Skip to content

ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ!

ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ!

ਜਲਦ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ!

ਹਜ਼ਾਰਾਂ ਸਾਲਾਂ ਤੋਂ ਮਨੁੱਖਜਾਤੀ ਕਿੰਨੇ ਹੀ ਦੁੱਖਾਂ ਦਾ ਸਾਮ੍ਹਣਾ ਕਰਦੀ ਆਈ ਹੈ: ਲੜਾਈਆਂ, ਗ਼ਰੀਬੀ, ਤਬਾਹੀ, ਜ਼ੁਲਮ, ਬੇਇਨਸਾਫ਼ੀ, ਬੀਮਾਰੀ ਅਤੇ ਮੌਤ। ਪਿਛਲੇ ਸੌ ਸਾਲਾਂ ਵਿਚ ਇਨਸਾਨਾਂ ਨੂੰ ਇਸ ਤੋਂ ਵੀ ਜ਼ਿਆਦਾ ਦੁੱਖਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਇਸ ਲਈ ਲੋਕ ਸੋਚਦੇ ਹਨ: ਆਖ਼ਰ ਸਾਨੂੰ ਇਹ ਦੁੱਖ ਕਿਉਂ ਸਹਿਣੇ ਪੈਂਦੇ ਹਨ? ਕੀ ਇਹ ਦੁੱਖ ਕਦੀ ਖ਼ਤਮ ਹੋਣਗੇ?

ਜ਼ਰੂਰ ਖ਼ਤਮ ਹੋਣਗੇ ਅਤੇ ਬਹੁਤ ਜਲਦ! ਪਰਮੇਸ਼ੁਰ ਨੇ ਖ਼ੁਦ ਇਹ ਵਾਅਦਾ ਕੀਤਾ ਹੈ: ‘ਦੁਸ਼ਟ ਨਹੀਂ ਹੋਵੇਗਾ, ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।’ ਉਸ ਨੇ ਅੱਗੇ ਕਿਹਾ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਕੀ ਇਹ ਗੱਲ ਸੁਣ ਕੇ ਸਾਨੂੰ ਹੌਸਲਾ ਨਹੀਂ ਮਿਲਦਾ?—ਜ਼ਬੂਰਾਂ ਦੀ ਪੋਥੀ 37:10, 11, 29.

ਦੁਸ਼ਟਤਾ ਨੂੰ ਖ਼ਤਮ ਕਰਨ ਤੋਂ ਬਾਅਦ ਪਰਮੇਸ਼ੁਰ ਹੋਰ ਕੀ ਕਰੇਗਾ? ਉਹ ਧਰਤੀ ਨੂੰ ਹਰ ਪੱਖੋਂ ਖੂਬਸੂਰਤ ਬਣਾ ਦੇਵੇਗਾ। ਇੱਥੋਂ ਤਕ ਕਿ ਉਹ ਸਾਡੀ ਜ਼ਿੰਦਗੀ ਨੂੰ ਵੀ ਬਦਲ ਦੇਵੇਗਾ। ਸਾਡੀ ਸਿਹਤ ਤੰਦਰੁਸਤ ਰਹੇਗੀ ਅਤੇ ਅਸੀਂ ਸਦਾ ਖ਼ੁਸ਼ ਰਹਾਂਗੇ। ਪਰਮੇਸ਼ੁਰ ਨੇ ਆਪਣੇ ਸ਼ਬਦ ਵਿਚ ਕਿਹਾ ਕਿ ਉਹ ‘ਸਾਡੀਆਂ ਅੱਖਾਂ ਤੋਂ ਹਰੇਕ ਅੰਝੂ ਪੂੰਝੇਗਾ, ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ।’ (ਪਰਕਾਸ਼ ਦੀ ਪੋਥੀ 21:4) ਇਸ ਤਰ੍ਹਾਂ ਦੀ ਜ਼ਿੰਦਗੀ ਦਾ ਆਨੰਦ ਅਸੀਂ ਹਮੇਸ਼ਾ ਲਈ ਮਾਣਾਂਗੇ!

ਪਰਮੇਸ਼ੁਰ ਸਾਡੀਆਂ ਖ਼ੁਸ਼ੀਆਂ ਨੂੰ ਚਾਰ ਚੰਨ ਲਾਉਣ ਲਈ ਮੌਤ ਦੇ ਮੂੰਹ ਵਿਚ ਜਾ ਚੁੱਕੇ ਸਾਡੇ ਅਜ਼ੀਜ਼ਾਂ ਨੂੰ ਵੀ ਜ਼ਿੰਦਾ ਕਰੇਗਾ। ਬਾਈਬਲ ਵਿਚ ਲਿਖਿਆ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” (ਰਸੂਲਾਂ ਦੇ ਕਰਤੱਬ 24:15) ਕੁਧਰਮੀਆਂ ਨੂੰ ਕਿਉਂ ਜ਼ਿੰਦਾ ਕੀਤਾ ਜਾਵੇਗਾ? ਤਾਂਕਿ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਸਿੱਖਣ ਅਤੇ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਲਿਆਉਣ ਦਾ ਮੌਕਾ ਮਿਲ ਸਕੇ। ਅਜਿਹਾ ਮੌਕਾ ਯਿਸੂ ਮਸੀਹ ਨਾਲ ਮਰ ਰਹੇ ਇਕ ਅਪਰਾਧੀ ਨੂੰ ਮਿਲਿਆ ਜਿਸ ਨੇ ਉਸ ਵਿਚ ਨਿਹਚਾ ਕਰ ਕੇ ਤੋਬਾ ਕੀਤੀ ਸੀ। ਯਿਸੂ ਨੇ ਉਸ ਨਾਲ ਵਾਅਦਾ ਕੀਤਾ ਕਿ ਉਹ ਨਵੀਂ ਦੁਨੀਆਂ ਵਿਚ ਉਸ ਨੂੰ ਜ਼ਿੰਦਾ ਕਰੇਗਾ।

ਦੁੱਖਾਂ ਦੀ ਜੜ੍ਹ

ਪਰ ਤੁਸੀਂ ਸ਼ਾਇਦ ਸੋਚੋ, ਜੇ ਪਰਮੇਸ਼ੁਰ ਇਨਸਾਨਾਂ ਨੂੰ ਇੰਨੀਆਂ ਖ਼ੁਸ਼ੀਆਂ ਦੇਣਾ ਚਾਹੁੰਦਾ ਸੀ, ਤਾਂ ਫਿਰ ਉਸ ਨੇ ਸਾਡੇ ਉੱਤੇ ਦੁੱਖ ਕਿਉਂ ਆਉਣ ਦਿੱਤੇ? ਉਸ ਨੇ ਹਾਲੇ ਤਕ ਸਾਡੀ ਮਦਦ ਕਿਉਂ ਨਹੀਂ ਕੀਤੀ?

ਚਲੋ ਆਪਾਂ ਇਨਸਾਨਾਂ ਦੇ ਅਤੀਤ ਉੱਤੇ ਝਾਤੀ ਮਾਰੀਏ। ਜਦੋਂ ਪਰਮੇਸ਼ੁਰ ਨੇ ਸਾਡੇ ਪਹਿਲੇ ਮਾਤਾ-ਪਿਤਾ ਆਦਮ ਅਤੇ ਹੱਵਾਹ ਨੂੰ ਬਣਾਇਆ ਸੀ, ਤਾਂ ਉਹ ਸਰੀਰਕ ਅਤੇ ਦਿਮਾਗ਼ੀ ਤੌਰ ਤੇ ਮੁਕੰਮਲ ਸਨ। ਉਨ੍ਹਾਂ ਦੀ ਜ਼ਿੰਦਗੀ ਵਿਚ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ। ਉਨ੍ਹਾਂ ਕੋਲ ਉਹ ਹਰ ਚੀਜ਼ ਸੀ ਜਿਸ ਦੀ ਉਹ ਉਮੀਦ ਕਰ ਸਕਦੇ ਸਨ। ਬਾਈਬਲ ਕਹਿੰਦੀ ਹੈ: “ਪਰਮੇਸ਼ਰ ਨੇ ਆਪਣੀ ਹਰ ਰਚੀ ਚੀਜ਼ ਦੇਖੀ, ਜੋ ਉਸ ਨੂੰ ਬਹੁਤ ਹੀ ਚੰਗੀ ਲੱਗੀ।” (ਉਤਪਤ 1:31, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੇ ਉਹ ਪਰਮੇਸ਼ੁਰ ਦੇ ਅਧੀਨ ਰਹਿੰਦੇ, ਤਾਂ ਉਨ੍ਹਾਂ ਤੇ ਹਮੇਸ਼ਾ ਉਸ ਦੀਆਂ ਬਰਕਤਾਂ ਰਹਿਣੀਆਂ ਸਨ ਅਤੇ ਪੂਰੇ ਸੰਸਾਰ ਤੇ ਖ਼ੁਸ਼ੀਆਂ ਦੀ ਬਰਸਾਤ ਹੋਣੀ ਸੀ!

ਆਦਮ ਅਤੇ ਹੱਵਾਹ ਨੂੰ ਦਿਮਾਗ਼ੀ ਤੌਰ ਤੇ ਮੁਕੰਮਲ ਬਣਾਇਆ ਸੀ ਜਿਸ ਕਰਕੇ ਉਨ੍ਹਾਂ ਕੋਲ ਸੋਚ-ਸਮਝ ਕੇ ਫ਼ੈਸਲੇ ਕਰਨ ਦੀ ਆਜ਼ਾਦੀ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਠਪੁਤਲੀਆਂ ਵਾਂਗ ਵਰਤਣ ਲਈ ਨਹੀਂ ਰਚਿਆ ਸੀ। ਪਰ ਆਪਣੀ ਖ਼ੁਸ਼ੀ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਸੀ ਕਿ ਉਹ ਪਰਮੇਸ਼ੁਰ ਦੇ ਆਗਿਆਕਾਰ ਰਹਿ ਕੇ ਸਹੀ ਫ਼ੈਸਲੇ ਕਰਦੇ। ਪਰਮੇਸ਼ੁਰ ਨੇ ਕਿਹਾ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ।” (ਯਸਾਯਾਹ 48:17) ਜੇ ਉਹ ਆਪਣੀ ਇਸ ਆਜ਼ਾਦੀ ਨੂੰ ਗ਼ਲਤ ਤਰੀਕੇ ਨਾਲ ਵਰਤਦੇ, ਤਾਂ ਨਤੀਜੇ ਦੁਖਦਾਇਕ ਨਿਕਲਦੇ। ਬਾਈਬਲ ਕਹਿੰਦੀ ਹੈ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” ਜੀ ਹਾਂ, ਇਨਸਾਨਾਂ ਨੂੰ ਪਰਮੇਸ਼ੁਰ ਦੇ ਨਿਰਦੇਸ਼ਨ ਦੀ ਜ਼ਰੂਰਤ ਹੈ।—ਯਿਰਮਿਯਾਹ 10:23.

ਕਿੰਨੀ ਦੁੱਖ ਦੀ ਗੱਲ ਹੈ ਕਿ ਆਦਮ ਅਤੇ ਹੱਵਾਹ ਨੇ ਸੋਚਿਆ ਕਿ ਉਹ ਪਰਮੇਸ਼ੁਰ ਦੇ ਸਹਾਰੇ ਤੋਂ ਬਗੈਰ ਖ਼ੁਸ਼ ਰਹਿ ਸਕਦੇ ਸਨ। ਉਨ੍ਹਾਂ ਨੇ ਪਰਮੇਸ਼ੁਰ ਦੇ ਅਧੀਨ ਰਹਿਣ ਦੀ ਬਜਾਇ ਆਪਣੀ ਮਰਜ਼ੀ ਕਰਨੀ ਚੁਣੀ। ਇਸ ਕਰਕੇ ਉਹ ਆਪਣੀ ਮੁਕੰਮਲਤਾ ਦੇ ਨਾਲ-ਨਾਲ ਪਰਮੇਸ਼ੁਰ ਦੀ ਅਸੀਸ ਨੂੰ ਵੀ ਗੁਆ ਬੈਠੇ। ਉਨ੍ਹਾਂ ਦੀ ਸਿਹਤ ਵਿਗੜਨ ਲੱਗ ਪਈ ਅਤੇ ਅੰਤ ਵਿਚ ਉਹ ਬੁੱਢੇ ਹੋ ਕੇ ਦਮ ਤੋੜ ਗਏ। ਉਨ੍ਹਾਂ ਦੀ ਔਲਾਦ ਯਾਨੀ ਸਾਡੇ ਬਾਰੇ ਕੀ? ਵਿਰਸੇ ਵਿਚ ਸਾਨੂੰ ਉਨ੍ਹਾਂ ਤੋਂ ਸਿਰਫ਼ ਬੀਮਾਰੀ ਅਤੇ ਮੌਤ ਹੀ ਮਿਲੀ ਹੈ।—ਰੋਮੀਆਂ 5:12.

ਹਕੂਮਤ ਦਾ ਸਵਾਲ

ਸ਼ਾਇਦ ਤੁਸੀਂ ਪੁੱਛੋ: ਆਦਮ ਅਤੇ ਹੱਵਾਹ ਨੂੰ ਖ਼ਤਮ ਕਰ ਕੇ ਪਰਮੇਸ਼ੁਰ ਨੇ ਇਕ ਨਵਾਂ ਜੋੜਾ ਕਿਉਂ ਨਹੀਂ ਬਣਾਇਆ? ਕਿਉਂਕਿ ਉਨ੍ਹਾਂ ਨੇ ਕੇਵਲ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਹੀ ਨਹੀਂ ਠੁਕਰਾਇਆ ਸਗੋਂ ਉਸ ਨੂੰ ਵੀ ਠੁਕਰਾਇਆ ਸੀ ਜਿਸ ਕਰਕੇ ਕਈ ਸਵਾਲ ਉੱਠ ਖੜ੍ਹੇ ਹੋਏ: ਇਨਸਾਨਾਂ ਉੱਤੇ ਅਸਲ ਵਿਚ ਰਾਜ ਕਰਨ ਦਾ ਹੱਕ ਕਿਸ ਦਾ ਹੈ? ਕੀ ਇਨਸਾਨ ਪਰਮੇਸ਼ੁਰ ਤੋਂ ਬਗੈਰ ਸਫ਼ਲ ਹੋ ਸਕਦੇ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਸਮੇਂ ਦੀ ਜ਼ਰੂਰਤ ਸੀ ਜਿਸ ਤੋਂ ਸਿੱਧ ਹੋਣਾ ਸੀ ਕਿ ਕਿਸ ਦਾ ਰਾਜ ਬਿਹਤਰ ਹੈ। ਪਰਮੇਸ਼ੁਰ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਇਤਿਹਾਸ ਦੌਰਾਨ ਇਨਸਾਨਾਂ ਨੇ ਕਈ ਤਰ੍ਹਾਂ ਦੀਆਂ ਰਾਜਨੀਤਿਕ, ਸਮਾਜਕ, ਆਰਥਿਕ ਅਤੇ ਧਾਰਮਿਕ ਹਕੂਮਤਾਂ ਚਲਾ ਕੇ ਦੇਖੀਆਂ ਹਨ।

ਇਸ ਦਾ ਨਤੀਜਾ ਕੀ ਨਿਕਲਿਆ ਹੈ? ਹਜ਼ਾਰਾਂ ਸਾਲਾਂ ਤੋਂ ਇਨਸਾਨਾਂ ਦੇ ਦੁੱਖ ਵਧਦੇ ਚਲੇ ਆਏ ਹਨ। ਉਨ੍ਹਾਂ ਨੇ ਪਿਛਲੀ ਸਦੀ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦੁੱਖ ਸਹੇ ਹਨ। ਦੂਜੇ ਮਹਾਂ ਯੁੱਧ ਵਿਚ ਲੱਖਾਂ ਯਹੂਦੀਆਂ ਦੇ ਨਾਲ-ਨਾਲ ਕਈ ਹੋਰ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਲੜਾਈਆਂ ਦੌਰਾਨ 10  ਕਰੋੜ ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਕੀਤੀ ਗਈ ਸੀ। ਜ਼ੁਲਮ ਅਤੇ ਅਤਿਆਚਾਰ ਹਰ ਪਾਸੇ ਛਾਏ ਹੋਏ ਹਨ। ਡ੍ਰੱਗਜ਼ ਲੈਣੇ ਆਮ ਗੱਲ ਬਣ ਗਈ ਹੈ। ਨਾਜਾਇਜ਼ ਜਿਨਸੀ ਸੰਬੰਧਾਂ ਕਾਰਨ ਲੱਗਣ ਵਾਲੇ ਰੋਗ ਦਿਨ-ਬ-ਦਿਨ ਵਧ ਰਹੇ ਹਨ। ਲੱਖਾਂ ਹੀ ਲੋਕ ਭੁੱਖ ਅਤੇ ਬੀਮਾਰੀ ਕਰਕੇ ਮੌਤ ਦਾ ਸ਼ਿਕਾਰ ਬਣ ਜਾਂਦੇ ਹਨ। ਪਰਿਵਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਇਕ ਸੁਪਨਾ ਬਣ ਕੇ ਰਹਿ ਗਈਆਂ ਹਨ। ਅੱਜ ਤਕ ਕੋਈ ਵੀ ਹਕੂਮਤ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕਰ ਪਾਈ। ਕੋਈ ਵੀ ਹਕੂਮਤ ਬੀਮਾਰੀ, ਬੁਢਾਪਾ ਅਤੇ ਮੌਤ ਨੂੰ ਵੱਸ ਵਿਚ ਨਹੀਂ ਕਰ ਸਕੀ।

ਅੱਜ ਸਾਡੇ ਆਲੇ-ਦੁਆਲੇ ਵਾਪਰ ਰਹੀਆਂ ਗੱਲਾਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ। ਬਾਈਬਲ ਇਸ ਭੈੜੇ ਸਮੇਂ ਨੂੰ ਅੰਤ ਦੇ ਦਿਨ ਆਖਦੀ ਹੈ ਜਿਨ੍ਹਾਂ ਵਿਚ ‘ਦੁਸ਼ਟ ਮਨੁੱਖ ਅਤੇ ਛਲੀਏ ਬੁਰੇ ਤੋਂ ਬੁਰੇ ਹੁੰਦੇ ਜਾਣਗੇ।’—2 ਤਿਮੋਥਿਉਸ 3:1-5, 13.

ਦੁੱਖ-ਤਕਲੀਫ਼ਾਂ ਨੂੰ ਜਲਦ ਹੀ ਜੜ੍ਹੋਂ ਉਖਾੜਿਆ ਜਾਵੇਗਾ

ਕੀ ਇਤਿਹਾਸ ਨੇ ਇਹ ਸਿੱਧ ਕੀਤਾ ਹੈ ਕਿ ਇਨਸਾਨ ਰੱਬ ਤੋਂ ਬਗੈਰ ਕਾਮਯਾਬੀ ਹਾਸਲ ਕਰ ਸਕਦੇ ਹਨ? ਸਬੂਤ ਕੀ ਦਿਖਾਉਂਦੇ ਹਨ? ਸਬੂਤ ਜ਼ਾਹਰ ਕਰਦੇ ਹਨ ਕਿ ਇਨਸਾਨ ਪਰਮੇਸ਼ੁਰ ਦੇ ਅਧੀਨ ਰਹਿ ਕੇ ਹੀ ਕਾਮਯਾਬ ਹੋ ਸਕਦੇ ਹਨ। ਕੇਵਲ ਪਰਮੇਸ਼ੁਰ ਯਹੋਵਾਹ ਦਾ ਰਾਜ ਹੀ ਸ਼ਾਂਤੀ, ਖ਼ੁਸ਼ੀ, ਮੁਕੰਮਲ ਸਿਹਤ ਅਤੇ ਸਦਾ ਦੀ ਜ਼ਿੰਦਗੀ ਦੇ ਸਕਦਾ ਹੈ। ਪਰਮੇਸ਼ੁਰ ਜਲਦ ਹੀ ਕਾਰਵਾਈ ਕਰੇਗਾ ਜਿਸ ਦੁਆਰਾ ਦੁਸ਼ਟਤਾ ਅਤੇ ਦੁੱਖਾਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।

ਬਾਈਬਲ ਦੀ ਇਕ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ: ‘ਸਾਡੇ ਜ਼ਮਾਨੇ ਦੀਆਂ ਪਾਤਸ਼ਾਹੀਆਂ ਦੇ ਦਿਨਾਂ ਵਿਚ ਆਕਾਸ਼ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ, ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜ੍ਹਾ ਰਹੇਗਾ।’ (ਦਾਨੀਏਲ 2:44) ਬਾਈਬਲ ਦੀ ਮੁੱਖ ਸਿੱਖਿਆ ਇਹ ਹੈ ਕਿ ਇਸ ਰਾਜ ਜ਼ਰੀਏ ਪਰਮੇਸ਼ੁਰ ਦੇ ਨਾਂ ਤੇ ਲੱਗੇ ਕਲੰਕ ਨੂੰ ਧੋਇਆ ਜਾਵੇਗਾ ਅਤੇ ਉਸ ਦੇ ਰਾਜ ਕਰਨ ਦੇ ਹੱਕ ਬਾਰੇ ਖੜ੍ਹੇ ਕੀਤੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਜਦ ਯਿਸੂ ਧਰਤੀ ਤੇ ਆਇਆ ਸੀ, ਤਾਂ ਉਸ ਨੇ ਵੀ ਇਸੇ ਰਾਜ ਬਾਰੇ ਗੱਲ ਕੀਤੀ ਸੀ। ਉਸ ਨੇ ਕਿਹਾ ਸੀ ਕਿ ਅੰਤ ਦੇ ਦਿਨਾਂ ਵਿਚ ‘ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆਂ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।’—ਮੱਤੀ 24:14.

ਜਦੋਂ ਅੰਤ ਆਵੇਗਾ, ਤਾਂ ਕੌਣ ਬਚੇਗਾ? ਬਾਈਬਲ ਦੱਸਦੀ ਹੈ: “ਸਚਿਆਰ ਹੀ ਧਰਤੀ ਉੱਤੇ ਵੱਸਣਗੇ, ਅਤੇ ਖਰੇ ਹੀ ਓਹ ਦੇ ਵਿੱਚ ਰਹਿ ਜਾਣਗੇ। ਪਰ ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ, ਅਤੇ ਛਲੀਏ ਉਸ ਵਿੱਚੋਂ ਪੁੱਟੇ ਜਾਣਗੇ।” (ਕਹਾਉਤਾਂ 2:21, 22) ਸਚਿਆਰ ਲੋਕ ਉਹ ਹਨ ਜੋ ਪਰਮੇਸ਼ੁਰ ਯਹੋਵਾਹ ਦੀ ਮਰਜ਼ੀ ਬਾਰੇ ਸਿੱਖਦੇ ਹਨ ਅਤੇ ਉਸ ਨੂੰ ਪੂਰੀ ਕਰਦੇ ਹਨ। ਯਿਸੂ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਜੀ ਹਾਂ, ‘ਸੰਸਾਰ ਬੀਤਦਾ ਜਾਂਦਾ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।’—1 ਯੂਹੰਨਾ 2:17.

ਜੇ ਜ਼ਿਕਰ ਨਾ ਕੀਤਾ ਗਿਆ ਹੋਵੇ, ਤਾਂ ਪੰਜਾਬੀ ਦਾ ਪਵਿੱਤਰ ਬਾਈਬਲ ਤਰਜਮਾ ਇਸਤੇਮਾਲ ਕੀਤਾ ਗਿਆ ਹੈ।