Skip to content

Skip to table of contents

ਅਧਿਆਇ 21

“ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”

“ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”

ਪੌਲੁਸ ਨੇ ਜੋਸ਼ ਨਾਲ ਪ੍ਰਚਾਰ ਕੀਤਾ ਅਤੇ ਬਜ਼ੁਰਗਾਂ ਨੂੰ ਸਲਾਹ ਦਿੱਤੀ

ਰਸੂਲਾਂ ਦੇ ਕੰਮ 20:1-38 ਵਿੱਚੋਂ

1-3. (ੳ) ਕਿਨ੍ਹਾਂ ਹਾਲਾਤਾਂ ਵਿਚ ਯੂਤਖੁਸ ਦੀ ਮੌਤ ਹੋਈ ਸੀ? (ਅ) ਪੌਲੁਸ ਕੀ ਕਰਦਾ ਹੈ ਅਤੇ ਇਸ ਘਟਨਾ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ?

 ਪੌਲੁਸ ਤ੍ਰੋਆਸ ਵਿਚ ਇਕ ਘਰ ਦੇ ਚੁਬਾਰੇ ਵਿਚ ਹੈ। ਉੱਥੇ ਦੇ ਭੈਣਾਂ-ਭਰਾਵਾਂ ਨਾਲ ਇਹ ਉਸ ਦੀ ਆਖ਼ਰੀ ਰਾਤ ਹੈ, ਇਸ ਲਈ ਉਹ ਉਨ੍ਹਾਂ ਨਾਲ ਕਾਫ਼ੀ ਦੇਰ ਤਕ ਗੱਲਬਾਤ ਕਰਦਾ ਹੈ। ਅੱਧੀ ਰਾਤ ਹੋ ਚੁੱਕੀ ਹੈ। ਕਮਰੇ ਵਿਚ ਜਗ ਰਹੇ ਕਈ ਦੀਵਿਆਂ ਕਰਕੇ ਅੰਦਰ ਗਰਮੀ ਹੈ ਤੇ ਸ਼ਾਇਦ ਧੂੰਏਂ ਕਰਕੇ ਘੁਟਣ ਵੀ ਹੈ। ਕਮਰੇ ਦੀ ਇਕ ਬਾਰੀ ਦੇ ਲਾਗੇ ਯੂਤਖੁਸ ਨਾਂ ਦਾ ਮੁੰਡਾ ਬੈਠਾ ਹੋਇਆ ਹੈ। ਪੌਲੁਸ ਦੀ ਗੱਲ ਸੁਣਦੇ-ਸੁਣਦੇ ਉਸ ਦੀ ਅੱਖ ਲੱਗ ਜਾਂਦੀ ਹੈ ਅਤੇ ਉਹ ਤੀਸਰੀ ਮੰਜ਼ਲ ਤੋਂ ਥੱਲੇ ਡਿਗ ਪੈਂਦਾ ਹੈ।

2 ਲੂਕਾ ਹਕੀਮ ਹੋਣ ਕਰਕੇ ਸ਼ਾਇਦ ਸਭ ਤੋਂ ਪਹਿਲਾਂ ਥੱਲੇ ਭੱਜ ਕੇ ਜਾਂਦਾ ਹੈ ਤੇ ਮੁੰਡੇ ਦੀ ਜਾਂਚ ਕਰਦਾ ਹੈ। ਇਹ ਜ਼ਾਹਰ ਹੋ ਜਾਂਦਾ ਹੈ ਕਿ ਯੂਤਖੁਸ “ਮਰਿਆ ਹੋਇਆ” ਹੈ। (ਰਸੂ. 20:9) ਪਰ ਫਿਰ ਇਕ ਚਮਤਕਾਰ ਹੁੰਦਾ ਹੈ। ਪੌਲੁਸ ਮੁੰਡੇ ਨੂੰ ਗਲ਼ ਨਾਲ ਲਾਉਂਦਾ ਹੈ ਅਤੇ ਸਾਰਿਆਂ ਨੂੰ ਕਹਿੰਦਾ ਹੈ: “ਰੌਲ਼ਾ ਨਾ ਪਾਓ ਕਿਉਂਕਿ ਮੁੰਡਾ ਜੀਉਂਦਾ ਹੋ ਗਿਆ ਹੈ।” ਪੌਲੁਸ ਯੂਤਖੁਸ ਨੂੰ ਦੁਬਾਰਾ ਜੀਉਂਦਾ ਕਰ ਦਿੰਦਾ ਹੈ!​—ਰਸੂ. 20:10.

3 ਇਸ ਚਮਤਕਾਰ ਤੋਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਤਾਕਤ ਪਤਾ ਲੱਗਦੀ ਹੈ। ਪੌਲੁਸ ਨੂੰ ਯੂਤਖੁਸ ਦੀ ਮੌਤ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਫਿਰ ਵੀ ਉਹ ਨਹੀਂ ਚਾਹੁੰਦਾ ਸੀ ਕਿ ਮੁੰਡੇ ਦੀ ਮੌਤ ਕਰਕੇ ਉਸ ਖ਼ਾਸ ਮੌਕੇ ਦੌਰਾਨ ਰੰਗ ਵਿਚ ਭੰਗ ਪੈ ਜਾਵੇ ਜਾਂ ਕਿਸੇ ਦੀ ਨਿਹਚਾ ਕਮਜ਼ੋਰ ਹੋ ਜਾਵੇ। ਯੂਤਖੁਸ ਨੂੰ ਜੀਉਂਦਾ ਕਰ ਕੇ ਪੌਲੁਸ ਨੇ ਮੰਡਲੀ ਨੂੰ ਦਿਲਾਸਾ ਦਿੱਤਾ ਅਤੇ ਉਨ੍ਹਾਂ ਵਿਚ ਪ੍ਰਚਾਰ ਕਰਦੇ ਰਹਿਣ ਦਾ ਜੋਸ਼ ਭਰਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੌਲੁਸ ਦੂਸਰਿਆਂ ਦੀਆਂ ਜਾਨਾਂ ਬਚਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਸਮਝਦਾ ਸੀ। ਉਸ ਨੇ ਆਪ ਹੀ ਕਿਹਾ ਸੀ: “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ।” (ਰਸੂ. 20:26) ਆਓ ਆਪਾਂ ਪੌਲੁਸ ਦੀ ਮਿਸਾਲ ʼਤੇ ਗੌਰ ਕਰ ਕੇ ਦੇਖੀਏ ਕਿ ਅਸੀਂ ਇਹ ਜ਼ਿੰਮੇਵਾਰੀ ਕਿਵੇਂ ਨਿਭਾ ਸਕਦੇ ਹਾਂ।

ਪੌਲੁਸ “ਮਕਦੂਨੀਆ ਜਾਣ ਲਈ ਤੁਰ ਪਿਆ” (ਰਸੂ. 20:1, 2)

4. ਪੌਲੁਸ ਨੂੰ ਕਿਹੜਾ ਇਕ ਖ਼ਤਰਨਾਕ ਤਜਰਬਾ ਹੋਇਆ ਸੀ?

4 ਜਿਵੇਂ ਪਿਛਲੇ ਅਧਿਆਇ ਵਿਚ ਦੱਸਿਆ ਗਿਆ ਸੀ, ਅਫ਼ਸੁਸ ਵਿਚ ਪੌਲੁਸ ਨੂੰ ਇਕ ਖ਼ਤਰਨਾਕ ਤਜਰਬਾ ਹੋਇਆ ਸੀ। ਉਸ ਦੇ ਪ੍ਰਚਾਰ ਕਰਕੇ ਉੱਥੇ ਕਾਫ਼ੀ ਹੰਗਾਮਾ ਖੜ੍ਹਾ ਹੋਇਆ। ਅਸਲ ਵਿਚ ਅਰਤਿਮਿਸ ਦੇਵੀ ਦੀਆਂ ਮੂਰਤੀਆਂ ਵੇਚਣ ਵਾਲੇ ਸੁਨਿਆਰਿਆਂ ਨੇ ਫ਼ਸਾਦ ਖੜ੍ਹਾ ਕੀਤਾ ਸੀ। ਰਸੂਲਾਂ ਦੇ ਕੰਮ 20:1 ਵਿਚ ਦੱਸਿਆ ਹੈ: “ਜਦੋਂ ਰੌਲ਼ਾ-ਰੱਪਾ ਖ਼ਤਮ ਹੋ ਗਿਆ, ਤਾਂ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਹੱਲਾਸ਼ੇਰੀ ਦਿੱਤੀ। ਫਿਰ ਉਨ੍ਹਾਂ ਨੂੰ ਅਲਵਿਦਾ ਕਹਿ ਕੇ ਉਹ ਮਕਦੂਨੀਆ ਜਾਣ ਲਈ ਤੁਰ ਪਿਆ।”

5, 6. (ੳ) ਪੌਲੁਸ ਮਕਦੂਨੀਆ ਵਿਚ ਕਿੰਨਾ ਕੁ ਸਮਾਂ ਰਿਹਾ ਹੋਣਾ ਅਤੇ ਉੱਥੇ ਉਸ ਨੇ ਭਰਾਵਾਂ ਲਈ ਕੀ ਕੀਤਾ ਸੀ? (ਅ) ਪੌਲੁਸ ਦਾ ਆਪਣੇ ਮਸੀਹੀ ਭੈਣਾਂ-ਭਰਾਵਾਂ ਬਾਰੇ ਕੀ ਨਜ਼ਰੀਆ ਸੀ?

5 ਮਕਦੂਨੀਆ ਜਾਂਦੇ ਹੋਏ ਪੌਲੁਸ ਤ੍ਰੋਆਸ ਵਿਚ ਰੁਕਿਆ। ਉਸ ਨੂੰ ਆਸ ਸੀ ਕਿ ਤੀਤੁਸ ਉਸ ਨੂੰ ਉੱਥੇ ਮਿਲੇਗਾ ਜਿਸ ਨੂੰ ਉਸ ਨੇ ਕੁਰਿੰਥੁਸ ਨੂੰ ਘੱਲਿਆ ਸੀ। (2 ਕੁਰਿੰ. 2:12, 13) ਪਰ ਜਦੋਂ ਉਸ ਨੂੰ ਯਕੀਨ ਹੋ ਗਿਆ ਕਿ ਤੀਤੁਸ ਤ੍ਰੋਆਸ ਨਹੀਂ ਆ ਸਕੇਗਾ, ਤਾਂ ਉਹ ਮਕਦੂਨੀਆ ਨੂੰ ਚਲਾ ਗਿਆ ਤੇ ਉੱਥੇ ਸ਼ਾਇਦ ਛੇ ਮਹੀਨੇ ਰਹਿ ਕੇ “ਚੇਲਿਆਂ ਨੂੰ ਬਹੁਤ ਸਾਰੀਆਂ ਗੱਲਾਂ ਨਾਲ ਹੌਸਲਾ ਦਿੱਤਾ।” a (ਰਸੂ. 20:2) ਅਖ਼ੀਰ ਤੀਤੁਸ ਪੌਲੁਸ ਨੂੰ ਮਕਦੂਨੀਆ ਵਿਚ ਮਿਲਿਆ ਤੇ ਉਸ ਨੂੰ ਇਹ ਖ਼ੁਸ਼ ਖ਼ਬਰੀ ਸੁਣਾਈ ਕਿ ਕੁਰਿੰਥੁਸ ਦੇ ਮਸੀਹੀ ਉਸ ਦੀ ਪਹਿਲੀ ਚਿੱਠੀ ਵਿਚ ਦਿੱਤੀ ਸਲਾਹ ਮੁਤਾਬਕ ਚੱਲੇ ਸਨ। (2 ਕੁਰਿੰ. 7:5-7) ਇਸ ਕਰਕੇ ਪੌਲੁਸ ਨੇ ਉਨ੍ਹਾਂ ਨੂੰ ਇਕ ਹੋਰ ਚਿੱਠੀ ਲਿਖੀ ਜੋ ਅੱਜ ਬਾਈਬਲ ਵਿਚ ਦੂਜਾ ਕੁਰਿੰਥੀਆਂ ਦੇ ਨਾਂ ਨਾਲ ਦਰਜ ਹੈ।

6 ਧਿਆਨ ਦੇਣ ਵਾਲੀ ਗੱਲ ਹੈ ਕਿ ਲੂਕਾ ਨੇ ਜ਼ਿਕਰ ਕੀਤਾ ਕਿ ਪੌਲੁਸ ਨੇ ਅਫ਼ਸੁਸ ਅਤੇ ਮਕਦੂਨੀਆ ਦੇ ਭੈਣਾਂ-ਭਰਾਵਾਂ ਨੂੰ “ਹੱਲਾਸ਼ੇਰੀ ਦਿੱਤੀ” ਅਤੇ “ਹੌਸਲਾ ਦਿੱਤਾ।” ਇਸ ਤੋਂ ਪਤਾ ਲੱਗਦਾ ਹੈ ਕਿ ਪੌਲੁਸ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਕਿੰਨੀ ਪਰਵਾਹ ਕਰਦਾ ਸੀ। ਉਸ ਦਾ ਰਵੱਈਆ ਫ਼ਰੀਸੀਆਂ ਤੋਂ ਬਿਲਕੁਲ ਉਲਟ ਸੀ ਜੋ ਦੂਸਰਿਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਸਨ। ਪਰ ਪੌਲੁਸ ਭੈਣਾਂ-ਭਰਾਵਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਆਪਣੇ ਨਾਲ ਕੰਮ ਕਰਨ ਵਾਲੇ ਸਮਝਦਾ ਸੀ। (ਯੂਹੰ. 7:47-49; 1 ਕੁਰਿੰ. 3:9) ਪੌਲੁਸ ਨੇ ਉਨ੍ਹਾਂ ਨੂੰ ਸਖ਼ਤ ਸਲਾਹ ਦੇਣ ਵੇਲੇ ਵੀ ਇਹੀ ਨਜ਼ਰੀਆ ਰੱਖਿਆ ਸੀ।​—2 ਕੁਰਿੰ. 2:4.

7. ਅੱਜ ਮਸੀਹੀ ਨਿਗਾਹਬਾਨ ਕਿਵੇਂ ਪੌਲੁਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ?

7 ਅੱਜ ਮੰਡਲੀ ਦੇ ਬਜ਼ੁਰਗ ਅਤੇ ਸਰਕਟ ਓਵਰਸੀਅਰ ਪੌਲੁਸ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਿਸੇ ਭੈਣ ਜਾਂ ਭਰਾ ਨੂੰ ਤਾੜਨਾ ਦਿੰਦੇ ਵੇਲੇ ਵੀ ਉਨ੍ਹਾਂ ਦਾ ਟੀਚਾ ਉਸ ਨੂੰ ਹੌਸਲਾ ਦੇਣਾ ਹੁੰਦਾ ਹੈ। ਉਹ ਭੈਣਾਂ-ਭਰਾਵਾਂ ਨੂੰ ਦੋਸ਼ੀ ਮਹਿਸੂਸ ਕਰਾਉਣ ਦੀ ਬਜਾਇ ਹਮਦਰਦੀ ਰੱਖਦੇ ਹੋਏ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਨ। ਇਕ ਤਜਰਬੇਕਾਰ ਸਰਕਟ ਓਵਰਸੀਅਰ ਕਹਿੰਦਾ ਹੈ: “ਜ਼ਿਆਦਾਤਰ ਭੈਣ-ਭਰਾ ਸਹੀ ਕੰਮ ਕਰਨੇ ਚਾਹੁੰਦੇ ਹਨ, ਪਰ ਉਹ ਅਕਸਰ ਨਿਰਾਸ਼ ਹੋ ਜਾਂਦੇ ਹਨ, ਉਨ੍ਹਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਡਰ ਹੁੰਦੇ ਹਨ ਤੇ ਉਹ ਆਪਣੀਆਂ ਕਮੀਆਂ-ਕਮਜ਼ੋਰੀਆਂ ਕਾਰਨ ਲਾਚਾਰ ਮਹਿਸੂਸ ਕਰਦੇ ਹਨ।” ਨਿਗਾਹਬਾਨ ਅਜਿਹੇ ਮਸੀਹੀ ਭੈਣਾਂ-ਭਰਾਵਾਂ ਦੀ ਹਿੰਮਤ ਵਧਾ ਸਕਦੇ ਹਨ।​—ਇਬ. 12:12, 13.

“ਯਹੂਦੀਆਂ ਨੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜੀ ਸੀ” (ਰਸੂ. 20:3, 4)

8, 9. (ੳ) ਪੌਲੁਸ ਨੂੰ ਸੀਰੀਆ ਜਾਣ ਦੀ ਯੋਜਨਾ ਵਿਚ ਕੁਝ ਫੇਰ-ਬਦਲ ਕਿਉਂ ਕਰਨਾ ਪਿਆ? (ਅ) ਪੌਲੁਸ ਯਹੂਦੀਆਂ ਦੀਆਂ ਅੱਖਾਂ ਵਿਚ ਕਿਉਂ ਰੜਕਦਾ ਸੀ?

8 ਪੌਲੁਸ ਮਕਦੂਨੀਆ ਤੋਂ ਕੁਰਿੰਥੁਸ ਚਲਾ ਗਿਆ। b ਉੱਥੇ ਤਿੰਨ ਮਹੀਨੇ ਰਹਿਣ ਤੋਂ ਬਾਅਦ ਉਹ ਕੰਖਰਿਆ ਜਾਣਾ ਚਾਹੁੰਦਾ ਸੀ ਜਿੱਥੋਂ ਉਸ ਨੇ ਸਮੁੰਦਰੀ ਜਹਾਜ਼ ਰਾਹੀਂ ਸੀਰੀਆ ਜਾਣ ਦੀ ਯੋਜਨਾ ਬਣਾਈ ਸੀ। ਸੀਰੀਆ ਤੋਂ ਯਰੂਸ਼ਲਮ ਜਾ ਕੇ ਉਸ ਨੇ ਗ਼ਰੀਬ ਭੈਣਾਂ-ਭਰਾਵਾਂ ਲਈ ਇਕੱਠਾ ਕੀਤਾ ਦਾਨ ਸੌਂਪਣਾ ਸੀ। c (ਰਸੂ. 24:17; ਰੋਮੀ. 15:25, 26) ਪਰ ਕਿਸੇ ਗੱਲੋਂ ਪੌਲੁਸ ਨੂੰ ਆਪਣੀ ਯੋਜਨਾ ਬਦਲਣੀ ਪਈ। ਰਸੂਲਾਂ ਦੇ ਕੰਮ 20:3 ਵਿਚ ਦੱਸਿਆ ਹੈ: “ਯਹੂਦੀਆਂ ਨੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜੀ ਸੀ।”

9 ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਪੌਲੁਸ ਯਹੂਦੀਆਂ ਦੀਆਂ ਅੱਖਾਂ ਵਿਚ ਰੜਕਦਾ ਸੀ ਕਿਉਂਕਿ ਉਹ ਉਸ ਨੂੰ ਧਰਮ-ਤਿਆਗੀ ਮੰਨਦੇ ਸਨ। ਕੁਝ ਸਮਾਂ ਪਹਿਲਾਂ ਕੁਰਿੰਥੁਸ ਵਿਚ ਪ੍ਰਚਾਰ ਕਰਨ ਕਰਕੇ ਉੱਥੇ ਦੇ ਸਭਾ ਘਰ ਦਾ ਇਕ ਮੰਨਿਆ-ਪ੍ਰਮੰਨਿਆ ਬੰਦਾ ਕਰਿਸਪੁਸ ਮਸੀਹੀ ਬਣ ਗਿਆ ਸੀ। (ਰਸੂ. 18:7, 8; 1 ਕੁਰਿੰ. 1:14) ਇਕ ਹੋਰ ਮੌਕੇ ʼਤੇ ਕੁਰਿੰਥੁਸ ਵਿਚ ਯਹੂਦੀਆਂ ਨੇ ਅਖਾਯਾ ਪ੍ਰਾਂਤ ਦੇ ਰਾਜਪਾਲ ਗਾਲੀਓ ਸਾਮ੍ਹਣੇ ਪੌਲੁਸ ਉੱਤੇ ਦੋਸ਼ ਲਾਏ ਸਨ। ਪਰ ਗਾਲੀਓ ਨੂੰ ਉਨ੍ਹਾਂ ਦੇ ਦੋਸ਼ ਬੇਬੁਨਿਆਦ ਲੱਗੇ ਜਿਸ ਕਰਕੇ ਉਸ ਨੇ ਮਾਮਲਾ ਖ਼ਾਰਜ ਕਰ ਦਿੱਤਾ ਸੀ। ਇਸ ਕਰਕੇ ਪੌਲੁਸ ਦੇ ਦੁਸ਼ਮਣ ਗੁੱਸੇ ਵਿਚ ਤਿਲਮਿਲਾ ਉੱਠੇ। (ਰਸੂ. 18:12-17) ਕੁਰਿੰਥੁਸ ਦੇ ਯਹੂਦੀਆਂ ਨੂੰ ਸ਼ਾਇਦ ਪਤਾ ਹੋਣਾ ਜਾਂ ਉਨ੍ਹਾਂ ਨੇ ਅੰਦਾਜ਼ਾ ਲਾਇਆ ਹੋਣਾ ਕਿ ਪੌਲੁਸ ਜਲਦੀ ਹੀ ਕੰਖਰਿਆ ਤੋਂ ਸਮੁੰਦਰੀ ਜਹਾਜ਼ ਫੜੇਗਾ, ਇਸ ਲਈ ਉਨ੍ਹਾਂ ਨੇ ਘਾਤ ਲਾ ਕੇ ਉਸ ਉੱਤੇ ਹਮਲਾ ਕਰਨ ਦੀ ਚਾਲ ਚੱਲੀ। ਪੌਲੁਸ ਨੇ ਕੀ ਕੀਤਾ?

10. ਕੀ ਕੰਖਰਿਆ ਨਾ ਜਾਣ ਦੇ ਪੌਲੁਸ ਦੇ ਫ਼ੈਸਲੇ ਦਾ ਇਹ ਮਤਲਬ ਸੀ ਕਿ ਉਹ ਡਰਪੋਕ ਸੀ? ਸਮਝਾਓ।

10 ਪੌਲੁਸ ਨੂੰ ਆਪਣੀ ਜ਼ਿੰਦਗੀ ਦੀ ਅਤੇ ਇਕੱਠੇ ਕੀਤੇ ਦਾਨ ਦੀ ਪਰਵਾਹ ਸੀ ਜਿਸ ਕਰਕੇ ਉਸ ਨੇ ਕੰਖਰਿਆ ਦੀ ਬਜਾਇ ਮਕਦੂਨੀਆ ਰਾਹੀਂ ਵਾਪਸ ਜਾਣ ਦਾ ਫ਼ੈਸਲਾ ਕੀਤਾ। ਇਹ ਸੱਚ ਹੈ ਕਿ ਸੜਕਾਂ ਰਾਹੀਂ ਸਫ਼ਰ ਕਰਨਾ ਵੀ ਖ਼ਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਪੁਰਾਣੇ ਜ਼ਮਾਨੇ ਵਿਚ ਸੜਕਾਂ ʼਤੇ ਬਹੁਤ ਡਾਕੂ-ਲੁਟੇਰੇ ਘੁੰਮਦੇ ਸਨ। ਮੁਸਾਫ਼ਰਖ਼ਾਨੇ ਵੀ ਇੰਨੇ ਸੁਰੱਖਿਅਤ ਨਹੀਂ ਹੁੰਦੇ ਸਨ। ਫਿਰ ਵੀ ਪੌਲੁਸ ਨੇ ਕੰਖਰਿਆ ਵਿਚ ਖ਼ਤਰਾ ਮੁੱਲ ਲੈਣ ਦੀ ਬਜਾਇ ਸੜਕਾਂ ਰਾਹੀਂ ਸਫ਼ਰ ਕਰਨ ਦਾ ਫ਼ੈਸਲਾ ਕੀਤਾ। ਇਹ ਚੰਗੀ ਗੱਲ ਸੀ ਕਿ ਉਹ ਇਕੱਲਾ ਸਫ਼ਰ ਨਹੀਂ ਕਰ ਰਿਹਾ ਸੀ। ਉਸ ਨਾਲ ਅਰਿਸਤਰਖੁਸ, ਸਿਕੁੰਦੁਸ, ਸੋਪਤਰੁਸ, ਗਾਉਸ, ਤਿਮੋਥਿਉਸ, ਤੁਖੀਕੁਸ ਤੇ ਤ੍ਰੋਫ਼ਿਮੁਸ ਵੀ ਸਨ।​—ਰਸੂ. 20:3, 4.

11. ਅੱਜ ਮਸੀਹੀ ਆਪਣੀ ਸੁਰੱਖਿਆ ਲਈ ਕੀ ਕਰਦੇ ਹਨ ਅਤੇ ਯਿਸੂ ਨੇ ਇਸ ਮਾਮਲੇ ਵਿਚ ਕਿਹੜੀ ਮਿਸਾਲ ਕਾਇਮ ਕੀਤੀ ਸੀ?

11 ਪੌਲੁਸ ਵਾਂਗ ਅੱਜ ਮਸੀਹੀ ਪ੍ਰਚਾਰ ਕਰਦਿਆਂ ਆਪਣੀ ਸੁਰੱਖਿਆ ਦਾ ਧਿਆਨ ਰੱਖਦੇ ਹਨ। ਕੁਝ ਇਲਾਕਿਆਂ ਵਿਚ ਉਹ ਪ੍ਰਚਾਰ ਲਈ ਇਕੱਲੇ ਜਾਣ ਦੀ ਬਜਾਇ ਇਕੱਠੇ ਹੋ ਕੇ ਜਾਂ ਘੱਟੋ-ਘੱਟ ਦੋ ਜਣੇ ਮਿਲ ਕੇ ਜਾਂਦੇ ਹਨ। ਅਤਿਆਚਾਰ ਬਾਰੇ ਕੀ? ਮਸੀਹੀਆਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਅਤਿਆਚਾਰ ਸਹਿਣੇ ਹੀ ਪੈਣਗੇ। (ਯੂਹੰ. 15:20; 2 ਤਿਮੋ. 3:12) ਪਰ ਉਹ ਜਾਣ-ਬੁੱਝ ਕੇ ਆਪਣੀ ਜਾਨ ਖ਼ਤਰੇ ਵਿਚ ਨਹੀਂ ਪਾਉਂਦੇ। ਜ਼ਰਾ ਯਿਸੂ ਦੀ ਮਿਸਾਲ ʼਤੇ ਗੌਰ ਕਰੋ। ਇਕ ਵਾਰ ਯਰੂਸ਼ਲਮ ਵਿਚ ਜਦੋਂ ਵਿਰੋਧੀ ਉਸ ਨੂੰ ਪੱਥਰ ਮਾਰਨ ਲੱਗੇ ਸਨ, ਤਾਂ “ਉਹ ਲੁਕ ਗਿਆ ਅਤੇ ਮੰਦਰ ਤੋਂ ਬਾਹਰ ਚਲਾ ਗਿਆ।” (ਯੂਹੰ. 8:59) ਬਾਅਦ ਵਿਚ ਜਦੋਂ ਯਹੂਦੀ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ, ਤਾਂ ਉਸ ਨੇ ‘ਯਹੂਦੀਆਂ ਵਿਚ ਖੁੱਲ੍ਹੇ-ਆਮ ਤੁਰਨਾ-ਫਿਰਨਾ ਛੱਡ ਦਿੱਤਾ, ਪਰ ਉਹ ਉੱਥੋਂ ਸ਼ਹਿਰ ਵਿਚ ਚਲਾ ਗਿਆ ਜੋ ਉਜਾੜ ਲਾਗੇ ਸੀ।’ (ਯੂਹੰ. 11:54) ਯਿਸੂ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਜਦੋਂ ਇਸ ਤਰ੍ਹਾਂ ਕਰਨਾ ਪਰਮੇਸ਼ੁਰ ਦੀ ਮਰਜ਼ੀ ਦੇ ਖ਼ਿਲਾਫ਼ ਨਹੀਂ ਸੀ। ਅੱਜ ਮਸੀਹੀ ਵੀ ਇਸੇ ਤਰ੍ਹਾਂ ਕਰਦੇ ਹਨ।​—ਮੱਤੀ 10:16.

ਉਨ੍ਹਾਂ ਨੂੰ “ਬਹੁਤ ਹੀ ਦਿਲਾਸਾ” ਮਿਲਿਆ (ਰਸੂ. 20:5-12)

12, 13. (ੳ) ਯੂਤਖੁਸ ਦੇ ਜੀਉਂਦਾ ਹੋਣ ਦਾ ਮੰਡਲੀ ਉੱਤੇ ਕੀ ਅਸਰ ਪਿਆ ਸੀ? (ਅ) ਜਿਨ੍ਹਾਂ ਦੇ ਅਜ਼ੀਜ਼ਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਬਾਈਬਲ ਵਿਚ ਦਿੱਤੀ ਕਿਹੜੀ ਉਮੀਦ ਤੋਂ ਦਿਲਾਸਾ ਮਿਲਦਾ ਹੈ?

12 ਪੌਲੁਸ ਅਤੇ ਉਸ ਦੇ ਸਾਥੀਆਂ ਨੇ ਮਕਦੂਨੀਆ ਰਾਹੀਂ ਇਕੱਠੇ ਸਫ਼ਰ ਕੀਤਾ ਅਤੇ ਫਿਰ ਉਹ ਵੱਖੋ-ਵੱਖਰੇ ਰਾਹ ਚਲੇ ਗਏ। ਪਰ ਉਹ ਤ੍ਰੋਆਸ ਵਿਚ ਦੁਬਾਰਾ ਇਕੱਠੇ ਹੋਏ। d ਬਾਈਬਲ ਵਿਚ ਲਿਖਿਆ ਹੈ: ‘ਅਸੀਂ ਪੰਜਾਂ ਦਿਨਾਂ ਵਿਚ ਉਨ੍ਹਾਂ ਕੋਲ ਤ੍ਰੋਆਸ ਆ ਗਏ।’ e (ਰਸੂ. 20:6) ਜਿੱਦਾਂ ਸ਼ੁਰੂ ਵਿਚ ਦੱਸਿਆ ਗਿਆ ਹੈ, ਤ੍ਰੋਆਸ ਵਿਚ ਯੂਤਖੁਸ ਨਾਂ ਦੇ ਮੁੰਡੇ ਨੂੰ ਜੀਉਂਦਾ ਕੀਤਾ ਗਿਆ ਸੀ। ਕਲਪਨਾ ਕਰੋ ਕਿ ਯੂਤਖੁਸ ਨੂੰ ਦੁਬਾਰਾ ਜੀਉਂਦਾ ਦੇਖ ਕੇ ਭੈਣਾਂ-ਭਰਾਵਾਂ ਨੂੰ ਕਿੱਦਾਂ ਲੱਗਾ ਹੋਣਾ। ਬਾਈਬਲ ਦੱਸਦੀ ਹੈ ਕਿ ਉਨ੍ਹਾਂ ਨੂੰ “ਬਹੁਤ ਹੀ ਦਿਲਾਸਾ ਮਿਲਿਆ।”​—ਰਸੂ. 20:12.

13 ਇਹ ਸੱਚ ਹੈ ਕਿ ਅੱਜ ਇਸ ਤਰ੍ਹਾਂ ਦੇ ਚਮਤਕਾਰ ਨਹੀਂ ਹੁੰਦੇ। ਫਿਰ ਵੀ ਜਿਨ੍ਹਾਂ ਦੇ ਅਜ਼ੀਜ਼ ਮਰ ਚੁੱਕੇ ਹਨ, ਉਨ੍ਹਾਂ ਨੂੰ ਬਾਈਬਲ ਵਿਚ ਦਿੱਤੀ ਇਸ ਉਮੀਦ ਤੋਂ “ਬਹੁਤ ਹੀ ਦਿਲਾਸਾ” ਮਿਲਦਾ ਹੈ ਕਿ ਮਰੇ ਹੋਏ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ। (ਯੂਹੰ. 5:28, 29) ਜ਼ਰਾ ਸੋਚੋ: ਨਾਮੁਕੰਮਲ ਹੋਣ ਕਰਕੇ ਯੂਤਖੁਸ ਦੁਬਾਰਾ ਮਰ ਗਿਆ। (ਰੋਮੀ. 6:23) ਪਰ ਜਿਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀਉਂਦਾ ਕੀਤਾ ਜਾਵੇਗਾ, ਉਨ੍ਹਾਂ ਕੋਲ ਹਮੇਸ਼ਾ ਜੀਉਣ ਦਾ ਮੌਕਾ ਹੋਵੇਗਾ। ਇਸ ਤੋਂ ਇਲਾਵਾ, ਸਵਰਗ ਵਿਚ ਯਿਸੂ ਨਾਲ ਰਾਜ ਕਰਨ ਲਈ ਜੀ ਉਠਾਏ ਜਾਂਦੇ ਲੋਕ ਅਮਰ ਹੋਣਗੇ। (1 ਕੁਰਿੰ. 15:51-53) “ਹੋਰ ਭੇਡਾਂ” ਅਤੇ ਚੁਣੇ ਹੋਏ ਮਸੀਹੀਆਂ ਨੂੰ ਇਸ ਗੱਲ ਤੋਂ ਕਿੰਨਾ ਹੌਸਲਾ ਮਿਲਦਾ ਹੈ!​—ਯੂਹੰ. 10:16.

“ਖੁੱਲ੍ਹੇ-ਆਮ ਤੇ ਘਰ-ਘਰ” (ਰਸੂ. 20:13-24)

14. ਮਿਲੇਤੁਸ ਵਿਚ ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗ ਨੂੰ ਕੀ ਦੱਸਿਆ ਸੀ?

14 ਪੌਲੁਸ ਅਤੇ ਉਸ ਦੇ ਸਾਥੀ ਤ੍ਰੋਆਸ ਤੋਂ ਅੱਸੁਸ ਨੂੰ, ਫਿਰ ਮਿਤੁਲੇਨੇ, ਖੀਓਸ, ਸਾਮੁਸ ਤੇ ਮਿਲੇਤੁਸ ਨੂੰ ਚਲੇ ਗਏ। ਪੌਲੁਸ ਪੰਤੇਕੁਸਤ ਦੇ ਤਿਉਹਾਰ ਦੇ ਦਿਨ ਯਰੂਸ਼ਲਮ ਪਹੁੰਚਣਾ ਚਾਹੁੰਦਾ ਸੀ। ਯਰੂਸ਼ਲਮ ਪਹੁੰਚਣ ਦੀ ਕਾਹਲੀ ਹੋਣ ਕਰਕੇ ਉਸ ਨੇ ਜਿਸ ਸਮੁੰਦਰੀ ਜਹਾਜ਼ ਵਿਚ ਸਫ਼ਰ ਕੀਤਾ, ਉਸ ਜਹਾਜ਼ ਨੇ ਅਫ਼ਸੁਸ ਵਿਚ ਨਹੀਂ ਰੁਕਣਾ ਸੀ। ਪਰ ਪੌਲੁਸ ਅਫ਼ਸੁਸ ਦੇ ਬਜ਼ੁਰਗਾਂ ਨਾਲ ਗੱਲ ਕਰਨੀ ਚਾਹੁੰਦਾ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਮਿਲੇਤੁਸ ਆ ਕੇ ਉਸ ਨੂੰ ਮਿਲਣ ਦੀ ਬੇਨਤੀ ਕੀਤੀ। (ਰਸੂ. 20:13-17) ਜਦੋਂ ਉਹ ਉੱਥੇ ਪਹੁੰਚੇ, ਤਾਂ ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਏਸ਼ੀਆ ਜ਼ਿਲ੍ਹੇ ਵਿਚ ਕਦਮ ਰੱਖਣ ਦੇ ਪਹਿਲੇ ਦਿਨ ਤੋਂ ਹੀ ਮੈਂ ਤੁਹਾਡੇ ਨਾਲ ਰਹਿੰਦਿਆਂ ਆਪਣਾ ਸਾਰਾ ਸਮਾਂ ਕਿਵੇਂ ਗੁਜ਼ਾਰਿਆ ਯਾਨੀ ਮੈਂ ਪੂਰੀ ਨਿਮਰਤਾ ਨਾਲ ਅਤੇ ਹੰਝੂ ਵਹਾ-ਵਹਾ ਕੇ ਅਤੇ ਯਹੂਦੀਆਂ ਦੀਆਂ ਸਾਜ਼ਸ਼ਾਂ ਕਰਕੇ ਖੜ੍ਹੀਆਂ ਹੋਈਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹੋਏ ਪ੍ਰਭੂ ਦੀ ਸੇਵਾ ਕੀਤੀ। ਨਾਲੇ ਮੈਂ ਅਜਿਹੀ ਕੋਈ ਵੀ ਗੱਲ ਜਿਹੜੀ ਤੁਹਾਡੇ ਫ਼ਾਇਦੇ ਲਈ ਸੀ, ਤੁਹਾਨੂੰ ਦੱਸਣ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਤੁਹਾਨੂੰ ਖੁੱਲ੍ਹੇ-ਆਮ ਤੇ ਘਰ-ਘਰ ਜਾ ਕੇ ਸਿਖਾਉਣ ਤੋਂ ਹਟਿਆ। ਪਰ ਮੈਂ ਯਹੂਦੀਆਂ ਅਤੇ ਯੂਨਾਨੀਆਂ ਨੂੰ ਚੰਗੀ ਤਰ੍ਹਾਂ ਗਵਾਹੀ ਦਿੱਤੀ ਕਿ ਉਹ ਤੋਬਾ ਕਰ ਕੇ ਪਰਮੇਸ਼ੁਰ ਵੱਲ ਮੁੜਨ ਅਤੇ ਸਾਡੇ ਪ੍ਰਭੂ ਯਿਸੂ ਉੱਤੇ ਨਿਹਚਾ ਕਰਨ।”​—ਰਸੂ. 20:18-21.

15. ਘਰ-ਘਰ ਪ੍ਰਚਾਰ ਕਰਨ ਦੇ ਕਿਹੜੇ ਕੁਝ ਫ਼ਾਇਦੇ ਹਨ?

15 ਅੱਜ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਕਈ ਤਰੀਕੇ ਹਨ। ਪੌਲੁਸ ਵਾਂਗ ਅਸੀਂ ਹਰ ਜਗ੍ਹਾ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਿ ਬੱਸ ਅੱਡਿਆਂ ʼਤੇ, ਬਾਜ਼ਾਰਾਂ ਵਿਚ ਅਤੇ ਸੜਕਾਂ ʼਤੇ। ਪਰ ਘਰ-ਘਰ ਪ੍ਰਚਾਰ ਕਰਨਾ ਯਹੋਵਾਹ ਦੇ ਗਵਾਹਾਂ ਦਾ ਮੁੱਖ ਤਰੀਕਾ ਹੈ। ਕਿਉਂ? ਕਿਉਂਕਿ ਘਰ-ਘਰ ਪ੍ਰਚਾਰ ਕਰਨ ਨਾਲ ਸਾਰਿਆਂ ਨੂੰ ਰਾਜ ਦਾ ਸੰਦੇਸ਼ ਸੁਣਨ ਦਾ ਮੌਕਾ ਮਿਲਦਾ ਹੈ ਅਤੇ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਇਸ ਦੇ ਜ਼ਰੀਏ ਅਸੀਂ ਨੇਕਦਿਲ ਲੋਕਾਂ ਦੀ ਲੋੜ ਅਨੁਸਾਰ ਮਦਦ ਕਰ ਸਕਦੇ ਹਾਂ। ਇਸ ਤੋਂ ਇਲਾਵਾ, ਘਰ-ਘਰ ਪ੍ਰਚਾਰ ਕਰਨ ਕਰਕੇ ਮਸੀਹੀਆਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ ਤੇ ਉਨ੍ਹਾਂ ਵਿਚ ਧੀਰਜ ਪੈਦਾ ਹੁੰਦਾ ਹੈ। ਅੱਜ ਜੋਸ਼ ਨਾਲ “ਖੁੱਲ੍ਹੇ-ਆਮ ਤੇ ਘਰ-ਘਰ” ਪ੍ਰਚਾਰ ਕਰਨਾ ਸੱਚੇ ਮਸੀਹੀਆਂ ਦੀ ਨਿਸ਼ਾਨੀ ਹੈ।

16, 17. ਪੌਲੁਸ ਨੇ ਕਿਵੇਂ ਦਿਖਾਇਆ ਕਿ ਉਹ ਨਿਡਰ ਸੀ ਅਤੇ ਅੱਜ ਮਸੀਹੀ ਉਸ ਦੀ ਮਿਸਾਲ ʼਤੇ ਕਿਵੇਂ ਚੱਲਦੇ ਹਨ?

16 ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਦੱਸਿਆ ਸੀ ਕਿ ਉਸ ਨੂੰ ਪਤਾ ਨਹੀਂ ਕਿ ਯਰੂਸ਼ਲਮ ਵਿਚ ਉਸ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਉਸ ਨੇ ਕਿਹਾ: “ਫਿਰ ਵੀ ਮੈਂ ਆਪਣੀ ਜਾਨ ਨੂੰ ਕਿਸੇ ਵੀ ਤਰ੍ਹਾਂ ਅਹਿਮ ਨਹੀਂ ਸਮਝਦਾ, ਸਗੋਂ ਮੈਂ ਇਹੀ ਚਾਹੁੰਦਾ ਹਾਂ ਕਿ ਮੈਂ ਇਹ ਦੌੜ ਅਤੇ ਸੇਵਾ ਦਾ ਕੰਮ ਪੂਰਾ ਕਰ ਲਵਾਂ। ਇਹ ਕੰਮ ਪ੍ਰਭੂ ਯਿਸੂ ਨੇ ਮੈਨੂੰ ਸੌਂਪਿਆ ਸੀ ਕਿ ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦਿਆਂ।” (ਰਸੂ. 20:24) ਪੌਲੁਸ ਡਰਿਆ ਨਹੀਂ ਅਤੇ ਨਾ ਹੀ ਕਿਸੇ ਮੁਸ਼ਕਲ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਤੋਂ ਪਿੱਛੇ ਹਟਿਆ, ਭਾਵੇਂ ਉਸ ਦੀ ਸਿਹਤ ਮਾੜੀ ਸੀ ਜਾਂ ਉਸ ਦਾ ਸਖ਼ਤ ਵਿਰੋਧ ਹੁੰਦਾ ਸੀ।

17 ਅੱਜ ਮਸੀਹੀਆਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਕੁਝ ਦੇਸ਼ਾਂ ਵਿਚ ਸਰਕਾਰਾਂ ਨੇ ਸਾਡੇ ਕੰਮ ʼਤੇ ਪਾਬੰਦੀਆਂ ਲਾਈਆਂ ਹੋਈਆਂ ਹਨ ਅਤੇ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ। ਕਈ ਭੈਣਾਂ-ਭਰਾਵਾਂ ਨੂੰ ਦਿਨੋ-ਦਿਨ ਖ਼ਰਾਬ ਹੋ ਰਹੀ ਸਿਹਤ ਨਾਲ ਜੂਝਣਾ ਪੈਂਦਾ ਹੈ। ਮਸੀਹੀ ਨੌਜਵਾਨਾਂ ਉੱਤੇ ਸਕੂਲ ਵਿਚ ਦੂਜੇ ਮੁੰਡੇ-ਕੁੜੀਆਂ ਵੱਲੋਂ ਗ਼ਲਤ ਕੰਮ ਕਰਨ ਦਾ ਦਬਾਅ ਪਾਇਆ ਜਾਂਦਾ ਹੈ। ਪਰ ਪੌਲੁਸ ਵਾਂਗ ਯਹੋਵਾਹ ਦੇ ਗਵਾਹ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਆਪਣੇ ਵਿਸ਼ਵਾਸਾਂ ʼਤੇ ਪੱਕੇ ਰਹਿੰਦੇ ਹਨ। ਉਨ੍ਹਾਂ ਨੇ “ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ” ਦੇਣ ਦਾ ਪੱਕਾ ਇਰਾਦਾ ਕੀਤਾ ਹੈ।

“ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ” (ਰਸੂ. 20:25-38)

18. ਪੌਲੁਸ ਨੇ ਆਪਣੇ ਆਪ ਨੂੰ ਦੂਜਿਆਂ ਦੇ ਲਹੂ ਤੋਂ ਕਿਵੇਂ ਨਿਰਦੋਸ਼ ਰੱਖਿਆ ਅਤੇ ਅਫ਼ਸੁਸ ਦੇ ਬਜ਼ੁਰਗ ਇੱਦਾਂ ਕਿਵੇਂ ਕਰ ਸਕਦੇ ਸਨ?

18 ਫਿਰ ਪੌਲੁਸ ਨੇ ਆਪਣੀ ਮਿਸਾਲ ਵਰਤਦੇ ਹੋਏ ਅਫ਼ਸੁਸ ਦੇ ਬਜ਼ੁਰਗਾਂ ਨੂੰ ਨਸੀਹਤ ਦਿੱਤੀ। ਪਹਿਲਾਂ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਸ਼ਾਇਦ ਉਸ ਨੂੰ ਆਖ਼ਰੀ ਵਾਰ ਮਿਲ ਰਹੇ ਸਨ। ਫਿਰ ਉਸ ਨੇ ਕਿਹਾ: “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ ਕਿਉਂਕਿ ਮੈਂ ਤੁਹਾਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਸਭ ਕੁਝ ਦੱਸਣ ਤੋਂ ਕਦੇ ਪਿੱਛੇ ਨਹੀਂ ਹਟਿਆ।” ਅਫ਼ਸੁਸ ਦੇ ਬਜ਼ੁਰਗ ਦੂਜਿਆਂ ਦੇ ਲਹੂ ਤੋਂ ਨਿਰਦੋਸ਼ ਰਹਿਣ ਲਈ ਪੌਲੁਸ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਸਨ? ਉਸ ਨੇ ਉਨ੍ਹਾਂ ਨੂੰ ਦੱਸਿਆ: “ਆਪਣਾ ਅਤੇ ਪਰਮੇਸ਼ੁਰ ਦੀਆਂ ਸਾਰੀਆਂ ਭੇਡਾਂ ਦਾ ਧਿਆਨ ਰੱਖੋ ਜਿਨ੍ਹਾਂ ਵਿਚ ਪਵਿੱਤਰ ਸ਼ਕਤੀ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ ਤਾਂਕਿ ਤੁਸੀਂ ਪਰਮੇਸ਼ੁਰ ਦੀ ਮੰਡਲੀ ਦੀ ਚਰਵਾਹੀ ਕਰੋ ਜਿਸ ਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਖ਼ੂਨ ਨਾਲ ਖ਼ਰੀਦਿਆ ਹੈ।” (ਰਸੂ. 20:26-28) ਪੌਲੁਸ ਨੇ ਚੇਤਾਵਨੀ ਦਿੱਤੀ ਕਿ “ਖੂੰਖਾਰ ਬਘਿਆੜ” ਪਰਮੇਸ਼ੁਰ ਦੀਆਂ ਭੇਡਾਂ ਵਿਚ ਆ ਜਾਣਗੇ ਅਤੇ “ਚੇਲਿਆਂ ਨੂੰ ਆਪਣੇ ਮਗਰ ਲਾਉਣ ਲਈ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਗੇ।” ਬਜ਼ੁਰਗਾਂ ਨੂੰ ਕੀ ਕਰਨਾ ਚਾਹੀਦਾ ਸੀ? ਪੌਲੁਸ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ: “ਜਾਗਦੇ ਰਹੋ ਅਤੇ ਇਹ ਗੱਲ ਯਾਦ ਰੱਖੋ ਕਿ ਤਿੰਨ ਸਾਲ ਦਿਨ-ਰਾਤ ਮੈਂ ਹੰਝੂ ਵਹਾ-ਵਹਾ ਕੇ ਤੁਹਾਨੂੰ ਉਪਦੇਸ਼ ਦੇਣ ਤੋਂ ਨਹੀਂ ਰੁਕਿਆ।”​—ਰਸੂ. 20:29-31.

19. ਪਹਿਲੀ ਸਦੀ ਦੇ ਅਖ਼ੀਰ ਤਕ ਕੀ ਹੋ ਗਿਆ ਸੀ ਅਤੇ ਸਦੀਆਂ ਦੌਰਾਨ ਇਸ ਦੇ ਕਿਹੜੇ ਬੁਰੇ ਨਤੀਜੇ ਨਿਕਲੇ?

19 ਪਹਿਲੀ ਸਦੀ ਦੇ ਅੰਤ ਤਕ “ਖੂੰਖਾਰ ਬਘਿਆੜ” ਆਉਣੇ ਸ਼ੁਰੂ ਹੋ ਗਏ ਸਨ। ਲਗਭਗ 98 ਈਸਵੀ ਵਿਚ ਯੂਹੰਨਾ ਰਸੂਲ ਨੇ ਲਿਖਿਆ: “ਹੁਣ ਕਈ ਮਸੀਹ ਦੇ ਵਿਰੋਧੀ ਆ ਚੁੱਕੇ ਹਨ। . . . ਉਹ ਸਾਡੇ ਵਿਚ ਸਨ, ਪਰ ਸਾਨੂੰ ਛੱਡ ਗਏ ਕਿਉਂਕਿ ਉਹ ਸਾਡੇ ਵਰਗੇ ਨਹੀਂ ਸਨ; ਜੇ ਉਹ ਸਾਡੇ ਵਰਗੇ ਹੁੰਦੇ, ਤਾਂ ਉਹ ਸਾਡੇ ਨਾਲ ਰਹਿੰਦੇ। ਪਰ ਉਨ੍ਹਾਂ ਦੇ ਚਲੇ ਜਾਣ ਤੋਂ ਇਹ ਜ਼ਾਹਰ ਹੋ ਗਿਆ ਹੈ ਕਿ ਸਾਰੇ ਸਾਡੇ ਵਰਗੇ ਨਹੀਂ ਹਨ।” (1 ਯੂਹੰ. 2:18, 19) ਧਰਮ-ਤਿਆਗ ਹੋਣ ਕਰਕੇ ਤੀਸਰੀ ਸਦੀ ਤਕ ਈਸਾਈ ਧਰਮ ਦਾ ਜਨਮ ਹੋਇਆ ਅਤੇ ਚੌਥੀ ਸਦੀ ਵਿਚ ਸਮਰਾਟ ਕਾਂਸਟੰਟੀਨ ਨੇ ਇਸ ਝੂਠੇ “ਮਸੀਹੀ ਧਰਮ” ਉੱਤੇ ਸਰਕਾਰੀ ਮੋਹਰ ਲਾ ਦਿੱਤੀ। ਚਰਚ ਦੇ ਧਾਰਮਿਕ ਆਗੂਆਂ ਨੇ ਹੋਰ ਧਰਮਾਂ ਦੇ ਰੀਤਾਂ-ਰਿਵਾਜਾਂ ਨੂੰ ਅਪਣਾ ਕੇ ਇਨ੍ਹਾਂ ਨੂੰ ਮਸੀਹੀ ਧਰਮ ਦਾ ਹਿੱਸਾ ਬਣਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ‘ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ।’ ਇਸ ਦੇ ਬੁਰੇ ਪ੍ਰਭਾਵ ਅੱਜ ਵੀ ਈਸਾਈ ਧਰਮ ਦੀਆਂ ਸਿੱਖਿਆਵਾਂ ਅਤੇ ਰੀਤਾਂ-ਰਿਵਾਜਾਂ ਵਿਚ ਦੇਖੇ ਜਾ ਸਕਦੇ ਹਨ।

20, 21, ਪੌਲੁਸ ਨੇ ਕਿਵੇਂ ਦਿਖਾਇਆ ਕਿ ਉਹ ਆਪਣੇ ਭੈਣਾਂ-ਭਰਾਵਾਂ ਬਾਰੇ ਸੋਚਦਾ ਸੀ ਅਤੇ ਅੱਜ ਬਜ਼ੁਰਗ ਵੀ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਨ?

20 ਉਨ੍ਹਾਂ ਧਾਰਮਿਕ ਆਗੂਆਂ ਨੇ ਬਾਅਦ ਵਿਚ ਪਰਮੇਸ਼ੁਰ ਦੇ ਲੋਕਾਂ ਦਾ ਫ਼ਾਇਦਾ ਉਠਾਇਆ। ਪਰ ਪੌਲੁਸ ਦਾ ਰਵੱਈਆ ਉਨ੍ਹਾਂ ਤੋਂ ਬਿਲਕੁਲ ਉਲਟ ਸੀ। ਉਸ ਨੇ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਕੀਤਾ ਤਾਂਕਿ ਉਹ ਮੰਡਲੀ ਉੱਤੇ ਬੋਝ ਨਾ ਬਣੇ। ਉਸ ਨੇ ਆਪਣੇ ਭੈਣਾਂ-ਭਰਾਵਾਂ ਲਈ ਜੋ ਵੀ ਕੀਤਾ, ਉਸ ਵਿਚ ਉਸ ਦਾ ਆਪਣਾ ਕੋਈ ਸੁਆਰਥ ਨਹੀਂ ਸੀ। ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਤਾਕੀਦ ਕੀਤੀ ਸੀ ਕਿ ਉਹ ਆਪਣੇ ਬਾਰੇ ਸੋਚਣ ਦੀ ਬਜਾਇ ਭੈਣਾਂ-ਭਰਾਵਾਂ ਬਾਰੇ ਸੋਚਣ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਵੀ . . . ਕਮਜ਼ੋਰ ਲੋਕਾਂ ਦੀ ਮਦਦ ਕਰੋ ਅਤੇ ਪ੍ਰਭੂ ਯਿਸੂ ਦੀ ਇਹ ਗੱਲ ਯਾਦ ਰੱਖੋ ਜੋ ਉਸ ਨੇ ਆਪ ਕਹੀ ਸੀ: ‘ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।’”​—ਰਸੂ. 20:35.

21 ਪੌਲੁਸ ਵਾਂਗ ਅੱਜ ਮਸੀਹੀ ਬਜ਼ੁਰਗ ਭੈਣਾਂ-ਭਰਾਵਾਂ ਦੀ ਖ਼ਾਤਰ ਮਿਹਨਤ ਕਰਦੇ ਹਨ। ਈਸਾਈ ਧਰਮ ਦੇ ਪਾਦਰੀ ਆਪਣੇ ਚਰਚ ਦੇ ਮੈਂਬਰਾਂ ਨੂੰ ਲੁੱਟਦੇ ਹਨ। ਪਰ ਜਿਨ੍ਹਾਂ ਨੂੰ ‘ਪਰਮੇਸ਼ੁਰ ਦੀ ਮੰਡਲੀ ਦੀ ਚਰਵਾਹੀ ਕਰਨ’ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਬਿਨਾਂ ਕਿਸੇ ਸੁਆਰਥ ਦੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ। ਘਮੰਡੀ ਤੇ ਪਦਵੀ ਲੈਣ ਦੀ ਲਾਲਸਾ ਰੱਖਣ ਵਾਲੇ ਲੋਕਾਂ ਲਈ ਮਸੀਹੀ ਮੰਡਲੀ ਵਿਚ ਕੋਈ ਥਾਂ ਨਹੀਂ ਹੈ ਕਿਉਂਕਿ ਜਿਹੜੇ “ਆਪਣੀ ਵਡਿਆਈ” ਕਰਾਉਂਦੇ ਹਨ, ਉਹ ਕਾਮਯਾਬ ਨਹੀਂ ਹੁੰਦੇ। (ਕਹਾ. 25:27) ਹੰਕਾਰੀ ਵਿਅਕਤੀ ਨੂੰ ਬੇਇੱਜ਼ਤੀ ਸਹਿਣੀ ਪੈਂਦੀ ਹੈ।​—ਕਹਾ. 11:2.

“ਸਾਰੇ ਜਣੇ ਭੁੱਬਾਂ ਮਾਰ-ਮਾਰ ਰੋਏ।”​—ਰਸੂਲਾਂ ਦੇ ਕੰਮ 20:37

22. ਅਫ਼ਸੁਸ ਦੇ ਬਜ਼ੁਰਗ ਪੌਲੁਸ ਨਾਲ ਕਿਉਂ ਪਿਆਰ ਕਰਦੇ ਸਨ?

22 ਪੌਲੁਸ ਆਪਣੇ ਭਰਾਵਾਂ ਨਾਲ ਸੱਚੇ ਦਿਲੋਂ ਪਿਆਰ ਕਰਦਾ ਸੀ, ਇਸ ਕਰਕੇ ਉਹ ਵੀ ਉਸ ਨਾਲ ਦਿਲੋਂ ਪਿਆਰ ਕਰਦੇ ਸਨ। ਜਦੋਂ ਵਿਛੜਨ ਦਾ ਸਮਾਂ ਆਇਆ, ਤਾਂ “ਸਾਰੇ ਜਣੇ ਭੁੱਬਾਂ ਮਾਰ-ਮਾਰ ਰੋਏ ਅਤੇ ਉਨ੍ਹਾਂ ਨੇ ਪੌਲੁਸ ਦੇ ਗਲ਼ ਲੱਗ-ਲੱਗ ਕੇ ਉਸ ਨੂੰ ਚੁੰਮਿਆ।” (ਰਸੂ. 20:37, 38) ਭੈਣ-ਭਰਾ ਪੌਲੁਸ ਵਰਗੇ ਭਰਾਵਾਂ ਦੀ ਬਹੁਤ ਕਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਪਿਆਰ ਕਰਦੇ ਹਨ ਜਿਹੜੇ ਪਰਮੇਸ਼ੁਰ ਦੇ ਲੋਕਾਂ ਵਾਸਤੇ ਬਿਨਾਂ ਸੁਆਰਥ ਮਿਹਨਤ ਕਰਦੇ ਹਨ। ਪੌਲੁਸ ਦੀ ਵਧੀਆ ਮਿਸਾਲ ਉੱਤੇ ਗੌਰ ਕਰਨ ਤੋਂ ਬਾਅਦ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਉਸ ਨੇ ਸ਼ੇਖ਼ੀ ਮਾਰ ਕੇ ਜਾਂ ਵਧਾ-ਚੜ੍ਹਾ ਕੇ ਇਹ ਗੱਲ ਨਹੀਂ ਕਹੀ ਸੀ: “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ”?​—ਰਸੂ. 20:26.

b ਸ਼ਾਇਦ ਕੁਰਿੰਥੁਸ ਦੀ ਮੰਡਲੀ ਦੇ ਨਾਲ ਹੁੰਦਿਆਂ ਪੌਲੁਸ ਨੇ ਰੋਮੀਆਂ ਨੂੰ ਚਿੱਠੀ ਲਿਖੀ ਸੀ।

c ਪੌਲੁਸ ਇਕੱਠਾ ਕੀਤਾ ਦਾਨ ਸੌਂਪਦਾ ਹੈ” ਨਾਂ ਦੀ ਡੱਬੀ ਦੇਖੋ।

d ਰਸੂਲਾਂ ਦੇ ਕੰਮ 20:5, 6 ਵਿਚ ਲੂਕਾ ਨੇ “ਸਾਡੇ” ਅਤੇ “ਅਸੀਂ” ਸ਼ਬਦ ਇਸਤੇਮਾਲ ਕੀਤੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਫ਼ਿਲਿੱਪੈ ਵਿਚ ਪੌਲੁਸ ਨਾਲ ਆ ਰਲ਼ਿਆ ਸੀ। ਪੌਲੁਸ ਨੇ ਉਸ ਨੂੰ ਪਹਿਲਾਂ ਫ਼ਿਲਿੱਪੈ ਵਿਚ ਛੱਡਿਆ ਸੀ।​—ਰਸੂ. 16:10-17, 40.

e ਫ਼ਿਲਿੱਪੈ ਤੋਂ ਤ੍ਰੋਆਸ ਆਉਣ ਨੂੰ ਪੰਜ ਦਿਨ ਲੱਗੇ ਸਨ। ਪਹਿਲਾਂ ਇਹ ਸਫ਼ਰ ਕਰਨ ਵਿਚ ਉਨ੍ਹਾਂ ਨੂੰ ਸਿਰਫ਼ ਦੋ ਦਿਨ ਲੱਗੇ ਸਨ। ਪਰ ਇਸ ਵਾਰ ਸ਼ਾਇਦ ਹਵਾ ਦਾ ਰੁਖ ਉਲਟਾ ਹੋਣ ਕਰਕੇ ਉਨ੍ਹਾਂ ਨੂੰ ਇੰਨੇ ਦਿਨ ਲੱਗੇ ਸਨ।​—ਰਸੂ. 16:11.