Skip to content

Skip to table of contents

“ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ”

“ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ”

“ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ”

‘ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।’​—1 ਪਤਰਸ 4:7, 8.

ਯਿਸੂ ਨੇ ਆਪਣੀ ਆਖ਼ਰੀ ਰਾਤ ਦੌਰਾਨ ਆਪਣੇ ਚੇਲਿਆਂ ਨੂੰ ਕਈ ਜ਼ਰੂਰੀ ਗੱਲਾਂ ਦੱਸੀਆਂ। ਉਨ੍ਹਾਂ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ ਅਤੇ ਯਿਸੂ ਵਾਂਗ ਉਨ੍ਹਾਂ ਨੂੰ ਵੀ ਨਫ਼ਰਤ ਅਤੇ ਸਤਾਹਟ ਦਾ ਸਾਮ੍ਹਣਾ ਕਰਨਾ ਪੈਣਾ ਸੀ। (ਯੂਹੰਨਾ 15:18-20) ਇਸੇ ਲਈ ਉਸ ਰਾਤ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਗੱਲ ਵਾਰ-ਵਾਰ ਕਹੀ: “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।”​—ਯੂਹੰਨਾ 13:34, 35; 15:12, 13, 17.

2 ਯਿਸੂ ਦਾ ਚੇਲਾ ਪਤਰਸ ਉਸ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ। ਇਸੇ ਲਈ ਕਈ ਸਾਲ ਬਾਅਦ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਪਤਰਸ ਨੇ ਮਸੀਹੀ ਭੈਣ-ਭਰਾਵਾਂ ਨੂੰ ਇਹ ਲਿਖਿਆ: ‘ਸਭਨਾਂ ਵਸਤਾਂ ਦਾ ਅੰਤ ਨੇੜੇ ਹੈ। ਇਸ ਕਾਰਨ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।’ (1 ਪਤਰਸ 4:7, 8) ਅਸੀਂ ਹੁਣ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। ਇਸ ਲਈ ਪਤਰਸ ਦੇ ਸ਼ਬਦ ਸਾਡੇ ਤੇ ਲਾਗੂ ਹੁੰਦੇ ਹਨ। (2 ਤਿਮੋਥਿਉਸ 3:1) ਪਰ, “ਗੂੜ੍ਹਾ ਪ੍ਰੇਮ” ਕੀ ਹੈ ਅਤੇ ਇਸ ਨੂੰ ਜ਼ਾਹਰ ਕਰਨਾ ਜ਼ਰੂਰੀ ਕਿਉਂ ਹੈ? ਅਸੀਂ ਅਜਿਹਾ ਪ੍ਰੇਮ ਕਿਵੇਂ ਕਰ ਸਕਦੇ ਹਾਂ?

“ਗੂੜ੍ਹਾ ਪ੍ਰੇਮ” ਕੀ ਹੈ?

3 ਕਈ ਲੋਕ ਕਹਿੰਦੇ ਹਨ ਕਿ ਪਿਆਰ ਤਾਂ ਆਪਣੇ ਆਪ ਹੀ ਦਿਲ ਵਿਚ ਪੈਦਾ ਹੁੰਦਾ ਹੈ। ਪਰ ਪਤਰਸ ਕਿਸੇ ਆਮ ਪਿਆਰ ਦੀ ਗੱਲ ਨਹੀਂ ਕਰ ਰਿਹਾ ਸੀ। ਉਹ ਸਭ ਤੋਂ ਉੱਤਮ ਕਿਸਮ ਦੇ ਪਿਆਰ ਬਾਰੇ ਗੱਲ ਕਰ ਰਿਹਾ ਸੀ ਜਿਸ ਨੂੰ ਯੂਨਾਨੀ ਭਾਸ਼ਾ ਵਿਚ ਅਗਾਪੇ ਸੱਦਿਆ ਗਿਆ ਹੈ। ਇਹ ਅਜਿਹਾ ਪਿਆਰ ਹੈ ਜੋ ਅਸੂਲਾਂ ਦੇ ਆਧਾਰ ਤੇ ਮਨ ਵਿਚ ਪੈਦਾ ਹੋ ਕੇ ਦਿਲ ਨੂੰ ਕੁਝ ਕਰਨ ਲਈ ਪ੍ਰੇਰਦਾ ਹੈ। ਇਕ ਪੁਸਤਕ ਕਹਿੰਦੀ ਹੈ ਕਿ “ਅਜਿਹੇ ਪਿਆਰ ਨਾਲ ਅਸੀਂ ਆਪਣੇ ਨਿੱਜੀ ਜਜ਼ਬਾਤਾਂ ਨੂੰ ਇਕ ਪਾਸੇ ਰੱਖ ਕੇ ਦੂਸਰਿਆਂ ਦਾ ਭਲਾ ਕਰਦੇ ਹਾਂ।” ਨਾਮੁਕੰਮਲ ਹੋਣ ਕਾਰਨ ਅਸੀਂ ਕਦੇ-ਕਦੇ ਖ਼ੁਦਗਰਜ਼ ਹੋ ਜਾਂਦੇ ਹਾਂ। ਇਸ ਲਈ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਸਾਨੂੰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਇਕ-ਦੂਸਰੇ ਨਾਲ ਗੂੜ੍ਹਾ ਪ੍ਰੇਮ ਰੱਖਣ ਦੀ ਲੋੜ ਹੈ।​—ਉਤਪਤ 8:21; ਰੋਮੀਆਂ 5:12.

4 ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਿਰਫ਼ ਆਪਣਾ ਫ਼ਰਜ਼ ਨਿਭਾਉਣ ਲਈ ਇਕ-ਦੂਸਰੇ ਨੂੰ ਪਿਆਰ ਕਰਦੇ ਹਾਂ। ਪਤਰਸ ਨੇ ਕਿਹਾ ਸੀ ਕਿ ‘ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।’ * ਪਰ ਇਸ ਤਰ੍ਹਾਂ ਕਰਨ ਲਈ ਸਾਨੂੰ ਬਹੁਤ ਜਤਨ ਕਰਨ ਦੀ ਲੋੜ ਹੈ।

5 ਸਾਨੂੰ ਆਪਣਾ ਪਿਆਰ ਸਿਰਫ਼ ਉਦੋਂ ਹੀ ਨਹੀਂ ਜ਼ਾਹਰ ਕਰਨਾ ਚਾਹੀਦਾ ਜਦੋਂ ਸਾਨੂੰ ਸੌਖਾ ਲੱਗਦਾ ਹੈ। ਨਾ ਹੀ ਸਾਨੂੰ ਸਿਰਫ਼ ਉਨ੍ਹਾਂ ਲੋਕਾਂ ਨਾਲ ਪਿਆਰ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ। ਸਾਡੇ ਪਿਆਰ ਦੀ ਕੋਈ ਸੀਮਾ ਨਹੀਂ ਹੋਣੀ ਚਾਹੀਦੀ। ਸਾਨੂੰ ਪਿਆਰ ਨਾਲ ਉਦੋਂ ਵੀ ਪੇਸ਼ ਆਉਣਾ ਚਾਹੀਦਾ ਹੈ ਜਦੋਂ ਇੱਦਾਂ ਕਰਨਾ ਸਾਨੂੰ ਮੁਸ਼ਕਲ ਲੱਗੇ। (2 ਕੁਰਿੰਥੀਆਂ 6:11-13) ਹਾਂ, ਅਜਿਹਾ ਪਿਆਰ ਪੈਦਾ ਕਰਨ ਲਈ ਜਤਨ ਕਰਨਾ ਪੈਂਦਾ ਹੈ। ਪਰ ਆਓ ਆਪਾਂ ਤਿੰਨ ਕਾਰਨ ਦੇਖੀਏ ਕਿ ਇਕ-ਦੂਜੇ ਨੂੰ ਪਿਆਰ ਕਰਨਾ ਕਿਉਂ ਇੰਨਾ ਜ਼ਰੂਰੀ ਹੈ।

ਇਕ-ਦੂਸਰੇ ਨਾਲ ਪ੍ਰੇਮ ਕਿਉਂ ਕਰੀਏ?

6 ਪਹਿਲੀ ਗੱਲ ਇਹ ਹੈ ਕਿ “ਪ੍ਰੇਮ ਪਰਮੇਸ਼ੁਰ ਤੋਂ ਹੈ।” (1 ਯੂਹੰਨਾ 4:7) ਯਹੋਵਾਹ ਪ੍ਰੇਮ ਦਾ ਸਾਗਰ ਹੈ ਅਤੇ ਉਹ ਸਾਨੂੰ ਬੇਹੱਦ ਪਿਆਰ ਕਰਦਾ ਹੈ। ਯੂਹੰਨਾ ਰਸੂਲ ਨੇ ਕਿਹਾ: “ਪਰਮੇਸ਼ੁਰ ਦਾ ਪ੍ਰੇਮ ਸਾਡੇ ਵਿੱਚ ਇਸ ਤੋਂ ਪਰਗਟ ਹੋਇਆ ਜੋ ਪਰਮੇਸ਼ੁਰ ਨੇ ਆਪਣੇ ਇਕਲੌਤੇ ਪੁੱਤ੍ਰ ਨੂੰ ਸੰਸਾਰ ਵਿੱਚ ਘੱਲਿਆ ਭਈ ਅਸੀਂ ਉਹ ਦੇ ਰਾਹੀਂ ਜੀਵੀਏ।” (1 ਯੂਹੰਨਾ 4:9) ਯਹੋਵਾਹ ਨੇ ਆਪਣੇ ਪੁੱਤਰ ਨੂੰ ਇਨਸਾਨ ਦੇ ਰੂਪ ਵਿਚ ਧਰਤੀ ਤੇ ਆਉਣ, ਆਪਣੀ ਸੇਵਾ ਪੂਰੀ ਕਰਨ ਅਤੇ ਸੂਲੀ ਉੱਤੇ ਆਪਣੀ ਜਾਨ ਦੇਣ ਲਈ ਘੱਲਿਆ ਸੀ। ਕਿਉਂ? ਤਾਂਕਿ ਅਸੀਂ ਉਹ ਦੇ ਰਾਹੀਂ ਜੀਵਨ ਪਾ ਸਕੀਏ। ਯਹੋਵਾਹ ਦੇ ਪਿਆਰ ਦਾ ਇਹ ਸਬੂਤ ਦੇਖ ਕੇ ਸਾਡੇ ਉੱਤੇ ਕੀ ਅਸਰ ਪੈਂਦਾ ਹੈ? ਯੂਹੰਨਾ ਨੇ ਕਿਹਾ: “ਜਦੋਂ ਪਰਮੇਸ਼ੁਰ ਨੇ ਸਾਡੇ ਨਾਲ ਇਸ ਪਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਏ ਨਾਲ ਪ੍ਰੇਮ ਕਰੀਏ।” (1 ਯੂਹੰਨਾ 4:11) ਯੂਹੰਨਾ ਕਹਿੰਦਾ ਹੈ ਕਿ ਯਹੋਵਾਹ ਨੇ “ਸਾਡੇ ਨਾਲ” ਪਿਆਰ ਕੀਤਾ ਯਾਨੀ ਸਾਰਿਆਂ ਨਾਲ। ਤਾਂ ਫਿਰ ਜੇ ਯਹੋਵਾਹ ਸਾਡੇ ਸਾਰੇ ਭੈਣਾਂ-ਭਰਾਵਾਂ ਨਾਲ ਪਿਆਰ ਕਰਦਾ ਹੈ, ਤਾਂ ਕੀ ਸਾਨੂੰ ਉਸ ਦੀ ਰੀਸ ਨਹੀਂ ਕਰਨੀ ਚਾਹੀਦੀ?

7 ਦੂਸਰੀ ਗੱਲ ਹੈ ਕਿ “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ,” ਇਸ ਲਈ ਸਾਨੂੰ ਅੱਗੇ ਨਾਲੋਂ ਕਿਤੇ ਜ਼ਿਆਦਾ ਇਕ-ਦੂਸਰੇ ਦੇ ਪਿਆਰ ਤੇ ਸਹਾਰੇ ਦੀ ਜ਼ਰੂਰਤ ਹੈ। (1 ਪਤਰਸ 4:7) ਅਸੀਂ “ਅੰਤ ਦਿਆਂ ਦਿਨਾਂ” ਦੇ ਭੈੜੇ ਸਮਿਆਂ ਵਿਚ ਜੀ ਰਹੇ ਹਾਂ। (2 ਤਿਮੋਥਿਉਸ 3:1) ਦੁਨੀਆਂ ਦੇ ਹਾਲਾਤਾਂ, ਕੁਦਰਤੀ ਆਫ਼ਤਾਂ ਅਤੇ ਲੋਕਾਂ ਦੀ ਦੁਸ਼ਮਣੀ ਕਾਰਨ ਸਾਡੇ ਉੱਤੇ ਮੁਸੀਬਤਾਂ ਆਉਂਦੀਆਂ ਹਨ। ਇਨ੍ਹਾਂ ਦੁੱਖ-ਭਰੇ ਸਮਿਆਂ ਵਿਚ ਸਾਨੂੰ ਇਕ-ਦੂਸਰੇ ਦਾ ਸਾਥ ਨਹੀਂ ਛੱਡਣਾ ਚਾਹੀਦਾ। ਗੂੜ੍ਹੇ ਪਿਆਰ ਦੇ ਬੰਧਨ ਵਿਚ ਬੱਝ ਕੇ ਸਾਨੂੰ ‘ਇਕ ਦੂਜੇ ਦੀ ਚਿੰਤਾ ਕਰਨੀ’ ਚਾਹੀਦੀ ਹੈ।​—1 ਕੁਰਿੰਥੀਆਂ 12:25, 26.

8 ਤੀਸਰੀ ਗੱਲ ਹੈ ਕਿ ਅਸੀਂ ਸ਼ਤਾਨ ਨੂੰ ਸਾਡੇ ਭਾਈਚਾਰੇ ਵਿਚ ਫੁੱਟ ਪਾਉਣ ਦਾ ‘ਮੌਕਾ ਨਹੀਂ ਦੇਣਾ’ ਚਾਹੁੰਦੇ। (ਅਫ਼ਸੀਆਂ 4:27, ਪਵਿੱਤਰ ਬਾਈਬਲ ਨਵਾਂ ਅਨੁਵਾਦ) ਸ਼ਤਾਨ ਜਾਣਦਾ ਹੈ ਕਿ ਅਸੀਂ ਗ਼ਲਤੀਆਂ ਕਰਦੇ ਹਾਂ ਤੇ ਸਾਡੇ ਵਿਚ ਕਮਜ਼ੋਰੀਆਂ ਹਨ ਅਤੇ ਉਹ ਇਸ ਗੱਲ ਦਾ ਫ਼ਾਇਦਾ ਉਠਾਉਂਦਾ ਹੈ। ਮਿਸਾਲ ਲਈ, ਜੇ ਕੋਈ ਸਾਨੂੰ ਬਿਨਾਂ ਸੋਚੇ-ਸਮਝੇ ਕੋਈ ਗੱਲ ਕਹੇ ਜਾਂ ਸਾਡੇ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਵੇ, ਤਾਂ ਕੀ ਅਸੀਂ ਮੀਟਿੰਗਾਂ ਤੇ ਜਾਣਾ ਬੰਦ ਕਰ ਦੇਵਾਂਗੇ? (ਕਹਾਉਤਾਂ 12:18) ਜੇ ਅਸੀਂ ਇਕ-ਦੂਸਰੇ ਨਾਲ ਗੂੜ੍ਹਾ ਪਿਆਰ ਕਰਦੇ ਹਾਂ, ਤਾਂ ਇਸ ਤਰ੍ਹਾਂ ਕਰਨ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ! ਸੱਚਾ ਪਿਆਰ ਸਾਡੀ “ਇੱਕ ਮਨ ਹੋ ਕੇ” ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕਰਦਾ ਹੈ।​—ਸਫ਼ਨਯਾਹ 3:9.

ਆਪਣੇ ਪ੍ਰੇਮ ਦਾ ਸਬੂਤ ਦਿਓ

9ਪਹਿਲਾਂ ਆਪਣੇ ਪਰਿਵਾਰ ਨਾਲ ਪਿਆਰ ਕਰੋ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਜੇ ਉਹ ਆਪਸ ਵਿਚ ਪ੍ਰੇਮ ਰੱਖਣਗੇ ਤਾਂ ਲੋਕ ਜਾਣਨਗੇ ਕਿ ਉਹ ਉਸ ਦੇ ਚੇਲੇ ਹਨ। (ਯੂਹੰਨਾ 13:34, 35) ਜੇ ਅਸੀਂ ਆਪਣੇ ਜੀਵਨ-ਸਾਥੀ, ਮਾਪਿਆਂ ਅਤੇ ਬੱਚਿਆਂ ਨਾਲ ਗੂੜ੍ਹਾ ਪਿਆਰ ਕਰਾਂਗੇ, ਤਦ ਹੀ ਅਸੀਂ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਪਿਆਰ ਕਰ ਸਕਾਂਗੇ। ਪਰ ਇਹ ਸੋਚਣਾ ਜਾਂ ਕਹਿਣਾ ਕਾਫ਼ੀ ਨਹੀਂ ਹੈ ਕਿ ਸਾਡੇ ਪਰਿਵਾਰ ਵਿਚ ਤਾਂ ਪਿਆਰ ਹੀ ਪਿਆਰ ਹੈ। ਸਾਨੂੰ ਆਪਣੇ ਕੰਮਾਂ ਦੁਆਰਾ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੀਦਾ ਹੈ।

10 ਤਾਂ ਫਿਰ ਪਤੀ-ਪਤਨੀ ਇਕ-ਦੂਸਰੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕਰ ਸਕਦੇ ਹਨ? ਪਤੀ ਆਪਣੀ ਕਹਿਣੀ ਤੇ ਕਰਨੀ ਦੁਆਰਾ ਦਿਖਾ ਸਕਦਾ ਹੈ ਕਿ ਉਹ ਆਪਣੀ ਪਤਨੀ ਨੂੰ ਬਹੁਤ ਚਾਹੁੰਦਾ ਹੈ। ਉਹ ਉਸ ਦਾ ਮਾਣ ਰੱਖਦਾ ਹੈ ਅਤੇ ਉਸ ਦੇ ਵਿਚਾਰਾਂ ਨੂੰ ਸੁਣਦਾ ਤੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। (1 ਪਤਰਸ 3:7) ਉਹ ਆਪਣੇ ਭਲੇ ਬਾਰੇ ਸੋਚਣ ਦੀ ਬਜਾਇ ਆਪਣੀ ਪਤਨੀ ਦਾ ਭਲਾ ਸੋਚਦਾ ਹੈ। ਉਹ ਉਸ ਦੀਆਂ ਸਰੀਰਕ, ਰੂਹਾਨੀ ਅਤੇ ਭਾਵਾਤਮਕ ਲੋੜਾਂ ਪੂਰੀਆਂ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। (ਅਫ਼ਸੀਆਂ 5:25, 28) ਆਪਣੇ ਪਤੀ ਨਾਲ ਗੂੜ੍ਹਾ ਪ੍ਰੇਮ ਕਰਨ ਵਾਲੀ ਪਤਨੀ ਉਸ ਦਾ ਮਾਣ ਕਰਦੀ ਹੈ, ਉਦੋਂ ਵੀ ਜਦੋਂ ਉਸ ਦਾ ਪਤੀ ਅਜਿਹਾ ਕੋਈ ਕੰਮ ਕਰਦਾ ਹੈ ਜੋ ਉਸ ਨੂੰ ਪਸੰਦ ਨਾ ਹੋਵੇ। (ਅਫ਼ਸੀਆਂ 5:22, 33) ਅਜਿਹੀ ਪਤਨੀ ਜ਼ਿੱਦ ਨਹੀਂ ਕਰਦੀ, ਸਗੋਂ ਆਪਣੇ ਪਤੀ ਦੇ ਅਧੀਨ ਰਹਿੰਦੀ ਹੈ। ਉਹ ਯਹੋਵਾਹ ਦੀ ਸੇਵਾ ਵਿਚ ਆਪਣੇ ਪਤੀ ਦੀ ਹਮਸਫ਼ਰ ਬਣ ਕੇ ਉਸ ਦੇ ਹਰ ਕਦਮ ਤੇ ਸਾਥ ਦਿੰਦੀ ਹੈ।​—ਉਤਪਤ 2:18; ਮੱਤੀ 6:33.

11 ਮਾਪਿਓ, ਤੁਸੀਂ ਆਪਣੇ ਬੱਚਿਆਂ ਲਈ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕਰ ਸਕਦੇ ਹੋ? ਮਿਹਨਤ ਨਾਲ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰ ਕੇ ਤੁਸੀਂ ਆਪਣੇ ਗੂੜ੍ਹੇ ਪਿਆਰ ਦਾ ਸਬੂਤ ਦੇ ਸਕਦੇ ਹੋ। (1 ਤਿਮੋਥਿਉਸ 5:8) ਪਰ ਬੱਚਿਆਂ ਲਈ ਰੋਟੀ, ਕੱਪੜਾ ਤੇ ਮਕਾਨ ਹੀ ਕਾਫ਼ੀ ਨਹੀਂ। ਜੇ ਤੁਸੀਂ ਚਾਹੁੰਦੇ ਹੋ ਕਿ ਉਹ ਵੀ ਯਹੋਵਾਹ ਦੀ ਭਗਤੀ ਕਰਨ, ਤਾਂ ਉਨ੍ਹਾਂ ਨੂੰ ਉਸ ਦੇ ਰਾਹਾਂ ਬਾਰੇ ਸਿਖਾਓ। (ਕਹਾਉਤਾਂ 22:6) ਇਸ ਦਾ ਮਤਲਬ ਹੈ ਕਿ ਤੁਹਾਨੂੰ ਇਕੱਠੇ ਬੈਠ ਕੇ ਬਾਈਬਲ ਸਟੱਡੀ ਕਰਨੀ ਚਾਹੀਦੀ ਹੈ ਅਤੇ ਪ੍ਰਚਾਰ ਤੇ ਮੀਟਿੰਗਾਂ ਵਿਚ ਜਾਣਾ ਚਾਹੀਦਾ ਹੈ। (ਬਿਵਸਥਾ ਸਾਰ 6:4-7) ਇਹ ਕੰਮ ਕਰਨੇ ਸੌਖੇ ਨਹੀਂ ਹਨ। ਇਨ੍ਹਾਂ ਵਿਚ ਲਗਾਤਾਰ ਹਿੱਸਾ ਲੈਣ ਲਈ ਤੁਹਾਨੂੰ ਬਹੁਤ ਮਿਹਨਤ ਕਰਨ ਦੀ ਜ਼ਰੂਰਤ ਹੈ। ਯਹੋਵਾਹ ਦੀ ਸੇਵਾ ਕਰਨ ਵਿਚ ਆਪਣੇ ਬੱਚਿਆਂ ਦੀ ਮਦਦ ਕਰ ਕੇ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨਾਲ ਬੇਹੱਦ ਪਿਆਰ ਕਰਦੇ ਹੋ ਅਤੇ ਉਨ੍ਹਾਂ ਦੀ ਖ਼ੁਸ਼ੀ ਚਾਹੁੰਦੇ ਹੋ।​—ਯੂਹੰਨਾ 17:3.

12 ਪਰ ਇਸ ਤੋਂ ਇਲਾਵਾ ਬੱਚਿਆਂ ਦੀਆਂ ਹੋਰ ਵੀ ਜ਼ਰੂਰਤਾਂ ਹਨ। ਬੱਚੇ ਨਾਜ਼ੁਕ ਤੇ ਕੋਮਲ ਫੁੱਲਾਂ ਵਰਗੇ ਹਨ ਅਤੇ ਉਨ੍ਹਾਂ ਨੂੰ ਪਿਆਰ ਦੀ ਲੋੜ ਹੈ। ਲਾਡ-ਪਿਆਰ ਕਰ ਕੇ ਉਨ੍ਹਾਂ ਨੂੰ ਦਿਖਾਓ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਚਾਹੁੰਦੇ ਹੋ। ਬੱਚਿਆਂ ਦੇ ਛੋਟੇ-ਮੋਟੇ ਕੰਮਾਂ ਲਈ ਉਨ੍ਹਾਂ ਨੂੰ ਸ਼ਾਬਾਸ਼ੀ ਦਿਓ ਤਾਂਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਤੁਸੀਂ ਉਨ੍ਹਾਂ ਤੇ ਮਾਣ ਕਰਦੇ ਹੋ। ਜੇ ਬੱਚਾ ਕੋਈ ਗ਼ਲਤੀ ਕਰੇ, ਤਾਂ ਗੁੱਸੇ ਨਾਲ ਨਹੀਂ, ਸਗੋਂ ਪਿਆਰ ਨਾਲ ਉਸ ਨੂੰ ਸੁਧਾਰੋ ਤੇ ਸਮਝਾਓ। ਇਸ ਤਰ੍ਹਾਂ ਬੱਚੇ ਦੇਖ ਸਕਣਗੇ ਕਿ ਤੁਸੀਂ ਸਭ ਕੁਝ ਉਨ੍ਹਾਂ ਦੀ ਭਲਾਈ ਲਈ ਕਰਦੇ ਹੋ। (ਅਫ਼ਸੀਆਂ 6:4) ਜਿਸ ਪਰਿਵਾਰ ਦੀ ਨੀਂਹ ਗੂੜ੍ਹਾ ਪਿਆਰ ਹੋਵੇ, ਉਹ ਹਰੇਕ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਵੇਗਾ।

13ਪਿਆਰ ਕਾਰਨ ਅਸੀਂ ਦਿਲੋਂ ਦੂਸਰਿਆਂ ਨੂੰ ਮਾਫ਼ ਕਰਦੇ ਹਾਂ। ਪਤਰਸ ਨੇ ਕਿਹਾ ਸੀ ਕਿ “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ।” ਫਿਰ ਉਸ ਨੇ ਅੱਗੇ ਕਿਹਾ “ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” (1 ਪਤਰਸ 4:8) ਪਰ ਪਾਪਾਂ ਨੂੰ ‘ਢਕਣ’ ਦਾ ਮਤਲਬ ਇਹ ਨਹੀਂ ਕਿ ਜੇ ਕੋਈ ਭੈਣ-ਭਰਾ ਗੰਭੀਰ ਪਾਪ ਕਰੇ, ਤਾਂ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦੇਈਏ। ਅਜਿਹੇ ਮੌਕਿਆਂ ਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਕਲੀਸਿਯਾ ਦੇ ਬਜ਼ੁਰਗਾਂ ਨੂੰ ਦੱਸੀਏ। (ਲੇਵੀਆਂ 5:1; ਕਹਾਉਤਾਂ 29:24) ਜੇ ਅਸੀਂ ਇਸ ਤਰ੍ਹਾਂ ਨਾ ਕਰੀਏ, ਤਾਂ ਯਹੋਵਾਹ ਦੀ ਨਜ਼ਰ ਵਿਚ ਅਸੀਂ ਖ਼ੁਦ ਪਾਪ ਕਰ ਰਹੇ ਹੋਵਾਂਗੇ। ਇਸ ਦੇ ਨਾਲ-ਨਾਲ ਉਹ ਭੈਣ ਜਾਂ ਭਰਾ ਸ਼ਾਇਦ ਪਾਪ ਕਰਦਾ ਰਹੇ ਅਤੇ ਦੂਸਰੇ ਨਿਰਦੋਸ਼ ਲੋਕਾਂ ਨੂੰ ਦੁਖੀ ਕਰਦਾ ਰਹੇ। ਉਸ ਦੀ ਮਦਦ ਕਰ ਕੇ ਅਸੀਂ ਆਪਣੇ ਗੂੜ੍ਹੇ ਪਿਆਰ ਦਾ ਸਬੂਤ ਦੇਵਾਂਗੇ।​—1 ਕੁਰਿੰਥੀਆਂ 5:9-13.

14 ਅਕਸਰ ਸਾਡੇ ਭੈਣ-ਭਰਾ ਸਿਰਫ਼ ਛੋਟੀਆਂ-ਛੋਟੀਆਂ ਗ਼ਲਤੀਆਂ ਕਰਦੇ ਹਨ। ਵੈਸੇ ਅਸੀਂ ਸਾਰੇ ਆਪਣੀ ਕਹਿਣੀ-ਕਰਨੀ ਵਿਚ ਗ਼ਲਤੀ ਕਰਦੇ ਹਾਂ ਅਤੇ ਕਦੀ-ਨ-ਕਦੀ ਦੂਸਰਿਆਂ ਨੂੰ ਦੁੱਖ ਪਹੁੰਚਾਉਂਦੇ ਹਾਂ। (ਯਾਕੂਬ 3:2) ਤਾਂ ਫਿਰ ਕੀ ਸਾਨੂੰ ਦੂਸਰਿਆਂ ਦੀਆਂ ਗ਼ਲਤੀਆਂ ਦਾ ਢੰਡੋਰਾ ਪਿੱਟਣਾ ਚਾਹੀਦਾ ਹੈ? ਬਿਲਕੁਲ ਨਹੀਂ। ਇਸ ਤਰ੍ਹਾਂ ਕਰਨ ਦੁਆਰਾ ਕਲੀਸਿਯਾ ਵਿਚ ਭੈਣਾਂ-ਭਰਾਵਾਂ ਵਿਚ ਫੁੱਟ ਪੈ ਸਕਦੀ ਹੈ। (ਅਫ਼ਸੀਆਂ 4:1-3) ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਾਂ, ਤਾਂ ਅਸੀਂ ਉਨ੍ਹਾਂ ਦੀ “ਨਿੰਦਿਆ” ਨਹੀਂ ਕਰਾਂਗੇ। (ਜ਼ਬੂਰਾਂ ਦੀ ਪੋਥੀ 50:20) ਜਿਸ ਤਰ੍ਹਾਂ ਤੇੜਾਂ ਨੂੰ ਪੇਂਟ-ਪਲਸਤਰ ਕਰ ਕੇ ਢਕਿਆ ਜਾ ਸਕਦਾ ਹੈ, ਉਸੇ ਤਰ੍ਹਾਂ ਗੂੜ੍ਹਾ ਪਿਆਰ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਢੱਕ ਦਿੰਦਾ ਹੈ।​—ਕਹਾਉਤਾਂ 17:9.

15ਪਿਆਰ ਕਾਰਨ ਅਸੀਂ ਲੋੜ ਪੈਣ ਤੇ ਇਕ-ਦੂਸਰੇ ਦੀ ਮਦਦ ਕਰਾਂਗੇ। ਦੁਨੀਆਂ ਦੇ ਵਿਗੜਦੇ ਹਾਲਾਤਾਂ ਕਾਰਨ ਸ਼ਾਇਦ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਕਿਸੇ ਖ਼ਾਸ ਤਰੀਕੇ ਨਾਲ ਮਦਦ ਦੇਣ ਦੀ ਲੋੜ ਪਵੇ। (1 ਯੂਹੰਨਾ 3:17, 18) ਮਿਸਾਲ ਲਈ, ਕੀ ਤੁਹਾਡੀ ਕਲੀਸਿਯਾ ਵਿਚ ਕਿਸੇ ਨੂੰ ਪੈਸੇ ਦੀ ਤੰਗੀ ਹੈ ਜਾਂ ਕੀ ਕਿਸੇ ਦੀ ਨੌਕਰੀ ਛੁੱਟ ਗਈ ਹੈ? ਕੀ ਅਸੀਂ ਉਨ੍ਹਾਂ ਨੂੰ ਕੁਝ ਦੇ ਸਕਦੇ ਹਾਂ? (ਕਹਾਉਤਾਂ 3:27, 28; ਯਾਕੂਬ 2:14-17) ਜੇ ਕਿਸੇ ਬਜ਼ੁਰਗ ਭੈਣ-ਭਰਾ ਨੂੰ ਕੋਈ ਕੰਮ ਕਰਨ ਵਿਚ ਮਦਦ ਚਾਹੀਦੀ ਹੋਵੇ, ਤਾਂ ਕੀ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋਵਾਂਗੇ?​—ਯਾਕੂਬ 1:27.

16 ਅਸੀਂ ਸਿਰਫ਼ ਉਨ੍ਹਾਂ ਭੈਣਾਂ-ਭਰਾਵਾਂ ਨਾਲ ਹੀ ਪਿਆਰ ਨਹੀਂ ਕਰਦੇ ਜੋ ਸਾਡੇ ਆਸ-ਪਾਸ ਰਹਿੰਦੇ ਹਨ। ਕਦੀ-ਕਦੀ ਦੂਸਰਿਆਂ ਦੇਸ਼ਾਂ ਵਿਚ ਤੂਫ਼ਾਨਾਂ, ਭੁਚਾਲਾਂ ਅਤੇ ਹੋਰ ਹਾਲਾਤਾਂ ਕਾਰਨ ਯਹੋਵਾਹ ਦੇ ਲੋਕਾਂ ਉੱਤੇ ਮੁਸੀਬਤਾਂ ਆਉਂਦੀਆਂ ਹਨ। ਇਨ੍ਹਾਂ ਹਾਲਾਤਾਂ ਕਾਰਨ ਉਨ੍ਹਾਂ ਨੂੰ ਭੋਜਨ, ਕੱਪੜੇ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਲੋੜ ਪੈਂਦੀ ਹੈ। ਚਾਹੇ ਉਹ ਕਿਸੇ ਵੀ ਕੌਮ ਜਾਂ ਨਸਲ ਦੇ ਹੋਣ ਅਸੀਂ ਆਪਣੇ ‘ਭਾਈਆਂ ਨਾਲ ਪ੍ਰੇਮ ਰੱਖਦੇ ਹਾਂ।’ (1 ਪਤਰਸ 2:17) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਆਪਣੇ ਭਰਾਵਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਲੋੜੀਂਦੀਆਂ ਚੀਜ਼ਾਂ ਭੇਜਦੇ ਹਾਂ। (ਰਸੂਲਾਂ ਦੇ ਕਰਤੱਬ 11:27-30; ਰੋਮੀਆਂ 15:26) ਇਨ੍ਹਾਂ ਤਰੀਕਿਆਂ ਨਾਲ ਪਿਆਰ ਦਾ ਇਜ਼ਹਾਰ ਕਰ ਕੇ ਅਸੀਂ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਆਪਣੇ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਾਂ।​—ਕੁਲੁੱਸੀਆਂ 3:14.

17ਗੂੜ੍ਹੇ ਪ੍ਰੇਮ ਕਾਰਨ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਫੈਲਾਉਂਦੇ ਹਾਂ। ਜ਼ਰਾ ਯਿਸੂ ਦੀ ਮਿਸਾਲ ਉੱਤੇ ਧਿਆਨ ਦਿਓ। ਉਸ ਨੇ ਪ੍ਰਚਾਰ ਕਰ ਕੇ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਇਆ ਸੀ। ਉਸ ਨੇ ਲੋਕਾਂ ਉੱਤੇ “ਤਰਸ ਖਾਧਾ” ਕਿਉਂਕਿ ਉਹ ਯਹੋਵਾਹ ਦੇ ਪਿਆਰ ਲਈ ਪਿਆਸੇ ਸਨ। (ਮਰਕੁਸ 6:34) ਉਸ ਸਮੇਂ ਦੇ ਧਾਰਮਿਕ ਆਗੂਆਂ ਨੇ ਉਨ੍ਹਾਂ ਨੂੰ ਸੱਚਾਈ ਸਿਖਾਉਣ ਦੀ ਬਜਾਇ ਉਨ੍ਹਾਂ ਨੂੰ ਗੁਮਰਾਹ ਕਰ ਦਿੱਤਾ ਸੀ। ਇਸ ਲਈ ਗਹਿਰੇ ਪਿਆਰ ਅਤੇ ਦਇਆ ਕਾਰਨ ਯਿਸੂ ਨੇ “ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ” ਸੁਣਾ ਕੇ ਲੋਕਾਂ ਦੇ ਦਿਲਾਂ ਵਿਚ ਆਸ ਦਾ ਦੀਪ ਜਲਾਇਆ।​—ਲੂਕਾ 4:16-21, 43.

18 ਅੱਜ ਵੀ ਲੋਕ ਕੁਰਾਹੇ ਪਏ ਹੋਏ ਹਨ ਅਤੇ ਯਹੋਵਾਹ ਨੂੰ ਨਹੀਂ ਜਾਣਦੇ। ਕੋਈ ਵੀ ਉਨ੍ਹਾਂ ਦੀ ਰੂਹਾਨੀ ਤੌਰ ਤੇ ਮਦਦ ਨਹੀਂ ਕਰਦਾ। ਪਰ ਸਾਨੂੰ ਯਿਸੂ ਵਾਂਗ ਗਹਿਰੇ ਪਿਆਰ ਕਾਰਨ ਉਨ੍ਹਾਂ ਤੇ ਤਰਸ ਖਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣਾ ਚਾਹੀਦਾ ਹੈ। (ਮੱਤੀ 6:9, 10; 24:14) ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ ਕਿਉਂਕਿ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਆਓ ਆਪਾਂ ਪ੍ਰਚਾਰ ਕਰ ਕੇ ਲੋਕਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੀਏ।​—1 ਤਿਮੋਥਿਉਸ 4:16.

“ਸਭਨਾਂ ਵਸਤਾਂ ਦਾ ਅੰਤ ਨੇੜੇ ਹੈ”

19 ਗੂੜ੍ਹੇ ਪ੍ਰੇਮ ਬਾਰੇ ਗੱਲ ਕਰਨ ਤੋਂ ਪਹਿਲਾਂ ਪਤਰਸ ਨੇ ਕਿਹਾ ਸੀ ਕਿ “ਸਭਨਾਂ ਵਸਤਾਂ ਦਾ ਅੰਤ ਨੇੜੇ ਹੈ।” (1 ਪਤਰਸ 4:7) ਬਹੁਤ ਹੀ ਜਲਦ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕੀਤਾ ਜਾਵੇਗਾ ਅਤੇ ਇਸ ਦੀ ਥਾਂ ਤੇ ਯਹੋਵਾਹ ਦੀ ਨਵੀਂ ਦੁਨੀਆਂ ਹੋਵੇਗੀ। (2 ਪਤਰਸ 3:13) ਯਹੋਵਾਹ ਦੀ ਸੇਵਾ ਵਿਚ ਹੱਥ ਢਿੱਲੇ ਕਰਨ ਜਾਂ ਆਰਾਮ ਕਰਨ ਦਾ ਵੇਲਾ ਨਹੀਂ ਹੈ। ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ ਕਿ “ਖਬਰਦਾਰ ਰਹੋ ਭਈ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾਂ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ ਅਤੇ ਉਹ ਦਿਨ ਫਾਹੀ ਵਾਂਙੁ ਤੁਹਾਡੇ ਉੱਤੇ ਅਚਾਣਕ ਆ ਪਵੇ!”​—ਲੂਕਾ 21:34, 35.

20 ਤਾਂ ਫਿਰ ਆਓ ਆਪਾਂ ਇਨ੍ਹਾਂ ਅੰਤ ਦੇ ਦਿਨਾਂ ਦੌਰਾਨ ‘ਜਾਗਦੇ ਰਹੀਏ’ ਅਤੇ ਸਮੇਂ ਦੀ ਅਹਿਮੀਅਤ ਨੂੰ ਨਾ ਭੁੱਲੀਏ। (ਮੱਤੀ 24:42) ਆਓ ਆਪਾਂ ਸ਼ਤਾਨ ਦੀਆਂ ਗੁੱਝੀਆਂ ਚਾਲਾਂ ਤੋਂ ਬਚ ਕੇ ਰਹੀਏ ਅਤੇ ਇਸ ਪੱਥਰ-ਦਿਲ ਤੇ ਨਿਰਮੋਹੀ ਦੁਨੀਆਂ ਤੋਂ ਉਲਟ, ਹਮੇਸ਼ਾ ਇਕ-ਦੂਸਰੇ ਨਾਲ ਗੂੜ੍ਹਾ ਪ੍ਰੇਮ ਰੱਖੀਏ। ਇਸ ਤੋਂ ਵੱਧ, ਆਓ ਆਪਾਂ ਯਹੋਵਾਹ ਦੇ ਰਾਜ ਵਿਚ ਮਿਲਣ ਵਾਲੀਆਂ ਅਸੀਸਾਂ ਪਾਉਣ ਲਈ ਹਮੇਸ਼ਾ ਯਹੋਵਾਹ ਦੇ ਨੇੜੇ ਰਹੀਏ।​—ਪਰਕਾਸ਼ ਦੀ ਪੋਥੀ 21:4, 5.

[ਫੁਟਨੋਟ]

^ ਪੈਰਾ 4 ਬਾਈਬਲ ਦੇ ਦੂਸਰੇ ਤਰਜਮਿਆਂ ਵਿਚ 1 ਪਤਰਸ 4:8 ਵਿਚ ਲਿਖਿਆ ਹੈ ਕਿ ਸਾਨੂੰ ਇਕ-ਦੂਸਰੇ ਨਾਲ “ਡੂੰਘਾਈ ਨਾਲ” ਜਾਂ “ਸੱਚਾ” ਪਿਆਰ ਕਰਨਾ ਚਾਹੀਦਾ ਹੈ।

ਇਨ੍ਹਾਂ ਸਵਾਲਾਂ ਤੇ ਵਿਚਾਰ ਕਰੋ

• ਆਪਣੀ ਆਖ਼ਰੀ ਰਾਤ ਦੌਰਾਨ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੀ ਸਲਾਹ ਦਿੱਤੀ ਸੀ ਅਤੇ ਸਾਨੂੰ ਕਿਵੇਂ ਪਤਾ ਹੈ ਕਿ ਪਤਰਸ ਨੇ ਉਸ ਦੀ ਗੱਲ ਦਿਲ ਵਿਚ ਬਿਠਾ ਲਈ ਸੀ? (1-2 ਪੈਰੇ)

• “ਗੂੜ੍ਹਾ ਪ੍ਰੇਮ” ਕੀ ਹੈ? (3-5 ਪੈਰੇ)

• ਸਾਨੂੰ ਇਕ-ਦੂਸਰੇ ਨਾਲ ਪਿਆਰ ਕਿਉਂ ਕਰਨਾ ਚਾਹੀਦਾ ਹੈ? (6-8 ਪੈਰੇ)

• ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕਰ ਸਕਦੇ ਹੋ? (9-18 ਪੈਰੇ)

• ਯਹੋਵਾਹ ਦੀ ਸੇਵਾ ਵਿਚ ਹੱਥ ਢਿੱਲੇ ਕਰਨ ਦਾ ਹੁਣ ਸਮਾਂ ਕਿਉਂ ਨਹੀਂ ਹੈ ਅਤੇ ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ? (19-20 ਪੈਰੇ)

[ਸਫ਼ਾ 29 ਉੱਤੇ ਤਸਵੀਰ]

ਜਿਸ ਪਰਿਵਾਰ ਦੀ ਨੀਂਹ ਗੂੜ੍ਹਾ ਪਿਆਰ ਹੋਵੇ, ਉਹ ਹਰੇਕ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਵੇਗਾ

[ਸਫ਼ਾ 30 ਉੱਤੇ ਤਸਵੀਰ]

ਪਿਆਰ ਕਾਰਨ ਅਸੀਂ ਲੋੜ ਪੈਣ ਤੇ ਇਕ-ਦੂਸਰੇ ਦੀ ਮਦਦ ਕਰਾਂਗੇ

[ਸਫ਼ਾ 31 ਉੱਤੇ ਤਸਵੀਰ]

ਦੂਸਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਪਿਆਰ ਦਾ ਇਕ ਹੋਰ ਸਬੂਤ ਹੈ