Skip to content

ਭਾਗ 5

ਜਾਦੂ-ਟੂਣੇ ਅਤੇ ਡੈਣਾਂ ਬਾਰੇ ਸੱਚਾਈ

ਜਾਦੂ-ਟੂਣੇ ਅਤੇ ਡੈਣਾਂ ਬਾਰੇ ਸੱਚਾਈ

1. ਜਾਦੂ-ਟੂਣੇ ਅਤੇ ਡੈਣਾਂ ਵਿਚ ਕਿੰਨੇ ਕੁ ਲੋਕ ਵਿਸ਼ਵਾਸ ਕਰਦੇ ਹਨ?

 ਅਫ਼ਰੀਕੀ ਧਰਮਾਂ ਬਾਰੇ ਇਕ ਕਿਤਾਬ ਕਹਿੰਦੀ ਹੈ: “ਅਫ਼ਰੀਕਾ ਵਿਚ ਲੋਕਾਂ ਨੂੰ ਇਹ ਪੁੱਛਣਾ ਬੇਕਾਰ ਹੈ ਕਿ ਉਹ ਕਾਲਾ ਜਾਦੂ ਕਰਨ ਵਾਲੀਆਂ (ਡੈਣਾਂ) ਵਿਚ ਵਿਸ਼ਵਾਸ ਕਰਦੇ ਹਨ ਜਾਂ ਨਹੀਂ।” ਇਸ ਕਿਤਾਬ ਵਿਚ ਅੱਗੇ ਕਿਹਾ ਗਿਆ ਹੈ ਕਿ “ਅਫ਼ਰੀਕਾ ਵਿਚ ਹਰ ਤਬਕੇ ਦੇ ਲੋਕ ਜਾਦੂਗਰੀ ਨੂੰ ਬਹੁਤ ਅਹਿਮ ਸਮਝਦੇ ਹਨ।” ਜਾਦੂ-ਟੂਣੇ ਅਤੇ ਡੈਣਾਂ ਵਿਚ ਵਿਸ਼ਵਾਸ ਕਰਨ ਵਾਲਿਆਂ ਵਿਚ ਨਾ ਸਿਰਫ਼ ਅਨਪੜ੍ਹ ਲੋਕ, ਸਗੋਂ ਬਹੁਤ ਪੜ੍ਹੇ-ਲਿਖੇ ਲੋਕ ਵੀ ਸ਼ਾਮਲ ਹਨ। ਇੱਥੋਂ ਤਕ ਕਿ ਇਸਲਾਮ ਅਤੇ ਈਸਾਈ ਧਰਮ ਦੇ ਆਗੂ ਵੀ ਇਹ ਵਿਸ਼ਵਾਸ ਕਰਦੇ ਹਨ।

2. ਬਹੁਤ ਸਾਰੇ ਲੋਕਾਂ ਮੁਤਾਬਕ ਜਾਦੂਈ ਸ਼ਕਤੀਆਂ ਕਿੱਥੋਂ ਆਈਆਂ?

2 ਅਫ਼ਰੀਕਾ ਵਿਚ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਕ ਰਹੱਸਮਈ ਅਲੌਕਿਕ ਸ਼ਕਤੀ ਹੋਂਦ ਵਿਚ ਹੈ। ਇਹ ਸ਼ਕਤੀ ਰੱਬ ਦੇ ਕੰਟ੍ਰੋਲ ਵਿਚ ਹੈ। ਆਤਮਾਵਾਂ ਅਤੇ ਮਰ ਚੁੱਕੇ ਪੂਰਵਜ ਇਸ ਨੂੰ ਵਰਤ ਸਕਦੇ ਹਨ। ਕੁਝ ਲੋਕ ਜਾਣਦੇ ਹਨ ਕਿ ਇਸ ਦੀ ਵਰਤੋਂ ਕਿਸੇ ਦੇ ਭਲੇ (ਚਿੱਟਾ ਜਾਦੂ) ਜਾਂ ਬੁਰੇ (ਕਾਲਾ ਜਾਦੂ) ਲਈ ਕਿਵੇਂ ਕੀਤੀ ਜਾ ਸਕਦੀ ਹੈ।

3. ਕਾਲਾ ਜਾਦੂ ਕੀ ਹੈ ਅਤੇ ਲੋਕਾਂ ਮੁਤਾਬਕ ਇਸ ਨਾਲ ਕੀ ਕੀਤਾ ਜਾ ਸਕਦਾ ਹੈ?

3 ਲੋਕ ਆਪਣੇ ਦੁਸ਼ਮਣਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਾਲਾ ਜਾਦੂ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਕਾਲਾ ਜਾਦੂ ਕਰਨ ਵਾਲਿਆਂ ਕੋਲ ਚਾਮਚੜਿੱਕਾਂ, ਪੰਛੀਆਂ, ਮੱਖੀਆਂ ਅਤੇ ਹੋਰ ਜਾਨਵਰਾਂ ਨੂੰ ਭੇਜ ਕੇ ਲੋਕਾਂ ʼਤੇ ਹਮਲਾ ਕਰਨ ਦੀ ਤਾਕਤ ਹੈ। ਇਹ ਵਿਸ਼ਵਾਸ ਕਰਨਾ ਵੀ ਬਹੁਤ ਆਮ ਹੈ ਕਿ ਕਾਲਾ ਜਾਦੂ ਕਿਸੇ ਦੀ ਲੜਾਈ ਕਰਾਉਣ, ਕਿਸੇ ਨੂੰ ਬਾਂਝ ਬਣਾਉਣ, ਕਿਸੇ ਨੂੰ ਬੀਮਾਰ ਕਰਨ, ਇੱਥੋਂ ਤਕ ਕਿ ਮਾਰਨ ਲਈ ਵੀ ਵਰਤਿਆ ਜਾ ਸਕਦਾ ਹੈ।

4. ਬਹੁਤ ਸਾਰੇ ਲੋਕ ਕਾਲਾ ਜਾਦੂ ਕਰਨ ਵਾਲੀਆਂ ਔਰਤਾਂ (ਡੈਣਾਂ) ਬਾਰੇ ਕੀ ਮੰਨਦੇ ਹਨ ਅਤੇ ਜਿਹੜੇ ਕੁਝ ਲੋਕ ਪਹਿਲਾਂ ਜਾਦੂਗਰੀ ਕਰਦੇ ਸਨ, ਉਹ ਕੀ ਕਬੂਲ ਕਰਦੇ ਹਨ?

4 ਮੰਨਿਆ ਜਾਂਦਾ ਹੈ ਕਿ ਕਾਲਾ ਜਾਦੂ ਕਰਨ ਵਾਲੀਆਂ ਕਈ ਔਰਤਾਂ (ਡੈਣਾਂ) ਰਾਤ ਨੂੰ ਦੂਜੀਆਂ ਔਰਤਾਂ (ਡੈਣਾਂ) ਨੂੰ ਮਿਲਣ ਲਈ ਜਾਂ ਆਪਣੇ ਦੁਸ਼ਮਣਾਂ ਦੀ ਜਾਨ ਲੈਣ ਲਈ ਆਪਣਾ ਸਰੀਰ ਛੱਡ ਕੇ ਉੱਡ ਜਾਂਦੀਆਂ ਹਨ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਗੱਲਾਂ ਸੱਚੀਆਂ ਹਨ। ਇਹ ਗੱਲਾਂ ਉਹ ਲੋਕ ਫੈਲਾਉਂਦੇ ਹਨ ਜੋ ਪਹਿਲਾਂ ਜਾਦੂਗਰੀ ਕਰਦੇ ਸਨ। ਮਿਸਾਲ ਲਈ, ਇਕ ਅਫ਼ਰੀਕੀ ਰਸਾਲੇ ਨੇ ਕੁਝ ਕੁੜੀਆਂ (ਜ਼ਿਆਦਾਤਰ ਅੱਲੜ੍ਹ ਉਮਰ) ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਕਿਹਾ: “ਮੈਂ 150 ਲੋਕਾਂ ਦੇ ਐਕਸੀਡੈਂਟ ਕਰਾ ਕੇ ਉਨ੍ਹਾਂ ਨੂੰ ਮਾਰ ਦਿੱਤਾ।” “ਮੈਂ ਪੰਜ ਬੱਚਿਆਂ ਦਾ ਸਾਰਾ ਖ਼ੂਨ ਚੂਸ ਕੇ ਉਨ੍ਹਾਂ ਨੂੰ ਮਾਰ ਦਿੱਤਾ।” “ਮੈਂ ਆਪਣੇ ਤਿੰਨ ਬੁਆਏ-ਫ੍ਰੈਂਡਾਂ ਨੂੰ ਮਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ।”

5. ਚਿੱਟਾ ਜਾਦੂ ਕੀ ਹੈ ਅਤੇ ਲੋਕ ਇਹ ਕਿੱਦਾਂ ਕਰਦੇ ਹਨ?

5 ਮੰਨਿਆ ਜਾਂਦਾ ਹੈ ਕਿ ਚਿੱਟਾ ਜਾਦੂ ਬੁਰੀ ਨਜ਼ਰ ਤੋਂ ਬਚਾਉਂਦਾ ਹੈ। ਇਹ ਜਾਦੂ ਕਰਨ ਵਾਲੇ ਲੋਕ ਜਾਦੂਈ ਅੰਗੂਠੀਆਂ ਅਤੇ ਕੜੇ ਪਾਉਂਦੇ ਹਨ, ਦਵਾਈਆਂ ਪੀਂਦੇ ਹਨ ਜਾਂ ਇਨ੍ਹਾਂ ਨੂੰ ਆਪਣੇ ਸਰੀਰ ʼਤੇ ਮਲ਼ਦੇ ਹਨ। ਉਹ ਆਪਣੇ ਘਰਾਂ ਵਿਚ ਜਾਂ ਜ਼ਮੀਨ ਵਿਚ ਅਜਿਹੀਆਂ ਚੀਜ਼ਾਂ ਲੁਕਾਉਂਦੇ ਹਨ ਜੋ ਉਨ੍ਹਾਂ ਦੇ ਖ਼ਿਆਲ ਵਿਚ ਉਨ੍ਹਾਂ ਦੀ ਰਾਖੀ ਕਰਦੀਆਂ ਹਨ। ਉਹ ਤਵੀਤਾਂ ਵਿਚ ਯਕੀਨ ਰੱਖਦੇ ਹਨ ਜਿਨ੍ਹਾਂ ਵਿਚ ਕੁਰਾਨ ਜਾਂ ਬਾਈਬਲ ਵਿੱਚੋਂ ਆਇਤਾਂ ਲਿਖੀਆਂ ਹੁੰਦੀਆਂ ਹਨ।

ਝੂਠ ਅਤੇ ਛਲ-ਕਪਟ

6. ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨੇ ਪੁਰਾਣੇ ਜ਼ਮਾਨੇ ਵਿਚ ਕੀ ਕੀਤਾ ਸੀ ਅਤੇ ਸਾਨੂੰ ਉਨ੍ਹਾਂ ਦੀ ਤਾਕਤ ਬਾਰੇ ਕੀ ਨਹੀਂ ਸੋਚਣਾ ਚਾਹੀਦਾ?

6 ਇਹ ਸੱਚ ਹੈ ਕਿ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤ ਇਨਸਾਨਾਂ ਦੇ ਖ਼ਤਰਨਾਕ ਦੁਸ਼ਮਣ ਹਨ। ਉਹ ਇਨਸਾਨਾਂ ਦੇ ਦਿਮਾਗ਼ਾਂ ਅਤੇ ਜ਼ਿੰਦਗੀਆਂ ʼਤੇ ਅਸਰ ਪਾ ਸਕਦੇ ਹਨ। ਪੁਰਾਣੇ ਜ਼ਮਾਨੇ ਵਿਚ ਤਾਂ ਉਹ ਇਨਸਾਨਾਂ ਅਤੇ ਜਾਨਵਰਾਂ ਵਿਚ ਵੜ ਜਾਂਦੇ ਸਨ ਤੇ ਉਨ੍ਹਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਸਨ। (ਮੱਤੀ 12:43-45) ਇਸ ਕਰਕੇ ਸਾਨੂੰ ਉਨ੍ਹਾਂ ਦੀ ਸ਼ਕਤੀ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ, ਪਰ ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਉਹ ਜੋ ਮਰਜ਼ੀ ਕਰ ਸਕਦੇ ਹਨ।

7. ਸ਼ੈਤਾਨ ਸਾਨੂੰ ਕੀ ਯਕੀਨ ਦਿਵਾਉਣਾ ਚਾਹੁੰਦਾ ਹੈ ਅਤੇ ਇਹ ਗੱਲ ਕਿਵੇਂ ਇਕ ਮਿਸਾਲ ਦੁਆਰਾ ਸਮਝਾਈ ਗਈ ਹੈ?

7 ਸ਼ੈਤਾਨ ਛਲ-ਕਪਟ ਕਰਨ ਵਿਚ ਮਾਹਰ ਹੈ। ਉਹ ਲੋਕਾਂ ਨੂੰ ਆਸਾਨੀ ਨਾਲ ਮੂਰਖ ਬਣਾਉਂਦਾ ਹੈ ਕਿ ਉਸ ਕੋਲ ਬਹੁਤ ਜ਼ਿਆਦਾ ਤਾਕਤ ਹੈ, ਪਰ ਅਸਲ ਵਿਚ ਨਹੀਂ ਹੈ। ਇਸ ਗੱਲ ਨੂੰ ਸਮਝਣ ਲਈ ਇਸ ਮਿਸਾਲ ʼਤੇ ਗੌਰ ਕਰੋ: ਜਦੋਂ ਇਕ ਅਫ਼ਰੀਕੀ ਦੇਸ਼ ਵਿਚ ਯੁੱਧ ਛਿੜ ਗਿਆ, ਤਾਂ ਉੱਥੋਂ ਦੇ ਫ਼ੌਜੀਆਂ ਨੇ ਆਪਣੇ ਦੁਸ਼ਮਣਾਂ ਨੂੰ ਡਰਾਉਣ ਲਈ ਹਮਲਾ ਕਰਨ ਤੋਂ ਪਹਿਲਾਂ ਤੋਪਾਂ ਤੇ ਗੋਲੀਆਂ ਦੀ ਰਿਕਾਰਡਿੰਗ ਉੱਚੀ ਆਵਾਜ਼ ਚਲਾ ਦਿੱਤੀ। ਉਹ ਆਪਣੇ ਦੁਸ਼ਮਣਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਸਨ ਕਿ ਉਨ੍ਹਾਂ ਨਾਲ ਲੜਨ ਵਾਲੀ ਫ਼ੌਜ ਕੋਲ ਬਹੁਤ ਸ਼ਕਤੀਸ਼ਾਲੀ ਹਥਿਆਰ ਹਨ। ਇਸੇ ਤਰ੍ਹਾਂ ਸ਼ੈਤਾਨ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਉਸ ਕੋਲ ਬੇਅੰਤ ਤਾਕਤ ਹੈ। ਉਹ ਚਾਹੁੰਦਾ ਹੈ ਕਿ ਲੋਕ ਉਸ ਤੋਂ ਡਰ ਕੇ ਉਸ ਦੀ ਇੱਛਾ ਪੂਰੀ ਕਰਨ, ਨਾ ਕਿ ਯਹੋਵਾਹ ਦੀ। ਆਓ ਦੇਖੀਏ ਕਿ ਸ਼ੈਤਾਨ ਕਿਨ੍ਹਾਂ ਤਿੰਨ ਝੂਠੀਆਂ ਗੱਲਾਂ ਬਾਰੇ ਲੋਕਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ।

8. ਸ਼ੈਤਾਨ ਕਿਹੜਾ ਇਕ ਝੂਠ ਫੈਲਾਉਂਦਾ ਹੈ?

8 ਸ਼ੈਤਾਨ ਇਕ ਝੂਠ ਇਹ ਫੈਲਾਉਂਦਾ ਹੈ ਕਿ ਜੇ ਕਿਸੇ ਨਾਲ ਕੁਝ ਮਾੜਾ ਹੁੰਦਾ ਹੈ, ਤਾਂ ਇਹ ਇਤਫ਼ਾਕ ਨਾਲ ਨਹੀਂ ਹੁੰਦਾ, ਸਗੋਂ ਕਿਸੇ ਨੇ ਇਹ ਅਲੌਕਿਕ ਸ਼ਕਤੀ ਦੇ ਜ਼ਰੀਏ ਕੀਤਾ ਹੁੰਦਾ ਹੈ। ਮਿਸਾਲ ਲਈ, ਮੰਨ ਲਓ ਕਿ ਇਕ ਬੱਚਾ ਮਲੇਰੀਏ ਕਰਕੇ ਮਰ ਜਾਂਦਾ ਹੈ। ਉਸ ਦੀ ਮਾਂ ਨੂੰ ਸ਼ਾਇਦ ਪਤਾ ਹੋਵੇ ਕਿ ਮਲੇਰੀਆ ਇਕ ਬੀਮਾਰੀ ਹੈ ਜੋ ਮੱਛਰਾਂ ਦੇ ਕੱਟਣ ਕਰਕੇ ਫੈਲਦੀ ਹੈ। ਪਰ ਉਹ ਸ਼ਾਇਦ ਇਹ ਵੀ ਮੰਨਦੀ ਹੋਵੇ ਕਿ ਕਿਸੇ ਨੇ ਜਾਦੂ ਕਰ ਕੇ ਇਕ ਮੱਛਰ ਭੇਜਿਆ ਤਾਂਕਿ ਉਹ ਬੱਚੇ ਦੇ ਲੜ ਜਾਵੇ।

ਕਦੇ-ਕਦੇ ਅਚਾਨਕ ਕੁਝ ਬੁਰਾ ਹੋ ਜਾਂਦਾ ਹੈ

9. ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਹਰ ਮੁਸ਼ਕਲ ਪਿੱਛੇ ਸ਼ੈਤਾਨ ਦਾ ਹੱਥ ਨਹੀਂ ਹੈ?

9 ਚਾਹੇ ਕਿ ਸ਼ੈਤਾਨ ਕੋਲ ਕੁਝ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਤਾਕਤ ਹੈ, ਪਰ ਇਹ ਮੰਨਣਾ ਗ਼ਲਤ ਹੈ ਕਿ ਹਰ ਮੁਸ਼ਕਲ ਉਹੀ ਖੜ੍ਹੀ ਕਰਦਾ ਹੈ। ਬਾਈਬਲ ਕਹਿੰਦੀ ਹੈ: “ਤੇਜ਼ ਦੌੜਨ ਵਾਲਾ ਹਮੇਸ਼ਾ ਦੌੜ ਨਹੀਂ ਜਿੱਤਦਾ ਅਤੇ ਨਾ ਹੀ ਬਲਵਾਨ ਹਮੇਸ਼ਾ ਲੜਾਈ ਜਿੱਤਦਾ ਹੈ, ਨਾ ਬੁੱਧੀਮਾਨ ਕੋਲ ਹਮੇਸ਼ਾ ਖਾਣ ਲਈ ਰੋਟੀ ਹੁੰਦੀ ਹੈ, ਨਾ ਅਕਲਮੰਦ ਕੋਲ ਹਮੇਸ਼ਾ ਧਨ-ਦੌਲਤ ਹੁੰਦੀ ਹੈ ਅਤੇ ਨਾ ਹੀ ਗਿਆਨਵਾਨ ਨੂੰ ਹਮੇਸ਼ਾ ਕਾਮਯਾਬੀ ਹਾਸਲ ਹੁੰਦੀ ਹੈ ਕਿਉਂਕਿ ਹਰ ਕਿਸੇ ʼਤੇ ਬੁਰਾ ਸਮਾਂ ਆਉਂਦਾ ਹੈ ਅਤੇ ਕਿਸੇ ਨਾਲ ਅਚਾਨਕ ਕੁਝ ਵੀ ਵਾਪਰ ਸਕਦਾ ਹੈ।” (ਉਪਦੇਸ਼ਕ ਦੀ ਕਿਤਾਬ 9:11) ਦੌੜ ਵਿਚ ਇਕ ਦੌੜਾਕ ਸ਼ਾਇਦ ਤੇਜ਼ ਦੌੜਦਾ ਹੋਵੇ, ਪਰ ਸ਼ਾਇਦ ਉਹ ਫਿਰ ਵੀ ਨਾ ਜਿੱਤੇ। “ਅਚਾਨਕ ਕੁਝ ਵੀ ਵਾਪਰ ਸਕਦਾ ਹੈ” ਜਿਸ ਕਰਕੇ ਸ਼ਾਇਦ ਉਹ ਹਾਰ ਜਾਵੇ। ਸ਼ਾਇਦ ਉਹ ਠੋਕਰ ਖਾ ਕੇ ਡਿਗ ਜਾਵੇ ਜਾਂ ਬੀਮਾਰ ਹੋ ਜਾਵੇ ਜਾਂ ਉਸ ਦੇ ਪੈਰ ਨੂੰ ਮੋਚ ਆ ਜਾਵੇ। ਕਿਸੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਇਨ੍ਹਾਂ ਪਿੱਛੇ ਸ਼ੈਤਾਨ ਦਾ ਹੱਥ ਹੋਵੇ ਜਾਂ ਕਿਸੇ ਨੇ ਉਸ ʼਤੇ ਜਾਦੂ-ਟੂਣਾ ਕੀਤਾ ਹੋਵੇ। ਇੱਦਾਂ ਬੱਸ ਹੋ ਜਾਂਦਾ ਹੈ।

ਜਾਦੂਗਰਨੀਆਂ ਆਪਣਾ ਸਰੀਰ ਛੱਡ ਕੇ ਕਿਤੇ ਨਹੀਂ ਜਾ ਸਕਦੀਆਂ

10. (ੳ) ਜਾਦੂਗਰਨੀਆਂ ਬਾਰੇ ਕੀ ਕਿਹਾ ਜਾਂਦਾ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਜਾਦੂਗਰਨੀਆਂ ਆਪਣਾ ਸਰੀਰ ਨਹੀਂ ਛੱਡ ਸਕਦੀਆਂ ਅਤੇ ਕੀ ਤੁਸੀਂ ਇਹ ਮੰਨਦੇ ਹੋ?

10 ਸ਼ੈਤਾਨ ਦੂਜਾ ਝੂਠ ਇਹ ਫੈਲਾਉਂਦਾ ਹੈ ਕਿ ਜਾਦੂਗਰਨੀਆਂ (ਡੈਣਾਂ) ਰਾਤ ਨੂੰ ਦੂਜੀਆਂ ਜਾਦੂਗਰਨੀਆਂ (ਡੈਣਾਂ) ਨੂੰ ਮਿਲਣ ਲਈ ਜਾਂ ਆਪਣੇ ਦੁਸ਼ਮਣਾਂ ਦੀ ਜਾਨ ਲੈਣ ਲਈ ਜਾਂ ਉਨ੍ਹਾਂ ਦਾ ਖ਼ੂਨ ਚੂਸਣ ਲਈ ਆਪਣਾ ਸਰੀਰ ਛੱਡ ਕੇ ਉੱਡ ਜਾਂਦੀਆਂ ਹਨ। ਜ਼ਰਾ ਖ਼ੁਦ ਤੋਂ ਪੁੱਛੋ: ਜੇ ਇਹ ਸੱਚ ਹੈ, ਤਾਂ ਉਹ ਕਿਹੜੀ ਚੀਜ਼ ਹੈ ਜੋ ਜਾਦੂਗਰਨੀ ਦੇ ਸਰੀਰ ਨੂੰ ਛੱਡ ਕੇ ਜਾਂਦੀ ਹੈ? ਜਿੱਦਾਂ ਅਸੀਂ ਦੇਖਿਆ, ਇਨਸਾਨਾਂ ਨੂੰ ਰਚਣ ਵੇਲੇ ਉਨ੍ਹਾਂ ਵਿਚ ਕੋਈ ਆਤਮਾ ਨਾਂ ਦੀ ਚੀਜ਼ ਨਹੀਂ ਪਾਈ ਗਈ ਸੀ ਜੋ ਸਰੀਰ ਵਿੱਚੋਂ ਨਿਕਲ ਕੇ ਜੀਉਂਦੀ ਰਹਿੰਦੀ ਹੈ। ਇਸ ਲਈ ਜਾਦੂਗਰਨੀਆਂ ਆਪਣਾ ਸਰੀਰ ਛੱਡ ਕੇ ਕਿਤੇ ਨਹੀਂ ਜਾ ਸਕਦੀਆਂ ਅਤੇ ਅਜਿਹਾ ਕੋਈ ਕੰਮ ਨਹੀਂ ਕਰ ਸਕਦੀਆਂ ਜਿਨ੍ਹਾਂ ਦਾ ਉਹ ਦਾਅਵਾ ਕਰਦੀਆਂ ਹਨ ਜਾਂ ਉਹ ਸੋਚਦੀਆਂ ਹਨ ਕਿ ਉਨ੍ਹਾਂ ਨੇ ਕੀਤਾ ਹੈ।

11. ਸ਼ੈਤਾਨ ਲੋਕਾਂ ਨੂੰ ਕਿਵੇਂ ਯਕੀਨ ਦਿਵਾਉਂਦਾ ਹੈ ਕਿ ਉਨ੍ਹਾਂ ਨੇ ਉਹ ਕੰਮ ਕੀਤੇ ਹਨ ਜੋ ਅਸਲ ਵਿਚ ਉਨ੍ਹਾਂ ਨੇ ਨਹੀਂ ਕੀਤੇ?

11 ਪਰ ਕਾਲਾ ਜਾਦੂ ਕਰਨ ਵਾਲੇ ਲੋਕਾਂ ਦੇ ਦਾਅਵਿਆਂ ਬਾਰੇ ਅਸੀਂ ਕੀ ਕਹਿ ਸਕਦੇ ਹਾਂ? ਸ਼ੈਤਾਨ ਲੋਕਾਂ ਨੂੰ ਇਹ ਯਕੀਨ ਦਿਵਾ ਸਕਦਾ ਹੈ ਕਿ ਉਨ੍ਹਾਂ ਨਾਲ ਉਹ ਸਭ ਹੋਇਆ ਹੈ ਜੋ ਅਸਲ ਵਿਚ ਨਹੀਂ ਹੋਇਆ। ਉਹ ਸੁਪਨਿਆਂ ਦੇ ਜ਼ਰੀਏ ਲੋਕਾਂ ਦੇ ਮਨਾਂ ਵਿਚ ਪਾਉਂਦਾ ਹੈ ਕਿ ਉਨ੍ਹਾਂ ਨੇ ਕੁਝ ਦੇਖਿਆ, ਸੁਣਿਆ ਅਤੇ ਕੀਤਾ ਹੈ ਜੋ ਅਸਲ ਵਿਚ ਨਹੀਂ ਹੋਇਆ। ਇਸ ਤਰ੍ਹਾਂ ਉਹ ਚਾਹੁੰਦਾ ਹੈ ਕਿ ਲੋਕ ਯਹੋਵਾਹ ਤੋਂ ਦੂਰ ਹੋ ਜਾਣ ਅਤੇ ਇਹ ਸੋਚਣ ਕਿ ਬਾਈਬਲ ਗ਼ਲਤ ਹੈ।

12. (ੳ) ਕੀ ਚਿੱਟਾ ਜਾਦੂ ਚੰਗਾ ਹੁੰਦਾ ਹੈ? (ਅ) ਪਰਮੇਸ਼ੁਰ ਦੇ ਬਚਨ ਵਿਚ ਜਾਦੂ-ਟੂਣੇ ਬਾਰੇ ਕੀ ਦੱਸਿਆ ਹੈ?

12 ਤੀਜਾ ਝੂਠ ਇਹ ਹੈ ਕਿ ਚਿੱਟਾ ਜਾਦੂ ਚੰਗਾ ਜਾਦੂ ਹੁੰਦਾ ਹੈ ਕਿਉਂਕਿ ਇਹ ਕਾਲੇ ਜਾਦੂ ਦਾ ਅਸਰ ਖ਼ਤਮ ਕਰ ਦਿੰਦਾ ਹੈ। ਪਰਮੇਸ਼ੁਰ ਦੇ ਬਚਨ ਵਿਚ ਚਿੱਟੇ ਜਾਦੂ ਅਤੇ ਕਾਲੇ ਜਾਦੂ ਵਿਚ ਕੋਈ ਫ਼ਰਕ ਨਹੀਂ ਦੱਸਿਆ ਗਿਆ। ਇਸ ਵਿਚ ਹਰ ਤਰ੍ਹਾਂ ਦੇ ਜਾਦੂ ਨੂੰ ਨਿੰਦਿਆ ਗਿਆ ਹੈ। ਧਿਆਨ ਦਿਓ ਕਿ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਜਾਦੂਗਰਾਂ ਅਤੇ ਜਾਦੂ-ਟੂਣਾ ਕਰਨ ਵਾਲਿਆਂ ਬਾਰੇ ਕਿਹੜੇ ਹੁਕਮ ਦਿੱਤੇ ਸਨ:

  •   ‘ਤੁਸੀਂ ਜਾਦੂਗਰੀ ਨਾ ਕਰੋ।’​—ਲੇਵੀਆਂ 19:26.

  •   “ਚੇਲੇ-ਚਾਂਟੇ ਜਾਂ ਭਵਿੱਖ ਦੱਸਣ ਵਾਲੇ ਆਦਮੀ ਜਾਂ ਔਰਤ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।”​—ਲੇਵੀਆਂ 20:27.

  •   “ਤੁਹਾਡੇ ਵਿੱਚੋਂ ਕੋਈ ਵੀ . . . ਜਾਦੂਗਰੀ ਨਾ ਕਰੇ ਜਾਂ ਸ਼ੁਭ-ਅਸ਼ੁਭ ਨਾ ਵਿਚਾਰੇ ਜਾਂ ਜਾਦੂ-ਟੂਣਾ ਨਾ ਕਰੇ ਜਾਂ ਮੰਤਰ ਫੂਕ ਕੇ ਕਿਸੇ ਨੂੰ ਆਪਣੇ ਵੱਸ ਵਿਚ ਨਾ ਕਰੇ ਜਾਂ ਉਹ ਕਿਸੇ ਚੇਲੇ-ਚਾਂਟੇ ਕੋਲ ਜਾਂ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਨਾ ਜਾਵੇ।”​—ਬਿਵਸਥਾ ਸਾਰ 18:10-14.

13. ਯਹੋਵਾਹ ਨੇ ਜਾਦੂਗਰੀ ਬਾਰੇ ਹੁਕਮ ਕਿਉਂ ਬਣਾਏ?

13 ਇਨ੍ਹਾਂ ਹੁਕਮਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਬਿਲਕੁਲ ਨਹੀਂ ਚਾਹੁੰਦਾ ਸੀ ਕਿ ਉਸ ਦੇ ਲੋਕ ਜਾਦੂ-ਟੂਣਾ ਕਰਨ। ਯਹੋਵਾਹ ਨੇ ਇਹ ਹੁਕਮ ਇਸ ਲਈ ਦਿੱਤੇ ਸਨ ਕਿਉਂਕਿ ਉਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਇਹ ਨਹੀਂ ਚਾਹੁੰਦਾ ਸੀ ਕਿ ਉਹ ਡਰ ਅਤੇ ਅੰਧਵਿਸ਼ਵਾਸਾਂ ਦੇ ਗ਼ੁਲਾਮ ਬਣਨ। ਉਹ ਨਹੀਂ ਚਾਹੁੰਦਾ ਕਿ ਦੁਸ਼ਟ ਦੂਤ ਉਨ੍ਹਾਂ ਨੂੰ ਸਤਾਉਣ।

14. ਬਾਈਬਲ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸ਼ੈਤਾਨ ਨਾਲੋਂ ਜ਼ਿਆਦਾ ਤਾਕਤਵਰ ਹੈ?

14 ਭਾਵੇਂ ਬਾਈਬਲ ਇਸ ਬਾਰੇ ਜ਼ਿਆਦਾ ਨਹੀਂ ਦੱਸਦੀ ਕਿ ਦੁਸ਼ਟ ਦੂਤ ਕੀ ਕਰ ਸਕਦੇ ਹਨ ਅਤੇ ਕੀ ਨਹੀਂ, ਪਰ ਇਹ ਜ਼ਰੂਰ ਦੱਸਦੀ ਹੈ ਕਿ ਯਹੋਵਾਹ ਪਰਮੇਸ਼ੁਰ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਹੈ। ਯਹੋਵਾਹ ਨੇ ਸ਼ੈਤਾਨ ਨੂੰ ਸਵਰਗੋਂ ਕੱਢ ਦਿੱਤਾ ਸੀ। (ਪ੍ਰਕਾਸ਼ ਦੀ ਕਿਤਾਬ 12:9) ਇਸ ਗੱਲ ʼਤੇ ਵੀ ਧਿਆਨ ਦਿਓ ਕਿ ਸ਼ੈਤਾਨ ਨੇ ਅੱਯੂਬ ਦੀ ਪਰੀਖਿਆ ਲੈਣ ਲਈ ਪਰਮੇਸ਼ੁਰ ਤੋਂ ਇਜਾਜ਼ਤ ਮੰਗੀ ਅਤੇ ਪਰਮੇਸ਼ੁਰ ਦੀ ਚੇਤਾਵਨੀ ਕਰਕੇ ਉਸ ਨੇ ਅੱਯੂਬ ਨੂੰ ਜਾਨੋਂ ਨਹੀਂ ਮਾਰਿਆ।​—ਅੱਯੂਬ 2:4-6.

15. ਸਾਨੂੰ ਆਪਣੀ ਸੁਰੱਖਿਆ ਲਈ ਕਿਸ ʼਤੇ ਭਰੋਸਾ ਰੱਖਣਾ ਚਾਹੀਦਾ ਹੈ?

15 ਕਹਾਉਤਾਂ 18:10 ਵਿਚ ਲਿਖਿਆ ਹੈ: “ਯਹੋਵਾਹ ਦਾ ਨਾਂ ਇਕ ਪੱਕਾ ਬੁਰਜ ਹੈ। ਧਰਮੀ ਭੱਜ ਕੇ ਉਸ ਵਿਚ ਜਾਂਦਾ ਹੈ ਤੇ ਸੁਰੱਖਿਅਤ ਰਹਿੰਦਾ ਹੈ।” ਇਸ ਲਈ ਸੁਰੱਖਿਅਤ ਰਹਿਣ ਲਈ ਸਾਨੂੰ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਦੇ ਸੇਵਕ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਤੋਂ ਬਚਣ ਲਈ ਤਵੀਤਾਂ ਜਾਂ ਦਵਾਈਆਂ ਦਾ ਸਹਾਰਾ ਨਹੀਂ ਲੈਂਦੇ ਅਤੇ ਨਾ ਹੀ ਉਹ ਜਾਦੂਗਰਾਂ ਦੇ ਮੰਤਰਾਂ ਤੋਂ ਡਰਦੇ ਹਨ। ਇਸ ਦੀ ਬਜਾਇ, ਉਹ ਬਾਈਬਲ ਵਿਚ ਲਿਖੀ ਇਸ ਗੱਲ ʼਤੇ ਵਿਸ਼ਵਾਸ ਕਰਦੇ ਹਨ: “ਯਹੋਵਾਹ ਦੀਆਂ ਨਜ਼ਰਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂਕਿ ਉਹ ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਵੇ ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ ਹੈ।”​—2 ਇਤਿਹਾਸ 16:9.

16. ਯਾਕੂਬ 4:7 ਸਾਨੂੰ ਕਿਸ ਗੱਲ ਦਾ ਯਕੀਨ ਦਿਵਾਉਂਦਾ ਹੈ, ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

16 ਜੇ ਤੁਸੀਂ ਯਹੋਵਾਹ ਦੀ ਭਗਤੀ ਕਰਦੇ ਹੋ, ਤਾਂ ਤੁਸੀਂ ਵੀ ਯਾਕੂਬ 4:7 ਵਿਚ ਲਿਖੀ ਗੱਲ ʼਤੇ ਭਰੋਸਾ ਰੱਖ ਸਕਦੇ ਹੋ: “ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰੋ; ਪਰ ਸ਼ੈਤਾਨ ਦਾ ਵਿਰੋਧ ਕਰੋ ਅਤੇ ਉਹ ਤੁਹਾਡੇ ਤੋਂ ਭੱਜ ਜਾਵੇਗਾ।” ਜੇ ਤੁਸੀਂ ਸੱਚੇ ਪਰਮੇਸ਼ੁਰ ਦੀ ਸੇਵਾ ਕਰੋਗੇ ਅਤੇ ਆਪਣੇ ਆਪ ਨੂੰ ਉਸ ਦੇ ਅਧੀਨ ਕਰੋਗੇ, ਤਾਂ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੀ ਰਾਖੀ ਜ਼ਰੂਰ ਕਰੇਗਾ।