਮਿਲੀ?

14 ਕੀ ਜੇਲ੍ਹਰ ਨੇ ਦਿਲੋਂ ਇਹ ਸਵਾਲ ਪੁੱਛਿਆ ਸੀ? ਪੌਲੁਸ ਨੇ ਉਸ ਦੇ ਇਰਾਦੇ ʼਤੇ ਸ਼ੱਕ ਨਹੀਂ ਕੀਤਾ। ਜੇਲ੍ਹਰ ਗ਼ੈਰ-ਯਹੂਦੀ ਸੀ ਅਤੇ ਉਸ ਨੂੰ ਧਰਮ-ਗ੍ਰੰਥ ਦਾ ਗਿਆਨ ਨਹੀਂ ਸੀ। ਮਸੀਹੀ ਬਣਨ ਤੋਂ ਪਹਿਲਾਂ ਉਸ ਨੂੰ ਧਰਮ-ਗ੍ਰੰਥ ਵਿਚ ਦਿੱਤੀਆਂ ਬੁਨਿਆਦੀ ਸੱਚਾਈਆਂ ਨੂੰ ਸਿੱਖਣ ਅਤੇ ਕਬੂਲ ਕਰਨ ਦੀ ਲੋੜ ਸੀ। ਇਸ ਲਈ ਪੌਲੁਸ ਅਤੇ ਸੀਲਾਸ ਨੇ ਉਸ ਨੂੰ ਖੋਲ੍ਹ ਕੇ “ਯਹੋਵਾਹ ਦੇ ਬਚਨ ਦੀ ਸਿੱਖਿਆ ਦਿੱਤੀ।” ਉਹ ਸਿਖਾਉਣ ਵਿਚ ਇੰਨਾ ਰੁੱਝ ਗਏ ਕਿ ਸ਼ਾਇਦ ਉਹ ਆਪਣੇ ਜ਼ਖ਼ਮਾਂ ਦੀ ਪੀੜ ਭੁੱਲ ਗਏ ਹੋਣੇ। ਪਰ ਜੇਲ੍ਹਰ ਨੇ ਉਨ੍ਹਾਂ ਦੀਆਂ ਪਿੱਠਾਂ ਉੱਤੇ ਹੋਏ ਡੂੰਘੇ ਜ਼ਖ਼ਮਾਂ ਵੱਲ ਧਿਆਨ ਦਿੱਤਾ ਅਤੇ ਉਨ੍ਹਾਂ ਦੇ ਜ਼ਖ਼ਮ ਸਾਫ਼ ਕੀਤੇ। ਫਿਰ ਉਸ ਨੇ ਤੇ ਉਸ ਦੇ ਪਰਿਵਾਰ ਨੇ “ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ।” ਖ਼ੁਸ਼ੀ ਨਾਲ ਅਤਿਆਚਾਰ ਸਹਿਣ ਕਰਕੇ ਪੌਲੁਸ ਤੇ ਸੀਲਾਸ ਨੂੰ ਕਿੰਨੀ ਵੱਡੀ ਬਰਕਤ ਮਿਲੀ!​—ਰਸੂ. 16:32-34.

15. (ੳ) ਅੱਜ ਕਈ ਗਵਾਹ ਪੌਲੁਸ ਅਤੇ ਸੀਲਾਸ ਦੀ ਮਿਸਾਲ ਉੱਤੇ ਕਿਵੇਂ ਚੱਲੇ ਹਨ? (ਅ) ਸਾਨੂੰ ਆਪਣੇ ਇਲਾਕੇ ਦੇ ਲੋਕਾਂ ਨੂੰ ਵਾਰ-ਵਾਰ ਕਿਉਂ ਮਿਲਣ ਜਾਣਾ ਚਾਹੀਦਾ ਹੈ?

15 ਅੱਜ ਕਈ ਗਵਾਹ ਪੌਲੁਸ ਤੇ ਸੀਲਾਸ ਵਾਂਗ ਆਪਣੀ ਨਿਹਚਾ ਦੀ ਖ਼ਾਤਰ ਜੇਲ੍ਹ ਵਿਚ ਹੁੰਦਿਆਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ ਜਿਸ ਦੇ ਚੰਗੇ ਨਤੀਜੇ ਨਿਕਲਦੇ ਹਨ। ਮਿਸਾਲ ਲਈ, ਇਕ ਦੇਸ਼ ਵਿਚ ਸਾਡੇ ਪ੍ਰਚਾਰ ਦੇ ਕੰਮ ʼਤੇ ਪਾਬੰਦੀ ਲੱਗੀ ਹੋਈ ਸੀ। ਇਕ ਸਮੇਂ ਤੇ ਉੱਥੇ ਦੇ 40 ਪ੍ਰਤਿਸ਼ਤ ਗਵਾਹਾਂ ਨੇ ਜੇਲ੍ਹ ਵਿਚ ਹੁੰਦਿਆਂ ਯਹੋਵਾਹ ਬਾਰੇ ਸੱਚਾਈ ਸਿੱਖੀ ਸੀ। (ਯਸਾ. 54:17) ਇਸ ਗੱਲ ਵੱਲ ਵੀ ਧਿਆਨ ਦਿਓ ਕਿ ਜੇਲ੍ਹਰ ਨੇ ਭੁਚਾਲ਼ ਆਉਣ ਤੋਂ ਬਾਅਦ ਹੀ ਪੌਲੁਸ ਤੇ ਸੀਲਾਸ ਤੋਂ ਮਦਦ ਮੰਗੀ ਸੀ। ਇਸੇ ਤਰ੍ਹਾਂ ਕੁਝ ਲੋਕ ਪਹਿਲਾਂ ਕਦੀ ਰਾਜ ਦੇ ਸੰਦੇਸ਼ ਵਿਚ ਦਿਲਚਸਪੀ ਨਹੀਂ ਲੈਂਦੇ। ਪਰ ਉਹ ਸ਼ਾਇਦ ਉਦੋਂ ਹੀ ਦਿਲਚਸਪੀ ਦਿਖਾਉਣ ਜਦੋਂ ਉਨ੍ਹਾਂ ਦੀ ਜ਼ਿੰਦਗੀ ਵਿਚ ਅਚਾਨਕ ਕੋਈ ਘਟਨਾ ਉਨ੍ਹਾਂ ਨੂੰ ਹਿਲਾ ਕੇ ਰੱਖ ਦੇਵੇ। ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਵਾਰ-ਵਾਰ ਮਿਲ ਕੇ ਦਿਖਾਉਂਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਸਿਖਾਉਣ ਲਈ ਹਮੇਸ਼ਾ ਤਿਆਰ ਹਾਂ।

“ਹੁਣ ਉਹ ਸਾਨੂੰ ਚੋਰੀ-ਛਿਪੇ ਕਿਉਂ ਛੱਡ ਰਹੇ ਹਨ?” (ਰਸੂ. 16:35-40)

16. ਪੌਲੁਸ ਅਤੇ ਸੀਲਾਸ ਨੂੰ ਕੁੱਟਣ ਤੋਂ ਬਾਅਦ ਅਗਲੇ ਦਿਨ ਬਾਜ਼ੀ ਪੁੱਠੀ ਕਿਵੇਂ ਪੈ ਗਈ ਸੀ?

16 ਪੌਲੁਸ ਅਤੇ ਸੀਲਾਸ ਨੂੰ ਕੁੱਟਣ ਤੋਂ ਬਾਅਦ ਅਗਲੇ ਦਿਨ ਸਵੇਰ ਨੂੰ ਰੋਮੀ ਅਧਿਕਾਰੀਆਂ ਨੇ ਛੱਡਣ ਦਾ ਹੁਕਮ ਦਿੱਤਾ। ਪਰ ਪੌਲੁਸ ਨੇ ਕਿਹਾ: “ਭਾਵੇਂ ਕਿ ਅਸੀਂ ਰੋਮੀ ਨਾਗਰਿਕ ਹਾਂ, ਫਿਰ ਵੀ ਉਨ੍ਹਾਂ ਨੇ ਸਾਡਾ ਦੋਸ਼ ਸਾਬਤ ਕੀਤੇ ਬਿਨਾਂ ਸਾਰਿਆਂ ਸਾਮ੍ਹਣੇ ਸਾਨੂੰ ਮਾਰਿਆ-ਕੁੱਟਿਆ ਤੇ ਜੇਲ੍ਹ ਵਿਚ ਸੁੱਟ ਦਿੱਤਾ। ਤੇ ਹੁਣ ਉਹ ਸਾਨੂੰ ਚੋਰੀ-ਛਿਪੇ ਕਿਉਂ ਛੱਡ ਰਹੇ ਹਨ? ਨਹੀਂ, ਅਸੀਂ ਇੱਦਾਂ ਨਹੀਂ ਜਾਣਾ। ਉਹ ਆਪ ਆ ਕੇ ਸਾਨੂੰ ਜੇਲ੍ਹ ਵਿੱਚੋਂ ਬਾਹਰ ਲੈ ਜਾਣ।” ਜਦੋਂ ਰੋਮੀ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਹ ਦੋਵੇਂ ਆਦਮੀ ਰੋਮੀ ਨਾਗਰਿਕ ਸਨ, ਤਾਂ ਉਹ “ਬਹੁਤ ਡਰ ਗਏ” ਕਿਉਂਕਿ ਉਨ੍ਹਾਂ ਨੇ ਪੌਲੁਸ ਤੇ ਸੀਲਾਸ ਦੇ ਹੱਕਾਂ ਦੀ ਉਲੰਘਣਾ ਕੀਤੀ ਸੀ। d ਹੁਣ ਬਾਜ਼ੀ ਪੁੱਠੀ ਪੈ ਗਈ ਸੀ। ਪੌਲੁਸ ਤੇ ਸੀਲਾਸ ਨੂੰ ਲੋਕਾਂ ਦੇ ਸਾਮ੍ਹਣੇ ਕੁੱਟਿਆ ਗਿਆ ਸੀ; ਹੁਣ ਰੋਮੀ ਅਧਿਕਾਰੀਆਂ ਨੂੰ ਸਾਰਿਆਂ ਦੇ ਸਾਮ੍ਹਣੇ ਉਨ੍ਹਾਂ ਦੋਵਾਂ ਤੋਂ ਮਾਫ਼ੀ ਮੰਗਣੀ ਪਈ। ਉਨ੍ਹਾਂ ਨੇ ਪੌਲੁਸ ਤੇ ਸੀਲਾਸ ਨੂੰ ਫ਼ਿਲਿੱਪੈ ਵਿੱਚੋਂ ਚਲੇ ਜਾਣ ਦੀਆਂ ਮਿੰਨਤਾਂ ਕੀਤੀਆਂ। ਉਨ੍ਹਾਂ ਦੋਵਾਂ ਨੇ ਉਨ੍ਹਾਂ ਦੀ ਗੱਲ ਮੰਨ ਲਈ, ਪਰ ਪਹਿਲਾਂ ਉਹ ਨਵੇਂ ਬਣੇ ਚੇਲਿਆਂ ਨੂੰ ਹੌਸਲਾ ਦੇਣ ਗਏ। ਉਸ ਤੋਂ ਬਾਅਦ ਉਹ ਫ਼ਿਲਿੱਪੈ ਤੋਂ ਚਲੇ ਗਏ।

17. ਪੌਲੁਸ ਅਤੇ ਸੀਲਾਸ ਨੂੰ ਸਜ਼ਾ ਭੁਗਤਦਿਆਂ ਦੇਖ ਕੇ ਨਵੇਂ ਚੇਲੇ ਕਿਹੜਾ ਜ਼ਰੂਰੀ ਸਬਕ ਸਿੱਖ ਸਕਦੇ ਸਨ?

17 ਜੇ ਪੌਲੁਸ ਤੇ ਸੀਲਾਸ ਨੇ ਆਪਣੇ ਰੋਮੀ ਹੱਕਾਂ ਬਾਰੇ ਪਹਿਲਾਂ ਦੱਸ ਦਿੱਤਾ ਹੁੰਦਾ, ਤਾਂ ਉਹ ਸ਼ਾਇਦ ਕੁੱਟ ਖਾਣ ਤੋਂ ਬਚ ਜਾਂਦੇ। (ਰਸੂ. 22:25, 26) ਪਰ ਇਸ ਕਾਰਨ ਫ਼ਿਲਿੱਪੈ ਦੇ ਚੇਲਿਆਂ ਨੂੰ ਲੱਗ ਸਕਦਾ ਸੀ ਕਿ ਉਨ੍ਹਾਂ ਨੇ ਆਪਣੇ ਰੋਮੀ ਨਾਗਰਿਕ ਹੋਣ ਦੇ ਹੱਕ ਨੂੰ ਵਰਤ ਕੇ ਮਸੀਹ ਦੀ ਖ਼ਾਤਰ ਦੁੱਖ ਝੱਲਣ ਤੋਂ ਆਪਣੇ ਆਪ ਨੂੰ ਬਚਾ ਲਿਆ ਸੀ। ਇਸ ਦਾ ਉਨ੍ਹਾਂ ਚੇਲਿਆਂ ਦੀ ਨਿਹਚਾ ʼਤੇ ਕੀ ਅਸਰ ਪੈਣਾ ਸੀ ਜਿਹੜੇ ਰੋਮੀ ਨਾਗਰਿਕ ਨਹੀਂ ਸਨ? ਇਕ ਤਾਂ ਇਹ ਕਾਨੂੰਨ ਉਨ੍ਹਾਂ ਨੂੰ ਕੁੱਟ ਤੋਂ ਬਚਾ ਨਹੀਂ ਸਕਦਾ ਸੀ। ਦੂਸਰਾ, ਉਨ੍ਹਾਂ ਦੀ ਨਿਹਚਾ ਵੀ ਕਮਜ਼ੋਰ ਪੈ ਸਕਦੀ ਸੀ। ਇਸ ਲਈ ਪੌਲੁਸ ਅਤੇ ਸੀਲਾਸ ਨੇ ਸਜ਼ਾ ਭੁਗਤ ਕੇ ਨਵੇਂ ਚੇਲਿਆਂ ਨੂੰ ਦਿਖਾਇਆ ਕਿ ਮਸੀਹ ਦੇ ਚੇਲੇ ਅਤਿਆਚਾਰ ਦੇ ਬਾਵਜੂਦ ਵਫ਼ਾਦਾਰ ਰਹਿ ਸਕਦੇ ਹਨ। ਇਸ ਤੋਂ ਇਲਾਵਾ, ਪੌਲੁਸ ਅਤੇ ਸੀਲਾਸ ਨੇ ਆਪਣੇ ਰੋਮੀ ਹੱਕਾਂ ਬਾਰੇ ਦੱਸ ਕੇ ਰੋਮੀ ਅਧਿਕਾਰੀਆਂ ਨੂੰ ਸਾਰਿਆਂ ਸਾਮ੍ਹਣੇ ਇਹ ਕਬੂਲ ਕਰਨ ਲਈ ਮਜਬੂਰ ਕੀਤਾ ਕਿ ਉਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਸੀ। ਇਸ ਕਾਰਨ ਰੋਮੀ ਅਧਿਕਾਰੀ ਸ਼ਾਇਦ ਅੱਗੋਂ ਤੋਂ ਚੇਲਿਆਂ ਨਾਲ ਮਾੜਾ ਸਲੂਕ ਕਰਨ ਤੋਂ ਪਹਿਲਾਂ ਸੋਚਣਗੇ ਤੇ ਚੇਲਿਆਂ ਨੂੰ ਕੁਝ ਹੱਦ ਤਕ ਇਸ ਤਰ੍ਹਾਂ ਦੇ ਹਮਲਿਆਂ ਤੋਂ ਕਾਨੂੰਨੀ ਸੁਰੱਖਿਆ ਮਿਲ ਸਕੇਗੀ।

18. (ੳ) ਅੱਜ ਮਸੀਹੀ ਨਿਗਾਹਬਾਨ ਪੌਲੁਸ ਦੀ ਮਿਸਾਲ ਉੱਤੇ ਕਿਵੇਂ ਚੱਲਦੇ ਹਨ? (ਅ) ਅਸੀਂ ਅੱਜ ‘ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਦੀ ਕਾਨੂੰਨੀ ਲੜਾਈ’ ਕਿਵੇਂ ਲੜਦੇ ਹਾਂ?

18 ਅੱਜ ਵੀ ਮਸੀਹੀ ਮੰਡਲੀ ਦੇ ਨਿਗਾਹਬਾਨ ਆਪਣੀ ਮਿਸਾਲ ਦੇ ਜ਼ਰੀਏ ਭੈਣਾਂ-ਭਰਾਵਾਂ ਦੀ ਅਗਵਾਈ ਕਰਦੇ ਹਨ। ਉਹ ਭੈਣਾਂ-ਭਰਾਵਾਂ ਤੋਂ ਜੋ ਵੀ ਕਰਨ ਦੀ ਉਮੀਦ ਰੱਖਦੇ ਹਨ, ਉਹ ਆਪ ਵੀ ਇਹ ਸਭ ਕੁਝ ਕਰਨ ਲਈ ਤਿਆਰ ਰਹਿੰਦੇ ਹਨ। ਪੌਲੁਸ ਵਾਂਗ ਅਸੀਂ ਵੀ ਸੋਚ-ਸਮਝ ਕੇ ਫ਼ੈਸਲਾ ਕਰਾਂਗੇ ਕਿ ਕਾਨੂੰਨੀ ਹਿਫਾਜ਼ਤ ਪਾਉਣ ਲਈ ਅਸੀਂ ਕਦੋਂ ਅਤੇ ਕਿਵੇਂ ਆਪਣੇ ਕਾਨੂੰਨੀ ਹੱਕ ਵਰਤਾਂਗੇ। ਆਪਣੇ ਭਗਤੀ ਕਰਨ ਦੇ ਹੱਕ ਦੀ ਰਾਖੀ ਕਰਨ ਲਈ ਅਸੀਂ ਲੋੜ ਪੈਣ ਤੇ ਸਥਾਨਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਅਦਾਲਤਾਂ ਦਾ ਦਰਵਾਜ਼ਾ ਖੜਕਾਉਂਦੇ ਹਾਂ। ਇਸ ਤਰ੍ਹਾਂ ਕਰਨ ਦਾ ਸਾਡਾ ਮਕਸਦ ਸਮਾਜ ਸੁਧਾਰ ਕਰਨਾ ਨਹੀਂ ਹੈ, ਸਗੋਂ ਅਸੀਂ ‘ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਹੱਕ ਪ੍ਰਾਪਤ ਕਰਨ ਦੀ ਕਾਨੂੰਨੀ ਲੜਾਈ’ ਲੜਦੇ ਹਾਂ ਜਿਸ ਬਾਰੇ ਪੌਲੁਸ ਨੇ ਫ਼ਿਲਿੱਪੈ ਵਿਚ ਅਤਿਆਚਾਰ ਸਹਿਣ ਤੋਂ 10 ਸਾਲ ਬਾਅਦ ਉੱਥੋਂ ਦੀ ਮੰਡਲੀ ਨੂੰ ਲਿਖਿਆ ਸੀ। (ਫ਼ਿਲਿ. 1:7) ਫਿਰ ਵੀ ਅਦਾਲਤਾਂ ਜੋ ਮਰਜ਼ੀ ਫ਼ੈਸਲਾ ਕਰਨ, ਅਸੀਂ ਪੌਲੁਸ ਤੇ ਉਸ ਦੇ ਸਾਥੀਆਂ ਵਾਂਗ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਅਗਵਾਈ ਅਧੀਨ ਕਿਤੇ ਵੀ “ਖ਼ੁਸ਼ ਖ਼ਬਰੀ ਸੁਣਾਉਣ” ਲਈ ਤਿਆਰ ਰਹਾਂਗੇ।​—ਰਸੂ. 16:10.

b ਫ਼ੌਜੀ ਸ਼ਹਿਰ ਹੋਣ ਕਰਕੇ ਫ਼ਿਲਿੱਪੈ ਵਿਚ ਸ਼ਾਇਦ ਯਹੂਦੀਆਂ ਨੂੰ ਸਭਾ ਘਰ ਬਣਾਉਣ ਤੋਂ ਮਨ੍ਹਾ ਕੀਤਾ ਗਿਆ ਸੀ। ਜਾਂ ਫ਼ਿਲਿੱਪੈ ਵਿਚ ਦਸ ਯਹੂਦੀ ਆਦਮੀ ਨਾ ਹੋਣ ਕਰਕੇ ਉੱਥੇ ਸਭਾ ਘਰ ਨਹੀਂ ਸੀ ਕਿਉਂਕਿ ਸਭਾ ਘਰ ਬਣਾਉਣ ਲਈ ਸ਼ਹਿਰ ਵਿਚ ਘੱਟੋ-ਘੱਟ ਇੰਨੇ ਆਦਮੀ ਹੋਣੇ ਜ਼ਰੂਰੀ ਸਨ।

d ਰੋਮੀ ਕਾਨੂੰਨ ਮੁਤਾਬਕ ਹਰ ਨਾਗਰਿਕ ਦਾ ਹੱਕ ਹੁੰਦਾ ਸੀ ਕਿ ਉਸ ਦਾ ਮੁਕੱਦਮਾ ਸਹੀ ਤਰੀਕੇ ਨਾਲ ਲੜਿਆ ਜਾਵੇ ਅਤੇ ਦੋਸ਼ ਸਾਬਤ ਕੀਤੇ ਬਿਨਾਂ ਉਸ ਨੂੰ ਸਾਰਿਆਂ ਦੇ ਸਾਮ੍ਹਣੇ ਸਜ਼ਾ ਨਾ ਦਿੱਤੀ ਜਾਵੇ।