Skip to content

Skip to table of contents

ਦੁਨੀਆਂ ਦਾ ‘ਨਿਆਉਂ ਕਰਨ ਦਾ ਸਮਾਂ’ ਬਹੁਤ ਨਜ਼ਦੀਕ ਹੈ!

ਦੁਨੀਆਂ ਦਾ ‘ਨਿਆਉਂ ਕਰਨ ਦਾ ਸਮਾਂ’ ਬਹੁਤ ਨਜ਼ਦੀਕ ਹੈ!

ਦੁਨੀਆਂ ਦਾ ‘ਨਿਆਉਂ ਕਰਨ ਦਾ ਸਮਾਂ’ ਬਹੁਤ ਨਜ਼ਦੀਕ ਹੈ!

ਬਾਈਬਲ ਦੀ ਆਖ਼ਰੀ ਪੁਸਤਕ ਵਿਚ ਲਿਖਿਆ ਹੈ ਕਿ ਇਕ ਦੂਤ ‘ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡ ਰਿਹਾ ਹੈ ਭਈ ਉਹ ਸਭ ਨੂੰ ਖੁਸ਼ ਖਬਰੀ ਸੁਣਾਵੇ।’ ਉਹ ਉੱਚੀ ਆਵਾਜ਼ ਵਿਚ ਕਹਿੰਦਾ ਹੈ: “ਪਰਮੇਸ਼ੁਰ ਤੋਂ ਡਰੋ ਅਤੇ ਉਹ ਦੀ ਵਡਿਆਈ ਕਰੋ ਇਸ ਲਈ ਜੋ ਉਹ ਦੇ ਨਿਆਉਂ ਦਾ ਸਮਾ ਆ ਪੁੱਜਾ ਹੈ।” (ਪਰਕਾਸ਼ ਦੀ ਪੋਥੀ 14:6, 7) ‘ਨਿਆਉਂ ਦੇ ਸਮੇਂ’ ਦੌਰਾਨ ਸਿਰਫ਼ ਸਜ਼ਾ ਦਾ ਐਲਾਨ ਹੀ ਨਹੀਂ ਕੀਤਾ ਜਾਵੇਗਾ, ਪਰ ਸਜ਼ਾ ਦਿੱਤੀ ਵੀ ਜਾਵੇਗੀ। ਇਹ ਸਮਾਂ “ਅੰਤ ਦਿਆਂ ਦਿਨਾਂ” ਵਿਚ ਯਾਨੀ ਸਾਡੇ ਜ਼ਮਾਨੇ ਵਿਚ ਆਵੇਗਾ।​—2 ਤਿਮੋਥਿਉਸ 3:1.

ਨਿਆਂ ਦਾ ਸਮਾਂ ਰੱਬ ਦੇ ਭਗਤਾਂ ਲਈ ਖ਼ੁਸ਼ੀ ਦਾ ਸਮਾਂ ਹੋਵੇਗਾ। ਉਨ੍ਹਾਂ ਨੂੰ ਇਸ ਦੁਨੀਆਂ ਵਿਚ ਫੈਲੀ ਹਿੰਸਾ ਅਤੇ ਨਫ਼ਰਤ ਤੋਂ ਛੁਟਕਾਰਾ ਮਿਲੇਗਾ।

ਇਸ ਤੋਂ ਪਹਿਲਾਂ ਕਿ ਦੁਨੀਆਂ ਦਾ ਅੰਤ ਆਵੇ ਸਾਨੂੰ ‘ਪਰਮੇਸ਼ੁਰ ਤੋਂ ਡਰਨ ਅਤੇ ਉਸ ਦੀ ਵਡਿਆਈ ਕਰਨ’ ਦੀ ਤਾਕੀਦ ਕੀਤੀ ਜਾਂਦੀ ਹੈ। ਕੀ ਅਸੀਂ ਇਸ ਤਰ੍ਹਾਂ ਕਰਦੇ ਹਾਂ? ਸਿਰਫ਼ ਇਹ ਕਹਿਣਾ ਕਿ “ਮੈਂ ਰੱਬ ਵਿਚ ਵਿਸ਼ਵਾਸ ਕਰਦਾ ਹਾਂ” ਕਾਫ਼ੀ ਨਹੀਂ ਹੈ। ਸਾਨੂੰ ਕੁਝ ਕਰਨ ਦੀ ਵੀ ਲੋੜ ਹੈ। (ਮੱਤੀ 7:21-23; ਯਾਕੂਬ 2:19, 20) ਜੇ ਅਸੀਂ ਦਿਲੋਂ ਰੱਬ ਲਈ ਸ਼ਰਧਾ ਰੱਖਦੇ ਹਾਂ, ਤਾਂ ਅਸੀਂ ਉਸ ਦਾ ਆਦਰ ਕਰਾਂਗੇ ਅਤੇ ਬੁਰੇ ਕੰਮਾਂ ਤੋਂ ਦੂਰ ਰਹਾਂਗੇ। (ਕਹਾਉਤਾਂ 8:13) ਅਸੀਂ ਨੇਕੀ ਨਾਲ ਪਿਆਰ ਕਰਾਂਗੇ ਅਤੇ ਬੁਰਾਈ ਨਾਲ ਨਫ਼ਰਤ ਕਰਾਂਗੇ। (ਆਮੋਸ 5:14, 15) ਜੇ ਅਸੀਂ ਰੱਬ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਹਮੇਸ਼ਾ ਉਸ ਦਾ ਕਹਿਣਾ ਮੰਨਾਂਗੇ। ਅਸੀਂ ਕਦੀ ਵੀ ਇਸ ਤਰ੍ਹਾਂ ਨਹੀਂ ਸੋਚਾਂਗੇ ਕਿ ਬਾਈਬਲ ਪੜ੍ਹਨ ਲਈ ਸਾਡੇ ਕੋਲ ਟਾਈਮ ਨਹੀਂ। ਅਸੀਂ ਹਰ ਪਲ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖਾਂਗੇ। (ਜ਼ਬੂਰਾਂ ਦੀ ਪੋਥੀ 62:8; ਕਹਾਉਤਾਂ 3:5, 6) ਉਹ ਹੀ ਜ਼ਮੀਨ-ਆਸਮਾਨ ਦਾ ਕਰਤਾਰ ਅਤੇ ਸਾਰੇ ਜਹਾਨ ਦਾ ਰਾਜਾ ਹੈ। ਜੋ ਵੀ ਇਸ ਗੱਲ ਨੂੰ ਦਿਲੋਂ ਮੰਨਦੇ ਹਨ ਉਹ ਉਸ ਦੇ ਰਾਹਾਂ ਤੇ ਜ਼ਰੂਰ ਚੱਲਣਗੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਜੀਵਨ ਵਿਚ ਕੁਝ ਸੁਧਾਰ ਕਰਨ ਦੀ ਲੋੜ ਹੈ, ਤਾਂ ਜਲਦੀ ਕਦਮ ਉਠਾਓ।

ਪਰਕਾਸ਼ ਦੀ ਪੋਥੀ ਵਿਚ ਨਿਆਂ ਦੇ ਜਿਸ ਸਮੇਂ ਬਾਰੇ ਦੂਤ ਐਲਾਨ ਕਰ ਰਿਹਾ ਸੀ, ਉਸ ਨੂੰ ‘ਯਹੋਵਾਹ ਦਾ ਦਿਨ’ ਵੀ ਕਿਹਾ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ ਵੀ ਯਹੋਵਾਹ ਦੇ ਨਿਆਂ ਦਾ ਦਿਨ ਆਇਆ ਸੀ ਜਦੋਂ ਲਗਭਗ 2,610 ਸਾਲ ਪਹਿਲਾਂ (607 ਸਾ.ਯੁ.ਪੂ.) ਯਰੂਸ਼ਲਮ ਸ਼ਹਿਰ ਦਾ ਨਿਆਂ ਕੀਤਾ ਗਿਆ ਸੀ। ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ‘ਉਹ ਦਿਨ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।’ (ਸਫ਼ਨਯਾਹ 1:14) ਪਰ ਉਸ ਸਮੇਂ ਦੇ ਲੋਕ ਸੋਚਦੇ ਰਹੇ ਕਿ ਉਹ ਦਿਨ ਬਹੁਤ ਦੂਰ ਸੀ। ਉਨ੍ਹਾਂ ਨੇ ਯਹੋਵਾਹ ਦੀਆਂ ਚੇਤਾਵਨੀਆਂ ਵੱਲ ਧਿਆਨ ਨਾ ਦਿੱਤਾ ਅਤੇ ਉਹ ਆਪਣੀਆਂ ਜਾਨਾਂ ਗੁਆ ਬੈਠੇ। ਇਸ ਤੋਂ ਕੁਝ ਸਾਲ ਬਾਅਦ ਯਹੋਵਾਹ ਦੇ ਨਿਆਂ ਦਾ ਦਿਨ ਇਕ ਵਾਰ ਫਿਰ ਆਇਆ। ਉਸ ਸਮੇਂ (539 ਸਾ.ਯੁ.ਪੂ.) ਯਹੋਵਾਹ ਨੇ ਬਾਬਲ ਸ਼ਹਿਰ ਦਾ ਨਿਆਂ ਕਰ ਕੇ ਉਸ ਦਾ ਨਾਸ਼ ਕੀਤਾ। (ਯਸਾਯਾਹ 13:1, 6) ਉਸ ਸ਼ਹਿਰ ਦੇ ਵਾਸੀਆਂ ਨੇ ਵੀ ਯਹੋਵਾਹ ਦੇ ਨਬੀਆਂ ਦੀਆਂ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਸੋਚਿਆ: ‘ਸਾਡੇ ਸ਼ਹਿਰ ਦੀ ਕਿਲਾਬੰਦੀ ਅਤੇ ਸਾਡੇ ਦੇਵੀ-ਦੇਵਤੇ ਸਾਡੀ ਰਾਖੀ ਜ਼ਰੂਰ ਕਰਨਗੇ।’ ਪਰ ਜਦ ਯਹੋਵਾਹ ਦਾ ਦਿਨ ਆਇਆ, ਤਾਂ ਇੱਕੋ ਰਾਤ ਵਿਚ ਮਾਦੀ-ਫ਼ਾਰਸੀ ਫ਼ੌਜਾਂ ਨੇ ਬਾਬਲ ਦਾ ਸੱਤਿਆਨਾਸ ਕਰ ਦਿੱਤਾ।

ਯਹੋਵਾਹ ਦੇ ਨਿਆਂ ਦਾ ਇਕ ਹੋਰ ਦਿਨ ਆ ਰਿਹਾ ਹੈ। ਪਰ ਇਸ ਵਾਰ ਇਹ ਦਿਨ ਸਾਰੇ ਜਗਤ ਉੱਤੇ ਆਵੇਗਾ। (2 ਪਤਰਸ 3:11-14) ਜਿਸ ਤਰ੍ਹਾਂ ਹਜ਼ਾਰਾਂ ਸਾਲ ਪਹਿਲਾਂ ਬਾਬਲ ਸ਼ਹਿਰ ਦਾ ਨਾਸ਼ ਹੋਇਆ ਸੀ, ਉਸੇ ਤਰ੍ਹਾਂ ਬਹੁਤ ਜਲਦ ਇਕ ਹੋਰ “ਬਾਬੁਲ” ਸ਼ਹਿਰ ਦਾ ਨਾਸ਼ ਹੋਵੇਗਾ। ਪਰ, ਇਹ ਬਾਬੁਲ ਕੀ ਹੈ? ਇਹ ਇਕ ਅਸਲੀ ਸ਼ਹਿਰ ਨਹੀਂ ਬਲਕਿ ਦੁਨੀਆਂ ਦੇ ਝੂਠੇ ਧਰਮਾਂ ਨੂੰ ਦਰਸਾਉਂਦਾ ਹੈ। ਪਰਕਾਸ਼ ਦੀ ਪੋਥੀ 14:8 ਵਿਚ ਦੱਸਿਆ ਗਿਆ ਹੈ ਕਿ ਇਕ ਦੂਤ ਇਹ ਕਹਿੰਦਾ ਹੋਇਆ ਆਇਆ: “ਢਹਿ ਪਈ ਬਾਬੁਲ!” ਹਾਂ, ਵੱਡੀ ਬਾਬੁਲ ਡਿਗ ਚੁੱਕੀ ਹੈ। ਯਹੋਵਾਹ ਦੇ ਭਗਤਾਂ ਉੱਤੇ ਹੁਣ ਉਸ ਦਾ ਕੋਈ ਵੱਸ ਨਹੀਂ ਚੱਲਦਾ। ਝੂਠੇ ਧਰਮਾਂ ਦੇ ਕੰਮਾਂ ਤੋਂ ਪਰਦਾ ਹਟਾਇਆ ਗਿਆ ਹੈ। ਇਤਿਹਾਸ ਗਵਾਹ ਹੈ ਕਿ ਇਨ੍ਹਾਂ ਨੇ ਕਿੰਨੇ ਭੈੜੇ ਕੰਮ ਕੀਤੇ ਹਨ ਅਤੇ ਲੜਾਈਆਂ ਵਿਚ ਕਿੰਨਾ ਖ਼ੂਨ ਵਹਾਇਆ ਹੈ। ਹਾਂ, ਝੂਠੇ ਅਤੇ ਭ੍ਰਿਸ਼ਟ ਧਰਮਾਂ ਦੀ ਆਖ਼ਰੀ ਘੜੀ ਆ ਪਹੁੰਚੀ ਹੈ। ਇਸੇ ਲਈ ਬਾਈਬਲ ਦੁਨੀਆਂ ਦੇ ਸਾਰਿਆਂ ਲੋਕਾਂ ਨੂੰ ਤਾਕੀਦ ਕਰਦੀ ਹੈ: ‘ਵੱਡੀ ਬਾਬੁਲ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ! ਉਹ ਦੇ ਪਾਪ ਤਾਂ ਅਕਾਸ਼ ਨੂੰ ਅੱਪੜ ਪਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਚੇਤੇ ਕੀਤੇ ਹਨ।’​—ਪਰਕਾਸ਼ ਦੀ ਪੋਥੀ 18:4, 5.

ਵੱਡੀ ਬਾਬੁਲ ਕੀ ਹੈ? ਦੁਨੀਆਂ ਦੇ ਸਾਰੇ ਧਰਮਾਂ ਨੂੰ ਕੁਲ ਮਿਲਾ ਕੇ ਵੱਡੀ ਬਾਬੁਲ ਸੱਦਿਆ ਜਾਂਦਾ ਹੈ। ਇਨ੍ਹਾਂ ਧਰਮਾਂ ਦਾ ਬਾਬਲ ਦੇ ਪ੍ਰਾਚੀਨ ਸ਼ਹਿਰ ਨਾਲ ਕੀ ਤਅੱਲਕ ਹੈ? (ਪਰਕਾਸ਼ ਦੀ ਪੋਥੀ, ਅਧਿਆਇ 17, 18) ਆਓ ਆਪਾਂ ਕੁਝ ਗੱਲਾਂ ਦੇਖੀਏ:

• ਬਾਬਲ ਸ਼ਹਿਰ ਦੇ ਧਾਰਮਿਕ ਆਗੂ ਵਧ-ਚੜ੍ਹ ਕੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈਂਦੇ ਸਨ। ਅੱਜ ਦੇ ਧਾਰਮਿਕ ਆਗੂ ਵੀ ਇਸੇ ਤਰ੍ਹਾਂ ਕਰਦੇ ਹਨ।

• ਬਾਬਲ ਸ਼ਹਿਰ ਦੇ ਧਾਰਮਿਕ ਆਗੂ ਲੋਕਾਂ ਨੂੰ ਆਪਣੇ ਵਤਨ ਲਈ ਲੜਨ ਲਈ ਉਕਸਾਉਂਦੇ ਸਨ। ਅੱਜ ਵੀ ਅਸੀਂ ਇਹੀ ਦੇਖਦੇ ਹਾਂ। ਅਕਸਰ ਲੜਾਈਆਂ ਵਿਚ ਜਾਣ ਤੋਂ ਪਹਿਲਾਂ ਧਾਰਮਿਕ ਆਗੂ ਫ਼ੌਜੀਆਂ ਨੂੰ ਆਸ਼ੀਰਵਾਦ ਦਿੰਦੇ ਹਨ।

• ਪ੍ਰਾਚੀਨ ਬਾਬਲ ਸ਼ਹਿਰ ਦੀਆਂ ਸਿੱਖਿਆਵਾਂ ਅਤੇ ਰੀਤਾਂ-ਰਿਵਾਜਾਂ ਕਾਰਨ ਲੋਕ ਬਦਚਲਣੀਆਂ ਕਰਨ ਲੱਗ ਪਏ ਸਨ। ਅੱਜ ਧਾਰਮਿਕ ਆਗੂ ਬਾਈਬਲ ਦੇ ਨੇਕ ਮਿਆਰਾਂ ਨੂੰ ਭੁੱਲ ਕੇ ਖ਼ੁਦ ਬਦਚਲਣ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਚੇਲੇ ਉਨ੍ਹਾਂ ਦੀ ਰੀਸ ਕਰਦੇ ਹਨ। ਬਾਈਬਲ ਵਿਚ ਵੱਡੀ ਬਾਬੁਲ ਨੂੰ ਇਕ ਕੰਜਰੀ ਜਾਂ ਵੇਸਵਾ ਵੀ ਕਿਹਾ ਗਿਆ ਹੈ ਕਿਉਂਕਿ ਉਹ ਆਪਣੇ ਫ਼ਾਇਦੇ ਲਈ ਦੁਨੀਆਂ ਅਤੇ ਰਾਜਨੀਤੀ ਨਾਲ ਨਾਜਾਇਜ਼ ਸੰਬੰਧ ਰੱਖਦੀ ਹੈ।

• ਪ੍ਰਾਚੀਨ ਬਾਬਲ ਦੇ ਮੰਦਰਾਂ ਦੇ ਨਾਂ ਬਹੁਤ ਜ਼ਮੀਨ-ਜਾਇਦਾਦ ਸੀ ਅਤੇ ਧਾਰਮਿਕ ਆਗੂ ਵੱਡੇ ਵਪਾਰੀ ਸਨ। ਅੱਜ ਵੀ ਕਈ ਧਰਮਾਂ ਨੇ ਵਪਾਰਕ ਕੰਮ-ਧੰਦਿਆਂ ਵਿਚ ਰੁੱਝ ਕੇ ਵੱਡਾ ਨਾਂ ਕਮਾਇਆ ਹੈ। ਇਸ ਦੇ ਨਾਲ-ਨਾਲ ਆਪਣੀਆਂ ਸਿੱਖਿਆਵਾਂ ਅਤੇ ਤਿਉਹਾਰਾਂ ਕਾਰਨ ਉਨ੍ਹਾਂ ਨੂੰ ਅਤੇ ਦੂਸਰਿਆਂ ਕਾਰੋਬਾਰਾਂ ਨੂੰ ਬੜਾ ਫ਼ਾਇਦਾ ਹੁੰਦਾ ਹੈ। ਇਸੇ ਲਈ ਬਾਈਬਲ ਵਿਚ ਵੱਡੀ ਬਾਬੁਲ ਬਾਰੇ ਲਿਖਿਆ ਹੈ ਕਿ ਉਹ ਵੀ ‘ਮਜ਼ੇ ਤੇ ਐਸ਼ ਕਰਦੀ’ ਹੈ।​—ਪਵਿੱਤਰ ਬਾਈਬਲ ਨਵਾਂ ਅਨੁਵਾਦ।

• ਬਾਬਲ ਸ਼ਹਿਰ ਵਾਂਗ ਅੱਜ ਵੀ ਪੂਜਾ ਵਿਚ ਲੋਕ ਮੂਰਤੀਆਂ ਵਰਤਦੇ ਹਨ ਅਤੇ ਜਾਦੂ-ਟੂਣਾ ਕਰਦੇ ਹਨ। ਬਾਬਲ ਦੇ ਧਰਮ ਸਿਖਾਉਂਦੇ ਸਨ ਕਿ ਮਰਨ ਤੋਂ ਬਾਅਦ ਲੋਕਾਂ ਦਾ ਪੁਨਰ-ਜਨਮ ਹੁੰਦਾ ਹੈ ਜਾਂ ਉਨ੍ਹਾਂ ਦੀ ਆਤਮਾ ਹੋਰ ਕਿਤੇ ਜਾ ਕੇ ਵੱਸਦੀ ਹੈ। ਬਾਬਲੀ ਲੋਕਾਂ ਨੇ ਆਪਣੇ ਦੇਵੀ-ਦੇਵਤਿਆਂ ਲਈ ਸ਼ਰਧਾ ਪ੍ਰਗਟ ਕਰਨ ਲਈ ਬਹੁਤ ਸਾਰੇ ਮੰਦਰ ਬਣਾਏ ਹੋਏ ਸਨ, ਪਰ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਸੱਚੇ ਭਗਤਾਂ ਦਾ ਵਿਰੋਧ ਕੀਤਾ। ਅੱਜ ਵੱਡੀ ਬਾਬੁਲ ਦੀ ਪਛਾਣ ਵੀ ਇਸੇ ਤਰ੍ਹਾਂ ਦੀਆਂ ਝੂਠੀਆਂ ਸਿੱਖਿਆਵਾਂ ਅਤੇ ਕੰਮਾਂ ਦੁਆਰਾ ਹੁੰਦੀ ਹੈ।

ਪ੍ਰਾਚੀਨ ਸਮਿਆਂ ਵਿਚ ਯਹੋਵਾਹ ਨੇ ਦੂਸਰਿਆਂ ਦੇਸ਼ਾਂ ਦੇ ਹੱਥੋਂ ਉਨ੍ਹਾਂ ਲੋਕਾਂ ਉੱਤੇ ਸਜ਼ਾ ਲਿਆਂਦੀ ਜੋ ਉਸ ਦੇ ਹੁਕਮਾਂ ਦੀ ਉਲੰਘਣਾ ਕਰਦੇ ਸਨ। ਅੱਜ ਤੋਂ ਕਈ ਸਦੀਆਂ ਪਹਿਲਾਂ (740 ਸਾ.ਯੁ.ਪੂ) ਅੱਸ਼ੂਰ ਦੇਸ਼ ਦੇ ਹੱਥੋਂ ਸਾਮਰਿਯਾ ਸ਼ਹਿਰ ਦਾ ਨਾਸ਼ ਹੋਇਆ ਸੀ। ਯਰੂਸ਼ਲਮ ਸ਼ਹਿਰ ਦਾ ਨਾਸ਼ ਪਹਿਲਾਂ 607 ਸਾ.ਯੁ.ਪੂ. ਵਿਚ ਬਾਬਲੀਆਂ ਦੇ ਹੱਥੋਂ ਹੋਇਆ ਸੀ ਅਤੇ ਫਿਰ 70 ਸਾ.ਯੁ. ਵਿਚ ਰੋਮੀ ਫ਼ੌਜਾਂ ਦੇ ਹੱਥੋਂ ਹੋਇਆ। ਸੰਨ 539 ਸਾ.ਯੁ.ਪੂ. ਵਿਚ ਮਾਦੀਆਂ ਅਤੇ ਫ਼ਾਰਸੀਆਂ ਨੇ ਬਾਬਲ ਸ਼ਹਿਰ ਦਾ ਨਾਸ਼ ਕੀਤਾ। ਸਾਡੇ ਦਿਨਾਂ ਬਾਰੇ ਬਾਈਬਲ ਸਾਨੂੰ ਦੱਸਦੀ ਹੈ ਕਿ ਦੁਨੀਆਂ ਦੀਆਂ ਸਰਕਾਰਾਂ ਇਕ ਵਹਿਸ਼ੀ ਦਰਿੰਦੇ ਵਾਂਗ “ਓਸ ਕੰਜਰੀ” ਯਾਨੀ ਵੱਡੀ ਬਾਬੁਲ ਉੱਤੇ ਹਮਲਾ ਕਰਨਗੀਆਂ। ਉਹ ਉਸ ਨੂੰ ਨੰਗਾ ਕਰ ਕੇ ਉਸ ਨੂੰ ਪਾੜ ਖਾਣਗੀਆਂ।​—ਪਰਕਾਸ਼ ਦੀ ਪੋਥੀ 17:16.

ਕੀ ਦੁਨੀਆਂ ਦੀਆਂ ਸਰਕਾਰਾਂ ਸੱਚ-ਮੁੱਚ ਇਸ ਤਰ੍ਹਾਂ ਕਰਨਗੀਆਂ? ਬਾਈਬਲ ਵਿਚ ਲਿਖਿਆ ਗਿਆ ਹੈ ਕਿ ‘ਪਰਮੇਸ਼ੁਰ ਉਨ੍ਹਾਂ ਦੇ ਦਿਲ ਵਿਚ ਇਹ ਗੱਲ ਪਾਵੇਗਾ।’ (ਪਰਕਾਸ਼ ਦੀ ਪੋਥੀ 17:17) ਝੂਠੇ ਧਰਮਾਂ ਦਾ ਅੰਤ ਹੌਲੀ-ਹੌਲੀ ਨਹੀਂ ਬਲਕਿ ਇਕ ਪਲ ਵਿਚ ਹੋਵੇਗਾ। ਅਚਾਨਕ ਹੀ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।

ਤੁਹਾਨੂੰ ਕੀ ਕਰਨ ਦੀ ਲੋੜ ਹੈ? ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਕੀ ਮੇਰਾ ਅਜਿਹੇ ਕਿਸੇ ਵੀ ਧਰਮ ਨਾਲ ਤਅੱਲਕ ਹੈ ਜੋ ਵੱਡੀ ਬਾਬੁਲ ਦਾ ਹਿੱਸਾ ਹੈ? ਭਾਵੇਂ ਮੈਂ ਅਜਿਹੇ ਕਿਸੇ ਧਰਮ ਦਾ ਮੈਂਬਰ ਨਹੀਂ ਹਾਂ, ਪਰ ਕੀ ਮੈਂ ਉਸ ਦੀਆਂ ਸਿੱਖਿਆਵਾਂ ਜਾਂ ਰੀਤਾਂ-ਰਿਵਾਜਾਂ ਨਾਲ ਸਹਿਮਤ ਹਾਂ? ਕੀ ਮੇਰੇ ਖ਼ਿਆਲ ਦੂਸਰੇ ਧਰਮਾਂ ਦੇ ਲੋਕਾਂ ਦੇ ਖ਼ਿਆਲਾਂ ਵਰਗੇ ਹਨ? ਉਨ੍ਹਾਂ ਦੇ ਚਾਲ-ਚਲਣ ਨੂੰ ਮੈਂ ਕਿੰਨਾ ਕੁ ਭੈੜਾ ਸਮਝਦਾ ਹਾਂ? ਕੀ ਮੈਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਅਤੇ ਦੌਲਤ ਕਮਾਉਣ ਦੇ ਚੱਕਰ ਵਿਚ ਫੱਸਿਆ ਹੋਇਆ ਹਾਂ? ਕੀ ਮੈਨੂੰ ਇੱਦਾ ਲੱਗਦਾ ਹੈ ਕਿ ਛੋਟੀਆਂ-ਛੋਟੀਆਂ ਗੱਲਾਂ ਵਿਚ ਯਹੋਵਾਹ ਦੇ ਨਿਯਮਾਂ ਨੂੰ ਤੋੜਨਾ ਗ਼ਲਤ ਨਹੀਂ ਹੈ?’ ਇਨ੍ਹਾਂ ਸਵਾਲਾਂ ਬਾਰੇ ਜ਼ਰਾ ਸੋਚ ਕੇ ਜਵਾਬ ਦਿਓ।

ਯਹੋਵਾਹ ਦੀ ਮਿਹਰ ਪਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਕੰਮਾਂ ਤੇ ਵਿਚਾਰਾਂ ਦੁਆਰਾ ਦਿਖਾਈਏ ਕਿ ਵੱਡੀ ਬਾਬੁਲ ਨਾਲ ਸਾਡਾ ਕੋਈ ਵਾਸਤਾ ਨਹੀਂ। ਇਸ ਤਰ੍ਹਾਂ ਕਰਨ ਲਈ ਸਾਨੂੰ ਹੁਣ ਕਦਮ ਉਠਾਉਣ ਦੀ ਲੋੜ ਹੈ ਕਿਉਂਕਿ ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅੰਤ ਅਚਾਨਕ ਆ ਜਾਵੇਗਾ। ਉਸ ਵਿਚ ਲਿਖਿਆ ਹੈ: “ਇਸੇ ਤਰਾਂ ਉਹ ਵੱਡੀ ਨਗਰੀ ਬਾਬੁਲ ਜ਼ੋਰ ਨਾਲ ਡੇਗੀ ਜਾਵੇਗੀ, ਅਤੇ ਫੇਰ ਕਦੇ ਉਹ ਦਾ ਪਤਾ ਨਾ ਲੱਗੇਗਾ!”​—ਪਰਕਾਸ਼ ਦੀ ਪੋਥੀ 18:21.

ਯਹੋਵਾਹ ਨਿਆਂ ਦੇ ਦਿਨ ਤੇ ਸਿਰਫ਼ ਝੂਠੇ ਧਰਮਾਂ ਦਾ ਹੀ ਨਾਸ਼ ਨਹੀਂ ਕਰੇਗਾ। ਉਹ ਦੁਨੀਆਂ ਦੀਆਂ ਸਰਕਾਰਾਂ, ਹਾਕਮਾਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਦਾ ਵੀ ਨਿਆਂ ਕਰੇਗਾ ਜੋ ਉਸ ਦੀ ਹਕੂਮਤ ਨੂੰ ਠੁਕਰਾਉਂਦੇ ਹਨ। (ਪਰਕਾਸ਼ ਦੀ ਪੋਥੀ 13:1, 2; 19:19-21) ਇਸ ਦੇ ਸੰਬੰਧ ਵਿਚ ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ੁਰ ਨੇ ਦਰਸ਼ਣ ਵਿਚ ਆਪਣੇ ਨਬੀ ਦਾਨੀਏਲ ਨੂੰ ਇਕ ਵੱਡੀ ਮੂਰਤ ਦਿਖਾਈ ਸੀ। (ਦਾਨੀਏਲ 2:20-45) ਇਹ ਮੂਰਤ ਸੋਨੇ, ਚਾਂਦੀ, ਪਿੱਤਲ, ਲੋਹੇ ਅਤੇ ਮਿੱਟੀ ਤੋਂ ਬਣੀ ਹੋਈ ਸੀ। ਇਹ ਮੂਰਤ ਪ੍ਰਾਚੀਨ ਬਾਬਲ ਦੇ ਸਮੇਂ ਤੋਂ ਲੈ ਕੇ ਸਾਡੇ ਦਿਨਾਂ ਤਕ ਸਾਰੀਆਂ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੀ ਹੈ। ਸਾਡੇ ਦਿਨਾਂ ਬਾਰੇ ਗੱਲ ਕਰਦੇ ਹੋਏ, ਬਾਈਬਲ ਦੱਸਦੀ ਹੈ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ।” ਅੱਗੇ ਇਹ ਵੀ ਦੱਸਿਆ ਗਿਆ ਹੈ ਕਿ ਨਿਆਂ ਦੇ ਸਮੇਂ ਤੇ ਯਹੋਵਾਹ ਦਾ ਇਹ ਰਾਜ ਕੀ ਕਰੇਗਾ: ‘ਉਹ ਮਨੁੱਖਾਂ ਦੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।’​—ਦਾਨੀਏਲ 2:44.

ਯਹੋਵਾਹ ਆਪਣੇ ਬਚਨ ਰਾਹੀਂ ਆਪਣੇ ਸੇਵਕਾਂ ਨੂੰ ਸੰਸਾਰ ਤੋਂ ਦੂਰ ਰਹਿਣ ਦੀ ਸਲਾਹ ਦਿੰਦਾ ਹੈ ਕਿਉਂਕਿ ਇਸ ਦੇ ਤੌਰ-ਤਰੀਕੇ ਯਹੋਵਾਹ ਦੇ ਮਿਆਰਾਂ ਦੇ ਉਲਟ ਹਨ। (1 ਯੂਹੰਨਾ 2:15-17) ਕੀ ਤੁਸੀਂ ਆਪਣੀ ਜ਼ਿੰਦਗੀ ਵਿਚ ਇਹ ਦਿਖਾਉਂਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਰਾਜ ਦੇ ਪੱਖ ਵਿਚ ਹੋ? ਕੀ ਤੁਸੀਂ ਇਸ ਸਵਰਗੀ ਸਰਕਾਰ ਦੇ ਕਾਨੂੰਨਾਂ ਤੇ ਚੱਲ ਕੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹੋ?​—ਮੱਤੀ 6:33; ਯੂਹੰਨਾ 17:16, 17.

[ਸਫ਼ਾ 14 ਉੱਤੇ ਡੱਬੀ]

ਇਸ ਦੁਨੀਆਂ ਦਾ ਅੰਤ ਕਦੋਂ ਆਵੇਗਾ?

“ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।”​—ਮੱਤੀ 24:44.

“ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।”​—ਮੱਤੀ 25:13.

“ਉਹ ਚਿਰ ਨਾ ਲਾਵੇਗਾ।”​—ਹਬੱਕੂਕ 2:3.

[ਸਫ਼ਾ 14 ਉੱਤੇ ਡੱਬੀ]

ਕੀ ਤੁਸੀਂ ਅੰਤ ਦੀ ਤਾਰੀਖ਼ ਜਾਣਨਾ ਚਾਹੋਗੇ?

ਜੇ ਤੁਹਾਨੂੰ ਪੱਕਾ ਪਤਾ ਹੁੰਦਾ ਕਿ ਦੁਨੀਆਂ ਦਾ ਅੰਤ ਅਜੇ ਕੁਝ ਸਾਲਾਂ ਤਕ ਨਹੀਂ ਆਉਣ ਵਾਲਾ, ਤਾਂ ਕੀ ਤੁਹਾਡੇ ਫ਼ੈਸਲਿਆਂ ਅਤੇ ਕੰਮਾਂ ਉੱਤੇ ਇਸ ਦਾ ਕੋਈ ਅਸਰ ਪੈਂਦਾ? ਜੇ ਤੁਹਾਨੂੰ ਲੱਗਦਾ ਹੈ ਕਿ ਅੰਤ ਆਉਣ ਵਿਚ ਦੇਰ ਹੋ ਰਹੀ ਹੈ, ਤਾਂ ਕੀ ਤੁਸੀਂ ਯਹੋਵਾਹ ਦੀ ਸੇਵਾ ਵਿਚ ਢਿੱਲੇ ਪੈ ਗਏ ਹੋ?​—ਇਬਰਾਨੀਆਂ 10:36-38.

ਇਹ ਚੰਗੀ ਗੱਲ ਹੈ ਕਿ ਅਸੀਂ ਅੰਤ ਦੀ ਤਾਰੀਖ਼ ਨਹੀਂ ਜਾਣਦੇ। ਕਿਉਂ? ਕਿਉਂਕਿ ਇਸ ਨਾਲ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਪੂਰੇ ਤਨ-ਮਨ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਾਂ। ਯਹੋਵਾਹ ਦੇ ਸੱਚੇ ਭਗਤਾਂ ਨੂੰ ਪਤਾ ਹੈ ਕਿ ਉਹ ਸਾਡੇ ਦਿਲ ਦੀ ਹਰ ਗੱਲ ਜਾਣਦਾ ਹੈ। ਇਸ ਲਈ, ਅਸੀਂ ਆਖ਼ਰੀ ਘੜੀ ਤੇ ਉਸ ਦੀ ਭਗਤੀ ਕਰਨ ਦਾ ਦਿਖਾਵਾ ਕਰ ਕੇ ਉਸ ਨੂੰ ਬੇਵਕੂਫ਼ ਨਹੀਂ ਬਣਾ ਸਕਦੇ।​—ਯਿਰਮਿਯਾਹ 17:10; ਇਬਰਾਨੀਆਂ 4:13.

ਯਹੋਵਾਹ ਦੇ ਸੱਚੇ ਭਗਤ ਆਪਣੇ ਜੀਵਨ ਵਿਚ ਉਸ ਨੂੰ ਹਮੇਸ਼ਾ ਪਹਿਲਾਂ ਰੱਖਦੇ ਹਨ। ਭਾਵੇਂ ਕਿ ਉਨ੍ਹਾਂ ਨੂੰ ਨੌਕਰੀ ਕਰਨੀ ਪੈਂਦੀ ਹੈ, ਪਰ ਉਹ ਅਮੀਰ ਬਣਨ ਲਈ ਨਹੀਂ, ਸਗੋਂ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਕਰਦੇ ਹਨ। (ਅਫ਼ਸੀਆਂ 4:28; 1 ਤਿਮੋਥਿਉਸ 6:7-12) ਉਹ ਮਨੋਰੰਜਨ ਅਤੇ ਆਰਾਮ ਕਰਨ ਲਈ ਵੀ ਸਮਾਂ ਕੱਢਦੇ ਹਨ। ਪਰ ਇਨ੍ਹਾਂ ਗੱਲਾਂ ਵਿਚ ਉਹ ਦੁਨੀਆਂ ਦੇ ਲੋਕਾਂ ਦੀ ਰੀਸ ਨਹੀਂ ਕਰਦੇ। (ਮਰਕੁਸ 6:31; ਰੋਮੀਆਂ 12:2) ਯਿਸੂ ਮਸੀਹ ਵਾਂਗ ਉਹ ਯਹੋਵਾਹ ਦੀ ਇੱਛਾ ਪਹਿਲਾਂ ਰੱਖਦੇ ਹਨ ਅਤੇ ਇਸ ਨੂੰ ਖ਼ੁਸ਼ੀ-ਖ਼ੁਸ਼ੀ ਪੂਰਾ ਕਰਦੇ ਹਨ।​—ਜ਼ਬੂਰਾਂ ਦੀ ਪੋਥੀ 37:4; 40:8.

ਕੀ ਤੁਸੀਂ ਹਮੇਸ਼ਾ ਲਈ ਸੁਖ-ਚੈਨ ਦੀ ਜ਼ਿੰਦਗੀ ਜੀਉਣੀ ਚਾਹੁੰਦੇ ਹੋ? ਕੀ ਤੁਸੀਂ ਯਹੋਵਾਹ ਵੱਲੋਂ ਬਰਕਤਾਂ ਪਾਉਣ ਦੀ ਤਮੰਨਾ ਰੱਖਦੇ ਹੋ? ਜੇ ਹਾਂ, ਤਾਂ ਭਾਵੇਂ ਤੁਹਾਨੂੰ ਅੰਤ ਦੀ ਕਿੰਨੀ ਹੀ ਉਡੀਕ ਕਿਉਂ ਨਾ ਕਰਨੀ ਪਵੇ, ਯਹੋਵਾਹ ਦੇ ਰਾਹ ਤੋਂ ਕਦੀ ਨਾ ਹਟੋ।

[ਸਫ਼ਾ 15 ਉੱਤੇ ਡੱਬੀ/​ਤਸਵੀਰ]

ਯਹੋਵਾਹ ਦੀ ਹਕੂਮਤ ਉੱਤੇ ਝੂਠੇ ਇਲਜ਼ਾਮ

ਕਈ ਲੋਕ ਪੁੱਛਦੇ ਹਨ ਕਿ ‘ਰੱਬ ਸਾਨੂੰ ਦੁੱਖਾਂ ਤੋਂ ਛੁਟਕਾਰਾ ਕਿਉਂ ਨਹੀਂ ਦਿੰਦਾ?’ ਇਸ ਸਵਾਲ ਦੇ ਜਵਾਬ ਲਈ ਸਾਨੂੰ ਇਤਿਹਾਸ ਦੇ ਮੁੱਢ ਵੱਲ ਧਿਆਨ ਦੇਣ ਦੀ ਲੋੜ ਹੈ। ਆਓ ਆਪਾਂ ਦੇਖੀਏ ਕਿ ਉਸ ਸਮੇਂ ਕੀ ਹੋਇਆ ਸੀ।

ਸਾਨੂੰ ਪਤਾ ਹੈ ਕਿ ਯਹੋਵਾਹ ਪੂਰੀ ਸ੍ਰਿਸ਼ਟੀ ਦਾ ਕਰਤਾਰ ਹੈ ਅਤੇ ਇਸ ਲਈ ਉਸ ਕੋਲ ਸਾਰੀ ਧਰਤੀ ਉੱਤੇ ਹਕੂਮਤ ਕਰਨ ਦਾ ਹੱਕ ਹੈ। ਪਰ ਬਾਈਬਲ ਵਿਚ ਸਮਝਾਇਆ ਗਿਆ ਹੈ ਕਿ ਸ਼ੁਰੂ ਵਿਚ ਯਹੋਵਾਹ ਦੇ ਵਿਰੋਧੀ ਸ਼ਤਾਨ ਨੇ ਉਸ ਦੀ ਹਕੂਮਤ ਬਾਰੇ ਸਵਾਲ ਖੜ੍ਹਾ ਕੀਤਾ ਸੀ। ਸ਼ਤਾਨ ਨੇ ਪਹਿਲੇ ਮਨੁੱਖੀ ਜੋੜੇ ਨੂੰ ਯਹੋਵਾਹ ਬਾਰੇ ਝੂਠ ਬੋਲਿਆ। ਉਸ ਨੇ ਆਦਮ ਅਤੇ ਹੱਵਾਹ ਨੂੰ ਮਾਨੋ ਇਹ ਕਿਹਾ: ‘ਯਹੋਵਾਹ ਨੇ ਤਾਂ ਤੁਹਾਡੇ ਉੱਤੇ ਬਹੁਤ ਬੰਦਸ਼ਾਂ ਲਗਾਈਆਂ ਹਨ। ਤੁਸੀਂ ਆਪਣੀ ਮਰਜ਼ੀ ਕਰੋ, ਕੁਝ ਨਹੀਂ ਹੋਵੇਗਾ ਤੁਹਾਨੂੰ। ਉਸ ਤੋਂ ਆਜ਼ਾਦ ਹੋ ਕੇ ਤੁਸੀਂ ਖ਼ੁਸ਼ ਰਹੋਗੇ।’ ਇਸ ਤਰ੍ਹਾਂ ਸ਼ਤਾਨ ਨੇ ਯਹੋਵਾਹ ਦੀ ਹਕੂਮਤ ਨੂੰ ਲਲਕਾਰਿਆ।​—ਉਤਪਤ ਅਧਿਆਇ 2, 3.

ਯਹੋਵਾਹ ਉਨ੍ਹਾਂ ਤਿੰਨਾਂ ਨੂੰ ਉਸੇ ਪਲ ਮਿਟਾ ਸਕਦਾ ਸੀ। ਇਸ ਤਰ੍ਹਾਂ ਕਰਨ ਨਾਲ ਉਸ ਦੀ ਸ਼ਕਤੀ ਦਾ ਸਬੂਤ ਤਾਂ ਜ਼ਰੂਰ ਮਿਲ ਜਾਂਦਾ, ਪਰ ਜੋ ਸਵਾਲ ਸ਼ਤਾਨ ਨੇ ਖੜ੍ਹਾ ਕੀਤਾ ਸੀ ਉਸ ਦਾ ਜਵਾਬ ਨਹੀਂ ਮਿਲਣਾ ਸੀ। ਉਨ੍ਹਾਂ ਨੂੰ ਇਕਦਮ ਖ਼ਤਮ ਕਰਨ ਦੀ ਬਜਾਇ ਯਹੋਵਾਹ ਨੇ ਸਾਰਿਆਂ ਇਨਸਾਨਾਂ ਨੂੰ ਇਸ ਬਗਾਵਤ ਦੇ ਨਤੀਜੇ ਦੇਖਣ ਲਈ ਸਮਾਂ ਦਿੱਤਾ। ਭਾਵੇਂ ਕਿ ਇਸ ਸਮੇਂ ਦੌਰਾਨ ਲੋਕਾਂ ਨੂੰ ਬਹੁਤ ਦੁੱਖ ਝੱਲਣੇ ਪਏ ਹਨ, ਪਰ ਯਾਦ ਰੱਖੋ ਕਿ ਯਹੋਵਾਹ ਦੇ ਰਹਿਮ ਕਾਰਨ ਹੀ ਅਸੀਂ ਅੱਜ ਜੀਉਂਦੇ ਹਾਂ।

ਇਸ ਤੋਂ ਇਲਾਵਾ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦਿੱਤੀ ਹੈ ਤਾਂਕਿ ਅਸੀਂ ਪਾਪ ਅਤੇ ਉਸ ਦੇ ਬੁਰੇ ਨਤੀਜਿਆਂ ਤੋਂ ਬਚ ਸਕੀਏ। ਅਸੀਂ ਤਾਂ ਹੀ ਬਚ ਸਕਾਂਗੇ ਜੇ ਅਸੀਂ ਯਹੋਵਾਹ ਦੇ ਹੁਕਮ ਮੰਨਾਂਗੇ ਅਤੇ ਉਸ ਦੇ ਪੁੱਤਰ ਦੇ ਬਲੀਦਾਨ ਵਿਚ ਨਿਹਚਾ ਕਰਾਂਗੇ। ਇਸੇ ਬਲੀਦਾਨ ਦੇ ਆਧਾਰ ਤੇ ਅਸੀਂ ਨਵੀਂ ਦੁਨੀਆਂ ਵਿਚ ਜੀਉਣ ਦੀ ਉਮੀਦ ਰੱਖ ਸਕਦੇ ਹਾਂ ਅਤੇ ਜੇ ਅਸੀਂ ਮਰ ਵੀ ਜਾਈਏ, ਤਾਂ ਯਹੋਵਾਹ ਸਾਨੂੰ ਮੌਤ ਦੀ ਗਰਿਫ਼ਤ ਵਿੱਚੋਂ ਆਜ਼ਾਦ ਕਰਾ ਕੇ ਫਿਰ ਤੋਂ ਜ਼ਿੰਦਾ ਕਰ ਸਕਦਾ ਹੈ।

ਸ਼ਤਾਨ ਦੇ ਇਸ ਇਲਜ਼ਾਮ ਦਾ ਵੀ ਜਵਾਬ ਮਿਲਿਆ ਹੈ ਕਿ ਇਨਸਾਨ ਅਜ਼ਮਾਇਸ਼ਾਂ ਅਧੀਨ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹਿਣਗੇ। ਪਰ ਪੂਰੇ ਇਤਿਹਾਸ ਦੌਰਾਨ ਯਹੋਵਾਹ ਦੇ ਸੇਵਕਾਂ ਨੇ ਸਾਬਤ ਕੀਤਾ ਹੈ ਕਿ ਉਹ ਸੱਚੇ ਪਿਆਰ ਕਾਰਨ ਉਸ ਦੀ ਸੇਵਾ ਕਰਦੇ ਹਨ। ਚਾਹੇ ਉਨ੍ਹਾਂ ਉੱਤੇ ਅਜ਼ਮਾਇਸ਼ਾਂ ਦੇ ਵੱਡੇ-ਵੱਡੇ ਤੂਫ਼ਾਨ ਆਏ ਹਨ, ਫਿਰ ਵੀ ਉਹ ਵਫ਼ਾਦਾਰ ਰਹੇ ਹਨ। ਯਹੋਵਾਹ ਦੀ ਹਕੂਮਤ ਬਾਰੇ ਅਤੇ ਇਨਸਾਨਾਂ ਦੀ ਵਫ਼ਾਦਾਰੀ ਬਾਰੇ ਖੜ੍ਹੇ ਕੀਤੇ ਗਏ ਸਵਾਲਾਂ ਦੇ ਜਵਾਬ ਦੇਣੇ ਬਹੁਤ ਜ਼ਰੂਰੀ ਹਨ। ਤਦ ਹੀ ਇਸ ਦੁਨੀਆਂ ਵਿਚ ਸ਼ਾਂਤੀ ਆ ਸਕਦੀ ਹੈ। *

[ਫੁਟਨੋਟ]

^ ਪੈਰਾ 36 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਯਹੋਵਾਹ ਦੇ ਨੇੜੇ ਰਹੋ ਵਿਚ ਇਨ੍ਹਾਂ ਗੱਲਾਂ ਬਾਰੇ ਹੋਰ ਜਾਣਕਾਰੀ ਦਿੱਤੀ ਗਈ ਹੈ।

[ਤਸਵੀਰ]

ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਖ਼ਤਮ ਕੀਤੀਆਂ ਜਾਣਗੀਆਂ