Skip to content

Skip to table of contents

“ਤੁਸੀਂ ਪਰਤਾਵੇ ਵਿੱਚ ਨਾ ਪਓ”

“ਤੁਸੀਂ ਪਰਤਾਵੇ ਵਿੱਚ ਨਾ ਪਓ”

“ਤੁਸੀਂ ਪਰਤਾਵੇ ਵਿੱਚ ਨਾ ਪਓ”

“ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।”—ਮੱਤੀ 26:41.

ਧਰਤੀ ਉੱਤੇ ਯਿਸੂ ਮਸੀਹ ਦੀਆਂ ਆਖ਼ਰੀ ਘੜੀਆਂ ਬਹੁਤ ਕਠਿਨ ਸਨ। ਉਸ ਨੂੰ ਗਿਰਫ਼ਤਾਰ ਕਰ ਕੇ ਬੰਦੀ ਬਣਾਇਆ ਗਿਆ ਸੀ। ਮੁਕੱਦਮੇ ਤੋਂ ਬਾਅਦ ਉਸ ਨੂੰ ਮੌਤ ਦੀ ਸਜ਼ਾ ਸੁਣਾ ਕੇ ਸੂਲੀ ਉੱਤੇ ਟੰਗਿਆ ਗਿਆ ਸੀ। ਇਨ੍ਹਾਂ ਘੜੀਆਂ ਦੌਰਾਨ ਉਸ ਨੇ ਸੋਚ-ਸਮਝ ਕੇ ਕਦਮ ਉਠਾਏ। ਉਸ ਨੂੰ ਪਤਾ ਸੀ ਕਿ ਉਹ ਜਾਂ ਤਾਂ ਆਪਣੇ ਸਵਰਗੀ ਪਿਤਾ ਦਾ ਨਾਮ ਬਦਨਾਮ ਕਰ ਸਕਦਾ ਸੀ ਜਾਂ ਉਸ ਨੂੰ ਰੌਸ਼ਨ ਕਰ ਸਕਦਾ ਸੀ। ਇਸ ਦੇ ਨਾਲ-ਨਾਲ ਸਾਰੀ ਮਨੁੱਖਜਾਤੀ ਦਾ ਭਵਿੱਖ ਉਸ ਦੇ ਹੱਥਾਂ ਵਿਚ ਸੀ। ਹਾਂ, ਯਿਸੂ ਲਈ ਇਹ ਬੜਾ ਔਖਾ ਸਮਾਂ ਸੀ। ਇੰਨੇ ਦਬਾਅ ਦੇ ਹੇਠ ਹੁੰਦੇ ਹੋਏ ਵੀ ਯਿਸੂ ਨੇ ਕੀ ਕੀਤਾ ਸੀ?

2 ਆਪਣੀ ਗਿਰਫ਼ਤਾਰੀ ਤੋਂ ਪਹਿਲਾਂ ਯਿਸੂ ਆਪਣੇ ਚੇਲਿਆਂ ਦੇ ਨਾਲ ਆਪਣੀ ਇਕ ਮਨ-ਪਸੰਦ ਜਗ੍ਹਾ ਤੇ ਗਿਆ। ਉੱਥੇ ਉਹ ਹੋਣ ਵਾਲੀਆਂ ਗੱਲਾਂ ਬਾਰੇ ਸੋਚ ਰਿਹਾ ਸੀ। ਆਪਣੇ ਚੇਲਿਆਂ ਤੋਂ ਥੋੜ੍ਹਾ ਕੁ ਦੂਰ ਜਾ ਕੇ ਉਸ ਨੇ ਦਿਲ ਖੋਲ੍ਹ ਕੇ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ। ਮੁਕੰਮਲ ਹੋਣ ਦੇ ਬਾਵਜੂਦ ਯਿਸੂ ਨੂੰ ਪਤਾ ਸੀ ਕਿ ਉਹ ਆਪਣੀ ਤਾਕਤ ਨਾਲ ਇਸ ਦਬਾਅ ਦਾ ਸਾਮ੍ਹਣਾ ਨਹੀਂ ਕਰ ਸਕਦਾ ਸੀ। ਇਸ ਲਈ ਉਸ ਨੇ ਸਿਰਫ਼ ਇਕ ਵਾਰ ਨਹੀਂ ਬਲਕਿ ਤਿੰਨ ਵਾਰ ਤਾਕਤ ਲਈ ਪ੍ਰਾਰਥਨਾ ਕੀਤੀ।​—ਮੱਤੀ 26:36-44.

3 ਯਿਸੂ ਵਾਂਗ ਅਸੀਂ ਵੀ ਦਬਾਵਾਂ ਅਤੇ ਮੁਸੀਬਤਾਂ ਹੇਠ ਦੱਬੇ ਹੋਏ ਹਾਂ। ਇਸ ਰਸਾਲੇ ਦੇ ਪਹਿਲੇ ਹਿੱਸਿਆਂ ਵਿਚ ਅਸੀਂ ਦੇਖਿਆ ਹੈ ਕਿ ਅਸੀਂ ਇਸ ਦੁਸ਼ਟ ਦੁਨੀਆਂ ਦੇ ਅੰਤਮ ਦਿਨਾਂ ਵਿਚ ਜੀ ਰਹੇ ਹਾਂ। ਸ਼ਤਾਨ ਦੀ ਦੁਨੀਆਂ ਸਾਡੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਪਰਤਾਵੇ ਲਿਆ ਰਹੀ ਹੈ। ਆਪਣੇ ਫ਼ੈਸਲਿਆਂ ਅਤੇ ਕੰਮਾਂ ਰਾਹੀਂ ਅਸੀਂ ਜਾਂ ਤਾਂ ਯਹੋਵਾਹ ਦਾ ਨਾਮ ਬਦਨਾਮ ਕਰ ਸਕਦੇ ਹਾਂ ਜਾਂ ਉਸ ਨੂੰ ਰੌਸ਼ਨ ਕਰ ਸਕਦੇ ਹਾਂ। ਸਾਡੇ ਫ਼ੈਸਲੇ ਅਤੇ ਕੰਮ ਨਵੀਂ ਦੁਨੀਆਂ ਵਿਚ ਜੀਉਣ ਦੀ ਸਾਡੀ ਉਮੀਦ ਉੱਤੇ ਵੀ ਅਸਰ ਪਾ ਸਕਦੇ ਹਨ। ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਜ਼ਿੰਦਗੀ ਵਿਚ ਹਰ ਕਦਮ ਸੋਚ-ਸਮਝ ਕੇ ਉਠਾਈਏ। ਅਸੀਂ ਯਹੋਵਾਹ ਨੂੰ ਬੇਹੱਦ ਪਿਆਰ ਕਰਦੇ ਹਾਂ ਅਤੇ ਚਾਹੁੰਦੇ ਹਾਂ ਕਿ ਅਸੀਂ ਅੰਤ ਤਕ ਸਹੀਏ ਯਾਨੀ ਮਰਦੇ ਦਮ ਤਕ ਜਾਂ ਇਸ ਦੁਨੀਆਂ ਦੇ ਅੰਤ ਤਕ ਵਫ਼ਾਦਾਰ ਰਹੀਏ। (ਮੱਤੀ 24:13) ਪਰ ਅਸੀਂ ਸਮੇਂ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖ ਕੇ ਕਿਵੇਂ ਜਾਗਦੇ ਰਹਿ ਸਕਦੇ ਹਾਂ?

4 ਯਿਸੂ ਜਾਣਦਾ ਸੀ ਕਿ ਉਸ ਦੇ ਚੇਲਿਆਂ ਉੱਤੇ ਦਬਾਅ ਆਉਣੇ ਸਨ। ਉਸ ਨੇ ਕਿਹਾ: “ਜਾਗੋ ਅਤੇ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ।” (ਮੱਤੀ 26:41) ਇਹ ਸਲਾਹ ਅੱਜ ਸਾਡੀ ਕਿਵੇਂ ਮਦਦ ਕਰ ਸਕਦੀ ਹੈ? ਸਾਨੂੰ ਕਿਹੋ ਜਿਹੇ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? ਅਸੀਂ ਕਿਵੇਂ ਜਾਗਦੇ ਰਹਿ ਸਕਦੇ ਹਾਂ?

ਸਾਡੇ ਉੱਤੇ ਕਿਹੋ ਜਿਹੇ ਪਰਤਾਵੇ ਆਉਂਦੇ ਹਨ?

5 ਹਰ ਰੋਜ਼ ਸ਼ਤਾਨ ਚਲਾਕੀ ਨਾਲ ਸਾਨੂੰ ਆਪਣੀ ‘ਫਾਹੀ ਵਿਚ ਫਸਾਉਣ’ ਦੀ ਕੋਸ਼ਿਸ਼ ਕਰਦਾ ਹੈ। (2 ਤਿਮੋਥਿਉਸ 2:26) ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਸ਼ਤਾਨ ਨੇ ਖ਼ਾਸ ਕਰਕੇ ਯਹੋਵਾਹ ਦੇ ਸੇਵਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। (1 ਪਤਰਸ 5:8; ਪਰਕਾਸ਼ ਦੀ ਪੋਥੀ 12:12, 17) ਕੀ ਉਹ ਸਾਡੀ ਜਾਨ ਲੈਣੀ ਚਾਹੁੰਦਾ ਹੈ? ਨਹੀਂ, ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਮਰਦੇ ਦਮ ਤਕ ਯਹੋਵਾਹ ਦੇ ਵਫ਼ਾਦਾਰ ਰਹਿ ਸਕਦੇ ਹਾਂ ਅਤੇ ਇਸ ਵਿਚ ਉਸ ਦੀ ਜਿੱਤ ਨਹੀਂ ਹੁੰਦੀ। ਉਹ ਇਹ ਵੀ ਜਾਣਦਾ ਹੈ ਕਿ ਬਹੁਤ ਜਲਦ ਯਹੋਵਾਹ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀ ਉਠਾਵੇਗਾ।​—ਲੂਕਾ 20:37, 38.

6 ਸ਼ਤਾਨ ਸਾਡੀ ਜਾਨ ਨਹੀਂ ਬਲਕਿ ਅਜਿਹੀ ਚੀਜ਼ ਚਾਹੁੰਦਾ ਹੈ ਜੋ ਸਾਡੀ ਜਾਨ ਨਾਲੋਂ ਵੀ ਕੀਮਤੀ ਹੈ—ਯਹੋਵਾਹ ਪ੍ਰਤੀ ਸਾਡੀ ਵਫ਼ਾਦਾਰੀ। ਹਾਂ, ਸ਼ਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਤੋਂ ਆਪਣਾ ਮੂੰਹ ਮੋੜ ਲਈਏ। ਜੇ ਅਸੀਂ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਈਏ, ਪ੍ਰਚਾਰ ਦੇ ਕੰਮ ਵਿਚ ਢਿੱਲੇ ਪੈ ਜਾਈਏ ਜਾਂ ਯਹੋਵਾਹ ਦੇ ਮਿਆਰਾਂ ਨੂੰ ਰੱਦ ਕਰਨ ਲੱਗ ਪਈਏ, ਤਾਂ ਸਮਝੋ ਸ਼ਤਾਨ ਜਿੱਤ ਗਿਆ। (ਅਫ਼ਸੀਆਂ 6:11-13) ਤਾਂ ਫਿਰ ‘ਪਰਤਾਉਣ ਵਾਲਾ’ ਯਾਨੀ ਸ਼ਤਾਨ ਵੱਖੋ-ਵੱਖਰਿਆਂ ਤਰੀਕਿਆਂ ਨਾਲ ਸਾਨੂੰ ਪਰਤਾਉਣ ਦੀ ਕੋਸ਼ਿਸ਼ ਕਰਦਾ ਹੈ।​—ਮੱਤੀ 4:3.

7 ਸਾਨੂੰ ਭਰਮਾਉਣ ਲਈ ਸ਼ਤਾਨ ਤਰ੍ਹਾਂ-ਤਰ੍ਹਾਂ ਦੀਆਂ “ਖ਼ਤਰਨਾਕ ਚਾਲਾਂ” ਚੱਲਦਾ ਹੈ। (ਅਫ਼ਸੀਆਂ 6:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਸ਼ਾਇਦ ਸਾਨੂੰ ਧਨ-ਦੌਲਤ ਦਾ ਲਾਲਚ ਦੇ ਕੇ ਬਹਿਕਾਵੇ ਜਾਂ ਸਾਨੂੰ ਮੌਜ-ਮਸਤੀ ਦੇ ਜੀਵਨ ਵੱਲ ਖਿੱਚੇ। ਹੋ ਸਕਦਾ ਹੈ ਕਿ ਉਹ ਸਾਡੇ ਦਿਲਾਂ ਵਿਚ ਡਰ ਜਾਂ ਸ਼ੱਕ ਦੇ ਬੀ ਬੀਜੇ। ਪਰ ਉਸ ਦੀ ਸਭ ਤੋਂ ਵੱਡੀ ਚਾਲ ਕੀ ਹੈ? ਸਾਨੂੰ ਨਿਰਾਸ਼ ਕਰਨਾ। ਸ਼ਤਾਨ ਬਹੁਤ ਹੀ ਚਲਾਕ ਹੈ। ਉਹ ਜਾਣਦਾ ਹੈ ਕਿ ਇਕ ਨਿਰਾਸ਼ ਜਾਂ ਮਾਯੂਸ ਦਿਲ ਰੂਹਾਨੀ ਤੌਰ ਤੇ ਨਾਜ਼ੁਕ ਹਾਲਤ ਵਿਚ ਹੁੰਦਾ ਹੈ ਅਤੇ ਇਸ ਹਾਲਤ ਵਿਚ ਅਸੀਂ ਆਸਾਨੀ ਨਾਲ ਭਟਕ ਸਕਦੇ ਹਾਂ। (ਕਹਾਉਤਾਂ 24:10) ਇਸ ਲਈ, ਜਦੋਂ ਸਾਡਾ ਦਿਲ “ਪੀਸਿਆ ਹੋਇਆ” ਹੁੰਦਾ ਹੈ, ਤਾਂ ਸ਼ਤਾਨ ਸਾਡੇ ਦੁਖੀ ਜਜ਼ਬਾਤਾਂ ਦਾ ਫ਼ਾਇਦਾ ਉਠਾ ਕੇ ਸਾਡੇ ਤੇ ਵਾਰ ਕਰਦਾ ਹੈ।​—ਜ਼ਬੂਰਾਂ ਦੀ ਪੋਥੀ 38:8.

8 ਇਨ੍ਹਾਂ ਅੰਤ ਦੇ ਦਿਨਾਂ ਵਿਚ ਅਸੀਂ ਕਈ ਗੱਲਾਂ ਕਰਕੇ ਨਿਰਾਸ਼ ਹੋ ਸਕਦੇ ਹਾਂ। (“ਕਈ ਲੋਕ ਹਿੰਮਤ ਕਿਉਂ ਹਾਰ ਬੈਠਦੇ ਹਨ” ਨਾਮਕ ਡੱਬੀ ਦੇਖੋ।) ਜਦੋਂ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਕੁਝ ਵੀ ਕਰਨ ਨੂੰ ਸਾਡਾ ਜੀਅ ਨਹੀਂ ਕਰਦਾ। ਜੇ ਅਸੀਂ ਨਿਰਾਸ਼ ਜਾਂ ਥੱਕੇ ਹੋਏ ਮਹਿਸੂਸ ਕਰਦੇ ਹਾਂ, ਤਾਂ ਕੀ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਸੰਭਾਲਣ ਨੂੰ ਸਾਡਾ ਜੀਅ ਕਰੇਗਾ? ਕੀ ਬਾਈਬਲ ਪੜ੍ਹਨ, ਮੀਟਿੰਗਾਂ ਤੇ ਜਾਣ ਜਾਂ ਪ੍ਰਚਾਰ ਦੇ ਕੰਮ ਲਈ ਸਮਾਂ ਕੱਢਣ ਨੂੰ ਸਾਡਾ ਜੀਅ ਕਰੇਗਾ? ਯਾਦ ਰੱਖੋ ਕਿ ਸ਼ਤਾਨ ਤਾਂ ਇਹੀ ਚਾਹੁੰਦਾ ਹੈ ਕਿ ਅਸੀਂ ਹਾਰ ਮੰਨ ਲਈਏ। (ਅਫ਼ਸੀਆਂ 5:15, 16) ਪਰ ਹਾਰ ਨਾ ਮੰਨੋ ਅਤੇ ਨਾ ਹੀ ਪਰਮੇਸ਼ੁਰ ਦੀ ਸੇਵਾ ਵਿਚ ਢਿੱਲੇ ਪਓ ਕਿਉਂਕਿ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। (ਲੂਕਾ 21:34-36) ਤਾਂ ਫਿਰ ਅਸੀਂ ਸ਼ਤਾਨ ਦੇ ਪਰਤਾਵਿਆਂ ਤੋਂ ਕਿਵੇਂ ਬਚ ਸਕਦੇ ਹਾਂ ਅਤੇ ਕਿਵੇਂ ਜਾਗਦੇ ਰਹਿ ਸਕਦੇ ਹਾਂ? ਇਨ੍ਹਾਂ ਚਾਰ ਸੁਝਾਵਾਂ ਵੱਲ ਧਿਆਨ ਦਿਓ ਜੋ ਸਾਡੀ ਮਦਦ ਕਰ ਸਕਦੇ ਹਨ।

“ਪ੍ਰਾਰਥਨਾ ਕਰੋ”

9ਦਿਲੋਂ ਪ੍ਰਾਰਥਨਾ ਕਰ ਕੇ ਯਹੋਵਾਹ ਤੇ ਭਰੋਸਾ ਰੱਖੋ। ਯਾਦ ਰੱਖੋ ਕਿ ਯਿਸੂ ਨੇ ਦਬਾਅ ਆਉਣ ਤੇ ਕੀ ਕੀਤਾ ਸੀ। ਉਸ ਨੇ ਦਿਲ ਖੋਲ੍ਹ ਕੇ ਯਹੋਵਾਹ ਅੱਗੇ ਅਰਦਾਸ ਕੀਤੀ। ਉਸ ਦੇ ਮਨ ਉੱਤੇ ਇੰਨਾ ਬੋਝ ਸੀ ਕਿ ‘ਉਹ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਵਾਂਙੁ ਭੁੰਞੇਂ ਡਿਗਿਆ।’ (ਲੂਕਾ 22:44) ਜ਼ਰਾ ਇਸ ਬਾਰੇ ਸੋਚੋ। ਯਿਸੂ ਸ਼ਤਾਨ ਦੀ ਰਗ-ਰਗ ਤੋਂ ਵਾਕਫ਼ ਸੀ। ਯਿਸੂ ਨੇ ਸਵਰਗੋਂ ਦੇਖਿਆ ਸੀ ਕਿ ਸ਼ਤਾਨ ਯਹੋਵਾਹ ਦੇ ਸੇਵਕਾਂ ਨੂੰ ਕਿਨ੍ਹਾਂ ਫੰਦਿਆਂ ਵਿਚ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। ਫਿਰ ਵੀ, ਯਿਸੂ ਨੇ ਇਹ ਨਹੀਂ ਸੋਚਿਆ ਕਿ ਉਹ ਖ਼ੁਦ ਸ਼ਤਾਨ ਨਾਲ ਨਿਪਟ ਸਕਦਾ ਹੈ। ਤਾਂ ਫਿਰ, ਜੇ ਯਿਸੂ ਨੂੰ ਮੁਕੰਮਲ ਹੋਣ ਦੇ ਬਾਵਜੂਦ ਮਦਦ ਲਈ ਪ੍ਰਾਰਥਨਾ ਕਰਨੀ ਪਈ, ਤਾਂ ਕੀ ਸਾਡੇ ਲਈ ਇਸ ਤਰ੍ਹਾਂ ਕਰਨਾ ਹੋਰ ਜ਼ਿਆਦਾ ਜ਼ਰੂਰੀ ਨਹੀਂ?​—1 ਪਤਰਸ 2:21.

10 ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਦੀ ਸਲਾਹ ਦੇਣ ਤੋਂ ਬਾਅਦ ਯਿਸੂ ਨੇ ਕਿਹਾ ਸੀ: “ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।” (ਮੱਤੀ 26:41) ਯਿਸੂ ਕਿਸ ਦੇ ਸਰੀਰ ਬਾਰੇ ਗੱਲ ਕਰ ਰਿਹਾ ਸੀ? ਉਹ ਆਪਣੇ ਬਾਰੇ ਗੱਲ ਨਹੀਂ ਕਰ ਰਿਹਾ ਸੀ। ਉਹ ਤਾਂ ਮੁਕੰਮਲ ਸੀ, ਉਸ ਵਿਚ ਕੋਈ ਕਮਜ਼ੋਰੀ ਨਹੀਂ ਸੀ। (1 ਪਤਰਸ 2:22) ਪਰ ਉਸ ਦੇ ਚੇਲੇ ਉਸ ਵਾਂਗ ਨਹੀਂ ਸਨ। ਉਹ ਮੁਕੰਮਲ ਨਹੀਂ ਸਨ ਅਤੇ ਗ਼ਲਤੀਆਂ ਕਰਦੇ ਸਨ। ਇਸ ਲਈ ਸ਼ਤਾਨ ਦੇ ਫੰਦਿਆਂ ਤੋਂ ਬਚਣ ਲਈ ਉਨ੍ਹਾਂ ਨੂੰ ਯਹੋਵਾਹ ਦੀ ਮਦਦ ਦੀ ਸਖ਼ਤ ਜ਼ਰੂਰਤ ਸੀ। (ਰੋਮੀਆਂ 7:21-24) ਇਸੇ ਲਈ ਯਿਸੂ ਨੇ ਉਨ੍ਹਾਂ ਨੂੰ ਅਤੇ ਆਪਣੇ ਸਾਰੇ ਸੱਚੇ ਚੇਲਿਆਂ ਨੂੰ ਕਿਹਾ ਸੀ ਕਿ ਮੁਸੀਬਤਾਂ ਦੇ ਵੇਲੇ ਪ੍ਰਾਰਥਨਾ ਕਰਦੇ ਰਹੋ। (ਮੱਤੀ 6:13) ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ ਅਤੇ ਉਨ੍ਹਾਂ ਦਾ ਜਵਾਬ ਵੀ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2) ਆਓ ਆਪਾਂ ਦੇਖੀਏ ਕਿ ਉਹ ਕਿਸ ਤਰ੍ਹਾਂ ਸਾਨੂੰ ਜਵਾਬ ਦਿੰਦਾ ਹੈ।

11 ਪਹਿਲੀ ਗੱਲ ਇਹ ਹੈ ਕਿ ਯਹੋਵਾਹ ਸਾਨੂੰ ਬੁੱਧ ਦਿੰਦਾ ਹੈ ਤਾਂਕਿ ਅਸੀਂ ਸ਼ਤਾਨ ਦੀਆਂ ਚਾਲਾਂ ਨੂੰ ਪਛਾਣ ਸਕੀਏ। ਸ਼ਤਾਨ ਦੇ ਪਰਤਾਵੇ ਰਸਤੇ ਤੇ ਬਿਖਰੇ ਹੋਏ ਪੱਥਰਾਂ ਵਾਂਗ ਹਨ। ਦੁਨੀਆਂ ਦੇ ਹਨੇਰੇ ਵਿਚ ਚੱਲਦੇ-ਚੱਲਦੇ ਸਾਨੂੰ ਇਹ ਪੱਥਰ ਸ਼ਾਇਦ ਨਾ ਦਿਖਾਈ ਦੇਣ। ਇਸ ਲਈ ਸਾਨੂੰ ਆਸਾਨੀ ਨਾਲ ਇਨ੍ਹਾਂ ਕਾਰਨ ਠੋਕਰ ਲੱਗ ਸਕਦੀ ਹੈ ਅਤੇ ਅਸੀਂ ਡਿੱਗ ਸਕਦੇ ਹਾਂ। ਪਰ ਯਹੋਵਾਹ ਨੇ ਆਪਣੇ ਬਚਨ ਰਾਹੀਂ ਸਾਡਾ ਰਾਹ ਰੌਸ਼ਨ ਕੀਤਾ ਹੈ। ਇਸ ਚਾਨਣ ਦੁਆਰਾ ਅਸੀਂ ਆਪਣੇ ਰਸਤੇ ਵਿਚ ਸ਼ਤਾਨ ਦੇ ਪੱਥਰਾਂ ਤੋਂ ਬਚ ਕੇ ਰਹਿ ਸਕਦੇ ਹਾਂ। ਸਾਲਾਂ ਦੌਰਾਨ ਯਹੋਵਾਹ ਨੇ ਕਿਤਾਬਾਂ ਤੇ ਸੰਮੇਲਨਾਂ ਰਾਹੀਂ ਸਾਨੂੰ ਸ਼ਤਾਨ ਦੇ ਫੰਦਿਆਂ ਬਾਰੇ ਚੇਤਾਵਨੀਆਂ ਦਿੱਤੀਆਂ ਹਨ ਜਿਵੇਂ ਕਿ ਇਨਸਾਨਾਂ ਦਾ ਡਰ, ਅਨੈਤਿਕਤਾ, ਧਨ-ਦੌਲਤ ਦਾ ਲਾਲਚ ਵਗੈਰਾ। (ਕਹਾਉਤਾਂ 29:25; 1 ਕੁਰਿੰਥੀਆਂ 10:8-11; 1 ਤਿਮੋਥਿਉਸ 6:9, 10) ਅਸੀਂ ਯਹੋਵਾਹ ਦਾ ਕਿੰਨਾ ਸ਼ੁਕਰ ਕਰਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਵਿਚ ਉਹ ਸਾਨੂੰ ਵਧੀਆ ਸਲਾਹ ਦਿੰਦਾ ਹੈ ਅਤੇ ਸਾਨੂੰ ਡੋਲਣ ਨਹੀਂ ਦਿੰਦਾ।​—2 ਕੁਰਿੰਥੀਆਂ 2:11.

12 ਦੂਸਰੀ ਗੱਲ ਹੈ ਕਿ ਯਹੋਵਾਹ ਸਾਨੂੰ ਪਰਤਾਵਿਆਂ ਨੂੰ ਝੱਲਣ ਦੀ ਤਾਕਤ ਦਿੰਦਾ ਹੈ। ਉਸ ਦਾ ਬਚਨ ਕਹਿੰਦਾ ਹੈ: ‘ਪਰਮੇਸ਼ੁਰ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ।’ (1 ਕੁਰਿੰਥੀਆਂ 10:13) ਜੇ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਾਂਗੇ, ਤਾਂ ਉਹ ਸਾਡੇ ਉੱਤੇ ਅਜਿਹਾ ਕੋਈ ਵੀ ਪਰਤਾਵਾ ਨਹੀਂ ਆਉਣ ਦੇਵੇਗਾ ਜਿਸ ਨੂੰ ਅਸੀਂ ਸਹਿ ਨਹੀਂ ਸਕਦੇ। ਤਾਂ ਫਿਰ, ਉਹ ਸਾਡੇ ਲਈ ਪਰਤਾਵੇ ਤੋਂ ਬਚਣ ਦਾ ਉਪਾਅ ਕਿਵੇਂ ਕੱਢਦਾ ਹੈ? ਉਹ ਸਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ। (ਲੂਕਾ 11:13) ਇਸ ਸ਼ਕਤੀ ਨਾਲ ਅਸੀਂ ਬਾਈਬਲ ਦੇ ਉਹ ਹਵਾਲੇ ਯਾਦ ਕਰ ਸਕਦੇ ਹਾਂ ਜੋ ਚੰਗੇ ਫ਼ੈਸਲੇ ਕਰਨ ਅਤੇ ਸਹੀ ਕਦਮ ਚੁੱਕਣ ਵਿਚ ਸਾਡੀ ਮਦਦ ਕਰਨਗੇ। (ਯੂਹੰਨਾ 14:26; ਯਾਕੂਬ 1:5, 6) ਇਸ ਸ਼ਕਤੀ ਨਾਲ ਅਸੀਂ ਉਹ ਜ਼ਰੂਰੀ ਗੁਣ ਵੀ ਪੈਦਾ ਕਰ ਸਕਦੇ ਹਾਂ ਜੋ ਸਾਡੇ ਮਨਾਂ ਅਤੇ ਦਿਲਾਂ ਵਿੱਚੋਂ ਗ਼ਲਤ ਵਿਚਾਰ ਅਤੇ ਝੁਕਾਅ ਜੜ੍ਹੋ ਪੁੱਟ ਸਕਦੇ ਹਨ। (ਗਲਾਤੀਆਂ 5:22, 23) ਯਹੋਵਾਹ ਸ਼ਾਇਦ ਦੂਸਰਿਆਂ ਦੁਆਰਾ ਵੀ ਸਾਨੂੰ ਤਸੱਲੀ ਦੇਵੇ। (ਕੁਲੁੱਸੀਆਂ 4:11) ਕੀ ਅਸੀਂ ਯਹੋਵਾਹ ਦਾ ਸ਼ੁਕਰ ਕਰਦੇ ਹਾਂ ਕਿ ਉਹ ਇੰਨੇ ਪਿਆਰ ਨਾਲ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ?

ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ

13 ਜਾਗਦੇ ਰਹਿਣ ਲਈ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸਾਡੀ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ। ਫੁੱਲਾਂ ਦੇ ਨਾਲ-ਨਾਲ ਕੰਡੇ ਵੀ ਹੁੰਦੇ ਹਨ। ਯਹੋਵਾਹ ਨੇ ਇਹ ਕਦੀ ਨਹੀਂ ਕਿਹਾ ਕਿ ਸ਼ਤਾਨ ਦੀ ਇਸ ਦੁਸ਼ਟ ਦੁਨੀਆਂ ਵਿਚ ਸਾਡੀ ਜ਼ਿੰਦਗੀ ਦਾ ਸਫ਼ਰ ਸੌਖਾ ਹੋਵੇਗਾ। ਬਾਈਬਲ ਸਾਨੂੰ ਦੱਸਦੀ ਹੈ ਕਿ ਪੁਰਾਣੇ ਜ਼ਮਾਨਿਆਂ ਵਿਚ ਵੀ ਯਹੋਵਾਹ ਦੇ ਲੋਕਾਂ ਨੂੰ ਦੁੱਖਾਂ ਦਾ ਸਾਮ੍ਹਣਾ ਕਰਨਾ ਪਿਆ ਸੀ। ਉਨ੍ਹਾਂ ਨੂੰ ਜ਼ੁਲਮ, ਗ਼ਰੀਬੀ, ਨਿਰਾਸ਼ਾ ਤੇ ਬੀਮਾਰੀ ਵਰਗੇ ਕੰਡੇ ਸਹਿਣੇ ਪਏ ਸਨ।​—ਰਸੂਲਾਂ ਦੇ ਕਰਤੱਬ 8:1; 2 ਕੁਰਿੰਥੀਆਂ 8:1, 2; 1 ਥੱਸਲੁਨੀਕੀਆਂ 5:14; 1 ਤਿਮੋਥਿਉਸ 5:23.

14 ਅੱਜ ਸ਼ਤਾਨ ਸਾਡੇ ਰਾਹਾਂ ਵਿਚ ਵੀ ਕੰਡੇ ਵਿਛਾਉਂਦਾ ਹੈ। ਸਾਨੂੰ ਸ਼ਾਇਦ ਜ਼ੁਲਮ, ਪੈਸੇ ਦੀ ਤੰਗੀ, ਨਿਰਾਸ਼ਾ, ਬੀਮਾਰੀ ਜਾਂ ਹੋਰ ਕਈ ਤਰ੍ਹਾਂ ਦੇ ਦੁੱਖ ਝੱਲਣੇ ਪੈਣ। ਜੇ ਯਹੋਵਾਹ ਹਰ ਪਲ ਸਾਡੀ ਰਾਖੀ ਕਰੇ ਅਤੇ ਸਾਡੇ ਤੇ ਆਂਚ ਨਾ ਆਉਣ ਦੇਵੇ, ਤਾਂ ਕੀ ਸ਼ਤਾਨ ਯਹੋਵਾਹ ਨੂੰ ਤਾਅਨੇ ਨਹੀਂ ਮਾਰੇਗਾ? ਹਾਂ, ਜ਼ਰੂਰ ਮਾਰੇਗਾ! (ਕਹਾਉਤਾਂ 27:11) ਇਸ ਲਈ ਯਹੋਵਾਹ ਆਪਣੇ ਸੇਵਕਾਂ ਉੱਤੇ ਸ਼ਤਾਨ ਵੱਲੋਂ ਸਖ਼ਤ ਪਰਤਾਵੇ ਆਉਣ ਦਿੰਦਾ ਹੈ ਜਿਨ੍ਹਾਂ ਕਰਕੇ ਸ਼ਾਇਦ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ।​—ਯੂਹੰਨਾ 16:2.

15 ਤਾਂ ਫਿਰ ਯਹੋਵਾਹ ਸਾਡਾ ਕਿੱਦਾਂ ਬਚਾਅ ਕਰਦਾ ਹੈ? ਜਿੱਦਾਂ ਅਸੀਂ ਪਹਿਲਾਂ ਸਿੱਖਿਆ ਹੈ, ਜੇ ਅਸੀਂ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਾਂਗੇ, ਤਾਂ ਉਹ ਵਾਅਦਾ ਕਰਦਾ ਹੈ ਕਿ ਉਹ ਸਾਨੂੰ ਹਰ ਪਰਤਾਵੇ ਨੂੰ ਝੱਲਣ ਦੀ ਤਾਕਤ ਦੇਵੇਗਾ। (ਕਹਾਉਤਾਂ 3:5, 6) ਉਹ ਆਪਣੇ ਬਚਨ, ਆਪਣੀ ਪਵਿੱਤਰ ਆਤਮਾ ਅਤੇ ਆਪਣੇ ਸੰਗਠਨ ਰਾਹੀਂ ਸਾਡੀ ਰਾਖੀ ਕਰਦਾ ਹੈ। ਇਸ ਤਰ੍ਹਾਂ ਉਹ ਸਾਨੂੰ ਉਸ ਦੇ ਅੰਗ-ਸੰਗ ਚੱਲਣ ਵਿਚ ਮਦਦ ਦਿੰਦਾ ਹੈ। ਜੇ ਯਹੋਵਾਹ ਨਾਲ ਸਾਡੇ ਪਿਆਰ ਦਾ ਬੰਧਨ ਮਜ਼ਬੂਤ ਹੋਵੇ, ਤਾਂ ਭਾਵੇਂ ਅਸੀਂ ਆਪਣੀ ਜਾਨ ਵੀ ਗੁਆ ਬੈਠੀਏ, ਫਿਰ ਵੀ ਸਾਡੀ ਹੀ ਜਿੱਤ ਹੋਵੇਗੀ। ਆਪਣੇ ਵਫ਼ਾਦਾਰ ਸੇਵਕਾਂ ਨੂੰ ਅਸੀਸਾਂ ਦੇਣ ਤੋਂ ਕੋਈ ਵੀ ਚੀਜ਼ ਯਹੋਵਾਹ ਨੂੰ ਰੋਕ ਨਹੀਂ ਸਕਦੀ, ਇੱਥੋਂ ਤਕ ਕਿ ਮੌਤ ਵੀ ਨਹੀਂ। (ਇਬਰਾਨੀਆਂ 11:6) ਨਵੀਂ ਦੁਨੀਆਂ ਵਿਚ ਯਹੋਵਾਹ ਆਪਣੇ ਪਿਆਰੇ ਸੇਵਕਾਂ ਉੱਤੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਵਰਸਾਵੇਗਾ।​—ਜ਼ਬੂਰਾਂ ਦੀ ਪੋਥੀ 145:16.

ਯਾਦ ਰੱਖੋ ਕਿ ਸਾਡੇ ਉੱਤੇ ਦੁੱਖ ਕਿਉਂ ਆਉਂਦੇ ਹਨ

16 ਜੇ ਅਸੀਂ ਅੰਤ ਤਕ ਸਹਾਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਹ ਗੱਲ ਕਦੀ ਨਹੀਂ ਭੁੱਲਣੀ ਚਾਹੀਦੀ ਕਿ ਯਹੋਵਾਹ ਨੇ ਹਾਲੇ ਤਕ ਦੁੱਖ-ਤਕਲੀਫ਼ਾਂ ਕਿਉਂ ਨਹੀਂ ਮਿਟਾਈਆਂ। ਕਦੀ-ਕਦੀ ਸਾਨੂੰ ਲੱਗਦਾ ਹੈ ਕਿ ਹਰ ਪਾਸਿਓਂ ਸਾਨੂੰ ਦੁੱਖਾਂ ਨੇ ਘੇਰਿਆ ਹੋਇਆ ਹੈ ਅਤੇ ਅਸੀਂ ਸ਼ਾਇਦ ਸੋਚੀਏ ਕਿ ਅਸੀਂ ਹੋਰ ਨਹੀਂ ਝੱਲ ਸਕਦੇ। ਅਜਿਹੇ ਸਮੇਂ ਤੇ ਯਾਦ ਰੱਖੋ ਕਿ ਸ਼ਤਾਨ ਨੇ ਯਹੋਵਾਹ ਦੀ ਹਕੂਮਤ ਕਰਨ ਦੇ ਹੱਕ ਨੂੰ ਲਲਕਾਰਿਆ ਹੈ। ਇਸ ਦੇ ਨਾਲ-ਨਾਲ ਉਸ ਨੇ ਯਹੋਵਾਹ ਦੇ ਸੇਵਕਾਂ ਦੀ ਵਫ਼ਾਦਾਰੀ ਅਤੇ ਈਮਾਨਦਾਰੀ ਬਾਰੇ ਵੀ ਸਵਾਲ ਖੜ੍ਹਾ ਕੀਤਾ ਹੈ। (ਅੱਯੂਬ 1:8-11; 2:3, 4) ਸ਼ਤਾਨ ਦੇ ਇਲਜ਼ਾਮ ਬਹੁਤ ਗੰਭੀਰ ਹਨ ਅਤੇ ਯਹੋਵਾਹ ਨੇ ਬੇਮਿਸਾਲ ਤਰੀਕੇ ਨਾਲ ਇਨ੍ਹਾਂ ਦਾ ਮੂੰਹ-ਤੋੜ ਜਵਾਬ ਦਿੱਤਾ ਹੈ। ਆਓ ਆਪਾਂ ਦੇਖੀਏ ਕਿ ਉਸ ਨੇ ਇਹ ਕਿਵੇਂ ਕੀਤਾ।

17 ਬੁਰਾਈ ਨੂੰ ਬਰਦਾਸ਼ਤ ਕਰਨ ਨਾਲ ਯਹੋਵਾਹ ਨੇ ਲੋਕਾਂ ਨੂੰ ਉਸ ਬਾਰੇ ਸਿੱਖਣ ਦਾ ਮੌਕਾ ਦਿੱਤਾ ਹੈ। ਜ਼ਰਾ ਸੋਚੋ: ਯਿਸੂ ਨੇ ਦੁੱਖ ਝੱਲ ਕੇ ਆਪਣੀ ਜਾਨ ਦਿੱਤੀ ਤਾਂਕਿ ਅਸੀਂ ਜੀਵਨ ਪਾ ਸਕੀਏ। (ਯੂਹੰਨਾ 3:16) ਅਸੀਂ ਯਹੋਵਾਹ ਅਤੇ ਯਿਸੂ ਦੇ ਅਹਿਸਾਨ ਨੂੰ ਕਦੀ ਨਹੀਂ ਭੁੱਲ ਸਕਦੇ। ਪਰ ਕੀ ਅਸੀਂ ਹੋਰ ਥੋੜ੍ਹੇ ਜਿਹੇ ਚਿਰ ਲਈ ਦੁੱਖ ਝੱਲਣ ਲਈ ਤਿਆਰ ਹਾਂ ਤਾਂਕਿ ਦੂਸਰਿਆਂ ਨੂੰ ਵੀ ਆਪਣੀ ਜਾਨ ਬਚਾਉਣ ਦਾ ਮੌਕਾ ਮਿਲ ਸਕੇ? ਅੰਤ ਤਕ ਸਹਾਰਨ ਲਈ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਹੋਵਾਹ ਸਾਡੇ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਹੈ। (ਯਸਾਯਾਹ 55:9) ਯਹੋਵਾਹ ਅਨਿਆਈ ਨਹੀਂ ਹੈ। (ਰੋਮੀਆਂ 9:14-24) ਉਹ ਸਮੇਂ ਸਿਰ ਅਤੇ ਸਾਰਿਆਂ ਦੇ ਭਲੇ ਲਈ ਸ਼ਤਾਨ ਦੇ ਸਵਾਲਾਂ ਦਾ ਜਵਾਬ ਦੇ ਕੇ ਮਸਲੇ ਨੂੰ ਹਮੇਸ਼ਾ ਲਈ ਹੱਲ ਕਰ ਦੇਵੇਗਾ।

“ਪਰਮੇਸ਼ੁਰ ਦੇ ਨੇੜੇ ਜਾਓ”

18 ਜੇ ਅਸੀਂ ਸਮੇਂ ਦੀ ਅਹਿਮੀਅਤ ਨੂੰ ਭੁੱਲਣਾ ਨਹੀਂ ਚਾਹੁੰਦੇ, ਤਾਂ ਯਹੋਵਾਹ ਦੇ ਨੇੜੇ ਰਹਿਣਾ ਜ਼ਰੂਰੀ ਹੈ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੇ ਨੇੜੇ ਜਾਓ ਤਾਂ ਉਹ ਤੁਹਾਡੇ ਨੇੜੇ ਆਵੇਗਾ।” (ਯਾਕੂਬ 4:7, 8) ਪਰ ਸ਼ਤਾਨ ਸਾਨੂੰ ਯਹੋਵਾਹ ਤੋਂ ਦੂਰ ਕਰਨ ਲਈ ਆਪਣਾ ਪੂਰਾ ਜ਼ੋਰ ਲਾ ਰਿਹਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਸੋਚੀਏ ਕਿ ਅੰਤ ਕਦੀ ਨਹੀਂ ਆਵੇਗਾ ਜਾਂ ਪ੍ਰਚਾਰ ਕਰਨ ਅਤੇ ਯਹੋਵਾਹ ਦੇ ਰਾਹਾਂ ਉੱਤੇ ਚੱਲਣ ਦਾ ਕੋਈ ਫ਼ਾਇਦਾ ਨਹੀਂ। ਪਰ ਉਹ “ਝੂਠਾ ਹੈ ਅਤੇ ਝੂਠ ਦਾ ਪਤੰਦਰ ਹੈ।” (ਯੂਹੰਨਾ 8:44) ਇਸ ਲਈ ਸਾਨੂੰ ਆਪਣੇ ਦਿਲਾਂ ਵਿਚ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨੂੰ ਕਦੀ ਨਹੀਂ ਛੱਡਾਂਗੇ ਅਤੇ ਡਟ ਕੇ ‘ਸ਼ਤਾਨ ਦਾ ਸਾਮ੍ਹਣਾ ਕਰਾਂਗੇ।’ ਪਰ ਅਸੀਂ ਯਹੋਵਾਹ ਦੇ ਨੇੜੇ ਕਿਵੇਂ ਜਾ ਸਕਦੇ ਹਾਂ?

19 ਪਹਿਲੀ ਗੱਲ ਹੈ ਕਿ ਅਸੀਂ ਦਿਲੋਂ ਪ੍ਰਾਰਥਨਾ ਕਰ ਸਕਦੇ ਹਾਂ। ਜਦੋਂ ਜ਼ਿੰਦਗੀ ਵਿਚ ਸਾਡੇ ਤੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਆਉਂਦੀਆਂ ਹਨ, ਤਾਂ ਅਸੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ। ਪਰ ਸਿਰਫ਼ ਇਹ ਕਹਿਣ ਦੀ ਬਜਾਇ ਕਿ ਸਾਨੂੰ ਮਦਦ ਦੀ ਲੋੜ ਹੈ, ਅਸੀਂ ਦਿਲ ਖੋਲ੍ਹ ਕੇ ਯਹੋਵਾਹ ਨੂੰ ਸਾਰੀ ਗੱਲ ਦੱਸ ਸਕਦੇ ਹਾਂ ਕਿ ਸਾਨੂੰ ਕਿਨ੍ਹਾਂ ਅਜ਼ਮਾਇਸ਼ਾਂ ਵਿਚ ਖ਼ਾਸ ਸਹਾਇਤਾ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਆਸਾਨੀ ਨਾਲ ਉਸ ਦਾ ਜਵਾਬ ਪਛਾਣ ਸਕਾਂਗੇ। ਪਰ ਉਦੋਂ ਕੀ ਜਦੋਂ ਸਾਨੂੰ ਉਹ ਜਵਾਬ ਨਾ ਮਿਲੇ ਜਿਸ ਦੀ ਸਾਨੂੰ ਉਮੀਦ ਸੀ? ਫਿਰ ਵੀ ਜੇ ਅਸੀਂ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੇ ਹਾਂ ਅਤੇ ਉਸ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ, ਤਾਂ ਉਹ ਅਜ਼ਮਾਇਸ਼ਾਂ ਨੂੰ ਸਹਿਣ ਵਿਚ ਸਾਡੀ ਮਦਦ ਜ਼ਰੂਰ ਕਰੇਗਾ। (1 ਯੂਹੰਨਾ 5:14) ਹਾਂ, ਪ੍ਰਾਰਥਨਾ ਰਾਹੀਂ ਯਹੋਵਾਹ ਦੀ ਮਦਦ ਪਾ ਕੇ ਅਸੀਂ ਉਸ ਦੇ ਹੋਰ ਨੇੜੇ ਹੋਵਾਂਗੇ। ਦੂਸਰੀ ਗੱਲ ਹੈ ਕਿ ਬਾਈਬਲ ਵਿਚ ਯਹੋਵਾਹ ਬਾਰੇ ਪੜ੍ਹਨ ਅਤੇ ਉਸ ਦੇ ਗੁਣਾਂ ਤੇ ਰਾਹਾਂ ਉੱਤੇ ਵਿਚਾਰ ਕਰਨ ਦੁਆਰਾ ਅਸੀਂ ਉਸ ਨਾਲ ਆਪਣਾ ਰਿਸ਼ਤਾ ਹੋਰ ਮਜ਼ਬੂਤ ਬਣਾ ਸਕਦੇ ਹਾਂ। ਜਦੋਂ ਅਸੀਂ ਯਹੋਵਾਹ ਬਾਰੇ ਹੋਰ ਸਿੱਖਦੇ ਹਾਂ, ਤਾਂ ਉਸ ਦਾ ਪਿਆਰ ਸਾਡੇ ਦਿਲ ਵਿਚ ਸਮਾ ਜਾਂਦਾ ਹੈ। (ਜ਼ਬੂਰਾਂ ਦੀ ਪੋਥੀ 19:14) ਤਾਂ ਫਿਰ ਚਾਹੇ ਪਹਾੜ ਵਰਗੀਆਂ ਮੁਸੀਬਤਾਂ ਵੀ ਸਾਡੇ ਸਾਮ੍ਹਣੇ ਆਉਣ, ਫਿਰ ਵੀ ਅਸੀਂ ਇਸ ਪਿਆਰ ਦੇ ਸਹਾਰੇ ਵਫ਼ਾਦਾਰੀ ਨਾਲ ਯਹੋਵਾਹ ਦੇ ਸੰਗ ਚੱਲਦੇ ਰਹਾਂਗੇ।​—1 ਯੂਹੰਨਾ 5:3.

20 ਯਹੋਵਾਹ ਦੇ ਨੇੜੇ ਰਹਿਣ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਉਸ ਦੇ ਸੱਚੇ ਸੇਵਕਾਂ ਦੇ ਨੇੜੇ ਰਹੀਏ। ਆਓ ਆਪਾਂ ਹੁਣ ਇਸ ਬਾਰੇ ਗੱਲ ਕਰੀਏ।

ਇਨ੍ਹਾਂ ਸਵਾਲਾਂ ਤੇ ਵਿਚਾਰ ਕਰੋ

• ਜਦੋਂ ਯਿਸੂ ਸਖ਼ਤ ਦਬਾਅ ਹੇਠ ਸੀ, ਤਾਂ ਉਸ ਨੇ ਕੀ ਕੀਤਾ ਸੀ? ਉਸ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਦੀ ਸਲਾਹ ਦਿੱਤੀ ਸੀ? (1-4 ਪੈਰੇ)

• ਸ਼ਤਾਨ ਨੇ ਯਹੋਵਾਹ ਦੇ ਭਗਤਾਂ ਨੂੰ ਆਪਣਾ ਨਿਸ਼ਾਨਾ ਕਿਉਂ ਬਣਾਇਆ ਹੈ ਅਤੇ ਉਹ ਕਿਨ੍ਹਾਂ ਤਰੀਕਿਆਂ ਨਾਲ ਉਨ੍ਹਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ? (5-8 ਪੈਰੇ)

• ਪਰਤਾਵਿਆਂ ਤੋਂ ਬਚਣ ਲਈ ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ (9-12 ਪੈਰੇ), ਇਹ ਯਾਦ ਰੱਖਣਾ ਕਿਉਂ ਜ਼ਰੂਰੀ ਹੈ ਕਿ ਜ਼ਿੰਦਗੀ ਵਿਚ ਸੁਖ ਦੇ ਨਾਲ-ਨਾਲ ਦੁੱਖ ਵੀ ਆਵੇਗਾ (13-15 ਪੈਰੇ), ਦੁੱਖ ਦੇ ਕਾਰਨਾਂ ਨੂੰ ਯਾਦ ਰੱਖਣਾ ਕਿਉਂ ਜ਼ਰੂਰੀ ਹੈ (16-17 ਪੈਰੇ) ਅਤੇ ‘ਯਹੋਵਾਹ ਦੇ ਨੇੜੇ ਜਾਣਾ’ ਕਿਉਂ ਜ਼ਰੂਰੀ ਹੈ (18-20 ਪੈਰੇ)?

[ਸਫ਼ਾ 25 ਉੱਤੇ ਡੱਬੀ]

ਕਈ ਲੋਕ ਹਿੰਮਤ ਕਿਉਂ ਹਾਰ ਬੈਠਦੇ ਹਨ

ਸਿਹਤ ਅਤੇ ਬੁਢਾਪਾ: ਜੇ ਅਸੀਂ ਕਿਸੇ ਗੰਭੀਰ ਬੀਮਾਰੀ ਜਾਂ ਸਿਆਣੀ ਉਮਰ ਕਰਕੇ ਯਹੋਵਾਹ ਦੀ ਸੇਵਾ ਵਿਚ ਪਹਿਲਾਂ ਜਿੰਨਾ ਨਹੀਂ ਕਰ ਸਕਦੇ, ਤਾਂ ਸ਼ਾਇਦ ਅਸੀਂ ਨਿਰਾਸ਼ ਹੋ ਜਾਈਏ।​—ਇਬਰਾਨੀਆਂ 6:10.

ਨਿਰਾਸ਼ਾ: ਜੇ ਪ੍ਰਚਾਰ ਦੇ ਕੰਮ ਵਿਚ ਸਾਡੀ ਮਿਹਨਤ ਦੇ ਬਾਵਜੂਦ ਲੋਕ ਸਾਡੀ ਗੱਲ ਨਾ ਸੁਣਨ, ਤਾਂ ਅਸੀਂ ਸ਼ਾਇਦ ਮਾਯੂਸ ਹੋ ਜਾਈਏ।​—ਕਹਾਉਤਾਂ 13:12.

ਨਿਕੰਮੇ ਮਹਿਸੂਸ ਕਰਨਾ: ਜੇ ਸਾਡੇ ਨਾਲ ਕਈ ਸਾਲਾਂ ਤੋਂ ਬੁਰਾ ਸਲੂਕ ਹੁੰਦਾ ਆਇਆ ਹੈ, ਤਾਂ ਅਸੀਂ ਸ਼ਾਇਦ ਸੋਚੀਏ: ‘ਮੈਨੂੰ ਕੋਈ ਵੀ ਪਿਆਰ ਨਹੀਂ ਕਰਦਾ, ਯਹੋਵਾਹ ਵੀ ਨਹੀਂ।’​—1 ਯੂਹੰਨਾ 3:19, 20.

ਦੁਖੀ ਦਿਲ: ਜੇ ਕਿਸੇ ਭੈਣ ਜਾਂ ਭਰਾ ਨੇ ਸਾਡੇ ਦਿਲ ਨੂੰ ਠੇਸ ਪਹੁੰਚਾਈ ਹੈ, ਤਾਂ ਅਸੀਂ ਸ਼ਾਇਦ ਮੀਟਿੰਗਾਂ ਵਿਚ ਅਤੇ ਪ੍ਰਚਾਰ ਵਿਚ ਜਾਣਾ ਬੰਦ ਕਰ ਦੇਈਏ।​—ਲੂਕਾ 17:1.

ਸਤਾਹਟ: ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ ਉਹ ਸ਼ਾਇਦ ਸਾਨੂੰ ਸਤਾਉਣ, ਸਾਡਾ ਵਿਰੋਧ ਕਰਨ ਜਾਂ ਸਾਡਾ ਮਜ਼ਾਕ ਉਡਾਉਣ।​—2 ਤਿਮੋਥਿਉਸ 3:12; 2 ਪਤਰਸ 3:3, 4.

[ਸਫ਼ਾ 26 ਉੱਤੇ ਤਸਵੀਰ]

ਪਰਤਾਵਿਆਂ ਨੂੰ ਝੱਲਣ ਵਿਚ ਮਦਦ ਹਾਸਲ ਕਰਨ ਲਈ ਯਿਸੂ ਨੇ ਪ੍ਰਾਰਥਨਾ ਕਰਨ ਦੀ ਸਲਾਹ ਦਿੱਤੀ