Skip to content

Skip to table of contents

ਸ਼ੇਰਾਂ ਦੇ ਮੂੰਹਾਂ ਤੋਂ ਬਚਾਇਆ ਗਿਆ!

ਸ਼ੇਰਾਂ ਦੇ ਮੂੰਹਾਂ ਤੋਂ ਬਚਾਇਆ ਗਿਆ!

ਅੱਠਵਾਂ ਅਧਿਆਇ

ਸ਼ੇਰਾਂ ਦੇ ਮੂੰਹਾਂ ਤੋਂ ਬਚਾਇਆ ਗਿਆ!

1, 2. (ੳ) ਦਾਰਾ ਮਾਦੀ ਨੇ ਆਪਣੇ ਵੱਡੇ ਸਾਮਰਾਜ ਨੂੰ ਕਿਵੇਂ ਸੰਭਾਲਿਆ? (ਅ) ਮਨਸਬਦਾਰਾਂ ਦੀਆਂ ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੇ ਇਖ਼ਤਿਆਰ ਬਾਰੇ ਦੱਸੋ।

ਕੁਝ ਹੀ ਘੰਟਿਆਂ ਵਿਚ ਬਾਬਲ ਢਹਿ-ਢੇਰੀ ਹੋ ਗਿਆ! ਇਕ ਵਿਸ਼ਵ ਸ਼ਕਤੀ ਵਜੋਂ ਉਸ ਦੀ ਸਦੀਆਂ ਪੁਰਾਣੀ ਸ਼ਾਨੋ-ਸ਼ੌਕਤ ਖ਼ਤਮ ਹੋ ਗਈ। ਇਕ ਨਵਾਂ ਯੁਗ, ਅਰਥਾਤ ਮਾਦੀਆਂ ਅਤੇ ਫ਼ਾਰਸੀਆਂ ਦਾ ਯੁਗ ਸ਼ੁਰੂ ਹੋ ਰਿਹਾ ਸੀ। ਬੇਲਸ਼ੱਸਰ ਦੀ ਥਾਂ ਤੇ ਦਾਰਾ ਮਾਦੀ ਬਾਦਸ਼ਾਹ ਬਣਿਆ ਅਤੇ ਹੁਣ ਉਸ ਦੇ ਸਾਮ੍ਹਣੇ ਆਪਣੇ ਵੱਡੇ ਸਾਮਰਾਜ ਨੂੰ ਸੰਭਾਲਣ ਦਾ ਮੁਸ਼ਕਲ ਕੰਮ ਖੜ੍ਹਾ ਸੀ।

2 ਸਭ ਤੋਂ ਪਹਿਲਾਂ ਦਾਰਾ ਨੇ ਪੂਰੇ ਰਾਜ ਉੱਤੇ 120 ਮਨਸਬਦਾਰ ਠਹਿਰਾਏ। ਇਹ ਮੰਨਿਆ ਜਾਂਦਾ ਹੈ ਕਿ ਇਸ ਹੈਸੀਅਤ ਵਿਚ ਸੇਵਾ ਕਰਨ ਵਾਲਿਆਂ ਨੂੰ ਕਦੇ-ਕਦੇ ਰਾਜੇ ਦੇ ਸਾਕ-ਸੰਬੰਧੀਆਂ ਵਿੱਚੋਂ ਚੁਣਿਆ ਜਾਂਦਾ ਸੀ। ਜੋ ਵੀ ਸੀ, ਹਰੇਕ ਮਨਸਬਦਾਰ ਸਾਮਰਾਜ ਦੇ ਇਕ ਮੁੱਖ ਜ਼ਿਲ੍ਹੇ ਜਾਂ ਇਕ ਛੋਟੇ ਹਿੱਸੇ ਉੱਤੇ ਸਰਦਾਰੀ ਕਰਦਾ ਸੀ। (ਦਾਨੀਏਲ 6:1) ਉਹ ਟੈਕਸ ਇਕੱਠਾ ਕਰ ਕੇ ਸ਼ਾਹੀ ਦਰਬਾਰ ਨੂੰ ਭੇਜਣ ਲਈ ਜ਼ਿੰਮੇਵਾਰ ਹੁੰਦਾ ਸੀ। ਸਮੇਂ-ਸਮੇਂ ਤੇ ਮਨਸਬਦਾਰ ਦੇ ਕੰਮ-ਕਾਰ ਦੀ ਛਾਣਬੀਣ ਕਰਨ ਲਈ ਰਾਜਾ ਆਪਣੇ ਖ਼ਾਸ ਬੰਦੇ ਨੂੰ ਭੇਜਦਾ ਸੀ। ਫਿਰ ਵੀ ਮਨਸਬਦਾਰ ਕੋਲ ਕਾਫ਼ੀ ਇਖ਼ਤਿਆਰ ਹੁੰਦਾ ਸੀ। ਉਸ ਦੀ ਪਦਵੀ ਦਾ ਅਰਥ ਸੀ “ਰਾਜ ਦਾ ਰਾਖਾ।” ਮਨਸਬਦਾਰ ਨੂੰ ਆਪਣੇ ਸੂਬੇ ਵਿਚ ਇਕ ਛੋਟਾ ਰਾਜਾ ਸਮਝਿਆ ਜਾਂਦਾ ਸੀ ਪਰ ਉਸ ਦੇ ਕੋਲ ਰਾਜੇ ਵਾਂਗ ਸਾਰੇ ਅਧਿਕਾਰ ਨਹੀਂ ਹੁੰਦੇ ਸਨ।

3, 4. ਦਾਰਾ ਦਾਨੀਏਲ ਨੂੰ ਕਿਉਂ ਪਸੰਦ ਕਰਦਾ ਸੀ, ਅਤੇ ਰਾਜੇ ਨੇ ਉਸ ਨੂੰ ਕਿਹੜੀ ਪਦਵੀ ਦਿੱਤੀ?

3 ਇਸ ਨਵੇਂ ਪ੍ਰਬੰਧ ਦੇ ਅਧੀਨ ਦਾਨੀਏਲ ਕੀ ਕੰਮ ਕਰਦਾ ਸੀ? ਕੀ ਦਾਰਾ ਮਾਦੀ ਹੁਣ ਇਸ ਨੱਬਿਆਂ ਕੁ ਸਾਲਾਂ ਦੇ ਸਿਆਣੇ ਯਹੂਦੀ ਨਬੀ ਨੂੰ ਸੇਵਾ ਤੋਂ ਮੁਕਤ ਕਰ ਦੇਵੇਗਾ? ਬਿਲਕੁਲ ਨਹੀਂ! ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਦਾਰਾ ਨੂੰ ਪਤਾ ਸੀ ਕਿ ਦਾਨੀਏਲ ਨੇ ਬਾਬਲ ਦੇ ਢਹਿਣ ਬਾਰੇ ਸਹੀ-ਸਹੀ ਭਵਿੱਖਬਾਣੀ ਕੀਤੀ ਸੀ ਅਤੇ ਅਜਿਹਾ ਕਰਨ ਲਈ ਉਸ ਨੂੰ ਈਸ਼ਵਰੀ ਸੂਝ ਦੀ ਲੋੜ ਸੀ। ਇਸ ਤੋਂ ਇਲਾਵਾ, ਦਾਨੀਏਲ ਨੂੰ ਬਾਬਲ ਵਿਚ ਕਈਆਂ ਸਾਲਾਂ ਤੋਂ ਅਨੇਕ ਪ੍ਰਕਾਰ ਦੇ ਬੰਦੀ ਸਮੂਹਾਂ ਨਾਲ ਮਿਲ-ਵਰਤਣ ਦਾ ਤਜਰਬਾ ਸੀ। ਦਾਰਾ ਆਪਣੇ ਅਧੀਨ ਕੀਤੀ ਇਸ ਨਵੀਂ ਪਰਜਾ ਨਾਲ ਸ਼ਾਂਤਮਈ ਰਿਸ਼ਤਾ ਕਾਇਮ ਕਰਨਾ ਚਾਹੁੰਦਾ ਸੀ। ਇਸ ਲਈ ਉਹ ਦਾਨੀਏਲ ਵਰਗੇ ਬੁੱਧੀਮਾਨ ਅਤੇ ਤਜਰਬੇਕਾਰ ਵਿਅਕਤੀ ਨੂੰ ਹੀ ਆਪਣਾ ਸਲਾਹਕਾਰ ਬਣਾਉਣਾ ਚਾਹੁੰਦਾ ਸੀ। ਇਸ ਵਿਅਕਤੀ ਨੇ ਕਿਸ ਹੈਸੀਅਤ ਵਿਚ ਸੇਵਾ ਕਰਨੀ ਸੀ?

4 ਇਹ ਬੜੀ ਹੈਰਾਨੀ ਦੀ ਗੱਲ ਹੋਣੀ ਸੀ ਜੇ ਦਾਰਾ ਇਸ ਜਲਾਵਤਨ ਯਹੂਦੀ ਦਾਨੀਏਲ ਨੂੰ ਇਕ ਮਨਸਬਦਾਰ ਠਹਿਰਾਉਂਦਾ। ਪਰ ਜ਼ਰਾ ਉਸ ਹਲਚਲ ਦਾ ਅੰਦਾਜ਼ਾ ਲਗਾਓ ਜਦੋਂ ਦਾਰਾ ਨੇ ਮਨਸਬਦਾਰਾਂ ਉੱਤੇ ਨਿਗਰਾਨੀ ਰੱਖਣ ਵਾਲਿਆਂ ਤਿੰਨਾਂ ਪ੍ਰਧਾਨਾਂ ਵਿੱਚੋਂ ਦਾਨੀਏਲ ਨੂੰ ਵੀ ਇਕ ਪ੍ਰਧਾਨ ਬਣਾ ਦਿੱਤਾ! ਇੰਨਾ ਹੀ ਕਾਫ਼ੀ ਨਹੀਂ ਸੀ, ਦਾਨੀਏਲ ਨੇ ਆਪਣੇ ਆਪ ਨੂੰ ਸੰਗੀ ਪ੍ਰਧਾਨਾਂ ਨਾਲੋਂ ਬਿਹਤਰ ਸਾਬਤ ਕੀਤਾ ਅਤੇ ਉਸ ਨੂੰ “ਵੱਡਿਆਈ ਮਿਲੀ।” ਸੱਚ-ਮੁੱਚ, ਦਾਨੀਏਲ ਵਿਚ “ਇੱਕ ਚੰਗਾ ਆਤਮਾ” ਸੀ। ਦਾਰਾ ਤਾਂ ਉਸ ਨੂੰ ਪ੍ਰਧਾਨ ਮੰਤਰੀ ਵੀ ਬਣਾਉਣਾ ਚਾਹੁੰਦਾ ਸੀ।—ਦਾਨੀਏਲ 6:2, 3.

5. ਜਦੋਂ ਦਾਨੀਏਲ ਨੂੰ ਪ੍ਰਧਾਨ ਬਣਾਇਆ ਗਿਆ, ਤਾਂ ਦੂਜੇ ਮਨਸਬਦਾਰਾਂ ਅਤੇ ਪ੍ਰਧਾਨਾਂ ਨੇ ਕਿਵੇਂ ਮਹਿਸੂਸ ਕੀਤਾ ਹੋਣਾ ਅਤੇ ਕਿਉਂ?

5 ਦੂਜੇ ਮਨਸਬਦਾਰ ਅਤੇ ਪ੍ਰਧਾਨ ਗੁੱਸੇ ਨਾਲ ਅੰਦਰੋਂ-ਅੰਦਰੀਂ ਜਲ ਰਹੇ ਹੋਣੇ ਸਨ। ਉਹ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ ਹੋਣੇ ਕਿ ਦਾਨੀਏਲ, ਜੋ ਨਾ ਤਾਂ ਮਾਦੀ ਸੀ ਨਾ ਫ਼ਾਰਸੀ, ਅਤੇ ਨਾ ਹੀ ਸ਼ਾਹੀ ਖ਼ਾਨਦਾਨ ਦਾ ਇਕ ਮੈਂਬਰ ਸੀ, ਹੁਣ ਉਨ੍ਹਾਂ ਉੱਪਰ ਮੁਖ਼ਤਿਆਰ ਠਹਿਰਾਇਆ ਗਿਆ! ਦਾਰਾ ਆਪਣੇ ਦੇਸ਼ ਦੇ ਭਰਾਵਾਂ ਨੂੰ ਅਤੇ ਆਪਣੇ ਪਰਿਵਾਰ ਨੂੰ ਅਣਡਿੱਠ ਕਰ ਕੇ ਇਕ ਵਿਦੇਸ਼ੀ ਨੂੰ ਮੁਖ਼ਤਿਆਰੀ ਦੀ ਇੰਨੀ ਵੱਡੀ ਪਦਵੀ ਕਿਵੇਂ ਦੇ ਸਕਦਾ ਸੀ? ਉਨ੍ਹਾਂ ਨੂੰ ਇਹ ਕਿੰਨਾ ਵੱਡਾ ਅਨਿਆਂ ਲੱਗਾ ਹੋਣਾ। ਇਸ ਤੋਂ ਇਲਾਵਾ, ਮਨਸਬਦਾਰ ਦਾਨੀਏਲ ਦੀ ਈਮਾਨਦਾਰੀ ਨੂੰ ਇਸ ਕਰਕੇ ਵੀ ਨਹੀਂ ਪਸੰਦ ਕਰਦੇ ਸਨ ਕਿਉਂਕਿ ਇਹ ਉਨ੍ਹਾਂ ਦੇ ਰਿਸ਼ਵਤਖ਼ੋਰੀ ਕੰਮਾਂ ਨੂੰ ਜ਼ਾਹਰ ਕਰਦੀ ਸੀ। ਪਰ ਮਨਸਬਦਾਰਾਂ ਅਤੇ ਪ੍ਰਧਾਨਾਂ ਦਾ ਹੀਆ ਨਹੀਂ ਪਿਆ ਕਿ ਉਹ ਇਸ ਮਾਮਲੇ ਬਾਰੇ ਦਾਰਾ ਕੋਲ ਜਾ ਕੇ ਆਪ ਗੱਲ ਕਰਨ ਕਿਉਂਕਿ ਦਾਰਾ ਦਾਨੀਏਲ ਦਾ ਆਦਰ ਕਰਦਾ ਸੀ।

6. ਮਨਸਬਦਾਰਾਂ ਅਤੇ ਪ੍ਰਧਾਨਾਂ ਨੇ ਦਾਨੀਏਲ ਨੂੰ ਕਿਸ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਕੋਸ਼ਿਸ਼ ਕਿਉਂ ਵਿਅਰਥ ਸਾਬਤ ਹੋਈ?

6 ਸੋ ਇਨ੍ਹਾਂ ਖੁਣਸੀ ਸਿਆਸਤਦਾਨਾਂ ਨੇ ਆਪਸ ਵਿਚ ਇਕ ਸਾਜ਼ਸ਼ ਘੜੀ। ਉਨ੍ਹਾਂ ਨੇ ‘ਰਾਜ ਕਾਜ ਦੇ ਕਾਰਨ ਦਾਨੀਏਲ ਉੱਤੇ ਕੋਈ ਦੋਸ਼ ਲਾਉਣ’ ਦੀ ਕੋਸ਼ਿਸ਼ ਕੀਤੀ। ਕੀ ਉਹ ਸਾਬਤ ਕਰ ਸਕਦੇ ਸਨ ਕਿ ਦਾਨੀਏਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਹੀਂ ਨਿਭਾ ਰਿਹਾ ਸੀ? ਕੀ ਉਹ ਬੇਈਮਾਨ ਸੀ? ਮਨਸਬਦਾਰਾਂ ਅਤੇ ਪ੍ਰਧਾਨਾਂ ਨੂੰ ਦਾਨੀਏਲ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਭਣ ਦੇ ਤਰੀਕਿਆਂ ਵਿਚ ਕੋਈ ਸ਼ਿਕਾਇਤ ਜਾਂ ਖੋਟ ਨਹੀਂ ਲੱਭਿਆ। ਉਨ੍ਹਾਂ ਨੇ ਸੋਚਿਆ ਕਿ “ਅਸੀਂ ਏਸ ਦਾਨੀਏਲ ਨੂੰ ਉਹ ਦੇ ਪਰਮੇਸ਼ੁਰ ਦੀ ਬਿਵਸਥਾ ਦੇ ਬਿਨਾਂ ਹੋਰ ਕਿਸੇ ਗੱਲ ਵਿੱਚ ਦੋਸ਼ੀ ਨਾ ਲੱਭਾਂਗੇ।” ਇਸ ਖ਼ਿਆਲ ਤੋਂ ਬਾਅਦ ਉਨ੍ਹਾਂ ਚਾਲਬਾਜ਼ ਮਨੁੱਖਾਂ ਨੇ ਇਕ ਸਾਜ਼ਸ਼ ਘੜੀ ਅਤੇ ਉਨ੍ਹਾਂ ਨੇ ਸੋਚਿਆ ਕਿ ਇਹ ਦਾਨੀਏਲ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗੀ।—ਦਾਨੀਏਲ 6:4, 5.

ਇਕ ਘਾਤਕ ਸਾਜ਼ਸ਼ ਦੀਆਂ ਤਿਆਰੀਆਂ

7. ਪ੍ਰਧਾਨਾਂ ਅਤੇ ਮਨਸਬਦਾਰਾਂ ਨੇ ਰਾਜੇ ਨੂੰ ਕੀ ਸੁਝਾਅ ਪੇਸ਼ ਕੀਤਾ ਅਤੇ ਇਸ ਨੂੰ ਕਿਸ ਢੰਗ ਨਾਲ ਸੁਣਾਇਆ ਗਿਆ ਸੀ?

7 ਪ੍ਰਧਾਨ ਅਤੇ ਮਨਸਬਦਾਰ ਦਾਰਾ ਦੇ ਸਾਮ੍ਹਣੇ “ਇਕੱਠੇ ਹੋ ਕੇ ਆਏ।” ਇੱਥੇ ਵਰਤੇ ਗਏ ਅਰਾਮੀ ਭਾਸ਼ਾ ਦੇ ਇਨ੍ਹਾਂ ਸ਼ਬਦਾਂ ਦਾ ਅਰਥ ਹੈ ਕਿ ਉਨ੍ਹਾਂ ਨੇ ਬਹੁਤ ਹੀ ਰੌਲਾ-ਰੱਪਾ ਪਾਇਆ। ਜ਼ਾਹਰ ਹੈ ਕਿ ਇਹ ਮਨੁੱਖ ਦਾਰਾ ਦੇ ਸਾਮ੍ਹਣੇ ਇਵੇਂ ਪੇਸ਼ ਹੋਏ ਜਿਵੇਂ ਕਿ ਉਹ ਦਾਰਾ ਨੂੰ ਇਕ ਬਹੁਤ ਹੀ ਜ਼ਰੂਰੀ ਗੱਲ ਦੱਸਣ ਵਾਲੇ ਸਨ। ਉਨ੍ਹਾਂ ਨੇ ਸ਼ਾਇਦ ਇਹ ਸੋਚਿਆ ਹੋਵੇਗਾ ਕਿ ਜੇ ਉਹ ਜ਼ੋਰ-ਸ਼ੋਰ ਨਾਲ ਦਾਰਾ ਦੇ ਸਾਮ੍ਹਣੇ ਆਪਣਾ ਸੁਝਾਅ ਪੇਸ਼ ਕਰ ਕੇ ਕਹਿਣ ਕਿ ਉਸ ਨੂੰ ਤੁਰੰਤ ਹੀ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ, ਤਾਂ ਰਾਜਾ ਕੋਈ ਖ਼ਾਸ ਛਾਣਬੀਣ ਨਹੀਂ ਕਰੇਗਾ। ਇਸ ਲਈ ਉਨ੍ਹਾਂ ਨੇ ਮਤਲਬ ਦੀ ਗੱਲ ਕੀਤੀ ਕਿ “ਰਾਜ ਦੇ ਸਾਰੇ ਪਰਧਾਨਾਂ, ਦੀਵਾਨਾਂ, ਮਨਸਬਦਾਰਾਂ, ਸਲਾਹਕਾਰਾਂ ਤੇ ਸਰਦਾਰਾਂ ਨੇ ਆਪੋ ਵਿੱਚ ਸਲਾਹ ਕੀਤੀ ਹੈ ਕਿ ਇੱਕ ਸ਼ਾਹੀ ਬਿਧੀ ਠਹਿਰਾਈ ਜਾਵੇ ਅਤੇ ਮਨਾਹੀ ਦਾ ਇੱਕ ਪੱਕਾ ਕਨੂਨ ਬਣਾਇਆ ਜਾਵੇ ਭਈ ਜਿਹੜਾ ਕੋਈ ਤੀਹਾਂ ਦਿਹਾੜਿਆਂ ਤੀਕ ਤੁਹਾਥੋਂ ਬਾਝ, ਹੇ ਰਾਜਨ, ਕਿਸੇ ਦਿਓਤੇ ਯਾ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇ।” *ਦਾਨੀਏਲ 6:6, 7.

8. (ੳ) ਦਾਰਾ ਦੇ ਸਾਮ੍ਹਣੇ ਪੇਸ਼ ਕੀਤੇ ਗਏ ਕਾਨੂੰਨ ਦਾ ਸੁਝਾਅ ਉਸ ਨੂੰ ਕਿਉਂ ਪਸੰਦ ਆਇਆ? (ਅ) ਪ੍ਰਧਾਨਾਂ ਅਤੇ ਮਨਸਬਦਾਰਾਂ ਦਾ ਅਸਲ ਵਿਚ ਕੀ ਇਰਾਦਾ ਸੀ?

8 ਇਤਿਹਾਸਕ ਰਿਕਾਰਡ ਦਿਖਾਉਂਦੇ ਹਨ ਕਿ ਆਮ ਤੌਰ ਤੇ ਮਸੋਪੋਟੇਮੀ ਰਾਜਿਆਂ ਨੂੰ ਰੱਬ ਦਾ ਰੂਪ ਸਮਝਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਇਸ ਲਈ ਕੋਈ ਸ਼ੱਕ ਨਹੀਂ ਕਿ ਇਹ ਸੁਝਾਅ ਦਾਰਾ ਨੂੰ ਪਸੰਦ ਆਇਆ ਹੋਵੇਗਾ। ਉਸ ਨੇ ਇਸ ਵਿਚ ਲਾਭ ਵੀ ਦੇਖਿਆ ਹੋਵੇਗਾ। ਯਾਦ ਰੱਖੋ ਕਿ ਬਾਬਲ ਦੇ ਨਿਵਾਸੀਆਂ ਲਈ ਦਾਰਾ ਇਕ ਨਵਾਂ-ਨਵਾਂ ਅਤੇ ਵਿਦੇਸ਼ੀ ਰਾਜਾ ਸੀ। ਇਹ ਨਵਾਂ ਕਾਨੂੰਨ ਉਸ ਨੂੰ ਰਾਜੇ ਵਜੋਂ ਪੂਰੀ ਤਰ੍ਹਾਂ ਸਥਾਪਿਤ ਕਰ ਦੇਵੇਗਾ ਅਤੇ ਬਾਬਲ ਵਿਚ ਵਸਦੀ ਜਨਤਾ ਨੂੰ ਉਸ ਦੀ ਨਵੀਂ ਹਕੂਮਤ ਦੇ ਪ੍ਰਤੀ ਵਫ਼ਾਦਾਰ ਹੋਣ ਲਈ ਪ੍ਰੇਰਿਤ ਕਰੇਗਾ। ਪਰ ਪ੍ਰਧਾਨ ਅਤੇ ਮਨਸਬਦਾਰ ਇਸ ਕਾਨੂੰਨ ਦਾ ਸੁਝਾਅ ਪੇਸ਼ ਕਰ ਕੇ ਰਾਜੇ ਦਾ ਭਲਾ ਨਹੀਂ ਸੋਚ ਰਹੇ ਸਨ। ਅਸਲ ਵਿਚ ਉਹ ਦਾਨੀਏਲ ਨੂੰ ਫਸਾਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਦਾਨੀਏਲ ਆਪਣੇ ਦਸਤੂਰ ਅਨੁਸਾਰ ਆਪਣੀ ਕੋਠੜੀ ਦੀਆਂ ਬਾਰੀਆਂ ਖੋਲ੍ਹ ਕੇ ਰੋਜ਼ ਤਿੰਨ ਵਾਰ ਪਰਮੇਸ਼ੁਰ ਦੇ ਸਾਮ੍ਹਣੇ ਬੇਨਤੀ ਕਰਦਾ ਹੁੰਦਾ ਸੀ।

9. ਇਸ ਨਵੇਂ ਕਾਨੂੰਨ ਨੇ ਆਮ ਤੌਰ ਤੇ ਗ਼ੈਰ-ਯਹੂਦੀ ਲੋਕਾਂ ਲਈ ਕੋਈ ਸਮੱਸਿਆ ਕਿਉਂ ਨਹੀਂ ਖੜ੍ਹੀ ਕੀਤੀ?

9 ਕੀ ਪ੍ਰਾਰਥਨਾ ਉੱਤੇ ਲਗਾਈ ਗਈ ਇਸ ਪਾਬੰਦੀ ਦਾ ਬੁਰਾ ਅਸਰ ਬਾਬਲ ਦੇ ਸਾਰੇ ਧਾਰਮਿਕ ਸਮੂਹਾਂ ਉੱਤੇ ਪਵੇਗਾ? ਇਹ ਜ਼ਰੂਰੀ ਨਹੀਂ ਸੀ, ਕਿਉਂਕਿ ਇਹ ਪਾਬੰਦੀ ਸਿਰਫ਼ ਇਕ ਮਹੀਨੇ ਲਈ ਹੀ ਲਗਾਈ ਗਈ ਸੀ। ਇਸ ਤੋਂ ਇਲਾਵਾ, ਗ਼ੈਰ-ਯਹੂਦੀ ਲੋਕਾਂ ਦੀਆਂ ਨਜ਼ਰਾਂ ਵਿਚ ਕੁਝ ਸਮੇਂ ਲਈ ਕਿਸੇ ਮਨੁੱਖ ਦੀ ਪੂਜਾ ਨੂੰ ਸਮਝੌਤਾ ਨਹੀਂ ਸਮਝਿਆ ਜਾਂਦਾ ਸੀ। ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ ਕਿ “ਉਨ੍ਹਾਂ ਕੌਮਾਂ ਲਈ ਜੋ ਮੂਰਤੀ-ਪੂਜਾ ਵਿਚ ਖੁੱਭੀਆਂ ਰਹਿੰਦੀਆਂ ਸਨ, ਸਮਰਾਟ-ਪੂਜਾ ਕਰਨੀ ਕੋਈ ਅਨੋਖੀ ਗੱਲ ਨਹੀਂ ਸੀ। ਇਸ ਲਈ ਬੈਬੀਲੋਨੀ ਲੋਕ ਜ਼ਰਾ ਵੀ ਨਹੀਂ ਝਿਜਕੇ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਵਿਜੇਤਾ ਦਾਰਾ ਮਾਦੀ ਦਾ ਇਕ ਦੇਵਤੇ ਵਜੋਂ ਸਨਮਾਨ ਕਰਨ ਲਈ ਆਖਿਆ ਗਿਆ। ਸਿਰਫ਼ ਯਹੂਦੀ ਲੋਕ ਹੀ ਇਸ ਮੰਗ ਤੋਂ ਕਤਰਾਏ।”

10. ਮਾਦੀ ਅਤੇ ਫ਼ਾਰਸੀ ਲੋਕ ਰਾਜੇ ਦੁਆਰਾ ਬਣਾਏ ਗਏ ਕਾਨੂੰਨ ਬਾਰੇ ਕੀ ਸਮਝਦੇ ਸਨ?

10 ਫਿਰ ਵੀ, ਦਾਰਾ ਦੇ ਮੁਲਾਕਾਤੀਆਂ ਨੇ ਜ਼ੋਰ ਪਾਇਆ ਕਿ ਤੁਸੀਂ “ਏਸ ਬਿਧੀ ਨੂੰ ਤੋਰੋ ਅਤੇ ਲਿਖਤ ਉੱਤੇ ਆਪਣੀ ਸਹੀ ਪਾ ਦਿਓ ਜੋ ਨਾ ਬਦਲੀ ਜਾਵੇ ਮਾਦੀਆਂ ਅਤੇ ਫਾਰਸੀਆਂ ਦੀ ਮਨਾਹੀ ਦੇ ਪੱਕੇ ਕਨੂਨ ਦੇ ਅਨੁਸਾਰ ਜੋ ਬਦਲਦਾ ਨਹੀਂ।” (ਦਾਨੀਏਲ 6:8) ਪ੍ਰਾਚੀਨ ਪੂਰਬ ਵਿਚ, ਰਾਜੇ ਦੀ ਇੱਛਾ ਨੂੰ ਆਖ਼ਰੀ ਫ਼ੈਸਲਾ ਸਮਝਿਆ ਜਾਂਦਾ ਸੀ ਅਤੇ ਇਹ ਮੰਨਿਆ ਜਾਂਦਾ ਸੀ ਕਿ ਰਾਜਾ ਕਦੇ ਕੋਈ ਗ਼ਲਤੀ ਨਹੀਂ ਕਰ ਸਕਦਾ। ਨਿਰਦੋਸ਼ ਲੋਕਾਂ ਦੀ ਜਾਨ ਦੀ ਖ਼ਾਤਰ ਵੀ ਕਿਸੇ ਕਾਨੂੰਨ ਨੂੰ ਨਹੀਂ ਬਦਲਿਆ ਜਾ ਸਕਦਾ ਸੀ!

11. ਦਾਨੀਏਲ ਉੱਤੇ ਦਾਰਾ ਦੇ ਹੁਕਮ ਦਾ ਕੀ ਅਸਰ ਪੈਣਾ ਸੀ?

11 ਦਾਨੀਏਲ ਬਾਰੇ ਸੋਚਣ ਤੋਂ ਬਿਨਾਂ ਹੀ ਦਾਰਾ ਨੇ ਲਿਖਤ ਅਤੇ ਬਿਧੀ ਉੱਤੇ ਸਹੀ ਪਾ ਦਿੱਤੀ। (ਦਾਨੀਏਲ 6:9) ਇਸ ਤਰ੍ਹਾਂ ਕਰਨ ਨਾਲ ਉਸ ਨੇ ਅਣਜਾਣੇ ਵਿਚ ਨਿਸ਼ਚਿਤ ਕਰ ਦਿੱਤਾ ਕਿ ਉਸ ਦਾ ਸਭ ਤੋਂ ਵਧੀਆ ਕਰਮਚਾਰੀ ਮੌਤ ਦਾ ਸਾਮ੍ਹਣਾ ਕਰੇਗਾ। ਜੀ ਹਾਂ, ਦਾਨੀਏਲ ਉੱਤੇ ਜ਼ਰੂਰ ਇਸ ਹੁਕਮ ਦਾ ਅਸਰ ਪੈਣਾ ਸੀ।

ਦਾਰਾ ਨੂੰ ਧੋਖਾ ਦਿੱਤਾ ਜਾਂਦਾ ਹੈ

12. (ੳ) ਜਦੋਂ ਦਾਨੀਏਲ ਨੂੰ ਨਵੇਂ ਕਾਨੂੰਨ ਬਾਰੇ ਪਤਾ ਲੱਗਾ, ਤਾਂ ਉਸ ਨੇ ਕੀ ਕੀਤਾ? (ਅ) ਦਾਨੀਏਲ ਉੱਤੇ ਕੌਣ ਨਜ਼ਰ ਰੱਖ ਰਹੇ ਸਨ, ਅਤੇ ਕਿਉਂ?

12 ਦਾਨੀਏਲ ਨੂੰ ਜਲਦੀ ਹੀ ਪ੍ਰਾਰਥਨਾ ਉੱਤੇ ਲਗਾਈ ਗਈ ਪਾਬੰਦੀ ਦੇ ਕਾਨੂੰਨ ਬਾਰੇ ਪਤਾ ਲੱਗ ਗਿਆ। ਉਹ ਫ਼ੌਰਨ ਹੀ ਆਪਣੇ ਘਰ ਦੀ ਕੋਠੜੀ ਵਿਚ ਗਿਆ ਜਿਸ ਦੀਆਂ ਬਾਰੀਆਂ ਯਰੂਸ਼ਲਮ ਵੱਲ ਖੁੱਲ੍ਹੀਆਂ ਸਨ। * ਉੱਥੇ ਦਾਨੀਏਲ ‘ਜਿਵੇਂ ਅੱਗੇ ਕਰਦਾ ਹੁੰਦਾ ਸੀ,’ ਪਰਮੇਸ਼ੁਰ ਦੇ ਸਾਹਮਣੇ ਪ੍ਰਾਰਥਨਾ ਕਰਨ ਲੱਗ ਪਿਆ। ਦਾਨੀਏਲ ਸ਼ਾਇਦ ਸੋਚਦਾ ਹੋਵੇ ਕਿ ਉਹ ਇਕੱਲਾ ਸੀ, ਪਰ ਉਨ੍ਹਾਂ ਚਲਾਕ ਬੰਦਿਆਂ ਦੀ ਨਜ਼ਰ ਉਸ ਦੇ ਉੱਤੇ ਸੀ। ਅਚਾਨਕ ਹੀ ਉਹ ਦਾਨੀਏਲ ਦੇ ਸਾਮ੍ਹਣੇ ਉਸੇ ਜ਼ੋਰ-ਸ਼ੋਰ ਨਾਲ, ਜਿਸ ਨਾਲ ਉਹ ਪਹਿਲਾਂ ਦਾਰਾ ਦੇ ਸਾਮ੍ਹਣੇ ਗਏ ਸਨ, “ਇਕੱਠੇ” ਹੋ ਕੇ ਆ ਖੜ੍ਹੇ ਹੋਏ। ਹੁਣ ਉਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦਾਨੀਏਲ ਨੂੰ “ਪਰਮੇਸ਼ੁਰ ਦੇ ਸਾਹਮਣੇ ਬੇਨਤੀਆਂ ਅਤੇ ਤਰਲੇ ਕਰਦਿਆਂ ਪਾਇਆ।” (ਦਾਨੀਏਲ 6:10, 11) ਦਾਨੀਏਲ ਨੂੰ ਬਾਦਸ਼ਾਹ ਦੇ ਸਾਮ੍ਹਣੇ ਦੋਸ਼ੀ ਠਹਿਰਾਉਣ ਲਈ ਪ੍ਰਧਾਨਾਂ ਅਤੇ ਮਨਸਬਦਾਰਾਂ ਕੋਲ ਹੁਣ ਉਹ ਸਾਰਾ ਸਬੂਤ ਸੀ ਜੋ ਉਨ੍ਹਾਂ ਨੂੰ ਚਾਹੀਦਾ ਸੀ।

13. ਦਾਨੀਏਲ ਦੇ ਦੁਸ਼ਮਣਾਂ ਨੇ ਆ ਕੇ ਰਾਜੇ ਨੂੰ ਕੀ ਦੱਸਿਆ?

13 ਦਾਨੀਏਲ ਦੇ ਦੁਸ਼ਮਣਾਂ ਨੇ ਦਾਰਾ ਦੇ ਸਾਮ੍ਹਣੇ ਆ ਕੇ ਚਲਾਕੀ ਨਾਲ ਪੁੱਛਿਆ ਕਿ “ਹੇ ਰਾਜਨ, ਕੀ ਤੁਸੀਂ ਉਸ ਬਿਧੀ ਉੱਤੇ ਸਹੀ ਨਹੀਂ ਪਾਈ ਭਈ ਜਿਹੜਾ ਕੋਈ ਤੀਹਾਂ ਦਿਨਾਂ ਤੀਕ ਤੁਹਾਥੋਂ ਬਾਝ ਕਿਸੇ ਦਿਓਤੇ ਯਾ ਮਨੁੱਖ ਅੱਗੇ ਬੇਨਤੀ ਕਰੇ ਸੋ ਸ਼ੇਰਾਂ ਦੇ ਘੁਰੇ ਵਿੱਚ ਸੁੱਟਿਆ ਜਾਵੇਗਾ?” ਦਾਰਾ ਨੇ ਉੱਤਰ ਦੇ ਕੇ ਆਖਿਆ: “ਏਹ ਗੱਲ ਸੱਚ ਹੈ, ਮਾਦੀਆਂ ਅਤੇ ਫਾਰਸੀਆਂ ਦੇ ਕਨੂਨ ਅਨੁਸਾਰ ਜੋ ਬਦਲਦੇ ਨਹੀਂ।” ਹੁਣ ਉਨ੍ਹਾਂ ਧੋਖੇਬਾਜ਼ ਮਨੁੱਖਾਂ ਨੇ ਜਲਦੀ ਨਾਲ ਆਪਣੇ ਦਿਲ ਦੀ ਗੱਲ ਕਹੀ। “ਉਹ ਦਾਨੀਏਲ ਜੋ ਯਹੂਦੀਆਂ ਦੇ ਅਸੀਰਾਂ ਵਿੱਚੋਂ ਹੈ ਉਹ ਤੁਹਾਨੂੰ ਨਹੀਂ ਮੰਨਦਾ ਅਤੇ ਨਾ ਹੀ ਉਸ ਕਨੂਨ ਨੂੰ ਜਿਹ ਦੇ ਉੱਤੇ ਤੁਸਾਂ ਸਹੀ ਪਾਈ ਹੈ ਪਰ ਹਰ ਰੋਜ਼ ਤਿੰਨ ਵਾਰੀ ਬੇਨਤੀ ਕਰਦਾ ਹੈ।”—ਦਾਨੀਏਲ 6:12, 13.

14. ਜ਼ਾਹਰਾ ਤੌਰ ਤੇ, ਪ੍ਰਧਾਨਾਂ ਅਤੇ ਮਨਸਬਦਾਰਾਂ ਨੇ ਦਾਨੀਏਲ ਨੂੰ “ਯਹੂਦੀਆਂ ਦੇ ਅਸੀਰਾਂ ਵਿੱਚੋਂ” ਕਿਉਂ ਸੱਦਿਆ?

14 ਇਹ ਧਿਆਨਯੋਗ ਗੱਲ ਹੈ ਕਿ ਪ੍ਰਧਾਨਾਂ ਅਤੇ ਮਨਸਬਦਾਰਾਂ ਨੇ ਕਿਹਾ ਕਿ ਦਾਨੀਏਲ “ਯਹੂਦੀਆਂ ਦੇ ਅਸੀਰਾਂ ਵਿੱਚੋਂ” ਸੀ। ਇਵੇਂ ਜ਼ਾਹਰ ਹੁੰਦਾ ਹੈ ਕਿ ਉਹ ਇਸ ਗੱਲ ਉੱਤੇ ਜ਼ੋਰ ਪਾਉਣਾ ਚਾਹੁੰਦੇ ਸਨ ਕਿ ਦਾਨੀਏਲ, ਜਿਸ ਨੂੰ ਦਾਰਾ ਨੇ ਇੰਨੀ ਵੱਡੀ ਮੁਖ਼ਤਿਆਰੀ ਦੇ ਰੱਖੀ ਸੀ, ਅਸਲ ਵਿਚ ਇਕ ਯਹੂਦੀ ਗ਼ੁਲਾਮ ਹੀ ਸੀ। ਇਸ ਕਰਕੇ, ਉਨ੍ਹਾਂ ਦਾ ਪੱਕਾ ਯਕੀਨ ਸੀ ਕਿ ਦਾਨੀਏਲ ਨੂੰ ਵੀ ਰਾਜੇ ਦਾ ਕਾਨੂੰਨ ਮੰਨਣਾ ਚਾਹੀਦਾ ਸੀ—ਭਾਵੇਂ ਰਾਜੇ ਦੀਆਂ ਨਜ਼ਰਾਂ ਵਿਚ ਦਾਨੀਏਲ ਜੋ ਮਰਜ਼ੀ ਹੋਵੇ!

15. (ੳ) ਪ੍ਰਧਾਨਾਂ ਅਤੇ ਮਨਸਬਦਾਰਾਂ ਦੀ ਖ਼ਬਰ ਸੁਣ ਕੇ ਦਾਰਾ ਨੇ ਕੀ ਕਰਨਾ ਚਾਹਿਆ? (ਅ) ਪ੍ਰਧਾਨਾਂ ਅਤੇ ਮਨਸਬਦਾਰਾਂ ਨੇ ਦਾਨੀਏਲ ਪ੍ਰਤੀ ਹੋਰ ਨਫ਼ਰਤ ਕਿਵੇਂ ਦਿਖਾਈ?

15 ਸ਼ਾਇਦ ਉਹ ਪ੍ਰਧਾਨ ਅਤੇ ਮਨਸਬਦਾਰ ਉਮੀਦ ਰੱਖਦੇ ਸਨ ਕਿ ਰਾਜਾ ਉਨ੍ਹਾਂ ਦੀ ਚਲਾਕ ਜਾਸੂਸੀ ਕਾਰਨ ਉਨ੍ਹਾਂ ਦੀ ਝੋਲੀ ਭਰੇਗਾ। ਜੇਕਰ ਉਹ ਅਜਿਹੀ ਉਮੀਦ ਰੱਖਦੇ ਸਨ, ਤਾਂ ਉਹ ਭੁਲੇਖਾ ਖਾ ਰਹੇ ਸਨ। ਰਾਜਾ ਇਹ ਖ਼ਬਰ ਸੁਣ ਕੇ ਆਪਣੇ ਆਪ ਵਿਚ ਬਹੁਤ ਹੀ ਉਦਾਸ ਹੋਇਆ। ਦਾਨੀਏਲ ਨਾਲ ਖਿਝਣ ਜਾਂ ਉਸ ਨੂੰ ਤੁਰੰਤ ਸ਼ੇਰਾਂ ਦੇ ਘੁਰੇ ਵਿਚ ਸੁਟਵਾਉਣ ਦੀ ਬਜਾਇ, ਦਾਰਾ ਸੂਰਜ ਦੇ ਡੁੱਬਣ ਤਕ ਉਸ ਨੂੰ ਛੁਡਾਉਣ ਦੇ ਜਤਨ ਕਰਦਾ ਰਿਹਾ। ਪਰ ਉਹ ਸਫ਼ਲ ਨਹੀਂ ਹੋਇਆ। ਥੋੜ੍ਹੇ ਹੀ ਚਿਰ ਬਾਅਦ ਉਹ ਚਾਲਬਾਜ਼ ਮਨੁੱਖ ਇਕੱਠੇ ਹੋ ਕੇ ਰਾਜੇ ਦੇ ਸਾਹਮਣੇ ਆਏ ਅਤੇ ਦਾਨੀਏਲ ਦੀ ਜਾਨ ਮੰਗਦਿਆਂ ਉਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਈ।—ਦਾਨੀਏਲ 6:14, 15.

16. (ੳ) ਦਾਰਾ ਦਾਨੀਏਲ ਦੇ ਪਰਮੇਸ਼ੁਰ ਦਾ ਕਿਉਂ ਆਦਰ ਕਰਦਾ ਸੀ? (ਅ) ਦਾਰਾ ਦਾਨੀਏਲ ਲਈ ਕੀ ਉਮੀਦ ਰੱਖਦਾ ਸੀ?

16 ਦਾਰਾ ਨੂੰ ਇਸ ਤਰ੍ਹਾਂ ਲੱਗਾ ਕਿ ਹੁਣ ਉਸ ਦੇ ਹੱਥ ਬੰਨ੍ਹੇ ਹੋਏ ਸਨ, ਨਾ ਤਾਂ ਕਾਨੂੰਨ ਬਦਲਿਆ ਜਾ ਸਕਦਾ ਸੀ ਅਤੇ ਨਾ ਹੀ ਦਾਨੀਏਲ ਦਾ “ਪਾਪ” ਮਾਫ਼ ਕੀਤਾ ਜਾ ਸਕਦਾ ਸੀ। ਦਾਰਾ ਦਾਨੀਏਲ ਨੂੰ ਸਿਰਫ਼ ਇਹ ਹੀ ਕਹਿ ਸਕਿਆ ਕਿ “ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਉਹ ਤੈਨੂੰ ਛੁਡਾਊ!” ਇਵੇਂ ਲੱਗਦਾ ਹੈ ਕਿ ਦਾਰਾ ਦਾਨੀਏਲ ਦੇ ਪਰਮੇਸ਼ੁਰ ਦਾ ਆਦਰ ਕਰਦਾ ਸੀ। ਉਹ ਯਹੋਵਾਹ ਹੀ ਸੀ ਜਿਸ ਨੇ ਦਾਨੀਏਲ ਨੂੰ ਬਾਬਲ ਦੇ ਢਹਿਣ ਬਾਰੇ ਪਹਿਲਾਂ ਹੀ ਦੱਸਿਆ ਸੀ। ਪਰਮੇਸ਼ੁਰ ਨੇ ਹੀ ਦਾਨੀਏਲ ਨੂੰ “ਚੰਗਾ ਆਤਮਾ” ਦਿੱਤਾ ਸੀ, ਜਿਸ ਕਾਰਨ ਦਾਨੀਏਲ ਨੂੰ ਦੂਜਿਆਂ ਪ੍ਰਧਾਨਾਂ ਨਾਲੋਂ ਜ਼ਿਆਦਾ ਵਡਿਆਈ ਮਿਲੀ। ਸ਼ਾਇਦ ਦਾਰਾ ਜਾਣਦਾ ਸੀ ਕਿ ਕੁਝ ਦਹਾਕੇ ਪਹਿਲਾਂ ਇਸੇ ਹੀ ਪਰਮੇਸ਼ੁਰ ਨੇ ਤਿੰਨ ਇਬਰਾਨੀ ਨੌਜਵਾਨਾਂ ਨੂੰ ਅੱਗ ਦੀ ਬਲਦੀ ਹੋਈ ਭੱਠੀ ਵਿੱਚੋਂ ਬਚਾਇਆ ਸੀ। ਸੰਭਵ ਹੈ ਕਿ ਰਾਜਾ ਇਹ ਉਮੀਦ ਰੱਖਦਾ ਸੀ ਕਿ ਯਹੋਵਾਹ ਹੁਣ ਦਾਨੀਏਲ ਨੂੰ ਬਚਾ ਲਵੇਗਾ ਕਿਉਂਕਿ ਉਹ ਉਸ ਕਾਨੂੰਨ ਨੂੰ ਨਹੀਂ ਬਦਲ ਸਕਦਾ ਸੀ ਜਿਸ ਉੱਤੇ ਉਸ ਨੇ ਸਹੀ ਪਾ ਦਿੱਤੀ ਸੀ। ਇਸ ਕਰਕੇ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟਿਆ ਗਿਆ। * ਫਿਰ “ਇੱਕ ਪੱਥਰ ਲਿਆਂਦਾ ਗਿਆ ਅਤੇ ਉਸ ਘੁਰੇ ਦੇ ਮੂੰਹ ਉੱਤੇ ਰੱਖਿਆ ਗਿਆ ਅਤੇ ਰਾਜੇ ਨੇ ਆਪਣੀ ਅਤੇ ਪਰਧਾਨਾਂ ਦੀ ਮੋਹਰ ਉਹ ਦੇ ਉੱਤੇ ਲਾ ਦਿੱਤੀ ਏਸ ਲਈ ਭਈ ਜੋ ਗੱਲ ਦਾਨੀਏਲ ਲਈ ਠਹਿਰਾਈ ਗਈ ਹੈ ਨਾ ਬਦਲੇ।”—ਦਾਨੀਏਲ 6:16, 17.

ਘੁਰੇ ਵਿਚ ਆਪ ਹੀ ਡਿਗੇ

17, 18. (ੳ) ਸਾਨੂੰ ਕਿਵੇਂ ਪਤਾ ਚੱਲਦਾ ਹੈ ਕਿ ਦਾਰਾ ਦਾਨੀਏਲ ਦੀ ਹਾਲਤ ਬਾਰੇ ਪਰੇਸ਼ਾਨ ਸੀ? (ਅ) ਅਗਲੀ ਸਵੇਰ ਨੂੰ ਕੀ ਹੋਇਆ ਜਦੋਂ ਰਾਜਾ ਸ਼ੇਰਾਂ ਦੇ ਘੁਰੇ ਤੇ ਪਹੁੰਚਿਆ?

17 ਦੁਖੀ ਹੋਇਆ ਦਾਰਾ ਆਪਣੇ ਮਹਿਲ ਵਿਚ ਵਾਪਸ ਗਿਆ। ਉਸ ਦੇ ਅੱਗੇ ਕੋਈ ਸ਼ੁਗਲ ਵਾਲੀ ਚੀਜ਼ ਨਾ ਲਿਆਂਦੀ ਗਈ ਕਿਉਂਕਿ ਉਹ ਕੋਈ ਵੀ ਮਨ-ਪਰਚਾਵਾ ਨਹੀਂ ਚਾਹੁੰਦਾ ਸੀ। ਇਸ ਦੀ ਬਜਾਇ, ਦਾਰਾ ਸਾਰੀ ਰਾਤ ਜਾਗਦਾ ਰਿਹਾ ਅਤੇ ਉਸ ਨੇ ਵਰਤ ਰੱਖਿਆ। “ਉਸ ਦੀ ਨੀਂਦ ਜਾਂਦੀ ਰਹੀ।” ਦਾਰਾ ਤੜਕੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੇ ਘੁਰੇ ਵੱਲ ਗਿਆ। ਉੱਥੇ ਪਹੁੰਚ ਕੇ ਉਸ ਨੇ ਚਿੰਤਾ ਭਰੀ ਆਵਾਜ਼ ਨਾਲ ਪੁਕਾਰਿਆ: “ਹੇ ਦਾਨੀਏਲ, ਜੀਉਂਦੇ ਪਰਮੇਸ਼ੁਰ ਦੇ ਉਪਾਸਕ, ਕੀ ਤੇਰਾ ਪਰਮੇਸ਼ੁਰ ਜਿਹ ਦੀ ਉਪਾਸਨਾ ਤੂੰ ਸਦਾ ਕਰਦਾ ਹੈਂ ਤੈਨੂੰ ਸ਼ੇਰਾਂ ਥੀਂ ਛੁਡਾਉਣ ਜੋਗ ਹੋਇਆ?” (ਦਾਨੀਏਲ 6:18-20) ਦਾਨੀਏਲ ਦਾ ਜਵਾਬ ਸੁਣ ਕੇ ਉਹ ਹੱਕਾ-ਬੱਕਾ ਰਹਿ ਗਿਆ ਅਤੇ ਖ਼ੁਸ਼ੀ ਨਾਲ ਭਰ ਗਿਆ!

18 “ਹੇ ਰਾਜਨ, ਜੁੱਗੋ ਜੁੱਗ ਜੀ।” ਇਸ ਆਦਰ-ਭਰੀ ਨਮਸਕਾਰ ਨਾਲ ਦਾਨੀਏਲ ਨੇ ਦਿਖਾਇਆ ਕਿ ਉਹ ਰਾਜੇ ਦੇ ਨਾਲ ਜ਼ਰਾ ਵੀ ਨਾਰਾਜ਼ ਨਹੀਂ ਸੀ। ਉਹ ਜਾਣਦਾ ਸੀ ਕਿ ਅਸਲ ਵਿਚ ਦਾਰਾ ਨੇ ਉਸ ਦੇ ਨਾਲ ਜ਼ੁਲਮ ਨਹੀਂ ਕੀਤਾ ਸੀ, ਪਰ ਖੁਣਸੀ ਪ੍ਰਧਾਨਾਂ ਅਤੇ ਮਨਸਬਦਾਰਾਂ ਨੇ ਕੀਤਾ ਸੀ। (ਮੱਤੀ 5:44; ਰਸੂਲਾਂ ਦੇ ਕਰਤੱਬ 7:60 ਦੀ ਤੁਲਨਾ ਕਰੋ।) ਦਾਨੀਏਲ ਨੇ ਅੱਗੇ ਕਿਹਾ ਕਿ “ਮੇਰੇ ਪਰਮੇਸ਼ੁਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਹੈ ਐਥੋਂ ਤੀਕ ਕਿ ਉਨ੍ਹਾਂ ਨੇ ਮੈਨੂੰ ਰਤੀ ਭਰ ਵੀ ਦੁਖ ਨਹੀਂ ਦਿੱਤਾ ਇਸ ਕਰਕੇ ਜੋ ਉਸ ਦੇ ਸਨਮੁਖ ਮੇਰੇ ਵਿੱਚ ਬੇਦੋਸ਼ੀ ਪਾਈ ਗਈ ਅਤੇ ਤੇਰੇ ਅੱਗੇ ਵੀ ਹੇ ਰਾਜਨ, ਮੈਂ ਦੋਸ਼ ਨਹੀਂ ਕੀਤਾ।”—ਦਾਨੀਏਲ 6:21, 22.

19. ਪ੍ਰਧਾਨਾਂ ਅਤੇ ਮਨਸਬਦਾਰਾਂ ਨੇ ਕਿਵੇਂ ਧੋਖਾ ਦੇ ਕੇ ਦਾਰਾ ਨਾਲ ਚਲਾਕੀ ਖੇਡੀ ਸੀ?

19 ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਦਾਰਾ ਕਿੰਨਾ ਪਛਤਾਇਆ ਹੋਣਾ! ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਦਾਨੀਏਲ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਸੀ ਜਿਸ ਲਈ ਉਹ ਸ਼ੇਰਾਂ ਦੇ ਘੁਰੇ ਵਿਚ ਸੁੱਟੇ ਜਾਣ ਦੇ ਲਾਇਕ ਹੋਵੇ। ਦਾਰਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਪ੍ਰਧਾਨਾਂ ਅਤੇ ਮਨਸਬਦਾਰਾਂ ਨੇ ਦਾਨੀਏਲ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਨੇ ਇਸ ਕੰਮ ਨੂੰ ਸਿਰੇ ਚਾੜ੍ਹਨ ਲਈ ਰਾਜੇ ਨਾਲ ਚਲਾਕੀ ਖੇਡੀ ਸੀ। ਜਦੋਂ ਉਨ੍ਹਾਂ ਨੇ ਕਿਹਾ ਕਿ “ਰਾਜੇ ਦੇ ਸਾਰੇ ਪਰਧਾਨਾਂ” ਨੇ ਇਸ ਫ਼ਰਮਾਨ ਨੂੰ ਲਾਗੂ ਕਰਨ ਦੀ ਰਾਇ ਦਿੱਤੀ ਸੀ, ਤਾਂ ਉਨ੍ਹਾਂ ਨੇ ਇਹ ਸੰਕੇਤ ਕੀਤਾ ਕਿ ਦਾਨੀਏਲ ਦੀ ਰਾਇ ਵੀ ਲਈ ਗਈ ਸੀ। (ਟੇਢੇ ਟਾਈਪ ਸਾਡੇ) ਦਾਰਾ ਇਨ੍ਹਾਂ ਚਾਲਬਾਜ਼ ਬੰਦਿਆਂ ਨਾਲ ਬਾਅਦ ਵਿਚ ਨਿਪਟੇਗਾ। ਪਹਿਲਾਂ ਤਾਂ ਉਸ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਸ਼ੇਰਾਂ ਦੇ ਘੁਰੇ ਵਿੱਚੋਂ ਬਾਹਰ ਕੱਢਿਆ ਜਾਵੇ। ਕਿੰਨਾ ਵੱਡਾ ਚਮਤਕਾਰ ਕਿ ਦਾਨੀਏਲ ਨੂੰ ਇਕ ਵੀ ਝਰੀਟ ਨਹੀਂ ਲੱਗੀ ਸੀ!—ਦਾਨੀਏਲ 6:23.

20. ਦਾਨੀਏਲ ਦੇ ਭੈੜੇ ਦੁਸ਼ਮਣਾਂ ਨੂੰ ਕੀ ਹੋਇਆ?

20 ਜਦ ਕਿ ਦਾਨੀਏਲ ਹੁਣ ਠੀਕ-ਠਾਕ ਸੀ, ਦਾਰਾ ਨੇ ਕੁਝ ਬੰਦਿਆਂ ਤੋਂ ਲੇਖਾ ਲੈਣਾ ਸੀ। “ਤਾਂ ਰਾਜੇ ਨੇ ਹੁਕਮ ਦਿੱਤਾ ਅਰ ਓਹ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਨੇ ਦਾਨੀਏਲ ਉੱਤੇ ਦੋਸ਼ ਲਾਇਆ ਸੀ ਲੈ ਆਏ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬਾਲ ਬੱਚਿਆਂ ਅਤੇ ਤੀਵੀਆਂ ਸਣੇ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿੱਤਾ ਤਾਂ ਸ਼ੇਰ ਉਨ੍ਹਾਂ ਉੱਤੇ ਬਲਵਾਨ ਹੋਏ ਅਤੇ ਘੁਰੇ ਦੇ ਥੱਲੇ ਤੋੜੀ ਅੱਪੜਨ ਤੋਂ ਪਹਿਲਾਂ ਹੀ ਸ਼ੇਰਾਂ ਨੇ ਉਨ੍ਹਾਂ ਦੀਆਂ ਹੱਡੀਆਂ ਤੋੜ ਤਾੜ ਸੁੱਟੀਆਂ।” *ਦਾਨੀਏਲ 6:24.

21. ਗੁਨਾਹਗਾਰਾਂ ਦੇ ਪਰਿਵਾਰਾਂ ਦੇ ਸੰਬੰਧ ਵਿਚ, ਮੂਸਾ ਦੀ ਬਿਵਸਥਾ ਅਤੇ ਕੁਝ ਪ੍ਰਾਚੀਨ ਸਭਿਆਚਾਰਾਂ ਦੇ ਕਾਨੂੰਨਾਂ ਵਿਚ ਕੀ ਫ਼ਰਕ ਸੀ?

21 ਚਾਲਬਾਜ਼ ਮਨੁੱਖਾਂ ਨੂੰ ਉਨ੍ਹਾਂ ਦੇ ਬਾਲ ਬੱਚਿਆਂ ਅਤੇ ਤੀਵੀਆਂ ਸਮੇਤ ਮਾਰ ਦੇਣਾ ਸ਼ਾਇਦ ਕਠੋਰ ਅਤੇ ਨਾਜਾਇਜ਼ ਲੱਗੇ। ਇਸ ਦੇ ਉਲਟ, ਮੂਸਾ ਨਬੀ ਨੂੰ ਪਰਮੇਸ਼ੁਰ ਦੁਆਰਾ ਦਿੱਤੀ ਗਈ ਬਿਵਸਥਾ ਨੇ ਕਿਹਾ ਸੀ ਕਿ “ਪਿਉ ਪੁੱਤ੍ਰਾਂ ਦੇ ਕਾਰਨ ਮਾਰੇ ਨਾ ਜਾਣ, ਨਾ ਪੁੱਤ੍ਰ ਪੇਵਾਂ ਦੇ ਕਾਰਨ ਮਾਰੇ ਜਾਣ। ਹਰ ਮਨੁੱਖ ਆਪਣੇ ਹੀ ਪਾਪ ਲਈ ਮਾਰਿਆ ਜਾਵੇ।” (ਬਿਵਸਥਾ ਸਾਰ 24:16) ਪਰ ਕੁਝ ਪ੍ਰਾਚੀਨ ਸਭਿਆਚਾਰਾਂ ਵਿਚ, ਗੰਭੀਰ ਅਪਰਾਧ ਦੇ ਮਾਮਲੇ ਵਿਚ ਗੁਨਾਹਗਾਰ ਦੇ ਨਾਲ ਸਾਰੇ ਪਰਿਵਾਰ ਨੂੰ ਮਾਰ ਦਿੱਤਾ ਜਾਣਾ ਕੋਈ ਅਨੋਖੀ ਗੱਲ ਨਹੀਂ ਸੀ। ਸ਼ਾਇਦ ਇਹ ਇਸ ਕਾਰਨ ਕੀਤਾ ਜਾਂਦਾ ਸੀ ਕਿ ਬਾਅਦ ਵਿਚ ਪਰਿਵਾਰ ਦੇ ਮੈਂਬਰ ਬਦਲਾ ਲੈਣ ਦੀ ਕੋਸ਼ਿਸ਼ ਨਾ ਕਰਨ। ਲੇਕਿਨ ਪ੍ਰਧਾਨਾਂ ਅਤੇ ਮਨਸਬਦਾਰਾਂ ਦੇ ਪਰਿਵਾਰਾਂ ਨੂੰ ਮਰਵਾਉਣ ਵਿਚ ਦਾਨੀਏਲ ਦਾ ਕੋਈ ਹੱਥ ਨਹੀਂ ਸੀ। ਜਦੋਂ ਉਸ ਨੂੰ ਪਤਾ ਲੱਗਿਆ ਹੋਵੇਗਾ ਕਿ ਇਨ੍ਹਾਂ ਦੁਸ਼ਟ ਮਨੁੱਖਾਂ ਨੇ ਆਪਣੇ ਪਰਿਵਾਰਾਂ ਉੱਤੇ ਕੀ ਬਿਪਤਾ ਲਿਆਂਦੀ ਸੀ ਤਾਂ ਉਸ ਨੂੰ ਬਹੁਤ ਹੀ ਅਫ਼ਸੋਸ ਹੋਇਆ ਹੋਵੇਗਾ।

22. ਦਾਰਾ ਨੇ ਕਿਹੜਾ ਨਵਾਂ ਐਲਾਨ ਕਰਵਾਇਆ?

22 ਚਾਲਬਾਜ਼ ਪ੍ਰਧਾਨਾਂ ਅਤੇ ਮਨਸਬਦਾਰਾਂ ਦੇ ਮਰਨ ਤੋਂ ਬਾਅਦ ਦਾਰਾ ਨੇ ਇਕ ਐਲਾਨ ਕਰਵਾਇਆ ਕਿ “ਮੈਂ ਇਹ ਆਗਿਆ ਕਰਦਾ ਹਾਂ ਭਈ ਮੇਰੇ ਸਾਰੇ ਸ਼ਾਹੀ ਰਾਜ ਵਿੱਚ ਲੋਕ ਦਾਨੀਏਲ ਦੇ ਪਰਮੇਸ਼ੁਰ ਅੱਗੇ ਕੰਬਣ ਅਤੇ ਡਰਨ,—ਉਹ ਜੀਉਂਦਾ ਪਰਮੇਸ਼ੁਰ ਹੈ, ਅਤੇ ਸਦਾ ਲਈ ਕਾਇਮ ਹੈ। ਉਸ ਦਾ ਰਾਜ ਅਟੱਲ ਹੈ, ਅਤੇ ਉਸ ਦੀ ਪਾਤਸ਼ਾਹੀ ਆਖਰ ਤੀਕ ਰਹੇਗੀ। ਉਹੋ ਹੀ ਛੁਡਾਉਂਦਾ ਅਤੇ ਬਚਾਉਂਦਾ ਹੈ, ਅਤੇ ਅਕਾਸ਼ ਅਰ ਧਰਤੀ ਵਿੱਚ ਉਹੋ ਹੀ ਨਿਸ਼ਾਨ ਅਰ ਅਚੰਭੇ ਕਰਦਾ ਹੈ, ਜਿਹ ਨੇ ਦਾਨੀਏਲ ਨੂੰ ਸ਼ੇਰਾਂ ਦੇ ਪੰਜਿਆਂ ਤੋਂ ਛੁਡਾਇਆ ਹੈ!”—ਦਾਨੀਏਲ 6:25-27.

ਸਦਾ ਵਫ਼ਾਦਾਰ ਰਹਿ ਕੇ ਪਰਮੇਸ਼ੁਰ ਦੀ ਸੇਵਾ ਕਰੋ

23. ਦਾਨੀਏਲ ਨੇ ਆਪਣੀ ਨੌਕਰੀ ਦੇ ਸੰਬੰਧ ਵਿਚ ਕਿਹੜੀ ਮਿਸਾਲ ਕਾਇਮ ਕੀਤੀ, ਅਤੇ ਅਸੀਂ ਉਸ ਦੀ ਕਿਵੇਂ ਨਕਲ ਕਰ ਸਕਦੇ ਹਾਂ?

23 ਦਾਨੀਏਲ ਨੇ ਪਰਮੇਸ਼ੁਰ ਦੇ ਸਾਡੇ ਸਮੇਂ ਦੇ ਸਾਰੇ ਸੇਵਕਾਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। ਉਹ ਹਮੇਸ਼ਾ ਆਪਣੇ ਚਾਲ-ਚੱਲਣ ਵਿਚ ਨਿਰਦੋਸ਼ ਸੀ। ਦਾਨੀਏਲ ਆਪਣੀ ਨੌਕਰੀ ਪ੍ਰਤੀ “ਵਫ਼ਾਦਾਰ ਸੀ ਅਤੇ ਉਹ ਦੇ ਵਿੱਚ ਕੋਈ ਔਗਣ ਯਾ ਖੋਟ ਨਾ ਲੱਭਾ।” (ਦਾਨੀਏਲ 6:4) ਇਸੇ ਤਰ੍ਹਾਂ ਇਕ ਮਸੀਹੀ ਨੂੰ ਆਪਣੀ ਨੌਕਰੀ ਵਿਚ ਮਿਹਨਤੀ ਹੋਣਾ ਚਾਹੀਦਾ ਹੈ। ਇਸ ਦਾ ਇਹ ਮਤਲਬ ਨਹੀਂ ਹੈ ਕਿ ਇਕ ਵਿਅਕਤੀ ਨੂੰ ਕਿਸੇ ਵੀ ਕੀਮਤ ਤੇ ਸਫ਼ਲ ਹੋਣਾ ਚਾਹੀਦਾ ਹੈ। ਦੂਜਿਆਂ ਨੂੰ ਆਪਣੇ ਪੈਰਾਂ ਹੇਠ ਕੁਚਲ ਕੇ ਸਾਨੂੰ ਧਨ-ਦੌਲਤ ਦਾ ਪਿੱਛਾ ਕਰਨ ਵਾਲੇ ਜਾਂ ਆਪਣੇ ਪੇਸ਼ੇ ਵਿਚ ਹੀ ਤਰੱਕੀ ਕਰਨ ਵਾਲੇ ਨਹੀਂ ਬਣਨਾ ਚਾਹੀਦਾ ਹੈ। (1 ਤਿਮੋਥਿਉਸ 6:10) ਬਾਈਬਲ ਮੰਗ ਕਰਦੀ ਹੈ ਕਿ ਇਕ ਮਸੀਹੀ ਨੂੰ ਨੇਕੀ ਨਾਲ ਅਤੇ ਚਿੱਤ ਲਾ ਕੇ “ਪ੍ਰਭੁ ਦੇ ਲਈ” ਆਪਣੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।—ਕੁਲੁੱਸੀਆਂ 3:22, 23; ਤੀਤੁਸ 2:7, 8; ਇਬਰਾਨੀਆਂ 13:18.

24. ਦਾਨੀਏਲ ਨੇ ਕਿਵੇਂ ਸਾਬਤ ਕੀਤਾ ਕਿ ਉਪਾਸਨਾ ਦੇ ਸੰਬੰਧ ਵਿਚ ਉਹ ਕੋਈ ਸਮਝੌਤਾ ਨਹੀਂ ਕਰ ਸਕਦਾ ਸੀ?

24 ਦਾਨੀਏਲ ਨੇ ਆਪਣੀ ਉਪਾਸਨਾ ਦੇ ਸੰਬੰਧ ਵਿਚ ਕਦੇ ਵੀ ਸਮਝੌਤਾ ਨਹੀਂ ਕੀਤਾ ਸੀ। ਸਾਰੇ ਲੋਕ ਜਾਣਦੇ ਸਨ ਕਿ ਉਹ ਪ੍ਰਾਰਥਨਾ ਕਰਨ ਦਾ ਆਦੀ ਸੀ। ਇਸ ਤੋਂ ਇਲਾਵਾ, ਪ੍ਰਧਾਨ ਅਤੇ ਮਨਸਬਦਾਰ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਦਾਨੀਏਲ ਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ ਕਿੰਨੀ ਪਿਆਰੀ ਸੀ। ਅਸਲ ਵਿਚ ਉਨ੍ਹਾਂ ਨੂੰ ਇਹ ਯਕੀਨ ਸੀ ਕਿ ਸਰਕਾਰ ਵੱਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਉਹ ਇਸ ਰੋਜ਼ਾਨਾ ਰਸਮ ਨੂੰ ਜਾਰੀ ਰੱਖੇਗਾ। ਅੱਜ ਦੇ ਮਸੀਹੀਆਂ ਲਈ ਕਿੰਨੀ ਵਧੀਆ ਮਿਸਾਲ! ਉਹ ਵੀ ਪਰਮੇਸ਼ੁਰ ਦੀ ਉਪਾਸਨਾ ਨੂੰ ਪਹਿਲਾ ਦਰਜਾ ਦੇਣ ਲਈ ਪ੍ਰਸਿੱਧ ਹਨ। (ਮੱਤੀ 6:33) ਇਹ ਚੀਜ਼ ਲੋਕਾਂ ਨੂੰ ਸਾਫ਼-ਸਾਫ਼ ਦਿੱਸਣੀ ਚਾਹੀਦੀ ਹੈ, ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ‘ਤੁਸੀਂ ਆਪਣਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕਣ ਦਿਓ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।’—ਮੱਤੀ 5:16.

25, 26. (ੳ) ਪਾਬੰਦੀ ਦੇ ਬਾਵਜੂਦ ਵੀ, ਦਾਨੀਏਲ ਦੇ ਪ੍ਰਾਰਥਨਾ ਕਰਦੇ ਰਹਿਣ ਬਾਰੇ ਕਈ ਵਿਅਕਤੀ ਸ਼ਾਇਦ ਕੀ ਕਹਿਣ? (ਅ) ਦਾਨੀਏਲ ਆਪਣੇ ਰੋਜ਼ਾਨਾ ਦਸਤੂਰ ਵਿਚ ਤਬਦੀਲੀ ਨੂੰ ਸਮਝੌਤਾ ਕਰਨ ਦੇ ਬਰਾਬਰ ਕਿਉਂ ਸਮਝਦਾ ਸੀ?

25 ਕਈ ਵਿਅਕਤੀ ਸ਼ਾਇਦ ਕਹਿਣ ਕਿ ਜੇ ਦਾਨੀਏਲ ਤੀਹਾਂ ਦਿਨਾਂ ਲਈ ਲੁਕ ਕੇ ਹੀ ਯਹੋਵਾਹ ਨੂੰ ਪ੍ਰਾਰਥਨਾ ਕਰ ਲੈਂਦਾ ਤਾਂ ਉਸ ਦੇ ਨਾਲ ਅਜਿਹਾ ਕੋਈ ਜ਼ੁਲਮ ਨਹੀਂ ਹੋਣਾ ਸੀ। ਆਖ਼ਰਕਾਰ ਪਰਮੇਸ਼ੁਰ ਦੁਆਰਾ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇ ਜਾਣ ਲਈ ਕਿਸੇ ਖ਼ਾਸ ਤਰੀਕੇ ਵਿਚ ਬੈਠਣ ਜਾਂ ਕਿਸੇ ਖ਼ਾਸ ਜਗ੍ਹਾ ਦੀ ਜ਼ਰੂਰਤ ਨਹੀਂ ਹੈ। ਉਹ ਤਾਂ ਮਨ ਦੇ ਵਿਚਾਰ ਵੀ ਜਾਣ ਸਕਦਾ ਹੈ। (ਜ਼ਬੂਰ 19:14) ਪਰ, ਦਾਨੀਏਲ ਆਪਣੇ ਰੋਜ਼ਾਨਾ ਦੇ ਦਸਤੂਰ ਵਿਚ ਕਿਸੇ ਵੀ ਤਬਦੀਲੀ ਨੂੰ ਸਮਝੌਤਾ ਕਰਨ ਦੇ ਬਰਾਬਰ ਸਮਝਦਾ ਸੀ। ਉਹ ਇਵੇਂ ਕਿਉਂ ਮਹਿਸੂਸ ਕਰਦਾ ਸੀ?

26 ਕਿਉਂਕਿ ਬਹੁਤ ਸਾਰੇ ਲੋਕ ਦਾਨੀਏਲ ਦੀ ਪ੍ਰਾਰਥਨਾ ਕਰਨ ਦੀ ਰੀਤ ਬਾਰੇ ਜਾਣਦੇ ਸਨ, ਜੇਕਰ ਉਹ ਹੁਣ ਪ੍ਰਾਰਥਨਾ ਕਰਨੀ ਛੱਡ ਦਿੰਦਾ, ਤਾਂ ਉਹ ਕੀ ਸੋਚਦੇ? ਦੇਖਣ ਵਾਲੇ ਸ਼ਾਇਦ ਇਹ ਸੋਚਦੇ ਕਿ ਦਾਨੀਏਲ ਡਰਪੋਕ ਸੀ ਅਤੇ ਉਹ ਯਹੋਵਾਹ ਦੇ ਕਾਨੂੰਨ ਦੀ ਥਾਂ ਤੇ ਹੁਣ ਰਾਜੇ ਦਾ ਕਾਨੂੰਨ ਮੰਨਣ ਲੱਗ ਪਿਆ ਸੀ। (ਜ਼ਬੂਰ 118:6) ਪਰ ਦਾਨੀਏਲ ਨੇ ਆਪਣੇ ਕੰਮਾਂ ਦੁਆਰਾ ਦਿਖਾਇਆ ਕਿ ਉਹ ਯਹੋਵਾਹ ਨੂੰ ਹੀ ਆਪਣੀ ਅਣਵੰਡੀ ਭਗਤੀ ਦੇਣੀ ਚਾਹੁੰਦਾ ਸੀ। (ਬਿਵਸਥਾ ਸਾਰ 6:14, 15; ਯਸਾਯਾਹ 42:8) ਅਸਲ ਵਿਚ ਆਪਣੀ ਰੀਤ ਅਨੁਸਾਰ ਚੱਲ ਕੇ ਦਾਨੀਏਲ, ਰਾਜੇ ਦੇ ਕਾਨੂੰਨ ਦਾ ਨਿਰਾਦਰ ਨਹੀਂ ਕਰ ਰਿਹਾ ਸੀ। ਨਾ ਹੀ ਉਹ ਸਮਝੌਤਾ ਕਰ ਕੇ ਝੁਕ ਰਿਹਾ ਸੀ। ਦਾਨੀਏਲ ਸਿਰਫ਼ ਆਪਣੀ ਕੋਠੜੀ ਵਿਚ ਪ੍ਰਾਰਥਨਾ ਕਰੀ ਗਿਆ, ਜਿਵੇਂ ਉਹ ਰਾਜੇ ਦੇ ਕਾਨੂੰਨ ਤੋਂ ਪਹਿਲਾਂ ‘ਕਰਦਾ ਹੁੰਦਾ ਸੀ।’

27. ਪਰਮੇਸ਼ੁਰ ਦੇ ਸੇਵਕ ਦਾਨੀਏਲ ਵਰਗੇ ਕਿਵੇਂ ਬਣ ਸਕਦੇ ਹਨ (ੳ) ਹਕੂਮਤਾਂ ਦੇ ਅਧੀਨ ਰਹਿਣ ਦੇ ਮਾਮਲੇ ਵਿਚ (ਅ) ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣ ਦੇ ਮਾਮਲੇ ਵਿਚ (ੲ) ਸਾਰਿਆਂ ਮਨੁੱਖਾਂ ਦੇ ਨਾਲ ਮੇਲ-ਮਿਲਾਪ ਰੱਖਣ ਦੇ ਮਾਮਲੇ ਵਿਚ?

27 ਪਰਮੇਸ਼ੁਰ ਦੇ ਸੇਵਕ ਅੱਜ ਦਾਨੀਏਲ ਦੀ ਮਿਸਾਲ ਤੋਂ ਸਬਕ ਸਿੱਖ ਸਕਦੇ ਹਨ। ਉਹ “ਹਕੂਮਤਾਂ ਦੇ ਅਧੀਨ” ਰਹਿੰਦੇ ਹਨ ਅਤੇ ਆਪਣੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਨ। (ਰੋਮੀਆਂ 13:1) ਪਰ ਜਦੋਂ ਮਨੁੱਖਾਂ ਦੇ ਕਾਨੂੰਨ ਪਰਮੇਸ਼ੁਰ ਦੇ ਕਾਨੂੰਨਾਂ ਨਾਲ ਟਕਰਾਉਂਦੇ ਹਨ, ਤਾਂ ਯਹੋਵਾਹ ਦੇ ਲੋਕ ਯਿਸੂ ਦੇ ਰਸੂਲਾਂ ਦੀ ਸਥਿਤੀ ਨੂੰ ਅਪਣਾਉਂਦੇ ਹਨ, ਜਿਨ੍ਹਾਂ ਨੇ ਨਿਡਰ ਹੋ ਕੇ ਕਿਹਾ ਕਿ ਸਾਡੇ ਲਈ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਇਸ ਤਰ੍ਹਾਂ ਕਰਨ ਨਾਲ ਮਸੀਹੀ, ਬਗਾਵਤ ਜਾਂ ਵਿਦਰੋਹ ਨੂੰ ਪੈਦਾ ਨਹੀਂ ਕਰਦੇ ਹਨ। ਇਸ ਦੀ ਬਜਾਇ, ਉਹ ਸਾਰਿਆਂ ਮਨੁੱਖਾਂ ਦੇ ਨਾਲ ਮੇਲ-ਮਿਲਾਪ ਰੱਖਣਾ ਚਾਹੁੰਦੇ ਹਨ ਤਾਂਕਿ ਉਹ ‘ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁਖ ਨਾਲ ਉਮਰ ਭੋਗ ਸਕਣ।’—1 ਤਿਮੋਥਿਉਸ 2:1, 2; ਰੋਮੀਆਂ 12:18.

28. ਦਾਨੀਏਲ ਨੇ ਯਹੋਵਾਹ ਦੀ ਸੇਵਾ “ਸਦਾ ਲਈ” ਕਿਵੇਂ ਕੀਤੀ?

28 ਦਾਰਾ ਨੇ ਦੋ ਮੌਕਿਆਂ ਤੇ ਕਿਹਾ ਕਿ ਦਾਨੀਏਲ ਪਰਮੇਸ਼ੁਰ ਦੀ ਉਪਾਸਨਾ “ਸਦਾ ਲਈ” ਕਰਦਾ ਸੀ। (ਦਾਨੀਏਲ 6:16, 20) “ਸਦਾ ਲਈ” ਤਰਜਮਾ ਕੀਤੇ ਗਏ ਸ਼ਬਦ ਲਈ, ਅਰਾਮੀ ਭਾਸ਼ਾ ਦੇ ਮੂਲ ਸ਼ਬਦ ਦਾ ਅਰਥ ਹੈ “ਚੱਕਰ ਵਿਚ ਘੁੰਮਣਾ।” ਇਹ ਇਕ ਲਗਾਤਾਰ ਚੱਕਰ ਜਾਂ ਕਿਸੇ ਅਜਿਹੇ ਰਾਹ ਨੂੰ ਸੰਕੇਤ ਕਰਦਾ ਹੈ ਜੋ ਖ਼ਤਮ ਨਹੀਂ ਹੁੰਦਾ। ਦਾਨੀਏਲ ਦੀ ਖਰਿਆਈ ਇਸੇ ਤਰ੍ਹਾਂ ਅਟੁੱਟ ਸੀ। ਉਸ ਦੇ ਚਾਲ-ਚਲਣ ਬਾਰੇ ਪਹਿਲਾਂ ਹੀ ਦੱਸਿਆ ਜਾ ਸਕਦਾ ਸੀ। ਇਸ ਬਾਰੇ ਕੋਈ ਸ਼ੱਕ ਨਹੀਂ ਸੀ ਕਿ ਦਾਨੀਏਲ ਵੱਡੀਆਂ ਜਾਂ ਛੋਟੀਆਂ ਅਜ਼ਮਾਇਸ਼ਾਂ ਵਿਚ ਕੀ ਕਰੇਗਾ। ਉਹ ਉਸੇ ਵਫ਼ਾਦਾਰ ਰਾਹ ਉੱਤੇ ਚੱਲਦਾ ਰਹੇਗਾ ਜਿਸ ਉੱਤੇ ਉਹ 80 ਕੁ ਸਾਲਾਂ ਲਈ ਚੱਲਦਾ ਆਇਆ ਸੀ।

29. ਯਹੋਵਾਹ ਦੇ ਮੌਜੂਦਾ ਸਮੇਂ ਦੇ ਸੇਵਕ ਦਾਨੀਏਲ ਦੀ ਵਫ਼ਾਦਾਰੀ ਤੋਂ ਕਿਵੇਂ ਲਾਭ ਉਠਾ ਸਕਦੇ ਹਨ?

29 ਪਰਮੇਸ਼ੁਰ ਦੇ ਮੌਜੂਦਾ ਸਮੇਂ ਦੇ ਸੇਵਕ ਦਾਨੀਏਲ ਦੇ ਕਦਮਾਂ ਉੱਤੇ ਚੱਲਣਾ ਚਾਹੁੰਦੇ ਹਨ। ਅਸਲ ਵਿਚ ਪੌਲੁਸ ਰਸੂਲ ਨੇ ਸਾਰਿਆਂ ਮਸੀਹੀਆਂ ਨੂੰ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਬਜ਼ੁਰਗਾਂ ਦੀ ਮਿਸਾਲ ਉੱਤੇ ਗੌਰ ਕਰਨ ਲਈ ਉਪਦੇਸ਼ ਦਿੱਤਾ ਸੀ। ਨਿਹਚਾ ਰਾਹੀਂ ਉਨ੍ਹਾਂ ਨੇ “ਧਰਮ ਦੇ ਕੰਮ ਕੀਤੇ, ਵਾਇਦਿਆਂ ਨੂੰ ਪਰਾਪਤ ਕੀਤਾ,” ਅਤੇ ਜ਼ਾਹਰ ਹੈ ਕਿ ਅਗਲਾ ਹਵਾਲਾ ਦਾਨੀਏਲ ਨੂੰ ਸੰਕੇਤ ਕਰਦਾ ਹੈ ਕਿ “ਬਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ।” ਯਹੋਵਾਹ ਦੇ ਸੇਵਕਾਂ ਵਜੋਂ, ਆਓ ਅਸੀਂ ਵੀ ਦਾਨੀਏਲ ਵਰਗੀ ਨਿਹਚਾ ਅਤੇ ਵਫ਼ਾਦਾਰੀ ਦਿਖਾਈਏ ਅਤੇ “ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ।”—ਇਬਰਾਨੀਆਂ 11:32, 33; 12:1.

[ਫੁਟਨੋਟ]

^ ਪੈਰਾ 7 ਪ੍ਰਾਚੀਨ ਸ਼ਿਲਾ-ਲੇਖ ਦਿਖਾਉਂਦੇ ਹਨ ਕਿ ਅਕਸਰ ਪੂਰਬੀ ਰਾਜਿਆਂ ਕੋਲ ਜੰਗਲੀ ਜਾਨਵਰਾਂ ਲਈ ਪਸ਼ੂ-ਘਰ ਹੁੰਦੇ ਸਨ। ਬਾਬਲ ਵਿਚ ਇਨ੍ਹਾਂ ਤੋਂ “ਸ਼ੇਰਾਂ ਦੇ ਘੁਰੇ” ਹੋਣ ਦਾ ਸਬੂਤ ਮਿਲਦਾ ਹੈ।

^ ਪੈਰਾ 12 ਛੱਤ ਉੱਤੇ ਇਕ ਵੱਖਰੇ ਕਮਰੇ ਨੂੰ ਕੋਠੜੀ ਕਿਹਾ ਜਾਂਦਾ ਸੀ ਜਿਸ ਵਿਚ ਵਿਅਕਤੀ ਜਦੋਂ ਚਾਹੇ ਇਕੱਲਾ ਜਾ ਕੇ ਆਰਾਮ ਕਰ ਸਕਦਾ ਸੀ।

^ ਪੈਰਾ 16 ਹੋ ਸਕਦਾ ਹੈ ਕਿ ਸ਼ੇਰਾਂ ਦਾ ਘੁਰਾ ਜ਼ਮੀਨ ਦੇ ਹੇਠ ਇਕ ਕਮਰਾ ਸੀ ਜਿਸ ਦੀ ਛੱਤ ਵਿਚ ਇਕ ਮੂੰਹ ਸੀ। ਸ਼ਾਇਦ ਇਸ ਦਾ ਸੀਖਾਂ ਵਾਲਾ ਦਰਵਾਜ਼ਾ ਵੀ ਸੀ ਜੋ ਪਸ਼ੂਆਂ ਨੂੰ ਅੰਦਰ ਵਾੜਨ ਲਈ ਉੱਪਰ ਚੁੱਕਿਆ ਜਾ ਸਕਦਾ ਸੀ।

^ ਪੈਰਾ 20 “ਦੋਸ਼ ਲਾਇਆ” ਸ਼ਬਦ ਅਰਾਮੀ ਭਾਸ਼ਾ ਦੇ ਉਸ ਲਫ਼ਜ਼ ਦਾ ਤਰਜਮਾ ਹੈ ਜਿਸ ਦਾ ਅਸਲ ਅਰਥ ਹੈ ‘ਕਿਸੇ ਸਰੀਰ ਤੋਂ ਪਾੜੇ ਗਏ ਮਾਸ ਦੇ ਟੁਕੜਿਆਂ ਨੂੰ ਖਾ ਲਿਆ।’ ਇਸ ਨੂੰ “ਬਦਨਾਮ ਕਰਨਾ ਜਾਂ ਭੰਡਣਾ” ਵੀ ਅਨੁਵਾਦ ਕੀਤਾ ਜਾ ਸਕਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਦਾਨੀਏਲ ਦੇ ਦੁਸ਼ਮਣਾਂ ਦਾ ਇਰਾਦਾ ਕਿੰਨਾ ਭੈੜਾ ਸੀ।

ਅਸੀਂ ਕੀ ਸਿੱਖਿਆ?

• ਦਾਰਾ ਮਾਦੀ ਨੇ ਦਾਨੀਏਲ ਨੂੰ ਉੱਚੀ ਪਦਵੀ ਕਿਉਂ ਦਿੱਤੀ?

• ਪ੍ਰਧਾਨਾਂ ਅਤੇ ਮਨਸਬਦਾਰਾਂ ਨੇ ਕੀ ਚਾਲਬਾਜ਼ੀ ਕੀਤੀ? ਯਹੋਵਾਹ ਨੇ ਦਾਨੀਏਲ ਨੂੰ ਕਿਵੇਂ ਬਚਾਇਆ?

• ਤੁਸੀਂ ਦਾਨੀਏਲ ਦੀ ਵਫ਼ਾਦਾਰੀ ਉੱਤੇ ਗੌਰ ਕਰਨ ਤੋਂ ਕੀ ਸਬਕ ਸਿੱਖਿਆ ਹੈ?

[ਸਵਾਲ]

[ਪੂਰੇ ਸਫ਼ੇ 114 ਉੱਤੇ ਤਸਵੀਰ]

[ਪੂਰੇ ਸਫ਼ੇ 121 ਉੱਤੇ ਤਸਵੀਰ]

[ਸਫ਼ਾ 127 ਉੱਤੇ ਤਸਵੀਰ]

ਦਾਨੀਏਲ ਨੇ ਯਹੋਵਾਹ ਦੀ ਸੇਵਾ “ਸਦਾ ਲਈ” ਕੀਤੀ। ਕੀ ਤੁਸੀਂ ਵੀ ਲਗਾਤਾਰ ਸੇਵਾ ਕਰ ਰਹੇ ਹੋ?