Skip to content

Skip to table of contents

ਪਰਖੇ ਜਾਣ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ!

ਪਰਖੇ ਜਾਣ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ!

ਤੀਜਾ ਅਧਿਆਇ

ਪਰਖੇ ਜਾਣ ਦੇ ਬਾਵਜੂਦ ਯਹੋਵਾਹ ਪ੍ਰਤੀ ਵਫ਼ਾਦਾਰ!

1, 2. ਦਾਨੀਏਲ ਦੇ ਬਿਰਤਾਂਤ ਤੋਂ ਪਹਿਲਾਂ ਕਿਹੜੀਆਂ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰੀਆਂ ਸਨ?

ਅੰਤਰਰਾਸ਼ਟਰੀ ਰੰਗਮੰਚ ਤੋਂ ਅਸੀਂ ਅਜਿਹੇ ਸਮੇਂ ਤੇ ਪਰਦਾ ਉੱਠਦੇ ਦੇਖਦੇ ਹਾਂ ਜਦੋਂ ਦਾਨੀਏਲ ਦੀ ਭਵਿੱਖ-ਸੂਚਕ ਪੋਥੀ ਵਿਚ ਵੱਡੀ ਤਬਦੀਲੀ ਹੋ ਰਹੀ ਹੈ। ਅੱਸ਼ੂਰ ਦੇਸ਼ ਹੁਣੇ-ਹੁਣੇ ਹੀ ਆਪਣੀ ਰਾਜਧਾਨੀ, ਨੀਨਵਾਹ ਨੂੰ ਗੁਆ ਬੈਠਾ ਹੈ। ਯਹੂਦਾਹ ਦੇ ਦੱਖਣ ਵਿਚ, ਮਿਸਰ ਦੇਸ਼ ਹੁਣ ਇਕ ਮਾਮੂਲੀ ਸ਼ਕਤੀ ਬਣ ਕੇ ਰਹਿ ਗਿਆ। ਦੁਨੀਆਂ ਉੱਤੇ ਕਬਜ਼ਾ ਕਰਨ ਲਈ, ਬਾਬਲ ਦੇਸ਼ ਹੁਣ ਮੁੱਖ ਸ਼ਕਤੀ ਵਜੋਂ ਤੇਜ਼ੀ ਨਾਲ ਉੱਪਰ ਉੱਠ ਰਿਹਾ ਹੈ।

2 ਸੰਨ 625 ਸਾ.ਯੁ.ਪੂ. ਵਿਚ, ਮਿਸਰ ਦੇ ਫ਼ਿਰਊਨ ਨਕੋ ਨੇ ਬਾਬਲੀਆਂ ਨੂੰ ਦੱਖਣ ਵੱਲ ਅੱਗੇ ਵਧਣ ਤੋਂ ਰੋਕਣ ਲਈ ਆਖ਼ਰੀ ਬਾਜ਼ੀ ਲਗਾਈ। ਇਸ ਮਕਸਦ ਨਾਲ, ਉਹ ਆਪਣੀ ਫ਼ੌਜ ਲੈ ਕੇ ਕਰਕਮਿਸ਼ ਪਹੁੰਚਿਆ, ਜੋ ਫਰਾਤ ਦਰਿਆ ਦੇ ਉੱਤਰੀ ਭਾਗ ਦੇ ਕਿਨਾਰਿਆਂ ਉੱਤੇ ਸਥਿਤ ਸੀ। ਇਹ ਘਟਨਾ ਨਿਰਣਾਇਕ ਅਤੇ ਇਤਿਹਾਸਕ ਬਣ ਗਈ ਅਤੇ ਇਸ ਨੂੰ ਬਾਅਦ ਵਿਚ ਕਰਕਮਿਸ਼ ਦੀ ਜੰਗ ਸੱਦਿਆ ਗਿਆ। ਰਾਜਕੁਮਾਰ ਨਬੂਕਦਨੱਸਰ ਦੇ ਅਧੀਨ ਬਾਬਲੀ ਫ਼ੌਜ ਨੇ ਫ਼ਿਰਊਨ ਨਕੋ ਦੀ ਸੈਨਾ ਨੂੰ ਬੁਰੀ ਤਰ੍ਹਾਂ ਹਰਾਇਆ। (ਯਿਰਮਿਯਾਹ 46:2) ਸੈਨਿਕ ਕਾਰਵਾਈਆਂ ਦੌਰਾਨ, ਨਬੂਕਦਨੱਸਰ ਨੇ ਸੀਰੀਆ ਅਤੇ ਫਲਸਤੀਨ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇੰਜ ਸਮਝੋ ਕਿ ਉਸ ਨੇ ਇਸ ਇਲਾਕੇ ਵਿਚ ਮਿਸਰੀ ਪ੍ਰਭਾਵ ਦਾ ਨਾਮੋ-ਨਿਸ਼ਾਨ ਹੀ ਮਿਟਾ ਦਿੱਤਾ। ਕੇਵਲ ਉਸ ਦੇ ਪਿਤਾ, ਨਬੋਪੋਲੱਸਰ ਦੀ ਮੌਤ ਦੇ ਕਾਰਨ ਹੀ ਉਸ ਦੇ ਹਮਲਿਆਂ ਵਿਚ ਥੋੜ੍ਹੇ ਚਿਰ ਲਈ ਰੁਕਾਵਟ ਪਈ।

3. ਯਰੂਸ਼ਲਮ ਉੱਤੇ ਨਬੂਕਦਨੱਸਰ ਦੇ ਪਹਿਲੇ ਹਮਲੇ ਦਾ ਕੀ ਨਤੀਜਾ ਨਿਕਲਿਆ?

3 ਨਬੂਕਦਨੱਸਰ ਬਾਬਲ ਦਾ ਰਾਜਾ ਬਣ ਚੁੱਕਾ ਸੀ, ਅਤੇ ਉਸ ਨੇ ਅਗਲੇ ਸਾਲ ਦੁਬਾਰਾ ਸੀਰੀਆ ਅਤੇ ਫਲਸਤੀਨ ਵਿਚ ਆਪਣੀਆਂ ਸੈਨਿਕ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ। ਇਸ ਸਮੇਂ ਦੌਰਾਨ ਉਹ ਯਰੂਸ਼ਲਮ ਵਿਚ ਪਹਿਲੀ ਵਾਰ ਆਇਆ ਸੀ। ਬਾਈਬਲ ਦੱਸਦੀ ਹੈ: ‘ਉਹ ਦੇ ਦਿਨੀਂ ਨਬੂਕਦਨੱਸਰ ਬਾਬਲ ਦਾ ਪਾਤਸ਼ਾਹ ਚੜ੍ਹ ਆਇਆ ਅਰ ਯਹੋਯਾਕੀਮ ਤਿੰਨ ਵਰ੍ਹੇ ਉਹ ਦਾ ਦਾਸ ਬਣਿਆ ਰਿਹਾ ਤਦ ਉਹ ਫਿਰ ਕੇ ਉਸ ਤੋਂ ਬੇ ਮੁਖ ਹੋ ਗਿਆ।’—2 ਰਾਜਿਆਂ 24:1.

ਯਰੂਸ਼ਲਮ ਵਿਚ ਨਬੂਕਦਨੱਸਰ

4. ਦਾਨੀਏਲ 1:1 ਤੇ “ਯਹੋਯਾਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ” ਸ਼ਬਦਾਂ ਦਾ ਕੀ ਅਰਥ ਹੈ?

4 “ਤਿੰਨ ਵਰ੍ਹੇ” ਲਫ਼ਜ਼ ਸਾਡੇ ਲਈ ਖ਼ਾਸ ਦਿਲਚਸਪੀ ਰੱਖਦੇ ਹਨ, ਕਿਉਂਕਿ ਦਾਨੀਏਲ ਦੀ ਪੋਥੀ ਦੇ ਮੁਢਲੇ ਸ਼ਬਦ ਕਹਿੰਦੇ ਹਨ: “ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਕੇ ਉਹ ਦੇ ਆਲੇ ਦੁਆਲੇ ਘੇਰਾ ਪਾਇਆ।” (ਦਾਨੀਏਲ 1:1) ਯਹੋਯਾਕੀਮ ਨੇ 628 ਤੋਂ ਲੈ ਕੇ 618 ਸਾ.ਯੁ.ਪੂ. ਤਕ ਰਾਜ ਕੀਤਾ। ਯਹੋਯਾਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿਚ, ਨਬੂਕਦਨੱਸਰ ਹਾਲੇ “ਬਾਬਲ ਦਾ ਪਾਤਸ਼ਾਹ” ਨਹੀਂ ਬਣਿਆ ਸੀ। ਉਹ ਰਾਜਕੁਮਾਰ ਸੀ। ਨਬੂਕਦਨੱਸਰ ਨੇ 620 ਸਾ.ਯੁ.ਪੂ. ਵਿਚ ਯਹੋਯਾਕੀਮ ਨੂੰ ਟੈਕਸ ਭਰਨ ਲਈ ਮਜਬੂਰ ਕੀਤਾ। ਪਰ ਤਿੰਨਾਂ ਸਾਲਾਂ ਤੋਂ ਬਾਅਦ ਯਹੋਯਾਕੀਮ ਉਸ ਤੋਂ ਬੇਮੁਖ ਹੋ ਗਿਆ। ਸਾਲ 618 ਸਾ.ਯੁ.ਪੂ. ਵਿਚ, ਬਾਬਲ ਦੇ ਅਧੀਨ ਯਹੋਯਾਕੀਮ ਦੇ ਤੀਜੇ ਵਰ੍ਹੇ ਦੌਰਾਨ, ਰਾਜਾ ਨਬੂਕਦਨੱਸਰ ਬੇਮੁਖ ਹੋਏ ਯਹੋਯਾਕੀਮ ਨੂੰ ਸਜ਼ਾ ਦੇਣ ਲਈ ਯਰੂਸ਼ਲਮ ਨੂੰ ਦੂਜੀ ਵਾਰ ਆਇਆ।

5. ਯਰੂਸ਼ਲਮ ਉੱਤੇ ਨਬੂਕਦਨੱਸਰ ਦੇ ਦੂਜੇ ਹਮਲੇ ਦਾ ਕੀ ਨਤੀਜਾ ਨਿਕਲਿਆ?

5 ਇਸ ਘੇਰਾਬੰਦੀ ਦਾ ਨਤੀਜਾ ਇਹ ਨਿਕਲਿਆ ਕਿ “ਪ੍ਰਭੁ ਨੇ ਯਹੂਦਾਹ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ੁਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹ ਦੇ ਹੱਥ ਵਿੱਚ ਕਰ ਦਿੱਤਾ।” (ਦਾਨੀਏਲ 1:2) ਘੇਰਾਬੰਦੀ ਦੇ ਸ਼ੁਰੂ ਵਿਚ ਹੀ ਯਹੋਯਾਕੀਮ ਦਾ ਸ਼ਾਇਦ ਕਤਲ ਕਰ ਦਿੱਤਾ ਗਿਆ ਸੀ ਜਾਂ ਕਿਸੇ ਬਗਾਵਤ ਵਿਚ ਉਹ ਮਾਰਿਆ ਗਿਆ। (ਯਿਰਮਿਯਾਹ 22:18, 19) ਉਸ ਦੇ ਮਗਰੋਂ, 618 ਸਾ.ਯੁ.ਪੂ. ਵਿਚ, ਉਸ ਦੇ 18 ਸਾਲ ਦੇ ਪੁੱਤਰ ਯਹੋਯਾਕੀਨ ਨੂੰ ਰਾਜਾ ਬਣਾਇਆ ਗਿਆ। ਪਰ ਯਹੋਯਾਕੀਨ ਨੇ ਸਿਰਫ਼ ਤਿੰਨ ਮਹੀਨੇ ਅਤੇ ਦਸ ਦਿਨ ਰਾਜ ਕੀਤਾ ਅਤੇ 617 ਸਾ.ਯੁ.ਪੂ. ਵਿਚ ਉਸ ਨੇ ਹਾਰ ਮੰਨ ਲਈ ਸੀ।—2 ਰਾਜਿਆਂ 24:10-15 ਦੀ ਤੁਲਨਾ ਕਰੋ।

6. ਨਬੂਕਦਨੱਸਰ ਨੇ ਯਰੂਸ਼ਲਮ ਦੀ ਹੈਕਲ ਦੇ ਪਵਿੱਤਰ ਭਾਂਡਿਆਂ ਨਾਲ ਕੀ ਕੀਤਾ?

6 ਨਬੂਕਦਨੱਸਰ ਨੇ ਯਰੂਸ਼ਲਮ ਵਿਚ ਹੈਕਲ ਨੂੰ ਲੁੱਟਿਆ ਅਤੇ ਉੱਥੋਂ ਪਵਿੱਤਰ ਭਾਂਡੇ ਲੁੱਟ ਕੇ “ਉਨ੍ਹਾਂ ਨੂੰ ਸ਼ਿਨਆਰ ਦੀ ਧਰਤੀ ਵਿੱਚ ਆਪਣੇ ਦਿਓਤੇ ਦੇ ਘਰ ਵਿੱਚ ਲੈ ਗਿਆ ਅਤੇ ਉਹ ਭਾਂਡਿਆਂ ਨੂੰ ਆਪਣੇ ਦਿਓਤੇ ਦੇ ਭੰਡਾਰ ਵਿੱਚ ਲਿਆਇਆ।” ਇਸ ਦੇਵਤੇ ਦਾ ਨਾਂ ਮਾਰਦੁੱਕ, ਜਾਂ ਇਬਰਾਨੀ ਵਿਚ ਮਰੋਦਾਕ ਸੀ। (ਦਾਨੀਏਲ 1:2; ਯਿਰਮਿਯਾਹ 50:2) ਇਕ ਬਾਬਲੀ ਲਿਖਤ ਲੱਭੀ ਜਿਸ ਵਿਚ ਨਬੂਕਦਨੱਸਰ ਮਾਰਦੁੱਕ ਦੇ ਮੰਦਰ ਬਾਰੇ ਇਵੇਂ ਕਹਿੰਦਾ ਦੱਸਿਆ ਗਿਆ ਹੈ: “ਮੈਂ ਸੋਨਾ ਚਾਂਦੀ ਅਤੇ ਹੀਰੇ ਜਮ੍ਹਾ ਕੀਤੇ . . . ਅਤੇ ਉੱਥੇ ਆਪਣੇ ਰਾਜ ਦਾ ਭੰਡਾਰ ਰੱਖਿਆ।” ਅਸੀਂ ਰਾਜਾ ਬੇਲਸ਼ੱਸਰ ਦੀ ਚਰਚਾ ਕਰਦੇ ਸਮੇਂ ਇਨ੍ਹਾਂ ਪਵਿੱਤਰ ਭਾਂਡਿਆਂ ਬਾਰੇ ਬਾਅਦ ਵਿਚ ਪੜ੍ਹਾਂਗੇ।—ਦਾਨੀਏਲ 5:1-4.

ਯਰੂਸ਼ਲਮ ਦੇ ਸਭ ਤੋਂ ਗੁਣਵੰਤ ਨੌਜਵਾਨ

7, 8. ਦਾਨੀਏਲ 1:3, 4, ਅਤੇ 6 ਤੋਂ, ਅਸੀਂ ਦਾਨੀਏਲ ਅਤੇ ਉਸ ਦੇ ਤਿੰਨਾਂ ਸਾਥੀਆਂ ਦੇ ਪਿਛੋਕੜ ਬਾਰੇ ਕੀ ਸਿੱਖ ਸਕਦੇ ਹਾਂ?

7 ਸਿਰਫ਼ ਯਹੋਵਾਹ ਦੀ ਹੈਕਲ ਦੇ ਖ਼ਜ਼ਾਨੇ ਹੀ ਬਾਬਲ ਵਿਚ ਨਹੀਂ ਸੀ ਲਿਆਂਦੇ ਗਏ। ਬਿਰਤਾਂਤ ਕਹਿੰਦਾ ਹੈ: “ਅਰ ਰਾਜੇ ਨੇ ਖੁਸਰਿਆਂ ਦੇ ਸਰਦਾਰ ਅਸਪਨਜ਼ ਨੂੰ ਹੁਕਮ ਕੀਤਾ ਕਿ ਉਹ ਇਸਰਾਏਲੀਆਂ ਵਿੱਚੋਂ ਅਤੇ ਰਾਜੇ ਦੀ ਅੰਸ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ। ਓਹ ਨਿਰਮਲ ਜੁਆਨ ਸਗੋਂ ਰੂਪਵੰਤ ਅਤੇ ਸਾਰੀ ਮੱਤ ਵਿੱਚ ਹੁਸ਼ਿਆਰ ਤੇ ਗਿਆਨਵੰਤ ਤੇ ਵਿਦਿਆਵਾਨ ਹੋਣ ਜਿਨ੍ਹਾਂ ਦੇ ਵਿੱਚ ਏਹ ਸ਼ਕਤੀ ਹੋਵੇ ਭਈ ਪਾਤਸ਼ਾਹੀ ਮਹਿਲ ਵਿੱਚ ਖੜੇ ਰਹਿ ਸੱਕਣ।”—ਦਾਨੀਏਲ 1:3, 4.

8 ਕੌਣ ਚੁਣੇ ਗਏ ਸਨ? ਸਾਨੂੰ ਦੱਸਿਆ ਜਾਂਦਾ ਹੈ: “ਉਨ੍ਹਾਂ ਵਿੱਚ ਯਹੂਦਾਹ ਦੇ ਵੰਸ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਸਨ।” (ਦਾਨੀਏਲ 1:6) ਇਹ ਆਇਤ ਦਾਨੀਏਲ ਅਤੇ ਉਸ ਦੇ ਸਾਥੀਆਂ ਦੇ ਪਿਛੋਕੜ ਉੱਤੇ ਕੁਝ ਰੌਸ਼ਨੀ ਪਾਉਂਦੀ ਹੈ। ਇਸ ਤੋਂ ਬਿਨਾਂ ਸਾਨੂੰ ਉਨ੍ਹਾਂ ਦੇ ਪਿਛੋਕੜ ਬਾਰੇ ਘੱਟ ਹੀ ਪਤਾ ਚੱਲਦਾ। ਮਿਸਾਲ ਲਈ, ਸਾਨੂੰ ਪਤਾ ਲੱਗਦਾ ਹੈ ਕਿ ਉਹ “ਯਹੂਦਾਹ ਦੇ ਵੰਸ,” ਅਰਥਾਤ, ਰਾਜਿਆਂ ਦੇ ਕਬੀਲੇ ਵਿੱਚੋਂ ਸਨ। ਭਾਵੇਂ ਉਹ ਸ਼ਾਹੀ ਵੰਸ ਵਿੱਚੋਂ ਸਨ ਜਾਂ ਨਹੀਂ, ਇਹ ਸੋਚਣਾ ਵਾਜਬ ਹੈ ਕਿ ਉਹ ਘੱਟੋ-ਘੱਟ ਉੱਚੇ ਖ਼ਾਨਦਾਨਾਂ ਵਿੱਚੋਂ ਸਨ। ਮਾਨਸਿਕ ਅਤੇ ਸਰੀਰਕ ਤੌਰ ਤੇ ਸਿਹਤਮੰਦ ਹੋਣ ਤੋਂ ਇਲਾਵਾ, ਉਹ ਬੁੱਧ, ਮੱਤ, ਗਿਆਨ, ਅਤੇ ਸੂਝ ਦੇ ਮਾਲਕ ਵੀ ਸਨ। ਉਨ੍ਹਾਂ ਕੋਲ ਇਹ ਸਾਰੇ ਗੁਣ ਛੋਟੀ ਉਮਰ ਵਿਚ ਹੀ ਸਨ ਜਦੋਂ ਉਹ ਹਾਲੇ “ਜੁਆਨ” ਸੱਦੇ ਜਾਂਦੇ ਸਨ। ਦਾਨੀਏਲ ਅਤੇ ਉਸ ਦੇ ਸਾਥੀ ਸੱਚ-ਮੁੱਚ ਹੀ ਸਿਰਕੱਢਵੇਂ ਜਵਾਨ ਰਹੇ ਹੋਣਗੇ—ਯਰੂਸ਼ਲਮ ਦੇ ਗੱਭਰੂਆਂ ਵਿੱਚੋਂ ਸਭ ਤੋਂ ਗੁਣਵੰਤ।

9. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਦਾਨੀਏਲ ਅਤੇ ਉਸ ਦੇ ਤਿੰਨਾਂ ਸਾਥੀਆਂ ਦੇ ਮਾਪੇ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੋਕ ਸਨ?

9 ਇਹ ਬਿਰਤਾਂਤ ਸਾਨੂੰ ਇਹ ਨਹੀਂ ਦੱਸਦਾ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਮਾਪੇ ਕੌਣ ਸਨ। ਫਿਰ ਵੀ, ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਸਨ ਜਿਨ੍ਹਾਂ ਨੇ ਆਪਣੀਆਂ ਮਾਪਿਆਂ ਸੰਬੰਧੀ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਇਆ। ਯਰੂਸ਼ਲਮ ਵਿਚ ਉਸ ਸਮੇਂ ਦੀ ਨੈਤਿਕ ਅਤੇ ਧਾਰਮਿਕ ਮੰਦੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ, ਖ਼ਾਸ ਕਰਕੇ ‘ਰਾਜੇ ਦੀ ਅੰਸ ਅਤੇ ਕੁਲੀਨਾਂ’ ਵਿਚਕਾਰ, ਇਹ ਸਪੱਸ਼ਟ ਹੈ ਕਿ ਦਾਨੀਏਲ ਅਤੇ ਉਸ ਦੇ ਤਿੰਨਾਂ ਸਾਥੀਆਂ ਵਿਚ ਪਾਏ ਗਏ ਵਧੀਆ ਗੁਣ ਆਪਣੇ ਆਪ ਹੀ ਪੈਦਾ ਨਹੀਂ ਹੋ ਗਏ ਸਨ। ਬਿਨਾਂ ਸ਼ੱਕ, ਉਨ੍ਹਾਂ ਦੇ ਮਾਪਿਆਂ ਨੂੰ ਆਪਣੇ ਪੁੱਤਰਾਂ ਨੂੰ ਇਕ ਦੂਰ ਦੁਰੇਡੇ ਦੇਸ਼ ਵਿਚ ਲਿਜਾਏ ਜਾਣਾ ਦੇਖ ਕੇ ਬਹੁਤ ਹੀ ਦੁੱਖ ਹੋਇਆ ਹੋਣਾ। ਪਰ ਜੇ ਉਨ੍ਹਾਂ ਨੂੰ ਇਸ ਦਾ ਨਤੀਜਾ ਪਤਾ ਹੁੰਦਾ, ਤਾਂ ਉਹ ਕਿੰਨਾ ਮਾਣ ਕਰਦੇ! ਮਾਪਿਆਂ ਲਈ ਆਪਣੇ ਬੱਚਿਆਂ ਨੂੰ ‘ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰਨੀ’ ਕਿੰਨੀ ਜ਼ਰੂਰੀ ਗੱਲ ਹੈ!—ਅਫ਼ਸੀਆਂ 6:4.

ਨੌਜਵਾਨਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ

10. ਇਬਰਾਨੀ ਮੁੰਡਿਆਂ ਨੂੰ ਕੀ ਸਿਖਾਇਆ ਗਿਆ ਸੀ, ਅਤੇ ਇਸ ਦਾ ਕੀ ਮਕਸਦ ਸੀ?

10 ਤੁਰੰਤ, ਇਨ੍ਹਾਂ ਜਲਾਵਤਨ ਨੌਜਵਾਨਾਂ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਇਹ ਨਿਸ਼ਚਿਤ ਕਰਨ ਲਈ ਕਿ ਇਹ ਇਬਰਾਨੀ ਮੁੰਡੇ ਬਾਬਲੀ ਸਮਾਜ ਦੇ ਅਨੁਸਾਰ ਢਲ ਜਾਣਗੇ, ਨਬੂਕਦਨੱਸਰ ਨੇ ਹੁਕਮ ਦਿੱਤਾ ਕਿ ਉਸ ਦੇ ਦਰਬਾਰੀ ਅਧਿਕਾਰੀ ‘ਉਨ੍ਹਾਂ ਨੂੰ ਕਸਦੀਆਂ ਦੀ ਵਿਦਿਆ ਅਤੇ ਉਨ੍ਹਾਂ ਦੀ ਬੋਲੀ ਸਿਖਾਉਣ।’ (ਦਾਨੀਏਲ 1:4) ਇਹ ਕੋਈ ਸਾਧਾਰਣ ਵਿੱਦਿਆ ਨਹੀਂ ਸੀ। ਦ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ ਦੱਸਦਾ ਹੈ ਕਿ ‘ਇਸ ਵਿਚ ਸੁਮੇਰੀ, ਅੱਕਾਦੀ, ਅਰਾਮੀ ਅਤੇ ਦੂਜੀਆਂ ਭਾਸ਼ਾਵਾਂ, ਨਾਲੇ ਇਨ੍ਹਾਂ ਭਾਸ਼ਾਵਾਂ ਵਿਚ ਲਿਖਿਆ ਗਿਆ ਬਹੁਤ ਸਾਰਾ ਸਾਹਿੱਤ ਵੀ ਸ਼ਾਮਲ ਸੀ।’ ਇਸ ‘ਬਹੁਤ ਸਾਰੇ ਸਾਹਿੱਤ’ ਵਿਚ ਇਤਿਹਾਸ, ਹਿਸਾਬ-ਕਿਤਾਬ, ਖਗੋਲ-ਵਿਗਿਆਨ, ਵਗੈਰਾ-ਵਗੈਰਾ ਸ਼ਾਮਲ ਸਨ। ਪਰ, ‘ਇਸ ਨਾਲ ਸੰਬੰਧਿਤ ਧਾਰਮਿਕ ਸਾਮੱਗਰੀ ਵਿਚ ਜੋਤਸ਼-ਵਿਦਿਆ ਕਾਫ਼ੀ ਮਹੱਤਤਾ ਰੱਖਦੀ ਸੀ।’

11.ਇਹ ਨਿਸ਼ਚਿਤ ਕਰਨ ਲਈ ਕਿ ਇਬਰਾਨੀ ਨੌਜਵਾਨ ਬਾਬਲ ਦੀ ਦਰਬਾਰੀ ਜ਼ਿੰਦਗੀ ਦੀਆਂ ਰੀਤਾਂ ਨੂੰ ਪੂਰੀ ਤਰ੍ਹਾਂ ਅਪਣਾ ਲੈਣ ਕਿਹੜੇ ਕਦਮ ਚੁੱਕੇ ਗਏ ਸਨ?

11 ਇਹ ਨਿਸ਼ਚਿਤ ਕਰਨ ਲਈ ਕਿ ਇਹ ਇਬਰਾਨੀ ਮੁੰਡੇ ਬਾਬਲ ਦੀ ਦਰਬਾਰੀ ਜ਼ਿੰਦਗੀ ਦੀਆਂ ਰੀਤਾਂ ਅਤੇ ਉਸ ਦੇ ਸਭਿਆਚਾਰ ਨੂੰ ਪੂਰੀ ਤਰ੍ਹਾਂ ਅਪਣਾ ਲੈਣ, “ਰਾਜੇ ਨੇ ਉਨ੍ਹਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਨਿੱਤ ਦਿਹਾੜੇ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਵਰਿਹਾਂ ਤੀਕਰ ਓਹ ਪਾਲੇ ਜਾਣ ਤਾਂ ਜੋ ਓੜਕ ਨੂੰ ਓਹ ਰਾਜੇ ਦੀ ਦਰਗਾਹੇ ਖੜੇ ਹੋਣ।” (ਦਾਨੀਏਲ 1:5) ਇਸ ਤੋਂ ਇਲਾਵਾ, “ਖੁਸਰਿਆਂ ਦੇ ਸਰਦਾਰ ਨੇ ਉਨ੍ਹਾਂ ਦੇ ਨਾਉਂ ਰੱਖੇ। ਉਹ ਨੇ ਦਾਨੀਏਲ ਨੂੰ ਬੇਲਟਸ਼ੱਸਰ ਅਰ ਹਨਨਯਾਹ ਨੂੰ ਸ਼ਦਰਕ ਅਤੇ ਮੀਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਯਾਹ ਨੂੰ ਅਬੇਦ-ਨਗੋ ਆਖਿਆ।” (ਦਾਨੀਏਲ 1:7) ਬਾਈਬਲ ਸਮਿਆਂ ਵਿਚ ਇਕ ਵਿਅਕਤੀ ਨੂੰ ਉਦੋਂ ਨਵਾਂ ਨਾਂ ਦਿੱਤਾ ਜਾਂਦਾ ਸੀ ਜਦੋਂ ਉਸ ਦੇ ਜੀਵਨ ਵਿਚ ਕੋਈ ਮਹੱਤਵਪੂਰਣ ਘਟਨਾ ਹੁੰਦੀ ਸੀ। ਮਿਸਾਲ ਲਈ, ਯਹੋਵਾਹ ਨੇ ਅਬਰਾਮ ਅਤੇ ਸਾਰਈ ਦੇ ਨਾਂ ਬਦਲ ਕੇ ਉਨ੍ਹਾਂ ਨੂੰ ਅਬਰਾਹਾਮ ਅਤੇ ਸਾਰਾਹ ਸੱਦਿਆ ਸੀ। (ਉਤਪਤ 17:5, 15, 16) ਜੇਕਰ ਇਕ ਵਿਅਕਤੀ ਕਿਸੇ ਦਾ ਨਾਂ ਬਦਲ ਸਕੇ, ਤਾਂ ਇਹ ਸਾਫ਼ ਸਬੂਤ ਹੁੰਦਾ ਹੈ ਕਿ ਉਹ ਉਸ ਉੱਤੇ ਵੱਡਾ ਅਧਿਕਾਰ ਰੱਖਦਾ ਹੈ। ਜਦੋਂ ਯੂਸੁਫ਼ ਮਿਸਰ ਦੇ ਸਾਰੇ ਅੰਨ ਦਾ ਪ੍ਰਬੰਧਕ ਬਣਿਆ, ਤਾਂ ਫ਼ਿਰਊਨ ਨੇ ਉਸ ਦਾ ਨਾਂ ਸਾਫਨਥ ਪਾਨੇਆਹ ਰੱਖਿਆ।—ਉਤਪਤ 41:44, 45. 2 ਰਾਜਿਆਂ 23:34; 24:17 ਦੀ ਤੁਲਨਾ ਕਰੋ।

12, 13. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਇਬਰਾਨੀ ਨੌਜਵਾਨਾਂ ਦੇ ਨਾਂ ਬਦਲ ਦੇਣਾ ਉਨ੍ਹਾਂ ਦੀ ਨਿਹਚਾ ਨੂੰ ਤੋੜਨ ਦਾ ਇਕ ਜਤਨ ਸੀ?

12 ਦਾਨੀਏਲ ਅਤੇ ਉਸ ਦੇ ਤਿੰਨ ਇਬਰਾਨੀ ਮਿੱਤਰਾਂ ਦੇ ਨਾਵਾਂ ਵਿਚ ਤਬਦੀਲੀ ਨੇ ਕਾਫ਼ੀ ਮਹੱਤਤਾ ਰੱਖੀ ਸੀ। ਉਨ੍ਹਾਂ ਦੇ ਆਪਣੇ ਮਾਪਿਆਂ ਦੁਆਰਾ ਰੱਖੇ ਗਏ ਨਾਂ ਯਹੋਵਾਹ ਦੀ ਉਪਾਸਨਾ ਦੇ ਅਸੂਲਾਂ ਅਨੁਸਾਰ ਸਨ। “ਦਾਨੀਏਲ” ਦਾ ਅਰਥ ਹੈ “ਪਰਮੇਸ਼ੁਰ ਮੇਰਾ ਨਿਆਂਕਾਰ ਹੈ।” “ਹਨਨਯਾਹ” ਦਾ ਅਰਥ ਹੈ “ਯਹੋਵਾਹ ਨੇ ਮਿਹਰ ਕੀਤੀ ਹੈ।” ਸੰਭਵ ਹੈ ਕਿ “ਮੀਸ਼ਾਏਲ” ਦਾ ਅਰਥ ਹੈ “ਪਰਮੇਸ਼ੁਰ ਵਰਗਾ ਕੌਣ ਹੈ?” “ਅਜ਼ਰਯਾਹ” ਦਾ ਅਰਥ ਹੈ “ਯਹੋਵਾਹ ਨੇ ਮਦਦ ਕੀਤੀ।” ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੇ ਮਾਪਿਆਂ ਦੀ ਉਮੀਦ ਸੀ ਕਿ ਉਨ੍ਹਾਂ ਦੇ ਪੁੱਤਰ, ਯਹੋਵਾਹ ਪਰਮੇਸ਼ੁਰ ਦੀ ਮਿਹਰਬਾਨੀ ਨਾਲ ਵੱਡੇ ਹੋ ਕੇ ਉਸ ਦੇ ਵਫ਼ਾਦਾਰ ਅਤੇ ਨਿਸ਼ਠਾਵਾਨ ਸੇਵਕ ਬਣਨਗੇ।

13 ਪਰੰਤੂ, ਇਨ੍ਹਾਂ ਚਾਰਾਂ ਇਬਰਾਨੀ ਮੁੰਡਿਆਂ ਦੇ ਨਵੇਂ ਨਾਂ, ਝੂਠੇ ਦੇਵਤਿਆਂ ਨਾਲ ਨਜ਼ਦੀਕੀ ਸੰਬੰਧ ਰੱਖਦੇ ਸਨ। ਅਜਿਹੇ ਨਾਂ ਰੱਖਣ ਨਾਲ ਇਹ ਸੰਕੇਤ ਕੀਤਾ ਜਾ ਰਿਹਾ ਸੀ ਕਿ ਸੱਚੇ ਪਰਮੇਸ਼ੁਰ ਨੂੰ ਹੁਣ ਅਜਿਹੇ ਦੇਵਤਿਆਂ ਦੇ ਅਧੀਨ ਕਰ ਦਿੱਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਦੀ ਨਿਹਚਾ ਤੋੜਨ ਦਾ ਕਿੰਨਾ ਛੱਲ-ਪੂਰਣ ਜਤਨ!

14. ਦਾਨੀਏਲ ਅਤੇ ਉਸ ਦੇ ਤਿੰਨਾਂ ਸਾਥੀਆਂ ਨੂੰ ਦਿੱਤੇ ਗਏ ਨਵੇਂ ਨਾਵਾਂ ਦਾ ਕੀ ਅਰਥ ਹੈ?

14 ਦਾਨੀਏਲ ਦਾ ਨਾਂ ਬੇਲਟਸ਼ੱਸਰ ਰੱਖਿਆ ਗਿਆ ਸੀ, ਜਿਸ ਦਾ ਅਰਥ ਹੈ “ਰਾਜੇ ਦੀ ਜਾਨ ਦੀ ਰਾਖੀ ਕਰ।” ਜ਼ਾਹਰਾ ਤੌਰ ਤੇ, ਇਹ ਬਾਬਲ ਦੇ ਮੁੱਖ ਦੇਵਤੇ ਬੈੱਲ, ਜਾਂ ਮਾਰਦੁੱਕ ਨੂੰ ਕੀਤੀ ਜਾਂਦੀ ਬੇਨਤੀ ਦਾ ਇਕ ਛੋਟਾ ਰੂਪ ਸੀ। ਭਾਵੇਂ ਨਬੂਕਦਨੱਸਰ ਨੇ ਦਾਨੀਏਲ ਲਈ ਇਹ ਨਾਂ ਆਪ ਚੁਣਿਆ ਸੀ ਜਾਂ ਨਹੀਂ, ਉਹ ਨੂੰ ਇਹ ਕਹਿਣ ਵਿਚ ਫ਼ਖ਼ਰ ਸੀ ਕਿ ਇਹ “[ਉਸ ਦੇ] ਦਿਓਤੇ ਦੇ ਨਾਉਂ ਅਨੁਸਾਰ” ਸੀ। (ਦਾਨੀਏਲ 4:8) ਹਨਨਯਾਹ ਦਾ ਨਾਂ ਸ਼ਦਰਕ ਰੱਖਿਆ ਗਿਆ ਸੀ, ਜੋ ਕਈਆਂ ਵਿਦਵਾਨਾਂ ਅਨੁਸਾਰ ਇਕ ਜੋੜਿਆ ਨਾਂ ਹੈ, ਜਿਸ ਦਾ ਅਰਥ ਹੈ “ਅਕੂ ਦਾ ਹੁਕਮ।” ਦਿਲਚਸਪੀ ਦੀ ਗੱਲ ਹੈ ਕਿ ਅਕੂ ਇਕ ਸੁਮੇਰੀ ਦੇਵਤੇ ਦਾ ਨਾਂ ਹੁੰਦਾ ਸੀ। ਮੀਸ਼ਾਏਲ ਦਾ ਨਾਂ ਮੇਸ਼ਕ (ਸ਼ਾਇਦ, ਮਸ਼ਾਕੂ) ਰੱਖਿਆ ਗਿਆ ਸੀ। ਇਵੇਂ ਜਾਪਦਾ ਹੈ ਕਿ “ਪਰਮੇਸ਼ੁਰ ਵਰਗਾ ਕੌਣ ਹੈ?” ਨੂੰ ਚਲਾਕੀ ਨਾਲ “ਅਕੂ ਵਰਗਾ ਕੌਣ ਹੈ?” ਵਿਚ ਬਦਲ ਦਿੱਤਾ ਗਿਆ ਸੀ। ਅਜ਼ਰਯਾਹ ਦਾ ਬਾਬਲੀ ਨਾਂ ਅਬਦ-ਨਗੋ ਸੀ, ਅਤੇ ਇਸ ਦਾ ਅਰਥ ਸ਼ਾਇਦ “ਨਗੋ ਦਾ ਸੇਵਕ” ਹੋ ਸਕਦਾ ਹੈ। ਅਤੇ “ਨਗੋ” “ਨਬੋ” ਦਾ ਇਕ ਰੂਪ ਹੈ, ਇਕ ਅਜਿਹਾ ਦੇਵਤਾ ਜਿਸ ਦੇ ਨਾਂ ਤੋਂ ਅਨੇਕ ਬਾਬਲੀ ਸ਼ਾਸਕਾਂ ਦੇ ਨਾਂ ਰੱਖੇ ਜਾਂਦੇ ਸਨ।

ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਲਈ ਦ੍ਰਿੜ੍ਹ

15, 16. ਦਾਨੀਏਲ ਅਤੇ ਉਸ ਦੇ ਸਾਥੀਆਂ ਦੇ ਸਾਮ੍ਹਣੇ ਹੁਣ ਕਿਹੜੇ ਖ਼ਤਰੇ ਪੇਸ਼ ਸਨ, ਅਤੇ ਉਨ੍ਹਾਂ ਨੇ ਕੀ ਕੀਤਾ?

15 ਬਾਬਲੀ ਨਾਂ, ਬਾਬਲੀ ਵਿੱਦਿਆ ਦਾ ਪ੍ਰੋਗ੍ਰਾਮ, ਅਤੇ ਖ਼ਾਸ ਭੋਜਨ—ਇਹ ਸਭ ਕੁਝ ਦਾਨੀਏਲ ਅਤੇ ਤਿੰਨਾਂ ਇਬਰਾਨੀ ਨੌਜਵਾਨਾਂ ਨੂੰ ਸਿਰਫ਼ ਉੱਥੇ ਦੀ ਰਹਿਣੀ-ਬਹਿਣੀ ਵਿਚ ਰਲ-ਮਿਲਾਉਣ ਦਾ ਹੀ ਜਤਨ ਨਹੀਂ ਸੀ, ਪਰ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਪਰਮੇਸ਼ੁਰ, ਯਹੋਵਾਹ, ਅਤੇ ਉਨ੍ਹਾਂ ਦੀ ਧਾਰਮਿਕ ਸਿਖਲਾਈ ਅਤੇ ਪਿਛੋਕੜ ਤੋਂ ਅੱਡ ਕਰਨ ਦਾ ਜਤਨ ਵੀ ਸੀ। ਇੰਨੇ ਦਬਾਅ ਅਤੇ ਪਰਤਾਵਿਆਂ ਦਾ ਸਾਮ੍ਹਣਾ ਕਰਦੇ ਹੋਏ, ਇਹ ਨੌਜਵਾਨ ਕੀ ਕਰਦੇ?

16 ਪ੍ਰੇਰਿਤ ਬਿਰਤਾਂਤ ਦੱਸਦਾ ਹੈ: “ਦਾਨੀਏਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ ਭਈ ਆਪਣੇ ਤਾਈਂ ਰਾਜੇ ਦੇ ਸੁਆਦਲੇ ਭੋਜਨ ਨਾਲ ਅਤੇ ਉਹ ਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਪਾਕ ਨਾ ਕਰੇ।” (ਦਾਨੀਏਲ 1:8ੳ) ਭਾਵੇਂ ਕਿ ਸਿਰਫ਼ ਦਾਨੀਏਲ ਦੇ ਨਾਂ ਦਾ ਹੀ ਜ਼ਿਕਰ ਕੀਤਾ ਗਿਆ ਸੀ, ਬਾਅਦ ਵਿਚ ਵਾਪਰੀਆਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਦੇ ਤਿੰਨ ਸਾਥੀ ਉਸ ਦੇ ਫ਼ੈਸਲੇ ਨਾਲ ਸਹਿਮਤ ਸਨ। “ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ” ਸ਼ਬਦ ਦਿਖਾਉਂਦੇ ਹਨ ਕਿ ਯਰੂਸ਼ਲਮ ਵਿਚ ਜੋ ਹਿਦਾਇਤ ਦਾਨੀਏਲ ਦੇ ਮਾਪਿਆਂ ਨੇ ਅਤੇ ਹੋਰਨਾਂ ਨੇ ਉਸ ਨੂੰ ਦਿੱਤੀ ਸੀ ਉਸ ਨੇ ਉਹ ਦੇ ਦਿਲ ਉੱਤੇ ਗਹਿਰਾ ਪ੍ਰਭਾਵ ਪਾਇਆ ਸੀ। ਬਿਨਾਂ ਸ਼ੱਕ, ਫ਼ੈਸਲਾ ਕਰਨ ਵਿਚ ਅਜਿਹੀ ਸਿਖਲਾਈ ਨੇ ਦੂਜਿਆਂ ਤਿੰਨਾਂ ਇਬਰਾਨੀ ਮੁੰਡਿਆਂ ਦੀ ਵੀ ਮਦਦ ਕੀਤੀ ਹੋਵੇਗੀ। ਇਹ ਘਟਨਾ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਆਪਣੇ ਬੱਚਿਆਂ ਨੂੰ ਉਦੋਂ ਵੀ ਸਿੱਖਿਆ ਦੇਣੀ ਬਹੁਤ ਮਹੱਤਵਪੂਰਣ ਹੈ ਜਦੋਂ ਉਹ ਹਾਲੇ ਛੋਟੇ ਹੁੰਦੇ ਹਨ।—ਕਹਾਉਤਾਂ 22:6; 2 ਤਿਮੋਥਿਉਸ 3:14, 15.

17. ਦਾਨੀਏਲ ਅਤੇ ਉਸ ਦੇ ਸਾਥੀਆਂ ਨੇ ਰਾਜੇ ਵੱਲੋਂ ਦਿੱਤੇ ਗਏ ਰੋਜ਼ਾਨਾ ਦੇ ਸੁਆਦਲੇ ਭੋਜਨ ਅਤੇ ਸ਼ਰਾਬ ਤੇ ਹੀ ਕਿਉਂ ਇਤਰਾਜ਼ ਕੀਤਾ, ਜਦ ਕਿ ਦੂਜੇ ਪ੍ਰਬੰਧਾਂ ਤੇ ਉਨ੍ਹਾਂ ਨੇ ਕੋਈ ਇਤਰਾਜ਼ ਨਹੀਂ ਕੀਤਾ?

17 ਇਨ੍ਹਾਂ ਨੌਜਵਾਨ ਇਬਰਾਨੀ ਮੁੰਡਿਆਂ ਨੇ ਸਿਰਫ਼ ਸੁਆਦਲੇ ਭੋਜਨ ਅਤੇ ਸ਼ਰਾਬ ਤੇ ਹੀ ਕਿਉਂ ਇਤਰਾਜ਼ ਕੀਤਾ ਜਦ ਕਿ ਦੂਜੇ ਪ੍ਰਬੰਧਾਂ ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਸੀ? ਦਾਨੀਏਲ ਸਾਫ਼-ਸਾਫ਼ ਸਮਝਾਉਂਦਾ ਹੈ ਕਿ ਉਨ੍ਹਾਂ ਨੇ ਇਹ ਇਸ ਲਈ ਕੀਤਾ ‘ਭਈ ਉਹ ਆਪਣੇ ਆਪ ਨੂੰ ਨਪਾਕ ਨਾ ਕਰਨ।’ “ਕਸਦੀਆਂ ਦੀ ਵਿਦਿਆ ਅਤੇ ਉਨ੍ਹਾਂ ਦੀ ਬੋਲੀ” ਸਿੱਖਣੀ ਅਤੇ ਇਕ ਬਾਬਲੀ ਨਾਂ ਤੋਂ ਸੱਦੇ ਜਾਣਾ ਸ਼ਾਇਦ ਇਤਰਾਜ਼ਯੋਗ ਹੋਵੇ, ਪਰ ਜ਼ਰੂਰੀ ਨਹੀਂ ਕਿ ਇਹ ਇਕ ਵਿਅਕਤੀ ਨੂੰ ਨਪਾਕ ਕਰ ਦੇਵੇ। ਤਕਰੀਬਨ 1,000 ਸਾਲ ਪਹਿਲਾਂ, ਮੂਸਾ ਦੀ ਉਦਾਹਰਣ ਉੱਤੇ ਵਿਚਾਰ ਕਰੋ। ਭਾਵੇਂ ਕਿ “ਮੂਸਾ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ,” ਉਹ ਯਹੋਵਾਹ ਦੇ ਪ੍ਰਤੀ ਨਿਸ਼ਠਾਵਾਨ ਰਿਹਾ। ਉਸ ਨੂੰ ਪਾਲਦੇ ਸਮੇਂ ਉਸ ਦੇ ਮਾਪਿਆਂ ਨੇ ਉਸ ਦੇ ਦਿਲ ਵਿਚ ਸੱਚਾਈ ਬਿਠਾਈ ਸੀ। ਇਸ ਕਰਕੇ, “ਨਿਹਚਾ ਨਾਲ ਮੂਸਾ ਨੇ ਜਾਂ ਸਿਆਣਾ ਹੋਇਆ ਤਾਂ ਫ਼ਿਰਊਨ ਦੀ ਧੀ ਦਾ ਪੁੱਤ੍ਰ ਅਖਵਾਉਣ ਤੋਂ ਇਨਕਾਰ ਕੀਤਾ, ਕਿਉਂ ਜੋ ਉਹ ਨੇ ਪਾਪ ਦੇ ਭੋਗ ਬਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ।”—ਰਸੂਲਾਂ ਦੇ ਕਰਤੱਬ 7:22; ਇਬਰਾਨੀਆਂ 11:24, 25.

18. ਇਬਰਾਨੀ ਨੌਜਵਾਨ ਬਾਬਲੀ ਰਾਜੇ ਦਾ ਅੰਨ-ਪਾਣੀ ਖਾ ਕੇ ਕਿਵੇਂ ਭ੍ਰਿਸ਼ਟ ਹੋ ਸਕਦੇ ਸਨ?

18 ਇਨ੍ਹਾਂ ਨੌਜਵਾਨਾਂ ਨੂੰ ਰਾਜੇ ਦਾ ਅੰਨ-ਪਾਣੀ ਕਿਸ ਤਰ੍ਹਾਂ ਭ੍ਰਿਸ਼ਟ ਕਰ ਸਕਦਾ ਸੀ? ਪਹਿਲੀ ਗੱਲ, ਸੁਆਦਲੇ ਭੋਜਨ ਵਿਚ ਮੂਸਾ ਦੀ ਬਿਵਸਥਾ ਦੁਆਰਾ ਮਨ੍ਹਾ ਕੀਤੀਆਂ ਹੋਈਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਸਨ। ਉਦਾਹਰਣ ਲਈ, ਬਾਬਲੀ ਲੋਕ ਅਸ਼ੁੱਧ ਪਸ਼ੂਆਂ ਦਾ ਮਾਸ ਖਾਂਦੇ ਸਨ, ਜੋ ਬਿਵਸਥਾ ਦੇ ਅਧੀਨ ਇਸਰਾਏਲੀਆਂ ਨੂੰ ਮਨ੍ਹਾ ਸੀ। (ਲੇਵੀਆਂ 11:1-31; 20:24-26; ਬਿਵਸਥਾ ਸਾਰ 14:3-20) ਦੂਜੀ ਗੱਲ, ਪਸ਼ੂਆਂ ਦੇ ਮਾਸ ਨੂੰ ਖਾਣ ਤੋਂ ਪਹਿਲਾਂ, ਬਾਬਲੀ ਲੋਕ ਉਨ੍ਹਾਂ ਦਾ ਲਹੂ ਨਹੀਂ ਵਹਾਉਂਦੇ ਸਨ। ਜੇਕਰ ਉਹ ਲਹੂ ਸਣੇ ਮਾਸ ਖਾਂਦੇ, ਤਾਂ ਉਨ੍ਹਾਂ ਨੇ ਲਹੂ ਸੰਬੰਧੀ ਯਹੋਵਾਹ ਦੇ ਨਿਯਮ ਦੀ ਸਿੱਧੀ ਉਲੰਘਣਾ ਕਰ ਰਹੇ ਹੋਣਾ ਸੀ। (ਉਤਪਤ 9:1, 3, 4; ਲੇਵੀਆਂ 17:10-12; ਬਿਵਸਥਾ ਸਾਰ 12:23-25) ਤੀਜੀ ਗੱਲ, ਝੂਠੇ ਈਸ਼ਵਰਾਂ ਦੇ ਪੁਜਾਰੀ ਆਪਣਾ ਭੋਜਨ ਪ੍ਰਸ਼ਾਦ ਵਜੋਂ ਖਾਣ ਤੋਂ ਪਹਿਲਾਂ ਰੀਤ ਅਨੁਸਾਰ ਉਸ ਦਾ ਮੂਰਤੀਆਂ ਨੂੰ ਚੜ੍ਹਾਵਾ ਚੜ੍ਹਾਉਂਦੇ ਸਨ। ਯਹੋਵਾਹ ਦੇ ਸੇਵਕ ਇਸ ਵਿਚ ਕੋਈ ਹਿੱਸਾ ਨਹੀਂ ਲੈਣਗੇ! (1 ਕੁਰਿੰਥੀਆਂ 10:20-22 ਦੀ ਤੁਲਨਾ ਕਰੋ।) ਅਖ਼ੀਰ ਵਿਚ, ਦਿਨ-ਬ-ਦਿਨ ਚਿਕਨਾ ਭੋਜਨ ਖਾਣਾ ਅਤੇ ਸ਼ਰਾਬ ਪੀਣੀ ਕਿਸੇ ਵੀ ਉਮਰ ਦੇ ਇਨਸਾਨ ਲਈ ਸਿਹਤਮੰਦ ਨਹੀਂ ਹੈ, ਨੌਜਵਾਨਾਂ ਦੀ ਗੱਲ ਤਾਂ ਇਕ ਪਾਸੇ ਰਹੀ।

19. ਇਬਰਾਨੀ ਨੌਜਵਾਨ ਕਿਹੜੇ ਬਹਾਨੇ ਬਣਾ ਸਕਦੇ ਸਨ, ਪਰ ਕਿਸ ਚੀਜ਼ ਨੇ ਉਨ੍ਹਾਂ ਨੂੰ ਸਹੀ ਕੰਮ ਕਰਨ ਲਈ ਮਦਦ ਦਿੱਤੀ?

19 ਇਹ ਜਾਣਨਾ ਕਿ ਦਬਾਵਾਂ ਅਤੇ ਪਰਤਾਵਿਆਂ ਵਿਚ ਕੀ ਕਰਨਾ ਚਾਹੀਦਾ ਹੈ, ਅਤੇ ਉਸ ਨੂੰ ਕਰਨ ਦਾ ਹੌਸਲਾ ਰੱਖਣਾ, ਦੋਹਾਂ ਵਿਚ ਬਹੁਤ ਫ਼ਰਕ ਹੈ। ਦਾਨੀਏਲ ਅਤੇ ਉਸ ਦੇ ਤਿੰਨ ਮਿੱਤਰ ਇਹ ਬਹਾਨਾ ਬਣਾ ਸਕਦੇ ਸਨ ਕਿ ਉਹ ਆਪਣੇ ਮਾਪਿਆਂ ਅਤੇ ਮਿੱਤਰਾਂ ਤੋਂ ਬਹੁਤ ਦੂਰ ਹਨ ਅਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਦੀਆਂ ਕਰਨੀਆਂ ਨੂੰ ਕਦੀ ਵੀ ਨਹੀਂ ਜਾਣ ਸਕਣਗੇ। ਉਹ ਇਹ ਵੀ ਸੋਚ ਸਕਦੇ ਸਨ ਕਿ ਇਹ ਰਾਜੇ ਦਾ ਹੁਕਮ ਸੀ ਅਤੇ ਉਨ੍ਹਾਂ ਲਈ ਹੋਰ ਕੋਈ ਚਾਰਾ ਨਹੀਂ ਸੀ। ਇਸ ਤੋਂ ਇਲਾਵਾ, ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਜੇ ਨੌਜਵਾਨਾਂ ਨੇ ਝਟਪਟ ਹੀ ਇਨ੍ਹਾਂ ਪ੍ਰਬੰਧਾਂ ਨੂੰ ਸਵੀਕਾਰ ਕਰ ਲਿਆ ਅਤੇ ਇਨ੍ਹਾਂ ਨੂੰ ਇਕ ਔਕੜ ਸਮਝਣ ਦੀ ਬਜਾਇ, ਇਸ ਵਿਚ ਆਪਣਾ ਮਾਣ ਸਮਝਿਆ। ਪਰ ਅਜਿਹੀ ਗ਼ਲਤ ਸੋਚਣੀ ਉਨ੍ਹਾਂ ਨੂੰ ਸੌਖਿਆਂ ਹੀ ਇਕ ਗੁਪਤ ਪਾਪ ਦੇ ਦੋਸ਼ੀ ਬਣਾ ਸਕਦੀ ਸੀ। ਗੁਪਤ ਪਾਪ ਅਨੇਕ ਨੌਜਵਾਨਾਂ ਲਈ ਇਕ ਫੰਦਾ ਹੈ। ਇਹ ਇਬਰਾਨੀ ਨੌਜਵਾਨ ਜਾਣਦੇ ਸਨ ਕਿ “ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ” ਅਤੇ ਇਹ ਵੀ ਕਿ “[ਸੱਚਾ] ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।” (ਕਹਾਉਤਾਂ 15:3; ਉਪਦੇਸ਼ਕ ਦੀ ਪੋਥੀ 12:14) ਆਓ ਅਸੀਂ ਸਾਰੇ ਇਨ੍ਹਾਂ ਨੌਜਵਾਨਾਂ ਦੀ ਵਫ਼ਾਦਾਰੀ ਤੋਂ ਸਬਕ ਸਿੱਖੀਏ।

ਹਿੰਮਤ ਅਤੇ ਦ੍ਰਿੜ੍ਹਤਾ ਦਾ ਫਲ ਮਿਲਿਆ

20, 21. ਦਾਨੀਏਲ ਨੇ ਕਿਹੜੇ ਕਦਮ ਚੁੱਕੇ, ਅਤੇ ਇਨ੍ਹਾਂ ਦਾ ਕੀ ਨਤੀਜਾ ਨਿਕਲਿਆ?

20 ਦਾਨੀਏਲ ਨੇ ਇਰਾਦਾ ਬਣਾਇਆ ਹੋਇਆ ਸੀ ਕਿ ਉਹ ਆਪਣੇ ਉੱਤੇ ਬੁਰੇ ਅਸਰ ਨਹੀਂ ਪੈਣ ਦੇਵੇਗਾ। “ਉਸ ਨੇ ਖੁਸਰਿਆਂ ਦੇ ਸਰਦਾਰ ਦੇ ਅੱਗੇ ਬੇਨਤੀ ਕੀਤੀ ਭਈ ਉਹ ਆਪਣੇ ਆਪ ਨੂੰ ਨਪਾਕ ਕਰਨ ਤੋਂ ਮੁਆਫ ਕੀਤਾ ਜਾਵੇ।” (ਦਾਨੀਏਲ 1:8ਅ) ਇਕ ਹੋਰ ਤਰਜਮਾ ਕਹਿੰਦਾ ਹੈ ਕਿ ਉਹ “ਬੇਨਤੀ ਕਰਦਾ ਰਿਹਾ।” ਇਹ ਸਾਨੂੰ ਸਿਖਾਉਂਦਾ ਹੈ ਕਿ ਜੇ ਅਸੀਂ ਪਰਤਾਵਿਆਂ ਜਾਂ ਖ਼ਾਸ ਕਮਜ਼ੋਰੀਆਂ ਉੱਤੇ ਸਫ਼ਲਤਾ ਨਾਲ ਜਿੱਤ ਪ੍ਰਾਪਤ ਕਰਨੀ ਹੈ, ਤਾਂ ਸਾਨੂੰ ਅਕਸਰ ਦ੍ਰਿੜ੍ਹਤਾ ਨਾਲ ਜਤਨ ਕਰਦੇ ਰਹਿਣ ਦੀ ਲੋੜ ਹੈ।—ਗਲਾਤੀਆਂ 6:9.

21 ਦਾਨੀਏਲ ਦੀ ਦ੍ਰਿੜ੍ਹਤਾ ਦਾ ਚੰਗਾ ਨਤੀਜਾ ਨਿਕਲਿਆ। “[ਸੱਚੇ] ਪਰਮੇਸ਼ੁਰ ਨੇ ਅਜੇਹਾ ਕੀਤਾ ਕਿ ਖੁਸਰਿਆਂ ਦੇ ਸਰਦਾਰ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਏਲ ਉੱਤੇ ਰਹੀ।” (ਦਾਨੀਏਲ 1:9) ਇਹ ਇਸ ਕਰਕੇ ਨਹੀਂ ਸੀ ਕਿ ਦਾਨੀਏਲ ਅਤੇ ਉਸ ਦੇ ਸਾਥੀ ਇੰਨੇ ਰੂਪਵੰਤ ਅਤੇ ਬੁੱਧੀਮਾਨ ਵਿਅਕਤੀ ਨਿਕਲੇ ਕਿ ਆਖ਼ਰਕਾਰ ਉਨ੍ਹਾਂ ਲਈ ਆਪੇ ਹੀ ਸਭ ਕੁਝ ਠੀਕ-ਠਾਕ ਹੋ ਗਿਆ। ਸਗੋਂ, ਇਹ ਯਹੋਵਾਹ ਦੀ ਬਰਕਤ ਕਰਕੇ ਹੋਇਆ। ਬਿਨਾਂ ਸ਼ੱਕ, ਦਾਨੀਏਲ ਨੇ ਇਹ ਇਬਰਾਨੀ ਕਹਾਵਤ ਯਾਦ ਰੱਖੀ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।” (ਕਹਾਉਤਾਂ 3:5, 6) ਇਸ ਸਲਾਹ ਨੂੰ ਲਾਗੂ ਕਰਨ ਨਾਲ ਵਾਕਈ ਹੀ ਉਸ ਨੂੰ ਫਲ ਮਿਲਿਆ।

22. ਖੁਸਰਿਆਂ ਦੇ ਸਰਦਾਰ ਨੇ ਕਿਹੜੀ ਗੱਲ ਤੇ ਇਤਰਾਜ਼ ਕੀਤਾ?

22 ਪਹਿਲਾਂ-ਪਹਿਲ, ਖੁਸਰਿਆਂ ਦੇ ਸਰਦਾਰ ਨੇ ਇਤਰਾਜ਼ ਕੀਤਾ ਅਤੇ ਕਿਹਾ ਕਿ “ਮੈਂ ਆਪਣੇ ਸੁਆਮੀ ਮਹਾਰਾਜੇ ਤੋਂ ਜਿਹ ਨੇ ਤੁਹਾਡੇ ਖਾਣੇ ਪੀਣੇ ਨੂੰ ਠਹਿਰਾਇਆ ਹੈ ਡਰਦਾ ਹਾਂ। ਤੁਹਾਡੇ ਮੂੰਹ ਉਹ ਦੀ ਨਿਗਾਹ ਵਿੱਚ ਤੁਹਾਡੇ ਹਾਣੀਆਂ ਦੇ ਮੂਹਾਂ ਨਾਲੋਂ ਕਾਹ ਨੂੰ ਮਾੜੇ ਦਿੱਸਣ ਅਤੇ ਇਉਂ ਤੁਸੀਂ ਮੇਰਾ ਸਿਰ ਰਾਜੇ ਦੇ ਦਰਬਾਰ ਖਤਰੇ ਵਿੱਚ ਪਾਓ?” (ਦਾਨੀਏਲ 1:10) ਅਸੀਂ ਉਸ ਦਾ ਇਤਰਾਜ਼ ਅਤੇ ਡਰ ਸਮਝ ਸਕਦੇ ਹਾਂ। ਰਾਜਾ ਨਬੂਕਦਨੱਸਰ ਨੂੰ ਨਾਂਹ ਸੁਣਨ ਦੀ ਆਦਤ ਨਹੀਂ ਸੀ, ਅਤੇ ਖੁਸਰਿਆਂ ਦੇ ਸਰਦਾਰ ਨੂੰ ਪਤਾ ਸੀ ਕਿ ਉਸ ਦਾ “ਸਿਰ” ਲਾਹਿਆ ਜਾ ਸਕਦਾ ਸੀ। ਦਾਨੀਏਲ ਕੀ ਕਰਦਾ?

23. ਦਾਨੀਏਲ ਨੇ ਜੋ ਕੀਤਾ ਉਹ ਕਿਵੇਂ ਸੂਝ ਅਤੇ ਬੁੱਧ ਦਿਖਾਉਂਦਾ ਹੈ?

23 ਇੱਥੇ ਸੂਝ ਅਤੇ ਬੁੱਧ ਕੰਮ ਆਏ। ਨੌਜਵਾਨ ਦਾਨੀਏਲ ਨੇ ਸ਼ਾਇਦ ਇਹ ਕਹਾਵਤ ਯਾਦ ਰੱਖੀ ਹੋਵੇ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” (ਕਹਾਉਤਾਂ 15:1) ਜ਼ਿੱਦ ਕਰਨ ਦੀ ਬਜਾਇ ਕਿ ਉਸ ਦੀ ਆਪਣੀ ਮਰਜ਼ੀ ਪੂਰੀ ਕੀਤੀ ਜਾਵੇ, ਦਾਨੀਏਲ ਨੇ ਹੋਰ ਕੁਝ ਨਹੀਂ ਕਿਹਾ। ਜੇ ਉਹ ਜ਼ਿੱਦ ਕਰਦਾ, ਤਾਂ ਦੂਜੇ ਉਹ ਨੂੰ ਮਰਵਾ ਵੀ ਸਕਦੇ ਸਨ। ਉਹ ਨੇ ਮੌਕਾ ਦੇਖ ਕੇ “ਦਰੋਗੇ” ਨਾਲ ਜਾ ਕੇ ਗੱਲ ਕੀਤੀ। ਦਰੋਗਾ ਉਨ੍ਹਾਂ ਦਾ ਥੋੜ੍ਹਾ ਕੁ ਲਿਹਾਜ਼ ਕਰਨ ਲਈ ਤਿਆਰ ਸੀ ਕਿਉਂਕਿ ਉਸ ਨੂੰ ਰਾਜੇ ਸਾਮ੍ਹਣੇ ਆਪ ਜਵਾਬ ਦੇਣ ਦੀ ਜ਼ਰੂਰਤ ਨਹੀਂ ਸੀ—ਦਾਨੀਏਲ 1:11.

ਦਸਾਂ ਦਿਨਾਂ ਦੀ ਪਰੀਖਿਆ

24. ਦਾਨੀਏਲ ਨੇ ਕਿਹੜੀ ਪਰੀਖਿਆ ਦਾ ਸੁਝਾਅ ਦਿੱਤਾ?

24 ਦਾਨੀਏਲ ਨੇ ਦਰੋਗੇ ਨੂੰ ਇਕ ਪਰੀਖਿਆ ਦਾ ਸੁਝਾਅ ਦਿੱਤਾ। ਉਸ ਨੇ ਕਿਹਾ: “ਤੂੰ ਦਸ ਦਿਨ ਤੀਕਰ ਆਪਣੇ ਬੰਦਿਆਂ ਨੂੰ ਪਰਖ ਕੇ ਵੇਖਣਾ ਅਤੇ ਖਾਣ ਲਈ ਦਾਲ ਤੇ ਪੀਣ ਲਈ ਪਾਣੀ ਸਾਨੂੰ ਦਿਵਾਉਣਾ। ਤਦ ਸਾਡੇ ਮੂੰਹ ਅਤੇ ਉਨ੍ਹਾਂ ਜੁਆਨਾਂ ਦੇ ਮੂੰਹ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫੇਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇਂ ਕਰੀਂ।”—ਦਾਨੀਏਲ 1:12, 13.

25. ਉਨ੍ਹਾਂ “ਸਬਜ਼ੀਆਂ” ਵਿਚ ਹੋਰ ਕੀ ਕੁਝ ਸ਼ਾਮਲ ਹੋ ਸਕਦਾ ਸੀ ਜੋ ਦਾਨੀਏਲ ਅਤੇ ਉਸ ਦੇ ਸਾਥੀਆਂ ਨੂੰ ਦਿੱਤੀਆਂ ਗਈਆਂ ਸਨ?

25 ਦਸਾਂ ਦਿਨਾਂ ਲਈ ‘ਦਾਲ ਅਤੇ ਪਾਣੀ’ ਤੋਂ ਬਾਅਦ, ਕੀ ਉਹ ਦੂਜਿਆਂ ਦੀ ਤੁਲਨਾ ਵਿਚ “ਮਾੜੇ” ਲੱਗਣਗੇ? ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਦਾਲ” ਕੀਤਾ ਗਿਆ ਹੈ ਉਸ ਦਾ ਮੂਲ ਅਰਥ ਹੈ “ਦਾਣੇ।” ਬਾਈਬਲ ਦੇ ਕੁਝ ਅਨੁਵਾਦਾਂ ਅਨੁਸਾਰ ਇਸ ਦਾ ਤਰਜਮਾ “ਸਾਗ-ਪਤ” ਵੀ ਕੀਤਾ ਗਿਆ ਹੈ। ਇਸ ਵਿਚ “ਅਨੇਕ ਤਰ੍ਹਾਂ ਦੀਆਂ ਦਾਲਾਂ (ਜਿਵੇਂ ਕਿ ਰਵਾਂਹ, ਮੂੰਗੀ, ਮਸਰ ਜਾਂ ਮੋਠ)” ਹੋ ਸਕਦੀਆਂ ਹਨ। ਕੁਝ ਵਿਦਵਾਨਾਂ ਅਨੁਸਾਰ ਦਾਨੀਏਲ ਦੁਆਰਾ ਮੰਗੀ ਗਈ ਖ਼ੁਰਾਕ ਵਿਚ ਸਿਰਫ਼ ਦਾਲਾਂ ਹੀ ਸ਼ਾਮਲ ਨਹੀਂ ਸਨ। ਇਕ ਪੁਸਤਕ ਕਹਿੰਦੀ ਹੈ: “ਸ਼ਾਹੀ ਮੇਜ਼ ਦੇ ਚਿਕਨੇ ਅਤੇ ਗੋਸ਼ਤ ਵਾਲੇ ਭੋਜਨਾਂ ਦੀ ਬਜਾਇ, ਦਾਨੀਏਲ ਅਤੇ ਉਸ ਦੇ ਸਾਥੀ ਸਬਜ਼ੀਆਂ ਮੰਗ ਰਹੇ ਸਨ ਜੋ ਕਿ ਆਮ ਲੋਕ ਖਾਂਦੇ ਸਨ।” ਇਸ ਕਰਕੇ, ਸਬਜ਼ੀਆਂ ਵਿਚ ਸ਼ਾਇਦ ਰਵਾਂਹ, ਖੀਰੇ, ਲਸਣ, ਦਾਲਾਂ, ਖ਼ਰਬੂਜੇ, ਅਤੇ ਪਿਆਜ਼ ਵਰਗੀਆਂ ਸਬਜ਼ੀਆਂ, ਅਤੇ ਕਈ ਪ੍ਰਕਾਰ ਦੇ ਆਟਿਆਂ ਤੋਂ ਬਣੀਆਂ ਹੋਈਆਂ ਰੋਟੀਆਂ ਵੀ ਹੋ ਸਕਦੀਆਂ ਸਨ। ਬਿਨਾਂ ਸ਼ੱਕ ਇਸ ਨੂੰ ਅਸੀਂ ਕੰਗਾਲਾਂ ਦੀ ਖ਼ੁਰਾਕ ਨਹੀਂ ਸੱਦ ਸਕਦੇ ਹਾਂ। ਸਪੱਸ਼ਟ ਹੈ ਕਿ ਦਰੋਗੇ ਨੇ ਉਨ੍ਹਾਂ ਦੀ ਗੱਲ ਸਮਝ ਲਈ। “ਸੋ ਉਸ ਨੇ ਉਨ੍ਹਾਂ ਦੀ ਏਹ ਗੱਲ ਮੰਨੀ ਅਤੇ ਦਸ ਦਿਨ ਤੀਕਰ ਉਨ੍ਹਾਂ ਨੂੰ ਪਰਖਿਆ।” (ਦਾਨੀਏਲ 1:14) ਇਸ ਦਾ ਨਤੀਜਾ ਕੀ ਨਿਕਲਿਆ?

26. ਦਸਾਂ ਦਿਨਾਂ ਦੀ ਪਰੀਖਿਆ ਦਾ ਕੀ ਨਤੀਜਾ ਨਿਕਲਿਆ, ਅਤੇ ਇਸ ਦਾ ਕੀ ਕਾਰਨ ਸੀ?

26 “ਦਸ ਦਿਨਾਂ ਦੇ ਮਗਰੋਂ ਉਨ੍ਹਾਂ ਸਾਰਿਆਂ ਜੁਆਨਾਂ ਦੇ ਨਾਲੋਂ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਸਨ ਉਨ੍ਹਾਂ ਦੇ ਮੂੰਹ ਵਧੀਕ ਸੁੰਦਰ ਅਤੇ ਸਰੀਰ ਮੋਟੇ ਦਿੱਸਦੇ ਸਨ।” (ਦਾਨੀਏਲ 1:15) ਇਸ ਤੋਂ ਸਾਨੂੰ ਇਹ ਸਿੱਟਾ ਨਹੀਂ ਕੱਢਣਾ ਚਾਹੀਦਾ ਹੈ ਕਿ ਸ਼ਾਕਾਹਾਰੀ ਖ਼ੁਰਾਕ, ਕਿਸੇ ਚਿਕਨੀ, ਗੋਸ਼ਤ ਵਾਲੀ ਖ਼ੁਰਾਕ ਨਾਲੋਂ ਵਧੀਆ ਹੈ। ਦਸਾਂ ਦਿਨਾਂ ਵਿਚ ਇਹ ਸਾਬਤ ਕਰਨਾ ਮੁਮਕਿਨ ਨਹੀਂ ਕਿ ਕਿਹੜੀ ਖ਼ੁਰਾਕ ਬਿਹਤਰ ਹੈ, ਪਰ ਯਹੋਵਾਹ ਵਾਸਤੇ ਆਪਣਾ ਮਕਸਦ ਪੂਰਾ ਕਰਨ ਲਈ ਇੰਨਾ ਸਮਾਂ ਕਾਫ਼ੀ ਸੀ। ਬਾਈਬਲ ਕਹਿੰਦੀ ਹੈ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” (ਕਹਾਉਤਾਂ 10:22) ਚਾਰ ਇਬਰਾਨੀ ਨੌਜਵਾਨਾਂ ਨੇ ਯਹੋਵਾਹ ਵਿਚ ਪੂਰਾ ਭਰੋਸਾ ਰੱਖਿਆ, ਅਤੇ ਯਹੋਵਾਹ ਨੇ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਸਦੀਆਂ ਬਾਅਦ, ਯਿਸੂ ਮਸੀਹ ਰੋਟੀ ਤੋਂ ਬਿਨਾਂ 40 ਦਿਨ ਜੀਉਂਦਾ ਰਹਿ ਸਕਿਆ। ਇਸ ਸੰਬੰਧ ਵਿਚ ਉਸ ਨੇ ਬਿਵਸਥਾ ਸਾਰ 8:3 ਦੇ ਇਹ ਸ਼ਬਦ ਕਹੇ: “ਆਦਮੀ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾਹ ਦੇ ਮੂੰਹੋਂ ਨਿੱਕਲਦਾ ਹੈ।” (ਬਿਵਸਥਾ ਸਾਰ 8:3) ਦਾਨੀਏਲ ਅਤੇ ਉਸ ਦੇ ਮਿੱਤਰ ਇਸ ਹਕੀਕਤ ਦੀ ਵਧੀਆ ਉਦਾਹਰਣ ਹਨ।

ਸੁਆਦਲੇ ਭੋਜਨ ਅਤੇ ਸ਼ਰਾਬ ਦੀ ਥਾਂ ਮੱਤ ਅਤੇ ਬੁੱਧੀ

27, 28. ਦਾਨੀਏਲ ਅਤੇ ਉਸ ਦੇ ਤਿੰਨਾਂ ਮਿੱਤਰਾਂ ਦੁਆਰਾ ਅਪਣਾਈ ਗਈ ਪਰਹੇਜ਼ਗਾਰੀ, ਉਨ੍ਹਾਂ ਨੂੰ ਕਿਨ੍ਹਾਂ ਤਰੀਕਿਆਂ ਵਿਚ ਆਉਣ ਵਾਲੀਆਂ ਵੱਡੀਆਂ ਪਰੀਖਿਆਵਾਂ ਲਈ ਤਿਆਰ ਕਰ ਰਹੀ ਸੀ?

27 ਪਰੀਖਿਆ ਸਿਰਫ਼ ਦਸਾਂ ਦਿਨਾਂ ਦੀ ਹੀ ਸੀ, ਪਰ ਨਤੀਜੇ ਬਹੁਤ ਹੀ ਸਪੱਸ਼ਟ ਸਨ। “ਤਦ ਦਰੋਗੇ ਨੇ ਉਨ੍ਹਾਂ ਦਾ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਨ੍ਹਾਂ ਦੇ ਪੀਣ ਲਈ ਥਾਪੀ ਹੋਈ ਸੀ ਬੰਦ ਕਰ ਦਿੱਤੀ ਅਤੇ ਉਨ੍ਹਾਂ ਨੂੰ ਦਾਲ ਦੇ ਦਿੱਤੀ।” (ਦਾਨੀਏਲ 1:16) ਅਸੀਂ ਕਲਪਨਾ ਕਰ ਸਕਦੇ ਹਾਂ ਕਿ ਸਿਖਲਾਈ ਪ੍ਰੋਗ੍ਰਾਮ ਵਿਚ ਸ਼ਾਮਲ ਦੂਜੇ ਨੌਜਵਾਨਾਂ ਨੇ ਦਾਨੀਏਲ ਅਤੇ ਉਸ ਦੇ ਸਾਥੀਆਂ ਬਾਰੇ ਕੀ ਸੋਚਿਆ ਹੋਵੇਗਾ। ਉਨ੍ਹਾਂ ਦੇ ਅਨੁਸਾਰ ਰਾਜੇ ਦੀ ਦਾਅਵਤ ਦੀ ਥਾਂ, ਰੋਜ਼ਾਨਾ ਸਬਜ਼ੀਆਂ ਹੀ ਖਾਣੀਆਂ ਬਹੁਤ ਮੂਰਖਤਾ ਵਾਲੀ ਗੱਲ ਸੀ। ਪਰ ਜਲਦੀ ਹੀ ਵੱਡੀਆਂ-ਵੱਡੀਆਂ ਅਜ਼ਮਾਇਸ਼ਾਂ ਆਉਣ ਵਾਲੀਆਂ ਸਨ, ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਇਬਰਾਨੀ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਸੂਝ-ਬੂਝ ਅਤੇ ਚੌਕਸੀ ਦੀ ਲੋੜ ਸੀ। ਯਹੋਵਾਹ ਵਿਚ ਉਨ੍ਹਾਂ ਦਾ ਪੂਰਾ ਭਰੋਸਾ ਉਨ੍ਹਾਂ ਨੂੰ ਨਿਹਚਾ ਦੀਆਂ ਅਜ਼ਮਾਇਸ਼ਾਂ ਦੌਰਾਨ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਮਦਦ ਦੇਵੇਗਾ।—ਯਹੋਸ਼ੁਆ 1:7 ਦੀ ਤੁਲਨਾ ਕਰੋ।

28 ਅੱਗੇ ਕਹੇ ਗਏ ਸ਼ਬਦਾਂ ਤੋਂ ਸਬੂਤ ਮਿਲਦਾ ਹੈ ਕਿ ਯਹੋਵਾਹ ਨੇ ਇਨ੍ਹਾਂ ਨੌਜਵਾਨਾਂ ਦਾ ਸਾਥ ਦਿੱਤਾ ਸੀ: “ਹੁਣ ਰਹੇ ਓਹ ਚਾਰ ਜੁਆਨ,—ਪਰਮੇਸ਼ੁਰ ਨੇ ਉਨ੍ਹਾਂ ਨੂੰ ਗਿਆਨ ਅਤੇ ਸਾਰੀ ਵਿਦਿਆ ਤੇ ਮੱਤ ਵਿੱਚ ਬੁੱਧੀ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰਾਂ ਦਿਆਂ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ ਸੀ।” (ਦਾਨੀਏਲ 1:17) ਆਉਣ ਵਾਲੇ ਮੁਸ਼ਕਲ ਸਮਿਆਂ ਦਾ ਸਾਮ੍ਹਣਾ ਕਰਨ ਲਈ, ਉਨ੍ਹਾਂ ਨੂੰ ਸਿਰਫ਼ ਤਾਕਤ ਅਤੇ ਚੰਗੀ ਸਿਹਤ ਦੀ ਹੀ ਲੋੜ ਨਹੀਂ ਸੀ। “ਕਿਉਂ ਜੋ ਬੁੱਧ ਤੇਰੇ ਮਨ ਵਿੱਚ ਆਵੇਗੀ ਅਤੇ ਗਿਆਨ ਤੇਰੇ ਮਨ ਨੂੰ ਪਿਆਰਾ ਲੱਗੇਗਾ। ਮੱਤ ਤੇਰੀ ਪਾਲਨਾ ਕਰੇਗੀ, ਅਤੇ ਸਮਝ ਤੇਰੀ ਰਾਖੀ ਕਰੇਗੀ, ਭਈ ਤੈਨੂੰ ਬੁਰਿਆਂ ਰਾਹਾਂ ਤੋਂ . . . ਛੁਡਾਉਣ।” (ਕਹਾਉਤਾਂ 2:10-12) ਯਹੋਵਾਹ ਨੇ ਇਹੀ ਗੁਣ ਉਨ੍ਹਾਂ ਚਾਰ ਵਫ਼ਾਦਾਰ ਨੌਜਵਾਨਾਂ ਨੂੰ ਬਖ਼ਸ਼ੇ ਸਨ ਤਾਂਕਿ ਉਹ ਆਉਣ ਵਾਲੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਣ।

29. ਦਾਨੀਏਲ ਨੂੰ “ਹਰ ਤਰਾਂ ਦਿਆਂ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ” ਕਿਉਂ ਸੀ?

29 ਇਹ ਕਿਹਾ ਗਿਆ ਹੈ ਕਿ “ਦਾਨੀਏਲ ਵਿੱਚ ਹਰ ਤਰਾਂ ਦਿਆਂ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ ਸੀ।” ਇਸ ਦਾ ਇਹ ਮਤਲਬ ਨਹੀਂ ਕਿ ਉਹ ਹੁਣ ਕੋਈ ਜੋਤਸ਼ੀ  ਬਣ ਗਿਆ ਸੀ। ਦਿਲਚਸਪੀ ਦੀ ਗੱਲ ਹੈ ਕਿ ਭਾਵੇਂ ਦਾਨੀਏਲ ਵੱਡੇ ਇਬਰਾਨੀ ਨਬੀਆਂ ਵਿਚ ਗਿਣਿਆ ਜਾਂਦਾ ਹੈ, ਉਹ ਅਜਿਹੇ ਐਲਾਨ ਕਰਨ ਲਈ ਕਦੇ ਵੀ ਪ੍ਰੇਰਿਤ ਨਹੀਂ ਕੀਤਾ ਗਿਆ ਸੀ ਜਿਵੇਂ ਕਿ, “ਪ੍ਰਭੁ ਯਹੋਵਾਹ ਫ਼ਰਮਾਉਂਦਾ ਹੈ,” ਜਾਂ “ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ।” (ਯਸਾਯਾਹ 28:16; ਯਿਰਮਿਯਾਹ 6:9) ਪਰ, ਸਿਰਫ਼ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਹੀ ਦਾਨੀਏਲ ਉਨ੍ਹਾਂ ਦਰਸ਼ਣਾਂ ਤੇ ਸੁਪਨਿਆਂ ਨੂੰ ਸਮਝ ਸਕਦਾ ਸੀ ਜੋ ਯਹੋਵਾਹ ਦੇ ਮਕਸਦ ਨੂੰ ਪ੍ਰਗਟ ਕਰਦੇ ਸਨ।

ਅਖ਼ੀਰ ਵਿਚ ਇਕ ਸਖ਼ਤ ਪਰੀਖਿਆ

30, 31. ਦਾਨੀਏਲ ਅਤੇ ਉਸ ਦੇ ਸਾਥੀਆਂ ਦੁਆਰਾ ਚੁਣਿਆ ਗਿਆ ਰਾਹ, ਉਨ੍ਹਾਂ ਲਈ ਕਿਵੇਂ ਲਾਭਦਾਇਕ ਸਾਬਤ ਹੋਇਆ?

30 ਉਹ ਖ਼ਾਸ ਸਿੱਖਿਆ ਅਤੇ ਤਿਆਰੀ ਦੇ ਤਿੰਨ ਸਾਲ ਸਮਾਪਤ ਹੋ ਗਏ। ਹੁਣ ਉਨ੍ਹਾਂ ਦੇ ਸਾਮ੍ਹਣੇ ਇਕ ਸਖ਼ਤ ਪਰੀਖਿਆ ਸੀ। ਉਨ੍ਹਾਂ ਨੂੰ ਰਾਜੇ ਦੇ ਸਾਮ੍ਹਣੇ ਬੁਲਾਇਆ ਗਿਆ। “ਜਦ ਓਹ ਦਿਨ ਹੋ ਚੁੱਕੇ ਜਿਨ੍ਹਾਂ ਦੇ ਮਗਰੋਂ ਰਾਜੇ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਉਹ ਦੇ ਸਾਹਮਣੇ ਆਉਣਾ ਸੀ ਤਦ ਖੁਸਰਿਆਂ ਦਾ ਸਰਦਾਰ ਉਨ੍ਹਾਂ ਨੂੰ ਨਬੂਕਦਨੱਸਰ ਦੇ ਦਰਬਾਰ ਲਿਆਇਆ।” (ਦਾਨੀਏਲ 1:18) ਉਹ ਸਮਾਂ ਆ ਪਹੁੰਚਿਆ ਸੀ ਜਦੋਂ ਉਨ੍ਹਾਂ ਚਾਰ ਨੌਜਵਾਨਾਂ ਨੇ ਆਪੋ-ਆਪਣਾ ਲੇਖਾ ਦੇਣਾ ਸੀ। ਕੀ ਬਾਬਲੀ ਤੌਰ-ਤਰੀਕਿਆਂ ਨੂੰ ਅਪਣਾਉਣ ਦੀ ਬਜਾਇ ਯਹੋਵਾਹ ਦੇ ਕਾਨੂੰਨਾਂ ਅਨੁਸਾਰ ਚੱਲਣਾ ਉਨ੍ਹਾਂ ਲਈ ਲਾਭਦਾਇਕ ਸਾਬਤ ਹੋਵੇਗਾ?

31 “ਰਾਜੇ ਨੇ ਉਨ੍ਹਾਂ ਦੇ ਨਾਲ ਗੱਲਾਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਵਾਂਙੁ ਕੋਈ ਨਾ ਸੀ, ਏਸ ਲਈ ਓਹ ਰਾਜੇ ਦੇ ਦਰਬਾਰ ਖੜੇ ਰਹਿਣ ਲੱਗੇ।” (ਦਾਨੀਏਲ 1:19) ਇਹ ਕਿੰਨਾ ਵੱਡਾ ਸਬੂਤ ਸੀ ਕਿ ਪਿੱਛਲੇ ਤਿੰਨਾਂ ਸਾਲਾਂ ਦੌਰਾਨ ਉਨ੍ਹਾਂ ਨੇ ਜੋ ਕੁਝ ਕੀਤਾ, ਉਹ ਬਿਲਕੁਲ ਸਹੀ ਸੀ! ਉਨ੍ਹਾਂ ਨੇ ਆਪਣੀ ਨਿਹਚਾ ਅਤੇ ਜ਼ਮੀਰ ਅਨੁਸਾਰ ਜੋ ਖਾਣ-ਪੀਣ ਦੇ ਸੰਬੰਧ ਵਿਚ ਪਰਹੇਜ਼ ਕੀਤਾ, ਉਹ ਮੂਰਖਤਾ ਨਹੀਂ ਸੀ। ਉਨ੍ਹਾਂ ਗੱਲਾਂ ਵਿਚ ਵਫ਼ਾਦਾਰ ਰਹਿਣ ਕਰਕੇ, ਜੋ ਸ਼ਾਇਦ ਮਾਮੂਲੀ ਜਾਪਦੀਆਂ ਸਨ, ਦਾਨੀਏਲ ਅਤੇ ਉਸ ਦੇ ਮਿੱਤਰਾਂ ਨੂੰ ਵੱਡੀਆਂ ਬਰਕਤਾਂ ਪ੍ਰਾਪਤ ਹੋਈਆਂ। ਸਿਖਲਾਈ ਦੇ ਪ੍ਰੋਗ੍ਰਾਮ ਵਿਚ ਸ਼ਾਮਲ ਹੋਏ ਸਾਰੇ ਦੇ ਸਾਰੇ ਨੌਜਵਾਨ ‘ਰਾਜੇ ਦੇ ਦਰਬਾਰ ਖੜ੍ਹਨਾ’ ਚਾਹੁੰਦੇ ਸਨ। ਬਾਈਬਲ ਇਹ ਨਹੀਂ ਦੱਸਦੀ ਕਿ ਸਿਰਫ਼ ਇਹ ਚਾਰ ਇਬਰਾਨੀ ਨੌਜਵਾਨ ਹੀ ਚੁਣੇ ਗਏ ਸਨ। ਜੋ ਵੀ ਹੋਇਆ, ਉਨ੍ਹਾਂ ਦੀ ਵਫ਼ਾਦਾਰੀ ਦੇ ਕਾਰਨ, ਉਨ੍ਹਾਂ ਨੂੰ “ਵੱਡਾ ਲਾਭ” ਮਿਲਿਆ।—ਜ਼ਬੂਰ 19:11.

32. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਨੇ ਰਾਜੇ ਦੇ ਦਰਬਾਰ ਵਿਚ ਖੜ੍ਹੇ ਹੋਣ ਨਾਲੋਂ ਜ਼ਿਆਦਾ ਵੱਡੇ ਸਨਮਾਨਾਂ ਦਾ ਆਨੰਦ ਮਾਣਿਆ?

32 ਬਾਈਬਲ ਕਹਿੰਦੀ ਹੈ ਕਿ “[ਕੀ] ਤੂੰ ਕਿਸੇ ਨੂੰ ਉਹ ਦੇ ਕੰਮ ਵਿੱਚ ਚਾਤਰ ਵੇਖਦਾ ਹੈਂ? ਉਹ ਪਾਤਸ਼ਾਹਾਂ ਦੇ ਸਨਮੁਖ ਖਲੋਵੇਗਾ।” (ਕਹਾਉਤਾਂ 22:29) ਇਸ ਕਰਕੇ, ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ, ਨਬੂਕਦਨੱਸਰ ਦੁਆਰਾ ਰਾਜੇ ਦੇ ਸਾਮ੍ਹਣੇ ਖੜ੍ਹਨ ਲਈ, ਅਰਥਾਤ, ਸ਼ਾਹੀ ਦਰਬਾਰ ਵਿਚ ਗਿਣੇ ਜਾਣ ਲਈ ਚੁਣੇ ਗਏ ਸਨ। ਅਸੀਂ ਇਨ੍ਹਾਂ ਸਾਰੀਆਂ ਗੱਲਾਂ ਵਿਚ ਯਹੋਵਾਹ ਦਾ ਹੱਥ ਦੇਖ ਸਕਦੇ ਹਾਂ ਤਾਂਕਿ ਇਨ੍ਹਾਂ ਨੌਜਵਾਨਾਂ ਰਾਹੀਂ—ਖ਼ਾਸ ਕਰਕੇ ਦਾਨੀਏਲ ਰਾਹੀਂ—ਈਸ਼ਵਰੀ ਮਕਸਦ ਦੇ ਖ਼ਾਸ ਪਹਿਲੂ ਜਾਣੂ ਕਰਵਾਏ ਜਾ ਸਕਣ। ਭਾਵੇਂ ਕਿ ਨਬੂਕਦਨੱਸਰ ਦੇ ਸ਼ਾਹੀ ਦਰਬਾਰ ਲਈ ਚੁਣਿਆ ਜਾਣਾ ਇਕ ਸਨਮਾਨ ਸੀ, ਪਰ ਵਿਸ਼ਵ-ਵਿਆਪੀ ਮਹਾਰਾਜ ਯਹੋਵਾਹ ਦੁਆਰਾ ਇਸ ਤਰ੍ਹਾਂ ਵਰਤਿਆ ਜਾਣਾ, ਉਨ੍ਹਾਂ ਲਈ ਇਸ ਤੋਂ ਵੀ ਵੱਡਾ ਸਨਮਾਨ ਸੀ।

33, 34. (ੳ) ਰਾਜਾ ਇਬਰਾਨੀ ਮੁੰਡਿਆਂ ਤੋਂ ਕਿਉਂ ਪ੍ਰਭਾਵਿਤ ਹੋਇਆ? (ਅ) ਅਸੀਂ ਇਨ੍ਹਾਂ ਚਾਰ ਇਬਰਾਨੀ ਮੁੰਡਿਆਂ ਦੇ ਤਜਰਬੇ ਤੋਂ ਕੀ ਸਬਕ ਸਿੱਖ ਸਕਦੇ ਹਾਂ?

33 ਜਲਦੀ ਹੀ ਨਬੂਕਦਨੱਸਰ ਨੂੰ ਪਤਾ ਚੱਲ ਗਿਆ ਕਿ ਯਹੋਵਾਹ ਦੁਆਰਾ ਇਨ੍ਹਾਂ ਚਾਰ ਇਬਰਾਨੀ ਨੌਜਵਾਨਾਂ ਨੂੰ ਦਿੱਤੀ ਗਈ ਸੂਝ ਅਤੇ ਮੱਤ ਉਸ ਦੇ ਦਰਬਾਰ ਦੇ ਸਾਰੇ ਸਲਾਹਕਾਰਾਂ ਅਤੇ ਬੁੱਧਵਾਨਾਂ ਨਾਲੋਂ ਕਿਤੇ ਹੀ ਉੱਤਮ ਸੀ। “ਬੁੱਧ ਤੇ ਸ਼ਿਨਾਸ ਦੀ ਹਰ ਇੱਕ ਗੱਲ ਵਿੱਚ ਜਿਹ ਦੇ ਵਿਖੇ ਰਾਜੇ ਨੇ ਉਨ੍ਹਾਂ ਕੋਲੋਂ ਸਵਾਲ ਕੀਤਾ ਉਸ ਨੇ ਉਨ੍ਹਾਂ ਨੂੰ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹ ਦੇ ਸਾਰੇ ਦੇਸ ਵਿੱਚ ਸਨ ਦਸ ਗੁਣਾ ਅੱਛਾ ਪਾਇਆ।” (ਦਾਨੀਏਲ 1:20) ਕੀ ਅਸੀਂ ਇਸੇ ਗੱਲ ਦੀ ਹੀ ਉਮੀਦ ਨਹੀਂ ਰੱਖਦੇ? ਉਹ ‘ਜਾਦੂਗਰ’ ਅਤੇ ‘ਜੋਤਸ਼ੀ’ ਬਾਬਲ ਦੀ ਦੁਨਿਆਵੀ ਅਤੇ ਵਹਿਮੀ ਮੱਤ ਉੱਤੇ ਇਤਬਾਰ ਕਰਦੇ ਸਨ, ਪਰ ਦਾਨੀਏਲ ਅਤੇ ਉਸ ਦੇ ਮਿੱਤਰਾਂ ਨੇ ਸਵਰਗੀ ਬੁੱਧ ਉੱਤੇ ਆਪਣਾ ਭਰੋਸਾ ਰੱਖਿਆ ਸੀ। ਅਸਲ ਵਿਚ ਦੋਹਾਂ ਦੇ ਦਰਮਿਆਨ ਮੁਕਾਬਲੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ!

34 ਯੁਗਾਂ ਦੌਰਾਨ ਹਾਲਾਤ ਇੰਨੇ ਨਹੀਂ ਬਦਲੇ ਹਨ। ਸਾਧਾਰਣ ਯੁਗ ਦੀ ਪਹਿਲੀ ਸਦੀ ਵਿਚ ਜਦੋਂ ਯੂਨਾਨੀ ਫ਼ਲਸਫ਼ੇ ਅਤੇ ਰੋਮੀ ਕਾਨੂੰਨ ਬਹੁਤ ਪ੍ਰਚਲਿਤ ਸਨ, ਪੌਲੁਸ ਰਸੂਲ ਇਹ ਲਿਖਣ ਲਈ ਪ੍ਰੇਰਿਤ ਕੀਤਾ ਗਿਆ ਸੀ: “ਇਸ ਸੰਸਾਰ ਦਾ ਗਿਆਨ ਪਰਮੇਸ਼ੁਰ ਦੇ ਭਾਣੇ ਮੂਰਖਪੁਣਾ ਹੈ ਕਿਉਂ ਜੋ ਲਿਖਿਆ ਹੋਇਆ ਹੈ ਭਈ ਉਹ ਗਿਆਨੀਆਂ ਨੂੰ ਓਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ। ਅਤੇ ਫੇਰ ਇਹ ਕਿ ਪ੍ਰਭੁ ਗਿਆਨੀਆਂ ਦੀਆਂ ਸੋਚਾਂ ਨੂੰ ਜਾਣਦਾ ਹੈ ਜੋ ਓਹ ਅਵਿਰਥੀਆਂ ਹਨ। ਇਸ ਲਈ ਕੋਈ ਜਣਾ ਮਨੁੱਖਾਂ ਉੱਤੇ ਅਭਮਾਨ ਨਾ ਕਰੇ।” (1 ਕੁਰਿੰਥੀਆਂ 3:19-21) ਸਾਨੂੰ ਅੱਜ ਯਹੋਵਾਹ ਵੱਲੋਂ ਮਿਲੀ ਸਿੱਖਿਆ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖਣਾ ਚਾਹੀਦਾ ਹੈ ਅਤੇ ਇਸ ਸੰਸਾਰ ਦੀ ਚਮਕ-ਦਮਕ ਨਾਲ ਕੁਰਾਹੇ ਨਹੀਂ ਪੈਣਾ ਚਾਹੀਦਾ।—1 ਯੂਹੰਨਾ 2:15-17.

ਅਖ਼ੀਰ ਤਕ ਵਫ਼ਾਦਾਰ

35. ਸਾਨੂੰ ਦਾਨੀਏਲ ਦੇ ਤਿੰਨਾਂ ਸਾਥੀਆਂ ਬਾਰੇ ਕਿੰਨਾ ਕੁ ਦੱਸਿਆ ਜਾਂਦਾ ਹੈ?

35 ਦੂਰਾ ਦੇ ਮੈਦਾਨ ਵਿਚ ਨਬੂਕਦਨੱਸਰ ਦੀ ਸੋਨੇ ਦੀ ਮੂਰਤ ਅਤੇ ਬਲਦੀ ਭੱਠੀ ਦੀ ਅਜ਼ਮਾਇਸ਼ ਦੇ ਸੰਬੰਧ ਵਿਚ ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਦੀ ਮਜ਼ਬੂਤ ਨਿਹਚਾ ਦਾਨੀਏਲ ਦੇ ਤੀਜੇ ਅਧਿਆਇ ਵਿਚ ਨਾਟਕੀ ਢੰਗ ਨਾਲ ਦਰਸਾਈ ਗਈ ਹੈ। ਬਿਨਾਂ ਸ਼ੱਕ, ਪਰਮੇਸ਼ੁਰ ਦਾ ਭੈ ਰੱਖਣ ਵਾਲੇ ਇਹ ਇਬਰਾਨੀ ਆਪਣੇ ਮਰਦੇ ਦਮ ਤਕ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ। ਅਸੀਂ ਇਹ ਜਾਣਦੇ ਹਾਂ ਕਿਉਂਕਿ ਪੌਲੁਸ ਰਸੂਲ ਉਨ੍ਹਾਂ ਦਾ ਹੀ ਜ਼ਿਕਰ ਕਰ ਰਿਹਾ ਸੀ ਜਦੋਂ ਉਸ ਨੇ “ਨਿਹਚਾ ਦੇ ਰਾਹੀਂ . . . ਅੱਗ ਦੇ ਤਾਉ ਨੂੰ ਠੰਡਿਆਂ” ਕਰਨ ਵਾਲਿਆਂ ਬਾਰੇ ਲਿਖਿਆ। (ਇਬਰਾਨੀਆਂ 11:33, 34) ਉਹ ਯਹੋਵਾਹ ਦੇ ਸਾਰੇ ਜਵਾਨ ਅਤੇ ਬੁੱਢੇ ਸੇਵਕਾਂ ਲਈ ਬਹੁਤ ਵਧੀਆ ਉਦਾਹਰਣਾਂ ਹਨ।

36. ਦਾਨੀਏਲ ਨੇ ਕਿਹੜੀ ਸ਼ਾਨਦਾਰ ਸੇਵਾ ਕੀਤੀ?

36 ਦਾਨੀਏਲ ਦੇ ਸੰਬੰਧ ਵਿਚ, ਪਹਿਲੇ ਅਧਿਆਇ ਦੀ ਅਖ਼ੀਰਲੀ ਆਇਤ ਕਹਿੰਦੀ ਹੈ: “ਦਾਨੀਏਲ ਖੋਰਸ ਰਾਜਾ ਦੇ ਪਹਿਲੇ ਵਰ੍ਹੇ ਤੀਕਰ ਰਿਹਾ।” ਇਤਿਹਾਸ ਤੋਂ ਪਤਾ ਚੱਲਦਾ ਹੈ ਕਿ 539 ਸਾ.ਯੁ.ਪੂ. ਵਿਚ ਖੋਰਸ ਨੇ ਰਾਤੋ-ਰਾਤ ਬਾਬਲ ਨੂੰ ਹਰਾ ਦਿੱਤਾ ਸੀ। ਲੇਕਿਨ ਦਾਨੀਏਲ ਦੀ ਨੇਕਨਾਮੀ ਅਤੇ ਦਰਜੇ ਦੇ ਕਾਰਨ, ਉਸ ਨੇ ਖੋਰਸ ਦੇ ਦਰਬਾਰ ਵਿਚ ਸੇਵਾ ਕਰਨੀ ਜਾਰੀ ਰੱਖੀ। ਨਾਲੇ ਦਾਨੀਏਲ 10:1 ਦੇ ਅਨੁਸਾਰ “ਫਾਰਸ ਦੇ ਪਾਤਸ਼ਾਹ ਖੋਰਸ ਦੇ ਤੀਜੇ ਵਰ੍ਹੇ ਵਿੱਚ,” ਯਹੋਵਾਹ ਨੇ ਦਾਨੀਏਲ ਨੂੰ ਇਕ ਖ਼ਾਸ ਮਹੱਤਵਪੂਰਣ ਗੱਲ ਦੱਸੀ। ਜੇਕਰ 617 ਸਾ.ਯੁ.ਪੂ. ਵਿਚ ਬਾਬਲ ਨੂੰ ਆਉਂਦੇ ਸਮੇਂ ਉਹ ਮੁੱਛ-ਫੁੱਟ ਗੱਭਰੂ ਸੀ, ਤਾਂ ਇਹ ਆਖ਼ਰੀ ਦਰਸ਼ਣ ਦੇਖਣ ਦੇ ਸਮੇਂ ਉਸ ਦੀ ਉਮਰ ਤਕਰੀਬਨ 100 ਸਾਲ ਦੀ ਹੋਵੇਗੀ। ਯਹੋਵਾਹ ਦੀ ਬਰਕਤ ਦੇ ਨਾਲ-ਨਾਲ ਕਿੰਨੀ ਲੰਬੀ ਅਤੇ ਵਫ਼ਾਦਾਰ ਸੇਵਾ!

37. ਦਾਨੀਏਲ ਦੇ ਪਹਿਲੇ ਅਧਿਆਇ ਦੀ ਚਰਚਾ ਕਰਨ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

37 ਦਾਨੀਏਲ ਦੀ ਪੋਥੀ ਦਾ ਪਹਿਲਾ ਅਧਿਆਇ ਸਾਨੂੰ ਚਾਰ ਵਫ਼ਾਦਾਰ ਨੌਜਵਾਨਾਂ ਦੁਆਰਾ ਨਿਹਚਾ ਦੀਆਂ ਅਜ਼ਮਾਇਸ਼ਾਂ ਵਿੱਚੋਂ ਸਫ਼ਲਤਾ ਨਾਲ ਲੰਘਣ ਦੀ ਕਹਾਣੀ ਨਾਲੋਂ ਕੁਝ ਜ਼ਿਆਦਾ ਦੱਸਦਾ ਹੈ। ਇਹ ਦਿਖਾਉਂਦਾ ਹੈ ਕਿ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਜਿਸ ਨੂੰ ਵੀ ਚਾਹੇ ਇਸਤੇਮਾਲ ਕਰ ਸਕਦਾ ਹੈ। ਇਹ ਬਿਰਤਾਂਤ ਸਾਬਤ ਕਰਦਾ ਹੈ ਕਿ ਜੇ ਯਹੋਵਾਹ ਕਿਸੇ ਗੱਲ ਦੀ ਇਜਾਜ਼ਤ ਦਿੰਦਾ ਹੈ, ਭਾਵੇਂ ਉਹ ਸਾਨੂੰ ਬਹੁਤ ਵੱਡੀ ਆਫ਼ਤ ਜਾਪੇ, ਉਸ ਦਾ ਨਤੀਜਾ ਚੰਗਾ ਹੋ ਸਕਦਾ ਹੈ। ਅਤੇ ਇਸ ਤੋਂ ਪਤਾ ਚੱਲਦਾ ਹੈ ਕਿ ਛੋਟੀਆਂ-ਛੋਟੀਆਂ ਚੀਜ਼ਾਂ ਵਿਚ ਵੀ ਵਫ਼ਾਦਾਰ ਰਹਿਣ ਦੇ ਕਾਰਨ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।

ਅਸੀਂ ਕੀ ਸਿੱਖਿਆ?

• ਦਾਨੀਏਲ ਅਤੇ ਉਸ ਦੇ ਤਿੰਨ ਨੌਜਵਾਨ ਮਿੱਤਰਾਂ ਦੇ ਪਿਛੋਕੜ ਬਾਰੇ ਕੀ ਕਿਹਾ ਜਾ ਸਕਦਾ ਹੈ?

• ਚਾਰ ਇਬਰਾਨੀ ਨੌਜਵਾਨਾਂ ਦੀ ਵਧੀਆ ਪਰਵਰਿਸ਼ ਨੂੰ ਬਾਬਲ ਵਿਚ ਕਿਵੇਂ ਅਜ਼ਮਾਇਆ ਗਿਆ ਸੀ?

• ਯਹੋਵਾਹ ਨੇ ਚਾਰ ਇਬਰਾਨੀ ਮੁੰਡਿਆਂ ਨੂੰ ਉਨ੍ਹਾਂ ਦੀ ਹਿੰਮਤ ਦਾ ਕੀ ਫਲ ਦਿੱਤਾ?

• ਯਹੋਵਾਹ ਦੇ ਵਰਤਮਾਨ ਦਿਨ ਦੇ ਸੇਵਕ, ਦਾਨੀਏਲ ਅਤੇ ਉਸ ਦੇ ਤਿੰਨਾਂ ਸਾਥੀਆਂ ਤੋਂ ਕਿਹੜੇ ਸਬਕ ਸਿੱਖ ਸਕਦੇ ਹਨ?

[ਸਵਾਲ]

[ਪੂਰੇ ਸਫ਼ੇ 30 ਉੱਤੇ ਤਸਵੀਰ]