ਸੰਸਾਰ ਵਿਚ ਕੀ ਹੋ ਰਿਹਾ ਹੈ?
ਸੰਸਾਰ ਵਿਚ ਕੀ ਹੋ ਰਿਹਾ ਹੈ?
ਅਸੀਂ ਰੋਜ਼ ਭੈੜੀਆਂ ਖ਼ਬਰਾਂ ਸੁਣਦੇ ਹਾਂ! ਦੁਨੀਆਂ ਵਿਚ ਇੰਨੀਆਂ ਮੁਸੀਬਤਾਂ ਕਿਉਂ ਹਨ?
ਨਿੱਜੀ ਸਲਾਮਤੀ: ਬਾਜ਼ਾਰਾਂ ਵਿਚ ਬੰਬਾਂ ਦੇ ਧਮਾਕੇ। ਸਕੂਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਉੱਤੇ ਗੋਲੀਆਂ ਦੀ ਬੁਛਾੜ। ਮਾਪਿਆਂ ਦੀਆਂ ਅੱਖਾਂ ਸਾਮ੍ਹਣਿਓਂ ਬੱਚੇ ਅਗਵਾ। ਔਰਤਾਂ ਅਤੇ ਬਜ਼ੁਰਗ ਦਿਨ-ਦਿਹਾੜੇ ਲੁੱਟੇ ਗਏ।
ਧਰਮਾਂ ਦੀ ਸਥਿਤੀ: ਯੁੱਧਾਂ ਵਿਚ ਚਰਚਾਂ ਦਾ ਵੱਡਾ ਹੱਥ। ਪਾਦਰੀਆਂ ਉੱਤੇ ਕੁਲ-ਨਾਸ਼ ਦਾ ਇਲਜ਼ਾਮ। ਪਾਦਰੀਆਂ ਉੱਤੇ ਬਾਲ-ਸ਼ੋਸ਼ਣ ਦਾ ਇਲਜ਼ਾਮ; ਚਰਚ ਇਹ ਕੰਮ ਛੁਪਾਉਂਦੇ। ਘੱਟ ਹਾਜ਼ਰੀ ਕਰਕੇ ਚਰਚਾਂ ਦੀ ਵਿੱਕਰੀ।
ਵਾਤਾਵਰਣ: ਨਫ਼ੇ ਲਈ ਜੰਗਲ-ਬਣ ਦੀ ਤਬਾਹੀ। ਬਾਲਣ ਲਈ ਗ਼ਰੀਬਾਂ ਵੱਲੋਂ ਜੰਗਲੀ ਇਲਾਕਿਆਂ ਦੀ ਤਬਾਹੀ। ਪਾਣੀ ਦੇ ਕੁਦਰਤੀ ਸੋਮੇ ਦੂਸ਼ਿਤ; ਪਾਣੀ ਪੀਣ ਜੋਗਾ ਨਹੀਂ। ਫੈਕਟਰੀਆਂ ਦਾ ਗੰਦ-ਮੰਦ ਨਦੀਆਂ ਤੇ ਸਮੁੰਦਰਾਂ ਵਿਚ: ਪਾਣੀ ਜ਼ਹਿਰੀਲਾ। ਪ੍ਰਦੂਸ਼ਣ ਕਾਰਨ ਲੋਕਾਂ ਲਈ ਸਾਹ ਲੈਣਾ ਮੁਸ਼ਕਲ।
ਰੋਜ਼ੀ ਰੋਟੀ ਕਮਾਉਣੀ: ਅਫ਼ਰੀਕੀ ਦੇਸ਼ਾਂ ਵਿਚ ਸਾਲਾਨਾ ਆਮਦਨ ਨਾਂਹ ਦੇ ਬਰਾਬਰ। ਕੰਪਨੀ ਡਾਇਰੈਕਟਰਾਂ ਦੇ ਲਾਲਚ ਕਾਰਨ ਬਿਜ਼ਨਿਸ ਠੱਪ: ਹਜ਼ਾਰਾਂ ਬੇਰੋਜ਼ਗਾਰ। ਫਰਾਡ ਕਾਰਨ ਪੂੰਜੀਪਤੀ ਬਰਬਾਦ।
ਖਾਣੇ ਦੀ ਕਮੀ: ਦੁਨੀਆਂ ਵਿਚ ਕੁਝ 80 ਕਰੋੜ ਲੋਕ ਖਾਲੀ ਪੇਟ ਸੌਂਦੇ।
ਯੁੱਧ: 20ਵੀਂ ਸਦੀ ਵਿਚ 10 ਕਰੋੜ ਤੋਂ ਜ਼ਿਆਦਾ ਲੋਕ ਯੁੱਧਾਂ ਵਿਚ ਮਾਰੇ ਗਏ। ਨਿਊਕਲੀ ਹਥਿਆਰਾਂ ਦੇ ਵੱਡੇ ਭੰਡਾਰ ਨਾਲ ਦੁਨੀਆਂ ਕਈ ਵਾਰ ਤਬਾਹ ਕੀਤੀ ਜਾ ਸਕਦੀ। ਘਰੇਲੂ ਯੁੱਧ। ਦੁਨੀਆਂ ਭਰ ਵਿਚ ਆਤੰਕਵਾਦ ਫੈਲਿਆ।
ਮਹਾਂਮਾਰੀ ਤੇ ਬੀਮਾਰੀਆਂ: ਸਾਲ 1918 ਤੋਂ ਸਪੈਨਿਸ਼ ਫਲੂ ਕਾਰਨ 2.1 ਕਰੋੜ ਮੌਤਾਂ। ਏਡਜ਼ “ਇਤਿਹਾਸ ਦੀ ਸਭ ਤੋਂ ਮਾਰੂ ਬੀਮਾਰੀ।” ਕੈਂਸਰ ਤੇ ਦਿਲ ਦੇ ਰੋਗਾਂ ਦਾ ਸੰਸਾਰ ਭਰ ਵਿਚ ਕਹਿਰ।
ਕੀ ਇਹ ਘਟਨਾਵਾਂ ਸਿਰਫ਼ ਕੁਝ ਹੀ ਦੇਸ਼ਾਂ ਵਿਚ ਵਾਪਰ ਰਹੀਆਂ ਹਨ? ਜਾਂ ਕੀ ਅਸੀਂ ਪੂਰੇ ਸੰਸਾਰ ਵਿਚ ਇਹ ਗੱਲਾਂ ਦੇਖਦੇ ਹਾਂ?
[ਸਫ਼ਾ 5 ਉੱਤੇ ਡੱਬੀ/ਤਸਵੀਰ]
ਕੀ ਰੱਬ ਦੁਨੀਆਂ ਦੇ ਹਾਲਾਤਾਂ ਬਾਰੇ ਕੁਝ ਕਰੇਗਾ?
ਜਦ ਲੋਕ ਭਿਆਨਕ ਵਾਰਦਾਤਾਂ ਬਾਰੇ ਸੁਣਦੇ ਹਨ ਜਾਂ ਉਨ੍ਹਾਂ ਉੱਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ, ਤਾਂ ਅਕਸਰ ਉਹ ਰੱਬ ਨੂੰ ਪੁਕਾਰਦੇ ਹਨ: “ਹੇ ਰੱਬਾ, ਇੱਦਾਂ ਕਿਉਂ ਹੁੰਦਾ ਹੈ?” ਉਹ ਸੋਚਦੇ ਹਨ ਕਿ ਰੱਬ ਕੁਝ ਕਰਦਾ ਕਿਉਂ ਨਹੀਂ।
ਰੱਬ ਸਾਨੂੰ ਬਹੁਤ ਪਿਆਰ ਕਰਦਾ ਹੈ। ਉਹ ਸਾਨੂੰ ਚੰਗੀ ਸਲਾਹ ਦਿੰਦਾ ਹੈ ਅਤੇ ਸਾਡੀ ਮਦਦ ਕਰਦਾ ਹੈ। (ਮੱਤੀ 11:28-30; 2 ਤਿਮੋਥਿਉਸ 3:16, 17) ਉਹ ਹਿੰਸਾ, ਬੀਮਾਰੀ ਅਤੇ ਮੌਤ ਨੂੰ ਹਮੇਸ਼ਾ ਲਈ ਖ਼ਤਮ ਕਰੇਗਾ। ਉਹ ਸਿਰਫ਼ ਇਕ ਨਸਲ ਦੇ ਲੋਕਾਂ ਨਾਲ ਨਹੀਂ, ਸਗੋਂ ਹਰੇਕ ਕੌਮ, ਨਸਲ ਤੇ ਬੋਲੀ ਦੇ ਲੋਕਾਂ ਨਾਲ ਪਿਆਰ ਕਰਦਾ ਹੈ।—ਰਸੂਲਾਂ ਦੇ ਕਰਤੱਬ 10:34, 35.
ਅਸੀਂ ਰੱਬ ਨਾਲ ਕਿੰਨਾ ਕੁ ਪਿਆਰ ਕਰਦੇ ਹਾਂ? ਕੀ ਤੁਹਾਨੂੰ ਪਤਾ ਹੈ ਕਿ ਕਿਸ ਨੇ ਜ਼ਮੀਨ-ਆਸਮਾਨ ਸਾਜਿਆ? ਉਸ ਦਾ ਨਾਂ ਕੀ ਹੈ? ਉਸ ਨੇ ਸਾਨੂੰ ਇਸ ਧਰਤੀ ਤੇ ਜ਼ਿੰਦਗੀ ਕਿਉਂ ਬਖ਼ਸ਼ੀ? ਰੱਬ ਨੇ ਆਪਣੇ ਬਚਨ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਹਨ। ਇਸ ਦੇ ਨਾਲ-ਨਾਲ ਉਸ ਨੇ ਹਿੰਸਾ, ਬੀਮਾਰੀ ਅਤੇ ਮੌਤ ਨੂੰ ਖ਼ਤਮ ਕਰਨ ਦੇ ਆਪਣੇ ਮਕਸਦ ਬਾਰੇ ਵੀ ਦੱਸਿਆ ਹੈ। ਇਸ ਮਕਸਦ ਦੀ ਪੂਰਤੀ ਦੇਖਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਉਸ ਬਾਰੇ ਅਤੇ ਉਸ ਦੇ ਮਕਸਦ ਬਾਰੇ ਸਿੱਖਣ ਦੀ ਲੋੜ ਹੈ। ਪਰ ਜੇ ਅਸੀਂ ਇਨ੍ਹਾਂ ਗੱਲਾਂ ਤੇ ਵਿਸ਼ਵਾਸ ਹੀ ਨਹੀਂ ਕਰਦੇ, ਤਾਂ ਕੀ ਅਸੀਂ ਰੱਬ ਵੱਲੋਂ ਅਸੀਸਾਂ ਪਾ ਸਕਾਂਗੇ? ਬਿਲਕੁਲ ਨਹੀਂ। (ਯੂਹੰਨਾ 3:16; ਇਬਰਾਨੀਆਂ 11:6) ਉਸ ਦੀਆਂ ਅਸੀਸਾਂ ਪਾਉਣ ਲਈ ਇਹ ਵੀ ਜ਼ਰੂਰੀ ਹੈ ਕਿ ਅਸੀਂ ਉਸ ਦਾ ਕਹਿਣਾ ਮੰਨੀਏ। (1 ਯੂਹੰਨਾ 5:3) ਕੀ ਤੁਸੀਂ ਰੱਬ ਨਾਲ ਇੰਨਾ ਪਿਆਰ ਕਰਦੇ ਹੋ ਕਿ ਤੁਸੀਂ ਉਸ ਦੇ ਹੁਕਮਾਂ ਅਤੇ ਰਾਹਾਂ ਉੱਤੇ ਚੱਲਣ ਲਈ ਤਿਆਰ ਹੋ?
ਪਰ ਰੱਬ ਅੱਜ ਦਿਆਂ ਹਾਲਾਤਾਂ ਬਾਰੇ ਕੁਝ ਕਿਉਂ ਨਹੀਂ ਕਰਦਾ? ਇਸ ਦਾ ਇਕ ਬਹੁਤ ਹੀ ਚੰਗਾ ਕਾਰਨ ਹੈ। ਉਸ ਦਾ ਬਚਨ ਯਾਨੀ ਪਵਿੱਤਰ ਬਾਈਬਲ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ। ਇਸ ਰਸਾਲੇ ਦੇ 15ਵੇਂ ਸਫ਼ੇ ਤੇ ਤੁਸੀਂ ਇਸ ਬਾਰੇ ਪੜ੍ਹ ਸਕਦੇ ਹੋ।