Skip to content

Skip to table of contents

ਪੁਸਤਕ ਜੋ ਗ਼ਲਤਬਿਆਨ ਕੀਤੀ ਜਾਂਦੀ ਹੈ

ਪੁਸਤਕ ਜੋ ਗ਼ਲਤਬਿਆਨ ਕੀਤੀ ਜਾਂਦੀ ਹੈ

ਪੁਸਤਕ ਜੋ ਗ਼ਲਤਬਿਆਨ ਕੀਤੀ ਜਾਂਦੀ ਹੈ

“ਆਪਣੇ ਧੁਰੇ ਉੱਤੇ ਅਤੇ ਸੂਰਜ ਦੇ ਆਲੇ-ਦੁਆਲੇ ਧਰਤੀ ਦੀ ਦੋਹਰੀ ਗਤੀ ਬਾਰੇ ਉਹ ਸਿਧਾਂਤ ਝੂਠਾ ਹੈ, ਅਤੇ ਪਵਿੱਤਰ ਸ਼ਾਸਤਰ ਦੇ ਬਿਲਕੁਲ ਉਲਟ ਹੈ।” 1616 ਵਿਚ ਰੋਮਨ ਕੈਥੋਲਿਕ ਗਿਰਜੇ ਦੇ ਇੰਡੈਕਸ ਦੀ ਕਲੀਸਿਯਾ ਨੇ ਇਸ ਤਰ੍ਹਾਂ ਇਕ ਫ਼ਰਮਾਨ ਵਿਚ ਬਿਆਨ ਕੀਤਾ।1 ਕੀ ਬਾਈਬਲ ਅਸਲ ਵਿਚ ਵਿਗਿਆਨਕ ਹਕੀਕਤਾਂ ਨਾਲ ਅਸਹਿਮਤ ਹੁੰਦੀ ਹੈ? ਜਾਂ ਕੀ ਇਸ ਨੂੰ ਗ਼ਲਤਬਿਆਨ ਕੀਤਾ ਗਿਆ ਹੈ?

ਸੰਨ 1609/10 ਦੇ ਸਿਆਲ ਵਿਚ, ਗਲੀਲੀਓ ਗੈਲੇਲਈ ਨੇ ਆਪਣੀ ਨਵੀਂ-ਨਵੀਂ ਵਿਕਸਿਤ ਕੀਤੀ ਦੂਰਬੀਨ ਨੂੰ ਆਕਾਸ਼ ਵੱਲ ਮੋੜਿਆ ਅਤੇ ਉਸ ਨੇ ਜੁਪੀਟਰ ਦੇ ਦੁਆਲੇ ਚੱਕਰ ਲਾਉਂਦੇ ਚਾਰ ਚੰਦਰਮਾਂ ਦੇਖੇ। ਜੋ ਉਹ ਨੇ ਦੇਖਿਆ ਉਸ ਨੇ ਉਸ ਪ੍ਰਚਲਿਤ ਵਿਚਾਰ ਨੂੰ ਚਕਨਾਚੂਰ ਕਰ ਦਿੱਤਾ ਕਿ ਸਾਰੇ ਆਕਾਸ਼ੀ ਪਿੰਡਾਂ ਦਾ ਧਰਤੀ ਦੇ ਗ੍ਰਹਿ-ਪਥ ਦੁਆਲੇ ਚੱਕਰ ਲਾਉਣਾ ਆਵੱਸ਼ਕ ਹੈ। ਇਸ ਤੋਂ ਪਹਿਲਾਂ, 1543 ਵਿਚ, ਪੋਲਿਸ਼ ਖਗੋਲ-ਵਿਗਿਆਨੀ ਨਿਕੋਲੇਅਸ ਕੋਪਰਨਿਕਸ ਨੇ ਅਨੁਮਾਨ ਲਾਇਆ ਸੀ ਕਿ ਗ੍ਰਹਿ ਸੂਰਜ ਦੇ ਆਲੇ-ਦੁਆਲੇ ਘੁੰਮਦੇ ਹਨ। ਗਲੀਲੀਓ ਨੇ ਪ੍ਰਮਾਣਿਤ ਕਰ ਦਿੱਤਾ ਕਿ ਇਹ ਵਿਗਿਆਨਕ ਸੱਚਾਈ ਸੀ।

ਪਰੰਤੂ, ਕੈਥੋਲਿਕ ਧਰਮ-ਸ਼ਾਸਤਰੀਆਂ ਦੇ ਭਾਣੇ ਇਹ ਧਰਮ-ਧਰੋਹ ਸੀ। ਗਿਰਜਾ ਬਹੁਤ ਚਿਰ ਤੋਂ ਇਹ ਮੰਨਦਾ ਆਇਆ ਸੀ ਕਿ ਧਰਤੀ ਵਿਸ਼ਵ ਦਾ ਕੇਂਦਰ ਸੀ।2 ਇਹ ਵਿਚਾਰ ਉਨ੍ਹਾਂ ਸ਼ਾਸਤਰਵਚਨਾਂ ਦੇ ਸ਼ਾਬਦਿਕ ਸਪੱਸ਼ਟੀਕਰਣ ਉੱਤੇ ਆਧਾਰਿਤ ਕੀਤਾ ਗਿਆ ਸੀ ਜੋ ਧਰਤੀ ਨੂੰ “ਨੀਂਹ” ਉੱਤੇ ਕਾਇਮ, ਅਤੇ “ਸਦਾ ਤੀਕ ਅਟੱਲ” ਦਰਸਾਉਂਦੇ ਸਨ। (ਜ਼ਬੂਰ 104:5) ਰੋਮ ਨੂੰ ਸੱਦੇ ਜਾਣ ਤੇ, ਗਲੀਲੀਓ ਧਰਮ-ਅਧਿਕਰਣ ਦੇ ਸਾਮ੍ਹਣੇ ਹਾਜ਼ਰ ਹੋਇਆ। ਕਰੜੀ ਪਰੀਖਿਆ ਅਧੀਨ, ਉਹ ਆਪਣੇ ਸਿੱਟਿਆਂ ਤੋਂ ਮੁੱਕਰਨ ਲਈ ਮਜਬੂਰ ਕੀਤਾ ਗਿਆ ਸੀ, ਅਤੇ ਉਸ ਨੇ ਆਪਣਾ ਬਾਕੀ ਦਾ ਜੀਵਨ ਘਰ-ਨਜ਼ਰਬੰਦੀ ਹੇਠ ਗੁਜ਼ਾਰਿਆ।

ਸੰਨ 1992 ਵਿਚ, ਗਲੀਲੀਓ ਦੀ ਮੌਤ ਤੋਂ ਕੁਝ 350 ਸਾਲ ਬਾਅਦ, ਕੈਥੋਲਿਕ ਗਿਰਜੇ ਨੇ ਆਖ਼ਰਕਾਰ ਸਵੀਕਾਰ ਕੀਤਾ ਕਿ ਉਹ ਦਰਅਸਲ ਸਹੀ ਸੀ।3 ਪਰੰਤੂ, ਜੇਕਰ ਗਲੀਲੀਓ ਸਹੀ ਸੀ, ਤਾਂ ਫਿਰ ਕੀ ਬਾਈਬਲ ਗ਼ਲਤ ਸੀ?

ਬਾਈਬਲੀ ਪਾਠਾਂ ਦਾ ਅਸਲੀ ਅਰਥ ਲੱਭਣਾ

ਗਲੀਲੀਓ ਮੰਨਦਾ ਸੀ ਕਿ ਬਾਈਬਲ ਸੱਚ ਹੈ। ਜਦੋਂ ਉਸ ਦੀਆਂ ਵਿਗਿਆਨਕ ਲੱਭਤਾਂ ਨੇ ਕੁਝ ਬਾਈਬਲ ਸ਼ਾਸਤਰਵਚਨਾਂ ਦੇ ਪ੍ਰਚਲਿਤ ਸਪੱਸ਼ਟੀਕਰਣ ਦਾ ਵਿਰੋਧ ਕੀਤਾ, ਤਾਂ ਉਸ ਨੇ ਇਹ ਤਰਕ ਕੀਤਾ ਕਿ ਧਰਮ-ਸ਼ਾਸਤਰੀ ਇਨ੍ਹਾਂ ਪਾਠਾਂ ਦਾ ਅਸਲੀ ਅਰਥ ਨਹੀਂ ਪਾ ਰਹੇ ਸਨ। ਆਖ਼ਰ, “ਦੋ ਸੱਚਾਈਆਂ ਇਕ ਦੂਜੇ ਦਾ ਕਦੀ ਵਿਰੋਧ ਨਹੀਂ ਕਰ ਸਕਦੀਆਂ ਹਨ,” ਉਸ ਨੇ ਲਿਖਿਆ।4 ਉਸ ਨੇ ਸੁਝਾਅ ਦਿੱਤਾ ਕਿ ਵਿਗਿਆਨ ਦੇ ਸਹੀ ਸਹੀ ਸ਼ਬਦ ਬਾਈਬਲ ਦੇ ਸਾਧਾਰਣ ਸ਼ਬਦਾਂ ਦਾ ਵਿਰੋਧ ਨਹੀਂ ਕਰਦੇ ਹਨ। ਪਰੰਤੂ ਧਰਮ-ਸ਼ਾਸਤਰੀ ਆਪਣੇ ਆਪ ਨੂੰ ਕਾਇਲ ਨਹੀਂ ਹੋਣ ਦਿੰਦੇ ਸਨ। ਉਨ੍ਹਾਂ ਨੇ ਜ਼ਿੱਦ ਕੀਤੀ ਕਿ ਧਰਤੀ ਦੇ ਬਾਰੇ ਸਾਰੇ ਬਾਈਬਲੀ ਕਥਨਾਂ ਨੂੰ ਠੀਕ ਸ਼ਾਬਦਿਕ ਰੂਪ ਵਿਚ ਵਿਚਾਰਿਆ ਜਾਣਾ ਚਾਹੀਦਾ ਹੈ। ਸਿੱਟੇ ਵਜੋਂ, ਉਨ੍ਹਾਂ ਨੇ ਨਾ ਸਿਰਫ਼ ਗਲੀਲੀਓ ਦੀਆਂ ਲੱਭਤਾਂ ਨੂੰ ਰੱਦ ਕੀਤਾ ਪਰ ਉਹ ਅਜਿਹੀਆਂ ਸ਼ਾਸਤਰ-ਸੰਬੰਧੀ ਅਭਿਵਿਅਕਤੀਆਂ ਦੇ ਅਸਲੀ ਅਰਥ ਤੋਂ ਵੀ ਬੇਸਮਝ ਰਹੇ।

ਦਰਅਸਲ, ਸਾਨੂੰ ਆਮ ਸੂਝ ਤੋਂ ਹੀ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਬਾਈਬਲ “ਧਰਤੀ ਦੀਆਂ ਚੌਹਾਂ ਕੂੰਟਾਂ” ਦਾ ਜ਼ਿਕਰ ਕਰਦੀ ਹੈ, ਇਸ ਦਾ ਇਹ ਅਰਥ ਨਹੀਂ ਹੁੰਦਾ ਹੈ ਕਿ ਬਾਈਬਲ ਲਿਖਾਰੀ ਧਰਤੀ ਨੂੰ ਸ਼ਾਬਦਿਕ ਰੂਪ ਵਿਚ ਚੌਰਸ ਹੀ ਸਮਝਦੇ ਸਨ। (ਪਰਕਾਸ਼ ਦੀ ਪੋਥੀ 7:1) ਬਾਈਬਲ, ਸਾਧਾਰਣ ਲੋਕਾਂ ਦੀ ਭਾਸ਼ਾ ਵਿਚ ਲਿਖੀ ਹੋਈ ਹੈ ਅਤੇ ਅਕਸਰ ਸਜੀਵ ਅਲੰਕਾਰਾਂ ਦਾ ਇਸਤੇਮਾਲ ਕਰਦੀ ਹੈ। ਇਸ ਲਈ ਜਦੋਂ ਇਹ ਧਰਤੀ ਦੀਆਂ “ਚੌਹਾਂ ਕੂੰਟਾਂ,” ਇਕ ਮਜ਼ਬੂਤ “ਨੀਉਂ,” “ਟੇਕਾਂ,” ਅਤੇ ਇਕ “ਸਿਰੇ ਦੇ ਪੱਥਰ” ਬਾਰੇ ਜ਼ਿਕਰ ਕਰਦੀ ਹੈ, ਤਾਂ ਬਾਈਬਲ ਧਰਤੀ ਦਾ ਇਕ ਵਿਗਿਆਨਕ ਵਰਣਨ ਨਹੀਂ ਪੇਸ਼ ਕਰ ਰਹੀ ਹੈ; ਸਪੱਸ਼ਟ ਤੌਰ ਤੇ ਇਹ ਲਾਖਣਿਕ ਰੂਪ ਵਿਚ ਗੱਲਾਂ ਕਰ ਰਹੀ ਹੈ, ਜਿਸ ਤਰ੍ਹਾਂ ਅਸੀਂ ਰੋਜ਼ਾਨਾ ਦੀ ਬੋਲੀ ਵਿਚ ਕਰਦੇ ਹਾਂ। *ਯਸਾਯਾਹ 51:13; ਅੱਯੂਬ 38:6.

ਆਪਣੀ ਪੁਸਤਕ ਗਲੀਲੀਓ ਗੈਲੇਲਈ ਵਿਚ, ਜੀਵਨੀ-ਲੇਖਕ ਐੱਲ. ਗੇਮੋਨਾਟ ਨੇ ਨੋਟ ਕੀਤਾ: “ਤੰਗ-ਨਜ਼ਰ ਵਾਲੇ ਧਰਮ-ਸ਼ਾਸਤਰੀ ਜੋ ਬਾਈਬਲੀ ਤਰਕ ਦੇ ਆਧਾਰ ਉੱਤੇ ਵਿਗਿਆਨ ਨੂੰ ਸੀਮਿਤ ਕਰਨਾ ਚਾਹੁੰਦੇ ਸਨ, ਅਸਲ ਵਿਚ ਖ਼ੁਦ ਬਾਈਬਲ ਦੀ ਅਹਿਮੀਅਤ ਨੂੰ ਹੀ ਘਟਾਉਂਦੇ।”5 ਉਨ੍ਹਾਂ ਨੇ ਇਹੀ ਕੀਤਾ। ਦਰਅਸਲ, ਧਰਮ-ਸ਼ਾਸਤਰੀਆਂ ਵੱਲੋਂ ਬਾਈਬਲ ਦਾ ਸਪੱਸ਼ਟੀਕਰਣ ਹੀ ਸੀ—ਨਾ ਕਿ ਖ਼ੁਦ ਬਾਈਬਲ—ਜਿਸ ਨੇ ਵਿਗਿਆਨ ਉੱਤੇ ਅਨੁਚਿਤ ਪਾਬੰਦੀਆਂ ਲਗਾਈਆਂ।

ਇਸੇ ਤਰ੍ਹਾਂ, ਅੱਜ ਧਾਰਮਿਕ ਮੂਲਵਾਦੀ ਬਾਈਬਲ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ ਜਦੋਂ ਉਹ ਇਸ ਗੱਲ ਉੱਤੇ ਜ਼ੋਰ ਪਾਉਂਦੇ ਹਨ ਕਿ ਧਰਤੀ 24 ਘੰਟਿਆਂ ਵਾਲੇ ਛੇ ਦਿਨਾਂ ਵਿਚ ਸ੍ਰਿਸ਼ਟ ਕੀਤੀ ਗਈ ਸੀ। (ਉਤਪਤ 1:3-31) ਅਜਿਹਾ ਦ੍ਰਿਸ਼ਟੀਕੋਣ ਨਾ ਵਿਗਿਆਨ ਦੇ ਨਾਲ ਅਤੇ ਨਾ ਹੀ ਬਾਈਬਲ ਦੇ ਨਾਲ ਸਹਿਮਤ ਹੁੰਦਾ ਹੈ। ਬਾਈਬਲ ਵਿਚ, ਜਿਵੇਂ ਕਿ ਸਾਧਾਰਣ ਬੋਲੀ ਵਿਚ, ਸ਼ਬਦ “ਦਿਨ” ਇਕ ਲਚਕਦਾਰ ਸ਼ਬਦ ਹੁੰਦਾ ਹੈ, ਜੋ ਵੱਖਰੋ-ਵੱਖਰੀ ਲੰਬਾਈ ਦੀਆਂ ਅਵਧੀਆਂ ਨੂੰ ਸੰਕੇਤ ਕਰਦਾ ਹੈ। ਉਤਪਤ 2:4 ਵਿਚ, ਸਾਰਿਆਂ ਛੇ ਰਚਨਾਤਮਕ ਦਿਨਾਂ ਨੂੰ ਇੱਕੋ ਹੀ ਸਮੁੱਚੇ “ਦਿਨ” ਦੇ ਤੌਰ ਤੇ ਜ਼ਿਕਰ ਕੀਤਾ ਗਿਆ ਹੈ। ਬਾਈਬਲ ਵਿਚ “ਦਿਨ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਦਾ ਅਰਥ ਕੇਵਲ “ਇਕ ਲੰਬਾ ਸਮਾਂ” ਹੀ ਹੋ ਸਕਦਾ ਹੈ।6 ਇਸ ਲਈ, ਇਸ ਗੱਲ ਉੱਤੇ ਜ਼ੋਰ ਪਾਉਣ ਦਾ ਕੋਈ ਬਾਈਬਲੀ ਕਾਰਨ ਨਹੀਂ ਹੈ ਕਿ ਸ੍ਰਿਸ਼ਟੀ ਦਾ ਹਰ ਦਿਨ 24 ਘੰਟਿਆਂ ਦਾ ਸੀ। ਦੂਸਰੇ ਨਜ਼ਰੀਏ ਤੋਂ ਸਿੱਖਿਆ ਦੇ ਕੇ, ਮੂਲਵਾਦੀ ਬਾਈਬਲ ਨੂੰ ਗ਼ਲਤਬਿਆਨ ਕਰਦੇ ਹਨ।—ਨਾਲੇ ਦੇਖੋ 2 ਪਤਰਸ 3:8.

ਇਤਿਹਾਸ ਦੇ ਦੌਰਾਨ, ਧਰਮ-ਸ਼ਾਸਤਰੀਆਂ ਨੇ ਅਕਸਰ ਬਾਈਬਲ ਨੂੰ ਤੋੜਿਆ-ਮਰੋੜਿਆ ਹੈ। ਉਨ੍ਹਾਂ ਕੁਝ ਦੂਜਿਆਂ ਤਰੀਕਿਆਂ ਉੱਤੇ ਗੌਰ ਕਰੋ ਜਿਨ੍ਹਾਂ ਵਿਚ ਈਸਾਈ-ਜਗਤ ਦੇ ਧਰਮਾਂ ਨੇ ਬਾਈਬਲ ਦੇ ਕਥਨਾਂ ਨੂੰ ਗ਼ਲਤਬਿਆਨ ਕੀਤਾ ਹੈ।

ਧਰਮ ਦੁਆਰਾ ਗ਼ਲਤਬਿਆਨ ਕੀਤੀ ਗਈ

ਬਾਈਬਲ ਦੀ ਪੈਰਵੀ ਕਰਨ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਕਾਰਜ ਅਕਸਰ ਉਸੇ ਪੁਸਤਕ ਦੀ ਨੇਕਨਾਮੀ ਉੱਤੇ ਧੱਬਾ ਲਾਉਂਦੇ ਹਨ ਜਿਸ ਨੂੰ ਉਹ ਸਤਿਕਾਰਨ ਦੀ ਫੜ੍ਹ ਮਾਰਦੇ ਹਨ। ਅਖਾਉਤੀ ਮਸੀਹੀਆਂ ਨੇ ਪਰਮੇਸ਼ੁਰ ਦੇ ਨਾਂ ਵਿਚ ਇਕ ਦੂਜੇ ਦਾ ਖ਼ੂਨ ਵਹਾਇਆ ਹੈ। ਲੇਕਿਨ, ਬਾਈਬਲ ਮਸੀਹ ਦੇ ਪੈਰੋਕਾਰਾਂ ਨੂੰ ‘ਇੱਕ ਦੂਏ ਨੂੰ ਪਿਆਰ ਕਰਨ’ ਦੀ ਨਸੀਹਤ ਦਿੰਦੀ ਹੈ।—ਯੂਹੰਨਾ 13:34, 35; ਮੱਤੀ 26:52.

ਕੁਝ ਪਾਦਰੀ ਆਪਣੇ ਝੁੰਡਾਂ ਦੇ ਮਿਹਨਤ ਨਾਲ ਕਮਾਏ ਪੈਸੇ ਠੱਗ ਕੇ ਉਨ੍ਹਾਂ ਦੀ ਛਿੱਲ ਲਾਹੁੰਦੇ ਹਨ—ਇਸ ਸ਼ਾਸਤਰ-ਸੰਬੰਧੀ ਹਿਦਾਇਤ ਤੋਂ ਕਿੰਨਾ ਵੱਖਰਾ: “ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ।”—ਮੱਤੀ 10:8; 1 ਪਤਰਸ 5:2, 3.

ਸਪੱਸ਼ਟ ਤੌਰ ਤੇ, ਉਨ੍ਹਾਂ ਵਿਅਕਤੀਆਂ ਦੇ ਸ਼ਬਦਾਂ ਅਤੇ ਕੰਮਾਂ ਦੇ ਮੁਤਾਬਕ ਹੀ ਬਾਈਬਲ ਦਾ ਮੁੱਲਾਂਕਣ ਨਹੀਂ ਕੀਤਾ ਜਾ ਸਕਦਾ ਜੋ ਕੇਵਲ ਇਸ ਤੋਂ ਹਵਾਲੇ ਹੀ ਦਿੰਦੇ ਹਨ ਜਾਂ ਇਸ ਦੇ ਅਨੁਸਾਰ ਜੀਉਣ ਦਾ ਦਾਅਵਾ ਕਰਦੇ ਹਨ। ਇਕ ਖੁੱਲ੍ਹੇ ਮਨ ਵਾਲਾ ਵਿਅਕਤੀ ਸ਼ਾਇਦ ਆਪਣੇ ਵਾਸਤੇ ਇਹ ਪਤਾ ਕਰਨਾ ਚਾਹੇ ਕਿ ਬਾਈਬਲ ਵਿਚ ਕੀ ਹੈ ਅਤੇ ਇਹ ਕਿਉਂ ਇਕ ਇੰਨੀ ਧਿਆਨਯੋਗ ਪੁਸਤਕ ਹੈ।

[ਫੁਟਨੋਟ]

^ ਪੈਰਾ 8 ਮਿਸਾਲ ਵਜੋਂ, ਸਭ ਤੋਂ ਸ਼ਾਬਦਿਕ-ਸੋਚਣੀ ਵਾਲੇ ਖਗੋਲ-ਵਿਗਿਆਨੀ ਵੀ ਸੂਰਜ, ਤਾਰਿਆਂ, ਅਤੇ ਤਾਰਾ-ਸਮੂਹਾਂ ਦੇ “ਚੜ੍ਹਨ” ਅਤੇ “ਡੁੱਬਣ” ਦਾ ਜ਼ਿਕਰ ਕਰਦੇ ਹਨ—ਭਾਵੇਂ ਕਿ, ਅਸਲ ਵਿਚ, ਇਹ ਕੇਵਲ ਧਰਤੀ ਦੇ ਚੱਕਰ ਲਾਉਣ ਦੇ ਕਾਰਨ ਹੀ ਚੜ੍ਹਦੇ-ਡੁੱਬਦੇ ਜਾਪਦੇ ਹਨ।

[ਸਫ਼ਾ 4 ਉੱਤੇ ਤਸਵੀਰ]

ਗਲੀਲੀਓ ਦੀਆਂ ਦੂਰਬੀਨਾਂ ਵਿੱਚੋਂ ਦੋ

[ਸਫ਼ਾ 5 ਉੱਤੇ ਤਸਵੀਰ]

ਆਪਣੇ ਧਰਮ-ਪਰੀਖਕਾਂ ਦਾ ਸਾਮ੍ਹਣਾ ਕਰਦਾ ਹੋਇਆ ਗਲੀਲੀਓ