Skip to content

Skip to table of contents

ਦਾਨੀਏਲ ਦੀ ਪੋਥੀ ਦਾ ਤੁਹਾਡੇ ਨਾਲ ਸੰਬੰਧ

ਦਾਨੀਏਲ ਦੀ ਪੋਥੀ ਦਾ ਤੁਹਾਡੇ ਨਾਲ ਸੰਬੰਧ

ਪਹਿਲਾ ਅਧਿਆਇ

ਦਾਨੀਏਲ ਦੀ ਪੋਥੀ ਦਾ ਤੁਹਾਡੇ ਨਾਲ ਸੰਬੰਧ

1, 2. (ੳ) ਬਾਈਬਲ ਵਿਚ ਦਾਨੀਏਲ ਦੀ ਪੋਥੀ ਵਿਚ ਕਿਹੜੀਆਂ ਕੁਝ ਅਨੋਖੀਆਂ ਘਟਨਾਵਾਂ ਪਾਈਆਂ ਜਾਂਦੀਆਂ ਹਨ? (ਅ) ਸਾਡੇ ਜ਼ਮਾਨੇ ਵਿਚ ਦਾਨੀਏਲ ਦੀ ਪੋਥੀ ਬਾਰੇ ਕਿਹੜੇ ਸਵਾਲ ਪੈਦਾ ਹੁੰਦੇ ਹਨ?

ਇਕ ਸ਼ਕਤੀਸ਼ਾਲੀ ਬਾਦਸ਼ਾਹ ਆਪਣੇ ਵਜ਼ੀਰਾਂ ਨੂੰ ਕਤਲ ਕਰਨ ਦੀ ਧਮਕੀ ਦਿੰਦਾ ਹੈ ਕਿਉਂਕਿ ਉਹ ਨਾ ਤਾਂ ਇਹ ਦੱਸ ਸਕਦੇ ਹਨ ਕਿ ਰਾਤੀਂ ਉਸ ਨੂੰ ਕੀ ਸੁਪਨਾ ਆਇਆ ਸੀ ਅਤੇ ਨਾ ਹੀ ਉਹ ਉਸ ਡਰਾਉਣੇ ਸੁਪਨੇ ਦਾ ਅਰਥ ਦੱਸ ਸਕਦੇ ਹਨ। ਤਿੰਨ ਗੱਭਰੂਆਂ ਨੂੰ ਲਾਗੇ ਹੀ ਸੱਤ-ਗੁਣਾ ਗਰਮ ਕੀਤੀ ਗਈ ਭੱਠੀ ਵਿਚ ਸੁੱਟਿਆ ਜਾਂਦਾ ਹੈ, ਕਿਉਂਕਿ ਉਹ ਇਕ ਵੱਡੀ ਮੂਰਤ ਸਾਮ੍ਹਣੇ ਮੱਥਾ ਟੇਕਣ ਤੋਂ ਇਨਕਾਰ ਕਰਦੇ ਹਨ, ਪਰ ਕਿੰਨੀ ਹੈਰਾਨੀ ਹੁੰਦੀ ਹੈ ਜਦੋਂ ਉਹ ਫਿਰ ਵੀ ਜੀਉਂਦੇ-ਜਾਗਦੇ ਭੱਖਦੀ ਭੱਠੀ ਵਿੱਚੋਂ ਬਾਹਰ ਨਿਕਲ ਆਉਂਦੇ ਹਨ। ਇਕ ਦਾਅਵਤ ਵਿਚ ਸੈਂਕੜੇ ਹੀ ਲੋਕ ਇਕ ਹੱਥ ਨੂੰ ਮਹਿਲ ਦੀ ਦੀਵਾਰ ਉੱਤੇ ਕੁਝ ਅਜੀਬ ਜਿਹੇ ਅੱਖਰ ਲਿਖਦੇ ਹੋਏ ਵੇਖਦੇ ਹਨ। ਕੁਝ ਚਾਲਬਾਜ਼ ਆਦਮੀ ਇਕ ਬਿਰਧ ਆਦਮੀ ਨੂੰ ਸ਼ੇਰਾਂ ਦੇ ਘੁਰੇ ਵਿਚ ਸੁਟਵਾ ਦਿੰਦੇ ਹਨ, ਪਰ ਜਦੋਂ ਉਹ ਬਾਹਰ ਨਿਕਲਦਾ ਹੈ ਤਾਂ ਉਸ ਦੇ ਸਿਰ ਦਾ ਇਕ ਵੀ ਵਾਲ ਵਿੰਗਾ ਨਹੀਂ ਹੋਇਆ ਹੁੰਦਾ। ਪਰਮੇਸ਼ੁਰ ਦਾ ਨਬੀ ਦਰਸ਼ਣ ਵਿਚ ਉਨ੍ਹਾਂ ਚਾਰ ਦਰਿੰਦਿਆਂ ਨੂੰ ਦੇਖਦਾ ਹੈ ਜੋ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਅਰਥ ਰੱਖਦੇ ਹਨ।

2 ਇਹ ਕੁਝ ਘਟਨਾਵਾਂ ਹਨ ਜੋ ਅਸੀਂ ਬਾਈਬਲ ਵਿਚ ਦਾਨੀਏਲ ਦੀ ਪੋਥੀ ਵਿਚ ਪਾਉਂਦੇ ਹਾਂ। ਕੀ ਇਹ ਘਟਨਾਵਾਂ ਗੰਭੀਰ ਸੋਚ-ਵਿਚਾਰ ਦੇ ਯੋਗ ਹਨ? ਸਾਨੂੰ ਇਸ ਪੁਰਾਣੀ ਪੋਥੀ ਤੋਂ ਅੱਜ ਕਿਵੇਂ ਲਾਭ ਮਿਲ ਸਕਦੇ ਹਨ? ਸਾਨੂੰ ਉਨ੍ਹਾਂ ਘਟਨਾਵਾਂ ਉੱਤੇ ਕਿਉਂ ਗੌਰ ਕਰਨਾ ਚਾਹੀਦਾ ਹੈ ਜੋ ਕੁਝ 2,600 ਸਾਲ ਪਹਿਲਾਂ ਵਾਪਰੀਆਂ ਸਨ?

ਦਾਨੀਏਲ—ਸਾਡੇ ਜ਼ਮਾਨੇ ਲਈ ਇਕ ਪ੍ਰਾਚੀਨ ਪੋਥੀ

3, 4. ਬਹੁਤ ਲੋਕ ਉਚਿਤ ਤੌਰ ਤੇ ਮਨੁੱਖਜਾਤੀ ਦੇ ਭਵਿੱਖ ਬਾਰੇ ਕਿਉਂ ਚਿੰਤਾ ਕਰਦੇ ਹਨ?

3 ਦਾਨੀਏਲ ਦੀ ਪੋਥੀ ਜ਼ਿਆਦਾਤਰ ਵਿਸ਼ਵ ਹਕੂਮਤ ਦੀ ਚਰਚਾ ਕਰਦੀ ਹੈ। ਇਹ ਇਕ ਅਜਿਹਾ ਵਿਸ਼ਾ ਹੈ ਜੋ ਅੱਜ ਬਹੁਤ ਮਹੱਤਤਾ ਰੱਖਦਾ ਹੈ। ਤਕਰੀਬਨ ਹਰੇਕ ਵਿਅਕਤੀ ਸਹਿਮਤ ਹੋਵੇਗਾ ਕਿ ਅਸੀਂ ਔਖਿਆਂ ਸਮਿਆਂ ਵਿੱਚੋਂ ਲੰਘ ਰਹੇ ਹਾਂ। ਹਰ ਦਿਨ ਭੈੜੀਆਂ ਤੋਂ ਭੈੜੀਆਂ ਖ਼ਬਰਾਂ ਸਾਨੂੰ ਵਾਰ-ਵਾਰ ਇਸ ਭਿਆਨਕ ਹਕੀਕਤ ਦੀ ਯਾਦ ਦਿਲਾਉਂਦੀਆਂ ਹਨ ਕਿ ਮਨੁੱਖੀ ਸਮਾਜ ਗੁੰਝਲਦਾਰ ਸਮੱਸਿਆਵਾਂ ਵਿਚ ਖੁੱਭਦਾ ਜਾ ਰਿਹਾ ਹੈ—ਭਾਵੇਂ ਕਿ ਵਿਗਿਆਨ ਨੇ ਕਾਮਯਾਬੀ ਦੀਆਂ ਸਿਖਰਾਂ ਨੂੰ ਛੋਹਿਆ ਹੈ।

4 ਇਸ ਗੱਲ ਵੱਲ ਵੀ ਧਿਆਨ ਦਿਓ ਕਿ ਭਾਵੇਂ ਮਨੁੱਖ ਚੰਦ ਉੱਤੇ ਤੁਰ ਚੁੱਕਾ ਹੈ, ਉਹ ਕਈਆਂ ਥਾਵਾਂ ਵਿਚ ਨਿਡਰ ਹੋ ਕੇ ਇਸ ਧਰਤੀ ਦੀਆਂ ਸੜਕਾਂ ਉੱਤੇ ਚੱਲ-ਫਿਰ ਨਹੀਂ ਸਕਦਾ। ਉਹ ਆਪਣੇ ਘਰ ਨੂੰ ਨਵੀਆਂ ਤੋਂ ਨਵੀਆਂ ਆਰਾਮਦਾਇਕ ਚੀਜ਼ਾਂ ਨਾਲ ਸਜਾ ਸਕਦਾ ਹੈ, ਪਰ ਉਹ ਟੁੱਟ ਰਹਿਆਂ ਪਰਿਵਾਰਾਂ ਦੀ ਵਧਦੀ ਗਿਣਤੀ ਨੂੰ ਨਹੀਂ ਰੋਕ ਸਕਦਾ। ਉਹ ਗਿਆਨ-ਵਿਗਿਆਨ ਵਾਲਾ ਯੁਗ ਲਿਆ ਸਕਦਾ ਹੈ, ਪਰ ਉਹ ਲੋਕਾਂ ਨੂੰ ਸ਼ਾਂਤੀ ਨਾਲ ਇਕੱਠੇ ਰਹਿਣਾ ਨਹੀਂ ਸਿਖਾ ਸਕਦਾ। ਇਤਿਹਾਸ ਦੇ ਪ੍ਰੋਫ਼ੈਸਰ ਹਿਯੂ ਟੌਮਸ ਨੇ ਇਕ ਵਾਰ ਲਿਖਿਆ: “ਗਿਆਨ ਅਤੇ ਵਿੱਦਿਆ ਨੇ ਮਨੁੱਖਜਾਤੀ ਨੂੰ ਆਤਮ-ਸੰਜਮ ਬਾਰੇ ਬਹੁਤ ਹੀ ਘੱਟ ਸਿਖਾਇਆ ਹੈ ਅਤੇ ਦੂਜੇ ਇਨਸਾਨਾਂ ਨਾਲ ਸੱਤ ਸੰਤੋਖ ਵਿਚ ਵੱਸਣ ਬਾਰੇ ਇਸ ਤੋਂ ਵੀ ਘੱਟ ਸਿਖਾਇਆ ਹੈ।”

5. ਮਨੁੱਖੀ ਹਕੂਮਤ ਦਾ ਜ਼ਿਆਦਾਤਰ ਕੀ ਨਤੀਜਾ ਨਿਕਲਿਆ ਹੈ?

5 ਸਮਾਜ ਵਿਚ ਕਿਸੇ ਹੱਦ ਤਕ ਅਮਨ-ਚੈਨ ਕਾਇਮ ਕਰਨ ਲਈ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਸਰਕਾਰਾਂ ਸਥਾਪਿਤ ਕੀਤੀਆਂ ਹਨ। ਪਰ, ਇਨ੍ਹਾਂ ਸਾਰੀਆਂ ਸਰਕਾਰਾਂ ਨੇ ਰਾਜਾ ਸੁਲੇਮਾਨ ਦੁਆਰਾ ਦੇਖੀ ਸੱਚਾਈ ਨੂੰ ਸੱਚ ਸਾਬਤ ਕੀਤਾ ਹੈ: “ਇੱਕ ਜਣਾ ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।” (ਉਪਦੇਸ਼ਕ ਦੀ ਪੋਥੀ 4:1; 8:9) ਬਿਨਾਂ ਸ਼ੱਕ, ਕਈ ਹਾਕਮ ਆਪਣੀ ਪਰਜਾ ਲਈ ਵਧੀਆ ਤੋਂ ਵਧੀਆ ਯੋਜਨਾਵਾਂ ਬਣਾਉਂਦੇ ਆਏ ਹਨ। ਫਿਰ ਵੀ, ਕੋਈ ਰਾਜਾ, ਰਾਸ਼ਟਰਪਤੀ, ਜਾਂ ਡਿਕਟੇਟਰ ਬੀਮਾਰੀ ਅਤੇ ਮੌਤ ਨੂੰ ਜੜ੍ਹੋਂ ਨਹੀਂ ਪੁੱਟ ਸਕਦਾ। ਕੋਈ ਵੀ ਮਨੁੱਖ ਸਾਡੀ ਧਰਤੀ ਨੂੰ ਫਿਰ ਤੋਂ ਉਹੀ ਫਿਰਦੌਸ ਨਹੀਂ ਬਣਾ ਸਕਦਾ ਜਿਸ ਦਾ ਪਰਮੇਸ਼ੁਰ ਨੇ ਪਹਿਲਾਂ ਇਰਾਦਾ ਕੀਤਾ ਸੀ।

6. ਯਹੋਵਾਹ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਮਨੁੱਖੀ ਹਕੂਮਤਾਂ ਤੋਂ ਸਹਾਇਤਾ ਲੈਣ ਦੀ ਲੋੜ ਕਿਉਂ ਨਹੀਂ ਹੈ?

6 ਪਰੰਤੂ, ਸਾਡਾ ਸ੍ਰਿਸ਼ਟੀਕਰਤਾ ਇਹ ਕਰ ਸਕਦਾ ਹੈ, ਅਤੇ ਇਸ ਤੋਂ ਵੱਧ, ਉਹ ਇਵੇਂ ਕਰਨਾ ਵੀ ਚਾਹੁੰਦਾ ਹੈ। ਉਸ ਨੂੰ ਆਪਣਾ ਮਕਸਦ ਪੂਰਾ ਕਰਨ ਲਈ ਮਨੁੱਖੀ ਸਰਕਾਰਾਂ ਦੀ ਇਜਾਜ਼ਤ ਲੈਣ ਦੀ ਲੋੜ ਨਹੀਂ, ਕਿਉਂਕਿ ਉਸ ਲਈ “ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਛਾਬਿਆਂ ਦੀ ਧੂੜ ਜਿਹੀਆਂ ਗਿਣੀਦੀਆਂ ਹਨ।” (ਯਸਾਯਾਹ 40:15) ਜੀ ਹਾਂ, ਯਹੋਵਾਹ ਇਸ ਵਿਸ਼ਵ-ਮੰਡਲ ਦਾ ਸਰਬਸ਼ਕਤੀਮਾਨ ਹਾਕਮ ਹੈ। ਇਸ ਕਾਰਨ ਉਸ ਕੋਲ ਮਨੁੱਖੀ ਸਰਕਾਰਾਂ ਨਾਲੋਂ ਕਿਤੇ ਹੀ ਵਧੇਰਾ ਅਧਿਕਾਰ ਹੈ। ਪਰਮੇਸ਼ੁਰ ਦਾ ਰਾਜ ਹੀ ਸਾਰੀਆਂ ਮਨੁੱਖੀ ਹਕੂਮਤਾਂ ਦੀ ਥਾਂ ਲਵੇਗਾ ਜਿਸ ਤੋਂ ਮਨੁੱਖਜਾਤੀ ਨੂੰ ਸਦਾ ਲਈ ਬਰਕਤਾਂ ਹਾਸਲ ਹੋਣਗੀਆਂ। ਇਹ ਗੱਲ ਬਾਈਬਲ ਵਿਚ ਦਾਨੀਏਲ ਦੀ ਪੋਥੀ ਨਾਲੋਂ ਸ਼ਾਇਦ ਹੋਰ ਕਿਸੇ ਵੀ ਪੋਥੀ ਵਿਚ ਇੰਨੀ ਸਪੱਸ਼ਟ ਨਹੀਂ ਕੀਤੀ ਗਈ ਹੈ।

ਦਾਨੀਏਲ—ਪਰਮੇਸ਼ੁਰ ਦਾ ਅਤਿ ਪਿਆਰਾ ਨਬੀ

7. ਦਾਨੀਏਲ ਕੌਣ ਸੀ, ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਕਿਸ ਤਰ੍ਹਾਂ ਦਾ ਵਿਅਕਤੀ ਸੀ?

7 ਯਹੋਵਾਹ ਪਰਮੇਸ਼ੁਰ ਦਾਨੀਏਲ ਨਾਲ ਬਹੁਤ ਹੀ ਪਿਆਰ ਕਰਦਾ ਸੀ। ਦਾਨੀਏਲ ਨੇ ਯਹੋਵਾਹ ਦੇ ਸੇਵਕ ਵਜੋਂ ਕਈ ਸਾਲ ਸੇਵਾ ਕੀਤੀ। ਵਾਕਈ, ਪਰਮੇਸ਼ੁਰ ਦੇ ਦੂਤ ਨੇ ਦਾਨੀਏਲ ਨੂੰ “ਵੱਡਾ ਪਿਆਰਾ” ਸੱਦਿਆ। (ਦਾਨੀਏਲ 9:23) “ਵੱਡਾ ਪਿਆਰਾ” ਤਰਜਮਾ ਕੀਤੇ ਗਏ ਮੂਲ ਇਬਰਾਨੀ ਸ਼ਬਦਾਂ ਦਾ ਅਰਥ “ਬਹੁਤ ਚਹੇਤਾ,” “ਬਹੁਤ ਆਦਰਯੋਗ,” ਨਾਲੇ “ਸਭ ਤੋਂ ਮਨਭਾਉਂਦਾ” ਵੀ ਹੋ ਸਕਦਾ ਹੈ। ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਦਾਨੀਏਲ ਬਹੁਤ ਹੀ ਅਨਮੋਲ ਸੀ।

8. ਦਾਨੀਏਲ ਬਾਬਲ ਵਿਚ ਕਿਵੇਂ ਪਹੁੰਚਿਆ?

8 ਆਓ ਅਸੀਂ ਥੋੜ੍ਹੇ ਚਿਰ ਲਈ ਇਸ ਪਿਆਰੇ ਨਬੀ ਦੇ ਅਨੋਖੇ ਹਾਲਾਤਾਂ ਵੱਲ ਧਿਆਨ ਦੇਈਏ। 618 ਸਾ.ਯੁ.ਪੂ. ਵਿਚ ਬਾਬਲੀ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ। (ਦਾਨੀਏਲ 1:1) ਇਸ ਤੋਂ ਥੋੜ੍ਹੀ ਦੇਰ ਬਾਅਦ, ਖ਼ਾਸ ਪੜ੍ਹੇ-ਲਿਖੇ ਯਹੂਦੀ ਨੌਜਵਾਨਾਂ ਨੂੰ ਜ਼ਬਰਦਸਤੀ ਬਾਬਲ (ਬੈਬੀਲੋਨ), ਨੂੰ ਲਿਜਾਇਆ ਗਿਆ। ਉਨ੍ਹਾਂ ਵਿਚ ਦਾਨੀਏਲ ਵੀ ਸੀ। ਉਹ ਸ਼ਾਇਦ ਅਜੇ ਮੁੱਛ-ਫੁੱਟ ਗੱਭਰੂ ਹੀ ਸੀ।

9. ਦਾਨੀਏਲ ਅਤੇ ਉਸ ਦੇ ਇਬਰਾਨੀ ਸਾਥੀਆਂ ਨੂੰ ਕਿਸ ਕੰਮ ਲਈ ਸਿਖਲਾਈ ਦਿੱਤੀ ਗਈ ਸੀ?

9 ਦਾਨੀਏਲ ਅਤੇ ਉਸ ਦੇ ਸਾਥੀ ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਉਨ੍ਹਾਂ ਇਬਰਾਨੀਆਂ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਤਿੰਨਾਂ ਸਾਲਾਂ ਲਈ “ਕਸਦੀਆਂ ਦੀ ਵਿਦਿਆ ਅਤੇ ਉਨ੍ਹਾਂ ਦੀ ਬੋਲੀ” ਸਿਖਲਾਏ ਜਾਣ ਲਈ ਚੁਣਿਆ ਗਿਆ ਸੀ। (ਦਾਨੀਏਲ 1:3, 4) ਕੁਝ ਵਿਦਵਾਨਾਂ ਅਨੁਸਾਰ ਇਹ ਸੰਭਵ ਹੈ ਕਿ ਇਹ ਸਿਰਫ਼ ਭਾਸ਼ਾ ਦੀ ਸਿਖਲਾਈ ਨਹੀਂ ਸੀ। ਉਦਾਹਰਣ ਲਈ, ਪ੍ਰੋਫ਼ੈਸਰ ਸੀ. ਐੱਫ਼. ਕੀਲ ਕਹਿੰਦਾ ਹੈ: “ਦਾਨੀਏਲ ਅਤੇ ਉਸ ਦੇ ਸਾਥੀਆਂ ਨੂੰ ਕਸਦੀ ਸ਼ਾਸਤਰੀਆਂ ਅਤੇ ਗਿਆਨੀਆਂ ਦੀ ਉਹ ਬੁੱਧ ਸਿਖਾਈ ਜਾਣੀ ਸੀ ਜੋ ਬੈਬੀਲੋਨ ਦੇ ਸਕੂਲਾਂ ਵਿਚ ਸਿਖਾਈ ਜਾਂਦੀ ਸੀ।” ਇਸ ਲਈ ਦਾਨੀਏਲ ਅਤੇ ਉਸ ਦੇ ਸਾਥੀਆਂ ਨੂੰ ਖ਼ਾਸ ਤੌਰ ਤੇ ਸਰਕਾਰੀ ਸੇਵਾ ਲਈ ਸਿਖਲਾਈ ਦਿੱਤੀ ਜਾ ਰਹੀ ਸੀ।

10, 11. ਦਾਨੀਏਲ ਅਤੇ ਉਸ ਦੇ ਸਾਥੀਆਂ ਨੇ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ, ਅਤੇ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ?

10 ਦਾਨੀਏਲ ਅਤੇ ਉਸ ਦੇ ਸਾਥੀਆਂ ਦੇ ਹਾਲਾਤ ਬਿਲਕੁਲ ਬਦਲ ਗਏ! ਯਹੂਦਾਹ ਵਿਚ ਉਹ ਯਹੋਵਾਹ ਦੇ ਉਪਾਸਕਾਂ ਦੇ ਅੰਗ-ਸੰਗ ਰਹਿੰਦੇ ਹੁੰਦੇ ਸਨ। ਹੁਣ ਉਨ੍ਹਾਂ ਦੇ ਚਾਰ-ਚੁਫੇਰੇ ਝੂਠੇ ਦੇਵੀ-ਦੇਵਤਿਆਂ ਦੇ ਉਪਾਸਕ ਹੀ ਸਨ। ਫਿਰ ਵੀ, ਇਹ ਚਾਰ ਗੱਭਰੂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਘਬਰਾਏ ਨਹੀਂ। ਉਨ੍ਹਾਂ ਦੀ ਨਿਹਚਾ ਨੂੰ ਤੋੜਨ ਵਾਲੀ ਇਸ ਸਥਿਤੀ ਵਿਚ ਵੀ, ਉਨ੍ਹਾਂ ਨੇ ਸੱਚੀ ਉਪਾਸਨਾ ਵਿਚ ਕਾਇਮ ਰਹਿਣ ਦਾ ਪੱਕਾ ਇਰਾਦਾ ਕੀਤਾ।

11 ਇਹ ਉਨ੍ਹਾਂ ਲਈ ਸੌਖਾ ਨਹੀਂ ਸੀ। ਰਾਜਾ ਨਬੂਕਦਨੱਸਰ, ਬਾਬਲ ਦੇ ਮੁੱਖ ਦੇਵਤੇ ਮਾਰਦੁੱਕ ਦੀ ਬਹੁਤ ਸ਼ਰਧਾ ਨਾਲ ਭਗਤੀ ਕਰਦਾ ਸੀ। ਸਮੇਂ-ਸਮੇਂ ਤੇ ਰਾਜੇ ਦੀਆਂ ਮੰਗਾਂ ਯਹੋਵਾਹ ਦੇ ਉਪਾਸਕਾਂ ਲਈ ਬਿਲਕੁਲ ਨਾ-ਮਨਜ਼ੂਰ ਹੁੰਦੀਆਂ ਸਨ। (ਉਦਾਹਰਣ ਲਈ, ਦਾਨੀਏਲ 3:1-7 ਦੇਖੋ।) ਪਰ ਯਹੋਵਾਹ ਨੇ ਦਾਨੀਏਲ ਅਤੇ ਉਸ ਦੇ ਸਾਥੀਆਂ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਦੀ ਤਿੰਨਾਂ ਸਾਲਾਂ ਦੀ ਸਿਖਲਾਈ ਦੌਰਾਨ, ਪਰਮੇਸ਼ੁਰ ਨੇ ਉਨ੍ਹਾਂ ਨੂੰ “ਗਿਆਨ ਅਤੇ ਸਾਰੀ ਵਿਦਿਆ ਤੇ ਮੱਤ ਵਿੱਚ ਬੁੱਧੀ” ਬਖ਼ਸ਼ੀ। ਇਸ ਤੋਂ ਇਲਾਵਾ, ਦਾਨੀਏਲ ਨੂੰ ਦਰਸ਼ਣਾਂ ਅਤੇ ਸੁਪਨਿਆਂ ਦੇ ਅਰਥ ਸਮਝਣ ਦੀ ਯੋਗਤਾ ਦਿੱਤੀ ਗਈ ਸੀ। ਬਾਅਦ ਵਿਚ ਜਦੋਂ ਇਨ੍ਹਾਂ ਚਾਰਾਂ ਗੱਭਰੂਆਂ ਨੂੰ ਰਾਜੇ ਦੇ ਸਾਮ੍ਹਣੇ ਲਿਆਂਦਾ ਗਿਆ, ਤਾਂ ਉਹ ਨੇ ਇਨ੍ਹਾਂ ਨੂੰ “ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹ ਦੇ ਸਾਰੇ ਦੇਸ ਵਿੱਚ ਸਨ ਦਸ ਗੁਣਾ ਅੱਛਾ ਪਾਇਆ।”—ਦਾਨੀਏਲ 1:17, 20.

ਦਾਨੀਏਲ ਪਰਮੇਸ਼ੁਰ ਦੇ ਸੰਦੇਸ਼ ਸੁਣਾਉਂਦਾ ਹੈ

12. ਦਾਨੀਏਲ ਦੇ ਸਿਰ ਤੇ ਕਿਹੜੀ ਭਾਰੀ ਜ਼ਿੰਮੇਵਾਰੀ ਸੀ?

12 ਬਾਬਲ ਵਿਚ ਆਪਣੀ ਲੰਮੀ ਸੇਵਾ ਦੌਰਾਨ, ਦਾਨੀਏਲ ਨੇ ਰਾਜਾ ਨਬੂਕਦਨੱਸਰ ਅਤੇ ਰਾਜਾ ਬੇਲਸ਼ੱਸਰ ਵਰਗੇ ਵਿਅਕਤੀਆਂ ਦੇ ਸਾਮ੍ਹਣੇ ਪਰਮੇਸ਼ੁਰ ਦੇ ਸੰਦੇਸ਼ ਸੁਣਾਏ। ਦਾਨੀਏਲ ਦੇ ਸਿਰ ਤੇ ਭਾਰੀ ਜ਼ਿੰਮੇਵਾਰੀ ਸੀ। ਯਹੋਵਾਹ ਨੇ ਨਬੂਕਦਨੱਸਰ ਦੇ ਹੱਥੀਂ ਯਰੂਸ਼ਲਮ ਨੂੰ ਤਬਾਹ ਕਰਵਾਇਆ ਸੀ। ਸਮਾਂ ਆਉਣ ਤੇ, ਬਾਬਲ ਆਪ ਵੀ ਤਬਾਹ ਕੀਤਾ ਜਾਣਾ ਸੀ। ਸੱਚ-ਮੁੱਚ ਹੀ, ਦਾਨੀਏਲ ਦੀ ਪੋਥੀ ਯਹੋਵਾਹ ਨੂੰ ਅੱਤ ਮਹਾਨ ਪਰਮੇਸ਼ੁਰ ਅਤੇ “ਮਨੁੱਖਾਂ ਦੇ ਰਾਜ” ਵਿਚ ਸਰਦਾਰ ਵਜੋਂ ਮਹਿਮਾ ਦਿੰਦੀ ਹੈ।—ਦਾਨੀਏਲ 4:17.

13, 14. ਬਾਬਲ ਦੀ ਤਬਾਹੀ ਤੋਂ ਬਾਅਦ ਦਾਨੀਏਲ ਨੂੰ ਕੀ ਹੋਇਆ?

13 ਦਾਨੀਏਲ ਕੁਝ ਸੱਤਰਾਂ ਸਾਲਾਂ ਤਕ, ਅਰਥਾਤ, ਬਾਬਲ ਦੀ ਤਬਾਹੀ ਤਕ ਦਰਬਾਰੀ ਸੇਵਾ ਕਰਦਾ ਰਿਹਾ। ਸਾਲ 537 ਸਾ.ਯੁ.ਪੂ. ਵਿਚ ਦਾਨੀਏਲ ਨੇ ਕਈ ਯਹੂਦੀ ਲੋਕਾਂ ਨੂੰ ਆਪਣੇ ਵਤਨ ਨੂੰ ਵਾਪਸ ਮੁੜਦਿਆਂ ਦੇਖਿਆ, ਹਾਲਾਂਕਿ ਬਾਈਬਲ ਇਹ ਨਹੀਂ ਦੱਸਦੀ ਹੈ ਕਿ ਉਹ ਉਨ੍ਹਾਂ ਦੇ ਨਾਲ ਵਾਪਸ ਮੁੜਿਆ ਸੀ ਜਾਂ ਨਹੀਂ। ਦਾਨੀਏਲ, ਫ਼ਾਰਸੀ ਸਾਮਰਾਜ ਦੇ ਮੋਢੀ ਰਾਜਾ ਖੋਰਸ ਦੀ ਪਾਤਸ਼ਾਹੀ ਦੇ ਘੱਟੋ-ਘੱਟ ਤੀਜੇ ਵਰ੍ਹੇ ਤਕ ਸੇਵਾ ਕਰਦਾ ਰਿਹਾ। ਉਸ ਸਮੇਂ ਤਕ, ਉਸ ਦੀ ਉਮਰ ਤਕਰੀਬਨ 100 ਵਰ੍ਹਿਆਂ ਦੀ ਹੋਣੀ ਸੀ!

14 ਬਾਬਲ ਦੇ ਪਤਨ ਤੋਂ ਬਾਅਦ, ਦਾਨੀਏਲ ਨੇ ਆਪਣੇ ਜੀਵਨ ਦੀਆਂ ਸਭ ਤੋਂ ਮਹੱਤਵਪੂਰਣ ਘਟਨਾਵਾਂ ਲਿਖੀਆਂ। ਹੁਣ ਉਸ ਦਾ ਇਹ ਲੇਖ ਪਵਿੱਤਰ ਬਾਈਬਲ ਦਾ ਇਕ ਵਿਸ਼ੇਸ਼ ਹਿੱਸਾ ਹੈ ਅਤੇ ਦਾਨੀਏਲ ਦੀ ਪੋਥੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਪਰ ਸਾਨੂੰ ਇਸ ਪ੍ਰਾਚੀਨ ਪੋਥੀ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?

ਇਕ ਸੰਦੇਸ਼ ਦੇ ਦੋ ਪਹਿਲੂ

15. (ੳ) ਬਾਈਬਲ ਵਿਚ ਦਾਨੀਏਲ ਦੀ ਪੋਥੀ ਵਿਚ ਕਿਹੜੇ ਦੋ ਪਹਿਲੂ ਪਾਏ ਜਾਂਦੇ ਹਨ? (ਅ) ਦਾਨੀਏਲ ਦੇ ਕਹਾਣੀਆਂ ਵਾਲੇ ਹਿੱਸੇ ਤੋਂ ਸਾਨੂੰ ਕਿਵੇਂ ਲਾਭ ਹਾਸਲ ਹੋ ਸਕਦਾ ਹੈ?

15 ਦਾਨੀਏਲ ਦੀ ਇਸ ਨਿਰਾਲੀ ਪੋਥੀ ਵਿਚ ਦੋ ਬਹੁਤ ਹੀ ਵੱਖੋ-ਵੱਖਰੇ ਪਹਿਲੂ ਪਾਏ ਜਾਂਦੇ ਹਨ—ਇਕ ਪਹਿਲੂ ਕਹਾਣੀਆਂ ਦਾ ਅਤੇ ਦੂਜਾ ਭਵਿੱਖਬਾਣੀਆਂ ਦਾ। ਦਾਨੀਏਲ ਦੀ ਪੋਥੀ ਦੇ ਦੋਵੇਂ ਪਹਿਲੂ ਸਾਡੀ ਨਿਹਚਾ ਨੂੰ ਵਧਾ ਸਕਦੇ ਹਨ। ਕਿਵੇਂ? ਕਹਾਣੀਆਂ ਵਾਲਾ ਹਿੱਸਾ, ਜੋ ਬਾਈਬਲ ਵਿਚ ਸਭ ਤੋਂ ਉੱਘੜਵਾਂ ਹੈ, ਸਾਨੂੰ ਦਿਖਾਉਂਦਾ ਹੈ ਕਿ ਯਹੋਵਾਹ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਬਰਕਤਾਂ ਦੇਵੇਗਾ ਅਤੇ ਉਨ੍ਹਾਂ ਦੀ ਦੇਖ-ਭਾਲ ਕਰੇਗਾ ਜਿਹੜੇ ਉਸ ਪ੍ਰਤੀ ਖਰਿਆਈ ਰੱਖਣਗੇ। ਜੀਵਨ ਨੂੰ ਖ਼ਤਰੇ ਵਿਚ ਪਾਉਣ ਵਾਲੀਆਂ ਅਜ਼ਮਾਇਸ਼ਾਂ ਦੇ ਸਾਮ੍ਹਣੇ ਵੀ ਦਾਨੀਏਲ ਅਤੇ ਉਸ ਦੇ ਤਿੰਨ ਸਾਥੀ ਦ੍ਰਿੜ੍ਹ ਰਹੇ। ਅੱਜ, ਯਹੋਵਾਹ ਦੇ ਪ੍ਰਤੀ ਵਫ਼ਾਦਾਰ ਰਹਿਣ ਦੀ ਇੱਛਾ ਰੱਖਣ ਵਾਲੇ ਸਾਰੇ ਵਿਅਕਤੀ ਇਨ੍ਹਾਂ ਦੀ ਮਿਸਾਲ ਉੱਤੇ ਚੰਗੀ ਤਰ੍ਹਾਂ ਗੌਰ ਕਰਨ ਨਾਲ ਮਜ਼ਬੂਤ ਬਣ ਸਕਦੇ ਹਨ।

16. ਅਸੀਂ ਦਾਨੀਏਲ ਦੀ ਪੋਥੀ ਵਿਚ ਭਵਿੱਖਬਾਣੀਆਂ ਵਾਲੇ ਹਿੱਸੇ ਤੋਂ ਕਿਹੜਾ ਸਬਕ ਸਿੱਖਦੇ ਹਾਂ?

16 ਦਾਨੀਏਲ ਦੀ ਪੋਥੀ ਵਿਚ ਭਵਿੱਖਬਾਣੀਆਂ ਵਾਲਾ ਹਿੱਸਾ ਇਹ ਦਿਖਾ ਕੇ ਸਾਡੀ ਨਿਹਚਾ ਨੂੰ ਵਧਾਉਂਦਾ ਹੈ ਕਿ ਯਹੋਵਾਹ ਹਜ਼ਾਰਾਂ ਹੀ ਸਾਲ ਪਹਿਲਾਂ ਤੋਂ ਜਾਣ ਲੈਂਦਾ ਹੈ ਕਿ ਇਤਿਹਾਸ ਕਿਹੜਾ ਮੋੜ ਲਵੇਗਾ। ਮਿਸਾਲ ਲਈ, ਦਾਨੀਏਲ ਪ੍ਰਾਚੀਨ ਬਾਬਲ ਤੋਂ ਲੈ ਕੇ ਐਨ “ਓੜਕ ਦੇ ਸਮੇਂ” ਤਕ ਵਿਸ਼ਵ ਸ਼ਕਤੀਆਂ ਦੇ ਉਤਾਰ ਅਤੇ ਚੜ੍ਹਾਅ ਬਾਰੇ ਖ਼ਾਸ ਗੱਲਾਂ ਦੱਸਦਾ ਹੈ। (ਦਾਨੀਏਲ 12:4) ਦਾਨੀਏਲ ਸਾਡਾ ਧਿਆਨ ਪਰਮੇਸ਼ੁਰ ਦੇ ਰਾਜ ਵੱਲ ਖਿੱਚਦਾ ਹੈ। ਇਹ ਰਾਜ ਪਰਮੇਸ਼ੁਰ ਦੇ ਨਿਯੁਕਤ ਰਾਜੇ ਅਤੇ ਉਸ ਦੇ ਸੰਗੀ ‘ਸੰਤਾਂ’ ਦੇ ਹੱਥਾਂ ਵਿਚ ਸੌਂਪਿਆ ਗਿਆ ਹੈ ਅਤੇ ਇਹ ਸਰਕਾਰ ਸਦਾ ਤਾਈਂ ਖੜ੍ਹੀ ਰਹੇਗੀ। ਇਹ ਸਰਕਾਰ ਸਾਡੀ ਧਰਤੀ ਲਈ ਯਹੋਵਾਹ ਦੇ ਮਕਸਦਾਂ ਨੂੰ ਪੂਰਾ ਕਰੇਗੀ ਅਤੇ ਉਨ੍ਹਾਂ ਸਾਰਿਆਂ ਨੂੰ ਬਰਕਤਾਂ ਮਿਲਣਗੀਆਂ ਜੋ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ।—ਦਾਨੀਏਲ 2:44; 7:13, 14, 22.

17, 18. (ੳ) ਦਾਨੀਏਲ ਦੀ ਪੋਥੀ ਦੀ ਚੰਗੀ ਤਰ੍ਹਾਂ ਜਾਂਚ ਕਰਨ ਨਾਲ ਸਾਡੀ ਨਿਹਚਾ ਕਿਵੇਂ ਵਧੇਗੀ? (ਅ) ਬਾਈਬਲ ਦੀ ਇਸ ਭਵਿੱਖ-ਸੂਚਕ ਪੋਥੀ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਲਈ ਕਿਹੜੀ ਗੱਲ ਉੱਤੇ ਚਰਚਾ ਕਰਨੀ ਜ਼ਰੂਰੀ ਹੈ?

17 ਅਸੀਂ ਧੰਨਵਾਦੀ ਹਾਂ ਕਿ ਯਹੋਵਾਹ ਭਵਿੱਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਦੇ ਭੇਤ ਆਪਣੇ ਕੋਲ ਹੀ ਨਹੀਂ ਰੱਖਦਾ। ਸਗੋਂ, ਉਹ ‘ਭੇਤਾਂ ਦੀਆਂ ਗੱਲਾਂ ਖੁਲ੍ਹ ਕੇ ਪਰਗਟ ਕਰਦਾ ਹੈ।’ (ਦਾਨੀਏਲ 2:28) ਜਿਉਂ-ਜਿਉਂ ਅਸੀਂ ਦਾਨੀਏਲ ਦੀ ਪੋਥੀ ਵਿਚ ਦਰਜ ਭਵਿੱਖਬਾਣੀਆਂ ਦੀ ਪੂਰਤੀ ਉੱਤੇ ਗੌਰ ਕਰਾਂਗੇ, ਤਿਉਂ-ਤਿਉਂ ਪਰਮੇਸ਼ੁਰ ਦੇ ਵਾਅਦਿਆਂ ਵਿਚ ਸਾਡੀ ਨਿਹਚਾ ਮਜ਼ਬੂਤ ਹੋਵੇਗੀ। ਸਾਡਾ ਵਿਸ਼ਵਾਸ ਅੱਗੇ ਨਾਲੋਂ ਵੀ ਮਜ਼ਬੂਤ ਹੋਵੇਗਾ ਕਿ ਪਰਮੇਸ਼ੁਰ ਆਪਣਾ ਮਕਸਦ ਵੇਲੇ ਸਿਰ ਪੂਰਾ ਕਰੇਗਾ ਅਤੇ ਐਨ ਉਸੇ ਢੰਗ ਨਾਲ ਜੋ ਉਸ ਨੂੰ ਪਸੰਦ ਹੈ।

18 ਉਨ੍ਹਾਂ ਸਾਰਿਆਂ ਵਿਅਕਤੀਆਂ ਦੀ ਨਿਹਚਾ ਵਧੇਗੀ ਜੋ ਬਾਈਬਲ ਵਿਚ ਦਾਨੀਏਲ ਦੀ ਪੋਥੀ ਦਾ ਸੱਚੇ ਦਿਲ ਨਾਲ ਅਧਿਐਨ ਕਰਦੇ ਹਨ। ਪਰ ਇਸ ਪੋਥੀ ਦੀ ਡੂੰਘੀ ਜਾਂਚ ਕਰਨ ਤੋਂ ਪਹਿਲਾਂ, ਸਾਨੂੰ ਉਸ ਸਬੂਤ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ ਕਿ ਇਹ ਪੋਥੀ ਅਸਲ ਵਿਚ ਸੱਚੀ ਹੈ ਜਾਂ ਨਹੀਂ। ਕੁਝ ਆਲੋਚਕਾਂ ਨੇ ਦਾਨੀਏਲ ਦੀ ਪੋਥੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਇਸ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਣ ਤੋਂ ਬਾਅਦ ਲਿਖੀਆਂ ਗਈਆਂ ਸਨ। ਕੀ ਅਜਿਹਿਆਂ ਵਿਅਕਤੀਆਂ ਦੇ ਦਾਅਵਿਆਂ ਵਿਚ ਕੋਈ ਸੱਚਾਈ ਹੈ? ਅਗਲਾ ਅਧਿਆਇ ਇਸ ਵਿਸ਼ੇ ਉੱਤੇ ਚਰਚਾ ਕਰੇਗਾ।

ਅਸੀਂ ਕੀ ਸਿੱਖਿਆ?

• ਦਾਨੀਏਲ ਦੀ ਪੋਥੀ ਸਾਡੇ ਜ਼ਮਾਨੇ ਲਈ ਕਿਉਂ ਢੁਕਵੀਂ ਹੈ?

• ਦਾਨੀਏਲ ਅਤੇ ਉਸ ਦੇ ਸਾਥੀਆਂ ਨੇ ਆਪਣੇ ਆਪ ਨੂੰ ਬਾਬਲੀ ਸਰਕਾਰੀ ਸੇਵਾ ਵਿਚ ਕਿਵੇਂ ਪਾਇਆ?

• ਬਾਬਲ ਵਿਚ ਦਾਨੀਏਲ ਕਿਹੜੀ ਵਿਸ਼ੇਸ਼ ਸੇਵਾ ਕਰਦਾ ਸੀ?

• ਸਾਨੂੰ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?

[ਸਵਾਲ]

[ਪੂਰੇ ਸਫ਼ੇ 4 ਉੱਤੇ ਤਸਵੀਰ]

[ਪੂਰੇ ਸਫ਼ੇ 11 ਉੱਤੇ ਤਸਵੀਰ]