Skip to content

Skip to table of contents

ਪੁਸਤਕ ਜੋ ਜੀਉਂਦੀਆਂ ਭਾਸ਼ਾਵਾਂ “ਬੋਲਦੀ” ਹੈ

ਪੁਸਤਕ ਜੋ ਜੀਉਂਦੀਆਂ ਭਾਸ਼ਾਵਾਂ “ਬੋਲਦੀ” ਹੈ

ਪੁਸਤਕ ਜੋ ਜੀਉਂਦੀਆਂ ਭਾਸ਼ਾਵਾਂ “ਬੋਲਦੀ” ਹੈ

ਜੇਕਰ ਉਹ ਭਾਸ਼ਾ ਜਿਸ ਵਿਚ ਇਕ ਪੁਸਤਕ ਲਿਖੀ ਗਈ ਹੈ ਮਰ ਜਾਵੇ, ਤਾਂ ਅਸਲ ਵਿਚ ਪੁਸਤਕ ਵੀ ਮਰ ਜਾਂਦੀ ਹੈ। ਅੱਜ ਘੱਟ ਹੀ ਲੋਕ ਉਨ੍ਹਾਂ ਪ੍ਰਾਚੀਨ ਭਾਸ਼ਾਵਾਂ ਨੂੰ ਪੜ੍ਹ ਸਕਦੇ ਹਨ ਜਿਨ੍ਹਾਂ ਵਿਚ ਬਾਈਬਲ ਲਿਖੀ ਗਈ ਸੀ। ਫਿਰ ਵੀ ਉਹ ਜੀਉਂਦੀ ਹੈ। ਇਹ ਇਸ ਕਰਕੇ ਜਾਰੀ ਰਹੀ ਹੈ ਕਿਉਂਕਿ ਇਸ ਨੇ ਮਨੁੱਖਜਾਤੀ ਦੀਆਂ ਜੀਉਂਦੀਆਂ ਭਾਸ਼ਾਵਾਂ ਨੂੰ “ਬੋਲਣਾ ਸਿੱਖਿਆ” ਹੈ। ਇਸ ਨੂੰ ਦੂਜੀਆਂ ਭਾਸ਼ਾਵਾਂ ਬੋਲਣੀਆਂ “ਸਿਖਾਉਣ” ਵਾਲੇ ਅਨੁਵਾਦਕਾਂ ਨੇ ਸਮੇਂ-ਸਮੇਂ ਤੇ ਅਟੱਪ ਜਾਪਦੀਆਂ ਰੁਕਾਵਟਾਂ ਦਾ ਸਾਮ੍ਹਣਾ ਕੀਤਾ।

ਬਾਈਬਲ ਦਾ ਅਨੁਵਾਦ ਕਰਨਾ—ਉਸ ਦੇ 1,100 ਤੋਂ ਵੱਧ ਅਧਿਆਵਾਂ ਅਤੇ 31,000 ਤੋਂ ਵੱਧ ਆਇਤਾਂ ਸਮੇਤ—ਇਕ ਵਿਸ਼ਾਲ ਕੰਮ ਹੈ। ਫਿਰ ਵੀ, ਸਦੀਆਂ ਦੇ ਦੌਰਾਨ, ਅਰਪਿਤ ਅਨੁਵਾਦਕਾਂ ਨੇ ਖ਼ੁਸ਼ੀ ਨਾਲ ਇਹ ਚੁਣੌਤੀ ਆਪਣੇ ਜ਼ਿੰਮੇ ਲੈ ਲਈ। ਉਨ੍ਹਾਂ ਵਿੱਚੋਂ ਕਈ ਜਣੇ ਕਠਿਨਾਈਆਂ ਨੂੰ ਸਹਿਣ ਅਤੇ ਇੱਥੋਂ ਤਕ ਕਿ ਆਪਣੇ ਕੰਮ ਵਾਸਤੇ ਆਪਣੀ ਜਾਨ ਵਾਰਨ ਲਈ ਵੀ ਤਿਆਰ ਸਨ। ਇਸ ਦਾ ਇਤਿਹਾਸ ਕਿ ਬਾਈਬਲ ਕਿਵੇਂ ਮਨੁੱਖਜਾਤੀ ਦੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਗਈ ਸੀ, ਦ੍ਰਿੜ੍ਹਤਾ ਅਤੇ ਪ੍ਰਬੀਨਤਾ ਦਾ ਇਕ ਮਾਅਰਕੇ ਵਾਲਾ ਬਿਰਤਾਂਤ ਹੈ। ਉਸ ਪ੍ਰਭਾਵਸ਼ਾਲੀ ਰਿਕਾਰਡ ਦੇ ਇਕ ਛੋਟੇ ਜਿਹੇ ਹਿੱਸੇ ਉੱਤੇ ਗੌਰ ਕਰੋ।

ਅਨੁਵਾਦਕਾਂ ਦੇ ਸਾਮ੍ਹਣੇ ਚੁਣੌਤੀਆਂ

ਤੁਸੀਂ ਇਕ ਪੁਸਤਕ ਦਾ ਇਕ ਅਜਿਹੀ ਭਾਸ਼ਾ ਵਿਚ ਕਿਵੇਂ ਅਨੁਵਾਦ ਕਰਦੇ ਜਿਸ ਦੀ ਕੋਈ ਲਿਖਿਤ ਲਿਪੀ ਨਹੀਂ ਹੈ? ਅਨੇਕ ਅਨੁਵਾਦਕਾਂ ਨੇ ਠੀਕ ਅਜਿਹੀ ਚੁਣੌਤੀ ਦਾ ਸਾਮ੍ਹਣਾ ਕੀਤਾ। ਮਿਸਾਲ ਵਜੋਂ, ਚੌਥੀ ਸਦੀ ਸਾ.ਯੁ. ਦੇ ਉਲਫ਼ਲਾਸ ਨੇ ਉਸ ਭਾਸ਼ਾ ਵਿਚ ਬਾਈਬਲ ਦਾ ਅਨੁਵਾਦ ਕਰਨਾ ਆਰੰਭ ਕੀਤਾ ਜੋ ਉਦੋਂ ਆਧੁਨਿਕ ਸੀ ਪਰੰਤੂ ਜਿਸ ਦਾ ਲਿਖਿਤ ਰੂਪ ਨਹੀਂ ਸੀ—ਅਰਥਾਤ, ਗਾਥੀ। ਉਲਫ਼ਲਾਸ, 27 ਅੱਖਰਾਂ ਦਾ ਗਾਥੀ ਅੱਖਰਕ੍ਰਮ ਬਣਾਉਣ ਦੁਆਰਾ ਇਸ ਚੁਣੌਤੀ ਉੱਤੇ ਪ੍ਰਬਲ ਹੋਇਆ, ਜਿਸ ਦਾ ਆਧਾਰ ਮੂਲ ਰੂਪ ਵਿਚ ਯੂਨਾਨੀ ਅਤੇ ਲਾਤੀਨੀ ਅੱਖਰਕ੍ਰਮ ਸਨ। ਗਾਥੀ ਵਿਚ ਲਗਭਗ ਸਮੁੱਚੀ ਬਾਈਬਲ ਦਾ ਉਸ ਦਾ ਅਨੁਵਾਦ 381 ਸਾ.ਯੁ. ਤੋਂ ਪਹਿਲਾਂ ਪੂਰਾ ਹੋ ਗਿਆ ਸੀ।

ਨੌਵੀਂ ਸਦੀ ਵਿਚ, ਯੂਨਾਨੀ ਭਾਸ਼ਾ ਬੋਲਣ ਵਾਲੇ ਦੋ ਭਰਾ, ਸਿਰਲ (ਜੋ ਪਹਿਲਾਂ ਕਾਂਸਟੰਟਾਈਨ ਕਹਿਲਾਉਂਦਾ ਸੀ) ਅਤੇ ਮਿਥੋਡੀਅਸ, ਜੋ ਸਿਰਕੱਢਵੇਂ ਵਿਦਵਾਨ ਅਤੇ ਭਾਸ਼ਾ-ਵਿਗਿਆਨੀ ਸਨ, ਸਲਾਵੀ ਭਾਸ਼ਾ ਬੋਲਣ ਵਾਲੇ ਲੋਕਾਂ ਲਈ ਬਾਈਬਲ ਦਾ ਅਨੁਵਾਦ ਕਰਨਾ ਚਾਹੁੰਦੇ ਸਨ। ਪਰੰਤੂ ਸਲਾਵਾਨੀ—ਵਰਤਮਾਨ ਸਲਾਵੀ ਭਾਸ਼ਾਵਾਂ ਦੀ ਮੋਹਰੀ—ਦੀ ਕੋਈ ਲਿਖਿਤ ਲਿਪੀ ਨਹੀਂ ਸੀ। ਇਸ ਲਈ ਉਨ੍ਹਾਂ ਦੋ ਭਰਾਵਾਂ ਨੇ ਬਾਈਬਲ ਦਾ ਇਕ ਅਨੁਵਾਦ ਉਤਪੰਨ ਕਰਨ ਲਈ ਇਕ ਅੱਖਰਕ੍ਰਮ ਬਣਾਇਆ। ਇਸ ਤਰ੍ਹਾਂ ਬਾਈਬਲ ਹੁਣ ਹੋਰ ਬਹੁਤ ਸਾਰੇ ਲੋਕਾਂ ਨਾਲ “ਬੋਲ” ਸਕਦੀ ਸੀ, ਅਰਥਾਤ, ਜਿਹੜੇ ਸਲਾਵੀ ਸੰਸਾਰ ਦੇ ਵਾਸੀ ਸਨ।

ਸੋਲਵੀਂ ਸਦੀ ਵਿਚ, ਵਿਲਿਅਮ ਟਿੰਡੇਲ ਨੇ ਬਾਈਬਲ ਦਾ ਮੁਢਲੀਆਂ ਭਾਸ਼ਾਵਾਂ ਤੋਂ ਅੰਗ੍ਰੇਜ਼ੀ ਵਿਚ ਅਨੁਵਾਦ ਕਰਨ ਦਾ ਇਰਾਦਾ ਕੀਤਾ, ਪਰੰਤੂ ਉਸ ਨੇ ਗਿਰਜੇ ਅਤੇ ਸਰਕਾਰ ਦੋਵਾਂ ਵੱਲੋਂ ਸਖ਼ਤ ਵਿਰੋਧਤਾ ਦਾ ਸਾਮ੍ਹਣਾ ਕੀਤਾ। ਟਿੰਡੇਲ ਜੋ ਆਕਸਫੋਰਡ ਯੂਨੀਵਰਸਿਟੀ ਦਾ ਪੜ੍ਹਿਆ-ਲਿਖਿਆ ਸੀ, ਇਕ ਅਜਿਹਾ ਅਨੁਵਾਦ ਉਤਪੰਨ ਕਰਨਾ ਚਾਹੁੰਦਾ ਸੀ ਜਿਸ ਨੂੰ “ਇਕ ਹਲ ਵਾਹੁੰਦਾ ਮੁੰਡਾ” ਵੀ ਸਮਝ ਸਕੇ।1 ਪਰੰਤੂ ਇਹ ਕਰਨ ਲਈ, ਉਸ ਨੂੰ ਜਰਮਨੀ ਭੱਜਣਾ ਪਿਆ, ਜਿੱਥੇ ਉਸ ਦਾ ਅੰਗ੍ਰੇਜ਼ੀ ਵਿਚ “ਨਵਾਂ ਨੇਮ” 1526 ਵਿਚ ਛਾਪਿਆ ਗਿਆ ਸੀ। ਜਦੋਂ ਇੰਗਲੈਂਡ ਵਿਚ ਇਸ ਦੀਆਂ ਕਾਪੀਆਂ ਚੋਰੀ-ਛਿਪੇ ਲਿਆਈਆਂ ਗਈਆਂ, ਤਾਂ ਅਧਿਕਾਰੀ ਇੰਨੇ ਕ੍ਰੋਧਿਤ ਹੋਏ ਕਿ ਉਹ ਇਨ੍ਹਾਂ ਨੂੰ ਖੁੱਲ੍ਹੇ-ਆਮ ਸਾੜਨ ਲੱਗ ਪਏ। ਬਾਅਦ ਵਿਚ ਟਿੰਡੇਲ ਨਾਲ ਵਿਸ਼ਵਾਸਘਾਤ ਕੀਤਾ ਗਿਆ। ਇਸ ਤੋਂ ਪਹਿਲਾਂ ਕਿ ਉਸ ਦਾ ਗਲਾ ਘੁੱਟ ਕੇ ਉਸ ਦੀ ਲਾਸ਼ ਨੂੰ ਜਲਾਇਆ ਗਿਆ, ਉਸ ਨੇ ਉੱਚੀ ਆਵਾਜ਼ ਵਿਚ ਇਹ ਸ਼ਬਦ ਪੁਕਾਰੇ: “ਪ੍ਰਭੂ, ਇੰਗਲੈਂਡ ਦੇ ਰਾਜੇ ਦੀਆਂ ਅੱਖਾਂ ਖੋਲ੍ਹ!”2

ਬਾਈਬਲ ਅਨੁਵਾਦ ਜਾਰੀ ਰਿਹਾ; ਅਨੁਵਾਦਕਾਂ ਨੂੰ ਰੋਕਿਆ ਨਹੀਂ ਜਾ ਸਕਦਾ ਸੀ। 1800 ਤਕ, ਬਾਈਬਲ ਦੇ ਘਟੋ-ਘੱਟ ਕੁਝ ਭਾਗਾਂ ਨੇ 68 ਭਾਸ਼ਾਵਾਂ ਵਿਚ “ਬੋਲਣਾ ਸਿੱਖ ਲਿਆ ਸੀ।” ਫਿਰ, ਬਾਈਬਲ ਸੋਸਾਇਟੀਆਂ—ਖ਼ਾਸ ਕਰਕੇ 1804 ਵਿਚ ਕਾਇਮ ਕੀਤੀ ਗਈ ਬ੍ਰਿਟਿਸ਼ ਐਂਡ ਫੌਰਿਨ ਬਾਈਬਲ ਸੋਸਾਇਟੀ—ਦੀ ਸਥਾਪਨਾ ਦੇ ਨਾਲ ਬਾਈਬਲ ਨੇ ਛੇਤੀ ਹੀ ਹੋਰ ਵੀ ਨਵੀਆਂ ਭਾਸ਼ਾਵਾਂ “ਸਿੱਖ ਲਈਆਂ।” ਸੈਂਕੜੇ ਨੌਜਵਾਨਾਂ ਨੇ ਵਿਦੇਸ਼ਾਂ ਨੂੰ ਜਾਣ ਲਈ ਆਪਣੇ ਆਪ ਨੂੰ ਮਿਸ਼ਨਰੀਆਂ ਵਜੋਂ ਪੇਸ਼ ਕੀਤਾ, ਅਤੇ ਕਈਆਂ ਦਾ ਮੁੱਖ ਮਕਸਦ ਬਾਈਬਲ ਦਾ ਅਨੁਵਾਦ ਕਰਨਾ ਸੀ।

ਅਫ਼ਰੀਕਾ ਦੀਆਂ ਭਾਸ਼ਾਵਾਂ ਸਿੱਖਣੀਆਂ

ਸੰਨ 1800 ਵਿਚ, ਅਫ਼ਰੀਕਾ ਵਿਚ ਸਿਰਫ਼ ਇਕ ਦਰਜਨ ਦੇ ਕਰੀਬ ਲਿਖਿਤ ਭਾਸ਼ਾਵਾਂ ਸਨ। ਸੈਂਕੜਿਆਂ ਦੀ ਗਿਣਤੀ ਵਿਚ ਹੋਰ ਕਿੰਨੀਆਂ ਹੀ ਮੌਖਿਕ ਭਾਸ਼ਾਵਾਂ ਨੂੰ ਉੱਦੋਂ ਤਕ ਇੰਤਜ਼ਾਰ ਕਰਨਾ ਪਿਆ ਜਦ ਤਕ ਕੋਈ ਉਨ੍ਹਾਂ ਦੀ ਲੇਖਣ ਪ੍ਰਣਾਲੀ ਬਣਾਉਂਦਾ। ਮਿਸ਼ਨਰੀਆਂ ਨੇ ਆ ਕੇ ਕਾਇਦਿਆਂ ਜਾਂ ਸ਼ਬਦ-ਕੋਸ਼ਾਂ ਦੀ ਸਹਾਇਤਾ ਤੋਂ ਬਿਨਾਂ ਭਾਸ਼ਾਵਾਂ ਨੂੰ ਸਿੱਖਿਆ। ਫਿਰ ਉਨ੍ਹਾਂ ਨੇ ਇਕ ਲਿਖਿਤ ਰੂਪ ਵਿਕਸਿਤ ਕਰਨ ਲਈ ਸਖ਼ਤ ਮਿਹਨਤ ਕੀਤੀ, ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਇਹ ਲਿਪੀ ਪੜ੍ਹਨੀ ਸਿਖਾਈ। ਉਨ੍ਹਾਂ ਨੇ ਇਹ ਕੀਤਾ ਤਾਂਕਿ ਇਕ ਦਿਨ ਲੋਕ ਆਪਣੀ ਜ਼ਬਾਨ ਵਿਚ ਬਾਈਬਲ ਪੜ੍ਹ ਸਕਣ।3

ਅਜਿਹਾ ਇਕ ਮਿਸ਼ਨਰੀ ਸਕਾਟਲੈਂਡ ਦਾ ਵਸਨੀਕ, ਰੌਬਰਟ ਮੌਫ਼ਟ ਸੀ। 1821 ਵਿਚ, 25 ਸਾਲ ਦੀ ਉਮਰ ਤੇ, ਮੌਫ਼ਟ ਨੇ ਦੱਖਣੀ ਅਫ਼ਰੀਕਾ ਦੇ ਟਸਵਾਨੀ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਸੰਗ ਇਕ ਧਰਮ-ਪ੍ਰਚਾਰ ਕੇਂਦਰ ਸਥਾਪਿਤ ਕੀਤਾ। ਉਨ੍ਹਾਂ ਦੀ ਅਲਿਖਿਤ ਭਾਸ਼ਾ ਸਿੱਖਣ ਲਈ, ਉਸ ਨੇ ਲੋਕਾਂ ਦੇ ਨਾਲ ਸੰਗਤ ਰੱਖੀ, ਅਤੇ ਉਨ੍ਹਾਂ ਦੇ ਵਿਚਕਾਰ ਵਸਣ ਲਈ ਸਮੇਂ-ਸਮੇਂ ਤੇ ਅੰਦਰੂਨੀ ਇਲਾਕਿਆਂ ਵਿਚ ਗਿਆ। “ਲੋਕ ਦਿਆਲੂ ਸਨ,” ਉਸ ਨੇ ਬਾਅਦ ਵਿਚ ਲਿਖਿਆ, “ਅਤੇ ਭਾਸ਼ਾ ਵਿਚ ਮੇਰੀਆਂ ਗ਼ਲਤੀਆਂ ਕਈ ਵਾਰ ਹਾਸੇ ਦਾ ਕਾਰਨ ਬਣੀਆਂ। ਕੋਈ ਕਿਸੇ ਸ਼ਬਦ ਜਾਂ ਵਾਕ ਨੂੰ ਕਦੇ ਵੀ ਨਹੀਂ ਸੁਧਾਰਦਾ ਸੀ, ਜਦ ਤਕ ਉਹ ਮੇਰੀ ਇੰਨੀ ਚੰਗੀ ਤਰ੍ਹਾਂ ਨਕਲ ਨਾ ਕਰ ਲੈਂਦਾ ਕਿ ਦੂਜਿਆਂ ਦੇ ਹੱਸ ਹੱਸ ਕੇ ਢਿੱਡ ਦੁਖਣ ਲੱਗ ਪੈਂਦੇ।”4 ਮੌਫ਼ਟ ਜੁਟਿਆ ਰਿਹਾ ਅਤੇ ਆਖ਼ਰਕਾਰ ਭਾਸ਼ਾ ਵਿਚ ਮਾਹਰ ਬਣ ਗਿਆ, ਅਤੇ ਉਸ ਲਈ ਇਕ ਲਿਖਿਤ ਰੂਪ ਵਿਕਸਿਤ ਕਰ ਲਿਆ।

ਸੰਨ 1829 ਵਿਚ, ਟਸਵਾਨੀ ਲੋਕਾਂ ਦੇ ਸੰਗ ਅੱਠ ਸਾਲ ਤਕ ਕੰਮ ਕਰਨ ਤੋਂ ਬਾਅਦ, ਮੌਫ਼ਟ ਨੇ ਲੂਕਾ ਦੀ ਇੰਜੀਲ ਦੇ ਅਨੁਵਾਦ ਨੂੰ ਪੂਰਾ ਕਰ ਲਿਆ। ਇਸ ਨੂੰ ਛਪਾਉਣ ਲਈ, ਉਸ ਨੇ ਬੈਲ-ਗੱਡੀ ਉੱਤੇ ਸਾਗਰ ਦੇ ਕਿਨਾਰੇ ਤਕ ਲਗਭਗ 900 ਕਿਲੋਮੀਟਰ ਸਫ਼ਰ ਕੀਤਾ ਅਤੇ ਫਿਰ ਕੇਪ ਟਾਊਨ ਨੂੰ ਜਾਣ ਲਈ ਜਹਾਜ਼ ਫੜਿਆ। ਉੱਥੇ ਦੇ ਗਵਰਨਰ ਨੇ ਉਸ ਨੂੰ ਸਰਕਾਰੀ ਛਪਾਈ ਮਸ਼ੀਨ ਇਸਤੇਮਾਲ ਕਰਨ ਲਈ ਇਜਾਜ਼ਤ ਦਿੱਤੀ, ਪਰੰਤੂ ਮੌਫ਼ਟ ਨੂੰ ਟਾਈਪ ਸੈੱਟ ਅਤੇ ਛਪਾਈ ਖ਼ੁਦ ਹੀ ਕਰਨੀ ਪਈ, ਅਤੇ ਆਖ਼ਰਕਾਰ 1830 ਵਿਚ ਇੰਜੀਲ ਪ੍ਰਕਾਸ਼ਿਤ ਹੋਈ। ਪਹਿਲੀ ਵਾਰ, ਟਸਵਾਨੀ ਲੋਕ ਆਪਣੀ ਹੀ ਭਾਸ਼ਾ ਵਿਚ ਬਾਈਬਲ ਦਾ ਇਕ ਭਾਗ ਪੜ੍ਹ ਸਕੇ। 1857 ਵਿਚ, ਮੌਫ਼ਟ ਨੇ ਟਸਵਾਨੀ ਭਾਸ਼ਾ ਵਿਚ ਸਮੁੱਚੀ ਬਾਈਬਲ ਦਾ ਅਨੁਵਾਦ ਪੂਰਾ ਕਰ ਲਿਆ।

ਬਾਅਦ ਵਿਚ ਮੌਫ਼ਟ ਨੇ ਟਸਵਾਨੀ ਲੋਕਾਂ ਦੀ ਪ੍ਰਤਿਕ੍ਰਿਆ ਨੂੰ ਵਰਣਨ ਕੀਤਾ ਜਦੋਂ ਉਨ੍ਹਾਂ ਨੂੰ ਲੂਕਾ ਦੀ ਇੰਜੀਲ ਪਹਿਲੀ ਵਾਰ ਉਪਲਬਧ ਕੀਤੀ ਗਈ। ਉਸ ਨੇ ਨੋਟ ਕੀਤਾ: “ਮੈਂ ਅਜਿਹੇ ਵਿਅਕਤੀਆਂ ਬਾਰੇ ਜਾਣੂ ਹਾਂ ਜੋ ਸੰਤ ਲੂਕਾ ਦੀਆਂ ਕਾਪੀਆਂ ਪ੍ਰਾਪਤ ਕਰਨ ਲਈ ਸੌ ਸੌ ਮੀਲ ਸਫ਼ਰ ਕਰ ਕੇ ਆਏ। . . . ਮੈਂ ਉਨ੍ਹਾਂ ਨੂੰ ਸੰਤ ਲੂਕਾ ਦੀ ਇੰਜੀਲ ਦੇ ਭਾਗਾਂ ਨੂੰ ਹਾਸਲ ਕਰਦਿਆਂ, ਇਨ੍ਹਾਂ ਉੱਤੇ ਰੋਂਦਿਆਂ, ਅਤੇ ਇਨ੍ਹਾਂ ਨੂੰ ਆਪਣੇ ਸੀਨੇ ਨਾਲ ਲਾ ਕੇ ਸ਼ੁਕਰਗੁਜ਼ਾਰੀ ਦੇ ਅੱਥਰੂ ਵਹਾਉਂਦਿਆਂ ਡਿੱਠਾ, ਜਦ ਤਕ ਮੈਨੂੰ ਕਈਆਂ ਨੂੰ ਕਹਿਣਾ ਪਿਆ, ‘ਤੁਸੀਂ ਆਪਣੇ ਅੱਥਰੂਆਂ ਨਾਲ ਆਪਣੀਆਂ ਪੁਸਤਕਾਂ ਖ਼ਰਾਬ ਕਰ ਲਵੋਗੇ।’”5

ਮੌਫ਼ਟ ਵਰਗੇ ਅਰਪਿਤ ਅਨੁਵਾਦਕਾਂ ਨੇ ਇੰਜ ਅਨੇਕ ਅਫ਼ਰੀਕੀ ਲੋਕਾਂ ਨੂੰ ਲਿਖਤੀ ਰੂਪ ਵਿਚ ਸੰਚਾਰ ਕਰਨ ਦਾ ਪਹਿਲਾ ਮੌਕਾ ਦਿੱਤਾ, ਜਿਨ੍ਹਾਂ ਵਿੱਚੋਂ ਕੁਝ ਤਾਂ ਸ਼ੁਰੂ ਵਿਚ ਲਿਖਿਤ ਭਾਸ਼ਾ ਦੀ ਜ਼ਰੂਰਤ ਨੂੰ ਨਹੀਂ ਪਛਾਣਦੇ ਸਨ। ਲੇਕਿਨ, ਅਨੁਵਾਦਕ ਵਿਸ਼ਵਾਸ ਰੱਖਦੇ ਸਨ ਕਿ ਉਹ ਅਫ਼ਰੀਕਾ ਦੇ ਲੋਕਾਂ ਨੂੰ ਇਸ ਤੋਂ ਵੀ ਜ਼ਿਆਦਾ ਕੀਮਤੀ ਦਾਨ ਦੇ ਰਹੇ ਸਨ—ਉਨ੍ਹਾਂ ਦੀ ਆਪਣੀ ਜ਼ਬਾਨ ਵਿਚ ਬਾਈਬਲ। ਅੱਜ ਬਾਈਬਲ, ਸਮੁੱਚੇ ਤੌਰ ਤੇ ਜਾਂ ਹਿੱਸਿਆਂ ਵਿਚ, 600 ਤੋਂ ਵੱਧ ਅਫ਼ਰੀਕੀ ਭਾਸ਼ਾਵਾਂ ਵਿਚ “ਬੋਲਦੀ” ਹੈ।

ਏਸ਼ੀਆ ਦੀਆਂ ਭਾਸ਼ਾਵਾਂ ਸਿੱਖਣੀਆਂ

ਜਦ ਕਿ ਅਫ਼ਰੀਕਾ ਵਿਚ ਅਨੁਵਾਦਕ ਮੌਖਿਕ ਭਾਸ਼ਾਵਾਂ ਲਈ ਲਿਖਿਤ ਰੂਪ ਬਣਾਉਣ ਲਈ ਸੰਘਰਸ਼ ਕਰਦੇ ਸਨ, ਸੰਸਾਰ ਦੇ ਦੂਜੇ ਪਾਸੇ, ਹੋਰ ਅਨੁਵਾਦਕਾਂ ਨੇ ਬਹੁਤ ਵੱਖਰੀ ਅੜਚਣ ਦਾ ਸਾਮ੍ਹਣਾ ਕੀਤਾ—ਉਨ੍ਹਾਂ ਭਾਸ਼ਾਵਾਂ ਵਿਚ ਅਨੁਵਾਦ ਕਰਨਾ ਜਿਨ੍ਹਾਂ ਦੀਆਂ ਪਹਿਲਾਂ ਹੀ ਗੁੰਝਲਦਾਰ ਲਿਖਿਤ ਲਿਪੀਆਂ ਸਨ। ਏਸ਼ੀਆ ਦੀਆਂ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਨ ਵਾਲਿਆਂ ਦੇ ਸਾਮ੍ਹਣੇ ਠੀਕ ਅਜਿਹੀ ਚੁਣੌਤੀ ਸੀ।

ਉੱਨੀਵੀਂ ਸਦੀ ਦੇ ਆਰੰਭ ਵਿਚ, ਵਿਲਿਅਮ ਕੈਰੀ ਅਤੇ ਜੋਸ਼ੁਆ ਮਾਰਸ਼ਮਨ ਭਾਰਤ ਨੂੰ ਗਏ ਅਤੇ ਉਹ ਉੱਥੇ ਦੀਆਂ ਲਿਖਿਤ ਭਾਸ਼ਾਵਾਂ ਵਿੱਚੋਂ ਕਈਆਂ ਵਿਚ ਮਾਹਰ ਬਣ ਗਏ। ਵਿਲਿਅਮ ਵਾਰਡ ਨਾਮਕ ਇਕ ਛਾਪਕ ਦੀ ਮਦਦ ਦੇ ਨਾਲ, ਉਨ੍ਹਾਂ ਨੇ ਲਗਭਗ 40 ਭਾਸ਼ਾਵਾਂ ਵਿਚ ਬਾਈਬਲ ਦੇ ਘਟੋ-ਘੱਟ ਕੁਝ ਭਾਗਾਂ ਦੇ ਅਨੁਵਾਦ ਉਤਪੰਨ ਕੀਤੇ।6 ਵਿਲਿਅਮ ਕੈਰੀ ਦੇ ਸੰਬੰਧ ਵਿਚ, ਲੇਖਕ ਜੇ. ਹਰਬਟ ਕੇਨ ਵਿਆਖਿਆ ਕਰਦਾ ਹੈ: “ਉਸ ਨੇ [ਬੰਗਲਾ ਭਾਸ਼ਾ ਦੀ] ਇਕ ਵਧੀਆ, ਖੁੱਲ੍ਹੀ-ਡੁਲ੍ਹੀ ਵਾਰਤਾਲਾਪੀ ਸ਼ੈਲੀ ਬਣਾਈ ਜਿਸ ਨੇ ਪੁਰਾਣੀ ਸ਼ਾਸਤਰੀ ਸ਼ੈਲੀ ਦੀ ਥਾਂ ਲੈ ਲਈ, ਅਤੇ ਇੰਜ ਇਸ ਨੂੰ ਆਧੁਨਿਕ ਪਾਠਕਾਂ ਲਈ ਹੋਰ ਸਪੱਸ਼ਟ ਅਤੇ ਆਕਰਸ਼ਕ ਬਣਾ ਦਿੱਤਾ।”7

ਸੰਯੁਕਤ ਰਾਜ ਅਮਰੀਕਾ ਦਾ ਜੰਮ-ਪਲ, ਐਡੋਨਾਈਰਮ ਜਡਸਨ ਬਰਮਾ ਨੂੰ ਗਿਆ, ਅਤੇ 1817 ਵਿਚ ਉਸ ਨੇ ਬਾਈਬਲ ਦਾ ਬਰਮੀ ਭਾਸ਼ਾ ਵਿਚ ਅਨੁਵਾਦ ਕਰਨਾ ਆਰੰਭ ਕਰ ਦਿੱਤਾ। ਇਕ ਪੂਰਬੀ ਭਾਸ਼ਾ ਵਿਚ ਉਸ ਹੱਦ ਤਕ ਮਾਹਰ ਬਣਨ ਦੀ ਔਖਿਆਈ ਨੂੰ ਵਰਣਨ ਕਰਦਿਆਂ, ਜੋ ਬਾਈਬਲ ਦਾ ਅਨੁਵਾਦ ਕਰਨ ਲਈ ਜ਼ਰੂਰੀ ਹੈ, ਉਸ ਨੇ ਲਿਖਿਆ: ‘ਜਦੋਂ ਅਸੀਂ ਧਰਤੀ ਦੇ ਦੂਸਰੇ ਪਾਸੇ ਦੇ ਲੋਕਾਂ ਦੁਆਰਾ ਬੋਲੀ ਗਈ ਇਕ ਭਾਸ਼ਾ ਨੂੰ ਸਿੱਖਦੇ ਹਾਂ, ਜਿਨ੍ਹਾਂ ਦੇ ਸੋਚਣ ਦੇ ਤਰੀਕੇ ਸਾਡਿਆਂ ਨਾਲੋਂ ਭਿੰਨ ਹਨ, ਅਤੇ ਫਲਸਰੂਪ ਜਿਨ੍ਹਾਂ ਦੀਆਂ ਅਭਿਵਿਅਕਤੀਆਂ ਸਾਡੇ ਲਈ ਬਿਲਕੁਲ ਨਵੀਆਂ ਹੁੰਦੀਆਂ ਹਨ, ਅਤੇ ਅੱਖਰ ਤੇ ਸ਼ਬਦ ਅਜਿਹੀ ਕਿਸੇ ਭਾਸ਼ਾ ਨਾਲ ਕੋਈ ਰੂਪ-ਮੇਲ ਨਹੀਂ ਰੱਖਦੇ ਹਨ ਜਿਸ ਨਾਲ ਅਸੀਂ ਪਰਿਚਿਤ ਹਾਂ; ਜਦੋਂ ਸਾਡੇ ਕੋਲ ਮਦਦ ਲਈ ਕੋਈ ਸ਼ਬਦ-ਕੋਸ਼ ਜਾਂ ਦੁਭਾਸ਼ੀਆ ਵਿਅਕਤੀ ਨਹੀਂ ਹੁੰਦਾ ਹੈ ਅਤੇ ਇਸ ਤੋਂ ਪਹਿਲਾਂ ਕਿ ਅਸੀਂ ਕਿਸੇ ਸਥਾਨਕ ਅਧਿਆਪਕ ਦੀ ਮਦਦ ਦਾ ਲਾਭ ਉਠਾ ਸਕੀਏ, ਸਾਨੂੰ ਉਸ ਭਾਸ਼ਾ ਦੀ ਕੁਝ ਸਮਝ ਹੋਣੀ ਚਾਹੀਦੀ ਹੈ—ਇਸ ਦਾ ਅਰਥ ਸਖ਼ਤ ਮਿਹਨਤ ਹੈ!’8

ਜਡਸਨ ਲਈ, ਇਸ ਦਾ ਅਰਥ 18 ਸਾਲ ਦੀ ਸਖ਼ਤ ਮਿਹਨਤ ਸੀ। ਬਰਮੀ ਬਾਈਬਲ ਦਾ ਆਖ਼ਰੀ ਹਿੱਸਾ 1835 ਵਿਚ ਛਾਪਿਆ ਗਿਆ ਸੀ। ਲੇਕਿਨ, ਬਰਮਾ ਵਿਚ ਉਸ ਦਾ ਵਸਣਾ ਉਸ ਨੂੰ ਮਹਿੰਗਾ ਪਿਆ। ਅਨੁਵਾਦ ਦਾ ਕੰਮ ਕਰਦੇ ਸਮੇਂ, ਉਸ ਉੱਤੇ ਜਾਸੂਸੀ ਦਾ ਦੋਸ਼ ਲਾਇਆ ਗਿਆ ਸੀ ਅਤੇ ਇਸ ਕਾਰਨ ਉਸ ਨੇ ਮੱਛਰ-ਭਰੀ ਜੇਲ੍ਹ ਵਿਚ ਤਕਰੀਬਨ ਦੋ ਸਾਲ ਗੁਜ਼ਾਰੇ। ਆਪਣੀ ਰਿਹਾਈ ਤੋਂ ਥੋੜ੍ਹੀ ਹੀ ਦੇਰ ਬਾਅਦ, ਉਸ ਦੀ ਪਤਨੀ ਅਤੇ ਨੰਨ੍ਹੀ ਬੇਟੀ ਬੁਖ਼ਾਰ ਦੇ ਕਾਰਨ ਦਮ ਤੋੜ ਗਈਆਂ।

ਜਦੋਂ 25-ਸਾਲਾ ਰੌਬਰਟ ਮੌਰਿਸਨ 1807 ਵਿਚ ਚੀਨ ਪਹੁੰਚਿਆ, ਤਾਂ ਉਸ ਨੇ ਬਾਈਬਲ ਨੂੰ ਚੀਨੀ ਭਾਸ਼ਾ, ਜੋ ਕਿ ਇਕ ਸਭ ਤੋਂ ਗੁੰਝਲਦਾਰ ਲਿਖਿਤ ਭਾਸ਼ਾ ਹੈ, ਵਿਚ ਅਨੁਵਾਦ ਕਰਨ ਦਾ ਅਤਿਅੰਤ ਮੁਸ਼ਕਲ ਕੰਮ ਆਪਣੇ ਜ਼ਿੰਮੇ ਲਿਆ। ਉਸ ਕੋਲ ਚੀਨੀ ਭਾਸ਼ਾ ਦਾ ਕੇਵਲ ਸੀਮਿਤ ਗਿਆਨ ਸੀ, ਜਿਸ ਦਾ ਅਧਿਐਨ ਉਸ ਨੇ ਸਿਰਫ਼ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਮੌਰਿਸਨ ਨੂੰ ਉਸ ਚੀਨੀ ਕਾਨੂੰਨ ਨਾਲ ਵੀ ਮੁਕਾਬਲਾ ਕਰਨਾ ਪਿਆ, ਜੋ ਚੀਨ ਦੇ ਅੱਡਰੇਪਣ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ ਸੀ। ਮੌਤ ਦੀ ਸਜ਼ਾ ਦੇ ਅਧੀਨ, ਚੀਨੀ ਲੋਕਾਂ ਨੂੰ ਵਿਦੇਸ਼ੀਆਂ ਨੂੰ ਭਾਸ਼ਾ ਸਿਖਾਉਣ ਤੋਂ ਵਰਜਿਆ ਗਿਆ ਸੀ। ਇਕ ਵਿਦੇਸ਼ੀ ਲਈ ਬਾਈਬਲ ਦਾ ਚੀਨੀ ਭਾਸ਼ਾ ਵਿਚ ਅਨੁਵਾਦ ਕਰਨਾ ਮੌਤ ਦੀ ਸਜ਼ਾ ਯੋਗ ਜੁਰਮ ਸੀ।

ਨਿਡਰ ਲੇਕਿਨ ਚੌਕਸ, ਮੌਰਿਸਨ ਨੇ ਭਾਸ਼ਾ ਦਾ ਅਧਿਐਨ ਕਰਨਾ ਜਾਰੀ ਰੱਖਿਆ ਅਤੇ ਇਸ ਨੂੰ ਜਲਦੀ ਹੀ ਸਿੱਖ ਗਿਆ। ਦੋ ਸਾਲਾਂ ਦੇ ਅੰਦਰ-ਅੰਦਰ ਉਸ ਨੇ ਈਸਟ ਇੰਡੀਆ ਕੰਪਨੀ ਲਈ ਇਕ ਅਨੁਵਾਦਕ ਵਜੋਂ ਨੌਕਰੀ ਪ੍ਰਾਪਤ ਕਰ ਲਈ। ਦਿਨ ਦੇ ਦੌਰਾਨ ਉਹ ਕੰਪਨੀ ਲਈ ਕੰਮ ਕਰਦਾ ਸੀ, ਪਰ ਗੁਪਤ ਵਿਚ ਅਤੇ ਫੜੇ ਜਾਣ ਦੇ ਲਗਾਤਾਰ ਖ਼ਤਰੇ ਦੇ ਅਧੀਨ, ਉਹ ਬਾਈਬਲ ਦਾ ਅਨੁਵਾਦ ਕਰਨ ਦਾ ਕੰਮ ਕਰਦਾ ਸੀ। 1814 ਵਿਚ, ਚੀਨ ਵਿਚ ਪਹੁੰਚਣ ਤੋਂ ਸੱਤ ਸਾਲ ਬਾਅਦ, ਉਸ ਨੇ ਮਸੀਹੀ ਯੂਨਾਨੀ ਸ਼ਾਸਤਰ ਛਪਾਈ ਲਈ ਤਿਆਰ ਕਰ ਲਿਆ ਸੀ।9 ਪੰਜ ਸਾਲ ਬਾਅਦ, ਵਿਲਿਅਮ ਮਿਲਨ ਦੀ ਮਦਦ ਨਾਲ, ਉਸ ਨੇ ਇਬਰਾਨੀ ਸ਼ਾਸਤਰ ਪੂਰਾ ਕਰ ਲਿਆ।

ਇਹ ਇਕ ਬਹੁਤ ਵੱਡੀ ਕਾਮਯਾਬੀ ਸੀ—ਬਾਈਬਲ ਹੁਣ ਉਸ ਭਾਸ਼ਾ ਵਿਚ “ਬੋਲ” ਸਕਦੀ ਸੀ ਜੋ ਸੰਸਾਰ ਵਿਚ ਕਿਸੇ ਹੋਰ ਭਾਸ਼ਾ ਨਾਲੋਂ ਜ਼ਿਆਦਾ ਲੋਕਾਂ ਦੁਆਰਾ ਇਸਤੇਮਾਲ ਕੀਤੀ ਜਾਂਦੀ ਹੈ। ਕਾਬਲ ਅਨੁਵਾਦਕਾਂ ਸਦਕਾ, ਬਾਅਦ ਵਿਚ ਦੂਜੀਆਂ ਏਸ਼ੀਆਈ ਭਾਸ਼ਾਵਾਂ ਵਿਚ ਅਨੁਵਾਦ ਤਿਆਰ ਕੀਤੇ ਜਾਣ ਲੱਗੇ। ਅੱਜ, ਬਾਈਬਲ ਦੇ ਭਾਗ ਏਸ਼ੀਆ ਦੀਆਂ 500 ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹਨ।

ਟਿੰਡੇਲ, ਮੌਫ਼ਟ, ਜਡਸਨ, ਅਤੇ ਮੌਰਿਸਨ ਵਰਗੇ ਮਨੁੱਖਾਂ ਨੇ—ਕੁਝ ਤਾਂ ਆਪਣੀਆਂ ਜਾਨਾਂ ਨੂੰ ਵੀ ਖ਼ਤਰੇ ਵਿਚ ਪਾਉਂਦੇ ਹੋਏ—ਅਜਿਹੇ ਲੋਕਾਂ ਦੇ ਲਈ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਸਨ, ਅਤੇ ਕਈ ਵਾਰ ਜਿਨ੍ਹਾਂ ਦੀ ਕੋਈ ਲਿਖਿਤ ਭਾਸ਼ਾ ਵੀ ਨਹੀਂ ਸੀ, ਇਕ ਪੁਸਤਕ ਦਾ ਅਨੁਵਾਦ ਕਰਨ ਲਈ ਸਾਲਾਂ-ਬੱਧੀ ਮਿਹਨਤ ਕਿਉਂ ਕੀਤੀ? ਨਿਸ਼ਚੇ ਹੀ ਮਹਿਮਾ ਜਾਂ ਮਾਲੀ ਲਾਭ ਦੇ ਲਈ ਨਹੀਂ। ਉਹ ਵਿਸ਼ਵਾਸ ਕਰਦੇ ਸਨ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ ਅਤੇ ਕਿ ਇਸ ਨੂੰ ਲੋਕਾਂ ਦੇ ਨਾਲ—ਸਾਰੇ ਲੋਕਾਂ ਦੇ ਨਾਲ—ਉਨ੍ਹਾਂ ਦੀ ਆਪਣੀ ਭਾਸ਼ਾ ਵਿਚ “ਬੋਲਣਾ” ਚਾਹੀਦਾ ਹੈ।

ਚਾਹੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ ਜਾਂ ਨਹੀਂ, ਤੁਸੀਂ ਸ਼ਾਇਦ ਸਹਿਮਤ ਹੋਵੋਗੇ ਕਿ ਉਨ੍ਹਾਂ ਅਰਪਿਤ ਅਨੁਵਾਦਕਾਂ ਦੁਆਰਾ ਦਿਖਾਈ ਗਈ ਇਸ ਪ੍ਰਕਾਰ ਦੀ ਆਤਮ-ਬਲੀਦਾਨੀ ਮਨੋਬਿਰਤੀ ਅੱਜ ਦੇ ਸੰਸਾਰ ਵਿਚ ਵਾਕਈ ਹੀ ਵਿਰਲੀ ਹੈ। ਕੀ ਉਹ ਪੁਸਤਕ ਜੋ ਅਜਿਹੀ ਨਿਰਸੁਆਰਥਤਾ ਨੂੰ ਪ੍ਰੇਰਿਤ ਕਰਦੀ ਹੈ ਜਾਂਚ ਕਰਨ ਦੇ ਯੋਗ ਨਹੀਂ ਹੈ?

[ਸਫ਼ਾ 12 ਉੱਤੇ ਚਾਰਟ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਉਨ੍ਹਾਂ ਭਾਸ਼ਾਵਾਂ ਦੀ ਗਿਣਤੀ ਜਿਨ੍ਹਾਂ ਵਿਚ 1800 ਤੋਂ ਬਾਈਬਲ ਦੇ ਭਾਗ ਛਾਪੇ ਗਏ ਹਨ

68 107 171 269 367 522 729 971 1,199 1,762 2,123

1800 1900 1995

[ਸਫ਼ਾ 10 ਉੱਤੇ ਤਸਵੀਰ]

ਬਾਈਬਲ ਦਾ ਅਨੁਵਾਦ ਕਰਦਾ ਹੋਇਆ ਟਿੰਡੇਲ

[ਸਫ਼ਾ 11 ਉੱਤੇ ਤਸਵੀਰ]

ਰੌਬਰਟ ਮੌਫ਼ਟ

[ਸਫ਼ਾ 12 ਉੱਤੇ ਤਸਵੀਰ]

ਐਡੋਨਾਈਰਮ ਜਡਸਨ

[ਸਫ਼ਾ 13 ਉੱਤੇ ਤਸਵੀਰ]

ਰੌਬਰਟ ਮੌਰਿਸਨ