ਸਿਰਫ਼ ਜਾਗਦੇ ਰਹਿਣ ਵਾਲੇ ਬਚ ਨਿਕਲੇ
ਸਿਰਫ਼ ਜਾਗਦੇ ਰਹਿਣ ਵਾਲੇ ਬਚ ਨਿਕਲੇ
ਜਦੋਂ ਯਿਸੂ ਧਰਤੀ ਤੇ ਸੀ, ਤਾਂ ਉਸ ਨੇ ਯਰੂਸ਼ਲਮ ਸ਼ਹਿਰ ਅਤੇ ਉਸ ਦੇ ਮੰਦਰ ਦੇ ਨਾਸ਼ ਬਾਰੇ ਚੇਤਾਵਨੀ ਦਿੱਤੀ ਸੀ। ਉਸ ਨੇ ਇਹ ਨਹੀਂ ਦੱਸਿਆ ਕਿ ਇਹ ਕਿਸ ਤਾਰੀਖ਼ ਤੇ ਹੋਣਾ ਸੀ। ਉਸ ਨੇ ਆਪਣੇ ਚੇਲਿਆਂ ਨੂੰ ਸਿਰਫ਼ ਇਹੋ ਦੱਸਿਆ ਕਿ ਅੰਤ ਆਉਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਘਟਨਾਵਾਂ ਵਾਪਰਨੀਆਂ ਸਨ। ਉਨ੍ਹਾਂ ਨੂੰ ਜਾਗਦੇ ਰਹਿਣ ਦੀ ਲੋੜ ਸੀ ਤਾਂਕਿ ਉਹ ਇਨ੍ਹਾਂ ਨੂੰ ਦੇਖ ਕੇ ਯਰੂਸ਼ਲਮ ਤੋਂ ਭੱਜ ਸਕਣ।
ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ “ਜਾਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਭਈ ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ ਹੈ।” ਉਸ ਨੇ ਇਹ ਵੀ ਕਿਹਾ ਕਿ ‘ਜਦ ਤੁਸੀਂ ਉਜਾੜਨ ਵਾਲੀ ਘਿਣਾਉਣੀ ਚੀਜ਼’ ਯਾਨੀ ਦੁਸ਼ਮਣ ਫ਼ੌਜ ਨੂੰ ‘ਪਵਿੱਤ੍ਰ ਥਾਂ ਵਿੱਚ ਖੜੀ ਵੇਖੋਗੇ, ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।’ ਯਿਸੂ ਨੇ ਚੇਲਿਆਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਆਪਣਾ ਸਾਮਾਨ ਵਗੈਰਾ ਇਕੱਠਾ ਕਰਨ ਲਈ ਵਾਪਸ ਨਹੀਂ ਜਾਣਾ ਚਾਹੀਦਾ ਸੀ। ਜੇ ਉਨ੍ਹਾਂ ਨੂੰ ਆਪਣੀ ਜਾਨ ਪਿਆਰੀ ਸੀ, ਤਾਂ ਇਹ ਜ਼ਰੂਰੀ ਸੀ ਕਿ ਉਹ ਸ਼ਹਿਰੋਂ ਦੂਰ ਭੱਜ ਜਾਣ।—ਲੂਕਾ 21:20, 21; ਮੱਤੀ 24:15, 16.
ਸਾਲ 66 ਸਾ.ਯੁ. ਵਿਚ ਰੋਮੀ ਹਾਕਮ ਸੈਸਟੀਅਸ ਗੈਲਸ ਆਪਣੇ ਸਿਪਾਹੀਆਂ ਸਮੇਤ ਯਰੂਸ਼ਲਮ ਤੇ ਹਮਲਾ ਕਰਨ ਆਇਆ। ਉਸ ਨੇ ਸ਼ਹਿਰ ਵਿਚ ਆ ਕੇ ਮੰਦਰ ਉੱਤੇ ਕਬਜ਼ਾ ਕਰ ਲਿਆ। ਸ਼ਹਿਰ ਵਿਚ ਹਲਚਲ ਮਚ ਗਈ! ਯਿਸੂ ਦੇ ਚੇਲਿਆਂ ਨੂੰ ਉਸ ਦੀ ਗੱਲ ਯਾਦ ਆਈ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਅੰਤ ਨੇੜੇ ਸੀ। ਪਰ ਰੋਮੀ ਫ਼ੌਜ ਨੇ ਤਾਂ ਪੂਰੇ ਸ਼ਹਿਰ ਨੂੰ ਘੇਰ ਰੱਖਿਆ ਸੀ, ਤਾਂ ਫਿਰ ਉਹ ਕਿਸ ਤਰ੍ਹਾਂ ਭੱਜ ਸਕਦੇ ਸਨ? ਅਚਾਨਕ ਹੀ ਸੈਸਟੀਅਸ ਗੈਲਸ ਦੀ ਫ਼ੌਜ ਪਿੱਛੇ ਹਟ ਗਈ ਅਤੇ ਬਾਗ਼ੀ ਯਹੂਦੀਆਂ ਨੇ ਉਸ ਦਾ ਪਿੱਛਾ ਕੀਤਾ। ਯਰੂਸ਼ਲਮ ਅਤੇ ਯਹੂਦਿਯਾ ਤੋਂ ਭੱਜਣ ਦਾ ਸਮਾਂ ਆ ਗਿਆ ਸੀ!
ਅਗਲੇ ਸਾਲ, ਰੋਮੀ ਹਾਕਮ ਵੇਸਪੇਸ਼ਨ ਅਤੇ ਉਸ ਦੇ ਪੁੱਤਰ ਟਾਈਟਸ ਦੀਆਂ ਫ਼ੌਜਾਂ ਦੇਸ਼ ਵਿਚ ਵਾਪਸ ਆਈਆਂ। ਨਤੀਜੇ ਵਜੋਂ ਪੂਰੇ ਦੇਸ਼ ਵਿਚ ਹੰਗਾਮਾ ਮਚ ਗਿਆ। ਸਾਲ 70 ਸਾ.ਯੁ. ਵਿਚ ਰੋਮੀ ਫ਼ੌਜੀਆਂ ਨੇ ਯਰੂਸ਼ਲਮ ਸ਼ਹਿਰ ਦੁਆਲੇ ਮੋਰਚਾ ਬੰਨ੍ਹ ਕੇ ਉਸ ਨੂੰ ਘੇਰ ਲਿਆ। ਹੁਣ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ। (ਲੂਕਾ 19:43, 44) ਸ਼ਹਿਰ ਦੇ ਅੰਦਰ ਲੋਕ ਆਪਸ ਵਿਚ ਲੜ ਕੇ ਇਕ-ਦੂਸਰੇ ਨੂੰ ਮਾਰਨ-ਵੱਢਣ ਲੱਗ ਪਏ। ਬਾਕੀ ਸਾਰੇ ਜਾਂ ਤਾਂ ਰੋਮੀ ਫ਼ੌਜ ਦੁਆਰਾ ਮਾਰੇ ਗਏ ਜਾਂ ਬੰਦੀ ਬਣਾਏ ਗਏ। ਪਹਿਲੀ ਸਦੀ ਦੇ ਇਕ ਯਹੂਦੀ ਇਤਿਹਾਸਕਾਰ ਦੇ ਅਨੁਸਾਰ ਉਸ ਸਮੇਂ ਦਸ ਲੱਖ ਤੋਂ ਜ਼ਿਆਦਾ ਯਹੂਦੀ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ। ਸ਼ਹਿਰ ਅਤੇ ਮੰਦਰ ਤਬਾਹ ਕੀਤੇ ਗਏ ਅਤੇ ਅੱਜ ਤਕ ਮੰਦਰ ਦੁਬਾਰਾ ਉਸਾਰਿਆ ਨਹੀਂ ਗਿਆ।
ਜੇ ਮਸੀਹੀਆਂ ਨੇ ਯਿਸੂ ਦੀ ਚੇਤਾਵਨੀ ਵੱਲ ਧਿਆਨ ਨਾ ਦਿੱਤਾ ਹੁੰਦਾ, ਤਾਂ 70 ਸਾ.ਯੁ. ਵਿਚ ਉਹ ਬਾਕੀ ਲੋਕਾਂ ਨਾਲ ਮਾਰੇ ਜਾਂਦੇ ਜਾਂ ਬੰਦੀ ਬਣਾਏ ਜਾਂਦੇ। ਉਸ ਸਮੇਂ ਦੇ ਇਤਿਹਾਸਕਾਰ ਕਹਿੰਦੇ ਹਨ ਕਿ ਮਸੀਹੀ ਯਿਸੂ ਦੀ ਚੇਤਾਵਨੀ ਅਨੁਸਾਰ ਯਰੂਸ਼ਲਮ ਅਤੇ ਯਹੂਦਿਯਾ ਤੋਂ ਨਿਕਲ ਕੇ ਯਰਦਨ ਨਦੀ ਦੇ ਪੂਰਬ ਵੱਲ ਪਹਾੜਾਂ ਨੂੰ ਭੱਜ ਗਏ ਸਨ। ਉਹ ਯਹੂਦਿਯਾ ਵਾਪਸ ਨਹੀਂ ਆਏ। ਕਈ ਮਸੀਹੀ ਪੀਰਿਆ ਇਲਾਕੇ ਦੇ ਪੈਲਾ ਸ਼ਹਿਰ ਵਿਚ ਜਾ ਕੇ ਵੱਸ ਗਏ। ਯਿਸੂ ਦੀ ਚੇਤਾਵਨੀ ਤੇ ਚੱਲਣ ਕਾਰਨ ਉਨ੍ਹਾਂ ਦੀਆਂ ਜਾਨਾਂ ਬਚ ਗਈਆਂ।
ਕੀ ਤੁਸੀਂ ਚੇਤਾਵਨੀਆਂ ਵੱਲ ਧਿਆਨ ਦਿੰਦੇ ਹੋ?
ਕਈ ਵਾਰ ਚੇਤਾਵਨੀਆਂ ਦਿੱਤੀਆਂ ਜਾਂਦੀਆਂ ਹਨ, ਪਰ ਉਹ ਗ਼ਲਤ ਸਾਬਤ ਹੁੰਦੀਆਂ ਹਨ। ਇਸ ਲਈ ਲੋਕ ਚੇਤਾਵਨੀਆਂ ਸੁਣ-ਸੁਣ ਕੇ ਅੱਕ ਜਾਂਦੇ ਹਨ। ਉਹ ਚੇਤਾਵਨੀਆਂ ਨੂੰ ਜਾਂ ਤਾਂ ਮਾਮੂਲੀ ਸਮਝਣ ਲੱਗ ਪੈਂਦੇ ਹਨ ਜਾਂ ਉਨ੍ਹਾਂ ਵੱਲ ਧਿਆਨ ਨਹੀਂ ਦਿੰਦੇ। ਪਰ ਚੇਤਾਵਨੀਆਂ ਵੱਲ ਧਿਆਨ ਦੇਣ ਨਾਲ ਸਾਡੀ ਜਾਨ ਬਚ ਸਕਦੀ ਹੈ।
ਮਿਸਾਲ ਲਈ, ਚੀਨ ਦੇਸ਼ ਦੀ ਸਰਕਾਰ ਨੇ 1975 ਵਿਚ ਇਕ ਭੁਚਾਲ ਦੀ ਚੇਤਾਵਨੀ ਦਿੱਤੀ ਸੀ। ਲੋਕਾਂ ਨੇ ਚੇਤਾਵਨੀ ਸੁਣ ਕੇ ਇਕਦਮ ਕਦਮ ਉਠਾਇਆ ਅਤੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚ ਗਈਆਂ।
ਫ਼ਿਲਪੀਨ ਟਾਪੂਆਂ ਵਿਚ ਵੀ ਇਸੇ ਤਰ੍ਹਾਂ ਹੋਇਆ। ਪਿਨਾਟੂਬੋ ਪਹਾੜ ਦੇ ਵਾਸੀਆਂ ਨੇ ਅਪ੍ਰੈਲ 1991 ਵਿਚ ਦੇਖਿਆ ਕਿ ਪਹਾੜ ਵਿੱਚੋਂ ਭਾਫ਼ ਤੇ ਸੁਆਹ ਨਿਕਲ ਰਹੀ ਸੀ। ਦੋ ਮਹੀਨਿਆਂ ਤਕ ਵਿਗਿਆਨੀਆਂ ਨੇ ਇਸ ਉੱਤੇ ਧਿਆਨ ਰੱਖਿਆ ਅਤੇ ਵੇਲੇ ਸਿਰ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੁਆਲਾਮੁਖੀ ਫਟਣ ਵਾਲਾ ਸੀ। ਫਟਾਫਟ ਹਜ਼ਾਰਾਂ ਲੋਕਾਂ ਨੂੰ ਉਸ ਇਲਾਕੇ ਤੋਂ ਕੱਢਿਆ ਗਿਆ। ਜੂਨ 15 ਦੀ ਸਵੇਰ ਨੂੰ ਬੰਬ ਵਾਂਗ ਇਕ ਵੱਡਾ ਧਮਾਕਾ ਹੋਇਆ। ਜੁਆਲਾਮੁਖੀ ਵਿੱਚੋਂ ਸੁਆਹ ਤੇ ਅੰਗਾਰੇ ਨਿਕਲ ਕੇ ਸਾਰੇ ਪਾਸੇ ਫੈਲ ਗਏ। ਚੇਤਾਵਨੀ ਨੂੰ ਸੁਣਨ ਕਾਰਨ ਹਜ਼ਾਰਾਂ ਦੀਆਂ ਜਾਨਾਂ ਬਚ ਗਈਆਂ।
ਬਾਈਬਲ ਇਹ ਚੇਤਾਵਨੀ ਦਿੰਦੀ ਹੈ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ। ਕੀ ਅਸੀਂ ਅੰਤ ਦੀਆਂ ਨਿਸ਼ਾਨੀਆਂ ਵੱਲ ਧਿਆਨ ਦੇ ਰਹੇ ਹਾਂ? ਕੀ ਅਸੀਂ ਖ਼ਤਰੇ ਤੋਂ ਬਚਣ ਲਈ ਕਦਮ ਉਠਾ ਰਹੇ ਹਾਂ? ਅਤੇ ਕੀ ਅਸੀਂ ਦੂਸਰਿਆਂ ਨੂੰ ਵੀ ਇਹ ਚੇਤਾਵਨੀ ਦੇ ਰਹੇ ਹਾਂ?
[ਸਫ਼ਾ 20 ਉੱਤੇ ਤਸਵੀਰ]
ਚੇਤਾਵਨੀ ਵੱਲ ਧਿਆਨ ਦੇਣ ਕਾਰਨ ਪਿਨਾਟੂਬੋ ਪਹਾੜ ਦੇ ਹਜ਼ਾਰਾਂ ਵਾਸੀਆਂ ਦੀ ਜਾਨ ਬਚੀ
[ਸਫ਼ਾ 21 ਉੱਤੇ ਤਸਵੀਰ]
ਜਦੋਂ 70 ਸਾ.ਯੁ. ਵਿਚ ਯਰੂਸ਼ਲਮ ਦਾ ਨਾਸ਼ ਹੋਇਆ ਸੀ, ਤਾਂ ਯਿਸੂ ਦੀ ਚੇਤਾਵਨੀ ਸੁਣਨ ਵਾਲਿਆਂ ਮਸੀਹੀਆਂ ਦੀਆਂ ਜਾਨਾਂ ਬਚੀਆਂ