Skip to content

Skip to table of contents

ਪੁਸਤਕ ਵਿਚ ਕੀ ਹੈ

ਪੁਸਤਕ ਵਿਚ ਕੀ ਹੈ

ਪੁਸਤਕ ਵਿਚ ਕੀ ਹੈ

ਪਹਿਲੀ ਵਾਰ ਲਾਇਬ੍ਰੇਰੀ ਵਿਚ ਜਾਣ ਵਾਲਾ ਇਕ ਵਿਅਕਤੀ ਸ਼ਾਇਦ ਪੁਸਤਕਾਂ ਦੀਆਂ ਅਨੇਕ ਕਿਸਮਾਂ ਦੇਖ ਕੇ ਚਕਰਾ ਜਾਵੇ। ਪਰੰਤੂ ਥੋੜ੍ਹੇ ਜਿਹੇ ਸਪੱਸ਼ਟੀਕਰਣ ਤੋਂ ਬਾਅਦ ਕਿ ਪੁਸਤਕਾਂ ਕਿਸ ਤਰਤੀਬ ਵਿਚ ਰੱਖੀਆਂ ਗਈਆਂ ਹਨ, ਉਹ ਜਲਦੀ ਹੀ ਸਿੱਖ ਜਾਂਦਾ ਹੈ ਕਿ ਪੁਸਤਕਾਂ ਕਿਵੇਂ ਲੱਭਣੀਆਂ ਹਨ। ਇਸੇ ਤਰ੍ਹਾਂ, ਬਾਈਬਲ ਵਿੱਚੋਂ ਹਵਾਲੇ ਲੱਭਣਾ ਜ਼ਿਆਦਾ ਸੌਖਾ ਹੁੰਦਾ ਹੈ ਜਦੋਂ ਤੁਸੀਂ ਸਮਝ ਲੈਂਦੇ ਹੋ ਕਿ ਇਸ ਦੀਆਂ ਪੁਸਤਕਾਂ ਦੀ ਕੀ ਤਰਤੀਬ ਹੈ।

ਸ਼ਬਦ “ਬਾਈਬਲ” ਯੂਨਾਨੀ ਸ਼ਬਦ ਬਿੱਬਲੀਆ ਤੋਂ ਲਿਆ ਗਿਆ ਹੈ, ਜਿਸ ਦਾ ਅਰਥ “ਪਪਾਇਰਸ ਦੀਆਂ ਪੋਥੀਆਂ” ਜਾਂ “ਪੁਸਤਕਾਂ” ਸੀ।1 ਅਸਲ ਵਿਚ ਬਾਈਬਲ 66 ਵੱਖਰੀਆਂ-ਵੱਖਰੀਆਂ ਪੁਸਤਕਾਂ ਜੋ, 1513 ਸਾ.ਯੁ.ਪੂ. ਤੋਂ ਲੈ ਕੇ ਲਗਭਗ 98 ਸਾ.ਯੁ. ਤਕ, ਕੁਝ 1,600 ਸਾਲਾਂ ਦੇ ਦੌਰਾਨ ਲਿਖੀਆਂ ਗਈਆਂ ਸਨ, ਦਾ ਇਕ ਸੰਗ੍ਰਹਿ, ਅਰਥਾਤ ਇਕ ਲਾਇਬ੍ਰੇਰੀ ਹੈ।

ਪਹਿਲੀਆਂ 39 ਪੁਸਤਕਾਂ, ਬਾਈਬਲ ਸਾਮੱਗਰੀ ਦਾ ਲਗਭਗ ਤਿੰਨ-ਚੁਥਾਈ ਭਾਗ, ਇਬਰਾਨੀ ਸ਼ਾਸਤਰ ਵਜੋਂ ਜਾਣੀਆਂ ਜਾਂਦੀਆਂ ਹਨ, ਕਿਉਂਕਿ ਉਹ ਜ਼ਿਆਦਾਤਰ ਇਸ ਹੀ ਭਾਸ਼ਾ ਵਿਚ ਲਿਖੀਆਂ ਗਈਆਂ ਸਨ। ਇਹ ਪੁਸਤਕਾਂ ਆਮ ਤੌਰ ਤੇ ਸ਼ਾਇਦ ਤਿੰਨ ਸਮੂਹਾਂ ਵਿਚ ਵੰਡੀਆਂ ਜਾ ਸਕਦੀਆਂ ਹਨ: (1) ਇਤਿਹਾਸਕ, ਉਤਪਤ ਤੋਂ ਅਸਤਰ ਤਕ, 17 ਪੁਸਤਕਾਂ; (2) ਕਾਵਿਕ, ਅੱਯੂਬ ਤੋਂ ਸਰੇਸ਼ਟ ਗੀਤ ਤਕ, 5 ਪੁਸਤਕਾਂ; ਅਤੇ (3) ਭਵਿੱਖ-ਸੂਚਕ, ਯਸਾਯਾਹ ਤੋਂ ਮਲਾਕੀ ਤਕ, 17 ਪੁਸਤਕਾਂ। ਇਬਰਾਨੀ ਸ਼ਾਸਤਰ ਵਿਚ ਧਰਤੀ ਦਾ ਅਤੇ ਮਨੁੱਖਜਾਤੀ ਦਾ ਮੁਢਲਾ ਇਤਿਹਾਸ, ਨਾਲੇ ਇਸਰਾਏਲ ਦੀ ਪ੍ਰਾਚੀਨ ਕੌਮ ਦੇ ਆਰੰਭ ਤੋਂ ਲੈ ਕੇ ਪੰਜਵੀਂ ਸਦੀ ਸਾ.ਯੁ.ਪੂ. ਤਕ ਉਸ ਦਾ ਇਤਿਹਾਸ ਸ਼ਾਮਲ ਹੈ।

ਬਾਕੀ ਰਹਿੰਦੀਆਂ 27 ਪੁਸਤਕਾਂ ਮਸੀਹੀ ਯੂਨਾਨੀ ਸ਼ਾਸਤਰ ਵਜੋਂ ਜਾਣੀਆਂ ਜਾਂਦੀਆਂ ਹਨ, ਕਿਉਂਕਿ ਉਹ ਯੂਨਾਨੀ ਵਿਚ ਲਿਖੀਆਂ ਗਈਆਂ ਸਨ, ਜੋ ਕਿ ਉਸ ਸਮੇਂ ਦੀ ਅੰਤਰ-ਰਾਸ਼ਟਰੀ ਭਾਸ਼ਾ ਸੀ। ਉਹ ਮੂਲ ਰੂਪ ਵਿਚ ਵਿਸ਼ੇ-ਵਸਤੂ ਦੇ ਅਨੁਸਾਰ ਤਰਤੀਬ ਵਿਚ ਰੱਖੀਆਂ ਗਈਆਂ ਹਨ: (1) 5 ਇਤਿਹਾਸਕ ਪੁਸਤਕਾਂ—ਚਾਰ ਇੰਜੀਲ ਅਤੇ ਰਸੂਲਾਂ ਦੇ ਕਰਤੱਬ, (2) 21 ਪੱਤਰੀਆਂ, ਅਤੇ (3) ਪਰਕਾਸ਼ ਦੀ ਪੋਥੀ। ਮਸੀਹੀ ਯੂਨਾਨੀ ਸ਼ਾਸਤਰ ਯਿਸੂ ਮਸੀਹ ਨਾਲੇ ਪਹਿਲੀ ਸਦੀ ਸਾ.ਯੁ. ਵਿਚ ਉਸ ਦੇ ਚੇਲਿਆਂ ਦੀਆਂ ਸਿੱਖਿਆਵਾਂ ਅਤੇ ਸਰਗਰਮੀਆਂ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ।