Skip to content

Skip to table of contents

ਸੰਸਾਰ ਉੱਤੇ ਕੌਣ ਹਕੂਮਤ ਕਰੇਗਾ?

ਸੰਸਾਰ ਉੱਤੇ ਕੌਣ ਹਕੂਮਤ ਕਰੇਗਾ?

ਨੌਵਾਂ ਅਧਿਆਇ

ਸੰਸਾਰ ਉੱਤੇ ਕੌਣ ਹਕੂਮਤ ਕਰੇਗਾ?

1-3. ਉਸ ਸੁਪਨੇ ਅਤੇ ਦਰਸ਼ਣਾਂ ਬਾਰੇ ਦੱਸੋ ਜੋ ਦਾਨੀਏਲ ਨੇ ਬੇਲਸ਼ੱਸਰ ਦੇ ਸ਼ਾਸਨ ਦੇ ਪਹਿਲੇ ਵਰ੍ਹੇ ਵਿਚ ਦੇਖੇ ਸਨ।

ਦਾਨੀਏਲ ਦੀ ਦਿਲਚਸਪ ਭਵਿੱਖਬਾਣੀ ਹੁਣ ਸਾਡਾ ਧਿਆਨ ਬਾਬਲੀ ਬਾਦਸ਼ਾਹ, ਬੇਲਸ਼ੱਸਰ ਦੇ ਸ਼ਾਸਨ ਦੇ ਪਹਿਲੇ ਵਰ੍ਹੇ ਵਿਚ ਵਾਪਸ ਲੈ ਜਾਂਦੀ ਹੈ। ਬਹੁਤ ਸਮੇਂ ਤੋਂ ਦਾਨੀਏਲ ਬਾਬਲ ਵਿਚ ਇਕ ਜਲਾਵਤਨ ਦੇ ਤੌਰ ਤੇ ਰਹਿੰਦਾ ਆਇਆ ਹੈ, ਪਰ ਉਸ ਨੇ ਇਸ ਪੂਰੇ ਸਮੇਂ ਦੌਰਾਨ ਯਹੋਵਾਹ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖੀ ਹੈ। ਹੁਣ ਸੱਤਰਾਂ ਕੁ ਸਾਲਾਂ ਦੀ ਉਮਰ ਤੇ ਇਸ ਵਫ਼ਾਦਾਰ ਨਬੀ ਨੇ “ਆਪਣੇ ਪਲੰਘ ਉੱਤੇ ਇੱਕ ਸੁਫ਼ਨਾ ਅਤੇ ਆਪਣੇ ਸਿਰ ਦੀਆਂ ਦਰਿਸ਼ਟਾਂ ਡਿੱਠੀਆਂ।” ਅਤੇ ਇਹ ਦਰਸ਼ਣ ਉਸ ਨੂੰ ਕਿੰਨੇ ਡਰਾਉਣੇ ਲੱਗੇ!—ਦਾਨੀਏਲ 7:1, 15.

2 ‘ਮੈਂ ਕੀ ਵੇਖਦਾ ਹਾਂ!’ ਦਾਨੀਏਲ ਹੈਰਾਨੀ ਨਾਲ ਆਖਦਾ ਹੈ। ‘ਅਕਾਸ਼ ਦੀਆਂ ਚਾਰੇ ਪੌਣਾਂ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗਦੀਆਂ ਸਨ। ਅਤੇ ਸਮੁੰਦਰ ਵਿੱਚੋਂ ਚਾਰ ਵੱਡੇ ਵੱਡੇ ਦਰਿੰਦੇ ਜੋ ਇੱਕ ਦੂਜੇ ਨਾਲੋਂ ਵੱਖੋ ਵੱਖ ਸਨ ਨਿੱਕਲਦੇ ਸਨ।’ ਇਹ ਦਰਿੰਦੇ ਕਿੰਨੇ ਅਜੀਬ ਸਨ! ਪਹਿਲਾ ਉਕਾਬ ਜਿਹੇ ਖੰਭਾਂ ਵਾਲਾ ਇਕ ਬੱਬਰ ਸ਼ੇਰ ਹੈ, ਅਤੇ ਦੂਜਾ ਇਕ ਰਿੱਛ ਵਰਗਾ ਹੈ। ਫਿਰ ਇਸ ਤੋਂ ਬਾਅਦ ਚਾਰ ਖੰਭਾਂ ਵਾਲਾ ਇਕ ਚਿੱਤਰਾ ਨਿਕਲਦਾ ਹੈ ਜਿਸ ਦੇ ਚਾਰ ਸਿਰ ਸਨ! ਚੌਥਾ ਦਰਿੰਦਾ ਡਾਢਾ ਬਲਵਾਨ ਹੈ ਅਤੇ ਉਸ ਦੇ ਵੱਡੇ ਵੱਡੇ ਲੋਹੇ ਦੇ ਦੰਦ ਅਤੇ ਦਸ ਸਿੰਙ ਹਨ। ਉਸ ਦੇ ਦਸਾਂ ਸਿੰਙਾਂ ਵਿੱਚੋਂ ਇਕ ਹੋਰ “ਨਿੱਕਾ” ਜਿਹਾ ਸਿੰਙ ਨਿਕਲਦਾ ਹੈ ਜਿਸ ਦੀਆਂ “ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ” ਅਤੇ “ਜੋ ਵੱਡੀਆਂ ਵੱਡੀਆਂ ਗੱਲਾਂ ਬੋਲ ਰਿਹਾ ਸੀ।”—ਦਾਨੀਏਲ 7:2-8.

3 ਦਾਨੀਏਲ ਦੇ ਅਗਲੇ ਦਰਸ਼ਣ ਸਾਡਾ ਧਿਆਨ ਆਕਾਸ਼ ਵੱਲ ਖਿੱਚਦੇ ਹਨ। ਆਪਣੀ ਸ਼ਾਨ ਵਿਚ ਅੱਤ ਪ੍ਰਾਚੀਨ ਇਕ ਨਿਆਂਕਾਰ ਵਜੋਂ ਸਵਰਗੀ ਨਿਆਉਂ ਸਭਾ ਵਿਚ ਸਿੰਘਾਸਣ ਉੱਤੇ ਬੈਠਾ ਹੋਇਆ ਹੈ। ‘ਹਜ਼ਾਰਾਂ ਹੀ ਹਜ਼ਾਰ ਉਹ ਦੀ ਟਹਿਲ ਕਰਦੇ ਹਨ, ਅਤੇ ਲੱਖਾਂ ਦਰ ਲੱਖ ਉਹ ਦੇ ਅੱਗੇ ਖਲੋਤੇ ਹਨ!’ ਉਹ ਦਰਿੰਦਿਆਂ ਨੂੰ ਸਜ਼ਾ ਦਿੰਦੇ ਹੋਏ ਉਨ੍ਹਾਂ ਤੋਂ ਰਾਜ ਲੈ ਲੈਂਦਾ ਹੈ ਅਤੇ ਫਿਰ ਚੌਥੇ ਦਰਿੰਦੇ ਦਾ ਨਾਸ਼ ਕਰ ਦਿੰਦਾ ਹੈ। ‘ਮਨੁੱਖ ਦੇ ਪੁੱਤ੍ਰ ਵਰਗੇ ਇੱਕ ਜਣੇ’ ਨੂੰ “ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ” ਉੱਪਰ, ਸਦਾ ਦਾ ਰਾਜ ਦਿੱਤਾ ਜਾਂਦਾ ਹੈ।—ਦਾਨੀਏਲ 7:9-14.

4. (ੳ) ਦਾਨੀਏਲ ਨੇ ਇਨ੍ਹਾਂ ਸਾਰੀਆਂ ਗੱਲਾਂ ਦਾ ਅਰਥ ਕਿਸ ਤੋਂ ਪੁੱਛਿਆ? (ਅ) ਉਹ ਦਰਸ਼ਣ ਸਾਡੇ ਲਈ ਕਿਉਂ ਮਹੱਤਵਪੂਰਣ ਹੈ ਜੋ ਦਾਨੀਏਲ ਨੇ ਉਸ ਰਾਤ ਦੇਖਿਆ ਅਤੇ ਸੁਣਿਆ ਸੀ?

4 ਦਾਨੀਏਲ ਕਹਿੰਦਾ ਹੈ ਕਿ ‘ਮੈਂ ਆਪਣੇ ਸਰੀਰ ਦੇ ਵਿਚਕਾਰ ਆਪਣੇ ਆਤਮਾ ਵਿੱਚ ਉਦਾਸ ਹੋਇਆ ਅਤੇ ਮੇਰੇ ਸਿਰ ਦੀਆਂ ਦਰਿਸ਼ਟੀਆਂ ਨੇ ਮੈਨੂੰ ਓਦਰਾ ਦਿੱਤਾ।’ ਸੋ ਉਹ ਇਕ ਦੂਤ ਤੋਂ ‘ਇਨ੍ਹਾਂ ਸਾਰੀਆਂ ਗੱਲਾਂ ਦੀ ਅਸਲੀਅਤ ਪੁੱਛਦਾ ਹੈ।’ ਇਸ ਦੂਤ ਨੇ ਉਹ ਨੂੰ ‘ਇਨ੍ਹਾਂ ਗੱਲਾਂ ਦਾ ਅਸਲੀ ਅਰਥ ਸਮਝਾਇਆ।’ (ਦਾਨੀਏਲ 7:15-28) ਦਾਨੀਏਲ ਨੇ ਉਸ ਰਾਤ ਜੋ ਦਰਸ਼ਣ ਦੇਖਿਆ ਅਤੇ ਸੁਣਿਆ, ਉਹ ਸਾਡੇ ਲਈ ਬਹੁਤ ਹੀ ਦਿਲਚਸਪ ਹੈ ਕਿਉਂਕਿ ਉਸ ਵਿਚ ਉਹ ਸੰਸਾਰਕ ਘਟਨਾਵਾਂ ਪਾਈਆਂ ਜਾਂਦੀਆਂ ਹਨ ਜੋ ਭਵਿੱਖ ਵਿਚ ਵਾਪਰਨੀਆਂ ਹਨ ਅਤੇ ਜੋ ਸਾਡੇ ਸਮੇਂ ਨਾਲ ਸੰਬੰਧ ਰੱਖਦੀਆਂ ਹਨ। ਉਦੋਂ ‘ਮਨੁੱਖ ਦੇ ਪੁੱਤ੍ਰ ਵਰਗੇ ਇੱਕ ਜਣੇ’ ਨੂੰ “ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ” ਉੱਤੇ ਰਾਜ ਦਿੱਤਾ ਜਾਵੇਗਾ। ਬਾਈਬਲ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ, ਅਸੀਂ ਵੀ ਇਨ੍ਹਾਂ ਭਵਿੱਖ-ਸੂਚਕ ਦਰਸ਼ਣਾਂ ਦਾ ਅਰਥ ਸਮਝ ਸਕਦੇ ਹਾਂ। *

ਸਮੁੰਦਰ ਵਿੱਚੋਂ ਚਾਰ ਦਰਿੰਦੇ ਨਿਕਲਦੇ ਹਨ

5. ਉਛਲਦਾ ਸਮੁੰਦਰ ਕੀ ਦਰਸਾਉਂਦਾ ਹੈ?

5 ਦਾਨੀਏਲ ਨੇ ਕਿਹਾ ਕਿ ‘ਸਮੁੰਦਰ ਵਿੱਚੋਂ ਚਾਰ ਵੱਡੇ ਵੱਡੇ ਦਰਿੰਦੇ ਨਿੱਕਲਦੇ ਸਨ।’ (ਦਾਨੀਏਲ 7:3) ਉਛਲਦਾ ਸਮੁੰਦਰ ਕੀ ਦਰਸਾਉਂਦਾ ਹੈ? ਕਈਆਂ ਸਾਲਾਂ ਬਾਅਦ, ਯੂਹੰਨਾ ਰਸੂਲ ਨੇ ਸੱਤ ਸਿਰਾਂ ਵਾਲੇ ਇਕ ਦਰਿੰਦੇ ਨੂੰ “ਸਮੁੰਦਰ” ਵਿੱਚੋਂ ਨਿਕਲਦੇ ਹੋਏ ਦੇਖਿਆ ਸੀ। ਉਹ ਸਮੁੰਦਰ “ਉੱਮਤਾਂ ਅਤੇ ਮਹਾਇਣ ਅਤੇ ਕੌਮਾਂ ਅਤੇ ਭਾਖਿਆਂ,” ਅਰਥਾਤ ਪਰਮੇਸ਼ੁਰ ਤੋਂ ਅੱਡ ਹੋਈ ਮਨੁੱਖਜਾਤੀ ਦੀ ਵੱਡੀ ਸੰਖਿਆ ਨੂੰ ਦਰਸਾਉਂਦਾ ਸੀ। ਤਾਂ ਫਿਰ ਇਹ ਸਮੁੰਦਰ, ਪਰਮੇਸ਼ੁਰ ਤੋਂ ਵੱਖ ਹੋ ਚੁੱਕੀ ਮਨੁੱਖਜਾਤੀ ਦੀ ਵੱਡੀ ਭੀੜ ਦਾ ਇਕ ਢੁਕਵਾਂ ਪ੍ਰਤੀਕ ਹੈ।—ਪਰਕਾਸ਼ ਦੀ ਪੋਥੀ 13:1, 2; 17:15; ਯਸਾਯਾਹ 57:20.

6. ਚਾਰ ਦਰਿੰਦੇ ਕੀ ਦਰਸਾਉਂਦੇ ਹਨ?

6 ਪਰਮੇਸ਼ੁਰ ਦਾ ਦੂਤ ਦੱਸਦਾ ਹੈ ਕਿ “ਏਹ ਚਾਰ ਵੱਡੇ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਉੱਤੇ ਉੱਠਣਗੇ।” (ਦਾਨੀਏਲ 7:17) ਦੂਤ ਨੇ ਸਾਫ਼-ਸਾਫ਼ ਦਿਖਾਇਆ ਸੀ ਕਿ ਦਾਨੀਏਲ ਦੁਆਰਾ ਦੇਖੇ ਗਏ ਇਹ ਚਾਰ ਦਰਿੰਦੇ, “ਚਾਰ ਰਾਜੇ” ਹਨ। ਤਾਂ ਫਿਰ ਇਹ ਦਰਿੰਦੇ ਵਿਸ਼ਵ ਸ਼ਕਤੀਆਂ ਨੂੰ ਦਰਸਾਉਂਦੇ ਹਨ। ਪਰ ਉਹ ਕਿਹੜੀਆਂ ਸ਼ਕਤੀਆਂ ਹਨ?

7. (ੳ) ਬਾਈਬਲ ਦੇ ਕੁਝ ਟੀਕਾਕਾਰ, ਦਾਨੀਏਲ ਦੇ ਸੁਪਨੇ ਵਿਚ ਦੇਖੇ ਗਏ ਚਾਰ ਦਰਿੰਦਿਆਂ ਦੇ ਦਰਸ਼ਣ ਬਾਰੇ ਅਤੇ ਨਬੂਕਦਨੱਸਰ ਦੀ ਵੱਡੀ ਮੂਰਤ ਦੇ ਸੁਪਨੇ ਬਾਰੇ ਕੀ ਕਹਿੰਦੇ ਹਨ? (ਅ) ਮੂਰਤ ਦੇ ਚਾਰ ਇਕੱਲੇ-ਇਕੱਲੇ ਧਾਤੀ ਹਿੱਸੇ ਕੀ ਦਰਸਾਉਂਦੇ ਹਨ?

7 ਆਮ ਤੌਰ ਤੇ ਬਾਈਬਲ ਦੇ ਟੀਕਾਕਾਰ, ਦਾਨੀਏਲ ਦੁਆਰਾ ਸੁਪਨੇ ਵਿਚ ਦੇਖੇ ਗਏ ਚਾਰ ਦਰਿੰਦਿਆਂ ਵਾਲੇ ਦਰਸ਼ਣ ਨੂੰ ਨਬੂਕਦਨੱਸਰ ਦੀ ਵੱਡੀ ਮੂਰਤ ਦੇ ਸੁਪਨੇ ਨਾਲ ਜੋੜਦੇ ਹਨ। ਮਿਸਾਲ ਲਈ, ਦ ਐਕਸਪੌਜ਼ੀਟਰਜ਼ ਬਾਈਬਲ ਕਮੈਂਟਰੀ ਕਹਿੰਦੀ ਹੈ ਕਿ “[ਦਾਨੀਏਲ ਦਾ] ਸੱਤਵਾਂ ਅਧਿਆਇ ਦੂਜੇ ਅਧਿਆਇ ਨਾਲ ਮੇਲ ਖਾਂਦਾ ਹੈ।” ਦ ਵਿੱਕਲਿਫ਼ ਬਾਈਬਲ ਕਮੈਂਟਰੀ ਕਹਿੰਦੀ ਹੈ ਕਿ ‘ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਦਾਨੀਏਲ ਦੇ ਸੱਤਵੇਂ ਅਧਿਆਇ ਵਿਚ ਉਹੀ ਚਾਰ ਗ਼ੈਰ-ਯਹੂਦੀ ਸ਼ਕਤੀਆਂ ਦੇ ਉਤਾਰ-ਚੜ੍ਹਾਅ ਬਾਰੇ ਗੱਲ ਕੀਤੀ ਗਈ ਹੈ ਜੋ ਦਾਨੀਏਲ ਦੇ ਦੂਜੇ ਅਧਿਆਇ ਵਿਚ ਪਾਈਆਂ ਜਾਂਦੀਆਂ ਹਨ।’ ਨਬੂਕਦਨੱਸਰ ਦੇ ਸੁਪਨੇ ਵਿਚ ਚਾਰ ਧਾਤਾਂ ਨਾਲ ਦਰਸਾਈਆਂ ਗਈਆਂ ਚਾਰ ਵਿਸ਼ਵ ਸ਼ਕਤੀਆਂ ਸਨ—ਬਾਬਲੀ ਸਾਮਰਾਜ (ਸੋਨੇ ਦਾ ਸਿਰ), ਮਾਦੀ-ਫ਼ਾਰਸ (ਚਾਂਦੀ ਦੀ ਹਿੱਕ ਅਤੇ ਬਾਹਾਂ), ਯੂਨਾਨ (ਪਿੱਤਲ ਦਾ ਢਿੱਡ ਤੇ ਪੱਟ), ਅਤੇ ਰੋਮੀ ਸਾਮਰਾਜ (ਲੋਹੇ ਦੀਆਂ ਲੱਤਾਂ)। * (ਦਾਨੀਏਲ 2:32, 33) ਆਓ ਅਸੀਂ ਦੇਖੀਏ ਕਿ ਦਾਨੀਏਲ ਦੁਆਰਾ ਦੇਖੇ ਗਏ ਇਹ ਰਾਜ ਉਨ੍ਹਾਂ ਚਾਰ ਦਰਿੰਦਿਆਂ ਨਾਲ ਕਿਵੇਂ ਮੇਲ ਖਾਂਦੇ ਹਨ।

ਸ਼ੇਰ ਜਿੰਨਾ ਵਹਿਸ਼ੀ ਅਤੇ ਉਕਾਬ ਜਿੰਨਾ ਤੇਜ਼

8. (ੳ) ਦਾਨੀਏਲ ਨੇ ਪਹਿਲੇ ਦਰਿੰਦੇ ਬਾਰੇ ਕੀ ਦੱਸਿਆ? (ਅ) ਪਹਿਲੇ ਦਰਿੰਦੇ ਨੇ ਕਿਹੜੇ ਸਾਮਰਾਜ ਨੂੰ ਦਰਸਾਇਆ, ਅਤੇ ਉਸ ਦਾ ਸੁਭਾਅ ਸ਼ੇਰ ਵਰਗਾ ਕਿਵੇਂ ਸੀ?

8 ਦਾਨੀਏਲ ਨੇ ਕਿੰਨੇ ਅਨੋਖੇ ਦਰਿੰਦੇ ਦੇਖੇ! ਉਸ ਨੇ ਇਕ ਦਰਿੰਦੇ ਬਾਰੇ ਕਿਹਾ ਕਿ “ਪਹਿਲਾ ਸ਼ੇਰ ਬਬਰ ਵਰਗਾ ਸੀ ਅਤੇ ਉਕਾਬ ਜਿਹੇ ਖੰਭਾਂ ਵਾਲਾ ਸੀ ਅਰ ਮੈਂ ਵੇਖਦਾ ਰਿਹਾ ਜਦੋਂ ਤੀਕਰ ਉਹ ਦੇ ਖੰਭ ਨਾ ਪੁੱਟੇ ਗਏ ਅਤੇ ਉਹ ਧਰਤੀ ਉੱਤੋਂ ਚੁੱਕਿਆ ਗਿਆ ਅਤੇ ਮਨੁੱਖ ਵਾਂਙੁ ਪੈਰਾਂ ਦੇ ਭਾਰ ਖੜਾ ਕੀਤਾ ਗਿਆ ਅਤੇ ਮਨੁੱਖ ਦਾ ਦਿਲ ਉਸ ਨੂੰ ਦਿੱਤਾ ਗਿਆ।” (ਦਾਨੀਏਲ 7:4) ਇਸ ਦਰਿੰਦੇ ਨੇ ਉਸੇ ਹਕੂਮਤ ਨੂੰ ਦਰਸਾਇਆ ਜੋ ਵੱਡੀ ਮੂਰਤ ਦੇ ਸੋਨੇ ਦੇ ਸਿਰ ਨਾਲ ਦਰਸਾਈ ਗਈ ਸੀ, ਅਰਥਾਤ ਬਾਬਲੀ ਵਿਸ਼ਵ ਸ਼ਕਤੀ (607-539 ਸਾ.ਯੁ.ਪੂ.)। ਇਕ ਸ਼ਿਕਾਰੀ “ਬਬਰ ਸ਼ੇਰ” ਵਾਂਗ, ਬਾਬਲ ਨੇ ਕੌਮਾਂ ਨੂੰ ਜ਼ਬਰਦਸਤੀ ਨਾਲ ਪਾੜ ਕੇ ਖਾਧਾ। ਇਨ੍ਹਾਂ ਵਿਚ ਪਰਮੇਸ਼ੁਰ ਦੇ ਲੋਕ ਵੀ ਸ਼ਾਮਲ ਸਨ। (ਯਿਰਮਿਯਾਹ 4:5-7; 50:17) ਜਿਵੇਂ ਕਿ ਉਸ ਦੇ ਉਕਾਬ ਦੇ ਖੰਭ ਸਨ, ਇਹ “ਸ਼ੇਰ” ਵੱਡੇ-ਵੱਡੇ ਹਮਲੇ ਕਰਦਾ ਹੋਇਆ ਅੱਗੇ ਵਧਿਆ।—ਵਿਰਲਾਪ 4:19; ਹਬੱਕੂਕ 1:6-8.

9. ਸ਼ੇਰ ਵਰਗੇ ਦਰਿੰਦੇ ਵਿਚ ਕਿਹੜੀਆਂ ਤਬਦੀਲੀਆਂ ਆਈਆਂ ਅਤੇ ਇਨ੍ਹਾਂ ਦਾ ਉਸ ਉੱਪਰ ਕੀ ਅਸਰ ਪਿਆ?

9 ਸਮਾਂ ਆਉਣ ਤੇ, ਇਸ ਅਨੋਖੇ ਸ਼ੇਰ ਦੇ ‘ਖੰਭ ਪੁੱਟੇ ਗਏ।’ ਰਾਜਾ ਬੇਲਸ਼ੱਸਰ ਦੀ ਹਕੂਮਤ ਦੇ ਅੰਤ ਦੇ ਨਜ਼ਦੀਕ, ਬਾਬਲ ਦੇ ਹਮਲਿਆਂ ਦੀ ਰਫ਼ਤਾਰ ਘੱਟ ਗਈ। ਕੌਮਾਂ ਉੱਪਰ ਉਸ ਦੀ ਸ਼ੇਰ ਵਰਗੀ ਸਰਦਾਰੀ ਵੀ ਘੱਟ ਗਈ। ਬਾਬਲ ਇਕ ਪੈਦਲ ਚੱਲ ਰਹੇ ਬੰਦੇ ਨਾਲੋਂ ਵੀ ਹੌਲੀ ਹੋ ਗਿਆ। ਉਸ ਨੂੰ “ਮਨੁੱਖ ਦਾ ਦਿਲ” ਮਿਲ ਗਿਆ, ਯਾਨੀ ਕਿ ਉਹ ਕਮਜ਼ੋਰ ਹੋ ਗਿਆ ਸੀ। ‘ਸ਼ੇਰ ਦੇ ਦਿਲ’ ਤੋਂ ਬਿਨਾਂ ਬਾਬਲ ਹੁਣ “ਬਣ ਦੇ ਦਰਿੰਦਿਆਂ ਵਿੱਚ” ਬਾਦਸ਼ਾਹ ਵਾਂਗ ਨਹੀਂ ਚੱਲ-ਫਿਰ ਸਕਦਾ ਸੀ। (2 ਸਮੂਏਲ 17:10; ਮੀਕਾਹ 5:8 ਦੀ ਤੁਲਨਾ ਕਰੋ।) ਇਕ ਹੋਰ ਵੱਡੇ ਦਰਿੰਦੇ ਨੇ ਉਸ ਨੂੰ ਢਾਹ ਲਿਆ ਸੀ।

ਰਿੱਛ ਵਾਂਗ ਭੁੱਖਾ

10. “ਰਿੱਛ” ਨੇ ਕਿਨ੍ਹਾਂ ਹਾਕਮਾਂ ਦੇ ਘਰਾਣੇ ਨੂੰ ਦਰਸਾਇਆ?

10 ਦਾਨੀਏਲ ਨੇ ਕਿਹਾ ਕਿ ਮੈਂ “ਫੇਰ ਕੀ ਵੇਖਦਾ ਹਾਂ ਜੋ ਦੂਜਾ ਦਰਿੰਦਾ ਰਿੱਛ ਵਰਗਾ ਸੀ। ਉਹ ਇੱਕ [ਪਾਸਿਓਂ] ਖਲੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦਿਆਂ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉੱਠ ਅਰ ਢੇਰ ਸਾਰਾ ਮਾਸ ਖਾਹ!” (ਦਾਨੀਏਲ 7:5) “ਰਿੱਛ” ਨਾਲ ਦਰਸਾਇਆ ਗਿਆ ਇਹ ਰਾਜਾ ਉਹੀ ਸੀ ਜੋ ਵੱਡੀ ਮੂਰਤ ਦੀ ਚਾਂਦੀ ਦੀ ਹਿੱਕ ਅਤੇ ਬਾਹਾਂ ਦੁਆਰਾ ਦਰਸਾਇਆ ਗਿਆ ਸੀ, ਅਰਥਾਤ ਮਾਦੀ-ਫ਼ਾਰਸੀ ਹਾਕਮਾਂ ਦਾ ਘਰਾਣਾ (539-331 ਸਾ.ਯੁ.ਪੂ.) ਜੋ ਦਾਰਾ ਮਾਦੀ ਅਤੇ ਖੋਰਸ ਮਹਾਨ ਨਾਲ ਸ਼ੁਰੂ ਹੋਇਆ ਅਤੇ ਦਾਰਾ ਤੀਜੇ ਨਾਲ ਖ਼ਤਮ ਹੋਇਆ ਸੀ।

11. ਇਸ ਦਾ ਕੀ ਅਰਥ ਸੀ ਕਿ ਰਿੱਛ ਇਕ ਪਾਸਿਓਂ ਖਲੋਇਆ ਸੀ ਅਤੇ ਉਸ ਦਿਆਂ ਦੰਦਾਂ ਵਿਚਕਾਰ ਤਿੰਨ ਪਸਲੀਆਂ ਸਨ?

11 ਇਹ “ਰਿੱਛ” ਸ਼ਾਇਦ ਹਮਲਾ ਕਰਨ ਦੀ ਤਿਆਰੀ ਵਿਚ ਅਤੇ ਕੌਮਾਂ ਨੂੰ ਅਧੀਨ ਕਰ ਕੇ ਆਪਣੇ ਆਪ ਨੂੰ ਇਕ ਵਿਸ਼ਵ ਸ਼ਕਤੀ ਵਜੋਂ ਕਾਇਮ ਕਰਨ ਲਈ “ਇੱਕ [ਪਾਸਿਓਂ] ਖਲੋ ਗਿਆ” ਸੀ। ਦਰਿੰਦੇ ਦੇ ਇਕ ਪਾਸਿਓਂ ਖਲੋਏ ਹੋਏ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਫ਼ਾਰਸੀ ਹਾਕਮਾਂ ਦਾ ਘਰਾਣਾ ਮਾਦੀਆਂ ਦੇ ਇਕੱਲੇ ਰਾਜੇ ਦਾਰਾ ਉੱਪਰ ਪ੍ਰਬਲ ਹੋ ਜਾਵੇਗਾ। ਰਿੱਛ ਦਿਆਂ ਦੰਦਾਂ ਵਿਚਕਾਰ ਤਿੰਨ ਪਸਲੀਆਂ ਸ਼ਾਇਦ ਉਨ੍ਹਾਂ ਤਿੰਨਾਂ ਦਿਸ਼ਾਵਾਂ ਨੂੰ ਸੰਕੇਤ ਕਰਦੀਆਂ ਹਨ ਜਿਨ੍ਹਾਂ ਵਿਚ ਉਸ ਨੇ ਆਪਣਿਆਂ ਹਮਲਿਆਂ ਨੂੰ ਜਾਰੀ ਰੱਖਿਆ। ਸੰਨ 539 ਸਾ.ਯੁ.ਪੂ. ਵਿਚ ਇਹ ਮਾਦੀ-ਫ਼ਾਰਸੀ “ਰਿੱਛ” ਬਾਬਲ ਨੂੰ ਆਪਣੀ ਲਪੇਟ ਵਿਚ ਲੈਣ ਲਈ ਉੱਤਰ ਵੱਲ ਗਿਆ। ਫਿਰ ਉਹ ਏਸ਼ੀਆ ਮਾਈਨਰ ਰਾਹੀਂ ਪੱਛਮ ਵੱਲ ਥ੍ਰੇਸ ਵਿਚ ਗਿਆ। ਅਖ਼ੀਰ ਵਿਚ ਇਹ “ਰਿੱਛ” ਦੱਖਣ ਵੱਲ ਮਿਸਰ ਉੱਤੇ ਕਬਜ਼ਾ ਕਰਨ ਲਈ ਗਿਆ। ਕਿਉਂਕਿ ਤਿੰਨ ਨੰਬਰ ਕਦੇ-ਕਦੇ ਤੀਬਰਤਾ ਨੂੰ ਸੰਕੇਤ ਕਰਦਾ ਹੈ, ਤਿੰਨ ਪਸਲੀਆਂ ਸ਼ਾਇਦ “ਰਿੱਛ” ਦੇ ਹਮਲਾ ਕਰਨ ਦੇ ਲੋਭ ਨੂੰ ਵੀ ਸੰਕੇਤ ਕਰਦੀਆਂ ਹੋਣ।

12. ਰਿੱਛ ਦੁਆਰਾ ਇਸ ਹੁਕਮ ਦੀ ਪਾਲਣਾ ਕਰਨ ਦਾ ਕੀ ਨਤੀਜਾ ਨਿਕਲਿਆ ਕਿ “ਉੱਠ ਅਰ ਢੇਰ ਸਾਰਾ ਮਾਸ ਖਾਹ”?

12 “ਉੱਠ ਅਰ ਢੇਰ ਸਾਰਾ ਮਾਸ ਖਾਹ” ਦੀ ਹਿਦਾਇਤ ਸੁਣ ਕੇ “ਰਿੱਛ” ਨੇ ਕਈਆਂ ਕੌਮਾਂ ਉੱਤੇ ਹਮਲਾ ਕੀਤਾ। ਪਰਮੇਸ਼ੁਰ ਦੀ ਇੱਛਾ ਅਨੁਸਾਰ ਬਾਬਲ ਨੂੰ ਨਿਗਲ ਕੇ, ਮਾਦੀ-ਫ਼ਾਰਸ ਸਾਮਰਾਜ ਯਹੋਵਾਹ ਦੇ ਲੋਕਾਂ ਨਿਮਿੱਤ ਲਾਭਦਾਇਕ ਸੇਵਾ ਕਰਨ ਲਈ ਤਿਆਰ ਸੀ। ਅਤੇ ਉਸ ਨੇ ਕਿੰਨੀ ਵਧੀਆ ਸੇਵਾ ਕੀਤੀ! (ਸਫ਼ਾ 149 ਉੱਤੇ “ਸਹਿਣਸ਼ੀਲ ਸੁਭਾਅ ਵਾਲਾ ਇਕ ਬਾਦਸ਼ਾਹ” ਦੇਖੋ।) ਖੋਰਸ ਮਹਾਨ ਨੇ ਬਾਬਲ ਦੇ ਯਹੂਦੀ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ। ਦਾਰਾ ਪਹਿਲਾ, ਜੋ ਕਿ ਦਾਰਾ ਮਹਾਨ ਸੀ, ਨੇ ਉਨ੍ਹਾਂ ਨੂੰ ਯਹੋਵਾਹ ਦੀ ਹੈਕਲ ਮੁੜ ਕੇ ਬਣਾਉਣ ਲਈ ਮਦਦ ਦਿੱਤੀ। ਅਤੇ ਅਰਤਹਸ਼ਸ਼ਤਾ ਪਹਿਲੇ ਨੇ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਕਰਨ ਵਿਚ ਮਦਦ ਕੀਤੀ। ਸਮਾਂ ਆਉਣ ਤੇ ਮਾਦੀ-ਫ਼ਾਰਸ ਨੇ 127 ਸੂਬਿਆਂ ਉੱਤੇ ਰਾਜ ਕੀਤਾ ਅਤੇ ਰਾਣੀ ਅਸਤਰ ਦਾ ਪਤੀ, ਅਹਸ਼ਵੇਰੋਸ਼ (ਜ਼ਰਕਸੀਜ਼ ਪਹਿਲਾ) “ਹਿੰਦ ਤੋਂ ਕੂਸ਼ ਤੀਕ” ਪਾਤਸ਼ਾਹੀ ਕਰਦਾ ਸੀ। (ਅਸਤਰ 1:1) ਪਰ, ਹੁਣ ਜਲਦੀ ਹੀ ਇਕ ਹੋਰ ਦਰਿੰਦਾ ਉੱਠਣ ਵਾਲਾ ਸੀ।

ਖੰਭਾਂ ਵਾਲੇ ਚਿੱਤਰੇ ਜਿੰਨਾ ਤੇਜ਼!

13. (ੳ) ਤੀਜਾ ਦਰਿੰਦਾ ਕਿਸ ਨੂੰ ਦਰਸਾਉਂਦਾ ਸੀ? (ਅ) ਤੀਜੇ ਦਰਿੰਦੇ ਦੀ ਤੇਜ਼ੀ ਅਤੇ ਉਸ ਦੁਆਰਾ ਕਬਜ਼ਾ ਕੀਤੇ ਗਏ ਰਾਜ ਖੇਤਰ ਬਾਰੇ ਕੀ ਕਿਹਾ ਜਾ ਸਕਦਾ ਹੈ?

13 ਤੀਜਾ ਦਰਿੰਦਾ ਇਕ “ਚਿੱਤਰੇ ਵਰਗਾ ਉੱਠਿਆ ਜਿਹ ਦੀ ਕੰਡ ਉੱਤੇ ਪੰਛੀ ਜਿਹੇ ਚਾਰ ਖੰਭ ਸਨ ਅਤੇ ਉਸ ਦਰਿੰਦੇ ਦੇ ਚਾਰ ਸਿਰ ਸਨ ਅਤੇ ਉਹ ਨੂੰ ਰਾਜ ਦਿੱਤਾ ਗਿਆ।” (ਦਾਨੀਏਲ 7:6) ਇਹ ਦਰਿੰਦਾ ਨਬੂਕਦਨੱਸਰ ਦੇ ਸੁਪਨੇ ਦੀ ਮੂਰਤ ਦੇ ਪਿੱਤਲ ਦੇ ਢਿੱਡ ਅਤੇ ਪੱਟ ਦੇ ਬਰਾਬਰ ਹੈ। ਇਹ ਚਾਰ ਖੰਭਾਂ ਅਤੇ ਚਾਰ ਸਿਰਾਂ ਵਾਲਾ ਚਿੱਤਰਾ ਮਕਦੂਨੀ, ਜਾਂ ਯੂਨਾਨੀ ਹਾਕਮਾਂ ਨੂੰ ਦਰਸਾਉਂਦਾ ਸੀ ਜਿਨ੍ਹਾਂ ਵਿੱਚੋਂ ਪਹਿਲਾ ਹਾਕਮ ਸਿਕੰਦਰ ਮਹਾਨ ਸੀ। ਸਿਕੰਦਰ, ਚਿੱਤਰੇ ਦੀ ਤੇਜ਼ੀ ਅਤੇ ਫੁਰਤੀ ਨਾਲ, ਏਸ਼ੀਆ ਮਾਈਨਰ ਰਾਹੀਂ ਦੱਖਣ ਵੱਲ ਮਿਸਰ ਨੂੰ ਅੱਗੇ ਵਧਿਆ, ਅਤੇ ਫਿਰ ਭਾਰਤ ਦੀ ਪੱਛਮੀ ਸਰਹੱਦ ਤਕ ਪਹੁੰਚਿਆ। (ਹਬੱਕੂਕ 1:8 ਦੀ ਤੁਲਨਾ ਕਰੋ।) ਉਸ ਦਾ ਰਾਜ ਖੇਤਰ “ਰਿੱਛ” ਦੇ ਖੇਤਰ ਨਾਲੋਂ ਵੱਡਾ ਸੀ ਕਿਉਂਕਿ ਉਸ ਵਿਚ ਮਕਦੂਨਿਯਾ, ਯੂਨਾਨ, ਅਤੇ ਫ਼ਾਰਸੀ ਸਾਮਰਾਜ ਸ਼ਾਮਲ ਸਨ।—ਸਫ਼ਾ 153 ਉੱਤੇ “ਇਕ ਨੌਜਵਾਨ ਬਾਦਸ਼ਾਹ ਸੰਸਾਰ ਉੱਤੇ ਹਮਲਾ ਕਰਦਾ ਹੈ” ਦੇਖੋ।

14. “ਚਿੱਤਰੇ” ਦੇ ਚਾਰ ਸਿਰ ਕਿਵੇਂ ਬਣ ਗਏ?

14 ਸੰਨ 323 ਸਾ.ਯੁ.ਪੂ. ਵਿਚ ਸਿਕੰਦਰ ਦੀ ਮੌਤ ਹੋਣ ਤੋਂ ਬਾਅਦ ਉਸ ਚਿੱਤਰੇ ਦੇ ਚਾਰ ਸਿਰ ਬਣ ਗਏ। ਉਸ ਸਮੇਂ ਉਸ ਦੇ ਚਾਰ ਜਨਰਲ ਉਸ ਦੇ ਰਾਜ ਖੇਤਰ ਦੇ ਵੱਖਰੇ-ਵੱਖਰੇ ਹਿੱਸਿਆਂ ਵਿਚ ਹਕੂਮਤ ਕਰਨ ਲੱਗ ਪਏ। ਸਿਲੂਕਸ ਨੇ ਮੇਸੋਪੋਟੇਮੀਆ ਅਤੇ ਸੀਰੀਆ ਦੇਸ਼ਾਂ ਉੱਤੇ ਰਾਜ ਕੀਤਾ। ਟਾਲਮੀ ਨੇ ਮਿਸਰ ਅਤੇ ਫਲਸਤੀਨ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਲਾਈਸਿਮਿਕਸ, ਏਸ਼ੀਆ ਮਾਈਨਰ ਅਤੇ ਥ੍ਰੇਸ ਦਾ ਹਾਕਮ ਬਣ ਗਿਆ ਅਤੇ ਕਸੈਂਡਰ ਨੂੰ ਮਕਦੂਨਿਯਾ ਅਤੇ ਯੂਨਾਨ ਦਾ ਰਾਜ ਮਿਲ ਗਿਆ। (ਸਫ਼ਾ 162 ਉੱਤੇ “ਇਕ ਵਿਸ਼ਾਲ ਰਾਜ ਵੰਡਿਆ ਜਾਂਦਾ ਹੈ” ਦੇਖੋ।) ਇਸ ਤੋਂ ਬਾਅਦ ਇਕ ਹੋਰ ਖ਼ਤਰਨਾਕ ਦਰਿੰਦਾ ਖੜ੍ਹਾ ਹੋਇਆ।

ਇਕ ਡਰਾਉਣਾ ਦਰਿੰਦਾ ਵੱਖਰਾ ਸਾਬਤ ਹੁੰਦਾ ਹੈ

15. (ੳ) ਚੌਥੇ ਦਰਿੰਦੇ ਬਾਰੇ ਦੱਸੋ। (ਅ) ਚੌਥਾ ਦਰਿੰਦਾ ਕਿਸ ਨੂੰ ਦਰਸਾਉਂਦਾ ਸੀ, ਅਤੇ ਉਸ ਨੇ ਆਪਣੇ ਰਾਹ ਵਿਚ ਆਈ ਹਰ ਚੀਜ਼ ਨੂੰ ਟੋਟੇ ਟੋਟੇ ਕਰ ਕੇ ਕਿਵੇਂ ਨਿਗਲ ਲਿਆ?

15 ਦਾਨੀਏਲ ਚੌਥੇ ਦਰਿੰਦੇ ਬਾਰੇ ਕਹਿੰਦਾ ਹੈ ਕਿ ਉਹ “ਭਿਆਣਕ ਅਤੇ ਡਰਾਉਣਾ ਅਤੇ ਡਾਢਾ ਬਲਵਾਨ” ਹੈ। ਉਹ ਅੱਗੇ ਕਹਿੰਦਾ ਹੈ ਕਿ “ਉਹ ਦੇ ਦੰਦ ਲੋਹੇ ਦੇ ਸਨ ਅਤੇ ਵੱਡੇ ਵੱਡੇ ਸਨ। ਉਹ ਨਿਗਲੀ ਜਾਂਦਾ ਅਤੇ ਟੋਟੇ ਟੋਟੇ ਕਰ ਦਿੰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ ਸੀ ਅਤੇ ਇਹ ਉਨ੍ਹਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਦੇ ਪਹਿਲਾਂ ਸਨ ਵੱਖਰਾ ਸੀ ਅਤੇ ਉਹ ਦੇ ਦਸ ਸਿੰਙ ਸਨ।” (ਦਾਨੀਏਲ 7:7) ਇਹ ਡਰਾਉਣਾ ਦਰਿੰਦਾ, ਰੋਮ ਦੀ ਸਿਆਸੀ ਅਤੇ ਸੈਨਿਕ ਸ਼ਕਤੀ ਵਜੋਂ ਸ਼ੁਰੂ ਹੋਇਆ। ਹੌਲੀ-ਹੌਲੀ ਇਸ ਨੇ ਯੂਨਾਨੀ ਸਾਮਰਾਜ ਦੇ ਚਾਰ ਹੈਲਨਵਾਦੀ ਹਿੱਸਿਆਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ 30 ਸਾ.ਯੁ.ਪੂ. ਤਕ ਰੋਮ ਬਾਈਬਲ ਭਵਿੱਖਬਾਣੀ ਦੀ ਅਗਲੀ ਵਿਸ਼ਵ ਸ਼ਕਤੀ ਵਜੋਂ ਸਾਮ੍ਹਣੇ ਆਇਆ। ਸੈਨਿਕ ਤਾਕਤ ਨਾਲ ਆਪਣੇ ਰਾਹ ਵਿਚ ਆਈ ਹਰ ਚੀਜ਼ ਨੂੰ ਕਾਬੂ ਵਿਚ ਕਰਦਾ ਹੋਇਆ, ਰੋਮੀ ਸਾਮਰਾਜ ਅੰਤ ਵਿਚ ਇੰਨਾ ਵੱਧ ਗਿਆ ਕਿ ਉਹ ਬਰਤਾਨਵੀ ਟਾਪੂਆਂ ਤੋਂ ਲੈ ਕੇ ਤਕਰੀਬਨ ਸਾਰੇ ਯੂਰਪ, ਸਾਰੇ ਭੂਮੱਧ ਸਾਗਰ, ਅਤੇ ਬਾਬਲ ਤੋਂ ਪਾਰ ਲੰਘ ਕੇ ਫ਼ਾਰਸੀ ਖਾੜੀ ਤਕ ਫੈਲ ਗਿਆ।

16. ਦੂਤ ਨੇ ਚੌਥੇ ਦਰਿੰਦੇ ਬਾਰੇ ਕੀ ਦੱਸਿਆ?

16 ਕਿਉਂਕਿ ਦਾਨੀਏਲ ਇਸ ‘ਡਾਢੇ ਡਰਾਉਣੇ’ ਦਰਿੰਦੇ ਦਾ ਠੀਕ-ਠੀਕ ਅਰਥ ਸਮਝਣਾ ਚਾਹੁੰਦਾ ਸੀ, ਉਸ ਨੇ ਧਿਆਨ ਨਾਲ ਸੁਣਿਆ ਜਿਉਂ ਹੀ ਦੂਤ ਨੇ ਵਿਆਖਿਆ ਕੀਤੀ: “[ਉਸ ਦੇ] ਓਹ ਦਸ ਸਿੰਙ ਜੋ ਹਨ ਸੋ ਦਸ ਰਾਜੇ ਹਨ ਜੋ ਉਸ ਰਾਜ ਦੇ ਵਿੱਚ ਉੱਠਣਗੇ ਅਤੇ ਉਨ੍ਹਾਂ ਦੇ ਪਿੱਛੋਂ ਇੱਕ ਹੋਰ ਉੱਠੇਗਾ ਅਤੇ ਉਹ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ। ਉਹ ਤਿੰਨਾਂ ਰਾਜਿਆਂ ਉੱਤੇ ਜ਼ੋਰ ਪਾ ਲਵੇਗਾ।” (ਦਾਨੀਏਲ 7:19, 20, 24) ਇਹ “ਦਸ ਸਿੰਙ” ਜਾਂ “ਦਸ ਰਾਜੇ” ਕੌਣ ਹਨ?

17. ਚੌਥੇ ਦਰਿੰਦੇ ਦੇ “ਦਸ ਸਿੰਙ” ਕਿਨ੍ਹਾਂ ਨੂੰ ਦਰਸਾਉਂਦੇ ਹਨ?

17 ਜਿਉਂ-ਜਿਉਂ ਰੋਮ ਅਮੀਰ ਹੁੰਦਾ ਗਿਆ ਅਤੇ ਉਸ ਦੇ ਰਾਜਿਆਂ ਨੇ ਅਸ਼ਲੀਲ ਜੀਵਨ ਢੰਗ ਨੂੰ ਅਪਣਾ ਲਿਆ, ਉਹ ਜ਼ਿਆਦਾ ਤੋਂ ਜ਼ਿਆਦਾ ਘਟੀਆ ਬਣ ਗਿਆ ਅਤੇ ਇਕ ਸੈਨਿਕ ਤਾਕਤ ਵਜੋਂ ਕਮਜ਼ੋਰ ਹੋ ਗਿਆ। ਸਮਾਂ ਆਉਣ ਤੇ, ਰੋਮ ਦੀ ਸੈਨਾ ਵਿਚ ਕਮਜ਼ੋਰੀਆਂ ਸਾਫ਼-ਸਾਫ਼ ਨਜ਼ਰ ਆਉਣ ਲੱਗ ਪਈਆਂ। ਅੰਤ ਵਿਚ ਇਸ ਸ਼ਕਤੀਸ਼ਾਲੀ ਸਾਮਰਾਜ ਦੇ ਟੁਕੜੇ-ਟੁਕੜੇ ਹੋ ਗਏ ਅਤੇ ਉਸ ਵਿੱਚੋਂ ਵੱਖਰੇ ਰਾਜ ਬਣ ਗਏ। ਕਿਉਂਕਿ ਬਾਈਬਲ ਸੰਪੂਰਣਤਾ ਨੂੰ ਸੰਕੇਤ ਕਰਨ ਲਈ ਅਕਸਰ ਦਸ ਨੰਬਰ ਵਰਤਦੀ ਹੈ, ਚੌਥੇ ਦਰਿੰਦੇ ਦੇ “ਦਸ ਸਿੰਙ” ਉਨ੍ਹਾਂ ਸਾਰਿਆਂ ਰਾਜਾਂ ਨੂੰ ਦਰਸਾਉਂਦੇ ਹਨ ਜੋ ਰੋਮ ਦੇ ਖ਼ਤਮ ਹੋਣ ਤੋਂ ਬਾਅਦ ਸ਼ੁਰੂ ਹੋਏ ਸਨ।—ਬਿਵਸਥਾ ਸਾਰ 4:13; ਲੂਕਾ 15:8; 19:13, 16, 17 ਦੀ ਤੁਲਨਾ ਕਰੋ।

18. ਰੋਮ ਦੇ ਅਖ਼ੀਰਲੇ ਸ਼ਹਿਨਸ਼ਾਹ ਨੂੰ ਲਾਹ ਦਿੱਤੇ ਜਾਣ ਤੋਂ ਬਾਅਦ ਵੀ, ਰੋਮ ਸਦੀਆਂ ਤਕ ਯੂਰਪ ਉੱਤੇ ਕਿਵੇਂ ਪ੍ਰਧਾਨਗੀ ਕਰਦਾ ਰਿਹਾ?

18 ਪਰ ਰੋਮੀ ਵਿਸ਼ਵ ਸ਼ਕਤੀ ਦਾ ਅੰਤ ਉਦੋਂ ਨਹੀਂ ਹੋਇਆ ਸੀ ਜਦੋਂ 476 ਸਾ.ਯੁ. ਵਿਚ ਉਸ ਦੇ ਅਖ਼ੀਰਲੇ ਸ਼ਹਿਨਸ਼ਾਹ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ। ਕਈਆਂ ਸਦੀਆਂ ਲਈ, ਪੋਪ ਅਧੀਨ ਰੋਮ, ਯੂਰਪ ਉੱਤੇ ਸਿਆਸੀ ਅਤੇ ਖ਼ਾਸ ਕਰਕੇ ਧਾਰਮਿਕ ਪ੍ਰਭਾਵ ਪਾਉਂਦਾ ਰਿਹਾ। ਉਸ ਨੇ ਜਗੀਰਦਾਰੀ ਰਾਹੀਂ ਇਹ ਪ੍ਰਭਾਵ ਜਾਰੀ ਰੱਖਿਆ, ਜਿਸ ਵਿਚ ਯੂਰਪ ਦੇ ਜ਼ਿਆਦਾਤਰ ਲੋਕ ਪਹਿਲਾਂ ਜਗੀਰਦਾਰ ਦੇ ਅਧੀਨ ਹੁੰਦੇ ਸਨ ਅਤੇ ਫਿਰ ਰਾਜੇ ਦੇ ਵੀ ਅਧੀਨ ਸਨ। ਅਤੇ ਸਾਰੇ ਰਾਜੇ ਪੋਪ ਦਾ ਇਖ਼ਤਿਆਰ ਮੰਨਦੇ ਸਨ। ਇਸ ਤਰ੍ਹਾਂ ਇਤਿਹਾਸ ਦੇ ਉਸ ਲੰਬੇ ਸਮੇਂ ਦੌਰਾਨ ਜਿਸ ਨੂੰ ਅੰਧਕਾਰ-ਯੁਗ ਕਿਹਾ ਜਾਂਦਾ ਹੈ, ਪਵਿੱਤਰ ਰੋਮੀ ਸਾਮਰਾਜ ਨੇ ਪੋਪ ਅਧੀਨ ਰੋਮ ਨੂੰ ਆਪਣਾ ਕੇਂਦਰ ਬਣਾ ਕੇ ਸੰਸਾਰ ਦੇ ਕਾਰੋਬਾਰਾਂ ਉੱਤੇ ਪ੍ਰਧਾਨਗੀ ਕੀਤੀ।

19. ਇਕ ਇਤਿਹਾਸਕਾਰ ਅਨੁਸਾਰ, ਰੋਮ ਪਹਿਲਿਆਂ ਸਾਮਰਾਜਾਂ ਨਾਲੋਂ ਕਿਵੇਂ ਵੱਖਰਾ ਸੀ?

19 ਇਸ ਗੱਲ ਦਾ ਕੌਣ ਇਨਕਾਰ ਕਰ ਸਕਦਾ ਹੈ ਕਿ ਚੌਥਾ ਦਰਿੰਦਾ “[ਦੂਜਿਆਂ] ਸਭਨਾਂ ਰਾਜਾਂ ਨਾਲੋਂ ਵੱਖਰਾ” ਸੀ। (ਦਾਨੀਏਲ 7:7, 19, 23) ਇਸ ਬਾਰੇ ਇਤਿਹਾਸਕਾਰ ਐੱਚ. ਜੀ. ਵੈੱਲਜ਼ ਨੇ ਲਿਖਿਆ: ‘ਸਭਿਅ ਸੰਸਾਰ ਵਿਚ ਹੁਣ ਤਕ ਬਹੁਤ ਸਾਰੇ ਵੱਡੇ ਸਾਮਰਾਜ ਹਕੂਮਤ ਕਰ ਚੁੱਕੇ ਹਨ। ਇਹ ਨਵੀਂ ਰੋਮੀ ਸ਼ਕਤੀ ਇਨ੍ਹਾਂ ਸਾਰਿਆਂ ਨਾਲੋਂ ਕਈਆਂ ਤਰੀਕਿਆਂ ਵਿਚ ਇਕ ਵੱਖਰੀ ਚੀਜ਼ ਸੀ। ਇਸ ਵਿਚ ਸੰਸਾਰ ਦੇ ਤਕਰੀਬਨ ਸਾਰੇ ਯੂਨਾਨੀ ਲੋਕ ਸ਼ਾਮਲ ਸਨ, ਅਤੇ ਇਸ ਤੋਂ ਪਹਿਲਾਂ ਦੇ ਕਿਸੇ ਵੀ ਸਾਮਰਾਜ ਵਿਚ ਇਸ ਦੀ ਆਬਾਦੀ ਵਿਚ ਘੱਟ ਹੈਮਵੰਸ਼ੀ ਅਤੇ ਸਾਮੀ ਲੋਕ ਸਨ। ਇਤਿਹਾਸ ਵਿਚ ਇਸ ਨੇ ਹੁਣ ਇਕ ਨਵਾਂ ਨਮੂਨਾ ਕਾਇਮ ਕੀਤਾ ਸੀ। ਕਿਸੇ ਦੁਆਰਾ ਕੋਈ ਯੋਜਨਾ ਬਣਾਏ ਬਿਨਾਂ ਹੀ ਰੋਮੀ ਸਾਮਰਾਜ ਇਕ ਨਵੀਂ ਪੈਦਾਇਸ਼ ਵਜੋਂ ਸਾਮ੍ਹਣੇ ਆਇਆ ਸੀ; ਰੋਮੀ ਲੋਕਾਂ ਨੇ ਆਪਣੇ ਆਪ ਨੂੰ ਦੂਸਰੇ ਦੇਸ਼ਾਂ ਦੇ ਵੱਡੇ-ਵੱਡੇ ਇਲਾਕਿਆਂ ਉੱਪਰ ਪ੍ਰਬੰਧਕਾਂ ਵਜੋਂ ਕੰਮ ਕਰਦੇ ਹੋਏ ਪਾਇਆ।’ ਪਰ ਅਜੇ ਚੌਥੇ ਦਰਿੰਦੇ ਨੇ ਹੋਰ ਵੀ ਵਧਣਾ ਸੀ।

ਇਕ ਨਿੱਕਾ ਜਿਹਾ ਸਿੰਙ ਪ੍ਰਧਾਨ ਬਣਦਾ ਹੈ

20. ਦੂਤ ਨੇ ਚੌਥੇ ਦਰਿੰਦੇ ਦੇ ਸਿਰ ਉੱਤੇ ਇਕ ਿਨੱਕੇ ਜਿਹੇ ਸਿੰਙ ਦੇ ਨਿਕਲਣ ਬਾਰੇ ਕੀ ਕਿਹਾ?

20 “ਮੈਂ ਉਨ੍ਹਾਂ ਸਿੰਙਾਂ ਨੂੰ ਧਿਆਨ ਲਾ ਕੇ ਡਿੱਠਾ,” ਦਾਨੀਏਲ ਨੇ ਕਿਹਾ, “ਅਤੇ ਕੀ ਵੇਖਦਾ ਹਾਂ ਕਿ ਉਨ੍ਹਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਙ ਨਿੱਕਲਿਆ ਜਿਹ ਦੇ ਅੱਗੇ ਪਹਿਲਿਆਂ ਵਿੱਚੋਂ ਤਿੰਨ ਸਿੰਙ ਮੁਢੋਂ ਪੁੱਟੇ ਗਏ।” (ਦਾਨੀਏਲ 7:8) ਇਸ ਹੋਰ ਸਿੰਙ ਬਾਰੇ ਦੂਤ ਨੇ ਦਾਨੀਏਲ ਨੂੰ ਦੱਸਿਆ: “ਉਨ੍ਹਾਂ [ਦਸਾਂ ਰਾਜਿਆਂ] ਦੇ ਪਿੱਛੋਂ ਇੱਕ ਹੋਰ ਉੱਠੇਗਾ ਅਤੇ ਉਹ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ। ਉਹ ਤਿੰਨਾਂ ਰਾਜਿਆਂ ਉੱਤੇ ਜ਼ੋਰ ਪਾ ਲਵੇਗਾ।” (ਦਾਨੀਏਲ 7:24) ਇਹ ਰਾਜਾ ਕੌਣ ਹੈ, ਇਹ ਕਦੋਂ ਉੱਠਿਆ, ਅਤੇ ਇਸ ਨੇ ਕਿਹੜੇ ਤਿੰਨਾਂ ਰਾਜਿਆਂ ਉੱਤੇ ਜ਼ੋਰ ਪਾਇਆ?

21. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਬਰਤਾਨੀਆ ਚੌਥੇ ਦਰਿੰਦੇ ਦਾ ਨਿੱਕਾ ਜਿਹਾ ਸਿੰਙ ਸੀ?

21 ਅਗਲੀਆਂ ਘਟਨਾਵਾਂ ਉੱਤੇ ਗੌਰ ਕਰੋ। ਸੰਨ 55 ਸਾ.ਯੁ.ਪੂ. ਵਿਚ ਰੋਮੀ ਜਨਰਲ ਜੂਲੀਅਸ ਕੈਸਰ ਨੇ ਬਰਤਾਨੀਆ ਉੱਤੇ ਹਮਲਾ ਕੀਤਾ ਪਰ ਉਹ ਇਕ ਪੱਕੀ ਬਸਤੀ ਨੂੰ ਨਹੀਂ ਸਥਾਪਿਤ ਕਰ ਸਕਿਆ। ਫਿਰ 43 ਸਾ.ਯੁ. ਵਿਚ ਸ਼ਹਿਨਸ਼ਾਹ ਕਲੋਡਿਅਸ ਨੇ ਦੱਖਣੀ ਬਰਤਾਨੀਆ ਉੱਤੇ ਇਕ ਜ਼ੋਰਦਾਰ ਹਮਲਾ ਕਰ ਕੇ ਇਕ ਪੱਕੀ ਬਸਤੀ ਸਥਾਪਿਤ ਕਰਨੀ ਆਰੰਭ ਕੀਤੀ। ਉਸ ਤੋਂ ਬਾਅਦ 122 ਸਾ.ਯੁ. ਵਿਚ ਸ਼ਹਿਨਸ਼ਾਹ ਹੇਡਰਿਅਨ ਨੇ ਟਾਈਨ ਦਰਿਆ ਤੋਂ ਸਾਲਵਈ ਨਦੀ ਤਕ ਇਕ ਕੰਧ ਬਣਾਉਣੀ ਸ਼ੁਰੂ ਕੀਤੀ ਅਤੇ ਇਹ ਰੋਮੀ ਸਾਮਰਾਜ ਦੀ ਉੱਤਰੀ ਸੀਮਾ ਬਣੀ। ਪੰਜਵੀਂ ਸਦੀ ਦੇ ਆਰੰਭ ਵਿਚ ਰੋਮੀ ਸੈਨਾ ਇਸ ਟਾਪੂ ਤੋਂ ਚਲੀ ਗਈ ਸੀ। ਇਕ ਇਤਿਹਾਸਕਾਰ ਨੇ ਵਿਆਖਿਆ ਕੀਤੀ ਕਿ “ਸੋਲਵੀਂ ਸਦੀ ਵਿਚ ਇੰਗਲੈਂਡ ਇਕ ਮਾਮੂਲੀ ਜਿਹੀ ਸ਼ਕਤੀ ਸੀ। ਨੀਦਰਲੈਂਡਜ਼ ਦੀ ਤੁਲਨਾ ਵਿਚ ਉਹ ਇਕ ਗ਼ਰੀਬ ਦੇਸ਼ ਸੀ ਅਤੇ ਫਰਾਂਸ ਨਾਲੋਂ ਉਸ ਦੀ ਆਬਾਦੀ ਘੱਟ ਸੀ। ਉਸ ਦੀ ਹਥਿਆਰਬੰਦ ਫ਼ੌਜ (ਜਿਸ ਵਿਚ ਜਲ-ਸੈਨਾ ਵੀ ਸ਼ਾਮਲ ਸੀ) ਸਪੇਨ ਦੀ ਹਥਿਆਰਬੰਦ ਫ਼ੌਜ ਨਾਲੋਂ ਛੋਟੀ ਸੀ।” ਜ਼ਾਹਰ ਹੁੰਦਾ ਹੈ ਕਿ ਬਰਤਾਨੀਆ ਇਕ ਮਾਮੂਲੀ ਜਿਹਾ ਰਾਜ ਸੀ ਅਤੇ ਉਹ ਚੌਥੇ ਦਰਿੰਦੇ ਦਾ ਨਿੱਕਾ ਜਿਹਾ ਸਿੰਙ ਸੀ। ਪਰ ਹੁਣ ਇਹ ਸਭ ਕੁਝ ਬਦਲਣ ਵਾਲਾ ਸੀ।

22. (ੳ) ‘ਿਨੱਕੇ’ ਸਿੰਙ ਨੇ ਚੌਥੇ ਦਰਿੰਦੇ ਦੇ ਹੋਰ ਕਿਹੜੇ ਤਿੰਨਾਂ ਸਿੰਙਾਂ ਉੱਤੇ ਜਿੱਤ ਪ੍ਰਾਪਤ ਕੀਤੀ? (ਅ) ਫਿਰ ਬਰਤਾਨੀਆ ਕੀ ਸਿੱਧ ਹੋਇਆ?

22 ਸੰਨ 1588 ਵਿਚ ਸਪੇਨ ਦਾ ਫਿਲਿਪ ਦੂਜਾ, ਸਪੇਨੀ ਜੰਗੀ ਬੇੜਾ ਲੈ ਕੇ ਬਰਤਾਨੀਆ ਉੱਤੇ ਹਮਲਾ ਕਰਨ ਲਈ ਆਇਆ। ਇਸ ਬੇੜੇ ਦੇ 130 ਜਹਾਜ਼ਾਂ ਵਿਚ 24,000 ਮਨੁੱਖ ਸਨ। ਉਹ ਇੰਗਲਿਸ਼ ਚੈਨਲ ਰਾਹੀਂ ਆਏ ਪਰ ਬਰਤਾਨਵੀ ਜਲ-ਸੈਨਾ ਨੇ ਉਨ੍ਹਾਂ ਨੂੰ ਹਰਾ ਦਿੱਤਾ ਅਤੇ ਉਹ ਫਿਰ ਅੰਧ ਮਹਾਂਸਾਗਰ ਦੇ ਜ਼ੋਰਦਾਰ ਤੂਫ਼ਾਨਾਂ ਦੇ ਸ਼ਿਕਾਰ ਬਣ ਗਏ। ਇਕ ਇਤਿਹਾਸਕਾਰ ਦੇ ਅਨੁਸਾਰ, ਇਸ ਘਟਨਾ ਨੇ ‘ਸਾਫ਼-ਸਾਫ਼ ਦਿਖਾਇਆ ਕਿ ਇੰਗਲੈਂਡ ਦੀ ਜਲ-ਸੈਨਾ ਸਪੇਨ ਨਾਲੋਂ ਹੁਣ ਵਧੀਆ ਸੀ।’ ਸਤਾਰ੍ਹਵੀਂ ਸਦੀ ਦੇ ਦੌਰਾਨ ਨੀਦਰਲੈਂਡਜ਼ ਦੇ ਲੋਕ ਸਮੁੰਦਰੀ ਵਪਾਰ ਵਿਚ ਸੰਸਾਰ ਵਿਚ ਸਭ ਤੋਂ ਜ਼ਿਆਦਾ ਤਰੱਕੀ ਕਰ ਰਹੇ ਸਨ। ਪਰ ਬਰਤਾਨੀਆ ਦੀਆਂ ਵਿਦੇਸ਼ੀ ਬਸਤੀਆਂ ਵੱਧ ਰਹੀਆਂ ਸਨ, ਅਤੇ ਇਸ ਕਰਕੇ ਉਹ ਨੀਦਰਲੈਂਡਜ਼ ਨਾਲੋਂ ਜ਼ਿਆਦਾ ਕਾਮਯਾਬ ਹੋ ਗਿਆ। ਅਠਾਰ੍ਹਵੀਂ ਸਦੀ ਦੇ ਦੌਰਾਨ, ਬਰਤਾਨੀਆ ਅਤੇ ਫਰਾਂਸ ਦੀਆਂ ਫ਼ੌਜਾਂ ਉੱਤਰੀ ਅਮਰੀਕਾ ਵਿਚ ਅਤੇ ਭਾਰਤ ਵਿਚ ਇਕ ਦੂਜੇ ਵਿਰੁੱਧ ਲੜੀਆਂ, ਜਿਸ ਕਾਰਨ 1763 ਵਿਚ ਪੈਰਿਸ ਦੀ ਸੰਧੀ ਕੀਤੀ ਗਈ ਸੀ। ਵਿਲਿਅਮ ਬੀ. ਵਿਲਕੌਕਸ ਨੇ ਕਿਹਾ ਕਿ ਇਸ ਸੰਧੀ ਨੇ “ਬਰਤਾਨੀਆ ਦੀ ਨਵੀਂ ਪਦਵੀ ਨੂੰ ਯੂਰਪ ਤੋਂ ਬਾਹਰ ਦੇ ਸੰਸਾਰ ਵਿਚ ਪ੍ਰਮੁੱਖ ਯੂਰਪੀ ਸ਼ਕਤੀ ਵਜੋਂ ਸਵੀਕਾਰ ਕੀਤਾ।” ਬਰਤਾਨੀਆ ਦੀ ਪ੍ਰਧਾਨਤਾ ਉਦੋਂ ਦੇਖੀ ਗਈ ਸੀ ਜਦੋਂ 1815 ਸਾ.ਯੁ. ਵਿਚ ਉਸ ਨੇ ਫਰਾਂਸ ਦੇ ਸ਼ਹਿਨਸ਼ਾਹ ਨੈਪੋਲੀਅਨ ਨੂੰ ਬੁਰੀ ਤਰ੍ਹਾਂ ਹਰਾਇਆ। ਬਰਤਾਨੀਆ ਨੇ ਜਿਨ੍ਹਾਂ “ਤਿੰਨਾਂ ਰਾਜਿਆਂ” ਉੱਤੇ ‘ਜ਼ੋਰ ਪਾਇਆ’ ਸੀ, ਉਹ ਸਪੇਨ, ਨੀਦਰਲੈਂਡਜ਼, ਅਤੇ ਫਰਾਂਸ ਸਨ। (ਦਾਨੀਏਲ 7:24) ਨਤੀਜੇ ਵਜੋਂ, ਬਰਤਾਨੀਆ ਸੰਸਾਰ ਦੀ ਸਭ ਤੋਂ ਵੱਡੀ ਬਸਤੀਵਾਦੀ ਅਤੇ ਵਪਾਰਕ ਸ਼ਕਤੀ ਸਿੱਧ ਹੋਇਆ। ਜੀ ਹਾਂ, ਉਹ “ਨਿੱਕਾ” ਜਿਹਾ ਸਿੰਙ ਇਕ ਵਿਸ਼ਵ ਸ਼ਕਤੀ ਬਣ ਗਿਆ!

23. ਕਿਸ ਤਰੀਕੇ ਨਾਲ ਿਨੱਕੇ ਜਿਹੇ ਸਿੰਙ ਨੇ “ਸਾਰੀ ਪਿਰਥਵੀ ਨੂੰ ਨਿਗਲ” ਲਿਆ ਸੀ?

23 ਦੂਤ ਨੇ ਦਾਨੀਏਲ ਨੂੰ ਦੱਸਿਆ ਕਿ ਚੌਥਾ ਦਰਿੰਦਾ, ਜਾਂ ਚੌਥਾ ਰਾਜ, “ਸਾਰੀ ਪਿਰਥਵੀ ਨੂੰ ਨਿਗਲ” ਜਾਵੇਗਾ। (ਦਾਨੀਏਲ 7:23) ਇਹ ਗੱਲ ਉਸ ਰੋਮੀ ਸੂਬੇ ਬਾਰੇ ਸੱਚ ਸਾਬਤ ਹੋਈ ਜਿਸ ਨੂੰ ਇਕ ਸਮੇਂ ਤੇ ਬਰਤਾਨੀਆ ਕਿਹਾ ਜਾਂਦਾ ਸੀ। ਸਹਿਜੇ-ਸਹਿਜੇ ਇਹ ਬਰਤਾਨਵੀ ਸਾਮਰਾਜ ਬਣ ਗਿਆ ਅਤੇ ਇਸ ਨੇ ‘ਸਾਰੀ ਪਿਰਥਵੀ ਨੂੰ ਨਿਗਲ ਲਿਆ।’ ਉਸ ਸਮੇਂ ਧਰਤੀ ਦਾ ਚੌਥਾ ਹਿੱਸਾ ਅਤੇ ਉਸ ਦੀ ਚੌਥੀ ਆਬਾਦੀ ਇਸ ਸਾਮਰਾਜ ਦੀ ਲਪੇਟ ਵਿਚ ਆ ਚੁੱਕੀ ਸੀ।

24. ਇਕ ਇਤਿਹਾਸਕਾਰ ਦੇ ਅਨੁਸਾਰ ਬਰਤਾਨਵੀ ਸਾਮਰਾਜ ਦੂਜਿਆਂ ਨਾਲੋਂ ਕਿੰਨਾ ਵੱਖਰਾ ਸੀ?

24 ਜਿਵੇਂ ਰੋਮੀ ਸਾਮਰਾਜ ਪਹਿਲੀਆਂ ਵਿਸ਼ਵ ਸ਼ਕਤੀਆਂ ਨਾਲੋਂ ਵੱਖਰਾ ਸੀ, ਉਸੇ ਤਰ੍ਹਾਂ ‘ਿਨੱਕੇ’ ਜਿਹੇ ਸਿੰਙ ਨਾਲ ਦਰਸਾਇਆ ਗਿਆ ਰਾਜਾ ਵੀ “ਪਹਿਲਿਆਂ ਨਾਲੋਂ ਵੱਖਰਾ ਹੋਵੇਗਾ।” (ਦਾਨੀਏਲ 7:24) ਬਰਤਾਨਵੀ ਸਾਮਰਾਜ ਦੇ ਬਾਰੇ ਇਤਿਹਾਸਕਾਰ ਐੱਚ. ਜੀ. ਵੈੱਲਜ਼ ਨੇ ਕਿਹਾ ਕਿ ‘ਇਸ ਤੋਂ ਪਹਿਲਾਂ ਕਦੇ ਵੀ ਕੋਈ ਅਜਿਹੀ ਚੀਜ਼ ਨਹੀਂ ਦੇਖੀ ਗਈ ਸੀ। ਇਸ ਸਾਰੀ ਵਿਵਸਥਾ ਦੀ ਖੂਬੀ ਇਹ ਸੀ ਕਿ ਸੰਯੁਕਤ ਬਰਤਾਨਵੀ ਰਾਜ ਇਕ ਅਜਿਹਾ “ਗਣਰਾਜ ਸੀ ਜਿਸ ਦਾ ਪ੍ਰਧਾਨ ਇਕ ਰਾਜਾ ਸੀ।” ਨਾ ਕਿਸੇ ਸਰਕਾਰੀ ਪ੍ਰਬੰਧਕੀ ਦਫ਼ਤਰ ਨੇ ਅਤੇ ਨਾ ਹੀ ਕਿਸੇ ਵਿਅਕਤੀ ਨੇ ਬਰਤਾਨਵੀ ਸਾਮਰਾਜ ਬਾਰੇ ਇਵੇਂ ਸੋਚਿਆ ਸੀ ਕਿ ਇਹ ਕਦੇ ਇੰਨਾ ਵੱਡਾ ਹੋ ਜਾਵੇਗਾ। ਇਸ ਵਿਚ ਸ਼ਾਮਲ ਦੇਸ਼ਾਂ ਦੀ ਮਿਲਾਵਟ ਉਸ ਤੋਂ ਪਹਿਲਾਂ ਦੇ ਕਿਸੇ ਵੀ ਸਾਮਰਾਜ ਨਾਲੋਂ ਬਿਲਕੁਲ ਹੀ ਵੱਖਰੀ ਸੀ।’

25. (ੳ) ਛੋਟੇ ਜਿਹੇ ਸਿੰਙ ਦੀਆਂ ਆਧੁਨਿਕ ਕਾਰਵਾਈਆਂ ਦੇ ਮੁਤਾਬਕ ਉਹ ਕੌਣ ਹੈ? (ਅ) ਕਿਸ ਭਾਵ ਵਿਚ ‘ਿਨੱਕੇ’ ਸਿੰਙ ਦੀਆਂ “ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ” ਹਨ ਅਤੇ ‘ਉਸ ਦਾ ਮੂੰਹ ਵੱਡੀਆਂ ਵੱਡੀਆਂ ਗੱਲਾਂ ਬੋਲ ਰਿਹਾ’ ਹੈ?

25 ਬਰਤਾਨਵੀ ਸਾਮਰਾਜ ਇਕ “ਨਿੱਕਾ” ਜਿਹਾ ਸਿੰਙ ਹੀ ਨਹੀਂ ਸੀ। ਸੰਨ 1783 ਵਿਚ ਬਰਤਾਨੀਆ ਨੇ ਆਪਣੀਆਂ 13 ਅਮਰੀਕਨ ਬਸਤੀਆਂ ਦੀ ਆਜ਼ਾਦੀ ਨੂੰ ਸਵੀਕਾਰ ਕਰ ਲਿਆ। ਸੰਯੁਕਤ ਰਾਜ ਅਮਰੀਕਾ ਅੰਤ ਵਿਚ ਬਰਤਾਨੀਆ ਦਾ ਮਿੱਤਰ ਬਣ ਗਿਆ, ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਧਰਤੀ ਉੱਤੇ ਇਕ ਪ੍ਰਧਾਨ ਕੌਮ ਵਜੋਂ ਸਿੱਧ ਹੋਇਆ। ਬਰਤਾਨੀਆ ਨਾਲ ਇਸ ਦੇ ਹਾਲੇ ਵੀ ਕਾਫ਼ੀ ਮਜ਼ਬੂਤ ਸੰਬੰਧ ਹਨ। ਇਸ ਮਿੱਤਰਤਾ ਤੋਂ ਬਣੀ ਐਂਗਲੋ-ਅਮਰੀਕੀ ਦੂਹਰੀ ਵਿਸ਼ਵ ਸ਼ਕਤੀ, ‘ਅੱਖਾਂ ਵਾਲਾ ਸਿੰਙ’ ਹੈ। ਸੱਚ-ਮੁੱਚ, ਇਹ ਵਿਸ਼ਵ ਸ਼ਕਤੀ ਚੌਕਸ ਅਤੇ ਚਲਾਕ ਹੈ! ਇਹ ‘ਵੱਡੀਆਂ ਵੱਡੀਆਂ ਗੱਲਾਂ ਬੋਲਦੀ ਹੈ,’ ਅਤੇ ਧਰਤੀ ਦੇ ਕਾਫ਼ੀ ਦੇਸ਼ਾਂ ਦੀਆਂ ਨੀਤੀਆਂ ਬਣਾਉਂਦੀ ਹੈ ਅਤੇ ਉਸ ਦੇ ਬੁਲਾਰੇ ਜਾਂ “ਝੂਠੇ ਨਬੀ” ਵਜੋਂ ਕੰਮ ਕਰਦੀ ਹੈ।—ਦਾਨੀਏਲ 7:8, 11, 20; ਪਰਕਾਸ਼ ਦੀ ਪੋਥੀ 16:13; 19:20.

ਨਿੱਕਾ ਸਿੰਙ ਪਰਮੇਸ਼ੁਰ ਅਤੇ ਉਸ ਦੇ ਸੰਤਾਂ ਦਾ ਵਿਰੋਧ ਕਰਦਾ ਹੈ

26. ਯਹੋਵਾਹ ਅਤੇ ਉਸ ਦੇ ਸੇਵਕਾਂ ਦੇ ਪ੍ਰਤੀ ਇਸ ਸਿੰਙ ਦੀ ਬੋਲੀ ਅਤੇ ਰਵੱਈਏ ਬਾਰੇ ਦੂਤ ਨੇ ਕੀ ਦੱਸਿਆ ਸੀ?

26 ਦਾਨੀਏਲ ਆਪਣੇ ਦਰਸ਼ਣ ਬਾਰੇ ਅੱਗੇ ਇਵੇਂ ਕਹਿੰਦਾ ਹੈ ਕਿ “ਮੈਂ ਡਿੱਠਾ ਕਿ ਉਹੋ ਸਿੰਙ ਸੰਤਾਂ ਨਾਲ ਲੜਦਾ ਸੀ ਅਤੇ ਉਨ੍ਹਾਂ ਉੱਤੇ ਜ਼ੋਰ ਪਾ ਲੈਂਦਾ ਸੀ।” (ਦਾਨੀਏਲ 7:21) ਇਸ “ਸਿੰਙ” ਜਾਂ ਰਾਜੇ ਬਾਰੇ ਪਰਮੇਸ਼ੁਰ ਦੇ ਦੂਤ ਨੇ ਦੱਸਿਆ ਕਿ “ਉਹ ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਅੱਤ ਮਹਾਨ ਦੇ ਸੰਤਾਂ ਨੂੰ ਦੁਖਾਵੇਗਾ ਅਰ ਚਾਹੇਗਾ ਕਿ ਮੁਕੱਰਰਹ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਓਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੀਕ ਜੋ ਇੱਕ ਸਮਾ ਅਤੇ ਸਮੇ ਅਰ ਅੱਧਾ ਸਮਾ ਲੰਘ ਜਾਏਗਾ।” (ਦਾਨੀਏਲ 7:25) ਇਸ ਭਵਿੱਖਬਾਣੀ ਦਾ ਇਹ ਹਿੱਸਾ ਕਿਵੇਂ ਅਤੇ ਕਦੋਂ ਪੂਰਾ ਹੋਇਆ?

27. (ੳ) “ਿਨੱਕੇ” ਸਿੰਙ ਦੁਆਰਾ ਸਤਾਏ ਗਏ ‘ਸੰਤ’ ਕੌਣ ਹਨ? (ਅ) ਇਸ ਸਿੰਙ ਨੇ “ਸਮਿਆਂ ਅਤੇ ਬਿਵਸਥਾ” ਨੂੰ ਕਿਵੇਂ ਬਦਲਣ ਦੀ ਕੋਸ਼ਿਸ਼ ਕੀਤੀ?

27 ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ, ਅਰਥਾਤ “ਿਨੱਕੇ” ਸਿੰਙ ਦੁਆਰਾ ਸਤਾਏ ਗਏ ‘ਸੰਤ,’ ਪਵਿੱਤਰ ਸ਼ਕਤੀ ਦੁਆਰਾ ਮਸਹ ਕੀਤੇ ਹੋਏ ਧਰਤੀ ਉੱਤੇ ਯਿਸੂ ਦੇ ਚੇਲੇ ਹਨ। (ਰੋਮੀਆਂ 1:7; 1 ਪਤਰਸ 2:9) ਪਹਿਲੇ ਵਿਸ਼ਵ ਯੁੱਧ ਤੋਂ ਕਈ ਸਾਲ ਪਹਿਲਾਂ, ਇਨ੍ਹਾਂ ਮਸਹ ਕੀਤੇ ਹੋਇਆਂ ਦੇ ਬਕੀਏ ਨੇ ਖੁੱਲ੍ਹੇ-ਆਮ ਚੇਤਾਵਨੀ ਦਿੱਤੀ ਸੀ ਕਿ 1914 ਵਿਚ “ਪਰਾਈਆਂ ਕੌਮਾਂ ਦੇ ਸਮੇ” ਪੂਰੇ ਹੋ ਜਾਣਗੇ। (ਲੂਕਾ 21:24) ਜਦੋਂ ਉਸ ਸਾਲ ਲੜਾਈ ਸ਼ੁਰੂ ਹੋਈ, ਇਹ ਸਾਫ਼-ਸਾਫ਼ ਜ਼ਾਹਰ ਹੋਇਆ ਕਿ ਉਸ “ਿਨੱਕੇ” ਸਿੰਙ ਨੇ ਚੇਤਾਵਨੀ ਉੱਤੇ ਕੋਈ ਧਿਆਨ ਨਹੀਂ ਦਿੱਤਾ ਸੀ, ਕਿਉਂ ਜੋ ਉਸ ਨੇ ਮਸਹ ਕੀਤੇ ਹੋਇਆਂ “ਸੰਤਾਂ” ਨੂੰ ਸਤਾਉਣਾ ਜਾਰੀ ਰੱਖਿਆ। ਜਦੋਂ ਉਹ ਯਹੋਵਾਹ ਦੀ ਮੰਗ (ਜਾਂ “ਬਿਵਸਥਾ”) ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਸ ਦੇ ਗਵਾਹ ਸੰਸਾਰ-ਭਰ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ, ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਉਨ੍ਹਾਂ ਦਾ ਵਿਰੋਧ ਕੀਤਾ। (ਮੱਤੀ 24:14) ਇਸ ਤਰ੍ਹਾਂ “ਿਨੱਕੇ” ਸਿੰਙ ਨੇ “ਸਮਿਆਂ ਅਤੇ ਬਿਵਸਥਾ” ਨੂੰ ਬਦਲਣ ਦਾ ਜਤਨ ਕੀਤਾ।

28. ‘ਇੱਕ ਸਮਾਂ ਅਰ ਸਮੇਂ ਅਰ ਅੱਧੇ ਸਮੇਂ’ ਦਾ ਵਕਤ ਕਿੰਨਾ ਲੰਬਾ ਹੈ?

28 ਯਹੋਵਾਹ ਦੇ ਦੂਤ ਨੇ ‘ਇੱਕ ਸਮਾਂ ਅਤੇ ਸਮੇਂ ਅਰ ਅੱਧੇ ਸਮੇਂ’ ਦੇ ਇਕ ਭਵਿੱਖ-ਸੂਚਕ ਸਮੇਂ ਬਾਰੇ ਜ਼ਿਕਰ ਕੀਤਾ। ਉਹ ਸਮਾਂ ਕਿੰਨਾ ਲੰਬਾ ਹੈ? ਬਾਈਬਲ ਦੇ ਟੀਕਾਕਾਰ ਆਮ ਤੌਰ ਤੇ ਸਹਿਮਤ ਹਨ ਕਿ ਇਸ ਦਾ ਅਰਥ ਸਾਢੇ ਤਿੰਨ ਸਮੇਂ ਹੈ, ਅਰਥਾਤ, ਇਕ ਸਮਾਂ, ਦੋ ਸਮੇਂ, ਅਤੇ ਅੱਧੇ ਸਮੇਂ ਦਾ ਜੋੜ। ਕਿਉਂ ਜੋ ਨਬੂਕਦਨੱਸਰ ਦੇ ਪਾਗਲਪਣ ਦੇ “ਸੱਤ ਸਮੇ” ਅਸਲ ਵਿਚ ਸੱਤ ਸਾਲ ਸਨ, ਫਿਰ ਸਾਢੇ ਤਿੰਨ ਸਮੇਂ ਸਾਢੇ ਤਿੰਨ ਸਾਲ ਹਨ। * (ਦਾਨੀਏਲ 4:16, 25) ਬਾਈਬਲ ਦੇ ਅਮੈਰੀਕਨ ਟ੍ਰਾਂਸਲੇਸ਼ਨ ਵਿਚ ਇਵੇਂ ਲਿਖਿਆ ਹੈ ਕਿ “ਉਨ੍ਹਾਂ ਨੂੰ ਇਕ ਸਾਲ, ਦੋ ਸਾਲ, ਅਤੇ ਅੱਧੇ ਸਾਲ ਲਈ ਉਸ ਦੇ ਹੱਥੀਂ ਫੜਾਇਆ ਜਾਵੇਗਾ।” ਪਵਿੱਤਰ ਬਾਈਬਲ ਨਵਾਂ ਅਨੁਵਾਦ ਦੇ ਅਨੁਸਾਰ ਉਨ੍ਹਾਂ ਨੂੰ “ਸਾਢੇ ਤਿੰਨ ਸਾਲਾਂ ਤਕ” ਫੜਾਇਆ ਜਾਵੇਗਾ। ਇਸੇ ਸਮੇਂ ਦਾ ਜ਼ਿਕਰ ਪਰਕਾਸ਼ ਦੀ ਪੋਥੀ 11:2-7 ਵਿਚ ਕੀਤਾ ਜਾਂਦਾ ਹੈ, ਜਿੱਥੇ ਲਿਖਿਆ ਗਿਆ ਹੈ ਕਿ ਪਰਮੇਸ਼ੁਰ ਦੇ ਗਵਾਹ 42 ਮਹੀਨਿਆਂ ਲਈ, ਜਾਂ 1,260 ਦਿਨਾਂ ਲਈ ਤੱਪੜ ਪਹਿਨ ਕੇ ਪ੍ਰਚਾਰ ਕਰਨਗੇ ਅਤੇ ਫਿਰ ਉਨ੍ਹਾਂ ਨੂੰ ਮਾਰਿਆ ਜਾਵੇਗਾ। ਇਹ ਸਮਾਂ ਕਦੋਂ ਸ਼ੁਰੂ ਹੋਇਆ ਅਤੇ ਕਦੋਂ ਖ਼ਤਮ ਹੋਇਆ?

29. ਭਵਿੱਖ-ਸੂਚਕ ਸਾਢੇ ਤਿੰਨ ਸਾਲ ਕਦੋਂ ਅਤੇ ਕਿਵੇਂ ਸ਼ੁਰੂ ਹੋਏ ਸਨ?

29 ਪਹਿਲਾ ਵਿਸ਼ਵ ਯੁੱਧ ਮਸਹ ਕੀਤੇ ਹੋਇਆਂ ਮਸੀਹੀਆਂ ਲਈ ਅਜ਼ਮਾਇਸ਼ ਦਾ ਸਮਾਂ ਸੀ। ਉਹ ਜਾਣਦੇ ਸਨ ਕਿ 1914 ਦੇ ਅੰਤ ਤਕ ਉਨ੍ਹਾਂ ਨੂੰ ਸਤਾਇਆ ਜਾਵੇਗਾ। ਅਸਲ ਵਿਚ, 1915 ਲਈ ਉਨ੍ਹਾਂ ਦੇ ਚੁਣੇ ਹੋਏ ਵਰ੍ਹੇ-ਪਾਠ ਵਿਚ ਇਕ ਸਵਾਲ ਦਿੱਤਾ ਗਿਆ ਸੀ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ ਸੀ ਕਿ ‘ਕੀ ਤੁਸੀਂ ਮੇਰਾ ਪਿਆਲਾ ਪੀ ਸਕਦੇ ਹੋ?’ ਇਹ ਮੱਤੀ 20:22 ਤੋਂ ਲਿਆ ਗਿਆ ਸੀ। ਇਸ ਲਈ, ਦਸੰਬਰ 1914 ਦੇ ਸ਼ੁਰੂ ਵਿਚ ਗਵਾਹਾਂ ਦੇ ਉਸ ਛੋਟੇ ਝੁੰਡ ਨੇ “ਤਪੜ ਪਹਿਨੇ” ਹੋਏ ਪ੍ਰਚਾਰ ਕੀਤਾ।

30. ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ ਨੇ ਮਸਹ ਕੀਤੇ ਹੋਇਆਂ ਮਸੀਹੀਆਂ ਨੂੰ ਕਿਵੇਂ ਸਤਾਇਆ?

30 ਜਿਉਂ ਹੀ ਲੜਾਈ ਸਿੱਖਰ ਤੇ ਪਹੁੰਚੀ, ਮਸਹ ਕੀਤੇ ਹੋਇਆਂ ਮਸੀਹੀਆਂ ਦੇ ਖ਼ਿਲਾਫ਼ ਵਿਰੋਧਤਾ ਵੱਧ ਗਈ। ਉਨ੍ਹਾਂ ਵਿੱਚੋਂ ਕਈ ਜੇਲ੍ਹਾਂ ਵਿਚ ਸੁੱਟੇ ਗਏ। ਇੰਗਲੈਂਡ ਵਿਚ ਫ਼ਰੈਂਕ ਪਲੈਟ ਅਤੇ ਕੈਨੇਡਾ ਵਿਚ ਰੌਬਰਟ ਕਲੈਗ ਵਰਗੇ ਬੰਦਿਆਂ ਨੂੰ ਜ਼ਾਲਮ ਅਧਿਕਾਰੀਆਂ ਦੇ ਹੱਥੋਂ ਤਸੀਹੇ ਝੱਲਣੇ ਪਏ। ਕੈਨੇਡਾ ਉੱਤੇ ਪ੍ਰਧਾਨਗੀ ਕਰ ਰਹੇ ਬਰਤਾਨੀਆ ਨੇ 12 ਫਰਵਰੀ, 1918 ਨੂੰ, ਹਾਲ ਹੀ ਦੇ ਸਮੇਂ ਵਿਚ ਅੰਗ੍ਰੇਜ਼ੀ ਵਿਚ ਪ੍ਰਕਾਸ਼ਿਤ ਸਮਾਪਤ ਰਹੱਸ ਨਾਮਕ ਸ਼ਾਸਤਰ ਦਾ ਅਧਿਐਨ ਦੀ ਸੱਤਵੀਂ ਪੁਸਤਕ ਅਤੇ ਬਾਈਬਲ ਸਟੂਡੈਂਟਸ ਦਾ ਮਾਸਿਕ ਪੱਤਰ ਉੱਤੇ ਪਾਬੰਦੀ ਲਗਾ ਦਿੱਤੀ। ਅਗਲੇ ਮਹੀਨੇ ਯੂ.ਐੱਸ. ਨਿਆਉਂ ਵਿਭਾਗ ਨੇ ਇਸ ਸੱਤਵੀਂ ਪੁਸਤਕ ਨੂੰ ਗ਼ੈਰ-ਕਾਨੂੰਨੀ ਐਲਾਨ ਕਰ ਦਿੱਤਾ। ਇਸ ਦਾ ਨਤੀਜਾ ਕੀ ਹੋਇਆ? ਲੋਕਾਂ ਦੇ ਘਰਾਂ ਵਿਚ ਛਾਪੇ ਮਾਰੇ ਗਏ ਅਤੇ ਪੁਸਤਕਾਂ ਜ਼ਬਤ ਕੀਤੀਆਂ ਗਈਆਂ ਅਤੇ ਯਹੋਵਾਹ ਦੇ ਉਪਾਸਕਾਂ ਨੂੰ ਗਿਰਫ਼ਤਾਰ ਕੀਤਾ ਗਿਆ!

31. ‘ਇੱਕ ਸਮਾਂ ਅਤੇ ਸਮੇਂ ਅਰ ਅੱਧੇ ਸਮੇਂ’ ਦਾ ਵਕਤ ਕਦੋਂ ਅਤੇ ਕਿਵੇਂ ਖ਼ਤਮ ਹੋਇਆ?

31 ਪਰਮੇਸ਼ੁਰ ਦੇ ਮਸਹ ਕੀਤੇ ਹੋਇਆਂ ਦੀ ਸਤਾਹਟ 21 ਜੂਨ, 1918 ਨੂੰ ਆਪਣੀ ਹੱਦ ਤੇ ਪਹੁੰਚੀ ਜਦੋਂ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਪ੍ਰਧਾਨ, ਜੇ. ਐੱਫ਼. ਰਦਰਫ਼ਰਡ ਅਤੇ ਇਸ ਦੇ ਮੁੱਖ ਮੈਂਬਰਾਂ ਉੱਤੇ ਝੂਠੇ ਇਲਜ਼ਾਮ ਲਗਾਏ ਗਏ ਅਤੇ ਉਨ੍ਹਾਂ ਨੂੰ ਜੇਲ੍ਹ ਵਿਚ ਲੰਮੀਆਂ ਸਜ਼ਾਵਾਂ ਦਿੱਤੀਆਂ ਗਈਆਂ। “ਸਮਿਆਂ ਅਤੇ ਬਿਵਸਥਾ” ਨੂੰ ਬਦਲਣ ਦੇ ਇਰਾਦੇ ਨਾਲ “ਿਨੱਕੇ” ਸਿੰਙ ਨੇ ਅਸਲ ਵਿਚ ਪ੍ਰਚਾਰ ਦੇ ਸਾਰੇ ਇੰਤਜ਼ਾਮ ਨੂੰ ਖ਼ਤਮ ਕਰ ਦਿੱਤਾ ਸੀ। (ਪਰਕਾਸ਼ ਦੀ ਪੋਥੀ 11:7) ਸੋ ਪਹਿਲਾਂ ਦੱਸਿਆ ਗਿਆ ‘ਇੱਕ ਸਮਾਂ ਅਤੇ ਸਮੇਂ ਅਰ ਅੱਧੇ ਸਮੇਂ’ ਦਾ ਵਕਤ ਜੂਨ 1918 ਵਿਚ ਖ਼ਤਮ ਹੋ ਗਿਆ।

32. ਤੁਸੀਂ ਇਹ ਕਿਉਂ ਕਹੋਗੇ ਕਿ ‘ਿਨੱਕੇ’ ਸਿੰਙ ਦੁਆਰਾ ‘ਸੰਤ’ ਨਾਸ਼ ਨਹੀਂ ਹੋਏ?

32 ਪਰ ‘ਸੰਤ’ ‘ਿਨੱਕੇ’ ਸਿੰਙ ਦੀ ਸਤਾਹਟ ਨਾਲ ਨਾਸ਼ ਨਹੀਂ ਹੋਏ। ਪਰਕਾਸ਼ ਦੀ ਪੋਥੀ ਦੀ ਭਵਿੱਖਬਾਣੀ ਅਨੁਸਾਰ, ਪ੍ਰਚਾਰ ਦੇ ਕੰਮ ਵਿਚ ਥੋੜ੍ਹੇ ਸਮੇਂ ਲਈ ਰੁਕਾਵਟ ਪੈਣ ਤੋਂ ਬਾਅਦ, ਮਸਹ ਕੀਤੇ ਹੋਏ ਮਸੀਹੀ ਫਿਰ ਤੋਂ ਜਾਗ ਉੱਠੇ ਅਤੇ ਸਰਗਰਮ ਹੋ ਗਏ। (ਪਰਕਾਸ਼ ਦੀ ਪੋਥੀ 11:11-13) ਫਿਰ 26 ਮਾਰਚ, 1919 ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੇ ਪ੍ਰਧਾਨ ਅਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਵਿੱਚੋਂ ਰਿਹਾ ਕੀਤਾ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਝੂਠੇ ਇਲਜ਼ਾਮਾਂ ਤੋਂ ਨਿਰਦੋਸ਼ ਠਹਿਰਾਇਆ ਗਿਆ। ਇਸ ਦੇ ਜਲਦੀ ਹੀ ਮਗਰੋਂ ਮਸਹ ਕੀਤੇ ਹੋਇਆਂ ਦੇ ਬਕੀਏ ਨੇ ਪ੍ਰਚਾਰ ਦੇ ਕੰਮ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਪਰ ਭਵਿੱਖ ਵਿਚ ‘ਿਨੱਕੇ’ ਸਿੰਙ ਨਾਲ ਕੀ ਹੋਵੇਗਾ?

ਅੱਤ ਪ੍ਰਾਚੀਨ ਅਦਾਲਤ ਵਿਚ ਬੈਠਦਾ ਹੈ

33. (ੳ) ਅੱਤ ਪ੍ਰਾਚੀਨ ਕੌਣ ਹੈ? (ਅ) ਸਵਰਗੀ ਅਦਾਲਤ ਵਿਚ ‘ਖੋਲ੍ਹੀਆਂ ਗਈਆਂ ਪੋਥੀਆਂ’ ਕੀ ਸਨ?

33 ਚਾਰ ਦਰਿੰਦਿਆਂ ਨੂੰ ਪੇਸ਼ ਕਰਨ ਤੋਂ ਬਾਅਦ, ਦਾਨੀਏਲ ਆਪਣੀਆਂ ਨਜ਼ਰਾਂ ਚੌਥੇ ਦਰਿੰਦੇ ਤੋਂ ਹਟਾ ਕੇ ਸਵਰਗ ਵੱਲ ਲਾਉਂਦਾ ਹੈ। ਉਹ ਅੱਤ ਪ੍ਰਾਚੀਨ ਨੂੰ ਨਿਆਂਕਾਰ ਵਜੋਂ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠਦਾ ਹੋਇਆ ਦੇਖਦਾ ਹੈ। ਅੱਤ ਪ੍ਰਾਚੀਨ ਹੋਰ ਕੋਈ ਨਹੀਂ ਪਰ ਯਹੋਵਾਹ ਪਰਮੇਸ਼ੁਰ ਹੈ। (ਜ਼ਬੂਰ 90:2) ਜਿਉਂ ਹੀ ਸਵਰਗੀ ਨਿਆਉਂ ਸਭਾ ਬੈਠਦੀ ਹੈ, ਦਾਨੀਏਲ ਦੇਖਦਾ ਹੈ ਕਿ ‘ਪੋਥੀਆਂ ਖੋਲ੍ਹੀਆਂ’ ਜਾਂਦੀਆਂ ਹਨ। (ਦਾਨੀਏਲ 7:9, 10) ਕਿਉਂਕਿ ਯਹੋਵਾਹ ਸਦਾ ਤੋਂ ਹੈ, ਉਹ ਸਾਰੇ ਮਨੁੱਖੀ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜਿਵੇਂ ਕਿ ਉਹ ਇਕ ਪੁਸਤਕ ਵਿਚ ਲਿਖਿਆ ਗਿਆ ਹੋਵੇ। ਉਹ ਚਾਰਾਂ ਪ੍ਰਤੀਕਾਤਮਕ ਦਰਿੰਦਿਆਂ ਨੂੰ ਦੇਖ ਚੁੱਕਾ ਹੈ ਅਤੇ ਨਿੱਜੀ ਗਿਆਨ ਦੇ ਅਨੁਸਾਰ ਉਨ੍ਹਾਂ ਦਾ ਨਿਆਉਂ ਕਰ ਸਕਦਾ ਹੈ।

34, 35. ‘ਿਨੱਕੇ’ ਸਿੰਙ ਅਤੇ ਦਰਿੰਦਿਆਂ ਵਰਗੀਆਂ ਦੂਜੀਆਂ ਸ਼ਕਤੀਆਂ ਨਾਲ ਕੀ ਹੋਵੇਗਾ?

34 ਦਾਨੀਏਲ ਅੱਗੇ ਦੱਸਦਾ ਹੈ ਕਿ “ਮੈਂ ਉਸ ਵੇਲੇ ਉਸ ਸਿੰਙ ਦੀ ਅਵਾਜ਼ ਦੇ ਕਾਰਨ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਡਿੱਠਾ, ਹਾਂ, ਮੈਂ ਐਥੋਂ ਤੀਕ ਵੇਖਦਾ ਰਿਹਾ ਕਿ ਉਹ ਦਰਿੰਦਾ ਮਾਰਿਆ ਗਿਆ ਅਤੇ ਉਹ ਦਾ ਸਰੀਰ ਨਾਸ ਹੋ ਗਿਆ ਅਤੇ ਬਲਦੇ ਭਾਂਬੜ ਵਿੱਚ ਸੁੱਟਿਆ ਗਿਆ। ਅਤੇ ਬਾਕੀ ਦਰਿੰਦਿਆਂ ਦਾ ਰਾਜ ਵੀ ਉਨ੍ਹਾਂ ਤੋਂ ਲਿਆ ਗਿਆ ਪਰ ਇੱਕ ਵੇਲੇ ਅਤੇ ਇੱਕ ਸਮੇਂ ਤੋੜੀ ਉਨ੍ਹਾਂ ਨੂੰ ਜਿੰਦ ਦਿੱਤੀ ਗਈ।” (ਦਾਨੀਏਲ 7:11, 12) ਦੂਤ ਦਾਨੀਏਲ ਨੂੰ ਦੱਸਦਾ ਹੈ ਕਿ “ਫੇਰ ਨਿਆਉਂ ਸਭਾ ਬੈਠੇਗੀ ਅਤੇ ਉਹ ਉਸ ਦਾ ਰਾਜ ਉਸ ਤੋਂ ਲੈ ਲਵੇਗੀ ਇਸ ਲਈ ਜੋ ਓੜਕ ਤੀਕਰ ਉਹ ਦਾ ਨਾਸ ਅਤੇ ਨਿਸ਼ਟ ਕਰ ਸੁੱਟਣ।”—ਦਾਨੀਏਲ 7:26.

35 ਮਹਾਨ ਨਿਆਂਕਾਰ, ਯਹੋਵਾਹ ਪਰਮੇਸ਼ੁਰ ਦੇ ਹੁਕਮ ਨਾਲ, ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੋਲਣ ਵਾਲੇ ਅਤੇ “ਸੰਤਾਂ” ਨੂੰ ਸਤਾਉਣ ਵਾਲੇ ਉਸ ਸਿੰਙ ਨਾਲ ਉਹੀ ਕੁਝ ਵਾਪਰੇਗਾ ਜੋ ਰੋਮੀ ਸਾਮਰਾਜ ਨਾਲ ਵਾਪਰਿਆ ਸੀ, ਜਿਸ ਨੇ ਮੁਢਲੇ ਮਸੀਹੀਆਂ ਉੱਤੇ ਜ਼ੁਲਮ ਕੀਤਾ ਸੀ। ਉਸ ਦਾ ਰਾਜ ਚੱਲਦਾ ਨਹੀਂ ਰਹੇਗਾ। ਨਾ ਹੀ ਰੋਮੀ ਸਾਮਰਾਜ ਵਿੱਚੋਂ ਨਿਕਲਣ ਵਾਲੇ ਸਿੰਙ ਵਰਗੇ ਘਟੀਆ “ਰਾਜਿਆਂ” ਦਾ ਰਾਜ ਰਹੇਗਾ। ਫਿਰ ਉਨ੍ਹਾਂ ਪਹਿਲਿਆਂ ਦਰਿੰਦਿਆਂ ਵਰਗੀਆਂ ਸ਼ਕਤੀਆਂ ਤੋਂ ਨਿਕਲੀਆਂ ਹਕੂਮਤਾਂ ਦਾ ਕੀ ਹੋਵੇਗਾ? ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਉਨ੍ਹਾਂ ਦੀ ਜਿੰਦ “ਇੱਕ ਵੇਲੇ ਅਤੇ ਇੱਕ ਸਮੇਂ ਤੋੜੀ” ਵਧਾਈ ਜਾਵੇਗੀ। ਇਨ੍ਹਾਂ ਹਕੂਮਤਾਂ ਦਿਆਂ ਇਲਾਕਿਆਂ ਵਿਚ ਲੋਕ ਸਾਡੇ ਸਮਿਆਂ ਤਕ ਰਹਿੰਦੇ ਰਹੇ ਹਨ। ਮਿਸਾਲ ਲਈ ਪ੍ਰਾਚੀਨ ਬਾਬਲ ਦੇ ਇਲਾਕੇ ਉੱਤੇ ਹੁਣ ਇਰਾਕ ਰਾਜ ਕਰਦਾ ਹੈ। ਫ਼ਾਰਸ (ਈਰਾਨ) ਅਤੇ ਯੂਨਾਨ ਦੀਆਂ ਹਕੂਮਤਾਂ ਹਾਲੇ ਵੀ ਹਨ। ਇਨ੍ਹਾਂ ਵਿਸ਼ਵ ਸ਼ਕਤੀਆਂ ਦੇ ਰਹਿੰਦੇ-ਖੂੰਹਦੇ ਹਿੱਸੇ ਸੰਯੁਕਤ ਰਾਸ਼ਟਰ-ਸੰਘ ਵਿਚ ਸ਼ਾਮਲ ਹਨ। ਅਖ਼ੀਰਲੀ ਵਿਸ਼ਵ ਸ਼ਕਤੀ ਦੀ ਤਬਾਹੀ ਦੇ ਨਾਲ-ਨਾਲ ਇਨ੍ਹਾਂ ਹਕੂਮਤਾਂ ਦਾ ਵੀ ਨਾਸ਼ ਹੋ ਜਾਵੇਗਾ। ਸਾਰੀਆਂ ਮਨੁੱਖੀ ਸਰਕਾਰਾਂ “ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਓਸ ਵੱਡੇ ਦਿਹਾੜੇ ਦੇ ਜੁੱਧ” ਵਿਚ ਮਿਟ ਜਾਣਗੀਆਂ। (ਪਰਕਾਸ਼ ਦੀ ਪੋਥੀ 16:14, 16) ਪਰ ਫਿਰ ਸੰਸਾਰ ਉੱਤੇ ਕੌਣ ਹਕੂਮਤ ਕਰੇਗਾ?

ਸਥਿਰ ਹਕੂਮਤ ਨਜ਼ਦੀਕ!

36, 37. (ੳ) “ਇੱਕ ਜਣਾ ਮਨੁੱਖ ਦੇ ਪੁੱਤ੍ਰ ਵਰਗਾ” ਕੌਣ ਹੈ, ਅਤੇ ਉਹ ਕਦੋਂ ਅਤੇ ਕਿਸ ਮਕਸਦ ਲਈ ਸਵਰਗੀ ਅਦਾਲਤ ਵਿਚ ਆਇਆ ਸੀ? (ਅ) ਸਾਲ 1914 ਸਾ.ਯੁ. ਵਿਚ ਕੀ ਸਥਾਪਿਤ ਕੀਤਾ ਗਿਆ ਸੀ?

36 ਦਾਨੀਏਲ ਆਖਦਾ ਹੈ ਕਿ “ਮੈਂ ਰਾਤ ਦੀਆਂ ਦਰਿਸ਼ਟੀਆਂ ਵਿੱਚ ਡਿੱਠਾ ਅਤੇ ਵੇਖੋ, ਇੱਕ ਜਣਾ ਮਨੁੱਖ ਦੇ ਪੁੱਤ੍ਰ ਵਰਗਾ ਅਕਾਸ਼ ਦੇ ਬਦਲਾਂ ਸਣੇ ਆਇਆ, ਅਤੇ ਅੱਤ ਪਰਾਚੀਨ ਤੀਕ ਅੱਪੜਿਆ, ਅਤੇ ਓਹ ਉਹ ਨੂੰ ਉਸ ਦੇ ਅੱਗੇ ਲਿਆਏ।” (ਦਾਨੀਏਲ 7:13) ਜਦੋਂ ਯਿਸੂ ਮਸੀਹ ਧਰਤੀ ਉੱਤੇ ਸੀ, ਉਸ ਨੇ ਆਪਣੇ ਆਪ ਨੂੰ “ਮਨੁੱਖ ਦਾ ਪੁੱਤ੍ਰ” ਕਿਹਾ। ਉਹ ਦਿਖਾਉਣਾ ਚਾਹੁੰਦਾ ਸੀ ਕਿ ਮਨੁੱਖਜਾਤੀ ਨਾਲ ਉਸ ਦਾ ਨਜ਼ਦੀਕੀ ਰਿਸ਼ਤਾ ਹੈ। (ਮੱਤੀ 16:13; 25:31) ਯਿਸੂ ਨੇ ਮਹਾਸਭਾ, ਜਾਂ ਯਹੂਦੀ ਉੱਚ ਅਦਾਲਤ ਨੂੰ ਕਿਹਾ: “ਤੁਸੀਂ ਮਨੁੱਖ ਦੇ ਪੁੱਤ੍ਰ ਨੂੰ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਇਆ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ।” (ਮੱਤੀ 26:64) ਸੋ ਦਾਨੀਏਲ ਦੇ ਦਰਸ਼ਣ ਵਿਚ ਅਕਾਸ਼ ਦੇ ਬੱਦਲਾਂ ਸਣੇ ਆਇਆ ਮਨੁੱਖ ਹੋਰ ਕੋਈ ਨਹੀਂ ਪਰ ਜੀ ਉਠਾਇਆ ਗਿਆ, ਮਹਿਮਾਯੁਕਤ ਯਿਸੂ ਮਸੀਹ ਹੀ ਸੀ। ਉਸ ਨੇ ਮਨੁੱਖੀ ਅੱਖਾਂ ਦੁਆਰਾ ਦੇਖੇ ਜਾਣ ਦੇ ਬਿਨਾਂ ਆਉਣਾ ਸੀ ਅਤੇ ਉਸ ਨੂੰ ਯਹੋਵਾਹ ਪਰਮੇਸ਼ੁਰ ਦੇ ਅੱਗੇ ਲਿਆਂਦਾ ਜਾਣਾ ਸੀ। ਇਹ ਕਦੋਂ ਹੋਇਆ?

37 ਪਰਮੇਸ਼ੁਰ ਨੇ ਯਿਸੂ ਮਸੀਹ ਨਾਲ ਰਾਜ ਲਈ ਇਕ ਨੇਮ ਬੰਨ੍ਹਿਆ ਹੈ, ਠੀਕ ਜਿਵੇਂ ਉਸ ਨੇ ਰਾਜਾ ਦਾਊਦ ਨਾਲ ਵੀ ਬੰਨ੍ਹਿਆ ਸੀ। (2 ਸਮੂਏਲ 7:11-16; ਲੂਕਾ 22:28-30) ਜਦੋਂ 1914 ਸਾ.ਯੁ. ਵਿਚ “ਪਰਾਈਆਂ ਕੌਮਾਂ ਦੇ ਸਮੇ” ਪੂਰੇ ਹੋ ਗਏ, ਤਾਂ ਦਾਊਦ ਦੇ ਸ਼ਾਹੀ ਵਾਰਸ ਵਜੋਂ, ਯਿਸੂ ਮਸੀਹ ਨੂੰ ਜਾਇਜ਼ ਤੌਰ ਤੇ ਰਾਜ ਮਿਲ ਸਕਦਾ ਸੀ। ਦਾਨੀਏਲ ਦਾ ਭਵਿੱਖ-ਸੂਚਕ ਲੇਖ ਕਹਿੰਦਾ ਹੈ ਕਿ “ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ। ਉਹ ਦਾ ਰਾਜ ਸਦਾ ਦਾ ਰਾਜ ਹੈ, ਜਿਹੜਾ ਮਿਟੇਗਾ ਨਾ, ਅਤੇ ਉਹ ਦਾ ਰਾਜ ਅਜਿਹਾ ਹੈ ਜੋ ਟਲੇਗਾ ਨਾ।” (ਦਾਨੀਏਲ 7:14) ਇਸ ਤਰ੍ਹਾਂ ਮਸੀਹਾਈ ਰਾਜ ਸਵਰਗ ਵਿਚ 1914 ਵਿਚ ਸਥਾਪਿਤ ਹੋ ਗਿਆ। ਪਰ ਇਹ ਹਕੂਮਤ ਦੂਜਿਆਂ ਨੂੰ ਵੀ ਦਿੱਤੀ ਜਾਂਦੀ ਹੈ।

38, 39. ਸੰਸਾਰ ਉੱਪਰ ਪੱਕੀ ਹਕੂਮਤ ਕਿਹ ਨੂੰ ਮਿਲੇਗੀ?

38 ਦੂਤ ਨੇ ਕਿਹਾ ਕਿ ‘ਰਾਜ ਅੱਤ ਮਹਾਨ ਦੇ ਸੰਤਾਂ ਨੂੰ ਮਿਲੇਗਾ।’ (ਦਾਨੀਏਲ 7:18, 22, 27) ਯਿਸੂ ਮਸੀਹ ਮੁੱਖ ਪਵਿੱਤਰ ਸੇਵਕ, ਜਾਂ ਸੰਤ ਹੈ। (ਰਸੂਲਾਂ ਦੇ ਕਰਤੱਬ 3:14; 4:27, 30) ਦੂਜੇ “ਸੰਤ” ਜਾਂ ਪਵਿੱਤਰ ਸੇਵਕ, ਪਵਿੱਤਰ ਸ਼ਕਤੀ ਦੁਆਰਾ ਮਸਹ ਕੀਤੇ ਹੋਏ 1,44,000 ਵਫ਼ਾਦਾਰ ਮਸੀਹੀ ਹਨ ਜੋ ਮਸੀਹ ਦੇ ਨਾਲ-ਨਾਲ ਰਾਜ ਦੇ ਵਾਰਸਾਂ ਵਜੋਂ ਹਕੂਮਤ ਕਰਨਗੇ। (ਰੋਮੀਆਂ 1:7; 8:17; 2 ਥੱਸਲੁਨੀਕੀਆਂ 1:5; 1 ਪਤਰਸ 2:9) ਉਨ੍ਹਾਂ ਨੂੰ ਸੀਯੋਨ ਦੇ ਸਵਰਗੀ ਪਹਾੜ ਉੱਤੇ ਮਸੀਹ ਨਾਲ ਰਾਜ ਕਰਨ ਲਈ ਅਮਰ ਪ੍ਰਾਣੀਆਂ ਵਜੋਂ, ਮੁਰਦਿਆਂ ਵਿੱਚੋਂ ਜੀ ਉਠਾਇਆ ਜਾਂਦਾ ਹੈ। (ਪਰਕਾਸ਼ ਦੀ ਪੋਥੀ 2:10; 14:1; 20:6) ਅੱਗੋਂ ਮਸੀਹ ਯਿਸੂ ਅਤੇ ਜੀ ਉਠਾਏ ਗਏ ਮਸਹ ਕੀਤੇ ਹੋਏ ਮਸੀਹੀ ਮਨੁੱਖਜਾਤੀ ਦੇ ਸੰਸਾਰ ਉੱਤੇ ਹਕੂਮਤ ਕਰਨਗੇ।

39 ਮਨੁੱਖ ਦੇ ਪੁੱਤਰ ਅਤੇ ਦੂਜੇ ਜੀ ਉਠਾਏ ਗਏ “ਸੰਤਾਂ” ਦੀ ਹਕੂਮਤ ਬਾਰੇ ਪਰਮੇਸ਼ੁਰ ਦੇ ਦੂਤ ਨੇ ਕਿਹਾ: “ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸਾਂ ਦੇ ਰਾਜਾਂ ਦਾ ਪਰਤਾਪ ਅਰ ਪਾਤਸ਼ਾਹੀ ਅਤੇ ਰਾਜ ਅੱਤ ਮਹਾਨ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਹ ਦਾ ਰਾਜ ਇੱਕ ਸਦਾ ਦਾ ਰਾਜ ਹੈ ਅਤੇ ਸਾਰੀਆਂ ਪਾਤਸ਼ਾਹੀਆਂ ਉਹ ਦੀ ਉਪਾਸਨਾ ਕਰਨਗੀਆਂ ਅਤੇ ਆਗਿਆਕਾਰ ਹੋਣਗੀਆਂ।” (ਦਾਨੀਏਲ 7:27) ਉਸ ਰਾਜ ਦੇ ਅਧੀਨ ਮਨੁੱਖਜਾਤੀ ਕਿੰਨੀਆਂ ਬਰਕਤਾਂ ਦਾ ਆਨੰਦ ਮਾਣੇਗੀ!

40. ਅਸੀਂ ਦਾਨੀਏਲ ਦੇ ਸੁਪਨੇ ਅਤੇ ਦਰਸ਼ਣਾਂ ਵੱਲ ਧਿਆਨ ਦੇਣ ਨਾਲ ਕਿਵੇਂ ਲਾਭ ਹਾਸਲ ਕਰ ਸਕਦੇ ਹਾਂ?

40 ਦਾਨੀਏਲ ਪਰਮੇਸ਼ੁਰ ਦੁਆਰਾ ਦਿੱਤੇ ਗਏ ਦਰਸ਼ਣਾਂ ਦੀ ਅਸਚਰਜ ਪੂਰਤੀ ਬਾਰੇ ਅਣਜਾਣ ਸੀ। ਉਸ ਨੇ ਕਿਹਾ ਕਿ “ਉਹ ਗੱਲ ਐਥੇ ਮੁੱਕ ਗਈ। ਮੈਂ ਜੋ ਦਾਨੀਏਲ ਹਾਂ, ਮੇਰੀਆਂ ਚਿੰਤਾਂ ਨੇ ਮੈਨੂੰ ਡਾਢਾ ਓਦਰਾ ਦਿੱਤਾ ਅਤੇ ਮੇਰੇ ਮੂੰਹ ਦਾ ਰੰਗ ਬਦਲ ਗਿਆ ਪਰ ਮੈਂ ਏਹ ਗੱਲਾਂ ਆਪਣੇ ਮਨ ਵਿੱਚ ਰੱਖੀਆਂ।” (ਦਾਨੀਏਲ 7:28) ਪਰ ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਦੋਂ ਅਸੀਂ ਉਸ ਦਰਸ਼ਣ ਦੀ ਪੂਰਤੀ ਨੂੰ ਸਮਝ ਸਕਦੇ ਹਾਂ ਜੋ ਦਾਨੀਏਲ ਨੇ ਦੇਖਿਆ ਸੀ। ਇਸ ਭਵਿੱਖਬਾਣੀ ਵੱਲ ਧਿਆਨ ਦੇਣ ਨਾਲ ਸਾਡੀ ਨਿਹਚਾ ਮਜ਼ਬੂਤ ਬਣੇਗੀ ਅਤੇ ਸਾਡਾ ਵਿਸ਼ਵਾਸ ਪੱਕਾ ਹੋਵੇਗਾ ਕਿ ਯਹੋਵਾਹ ਦਾ ਮਸੀਹਾਈ ਰਾਜਾ ਸੰਸਾਰ ਉੱਤੇ ਹਕੂਮਤ ਕਰੇਗਾ।

[ਫੁਟਨੋਟ]

^ ਪੈਰਾ 4 ਬਿਰਤਾਂਤ ਦੇ ਅਰਥ ਨੂੰ ਸਪੱਸ਼ਟ ਕਰਨ ਲਈ ਅਤੇ ਇਸ ਨੂੰ ਦੁਹਰਾਉਣ ਦੀ ਬਜਾਇ, ਅਸੀਂ ਦਾਨੀਏਲ 7:1-14 ਵਿਚ ਪਾਏ ਜਾਂਦੇ ਦਰਸ਼ਣਾਂ ਦੀ ਆਇਤ-ਬ-ਆਇਤ ਚਰਚਾ ਕਰਾਂਗੇ ਅਤੇ ਨਾਲੋਂ-ਨਾਲ ਦਾਨੀਏਲ 7:15-28 ਵਿਚ ਇਨ੍ਹਾਂ ਦਾ ਅਰਥ ਵੀ ਦੇਖਾਂਗੇ।

^ ਪੈਰਾ 7 ਇਸ ਪੁਸਤਕ ਦਾ ਚੌਥਾ ਅਧਿਆਇ ਦੇਖੋ।

^ ਪੈਰਾ 28 ਇਸ ਪੁਸਤਕ ਦਾ ਛੇਵਾਂ ਅਧਿਆਇ ਦੇਖੋ।

ਅਸੀਂ ਕੀ ਸਿੱਖਿਆ?

• ‘ਸਮੁੰਦਰ ਵਿੱਚੋਂ ਨਿੱਕਲੇ ਵੱਡੇ ਵੱਡੇ ਚਾਰ ਦਰਿੰਦਿਆਂ’ ਵਿੱਚੋਂ ਹਰੇਕ ਕੀ ਦਰਸਾਉਂਦਾ ਹੈ?

• “ਨਿੱਕਾ” ਸਿੰਙ ਕੌਣ ਹੈ?

• ਪਹਿਲੇ ਵਿਸ਼ਵ ਯੁੱਧ ਦੌਰਾਨ ਿਨੱਕੇ ਸਿੰਙ ਨੇ “ਸੰਤਾਂ” ਨੂੰ ਕਿਵੇਂ ਸਤਾਇਆ ਸੀ?

• ਿਨੱਕੇ ਸਿੰਙ ਅਤੇ ਦਰਿੰਦਿਆਂ ਵਰਗੀਆਂ ਦੂਜੀਆਂ ਸ਼ਕਤੀਆਂ ਨੂੰ ਕੀ ਹੋਵੇਗਾ?

• ਦਾਨੀਏਲ ਦੇ ‘ਚਾਰ ਵੱਡੇ ਵੱਡੇ ਦਰਿੰਦਿਆਂ’ ਬਾਰੇ ਸੁਪਨੇ ਅਤੇ ਦਰਸ਼ਣਾਂ ਵੱਲ ਧਿਆਨ ਦੇਣ ਨਾਲ ਤੁਹਾਨੂੰ ਕਿਵੇਂ ਲਾਭ ਹੋਇਆ ਹੈ?

[ਸਵਾਲ]

[ਸਫ਼ੇ 149-152 ਉੱਤੇ ਡੱਬੀ/ਤਸਵੀਰਾਂ]

ਸਹਿਣਸ਼ੀਲ ਸੁਭਾਅ ਵਾਲਾ ਇਕ ਬਾਦਸ਼ਾਹ

ਪੰਜਵੀਂ ਸਦੀ ਸਾ.ਯੁ.ਪੂ. ਦੇ ਇਕ ਯੂਨਾਨੀ ਲੇਖਕ ਨੇ ਉਸ ਨੂੰ ਸਹਿਣਸ਼ੀਲ ਸੁਭਾਅ ਵਾਲਾ ਅਤੇ ਚੰਗਾ ਬਾਦਸ਼ਾਹ ਸੱਦਿਆ। ਬਾਈਬਲ ਵਿਚ ਉਸ ਨੂੰ ‘ਮਸਹ ਕੀਤਾ ਹੋਇਆ’ ਅਤੇ ‘ਪੂਰਬ’ ਤੋਂ ਇਕ “ਸ਼ਿਕਾਰੀ ਪੰਛੀ” ਸੱਦਿਆ ਗਿਆ ਹੈ। (ਯਸਾਯਾਹ 45:1; 46:11) ਇਹ ਬਾਦਸ਼ਾਹ ਫ਼ਾਰਸ ਦੇਸ਼ ਦਾ ਖੋਰਸ (ਸਾਈਰਸ) ਮਹਾਨ ਹੈ।

ਖੋਰਸ ਦੀ ਮਸ਼ਹੂਰੀ 560/559 ਸਾ.ਯੁ.ਪੂ. ਵਿਚ ਸ਼ੁਰੂ ਹੋਣ ਲੱਗੀ ਜਦੋਂ ਉਹ ਪ੍ਰਾਚੀਨ ਫ਼ਾਰਸ ਦੇ ਇਕ ਸ਼ਹਿਰ ਜਾਂ ਇਲਾਕੇ ਅੰਸ਼ਾਨ ਉੱਤੇ ਆਪਣੇ ਪਿਤਾ ਕੈਮਬਾਈਸੀਜ਼ ਪਹਿਲੇ ਦੀ ਥਾਂ ਤੇ ਰਾਜ ਕਰਨ ਲੱਗਾ। ਅੰਸ਼ਾਨ ਉਦੋਂ ਮਾਦੀ ਰਾਜਾ ਅਸਟਾਇਜੀਜ਼ ਦੇ ਅਧੀਨ ਸੀ। ਖੋਰਸ ਨੇ ਮਾਦੀ ਹਕੂਮਤ ਦੇ ਵਿਰੁੱਧ ਲੜਾਈ ਕੀਤੀ ਅਤੇ ਉਸ ਉੱਤੇ ਜਲਦੀ ਹੀ ਕਬਜ਼ਾ ਕਰ ਲਿਆ ਕਿਉਂਕਿ ਅਸਟਾਇਜੀਜ਼ ਦੀ ਫ਼ੌਜ ਨੇ ਉਸ ਨੂੰ ਤਿਆਗ ਕੇ ਖੋਰਸ ਵੱਲ ਮਿੱਤਰਤਾ ਦਾ ਹੱਥ ਵਧਾਇਆ। ਫਿਰ ਮਾਦੀ ਲੋਕ ਖੋਰਸ ਦੇ ਪ੍ਰਤੀ ਵਫ਼ਾਦਾਰ ਬਣ ਗਏ। ਇਸ ਤੋਂ ਬਾਅਦ ਮਾਦੀਆਂ ਅਤੇ ਫ਼ਾਰਸੀਆਂ ਨੇ ਇਕੱਠੇ ਮਿਲ ਕੇ ਖੋਰਸ ਦੀ ਅਗਵਾਈ ਦੇ ਅਧੀਨ ਲੜਾਈਆਂ ਲੜੀਆਂ। ਇਸ ਤਰ੍ਹਾਂ ਮਾਦੀ-ਫ਼ਾਰਸੀ ਹਕੂਮਤ ਸ਼ੁਰੂ ਹੋਈ, ਜੋ ਸਮਾਂ ਆਉਣ ਤੇ ਏਜੀਅਨ ਸਾਗਰ ਤੋਂ ਲੈ ਕੇ ਸਿੰਧ ਦਰਿਆ ਤਕ ਫੈਲ ਗਈ।—ਨਕਸ਼ਾ ਦੇਖੋ।

ਮਾਦੀਆਂ ਅਤੇ ਫ਼ਾਰਸੀਆਂ ਦੇ ਇਕਮੁੱਠ ਬਲ ਦੀ ਸਹਾਇਤਾ ਨਾਲ ਖੋਰਸ ਪਹਿਲਾਂ ਕਿਸੇ ਗੜਬੜੀ ਭਰੇ ਖੇਤਰ ਉੱਤੇ ਆਪਣਾ ਕਬਜ਼ਾ ਕਰਨ ਲਈ ਉੱਥੇ ਗਿਆ। ਇਹ ਖੇਤਰ ਮਾਦਾ ਦੇਸ਼ ਦਾ ਪੱਛਮੀ ਹਿੱਸਾ ਸੀ ਜਿੱਥੇ ਲਿਡੀਆ ਦੇਸ਼ ਦਾ ਰਾਜਾ ਕ੍ਰੀਸਸ ਮਾਦੀ ਇਲਾਕੇ ਵਿਚ ਆਪਣਾ ਰਾਜ-ਖੇਤਰ ਵਧਾ ਰਿਹਾ ਸੀ। ਖੋਰਸ ਏਸ਼ੀਆ ਮਾਈਨਰ ਵਿਚ ਲਿਡੀਆ ਦੇਸ਼ ਦੇ ਸਾਮਰਾਜ ਦੀ ਪੂਰਬੀ ਸਰਹੱਦ ਵੱਲ ਅੱਗੇ ਵਧਿਆ ਅਤੇ ਉਸ ਨੇ ਕ੍ਰੀਸਸ ਨੂੰ ਹਰਾ ਕੇ ਉਸ ਦੀ ਰਾਜਧਾਨੀ, ਸਾਰਦੀਸ ਉੱਤੇ ਕਬਜ਼ਾ ਕਰ ਲਿਆ। ਖੋਰਸ ਨੇ ਫਿਰ ਆਇਓਨੀ ਸ਼ਹਿਰਾਂ ਨੂੰ ਆਪਣੇ ਅਧੀਨ ਕਰ ਲਿਆ ਅਤੇ ਸਾਰੇ ਏਸ਼ੀਆ ਮਾਈਨਰ ਨੂੰ ਮਾਦੀ-ਫ਼ਾਰਸੀ ਸਾਮਰਾਜ ਦਾ ਹਿੱਸਾ ਬਣਾ ਲਿਆ। ਇਸ ਤਰ੍ਹਾਂ ਉਹ ਬਾਬਲ ਅਤੇ ਉਸ ਦੇ ਰਾਜਾ ਨਬੋਨਾਈਡਸ ਦਾ ਇਕ ਵੱਡਾ ਵਿਰੋਧੀ ਸਾਬਤ ਹੋਇਆ।

ਫਿਰ ਖੋਰਸ ਨੇ ਸ਼ਕਤੀਸ਼ਾਲੀ ਬਾਬਲ ਦਾ ਸਾਮ੍ਹਣਾ ਕਰਨ ਲਈ ਤਿਆਰੀ ਕੀਤੀ। ਇਸ ਘਟਨਾ ਤੋਂ ਲੈ ਕੇ ਉਸ ਨੇ ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਵਿਚ ਹਿੱਸਾ ਲਿਆ। ਤਕਰੀਬਨ ਦੋ ਸਦੀਆਂ ਪਹਿਲਾਂ, ਯਸਾਯਾਹ ਨਬੀ ਦੁਆਰਾ ਯਹੋਵਾਹ ਨੇ ਦੱਸਿਆ ਸੀ ਕਿ ਖੋਰਸ ਨਾਂ ਦਾ ਇਕ ਹਾਕਮ, ਬਾਬਲ ਨੂੰ ਹਰਾ ਕੇ ਯਹੂਦੀਆਂ ਨੂੰ ਗ਼ੁਲਾਮੀ ਤੋਂ ਛੁਡਾਵੇਗਾ। ਇਸ ਅਗਾਊਂ ਨਿਯੁਕਤੀ ਦੇ ਕਾਰਨ ਹੀ ਬਾਈਬਲ ਖੋਰਸ ਨੂੰ ਯਹੋਵਾਹ ਦਾ ‘ਮਸਹ ਕੀਤਾ ਹੋਇਆ’ ਕਹਿੰਦੀ ਹੈ।—ਯਸਾਯਾਹ 44:26-28.

ਜਦੋਂ ਖੋਰਸ 539 ਸਾ.ਯੁ.ਪੂ. ਵਿਚ ਬਾਬਲ ਉੱਤੇ ਹਮਲਾ ਕਰਨ ਲਈ ਆਇਆ ਤਾਂ ਉਸ ਦੇ ਸਾਮ੍ਹਣੇ ਇਕ ਬਹੁਤ ਵੱਡੀ ਔਕੜ ਪੇਸ਼ ਹੋਈ। ਸ਼ਹਿਰ ਦੇ ਆਲੇ-ਦੁਆਲੇ ਵੱਡੀਆਂ-ਵੱਡੀਆਂ ਕੰਧਾਂ ਸਨ। ਉਨ੍ਹਾਂ ਦੇ ਦੁਆਲੇ ਫਰਾਤ ਦਰਿਆ ਦੇ ਪਾਣੀਆਂ ਨਾਲ ਭਰੀ ਹੋਈ ਇਕ ਡੂੰਘੀ ਅਤੇ ਚੌੜੀ ਖਾਈ ਸੀ। ਸ਼ਹਿਰ ਹੱਦੋਂ ਵੱਧ ਸੁਰੱਖਿਅਤ ਲੱਗਦਾ ਸੀ। ਫਰਾਤ ਦਰਿਆ ਦੇ ਕਿਨਾਰਿਆਂ ਉੱਤੇ, ਜਿੱਥੋਂ ਦਰਿਆ ਬਾਬਲ ਸ਼ਹਿਰ ਵਿੱਚੋਂ ਵਹਿੰਦਾ ਸੀ, ਇਕ ਪਹਾੜ ਜਿੰਨੀ ਉੱਚੀ ਕੰਧ ਖੜ੍ਹੀ ਸੀ ਜਿਸ ਦੇ ਬਹੁਤ ਵੱਡੇ-ਵੱਡੇ ਤਾਂਬੇ ਦੇ ਫਾਟਕ ਸਨ। ਫਿਰ ਖੋਰਸ ਬਾਬਲ ਉੱਤੇ ਕਿਵੇਂ ਹਮਲਾ ਕਰ ਸਕਦਾ ਸੀ?

ਇਕ ਸਦੀ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ, ਯਹੋਵਾਹ ਨੇ “ਉਹ ਦੇ ਪਾਣੀਆਂ ਉੱਤੇ ਔੜ” ਆਉਣ ਬਾਰੇ ਭਵਿੱਖਬਾਣੀ ਕੀਤੀ ਸੀ ਅਤੇ ਕਿਹਾ ਸੀ ਕਿ ‘ਉਹ ਸੁੱਕ ਜਾਣਗੇ!’ (ਯਿਰਮਿਯਾਹ 50:38) ਇਹ ਭਵਿੱਖਬਾਣੀ ਉਦੋਂ ਸੱਚੀ ਸਾਬਤ ਹੋਈ ਜਦੋਂ ਖੋਰਸ ਨੇ ਬਾਬਲ ਦੇ ਉੱਤਰ ਵੱਲ ਕੁਝ ਕਿਲੋਮੀਟਰ ਦੂਰ ਫਰਾਤ ਦਰਿਆ ਦੇ ਪਾਣੀਆਂ ਨੂੰ ਮੋੜ ਦਿੱਤਾ ਸੀ। ਫਿਰ ਉਸ ਦੀ ਫ਼ੌਜ ਦਰਿਆ ਦੇ ਚਿੱਕੜ ਵਿਚ ਛਪ-ਛਪ ਕਰਦੀ ਹੋਈ ਅੱਗੇ ਵਧੀ ਅਤੇ ਕੰਧ ਤਕ ਪਹੁੰਚਣ ਲਈ ਢਲਾਣ ਉੱਤੇ ਚੜ੍ਹੀ ਅਤੇ ਸੌਖਿਆਂ ਹੀ ਸ਼ਹਿਰ ਵਿਚ ਵੜ ਸਕੀ, ਕਿਉਂਕਿ ਤਾਂਬੇ ਦੇ ਫਾਟਕ ਖੁੱਲ੍ਹੇ ਛੱਡੇ ਗਏ ਸਨ। ਇਕ “ਸ਼ਿਕਾਰੀ ਪੰਛੀ” ਵਾਂਗ ਜੋ ਆਪਣੇ ਸ਼ਿਕਾਰ ਉੱਤੇ ਝਪਟਾ ਮਾਰਦਾ ਹੈ, ‘ਪੂਰਬ ਤੋਂ’ ਆਏ ਇਸ ਹਾਕਮ ਨੇ ਬਾਬਲ ਨੂੰ ਇੱਕੋ ਹੀ ਰਾਤ ਵਿਚ ਆਪਣੇ ਕਬਜ਼ੇ ਵਿਚ ਕਰ ਲਿਆ!

ਬਾਬਲ ਵਿਚ ਵੱਸਦੇ ਯਹੂਦੀਆਂ ਲਈ ਖੋਰਸ ਦੀ ਜਿੱਤ ਦਾ ਮਤਲਬ ਸੀ ਗ਼ੁਲਾਮੀ ਤੋਂ ਛੁਟਕਾਰਾ ਅਤੇ ਆਪਣੇ ਜੱਦੀ ਦੇਸ਼ ਦੀ 70 ਸਾਲਾਂ ਦੀ ਵਿਰਾਨੀ ਦਾ ਖ਼ਾਤਮਾ। ਉਹ ਬਹੁਤ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਸਨ। ਉਹ ਕਿੰਨੇ ਖ਼ੁਸ਼ ਹੋਏ ਹੋਣਗੇ ਜਦੋਂ ਖੋਰਸ ਨੇ ਐਲਾਨ ਕੀਤਾ ਕਿ ਉਹ ਹੁਣ ਯਰੂਸ਼ਲਮ ਨੂੰ ਵਾਪਸ ਜਾ ਕੇ ਹੈਕਲ ਨੂੰ ਮੁੜ ਕੇ ਬਣਾ ਸਕਦੇ ਹਨ! ਖੋਰਸ ਨੇ ਉਨ੍ਹਾਂ ਨੂੰ ਹੈਕਲ ਦੇ ਬਹੁਮੁੱਲੇ ਭਾਂਡੇ ਵੀ ਵਾਪਸ ਦੇ ਦਿੱਤੇ ਜੋ ਨਬੂਕਦਨੱਸਰ ਨੇ ਯਰੂਸ਼ਲਮ ਵਿੱਚੋਂ ਲੁੱਟੇ ਸਨ। ਬਾਦਸ਼ਾਹ ਨੇ ਉਨ੍ਹਾਂ ਨੂੰ ਲੇਬਨਾਨ ਤੋਂ ਲੱਕੜ ਮੰਗਵਾਉਣ ਦੀ ਇਜਾਜ਼ਤ ਦਿੱਤੀ ਅਤੇ ਉਸਾਰੀ ਦੇ ਖ਼ਰਚ ਪੂਰੇ ਕਰਨ ਲਈ ਉਸ ਨੇ ਸ਼ਾਹੀ ਘਰਾਣੇ ਤੋਂ ਚੰਦਾ ਵੀ ਦਿੱਤਾ।—ਅਜ਼ਰਾ 1:1-11; 6:3-5.

ਖੋਰਸ ਆਪਣੇ ਕਬਜ਼ੇ ਵਿਚ ਕੀਤੇ ਗਏ ਲੋਕਾਂ ਨਾਲ ਮਿਲਵਰਤਨ ਵਿਚ ਆਮ ਤੌਰ ਤੇ ਦਿਆਲੂ ਅਤੇ ਸਹਿਣਸ਼ੀਲ ਸੀ। ਇਸ ਰਵੱਈਏ ਦਾ ਇਕ ਕਾਰਨ ਉਸ ਦਾ ਧਰਮ ਹੋ ਸਕਦਾ ਸੀ। ਇਹ ਸੰਭਵ ਹੈ ਕਿ ਖੋਰਸ, ਫ਼ਾਰਸੀ ਪੈਗੰਬਰ ਜ਼ਰਤੁਸ਼ਤ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਦਾ ਸੀ ਅਤੇ ਉਹ ਅਹੁਰ ਮਜ਼ਦ ਦੇਵਤੇ ਦੀ ਪੂਜਾ ਕਰਦਾ ਸੀ ਜਿਸ ਨੂੰ ਹਰ ਭਲੀ ਚੀਜ਼ ਦਾ ਕਰਤਾ ਮੰਨਿਆ ਜਾਂਦਾ ਸੀ। ਅੰਗ੍ਰੇਜ਼ੀ ਵਿਚ ਆਪਣੀ ਪੁਸਤਕ ਜ਼ਰਤੁਸ਼ਤੀ ਰੀਤੀ-ਰਿਵਾਜ ਵਿਚ ਫਾਰਹੈਂਗ ਮੈਹਰ ਕਹਿੰਦਾ ਹੈ ਕਿ “ਜ਼ਰਤੁਸ਼ਤ ਨੇ ਰੱਬ ਨੂੰ ਨੈਤਿਕ ਤੌਰ ਤੇ ਸੰਪੂਰਣ ਦਿਖਾਇਆ ਸੀ। ਉਸ ਨੇ ਲੋਕਾਂ ਨੂੰ ਦੱਸਿਆ ਕਿ ਅਹੁਰ ਮਜ਼ਦ ਬਦਲਾਖ਼ੋਰ ਨਹੀਂ ਹੈ ਸਗੋਂ ਨਿਆਈ ਹੈ ਅਤੇ ਇਸ ਕਰਕੇ ਉਸ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਉਸ ਨਾਲ ਪ੍ਰੇਮ ਕਰਨਾ ਚਾਹੀਦਾ ਹੈ।” ਸ਼ਾਇਦ ਇਸ ਨੈਤਿਕ ਅਤੇ ਨਿਆਈ ਦੇਵਤੇ ਵਿਚ ਉਸ ਦੇ ਵਿਸ਼ਵਾਸ ਨੇ ਖੋਰਸ ਦੀਆਂ ਕਦਰਾਂ-ਕੀਮਤਾਂ ਉੱਤੇ ਪ੍ਰਭਾਵ ਪਾਇਆ ਹੋਵੇ ਅਤੇ ਉਸ ਵਿਚ ਖੁੱਲ੍ਹ-ਦਿਲੀ ਅਤੇ ਨਿਰਪੱਖਤਾ ਦੀ ਭਾਵਨਾ ਪੈਦਾ ਕੀਤੀ ਹੋਵੇ।

ਪਰ ਰਾਜੇ ਨੂੰ ਬਾਬਲ ਦਾ ਮੌਸਮ ਚੰਗਾ ਨਹੀਂ ਲੱਗਦਾ ਸੀ। ਉਹ ਦੇ ਲਈ ਉੱਥੇ ਗਰਮੀਆਂ ਦਾ ਮੌਸਮ ਕੱਟਣਾ ਬਹੁਤ ਔਖਾ ਸੀ। ਇਸ ਲਈ ਭਾਵੇਂ ਬਾਬਲ ਸਾਮਰਾਜ ਦਾ ਸ਼ਾਹੀ ਸ਼ਹਿਰ ਅਤੇ ਧਰਮ ਤੇ ਸਭਿਆਚਾਰ ਦਾ ਕੇਂਦਰ ਰਿਹਾ, ਇਹ ਸਿਰਫ਼ ਸਰਦੀਆਂ ਵਿਚ ਹੀ ਰਾਜਧਾਨੀ ਵਜੋਂ ਕੰਮ ਆਉਂਦਾ ਸੀ। ਅਸਲ ਵਿਚ ਬਾਬਲ ਉੱਤੇ ਹਮਲਾ ਕਰਨ ਤੋਂ ਬਾਅਦ, ਖੋਰਸ ਜਲਦੀ ਹੀ ਆਪਣੀ ਰਾਜਧਾਨੀ, ਐਕਬਟਾਨਾ ਵਿਚ ਗਰਮੀਆਂ ਕੱਟਣ ਲਈ ਵਾਪਸ ਚਲਾ ਗਿਆ ਸੀ। ਇਹ ਸ਼ਹਿਰ, ਅਲਵੰਦ ਪਰਬਤ ਦੇ ਸਾਮ੍ਹਣੇ ਸਮੁੰਦਰ ਦੀ ਸਤਹ ਤੋਂ 6,000 ਫੁੱਟ ਤੋਂ ਜ਼ਿਆਦਾ ਉੱਚੀ ਥਾਂ ਤੇ ਸਥਿਤ ਸੀ। ਰਾਜੇ ਲਈ ਇੱਥੇ ਦੀਆਂ ਸਰਦੀਆਂ-ਗਰਮੀਆਂ ਦਾ ਮੌਸਮ ਠੀਕ ਸੀ ਅਤੇ ਉਸ ਨੂੰ ਇਹ ਜ਼ਿਆਦਾ ਪਸੰਦ ਸੀ। ਖੋਰਸ ਨੇ ਐਕਬਟਾਨਾ ਤੋਂ 400 ਮੀਲ ਦੀ ਦੂਰੀ ਤੇ ਦੱਖਣ-ਪੂਰਬ ਵੱਲ ਆਪਣੀ ਪਹਿਲੀ ਰਾਜਧਾਨੀ, ਪਸਾਹਗਡੀ ਵਿਚ (ਪਰਸੇਪੋਲਿਸ ਦੇ ਲਾਗੇ), ਇਕ ਵਧੀਆ ਮਹਿਲ ਵੀ ਬਣਾਇਆ ਸੀ। ਉਹ ਏਕਾਂਤ ਲਈ ਉੱਥੇ ਚਲਾ ਜਾਂਦਾ ਸੀ।

ਖੋਰਸ ਨੂੰ ਇਕ ਬਹਾਦਰ ਜੇਤੂ ਅਤੇ ਇਕ ਸਹਿਣਸ਼ੀਲ ਬਾਦਸ਼ਾਹ ਵਜੋਂ ਯਾਦ ਕੀਤਾ ਜਾਂਦਾ ਹੈ। ਸਾਲ 530 ਸਾ.ਯੁ.ਪੂ. ਵਿਚ ਜਦੋਂ ਉਹ ਇਕ ਫ਼ੌਜੀ ਕਾਰਵਾਈ ਵਿਚ ਰੁੱਝਾ ਹੋਇਆ ਸੀ ਤਾਂ ਉਸ ਦੀ ਮੌਤ ਹੋ ਗਈ ਅਤੇ ਉਸ ਦਾ 30 ਸਾਲ ਦਾ ਰਾਜ ਖ਼ਤਮ ਹੋ ਗਿਆ। ਫਿਰ ਫ਼ਾਰਸੀ ਸਿੰਘਾਸਣ ਉੱਤੇ ਉਸ ਦਾ ਪੁੱਤਰ, ਕੈਮਬਾਈਸੀਜ਼ ਦੂਜਾ ਉਸ ਦੀ ਥਾਂ ਤੇ ਬੈਠਾ।

ਅਸੀਂ ਕੀ ਸਿੱਖਿਆ?

• ਫ਼ਾਰਸ ਦੇਸ਼ ਦਾ ਖੋਰਸ, ਯਹੋਵਾਹ ਦਾ ‘ਮਸਹ ਕੀਤਾ ਹੋਇਆ’ ਕਿਵੇਂ ਸਾਬਤ ਹੋਇਆ?

• ਯਹੋਵਾਹ ਦੇ ਲੋਕਾਂ ਲਈ ਖੋਰਸ ਨੇ ਕਿਹੜਾ ਵਧੀਆ ਕੰਮ ਕੀਤਾ?

• ਖੋਰਸ ਨੇ ਆਪਣੇ ਅਧੀਨ ਕੀਤੇ ਲੋਕਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ?

[ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਮਾਦੀ-ਫ਼ਾਰਸੀ ਸਾਮਰਾਜ

ਮਕਦੂਨਿਯਾ

ਮੈਮਫ਼ਿਸ

ਮਿਸਰ

ਈਥੀਓਪੀਆ

ਯਰੂਸ਼ਲਮ

ਬਾਬਲ

ਐਕਬਟਾਨਾ

ਸੂਸਾ

ਪਰਸੇਪੋਲਿਸ

ਭਾਰਤ

[ਤਸਵੀਰ]

ਪਸਾਹਗਡੀ ਵਿਖੇ ਖੋਰਸ ਦੀ ਕਬਰ

[ਤਸਵੀਰ]

ਪਸਾਹਗਡੀ ਵਿਖੇ ਬੁੱਤਕਾਰੀ ਜੋ ਖੋਰਸ ਨੂੰ ਦਰਸਾਉਂਦੀ ਹੈ

[ਸਫ਼ੇ 153-161 ਉੱਤੇ ਡੱਬੀ/ਤਸਵੀਰਾਂ]

ਇਕ ਨੌਜਵਾਨ ਬਾਦਸ਼ਾਹ ਸੰਸਾਰ ਉੱਤੇ ਹਮਲਾ ਕਰਦਾ ਹੈ

ਕੁਝ 2,300 ਸਾਲ ਪਹਿਲਾਂ, ਵੀਹਾਂ ਕੁ ਸਾਲਾਂ ਦਾ ਕੱਕੇ ਵਾਲਾਂ ਵਾਲਾ ਇਕ ਫ਼ੌਜੀ ਜਨਰਲ ਭੂਮੱਧ ਸਾਗਰ ਦੇ ਕਿਨਾਰੇ ਉੱਤੇ ਖੜ੍ਹਾ ਸੀ। ਉਸ ਦੀ ਨਜ਼ਰ ਤਕਰੀਬਨ ਅੱਧਾ ਮੀਲ ਦੂਰ ਇਕ ਸ਼ਹਿਰ ਉੱਤੇ ਟਿਕੀ ਹੋਈ ਸੀ ਜੋ ਇਕ ਟਾਪੂ ਉੱਤੇ ਸਥਿਤ ਸੀ। ਕਿਉਂਕਿ ਉਸ ਨੂੰ ਟਾਪੂ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ, ਗੁੱਸੇ ਵਿਚ ਆ ਕੇ ਇਸ ਜਨਰਲ ਨੇ ਸ਼ਹਿਰ ਉੱਤੇ ਹਮਲਾ ਕਰਨ ਦਾ ਪੱਕਾ ਇਰਾਦਾ ਕੀਤਾ। ਇਹ ਹਮਲਾ ਕਿਵੇਂ ਕੀਤਾ ਜਾਵੇਗਾ? ਉਸ ਨੇ ਪਾਣੀ ਵਿੱਚੋਂ ਦੀ ਇਕ ਰਾਹ ਬਣਾ ਕੇ ਆਪਣੀ ਫ਼ੌਜ ਨੂੰ ਟਾਪੂ ਤਕ ਪਾਰ ਲੰਘਾਉਣਾ ਸੀ। ਰਾਹ ਬਣਾਉਣ ਦਾ ਕੰਮ ਹੁਣ ਸ਼ੁਰੂ ਹੋ ਚੁੱਕਾ ਸੀ।

ਪਰ ਫ਼ਾਰਸੀ ਸਾਮਰਾਜ ਦੇ ਬਾਦਸ਼ਾਹ ਤੋਂ ਆਏ ਇਕ ਸੰਦੇਸ਼ ਨੇ ਇਸ ਨੌਜਵਾਨ ਜਨਰਲ ਦੀ ਯੋਜਨਾ ਵਿਚ ਰੁਕਾਵਟ ਪਾ ਦਿੱਤੀ। ਫ਼ਾਰਸੀ ਬਾਦਸ਼ਾਹ ਉਸ ਦੇ ਨਾਲ ਸ਼ਾਂਤਮਈ ਰਿਸ਼ਤਾ ਕਾਇਮ ਕਰਨ ਲਈ ਬੇਚੈਨ ਸੀ। ਇਸ ਲਈ ਉਸ ਨੇ ­ਜਨਰਲ ਨੂੰ ਇਕ ਖ਼ਾਸ ਪੇਸ਼ਕਸ਼ ਕੀਤੀ: 10,000 ਸੋਨੇ ਦੇ ਸਿੱਕੇ (ਅੱਜ-ਕੱਲ੍ਹ ਦੇ ਹਿਸਾਬ ਨਾਲ 20 ਖਰਬ ਅਮਰੀਕਨ ਡਾਲਰਾਂ ਤੋਂ ਜ਼ਿਆਦਾ), ਰਾਜੇ ਦੀ ਲੜਕੀ ਨਾਲ ­ਵਿਆਹ, ਅਤੇ ਫ਼ਾਰਸੀ ਸਾਮਰਾਜ ਦੇ ਸਾਰੇ ਪੱਛਮੀ ਹਿੱਸੇ ਉੱਪਰ ­ਪ੍ਰਧਾਨਗੀ। ਇਹ ਸਭ ਕੁਝ ਉਸ ਨੂੰ ਇਸ ਸ਼ਰਤ ਤੇ ਪੇਸ਼ ਕੀਤਾ ਗਿਆ ਸੀ ਕਿ ਜਨਰਲ, ਬਾਦਸ਼ਾਹ ਦੇ ਪਰਿਵਾਰ ਨੂੰ ਰਿਹਾ ਕਰ ਦੇਵੇ ਜਿਸ ਨੂੰ ਉਸ ਨੇ ਕੈਦੀ ਬਣਾ ਕੇ ਰੱਖਿਆ ਹੋਇਆ ਸੀ।

ਇਹ ਜਨਰਲ ਜਿਸ ਨੇ ਪੇਸ਼ਕਸ਼ ਸਵੀਕਾਰ ਜਾਂ ਇਨਕਾਰ ਕਰਨ ਦਾ ਫ਼ੈਸਲਾ ਕਰਨਾ ਸੀ, ਮਕਦੂਨਿਯਾ ਦਾ ਸਿਕੰਦਰ ਜਾਂ ਐਲੇਗਜ਼ੈਂਡਰ ਤੀਜਾ ਸੀ। ਕੀ ਉਸ ਨੂੰ ਇਹ ਪੇਸ਼ਕਸ਼ ਸਵੀਕਾਰ ਕਰਨੀ ਚਾਹੀਦੀ ਸੀ? ਉਲਰਿਖ ਵਿਲਕਨ ਨਾਮਕ ਇਕ ਇਤਿਹਾਸਕਾਰ ਕਹਿੰਦਾ ਹੈ ਕਿ ‘ਪ੍ਰਾਚੀਨ ਸੰਸਾਰ ਲਈ ਉਸ ਘੜੀ ਦਾ ਫ਼ੈਸਲਾ ਵਿਨਾਸ਼ਕਾਰੀ ਸਾਬਤ ਹੋਇਆ। ਅਸਲ ਵਿਚ, ਉਸ ਦੇ ਫ਼ੈਸਲੇ ਦਾ ਅਸਰ ਪੂਰਬ ਅਤੇ ਪੱਛਮ ਵਿਚ ਮੱਧਕਾਲ ਤੋਂ ਲੈ ਕੇ, ਸਾਡੇ ਸਮਿਆਂ ਤਕ ਪਿਆ।’ ਸਿਕੰਦਰ ਦੇ ਜਵਾਬ ਉੱਤੇ ਵਿਚਾਰ ਕਰਨ ਤੋਂ ਪਹਿਲਾਂ, ਆਓ ਅਸੀਂ ਦੇਖੀਏ ਕਿ ਇਸ ਮਹੱਤਵਪੂਰਣ ਘੜੀ ਤੋਂ ਪਹਿਲਾਂ ਕੀ ਹੋਇਆ ਸੀ।

ਵਿਜੇਤਾ ਕਿਵੇਂ ਬਣਿਆ

ਸਿਕੰਦਰ, 356 ਸਾ.ਯੁ.ਪੂ. ਵਿਚ ਪੈਲਾ ਨਾਂ ਦੇ ਇਕ ਸਥਾਨ, ਮਕਦੂਨਿਯਾ ਵਿਚ ਪੈਦਾ ਹੋਇਆ ਸੀ। ਉਸ ਦਾ ਪਿਤਾ ਰਾਜਾ ਫਿਲਿਪ ਦੂਜਾ ਸੀ ਅਤੇ ਉਸ ਦੀ ਮਾਤਾ ਓਲਿੰਪੀਅਸ ਸੀ। ਉਸ ਦੀ ਮਾਤਾ ਨੇ ਸਿਕੰਦਰ ਨੂੰ ਸਿਖਾਇਆ ਸੀ ਕਿ ਸਾਰੇ ਮਕਦੂਨੀ ਰਾਜੇ, ਯੂਨਾਨੀ ਦੇਵਤੇ ਜ਼ਿਊਸ ਦੇ ਪੁੱਤਰ ਹਰਕੁਲੀਜ਼ ਦੇ ਵੰਸ਼ ਵਿੱਚੋਂ ਸਨ। ਓਲਿੰਪੀਅਸ ਦੇ ਅਨੁਸਾਰ ­ਅਕਿੱਲੀਜ਼, ਜੋ ਹੋਮਰ ਦੀ ਕਵਿਤਾ ਇਲੀਅਡ ਦਾ ਸੂਰਮਾ ਸੀ, ਸਿਕੰਦਰ ਦੇ ਦਾਦਿਆਂ-ਪੜਦਾਦਿਆਂ ਵਿੱਚੋਂ ਸੀ। ਕਿਉਂਕਿ ਨੌਜਵਾਨ ਸਿਕੰਦਰ ਦੇ ਮਾਪਿਆਂ ਨੇ ਉਸ ਦਾ ਦਿਮਾਗ਼ ਲੜਾਈਆਂ ਅਤੇ ਸ਼ਾਹੀ ਮਹਿਮਾ ਹਾਸਲ ਕਰਨ ਨਾਲ ਭਰ ਦਿੱਤਾ ਸੀ, ਉਹ ਹੋਰ ਕਿਸੇ ਵੀ ਚੀਜ਼ ਵਿਚ ਰੁਚੀ ਨਹੀਂ ਰੱਖਦਾ ਸੀ। ਜਦੋਂ ਉਸ ਨੂੰ ਓਲੰਪਕ ਖੇਡਾਂ ਵਿਚ ਦੌੜਨ ਬਾਰੇ ਪੁੱਛਿਆ ਗਿਆ, ਤਾਂ ਸਿਕੰਦਰ ਨੇ ਸੰਕੇਤ ਕੀਤਾ ਕਿ ਉਹ ਇਸ ਸ਼ਰਤ ਤੇ ਦੌੜੇਗਾ ਜੇਕਰ ਦੂਜੇ ਦੌੜਾਕ ਵੀ ਰਾਜੇ ਹੋਣ। ਉਹ ਆਪਣੇ ਪਿਤਾ ਨਾਲੋਂ ਜ਼ਿਆਦਾ ਵੱਡੇ ਕੰਮ ਕਰਨ ਅਤੇ ਕਾਮਯਾਬੀ ਦੁਆਰਾ ਮਹਿਮਾ ਹਾਸਲ ਕਰਨ ਦੀ ਇੱਛਾ ਰੱਖਦਾ ਸੀ।

ਸਿਕੰਦਰ ਨੂੰ 13 ਸਾਲ ਦੀ ਉਮਰ ਤੇ ਯੂਨਾਨੀ ਫ਼ਿਲਾਸਫ਼ਰ ਅਰਸਤੂ ਦੁਆਰਾ ਨਿੱਜੀ ਸਿੱਖਿਆ ਮਿਲੀ ਜਿਸ ਨੇ ਫ਼ਲਸਫ਼ੇ, ਡਾਕਟਰੀ, ਅਤੇ ਵਿਗਿਆਨ ਵਿਚ ਉਸ ਦੀ ਦਿਲਚਸਪੀ ਨੂੰ ਵਧਾਇਆ। ਇਹ ਨਹੀਂ ਪਤਾ ਕਿ ਅਰਸਤੂ ਦੀਆਂ ਫ਼ਲਸਫ਼ੇ-ਸੰਬੰਧੀ ਸਿੱਖਿਆਵਾਂ ਨੇ ਕਿਸ ਹੱਦ ਤਕ ਸਿਕੰਦਰ ਦੇ ਸੋਚਾਂ-ਵਿਚਾਰਾਂ ਉੱਤੇ ਪ੍ਰਭਾਵ ਪਾਇਆ ਸੀ। ਵੀਹਵੀਂ ਸਦੀ ਦੇ ਬਰਟਰੈਂਡ ਰਸਲ ਨਾਮਕ ਇਕ ਫ਼ਿਲਾਸਫ਼ਰ ਨੇ ਕਿਹਾ ਕਿ ‘ਇਹ ਗੱਲ ਸੱਚ ਹੈ ਕਿ ਉਨ੍ਹਾਂ ਦੇ ਆਪਸੀ ਵਿਚਾਰ ਬਹੁਤ ਸਾਰਿਆਂ ਮਾਮਲਿਆਂ ਵਿਚ ਰਲਦੇ-ਮਿਲਦੇ ਨਹੀਂ ਸਨ। ਅਰਸਤੂ ਦੇ ਰਾਜਨੀਤਿਕ ਵਿਚਾਰ ਯੂਨਾਨੀ ਨਗਰ-ਰਾਜ ਦੀ ਵਿਵਸਥਾ ਉੱਤੇ ਆਧਾਰਿਤ ਸਨ, ਪਰ ਇਹ ਵਿਵਸਥਾ ਹੁਣ ਖ਼ਤਮ ਹੋ ਰਹੀ ਸੀ।’ ਇਕ ਅਭਿਲਾਸ਼ੀ ਰਾਜਕੁਮਾਰ ਨੂੰ, ਜੋ ਇਕ ਵੱਡਾ ਕੇਂਦਰੀ ਸਾਮਰਾਜ ਬਣਾਉਣਾ ਚਾਹੁੰਦਾ ਸੀ, ਸ਼ਹਿਰਾਂ ਵਿਚ ਨਗਰ-ਰਾਜ ਦੀਆਂ ਛੋਟੀਆਂ-ਛੋਟੀਆਂ ਸਰਕਾਰਾਂ ਦੀ ਵਿਵਸਥਾ ਚੰਗੀ ਨਹੀਂ ਲੱਗਦੀ ਹੋਣੀ ਸੀ। ਸਿਕੰਦਰ ­ਅਰਸਤੂ ਦੇ ਇਸ ਵਿਚਾਰ ਦਾ ਵੀ ਇਤਰਾਜ਼ ਕਰਦਾ ਹੋਵੇਗਾ ਕਿ ਗ਼ੈਰ-ਯੂਨਾਨੀ ਲੋਕ ਸਿਰਫ਼ ਗ਼ੁਲਾਮ ਹੀ ਸਨ, ਕਿਉਂਕਿ ਸਿਕੰਦਰ ਇਕ ਅਜਿਹੇ ਸਾਮਰਾਜ ਬਾਰੇ ਸੋਚ ਰਿਹਾ ਸੀ ਜਿਸ ਵਿਚ ਜੇਤੂ ਅਤੇ ਜਿੱਤੇ ਹੋਏ ਲੋਕਾਂ ਵਿਚਕਾਰ ਪਿਆਰ-ਮੁਹੱਬਤ ਹੋਵੇ।

ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਰਸਤੂ ਨੇ ਸਿਕੰਦਰ ਦੇ ਮਨ ਵਿਚ ਪੜ੍ਹਨ-ਲਿਖਣ ਦੀ ਦਿਲਚਸਪੀ ਪੈਦਾ ਕੀਤੀ ਸੀ। ਆਪਣੇ ਸਾਰੇ ਜੀਵਨ ਦੌਰਾਨ ਸਿਕੰਦਰ ਇਕ ਪੜ੍ਹਾਕੂ ਰਿਹਾ ਅਤੇ ਉਹ ਹੋਮਰ ਦੀਆਂ ਲਿਖਤਾਂ ਦਾ ਖ਼ਾਸ ਤੌਰ ਤੇ ਸ਼ੌਕੀਨ ਸੀ। ਇਹ ਕਿਹਾ ਜਾਂਦਾ ਹੈ ਕਿ ਉਸ ਨੂੰ ਇਲੀਅਡ ਦੀ ਕਵਿਤਾ ਦੀਆਂ ਸਾਰੀਆਂ 15,693 ਲਾਈਨਾਂ ਮੂੰਹ-ਜ਼ਬਾਨੀ ਯਾਦ ਸਨ।

ਅਚਾਨਕ ਹੀ 340 ਸਾ.ਯੁ.ਪੂ. ਵਿਚ ਅਰਸਤੂ ਦੁਆਰਾ ਦਿੱਤੀ ਜਾ ਰਹੀ ਸਿਕੰਦਰ ਦੀ ਵਿੱਦਿਆ ਖ਼ਤਮ ਹੋ ਗਈ ਜਦੋਂ ਇਹ 16-ਸਾਲਾ ਰਾਜਕੁਮਾਰ ਆਪਣੇ ਪਿਤਾ ਦੀ ਗ਼ੈਰ-ਹਾਜ਼ਰੀ ਵਿਚ ਮਕਦੂਨਿਯਾ ਉੱਤੇ ਰਾਜ ਕਰਨ ਲਈ ਪੈਲਾ ਨੂੰ ਵਾਪਸ ਚਲਾ ਗਿਆ। ਇਸ ਰਾਜਕੁਮਾਰ ਨੇ ਸਮਾਂ ਹੱਥੋਂ ਨਹੀਂ ਜਾਣ ਦਿੱਤਾ ਅਤੇ ਜਲਦੀ ਹੀ ਦਿਖਾਇਆ ਕਿ ਉਹ ਫ਼ੌਜੀ ਕਾਰਵਾਈਆਂ ਵਿਚ ਕਿੰਨਾ ਮਾਹਰ ਹੈ। ਫਿਲਿਪ ਉਦੋਂ ਕਿੰਨਾ ਖ਼ੁਸ਼ ਹੋਇਆ ਹੋਣਾ ਜਦੋਂ ਸਿਕੰਦਰ ਨੇ ਤੁਰੰਤ ਥ੍ਰੇਸ ਤੋਂ ਮੀਦੀ ਨਾਮਕ ਇਕ ਬਾਗ਼ੀ ਕਬੀਲੇ ਨੂੰ ਹਰਾ ਕੇ ਉਨ੍ਹਾਂ ਦਾ ਮੁੱਖ ਸ਼ਹਿਰ ਆਪਣੇ ਕਬਜ਼ੇ ਵਿਚ ਕਰ ਲਿਆ। ਉਸ ਨੇ ਆਪਣੇ ਨਾਂ ਤੋਂ ਉਸ ਦਾ ਨਾਂ ਐਲੇਗਜ਼ੈਂਡ੍ਰੋਪੋਲਿਸ ਰੱਖਿਆ।

ਹਮਲਿਆਂ ਉੱਪਰ ਹਮਲੇ

ਸੰਨ 336 ਸਾ.ਯੁ.ਪੂ. ਵਿਚ ਫਿਲਿਪ ਦੇ ਕਤਲ ਤੋਂ ਬਾਅਦ, ਉਸ ਦਾ 20-ਸਾਲਾ ਪੁੱਤਰ, ਸਿਕੰਦਰ ਮਕਦੂਨਿਯਾ ਦੀ ਰਾਜ-ਗੱਦੀ ਉੱਤੇ ਬੈਠਾ। ਉਹ 334 ਸਾ.ਯੁ.ਪੂ. ਦੀ ਬਸੰਤ ਵਿਚ ਹੇਲੇਸਪੌਂਟ (ਹੁਣ ਡਾਰਡੱਨੈਲਜ਼) ਰਾਹੀਂ ਏਸ਼ੀਆ ਵਿਚ ਦਾਖ਼ਲ ਹੋਇਆ। ਹਮਲੇ ਸ਼ੁਰੂ ਕਰਨ ਦੇ ਸਮੇਂ ਸਿਕੰਦਰ ਦੀ ਫ਼ੌਜ ਬੇਸ਼ੱਕ ਛੋਟੀ ਸੀ ਪਰ ਬਹੁਤ ਹੀ ਕਾਬਲ ਸੀ। ਉਸ ਦੇ 30,000 ਪੈਦਲ ਚੱਲਣ ਵਾਲੇ ਅਤੇ 5,000 ਘੋੜ ਸਵਾਰ ਫ਼ੌਜੀ ਸਨ ਅਤੇ ਉਨ੍ਹਾਂ ਵਿਚ ਇੰਜੀਨੀਅਰ, ਨਿਰੀਖਕ, ਉਸਰਈਏ, ਵਿਗਿਆਨੀ, ਅਤੇ ਇਤਿਹਾਸਕਾਰ ਸ਼ਾਮਲ ਸਨ।

ਏਸ਼ੀਆ ਮਾਈਨਰ ਦੇ ਉੱਤਰ-ਪੱਛਮੀ ਹਿੱਸੇ ਵਿਚ (ਹੁਣ ਤੁਰਕੀ), ਸਿਕੰਦਰ ਨੇ ਗ੍ਰੈਨੀਕਸ ਦਰਿਆ ਵਿਖੇ ਫ਼ਾਰਸੀਆਂ ਦੇ ਵਿਰੁੱਧ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਉਸੇ ਸਾਲ ਸਰਦੀਆਂ ਵਿਚ ਉਸ ਨੇ ਪੱਛਮੀ ਏਸ਼ੀਆ ਮਾਈਨਰ ਉੱਪਰ ਕਬਜ਼ਾ ਕਰ ਲਿਆ। ਅਗਲੀ ਪਤਝੜ ਵਿਚ ਉਸ ਨੇ ਇਸੱਸ ਵਿਖੇ ਏਸ਼ੀਆ ਮਾਈਨਰ ਦੇ ਦੱਖਣੀ-ਪੂਰਬੀ ਇਲਾਕੇ ਵਿਚ ਫ਼ਾਰਸੀਆਂ ਦੇ ਵਿਰੁੱਧ ਆਪਣੀ ਦੂਜੀ ਜਿੱਤ ਹਾਸਲ ਕੀਤੀ। ਉੱਥੇ ਉਸ ਦੇ ਨਾਲ ਮੁਕਾਬਲਾ ਕਰਨ ਲਈ ਫ਼ਾਰਸੀ ਬਾਦਸ਼ਾਹ ਦਾਰਾ ਤੀਜਾ ਤਕਰੀਬਨ ਪੰਜ ਲੱਖ ਬੰਦਿਆਂ ਦੀ ਫ਼ੌਜ ਸਮੇਤ ਆਇਆ। ਘਮੰਡੀ ਦਾਰਾ ਇਕ ਵੱਡੀ ਜਿੱਤ ਦਿਖਾਉਣ ਲਈ ਆਪਣੀ ਮਾਤਾ, ਪਤਨੀ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਆਪਣੇ ਨਾਲ ਲਿਆਇਆ ਸੀ। ਪਰ ਫ਼ਾਰਸੀ, ਮਕਦੂਨੀ ਫ਼ੌਜ ਦੇ ਜੋਸ਼ ਅਤੇ ਉਸ ਦੇ ਅਚਾਨਕ ਹਮਲੇ ਲਈ ਬਿਲਕੁਲ ਤਿਆਰ ਨਹੀਂ ਸਨ। ਸਿਕੰਦਰ ਦੀਆਂ ਫ਼ੌਜਾਂ ਨੇ ਫ਼ਾਰਸੀ ਫ਼ੌਜਾਂ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ, ਅਤੇ ਦਾਰਾ ਆਪਣੇ ਪਰਿਵਾਰ ਨੂੰ ਸਿਕੰਦਰ ਦੇ ਹੱਥਾਂ ਵਿਚ ਛੱਡ ਕੇ ਭੱਜ ਗਿਆ।

ਭੱਜ ਰਹੇ ਫ਼ਾਰਸੀਆਂ ਦਾ ਪਿੱਛਾ ਕਰਨ ਦੀ ਬਜਾਇ, ਸਿਕੰਦਰ ਆਪਣੀਆਂ ਫ਼ੌਜਾਂ ਲੈ ਕੇ ਭੂਮੱਧ ਸਾਗਰ ਦੇ ਕਿਨਾਰਿਓਂ ਦੱਖਣ ਵੱਲ ਅੱਗੇ ਵਧਿਆ। ਉਸ ਨੇ ਫ਼ਾਰਸ ਦੀ ਸ਼ਕਤੀਸ਼ਾਲੀ ਜਲ-ਸੈਨਾ ਦੁਆਰਾ ਵਰਤੇ ਗਏ ਫ਼ੌਜੀ ਅੱਡਿਆਂ ਨੂੰ ਆਪਣੇ ਅਧੀਨ ਕਰ ਲਿਆ। ਪਰ ਸੂਰ ਨਾਮਕ ਸ਼ਹਿਰ, ਜੋ ਇਕ ਟਾਪੂ ਉੱਤੇ ਸਥਿਤ ਸੀ, ਨੇ ਉਸ ਦਾ ਵਿਰੋਧ ਕੀਤਾ। ਸਿਕੰਦਰ ਨੇ ਉਨ੍ਹਾਂ ਉੱਪਰ ਕਬਜ਼ਾ ਕਰਨ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ ਅਤੇ ਉਸ ਨੇ ਅਜਿਹੀ ਘੇਰਾਬੰਦੀ ਸ਼ੁਰੂ ਕੀਤੀ ਜੋ ਸੱਤ ਮਹੀਨਿਆਂ ਲਈ ਜਾਰੀ ਰਹੀ। ਇਸ ਘੇਰਾ­ਬੰਦੀ ਦੌਰਾਨ ਹੀ ਦਾਰਾ ਵੱਲੋਂ ਉੱਪਰ ਜ਼ਿਕਰ ਕੀਤੀ ਗਈ ਸ਼ਾਂਤੀ ਦੀ ਖ਼ਾਸ ਪੇਸ਼ਕਸ਼ ਆਈ ਸੀ। ਇਹ ਸਮਝੌਤਾ ਇੰਨਾ ਵਧੀਆ ਸੀ ਕਿ ਕਿਹਾ ਜਾਂਦਾ ਹੈ ਕਿ ਸਿਕੰਦਰ ਦੇ ਜਿਗਰੀ ਸਲਾਹਕਾਰ, ਪਾਰਮੀਨਿਓ ਨੇ ਉਹ ਨੂੰ ਕਿਹਾ: ‘ਜੇ ਕਿਤੇ ਮੈਂ ਸਿਕੰਦਰ ਹੁੰਦਾ, ਮੈਂ ਤਾਂ ਸਵੀਕਾਰ ਕਰ ਲੈਂਦਾ।’ ਪਰ ਨੌਜਵਾਨ ਜਨਰਲ ਨੇ ਉੱਤਰ ਦਿੱਤਾ ‘ਤਾਂ ਮੈਂ ਵੀ ਸਵੀਕਾਰ ਕਰ ਲੈਂਦਾ, ਜੇ ਕਿਤੇ ਮੈਂ ਪਾਰਮੀਨਿਓ ਹੁੰਦਾ।’ ਸੌਦੇਬਾਜ਼ੀ ਕਰਨ ਤੋਂ ਇਨਕਾਰ ਕਰਦੇ ਹੋਏ ਸਿਕੰਦਰ ਨੇ ਘੇਰਾਬੰਦੀ ਜਾਰੀ ਰੱਖੀ ਅਤੇ ਜੁਲਾਈ 332 ਸਾ.ਯੁ.ਪੂ. ਵਿਚ ਇਸ ਘਮੰਡੀ ਸ਼ਹਿਰ ਦਾ ਸੱਤਿਆਨਾਸ ਕਰ ਦਿੱਤਾ।

ਦੱਖਣ ਵੱਲ ਵਧਦੇ ਹੋਏ ਸਿਕੰਦਰ ਨੇ ਗਾਜ਼ਾ ਸ਼ਹਿਰ ਉੱਪਰ ਕਬਜ਼ਾ ਕਰ ਲਿਆ। ਉਸ ਨੇ ਆਪਣੇ ਰਾਹ ਵਿਚ ਆਏ ਯਰੂਸ਼ਲਮ ਦਾ ਕੁਝ ਨਹੀਂ ਵਿਗਾੜਿਆ ਕਿਉਂਕਿ ਉਹ ਉਸ ਦੇ ਸਾਮ੍ਹਣੇ ਝੁਕ ਗਿਆ। ਮਿਸਰ ਨੇ ਮੁਕਤੀਦਾਤੇ ਵਜੋਂ ਸਿਕੰਦਰ ਦਾ ਸੁਆਗਤ ਕੀਤਾ ਕਿਉਂਕਿ ਮਿਸਰ ਫ਼ਾਰਸੀ ਹਕੂਮਤ ਤੋਂ ਤੰਗ ਸੀ। ਮੈਮਫ਼ਿਸ ਵਿਖੇ ਸਿਕੰਦਰ ਨੇ ਏਪਿਸ ਬਲਦ ਨੂੰ ਚੜ੍ਹਾਵੇ ਚੜ੍ਹਾਏ ਅਤੇ ਇਸ ਤਰ੍ਹਾਂ ਕਰਨ ਨਾਲ ਮਿਸਰੀ ਪੰਡਿਤਾਂ ਨੂੰ ਪ੍ਰਸੰਨ ਕੀਤਾ। ਉਸ ਨੇ ਸਿਕੰਦਰੀਆ ਸ਼ਹਿਰ ਵੀ ਸਥਾਪਿਤ ਕੀਤਾ ਸੀ ਜੋ ਬਾਅਦ ਵਿਚ ਇਕ ਸਿੱਖਿਆ ਦੇ ਕੇਂਦਰ ਵਜੋਂ ਐਥਿਨਜ਼ ਸ਼ਹਿਰ ਦੇ ਬਰਾਬਰ ਸਮਝਿਆ ਜਾਣ ਲੱਗ ਪਿਆ। ਹਾਲੇ ਵੀ ਇਹ ਸ਼ਹਿਰ ਸਿਕੰਦਰ ਦੇ ਨਾਂ ਤੋਂ ਜਾਣਿਆ ਜਾਂਦਾ ਹੈ।

ਇਸ ਤੋਂ ਬਾਅਦ ਸਿਕੰਦਰ ਉੱਤਰ-ਪੂਰਬ ਵੱਲ ਵਧਿਆ ਅਤੇ ਫਲਸਤੀਨ ਵਿੱਚੋਂ ਲੰਘ ਕੇ ਟਾਈਗ੍ਰਿਸ ਦਰਿਆ ਵੱਲ ਗਿਆ। ਉਸ ਨੇ 331 ਸਾ.ਯੁ.ਪੂ. ਵਿਚ ਗੋਗਾਮੀਲਾ ਵਿਖੇ, ਨੀਨਵਾਹ ਸ਼ਹਿਰ ਦੇ ਖੰਡਰਾਤ ਦੇ ਨਜ਼ਦੀਕ, ਫ਼ਾਰਸੀਆਂ ਨਾਲ ਆਪਣੀ ਤੀਜੀ ਵੱਡੀ ਲੜਾਈ ਲੜੀ। ਇੱਥੇ ਸਿਕੰਦਰ ਦੇ 47,000 ਫ਼ੌਜੀਆਂ ਨੇ ਫ਼ਾਰਸ ਦੀ 2,50,000 ਫ਼ੌਜੀਆਂ ਦੀ ਮੁੜ ਕੇ ਇਕੱਠੀ ਕੀਤੀ ਹੋਈ ਸੈਨਾ ਉੱਤੇ ਜਿੱਤ ਹਾਸਲ ਕਰ ਲਈ! ਦਾਰਾ ਭੱਜ ਨਿਕਲਿਆ ਅਤੇ ਬਾਅਦ ਵਿਚ ਆਪਣੇ ਲੋਕਾਂ ਦੇ ਹੱਥੋਂ ਕਤਲ ਕੀਤਾ ਗਿਆ।

ਹੁਣ ਸਿਕੰਦਰ ਜਿੱਤਾਂ ਨਾਲ ਮਦਹੋਸ਼ ਸੀ ਅਤੇ ਉਸ ਨੇ ਦੱਖਣ ਵੱਲ ਜਾ ਕੇ ਫ਼ਾਰਸ ਦੀ ਸਰਦੀਆਂ ਦੀ ਰਾਜਧਾਨੀ, ਅਰਥਾਤ ਬਾਬਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਸ ਨੇ ਸੂਸਾ ਅਤੇ ਪਰਸੇਪੋਲਿਸ ਵਿਖੇ ਰਾਜਧਾਨੀਆਂ ਉੱਪਰ ਵੀ ਕਬਜ਼ਾ ਕੀਤਾ ਅਤੇ ਬਹੁਤ ਸਾਰੇ ਫ਼ਾਰਸੀ ਖ਼ਜ਼ਾਨਿਆਂ ਨੂੰ ਕਬਜ਼ੇ ਵਿਚ ਕਰ ਲਿਆ ਅਤੇ ਜ਼ਰਕਸੀਜ਼ ਦਾ ਸ਼ਾਨਦਾਰ ਮਹਿਲ ਜਲਾ ਦਿੱਤਾ। ਅੰਤ ਵਿਚ ਐਕਬਟਾਨਾ ਵਿਖੇ ਰਾਜਧਾਨੀ ਉਸ ਦੇ ਸਾਮ੍ਹਣੇ ਝੁਕ ਗਈ। ਇਸ ਜੋਸ਼ੀਲੇ ਵਿਜੇਤਾ ਨੇ ਬਾਕੀ ਦਾ ਫ਼ਾਰਸੀ ਰਾਜ-ਖੇਤਰ ਵੀ ਆਪਣੇ ਅਧੀਨ ਕਰ ਲਿਆ ਅਤੇ ਫਿਰ ਉਹ ਪੂਰਬ ਵੱਲ ਸਿੰਧ ਦਰਿਆ ਤਕ ਗਿਆ ਜੋ ਅੱਜ ਪਾਕਿਸਤਾਨ ਵਿਚ ਹੈ।

ਸਿੰਧ ਦਰਿਆ ਪਾਰ ਕਰ ਕੇ, ਫ਼ਾਰਸੀ ਸੂਬੇ ਦੇ ਤਕਸ਼ਿਲਾ ਨਾਮਕ ਇਲਾਕੇ ਦੇ ਨਜ਼ਦੀਕ, ਸਿਕੰਦਰ ਇਕ ਡਾਢੇ ਵਿਰੋਧੀ, ਅਰਥਾਤ ਭਾਰਤੀ ਬਾਦਸ਼ਾਹ ਪੋਰਸ ਦੇ ਸਾਮ੍ਹਣੇ ਆਇਆ। ਜੂਨ 326 ਸਾ.ਯੁ.ਪੂ. ਵਿਚ ਸਿਕੰਦਰ ਦੀ ਇਹ ਚੌਥੀ ਅਤੇ ਅਖ਼ੀਰਲੀ ਲੜਾਈ ਸੀ। ਪੋਰਸ ਦੀ ਸੈਨਾ ਵਿਚ 35,000 ਸੈਨਿਕ ਅਤੇ 200 ਹਾਥੀ ਸਨ ਜਿਨ੍ਹਾਂ ਤੋਂ ਮਕਦੂਨਿਯਾ ਦੇ ਘੋੜੇ ਬਹੁਤ ਹੀ ਡਰ ਗਏ। ਜ਼ਬਰਦਸਤ ਜੰਗ ਵਿਚ ਬਹੁਤ ਲਹੂ-ਲੂਹਾਣ ਹੋਇਆ, ਪਰ ਫਿਰ ਵੀ ਸਿਕੰਦਰ ਦੀਆਂ ਫ਼ੌਜਾਂ ਜਿੱਤ ਗਈਆਂ। ਪੋਰਸ ਨੇ ਹਾਰ ਮੰਨ ਲਈ ਅਤੇ ਸਿਕੰਦਰ ਨਾਲ ਗੱਠਜੋੜ ਕਰ ਲਿਆ।

ਮਕਦੂਨੀ ਫ਼ੌਜਾਂ ਨੂੰ ਏਸ਼ੀਆ ਵਿਚ ਆਏ ਅੱਠ ਸਾਲ ਤੋਂ ਜ਼ਿਆਦਾ ਸਮਾਂ ਲੰਘ ਚੁੱਕਾ ਸੀ। ਪੋਰਸ ਨਾਲ ਜ਼ਬਰਦਸਤ ਜੰਗ ਕਰਨ ਤੋਂ ਬਾਅਦ ਥੱਕੇ-ਟੁੱਟੇ ਫ਼ੌਜੀ ਹੁਣ ਕਮਜ਼ੋਰ ਅਤੇ ਬੌਂਦਲੇ ਹੋਏ ਸਨ ਅਤੇ ਵਾਪਸ ਘਰ ਜਾਣਾ ਚਾਹੁੰਦੇ ਸਨ। ਭਾਵੇਂ ਕਿ ਸਿਕੰਦਰ ਪਹਿਲਾਂ ਹਿਚਕਿਚਾਇਆ, ਪਰ ਉਸ ਨੇ ਉਨ੍ਹਾਂ ਦਾ ਕਹਿਣਾ ਮੰਨ ਲਿਆ। ਸੱਚ-ਮੁੱਚ ਯੂਨਾਨ ਵਿਸ਼ਵ ਸ਼ਕਤੀ ਬਣ ਗਿਆ ਸੀ। ਜਿੱਤੇ ਹੋਏ ਦੇਸ਼ਾਂ ਵਿਚ ਯੂਨਾਨੀ ਬਸਤੀਆਂ ਸਥਾਪਿਤ ਹੋਣ ਕਰਕੇ ਯੂਨਾਨੀ ਭਾਸ਼ਾ ਅਤੇ ਸਭਿਆਚਾਰ ਸਾਰੇ ਰਾਜ-ਖੇਤਰ ਵਿਚ ਫੈਲ ਚੁੱਕੇ ਸਨ।

ਸਿਕੰਦਰ ਦੀ ਸ਼ਖ਼ਸੀਅਤ

ਸਿਕੰਦਰ ਦੀ ਸ਼ਖ਼ਸੀਅਤ ਹੀ ਉਹ ਜਾਦੂ ਸੀ ਜਿਸ ਨੇ ਮਕਦੂਨੀ ਫ਼ੌਜ ਨੂੰ ਕਈਆਂ ਸਾਲਾਂ ਦੌਰਾਨ ਇਕਮੁੱਠ ਰੱਖਿਆ। ਜੰਗ ਕਰਨ ਤੋਂ ਬਾਅਦ ਸਿਕੰਦਰ ਆਪਣੀ ਆਦਤ ਅਨੁਸਾਰ ਜ਼ਖ਼ਮੀਆਂ ਦੀ ਖ਼ਬਰ ਲੈਣ ਲਈ ਖ਼ੁਦ ਜਾਂਦਾ ਸੀ, ਉਨ੍ਹਾਂ ਦੀਆਂ ਸੱਟਾਂ ਦੀ ਜਾਂਚ ਕਰਦਾ ਸੀ, ਫ਼ੌਜੀਆਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਾ ਸੀ, ਅਤੇ ਉਨ੍ਹਾਂ ਦੀਆਂ ਕਾਮਯਾਬੀਆਂ ਅਨੁਸਾਰ ਉਨ੍ਹਾਂ ਨੂੰ ਨਕਦੀ ਇਨਾਮ ਵੀ ਦਿੰਦਾ ਸੀ। ਜੋ ਜੰਗ ਵਿਚ ਮਰ ਜਾਂਦੇ ਸਨ, ਸਿਕੰਦਰ ਉਨ੍ਹਾਂ ਨੂੰ ਦਫ਼ਨਾਉਣ ਦਾ ਵਧੀਆ ਤੋਂ ਵਧੀਆ ਇੰਤਜ਼ਾਮ ਕਰਦਾ ਸੀ। ਮਾਰੇ ਗਏ ਫ਼ੌਜੀਆਂ ਦੇ ਮਾਪੇ ਅਤੇ ਬੱਚੇ ਸਾਰੇ ਟੈਕਸਾਂ ਅਤੇ ਸੇਵਾਵਾਂ ਤੋਂ ਮੁਕਤ ਕੀਤੇ ਜਾਂਦੇ ਸਨ। ਜੰਗ ਤੋਂ ਬਾਅਦ ਮਨ-ਪਰਚਾਵੇ ਲਈ ਸਿਕੰਦਰ ਖੇਡਾਂ ਅਤੇ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਸੀ। ਇਕ ਵਾਰ ਉਸ ਨੇ ਨਵੇਂ-ਨਵੇਂ ਵਿਆਹੇ ਹੋਏ ਫ਼ੌਜੀਆਂ ਲਈ ਛੁੱਟੀ ਦਾ ਵੀ ਪ੍ਰਬੰਧ ਕੀਤਾ ਤਾਂਕਿ ਉਹ ਮਕਦੂਨਿਯਾ ਜਾ ਕੇ ਆਪਣੀਆਂ ਪਤਨੀਆਂ ਨਾਲ ਸਰਦੀਆਂ ਕੱਟ ਸਕਣ। ਅਜਿਹੇ ਰਵੱਈਏ ਦੇ ਕਾਰਨ ਉਸ ਦੇ ਸੈਨਿਕ ਉਸ ਨਾਲ ਪ੍ਰੇਮ ਕਰਦੇ ਸਨ ਅਤੇ ਉਸ ਦੀ ਪ੍ਰਸ਼ੰਸਾ ਕਰਦੇ ਸਨ।

ਬੈਕਟ੍ਰੀਆਈ ਰਾਜਕੁਮਾਰੀ ਰੌਕਸਾਨਾ ਨਾਲ ਸਿਕੰਦਰ ਦੇ ਵਿਆਹ ਬਾਰੇ ਪਲੂਟਾਰਕ ਨਾਂ ਦਾ ਯੂਨਾਨੀ ਜੀਵਨੀ-ਲੇਖਕ ਕਹਿੰਦਾ ਹੈ ਕਿ ‘ਇਹ ਸੱਚ-ਮੁੱਚ ਇਕ ਪ੍ਰੇਮ-ਸੰਬੰਧ ਸੀ, ਪਰ ਫਿਰ ਇਵੇਂ ਲੱਗਦਾ ਸੀ ਕਿ ਉਹ ਲੋਕਾਂ ਨੂੰ ਵੀ ਖ਼ੁਸ਼ ਰੱਖਣਾ ਚਾਹੁੰਦਾ ਸੀ। ਕਬਜ਼ਾ ਕੀਤੇ ਗਏ ਲੋਕਾਂ ਨੂੰ ਇਹ ਗੱਲ ਬਹੁਤ ਪਸੰਦ ਆਈ ਹੋਵੇਗੀ ਕਿ ਉਸ ਨੇ ਉਨ੍ਹਾਂ ਵਿੱਚੋਂ ਹੀ ਇਕ ਪਤਨੀ ਚੁਣੀ। ਇਸ ਗੱਲ ਨੇ ਉਨ੍ਹਾਂ ਨੂੰ ਹੋਰ ਵੀ ਖ਼ੁਸ਼ ਕੀਤਾ ਹੋਵੇਗਾ ਕਿ ਇਸ ਸੰਜਮੀ ਮਨੁੱਖ ਨੇ ਇਸ ਔਰਤ ਨਾਲ ਇਕ ਆਦਰਯੋਗ ਵਿਆਹ ਕਰਨ ਤੋਂ ਪਹਿਲਾਂ ਉਸ ਨੂੰ ਆਪਣੇ ਘਰ ਵਿਚ ਨਹੀਂ ਲਿਆਂਦਾ।’

ਸਿਕੰਦਰ ਦੂਜੇ ਲੋਕਾਂ ਦੇ ਵਿਆਹਾਂ ਦੀ ਵੀ ਕਦਰ ਕਰਦਾ ਸੀ। ਭਾਵੇਂ ਕਿ ਰਾਜਾ ਦਾਰਾ ਦੀ ਪਤਨੀ ਉਸ ਦੀ ਕੈਦਣ ਸੀ, ਸਿਕੰਦਰ ਨੇ ਨਿਸ਼ਚਿਤ ਕੀਤਾ ਕਿ ਉਸ ਦਾ ਆਦਰ ਕੀਤਾ ਜਾਵੇ। ਇਹ ਪਤਾ ਲੱਗਣ ਤੇ ਕਿ ਦੋ ਮਕਦੂਨੀ ਫ਼ੌਜੀਆਂ ਨੇ ਵਿਦੇਸ਼ੀ ਬੰਦਿਆਂ ਦੀਆਂ ਪਤਨੀਆਂ ਦੀ ਇੱਜ਼ਤ ਲੁੱਟੀ, ਸਿਕੰਦਰ ਨੇ ਹੁਕਮ ਦਿੱਤਾ ਕਿ ਜੇ ਉਹ ਦੋਸ਼ੀ ਪਾਏ ਜਾਣ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।

ਆਪਣੀ ਮਾਤਾ ਓਲਿੰਪੀਅਸ ਦੇ ਵਾਂਗ, ਸਿਕੰਦਰ ਬਹੁਤ ਹੀ ਧਰਮੀ ਸੀ। ਉਹ ਜੰਗ ਵਿਚ ਜਾਣ ਤੋਂ ਪਹਿਲਾਂ ਅਤੇ ਵਾਪਸ ਆ ਕੇ ਚੜ੍ਹਾਵੇ ਚੜ੍ਹਾਉਂਦਾ ਸੀ ਅਤੇ ਆਪਣੇ ਜੋਤਸ਼ੀਆਂ ਤੋਂ ਖ਼ਾਸ ਸ਼ਗਨਾਂ-ਬਦਸ਼ਗਨਾਂ ਦੇ ਅਰਥ ਪੁੱਛਦਾ ਸੀ। ਉਹ ਲਿਬੀਆ ਵਿਖੇ ਆਮੋਨ ਦੇ ਜੋਤਸ਼ੀਆਂ ਕੋਲ ਵੀ ਗਿਆ। ਅਤੇ ਬਾਬਲ ਵਿਚ ਉਸ ਨੇ ਕਸਦੀਆਂ ਦੇ ਮੱਤ ਅਨੁਸਾਰ, ਖ਼ਾਸ ਕਰਕੇ ਬਾਬਲੀ ਦੇਵਤੇ ਬੈੱਲ (ਮਾਰਦੁੱਕ) ਨੂੰ ਚੜ੍ਹਾਵੇ ਚੜ੍ਹਾਏ।

ਭਾਵੇਂ ਕਿ ਸਿਕੰਦਰ ਪਹਿਲਾਂ ਖਾਣ-ਪੀਣ ਦੀਆਂ ਆਦਤਾਂ ਵਿਚ ਸੰਜਮੀ ਹੁੰਦਾ ਸੀ, ਬਾਅਦ ਵਿਚ ਉਹ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ। ਉਹ ਸ਼ਰਾਬ ਦਾ ਹਰ ਪਿਆਲਾ ਉਠਾ ਕੇ ਲੰਬੇ-ਲੰਬੇ ਭਾਸ਼ਣ ਦਿੰਦਾ ਅਤੇ ਆਪਣੀਆਂ ਕਾਮਯਾਬੀਆਂ ਬਾਰੇ ਸ਼ੇਖੀਆਂ ਮਾਰਦਾ ਸੀ। ਇਕ ਵਾਰ ਸਿਕੰਦਰ ਸ਼ਰਾਬੀ ਹੋ ਕੇ ਬਹੁਤ ਹੀ ਗੁੱਸੇ ਵਿਚ ਆਇਆ ਅਤੇ ਉਸ ਨੇ ਇਕ ਸਭ ਤੋਂ ਭੈੜਾ ਕੰਮ ਕੀਤਾ। ਉਸ ਨੇ ਆਪਣੇ ਮਿੱਤਰ ਕਲਾਈਟਸ ਦਾ ਕਤਲ ਕਰ ਦਿੱਤਾ। ਪਰ ਸਿਕੰਦਰ ਨੇ ਆਪਣੇ ਆਪ ਨੂੰ ਇੰਨਾ ਦੋਸ਼ੀ ਮਹਿਸੂਸ ਕੀਤਾ ਕਿ ਉਹ ਤਿੰਨਾਂ ਦਿਨਾਂ ਲਈ ਆਪਣੇ ਬਿਸਤਰ ਵਿਚ ਲੇਟਿਆ ਰਿਹਾ। ਉਸ ਨੇ ਭੁੱਖ ਹੜਤਾਲ ਕਰ ਦਿੱਤੀ। ਪਰ ਅੰਤ ਵਿਚ ਉਸ ਦੇ ਮਿੱਤਰਾਂ ਨੇ ਉਸ ਨੂੰ ਖਾਣ-ਪੀਣ ਲਈ ਮਨਾ ਲਿਆ।

ਸਮਾਂ ਬੀਤਣ ਨਾਲ, ਸਿਕੰਦਰ ਵਿਚ ਮਸ਼ਹੂਰੀ ਦੀ ਲਾਲਸਾ ਉਤਪੰਨ ਹੋਣ ਕਰਕੇ ਉਸ ਵਿਚ ਹੋਰ ਬੁਰੀਆਂ ਆਦਤਾਂ ਪ੍ਰਗਟ ਹੋਣ ਲੱਗ ਪਈਆਂ। ਉਹ ਸੌਖਿਆਂ ਹੀ ਝੂਠੇ ਇਲਜ਼ਾਮਾਂ ਉੱਤੇ ਵਿਸ਼ਵਾਸ ਕਰਨ ਲੱਗ ਪਿਆ ਅਤੇ ਉਸ ਨੇ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ। ਮਿਸਾਲ ਲਈ ਜਦੋਂ ਉਸ ਨੂੰ ਸ਼ੱਕ ਪੈ ਗਿਆ ਕਿ ਫਾਈਲੋਟਸ ਕਿਸੇ-ਨ-ਕਿਸੇ ਤਰੀਕੇ ਉਸ ਨੂੰ ਮਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਸਿਕੰਦਰ ਨੇ ਉਸ ਨੂੰ ਅਤੇ ਉਸ ਦੇ ਪਿਤਾ ਪਾਰਮੀਨਿਓ ਦਾ ਕਤਲ ਕਰਵਾ ਦਿੱਤਾ। ਇਹ ਉਹ ਹੀ ਪਾਰਮੀਨਿਓ ਹੈ ਜੋ ਉਸ ਦਾ ਜਿਗਰੀ ਸਲਾਹਕਾਰ ਹੁੰਦਾ ਸੀ।

ਸਿਕੰਦਰ ਦੀ ਹਾਰ

ਬਾਬਲ ਵਿਚ ਵਾਪਸ ਆਉਣ ਤੋਂ ਥੋੜ੍ਹੀ ਹੀ ਦੇਰ ਬਾਅਦ, ਸਿਕੰਦਰ ਨੂੰ ਮਲੇਰੀਆ ਹੋ ਗਿਆ ਜਿਸ ਤੋਂ ਉਹ ਠੀਕ ਨਹੀਂ ਹੋਇਆ। ਸਿਰਫ਼ 32 ਸਾਲ ਅਤੇ 8 ਮਹੀਨਿਆਂ ਦੀ ਉਮਰ ਤੇ, 13 ਜੂਨ, 323 ਸਾ.ਯੁ.ਪੂ. ਨੂੰ ਸਿਕੰਦਰ ਆਪਣੇ ਸਭ ਤੋਂ ਕਠੋਰ ਦੁਸ਼ਮਣ, ਅਰਥਾਤ ਮੌਤ, ਦੇ ਸਾਮ੍ਹਣੇ ਹਾਰ ਗਿਆ।

ਇਹ ਉਨ੍ਹਾਂ ਰਿਸ਼ੀਆਂ-ਮੁਨੀਆਂ ਦੇ ਕਹੇ ਅਨੁਸਾਰ ਹੋਇਆ: ‘ਹੇ ਸਿਕੰਦਰ ਬਾਦਸ਼ਾਹ, ਹਰ ਬੰਦਾ ਉੱਨੀ ਹੀ ਧਰਤੀ ਦਾ ਮਾਲਕ ਹੈ ਜਿੰਨੀ ਉੱਤੇ ਉਹ ਖੜ੍ਹਾ ਹੁੰਦਾ ਹੈ; ਤੁਹਾਡੇ ਅਤੇ ਦੂਜਿਆਂ ਬੰਦਿਆਂ ਵਿਚ ਹੋਰ ਕੋਈ ਫ਼ਰਕ ਨਹੀਂ ਪਰ ਸਿਰਫ਼ ਇਹ ਕਿ ਤੁਸੀਂ ਚੁਸਤ ਅਤੇ ਬੇਦਰਦੀ ਹੋ, ਤੁਸੀਂ ਸਾਰੀ ਧਰਤੀ ਉੱਤੇ ਆਪਣੇ ਘਰ-ਬਾਰ ਤੋਂ ਦੂਰ-ਦੂਰ ਘੁੰਮਦੇ-ਫਿਰਦੇ ਹੋ, ਅਤੇ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਪਰੇਸ਼ਾਨ ਕਰਦੇ ਹੋ। ਪਰ ਥੋੜ੍ਹੇ ਹੀ ਸਮੇਂ ਵਿਚ ਦਮ ਤੋੜ ਕੇ ਤੁਸੀਂ ਉੱਨੀ ਹੀ ਧਰਤੀ ਦੇ ਮਾਲਕ ਹੋਵੋਗੇ ਜਿੰਨੀ ਤੁਹਾਡੇ ਦਫ਼ਨ ਲਈ ਜ਼ਰੂਰੀ ਹੋਵੇਗੀ।’

ਅਸੀਂ ਕੀ ਸਿੱਖਿਆ?

• ਸਿਕੰਦਰ ਮਹਾਨ ਦਾ ਪਿਛੋਕੜ ਕੀ ਸੀ?

• ਮਕਦੂਨਿਯਾ ਦੀ ਰਾਜ-ਗੱਦੀ ਉੱਤੇ ਬੈਠਣ ਤੋਂ ਜਲਦੀ ਹੀ ਬਾਅਦ, ਸਿਕੰਦਰ ਨੇ ਕਿਹੜੀਆਂ ਫ਼ੌਜੀ ਕਾਰਵਾਈਆਂ ਸ਼ੁਰੂ ਕੀਤੀਆਂ?

• ਸਿਕੰਦਰ ਦੇ ਕੁਝ ਹਮਲਿਆਂ ਬਾਰੇ ਦੱਸੋ।

• ਸਿਕੰਦਰ ਦੀ ਸ਼ਖ਼ਸੀਅਤ ਕਿਸ ਤਰ੍ਹਾਂ ਦੀ ਸੀ?

[ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸਿਕੰਦਰ ਦੀਆਂ ਜਿੱਤਾਂ

ਮਕਦੂਨਿਯਾ

ਮਿਸਰ

ਬਾਬਲ

ਸਿੰਧ ਦਰਿਆ

[ਤਸਵੀਰ]

ਸਿਕੰਦਰ

[ਤਸਵੀਰ]

ਅਰਸਤੂ ਅਤੇ ਉਸ ਦਾ ਸ਼ਾਗਿਰਦ ਸਿਕੰਦਰ

[ਪੂਰੇ ਸਫ਼ੇ ਉੱਤੇ ਤਸਵੀਰ]

[ਤਸਵੀਰ]

ਕਿਹਾ ਜਾਂਦਾ ਹੈ ਕਿ ਇਸ ਮੈਡਲ ਉੱਤੇ ਸਿਕੰਦਰ ਮਹਾਨ ਦੀ ਤਸਵੀਰ ਹੈ

[ਸਫ਼ੇ 162, 163 ਉੱਤੇ ਡੱਬੀ/ਤਸਵੀਰਾਂ]

ਇਕ ਵਿਸ਼ਾਲ ਰਾਜ ਵੰਡਿਆ ਜਾਂਦਾ ਹੈ

ਬਾਈਬਲ ਨੇ ਪਹਿਲਾਂ ਹੀ ਦੱਸਿਆ ਸੀ ਕਿ ਸਿਕੰਦਰ ਮਹਾਨ ਦਾ ਰਾਜ ਟੁੱਟ ਜਾਵੇਗਾ ਅਤੇ ਉਸ ਵਿਚ ਵੰਡ ਪੈ ਜਾਵੇਗੀ ‘ਪਰ ਉਹ ਉਸ ਦੇ ਵੰਸੀਆਂ ਕੋਲ ਨਾ ਜਾਏਗਾ।’ (ਦਾਨੀਏਲ 11:3, 4) ਇਸ ਦੇ ਅਨੁਸਾਰ, 323 ਸਾ.ਯੁ.ਪੂ. ਵਿਚ ਸਿਕੰਦਰ ਦੀ ਅਚਾਨਕ ਮੌਤ ਹੋਣ ਤੋਂ 14 ਸਾਲਾਂ ਦੇ ਵਿਚ-ਵਿਚ ਹੀ ਉਸ ਦੇ ਪੁੱਤਰ ਸਿਕੰਦਰ ਚੌਥੇ ਅਤੇ ਉਸ ਦੇ ਨਾਜਾਇਜ਼ ਪੁੱਤਰ ਹੇਰਾਕਲੀਜ਼ ਦਾ ਕਤਲ ਕਰ ਦਿੱਤਾ ਗਿਆ ਸੀ।

ਸੰਨ 301 ਸਾ.ਯੁ.ਪੂ. ਤਕ, ਸਿਕੰਦਰ ਦੇ ਚਾਰ ਜਨਰਲਾਂ ਨੇ ਆਪਣੇ ਸੈਨਾਪਤੀ ਦੁਆਰਾ ਸਥਾਪਿਤ ਕੀਤੇ ਗਏ ਵਿਸ਼ਾਲ ਸਾਮਰਾਜ ਉੱਪਰ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਥਾਪਿਤ ਕਰ ਲਿਆ। ਜਨਰਲ ਕਸੈਂਡਰ ਮਕਦੂਨਿਯਾ ਅਤੇ ਯੂਨਾਨ ਉੱਪਰ ਰਾਜ ਕਰਨ ਲੱਗ ਪਿਆ। ਜਨਰਲ ਲਾਈਸਿਮਿਕਸ ਨੂੰ ਏਸ਼ੀਆ ਮਾਈਨਰ ਅਤੇ ਥ੍ਰੇਸ ਮਿਲ ਗਏ। ਸਿਲੂਕਸ ਪਹਿਲੇ, ਜਿਸ ਨੂੰ ਨਿਕੇਟਰ ਸੱਦਿਆ ਜਾਂਦਾ ਸੀ, ਨੂੰ ਮੇਸੋਪੋਟੇਮੀਆ ਅਤੇ ਸੀਰੀਆ ਮਿਲੇ। ਟਾਲਮੀ ਪਹਿਲਾ, ਜਿਸ ਨੂੰ ਟਾਲਮੀ ਲੈਗਸ ਵੀ ਕਿਹਾ ਜਾਂਦਾ ਹੈ, ਮਿਸਰ ਅਤੇ ਫਲਸਤੀਨ ਉੱਪਰ ਹਾਕਮ ਬਣ ਗਿਆ। ਇਸ ਤਰ੍ਹਾਂ ਸਿਕੰਦਰ ਦੇ ਇਕ ਵਿਸ਼ਾਲ ਰਾਜ ਵਿੱਚੋਂ ਚਾਰ ਹੈਲਨਵਾਦੀ ਰਾਜ ਪੈਦਾ ਹੋਏ।

ਇਨ੍ਹਾਂ ਚਾਰ ਹੈਲਨਵਾਦੀ ਰਾਜਾਂ ਵਿੱਚੋਂ ਕਸੈਂਡਰ ਦੀ ਹਕੂਮਤ ਸਭ ਤੋਂ ਥੋੜ੍ਹੇ ਸਮੇਂ ਲਈ ਰਹੀ। ਰਾਜ ਸ਼ੁਰੂ ਕਰਨ ਤੋਂ ਕੁਝ ਹੀ ਸਾਲ ਬਾਅਦ, ਉਸ ਦਾ ਕੋਈ ਨਰ ਵੰਸ਼ ਜ਼ਿੰਦਾ ਨਹੀਂ ਰਿਹਾ ਅਤੇ 285 ਸਾ.ਯੁ.ਪੂ. ਵਿਚ ਲਾਈਸਿਮਿਕਸ ਨੇ ਯੂਨਾਨੀ ਸਾਮਰਾਜ ਦਾ ਯੂਰਪੀ ਹਿੱਸਾ ਆਪਣੇ ਕਬਜ਼ੇ ਵਿਚ ਕਰ ਲਿਆ। ਇਸ ਤੋਂ ਚਾਰ ਸਾਲ ਬਾਅਦ ਹੀ ਲਾਈਸਿਮਿਕਸ ਜੰਗ ਵਿਚ ਮਾਰਿਆ ਗਿਆ। ਉਸ ਦੀ ਮੌਤ ਸਿਲੂਕਸ ਪਹਿਲੇ, ਜਾਂ ਨਿਕੇਟਰ ਦੀਆਂ ਫ਼ੌਜਾਂ ਦੇ ਹੱਥੋਂ ਹੋਈ। ਫਿਰ ਸਿਲੂਕਸ ਨੂੰ ਏਸ਼ੀਆਈ ਇਲਾਕਿਆਂ ਦੇ ਵੱਡੇ ਹਿੱਸੇ ਦਾ ਇਖ਼ਤਿਆਰ ਮਿਲ ਗਿਆ। ਸੀਰੀਆ ਦੇਸ਼ ਵਿਚ ਸਿਲੂਕਸੀ ਰਾਜਿਆਂ ਦੇ ਵੰਸ਼ ਵਿੱਚੋਂ ਸਿਲੂਕਸ ਸਭ ਤੋਂ ਪਹਿਲਾ ਰਾਜਾ ਬਣਿਆ। ਉਸ ਨੇ ਸੀਰੀਆ ਵਿਚ ਅੰਤਾਕਿਯਾ ਸ਼ਹਿਰ ਸਥਾਪਿਤ ਕਰ ਕੇ ਉਸ ਨੂੰ ਆਪਣੀ ਨਵੀਂ ਰਾਜਧਾਨੀ ਬਣਾਇਆ। ਸਿਲੂਕਸ ਨੂੰ 281 ਸਾ.ਯੁ.ਪੂ. ਵਿਚ ਕਤਲ ਕਰ ਦਿੱਤਾ ਗਿਆ, ਪਰ ਉਸ ਦੁਆਰਾ ਸਥਾਪਿਤ ਕੀਤਾ ਗਿਆ ਸ਼ਾਹੀ ਘਰਾਣਾ 64 ਸਾ.ਯੁ.ਪੂ. ਤਕ ਚੱਲਦਾ ਰਿਹਾ ਜਦੋਂ ਰੋਮੀ ਜਨਰਲ ਪੌਂਪੀ ਨੇ ਸੀਰੀਆ ਨੂੰ ਇਕ ਰੋਮੀ ਸੂਬਾ ਬਣਾ ਲਿਆ।

ਸਿਕੰਦਰ ਦੇ ਸਾਮਰਾਜ ਦੇ ਚਾਰ ਹਿੱਸਿਆਂ ਵਿੱਚੋਂ ਟਾਲਮੀ ਸ਼ਾਹੀ ਘਰਾਣਾ ਸਭ ਤੋਂ ਜ਼ਿਆਦਾ ਸਮੇਂ ਤਕ ਚੱਲਦਾ ਰਿਹਾ। ਟਾਲਮੀ ਪਹਿਲਾ 305 ਸਾ.ਯੁ.ਪੂ. ਵਿਚ ਰਾਜ-ਗੱਦੀ ਉੱਤੇ ਬੈਠਾ ਅਤੇ ਮਿਸਰ ਦਾ ਪਹਿਲਾ ਮਕਦੂਨੀ ਰਾਜਾ ਜਾਂ ਫਿਰਊਨ ਬਣਿਆ। ਸਿਕੰਦਰੀਆ ਨੂੰ ਆਪਣੀ ਰਾਜਧਾਨੀ ਬਣਾ ਕੇ ਉਸ ਨੇ ਤੁਰੰਤ ਹੀ ਸ਼ਹਿਰ ਦਾ ਸੁਧਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਸਭ ਤੋਂ ਵੱਡਾ ਉਸਾਰੀ ਦਾ ਪ੍ਰਾਜੈਕਟ ਮਸ਼ਹੂਰ ਸਿਕੰਦਰੀਆਈ ਲਾਇਬ੍ਰੇਰੀ ਸੀ। ਇਸ ਸ਼ਾਨਦਾਰ ਪ੍ਰਾਜੈਕਟ ਦੀ ਨਿਗਰਾਨੀ ਕਰਨ ਲਈ ਟਾਲਮੀ ਨੇ ਡਮੀਟ੍ਰੀਅਸ ਫਲੇਰੀਅਸ ਨਾਮਕ ਇਕ ਮੰਨੇ-ਪ੍ਰਮੰਨੇ ਅਥੇਨੀ ਵਿਦਵਾਨ ਨੂੰ ਲਿਆਂਦਾ। ਇਹ ਕਿਹਾ ਜਾਂਦਾ ਹੈ ਕਿ ਪਹਿਲੀ ਸਦੀ ਸਾ.ਯੁ. ਤਕ ਇਸ ਲਾਇਬ੍ਰੇਰੀ ਵਿਚ ਦਸ ਲੱਖ ਕਿਤਾਬਾਂ ਪਾਈਆਂ ਜਾਂਦੀਆਂ ਸਨ। ਟਾਲਮੀ ਸ਼ਾਹੀ-ਘਰਾਣਾ 30 ਸਾ.ਯੁ.ਪੂ. ਤਕ ਮਿਸਰ ਵਿਚ ਹਕੂਮਤ ਕਰਦਾ ਰਿਹਾ ਅਤੇ ਫਿਰ ਰੋਮ ਨੇ ਮਿਸਰ ਨੂੰ ਆਪਣੇ ਅਧੀਨ ਕਰ ਲਿਆ। ਉਸ ਤੋਂ ਬਾਅਦ ਯੂਨਾਨ ਦੀ ਥਾਂ ਤੇ ਰੋਮ ਮੁੱਖ ਵਿਸ਼ਵ ਸ਼ਕਤੀ ਵਜੋਂ ਸਥਾਪਿਤ ਹੋ ਗਿਆ।

ਅਸੀਂ ਕੀ ਸਿੱਖਿਆ?

• ਸਿਕੰਦਰ ਦਾ ਵਿਸ਼ਾਲ ਸਾਮਰਾਜ ਕਿਵੇਂ ਵੰਡਿਆ ਗਿਆ ਸੀ?

• ਸਿਲੂਕਸੀ ਰਾਜਿਆਂ ਦੇ ਵੰਸ਼ ਨੇ ਸੀਰੀਆ ਦੇਸ਼ ਵਿਚ ਕਦੋਂ ਤਕ ਹਕੂਮਤ ਕੀਤੀ ਸੀ?

• ਮਿਸਰ ਵਿਚ ਟਾਲਮੀ ਸ਼ਾਹੀ-ਘਰਾਣੇ ਦਾ ਰਾਜ ਕਦੋਂ ਸਮਾਪਤ ਹੋਇਆ?

[ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸਿਕੰਦਰ ਦੇ ਸਾਮਰਾਜ ਦੀ ਵੰਡ

ਕਸੈਂਡਰ

ਲਾਈਸਿਮਿਕਸ

ਟਾਲਮੀ ਪਹਿਲਾ

ਸਿਲੂਕਸ ਪਹਿਲਾ

[ਤਸਵੀਰਾਂ]

ਟਾਲਮੀ ਪਹਿਲਾ

ਸਿਲੂਕਸ ਪਹਿਲਾ

[ਸਫ਼ਾ 139 ਉੱਤੇ ਡਾਇਆਗ੍ਰਾਮ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਦਾਨੀਏਲ ਦੀ ਭਵਿੱਖਬਾਣੀ ਦੀਆਂ ਵਿਸ਼ਵ ਸ਼ਕਤੀਆਂ

ਵੱਡੀ ਮੂਰਤ (ਦਾਨੀਏਲ 2:31-45)

ਸਮੁੰਦਰ ਵਿੱਚੋਂ ਚਾਰ ਦਰਿੰਦੇ (ਦਾਨੀਏਲ 7:3-8, 17, 25)

607 ਸਾ.ਯੁ.ਪੂ. ਤੋਂ ਲੈ ਕੇ ਬੈਬੀਲੋਨੀਆ

539 ਸਾ.ਯੁ.ਪੂ. ਤੋਂ ਲੈ ਕੇ ਮਾਦੀ-ਫ਼ਾਰਸ

331 ਸਾ.ਯੁ.ਪੂ. ਤੋਂ ਲੈ ਕੇ ਯੂਨਾਨ

30 ਸਾ.ਯੁ.ਪੂ. ਤੋਂ ਲੈ ਕੇ ਰੋਮ

1763 ਸਾ.ਯੁ. ਤੋਂ ਲੈ ਕੇ ਐਂਗਲੋ-ਅਮਰੀਕੀ ਵਿਸ਼ਵ ਸ਼ਕਤੀ

ਅੰਤ ਦੇ ਸਮੇਂ ਵਿਚ ਸਿਆਸੀ ਤੌਰ ਤੇ ਵੰਡਿਆ ਹੋਇਆ ਸੰਸਾਰ

[ਪੂਰੇ ਸਫ਼ੇ 128 ਉੱਤੇ ਤਸਵੀਰ]

[ਪੂਰੇ ਸਫ਼ੇ 147 ਉੱਤੇ ਤਸਵੀਰ]