ਅਧਿਆਇ 20
ਯਹੋਵਾਹ ਦਾ ਬਚਨ ਵਿਰੋਧ ਦੇ ਬਾਵਜੂਦ “ਸਾਰੇ ਪਾਸੇ ਫੈਲਦਾ ਗਿਆ”
ਖ਼ੁਸ਼ ਖ਼ਬਰੀ ਫੈਲਾਉਣ ਵਿਚ ਅਪੁੱਲੋਸ ਅਤੇ ਪੌਲੁਸ ਦਾ ਯੋਗਦਾਨ
ਰਸੂਲਾਂ ਦੇ ਕੰਮ 18:23–19:41 ਵਿੱਚੋਂ
1, 2. (ੳ) ਅਫ਼ਸੁਸ ਵਿਚ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਕਿਹੜਾ ਖ਼ਤਰਾ ਹੈ? (ਅ) ਇਸ ਅਧਿਆਇ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
ਅਫ਼ਸੁਸ ਦੀਆਂ ਗਲੀਆਂ ਵਿਚ ਹੰਗਾਮਾ ਮਚਿਆ ਹੋਇਆ ਹੈ ਅਤੇ ਲੋਕ ਰੌਲ਼ਾ-ਰੱਪਾ ਪਾਉਂਦੇ ਹੋਏ ਇੱਧਰ-ਉੱਧਰ ਭੱਜ ਰਹੇ ਹਨ। ਦੇਖਦੇ ਹੀ ਦੇਖਦੇ ਫ਼ਸਾਦ ਕਰਨ ʼਤੇ ਉਤਾਰੂ ਭੀੜ ਜਮ੍ਹਾ ਹੋ ਜਾਂਦੀ ਹੈ। ਇਹ ਭੀੜ ਪੌਲੁਸ ਰਸੂਲ ਦੇ ਦੋ ਸਫ਼ਰੀ ਸਾਥੀਆਂ ਨੂੰ ਘੜੀਸ ਕੇ ਆਪਣੇ ਨਾਲ ਲੈ ਜਾਂਦੀ ਹੈ। ਜਿਉਂ-ਜਿਉਂ ਲੋਕ ਭੀੜ ਨਾਲ ਰਲ਼ੀ ਜਾਂਦੇ ਹਨ, ਪਲਾਂ ਵਿਚ ਪੂਰਾ ਬਾਜ਼ਾਰ ਖਾਲੀ ਹੋ ਜਾਂਦਾ ਹੈ। ਉਹ ਸ਼ਹਿਰ ਦੇ ਵੱਡੇ ਸਾਰੇ ਤਮਾਸ਼ਾ ਘਰ ਵੱਲ ਨੂੰ ਰੁਖ ਕਰਦੇ ਹਨ ਜਿਸ ਵਿਚ 25,000 ਲੋਕ ਬੈਠ ਸਕਦੇ ਹਨ। ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਹੰਗਾਮਾ ਕਿਉਂ ਮਚਿਆ ਹੋਇਆ ਹੈ। ਉਨ੍ਹਾਂ ਨੂੰ ਬੱਸ ਇੰਨਾ ਕੁ ਪਤਾ ਹੈ ਕਿ ਉਨ੍ਹਾਂ ਦਾ ਮੰਦਰ ਅਤੇ ਉਨ੍ਹਾਂ ਦੀ ਪਿਆਰੀ ਦੇਵੀ ਅਰਤਿਮਿਸ ਖ਼ਤਰੇ ਵਿਚ ਹਨ। ਇਸ ਲਈ ਉਹ ਉੱਚੀ-ਉੱਚੀ ਨਾਅਰੇ ਲਾਉਣ ਲੱਗਦੇ ਹਨ: “ਅਫ਼ਸੁਸ ਦੇ ਲੋਕਾਂ ਦੀ ਦੇਵੀ ਅਰਤਿਮਿਸ ਮਹਾਨ ਹੈ!”—ਰਸੂ. 19:34.
2 ਅਸੀਂ ਇਕ ਵਾਰ ਫਿਰ ਦੇਖਦੇ ਹਾਂ ਕਿ ਸ਼ੈਤਾਨ ਭੀੜ ਨੂੰ ਭੜਕਾ ਕੇ ਕੋਸ਼ਿਸ਼ ਕਰ ਰਿਹਾ ਹੈ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨਾ ਫੈਲੇ। ਇਸ ਤਰ੍ਹਾਂ ਕਰਨ ਲਈ ਹਿੰਸਾ ਸ਼ੈਤਾਨ ਦਾ ਇੱਕੋ-ਇਕ ਹੱਥਕੰਡਾ ਨਹੀਂ ਹੈ। ਇਸ ਅਧਿਆਇ ਵਿਚ ਅਸੀਂ ਸ਼ੈਤਾਨ ਦੀਆਂ ਕਈ ਚਾਲਾਂ ਬਾਰੇ ਦੇਖਾਂਗੇ ਜੋ ਉਸ ਨੇ ਪਹਿਲੀ ਸਦੀ ਵਿਚ ਪ੍ਰਚਾਰ ਦਾ ਕੰਮ ਬੰਦ ਕਰਾਉਣ ਅਤੇ ਮਸੀਹੀਆਂ ਦੀ ਏਕਤਾ ਭੰਗ ਕਰਨ ਲਈ ਘੜੀਆਂ ਸਨ। ਅਸੀਂ ਇਸ ਤੋਂ ਵੀ ਜ਼ਰੂਰੀ ਗੱਲ ਦੇਖਾਂਗੇ ਕਿ ਉਸ ਦੀਆਂ ਸਾਰੀਆਂ ਚਾਲਾਂ ਸਿਰੇ ਨਹੀਂ ਚੜ੍ਹੀਆਂ ਕਿਉਂਕਿ “ਯਹੋਵਾਹ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ।” (ਰਸੂ. 19:20) ਉਨ੍ਹਾਂ ਮਸੀਹੀਆਂ ਨੇ ਸ਼ੈਤਾਨ ʼਤੇ ਜਿੱਤ ਕਿਵੇਂ ਹਾਸਲ ਕੀਤੀ? ਉਹ ਉਨ੍ਹਾਂ ਗੱਲਾਂ ਦੀ ਮਦਦ ਨਾਲ ਹੀ ਜਿੱਤੇ ਸਨ ਜਿਨ੍ਹਾਂ ਦੀ ਮਦਦ ਨਾਲ ਅੱਜ ਅਸੀਂ ਜਿੱਤਦੇ ਹਾਂ। ਪਰ ਇਹ ਸਾਡੀ ਨਹੀਂ, ਸਗੋਂ ਯਹੋਵਾਹ ਦੀ ਜਿੱਤ ਹੈ। ਫਿਰ ਵੀ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਸਾਨੂੰ ਵੀ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ। ਯਹੋਵਾਹ ਦੀ ਪਵਿੱਤਰ ਸ਼ਕਤੀ ਸਦਕਾ ਅਸੀਂ ਆਪਣੇ ਵਿਚ ਅਜਿਹੀਆਂ ਖੂਬੀਆਂ ਪੈਦਾ ਕਰ ਸਕਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਅਸੀਂ ਵਧੀਆ ਪ੍ਰਚਾਰਕ ਬਣ ਸਕਦੇ ਹਾਂ। ਪਹਿਲਾਂ ਆਓ ਆਪਾਂ ਅਪੁੱਲੋਸ ਦੀ ਮਿਸਾਲ ਉੱਤੇ ਗੌਰ ਕਰੀਏ।
“ਉਸ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ” (ਰਸੂ. 18:24-28)
3, 4. ਅਕੂਲਾ ਅਤੇ ਪ੍ਰਿਸਕਿੱਲਾ ਨੇ ਅਪੁੱਲੋਸ ਦੀ ਕਿਉਂ ਅਤੇ ਕਿਵੇਂ ਮਦਦ ਕੀਤੀ?
3 ਪੌਲੁਸ ਆਪਣੇ ਤੀਸਰੇ ਮਿਸ਼ਨਰੀ ਦੌਰੇ ਦੌਰਾਨ ਜਦੋਂ ਅਫ਼ਸੁਸ ਜਾ ਰਿਹਾ ਸੀ, ਤਾਂ ਅਪੁੱਲੋਸ ਨਾਂ ਦਾ ਇਕ ਯਹੂਦੀ ਅਫ਼ਸੁਸ ਵਿਚ ਆਇਆ। ਉਹ ਮਿਸਰ ਦੇ ਮਸ਼ਹੂਰ ਸ਼ਹਿਰ ਸਿਕੰਦਰੀਆ ਤੋਂ ਸੀ। ਅਪੁੱਲੋਸ ਵਿਚ ਕਈ ਖੂਬੀਆਂ ਸਨ। ਇਕ ਤਾਂ ਉਸ ਨੂੰ ਗੱਲ ਕਰਨ ਦਾ ਬੜਾ ਢੰਗ ਸੀ। ਨਾਲੇ “ਉਸ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ।” ਇਸ ਤੋਂ ਇਲਾਵਾ, ਉਹ “ਪਵਿੱਤਰ ਸ਼ਕਤੀ ਕਰਕੇ ਜੋਸ਼ ਨਾਲ ਭਰਿਆ ਹੋਇਆ ਸੀ।” ਇਸ ਕਰਕੇ ਅਪੁੱਲੋਸ ਸਭਾ ਘਰ ਵਿਚ ਯਹੂਦੀਆਂ ਨੂੰ ਦਲੇਰੀ ਨਾਲ ਗਵਾਹੀ ਦਿੰਦਾ ਸੀ।—ਰਸੂ. 18:24, 25.
4 ਅਕੂਲਾ ਅਤੇ ਪ੍ਰਿਸਕਿੱਲਾ ਨੇ ਅਪੁੱਲੋਸ ਨੂੰ ਪ੍ਰਚਾਰ ਕਰਦਿਆਂ ਸੁਣਿਆ। ਜਦੋਂ ਉਨ੍ਹਾਂ ਨੇ ਅਪੁੱਲੋਸ ਨੂੰ ‘ਯਿਸੂ ਬਾਰੇ ਸਹੀ-ਸਹੀ ਸਿਖਾਉਂਦਿਆਂ’ ਸੁਣਿਆ, ਤਾਂ ਉਹ ਬੜੇ ਖ਼ੁਸ਼ ਹੋਏ। ਪਰ ਇਹ ਮਸੀਹੀ ਪਤੀ-ਪਤਨੀ ਜਲਦੀ ਹੀ ਜਾਣ ਗਏ ਕਿ ਅਪੁੱਲੋਸ ਦਾ ਗਿਆਨ ਅਧੂਰਾ ਸੀ। ਉਸ ਨੂੰ “ਸਿਰਫ਼ ਉਸੇ ਬਪਤਿਸਮੇ ਬਾਰੇ ਪਤਾ ਸੀ ਜਿਸ ਦਾ ਯੂਹੰਨਾ ਨੇ ਪ੍ਰਚਾਰ ਕੀਤਾ ਸੀ।” ਹਾਲਾਂਕਿ ਅਕੂਲਾ ਤੇ ਪ੍ਰਿਸਕਿੱਲਾ ਤੰਬੂ ਬਣਾਉਣ ਵਾਲੇ ਮਾਮੂਲੀ ਲੋਕ ਸਨ, ਪਰ ਉਹ ਅਪੁੱਲੋਸ ਦੀ ਮਦਦ ਕਰਨ ਤੋਂ ਹਿਚਕਿਚਾਏ ਨਹੀਂ ਜੋ ਕਾਫ਼ੀ ਪੜ੍ਹਿਆ-ਲਿਖਿਆ ਸੀ ਤੇ ਦਮਦਾਰ ਢੰਗ ਨਾਲ ਬੋਲਦਾ ਸੀ। ਉਹ “ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਪਰਮੇਸ਼ੁਰ ਦੇ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਸਮਝਾਇਆ।” (ਰਸੂ. 18:25, 26) ਪਰ ਅਪੁੱਲੋਸ ਨੇ ਕਿਹੋ ਜਿਹਾ ਰਵੱਈਆ ਦਿਖਾਇਆ? ਉਸ ਨੇ ਨਿਮਰਤਾ ਦਾ ਗੁਣ ਦਿਖਾਇਆ ਜੋ ਅੱਜ ਹਰ ਮਸੀਹੀ ਨੂੰ ਆਪਣੇ ਅੰਦਰ ਪੈਦਾ ਕਰਨਾ ਚਾਹੀਦਾ ਹੈ।
5, 6. ਅਪੁੱਲੋਸ ਕਿਸ ਦੀ ਮਦਦ ਨਾਲ ਯਹੋਵਾਹ ਦੀ ਸੇਵਾ ਹੋਰ ਵਧੀਆ ਢੰਗ ਨਾਲ ਕਰ ਸਕਿਆ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?
5 ਅਕੂਲਾ ਤੇ ਪ੍ਰਿਸਕਿੱਲਾ ਦੀ ਮਦਦ ਲੈਣ ਤੋਂ ਬਾਅਦ ਅਪੁੱਲੋਸ ਯਹੋਵਾਹ ਦੀ ਸੇਵਾ ਹੋਰ ਵੀ ਵਧੀਆ ਢੰਗ ਨਾਲ ਕਰਨ ਲੱਗ ਪਿਆ। ਉਹ ਅਖਾਯਾ ਨੂੰ ਚਲਾ ਗਿਆ ਜਿੱਥੇ ਉਸ ਨੇ ਮਸੀਹੀਆਂ ਦੀ “ਬਹੁਤ ਮਦਦ” ਕੀਤੀ। ਉਸ ਨੇ ਉੱਥੇ ਉਨ੍ਹਾਂ ਯਹੂਦੀਆਂ ਨੂੰ ਜ਼ਬਰਦਸਤ ਗਵਾਹੀ ਦਿੱਤੀ ਜੋ ਦਾਅਵੇ ਨਾਲ ਕਹਿੰਦੇ ਸਨ ਕਿ ਯਿਸੂ ਵਾਅਦਾ ਕੀਤਾ ਹੋਇਆ ਮਸੀਹ ਨਹੀਂ ਸੀ। ਲੂਕਾ ਦੱਸਦਾ ਹੈ: “ਉਸ ਨੇ ਜ਼ੋਰਾਂ-ਸ਼ੋਰਾਂ ਨਾਲ ਖੁੱਲ੍ਹੇ-ਆਮ ਯਹੂਦੀਆਂ ਨੂੰ ਪੂਰੀ ਤਰ੍ਹਾਂ ਗ਼ਲਤ ਸਾਬਤ ਕੀਤਾ ਅਤੇ ਧਰਮ-ਗ੍ਰੰਥ ਵਿੱਚੋਂ ਦਿਖਾਇਆ ਕਿ ਯਿਸੂ ਹੀ ਮਸੀਹ ਹੈ।” (ਰਸੂ. 18:27, 28) ਵਾਕਈ, ਅਪੁੱਲੋਸ ਮੰਡਲੀਆਂ ਲਈ ਕਿੰਨੀ ਵੱਡੀ ਬਰਕਤ ਸਾਬਤ ਹੋਇਆ! ਉਸ ਦੀ ਸੇਵਕਾਈ ਕਾਰਨ ਵੀ “ਯਹੋਵਾਹ ਦਾ ਬਚਨ” ਸ਼ਕਤੀਸ਼ਾਲੀ ਢੰਗ ਨਾਲ ਫੈਲਦਾ ਗਿਆ। ਅਪੁੱਲੋਸ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
6 ਮਸੀਹੀਆਂ ਲਈ ਆਪਣੇ ਵਿਚ ਨਿਮਰਤਾ ਦਾ ਗੁਣ ਪੈਦਾ ਕਰਨਾ ਬੇਹੱਦ ਜ਼ਰੂਰੀ ਹੈ। ਸਾਡੇ ਸਾਰਿਆਂ ਵਿਚ ਵੱਖੋ-ਵੱਖਰੀਆਂ ਕਾਬਲੀਅਤਾਂ ਹੁੰਦੀਆਂ ਹਨ। ਸਾਡੇ ਵਿਚ ਸ਼ਾਇਦ ਜਨਮ ਤੋਂ ਹੀ ਕੁਝ ਖੂਬੀਆਂ ਹੋਣ ਜਾਂ ਸਾਡੇ ਕੋਲ ਤਜਰਬਾ ਜਾਂ ਗਿਆਨ ਹੋਵੇ। ਪਰ ਸਾਡੇ ਵਿਚ ਜਿੰਨੀਆਂ ਮਰਜ਼ੀ ਕਾਬਲੀਅਤਾਂ ਹੋਣ, ਦੂਜਿਆਂ ਨੂੰ ਸਾਡੇ ਵਿਚ ਇਨ੍ਹਾਂ ਦੀ ਬਜਾਇ ਨਿਮਰਤਾ ਨਜ਼ਰ ਆਉਣੀ ਚਾਹੀਦੀ ਹੈ। ਨਹੀਂ ਤਾਂ ਸਾਡੀਆਂ ਖੂਬੀਆਂ ਸਾਡੀਆਂ ਕਮਜ਼ੋਰੀਆਂ ਬਣ ਸਕਦੀਆਂ ਹਨ। ਇਸ ਕਾਰਨ ਸਾਡੇ ਅੰਦਰ ਘਮੰਡ ਦੀ ਜ਼ਹਿਰੀਲੀ ਬੂਟੀ ਜੜ੍ਹ ਫੜ ਸਕਦੀ ਹੈ। (1 ਕੁਰਿੰ. 4:7; ਯਾਕੂ. 4:6) ਜੇ ਅਸੀਂ ਦਿਲੋਂ ਨਿਮਰ ਹਾਂ, ਤਾਂ ਅਸੀਂ ਦੂਜਿਆਂ ਨੂੰ ਆਪਣੇ ਤੋਂ ਬਿਹਤਰ ਸਮਝਾਂਗੇ। (ਫ਼ਿਲਿ. 2:3) ਫਿਰ ਜਦ ਕੋਈ ਸਾਨੂੰ ਸੁਧਾਰਦਾ ਹੈ ਜਾਂ ਕੁਝ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਮੂੰਹ ਨਹੀਂ ਵੱਟਾਂਗੇ। ਜੇ ਸਾਡੇ ਵਿਚਾਰ ਪਵਿੱਤਰ ਸ਼ਕਤੀ ਦੀਆਂ ਹਿਦਾਇਤਾਂ ਨਾਲ ਮੇਲ ਨਹੀਂ ਖਾਂਦੇ, ਤਾਂ ਅਸੀਂ ਹੰਕਾਰ ਵਿਚ ਆ ਕੇ ਇਨ੍ਹਾਂ ʼਤੇ ਅੜੇ ਨਹੀਂ ਰਹਾਂਗੇ। ਜਦ ਤਕ ਅਸੀਂ ਨਿਮਰ ਬਣੇ ਰਹਾਂਗੇ, ਤਦ ਤਕ ਯਹੋਵਾਹ ਅਤੇ ਉਸ ਦਾ ਪੁੱਤਰ ਸਾਨੂੰ ਆਪਣੀ ਸੇਵਾ ਵਿਚ ਵਰਤਦੇ ਰਹਿਣਗੇ।—ਲੂਕਾ 1:51, 52.
7. ਪੌਲੁਸ ਅਤੇ ਅਪੁੱਲੋਸ ਨੇ ਕਿਵੇਂ ਨਿਮਰਤਾ ਦੀ ਮਿਸਾਲ ਕਾਇਮ ਕੀਤੀ ਸੀ?
7 ਨਿਮਰਤਾ ਸਾਨੂੰ ਦੂਜਿਆਂ ਨਾਲ ਮੁਕਾਬਲਾ ਕਰਨ ਤੋਂ ਵੀ ਰੋਕਦੀ ਹੈ। ਸੋਚੋ ਕਿ ਸ਼ੈਤਾਨ ਪਹਿਲੀ ਸਦੀ ਦੇ ਮਸੀਹੀਆਂ ਵਿਚ ਫੁੱਟ ਪਾਉਣ ਲਈ ਕਿੰਨਾ ਕਾਹਲਾ ਹੋਣਾ! ਜੇ ਇਹ ਦੋਵੇਂ ਜੋਸ਼ੀਲੇ ਭਰਾ, ਅਪੁੱਲੋਸ ਤੇ ਪੌਲੁਸ ਇਕ-ਦੂਜੇ ਨਾਲ ਈਰਖਾ ਕਰਨ ਲੱਗ ਪੈਂਦੇ ਤੇ ਮੰਡਲੀਆਂ ਉੱਤੇ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ, ਤਾਂ ਸ਼ੈਤਾਨ ਨੇ ਕਿੰਨਾ ਖ਼ੁਸ਼ ਹੋਣਾ ਸੀ! ਉਨ੍ਹਾਂ ਦੋਵਾਂ ਲਈ ਇਸ ਤਰ੍ਹਾਂ ਕਰਨਾ ਬਹੁਤ ਹੀ ਆਸਾਨ ਸੀ। ਕੁਰਿੰਥੁਸ ਦੀ ਮੰਡਲੀ ਵਿਚ ਕੁਝ ਮਸੀਹੀ ਕਹਿਣ ਲੱਗ ਪਏ ਸਨ, “ਮੈਂ ਪੌਲੁਸ ਦਾ ਚੇਲਾ ਹਾਂ” ਅਤੇ ਦੂਜੇ ਕਹਿਣ ਲੱਗ ਪਏ ਸਨ, “ਮੈਂ ਤਾਂ ਅਪੁੱਲੋਸ ਦਾ ਚੇਲਾ ਹਾਂ।” ਕੀ ਪੌਲੁਸ ਤੇ ਅਪੁੱਲੋਸ ਨੇ ਇਨ੍ਹਾਂ ਗੱਲਾਂ ਨੂੰ ਸ਼ਹਿ ਦਿੱਤੀ? ਨਹੀਂ! ਪੌਲੁਸ ਨੇ ਨਿਮਰਤਾ ਨਾਲ ਇਹ ਗੱਲ ਕਬੂਲ ਕੀਤੀ ਕਿ ਅਪੁੱਲੋਸ ਨੇ ਪ੍ਰਚਾਰ ਦੇ ਕੰਮ ਵਿਚ ਕਿੰਨਾ ਯੋਗਦਾਨ ਪਾਇਆ ਸੀ ਅਤੇ ਉਸ ਨੂੰ ਕੁਝ ਜ਼ਿੰਮੇਵਾਰੀਆਂ ਦਿੱਤੀਆਂ। ਅਪੁੱਲੋਸ ਵੀ ਪੌਲੁਸ ਦੀਆਂ ਹਿਦਾਇਤਾਂ ਮੁਤਾਬਕ ਚੱਲਿਆ ਸੀ। (1 ਕੁਰਿੰ. 1:10-12; 3:6, 9; ਤੀਤੁ. 3:12, 13) ਨਿਮਰ ਬਣ ਕੇ ਇਕ-ਦੂਜੇ ਨੂੰ ਸਹਿਯੋਗ ਦੇਣ ਵਿਚ ਉਨ੍ਹਾਂ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ!
‘ਪਰਮੇਸ਼ੁਰ ਦੇ ਰਾਜ ਬਾਰੇ ਦਲੀਲਾਂ ਦੇ ਕੇ ਲੋਕਾਂ ਨੂੰ ਕਾਇਲ ਕੀਤਾ’ (ਰਸੂ. 18:23; 19:1-10)
8. ਪੌਲੁਸ ਕਿਸ ਰਸਤਿਓਂ ਅਫ਼ਸੁਸ ਗਿਆ ਸੀ ਤੇ ਕਿਉਂ?
8 ਪੌਲੁਸ ਨੇ ਭੈਣਾਂ-ਭਰਾਵਾਂ ਨਾਲ ਅਫ਼ਸੁਸ ਵਾਪਸ ਆਉਣ ਦਾ ਵਾਅਦਾ ਕੀਤਾ ਸੀ ਅਤੇ ਉਸ ਨੇ ਆਪਣਾ ਵਾਅਦਾ ਨਿਭਾਇਆ। a (ਰਸੂ. 18:20, 21) ਪਰ ਧਿਆਨ ਦਿਓ ਕਿ ਉਹ ਵਾਪਸ ਕਿੱਦਾਂ ਗਿਆ? ਪਿਛਲੀ ਵਾਰ ਜਦੋਂ ਅਸੀਂ ਉਸ ਬਾਰੇ ਗੱਲ ਕੀਤੀ ਸੀ, ਤਾਂ ਉਹ ਸੀਰੀਆ ਦੇ ਸ਼ਹਿਰ ਅੰਤਾਕੀਆ ਵਿਚ ਸੀ। ਜੇ ਉਹ ਚਾਹੁੰਦਾ, ਤਾਂ ਉਹ ਅਫ਼ਸੁਸ ਜਾਣ ਲਈ ਅੰਤਾਕੀਆ ਤੋਂ ਥੋੜ੍ਹੀ ਦੂਰ ਸਫ਼ਰ ਕਰ ਕੇ ਸਿਲੂਕੀਆ ਤੋਂ ਸਮੁੰਦਰੀ ਜਹਾਜ਼ ਰਾਹੀਂ ਆਪਣੀ ਮੰਜ਼ਲ ʼਤੇ ਪਹੁੰਚ ਸਕਦਾ ਸੀ। ਇਸ ਦੀ ਬਜਾਇ, ਉਹ “ਪਹਾੜੀ ਇਲਾਕਿਆਂ ਵਿੱਚੋਂ ਦੀ” ਗਿਆ। ਰਸੂਲਾਂ ਦੇ ਕੰਮ 18:23 ਅਤੇ 19:1 ਤੋਂ ਪਤਾ ਲੱਗਦਾ ਹੈ ਕਿ ਉਹ ਕਿਹੜੇ-ਕਿਹੜੇ ਇਲਾਕਿਆਂ ਵਿੱਚੋਂ ਦੀ ਲੰਘਿਆ ਸੀ। ਇਕ ਅੰਦਾਜ਼ੇ ਮੁਤਾਬਕ ਉਸ ਨੇ 1,600 ਕਿਲੋਮੀਟਰ (ਲਗਭਗ 1,000 ਮੀਲ) ਸਫ਼ਰ ਕੀਤਾ ਸੀ। ਪੌਲੁਸ ਨੇ ਇੰਨਾ ਔਖਾ ਤੇ ਲੰਬਾ ਰਾਹ ਕਿਉਂ ਚੁਣਿਆ ਸੀ? ਕਿਉਂਕਿ ਉਹ ਹਰ ਜਗ੍ਹਾ ‘ਚੇਲਿਆਂ ਦਾ ਹੌਸਲਾ ਵਧਾਉਣਾ’ ਚਾਹੁੰਦਾ ਸੀ। (ਰਸੂ. 18:23) ਪਹਿਲੇ ਦੋ ਮਿਸ਼ਨਰੀ ਦੌਰਿਆਂ ਵਾਂਗ ਇਸ ਦੌਰੇ ਦੌਰਾਨ ਵੀ ਉਸ ਨੂੰ ਕਾਫ਼ੀ ਕਸ਼ਟ ਉਠਾਉਣਾ ਪਿਆ, ਪਰ ਉਹ ਭੈਣਾਂ-ਭਰਾਵਾਂ ਦੀ ਭਲਾਈ ਦੀ ਖ਼ਾਤਰ ਸਭ ਕੁਝ ਸਹਿਣ ਲਈ ਤਿਆਰ ਸੀ। ਅੱਜ ਸਰਕਟ ਓਵਰਸੀਅਰ ਅਤੇ ਉਨ੍ਹਾਂ ਦੀਆਂ ਪਤਨੀਆਂ ਵੀ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਹਰ ਤਰ੍ਹਾਂ ਦਾ ਕਸ਼ਟ ਉਠਾਉਣ ਲਈ ਤਿਆਰ ਰਹਿੰਦੇ ਹਨ। ਕੀ ਅਸੀਂ ਉਨ੍ਹਾਂ ਦੀ ਕਦਰ ਕਰਦੇ ਹਾਂ?
9. ਕੁਝ ਚੇਲਿਆਂ ਨੂੰ ਦੁਬਾਰਾ ਬਪਤਿਸਮਾ ਕਿਉਂ ਲੈਣਾ ਪਿਆ ਸੀ ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?
9 ਅਫ਼ਸੁਸ ਪਹੁੰਚਣ ਤੋਂ ਬਾਅਦ ਪੌਲੁਸ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਲਗਭਗ 12 ਚੇਲੇ ਮਿਲੇ। ਉਨ੍ਹਾਂ ਨੇ ਜੋ ਬਪਤਿਸਮਾ ਲਿਆ ਸੀ, ਹੁਣ ਉਹ ਜਾਇਜ਼ ਨਹੀਂ ਰਿਹਾ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਸ਼ਾਇਦ ਪਵਿੱਤਰ ਸ਼ਕਤੀ ਬਾਰੇ ਮਾੜਾ-ਮੋਟਾ ਹੀ ਜਾਂ ਬਿਲਕੁਲ ਵੀ ਪਤਾ ਨਹੀਂ ਸੀ। ਪੌਲੁਸ ਨੇ ਉਨ੍ਹਾਂ ਨੂੰ ਬਪਤਿਸਮੇ ਬਾਰੇ ਸਾਰੀਆਂ ਗੱਲਾਂ ਸਮਝਾਈਆਂ। ਅਪੁੱਲੋਸ ਵਾਂਗ ਉਹ ਵੀ ਨਿਮਰ ਸਨ ਤੇ ਸਿੱਖਣ ਲਈ ਤਿਆਰ ਸਨ। ਯਿਸੂ ਦੇ ਨਾਂ ʼਤੇ ਬਪਤਿਸਮਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਪਵਿੱਤਰ ਸ਼ਕਤੀ ਅਤੇ ਕੁਝ ਚਮਤਕਾਰੀ ਦਾਤਾਂ ਮਿਲੀਆਂ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਦੇ ਅੱਗੇ ਵਧ ਰਹੇ ਸੰਗਠਨ ਦੇ ਨਾਲ-ਨਾਲ ਚੱਲ ਕੇ ਬਰਕਤਾਂ ਮਿਲਦੀਆਂ ਹਨ।—ਰਸੂ. 19:1-7.
10. ਪੌਲੁਸ ਸਭਾ ਘਰ ਛੱਡ ਕੇ ਇਕ ਸਕੂਲ ਦੇ ਹਾਲ ਵਿਚ ਕਿਉਂ ਸਿਖਾਉਣ ਲੱਗ ਪਿਆ ਸੀ ਅਤੇ ਅਸੀਂ ਪ੍ਰਚਾਰ ਦੇ ਮਾਮਲੇ ਵਿਚ ਉਸ ਤੋਂ ਕੀ ਸਿੱਖਦੇ ਹਾਂ?
10 ਪਰਮੇਸ਼ੁਰ ਦੇ ਸੰਗਠਨ ਦੇ ਨਾਲ-ਨਾਲ ਚੱਲਣ ਦੀ ਇਕ ਹੋਰ ਮਿਸਾਲ ਉੱਤੇ ਗੌਰ ਕਰੋ। ਪੌਲੁਸ ਨੇ ਤਿੰਨ ਮਹੀਨੇ ਦਲੇਰੀ ਨਾਲ ਸਭਾ ਘਰ ਵਿਚ ਪ੍ਰਚਾਰ ਕੀਤਾ ਸੀ। ਭਾਵੇਂ ਉਸ ਨੇ ‘ਪਰਮੇਸ਼ੁਰ ਦੇ ਰਾਜ ਬਾਰੇ ਦਲੀਲਾਂ ਦੇ ਕੇ ਲੋਕਾਂ ਨੂੰ ਕਾਇਲ ਕੀਤਾ’ ਸੀ, ਪਰ ਕੁਝ ਲੋਕਾਂ ਨੇ ਆਪਣੇ ਮਨ ਕਠੋਰ ਕੀਤੇ ਅਤੇ ਉਹ ਸਖ਼ਤ ਵਿਰੋਧ ਕਰਨ ਲੱਗ ਪਏ। “ਪ੍ਰਭੂ ਦੇ ਰਾਹ ਬਾਰੇ ਬੁਰਾ-ਭਲਾ” ਕਹਿਣ ਵਾਲੇ ਲੋਕਾਂ ਨਾਲ ਗੱਲ ਕਰਨ ਵਿਚ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਇ ਪੌਲੁਸ ਨੇ ਇਕ ਸਕੂਲ ਦੇ ਹਾਲ ਵਿਚ ਸਿਖਾਉਣ ਦਾ ਪ੍ਰਬੰਧ ਕੀਤਾ। (ਰਸੂ. 19:8, 9) ਜਿਹੜੇ ਵੀ ਲੋਕ ਸੱਚਾਈ ਦਾ ਗਿਆਨ ਲੈਣਾ ਚਾਹੁੰਦੇ ਸਨ, ਉਨ੍ਹਾਂ ਨੂੰ ਸਭਾ ਘਰ ਨੂੰ ਛੱਡ ਕੇ ਪੌਲੁਸ ਕੋਲ ਆਉਣ ਦੀ ਲੋੜ ਸੀ। ਇਸੇ ਤਰ੍ਹਾਂ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਘਰ-ਮਾਲਕ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਜਾਂ ਸਿਰਫ਼ ਬਹਿਸ ਕਰਨੀ ਚਾਹੁੰਦਾ ਹੈ, ਤਾਂ ਪੌਲੁਸ ਵਾਂਗ ਸਾਨੂੰ ਵੀ ਉਸ ਨਾਲ ਗੱਲ ਕਰਨ ਵਿਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਹੋਰ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਅਸੀਂ ਆਪਣਾ ਸੰਦੇਸ਼ ਸੁਣਾ ਸਕਦੇ ਹਾਂ!
11, 12. (ੳ) ਪੌਲੁਸ ਨੇ ਮਿਹਨਤ ਕਰਨ ਅਤੇ ਹਾਲਾਤਾਂ ਅਨੁਸਾਰ ਫੇਰ-ਬਦਲ ਕਰਨ ਸੰਬੰਧੀ ਕਿਵੇਂ ਮਿਸਾਲ ਕਾਇਮ ਕੀਤੀ? (ਅ) ਅੱਜ ਯਹੋਵਾਹ ਦੇ ਗਵਾਹ ਕਿਵੇਂ ਪ੍ਰਚਾਰ ਵਿਚ ਮਿਹਨਤ ਕਰਦੇ ਹਨ ਅਤੇ ਆਪਣੇ ਹਾਲਾਤਾਂ ਅਨੁਸਾਰ ਫੇਰ-ਬਦਲ ਕਰਦੇ ਹਨ?
11 ਪੌਲੁਸ ਸ਼ਾਇਦ ਉਸ ਹਾਲ ਵਿਚ ਰੋਜ਼ ਸਵੇਰੇ ਲਗਭਗ 11 ਵਜੇ ਤੋਂ ਲੈ ਕੇ ਦੁਪਹਿਰ ਦੇ ਲਗਭਗ 4 ਵਜੇ ਤਕ ਉਪਦੇਸ਼ ਦਿੰਦਾ ਹੋਣਾ। (ਅੰਗ੍ਰੇਜ਼ੀ ਦੀ ਸਟੱਡੀ ਬਾਈਬਲ ਵਿੱਚੋਂ ਰਸੂਲਾਂ ਦੇ ਕੰਮ 19:9 ਦਾ ਸਟੱਡੀ ਨੋਟ ਦੇਖੋ।) ਇਸ ਸਮੇਂ ਦੌਰਾਨ ਇੰਨਾ ਰੌਲ਼ਾ-ਰੱਪਾ ਨਹੀਂ ਹੁੰਦਾ ਸੀ ਕਿਉਂਕਿ ਉਸ ਵੇਲੇ ਬਹੁਤ ਗਰਮੀ ਹੋਣ ਕਰਕੇ ਲੋਕ ਆਪਣੇ ਕੰਮ-ਕਾਰ ਬੰਦ ਕਰ ਕੇ ਰੋਟੀ ਖਾਂਦੇ ਸਨ ਤੇ ਆਰਾਮ ਕਰਦੇ ਸਨ। ਕਲਪਨਾ ਕਰੋ ਕਿ ਜੇ ਪੌਲੁਸ ਦੋ ਸਾਲ ਰੋਜ਼ ਆਪਣੇ ਇਸ ਸ਼ਡਿਉਲ ਮੁਤਾਬਕ ਚੱਲਦਾ ਰਿਹਾ, ਤਾਂ ਉਸ ਨੇ ਸਿੱਖਿਆ ਦੇਣ ਦੇ ਕੰਮ ਵਿਚ 3,000 ਤੋਂ ਵੀ ਜ਼ਿਆਦਾ ਘੰਟੇ ਯਾਨੀ ਹਰ ਮਹੀਨੇ 125 ਘੰਟੇ ਲਾਏ ਹੋਣੇ। b ਪੌਲੁਸ ਦੇ ਜ਼ਰੀਏ ਵੀ ਯਹੋਵਾਹ ਦਾ ਬਚਨ ਸਾਰੀਆਂ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ। ਪੌਲੁਸ ਮਿਹਨਤੀ ਸੀ ਤੇ ਹਾਲਾਤਾਂ ਅਨੁਸਾਰ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਸੀ। ਉਸ ਨੇ ਆਪਣੇ ਕੰਮ-ਕਾਰ ਦੇ ਸਮੇਂ ਵਿਚ ਫੇਰ-ਬਦਲ ਕੀਤਾ ਤਾਂਕਿ ਉਹ ਆਪਣੇ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਮੁਤਾਬਕ ਪ੍ਰਚਾਰ ਕਰ ਸਕੇ। ਇਸ ਦਾ ਨਤੀਜਾ ਕੀ ਨਿਕਲਿਆ? “ਏਸ਼ੀਆ ਜ਼ਿਲ੍ਹੇ ਦੇ ਸਾਰੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਪ੍ਰਭੂ ਦਾ ਬਚਨ ਸੁਣਨ ਦਾ ਮੌਕਾ ਮਿਲਿਆ।” (ਰਸੂ. 19:10) ਵਾਕਈ ਉਸ ਨੇ ਚੰਗੀ ਤਰ੍ਹਾਂ ਗਵਾਹੀ ਦਿੱਤੀ!
12 ਉਸ ਵਾਂਗ ਅੱਜ ਯਹੋਵਾਹ ਦੇ ਗਵਾਹ ਵੀ ਮਿਹਨਤ ਕਰਦੇ ਹਨ ਅਤੇ ਹਾਲਾਤਾਂ ਅਨੁਸਾਰ ਫੇਰ-ਬਦਲ ਕਰਦੇ ਹਨ। ਅਸੀਂ ਹਰ ਜਗ੍ਹਾ ਲੋਕਾਂ ਨੂੰ ਉਨ੍ਹਾਂ ਦੇ ਸਮੇਂ ਅਨੁਸਾਰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਗਲੀਆਂ, ਬਾਜ਼ਾਰਾਂ ਅਤੇ ਪਾਰਕਿੰਗ ਥਾਵਾਂ ਵਿਚ ਪ੍ਰਚਾਰ ਕਰਦੇ ਹਾਂ। ਅਸੀਂ ਲੋਕਾਂ ਨਾਲ ਟੈਲੀਫ਼ੋਨ ਜਾਂ ਚਿੱਠੀ ਰਾਹੀਂ ਵੀ ਗੱਲਬਾਤ ਕਰਦੇ ਹਾਂ। ਨਾਲੇ, ਘਰ-ਘਰ ਪ੍ਰਚਾਰ ਕਰਦਿਆਂ ਅਸੀਂ ਲੋਕਾਂ ਨੂੰ ਉਦੋਂ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਉਹ ਘਰ ਮਿਲ ਸਕਦੇ ਹਨ।
ਦੁਸ਼ਟ ਦੂਤਾਂ ਦੇ ਬਾਵਜੂਦ ‘ਬਚਨ ਫੈਲਦਾ ਗਿਆ’ (ਰਸੂ. 19:11-22)
13, 14. (ੳ) ਯਹੋਵਾਹ ਨੇ ਪੌਲੁਸ ਤੋਂ ਕੀ ਕਰਵਾਇਆ ਸੀ? (ਅ) ਸਕੇਵਾ ਦੇ ਪੁੱਤਰਾਂ ਨੇ ਕਿਹੜੀ ਗ਼ਲਤੀ ਕੀਤੀ ਸੀ ਅਤੇ ਅੱਜ ਈਸਾਈ ਧਰਮ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਕਿਹੜੀ ਗ਼ਲਤੀ ਕਰਦੇ ਹਨ?
13 ਲੂਕਾ ਸਾਨੂੰ ਦੱਸਦਾ ਹੈ ਕਿ ਯਹੋਵਾਹ ਨੇ ਪੌਲੁਸ ਤੋਂ “ਵੱਡੀਆਂ-ਵੱਡੀਆਂ ਕਰਾਮਾਤਾਂ” ਕਰਵਾਈਆਂ। ਪੌਲੁਸ ਦੇ ਰੁਮਾਲ ਤੇ ਕੱਪੜੇ ਬੀਮਾਰ ਲੋਕਾਂ ਕੋਲ ਲਿਜਾਏ ਜਾਂਦੇ ਸਨ ਤੇ ਉਹ ਠੀਕ ਹੋ ਜਾਂਦੇ ਸਨ। ਇਨ੍ਹਾਂ ਰਾਹੀਂ ਦੁਸ਼ਟ ਦੂਤਾਂ ਨੂੰ ਵੀ ਕੱਢਿਆ ਗਿਆ। c (ਰਸੂ. 19:11, 12) ਇਸ ਤਰ੍ਹਾਂ ਸ਼ੈਤਾਨ ਦੇ ਦੁਸ਼ਟ ਦੂਤਾਂ ਉੱਤੇ ਜਿੱਤ ਪ੍ਰਾਪਤ ਕੀਤੀ ਗਈ। ਇਸ ਗੱਲ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਖਿੱਚਿਆ ਤੇ ਕਈਆਂ ਨੇ ਇਸ ਦਾ ਗ਼ਲਤ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ।
14 “ਕੁਝ ਯਹੂਦੀ ਥਾਂ-ਥਾਂ ਘੁੰਮ-ਫਿਰ ਕੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਦੇ ਹੁੰਦੇ ਸਨ।” ਉਨ੍ਹਾਂ ਵਿੱਚੋਂ ਕੁਝ ਯਹੂਦੀਆਂ ਨੇ ਯਿਸੂ ਅਤੇ ਪੌਲੁਸ ਦਾ ਨਾਂ ਲੈ ਕੇ ਦੁਸ਼ਟ ਦੂਤ ਕੱਢਣ ਦੀ ਕੋਸ਼ਿਸ਼ ਕੀਤੀ। ਲੂਕਾ ਨੇ ਮੁੱਖ ਪੁਜਾਰੀ ਸਕੇਵਾ ਦੇ ਸੱਤ ਮੁੰਡਿਆਂ ਦੀ ਮਿਸਾਲ ਦਿੱਤੀ ਜਿਨ੍ਹਾਂ ਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੁਸ਼ਟ ਦੂਤ ਨੇ ਉਨ੍ਹਾਂ ਨੂੰ ਕਿਹਾ: “ਮੈਂ ਯਿਸੂ ਨੂੰ ਜਾਣਦਾ ਹਾਂ ਅਤੇ ਮੈਨੂੰ ਪੌਲੁਸ ਬਾਰੇ ਵੀ ਪਤਾ ਹੈ; ਪਰ ਤੁਸੀਂ ਕੌਣ ਹੋ?” ਇਹ ਕਹਿ ਕੇ ਉਹ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜਿਆ ਹੋਇਆ ਸੀ, ਉਨ੍ਹਾਂ ਪਖੰਡੀਆਂ ਉੱਤੇ ਜੰਗਲੀ ਜਾਨਵਰ ਵਾਂਗ ਟੁੱਟ ਪਿਆ ਅਤੇ ਉਨ੍ਹਾਂ ਦਾ ਇੰਨਾ ਬੁਰਾ ਹਾਲ ਕੀਤਾ ਕਿ ਉਹ ਨੰਗੇ ਅਤੇ ਜ਼ਖ਼ਮੀ ਹਾਲਤ ਵਿਚ ਭੱਜ ਗਏ। (ਰਸੂ. 19:13-16) ਇਸ ਨਾਲ ‘ਯਹੋਵਾਹ ਦੇ ਬਚਨ’ ਦੀ ਜਿੱਤ ਹੋਈ। ਨਾਲੇ ਇਹ ਵੀ ਜ਼ਾਹਰ ਹੋ ਗਿਆ ਕਿ ਪੌਲੁਸ ਨੂੰ ਪਰਮੇਸ਼ੁਰ ਤੋਂ ਸ਼ਕਤੀ ਮਿਲੀ ਸੀ ਅਤੇ ਝੂਠੇ ਧਰਮ ਨੂੰ ਮੰਨਣ ਵਾਲੇ ਉਨ੍ਹਾਂ ਬੰਦਿਆਂ ਕੋਲ ਕੋਈ ਸ਼ਕਤੀ ਨਹੀਂ ਸੀ। ਅੱਜ ਵੀ ਕਰੋੜਾਂ ਲੋਕਾਂ ਨੂੰ ਗ਼ਲਤਫ਼ਹਿਮੀ ਹੈ ਕਿ ਯਿਸੂ ਦਾ ਨਾਂ ਲੈਣਾ ਜਾਂ ਆਪਣੇ ਆਪ ਨੂੰ “ਮਸੀਹੀ” ਕਹਿਣਾ ਕਾਫ਼ੀ ਹੈ। ਪਰ ਜਿਵੇਂ ਯਿਸੂ ਨੇ ਕਿਹਾ ਸੀ, ਜਿਹੜੇ ਉਸ ਦੇ ਪਿਤਾ ਦੀ ਇੱਛਾ ਪੂਰੀ ਕਰਦੇ ਹਨ, ਸਿਰਫ਼ ਉਨ੍ਹਾਂ ਨੂੰ ਹੀ ਚੰਗੇ ਭਵਿੱਖ ਦੀ ਉਮੀਦ ਹੈ।—ਮੱਤੀ 7:21-23.
15. ਜਾਦੂਗਰੀ ਅਤੇ ਇਸ ਨਾਲ ਜੁੜੀਆਂ ਚੀਜ਼ਾਂ ਦੇ ਸੰਬੰਧ ਵਿਚ ਅਸੀਂ ਅਫ਼ਸੁਸ ਦੇ ਲੋਕਾਂ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?
15 ਸਕੇਵਾ ਦੇ ਪੁੱਤਰਾਂ ਦੀ ਸ਼ਰਮਨਾਕ ਹਾਲਤ ਦੇਖ ਕੇ ਲੋਕਾਂ ਵਿਚ ਪਰਮੇਸ਼ੁਰ ਦਾ ਡਰ ਬੈਠ ਗਿਆ ਜਿਸ ਕਰਕੇ ਬਹੁਤ ਸਾਰੇ ਲੋਕ ਨਿਹਚਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਜਾਦੂਗਰੀ ਦੇ ਕੰਮ ਛੱਡ ਦਿੱਤੇ। ਅਫ਼ਸੁਸ ਦੇ ਲੋਕਾਂ ਦੀ ਜ਼ਿੰਦਗੀ ਉੱਤੇ ਜਾਦੂਗਰੀ ਦਾ ਬਹੁਤ ਅਸਰ ਸੀ। ਟੂਣੇ ਕਰਨੇ, ਤਵੀਤ ਪਾਉਣੇ ਤੇ ਮੰਤਰ ਪੜ੍ਹਨੇ ਆਮ ਗੱਲ ਸੀ। ਪਰ ਅਫ਼ਸੁਸ ਦੇ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਦੂਗਰੀ ਦੀਆਂ ਕਿਤਾਬਾਂ ਬਾਹਰ ਲਿਆ ਕੇ ਸਾਰਿਆਂ ਸਾਮ੍ਹਣੇ ਸਾੜ ਦਿੱਤੀਆਂ, ਭਾਵੇਂ ਅੱਜ ਦੇ ਹਿਸਾਬ ਨਾਲ ਉਨ੍ਹਾਂ ਦੀ ਕੀਮਤ ਲੱਖਾਂ ਡਾਲਰ ਸੀ। d ਲੂਕਾ ਦੱਸਦਾ ਹੈ: “ਇਸ ਤਰ੍ਹਾਂ ਯਹੋਵਾਹ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਰੁਕਾਵਟਾਂ ਪਾਰ ਕਰਦਾ ਹੋਇਆ ਸਾਰੇ ਪਾਸੇ ਫੈਲਦਾ ਗਿਆ।” (ਰਸੂ. 19:17-20) ਝੂਠ ਅਤੇ ਜਾਦੂਗਰੀ ਉੱਤੇ ਸੱਚਾਈ ਦੀ ਕਿੰਨੀ ਵੱਡੀ ਜਿੱਤ! ਉਨ੍ਹਾਂ ਨਿਹਚਾਵਾਨ ਲੋਕਾਂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ। ਅੱਜ ਵੀ ਦੁਨੀਆਂ ਜਾਦੂਗਰੀ ਦੇ ਕੰਮਾਂ ਨਾਲ ਭਰੀ ਹੋਈ ਹੈ। ਜੇ ਸਾਡੇ ਕੋਲ ਅਜਿਹੀ ਕੋਈ ਚੀਜ਼ ਹੈ ਜਿਸ ਦਾ ਸੰਬੰਧ ਜਾਦੂਗਰੀ ਨਾਲ ਹੈ, ਤਾਂ ਅਫ਼ਸੁਸ ਦੇ ਲੋਕਾਂ ਵਾਂਗ ਸਾਨੂੰ ਵੀ ਫ਼ੌਰਨ ਉਸ ਚੀਜ਼ ਨੂੰ ਸੁੱਟ ਦੇਣਾ ਚਾਹੀਦਾ ਹੈ। ਆਓ ਆਪਾਂ ਅਜਿਹੀਆਂ ਚੀਜ਼ਾਂ ਤੋਂ ਦੂਰ ਰਹੀਏ, ਭਾਵੇਂ ਇਨ੍ਹਾਂ ਦੀ ਕੀਮਤ ਜੋ ਮਰਜ਼ੀ ਹੋਵੇ!
“ਬੜਾ ਹੰਗਾਮਾ ਖੜ੍ਹਾ ਹੋਇਆ” (ਰਸੂ. 19:23-41)
16, 17. (ੳ) ਦੱਸੋ ਕਿ ਦੇਮੇਤ੍ਰਿਉਸ ਨੇ ਅਫ਼ਸੁਸ ਦੇ ਲੋਕਾਂ ਨੂੰ ਦੰਗੇ-ਫ਼ਸਾਦ ਕਰਨ ਲਈ ਕਿਵੇਂ ਭੜਕਾਇਆ ਸੀ। (ਅ) ਅਫ਼ਸੁਸ ਦੇ ਲੋਕਾਂ ਉੱਤੇ ਧਾਰਮਿਕ ਜਨੂਨ ਕਿਵੇਂ ਸਿਰ ਚੜ੍ਹ ਕੇ ਬੋਲਿਆ?
16 ਹੁਣ ਆਪਾਂ ਸ਼ੈਤਾਨ ਦੇ ਇਕ ਹੋਰ ਹੱਥਕੰਡੇ ਬਾਰੇ ਗੱਲ ਕਰਦੇ ਹਾਂ। ਲੂਕਾ ਨੇ ਲਿਖਿਆ: “‘ਪ੍ਰਭੂ ਦੇ ਰਾਹ’ ਦੇ ਵਿਰੁੱਧ ਬੜਾ ਹੰਗਾਮਾ ਖੜ੍ਹਾ ਹੋਇਆ।” ਉਸ ਨੇ ਇਹ ਗੱਲ ਵਧਾ-ਚੜ੍ਹਾ ਕੇ ਨਹੀਂ ਲਿਖੀ ਸੀ। e (ਰਸੂ. 19:23) ਦੇਮੇਤ੍ਰਿਉਸ ਨਾਂ ਦਾ ਇਕ ਸੁਨਿਆਰਾ ਸਾਰੇ ਫ਼ਸਾਦ ਦੀ ਜੜ੍ਹ ਸੀ। ਉਸ ਨੇ ਆਪਣੇ ਨਾਲ ਦੇ ਕਾਰੀਗਰਾਂ ਨੂੰ ਕਿਹਾ ਕਿ ਮੂਰਤੀਆਂ ਵੇਚ ਕੇ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਹੁੰਦਾ ਸੀ। ਪਰ ਪੌਲੁਸ ਦੇ ਪ੍ਰਚਾਰ ਨਾਲ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ ਕਿਉਂਕਿ ਮਸੀਹੀ ਮੂਰਤੀਆਂ ਦੀ ਪੂਜਾ ਨਹੀਂ ਕਰਦੇ ਸਨ। ਫਿਰ ਉਸ ਨੇ ਇਹ ਕਹਿ ਕੇ ਉਨ੍ਹਾਂ ਦੀਆਂ ਦੇਸ਼-ਭਗਤੀ ਦੀਆਂ ਭਾਵਨਾਵਾਂ ਨੂੰ ਭੜਕਾਇਆ ਕਿ ਉਹ ਅਫ਼ਸੁਸ ਦੇ ਰਹਿਣ ਵਾਲੇ ਸਨ। ਉਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਦੇਵੀ ਅਰਤਿਮਿਸ ਅਤੇ ਪੂਰੀ ਦੁਨੀਆਂ ਵਿਚ ਮਸ਼ਹੂਰ ਉਸ ਦੇ ਮੰਦਰ ਨੂੰ “ਤੁੱਛ ਸਮਝਿਆ ਜਾਵੇਗਾ।”—ਰਸੂ. 19:24-27.
17 ਦੇਮੇਤ੍ਰਿਉਸ ਦੀਆਂ ਗੱਲਾਂ ਸੁਣ ਕੇ ਕਾਰੀਗਰ ਭੜਕ ਉੱਠੇ। ਸੁਨਿਆਰੇ ਉੱਚੀ-ਉੱਚੀ ਨਾਅਰੇ ਮਾਰਨ ਲੱਗ ਪਏ: “ਅਫ਼ਸੁਸ ਦੇ ਲੋਕਾਂ ਦੀ ਦੇਵੀ ਅਰਤਿਮਿਸ ਮਹਾਨ ਹੈ!” ਸਾਰੇ ਸ਼ਹਿਰ ਵਿਚ ਹਲਚਲ ਮੱਚ ਗਈ ਤੇ ਗੁੱਸੇ ਵਿਚ ਭੜਕੇ ਹੋਏ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। f ਪੌਲੁਸ ਹਮੇਸ਼ਾ ਦੂਜਿਆਂ ਬਾਰੇ ਸੋਚਦਾ ਹੁੰਦਾ ਸੀ, ਇਸ ਲਈ ਉਹ ਤਮਾਸ਼ਾ ਘਰ ਵਿਚ ਜਾ ਕੇ ਭੀੜ ਨਾਲ ਗੱਲ ਕਰਨੀ ਚਾਹੁੰਦਾ ਸੀ, ਪਰ ਚੇਲਿਆਂ ਨੇ ਉਸ ʼਤੇ ਜ਼ੋਰ ਪਾਇਆ ਕਿ ਉਹ ਆਪਣੀ ਜਾਨ ਖ਼ਤਰੇ ਵਿਚ ਨਾ ਪਾਵੇ। ਸਿਕੰਦਰ ਨਾਂ ਦੇ ਇਕ ਆਦਮੀ ਨੇ ਅੱਗੇ ਆ ਕੇ ਭੀੜ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਯਹੂਦੀ ਹੋਣ ਕਰਕੇ ਉਹ ਸ਼ਾਇਦ ਇਹ ਦੱਸਣ ਲਈ ਉਤਾਵਲਾ ਹੋਣਾ ਕਿ ਯਹੂਦੀ ਲੋਕ ਮਸੀਹੀਆਂ ਤੋਂ ਬਿਲਕੁਲ ਵੱਖਰੇ ਸਨ। ਪਰ ਇੰਨੇ ਰੌਲ਼ੇ-ਰੱਪੇ ਵਿਚ ਉਸ ਦੀ ਆਵਾਜ਼ ਗੁੰਮ ਹੋ ਜਾਣੀ ਸੀ। ਜਦੋਂ ਲੋਕਾਂ ਨੇ ਪਛਾਣ ਲਿਆ ਕਿ ਉਹ ਯਹੂਦੀ ਸੀ, ਤਾਂ ਉਹ ਦੁਬਾਰਾ ਦੋ ਘੰਟੇ ਉੱਚੀ-ਉੱਚੀ ਨਾਅਰੇ ਮਾਰਦੇ ਰਹੇ, “ਅਫ਼ਸੁਸ ਦੇ ਲੋਕਾਂ ਦੀ ਦੇਵੀ ਅਰਤਿਮਿਸ ਮਹਾਨ ਹੈ!” ਅੱਜ ਵੀ ਲੋਕਾਂ ਉੱਤੇ ਧਰਮ ਦਾ ਜਨੂਨ ਸਿਰ ਚੜ੍ਹ ਕੇ ਬੋਲਦਾ ਹੈ ਜਿਸ ਕਰਕੇ ਉਨ੍ਹਾਂ ਦੀ ਸੋਚਣ-ਸਮਝਣ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ।—ਰਸੂ. 19:28-34.
18, 19. (ੳ) ਨਗਰ-ਪ੍ਰਧਾਨ ਨੇ ਭੀੜ ਨੂੰ ਕਿਵੇਂ ਸ਼ਾਂਤ ਕੀਤਾ ਸੀ? (ਅ) ਕਈ ਵਾਰ ਸਰਕਾਰੀ ਅਧਿਕਾਰੀਆਂ ਨੇ ਯਹੋਵਾਹ ਦੇ ਲੋਕਾਂ ਦਾ ਬਚਾਅ ਕਿਵੇਂ ਕੀਤਾ ਹੈ ਅਤੇ ਇਸ ਵਿਚ ਅਸੀਂ ਆਪਣਾ ਯੋਗਦਾਨ ਕਿਵੇਂ ਪਾ ਸਕਦੇ ਹਾਂ?
18 ਨਗਰ-ਪ੍ਰਧਾਨ ਨੇ ਭੀੜ ਨੂੰ ਮਸੀਂ ਚੁੱਪ ਕਰਾਇਆ। ਉਹ ਸਰਕਾਰੀ ਅਫ਼ਸਰ ਅਕਲ ਤੋਂ ਕੰਮ ਲੈਣ ਵਾਲਾ ਬੰਦਾ ਸੀ। ਉਸ ਨੇ ਭੀੜ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਮੰਦਰ ਅਤੇ ਦੇਵੀ ਨੂੰ ਮਸੀਹੀਆਂ ਤੋਂ ਕੋਈ ਖ਼ਤਰਾ ਨਹੀਂ ਸੀ ਕਿਉਂਕਿ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਅਰਤਿਮਿਸ ਦੇ ਮੰਦਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਸੀ। ਨਾਲੇ ਉਸ ਨੇ ਸਮਝਾਇਆ ਕਿ ਸੁਨਿਆਰੇ ਇਸ ਮਾਮਲੇ ਨੂੰ ਨਜਿੱਠਣ ਲਈ ਕਾਨੂੰਨੀ ਕਾਰਵਾਈ ਕਰ ਸਕਦੇ ਸਨ। ਸ਼ਾਇਦ ਭੀੜ ਉੱਤੇ ਉਸ ਦੀ ਇਸ ਗੱਲ ਦਾ ਸਭ ਤੋਂ ਜ਼ਿਆਦਾ ਅਸਰ ਪਿਆ ਕਿ ਫ਼ਸਾਦ ਲਈ ਲੋਕਾਂ ਨੂੰ ਇਕੱਠਾ ਕਰਨ ਕਰਕੇ ਰੋਮੀ ਸਰਕਾਰ ਦਾ ਗੁੱਸਾ ਭੜਕ ਜਾਵੇਗਾ। ਇਹ ਕਹਿ ਕੇ ਉਸ ਨੇ ਸਾਰਿਆਂ ਨੂੰ ਉੱਥੋਂ ਘੱਲ ਦਿੱਤਾ। ਜਿੰਨੀ ਛੇਤੀ ਲੋਕ ਭੜਕੇ ਸਨ, ਉੱਨੀ ਛੇਤੀ ਸਾਰੇ ਜਣੇ ਉਸ ਦੀਆਂ ਦਲੀਲਾਂ ਸੁਣ ਕੇ ਸ਼ਾਂਤ ਹੋ ਗਏ।—ਰਸੂ. 19:35-41.
19 ਨਾ ਇਹ ਪਹਿਲੀ ਵਾਰ ਸੀ ਤੇ ਨਾ ਹੀ ਆਖ਼ਰੀ ਵਾਰ ਸੀ ਜਦੋਂ ਕਿਸੇ ਸ਼ਾਂਤ ਤੇ ਸਮਝਦਾਰ ਸਰਕਾਰੀ ਅਫ਼ਸਰ ਨੇ ਯਿਸੂ ਦੇ ਚੇਲਿਆਂ ਦੀ ਮਦਦ ਕੀਤੀ ਹੋਵੇ। ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਦੇਖਿਆ ਸੀ ਕਿ ਧਰਤੀ ਨੇ ਹੜ੍ਹ ਦਾ ਪਾਣੀ ਪੀ ਲਿਆ। ਧਰਤੀ ਆਖ਼ਰੀ ਦਿਨਾਂ ਵਿਚ ਸਰਕਾਰੀ ਪ੍ਰਬੰਧਾਂ ਨੂੰ ਦਰਸਾਉਂਦੀ ਹੈ ਅਤੇ ਹੜ੍ਹ ਸ਼ੈਤਾਨ ਦੁਆਰਾ ਯਿਸੂ ਦੇ ਚੇਲਿਆਂ ਉੱਤੇ ਕੀਤੇ ਜਾ ਰਹੇ ਅਤਿਆਚਾਰ ਨੂੰ ਦਰਸਾਉਂਦਾ ਹੈ। (ਪ੍ਰਕਾ. 12:15, 16) ਕਈ ਜੱਜਾਂ ਨੇ ਪੱਖਪਾਤ ਕੀਤੇ ਬਿਨਾਂ ਬਹੁਤ ਸਾਰੇ ਮੁਕੱਦਮਿਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਹੱਕ ਵਿਚ ਫ਼ੈਸਲੇ ਕੀਤੇ ਹਨ ਕਿ ਉਹ ਭਗਤੀ ਲਈ ਇਕੱਠੇ ਹੋ ਸਕਦੇ ਹਨ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦੇ ਹਨ। ਇਹ ਵੀ ਸੱਚ ਹੈ ਕਿ ਸਾਡਾ ਆਪਣਾ ਚੰਗਾ ਚਾਲ-ਚਲਣ ਵੀ ਅਜਿਹੀਆਂ ਜਿੱਤਾਂ ਵਿਚ ਯੋਗਦਾਨ ਪਾ ਸਕਦਾ ਹੈ। ਪੌਲੁਸ ਦੇ ਚੰਗੇ ਚਾਲ-ਚਲਣ ਕਰਕੇ ਅਫ਼ਸੁਸ ਦੇ ਕੁਝ ਸਰਕਾਰੀ ਅਧਿਕਾਰੀ ਉਸ ਨੂੰ ਪਸੰਦ ਕਰਦੇ ਸਨ ਤੇ ਉਸ ਦੀ ਇੱਜ਼ਤ ਕਰਦੇ ਸਨ। ਇਸ ਲਈ ਉਹ ਉਸ ਦੀ ਜਾਨ ਦੀ ਸਲਾਮਤੀ ਚਾਹੁੰਦੇ ਸਨ। (ਰਸੂ. 19:31) ਆਓ ਆਪਾਂ ਆਪਣੀ ਈਮਾਨਦਾਰੀ ਤੇ ਚੰਗੇ ਚਾਲ-ਚਲਣ ਰਾਹੀਂ ਦੂਜਿਆਂ ਉੱਤੇ ਚੰਗਾ ਅਸਰ ਪਾਈਏ। ਸਾਨੂੰ ਨਹੀਂ ਪਤਾ ਕਿ ਇਸ ਦੇ ਕਿੰਨੇ ਚੰਗੇ ਨਤੀਜੇ ਨਿਕਲ ਸਕਦੇ ਹਨ।
20. (ੳ) ਤੁਹਾਨੂੰ ਇਹ ਜਾਣ ਕੇ ਕਿਵੇਂ ਮਹਿਸੂਸ ਹੁੰਦਾ ਹੈ ਕਿ ਪਹਿਲੀ ਸਦੀ ਵਿਚ ਯਹੋਵਾਹ ਦਾ ਬਚਨ ਫੈਲਦਾ ਗਿਆ ਅਤੇ ਅੱਜ ਵੀ ਫੈਲ ਰਿਹਾ ਹੈ? (ਅ) ਸਾਡੇ ਸਮੇਂ ਵਿਚ ਯਹੋਵਾਹ ਦੀਆਂ ਜਿੱਤਾਂ ਨੂੰ ਦੇਖ ਕੇ ਤੁਸੀਂ ਕੀ ਪੱਕਾ ਇਰਾਦਾ ਕੀਤਾ ਹੈ?
20 ਕੀ ਸਾਨੂੰ ਇਸ ਗੱਲ ʼਤੇ ਗੌਰ ਕਰ ਕੇ ਖ਼ੁਸ਼ੀ ਨਹੀਂ ਹੁੰਦੀ ਕਿ ਪਹਿਲੀ ਸਦੀ ਵਿਚ ‘ਯਹੋਵਾਹ ਦਾ ਬਚਨ ਸਾਰੇ ਪਾਸੇ ਫੈਲਦਾ ਗਿਆ’? ਨਾਲੇ ਸਾਨੂੰ ਇਹ ਵੀ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਨੇ ਅੱਜ ਵੀ ਜਿੱਤਾਂ ਹਾਸਲ ਕਰਨ ਵਿਚ ਆਪਣੇ ਲੋਕਾਂ ਦੀ ਮਦਦ ਕੀਤੀ ਹੈ। ਕੀ ਤੁਸੀਂ ਵੀ ਇਨ੍ਹਾਂ ਜਿੱਤਾਂ ਵਿਚ ਆਪਣਾ ਯੋਗਦਾਨ ਪਾਉਣਾ ਨਹੀਂ ਚਾਹੋਗੇ, ਭਾਵੇਂ ਥੋੜ੍ਹਾ ਜਿਹਾ ਹੀ ਕਿਉਂ ਨਾ ਹੋਵੇ? ਤਾਂ ਫਿਰ ਉਨ੍ਹਾਂ ਮਸੀਹੀਆਂ ਦੀਆਂ ਮਿਸਾਲਾਂ ਉੱਤੇ ਸੋਚ-ਵਿਚਾਰ ਕਰੋ ਜਿਨ੍ਹਾਂ ਬਾਰੇ ਅਸੀਂ ਚਰਚਾ ਕੀਤੀ ਹੈ। ਇਸ ਲਈ ਨਿਮਰ ਰਹੋ, ਯਹੋਵਾਹ ਦੇ ਅੱਗੇ ਵਧ ਰਹੇ ਸੰਗਠਨ ਦੇ ਨਾਲ-ਨਾਲ ਚੱਲਦੇ ਰਹੋ, ਮਿਹਨਤ ਕਰਦੇ ਰਹੋ, ਜਾਦੂਗਰੀ ਤੋਂ ਦੂਰ ਰਹੋ ਅਤੇ ਆਪਣੀ ਈਮਾਨਦਾਰੀ ਤੇ ਚੰਗੇ ਚਾਲ-ਚਲਣ ਰਾਹੀਂ ਗਵਾਹੀ ਦੇਣ ਦੀ ਪੂਰੀ-ਪੂਰੀ ਕੋਸ਼ਿਸ਼ ਕਰਦੇ ਰਹੋ।
a “ ਅਫ਼ਸੁਸ—ਏਸ਼ੀਆ ਦੀ ਰਾਜਧਾਨੀ” ਨਾਂ ਦੀ ਡੱਬੀ ਦੇਖੋ।
b ਅਫ਼ਸੁਸ ਵਿਚ ਹੁੰਦਿਆਂ ਪੌਲੁਸ ਨੇ ਪਹਿਲਾ ਕੁਰਿੰਥੀਆਂ ਨਾਂ ਦੀ ਚਿੱਠੀ ਵੀ ਲਿਖੀ ਸੀ।
c ਪੌਲੁਸ ਆਪਣੇ ਮੱਥੇ ʼਤੇ ਰੁਮਾਲ ਬੰਨ੍ਹਦਾ ਹੋਣਾ ਤਾਂਕਿ ਪਸੀਨਾ ਉਸ ਦੀਆਂ ਅੱਖਾਂ ਵਿਚ ਨਾ ਪਵੇ। ਇੱਥੇ ਜਿਨ੍ਹਾਂ ਕੱਪੜਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਸ਼ਾਇਦ ਐਪਰਨ ਹੋਣੇ ਜਿਨ੍ਹਾਂ ਨੂੰ ਪੌਲੁਸ ਸ਼ਾਇਦ ਸਵੇਰੇ-ਸਵੇਰੇ ਆਪਣਾ ਤੰਬੂ ਬਣਾਉਣ ਦਾ ਕੰਮ ਕਰਦਿਆਂ ਪਾਉਂਦਾ ਹੋਣਾ।—ਰਸੂ. 20:34, 35.
d ਲੂਕਾ ਨੇ ਦੱਸਿਆ ਕਿ ਉਨ੍ਹਾਂ ਕਿਤਾਬਾਂ ਦੀ ਕੀਮਤ ਚਾਂਦੀ ਦੇ 50,000 ਸਿੱਕੇ ਸਨ। ਜੇ ਇਹ ਸਿੱਕੇ ਦੀਨਾਰ ਸਨ, ਤਾਂ ਉਸ ਸਮੇਂ ਇਕ ਮਜ਼ਦੂਰ ਨੂੰ ਇੰਨੇ ਪੈਸੇ ਕਮਾਉਣ ਲਈ 50,000 ਦਿਨ ਯਾਨੀ ਲਗਭਗ 137 ਸਾਲ ਲੱਗਣੇ ਸਨ। ਇਸ ਵਾਸਤੇ ਉਸ ਨੂੰ ਹਫ਼ਤੇ ਦੇ ਸੱਤੇ ਦਿਨ ਕੰਮ ਕਰਨਾ ਪੈਣਾ ਸੀ।
e ਕੁਝ ਲੋਕ ਕਹਿੰਦੇ ਹਨ ਕਿ ਪੌਲੁਸ ਇਸ ਘਟਨਾ ਦੀ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ ਸੀ ਕਿ “ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ।” (2 ਕੁਰਿੰ. 1:8) ਪਰ ਸ਼ਾਇਦ ਉਸ ਦੇ ਮਨ ਵਿਚ ਇਸ ਤੋਂ ਵੀ ਕੋਈ ਖ਼ਤਰਨਾਕ ਘਟਨਾ ਹੋਵੇ। ਜਦੋਂ ਪੌਲੁਸ ਨੇ ਲਿਖਿਆ ਸੀ ਕਿ ਉਹ “ਅਫ਼ਸੁਸ ਵਿਚ ਜੰਗਲੀ ਜਾਨਵਰਾਂ ਨਾਲ ਲੜਿਆ” ਸੀ, ਤਾਂ ਉਹ ਸ਼ਾਇਦ ਕਿਸੇ ਅਖਾੜੇ ਵਿਚ ਵਹਿਸ਼ੀ ਜਾਨਵਰਾਂ ਨਾਲ ਲੜਨ ਦੀ ਜਾਂ ਫਿਰ ਇਨਸਾਨਾਂ ਦੇ ਵਿਰੋਧ ਨੂੰ ਸਹਿਣ ਦੀ ਗੱਲ ਕਰ ਰਿਹਾ ਸੀ। (1 ਕੁਰਿੰ. 15:32) ਉਸ ਦੀ ਗੱਲ ਦੇ ਇਹ ਦੋਵੇਂ ਮਤਲਬ ਹੋ ਸਕਦੇ ਹਨ।
f ਕਾਰੀਗਰਾਂ ਦੀਆਂ ਅਜਿਹੀਆਂ ਯੂਨੀਅਨਾਂ ਕਾਫ਼ੀ ਤਾਕਤਵਰ ਹੁੰਦੀਆਂ ਸਨ। ਉਦਾਹਰਣ ਲਈ, ਲਗਭਗ ਇਕ ਸਦੀ ਬਾਅਦ ਬੇਕਰੀਆਂ ਵਾਲਿਆਂ ਦੀ ਯੂਨੀਅਨ ਨੇ ਦੰਗੇ-ਫ਼ਸਾਦ ਕੀਤੇ ਸਨ।