Skip to content

Skip to table of contents

ਮੱਤੀ ਅਧਿਆਇ 5-7

ਮੱਤੀ ਅਧਿਆਇ 5-7

5 ਜਦ ਉਸ ਨੇ ਲੋਕਾਂ ਦੀਆਂ ਭੀੜਾਂ ਦੇਖੀਆਂ, ਤਾਂ ਉਹ ਪਹਾੜ ʼਤੇ ਚਲਾ ਗਿਆ; ਉਸ ਦੇ ਬੈਠਣ ਤੋਂ ਬਾਅਦ ਉਸ ਦੇ ਚੇਲੇ ਉਸ ਕੋਲ ਆਏ। 2 ਫਿਰ ਉਹ ਉਨ੍ਹਾਂ ਨੂੰ ਸਿੱਖਿਆ ਦੇਣ ਲੱਗਾ:

3 “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ ਕਿਉਂਕਿ ਸਵਰਗ ਦਾ ਰਾਜ a ਉਨ੍ਹਾਂ ਦਾ ਹੈ।

4 “ਖ਼ੁਸ਼ ਹਨ ਜਿਹੜੇ ਸੋਗ ਮਨਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਦਿਲਾਸਾ ਦਿੱਤਾ ਜਾਵੇਗਾ।

5 “ਖ਼ੁਸ਼ ਹਨ ਨਰਮ ਸੁਭਾਅ ਵਾਲੇ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ।

6“ਖ਼ੁਸ਼ ਹਨ ਜਿਹੜੇ ਇਨਸਾਫ਼ ਦੇ ਭੁੱਖੇ ਅਤੇ ਪਿਆਸੇ ਹਨ b ਕਿਉਂਕਿ ਉਨ੍ਹਾਂ ਨੂੰ ਰਜਾਇਆ ਜਾਵੇਗਾ।

7 “ਖ਼ੁਸ਼ ਹਨ ਦਇਆਵਾਨ ਕਿਉਂਕਿ ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ।

8 “ਖ਼ੁਸ਼ ਹਨ ਸਾਫ਼ ਦਿਲ ਵਾਲੇ ਕਿਉਂਕਿ ਉਹ ਪਰਮੇਸ਼ੁਰ ਨੂੰ ਦੇਖਣਗੇ।

9 “ਖ਼ੁਸ਼ ਹਨ ਸ਼ਾਂਤੀ ਕਾਇਮ ਕਰਨ ਵਾਲੇ c ਕਿਉਂਕਿ ਉਹ ਪਰਮੇਸ਼ੁਰ ਦੇ ਪੁੱਤਰ ਕਹਾਉਣਗੇ।

10 “ਖ਼ੁਸ਼ ਹਨ ਜਿਹੜੇ ਸਹੀ ਕੰਮ ਕਰਨ ਕਰਕੇ ਸਤਾਏ ਜਾਂਦੇ ਹਨ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।

11 “ਖ਼ੁਸ਼ ਹੋ ਤੁਸੀਂ ਜਦ ਲੋਕ ਇਸ ਕਰਕੇ ਤੁਹਾਡੀ ਬੇਇੱਜ਼ਤੀ ਕਰਦੇ ਹਨ ਅਤੇ ਤੁਹਾਡੇ ʼਤੇ ਅਤਿਆਚਾਰ ਕਰਦੇ ਹਨ ਅਤੇ ਤੁਹਾਡੇ ਵਿਰੁੱਧ ਬੁਰੀਆਂ ਤੇ ਝੂਠੀਆਂ ਗੱਲਾਂ ਕਹਿੰਦੇ ਹਨ ਕਿਉਂਕਿ ਤੁਸੀਂ ਮੇਰੇ ਚੇਲੇ ਹੋ। 12 ਆਨੰਦ ਮਨਾਓ ਤੇ ਖ਼ੁਸ਼ ਹੋਵੋ ਕਿਉਂਕਿ ਸਵਰਗ ਵਿਚ ਤੁਹਾਨੂੰ ਵੱਡਾ ਇਨਾਮ ਮਿਲੇਗਾ, ਕਿਉਂਜੋ ਤੁਹਾਡੇ ਤੋਂ ਪਹਿਲਾਂ ਉਨ੍ਹਾਂ ਨੇ ਨਬੀਆਂ d ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।

13 “ਤੁਸੀਂ ਧਰਤੀ ਦਾ ਲੂਣ ਹੋ। ਪਰ ਜੇ ਲੂਣ ਹੀ ਆਪਣਾ ਸੁਆਦ ਗੁਆ ਬੈਠੇ, ਤਾਂ ਫਿਰ ਇਸ ਨੂੰ ਦੁਬਾਰਾ ਕਿਵੇਂ ਸਲੂਣਾ ਕੀਤਾ ਜਾਵੇਗਾ? ਇਹ ਕਿਸੇ ਕੰਮ ਦਾ ਨਹੀਂ ਰਹਿੰਦਾ, ਇਹ ਬਾਹਰ ਸੁੱਟੇ ਜਾਣ ਤੇ ਇਨਸਾਨਾਂ ਦੇ ਪੈਰਾਂ ਹੇਠ ਮਿੱਧੇ ਜਾਣ ਦੇ ਲਾਇਕ ਹੁੰਦਾ ਹੈ।

14 “ਤੁਸੀਂ ਦੁਨੀਆਂ ਦਾ ਚਾਨਣ ਹੋ। ਪਹਾੜ ਉੱਤੇ ਵੱਸਿਆ ਸ਼ਹਿਰ ਲੁਕਿਆ ਨਹੀਂ ਰਹਿ ਸਕਦਾ। 15 ਲੋਕ ਦੀਵਾ ਬਾਲ਼ ਕੇ ਟੋਕਰੀ ਹੇਠਾਂ ਨਹੀਂ ਰੱਖਦੇ, ਸਗੋਂ ਉਸ ਨੂੰ ਉੱਚੀ ਜਗ੍ਹਾ ਰੱਖਦੇ ਹਨ ਅਤੇ ਉਹ ਘਰ ਵਿਚ ਸਾਰਿਆਂ ਨੂੰ ਚਾਨਣ ਦਿੰਦਾ ਹੈ। 16 ਇਸੇ ਤਰ੍ਹਾਂ ਤੁਸੀਂ ਵੀ ਆਪਣਾ ਚਾਨਣ ਲੋਕਾਂ ਸਾਮ੍ਹਣੇ ਚਮਕਾਓ ਤਾਂਕਿ ਉਹ ਤੁਹਾਡੇ ਚੰਗੇ ਕੰਮ ਦੇਖ ਕੇ ਤੁਹਾਡੇ ਪਿਤਾ ਦੀ, ਜੋ ਸਵਰਗ ਵਿਚ ਹੈ, ਵਡਿਆਈ ਕਰਨ।

17 “ਇਹ ਨਾ ਸੋਚੋ ਕਿ ਮੈਂ ਮੂਸਾ ਦੇ ਕਾਨੂੰਨ e ਜਾਂ ਨਬੀਆਂ ਦੀਆਂ ਗੱਲਾਂ ਨੂੰ ਰੱਦ ਕਰਨ ਆਇਆ ਹਾਂ। ਮੈਂ ਉਨ੍ਹਾਂ ਨੂੰ ਰੱਦ ਕਰਨ ਨਹੀਂ, ਸਗੋਂ ਪੂਰਾ ਕਰਨ ਆਇਆ ਹਾਂ। 18 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਆਕਾਸ਼ ਅਤੇ ਧਰਤੀ ਤਾਂ ਮਿਟ ਸਕਦੇ ਹਨ, ਪਰ ਮੂਸਾ ਦੇ ਕਾਨੂੰਨ ਦਾ ਇਕ ਵੀ ਅੱਖਰ ਜਾਂ ਬਿੰਦੀ ਉਦੋਂ ਤਕ ਨਹੀਂ ਮਿਟੇਗੀ, ਜਦੋਂ ਤਕ ਉਸ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਨਾ ਹੋ ਜਾਣ। 19 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਆਕਾਸ਼ ਅਤੇ ਧਰਤੀ ਤਾਂ ਮਿਟ ਸਕਦੇ ਹਨ, ਪਰ ਮੂਸਾ ਦੇ ਕਾਨੂੰਨ ਦਾ ਇਕ ਵੀ ਅੱਖਰ ਜਾਂ ਬਿੰਦੀ ਉਦੋਂ ਤਕ ਨਹੀਂ ਮਿਟੇਗੀ, ਜਦੋਂ ਤਕ ਉਸ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਨਾ ਹੋ ਜਾਣ। 20 ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਤੁਸੀਂ ਸੱਚੇ ਦਿਲੋਂ ਧਰਮੀ ਨਹੀਂ ਹੋ, ਤਾਂ ਤੁਸੀਂ ਗ੍ਰੰਥੀਆਂ ਅਤੇ ਫ਼ਰੀਸੀਆਂ f ਵਰਗੇ ਹੋ ਅਤੇ ਤੁਸੀਂ ਸਵਰਗ ਦੇ ਰਾਜ ਵਿਚ ਹਰਗਿਜ਼ ਨਹੀਂ ਜਾਓਗੇ।

  21 “ਤੁਸੀਂ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਕਿਹਾ ਗਿਆ ਸੀ: ‘ਤੂੰ ਖ਼ੂਨ ਨਾ ਕਰ, ਜਿਹੜਾ ਖ਼ੂਨ ਕਰਦਾ ਹੈ, ਉਸ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ।’ 22 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਆਪਣੇ ਭਰਾ ਦੇ ਖ਼ਿਲਾਫ਼ ਗੁੱਸੇ ਨਾਲ ਭਰਿਆ ਰਹਿੰਦਾ ਹੈ, ਉਸ ਨੂੰ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਜੇ ਕੋਈ ਬੁਰਾ-ਭਲਾ ਕਹਿ ਕੇ ਆਪਣੇ ਭਰਾ ਦੀ ਬੇਇੱਜ਼ਤੀ ਕਰਦਾ ਹੈ, ਉਸ ਨੂੰ ਸਰਬ-ਉੱਚ ਅਦਾਲਤ ਵਿਚ ਦੋਸ਼ੀ ਠਹਿਰਾਇਆ ਜਾਵੇਗਾ, ਪਰ ਜੇ ਕੋਈ ਆਪਣੇ ਭਰਾ ਨੂੰ ਕਹਿੰਦਾ ਹੈ, ‘ਓਏ ਨਿਕੰਮਿਆ ਅਤੇ ਮੂਰਖਾ!’ ਉਹ ‘ਗ਼ਹੈਨਾ’ g ਦੀ ਅੱਗ ਵਿਚ ਸੁੱਟੇ ਜਾਣ ਦੇ ਲਾਇਕ ਹੋਵੇਗਾ।

23 “ਇਸ ਲਈ ਜੇ ਤੂੰ ਵੇਦੀ ਉੱਤੇ ਚੜ੍ਹਾਵਾ ਚੜ੍ਹਾਉਣ ਆਇਆ ਹੈਂ ਤੇ ਉੱਥੇ ਤੈਨੂੰ ਚੇਤੇ ਆਉਂਦਾ ਹੈ ਕਿ ਤੇਰਾ ਭਰਾ ਕਿਸੇ ਗੱਲੋਂ ਤੇਰੇ ਨਾਲ ਨਾਰਾਜ਼ ਹੈ, 24 ਤਾਂ ਤੂੰ ਆਪਣਾ ਚੜ੍ਹਾਵਾ ਵੇਦੀ ਦੇ ਸਾਮ੍ਹਣੇ ਰੱਖ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸੁਲ੍ਹਾ ਕਰ ਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ।

25 “ਜੇ ਕਿਸੇ ਨੇ ਤੇਰੇ ਉੱਤੇ ਮੁਕੱਦਮਾ ਕੀਤਾ ਹੈ, ਤਾਂ ਅਦਾਲਤ ਨੂੰ ਜਾਂਦਿਆਂ ਰਾਹ ਵਿਚ ਹੀ ਤੂੰ ਜਲਦੀ ਤੋਂ ਜਲਦੀ ਉਸ ਨਾਲ ਸਮਝੌਤਾ ਕਰ ਲੈ। ਕਿਤੇ ਇੱਦਾਂ ਨਾ ਹੋਵੇ ਕਿ ਦੋਸ਼ ਲਾਉਣ ਵਾਲਾ ਤੈਨੂੰ ਜੱਜ ਦੇ ਹਵਾਲੇ ਕਰ ਦੇਵੇ ਤੇ ਜੱਜ ਸਿਪਾਹੀ ਦੇ ਹਵਾਲੇ ਕਰ ਦੇਵੇ ਅਤੇ ਤੈਨੂੰ ਕੈਦ ਵਿਚ ਸੁੱਟਿਆ ਜਾਵੇ। 26 ਮੈਂ ਤੈਨੂੰ ਸੱਚ ਕਹਿੰਦਾ ਹਾਂ: ਜਦ ਤਕ ਤੂੰ ਇਕ-ਇਕ ਪੈਸਾ ਨਹੀਂ ਮੋੜ ਦਿੰਦਾ, ਉਦੋਂ ਤਕ ਤੈਨੂੰ ਕੈਦ ਵਿੱਚੋਂ ਰਿਹਾ ਨਹੀਂ ਕੀਤਾ ਜਾਵੇਗਾ।

27 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਹਰਾਮਕਾਰੀ ਨਾ ਕਰ।’ 28 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਕਿਸੇ ਔਰਤ ਵੱਲ ਗੰਦੀ ਨਜ਼ਰ ਨਾਲ ਦੇਖਦਾ ਰਹਿੰਦਾ ਹੈ, ਤਾਂ ਉਹ ਉਸ ਨਾਲ ਆਪਣੇ ਦਿਲ ਵਿਚ ਹਰਾਮਕਾਰੀ ਕਰ ਚੁੱਕਾ ਹੈ। 29 ਤਾਂ ਫਿਰ, ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾ ਰਹੀ ਹੈ, ਤਾਂ ਉਸ ਨੂੰ ਕੱਢ ਕੇ ਆਪਣੇ ਤੋਂ ਦੂਰ ਸੁੱਟ ਦੇ ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਬਜਾਇ ਇਸ ਦੇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’ h ਵਿਚ ਸੁੱਟਿਆ ਜਾਵੇ। 30 ਨਾਲੇ ਜੇ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾ ਰਿਹਾ ਹੈ, ਤਾਂ ਉਸ ਨੂੰ ਵੱਢ ਕੇ ਆਪਣੇ ਤੋਂ ਦੂਰ ਸੁੱਟ ਦੇ। ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੇਰਾ ਇਕ ਅੰਗ ਨਾ ਰਹੇ, ਬਜਾਇ ਇਸ ਦੇ ਕਿ ਤੇਰਾ ਸਾਰਾ ਸਰੀਰ ‘ਗ਼ਹੈਨਾ’ i ਵਿਚ ਜਾਵੇ।

31 “ਇਹ ਵੀ ਕਿਹਾ ਗਿਆ ਸੀ: ‘ਜੇ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਤਾਂ ਉਹ ਉਸ ਨੂੰ ਤਲਾਕਨਾਮਾ ਲਿਖ ਕੇ ਦੇਵੇ।’ 32 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਕੋਈ ਆਦਮੀ ਆਪਣੀ ਪਤਨੀ ਨੂੰ ਹਰਾਮਕਾਰੀ j ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਤਲਾਕ ਦਿੰਦਾ ਹੈ, ਤਾਂ ਉਹ ਉਸ ਨੂੰ ਹਰਾਮਕਾਰੀ ਕਰਨ ਦੇ ਖ਼ਤਰੇ ਵਿਚ ਪਾਉਂਦਾ ਹੈ ਅਤੇ ਜੋ ਆਦਮੀ ਅਜਿਹੀ ਤਲਾਕਸ਼ੁਦਾ ਤੀਵੀਂ ਨਾਲ ਵਿਆਹ ਕਰਾਉਂਦਾ ਹੈ, ਉਹ ਹਰਾਮਕਾਰੀ ਕਰਦਾ ਹੈ।

33 “ਤੁਸੀਂ ਇਹ ਵੀ ਸੁਣਿਆ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਇਹ ਕਿਹਾ ਗਿਆ ਸੀ: ‘ਤੂੰ ਸਹੁੰ ਖਾ ਕੇ ਮੁੱਕਰ ਨਾ, ਸਗੋਂ ਯਹੋਵਾਹ k ਅੱਗੇ ਖਾਧੀਆਂ ਸਹੁੰਆਂ ਪੂਰੀਆਂ ਕਰ।’ 34 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਕਦੀ ਸਹੁੰ ਨਾ ਖਾਓ, ਨਾ ਸਵਰਗ ਦੀ ਕਿਉਂਕਿ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ; 35 ਨਾ ਧਰਤੀ ਦੀ ਕਿਉਂਕਿ ਉਹ ਉਸ ਦੇ ਪੈਰ ਰੱਖਣ ਦੀ ਚੌਂਕੀ ਹੈ; ਨਾ ਯਰੂਸ਼ਲਮ ਦੀ ਕਿਉਂਕਿ ਉਹ ਮਹਾਰਾਜੇ ਦਾ ਸ਼ਹਿਰ ਹੈ। 36 ਆਪਣੇ ਸਿਰ ਦੀ ਸਹੁੰ ਨਾ ਖਾਹ ਕਿਉਂਕਿ ਤੂੰ ਆਪਣੇ ਸਿਰ ਦਾ ਇਕ ਵੀ ਵਾਲ਼ ਚਿੱਟਾ ਜਾਂ ਕਾਲਾ ਨਹੀਂ ਕਰ ਸਕਦਾ। 37 ਬੱਸ ਤੁਹਾਡੀ ‘ਹਾਂ’ ਦੀ ਹਾਂ ਅਤੇ ਤੁਹਾਡੀ ‘ਨਾਂਹ’ ਦੀ ਨਾਂਹ ਹੋਵੇ ਕਿਉਂਕਿ ਇਸ ਤੋਂ ਜ਼ਿਆਦਾ ਜੋ ਵੀ ਕਿਹਾ ਜਾਂਦਾ ਹੈ ਉਹ ਸ਼ੈਤਾਨ ਵੱਲੋਂ ਹੁੰਦਾ ਹੈ।

38 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ 39 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਦੁਸ਼ਟ ਇਨਸਾਨ ਦਾ ਵਿਰੋਧ ਨਾ ਕਰ, ਸਗੋਂ ਜੇ ਕੋਈ ਤੇਰੀ ਸੱਜੀ ਗੱਲ੍ਹ ʼਤੇ ਥੱਪੜ ਮਾਰਦਾ ਹੈ, ਤਾਂ ਦੂਜੀ ਵੀ ਉਸ ਵੱਲ ਕਰ ਦੇ। 40 ਅਤੇ ਜੇ ਕੋਈ ਤੇਰੇ ʼਤੇ ਮੁਕੱਦਮਾ ਕਰ ਕੇ ਤੇਰਾ ਕੁੜਤਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੀ ਚਾਦਰ ਵੀ ਦੇ ਦੇ 41 ਅਤੇ ਜੇ ਕੋਈ ਅਧਿਕਾਰ ਰੱਖਣ ਵਾਲਾ ਆਪਣਾ ਕੰਮ ਕਰਾਉਣ ਵਾਸਤੇ ਤੈਨੂੰ ਆਪਣੇ ਨਾਲ ਇਕ ਕਿਲੋਮੀਟਰ ਚੱਲਣ ਲਈ ਮਜਬੂਰ ਕਰਦਾ ਹੈ, ਤਾਂ ਤੂੰ ਉਸ ਨਾਲ ਦੋ ਕਿਲੋਮੀਟਰ ਚਲਾ ਜਾਹ। 42 ਜੇ ਕੋਈ ਤੇਰੇ ਤੋਂ ਕੁਝ ਮੰਗਦਾ ਹੈ, ਤਾਂ ਉਸ ਨੂੰ ਦੇ ਦੇ, ਅਤੇ ਜੇ ਕੋਈ ਤੇਰੇ ਤੋਂ ਉਧਾਰ ਮੰਗੇ, ਤਾਂ ਉਸ ਨੂੰ ਇਨਕਾਰ ਨਾ ਕਰ।

43 “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਆਪਣੇ ਗੁਆਂਢੀ ਨੂੰ ਪਿਆਰ ਕਰ ਅਤੇ ਆਪਣੇ ਦੁਸ਼ਮਣ ਨਾਲ ਵੈਰ ਰੱਖ।’ 44 ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ 45 ਤਾਂਕਿ ਤੁਸੀਂ ਆਪਣੇ ਸਵਰਗੀ ਪਿਤਾ ਦੇ ਪੁੱਤਰ ਬਣੋ ਕਿਉਂਕਿ ਉਹ ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ʼਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਦੋਹਾਂ ʼਤੇ ਮੀਂਹ ਵਰ੍ਹਾਉਂਦਾ ਹੈ। 46 ਜੇ ਤੁਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜੋ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਤੁਹਾਨੂੰ ਇਸ ਦਾ ਕੀ ਇਨਾਮ ਮਿਲੇਗਾ? ਕੀ ਟੈਕਸ ਵਸੂਲਣ ਵਾਲੇ ਵੀ ਇਸੇ ਤਰ੍ਹਾਂ ਨਹੀਂ ਕਰਦੇ? 47 ਅਤੇ ਜੇ ਤੁਸੀਂ ਸਿਰਫ਼ ਆਪਣੇ ਭਰਾਵਾਂ ਨੂੰ ਹੀ ਨਮਸਕਾਰ ਕਰਦੇ ਹੋ, ਤਾਂ ਤੁਸੀਂ ਕਿਹੜਾ ਵੱਡਾ ਕੰਮ ਕਰਦੇ ਹੋ? ਕੀ ਦੁਨੀਆਂ ਦੇ ਲੋਕ ਵੀ ਇਸੇ ਤਰ੍ਹਾਂ ਨਹੀਂ ਕਰਦੇ? 48 ਇਸ ਲਈ, ਤੁਸੀਂ ਮੁਕੰਮਲ l ਬਣੋ ਜਿਵੇਂ ਤੁਹਾਡਾ ਸਵਰਗੀ ਪਿਤਾ ਮੁਕੰਮਲ ਹੈ।

6 “ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਨੇਕ ਕੰਮ ਦਿਖਾਵੇ ਲਈ ਨਾ ਕਰੋ; ਨਹੀਂ ਤਾਂ ਤੁਹਾਡੇ ਪਿਤਾ ਤੋਂ, ਜੋ ਸਵਰਗ ਵਿਚ ਹੈ, ਤੁਹਾਨੂੰ ਕੋਈ ਫਲ ਨਹੀਂ ਮਿਲੇਗਾ। 2 ਇਸ ਲਈ, ਪੁੰਨ-ਦਾਨ ਕਰਨ ਵੇਲੇ ਇਸ ਬਾਰੇ ਢੰਡੋਰਾ ਨਾ ਪਿੱਟੋ ਕਿਉਂਕਿ ਪਖੰਡੀ ਸਭਾ ਘਰਾਂ a ਅਤੇ ਗਲੀਆਂ ਵਿਚ ਇਸ ਤਰ੍ਹਾਂ ਕਰਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਵਾਹ-ਵਾਹ ਕਰਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। 3 ਪਰ ਜਦੋਂ ਤੂੰ ਪੁੰਨ-ਦਾਨ ਕਰੇਂ, ਉਦੋਂ ਆਪਣੇ ਖੱਬੇ ਹੱਥ ਨੂੰ ਪਤਾ ਨਾ ਲੱਗਣ ਦੇ ਕਿ ਤੇਰਾ ਸੱਜਾ ਹੱਥ ਕੀ ਕਰ ਰਿਹਾ ਹੈ 4 ਤਾਂਕਿ ਤੇਰਾ ਦਾਨ ਗੁਪਤ ਰਹੇ। ਫਿਰ ਤੇਰਾ ਪਿਤਾ, ਜੋ ਸਵਰਗੋਂ ਸਭ ਕੁਝ ਦੇਖ ਸਕਦਾ ਹੈ, ਤੈਨੂੰ ਫਲ ਦੇਵੇਗਾ।

5 “ਨਾਲੇ ਜਦ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਪਖੰਡੀਆਂ ਵਾਂਗ ਨਾ ਕਰੋ ਕਿਉਂਕਿ ਉਹ ਲੋਕਾਂ ਨੂੰ ਦਿਖਾਉਣ ਲਈ ਸਭਾ ਘਰਾਂ ਅਤੇ ਚੌਂਕਾਂ ਵਿਚ ਖੜ੍ਹ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। 6 ਪਰ ਜਦ ਤੂੰ ਪ੍ਰਾਰਥਨਾ ਕਰੇਂ, ਤਾਂ ਆਪਣੇ ਕਮਰੇ ਵਿਚ ਜਾਹ ਅਤੇ ਦਰਵਾਜ਼ਾ ਬੰਦ ਕਰ ਕੇ ਆਪਣੇ ਸਵਰਗੀ ਪਿਤਾ ਨੂੰ ਪ੍ਰਾਰਥਨਾ ਕਰ ਜਿਸ ਨੂੰ ਕੋਈ ਦੇਖ ਨਹੀਂ ਸਕਦਾ। ਫਿਰ ਤੇਰਾ ਪਿਤਾ ਜੋ ਸਭ ਕੁਝ ਦੇਖਦਾ ਹੈ, ਤੈਨੂੰ ਫਲ ਦੇਵੇਗਾ। 7 ਪ੍ਰਾਰਥਨਾ ਕਰਦੇ ਹੋਏ ਤੂੰ ਦੁਨੀਆਂ ਦੇ ਲੋਕਾਂ ਵਾਂਗ ਰਟੀਆਂ-ਰਟਾਈਆਂ ਗੱਲਾਂ ਨਾ ਕਹਿ ਕਿਉਂਕਿ ਉਹ ਸੋਚਦੇ ਹਨ ਕਿ ਜ਼ਿਆਦਾ ਬੋਲਣ ਕਰਕੇ ਉਨ੍ਹਾਂ ਦੀ ਸੁਣੀ ਜਾਵੇਗੀ। 8 ਇਸ ਲਈ ਤੁਸੀਂ ਉਨ੍ਹਾਂ ਵਰਗੇ ਨਾ ਬਣੋ ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।

9 “ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ:

“‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ। b 10 ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ। 11 ਸਾਨੂੰ ਅੱਜ ਦੀ ਰੋਟੀ ਅੱਜ ਦੇ; 12 ਸਾਡੇ ਪਾਪ ਮਾਫ਼ ਕਰ, ਜਿਵੇਂ ਅਸੀਂ ਉਨ੍ਹਾਂ ਨੂੰ ਮਾਫ਼ ਕੀਤਾ ਹੈ ਜਿਨ੍ਹਾਂ ਨੇ ਸਾਡੇ ਖ਼ਿਲਾਫ਼ ਪਾਪ ਕੀਤੇ ਹਨ। 13 ਸਾਨੂੰ ਪਰੀਖਿਆ ਵਿਚ ਨਾ ਪੈਣ ਦੇ ਤੇ ਸਾਨੂੰ ਸ਼ੈਤਾਨ ਤੋਂ ਬਚਾ।’

14 “ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਕਰੋਗੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਕਰੇਗਾ; 15 ਪਰ ਜੇ ਤੁਸੀਂ ਦੂਸਰਿਆਂ ਦੀਆਂ ਗ਼ਲਤੀਆਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਨਹੀਂ ਕਰੇਗਾ।

16 “ਜਦ ਤੁਸੀਂ ਵਰਤ ਰੱਖਦੇ ਹੋ, ਤਾਂ ਪਖੰਡੀਆਂ ਵਾਂਗ ਮੂੰਹ ਲਟਕਾਉਣਾ ਛੱਡ ਦਿਓ ਕਿਉਂਕਿ ਉਹ ਆਪਣਾ ਹੁਲੀਆ ਵਿਗਾੜ ਕੇ ਰੱਖਦੇ ਹਨ ਤਾਂਕਿ ਲੋਕ ਦੇਖਣ ਕਿ ਉਨ੍ਹਾਂ ਨੇ ਵਰਤ ਰੱਖਿਆ ਹੈ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਾ ਚੁੱਕੇ ਹਨ। 17 ਪਰ ਜਦ ਤੂੰ ਵਰਤ ਰੱਖੇਂ, ਤਾਂ ਆਪਣੇ ਸਿਰ ਨੂੰ ਤੇਲ ਲਾ ਅਤੇ ਮੂੰਹ ਧੋ 18 ਤਾਂਕਿ ਤੂੰ ਇਨਸਾਨਾਂ ਨੂੰ ਨਹੀਂ, ਬਲਕਿ ਆਪਣੇ ਸਵਰਗੀ ਪਿਤਾ ਨੂੰ ਦਿਖਾਵੇਂ ਕਿ ਤੂੰ ਵਰਤ ਰੱਖਿਆ ਹੈ। ਫਿਰ ਤੇਰਾ ਪਿਤਾ ਜੋ ਸਵਰਗੋਂ ਸਭ ਕੁਝ ਦੇਖਦਾ ਹੈ, ਤੈਨੂੰ ਫਲ ਦੇਵੇਗਾ।

19 “ਧਰਤੀ ਉੱਤੇ ਆਪਣੇ ਲਈ ਧਨ ਜੋੜਨਾ ਛੱਡ ਦਿਓ ਜਿੱਥੇ ਕੀੜਾ ਤੇ ਜੰਗਾਲ ਇਸ ਨੂੰ ਖਾ ਜਾਂਦੇ ਹਨ ਅਤੇ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। 20 ਇਸ ਦੀ ਬਜਾਇ, ਸਵਰਗ ਵਿਚ ਆਪਣੇ ਲਈ ਧਨ ਜੋੜੋ ਜਿੱਥੇ ਨਾ ਕੀੜਾ ਤੇ ਨਾ ਜੰਗਾਲ ਇਸ ਨੂੰ ਖਾਂਦੇ ਹਨ ਅਤੇ ਨਾ ਹੀ ਚੋਰ ਸੰਨ੍ਹ ਲਾ ਕੇ ਚੋਰੀ ਕਰਦੇ ਹਨ। 21 ਕਿਉਂਕਿ ਜਿੱਥੇ ਤੇਰਾ ਧਨ ਹੈ ਉੱਥੇ ਹੀ ਤੇਰਾ ਮਨ ਹੈ।

22 “ਸਰੀਰ ਦਾ ਦੀਵਾ ਅੱਖ ਹੈ। ਇਸ ਲਈ ਜੇ ਤੇਰੀ ਅੱਖ ਇੱਕੋ ਨਿਸ਼ਾਨੇ ʼਤੇ ਟਿਕੀ ਹੋਈ ਹੈ, ਤਾਂ ਤੇਰਾ ਸਾਰਾ ਸਰੀਰ ਰੌਸ਼ਨ ਹੋਵੇਗਾ। 23 ਪਰ ਜੇ ਤੇਰੀ ਅੱਖ ਲੋਭ ਨਾਲ ਭਰੀ ਹੋਈ ਹੈ, c ਤਾਂ ਤੇਰਾ ਸਾਰਾ ਸਰੀਰ ਹਨੇਰੇ ਵਿਚ ਹੋਵੇਗਾ। ਤੇਰੇ ਵਿਚ ਜੋ ਚਾਨਣ ਹੈ, ਜੇ ਉਹ ਸੱਚ-ਮੁੱਚ ਹਨੇਰਾ ਹੈ, ਤਾਂ ਇਹ ਕਿੰਨਾ ਘੁੱਪ ਹਨੇਰਾ ਹੋਵੇਗਾ!

24 “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ ਕਿਉਂਕਿ ਉਹ ਇਕ ਨੂੰ ਪਿਆਰ ਤੇ ਦੂਜੇ ਨੂੰ ਨਫ਼ਰਤ ਕਰੇਗਾ ਜਾਂ ਉਹ ਇਕ ਦੀ ਦਿਲੋਂ ਸੇਵਾ ਕਰੇਗਾ ਅਤੇ ਦੂਜੇ ਨੂੰ ਤੁੱਛ ਸਮਝੇਗਾ। ਇਸੇ ਤਰ੍ਹਾਂ, ਤੁਸੀਂ ਪਰਮੇਸ਼ੁਰ ਅਤੇ ਪੈਸੇ ਦੋਹਾਂ ਦੀ ਗ਼ੁਲਾਮੀ ਨਹੀਂ ਕਰ ਸਕਦੇ।

25 “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ: ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ ਦਿਓ ਕਿ ਤੁਸੀਂ ਕੀ ਖਾਓਗੇ ਜਾਂ ਕੀ ਪੀਓਗੇ, ਜਾਂ ਆਪਣੇ ਸਰੀਰ ਦੀ ਕਿ ਤੁਸੀਂ ਕੀ ਪਹਿਨੋਗੇ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਜ਼ਿਆਦਾ ਅਹਿਮੀਅਤ ਨਹੀਂ ਰੱਖਦਾ? 26 ਜ਼ਰਾ ਆਕਾਸ਼ ਦੇ ਪੰਛੀਆਂ ਵੱਲ ਧਿਆਨ ਨਾਲ ਦੇਖੋ; ਉਹ ਨਾ ਬੀਜਦੇ, ਨਾ ਵੱਢਦੇ ਤੇ ਨਾ ਹੀ ਭੰਡਾਰਾਂ ਵਿਚ ਇਕੱਠਾ ਕਰਦੇ ਹਨ, ਪਰ ਫਿਰ ਵੀ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦਾ ਢਿੱਡ ਭਰਦਾ ਹੈ। ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ? 27 ਤੁਹਾਡੇ ਵਿੱਚੋਂ ਕੌਣ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਵਧਾ ਸਕਦਾ ਹੈ? 28 ਨਾਲੇ ਤੁਸੀਂ ਕੱਪੜਿਆਂ ਦੀ ਚਿੰਤਾ ਕਿਉਂ ਕਰਦੇ ਹੋ? ਜੰਗਲੀ ਫੁੱਲਾਂ ਤੋਂ ਸਿੱਖੋ, ਉਹ ਕਿਵੇਂ ਵਧਦੇ-ਫੁੱਲਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ; 29 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਰਾਜਾ ਸੁਲੇਮਾਨ ਨੇ ਵੀ ਕਦੇ ਇਨ੍ਹਾਂ ਫੁੱਲਾਂ ਜਿੰਨੇ ਸ਼ਾਨਦਾਰ ਕੱਪੜੇ ਨਹੀਂ ਪਾਏ, ਭਾਵੇਂ ਕਿ ਉਸ ਦੀ ਇੰਨੀ ਸ਼ਾਨੋ-ਸ਼ੌਕਤ ਸੀ। 30 ਹੁਣ ਜੇ ਪਰਮੇਸ਼ੁਰ ਇਨ੍ਹਾਂ ਜੰਗਲੀ ਪੇੜ-ਪੌਦਿਆਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ ਜੋ ਅੱਜ ਹਰੇ-ਭਰੇ ਹਨ ਅਤੇ ਕੱਲ੍ਹ ਨੂੰ ਤੰਦੂਰ ਵਿਚ ਸੁੱਟ ਦਿੱਤੇ ਜਾਂਦੇ ਹਨ, ਤਾਂ ਹੇ ਥੋੜ੍ਹੀ ਨਿਹਚਾ ਕਰਨ ਵਾਲਿਓ, ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ? 31 ਇਸ ਲਈ ਤੁਸੀਂ ਕਦੇ ਚਿੰਤਾ ਨਾ ਕਰੋ ਅਤੇ ਇਹ ਨਾ ਕਹੋ, ‘ਅਸੀਂ ਕੀ ਖਾਵਾਂਗੇ?’ ਜਾਂ ‘ਅਸੀਂ ਕੀ ਪੀਵਾਂਗੇ?’ ਜਾਂ ‘ਅਸੀਂ ਕੀ ਪਹਿਨਾਂਗੇ?’ 32 ਕਿਉਂਕਿ ਦੁਨੀਆਂ ਦੇ ਲੋਕ ਇਨ੍ਹਾਂ ਸਭ ਚੀਜ਼ਾਂ ਦੇ ਪਿੱਛੇ ਭੱਜਦੇ ਹਨ। ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭ ਚੀਜ਼ਾਂ ਦੀ ਲੋੜ ਹੈ।

33 “ਇਸ ਲਈ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦਿੰਦੇ ਰਹੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ। 34 ਇਸ ਲਈ ਕਦੇ ਵੀ ਕੱਲ੍ਹ ਦੀ ਚਿੰਤਾ ਨਾ ਕਰੋ ਕਿਉਂਕਿ ਕੱਲ੍ਹ ਦੀਆਂ ਆਪਣੀਆਂ ਚਿੰਤਾਵਾਂ ਹੋਣਗੀਆਂ। ਅੱਜ ਦੀਆਂ ਪਰੇਸ਼ਾਨੀਆਂ ਅੱਜ ਲਈ ਬਹੁਤ ਹਨ।

7 “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ; 2 ਕਿਉਂਕਿ ਜਿਸ ਆਧਾਰ ʼਤੇ ਤੁਸੀਂ ਦੂਸਰਿਆਂ ʼਤੇ ਦੋਸ਼ ਲਾਉਂਦੇ ਹੋ, ਉਸੇ ਆਧਾਰ ʼਤੇ ਤੁਹਾਡੇ ʼਤੇ ਵੀ ਦੋਸ਼ ਲਾਇਆ ਜਾਵੇਗਾ; ਜਿਸ ਮਾਪ ਨਾਲ ਤੁਸੀਂ ਦੂਸਰਿਆਂ ਨੂੰ ਮਾਪ ਕੇ ਦਿੰਦੇ ਹੋ, ਉਸੇ ਮਾਪ ਨਾਲ ਉਹ ਤੁਹਾਨੂੰ ਵੀ ਮਾਪ ਕੇ ਦੇਣਗੇ। 3 ਤਾਂ ਫਿਰ, ਤੂੰ ਆਪਣੇ ਭਰਾ ਦੀ ਅੱਖ ਵਿਚ ਪਏ ਕੱਖ ਨੂੰ ਕਿਉਂ ਦੇਖਦਾ ਹੈਂ, ਪਰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਦੇਖਦਾ? 4 ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ, ‘ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦ ਕਿ ਦੇਖ! ਤੇਰੀ ਆਪਣੀ ਅੱਖ ਵਿਚ ਸ਼ਤੀਰ ਹੈ? 5 ਪਖੰਡੀਆ, ਪਹਿਲਾਂ ਆਪਣੀ ਅੱਖ ਵਿਚ ਪਏ ਸ਼ਤੀਰ ਨੂੰ ਕੱਢ ਤੇ ਫਿਰ ਤੂੰ ਸਾਫ਼ ਦੇਖ ਸਕੇਂਗਾ ਕਿ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਕਿਵੇਂ ਕੱਢਣਾ ਹੈ।

6 “ਤੁਸੀਂ ਪਵਿੱਤਰ ਚੀਜ਼ਾਂ ਕੁੱਤਿਆਂ ਨੂੰ ਨਾ ਪਾਓ ਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਕਿਤੇ ਇਵੇਂ ਨਾ ਹੋਵੇ ਕਿ ਉਹ ਇਨ੍ਹਾਂ ਨੂੰ ਆਪਣੇ ਪੈਰਾਂ ਹੇਠ ਰੋਲਣ ਅਤੇ ਮੁੜ ਕੇ ਤੁਹਾਨੂੰ ਹੀ ਪਾੜ ਸੁੱਟਣ।

7 “ਮੰਗਦੇ ਰਹੋ, ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭਦੇ ਰਹੋ, ਤਾਂ ਤੁਹਾਨੂੰ ਲੱਭ ਜਾਵੇਗਾ; ਦਰਵਾਜ਼ਾ ਖੜਕਾਉਂਦੇ ਰਹੋ, ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। 8 ਕਿਉਂਕਿ ਜੋ ਕੋਈ ਮੰਗਦਾ ਰਹਿੰਦਾ ਹੈ, ਉਸ ਨੂੰ ਮਿਲ ਜਾਂਦਾ ਹੈ ਅਤੇ ਜੋ ਕੋਈ ਲੱਭਦਾ ਰਹਿੰਦਾ ਹੈ, ਉਸ ਨੂੰ ਲੱਭ ਜਾਂਦਾ ਹੈ ਅਤੇ ਜੋ ਕੋਈ ਖੜਕਾਉਂਦਾ ਰਹਿੰਦਾ ਹੈ, ਉਸ ਲਈ ਖੋਲ੍ਹਿਆ ਜਾਵੇਗਾ। 9 ਤੁਹਾਡੇ ਵਿੱਚੋਂ ਕੌਣ ਆਪਣੇ ਪੁੱਤਰ ਨੂੰ ਰੋਟੀ ਮੰਗਣ ਤੇ ਪੱਥਰ ਦੇਵੇਗਾ? 10 ਜਾਂ ਮੱਛੀ ਮੰਗਣ ਤੇ ਉਸ ਨੂੰ ਸੱਪ ਦੇਵੇਗਾ? 11 ਇਸ ਲਈ, ਜੇ ਤੁਸੀਂ ਪਾਪੀ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਤੁਹਾਡਾ ਪਿਤਾ, ਜੋ ਸਵਰਗ ਵਿਚ ਹੈ, ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਜ਼ਰੂਰ ਦੇਵੇਗਾ ਜੋ ਉਸ ਤੋਂ ਮੰਗਦੇ ਹਨ!

12 “ਇਸ ਲਈ, ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ। ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀ ਸਿੱਖਿਆ ਦਾ ਇਹੋ ਨਿਚੋੜ ਹੈ।

13 “ਭੀੜੇ ਦਰਵਾਜ਼ੇ ਰਾਹੀਂ ਵੜੋ ਕਿਉਂਕਿ ਚੌੜਾ ਹੈ ਉਹ ਦਰਵਾਜ਼ਾ ਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ਼ ਵੱਲ ਜਾਂਦਾ ਹੈ ਅਤੇ ਬਹੁਤ ਸਾਰੇ ਲੋਕ ਇਸ ਰਾਹੀਂ ਜਾਂਦੇ ਹਨ; 14 ਪਰ ਭੀੜਾ ਦਰਵਾਜ਼ਾ ਅਤੇ ਤੰਗ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ ਅਤੇ ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।

15 “ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ ਜੋ ਭੇਡਾਂ ਦੇ ਭੇਸ ਵਿਚ ਤੁਹਾਡੇ ਕੋਲ ਆਉਂਦੇ ਹਨ, ਪਰ ਅੰਦਰੋਂ ਭੁੱਖੇ ਬਘਿਆੜ ਹੁੰਦੇ ਹਨ। 16 ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਫਲਾਂ ਤੋਂ ਪਛਾਣੋਗੇ। ਕੀ ਲੋਕ ਕਦੇ ਕੰਡਿਆਲ਼ੀਆਂ ਝਾੜੀਆਂ ਤੋਂ ਅੰਜੀਰਾਂ ਜਾਂ ਅੰਗੂਰ ਤੋੜਦੇ ਹਨ? 17 ਹਰ ਚੰਗਾ ਦਰਖ਼ਤ ਚੰਗਾ ਫਲ ਦਿੰਦਾ ਹੈ ਤੇ ਮਾੜਾ ਦਰਖ਼ਤ ਮਾੜਾ ਫਲ ਦਿੰਦਾ ਹੈ। 18 ਚੰਗਾ ਦਰਖ਼ਤ ਮਾੜਾ ਫਲ ਨਹੀਂ ਦੇ ਸਕਦਾ ਅਤੇ ਨਾ ਹੀ ਮਾੜਾ ਦਰਖ਼ਤ ਚੰਗਾ ਫਲ ਦੇ ਸਕਦਾ ਹੈ। 19 ਚੰਗਾ ਫਲ ਨਾ ਦੇਣ ਵਾਲੇ ਹਰ ਦਰਖ਼ਤ ਨੂੰ ਵੱਢ ਕੇ ਅੱਗ ਵਿਚ ਸੁੱਟ ਦਿੱਤਾ ਜਾਂਦਾ ਹੈ। 20 ਤੁਸੀਂ ਉਨ੍ਹਾਂ ਆਦਮੀਆਂ ਨੂੰ ਉਨ੍ਹਾਂ ਦੇ ਫਲਾਂ ਤੋਂ ਹੀ ਪਛਾਣੋਗੇ।

21 “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ। 22 ਉਸ ਦਿਨ ਬਹੁਤ ਸਾਰੇ ਲੋਕ ਮੈਨੂੰ ਕਹਿਣਗੇ: ‘ਪ੍ਰਭੂ, ਪ੍ਰਭੂ, ਕੀ ਅਸੀਂ ਤੇਰਾ ਨਾਂ ਲੈ ਕੇ ਭਵਿੱਖਬਾਣੀਆਂ ਨਹੀਂ ਕੀਤੀਆਂ ਤੇ ਤੇਰਾ ਨਾਂ ਲੈ ਕੇ ਲੋਕਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਨਹੀਂ ਕੱਢਿਆ ਤੇ ਤੇਰਾ ਨਾਂ ਲੈ ਕੇ ਕਈ ਕਰਾਮਾਤਾਂ ਨਹੀਂ ਕੀਤੀਆਂ?’ 23 ਉਦੋਂ ਮੈਂ ਉਨ੍ਹਾਂ ਨੂੰ ਸਾਫ਼-ਸਾਫ਼ ਕਹਾਂਗਾ: ‘ਮੈਂ ਤੁਹਾਨੂੰ ਨਹੀਂ ਜਾਣਦਾ! ਓਏ ਬੁਰੇ ਕੰਮ ਕਰਨ ਵਾਲਿਓ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਓ!’

24 “ਇਸ ਲਈ ਜਿਹੜਾ ਵੀ ਮੇਰੀਆਂ ਇਨ੍ਹਾਂ ਸਿੱਖਿਆਵਾਂ ਨੂੰ ਸੁਣਦਾ ਅਤੇ ਇਨ੍ਹਾਂ ʼਤੇ ਚੱਲਦਾ ਹੈ, ਉਹ ਉਸ ਸਮਝਦਾਰ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਚਟਾਨ ʼਤੇ ਬਣਾਇਆ। 25 ਅਤੇ ਮੀਂਹ ਪਿਆ, ਹੜ੍ਹ ਆਏ ਤੇ ਹਨੇਰੀਆਂ ਵਗੀਆਂ, ਪਰ ਇਨ੍ਹਾਂ ਦੇ ਜ਼ੋਰ ਨਾਲ ਘਰ ਨਾ ਡਿਗਿਆ ਕਿਉਂਕਿ ਇਸ ਦੀ ਨੀਂਹ ਚਟਾਨ ʼਤੇ ਰੱਖੀ ਗਈ ਸੀ। 26 ਨਾਲੇ ਹਰ ਕੋਈ ਜੋ ਮੇਰੀਆਂ ਇਨ੍ਹਾਂ ਸਿੱਖਿਆਵਾਂ ਨੂੰ ਸੁਣਦਾ ਹੈ, ਪਰ ਇਨ੍ਹਾਂ ʼਤੇ ਨਹੀਂ ਚੱਲਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ʼਤੇ ਬਣਾਇਆ। 27 ਅਤੇ ਮੀਂਹ ਪਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਇਨ੍ਹਾਂ ਦੀ ਜ਼ੋਰਦਾਰ ਮਾਰ ਘਰ ʼਤੇ ਪਈ ਜਿਸ ਨਾਲ ਇਹ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ।”

28 ਜਦ ਯਿਸੂ ਸਿੱਖਿਆ ਦੇ ਹਟਿਆ, ਤਾਂ ਲੋਕਾਂ ਦੀ ਭੀੜ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਈ 29 ਕਿਉਂਕਿ ਉਹ ਉਨ੍ਹਾਂ ਦੇ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰਾ ਅਧਿਕਾਰ ਰੱਖਣ ਵਾਲੇ ਵਾਂਗ ਉਨ੍ਹਾਂ ਨੂੰ ਸਿੱਖਿਆ ਦਿੰਦਾ ਸੀ।

a ਬਾਈਬਲ ਦੀਆਂ ਸਿੱਖਿਆਵਾਂ ਮੁਤਾਬਕ, “ਸਵਰਗ ਦਾ ਰਾਜ” ਜਾਂ “ਪਰਮੇਸ਼ੁਰ ਦਾ ਰਾਜ” ਇਕ ਸਵਰਗੀ ਸਰਕਾਰ ਹੈ।

b ਜਾਂ, “ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਅਤੇ ਉਸ ਦੇ ਹੁਕਮ ਮੰਨਣੇ ਚਾਹੁੰਦੇ ਹਨ।”

c ਜਾਂ, “ਸ਼ਾਂਤੀ-ਪਸੰਦ।”

d ਉਹ ਇਨਸਾਨ ਜਿਸ ਰਾਹੀਂ ਪਰਮੇਸ਼ੁਰ ਆਪਣੇ ਮਕਸਦਾਂ ਬਾਰੇ ਦੱਸਦਾ ਹੈ। ਨਬੀ ਪਰਮੇਸ਼ੁਰ ਵੱਲੋਂ ਬੋਲਦੇ ਸਨ ਅਤੇ ਉਹ ਨਾ ਸਿਰਫ਼ ਭਵਿੱਖਬਾਣੀਆਂ ਕਰਦੇ ਸਨ, ਸਗੋਂ ਯਹੋਵਾਹ ਦੀਆਂ ਸਿੱਖਿਆਵਾਂ ਵੀ ਦਿੰਦੇ ਸਨ ਅਤੇ ਉਸ ਦੇ ਹੁਕਮ ਤੇ ਫ਼ੈਸਲੇ ਸੁਣਾਉਂਦੇ ਸਨ।

e ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ ਨੂੰ ਅਕਸਰ ਮੂਸਾ ਦਾ ਕਾਨੂੰਨ ਕਿਹਾ ਜਾਂਦਾ ਹੈ।

f “ਗ੍ਰੰਥੀ” ਧਰਮ-ਗ੍ਰੰਥ ਦੇ ਮਾਹਰ ਸਨ ਅਤੇ “ਫ਼ਰੀਸੀ” ਯਹੂਦੀ ਧਾਰਮਿਕ ਆਗੂ ਸਨ।

g ਯਰੂਸ਼ਲਮ ਦੇ ਬਾਹਰ ਕੂੜਾ-ਕਰਕਟ ਸਾੜਨ ਲਈ ਜਗ੍ਹਾ। ਪੁਰਾਣੇ ਯਰੂਸ਼ਲਮ ਦੇ ਦੱਖਣ ਅਤੇ ਦੱਖਣ-ਪੱਛਮ ਵੱਲ ਹਿੰਨੋਮ ਦੀ ਵਾਦੀ ਦਾ ਯੂਨਾਨੀ ਨਾਂ। ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਗ਼ਹੈਨਾ ਵਿਚ ਜਾਨਵਰਾਂ ਜਾਂ ਇਨਸਾਨਾਂ ਨੂੰ ਜੀਉਂਦੇ-ਜੀ ਸਾੜਨ ਜਾਂ ਤੜਫਾਉਣ ਲਈ ਸੁੱਟਿਆ ਜਾਂਦਾ ਸੀ। ਇਸ ਲਈ ਗ਼ਹੈਨਾ ਕੋਈ ਅਜਿਹੀ ਜਗ੍ਹਾ ਨਹੀਂ ਹੋ ਸਕਦੀ ਜਿੱਥੇ ਇਨਸਾਨਾਂ ਨੂੰ ਮਰਨ ਤੋਂ ਬਾਅਦ ਸੱਚ-ਮੁੱਚ ਦੀ ਅੱਗ ਵਿਚ ਤੜਫਾਇਆ ਜਾਂਦਾ ਹੈ। ਇਸ ਦੀ ਬਜਾਇ, ਯਿਸੂ ਅਤੇ ਉਸ ਦੇ ਚੇਲਿਆਂ ਨੇ ਜਦੋਂ ਗ਼ਹੈਨਾ ਦੀ ਗੱਲ ਕੀਤੀ ਸੀ, ਤਾਂ ਉਨ੍ਹਾਂ ਦਾ ਮਤਲਬ ਸੀ, “ਦੂਸਰੀ ਮੌਤ” ਯਾਨੀ ਹਮੇਸ਼ਾ-ਹਮੇਸ਼ਾ ਲਈ ਨਾਸ਼।

h  5:22 ਲਈ ਦਿੱਤਾ ਫੁਟਨੋਟ ਦੇਖੋ।

i  5:22 ਲਈ ਦਿੱਤਾ ਫੁਟਨੋਟ ਦੇਖੋ।

j ਇਸ ਦੇ ਲਈ ਵਰਤੇ ਯੂਨਾਨੀ ਸ਼ਬਦ “ਪੋਰਨੀਆ” ਦਾ ਅਰਥ ਹੈ ਹਰ ਤਰ੍ਹਾਂ ਦੇ ਨਾਜਾਇਜ਼ ਜਿਨਸੀ ਸੰਬੰਧ। ਇਨ੍ਹਾਂ ਵਿਚ ਸ਼ਾਮਲ ਹਨ ਦੋ ਜਣਿਆਂ ਵਿਚ ਸਰੀਰਕ ਸੰਬੰਧ ਜੋ ਆਪਸ ਵਿਚ ਵਿਆਹੇ ਹੋਏ ਨਹੀਂ ਹਨ, ਵੇਸਵਾਗਿਰੀ, ਸਮਲਿੰਗੀ ਸੰਬੰਧ ਅਤੇ ਪਸ਼ੂਆਂ ਨਾਲ ਸੰਭੋਗ।

k ਧਰਮ-ਗ੍ਰੰਥ ਮੁਤਾਬਕ “ਯਹੋਵਾਹ” ਸਰਬਸ਼ਕਤੀਮਾਨ ਪਰਮੇਸ਼ੁਰ ਦਾ ਨਾਂ ਹੈ।

l ਯਾਨੀ ਪੂਰੇ ਦਿਲ ਨਾਲ ਪਿਆਰ ਕਰੋ।

a ਉਹ ਜਗ੍ਹਾ ਜਿੱਥੇ ਯਹੂਦੀ ਇਕੱਠੇ ਹੁੰਦੇ ਸਨ, ਧਰਮ-ਗ੍ਰੰਥ ਪੜ੍ਹਿਆ ਜਾਂਦਾ ਸੀ, ਹਿਦਾਇਤਾਂ ਮਿਲਦੀਆਂ ਸਨ, ਪ੍ਰਚਾਰ ਤੇ ਪ੍ਰਾਰਥਨਾ ਕੀਤੀ ਜਾਂਦੀ ਸੀ। ਯਿਸੂ ਦੇ ਦਿਨਾਂ ਵਿਚ ਇਜ਼ਰਾਈਲ ਦੇ ਹਰ ਕਸਬੇ ਵਿਚ ਇਕ ਸਭਾ ਘਰ ਹੁੰਦਾ ਸੀ ਤੇ ਵੱਡੇ ਸ਼ਹਿਰਾਂ ਵਿਚ ਇਕ ਤੋਂ ਜ਼ਿਆਦਾ ਸਭਾ ਘਰ ਹੁੰਦੇ ਸਨ।

b ਜਾਂ, “ਪਵਿੱਤਰ ਮੰਨਿਆ ਜਾਵੇ; ਸਮਝਿਆ ਜਾਵੇ।”

c ਯੂਨਾ, “ਬੁਰੀ ਹੈ; ਦੁਸ਼ਟ ਹੈ।”