Skip to content

Skip to table of contents

ਪੁਸਤਕ ਕਿਵੇਂ ਬਚੀ ਰਹੀ?

ਪੁਸਤਕ ਕਿਵੇਂ ਬਚੀ ਰਹੀ?

ਪੁਸਤਕ ਕਿਵੇਂ ਬਚੀ ਰਹੀ?

ਪ੍ਰਾਚੀਨ ਲਿਖਤਾਂ ਦੇ ਕੁਦਰਤੀ ਵੈਰੀ ਹੁੰਦੇ ਸਨ, ਜਿਵੇਂ ਅੱਗ, ਸਿੱਲ੍ਹ, ਅਤੇ ਉੱਲੀ। ਬਾਈਬਲ ਅਜਿਹੇ ਖ਼ਤਰਿਆਂ ਤੋਂ ਮੁਕਤ ਨਹੀਂ ਸੀ। ਇਸ ਦਾ ਰਿਕਾਰਡ ਕਿ ਇਹ ਕਿਵੇਂ ਸਮੇਂ ਦੇ ਤਬਾਹਕੁਨ ਅਸਰਾਂ ਤੋਂ ਬਚ ਕੇ ਸੰਸਾਰ ਦੀ ਸਭ ਤੋਂ ਪ੍ਰਾਪਤੀਯੋਗ ਪੁਸਤਕ ਬਣੀ ਹੈ, ਪ੍ਰਾਚੀਨ ਲਿਖਤਾਂ ਵਿੱਚੋਂ ਸਿਰਕੱਢਵਾਂ ਹੈ। ਉਹ ਇਤਿਹਾਸ ਕੇਵਲ ਸਰਸਰੀ ਦਿਲਚਸਪੀ ਨਾਲੋਂ ਜ਼ਿਆਦਾ ਧਿਆਨ ਦੇ ਯੋਗ ਹੈ।

ਬਾਈਬਲ ਲਿਖਾਰੀਆਂ ਨੇ ਆਪਣੇ ਸ਼ਬਦਾਂ ਨੂੰ ਪੱਥਰ ਤੇ ਨਹੀਂ ਉੱਕਰਿਆ; ਨਾ ਹੀ ਉਨ੍ਹਾਂ ਨੇ ਹੰਢਣਸਾਰ ਮਿੱਟੀ ਦੀਆਂ ਫੱਟੀਆਂ ਉੱਤੇ ਉਨ੍ਹਾਂ ਨੂੰ ਲਿਖਿਆ। ਜ਼ਾਹਰਾ ਤੌਰ ਤੇ ਉਨ੍ਹਾਂ ਨੇ ਆਪਣਿਆਂ ਸ਼ਬਦਾਂ ਨੂੰ ਨਾਸ਼ਵਾਨ ਸਾਮੱਗਰੀ ਉੱਤੇ ਰਿਕਾਰਡ ਕੀਤਾ​—⁠ਪਪਾਇਰਸ (ਇਸ ਹੀ ਨਾਂ ਦੇ ਮਿਸਰੀ ਬੂਟੇ ਤੋਂ ਬਣਿਆ) ਅਤੇ ਚੰਮ-ਪੱਤਰ (ਪਸ਼ੂਆਂ ਦੇ ਚਮੜੇ ਤੋਂ ਬਣਿਆ)।

ਇਨ੍ਹਾਂ ਮੁਢਲੀਆਂ ਲਿਖਤਾਂ ਨੂੰ ਕੀ ਹੋਇਆ? ਸੰਭਵ ਹੈ ਕਿ ਇਹ ਬਹੁਤ ਚਿਰ ਪਹਿਲਾਂ ਨਸ਼ਟ ਹੋ ਗਈਆਂ ਸਨ, ਜ਼ਿਆਦਾਤਰ ਪ੍ਰਾਚੀਨ ਇਸਰਾਏਲ ਵਿਚ। ਵਿਦਵਾਨ ਔਸਕਰ ਪਾਰੇਟ ਸਮਝਾਉਂਦਾ ਹੈ: “ਲਿਖਾਈ ਲਈ ਇਹ ਦੋਨੋਂ ਹੀ ਮਾਧਿਅਮ [ਪਪਾਇਰਸ ਅਤੇ ਚਮੜਾ] ਸਿੱਲ੍ਹ ਤੋਂ, ਉੱਲੀ ਤੋਂ, ਅਤੇ ਵਿਭਿੰਨ ਸੁੰਡੀਆਂ ਤੋਂ ਬਰਾਬਰ ਖ਼ਤਰੇ ਵਿਚ ਹਨ। ਅਸੀਂ ਰੋਜ਼ਾਨਾ ਤਜਰਬੇ ਤੋਂ ਜਾਣਦੇ ਹਾਂ ਕਿ ਕਿਵੇਂ ਕਾਗਜ਼, ਅਤੇ ਮਜ਼ਬੂਤ ਚਮੜਾ ਵੀ, ਖੁੱਲ੍ਹੀ ਹਵਾ ਵਿਚ ਜਾਂ ਇਕ ਸਲ੍ਹਾਬੇ ਕਮਰੇ ਵਿਚ ਕਿੰਨੇ ਸੌਖਿਆਂ ਹੀ ਖ਼ਰਾਬ ਹੋ ਜਾਂਦੇ ਹਨ।”1

ਜੇਕਰ ਇਹ ਮੁਢਲੀਆਂ ਲਿਖਤਾਂ ਹੁਣ ਹੋਂਦ ਵਿਚ ਨਹੀਂ ਹਨ, ਤਾਂ ਬਾਈਬਲ ਲਿਖਾਰੀਆਂ ਦੇ ਸ਼ਬਦ ਸਾਡੇ ਦਿਨ ਤਕ ਕਿਸ ਤਰ੍ਹਾਂ ਬਚੇ ਰਹੇ?

ਅਤਿ ਧਿਆਨਵਾਨ ਨਕਲਕਾਰਾਂ ਦੁਆਰਾ ਰੱਖਿਆ ਕੀਤੇ ਗਏ

ਮੁਢਲੀਆਂ ਕਾਪੀਆਂ ਦੇ ਲਿਖਣ ਤੋਂ ਜਲਦੀ ਹੀ ਬਾਅਦ, ਹੱਥ-ਲਿਖਿਤ ਕਾਪੀਆਂ ਬਣਾਈਆਂ ਜਾਣੀਆਂ ਸ਼ੁਰੂ ਹੋ ਗਈਆਂ। ਪ੍ਰਾਚੀਨ ਇਸਰਾਏਲ ਵਿਚ ਸ਼ਾਸਤਰ ਦੀਆਂ ਕਾਪੀਆਂ ਬਣਾਉਣੀਆਂ ਦਰਅਸਲ ਇਕ ਪੇਸ਼ਾ ਬਣ ਗਿਆ। (ਅਜ਼ਰਾ 7:6; ਜ਼ਬੂਰ 45:1) ਮਗਰ, ਨਕਲਾਂ ਵੀ ਨਾਸ਼ਵਾਨ ਸਾਮੱਗਰੀ ਉੱਤੇ ਬਣਾਈਆਂ ਗਈਆਂ ਸਨ। ਆਖ਼ਰਕਾਰ ਇਨ੍ਹਾਂ ਦੀ ਥਾਂ ਹੋਰ ਹੱਥ-ਲਿਖਿਤ ਕਾਪੀਆਂ ਬਣਾਉਣੀਆਂ ਪਈਆਂ। ਜਦੋਂ ਮੁਢਲੀਆਂ ਲਿਖਤਾਂ ਹੋਂਦ ਵਿਚ ਨਹੀਂ ਰਹੀਆਂ, ਤਾਂ ਇਹੀ ਕਾਪੀਆਂ ਭਵਿੱਖ ਦੀਆਂ ਹੱਥ-ਲਿਖਤਾਂ ਵਾਸਤੇ ਆਧਾਰ ਬਣੀਆਂ। ਕਾਪੀਆਂ ਤੋਂ ਕਾਪੀਆਂ ਬਣਾਉਣਾ ਇਕ ਅਜਿਹੀ ਕਾਰਜ-ਵਿਧੀ ਸੀ ਜੋ ਕਈ ਸਦੀਆਂ ਲਈ ਜਾਰੀ ਰਹੀ। ਕੀ ਸਦੀਆਂ ਦੇ ਦੌਰਾਨ ਨਕਲਕਾਰਾਂ ਦੀਆਂ ਗ਼ਲਤੀਆਂ ਨੇ ਬਾਈਬਲ ਦੇ ਮੂਲ-ਪਾਠ ਨੂੰ ਬਹੁਤ ਹੀ ਬਦਲ ਦਿੱਤਾ? ਸਬੂਤ ਕਹਿੰਦਾ ਹੈ ਕਿ ਨਹੀਂ।

ਪੇਸ਼ਾਵਰ ਨਕਲਕਾਰ ਬਹੁਤ ਅਰਪਿਤ ਵਿਅਕਤੀ ਸਨ। ਉਹ ਉਨ੍ਹਾਂ ਸ਼ਬਦਾਂ ਦੇ ਪ੍ਰਤੀ ਡੂੰਘੀ ਸ਼ਰਧਾ-ਭਾਵਨਾ ਰੱਖਦੇ ਸਨ ਜੋ ਉਹ ਕਾਪੀ ਕਰਦੇ ਸਨ। ਨਾਲੇ ਉਹ ਅਤਿ ਧਿਆਨਵਾਨ ਵੀ ਸਨ। “ਨਕਲਕਾਰ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਸੋਫ਼ਰ ਹੈ, ਜੋ ਗਿਣਤੀ ਕਰਨ ਅਤੇ ਰਿਕਾਰਡ ਕਰਨ ਦਾ ਸੰਕੇਤ ਦਿੰਦਾ ਹੈ। ਨਕਲਕਾਰਾਂ ਦੀ ਦਰੁਸਤੀ ਨੂੰ ਦਰਸਾਉਣ ਲਈ, ਮਸੋਰਾ ਦੇ ਲਿਖਾਰੀਆਂ ਦੀ ਮਿਸਾਲ ਉੱਤੇ ਗੌਰ ਕਰੋ। * ਉਨ੍ਹਾਂ ਦੇ ਸੰਬੰਧ ਵਿਚ, ਟੋਮਸ ਹਾਰਟਵੈਲ ਹੌਰਨ ਵਿਆਖਿਆ ਕਰਦਾ ਹੈ: “ਉਨ੍ਹਾਂ . . . ਨੇ ਇਹ ਮਿਥ ਲਿਆ ਕਿ ਪੈਂਟਾਟਯੂਕ [ਬਾਈਬਲ ਦੀਆਂ ਪਹਿਲੀਆਂ ਪੰਜ ਪੁਸਤਕਾਂ] ਦਾ ਗਭਲਾ ਅੱਖਰ ਕਿਹੜਾ ਹੈ, ਹਰ ਪੁਸਤਕ ਦਾ ਗਭਲਾ ਵਾਕਾਂਸ਼ ਕੀ ਹੈ, ਅਤੇ ਪੂਰੇ ਇਬਰਾਨੀ ਸ਼ਾਸਤਰ ਵਿਚ [ਇਬਰਾਨੀ] ਅੱਖਰਕ੍ਰਮ ਦਾ ਹਰ ਇਕ ਅੱਖਰ ਕਿੰਨੀ ਵਾਰੀ ਪਾਇਆ ਜਾਂਦਾ ਹੈ।”3

ਇੰਜ, ਮਾਹਰ ਨਕਲਕਾਰਾਂ ਨੇ ਵਿਭਿੰਨ ਪੱਖੋਂ ਜਾਂਚ ਕਰਨ ਦੇ ਅਨੇਕ ਤਰੀਕੇ ਵਰਤੇ। ਇੱਥੋਂ ਤਕ ਕਿ ਉਨ੍ਹਾਂ ਨੇ ਨਾ ਸਿਰਫ਼ ਸ਼ਬਦਾਂ ਨੂੰ, ਪਰੰਤੂ ਅੱਖਰਾਂ ਨੂੰ ਵੀ ਗਿਣਿਆ ਤਾਂਕਿ ਬਾਈਬਲ ਮੂਲ-ਪਾਠ ਵਿੱਚੋਂ ਕੇਵਲ ਇਕ ਵੀ ਅੱਖਰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਇਸ ਵਿਚ ਸ਼ਾਮਲ ਮਿਹਨਤੀ ਧਿਆਨ ਉੱਤੇ ਗੌਰ ਕਰੋ: ਰਿਪੋਰਟ ਅਨੁਸਾਰ ਉਹ ਇਬਰਾਨੀ ਸ਼ਾਸਤਰ ਵਿਚ ਪਾਏ ਗਏ 8,15,140 ਵੱਖਰੇ-ਵੱਖਰੇ ਅੱਖਰਾਂ ਦਾ ਹਿਸਾਬ ਰੱਖਦੇ ਸਨ!4 ਅਜਿਹੇ ਉੱਦਮੀ ਜਤਨ ਨੇ ਦਰੁਸਤੀ ਦਾ ਇਕ ਉੱਚਾ ਦਰਜਾ ਨਿਸ਼ਚਿਤ ਕੀਤਾ।

ਫਿਰ ਵੀ, ਨਕਲਕਾਰ ਅਚੂਕ ਨਹੀਂ ਸਨ। ਕੀ ਕੋਈ ਅਜਿਹਾ ਸਬੂਤ ਹੈ ਕਿ ਸਦੀਆਂ ਦੌਰਾਨ ਵਾਰ-ਵਾਰ ਕਾਪੀ ਕਰਨ ਦੇ ਬਾਵਜੂਦ, ਬਾਈਬਲ ਮੂਲ-ਪਾਠ ਵਿਸ਼ਵਾਸਯੋਗ ਰੂਪ ਵਿਚ ਬਚਿਆ ਹੈ?

ਵਿਸ਼ਵਾਸ ਲਈ ਇਕ ਠੋਸ ਆਧਾਰ

ਇਹ ਵਿਸ਼ਵਾਸ ਰੱਖਣ ਦਾ ਚੰਗਾ ਕਾਰਨ ਹੈ ਕਿ ਬਾਈਬਲ ਸਾਡੇ ਸਮਿਆਂ ਤਕ ਦਰੁਸਤ ਰੂਪ ਵਿਚ ਪਹੁੰਚਾਈ ਗਈ ਹੈ। ਸਬੂਤ ਵਿਚ ਮੌਜੂਦਾ ਹੱਥ-ਲਿਖਤਾਂ ਸ਼ਾਮਲ ਹਨ—ਪੂਰੇ ਇਬਰਾਨੀ ਸ਼ਾਸਤਰ ਜਾਂ ਇਸ ਦੇ ਭਾਗਾਂ ਦੀਆਂ ਅਨੁਮਾਨਿਤ 6,000 ਅਤੇ ਯੂਨਾਨੀ ਵਿਚ ਮਸੀਹੀ ਸ਼ਾਸਤਰ ਦੀਆਂ 5,000 ਕੁ ਹੱਥ-ਲਿਖਤਾਂ। ਇਨ੍ਹਾਂ ਦੇ ਵਿਚ 1947 ਵਿਚ ਲੱਭੀ ਗਈ ਇਕ ਇਬਰਾਨੀ ਸ਼ਾਸਤਰ ਦੀ ਹੱਥ-ਲਿਖਤ ਸ਼ਾਮਲ ਹੈ ਜੋ ਦਰਸਾਉਂਦੀ ਹੈ ਕਿ ਸ਼ਾਸਤਰ ਦੀਆਂ ਕਾਪੀਆਂ ਕਿੰਨੀ ਦਰੁਸਤੀ ਨਾਲ ਬਣਾਈਆਂ ਗਈਆਂ ਸਨ। ਉਸ ਸਮੇਂ ਤੋਂ ਇਸ ਨੂੰ “ਆਧੁਨਿਕ ਸਮਿਆਂ ਦੀ ਸਭ ਤੋਂ ਵੱਡੀ ਹੱਥ-ਲਿਖਤ ਲੱਭਤ” ਸੱਦਿਆ ਗਿਆ ਹੈ।5

ਉਸ ਸਾਲ ਦੇ ਮੁੱਢ ਵਿਚ ਆਪਣੇ ਝੁੰਡਾਂ ਦੀ ਦੇਖ-ਭਾਲ ਕਰਦੇ ਸਮੇਂ, ਇਕ ਜਵਾਨ ਟੱਪਰੀਵਾਸ ਚਰਵਾਹੇ ਨੂੰ ਮ੍ਰਿਤ ਸਾਗਰ ਦੇ ਨੇੜੇ ਇਕ ਗੁਫਾ ਲੱਭੀ। ਉਸ ਵਿਚ ਉਸ ਨੂੰ ਮਿੱਟੀ ਦੇ ਕਈ ਮਰਤਬਾਨ ਮਿਲੇ, ਜੋ ਜ਼ਿਆਦਾਤਰ ਖਾਲੀ ਸਨ। ਪਰੰਤੂ, ਉਨ੍ਹਾਂ ਵਿੱਚੋਂ ਇਕ ਘੁੱਟ ਕੇ ਬੰਦ ਕੀਤੇ ਗਏ ਮਰਤਬਾਨ ਵਿਚ ਉਸ ਨੂੰ ਚਮੜੇ ਦੀ ਇਕ ਪੋਥੀ ਲੱਭੀ ਜੋ ਧਿਆਨ ਨਾਲ ਲਿਨਨ ਵਿਚ ਲਪੇਟੀ ਹੋਈ ਸੀ ਅਤੇ ਜਿਸ ਵਿਚ ਯਸਾਯਾਹ ਦੀ ਪੂਰੀ ਬਾਈਬਲ ਪੋਥੀ ਸੀ। ਇਸ ਚੰਗੀ ਸੰਭਾਲ ਵਾਲੀ, ਪਰ ਘਸੀ ਹੋਈ ਪੋਥੀ ਉੱਤੇ ਮੁਰੰਮਤ ਕੀਤੇ ਜਾਣ ਦੇ ਨਿਸ਼ਾਨ ਨਜ਼ਰ ਆਉਂਦੇ ਸਨ। ਜਵਾਨ ਚਰਵਾਹੇ ਨੂੰ ਕਿੰਨਾ ਘੱਟ ਅਹਿਸਾਸ ਸੀ ਕਿ ਜੋ ਪ੍ਰਾਚੀਨ ਪੋਥੀ ਉਸ ਨੇ ਹੱਥ ਵਿਚ ਫੜੀ ਹੋਈ ਸੀ ਉਸ ਨੂੰ ਆਖ਼ਰਕਾਰ ਵਿਸ਼ਵ-ਵਿਆਪੀ ਧਿਆਨ ਦਿੱਤਾ ਜਾਵੇਗਾ।

ਇਸ ਖ਼ਾਸ ਹੱਥ-ਲਿਖਤ ਬਾਰੇ ਕਿਹੜੀ ਚੀਜ਼ ਇੰਨੀ ਮਹੱਤਵਪੂਰਣ ਸੀ? 1947 ਵਿਚ ਪੂਰੀਆਂ ਇਬਰਾਨੀ ਹੱਥ-ਲਿਖਤਾਂ ਦਾ ਸਭ ਤੋਂ ਪੁਰਾਣਾ ਉਪਲਬਧ ਸੰਗ੍ਰਹਿ ਲਗਭਗ ਦਸਵੀਂ ਸਦੀ ਸਾ.ਯੁ. ਦੇ ਸਮੇਂ ਦਾ ਸੀ। ਪਰੰਤੂ ਇਹ ਪੋਥੀ ਦੂਸਰੀ ਸਦੀ ਸਾ.ਯੁ.ਪੂ. ਦੇ ਸਮੇਂ ਦੀ ਸੀ *​—⁠ਇਕ ਹਜ਼ਾਰ ਸਾਲ ਤੋਂ ਜ਼ਿਆਦਾ ਚਿਰ ਪਹਿਲਾਂ। * ਵਿਦਵਾਨ ਇਹ ਪਤਾ ਕਰਨ ਵਿਚ ਬਹੁਤ ਦਿਲਚਸਪੀ ਰੱਖਦੇ ਸਨ ਕਿ ਇਹ ਪੋਥੀ ਉਨ੍ਹਾਂ ਹੱਥ-ਲਿਖਤਾਂ ਨਾਲ ਕਿਵੇਂ ਮੇਲ ਖਾਂਦੀ ਸੀ ਜੋ ਕਾਫ਼ੀ ਸਮੇਂ ਬਾਅਦ ਬਣਾਈਆਂ ਗਈਆਂ ਸਨ।

ਇਕ ਅਧਿਐਨ ਵਿਚ, ਵਿਦਵਾਨਾਂ ਨੇ ਮ੍ਰਿਤ ਸਾਗਰ ਪੋਥੀ ਵਿਚ ਪਾਏ ਗਏ ਯਸਾਯਾਹ ਦੇ 53ਵੇਂ ਅਧਿਆਇ ਦੀ ਇਕ ਹਜ਼ਾਰ ਸਾਲ ਬਾਅਦ ਬਣਾਏ ਗਏ ਮਸੋਰਾ ਦੇ ਮੂਲ-ਪਾਠ ਨਾਲ ਤੁਲਨਾ ਕੀਤੀ। ਪੁਸਤਕ ਬਾਈਬਲ ਦੀ ਇਕ ਸਾਧਾਰਣ ਪ੍ਰਸਤਾਵਨਾ (ਅੰਗ੍ਰੇਜ਼ੀ), ਉਸ ਅਧਿਐਨ ਦੇ ਨਤੀਜੇ ਦੀ ਵਿਆਖਿਆ ਕਰਦੀ ਹੈ: “ਯਸਾਯਾਹ 53 ਦੇ 166 ਸ਼ਬਦਾਂ ਵਿੱਚੋਂ, ਸਿਰਫ਼ ਸਤਾਰਾਂ ਅੱਖਰ ਵਿਵਾਦਪੂਰਣ ਸਨ। ਇਨ੍ਹਾਂ ਵਿੱਚੋਂ ਦਸ ਅੱਖਰਾਂ ਦਾ ਕੇਵਲ ਸ਼ਬਦ-ਜੋੜ ਦਾ ਮਸਲਾ ਹੈ, ਜੋ ਅਰਥ ਉੱਤੇ ਕੋਈ ਅਸਰ ਨਹੀਂ ਪਾਉਂਦਾ ਹੈ। ਚਾਰ ਹੋਰ ਅੱਖਰਾਂ ਵਿਚ ਛੋਟੀਆਂ ਜਿਹੀਆਂ ਸ਼ੈਲੀਗਤ ਤਬਦੀਲੀਆਂ ਹਨ, ਜਿਵੇਂ ਕਿ ਯੋਜਕ। ਬਾਕੀ ਰਹਿੰਦੇ ਤਿੰਨ ਅੱਖਰ ‘ਚਾਨਣ’ ਸ਼ਬਦ ਨੂੰ ਬਣਾਉਂਦੇ ਹਨ, ਜੋ 11 ਆਇਤ ਵਿਚ ਜੋੜਿਆ ਗਿਆ ਹੈ, ਅਤੇ ਅਰਥ ਵਿਚ ਜ਼ਿਆਦਾ ਫ਼ਰਕ ਨਹੀਂ ਪਾਉਂਦਾ ਹੈ। . . . ਇੰਜ, 166 ਸ਼ਬਦਾਂ ਵਾਲੇ ਇਕ ਅਧਿਆਇ ਵਿਚ, ਸਿਰਫ਼ ਇਕ ਹੀ ਸ਼ਬਦ ਹੈ (ਤਿੰਨ ਅੱਖਰ) ਜੋ ਹਜ਼ਾਰ ਸਾਲ ਦੇ ਸੰਚਾਰ ਤੋਂ ਬਾਅਦ ਵਿਵਾਦਪੂਰਣ ਹੈ—ਅਤੇ ਇਹ ਸ਼ਬਦ ਉਸ ਪਾਠ ਦੇ ਅਰਥ ਨੂੰ ਖ਼ਾਸ ਤੌਰ ਤੇ ਨਹੀਂ ਬਦਲਦਾ ਹੈ।”7

ਪ੍ਰੋਫ਼ੈਸਰ ਮਿਲਰ ਬੱਰੋਜ਼, ਜਿਸ ਨੇ ਪੋਥੀਆਂ ਦੇ ਵਿਸ਼ੇ-ਵਸਤੂਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਇਨ੍ਹਾਂ ਦੇ ਸੰਬੰਧ ਵਿਚ ਕਈ ਸਾਲ ਕੰਮ ਕੀਤਾ, ਇਹੀ ਸਿੱਟੇ ਤੇ ਪਹੁੰਚਿਆ: “ਯਸਾਯਾਹ ਦੀ ਪੋਥੀ ਅਤੇ ਮਸੋਰਾ ਦੇ ਮੂਲ-ਪਾਠ ਵਿਚਕਾਰ ਜ਼ਿਆਦਾ ਫ਼ਰਕ, ਨਕਲ ਕਰਨ ਵਿਚ ਗ਼ਲਤੀਆਂ ਹਨ। ਇਨ੍ਹਾਂ ਤੋਂ ਇਲਾਵਾ, ਸਮੁੱਚੇ ਤੌਰ ਤੇ ਇਹ ਮੱਧਕਾਲੀ ਹੱਥ-ਲਿਖਤਾਂ ਵਿਚ ਪਾਏ ਗਏ ਮੂਲ-ਪਾਠ ਨਾਲ ਹੈਰਾਨੀਜਨਕ ਢੰਗ ਨਾਲ ਮੇਲ ਖਾਂਦੀ ਹੈ। ਇਕ ਇੰਨੀ ਜ਼ਿਆਦਾ ਪੁਰਾਣੀ ਹੱਥ-ਲਿਖਤ ਵਿਚ ਪਾਈ ਗਈ ਅਜਿਹੀ ਸਹਿਮਤੀ, ਰਵਾਇਤੀ ਮੂਲ-ਪਾਠ ਦੀ ਆਮ ਦਰੁਸਤੀ ਦਾ ਮੁੜ ਭਰੋਸਾ-ਦਿਵਾਊ ਸਬੂਤ ਦਿੰਦੀ ਹੈ।”8

ਮਸੀਹੀ ਯੂਨਾਨੀ ਸ਼ਾਸਤਰ ਦੀ ਨਕਲ ਕਰਨ ਦੇ ਸੰਬੰਧ ਵਿਚ ਵੀ “ਮੁੜ ਭਰੋਸਾ-ਦਿਵਾਊ ਸਬੂਤ” ਦਿੱਤਾ ਜਾ ਸਕਦਾ ਹੈ। ਉਦਾਹਰਣ ਵਜੋਂ, 19ਵੀਂ ਸਦੀ ਦੀ ਲੱਭਤ ਕੋਡੈਕਸ ਸਿਨੈਟਿਕਸ, ਅਰਥਾਤ ਚੰਮ-ਪੱਤਰ ਉੱਤੇ ਲਿਖੀ ਇਕ ਹੱਥ-ਲਿਖਤ ਜੋ ਚੌਥੀ ਸਦੀ ਸਾ.ਯੁ. ਦੀ ਹੈ, ਨੇ ਮਸੀਹੀ ਯੂਨਾਨੀ ਸ਼ਾਸਤਰ ਦੀਆਂ ਸਦੀਆਂ ਬਾਅਦ ਬਣਾਈਆਂ ਗਈਆਂ ਹੱਥ-ਲਿਖਤਾਂ ਦੀ ਦਰੁਸਤੀ ਦੀ ਪੁਸ਼ਟੀ ਕਰਨ ਵਿਚ ਮਦਦ ਕੀਤੀ। ਮਿਸਰ ਦੇ ਫਈਯੂਮ ਜ਼ਿਲ੍ਹੇ ਵਿਚ ਲੱਭਿਆ ਗਿਆ ਯੂਹੰਨਾ ਦੀ ਇੰਜੀਲ ਦਾ ਇਕ ਪਪਾਇਰੀ ਟੁਕੜਾ, ਦੂਜੀ ਸਦੀ ਸਾ.ਯੁ. ਦੇ ਪਹਿਲੇ ਅੱਧ ਦਾ ਹੈ, ਅਰਥਾਤ ਮੁਢਲੀ ਲਿਖਤ ਤੋਂ 50 ਸਾਲਾਂ ਨਾਲੋਂ ਘੱਟ ਸਮੇਂ ਬਾਅਦ ਦਾ ਹੈ। ਇਹ ਸੁੱਕੇ ਰੇਤੇ ਵਿਚ ਸਦੀਆਂ ਤਕ ਸੁਰੱਖਿਅਤ ਰੱਖਿਆ ਗਿਆ ਸੀ। ਇਸ ਦਾ ਮੂਲ-ਪਾਠ ਉਸ ਨਾਲ ਸਹਿਮਤ ਹੁੰਦਾ ਹੈ ਜੋ ਬਾਅਦ ਦੀਆਂ ਹੱਥ-ਲਿਖਤਾਂ ਵਿਚ ਪਾਇਆ ਜਾਂਦਾ ਹੈ।9

ਇਸ ਤਰ੍ਹਾਂ, ਸਬੂਤ ਪੁਸ਼ਟੀ ਕਰਦਾ ਹੈ ਕਿ ਨਕਲਕਾਰ, ਅਸਲ ਵਿਚ, ਬਹੁਤ ਹੀ ਸਚੇਤ ਸਨ। ਫਿਰ ਵੀ, ਉਨ੍ਹਾਂ ਨੇ ਗ਼ਲਤੀਆਂ ਜ਼ਰੂਰ ਕੀਤੀਆਂ ਸਨ। ਕੋਈ ਇਕ ਹੱਥ-ਲਿਖਤ ਨੁਕਸ-ਰਹਿਤ ਨਹੀਂ ਹੈ—ਬਿਨਾਂ ਸ਼ੱਕ ਯਸਾਯਾਹ ਦੀ ਮ੍ਰਿਤ ਸਾਗਰ ਪੋਥੀ ਵੀ ਨਹੀਂ। ਫਿਰ ਵੀ, ਵਿਦਵਾਨ ਮੁਢਲੀਆਂ ਲਿਖਤਾਂ ਤੋਂ ਅਜਿਹਿਆਂ ਫ਼ਰਕਾਂ ਨੂੰ ਲੱਭ ਕੇ ਸੁਧਾਰ ਸਕੇ ਹਨ।

ਨਕਲਕਾਰਾਂ ਦੀਆਂ ਗ਼ਲਤੀਆਂ ਠੀਕ ਕਰਨੀਆਂ

ਕਲਪਨਾ ਕਰੋ ਕਿ 100 ਵਿਅਕਤੀਆਂ ਨੂੰ ਇਕ ਲੰਬੀ ਦਸਤਾਵੇਜ਼ ਦੀ ਹੱਥ-ਲਿਖਿਤ ਕਾਪੀ ਬਣਾਉਣ ਲਈ ਕਿਹਾ ਜਾਂਦਾ ਹੈ। ਬਿਨਾਂ ਸ਼ੱਕ ਨਕਲਕਾਰਾਂ ਵਿੱਚੋਂ ਘਟੋ-ਘੱਟ ਕੁਝ ਤਾਂ ਜ਼ਰੂਰ ਗ਼ਲਤੀਆਂ ਕਰਨਗੇ। ਪਰੰਤੂ, ਉਹ ਸਾਰੇ ਹੀ ਬਿਲਕੁਲ ਇਕ ਸਮਾਨ ਗ਼ਲਤੀਆਂ ਨਹੀਂ ਕਰਨਗੇ। ਜੇਕਰ ਤੁਸੀਂ ਉਹ ਸਾਰੀਆਂ 100 ਕਾਪੀਆਂ ਨੂੰ ਲੈ ਕੇ ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਤੁਲਨਾ ਕਰਦੇ, ਤਾਂ ਤੁਸੀਂ ਗ਼ਲਤੀਆਂ ਨੂੰ ਅਲੱਗ ਕਰ ਕੇ ਮੁਢਲੀ ਦਸਤਾਵੇਜ਼ ਦੇ ਠੀਕ ਮੂਲ-ਪਾਠ ਨੂੰ ਨਿਰਧਾਰਿਤ ਕਰ ਸਕੋਗੇ, ਭਾਵੇਂ ਕਿ ਤੁਸੀਂ ਉਸ ਨੂੰ ਕਦੇ ਦੇਖਿਆ ਵੀ ਨਾ ਹੋਵੇ।

ਇਸੇ ਤਰ੍ਹਾਂ, ਬਾਈਬਲ ਦੇ ਸਾਰੇ ਨਕਲਕਾਰਾਂ ਨੇ ਇਕ ਸਮਾਨ ਗ਼ਲਤੀਆਂ ਨਹੀਂ ਕੀਤੀਆਂ ਸਨ। ਤੁਲਨਾਤਮਕ ਵਿਸ਼ਲੇਸ਼ਣ ਲਈ ਹੁਣ ਸੱਚ-ਮੁੱਚ ਹਜ਼ਾਰਾਂ ਹੀ ਬਾਈਬਲੀ ਹੱਥ-ਲਿਖਤਾਂ ਉਪਲਬਧ ਹੋਣ ਦੇ ਕਾਰਨ, ਮੂਲ-ਪਾਠ ਦੇ ਵਿਦਵਾਨ ਗ਼ਲਤੀਆਂ ਨੂੰ ਅਲੱਗ ਕਰ ਸਕੇ ਹਨ, ਮੁਢਲੀ ਪੜ੍ਹਾਈ ਨੂੰ ਨਿਰਧਾਰਿਤ ਕਰ ਸਕੇ ਹਨ, ਅਤੇ ਲੋੜੀਂਦੇ ਸੁਧਾਰਾਂ ਨੂੰ ਨੋਟ ਕਰ ਸਕੇ ਹਨ। ਅਜਿਹੇ ਧਿਆਨਪੂਰਵਕ ਅਧਿਐਨ ਦੇ ਨਤੀਜੇ ਵਜੋਂ, ਮੂਲ-ਪਾਠ ਦੇ ਵਿਦਵਾਨਾਂ ਨੇ ਮੁਢਲੀਆਂ ਭਾਸ਼ਾਵਾਂ ਵਿਚ ਮਾਸਟਰ ਮੂਲ-ਪਾਠ ਤਿਆਰ ਕੀਤੇ ਹਨ। ਇਬਰਾਨੀ ਅਤੇ ਯੂਨਾਨੀ ਮੂਲ-ਪਾਠਾਂ ਦੇ ਇਹ ਸੋਧੇ ਗਏ ਸੰਸਕਰਣ ਉਨ੍ਹਾਂ ਸ਼ਬਦਾਂ ਨੂੰ ਗ੍ਰਹਿਣ ਕਰਦੇ ਹਨ ਜੋ ਆਮ ਤੌਰ ਤੇ ਅਸਲੀ ਮੰਨੇ ਗਏ ਹਨ, ਅਤੇ ਇਹ ਅਕਸਰ ਉਨ੍ਹਾਂ ਫ਼ਰਕਾਂ ਜਾਂ ਵਿਕਲਪਕ ਪਠਨਾਂ ਨੂੰ ਫੁਟਨੋਟਾਂ ਵਿਚ ਸੂਚੀਬੱਧ ਕਰਦੇ ਹਨ ਜੋ ਸ਼ਾਇਦ ਕੁਝ ਖ਼ਾਸ ਹੱਥ-ਲਿਖਤਾਂ ਵਿਚ ਮੌਜੂਦ ਹੋਣ। ਬਾਈਬਲ ਨੂੰ ਆਧੁਨਿਕ ਭਾਸ਼ਾਵਾਂ ਵਿਚ ਅਨੁਵਾਦ ਕਰਨ ਲਈ ਬਾਈਬਲ ਅਨੁਵਾਦਕ, ਮੂਲ-ਪਾਠ ਦੇ ਵਿਦਵਾਨਾਂ ਦੁਆਰਾ ਸ਼ੁੱਧ ਬਣਾਏ ਗਏ ਇਨ੍ਹਾਂ ਸੰਸਕਰਣਾਂ ਨੂੰ ਇਸਤੇਮਾਲ ਕਰਦੇ ਹਨ।

ਇਸ ਲਈ ਜਦੋਂ ਤੁਸੀਂ ਬਾਈਬਲ ਦੇ ਇਕ ਆਧੁਨਿਕ ਅਨੁਵਾਦ ਨੂੰ ਪੜ੍ਹਦੇ ਹੋ, ਤਾਂ ਇਹ ਵਿਸ਼ਵਾਸ ਕਰਨ ਦਾ ਹਰ ਕਾਰਨ ਹੈ ਕਿ ਉਹ ਇਬਰਾਨੀ ਅਤੇ ਯੂਨਾਨੀ ਮੂਲ-ਪਾਠ ਜਿਨ੍ਹਾਂ ਉੱਤੇ ਇਹ ਆਧਾਰਿਤ ਹੈ, ਮਾਅਰਕੇ ਦੀ ਸ਼ੁੱਧਤਾ ਨਾਲ ਮੁਢਲੇ ਬਾਈਬਲ ਲਿਖਾਰੀਆਂ ਦੇ ਸ਼ਬਦਾਂ ਨੂੰ ਦਰਸਾਉਂਦੇ ਹਨ। * ਇਸ ਦਾ ਰਿਕਾਰਡ ਕਿ ਕਿਵੇਂ ਬਾਈਬਲ ਹਜ਼ਾਰਾਂ ਸਾਲਾਂ ਦੇ ਦੌਰਾਨ ਵਾਰ-ਵਾਰ ਨਕਲ ਕੀਤੇ ਜਾਣ ਤੇ ਵੀ ਬਚੀ ਰਹੀ ਹੈ, ਸੱਚ-ਮੁੱਚ ਅਨੋਖਾ ਹੈ। ਇਸ ਲਈ, ਸਰ ਫਰੈਡਰਿਕ ਕੈਨਿਅਨ, ਬ੍ਰਿਟਿਸ਼ ਮਿਊਜ਼ੀਅਮ ਦਾ ਲੰਬੇ ਸਮੇਂ ਤੋਂ ਨਿਗਰਾਨ, ਇਹ ਬਿਆਨ ਕਰ ਸਕਦਾ ਸੀ: “ਇਹ ਕਾਫ਼ੀ ਦ੍ਰਿੜ੍ਹਤਾ ਨਾਲ ਕਿਹਾ ਜਾ ਸਕਦਾ ਹੈ ਕਿ ਮੋਟੇ ਤੌਰ ਤੇ ਬਾਈਬਲ ਦਾ ਮੂਲ-ਪਾਠ ਨਿਸ਼ਚਿਤ ਹੈ . . . ਸੰਸਾਰ ਵਿਚ ਕਿਸੇ ਵੀ ਹੋਰ ਪ੍ਰਾਚੀਨ ਪੁਸਤਕ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਹੈ।”10

[ਫੁਟਨੋਟ]

^ ਪੈਰਾ 8 ਮਸੋਰਾ ਦੇ ਲਿਖਾਰੀ (ਅਰਥਾਤ “ਰੀਤਾਂ ਦੇ ਉਸਤਾਦ”) ਇਬਰਾਨੀ ਸ਼ਾਸਤਰ ਦੇ ਨਕਲਕਾਰ ਹੁੰਦੇ ਸਨ ਜੋ ਸਾ.ਯੁ. ਦੀ ਛੇਵੀਂ ਅਤੇ ਦਸਵੀਂ ਸਦੀ ਦੇ ਦਰਮਿਆਨ ਰਹਿੰਦੇ ਸਨ। ਉਨ੍ਹਾਂ ਦੁਆਰਾ ਬਣਾਈਆਂ ਹੱਥ-ਲਿਖਿਤ ਕਾਪੀਆਂ ਨੂੰ ਮਸੋਰਾ ਦਾ ਮੂਲ-ਪਾਠ ਸੱਦਿਆ ਜਾਂਦਾ ਹੈ।2

^ ਪੈਰਾ 14 ਸਾ.ਯੁ.ਪੂ. ਦਾ ਅਰਥ “ਸਾਧਾਰਣ ਯੁਗ ਪੂਰਵ” ਹੈ। ਸਾ.ਯੁ. “ਸਾਧਾਰਣ ਯੁਗ” ਨੂੰ ਸੰਕੇਤ ਕਰਦਾ ਹੈ, ਜੋ ਸੰਨ-ਈਸਵੀ ਦੇ ਲਈ ਅਕਸਰ ਸੰ.ਈ. ਆਖਿਆ ਜਾਂਦਾ ਹੈ, ਅਰਥਾਤ “ਸਾਡੇ ਪ੍ਰਭੂ ਦੇ ਸਾਲ ਵਿਚ।”

^ ਪੈਰਾ 14 ਇਮਾਨਵਲ ਟੋਵ ਦੁਆਰਾ ਇਬਰਾਨੀ ਬਾਈਬਲ ਦੀ ਮੂਲ-ਪਾਠ ਸੰਬੰਧੀ ਆਲੋਚਨਾ (ਅੰਗ੍ਰੇਜ਼ੀ), ਬਿਆਨ ਕਰਦੀ ਹੈ: “ਕਾਰਬਨ 14 ਟੈਸਟ ਦੀ ਮਦਦ ਨਾਲ, 1QIsaa [ਮ੍ਰਿਤ ਸਾਗਰ ਦੀ ਯਸਾਯਾਹ ਪੋਥੀ] ਹੁਣ 202 ਅਤੇ 107 ਸਾ.ਯੁ.ਪੂ. (ਪੁਰਾਲੇਖੀ ਤਾਰੀਖ਼: 125-100 ਸਾ.ਯੁ.ਪੂ.) ਤੇ ਮਿਥੀ ਜਾਂਦੀ ਹੈ . . . ਜ਼ਿਕਰ ਕੀਤਾ ਗਿਆ ਪੁਰਾਲੇਖੀ ਤਰੀਕਾ, ਕਾਫ਼ੀ ਭਰੋਸੇਯੋਗ ਤਰੀਕੇ ਵਜੋਂ ਸਥਾਪਿਤ ਹੋ ਚੁੱਕਾ ਹੈ ਅਤੇ ਹਾਲ ਹੀ ਦੇ ਸਾਲਾਂ ਵਿਚ ਸੁਧਾਰਿਆ ਗਿਆ ਹੈ। ਇਹ ਤਰੀਕਾ ਬਾਹਰਲੇ ਸ੍ਰੋਤਾਂ, ਜਿਵੇਂ ਕਿ ਤਾਰੀਖ਼ਾਂ ਵਾਲਿਆਂ ਸਿੱਕਿਆਂ ਅਤੇ ਸ਼ਿਲਾ-ਲੇਖਾਂ ਦੇ ਨਾਲ ਅੱਖਰਾਂ ਦੇ ਰੂਪ ਅਤੇ ਜਗ੍ਹਾ ਦੀ ਤੁਲਨਾ ਦੇ ਆਧਾਰ ਉੱਤੇ ਨਿਸ਼ਚਿਤ ਮਿਤੀ-ਨਿਰਧਾਰਣ ਕਰ ਲੈਣ ਦਿੰਦਾ ਹੈ।”6

^ ਪੈਰਾ 22 ਨਿਰਸੰਦੇਹ, ਵੱਖਰੇ-ਵੱਖਰੇ ਅਨੁਵਾਦਕ ਮੁਢਲੇ ਇਬਰਾਨੀ ਅਤੇ ਯੂਨਾਨੀ ਮੂਲ-ਪਾਠਾਂ ਦੇ ਪ੍ਰਤੀ ਆਪਣੀ ਵਫ਼ਾਦਾਰੀ ਵਿਚ ਸ਼ਾਇਦ ਪੱਕੇ ਜਾਂ ਲਾਪਰਵਾਹ ਹੋ ਸਕਦੇ ਹਨ।

[ਸਫ਼ਾ 8 ਉੱਤੇ ਤਸਵੀਰ]

ਬਾਈਬਲ ਮਾਹਰ ਨਕਲਕਾਰਾਂ ਦੁਆਰਾ ਸੁਰੱਖਿਅਤ ਰੱਖੀ ਗਈ ਸੀ

[ਸਫ਼ਾ 9 ਉੱਤੇ ਤਸਵੀਰਾਂ]

ਯਸਾਯਾਹ ਦੀ ਮ੍ਰਿਤ ਸਾਗਰ ਪੋਥੀ ( ਹੂ-ਬਹੂ ਨਕਲ ਦਿਖਾਈ ਗਈ ਹੈ) ਅਸਲ ਵਿਚ ਮਸੋਰਾ ਦੇ ਮੂਲ-ਪਾਠ ਦੇ ਸਮਰੂਪ ਹੈ ਜੋ ਇਕ ਹਜ਼ਾਰ ਸਾਲ ਬਾਅਦ ਰਚਿਆ ਗਿਆ ਸੀ