Skip to content

Skip to table of contents

ਵਿਰੋਧੀ ਰਾਜੇ 20ਵੀਂ ਸਦੀ ਵਿਚ ਪ੍ਰਵੇਸ਼ ਕਰਦੇ ਹਨ

ਵਿਰੋਧੀ ਰਾਜੇ 20ਵੀਂ ਸਦੀ ਵਿਚ ਪ੍ਰਵੇਸ਼ ਕਰਦੇ ਹਨ

ਪੰਦ੍ਹਰਵਾਂ ਅਧਿਆਇ

ਵਿਰੋਧੀ ਰਾਜੇ 20ਵੀਂ ਸਦੀ ਵਿਚ ਪ੍ਰਵੇਸ਼ ਕਰਦੇ ਹਨ

1. ਇਕ ਇਤਿਹਾਸਕਾਰ ਦੇ ਅਨੁਸਾਰ 19ਵੀਂ ਸਦੀ ਦੇ ਯੂਰਪ ਦੇ ਮੋਹਰੀ ਕੌਣ ਸਨ?

ਇਤਿਹਾਸਕਾਰ ਨੌਰਮਨ ਡੇਵਿਸ ਲਿਖਦਾ ਹੈ ਕਿ ‘ਉੱਨੀਵੀਂ-ਸਦੀ ਦੇ ਯੂਰਪ ਵਰਗਾ ਪ੍ਰਭਾਵ ਪਹਿਲਾਂ ਕਦੇ ਵੀ ਨਹੀਂ ਮਹਿਸੂਸ ਕੀਤਾ ਗਿਆ।’ ਉਸ ਨੇ ਅੱਗੇ ਕਿਹਾ ਕਿ ‘ਯੂਰਪ ਤਕਨੀਕੀ, ਆਰਥਿਕ, ਸਭਿਆਚਾਰਕ, ਅਤੇ ਅੰਤਰ-ਮਹਾਂਦੀਪੀ ਪ੍ਰਭਾਵ ਨਾਲ ਪਹਿਲਾਂ ਨਾਲੋਂ ਬਹੁਤ ਹੀ ਮਾਲਾ-ਮਾਲ ਹੋਇਆ।’ ਡੇਵਿਸ ਕਹਿੰਦਾ ਹੈ ਕਿ “ਯੂਰਪ ਦੀ ਇਸ ਕਾਬਲ ‘ਪ੍ਰਭਾਵ ਦੀ ਸਦੀ’ ਦੇ ਮੋਹਰੀ ਸਭ ਤੋਂ ਪਹਿਲਾਂ ਬਰਤਾਨੀਆ ਮਹਾਨ ਸੀ ਅਤੇ ਬਾਅਦ ਦੇ ਦਹਾਕਿਆਂ ਵਿਚ ਜਰਮਨੀ ਸੀ।”

‘ਉਨ੍ਹਾਂ ਦੇ ਦਿਲ ਖੋਟਿਆਂ ਕੰਮਾਂ ਵੱਲ ਹੋਣਗੇ’

2. ਜਿਉਂ ਹੀ 19ਵੀਂ ਸਦੀ ਸਮਾਪਤ ਹੋਈ, ਕਿਹੜੀਆਂ ਸ਼ਕਤੀਆਂ “ਉੱਤਰ ਦਾ ਰਾਜਾ” ਅਤੇ ‘ਦੱਖਣ ਦਾ ਰਾਜਾ’ ਸਾਬਤ ਹੋਈਆਂ?

2 ਜਿਉਂ ਹੀ 19ਵੀਂ ਸਦੀ ਸਮਾਪਤ ਹੋਣ ਵਾਲੀ ਸੀ, ਜਰਮਨ ਸਾਮਰਾਜ “ਉੱਤਰ ਦਾ ਰਾਜਾ” ਸਾਬਤ ਹੋਇਆ ਅਤੇ ਬਰਤਾਨੀਆ ‘ਦੱਖਣ ਦਾ ਰਾਜਾ।’ (ਦਾਨੀਏਲ 11:14, 15) ਯਹੋਵਾਹ ਦਾ ਦੂਤ ਕਹਿੰਦਾ ਹੈ ਕਿ “[ਇਨ੍ਹਾਂ] ਦੋਹਾਂ ਰਾਜਿਆਂ ਦੇ ਦਿਲ ਖੋਟਿਆਂ ਕੰਮਾਂ ਵੱਲ ਹੋਣਗੇ ਅਤੇ ਓਹ ਇੱਕੇ ਪੰਗਤ ਵਿੱਚ ਬੈਠ ਕੇ ਝੂਠ ਬੋਲਣਗੇ।” ਉਹ ਅੱਗੇ ਕਹਿੰਦਾ ਹੈ: “ਪਰ ਉਹ ਫਲੇਗਾ ਨਾ ਕਿਉਂ ਜੋ ਅੰਤ ਠਹਿਰਾਏ ਹੋਏ ਵੇਲੇ ਸਿਰ ਹੋਵੇਗਾ।”—ਦਾਨੀਏਲ 11:27.

3, 4. (ੳ) ਜਰਮਨ ਰਾਜ ਦਾ ਪਹਿਲਾ ਸ਼ਹਿਨਸ਼ਾਹ ਕੌਣ ਬਣਿਆ, ਅਤੇ ਕਿਹੜਾ ਗੱਠਜੋੜ ਕਾਇਮ ਕੀਤਾ ਗਿਆ ਸੀ? (ਅ) ਕੈਸਰ ਵਿਲਹੈਲਮ ਨੇ ਕਿਹੜੀ ਨੀਤੀ ਅਪਣਾਈ?

3 ਵਿਲਹੈਲਮ ਪਹਿਲਾ, 18 ਜਨਵਰੀ, 1871 ਨੂੰ ਜਰਮਨ ਰਾਜ, ਜਾਂ ਸਾਮਰਾਜ ਦਾ ਪਹਿਲਾ ਸ਼ਹਿਨਸ਼ਾਹ ਬਣਿਆ। ਉਸ ਨੇ ਓਟੋ ਵਾਨ ਬਿਜ਼ਮਾਰਕ ਨੂੰ ਚਾਂਸਲਰ ਨਿਯੁਕਤ ਕੀਤਾ। ਇਸ ਨਵੇਂ ਸਾਮਰਾਜ ਨੂੰ ਵਧਾਉਣ ਉੱਤੇ ਆਪਣਾ ਧਿਆਨ ਲਗਾਉਣ ਕਰਕੇ ਬਿਜ਼ਮਾਰਕ ਨੇ ਦੂਜੀਆਂ ਕੌਮਾਂ ਨਾਲ ਟਕਰਾਉਣ ਤੋਂ ਪਰਹੇਜ਼ ਕੀਤਾ ਅਤੇ ਉਸ ਨੇ ਆਸਟ੍ਰੀਆ-ਹੰਗਰੀ ਅਤੇ ਇਟਲੀ ਨਾਲ ਗੱਠਜੋੜ ਕੀਤਾ ਜੋ ਤ੍ਰੈ-ਪੱਖੀ ਗੱਠਜੋੜ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਪਰ ਉੱਤਰ ਦੇ ਇਸ ਨਵੇਂ ਰਾਜੇ ਦੇ ਹਿਤ ਜਲਦੀ ਹੀ ਦੱਖਣ ਦੇ ਰਾਜੇ ਦੇ ਹਿਤਾਂ ਨਾਲ ਟਕਰਾਉਣ ਲੱਗ ਪਏ।

4 ਸੰਨ 1888 ਵਿਚ ਵਿਲਹੈਲਮ ਪਹਿਲੇ ਅਤੇ ਉਸ ਦੇ ਵਾਰਸ ਫਰੈਡਰਿਕ ਤੀਜੇ ਦੀ ਮੌਤ ਤੋਂ ਬਾਅਦ, 29-ਸਾਲਾ ਵਿਲਹੈਲਮ ਦੂਜੇ ਨੂੰ ਰਾਜ ਮਿਲ ਗਿਆ। ਵਿਲਹੈਲਮ ਦੂਜੇ, ਜਾਂ ਕੈਸਰ ਵਿਲਹੈਲਮ ਨੇ ਬਿਜ਼ਮਾਰਕ ਨੂੰ ਆਪਣੀ ਪਦਵੀ ਤਿਆਗਣ ਲਈ ਮਜਬੂਰ ਕਰ ਕੇ ਜਰਮਨੀ ਦੇ ਪ੍ਰਭਾਵ ਨੂੰ ਸੰਸਾਰ ਭਰ ਵਿਚ ਫੈਲਾਉਣ ਦੀ ਨੀਤੀ ਅਪਣਾਈ। ਇਕ ਇਤਿਹਾਸਕਾਰ ਕਹਿੰਦਾ ਹੈ ਕਿ, “ਵਿਲਹੈਲਮ ਦੂਜੇ ਦੇ ਅਧੀਨ [ਜਰਮਨੀ] ਨੇ ਘਮੰਡੀ ਅਤੇ ਝਗੜਾਲੂ ਰਵੱਈਆ ਅਪਣਾ ਲਿਆ।”

5. ਦੋ ਰਾਜੇ “ਇੱਕੇ ਪੰਗਤ ਵਿੱਚ” ਕਿਵੇਂ ਬੈਠੇ, ਅਤੇ ਉੱਥੇ ਉਨ੍ਹਾਂ ਨੇ ਕੀ ਬੋਲਿਆ?

5 ਜਦੋਂ ਰੂਸ ਦੇ ਜ਼ਾਰ ਨਿਕੋਲਸ ਦੂਜੇ ਨੇ 24 ਅਗਸਤ, 1898 ਨੂੰ ਦ ਹੇਗ, ਨੀਦਰਲੈਂਡਜ਼, ਵਿਚ ਸ਼ਾਂਤੀ ਦੇ ਇਕ ਸੰਮੇਲਨ ਦਾ ਇੰਤਜ਼ਾਮ ਕੀਤਾ, ਤਾਂ ਉਦੋਂ ਅੰਤਰਰਾਸ਼ਟਰੀ ਪੱਧਰ ਤੇ ਵਾਤਾਵਰਣ ਤਣਾਅ ਭਰਿਆ ਸੀ। ਇਸ ਸੰਮੇਲਨ ਅਤੇ ਬਾਅਦ ਵਿਚ 1907 ਦੇ ਸੰਮੇਲਨ ਦੇ ਨਤੀਜੇ ਵਜੋਂ ਦ ਹੇਗ ਵਿਖੇ ਸੁਲ੍ਹਾ-ਸਫ਼ਾਈ ਦੀ ਪੱਕੀ ਕਚਹਿਰੀ ਸਥਾਪਿਤ ਕੀਤੀ ਗਈ। ਇਸ ਕਚਹਿਰੀ ਦੇ ਮੈਂਬਰ ਬਣ ਕੇ ਜਰਮਨ ਰਾਜ ਅਤੇ ਬਰਤਾਨੀਆ ਮਹਾਨ ਨੇ ਇਹ ਦਿਖਾਵਾ ਕੀਤਾ ਕਿ ਉਹ ਸ਼ਾਂਤੀ ਚਾਹੁੰਦੇ ਸਨ। ਉਨ੍ਹਾਂ ਨੇ “ਇੱਕੇ ਪੰਗਤ ਵਿੱਚ ਬੈਠ ਕੇ” ਦੋਸਤੀ ਦਾ ਦਿਖਾਵਾ ਕੀਤਾ, ਪਰ ‘ਉਨ੍ਹਾਂ ਦੇ ਦਿਲ ਖੋਟਿਆਂ ਕੰਮਾਂ ਵੱਲ ਲੱਗੇ ਹੋਏ ਸਨ।’ ‘ਇੱਕੇ ਪੰਗਤ ਵਿੱਚ ਬੈਠ ਕੇ ਝੂਠ ਬੋਲਣ’ ਦੀ ਇਹ ਉਸਤਾਦੀ ਸੱਚੀ ਸ਼ਾਂਤੀ ਨਹੀਂ ਲਿਆ ਸਕਦੀ ਸੀ। ਉਨ੍ਹਾਂ ਦੀਆਂ ਸਿਆਸੀ, ਵਪਾਰਕ, ਅਤੇ ਸੈਨਿਕ ਅਭਿਲਾਸ਼ਾਵਾਂ ਦੇ ਸੰਬੰਧ ਵਿਚ ‘ਕੁਝ ਵੀ ਨਹੀਂ ਫਲ ਸਕਦਾ ਸੀ’ ਕਿਉਂਕਿ ਯਹੋਵਾਹ ਪਰਮੇਸ਼ੁਰ ਦੁਆਰਾ “ਠਹਿਰਾਏ ਹੋਏ ਵੇਲੇ ਸਿਰ” ਉਨ੍ਹਾਂ ਦੋਹਾਂ ਰਾਜਿਆਂ ਦਾ ਅੰਤ ਹੋਣਾ ਹੈ।

“ਪਵਿੱਤ੍ਰ ਨੇਮ ਦਾ ਸਾਹਮਣਾ”

6, 7. (ੳ) ਉੱਤਰ ਦਾ ਰਾਜ ‘ਆਪਣੇ ਦੇਸ ਵਿੱਚ’ ਕਿਵੇਂ ‘ਮੁੜਿਆ’? (ਅ) ਜਦੋਂ ਉੱਤਰ ਦੇ ਰਾਜੇ ਨੇ ਆਪਣਾ ਪ੍ਰਭਾਵ ਫੈਲਾਇਆ, ਤਾਂ ਦੱਖਣ ਦੇ ਰਾਜੇ ਨੇ ਕੀ ਕੀਤਾ?

6 ਪਰਮੇਸ਼ੁਰ ਦਾ ਦੂਤ ਅੱਗੇ ਕਹਿੰਦਾ ਹੈ ਕਿ “ਤਦ ਉਹ [ਉੱਤਰ ਦਾ ਰਾਜਾ] ਵੱਡੇ ਧਨ ਨਾਲ ਆਪਣੇ ਦੇਸ ਵਿੱਚ ਮੁੜ ਜਾਏਗਾ ਅਤੇ ਉਸ ਦਾ ਮਨ ਪਵਿੱਤ੍ਰ ਨੇਮ ਦਾ ਸਾਹਮਣਾ ਕਰੇਗਾ ਅਤੇ ਉਹ ਆਪਣਾ ਕੰਮ ਕਰ ਕੇ ਆਪਣੇ ਦੇਸ ਵਿੱਚ ਮੁੜੇਗਾ।”—ਦਾਨੀਏਲ 11:28.

7 ਕੈਸਰ ਵਿਲਹੈਲਮ ਉੱਤਰ ਦੇ ਪ੍ਰਾਚੀਨ ਰਾਜੇ ਦੇ “ਦੇਸ,” ਜਾਂ ਧਰਤੀ ਉੱਤੇ ਉਸ ਦਿਆਂ ਧੰਦਿਆਂ ਵੱਲ ਮੁੜ ਪਿਆ। ਕਿਵੇਂ? ਅਜਿਹੀ ਸ਼ਾਹੀ ਹਕੂਮਤ ਨੂੰ ਸਥਾਪਿਤ ਕਰ ਕੇ ਜੋ ਜਰਮਨ ਰਾਜ ਨੂੰ ਵਧਾਏਗੀ ਅਤੇ ਉਸ ਦੇ ਪ੍ਰਭਾਵ ਨੂੰ ਫੈਲਾਏਗੀ। ਵਿਲਹੈਲਮ ਦੂਜੇ ਨੇ ਅਫ਼ਰੀਕਾ ਅਤੇ ਦੂਜਿਆਂ ਮੁਲਕਾਂ ਵਿਚ ਬਸਤੀਆਂ ਸਥਾਪਿਤ ਕੀਤੀਆਂ। ਉਹ ਬਰਤਾਨੀਆ ਦੀ ਸਰਬ ਉੱਚ ਸਮੁੰਦਰੀ ਤਾਕਤ ਨੂੰ ਚੁਣੌਤੀ ਦੇਣੀ ਚਾਹੁੰਦਾ ਸੀ। ਇਸ ਲਈ ਉਸ ਨੇ ਇਕ ਸ਼ਕਤੀਸ਼ਾਲੀ ਜਲ-ਸੈਨਾ ਤਿਆਰ ਕੀਤੀ। ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ “ਜਰਮਨੀ ਦੀ ਜਹਾਜ਼ੀ ਤਾਕਤ ਮਾਮੂਲੀ ਸੀ, ਪਰ ਦਸਾਂ ਕੁ ਸਾਲਾਂ ਵਿਚ ਉਹ ਬਰਤਾਨੀਆ ਤੋਂ ਦੂਜੇ ਦਰਜੇ ਤੇ ਲਿਆਂਦੀ ਗਈ।” ਆਪਣੀ ਸਰਬ ਉੱਚਤਾ ਨੂੰ ਕਾਇਮ ਰੱਖਣ ਲਈ, ਬਰਤਾਨੀਆ ਨੂੰ ਅਸਲ ਵਿਚ ਆਪਣੀ ਜਲ-ਸੈਨਾ ਦੀ ਤਾਕਤ ਵਧਾਉਣੀ ਪਈ। ਬਰਤਾਨੀਆ ਨੇ ਫਰਾਂਸ ਨਾਲ ਇਕ ਸਮਝੌਤਾ ਕੀਤਾ ਅਤੇ ਰੂਸ ਨਾਲ ਵੀ ਇਸੇ ਤਰ੍ਹਾਂ ਦਾ ਰਾਜ਼ੀਨਾਮਾ ਕੀਤਾ ਜਿਸ ਨੂੰ ਤ੍ਰੈ-ਪੱਖੀ ਸਮਝੌਤਾ ਕਿਹਾ ਜਾਂਦਾ ਹੈ। ਯੂਰਪ ਹੁਣ ਦੋ ਸੈਨਿਕ ਝੁੰਡਾਂ ਵਿਚ ਵੰਡਿਆ ਗਿਆ—ਇਕ ਹੱਥ ਤ੍ਰੈ-ਪੱਖੀ ਗੱਠਜੋੜ ਅਤੇ ਦੂਜੇ ਹੱਥ ਤ੍ਰੈ-ਪੱਖੀ ਸਮਝੌਤਾ।

8. ਜਰਮਨ ਸਾਮਰਾਜ ਨੂੰ ‘ਵੱਡਾ ਧਨ’ ਕਿਵੇਂ ਹਾਸਲ ਹੋਇਆ?

8 ਜਰਮਨ ਸਾਮਰਾਜ ਨੇ ਇਕ ਹਮਲਾਵਰ ਨੀਤੀ ਅਪਣਾਈ ਅਤੇ ਇਸ ਦੇ ਨਤੀਜੇ ਵਜੋਂ ਜਰਮਨੀ ਨੂੰ ‘ਵੱਡਾ ਧਨ’ ਹਾਸਲ ਹੋਇਆ ਕਿਉਂਕਿ ਉਹ ਤ੍ਰੈ-ਪੱਖੀ ਗੱਠਜੋੜ ਦਾ ਮੁੱਖ ਹਿੱਸਾ ਸੀ। ਆਸਟ੍ਰੀਆ-ਹੰਗਰੀ ਅਤੇ ਇਟਲੀ ਰੋਮਨ ਕੈਥੋਲਿਕ ਸਨ। ਇਸ ਕਾਰਨ, ਤ੍ਰੈ-ਪੱਖੀ ਗੱਠਜੋੜ ਪੋਪ ਦੀ ਤਰਫ਼ਦਾਰੀ ਦਾ ਵੀ ਆਨੰਦ ਮਾਣਦਾ ਸੀ, ਪਰ ਦੱਖਣ ਦੇ ਰਾਜੇ ਨੂੰ, ਜੋ ਕਿ ਜ਼ਿਆਦਾਤਰ ਗ਼ੈਰ-ਕੈਥੋਲਿਕ ਤ੍ਰੈ-ਪੱਖੀ ਸਮਝੌਤਾ ਸੀ, ਇਹ ਤਰਫ਼ਦਾਰੀ ਨਹੀਂ ਮਿਲੀ।

9. ਉੱਤਰ ਦੇ ਰਾਜੇ ਦਾ ਮਨ ‘ਪਵਿੱਤ੍ਰ ਨੇਮ ਦਾ ਸਾਹਮਣਾ ਕਰਨ’ ਉੱਤੇ ਕਿਵੇਂ ਲੱਗਿਆ ਹੋਇਆ ਸੀ?

9 ਯਹੋਵਾਹ ਦੇ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਉਨ੍ਹਾਂ ਨੇ ਬਹੁਤ ਚਿਰ ਤੋਂ ਐਲਾਨ ਕੀਤਾ ਸੀ ਕਿ “ਪਰਾਈਆਂ ਕੌਮਾਂ ਦੇ ਸਮੇ” 1914 ਵਿਚ ਪੂਰੇ ਹੋ ਜਾਣਗੇ। * (ਲੂਕਾ 21:24) ਉਸ ਸਾਲ ਸਵਰਗ ਵਿਚ ਰਾਜਾ ਦਾਊਦ ਦੇ ਵਾਰਸ, ਯਿਸੂ ਮਸੀਹ ਦੇ ਹੱਥਾਂ ਵਿਚ ਪਰਮੇਸ਼ੁਰ ਦਾ ਰਾਜ ਸਥਾਪਿਤ ਕੀਤਾ ਗਿਆ ਸੀ। (2 ਸਮੂਏਲ 7:12-16; ਲੂਕਾ 22:28, 29) ਵਾਚ ਟਾਵਰ ਰਸਾਲੇ ਨੇ ਮਾਰਚ 1880 ਤੋਂ ਲੈ ਕੇ ਪਰਮੇਸ਼ੁਰ ਦੇ ਰਾਜ ਦਾ ‘ਪਰਾਈਆਂ ਕੌਮਾਂ ਦੇ ਸਮਿਆਂ,’ ਦੀ ਸਮਾਪਤੀ ਨਾਲ ਸੰਬੰਧ ਜੋੜਿਆ ਹੈ। ਪਰ ਉੱਤਰ ਦੇ ਜਰਮਨ ਰਾਜੇ ਦਾ ਮਨ ‘ਪਵਿੱਤ੍ਰ ਨੇਮ ਦਾ ਸਾਹਮਣਾ ਕਰਨ’ ਉੱਤੇ ਟਿਕਿਆ ਹੋਇਆ ਸੀ। ਰਾਜ ਦੀ ਹਕੂਮਤ ਨੂੰ ਸਵੀਕਾਰ ਕਰਨ ਦੀ ਬਜਾਇ, ਕੈਸਰ ਵਿਲਹੈਲਮ ਨੇ ਵਿਸ਼ਵ ਪ੍ਰਮੁੱਖਤਾ ਲਈ ਆਪਣੀਆਂ ਯੋਜਨਾਵਾਂ ਨੂੰ ਹੱਲਾ-ਸ਼ੇਰੀ ਦੇ ਕੇ ‘ਕੰਮ ਕੀਤਾ।’ ਪਰ, ਇਸ ਤਰ੍ਹਾਂ ਕਰਨ ਨਾਲ ਉਸ ਨੇ ਪਹਿਲੇ ਵਿਸ਼ਵ ਯੁੱਧ ਦੇ ਬੀ ਬੀਜੇ।

ਲੜਾਈ ਵਿਚ ਰਾਜਾ “ਉਦਾਸ” ਹੁੰਦਾ ਹੈ

10, 11. ਪਹਿਲਾ ਵਿਸ਼ਵ ਯੁੱਧ ਕਿਵੇਂ ਸ਼ੁਰੂ ਹੋਇਆ ਸੀ, ਅਤੇ ਇਹ “ਠਹਿਰਾਏ ਹੋਏ ਵੇਲੇ ਸਿਰ” ਕਿਵੇਂ ਸੀ?

10 ਦੂਤ ਨੇ ਭਵਿੱਖਬਾਣੀ ਕੀਤੀ ਕਿ “ਠਹਿਰਾਏ ਹੋਏ ਵੇਲੇ ਸਿਰ ਉਹ [ਉੱਤਰ ਦਾ ਰਾਜਾ] ਮੁੜੇਗਾ ਅਤੇ ਦੱਖਣ ਵੱਲ ਆਵੇਗਾ ਪਰ ਉਸ ਵੇਲੇ ਅਜਿਹਾ ਹਾਲ ਨਾ ਹੋਵੇਗਾ ਜਿਹੋ ਜਿਹਾ ਪਹਿਲਾਂ ਸੀ।” (ਦਾਨੀਏਲ 11:29) ਧਰਤੀ ਉੱਤੇ ਪਰਾਈਆਂ ਕੌਮਾਂ ਦੀ ਪ੍ਰਬਲਤਾ ਨੂੰ ਖ਼ਤਮ ਕਰਨ ਦਾ ਪਰਮੇਸ਼ੁਰ ਦਾ ‘ਠਹਿਰਾਇਆ ਹੋਇਆ ਵੇਲਾ’ 1914 ਵਿਚ ਆਇਆ ਸੀ ਜਦੋਂ ਉਸ ਨੇ ਸਵਰਗੀ ਰਾਜ ਨੂੰ ਸਥਾਪਿਤ ਕੀਤਾ। ਉਸ ਸਾਲ ਦੀ 28 ਜੂਨ ਨੂੰ, ਇਕ ਸਰਬੀਆਈ ਅੱਤਵਾਦੀ ਨੇ ਸਾਰਾਜੇਵੋ, ਬੋਸਨੀਆ ਵਿਚ ਆਸਟ੍ਰੀਆ ਦੇ ਰਾਜਕੁਮਾਰ ਫ਼ਰਾਂਸਿਸ ਫਰਡਿਨੈਂਡ ਅਤੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ। ਇਹ ਉਹ ਚੰਗਿਆੜੀ ਸੀ ਜਿਸ ਨੇ ਪਹਿਲੇ ਵਿਸ਼ਵ ਯੁੱਧ ਦੇ ਭਾਂਬੜ ਨੂੰ ਮਚਾਇਆ।

11 ਕੈਸਰ ਵਿਲਹੈਲਮ ਨੇ ਆਸਟ੍ਰੀਆ-ਹੰਗਰੀ ਉੱਤੇ ਜ਼ੋਰ ਪਾਇਆ ਕਿ ਉਹ ਸਰਬੀਆ ਤੋਂ ਬਦਲਾ ਲਵੇ। ਇਵੇਂ ਨਿਸ਼ਚਿਤ ਹੋ ਕੇ ਕਿ ਜਰਮਨੀ ਸਹਾਇਤਾ ਕਰੇਗਾ, 28 ਜੁਲਾਈ, 1914 ਨੂੰ ਸਰਬੀਆ ਨੇ ਆਸਟ੍ਰੀਆ-ਹੰਗਰੀ ਉੱਤੇ ਹਮਲਾ ਕਰ ਦਿੱਤਾ। ਪਰ ਰੂਸ ਸਰਬੀਆ ਦੀ ਮਦਦ ਲਈ ਖੜ੍ਹਾ ਹੋਇਆ। ਜਦੋਂ ਜਰਮਨੀ ਨੇ ਰੂਸ ਦੇ ਵਿਰੁੱਧ ਲੜਾਈ ਦਾ ਐਲਾਨ ਕਰ ਦਿੱਤਾ, ਤਾਂ ਫਰਾਂਸ (ਤ੍ਰੈ-ਪੱਖੀ ਸਮਝੌਤੇ ਵਿਚ ਇਕ ਮਿੱਤਰ ਦੇਸ਼) ਨੇ ਰੂਸ ਦੀ ਮਦਦ ਕੀਤੀ। ਜਰਮਨੀ ਨੇ ਫਿਰ ਫਰਾਂਸ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ। ਪੈਰਿਸ ਤਕ ਪਹੁੰਚਣ ਲਈ, ਜਰਮਨੀ ਨੇ ਬੈਲਜੀਅਮ ਉੱਤੇ ਹਮਲਾ ਕੀਤਾ, ਜਿਸ ਦੀ ਨਿਰਪੱਖਤਾ ਦੀ ਜ਼ਮਾਨਤ ਬਰਤਾਨੀਆ ਨੇ ਦਿੱਤੀ ਸੀ। ਇਸ ਤਰ੍ਹਾਂ ਬਰਤਾਨੀਆ ਨੇ ਜਰਮਨੀ ਉੱਤੇ ਹਮਲਾ ਕਰਨ ਦਾ ਐਲਾਨ ਕਰ ਦਿੱਤਾ। ਦੂਜੀਆਂ ਕੌਮਾਂ ਵੀ ਯੁੱਧ ਵਿਚ ਸ਼ਾਮਲ ਹੋ ਗਈਆਂ, ਅਤੇ ਇਟਲੀ ਨੇ ਪੱਖ ਬਦਲ ਲਿਆ। ਯੁੱਧ ਦੇ ਦੌਰਾਨ ਬਰਤਾਨੀਆ ਨੇ ਮਿਸਰ ਨੂੰ ਆਪਣਾ ਸੁਰੱਖਿਆ ਅਧੀਨ ਰਾਜ ਬਣਾ ਲਿਆ ਤਾਂ ਕਿ ਉੱਤਰ ਦਾ ਰਾਜਾ ਸੂਇਜ਼ ਨਹਿਰ ਨੂੰ ਨਾ ਬੰਦ ਕਰ ਸਕੇ ਅਤੇ ਨਾ ਹੀ ਮਿਸਰ, ਯਾਨੀ ਕਿ ਦੱਖਣ ਦੇ ਰਾਜੇ ਦੇ ਪ੍ਰਾਚੀਨ ਦੇਸ਼ ਉੱਤੇ ਹਮਲਾ ਕਰ ਸਕੇ।

12. ਪਹਿਲੇ ਵਿਸ਼ਵ ਯੁੱਧ ਵਿਚ ਕਿਸ ਤਰ੍ਹਾਂ ‘ਅਜਿਹੇ ਹਾਲ ਨਹੀਂ ਸਨ ਜਿਹੋ ਜਿਹੇ ਪਹਿਲਾਂ ਸਨ’?

12ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “ਮਿੱਤਰ ਦੇਸ਼ਾਂ [ਅਰਥਾਤ, ਜਰਮਨੀ ਦੇ ਵਿਰੋਧੀ ਦੇਸ਼ਾਂ ਦੇ ਗੱਠਜੋੜ] ਦੀ ਤਾਕਤ ਅਤੇ ਵਿਸ਼ਾਲਤਾ ਦੇ ਬਾਵਜੂਦ, ਇਵੇਂ ਲੱਗਦਾ ਸੀ ਕਿ ਜਰਮਨੀ ਯੁੱਧ ਜਿੱਤ ਜਾਵੇਗਾ।” ਦੋਹਾਂ ਰਾਜਿਆਂ ਦੇ ਮੁਢਲਿਆਂ ਸੰਘਰਸ਼ਾਂ ਵਿਚ, ਉੱਤਰ ਦੇ ਰਾਜੇ ਵਜੋਂ ਰੋਮੀ ਸਾਮਰਾਜ, ਲਗਾਤਾਰ ਜੇਤੂ ਹੋਇਆ ਸੀ। ਪਰ ਹੁਣ ‘ਅਜਿਹਾ ਹਾਲ ਨਹੀਂ ਸੀ ਜਿਹੋ ਜਿਹਾ ਪਹਿਲਾਂ ਸੀ।’ ਉੱਤਰ ਦਾ ਰਾਜਾ ਲੜਾਈ ਹਾਰ ਗਿਆ। ਦੂਤ ਇਸ ਦਾ ਕਾਰਨ ਦੱਸਦਿਆਂ ਕਹਿੰਦਾ ਹੈ “ਕਿਉਂ ਜੋ ਕਿੱਤੀਆਂ ਦੇ ਜਹਾਜ਼ ਉਸ ਦਾ ਸਾਹਮਣਾ ਕਰਨਗੇ ਸੋ ਉਹ ਉਦਾਸ ਹੋਵੇਗਾ।” (ਦਾਨੀਏਲ 11:30ੳ) “ਕਿੱਤੀਆਂ ਦੇ ਜਹਾਜ਼” ਕੀ ਸਨ?

13, 14. (ੳ) ਉੱਤਰ ਦੇ ਰਾਜੇ ਦੇ ਵਿਰੁੱਧ ਆਏ “ਕਿੱਤੀਆਂ ਦੇ ਜਹਾਜ਼” ਮੁੱਖ ਤੌਰ ਤੇ ਕੌਣ ਸਨ? (ਅ) ਜਿਉਂ-ਜਿਉਂ ਪਹਿਲਾ ਵਿਸ਼ਵ ਯੁੱਧ ਜਾਰੀ ਰਿਹਾ, ਕਿੱਤੀਮ ਦੇ ਹੋਰ ਜਹਾਜ਼ ਕਿਵੇਂ ਆਏ?

13 ਦਾਨੀਏਲ ਦੇ ਸਮੇਂ ਵਿਚ ਕਿੱਤੀਆਂ, ਜਾਂ ਕਿੱਤੀਮ ਨਾਂ ਦਾ ਦੇਸ਼ ਸਾਈਪ੍ਰਸ ਸੀ। ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਵਿਚ ਬਰਤਾਨੀਆ ਨੇ ਸਾਈਪ੍ਰਸ ਨੂੰ ਕਬਜ਼ੇ ਵਿਚ ਕਰ ਲਿਆ ਸੀ। ਇਸ ਤੋਂ ਇਲਾਵਾ, ਦ ਜ਼ੌਂਡਰਵੈਨ ਪਿਕਟੋਰਿਅਲ ਐਨਸਾਈਕਲੋਪੀਡੀਆ ਆਫ਼ ਦ ਬਾਈਬਲ ਦੇ ਅਨੁਸਾਰ ਕਿੱਤੀਮ ਨਾਂ ‘ਵਿਚ ਆਮ ਤੌਰ ਤੇ ਪੱਛਮ ਸ਼ਾਮਲ ਹੈ, ਪਰ ਖ਼ਾਸ ਕਰ ਕੇ ਤਟਵਰਤੀ ਪੱਛਮ।’ ਨਿਊ ਇੰਟਰਨੈਸ਼ਨਲ ਵਰਯਨ ‘ਕਿੱਤੀਮ ਦੇ ਜਹਾਜ਼ਾਂ’ ਨੂੰ “ਪੱਛਮੀ ਤਟਵਰਤੀ ਦੇਸ਼ਾਂ ਦੇ ਜਹਾਜ਼” ਅਨੁਵਾਦ ਕਰਦਾ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ, ਕਿੱਤੀਮ ਦੇ ਜਹਾਜ਼ ਮੁੱਖ ਤੌਰ ਤੇ ਯੂਰਪ ਦੇ ਪੱਛਮੀ ਕਿਨਾਰੇ ਤੇ ਬਰਤਾਨੀਆ ਦੇ ਜਹਾਜ਼ ਸਾਬਤ ਹੋਏ ਸਨ।

14 ਜਿਉਂ-ਜਿਉਂ ਯੁੱਧ ਲੰਬੇ ਚਿਰ ਲਈ ਜਾਰੀ ਰਿਹਾ, ਬਰਤਾਨਵੀ ਜਲ-ਸੈਨਾ ਕਿੱਤੀਮ ਦੇ ਹੋਰ ਜਹਾਜ਼ਾਂ ਨਾਲ ਤਕੜੀ ਕੀਤੀ ਗਈ। ਫਿਰ 7 ਮਈ, 1915 ਨੂੰ ਜਰਮਨ ਪਣਡੁੱਬੀ ਯੂ-20 ਨੇ ਲੂਸਿਟੇਨੀਆ ਨਾਂ ਦੇ ਇਕ ਅਸੈਨਿਕ ਜਹਾਜ਼ ਨੂੰ ਆਇਰਲੈਂਡ ਦੇ ਦੱਖਣੀ ਕਿਨਾਰੇ ਤੇ ਡੁਬੋ ਦਿੱਤਾ। ਮਰਿਆਂ ਬੰਦਿਆਂ ਵਿਚ 128 ਅਮਰੀਕੀ ਸਨ। ਬਾਅਦ ਵਿਚ, ਜਰਮਨੀ ਯੁੱਧ ਵਿਚ ਪਣਡੁੱਬੀਆਂ ਇਸਤੇਮਾਲ ਕਰ ਕੇ ਅੰਧ ਮਹਾਂਸਾਗਾਰ ਵਿਚ ਅੱਗੇ ਪ੍ਰਵੇਸ਼ ਹੋਇਆ। ਇਸ ਦੇ ਮਗਰੋਂ, 6 ਅਪ੍ਰੈਲ, 1917 ਨੂੰ ਯੂ.ਐੱਸ. ਦੇ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਜਰਮਨੀ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਇਸ ਸਮੇਂ ਤੇ ਦੱਖਣ ਦਾ ਰਾਜਾ, ਅਰਥਾਤ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ, ਜੋ ਕਿ ਯੂ.ਐੱਸ. ਜੰਗੀ ਜਹਾਜ਼ਾਂ ਅਤੇ ਫ਼ੌਜੀਆਂ ਨਾਲ ਵਧਾਈ ਗਈ ਸੀ, ਆਪਣੇ ਵਿਰੋਧੀ ਰਾਜੇ ਨਾਲ ਪੂਰੀ ਤਰ੍ਹਾਂ ਜੰਗ ਕਰ ਰਿਹਾ ਸੀ।

15. ਉੱਤਰ ਦਾ ਰਾਜਾ ਕਦੋਂ ‘ਉਦਾਸ ਹੋਇਆ’ ਸੀ?

15 ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਦੇ ਹਮਲੇ ਅਧੀਨ, ਉੱਤਰ ਦਾ ਰਾਜਾ ‘ਉਦਾਸ ਹੋਇਆ’ ਅਤੇ ਨਵੰਬਰ 1918 ਵਿਚ ਉਸ ਨੇ ਹਾਰ ਮੰਨ ਲਈ। ਵਿਲਹੈਲਮ ਦੂਜਾ ਨੀਦਰਲੈਂਡਜ਼ ਵਿਚ ਜਲਾਵਤਨ ਵਜੋਂ ਭੱਜ ਗਿਆ ਅਤੇ ਜਰਮਨੀ ਇਕ ਗਣਰਾਜ ਬਣ ਗਿਆ। ਪਰ ਉੱਤਰ ਦੇ ਰਾਜੇ ਦਾ ਕੰਮ ਹਾਲੇ ਖ਼ਤਮ ਨਹੀਂ ਹੋਇਆ ਸੀ।

ਰਾਜਾ ਆਪਣਾ ‘ਕੰਮ ਕਰਦਾ’ ਹੈ

16. ਭਵਿੱਖਬਾਣੀ ਦੇ ਅਨੁਸਾਰ, ਉੱਤਰ ਦਾ ਰਾਜ ਹਾਰ ਜਾਣ ਤੋਂ ਬਾਅਦ ਕੀ ਕਰੇਗਾ?

16 “[ਉੱਤਰ ਦਾ ਰਾਜ] ਮੁੜੇਗਾ ਅਰ ਪਵਿੱਤ੍ਰ ਨੇਮ ਉੱਤੇ ਉਸ ਦਾ ਕ੍ਰੋਧ ਜਾਗੇਗਾ ਅਤੇ ਉਸੇ ਦੇ ਅਨੁਸਾਰ ਉਹ ਕੰਮ ਕਰੇਗਾ ਸਗੋਂ ਉਹ ਮੁੜੇਗਾ ਅਤੇ ਜਿਨ੍ਹਾਂ ਲੋਕਾਂ ਨੇ ਪਵਿੱਤ੍ਰ ਨੇਮ ਛੱਡ ਦਿੱਤਾ ਹੈ ਉਨ੍ਹਾਂ ਲੋਕਾਂ ਨਾਲ ਮੇਲ ਕਰੇਗਾ।” (ਦਾਨੀਏਲ 11:30ਅ) ਜਿਵੇਂ ਦੂਤ ਨੇ ਭਵਿੱਖਬਾਣੀ ਕੀਤੀ ਇਵੇਂ ਹੀ ਹੋਇਆ।

17. ਅਡੌਲਫ਼ ਹਿਟਲਰ ਸੱਤਾ ਵਿਚ ਕਿਵੇਂ ਆਇਆ?

17 ਯੁੱਧ ਖ਼ਤਮ ਹੋਣ ਤੋਂ ਬਾਅਦ, 1918 ਵਿਚ ਜੇਤੂ ਦੇਸ਼ਾਂ ਨੇ ਜਰਮਨੀ ਉੱਤੇ ਸਜ਼ਾ ਵਜੋਂ ਸ਼ਾਂਤੀ ਦੀ ਇਕ ਸੰਧੀ ਮੜ੍ਹੀ। ਜਰਮਨ ਲੋਕਾਂ ਦੀਆਂ ਨਜ਼ਰਾਂ ਵਿਚ ਇਸ ਸੰਧੀ ਦੀਆਂ ਸ਼ਰਤਾਂ ਬਹੁਤ ਸਖ਼ਤ ਸਨ, ਅਤੇ ਨਵਾਂ ਗਣਰਾਜ ਸ਼ੁਰੂ ਤੋਂ ਹੀ ਕਮਜ਼ੋਰ ਸੀ। ਜਰਮਨੀ ਕੁਝ ਸਾਲਾਂ ਲਈ ਆਰਥਿਕ ਮੁਸ਼ਕਲਾਂ ਕੱਟਦਾ ਹੋਇਆ ਡਗਮਗਾਉਂਦਾ ਰਿਹਾ ਅਤੇ ਫਿਰ ਉਸ ਉੱਤੇ ਮਹਾਨ ਮੰਦਵਾੜਾ ਛਾਇਆ ਜਿਸ ਕਾਰਨ ਸੱਠ ਲੱਖ ਲੋਕ ਬੇਰੋਜ਼ਗਾਰ ਬਣ ਗਏ। ਅਡੌਲਫ਼ ਹਿਟਲਰ ਨੇ ਸੱਤਾ ਵਿਚ ਆਉਣ ਲਈ 1930 ਦੇ ਦਹਾਕੇ ਦੇ ਸ਼ੁਰੂ ਵਿਚ ਇਸ ਸਥਿਤੀ ਦਾ ਪੂਰਾ ਲਾਭ ਉਠਾਇਆ। ਉਹ ਜਨਵਰੀ 1933 ਵਿਚ ਚਾਂਸਲਰ ਬਣ ਗਿਆ ਅਤੇ ਅਗਲੇ ਸਾਲ ਉਸ ਨੇ ਰਾਸ਼ਟਰਪਤੀ ਦੇ ਅਧਿਕਾਰਾਂ ਨੂੰ ਆਪਣੇ ਹੱਥ ਵਿਚ ਲੈ ਲਿਆ। ਨਾਜ਼ੀ ਇਸ ਰਾਜ ਨੂੰ ਤੀਜਾ ਰਾਜ ਸੱਦਦੇ ਸਨ। *

18. ਹਿਟਲਰ ਨੇ ਆਪਣਾ ‘ਕੰਮ’ ਕਿਵੇਂ ‘ਕੀਤਾ’?

18 ਅਧਿਕਾਰ ਸਾਂਭਣ ਤੋਂ ਤੁਰੰਤ ਬਾਅਦ, ਹਿਟਲਰ ਨੇ “ਪਵਿੱਤ੍ਰ ਨੇਮ” ਉੱਤੇ ਡਾਢਾ ਹਮਲਾ ਕੀਤਾ। ਯਿਸੂ ਮਸੀਹ ਦੇ ਮਸਹ ਕੀਤੇ ਹੋਏ ਭਰਾ ਇਸ ਨੇਮ ਨੂੰ ਦਰਸਾਉਂਦੇ ਹਨ। (ਮੱਤੀ 25:40) ਇਵੇਂ ਉਸ ਨੇ ਇਨ੍ਹਾਂ ਵਫ਼ਾਦਾਰ ਮਸੀਹੀਆਂ ਵਿਰੁੱਧ ਆਪਣਾ ‘ਕੰਮ ਕੀਤਾ’ ਅਤੇ ਬਹੁਤਿਆਂ ਨਾਲ ਬੇਰਹਿਮੀ ਵਰਤੀ। ਹਿਟਲਰ ਆਰਥਿਕ ਅਤੇ ਰਾਜਦੂਤਕ ਮਾਮਲਿਆਂ ਵਿਚ ਵੀ ਸਫ਼ਲ ਹੋਇਆ, ਇਨ੍ਹਾਂ ਵਿਚ ਵੀ ਉਸ ਨੇ ਆਪਣਾ ‘ਕੰਮ ਕੀਤਾ।’ ਉਸ ਨੇ ਕੁਝ ਹੀ ਸਾਲਾਂ ਦੇ ਅੰਦਰ-ਅੰਦਰ ਜਰਮਨੀ ਨੂੰ ਦੁਨੀਆਂ ਦੀਆਂ ਨਜ਼ਰਾਂ ਵਿਚ ਇਕ ਮੁੱਖ ਸ਼ਕਤੀ ਬਣਾ ਦਿੱਤਾ।

19. ਹਿਟਲਰ ਨੇ ਕਿਨ੍ਹਾਂ ਤੋਂ ਸਮਰਥਨ ਪ੍ਰਾਪਤ ਕੀਤਾ?

19 ਹਿਟਲਰ ਨੇ ‘ਉਨ੍ਹਾਂ ਲੋਕਾਂ ਨਾਲ ਮੇਲ ਕੀਤਾ ਜਿਨ੍ਹਾਂ ਲੋਕਾਂ ਨੇ ਪਵਿੱਤ੍ਰ ਨੇਮ ਨੂੰ ਛੱਡ ਦਿੱਤਾ ਸੀ।’ ਇਹ ਲੋਕ ਕੌਣ ਸਨ? ਜ਼ਾਹਰ ਹੈ ਕਿ ਉਹ ਈਸਾਈ-ਜਗਤ ਦੇ ਆਗੂ ਸਨ ਜੋ ਦਾਅਵਾ ਕਰਦੇ ਸਨ ਕਿ ਪਰਮੇਸ਼ੁਰ ਨੇ ਉਨ੍ਹਾਂ ਨਾਲ ਇਕ ਨੇਮ ਬੰਨ੍ਹਿਆ ਹੋਇਆ ਸੀ ਪਰ ਉਹ ਹੁਣ ਯਿਸੂ ਮਸੀਹ ਦੀਆਂ ਸਿੱਖਿਆਵਾਂ ਉੱਤੇ ਨਹੀਂ ਚੱਲ ਰਹੇ ਸਨ। ਹਿਟਲਰ ‘ਪਵਿੱਤ੍ਰ ਨੇਮ ਨੂੰ ਛੱਡਣ ਵਾਲਿਆਂ’ ਤੋਂ ਸਮਰਥਨ ਪ੍ਰਾਪਤ ਕਰਨ ਵਿਚ ਸਫ਼ਲ ਹੋਇਆ। ਮਿਸਾਲ ਲਈ ਉਸ ਨੇ ਰੋਮ ਵਿਚ ਪੋਪ ਨਾਲ ਇਕ ਸਮਝੌਤਾ ਕੀਤਾ। ਸੰਨ 1935 ਵਿਚ ਹਿਟਲਰ ਨੇ ਚਰਚ-ਸੰਬੰਧੀ ਮਾਮਲਿਆਂ ਦਾ ਮੰਡਲ ਸਥਾਪਿਤ ਕੀਤਾ। ਇਸ ਤਰ੍ਹਾਂ ਕਰ ਕੇ ਉਹ ਦੂਜਿਆਂ ਟੀਚਿਆਂ ਤੋਂ ਇਲਾਵਾ ਸਾਰੇ ਇਵੈਂਜੇਲਿਕਲ ਚਰਚਾਂ ਨੂੰ ਸਰਕਾਰ ਦੇ ਅਧੀਨ ਕਰਨਾ ਚਾਹੁੰਦਾ ਸੀ।

ਰਾਜੇ ਵੱਲੋਂ “ਜੱਥੇ” ਉੱਠਦੇ ਹਨ

20. ਉੱਤਰ ਦੇ ਰਾਜੇ ਨੇ ਕਿਹੜੇ “ਜੱਥੇ” ਵਰਤੇ ਸਨ, ਅਤੇ ਕਿਨ੍ਹਾਂ ਦੇ ਵਿਰੁੱਧ?

20 ਹਿਟਲਰ ਜਲਦੀ ਹੀ ਯੁੱਧ ਕਰਨ ਲੱਗਾ, ਜਿਵੇਂ ਦੂਤ ਨੇ ਪਹਿਲਾਂ ਹੀ ਸੱਚ-ਸੱਚ ਭਵਿੱਖਬਾਣੀ ਕੀਤੀ ਸੀ: “ਜੱਥੇ ਉਸ ਦੀ ਵੱਲੋਂ ਉੱਠਣਗੇ ਅਤੇ ਓਹ ਪਵਿੱਤ੍ਰ ਥਾਂ ਅਰਥਾਤ ਕੋਟ ਨੂੰ ਭਰਿਸ਼ਟ ਕਰਨਗੇ ਅਤੇ ਓਹ ਸਦਾ ਦੀ ਹੋਮ ਦੀ ਬਲੀ ਨੂੰ ਹਟਾਉਣਗੇ।” (ਦਾਨੀਏਲ 11:31ੳ) “ਜੱਥੇ” ਉਹ ਫ਼ੌਜਾਂ ਸਨ ਜਿਨ੍ਹਾਂ ਨੂੰ ਉੱਤਰ ਦੇ ਰਾਜੇ ਨੇ ਦੂਜੇ ਵਿਸ਼ਵ ਯੁੱਧ ਵਿਚ ਦੱਖਣ ਦੇ ਰਾਜੇ ਨਾਲ ਲੜਨ ਲਈ ਵਰਤਿਆ ਸੀ। ਨਾਜ਼ੀ ‘ਜੱਥਿਆਂ’ ਨੇ 1 ਸਤੰਬਰ, 1939 ਨੂੰ ਪੋਲੈਂਡ ਉੱਤੇ ਹਮਲਾ ਕੀਤਾ। ਦੋ ਦਿਨ ਬਾਅਦ, ਪੋਲੈਂਡ ਦੀ ਮਦਦ ਕਰਨ ਲਈ ਬਰਤਾਨੀਆ ਅਤੇ ਫਰਾਂਸ ਨੇ ਜਰਮਨੀ ਉੱਤੇ ਹੱਲਾ ਬੋਲ ਦਿੱਤਾ। ਇਸ ਤਰ੍ਹਾਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਪੋਲੈਂਡ ਜਲਦੀ ਹੀ ਹਾਰ ਗਿਆ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ, ਜਰਮਨ ਫ਼ੌਜੀਆਂ ਨੇ ਡੈਨਮਾਰਕ, ਨਾਰਵੇ, ਨੀਦਰਲੈਂਡਜ਼, ਬੈਲਜੀਅਮ, ਲਕਜ਼ਮਬਰਗ, ਅਤੇ ਫਰਾਂਸ ਕਬਜ਼ੇ ਵਿਚ ਕਰ ਲਏ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “1941 ਦੇ ਅੰਤ ਵਿਚ ਨਾਜ਼ੀ ਜਰਮਨੀ ਯੂਰਪ ਦੇ ਮਹਾਂਦੀਪ ਉੱਤੇ ਰਾਜ ਕਰ ਰਿਹਾ ਸੀ।”

21. ਦੂਜੇ ਵਿਸ਼ਵ ਯੁੱਧ ਦੌਰਾਨ ਉੱਤਰ ਦੇ ਰਾਜੇ ਦੇ ਹੱਥੋਂ ਬਾਜ਼ੀ ਕਿਵੇਂ ਨਿਕਲ ਗਈ, ਅਤੇ ਇਸ ਦਾ ਕੀ ਨਤੀਜਾ ਨਿਕਲਿਆ?

21 ਭਾਵੇਂ ਕਿ ਜਰਮਨੀ ਅਤੇ ਸੋਵੀਅਤ ਸੰਘ ਨੇ ਮਿੱਤਰਤਾ, ਸਹਿਯੋਗ, ਅਤੇ ਸੀਮਾਂਕਣ ਦੀ ਸੰਧੀ ਉੱਤੇ ਦਸਤਖਤ ਕੀਤੇ ਸਨ, 22 ਜੂਨ, 1941 ਨੂੰ ਹਿਟਲਰ ਨੇ ਸੋਵੀਅਤ ਖੇਤਰ ਉੱਤੇ ਹਮਲਾ ਕਰ ਦਿੱਤਾ। ਇਸ ਗੱਲ ਨੇ ਸੋਵੀਅਤ ਸੰਘ ਨੂੰ ਬਰਤਾਨੀਆ ਦੇ ਪੱਖ ਲਿਆਂਦਾ। ਜਰਮਨ ਫ਼ੌਜਾਂ ਦੀ ਸ਼ੁਰੂ-ਸ਼ੁਰੂ ਵਿਚ ਸਫ਼ਲਤਾ ਦੇ ਬਾਵਜੂਦ, ਸੋਵੀਅਤ ਫ਼ੌਜ ਬਹੁਤ ਹੀ ਮਜ਼ਬੂਤ ਸਾਬਤ ਹੋਈ। ਜਰਮਨ ਫ਼ੌਜਾਂ ਨੇ 6 ਦਸੰਬਰ, 1941 ਨੂੰ ਮਾਸਕੋ ਵਿਖੇ ਅਸਲ ਵਿਚ ਹਾਰ ਖਾਧੀ। ਅਗਲੇ ਦਿਨ, ਜਰਮਨੀ ਦੇ ਮਿੱਤਰ ਜਪਾਨ ਨੇ ਪਰਲ ਹਾਰਬਰ, ਹਵਾਈ ਟਾਪੂ ਉੱਤੇ ਬੰਬ ਸੁੱਟੇ। ਇਹ ਪਤਾ ਚੱਲਣ ਤੇ ਹਿਟਲਰ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ “ਹੁਣ ਸਾਡੇ ਲਈ ਯੁੱਧ ਹਾਰਨਾ ਨਾਮੁਮਕਿਨ ਹੈ।” ਜਲਦਬਾਜ਼ੀ ਵਿਚ 11 ਦਸੰਬਰ ਨੂੰ ਉਸ ਨੇ ਸੰਯੁਕਤ ਰਾਜ ਅਮਰੀਕਾ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ। ਪਰ ਉਸ ਨੂੰ ਸੋਵੀਅਤ ਸੰਘ ਅਤੇ ਸੰਯੁਕਤ ਰਾਜ ਅਮਰੀਕਾ ਦੋਹਾਂ ਦੀ ਸ਼ਕਤੀ ਬਾਰੇ ਭੁਲੇਖਾ ਸੀ। ਜਦੋਂ ਪੂਰਬ ਤੋਂ ਸੋਵੀਅਤ ਫ਼ੌਜ ਹਮਲਾ ਕਰਨ ਲੱਗ ਪਈ ਅਤੇ ਪੱਛਮ ਤੋਂ ਬਰਤਾਨਵੀ ਅਤੇ ਅਮਰੀਕੀ ਫ਼ੌਜਾਂ ਘੇਰਾ ਪਾਉਣ ਲੱਗ ਪਈਆਂ, ਤਾਂ ਹਿਟਲਰ ਦੇ ਹੱਥੋਂ ਬਾਜ਼ੀ ਨਿਕਲ ਗਈ। ਜਰਮਨ ਫ਼ੌਜਾਂ ਇਕ ਦੇਸ਼ ਤੋਂ ਬਾਅਦ ਦੂਜਾ ਦੇਸ਼ ਹਾਰਨ ਲੱਗ ਪਈਆਂ। ਹਿਟਲਰ ਦੀ ਖ਼ੁਦਕਸ਼ੀ ਤੋਂ ਬਾਅਦ, 7 ਮਈ, 1945 ਨੂੰ ਜਰਮਨੀ ਨੇ ਹਾਰ ਮੰਨ ਲਈ।

22. ਉੱਤਰ ਦੇ ਰਾਜੇ ਨੇ ਕਿਸ ਤਰ੍ਹਾਂ ‘ਪਵਿੱਤ੍ਰ ਥਾਂ ਨੂੰ ਭਰਿਸ਼ਟ ਕੀਤਾ ਅਤੇ ਸਦਾ ਦੀ ਹੋਮ ਦੀ ਬਲੀ ਨੂੰ ਹਟਾਇਆ’?

22 ਦੂਤ ਨੇ ਕਿਹਾ ਕਿ “ਓਹ [ਨਾਜ਼ੀ ਜੱਥੇ] ਪਵਿੱਤ੍ਰ ਥਾਂ ਅਰਥਾਤ ਕੋਟ ਨੂੰ ਭਰਿਸ਼ਟ ਕਰਨਗੇ ਅਤੇ ਓਹ ਸਦਾ ਦੀ ਹੋਮ ਦੀ ਬਲੀ ਨੂੰ ਹਟਾਉਣਗੇ।” ਪ੍ਰਾਚੀਨ ਯਹੂਦਾਹ ਵਿਚ ਪਵਿੱਤਰ ਥਾਂ ਯਰੂਸ਼ਲਮ ਦੀ ਹੈਕਲ ਦਾ ਹਿੱਸਾ ਸੀ। ਪਰ ਜਦੋਂ ਯਹੂਦੀਆਂ ਨੇ ਯਿਸੂ ਨੂੰ ਠੁਕਰਾਇਆ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਹੈਕਲ ਨੂੰ ਵੀ ਠੁਕਰਾ ਦਿੱਤਾ। (ਮੱਤੀ 23:37–24:2) ਪਹਿਲੀ ਸਦੀ ਸਾ.ਯੁ. ਦੇ ਸਮੇਂ ਤੋਂ ਯਹੋਵਾਹ ਦੀ ਹੈਕਲ ਅਸਲ ਵਿਚ ਇਕ ਰੂਹਾਨੀ ਹੈਕਲ ਰਹੀ ਹੈ, ਜਿਸ ਦਾ ਅੱਤ ਪਵਿੱਤਰ ਸਥਾਨ ਸਵਰਗ ਵਿਚ ਹੈ ਅਤੇ ਰੂਹਾਨੀ ਵਿਹੜਾ ਧਰਤੀ ਉੱਤੇ ਹੈ, ਜਿੱਥੇ ਪ੍ਰਧਾਨ ਜਾਜਕ, ਯਿਸੂ ਮਸੀਹ ਦੇ ਮਸਹ ਕੀਤੇ ਹੋਏ ਭਰਾ ਸੇਵਾ ਕਰਦੇ ਹਨ। ਫਿਰ 1930 ਦੇ ਦਹਾਕੇ ਤੋਂ ਅਗਾਂਹ, “ਵੱਡੀ ਭੀੜ” ਨੇ ਮਸਹ ਕੀਤੇ ਹੋਏ ਬਕੀਏ ਦੇ ਸੰਗ-ਸੰਗ ਉਪਾਸਨਾ ਕੀਤੀ ਹੈ, ਅਤੇ ਇਸ ਕਾਰਨ ਕਿਹਾ ਜਾਂਦਾ ਹੈ ਕਿ ਉਹ ‘ਪਰਮੇਸ਼ੁਰ ਦੀ ਹੈਕਲ’ ਵਿਚ ਸੇਵਾ ਕਰਦੇ ਹਨ। (ਪਰਕਾਸ਼ ਦੀ ਪੋਥੀ 7:9, 15; 11:1, 2; ਇਬਰਾਨੀਆਂ 9:11, 12, 24) ਉੱਤਰ ਦੇ ਰਾਜੇ ਨੇ ਉਨ੍ਹਾਂ ਦੇਸ਼ਾਂ ਵਿਚ, ਜੋ ਉਸ ਦੇ ਅਧੀਨ ਸਨ, ਮਸਹ ਕੀਤੇ ਹੋਏ ਬਕੀਏ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਖੂਬ ਸਤਾਇਆ ਅਤੇ ਇਸ ਤਰ੍ਹਾਂ ਜ਼ਮੀਨੀ ਵਿਹੜੇ ਨੂੰ ਭ੍ਰਿਸ਼ਟ ਕੀਤਾ। ਸਤਾਹਟ ਇੰਨੀ ਸਖ਼ਤ ਸੀ ਕਿ “ਸਦਾ ਦੀ ਹੋਮ ਦੀ ਬਲੀ”—ਯਹੋਵਾਹ ਦੇ ਨਾਂ ਬਾਰੇ ਪ੍ਰਸ਼ੰਸਾ ਦੀ ਜਨਤਕ ਬਲੀ—ਹਟਾਈ ਗਈ ਸੀ। (ਇਬਰਾਨੀਆਂ 13:15) ਪਰ ਭੈੜਿਆਂ ਕਸ਼ਟਾਂ ਦੇ ਬਾਵਜੂਦ, ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀਆਂ ਨੇ ‘ਹੋਰ ਭੇਡਾਂ’ ਨਾਲ ਦੂਜੇ ਵਿਸ਼ਵ ਯੁੱਧ ਦੌਰਾਨ ਪ੍ਰਚਾਰ ਕਰਨਾ ਜਾਰੀ ਰੱਖਿਆ।—ਯੂਹੰਨਾ 10:16.

‘ਘਿਣਾਉਣੀ ਵਸਤ ਰੱਖੀ ਜਾਂਦੀ ਹੈ’

23. ਪਹਿਲੀ ਸਦੀ ਵਿਚ “ਘਿਣਾਉਣੀ ਚੀਜ਼” ਕੀ ਸੀ?

23 ਜਦੋਂ ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਵਾਲਾ ਸੀ, ਤਾਂ ਇਕ ਹੋਰ ਘਟਨਾ ਠੀਕ ਉਸੇ ਤਰ੍ਹਾਂ ਵਾਪਰੀ ਜਿਸ ਤਰ੍ਹਾਂ ਪਰਮੇਸ਼ੁਰ ਦੇ ਦੂਤ ਨੇ ਪਹਿਲਾਂ ਦੱਸਿਆ ਸੀ ਕਿ “[ਉਹ] ਵਿਗਾੜਨ ਵਾਲੀ ਘਿਣਾਉਣੀ ਵਸਤ ਨੂੰ ਉਸ ਦੇ ਵਿੱਚ ਰੱਖ ਦੇਣਗੇ।” (ਦਾਨੀਏਲ 11:31ਅ) ਯਿਸੂ ਨੇ ਵੀ “ਘਿਣਾਉਣੀ ਚੀਜ਼” ਦਾ ਜ਼ਿਕਰ ਕੀਤਾ ਸੀ। ਪਹਿਲੀ ਸਦੀ ਵਿਚ, ਇਹ ਚੀਜ਼ ਰੋਮੀ ਫ਼ੌਜ ਸਾਬਤ ਹੋਈ ਜੋ 66 ਸਾ.ਯੁ. ਵਿਚ ਯਹੂਦੀ ਵਿਦਰੋਹ ਨੂੰ ਖ਼ਤਮ ਕਰਨ ਲਈ ਯਰੂਸ਼ਲਮ ਵਿਚ ਆਈ ਸੀ। *ਮੱਤੀ 24:15; ਦਾਨੀਏਲ 9:27.

24, 25. (ੳ) ਆਧੁਨਿਕ ਸਮਿਆਂ ਵਿਚ “ਘਿਣਾਉਣੀ ਵਸਤ” ਕੀ ਹੈ? (ਅ) “ਘਿਣਾਉਣੀ ਵਸਤ” ਕਦੋਂ ਅਤੇ ਕਿਵੇਂ ‘ਰੱਖੀ ਗਈ’ ਸੀ?

24 ਆਧੁਨਿਕ ਸਮਿਆਂ ਵਿਚ ਕਿਹੜੀ ‘ਘਿਣਾਉਣੀ ਵਸਤ ਰੱਖੀ ਗਈ’ ਹੈ? ਜ਼ਾਹਰਾ ਤੌਰ ਤੇ, ਇਹ ਵਸਤ ਪਰਮੇਸ਼ੁਰ ਦੇ ਰਾਜ ਦੀ ਇਕ “ਘਿਣਾਉਣੀ” ਨਕਲ ਹੈ। ਇਹ ਰਾਸ਼ਟਰ-ਸੰਘ ਸੀ, ਅਰਥਾਤ ਉਹ ਕਿਰਮਚੀ ਰੰਗ ਦਾ ਦਰਿੰਦਾ ਜੋ ਅਥਾਹ ਕੁੰਡ ਵਿਚ ਚਲਾ ਗਿਆ ਸੀ, ਮਤਲਬ ਕਿ ਦੂਜੇ ਵਿਸ਼ਵ ਯੁੱਧ ਦੇ ਛਿੜ ਪੈਣ ਤੇ ਉਹ ਇਕ ਵਿਸ਼ਵ-ਸ਼ਾਂਤੀ ਸੰਗਠਨ ਵਜੋਂ ਸਮਾਪਤ ਹੋ ਗਿਆ ਸੀ। (ਪਰਕਾਸ਼ ਦੀ ਪੋਥੀ 17:8) ਪਰ ‘ਉਸ ਦਰਿੰਦੇ’ ਨੇ “ਅਥਾਹ ਕੁੰਡ ਵਿੱਚੋਂ ਚੜ੍ਹ ਆਉਣਾ” ਸੀ। ਉਸ ਨੇ ਇਹ ਉਦੋਂ ਕੀਤਾ ਜਦੋਂ ਸੰਯੁਕਤ ਰਾਸ਼ਟਰ-ਸੰਘ, ਆਪਣੇ 50 ਮੈਂਬਰ ਦੇਸ਼ਾਂ ਸਮੇਤ, ਜਿਨ੍ਹਾਂ ਵਿਚ ਸਾਬਕਾ ਸੋਵੀਅਤ ਸੰਘ ਵੀ ਸ਼ਾਮਲ ਸੀ, 24 ਅਕਤੂਬਰ, 1945 ਨੂੰ ਸਥਾਪਿਤ ਕੀਤਾ ਗਿਆ ਸੀ। ਇਸ ਤਰ੍ਹਾਂ ਦੂਤ ਦੇ ਕਹਿਣੇ ਅਨੁਸਾਰ ਉਸ “ਘਿਣਾਉਣੀ ਵਸਤ,” ਅਰਥਾਤ ਸੰਯੁਕਤ ਰਾਸ਼ਟਰ-ਸੰਘ, ਨੂੰ ਰੱਖਿਆ ਗਿਆ ਸੀ।

25 ਦੋਹਾਂ ਵਿਸ਼ਵ ਯੁੱਧਾਂ ਦੌਰਾਨ ਜਰਮਨੀ ਦੱਖਣ ਦੇ ਰਾਜੇ ਦਾ ਵੱਡਾ ਦੁਸ਼ਮਣ ਰਿਹਾ ਸੀ ਅਤੇ ਉੱਤਰ ਦੇ ਰਾਜੇ ਵਜੋਂ ਠਹਿਰਿਆ। ਹੁਣ ਅੱਗੇ ਉੱਤਰ ਦਾ ਰਾਜਾ ਕੌਣ ਹੋਵੇਗਾ?

[ਫੁਟਨੋਟ]

^ ਪੈਰਾ 9 ਇਸ ਪੁਸਤਕ ਦਾ ਛੇਵਾਂ ਅਧਿਆਇ ਦੇਖੋ।

^ ਪੈਰਾ 17 ਪਹਿਲਾ ਰਾਜ ਪਵਿੱਤਰ ਰੋਮੀ ਸਾਮਰਾਜ ਸੀ, ਅਤੇ ਦੂਜਾ ਜਰਮਨ ਸਾਮਰਾਜ ਸੀ।

^ ਪੈਰਾ 23 ਇਸ ਪੁਸਤਕ ਦਾ ਗਿਆਰ੍ਹਵਾਂ ਅਧਿਆਇ ਦੇਖੋ।

ਅਸੀਂ ਕੀ ਸਿੱਖਿਆ?

• ਉੱਨੀਵੀਂ ਸਦੀ ਦੇ ਅੰਤ ਤੇ ਕਿਹੜੀਆਂ ਸ਼ਕਤੀਆਂ ਨੇ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੀਆਂ ਪਦਵੀਆਂ ਅਪਣਾਈਆਂ?

• ਪਹਿਲੇ ਵਿਸ਼ਵ ਯੁੱਧ ਦੌਰਾਨ ਸੰਘਰਸ਼ ਦੇ ਨਤੀਜੇ ਵਜੋਂ ਉੱਤਰ ਦੇ ਰਾਜੇ ਲਈ ਕਿਸ ਤਰ੍ਹਾਂ ‘ਅਜਿਹਾ ਹਾਲ ਨਹੀਂ ਸੀ ਜਿਹੋ ਜਿਹਾ ਪਹਿਲਾਂ ਸੀ’?

• ਪਹਿਲੇ ਵਿਸ਼ਵ ਯੁੱਧ ਦੇ ਮਗਰੋਂ ਹਿਟਲਰ ਨੇ ਦੁਨੀਆਂ ਦੀਆਂ ਨਜ਼ਰਾਂ ਵਿਚ ਜਰਮਨੀ ਨੂੰ ਇਕ ਮੁੱਖ ਸ਼ਕਤੀ ਕਿਵੇਂ ਬਣਾ ਦਿੱਤਾ ਸੀ?

• ਦੂਜੇ ਵਿਸ਼ਵ ਯੁੱਧ ਦੌਰਾਨ ਉੱਤਰ ਦੇ ਰਾਜੇ ਅਤੇ ਦੱਖਣ ਦੇ ਰਾਜੇ ਦੇ ਦਰਮਿਆਨ ਟਾਕਰੇ ਦਾ ਕੀ ਨਤੀਜਾ ਨਿਕਲਿਆ ਸੀ?

[ਸਵਾਲ]

[ਸਫ਼ਾ 268 ਉੱਤੇ ਚਾਰਟ/ਤਸਵੀਰਾਂ]

ਦਾਨੀਏਲ 11:27-31 ਵਿਚ ਰਾਜੇ

ਉੱਤਰ ਦਾ ਰਾਜਾ ਦੱਖਣ ਦਾ ਰਾਜਾ

ਦਾਨੀਏਲ 11:27-30ੳ ਜਰਮਨ ਸਾਮਰਾਜ ਬਰਤਾਨੀਆ,

(ਪਹਿਲਾ ਵਿਸ਼ਵ ਯੁੱਧ) ਜਿਸ ਦੇ ਮਗਰੋਂ ਐਂਗਲੋ-

ਅਮਰੀਕੀ ਵਿਸ਼ਵ ਸ਼ਕਤੀ ਆਈ

ਦਾਨੀਏਲ 11:30ਅ, 31 ਹਿਟਲਰ ਦਾ ਤੀਜਾ ਰਾਜ ਐਂਗਲੋ-ਅਮਰੀਕੀ

(ਦੂਜਾ ਵਿਸ਼ਵ ਯੁੱਧ) ਵਿਸ਼ਵ ਸ਼ਕਤੀ

[ਤਸਵੀਰ]

ਰਾਸ਼ਟਰਪਤੀ ਵੁਡਰੋ ਵਿਲਸਨ ਦੇ ਨਾਲ ਰਾਜਾ ਜੌਰਜ ਪੰਜਵਾਂ

[ਤਸਵੀਰ]

ਅਨੇਕ ਮਸੀਹੀ ਨਜ਼ਰਬੰਦੀ-ਕੈਂਪਾਂ ਵਿਚ ਸਤਾਏ ਗਏ ਸਨ

[ਤਸਵੀਰ]

ਈਸਾਈ-ਜਗਤ ਦੇ ਆਗੂਆਂ ਨੇ ਹਿਟਲਰ ਨੂੰ ਸਮਰਥਨ ਦਿੱਤਾ

[ਤਸਵੀਰ]

ਉਹ ਗੱਡੀ ਜਿਸ ਵਿਚ ਆਸਟ੍ਰੀਆ ਦੇ ਰਾਜਕੁਮਾਰ ਫਰਡਿਨੈਂਡ ਦਾ ਕਤਲ ਕੀਤਾ ਗਿਆ ਸੀ

[ਤਸਵੀਰ]

ਪਹਿਲੇ ਵਿਸ਼ਵ ਯੁੱਧ ਵਿਚ ਜਰਮਨ ਸੈਨਿਕ

[ਸਫ਼ਾ 257 ਉੱਤੇ ਤਸਵੀਰ]

ਸੰਨ 1945 ਵਿਚ ਯਲਟਾ ਵਿਖੇ, ਬਰਤਾਨਵੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ, ਯੂ.ਐੱਸ. ਰਾਸ਼ਟਰਪਤੀ ਫ਼ਰੈਂਕਲਿਨ ਡੀ. ਰੁਜ਼ਾਵਲਟ, ਅਤੇ ਸੋਵੀਅਤ ਪ੍ਰਧਾਨ ਮੰਤਰੀ ਜੋਸਿਫ ਸਟਾਲਿਨ ਨੇ ਜਰਮਨੀ ਉੱਤੇ ਕਬਜ਼ਾ ਕਰਨ ਲਈ, ਪੋਲੈਂਡ ਵਿਚ ਇਕ ਨਵੀਂ ਸਰਕਾਰ ਬਣਾਉਣ ਲਈ, ਅਤੇ ਸੰਯੁਕਤ ਰਾਸ਼ਟਰ-ਸੰਘ ਸਥਾਪਿਤ ਕਰਨ ਲਈ ਸੰਮੇਲਨ ਆਯੋਜਿਤ ਕਰਨ ਦੀ ਇਕ ਯੋਜਨਾ ਬਣਾਈ

[ਸਫ਼ਾ 258 ਉੱਤੇ ਤਸਵੀਰਾਂ]

1. ਆਸਟ੍ਰੀਆ ਦਾ ਰਾਜਕੁਮਾਰ ਫਰਡਿਨੈਂਡ 2. ਜਰਮਨ ਜਲ-ਸੈਨਾ 3. ਬਰਤਾਨਵੀ ਜਲ-ਸੈਨਾ 4. ਲੂਸਿਟੇਨੀਆ 5. ਯੂ.ਐੱਸ. ਵੱਲੋਂ ਯੁੱਧ ਦਾ ਘੋਸ਼ਣਾ-ਪੱਤਰ

[ਸਫ਼ਾ 263 ਉੱਤੇ ਤਸਵੀਰਾਂ]

ਯੁੱਧ ਸਮੇਂ ਜਰਮਨੀ ਦੇ ਮਿੱਤਰ ਜਪਾਨ ਦੁਆਰਾ ਪਰਲ ਹਾਰਬਰ ਉੱਤੇ ਬੰਬ ਸੁੱਟਣ ਤੋਂ ਬਾਅਦ ਅਡੌਲਫ਼ ਹਿਟਲਰ ਨੂੰ ਆਪਣੀ ਜਿੱਤ ਪੂਰੀ ਤਰ੍ਹਾਂ ਨਜ਼ਰ ਆ ਰਹੀ ਸੀ